ਹਨੁਮੰਤ ਗੁੰਜਲ, ਜਦੋਂ ਸ਼ਾਹਜਹਾਂਪੁਰ ਦੇ ਧਰਨੇ 'ਤੇ ਕੁਝ ਦਿਨਾਂ ਬਿਤਾ ਲੈਣ ਤੋਂ ਬਾਅਦ ਆਪਣੇ ਪਿੰਡ ਮੁੜੇ ਤਾਂ ਆਪਣੇ ਨਾਲ਼ ਮੁੱਠੀ 'ਚ ਅਭੁੱਲ ਯਾਦਾਂ ਭਰ ਕੇ ਮੁੜੇ।
"ਉੱਥੋਂ ਦੇ ਕਿਸਾਨ ਬੇਹੱਦ ਮਹਿਮਾਨ-ਨਿਵਾਜ ਅਤੇ ਚੰਗੇ ਸਨ," ਮਹਾਂਰਾਸਟਰ ਦੇ ਨਾਸਿਕ ਜ਼ਿਲ੍ਹੇ ਦੇ ਚੰਦਵਾੜ ਪਿੰਡ ਦੇ 41 ਸਾਲਾ ਭੀਲ ਆਦਿਵਾਸੀ ਕਿਸਾਨ ਕਹਿੰਦੇ ਹਨ, ਜੋ 25 ਦਸੰਬਰ ਨੂੰ ਸ਼ਾਹਜਹਾਂਪੁਰ ਪਹੁੰਚੇ ਸਨ। "ਅਸੀਂ ਆਪਣੇ ਨਾਲ਼ ਚੌਲ਼ ਅਤੇ ਦਾਲ ਲੈ ਕੇ ਗਏ ਸਾਂ ਕਿ ਜੇਕਰ ਲੋੜ ਪਈ ਤਾਂ ਰਿੰਨ੍ਹੇ ਜਾ ਸਕਣ। ਪਰ ਸਾਨੂੰ ਲੋੜ ਹੀ ਨਹੀਂ ਪਈ। ਉਨ੍ਹਾਂ ਨੇ ਸਾਨੂੰ ਢੇਰ ਸਾਰਾ ਘਿਓ ਪਾ ਕੇ ਸੁਆਦੀ ਭੋਜਨ ਖੁਆਇਆ। ਉਨ੍ਹਾਂ ਨੇ ਖੁੱਲ੍ਹੇ ਮਨੀਂ ਸਾਡਾ ਸੁਆਗਤ ਕੀਤਾ।"
21 ਦਸੰਬਰ ਨੂੰ, ਵਾਹਨਾਂ 'ਤੇ ਸਵਾਰ ਇੱਕ ਜੱਥਾ, ਨਾਸਿਕ ਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਇਆ ਤਾਂਕਿ ਖੇਤੀ ਕਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ਼ ਇਕਜੁੱਟਤਾ ਦਰਸਾ ਸਕਣ। 1000 ਕਿਸਾਨਾਂ ਦੇ ਇਸ ਜੱਥੇ ਨੂੰ ਦਿੱਲੀ ਧਰਨਾ ਸਥਲ 'ਤੇ ਪੁੱਜਣ ਵਿੱਚ ਜੋ ਕਿ 1400 ਕਿਲੋਮੀਟਰ ਦੂਰ ਸੀ, ਕਰੀਬ ਪੰਜ ਦਿਨ ਲੱਗੇ। ਸ਼ਾਹਜਹਾਂਪੁਰ, ਜਿੱਥੇ ਆ ਕੇ ਇਹ ਜੱਥਾ ਸਮਾਪਤ ਹੋਇਆ, ਦਿੱਲੀ ਤੋਂ 120 ਕਿਲੋਮੀਟਰ ਦੱਖਣ ਵਿੱਚ, ਰਾਜਸਥਾਨ-ਹਰਿਆਣਾ ਸੀਮਾ 'ਤੇ ਸਥਿਤ ਹੈ। ਇਹ ਰਾਸ਼ਟਰੀ ਰਾਜਧਾਨੀ ਦੇ ਆਸਪਾਸ ਦੇ ਧਰਨਾ-ਸਥਲਾਂ ਵਿੱਚੋਂ ਇੱਕ ਹੈ, ਜਿੱਥੇ ਹਜ਼ਾਰਾਂ ਕਿਸਾਨ, ਮੁੱਖ ਰੂਪ ਨਾਲ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ, ਤਿੰਨ ਖੇਤੀ ਕਨੂੰਨਾਂ ਦੇ ਖ਼ਿਲਾਫ਼ 26 ਨਵੰਬਰ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਉਹ ਤਿੰਨੋਂ ਖੇਤੀ ਬਿੱਲਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।ਦਿੱਲੀ ਅਤੇ ਉਹਦੇ ਆਸਪਾਲ ਦੇ ਧਰਨਿਆਂ 'ਤੇ ਮੌਜੂਦ ਬਹੁਤੇ ਕਿਸਾਨਾਂ ਕੋਲ਼ ਵੱਡੀਆਂ ਜ਼ਮੀਨਾਂ ਹਨ, ਉਨ੍ਹਾਂ ਵਿੱਚੋਂ ਕਈ ਚੌਪਹੀਆ ਵਾਹਨ ਚਲਾਉਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ਼ 2024 ਦੀਆਂ ਆਮ ਚੋਣਾਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਲਈ ਵਸੀਲੇ (ਸ੍ਰੋਤ) ਹਨ।
ਮਹਾਂਰਾਸ਼ਟਰ ਦੇ ਕਿਸਾਨਾਂ ਲਈ, ਜਿਨ੍ਹਾਂ ਵਿੱਚੋਂ ਕਈ ਆਦਿਵਾਸੀ ਭਾਈਚਾਰਿਆਂ ਵਿੱਚੋਂ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਕੋਲ਼ ਛੋਟੀਆਂ ਜੋਤਾਂ ਹਨ ਅਤੇ ਵਸੀਲਿਆਂ ਦੀ ਘਾਟ ਹੈ, ਇਹ ਆਮ ਗੱਲ ਸੀ। ਪਰ, ਵਾਰਲੀ ਭਾਈਚਾਰੇ ਦੇ ਇੱਕ 45 ਸਾਲਾ ਕਿਸਾਨ, ਸੁਰੇਸ਼ ਵਰਥਾ (ਉੱਪਰ ਕਵਰ ਫੋਟੋ ਵਿੱਚ) ਜੋ ਪਾਲਘਰ ਜ਼ਿਲ੍ਹੇ ਦੇ ਵਿਕਰਮਗੜ੍ਰ ਤਾਲੁਕਾ ਤੋਂ ਆਏ ਸਨ, ਕਹਿੰਦੇ ਹਨ,"ਅਸੀਂ ਇਹ ਦਿਖਾਉਣਾ ਚਾਹੁੰਦੇ ਸਾਂ ਕਿ ਉੱਤਰੀ ਰਾਜਾਂ ਦੇ ਬਾਹਰ ਕਿਸਾਨ ਵੀ ਖੇਤੀ ਕਨੂੰਨਾਂ ਖ਼ਿਲਾਫ਼ ਹਨ, ਅਤੇ ਇਹ ਅਮੀਰ ਅਤੇ ਗ਼ਰੀਬਾਂ ਦੋਵਾਂ ਕਿਸਾਨਾਂ ਨੂੰ ਪ੍ਰਭਾਵਤ ਕਰਦਾ ਹੈ।"
ਸਾਰੇ ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਆਜੀਵਿਕਾ ਦੇ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ।
ਮਹਾਂਰਾਸ਼ਟਰ ਦੇ ਕਿਸਾਨ ਆਪਣੇ ਨਾਲ਼ ਸਹਾਇਤਾ ਕਰਨ ਲਈ ਕੁਝ ਸਮਾਨ ਵੀ ਲੈ ਕੇ ਆਏ ਸਨ- ਜਿਵੇਂ ਕਿ ਦਵਾਈਆਂ ਦੇ ਬਕਸੇ ਜਿਨ੍ਹਾਂ ਨੂੰ ਉਹ ਉੱਤਰੀ ਭਾਰਤ ਦੇ ਆਪਣੇ ਸਾਥੀ ਕਿਸਾਨਾਂ ਲਈ ਸੋਚ ਸਮਝਣ ਤੋਂ ਬਾਅਦ ਲਿਆਏ ਸਨ। ਪਰ ਸ਼ਾਹਜਹਾਂਪੁਰ ਵਿੱਚ ਮੌਜੂਦ ਪ੍ਰਦਰਸ਼ਨਕਾਰੀਆਂ ਕੋਲ਼ ਮੈਡੀਕਲ ਸਪਲਾਈਆਂ ਦੀ ਕੋਈ ਘਾਟ ਨਹੀਂ ਸੀ।
"ਮੈਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਨਹੀਂ ਦੇਖਿਆ, ਜਿੱਥੇ ਪ੍ਰਦਰਸ਼ਨਕਾਰੀਆਂ ਕੋਲ਼ ਸਾਰੀਆਂ ਸੁਵਿਧਾਵਾਂ ਹੋਣ," ਅਹਿਮਦਨਗਰ ਜ਼ਿਲ੍ਹੇ ਦੇ ਸੰਗਮਨੇਰ ਤਾਲੁਕਾ ਦੇ ਸ਼ਿੰਦੋੜੀ ਪਿੰਡ ਦੇ 57 ਸਾਲਾ ਭੀਲ ਆਦਿਵਾਸੀ ਕਿਸਾਨ, ਮਥੁਰਾ ਬਰਡੇ ਕਹਿੰਦੇ ਹਨ। "ਉਨ੍ਹਾਂ ਨੇ ਪੂਰਾ ਬੰਦੋਬਸਤ ਕਰ ਰੱਖਿਆ ਸੀ। ਧਰਨੇ ਦੀ ਥਾਂ 'ਤੇ ਪਹੁੰਚਣ ਉਪਰੰਤ ਕਾਜੂ, ਬਦਾਮ, ਖੀਰ ਦੇ ਨਾਲ਼-ਨਾਲ਼ ਹੋਰ ਵੀ ਕਈ ਚੀਜ਼ਾਂ ਨਾਲ਼ ਸਾਡਾ ਸੁਆਗਤ ਕੀਤਾ ਗਿਆ। ਅਸੀਂ ਇਨ੍ਹਾਂ ਵਸਤਾ ਨੂੰ ਖਰੀਦਣ ਤੋਂ ਪਹਿਲਾਂ ਦੋ ਵਾਰ ਸੋਚਦੇ ਹਾਂ। ਉਨ੍ਹਾਂ ਨੇ ਇਸਨਾਨ ਲਈ ਨਿੱਘਾ ਪਾਣੀ ਉਪਲਬਧ ਕਰਾਇਆ। ਉਨ੍ਹਾਂ ਨੇ ਸਾਨੂੰ ਮੋਟੇ ਕੰਬਲ ਦਿੱਤੇ। ਇਨ੍ਹਾਂ ਦੀ ਬੜੀ ਲੋੜ ਸੀ। ਕਿਉਂਕਿ ਸਾਡੇ ਕੰਬਲ ਫਟੇ ਹੋਏ ਸਨ।
"ਮਾਰਚ 2018 ਵਿੱਚ ਕਿਸਾਨਾਂ ਦੀ ਲੰਬੀ ਮਾਰਚ ਵਿੱਚ ਹਿੱਸਾ ਲੈਣ ਵਾਲ਼ੀ ਮੁਥਰਾਤਾਈ ਦਾ ਕਹਿਣਾ ਹੈ ਕਿ ਉਹ ਹੋਰ ਕੁਝ ਤਾਂ ਨਹੀਂ ਪਰ ਦੋਵਾਂ ਪ੍ਰਦਰਸ਼ਨਾਂ ਦੀ ਤੁਲਨਾ ਕਰਦੀ ਹੈ। "ਮੈਨੂੰ ਯਾਦ ਹੈ ਕਿ ਅਸੀਂ ਆਪਣੇ ਨਾਲ਼ ਲਿਆਂਦੀਆਂ ਖਾਣ ਯੋਗ ਵਸਤਾਂ ਦਾ ਇਸਤੇਮਾਲ ਕਿੰਨੀ ਸਾਵਧਾਨੀ ਨਾਲ਼ ਕੀਤਾ ਸੀ," ਉਹ ਕਹਿੰਦੀ ਹਨ। "ਅਸੀਂ ਸੱਤ ਦਿਨਾਂ ਵਿੱਚ ਨਾਸਿਕ ਤੋਂ ਮੁੰਬਈ ਤੱਕ ਪੈਦਲ ਮਾਰਚ ਕੀਤਾ। ਸਾਨੂੰ ਇਹ ਯਕੀਨੀ ਬਣਾਉਣਾ ਪਿਆ ਕਿ ਸਾਡੀ ਸਪਲਾਈ ਇੰਨੇ ਦਿਨਾਂ ਤੱਕ ਚੱਲੇ। ਇੱਥੇ ਪ੍ਰਦਰਸ਼ਨਕਾਰੀਆਂ ਨੂੰ ਖਾਣਾ ਖੁਆਉਣ ਲਈ ਲਗਾਤਾਰ ਲੰਗਰ ਚਲਾਏ ਜਾ ਰਹੇ ਹਨ। ਅਸੀਂ ਚਾਹੀਏ ਓਨਾਂ ਖਾ ਸਕਦੇ ਸਾਂ।"
ਸ਼ਾਹਜਹਾਂਪੁਰ ਵਿੱਚ ਕਿਸਾਨਾਂ ਦਰਮਿਆਨ ਇਕਜੁਟਤਾ ਜਮਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਤਾਂ ਸੀ ਹੀ, ਪਰ ਦਿੱਲੀ-ਸੀਮਾ 'ਤੇ ਜਿਸ ਚੀਜ਼ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਚੰਗੀ ਤਰ੍ਹਾਂ ਸੰਗਠਿਤ ਅਤੇ ਮਜ਼ਬੂਤ ਬਣਾਇਆ ਹੋਇਆ ਹੈ, ਉਹ ਉਨ੍ਹਾਂ ਚੀਜ਼ਾਂ ਜ਼ਰੀਏ ਮਿਲ਼ਣ ਵਾਲ਼ੀ ਹਮਾਇਤ ਹੈ ਜੋ ਇਨ੍ਹਾਂ ਸਥਲਾਂ 'ਤੇ ਮੌਜੂਦ ਨਹੀਂ ਹਨ।
2018 ਦਾ ਲੰਬਾ ਮਾਰਚ ਅਯੋਜਿਤ ਕਰਨ ਵਾਲ਼ੇ ਕਿਸਾਨ ਆਗੂਆਂ ਵਿੱਚੋਂ ਇੱਕ ਹਨ, ਅਜਿਤ ਨਵਲੇ ਨੇ ਇਸ ਫ਼ਰਕ ਨੂੰ ਦੇਖਿਆ: "ਲੰਬਾ ਮਾਰਚ ਸੱਤ ਦਿਨਾਂ ਤੱਕ ਚੱਲਿਆ," ਉਹ ਕਹਿੰਦੇ ਹਨ। "ਅਸੀਂ ਪੰਜ ਦਿਨਾਂ ਤੱਕ ਵਸੀਲਿਆਂ ਨਾਲ਼ ਦੋ-ਹੱਥ ਹੁੰਦੇ ਰਹੇ। ਛੇਵੇਂ ਦਿਨ ਜਦੋਂ ਅਸੀਂ ਮੁੰਬਈ ਦੇ ਬਾਹਰੀ ਇਲਾਕੇ ਵਿੱਚ ਪੁੱਜੇ ਤਾਂ ਗ਼ੈਰ-ਕਿਸਾਨ ਭਾਈਚਾਰੇ ਭੋਜਨ, ਪਾਣੀ, ਫਲ, ਬਿਸਕੁੱਟ, ਚੱਪਲ ਆਦਿ ਲੈ ਕੇ ਸਾਡੇ ਕੋਲ਼ ਪੁੱਜੇ।"
ਕੁੱਲ ਭਾਰਤੀ ਕਿਸਾਨ ਸਭਾ (ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਨਾਲ਼ ਜੁੜੀ) ਦੇ ਮਹਾਂ-ਸਕੱਤਰ ਅਤੇ ਸ਼ਾਹਜਹਾਂਪੁਰ ਤੱਕ ਕਿਸਾਨਾਂ ਦੇ ਜੱਥੇ ਦੀ ਅਗਵਾਈ ਕਰਨ ਵਾਲ਼ਿਆਂ ਵਿੱਚੋਂ ਇੱਕ, ਨਵਲੇ ਕਹਿੰਦੇ ਹਨ,"ਕਿਸੇ ਵੀ ਵਿਰੋਧ ਪ੍ਰਦਰਸ਼ਨ ਦੀ ਸਥਿਰਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹਨੂੰ ਸਮਾਜ ਦੀ ਹਮਾਇਤ ਪ੍ਰਾਪਤ ਹੈ ਜਾਂ ਨਹੀਂ। ਦਿੱਲੀ ਦੇ ਆਸਪਾਸ ਹੋਣ ਵਾਲ਼ੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ਼ ਵੀ ਇਹੀ ਹੋਇਆ ਹੈ। ਉਹ ਧਰਨੇ ਹੁਣ ਕਿਸਾਨਾਂ ਤੱਕ ਸੀਮਤ ਨਹੀਂ ਰਹੇ। ਪੂਰਾ ਸਮਾਜ ਉਨ੍ਹਾਂ ਦੀ ਹਮਾਇਤ ਕਰ ਰਿਹਾ ਹੈ।"
ਨਵਲੇ ਵਿਸਤਾਰ ਨਾਲ ਦੱਸਦਿਆਂ ਕਹਿੰਦੇ ਹਨ ਕਿ ਸ਼ਾਹਜਹਾਂਪੁਰ ਵਿੱਚ ਉਨ੍ਹਾਂ ਦੇ ਜੱਥੇ ਦੀ ਪਹਿਲੀ ਰਾਤੀਂ, ਕੁਝ ਆਟੋਰਿਕਸ਼ਾ ਚਾਲਕ ਕੰਬਲ, ਗਰਮ ਕੱਪੜੇ, ਉੱਨੀ ਟੋਪੀਆਂ ਅਤੇ ਹੋਰ ਵਸਤਾਂ ਦੇ ਨਾਲ਼ ਧਰਨੇ ਦੀ ਥਾਂ ਪੁੱਜੇ। "ਦਿੱਲੀ ਵਿੱਚ ਸਿੱਖ ਭਾਈਚਾਰੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਮਹਾਂਰਾਸ਼ਟਰ ਦੇ ਕਿਸਾਨ ਸ਼ਾਹਜਹਾਂਪੁਰ ਆ ਰਹੇ ਹਨ ਤਾਂ ਉਨ੍ਹਾਂ ਨੇ ਪੈਸਾ ਇਕੱਠਾ ਕੀਤਾ," ਉਹ ਦੱਸਦੇ ਹਨ। "ਉਨ੍ਹਾਂ ਨੇ ਉਹ ਚੀਜ਼ਾਂ ਖਰੀਦੀਆਂ ਅਤੇ ਉਨ੍ਹਾਂ ਨੂੰ ਇੱਥੇ ਭੇਜਿਆ।"
ਇਹ ਸਭ ਹਨੁਮੰਤ ਗੁੰਜਲ ਦੇ ਯਾਦਗਾਰੀ ਤਜ਼ਰਬੇ ਵਿੱਚ ਸ਼ਾਮਲ ਹੋ ਗਿਆ। "ਅਸੀਂ (ਆਪਣੇ ਪਿੰਡੋਂ) ਵਾਪਸ ਮੁੜ ਗਏ ਹਾਂ ਅਤੇ ਬੜੇ ਸਕਾਰਾਤਮਕ ਮਹਿਸੂਸ ਕਰ ਰਹੇ ਹਾਂ," ਉਹ ਕਹਿੰਦੇ ਹਨ।
ਤਰਜਮਾ: ਕਮਲਜੀਤ ਕੌਰ