ਕੈਲੀਅਸਰੀ ਦੇ ਨੇੜੇ ਸਥਿਤ ਪਾਰਸਿਨੀ ਕਡਾਵੁ ਇੱਕ ਅਨੋਖਾ ਮੰਦਰ ਹੈ। ਇਹ ਸਾਰੀਆਂ ਜਾਤੀਆਂ ਲਈ ਸਦਾ ਹੀ ਖੁੱਲ੍ਹਿਆ ਰਹਿੰਦਾ ਹੈ। ਇੱਥੋਂ ਦੇ ਪੁਜਾਰੀ ਪਿਛੜੇ ਭਾਈਚਾਰਿਆਂ ਨਾਲ਼ ਸਬੰਧ ਰੱਖਦੇ ਹਨ। ਇਹਦੇ ਦੇਵਤਾ, ਮੁਥੱਪਨ ਨੂੰ 'ਗ਼ਰੀਬਾਂ ਦਾ ਰੱਬ' ਕਿਹਾ ਜਾਂਦਾ ਹੈ। ਉਨ੍ਹਾਂ ਦੇ ਪ੍ਰਸਾਦ ਦੇ ਰੂਪ ਵਿੱਚ ਤਾੜੀ ਅਤੇ ਗੋਸ਼ਤ ਵੀ  ਚੜਾਇਆ ਜਾਂਦਾ ਹੈ। ਕਈ ਧਾਰਮਿਕ ਸਥਲ ਉੱਥੇ ਮੌਜੂਦ ਕਾਂਸੇ ਦੇ ਕੁੱਤਿਆਂ ਨੂੰ ਮੂਰਤੀ ਵਜੋਂ ਗਿਣਤੀ ਵਿੱਚ ਨਹੀਂ ਲਿਆਉਂਦੇ। ਪਰ ਕੇਰਲ ਦੇ ਕੰਨੂਰ ਜਿਲ੍ਹਾ ਵਿੱਚ ਸਥਿਤ ਇਹ ਮੰਦਰ ਇੰਝ ਕਰਦਾ ਹੈ। ਆਖ਼ਰਕਾਰ ਇਸਲਈ ਕਿਉਂਕਿ ਮੁਥੱਪਨ ਸ਼ਿਕਾਰੀਆਂ ਦੇ ਦੇਵਤਾ ਜੋ ਹਨ।

1930 ਦੇ ਦਹਾਕੇ ਵਿੱਚ, ਮੁਥੱਪਨ ਸ਼ਿਕਾਰ ਦੇ ਵੀ ਦੇਵਤਾ ਸਨ। ਖਾਸ ਕਰਕੇ ਬ੍ਰਿਟਿਸ਼ਾਂ ਵੱਲੋਂ ਭਗੌੜੇ ਕਰਾਰ ਖੱਬੇਪੱਖੀ ਕੌਮਵਾਦੀਆਂ ਅਤੇ ਕਮਿਊਨਿਸਟਾਂ ਲਈ ਤਾਂ। ''ਇੱਥੋਂ ਦੇ ਜਾਨਮੀਆਂ (ਜਗੀਰੂ ਜਿਮੀਂਦਾਰਾਂ) ਦੇ ਖਿਲਾਫ਼ ਲੜਾਈ ਤੱਕ ਵਿੱਚ ਇਸ ਮੰਦਰ ਨੇ ਸਾਡੇ ਨਾਲ਼ ਹੱਥ ਮਿਲ਼ਾਇਆ ਸੀ,'' ਕੇ.ਪੀ.ਆਰ. ਰਾਇਰੱਪਨ ਦੱਸਦੇ ਹਨ। ਉਹ ਇਸ ਪੂਰੇ ਇਲਾਕੇ ਵਿੱਚ 1947 ਅਤੇ ਉਹਦੇ ਬਾਅਦ ਲੜੀਆਂ ਜਾਣ ਵਾਲ਼ੀਆਂ ਲੜਾਈਆਂ ਵਿੱਚ ਸਰਗਰਮ ਸਨ। ''ਅਜ਼ਾਦੀ ਦੇ ਘੋਲ਼ ਦੌਰਾਨ ਖੱਬੇਪੱਖੀ ਬਹੁਤੇਰੇ ਆਗੂਆਂ ਨੇ ਕਦੇ ਨਾ ਕਦੇ ਇਸ ਮੰਦਰ ਵਿੱਚ ਪਨਾਹ ਜ਼ਰੂਰ ਲਈ ਹੋਣੀ ਹੈ।''

ਕਾਫ਼ਰ ਅਤੇ ਭਗਤ ਵਿਚਾਲੇ ਇਸ ਅਜੀਬ ਗੱਠਜੋੜ ਦਾ ਇੱਕ ਤਾਰਕਿਕ ਅਧਾਰ ਸੀ। ਜਾਤੀ ਦੇ ਅਧਾਰ 'ਤੇ ਦੋਵਾਂ ਦਰਮਿਆਨ ਡੂੰਘਾ ਸਬੰਧ ਸੀ। ਦੋਵੇਂ ਹੀ ਉੱਚੀ ਜਾਤੀਆਂ ਦੇ ਜੁਲਮਾਂ ਦੇ ਖਿਲਾਫ਼ ਸਨ। ਦੋਵਾਂ ਨੂੰ ਜਿਮੀਂਦਾਰਾਂ ਦੇ ਵੈਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਜ਼ਮਾਨੇ ਦੇ ਜ਼ਬਰਦਸਤ ਕੌਮਵਾਦੀ ਵਾਤਾਵਰਣ ਵਿੱਚ, ਹਰੇਕ ਵਿਅਕਤੀ ਅੰਗਰੇਜ਼ਾਂ ਦੇ ਖਿਲਾਫ਼ ਸੀ।

''ਇੱਥੋਂ ਦਾ ਵੱਡਾ ਜਾਨਮੀ ਇਸ ਮੰਦਰ ਨੂੰ ਹੜਪਣਾ ਚਾਹੁੰਦਾ ਸੀ,'' ਰਾਇਰੱਪਨ ਕਹਿੰਦੇ ਹਨ। ''ਮੰਦਰ ਦੇ ਚੜ੍ਹਾਵੇ ਦੀ ਮੋਟੀ ਕਮਾਈ ਉਹਨੂੰ ਲਲਚਾ ਰਹੀ ਸੀ।'' ਇਸ ਗੱਲ 'ਤੇ ਅਸਾਨੀ ਨਾਲ਼ ਯਕੀਨ ਕੀਤਾ ਜਾ ਸਕਦਾ ਹੈ। ਮੁਥੱਪਨ ਮੰਦਰ ਅੱਜ ਵੀ 4,000 ਲੋਕਾਂ ਨੂੰ ਰੋਜ਼ਾਨਾ ਅਤੇ ਹਫ਼ਤੇ ਦੇ ਅਖੀਰਲੇ ਦਿਨੀਂ 60,000 ਲੋਕਾਂ ਨੂੰ ਖਾਣਾ ਖੁਆਉਂਦਾ ਹੈ।

ਮੰਦਰ ਨੇ 30ਵੇਂ ਤੋਂ 40ਵੇਂ ਦਹਾਕੇ ਵਿੱਚ ਉਨ੍ਹਾਂ ਨੂੰ ਪਨਾਹ ਦੇ ਕੇ ਇੱਕ ਵੱਡਾ ਖਤਰਾ ਮੁੱਲ ਲਿਆ ਸੀ। ਪਰ, ਕੈਲੀਅਸਰੀ ਅਤੇ ਉਹਦੇ ਗੁਆਂਢ ਵਿੱਚ ਰਹਿਣ ਵਾਲ਼ੇ ਲੋਕ ਅਨੋਖੇ ਹਨ। ਉਨ੍ਹਾਂ ਦੀ ਰਾਜਨੀਤਕ ਸਮਝ ਕਾਫੀ ਪੁਰਾਣੀ ਹੈ। ਮਿਸਾਲ ਵਜੋਂ, ਪਪਿਨੇਸਰੇਰੀ ਦੀ ਕੱਪੜਾ ਮਿੱਲ ਨੂੰ ਹੀ ਲੈ ਲਵੋ, ਜਿਹਨੇ ਆਸਪਾਸ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਕੰਮ ਲਈ ਖਿੱਚਿਆ। ਇੱਥੇ 40ਵੇਂ ਵਿੱਚ ਅੰਗਰੇਜ਼ਾਂ ਦੇ ਖਿਲਾਫ਼ ਲੰਬੀ ਲੜਾਈ ਚੱਲੀ ਸੀ। 1946 ਵਿੱਚ ਹੋਣ ਵਾਲ਼ੀ ਇੱਕ ਹੜਤਾਲ ਤਾਂ 100 ਦਿਨਾਂ ਤੱਕ ਚੱਲੀ ਸੀ। ਇਹ ਉਦੋਂ ਹੋਇਆ ਸੀ, ਜਦੋਂ ਕੇਰਲ ਦੇ ਇਸ ਪਿੰਡ ਦੇ ਲੋਕਾਂ ਨੇ ਬੰਬੇ ਵਿੱਚ ਰਾਇਲ ਇੰਡੀਅਨ ਨੇਵੀ ਦੇ ਵਿਦਰੋਹ ਨੂੰ ਆਪਣੀ ਹਮਾਇਤ ਦੇਣ ਲਈ ਇੱਥੇ ਹੜਤਾਲ ਕਰ ਦਿੱਤੀ ਸੀ।

81 ਸਾਲਾ ਪਾਇਨਦਨ ਯਸ਼ੋਦਾ ਕਹਿੰਦੇ ਹਨ,''ਇਸ ਇਲਾਕੇ ਵਿੱਚ ਇੱਕ ਸਾਲ ਤੱਕ ਧਾਰਾ 144 (ਮਨਾਹੀ ਆਦੇਸ਼) ਲਾਗੂ ਰਹੀ। ਫਿਰ ਵੀ ਅਸੀਂ ਸਰਗਰਮ ਸਾਂ।'' 30ਵੇਂ ਅਤੇ ਉਸ ਤੋਂ ਬਾਅਦ, ਯਸ਼ੋਦਾ ਉਸ ਅਧਿਆਪਕ ਲਹਿਰ ਦੀ ਆਗੂ ਬਣ ਗਈ, ਜਿਹਨੇ ਮਾਲਾਬਾਰ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਕਿਹੜੀ ਚੀਜ਼ ਸੀ ਜਿਹਨੇ ਇੱਥੋਂ ਦੀ ਲੜਾਈ ਨੂੰ ਦੂਸਰੀਆਂ ਥਾਵਾਂ ਦੀਆਂ ਲੜਾਈਆਂ ਨਾਲ਼ੋਂ ਵੱਖ ਬਣਾਇਆ? ''ਅਸੀਂ ਜੱਥੇਬੰਦ ਸਾਂ,'' ਯਸ਼ੋਦਾ ਕਹਿੰਦੀ ਹਨ। ''ਅਸੀਂ ਰਾਜਨੀਤਕ ਤਰੀਕੇ ਨਾਲ਼ ਕੰਮ ਕੀਤਾ। ਸਾਡੇ ਟੀਚੇ ਸਪੱਸ਼ਟ ਸਨ। ਲੋਕ ਪੂਰੀ ਤਰ੍ਹਾਂ ਸੁਚੇਤ ਸਨ ਅਤੇ ਲਹਿਰ ਵਿੱਚ ਹੁੰਮਹੁਮਾ ਕੇ ਹਿੱਸਾ ਲੈਂਦੇ ਸਨ। ਅਸੀਂ ਰਾਸ਼ਟਰੀ ਮੁਹਿੰਮ ਵਿੱਢੀ ਹੋਈ ਸੀ। ਇਸ ਤੋਂ ਇਲਾਵਾ ਜ਼ਮੀਨ ਨੂੰ ਲੈ ਕੇ ਵੀ ਲੜਾਈ ਚੱਲ ਰਹੀ ਸੀ। ਸਾਰਾ ਕੁਝ ਇੱਕ ਦੂਸਰੇ ਨਾਲ਼ ਜੁੜਿਆ ਹੋਇਆ ਸੀ।''

ਕੈਲੀਅਸਰੀ ਅਤੇ ਇਹਦੇ ਗੁਆਂਢੀ ਪਿੰਡਾਂ ਨੇ ਆਪਣੀ ਅਜ਼ਾਦੀ ਦੇ 50 ਸਾਲਾਂ ਦਾ ਲਾਹਾ ਲਿਆ ਹੈ। ਇੱਥੇ ਕਰੀਬ 100 ਫੀਸਦ ਸਾਖਰਤਾ ਹੈ ਅਤੇ ਹਰੇਕ ਬੱਚਾ ਸਕੂਲ ਜਾਂਦਾ ਹੈ। ਕੁਝ ਦੂਸਰੀਆਂ ਵੀ ਮੱਲ੍ਹਾਂ ਨੂੰ ਜਿਨ੍ਹਾਂ ਦੀ ਤੁਲਨਾ ਕੁਝ ਕੁ ਪੱਛਮੀ ਸਮਾਜਾਂ ਨਾਲ਼ ਵੀ ਕੀਤੀ ਜਾ ਸਕਦੀ ਹੈ। ਯਸ਼ੋਦਾ ਇਨ੍ਹਾਂ ਸਾਰੀਆਂ ਮੱਲ੍ਹਾਂ ਨੂੰ ਜੱਥੇਬੰਦਕ ਸਾਂਝੀ ਰਾਜਨੀਤਕ ਗਤੀਵਿਧੀ ਦਾ ਨਤੀਜਾ ਮੰਨਦੀ ਹਨ।

ਪਰ ਇਸ ਵਿੱਚ ਕੋਈ ਅਤਿਕਥਨੀ ਵਾਲ਼ੀ ਗੱਲ ਹੈ? ਖਾਸ ਕਰਕੇ ਜੱਥੇਬੰਦ ਰਾਜਨੀਤਕ ਅੰਦੋਲਨਾਂ ਦੀ ਭੂਮਿਕਾ? ਕੁੱਲ ਮਿਲ਼ਾ ਕੇ ਕੇਰਲ ਵਿੱਚ ਤਾਂ ਪਹਿਲਾਂ ਹੀ ਸਾਖਰਤਾ ਦਰ ਉੱਚੀ ਸੀ। ਆਪਣੀ ਤਾਲੁਕਾ ਵਿੱਚ ਪਹਿਲੀ ਔਰਤ ਅਧਿਆਪਕ, ਯਸ਼ੋਦਾ, ਇਸ ਗੱਲ ਤੋਂ ਇਨਕਾਰ ਕਰਦੀ ਹਨ। ''1930 ਦੇ ਦਹਾਕੇ ਵਿੱਚ, ਮਾਲਾਬਾਰ ਵਿੱਚ ਸਾਖਰਤਾ ਦਰ 8 ਫੀਸਦ ਦੇ ਕਰੀਬ ਸੀ। ਤ੍ਰਵਨਕੋਰ ਵਿੱਚ ਇਹ 40 ਫੀਸਦ ਸੀ। ਦਰਅਸਲ ਅਸਾਂ ਇਹ ਸਫ਼ਲਤਾ ਆਪਣੇ ਹੀਲਿਆਂ ਨਾਲ਼ ਹਾਸਲ ਕੀਤੀ ਹੈ।''

ਇਸ ਤਰੀਕੇ ਨਾਲ਼ ਤਾਂ ਮਾਲਾਬਾਰ ਭਾਰਤ ਦੇ ਅੰਦਰ ਇੱਕ ਵਿਲੱਖਣ ਮਸਲਾ ਹੈ। ਇਲਾਕਾਈ ਪਾੜਾ ਦਰਅਸਲ ਥੋੜ੍ਹੇ ਸਮੇਂ ਵਿੱਚ ਹੀ ਪੂਰਿਆ ਗਿਆ ਹੈ। ਤ੍ਰਵਨਕੋਰ ਅਤੇ ਕੋਚੀਨ ਵਿੱਚ ਹੋਰਨਾਂ ਮਾਅਨਿਆਂ ਵਿੱਚ ਇਹ ਪਾੜਾ ਬਣਿਆ ਰਿਹਾ। ''ਸਾਡੀ ਜੱਥੇਬੰਦਕ ਰਾਜਨੀਤਕ ਸਰਗਰਮੀ ਕਰਕੇ ਇਹ ਬਦਲਾਅ ਆਇਆ,'' ਰਾਇਰੱਪਨ ਕਹਿੰਦੇ ਹਨ। ''50ਵੇਂ ਅਤੇ 60ਵੇਂ ਵਿੱਚ ਭੂ-ਸੁਧਾਰ ਨੂੰ ਲੈ ਕੇ ਜੋ ਅੰਦੋਲਨ ਹੋਏ, ਉਹਨੇ ਜਾਤੀ ਸਣੇ ਕਈ ਢਾਂਚਿਆਂ ਨੂੰ ਖੇਰੂੰ-ਖੇਰੂੰ ਕੀਤਾ।'' ਸਿੱਖਿਆ ਅਤੇ ਸਿਹਤ ਸੁਵਿਧਾਵਾਂ ਵਿੱਚ ਤੇਜੀ ਨਾਲ਼ ਸੁਧਾਰ ਹੋਇਆ। ਸਾਲ 1928 ਵਿੱਚ, ਕੈਲੀਅਸਰੀ ਵਿੱਚ ਸਿਰਫ਼ 24 ਪਰਿਵਾਰਾਂ ਦੇ ਕੋਲ਼ 43 ਫੀਸਦ ਜ਼ਮੀਨਾਂ ਸਨ। ਅੱਜ, 13 ਪਰਿਵਾਰਾਂ ਦੇ ਕੋਲ਼ ਪੰਜ ਏਕੜ ਤੋਂ ਵੱਧ ਭੂਮੀ ਹੈ। ਇਸ ਤੋਂ ਇਲਾਵਾ, ਕੁੱਲ ਰਕਬੇ ਵਿੱਚ ਉਨ੍ਹਾਂ ਦਾ ਹਿੱਸਾ ਸਿਰਫ਼ ਛੇ ਫੀਸਦ ਹੈ।

ਕੈਲੀਅਸਰੀ ਨਿਵਾਸੀਆਂ ਦੇ ਖਾਣ-ਪੀਣ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਇੱਥੇ ਦੁੱਧ ਅਤੇ ਮਾਸ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਅਤੇ ਇੱਥੋਂ ਦੇ ਮਜ਼ਦੂਰ ਪੁਰਖ ਅਤੇ ਔਰਤਾਂ ਦੇ ਕੱਪੜੇ ਪਾਉਣ ਦੇ ਢੰਗ ਤੋਂ ਤੁਸੀਂ ਉਨ੍ਹਾਂ ਨੂੰ ਦਸਤੀ ਮਜ਼ਦੂਰ ਕਹਿ ਹੀ ਨਹੀਂ ਸਕਦੇ।

80ਵੇਂ ਵਿੱਚ ਰਾਜ ਵਿੱਚ ਵੱਡੇ ਪੱਧਰ 'ਤੇ ਸਾਖਰਤਾ ਅਭਿਆਨ ਤੋਂ ਹੋਰ ਵੀ ਲਾਭ ਹੋਏ। ਕੇਰਲ ਸਸਤਰ ਸਾਹਿਤ ਪਰਿਸ਼ਦ ਜਿਹੇ ਸੰਗਠਨਾਂ ਦੇ ਯਤਨਾਂ ਸਦਕਾ ਨਵੇਂ ਬੂਹੇ ਖੁੱਲ੍ਹੇ। ਇਨ੍ਹਾਂ ਸਾਰੇ, ਆਪਸੀ ਸੰਯੁਕਤ ਸਬੰਧਾਂ ਨੇ, ਜੋ ਪਹਿਲਾਂ ਤੋਂ ਹੀ ਸਨ, ਖੇਤਰ ਅੰਦਰਲੀਆਂ ਰਾਜਨੀਤਕ ਪਰੰਪਰਾਵਾਂ ਲਈ ਠੋਸ ਅਧਾਰ ਪ੍ਰਦਾਨ ਕੀਤੇ। ਮਾਲਾਬਾਰ, ਕੈਲੀਅਸਰੀ ਸਣੇ, ਦੂਸਰੇ ਮਾਅਨਿਆਂ ਵਿੱਚ ਵੀ ਪਹਿਲ ਕਰਨ ਵਾਲ਼ਾ ਇਲਾਕਾ ਸਾਬਤ ਹੋਇਆ।

''ਕੈਲੀਅਸਰੀ 30ਵੇਂ ਅਤੇ 40ਵਿਆਂ ਦੇ ਅੰਤ ਵਿੱਚ ਹੀ ਅਨੁਭਵ ਦੇ ਦੌਰ ਵਿੱਚੋਂ ਦੀ ਲੰਘ ਰਿਹਾ ਸੀ। ਇੱਥੇ ਉਤਪਾਦਕ ਅਤੇ ਉਪਭੋਗਤਾ ਸਹਿਕਾਰਤਾ ਦੀ ਸ਼ੁਰੂਆਤ ਹੋਈ,'' ਮੋਹਨ ਦਾਸ ਦੱਸਦੇ ਹਨ, ਜੋ ਕੰਨੂਰ ਦੇ ਕ੍ਰਿਸ਼ਨਾ ਮੇਨਨ ਕਾਲਜ ਵਿੱਚ ਲੈਕਚਰਾਰ ਹਨ। ''ਇਨ੍ਹਾਂ ਕਰਕੇ ਵਾਜਬ ਮੁੱਲਾਂ ਵਾਲ਼ੀਆਂ ਦੁਕਾਨਾਂ ਨੂੰ ਹੌਂਸਲਾ ਮਿਲ਼ਿਆ, ਜੋ ਬਹੁਤ ਬਾਅਦ ਵਿੱਚ ਖੁੱਲ੍ਹੀਆਂ।''

''ਇਹ ਸਾਰਾ ਕੁਝ ਅਕਾਲ ਅਤੇ ਭੁੱਖਮਰੀ ਦੇ ਦੌਰ ਵਿੱਚ ਹੋਇਆ। ਕਿਸਾਨਾਂ ਦੇ ਅਨਾਜ 'ਤੇ ਜਾਨਮੀਆ ਦੀ ਮੰਗ ਦਿਨੋਂ ਦਿਨ ਸਖਤ ਹੁੰਦੀ ਗਈ। ਸ਼ਾਇਦ ਜਾਨਮੀਆਂ ਨੂੰ ਖੁਦ ਵੀ ਅੰਗਰੇਜ਼ਾਂ ਦੁਆਰਾ ਇਸ ਮਾਮਲੇ ਵਿੱਚ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਹਿਲਾਂ, ਅਕਾਲ ਦੇ ਦਿਨੀਂ ਕਿਸਾਨਾਂ ਤੋਂ ਘੱਟ ਅਨਾਜ ਵਸੂਲਿਆ ਜਾਂਦਾ ਸੀ। ਪਰ, 40ਵਿਆਂ ਵਿੱਚ ਇਹ ਪਰੰਪਰਾ ਵੀ ਖ਼ਤਮ ਹੋ ਗਈ।''

ਦਸੰਬਰ 1946 ਵਿੱਚ ਇੱਕ ਵੱਡੀ ਬਿਪਤਾ ਆਈ, ਸੇਵਾਮੁਕਤ ਅਧਿਆਪਕ ਅਗਨੀ ਸ਼ਰਮਨ ਨਮਬੂਦਰੀ ਦੱਸਦੇ ਹਨ। '' ਜਾਨਮੀਆਂ ਨੇ ਜਦੋਂ ਕਰੀਵੇੱਲੋਰ ਪਿੰਡ ਵਿੱਚ ਅਨਾਜ 'ਤੇ ਕਬਜਾ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉੱਥੇ ਗੋਲੀਬਾਰੀ ਹੋਈ, ਜਿਸ ਵਿੱਚ ਦੋ ਲੋਕ ਮਾਰੇ ਗਏ। ਅਤੇ ਉੱਥੇ ਦਹਿਸ਼ਤ ਸੀ। ਪਰ ਇਹਨੇ ਜਾਨਮੀਆ ਦੇ ਖਿਲਾਫ਼ ਚੰਗਿਆੜੇ ਨੂੰ ਹਵਾ ਦੇ ਦਿੱਤੀ।'' ਇਸੇ ਕਾਰਨ ਉੱਥੇ ਭੂ-ਸੁਧਾਰ ਅੰਦੋਲਨ ਸਫ਼ਲ ਰਿਹਾ।

ਅੱਜ, ਕੈਲੀਅਸਰੀ ਦੀ ਸਫ਼ਲਤਾ ਦੇ ਨਾਲ਼-ਨਾਲ਼ ਭਿਆਨਕ ਸਮੱਸਿਆਵਾਂ ਵੀ ਹਨ। ''ਖੇਤੀ ਨਸ਼ਟ ਹੋ ਚੁੱਕੀ ਹੈ,'' ਰਾਇਰੱਪਨ ਕਹਿੰਦੇ ਹਨ। ''ਉਤਪਾਦਨ ਘੱਟ ਹੋ ਰਿਹਾ ਹੈ। ਖੇਤ ਮਜ਼ਦੂਰਾਂ ਨੂੰ ਹੁਣ ਘੱਟ ਕੰਮ ਮਿਲ਼ਦਾ ਹੈ।''

ਮੋਹਨ ਦਾਸ ਦੇ ਅਨੁਸਾਰ, ''ਕਣਕ ਦੇ ਖੇਤਾਂ ਨੂੰ ਮਕਾਨ ਬਣਾਉਣ ਅਤੇ ਨਕਦੀ ਫ਼ਸਲ ਵਿੱਚ ਪਰਿਵਰਤਨ ਕਰਨ ਨਾਲ਼ ਭਾਰੀ ਤਬਾਹੀ ਹੋਈ ਹੈ। ਮਿਸਾਲ ਵਜੋਂ, ਜਾਨਮੀ ਦੇ ਹੀ ਇੱਕ ਵੱਡੇ ਖੇਤ ਨੂੰ ਲੈ ਲਵੋ। ਕੈਲੀਅਸਰੀ ਦਾ ਕਰੀਬ 50 ਫੀਸਦ ਝੋਨਾ ਇਸੇ ਖੇਤ 'ਤੇ ਉਗਾਇਆ ਜਾਂਦਾ ਸੀ। ਹੁਣ ਇਸ 'ਤੇ ਮਕਾਨ ਅਤੇ ਨਕਦੀ ਫ਼ਸਲਾਂ ਹਨ। ਇਸ ਤਬਾਹੀ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਵੱਧ ਰਹੀ ਹੈ। ਪਰ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਿਆ ਹੈ।''

ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਬੇਰੁਜ਼ਗਾਰੀ ਉੱਚੀ ਹੈ ਅਤੇ ਕਿਰਤ-ਸ਼ਕਤੀ ਵਿੱਚ ਮਹਿਲਾ ਹਿੱਸੇਦਾਰੀ ਦੀ ਦਰ ਪੁਰਖਾਂ ਦੇ ਮੁਕਾਬਲੇ ਅੱਧ ਤੋਂ ਵੀ ਘੱਟ ਹੈ। ਮਜ਼ਦੂਰ ਵਰਗ ਦੀ ਕਰੀਬ 50 ਪ੍ਰਤੀਸ਼ਤ ਔਰਤਾਂ ਬੇਰੁਜ਼ਗਾਰ ਹਨ। ਔਰਤਾਂ ਜ਼ਿਆਦਾਤਰ ਘੱਟ ਕੁਸ਼ਲਤਾ ਵਾਲ਼ੇ ਕੰਮ ਕਰਦੀ ਹਨ ਅਤੇ ਇਸ ਵਿੱਚ, ਉਹ ਪੁਰਖਾਂ ਤੋਂ ਘੱਟ ਹੀ ਕਮਾ ਪਾਉਂਦੀਆਂ ਹਨ।

ਇਹ ਇੱਕ ਵੱਡੀ ਸਮੱਸਿਆ ਹੈ। ਪਰ ਇਹਦੇ ਬਾਵਜੂਦ ਇੱਥੇ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੈ। ਕੇਰਲ ਦੇ ਜੇਕਰ ਪੰਚਾਇਤੀ ਰਾਜ ਦੇ ਤਜ਼ਰਬਿਆਂ ਨੂੰ ਦੇਖੀਏ ਤਾਂ, ਕੈਲੀਅਸਰੀ ਵਿੱਚ ਇੱਕ ਆਦਰਸ਼ ਪੰਚਾਇਤ ਹੈ। ਰਾਜ ਦੀ 900 ਤੋਂ ਵੱਧ ਪੰਚਾਇਤਾਂ ਵਾਂਗ ਹੀ, ਇਹਨੇ ਵੀ ਆਪਣਾ ਖੁਦ ਦਾ ਵਿਕਾਸ ਪਲਾਨ ਤਿਆਰ ਕੀਤਾ ਹੈ। ਇਹਨੂੰ ਖੁਦ ਇੱਥੋਂ ਦੇ ਲੋਕਾਂ ਦੁਆਰਾ ਇਕੱਠੇ ਕੀਤੇ ਗਏ ਡੇਟਾ ਦੇ ਅਧਾਰ 'ਤੇ ਬਣਾਇਆ ਗਿਆ ਹੈ। ਬਹੁਤੇਰੀਆਂ ਗਤੀਵਿਧੀਆਂ ਸਥਾਨਕ ਵਸੀਲਿਆਂ ਅਤੇ ਸਵੈ-ਇਛੁੱਕ ਮਜ਼ਦੂਰੀ 'ਤੇ ਨਿਰਭਰ ਹਨ। ''ਇੱਥੋਂ ਦੇ ਲੋਕਾਂ ਨੇ ਕਈ ਦੂਸਰੇ ਕੰਮਾਂ ਤੋਂ ਇਲਾਵਾ ਇਸ ਪੰਚਾਇਤ ਵਿੱਚ 62 ਕਿਲੋਮੀਟਰ ਲੰਬੀ ਸੜਕ ਵੀ ਬਣਾਈ ਹੈ,'' ਰਾਇਰੱਪਨ ਦੱਸਦੇ ਹਨ।

ਗ੍ਰਾਮ ਸਭਾ ਦੀ ਬੈਠਕਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ ਅਤੇ ਆਪਣੀ ਗੱਲ ਖੁੱਲ੍ਹ ਕੇ ਰੱਖਦੇ ਹਨ। ਅਤੇ ਕਰੀਬ 1,200 ਸਵੈ-ਸੇਵਕਾਂ ਦੀ ਸੈਨਾ ਨੇ ਕੈਲੀਅਸਰੀ ਨੂੰ ਇੱਕ ਹੋਰ ਨਵੀਂ ਥਾਂ ਪ੍ਰਦਾਨ ਕੀਤਾ ਹੈ: ਇਹ ਦੇਸ਼ ਦੀ ਪਹਿਲੀ ਪੰਚਾਇਤ ਸੀ, ਜਿਹਨੇ ਪੀਪੁਲਸ ਰਿਸੋਰਸ ਮੈਪਿੰਗ ਪ੍ਰੋਗਰਾਮ ਨੂੰ ਅਪਣਾਇਆ। ਪਿੰਡ ਦੇ ਕੁਦਰਤ ਅਤੇ ਮਾਨਵ ਵਸੀਲੇ ਨਾਲ਼ ਸਬੰਧਤ ਹਾਲਤ ਨੂੰ ਸਹੀ ਤਸਵੀਰ ਸਥਾਨਕ ਲੋਕਾਂ ਦੁਆਰਾ ਸਾਹਮਣੇ ਆਈਆਂ, ਜਿਸ ਵਿੱਚ ਬਾਹਰ ਤੋਂ ਮਾਹਰਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ। ਪਿੰਡ ਦੇ ਪਲਾਨ ਵਿੱਚ ਇਹ ਵੀ ਸ਼ਾਮਲ ਹੈ ਕਿ ਇਹਦੇ ਪ੍ਰਾਜੈਕਟਾਂ ਦਾ ਵਾਤਾਵਰਣਕ ਪ੍ਰਭਾਵ ਕੀ ਹੋ ਸਕਦਾ ਹੈ।

ਸੇਵਾ ਮੁਕਤ ਲੋਕਾਂ- ਇੰਜੀਨੀਅਰਾਂ, ਸਰਕਾਰੀ ਅਧਿਕਾਰੀਆਂ ਦਾ ਇੱਕ 'ਸਵੈ-ਸੇਵਕ ਤਕਨੀਕੀ ਦਸਤਾ' (ਵੀਟੀਸੀ) ਇਨ੍ਹਾਂ ਪ੍ਰਾਜੈਕਟਾਂ ਦੀ ਦੇਖਰੇਖ ਕਰਦੀ ਹੈ। ਇਸ ਸਮੇਂ ਪੂਰੇ ਰਾਜ ਵਿੱਚ ਵੀਟੀਸੀ ਮੈਂਬਰਾਂ ਦੀ ਸੰਖਿਆ 5,000 ਹੈ।

ਚੁਣੌਤੀਆਂ ਵੱਡੀਆਂ ਹਨ। ਅਤੇ ਪਿੰਡ ਦੀਆਂ ਬਹੁਤੇਰੀਆਂ ਸਮੱਸਿਆਵਾਂ ਦੀਆਂ ਜੜ੍ਹਾਂ ਇਹਦੀ ਸੀਮਾ ਤੋਂ ਬਾਹਰ ਫੈਲੀਆਂ ਹੋਈਆਂ ਹਨ। ਪਰ ਕੈਲੀਅਸਰੀ ਨੂੰ ਖੁਦ 'ਤੇ ਪੂਰਾ ਭਰੋਸਾ ਹੈ। ਜਿਵੇਂ ਕਿ ਰਾਇਰੱਪਨ ਕਹਿੰਦੇ ਹਨ:''ਅਸੀਂ ਲੜਨਾ ਕਦੇ ਨਹੀਂ ਛੱਡਿਆ।''

1947 ਤੋਂ ਬਾਅਦ ਵੀ ਨਹੀਂ।

ਇਹ ਸਟੋਰੀ ਸਭ ਤੋਂ ਪਹਿਲਾਂ ਟਾਈਮਜ਼ ਆਫ਼ ਇੰਡੀਆ ਦੇ 28 ਅਗਸਤ 1997 ਦੇ ਅੰਕ ਵਿੱਚ ਛਪੀ।

ਫ਼ੋਟੋਆਂ: ਪੀ. ਸਾਈਨਾਥ

ਇਸ ਲੜੀ ਵਿੱਚ ਹੋਰ ਕਹਾਣੀਆਂ ਹਨ:

ਜਦੋਂ ਸਾਲੀਹਾਨ ਨੇ ਰਾਜ ਨਾਲ਼ ਮੁਕਾਬਲ ਕੀਤਾ

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-1

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-2

ਲਕਸ਼ਮੀ ਪਾਂਡਾ ਦੀ ਆਖ਼ਰੀ ਲੜਾਈ

ਅਹਿੰਸਾ ਦੇ ਨੌ ਦਹਾਕੇ

ਗੋਦਾਵਰੀ: ਅਤੇ ਪੁਲਿਸ ਹਾਲੇ ਤੀਕਰ ਹਮਲੇ ਦੀ ਉਡੀਕ ਵਿੱਚ

ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ

ਸੋਨਾਖਾਨ: ਜਦੋਂ ਵੀਰ ਨਰਾਇਣ ਸਿੰਘ ਦੋ ਵਾਰ ਮਰੇ

ਕੈਲੀਅਸਰੀ: ਸੁਮੁਕਨ ਦੀ ਖੋਜ  ਵਿੱਚ

ਕੈਲੀਅਸਰੀ ਦੇ ਕੋਲ਼ ਸਥਿਤ ਪਾਰਸਿਨੀ ਕਡਾਵੁ ਮੰਦਰ ਨੇ 30ਵੇਂ ਅਤੇ 40ਵਿਆਂ ਵਿੱਚ ਅੰਗਰੇਜ਼ਾਂ ਦੀ ਗ੍ਰਿਫਤ ਵਿੱਚੋਂ ਬਚਣ ਲਈ ਛੁਪਦੇ ਫਿਰ ਰਹੇ ਰਾਸ਼ਟਰਵਾਦੀਆਂ ਨੂੰ ਆਪਣੇ ਇੱਥੇ ਪਨਾਹ ਦਿੱਤੀ ਸੀ। ਇੱਥੇ ਰੱਖੀਆਂ ਗਈਆਂ ਮੂਰਤੀਆਂ ਵਿੱਚ ਸ਼ਿਕਾਰੀਆਂ ਦੇ ਦੇਵਤਾ, ਭਗਵਾਨ ਮੁਥੱਪਨ ਅਤੇ ਕਾਂਸੇ ਤੋਂ ਬਣੇ ਕੁੱਤੇ ਸ਼ਾਮਲ ਹਨ


ਤਰਜਮਾ: ਕਮਲਜੀਤ ਕੌਰ

P. Sainath
psainath@gmail.com

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur