''ਕ੍ਰਿਪਾ ਕਰਕੇ ਉਨ੍ਹਾਂ ਦੇ ਬਹੁਤੀ ਨੇੜੇ ਨਾ ਜਾਇਓ। ਜੇ ਉਹ ਡਰ ਗਏ ਤਾਂ ਭੱਜ ਜਾਣਗੇ। ਫਿਰ ਉਨ੍ਹਾਂ ਨੂੰ ਇੰਨੀ ਖੁੱਲ੍ਹੀ ਥਾਵੇਂ ਲੱਭਣਾ ਮੇਰੀ ਜਾਨ ਦਾ ਖੋਅ ਬਣ ਜਾਣਾ- ਉਨ੍ਹਾਂ ਨੂੰ ਤਾਂ ਕਾਬੂ ਕਰਨਾ ਹੀ ਮੁਸ਼ਕਿਲ ਬਣਿਆ ਹੋਇਆ, ਫੜ੍ਹਨਾ ਅਸੰਭਵ ਹੋ ਜਾਣਾ,'' ਜੇਠਾਭਾਈ ਕਹਿੰਦੇ ਹਨ।
ਖ਼ਾਨਾਬਦੋਸ਼ ਆਜੜੀਆਂ ਦੀ ਜ਼ਿੰਦਗੀ ਜਿਊਣ ਵਾਲ਼ੇ ਜੇਠਾਭਾਈ ਜਿਨ੍ਹਾਂ ਊਠਾਂ ਦੀ ਗੱਲ ਕਰ ਰਹੇ ਹਨ, ਉਹ ਕਾਫ਼ੀ ਮਹਿੰਗੇ ਊਠ ਹਨ, ਜੋ ਚਾਰੇ ਦੀ ਭਾਲ਼ ਵਿੱਚ ਇੱਧਰ-ਉੱਧਰ ਤੈਰ ਵੀ ਲੈਂਦੇ ਹਨ।
ਊਠ? ਤੈਰ ਲੈਂਦੇ ਹਨ? ਸੱਚਿਓ ਹੀ?
ਜੀ ਬਿਲਕੁੱਲ। ਜੇਠਾਭਾਈ ਜਿਸ 'ਵੱਡੇ ਇਲਾਕੇ' ਦੀ ਗੱਲ ਕਰ ਰਹ ਹਨ, ਉਹ ਅਸਲ ਵਿੱਚ ਕੱਛ ਦੀ ਖਾੜੀ ਦੇ ਦੱਖਣੀ ਤਟ 'ਤੇ ਮੈਰੀਨ ਨੈਸ਼ਨਲ ਪਾਰਕ (ਸਮੁੰਦਰੀ ਰਾਸ਼ਟਰੀ ਪਾਰਕ) ਅਤੇ ਸੈਨਚੁਰੀ (ਐੱਮਐੱਨਪੀ ਐਂਡ ਐੱਸ) ਹੈ ਅਤੇ ਇੱਥੇ, ਖ਼ਾਨਾਬਦੋਸ਼ ਆਜੜੀਆਂ ਦੀ ਦੇਖਭਾਲ਼ ਵਿੱਚ, ਊਠਾਂ ਦੇ ਇਹ ਝੁੰਡ ਜਲੀ ਪੌਦਿਆਂ (ਏਵੀਸਨਿਆ ਮਰੀਨਾ) ਦੀ ਭਾਲ਼ ਵਿੱਚ ਇੱਕ ਦੀਪ ਤੋਂ ਦੂਜੇ ਦੀਪ ਤੈਰਦੇ ਹਨ - ਜੋ ਬੂਟੀ ਉਨ੍ਹਾਂ ਦੀ ਖ਼ੁਰਾਕ ਲਈ ਲੋੜੀਂਦੀ ਹੈ।
''ਜੇ ਇਸ ਨਸਲ ਦੇ ਊਠ ਲੰਬੇ ਸਮੇਂ ਤੱਕ ਜਲੀ ਪੌਦੇ ਨਾ ਖਾਣ ਤਾਂ ਉਹ ਬੀਮਾਰ ਪੈ ਸਕਦੇ ਹਨ, ਕਮਜ਼ੋਰ ਹੋ ਕੇ ਮਰ ਵੀ ਸਕਦੇ ਹੁੰਦੇ ਹਨ,'' ਕਾਰੂ ਮੇਰੂ ਜਾਟ ਕਹਿੰਦੇ ਹਨ। ''ਇਸਲਈ ਸਮੁੰਦਰੀ ਪਾਰਕ ਦੇ ਅੰਦਰ, ਸਾਡੇ ਊਠਾਂ ਦੇ ਝੁੰਡ ਇਨ੍ਹਾਂ ਜਲੀ ਪੌਦਿਆਂ ਦੀ ਭਾਲ਼ ਵਿੱਚ ਘੁੰਮਦੇ ਰਹਿੰਦੇ ਹਨ।''

ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਖੰਬਾਲਿਯਾ ਤਾਲੁਕਾ ਵਿਖੇ ਮਰੀਨ ਨੈਸ਼ਨਲ ਪਾਰਕ ਇਲਾਕੇ ਵਿੱਚ ਊਠਾਂ ਦੇ ਆਪਣੇ ਝੁੰਡ ਦੀ ਦੇਖਭਾਲ਼ ਕਰਦੇ ਜੇਠਾਭਾਈ ਰਬਾੜੀ
ਐੱਮਐੱਨਪੀ ਐਂਡ ਐੱਸ (ਮਰੀਨ ਨੈਸ਼ਨਲ ਪਾਰਕ ਅਤੇ ਸੈਨਚੁਰੀ) ਵਿੱਚ ਕੁੱਲ 42 ਦੀਪ ਸ਼ਾਮਲ ਹਨ , ਜਿਨ੍ਹਾਂ ਵਿੱਚੋਂ 37 ਦੀਪ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਬਾਕੀ ਦੇ 5 ਦੀਪ ਸੈਨਚੁਰੀ ਇਲਾਕੇ ਵਿੱਚ ਆਉਂਦੇ ਹਨ। ਪੂਰਾ ਇਲਾਕਾ ਗੁਜਰਾਤ ਦੇ ਸੌਰਾਸ਼ਟਰ ਇਲਾਕੇ ਜਾਮਨਗਰ, ਦੇਵਭੂਮੀ ਦਵਾਰਕਾ (ਜੋ 2013 ਵਿੱਚ ਜਾਮਨਗਰ ਨਾਲ਼ੋਂ ਅੱਡ ਕਰਕੇ ਬਣਾਇਆ) ਅਤੇ ਮੋਰਬੀ ਜ਼ਿਲ੍ਹਿਆਂ ਵਿੱਚ ਫ਼ੈਲਿਆ ਹੋਇਆ ਹੈ।'
''ਅਸੀਂ ਇੱਥੇ ਪੀੜ੍ਹੀਆਂ ਤੋਂ ਰਹਿੰਦੇ ਆਏ ਹਾਂ,'' ਮੂਸਾ ਜਾਟ ਕਹਿੰਦੇ ਹਨ। ਕਾਰੂ ਮੇਰਾ ਵਾਂਗਰ ਉਹ ਵੀ ਮਰੀਨ ਨੈਸ਼ਨਲ ਪਾਰਕ ਦੇ ਅੰਦਰ ਰਹਿਣ ਵਾਲ਼ੀ ਫਕੀਰਾਨੀ ਜਾਟ ਕਬੀਲੇ ਦੇ ਮੈਂਬਰ ਹਨ। ਇੱਕ ਹੋਰ ਸਮੂਹ ਵੀ ਹੈ ਜੋ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨਚੁਰੀ ਦੇ ਅੰਦਰ ਰਹਿੰਦਾ ਹੈ- ਭੂਪਾ ਰਬਾੜੀ, ਜਿਸ ਨਾਲ਼ ਜੇਠਾਭਾਈ ਵੀ ਤਾਅਲੁਕ ਰੱਖਦੇ ਹਨ। ਦੋਵੇਂ ਹੀ ਸਮੂਹ ਪੀੜ੍ਹੀਆਂ ਤੋਂ ' ਮਲਧਾਰੀ ' ਨਾਮ ਨਾਲ਼ ਜਾਣੇ ਜਾਂਦੇ ਰਹੇ ਹਨ। ਗੁਜਰਾਤੀ ਵਿੱਚ 'ਮਲ' ਦਾ ਅਰਥ ਹੈ ਮਵੇਸ਼ੀ ਤੇ 'ਧਾਰੀ' ਦਾ ਅਰਥ ਹੈ ਰਾਖਾ ਜਾਂ ਮਾਲਕ। ਪੂਰੇ ਗੁਜਰਾਤ ਅੰਦਰ ਮਾਲਧਾਰੀ ਲੋਕ ਗਾਵਾਂ, ਮੱਝਾਂ, ਊਠ, ਘੋੜੇ, ਭੇਡਾਂ ਤੇ ਬੱਕਰੀਆਂ ਪਾਲ਼ਦੇ ਹਨ।
ਮੈਂ ਦੋਵਾਂ ਹੀ ਸਮੂਹਾਂ ਦੇ ਮੈਂਬਰਾਂ ਨੂੰ ਮਿਲ਼ ਰਿਹਾ ਹਾਂ ਜੋ 1,200 ਦੇ ਕਰੀਬ ਅਬਾਦੀ ਵਾਲ਼ੇ ਮਰੀਨ ਪਾਰਕ ਦੇ ਘੇਰੇ-ਘੇਰੇ ਵੱਸੇ ਪਿੰਡਾਂ ਵਿੱਚ ਰਹਿੰਦੇ ਹਨ।
''ਅਸੀਂ ਇਸ ਜ਼ਮੀਨ ਦੀ ਕਦਰ ਕਰਦੇ ਹਾਂ,'' ਮੂਸਾ ਜਾਟ ਕਹਿੰਦੇ ਹਨ। ''ਜਾਮਨਗਰ ਦੇ ਰਾਜੇ ਨੇ ਸਦੀਆਂ ਪਹਿਲਾਂ ਸਾਨੂੰ ਇਸ ਜ਼ਮੀਨ 'ਤੇ ਆ ਕੇ ਵੱਸਣ ਦਾ ਸੱਦਾ ਦਿੱਤਾ ਸੀ। ਇਹ ਗੱਲ 1982 ਵਿੱਚ ਇਸ ਥਾਂ ਨੂੰ ਮਰੀਨ ਨੈਸ਼ਨਲ ਪਾਰਕ ਵਜੋਂ ਐਲਾਨ ਜਾਣ ਤੋਂ ਬਹੁਤ ਪਹਿਲਾਂ ਦੀ ਹੈ।''

ਜੇਠਾਭਾਈ ਰਬਾੜੀ ਆਪਣੇ ਊਠਾਂ ਨੂੰ ਕੱਛ ਦੀ ਖਾੜੀ ਦੇ ਪਾਣੀ ਵਿੱਚ ਚਰਨ ਲਈ ਲਿਜਾਂਦੇ ਹੋਏ
ਭੁਜ ਵਿਖੇ ਪਸ਼ੂਚਾਰਨ ਕੇਂਦਰ ਚਲਾਉਣ ਵਾਲ਼ੀ 'ਸਹਿਜੀਵਨ' ਨਾਮਕ ਐੱਨਜੀਓ ਦੀ ਰਿਤੁਜਾ ਮਿਤਰਾ ਵੀ ਇਸੇ ਦਾਅਵੇ ਦੀ ਪੁਸ਼ਟੀ ਕਰਦੀ ਹਨ। ''ਕਿਹਾ ਜਾਂਦਾ ਹੈ ਕਿ ਇਸ ਇਲਾਕੇ ਦੇ ਰਾਜਕੁਮਾਰ ਇਨ੍ਹਾਂ ਦੋਵਾਂ ਕੁਲਾਂ ਦੇ ਸਮੂਹਾਂ ਨੂੰ ਆਪਣੇ ਨਵੇਂ ਰਾਜ ਨਵਾਨਗਰ ਵਿਖੇ ਲੈ ਆਏ, ਜਿਹਨੂੰ ਬਾਅਦ ਵਿੱਚ 'ਜਾਮਨਗਰ' ਕਿਹਾ ਜਾਣ ਲੱਗਿਆ। ਉਦੋਂ ਤੋਂ ਹੀ ਇਨ੍ਹਾਂ ਆਜੜੀਆਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਇਨ੍ਹਾਂ ਜ਼ਮੀਨਾਂ 'ਤੇ ਵਾਸ ਕਰਦੇ ਆਏ ਹਨ।
''ਕੁਝ ਪਿੰਡਾਂ ਦੇ ਨਾਵਾਂ ਤੋਂ ਵੀ ਸਾਬਤ ਹੁੰਦਾ ਹੈ ਕਿ ਇਹ ਲੋਕ ਇੱਥੇ ਲੰਬੇ ਸਮੇਂ ਤੋਂ ਰਹਿੰਦੇ ਰਹੇ ਹਨ,'' ਰਿਤੁਜਾ ਕਹਿੰਦੀ ਹਨ ਜੋ ਸਹਿਜੀਵਨ ਵਿਖੇ ਜੰਗਲ ਅਧਿਕਾਰ ਐਕਟ ਦੇ ਸੂਬਾ ਕੋਆਰਡੀਨੇਟਰ ਵਜੋਂ ਕੰਮ ਕਰਦੀ ਹਨ। ''ਅਜਿਹੇ ਹੀ ਇੱਕ ਪਿੰਡ ਨੂੰ ਓਂਥਬੇਟ ਸ਼ੰਪਰ ਕਿਹਾ ਜਾਂਦਾ ਹੈ- ਮੌਟੇ ਤੌਰ 'ਤੇ ਜਿਹਦਾ ਮਤਲਬ ਹੈ 'ਊਠਾਂ ਦਾ ਦੀਪ'।
ਇਸ ਸਭ ਦੇ ਨਾਲ਼, ਇਹ ਵੀ ਦੇਖਣਾ ਬਣਦਾ ਹੈ ਕਿ ਇੱਥੇ ਲੰਬੇ ਸਮੇਂ ਤੋਂ ਰਹਿਣ ਕਾਰਨ ਊਠਾਂ ਨੇ ਤੈਰਨਾ ਸਿੱਖ ਲਿਆ ਹੋਣਾ। ਸਸੈਕਸ ਵਿਖੇ ਇੰਸਟੀਚਿਊਟ ਆਫ਼ ਡਿਵਲਪਮੈਂਟ ਸਟੱਡੀਜ਼ ਦੀ ਇੱਕ ਖੋਜਾਰਥੀ ਲੈਲਾ ਮਹਿਤਾ ਦੇ ਕਹਿਣ ਮੁਤਾਬਕ : ''ਜੇਕਰ ਊਠ ਪੀੜ੍ਹੀਆਂ ਤੋਂ ਜਲੀ ਪੌਦਿਆਂ ਦੀ ਸਹਿਹੋਂਦ ਦਾ ਹਿੱਸਾ ਨਾ ਰਹੇ ਹੁੰਦੇ ਤਾਂ ਉਹ ਤੈਰਨ ਯੋਗ ਕਿਵੇਂ ਹੋ ਗਏ?''
ਰਿਤੁਜਾ ਸਾਨੂੰ ਦੱਸਦੀ ਹਨ ਕਿ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨੁਚਰੀ ਦੇ ਅੰਦਰ 1,184 ਊਠ ਚਰ ਸਕਦੇ ਹਨ ਅਤੇ ਇਹ ਊਠ 74 ਮਾਲਧਾਰੀ ਪਰਿਵਾਰਾਂ ਦੇ ਹਨ।
ਜਾਮਨਗਰ ਦੀ ਸਥਾਪਨਾ 1540 ਵਿੱਚ ਹੋਈ ਸੀ ਜਦੋਂ ਇਹਨੂੰ ਤਤਕਾਲੀਨ ਨਵਾਨਗਰ ਰਿਆਸਤ ਦੀ ਰਾਜਧਾਨੀ ਬਣਾਇਆ ਗਿਆ ਸੀ। ਉਹ ਕਹਿੰਦੇ ਹਨ ਕਿ ਮਾਲਧਾਰੀ ਲੋਕ ਪਹਿਲੀ ਵਾਰ 17ਵੀਂ ਸਦੀ ਵਿੱਚ ਇੱਥੇ ਆਏ ਸਨ ਤੇ ਉਦੋਂ ਤੋਂ ਇੱਥੋਂ ਦੇ ਹੀ ਹੋ ਕੇ ਰਹਿ ਗਏ।

ਉੱਚੇ ਜਵਾਰ ਨਾਲ਼ ਪਾਣੀ ਦੇ ਵਧੇ ਪੱਧਰ ਵਿਚਾਲੇ ਵੀ ਖਾਰਾਈ ਊਠ ਤੈਰ ਲੈਂਦੇ ਹਨ
ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਹ ''ਇਸ ਜ਼ਮੀਨ ਨੂੰ ਇੰਨਾ ਮਹੱਤਵ ਕਿਉਂ ਦਿੰਦੇ ਹਨ।'' ਖ਼ਾਸਕਰਕੇ ਉਦੋਂ ਜਦੋਂ ਤੁਸੀਂ ਇੱਕੋ ਹੀ ਇਲਾਕੇ ਵਿੱਚ ਰਹਿੰਦੇ ਹੋਵੋ ਅਤੇ ਇੱਥੋਂ ਦੀ ਸਮੁੰਦਰੀ ਵਿਲੱਖਣਾ ਨੂੰ ਸਮਝਦੇ ਹੋਵੋ। ਇਸ ਪਾਰਕ ਵਿੱਚ ਮੂੰਗੇ ਦੀਆਂ ਭਿੱਤੀਆਂ (ਚੱਟਾਨਨੁਮਾ), ਜਲੀ ਬਨਸਪਤੀ (ਮੈਂਗਰੋਵ ਜੰਗਲ), ਰੇਤਲੇ ਸਮੁੰਦਰੀ ਤਟ, ਚਿੱਕੜੀ-ਹਿੱਸੇ, ਸਮੁੰਦਰੀ ਨਾਲ਼ੀ (ਕਰੀਕ), ਪਥਰੀਲੀ ਤੱਟਰੇਖਾ, ਸਮੁੰਦਰੀ ਘਾਹ ਦੇ ਮੈਦਾਨ (ਬਿਸਤਰੇ) ਅਤੇ ਹੋਰ ਬਹੁਤ ਕੁਝ ਸ਼ਾਮਲ ਹੈ
ਇੰਡੋ-ਜਰਮਨ ਬਾਇਓਡਾਇਵਰਸਿਟੀ ਪ੍ਰੋਗਰਾਮ, GIZ ਵੱਲੋਂ ਪ੍ਰਕਾਸ਼ਤ 2016 ਦੇ ਇੱਕ ਖੋਜ ਪੱਤਰ ਵਿੱਚ ਇਸ ਇਕੋਰੀਜਨ ਦਾ ਚੰਗੀ ਤਰ੍ਹਾਂ ਨਾਲ਼ ਦਸਤਾਵੇਜੀਕਰਨ ਕੀਤਾ ਗਿਆ ਸੀ। ਇਸ ਇਲਾਕੇ ਵਿੱਚ ਸਮੁੰਦਰੀ ਬੂਟੀਆਂ ਦੀਆਂ 100 ਕਿਸਮਾਂ, ਜਲਸੋਖਕ ਜੀਵਾਂ ਦੀਆਂ 70 ਕਿਸਮਾਂ ਅਤੇ ਨਰਮ ਤੇ ਸਖ਼ਤ ਮੂੰਗੇ ਦੀਆਂ 70 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਮੱਛੀ ਦੀਆਂ 200 ਕਿਸਮਾਂ, ਝੀਂਗਾ-ਮੱਛੀ ਦੀਆਂ 27 ਕਿਸਮਾਂ, ਕੇਕੜਿਆਂ ਦੀਆਂ 30 ਕਿਸਮਾਂ ਅਤੇ ਸਮੁੰਦਰੀ ਘਾਹ ਦੀਆਂ 4 ਕਿਸਮਾਂ ਪਾਈਆਂ ਜਾਂਦੀਆਂ ਹਨ।
ਇਹ ਸਭ ਇੱਥੇ ਹੀ ਨਹੀਂ ਰੁਕਦਾ। ਜਿਵੇਂ ਉਪਰੋਕਤ ਖੋਜ ਪੱਤਰ ਵਿੱਚ ਜ਼ਿਕਰ ਮਿਲ਼ਦਾ ਹੈ: ਇੱਥੇ ਤੁਹਾਨੂੰ ਸਮੁੰਦਰੀ ਕਛੂਏ ਤੇ ਸਮੁੰਦਰੀ ਥਣਧਾਰੀਆਂ ਦੀਆਂ ਤਿੰਨ ਕਿਸਮਾਂ, ਸੰਖ ਦੀਆਂ 200 ਤੋਂ ਵੱਧ ਕਿਸਮਾਂ, ਘੋਗਿਆਂ ਦੀਆਂ 90 ਤੋਂ ਵੱਧ ਕਿਸਮਾਂ, ਜੋਕਾਂ ਦੀਆਂ 55 ਕਿਸਮਾਂ ਅਤੇ ਪੰਛੀਆਂ ਦੀਆਂ 78 ਕਿਸਮਾਂ ਦੇਖਣ ਨੂੰ ਮਿਲ਼ਣਗੀਆਂ।
ਫਕੀਰਾਨੀ ਜਾਟ ਅਤੇ ਰਬਾੜੀ ਕਬੀਲੇ ਦੇ ਲੋਕ ਕਈ ਪੀੜ੍ਹੀਆਂ ਤੋਂ ਇਸ ਖੇਤਰ ਵਿੱਚ ਊਠਾਂ ਨੂੰ ਚਰਾਉਂਦੇ ਰਹੇ ਹਨ। ਗੁਜਰਾਤੀ ਭਾਸ਼ਾ ਵਿੱਚ ‘ਖਾਰਾਈ’ ਦਾ ਅਰਥ ਹੈ ‘ਨਮਕੀਨ’। ਖਾਰਾਈ, ਊਠ ਦੀ ਇੱਕ ਵਿਸ਼ੇਸ਼ ਨਸਲ ਹੈ ਜਿਸ ਨੇ ਆਪਣੇ ਆਪ ਨੂੰ ਇੱਕ ਵਾਤਾਵਰਣਕ ਖੇਤਰ ਦੇ ਹਾਲਾਤਾਂ ਵਿੱਚ ਢਾਲ ਲਿਆ ਹੁੰਦਾ ਹੈ, ਜੋ ਹਾਲਾਤ ਉਹਨਾਂ ਖੇਤਰਾਂ ਨਾਲੋਂ ਵੱਖਰੇ ਹੁੰਦੇ ਹਨ ਜਿੱਥੇ (ਖੇਤਰਾਂ) ਊਠ ਆਮ ਤੌਰ 'ਤੇ ਰਹਿੰਦੇ ਹਨ। ਉਹ ਕਈ ਤਰ੍ਹਾਂ ਦੇ ਪੌਦੇ ਅਤੇ ਬੂਟੇ ਖਾਂਦੇ ਹਨ, ਪਰ ਜਿਵੇਂ ਕਿ ਕਾਰੋ ਮੇਰੂ ਨੇ ਸਾਨੂੰ ਦੱਸਿਆ, ਜਲੀ-ਪੌਦੇ ਉਨ੍ਹਾਂ ਦੀ ਖੁਰਾਕ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ।
ਇਨ੍ਹਾਂ ਜਾਨਵਰਾਂ- ਤੈਰਾਕੀ ਲਈ ਜਾਣੇ ਜਾਂਦੇ ਇਕਲੌਤੇ ਕੁੱਬੜਧਾਰੀ ਜੀਵ- ਦੇ ਨਾਲ਼ ਮਾਲਧਾਰੀ ਇਕਾਈ ਜਾਂ ਕਬੀਲੇ ਦੇ ਆਜੜੀਆਂ ਦੀ ਇੱਕ ਪੂਰੀ ਟੀਮ ਹੁੰਦੀ ਹੈ ਜੋ ਇਨ੍ਹਾਂ ਦੇ ਮਾਲਕ ਹੁੰਦੇ ਹਨ। ਇਸ ਟੀਮ ਵਿੱਚ ਦੋ ਮਾਲਧਾਰੀ ਵਿਅਕਤੀ ਹੁੰਦੇ ਹਨ ਜੋ ਊਠਾਂ ਦੇ ਨਾਲ਼-ਨਾਲ਼ ਤੈਰਦੇ ਹਨ। ਕਈ ਵਾਰੀਂ, ਉਨ੍ਹਾਂ ਵਿੱਚੋਂ ਇੱਕ ਵਿਅਕਤੀ ਭੋਜਨ ਅਤੇ ਪੀਣ ਵਾਲ਼ੇ ਪਾਣੀ ਨੂੰ ਲਿਜਾਣ ਲਈ ਅਤੇ ਪਿੰਡ ਵਾਪਸ ਮੁੜਨ ਲਈ ਛੋਟੀ ਜਿਹੀ ਬੇੜੀ ਦਾ ਇਸਤੇਮਾਲ ਕਰਦਾ ਹੈ। ਦੂਸਰਾ ਆਜੜੀ ਜਾਨਵਰਾਂ ਦੇ ਨਾਲ਼ ਉਸੇ ਦੀਪ 'ਤੇ ਰੁਕਿਆ ਰਹਿੰਦਾ ਹੈ, ਜਿੱਥੇ ਉਹ ਊਠਣੀ ਦੇ ਦੁੱਧ ਨਾਲ਼ ਆਪਣੀ ਹਲਕੀ ਜਿਹੀ ਖ਼ੁਰਾਕ ਪੂਰੀ ਕਰਦਾ ਹੈ, ਇਹ ਉਨ੍ਹਾਂ ਦੇ ਭਾਈਚਾਰੇ ਦੀ ਖ਼ੁਰਾਕ ਦਾ ਲੋੜੀਂਦਾ ਹਿੱਸਾ ਹੈ।

ਖੰਬਾਲਿਯਾ ਵਿਖੇ ਆਪਣੇ ਊਠਾਂ ਨੂੰ ਚਰਾਉਣ ਤੋਂ ਬਾਅਦ ਚਾਹ ਤਿਆਰ ਕਰਦੇ ਜੇਠਾਭਾਈ ਰਬਾੜੀ (ਖੱਬੇ) ਤੇ ਦੂਦਾਭਾਈ ਰਬਾੜੀ
ਪਰ ਮਾਲਧਾਰੀਆਂ ਵਾਸਤੇ ਆਉਂਦੀ ਹਰ ਤਬਦੀਲੀ ਨਾਲ਼ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ। ''ਸਾਡੇ ਲਈ ਖ਼ੁਦ ਨੂੰ ਤੇ ਇਸ ਪੇਸ਼ੇ ਨੂੰ ਬਚਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ,'' ਜੇਠਾਭਾਈ ਰਬਾੜੀ ਕਹਿੰਦੇ ਹਨ। ''ਸਾਡੀਆਂ ਚਰਾਂਦਾਂ ਸੁੰਗੜ ਗਈਆਂ ਹਨ, ਕਿਉਂਕਿ ਇਸ ਖਿੱਤੇ ਦਾ ਬਹੁਤਾ ਹਿੱਸਾ ਹੁਣ ਜੰਗਾਲਤ ਵਿਭਾਗ ਦੇ ਕਬਜੇ ਹੇਠ ਆ ਗਿਆ ਹੈ। ਪਹਿਲਾਂ ਜਲੀ ਬਨਸਪਤੀ ਸਾਡੀ ਪਹੁੰਚ ਦੇ ਅੰਦਰ ਹੁੰਦੀ ਸੀ। ਪਰ 1995 ਤੋਂ ਇੱਥੇ ਜਾਨਵਰਾਂ ਦੇ ਚਰਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਦੂਜੀ ਦਿੱਕਤ ਹੈ ਇੱਥੇ ਮੌਜੂਦ ਲੂਣ-ਕਿਆਰੀਆਂ। ਹੁਣ ਦੂਜੀ ਥਾਵੇਂ ਪ੍ਰਵਾਸ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਬੱਚਦਾ। ਸਾਰੀਆਂ ਸਮੱਸਿਆਵਾਂ ਵਿੱਚੋਂ ਸਭ ਤੋਂ ਵੱਡੀ ਦਿੱਕਤ ਜੋ ਹੈ ਉਹ ਹੈ ਸਾਡੇ 'ਤੇ ਵਿਤੋਂਵੱਧ ਚਰਾਈ ਕਰਾਉਣ ਦਾ ਦੋਸ਼ ਲੱਗਣਾ। ਦੱਸੋ ਇਹ ਗੱਲ ਸੰਭਵ ਵੀ ਕਿਵੇਂ ਹੋ ਸਕਦੀ ਹੈ?''
ਇਸ ਇਲਾਕੇ ਵਿੱਚ ਲੰਬੇ ਸਮੇਂ ਤੋਂ ਐੱਫਆਰਏ ਲਈ ਕੰਮ ਕਰ ਰਹੀ ਰਿਤੁਜਾ ਮਿਤਰਾ ਵੀ ਆਜੜੀਆਂ ਦੀ ਗੱਲ ਦਾ ਸਮਰਥਨ ਕਰਦੀ ਹਨ। ''ਜੇ ਅਸੀਂ ਊਠਾਂ ਦੇ ਚਰਨ ਦੇ ਤਰੀਕੇ 'ਤੇ ਵਿਚਾਰ ਕਰੀਏ ਤਾਂ ਅਸੀਂ ਦੇਖਾਂਗੇ ਕਿ ਉਹ ਪੌਦਿਆਂ ਦੇ ਉਪਰਲੇ ਹਿੱਸੇ ਹੀ ਖਾਂਦੇ ਹਨ, ਇਹ ਤਰੀਕਾ ਤਾਂ ਉਨ੍ਹਾਂ ਪੌਦਿਆਂ ਦੇ ਵੱਧ ਪੱਤੇ ਪੈਦਾ ਕਰਦਾ ਹੈ! ਸਮੁੰਦਰੀ ਰਾਸ਼ਟਰੀ ਪਾਰਕ ਦੇ ਦੀਪ ਲੁਪਤ ਹੋਣ ਦੀ ਕਗਾਰ 'ਤੇ ਪੁੱਜੇ ਖਾਰਾਈ ਊਠਾਂ ਲਈ ਸ਼ੁਰੂ ਤੋਂ ਪਸੰਦੀਦਾ ਟਿਕਾਣਾ ਰਹੇ ਹਨ, ਜੋ ਖ਼ੁਦ ਅਤੇ ਉਨ੍ਹਾਂ ਜਿਹੀਆਂ ਹੋਰ ਨਸਲਾਂ ਮੈਂਗ੍ਰੋਵਾਂ ਖਾ ਕੇ ਪਲ਼ਦੇ ਹਨ।
ਪਰ ਜੰਗਲਾਤ ਵਿਭਾਗ ਦਾ ਉਲਟ ਮੰਨਣਾ ਹੈ। ਉਨ੍ਹਾਂ ਦੁਆਰਾ ਲਿਖੇ ਗਏ ਅਤੇ ਕੁਝ ਕੁ ਅਕਾਦਮਿਕ ਵਿਗਿਆਨੀਆਂ ਵੱਲੋਂ ਲਿਖੇ ਪੇਪਰ ਇਹੀ ਦਾਅਵਾ ਕਰਦੇ ਹਨ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਊਠਾਂ ਦਾ ਚਰਨਾ 'ਓਵਰ ਗ੍ਰੇਜ਼ਿੰਗ' ਦਾ ਸਬਬ ਬਣਦਾ ਹੈ।
ਜਿਵੇਂ ਕਿ 2016 ਦੇ ਇੱਕ ਖੋਜ ਪੱਤਰ ਵਿੱਚ ਜ਼ਿਕਰ ਮਿਲ਼ਦਾ ਹੈ, ਮੈਂਗ੍ਰੋਵ (ਊਸ਼ਣਕਟੀਬੰਧੀ ਬਨਸਪਤੀ) ਨਾਲ਼ ਲੱਦੀ ਜਲੀ-ਜ਼ਮੀਨ ਦੇ ਘਟਦੇ ਜਾਣ ਮਗਰ ਕਈ ਕਾਰਨ ਹਨ। ਇਸ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਖੇਤਰ ਉਦਯੋਗੀਕਰਨ ਹੋਰ ਕਾਰਕਾਂ ਕਾਰਨ ਵੀ ਅਲੋਪ ਹੋ ਰਹੇ ਹਨ। ਪਰ ਇਸ ਅੰਦਰ ਇਸ ਖੋਰੇ ਵਾਸਤੇ ਕਿਤੇ ਵੀ ਮਾਲਧਾਰੀਆਂ ਅਤੇ ਉਨ੍ਹਾਂ ਦੇ ਊਠਾਂ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਗਿਆ।
ਉਹ ਬਹੁ-ਕਾਰਕ ਕਾਫ਼ੀ ਅਹਿਮ ਹਨ।
ਖਾਰਾਈ ਊਠਾਂ- ਤੈਰਾਕੀ ਲਈ ਜਾਣੇ ਜਾਂਦੇ ਇਕਲੌਤੇ ਕੁੱਬੜਧਾਰੀ ਜੀਵ- ਦੇ ਨਾਲ਼ ਮਾਲਧਾਰੀ ਇਕਾਈ ਦੇ ਆਜੜੀਆਂ ਦੀ ਇੱਕ ਪੂਰੀ ਟੀਮ ਹੁੰਦੀ ਹੈ ਜੋ ਉਨ੍ਹਾਂ ਦੇ ਮਾਲਕ ਹੁੰਦੇ ਹਨ
ਸਾਲ 1980 ਦੇ ਦਹਾਕੇ ਬਾਅਦ ਤੋਂ ਜਾਮਨਗਰ ਅਤੇ ਉਹਦੇ ਨੇੜਲੇ ਇਲਾਕਿਆਂ ਦਾ ਤੇਜ਼ੀ ਨਾਲ਼ ਉਦਯੋਗੀਕਰਨ ਹੋਇਆ ਹੈ। ਰਿਤੁਜਾ ਦੱਸਦੀ ਹਨ,''ਲੂਣ ਬਣਾਉਣ ਵਾਲ਼ੇ ਉਦਯੋਗ, ਤੇਲ ਦੀ ਸਪਲਾਈ ਅਤੇ ਭੰਡਾਰਨ ਕਰਨ ਦੇ ਨਾਲ਼-ਨਾਲ਼ ਹੋਰ ਕਈ ਉਦਯੋਗਾਂ ਦਾ ਤੇਜ਼ੀ ਨਾਲ਼ ਵਿਕਾਸ ਹੋਇਆ। ਇਨ੍ਹਾਂ ਉਦਯੋਗਾਂ ਦੇ ਵਪਾਰ ਅਤੇ ਵਿਕਾਸ ਦੀ ਰਾਹ ਵਿੱਚ ਭੂਮੀ-ਗ੍ਰਹਿਣ ਸਬੰਧਤ ਛੋਟੇ-ਵੱਡੇ ਅੜਿਕੇ ਹਨ। ਪਰ, ਜਦੋਂ ਰਵਾਇਤੀ ਖ਼ਾਨਾਬਦੋਸ਼ ਆਜੜੀਆਂ ਦੇ ਹਿੱਤ ਨਾਲ਼ ਜੁੜੇ ਸਵਾਲ ਉੱਠਦੇ ਹਨ ਤਦ ਵਿਭਾਗ ਦਾ ਵਤੀਰਾ ਅਣਗਹਿਲੀ ਭਰਿਆ ਤੇ ਖ਼ੁਸ਼ਕ ਹੋ ਜਾਂਦਾ ਹੈ। ਇਹ ਸੰਵਿਧਾਨ ਦੀ ਧਾਰਾ 19(ਜੀ) ਦੇ ਰੋਜ਼ੀਰੋਟੀ ਸਬੰਧੀ ਅਧਿਕਾਰ ਦੇ ਉਲਟ ਖੜ੍ਹਾ ਦਿੱਸਦਾ ਹੈ। ਇਹ ਐਕਟ ਭਾਰਤੀ ਨਾਗਰਿਕਾਂ ਨੂੰ ਕਨੂੰਨੀ ਤਰੀਕੇ ਨਾਲ਼ ਰੋਜ਼ੀਰੋਟੀ ਕਮਾਉਣ, ਵਪਾਰ ਕਰਨ ਤੇ ਪੇਸ਼ਾ ਚੁਣਨ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ।''
ਕਿਉਂਕਿ
ਸਮੁੰਦਰੀ ਰਾਸ਼ਟਰੀ ਪਾਰਕ ਦੇ ਅੰਦਰੂਨੀ ਹਿੱਸਿਆਂ ਵਿੱਚ ਪਸ਼ੂਆਂ ਨੂੰ ਚਰਾਉਣ 'ਤੇ ਪਾਬੰਦੀ ਹੈ, ਤਾਂ ਕਰਕੇ ਊਠ ਆਜੜੀਆਂ ਨੂੰ ਜੰਗਲਾਤ ਵਿਭਾਗ ਦੁਆਰਾ
ਅਕਸਰ ਸਤਾਇਆ ਜਾਂਦਾ ਹੈ। ਇਨ੍ਹਾਂ ਪੀੜਤ ਮਾਲਧਾਰੀਆਂ ਵਿੱਚ ਆਦਮ ਜਾਟ ਵੀ ਹਨ। ਉਹ ਦੱਸਦੇ ਹਨ,''ਕੋਈ ਦੋ ਸਾਲ ਪਹਿਲਾਂ ਮੈਨੂੰ ਇੱਥੇ ਊਠਾਂ ਨੂੰ ਚਰਾਉਣ ਦੇ ਅਪਰਾਧ ਵਿੱਚ
ਜੰਗਲਾਤ ਵਿਭਾਗ ਵੱਲੋਂ ਫੜ੍ਹ ਲਿਆ ਗਿਆ ਤੇ
ਠੋਕੇ ਗਏ 20,000 ਰੁਪਏ ਦਾ ਜੁਰਮਾਨਾ ਦੇਣ ਤੋਂ ਬਾਅਦ ਰਿਹਾਈ ਹੋਈ,'' ਇੱਥੋਂ ਦੇ ਬਾਕੀ ਆਜੜੀਆਂ ਦਾ ਵੀ ਅਜਿਹਾ ਹੀ ਤਜ਼ਰਬਾ ਰਿਹਾ।
''ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ 2006 ਦੇ ਕਨੂੰਨ ਦਾ ਅਜੇ ਵੀ ਕੋਈ ਫ਼ਾਇਦਾ ਨਹੀਂ ਹੈ,'' ਰਿਤੁਜਾ ਮਿਤਰਾ ਕਹਿੰਦੀ ਹਨ। ਜੰਗਲ ਅਧਿਕਾਰ ਐਕਟ 2006 ਦੀ ਧਾਰਾ 3 (1)(ਡੀ) ਉਨ੍ਹਾਂ ਜਾਨਵਰਾਂ (ਭਾਵੇਂ ਦੇਸੀ ਜਾਂ ਖ਼ਾਨਾਬਦੋਸ਼) ਨੂੰ ਚਰਾਉਣ ਅਤੇ ਰਵਾਇਤੀ ਜਲਵਾਯੂ ਸ੍ਰੋਤਾਂ ਤੀਕ ਪਹੁੰਚਣ ਦਾ ਅਧਿਕਾਰ ਦਿੰਦੀ ਹੈ।
''ਇਸ ਦੇ ਬਾਵਜੂਦ, ਮਾਲਧਾਰੀਆਂ ਨੂੰ ਸਦਾ ਹੀ ਜੰਗਲਾਤ ਗਾਰਡਾਂ ਦੁਆਰਾ ਆਪਣੇ ਪਸ਼ੂ ਚਰਾਉਣ ਬਦਲੇ ਸਜ਼ਾ ਦਿੱਤੀ ਜਾਂਦੀ ਹੈ ਅਤੇ ਫੜ੍ਹੇ ਜਾਣ 'ਤੇ 20,000 ਤੋਂ 60,000 ਰੁਪਏ ਤੱਕ ਦਾ ਜੁਰਮਾਨਾ ਠੋਕਿਆ ਜਾਂਦਾ ਹੈ। ਉਹ ਇਹ ਵੀ ਦੱਸਦੀ ਹੈ ਕਿ ਐਫ਼ਆਰਏ ਤਹਿਤ ਕਾਗ਼ਜ਼ 'ਤੇ ਦੱਸੇ ਗਏ ਸਾਰੇ ਸੁਰੱਖਿਆ ਗਾਰਡ ਕਾਗ਼ਜ਼ੀ ਹਨ, ਜੋ ਇੱਥੇ ਕੰਮ ਨਹੀਂ ਕਰਦੇ।
ਇਨ੍ਹਾਂ ਆਜੜੀਆਂ ਨੂੰ ਨਾਲ਼ ਲਏ ਬਗ਼ੈਰ ਝੀਲਾਂ ਦਾ ਵਿਸਥਾਰ ਕਰਨ ਦਾ ਯਤਨ ਕਰਨਾ ਬੇਕਾਰ ਹੈ, ਜੋ ਇੱਥੇ ਪੀੜ੍ਹੀਆਂ ਤੋਂ ਰਹਿੰਦੇ ਆਏ ਹਨ ਅਤੇ ਇਸ ਜਟਿਲ ਇਲਾਕੇ ਨੂੰ ਕਿਸੇ ਹੋਰ ਨਾਲ਼ੋਂ ਬਿਹਤਰ ਸਮਝਦੇ ਹਨ। ''ਅਸੀਂ ਇਸ ਜ਼ਮੀਨ ਨੂੰ ਸਮਝਦੇ ਹਾਂ, ਅਸੀਂ ਇੱਥੋਂ ਦੇ ਵਾਤਾਵਰਣ ਦੇ ਮਿਜ਼ਾਜ਼ ਨੂੰ ਵੀ ਸਮਝਦੇ ਹਾਂ ਤੇ ਅਸੀਂ ਜੈਵ-ਵਿਭਿੰਨਤਾ, ਜਲੀ-ਪੌਦਿਆਂ ਨੂੰ ਬਚਾਉਣ ਲਈ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਨਹੀਂ ਹਾਂ,'' ਜਗਾਭਾਈ ਰਬਾੜੀ ਕਹਿੰਦੇ ਹਨ। ''ਸਾਡੀ ਸਿਰਫ਼ ਛੋਟੀ ਜਿਹੀ ਬੇਨਤੀ ਹੈ: ਅਤੇ ਉਹ ਹੈ ਕਿਸੇ ਵੀ ਨੀਤੀ ਨੂੰ ਬਣਾਉਣ ਤੋਂ ਪਹਿਲਾਂ ਸਾਡੀ ਗੱਲ ਇੱਕ ਵਾਰ ਜ਼ਰੂਰ ਸੁਣੀ ਜਾਵੇ। ਨਹੀਂ ਤਾਂ ਨੇੜੇ-ਤੇੜੇ ਰਹਿਣ ਵਾਲ਼ੇ ਕਰੀਬ 1,200 ਲੋਕਾਂ ਦੇ ਨਾਲ਼ ਨਾਲ਼ ਉਨ੍ਹਾਂ ਊਠਾਂ ਦੀ ਜਾਨ ਵੀ ਖਤਰੇ ਵਿੱਚ ਪੈ ਜਾਵੇਗੀ।''

ਗੁਜਰਾਤ ਦੇ ਉੱਤਰ-ਪੱਛਮੀ ਸੌਰਾਸ਼ਟਰ ਇਲਾਕੇ ਦੇ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨਚੁਰੀ ਅੰਦਰ ਫ਼ੈਲੇ ਮੈਂਗ੍ਰੋਵ

ਆਪਣੇ ਚਰਦੇ ਹੋਏ ਊਠਾਂ ਦੇ ਨਾਲ਼ ਨਾਲ਼ ਤੈਰਦੇ ਹੋਏ ਭੀਕਾਭਾਈ ਰਬਾੜੀ

ਆਦਮ ਜਾਟ ਆਪਣੇ ਘਰੇ ਬਣਾਈ ਪਾਲੀਸਟਰੀਨ (ਥਰਮੋਕੋਲ) ਦੀ ਬੇੜੀ ਦੇ ਨਾਲ਼, ਜੋ ਉਨ੍ਹਾਂ ਨੂੰ ਆਪਣੇ ਊਠਾਂ ਦੇ ਨਾਲ਼ ਨਾਲ਼ ਤੈਰਨ ਵਿੱਚ ਮਦਦ ਕਰਦੀ ਹੈ

ਖਾਰਾਈ ਊਠਾਂ ਦਾ ਸੁੰਦਰ ਨਜ਼ਾਰਾ, ਜੋ ਨੇੜਲੇ ਟਾਪੂ ਤੱਕ ਜਾਣ ਲਈ ਤੈਰਨ ਵਾਸਤੇ ਪਾਣੀ ਵਿੱਚ ਲੱਥਦੇ ਹੋਏ

ਖਾਰਾਈ ਊਠ ਇੱਕ ਦਿਨ ਵਿੱਚ 3 ਤੋਂ 5 ਕਿਲੋਮੀਟਰ ਤੈਰ ਸਕਦੇ ਹਨ

ਬਨਸਪਤੀਆਂ ਦੀ ਭਾਲ਼ ਵਿੱਚ ਸਮੁੰਦਰੀ ਰਾਸ਼ਟਰੀ ਪਾਰਕ ਦੇ ਨਾਲ਼ਿਆਂ ਦੇ ਦੇ ਆਰ-ਪਾਰ ਤੈਰਦੇ ਹੋਏ ਊਠ

ਜੇਠਾਭਾਈ ਰਬਾੜੀ ਦਾ ਬੇਟਾ ਹਰੀ ਆਪਣੇ ਊਠਾਂ ਦੇ ਨਾਲ਼-ਨਾਲ਼ ਤੈਰਦਾ ਹੋਇਆ। ' ਮੈਨੂੰ ਊਠਾਂ ਦੇ ਨਾਲ਼ ਇੰਝ ਤੈਰਨਾ ਬੜਾ ਵਧੀਆ ਲੱਗਦਾ ਹੈ। ਇਹ ਮਜ਼ੇਦਾਰ ਤਜ਼ਰਬਾ ਰਹਿੰਦਾ ਹੈ !'

ਇਸ ਇਲਾਕੇ ਵਿੱਚ ਉਨ੍ਹਾਂ ਦੀ ਚਹਿਲ-ਕਦਮੀ ਨਾਲ਼ ਅਤੇ ਬਨਸਪਤੀਆਂ ਨੂੰ ਆਪਣੇ ਚਾਰੇ ਦੇ ਰੂਪ ਵਿੱਚ ਖਾਣ ਨਾਲ਼ ਮੈਂਗ੍ਰੋਵ ਤਾਂ ਸਗੋਂ ਹੋਰ ਤੇਜ਼ੀ ਨਾਲ਼ ਵੱਧਦੇ ਹਨ

ਇੱਕ ਜੁਆਨ ਹੋ ਚੁੱਕਿਆ ਖਾਰਾਈ ਊਠ ਮੈਂਗ੍ਰੋਵ ਪੌਦਿਆਂ ਦੀ ਭਾਲ਼ ਵਿੱਚ

ਦੂਸਰੇ ਆਜੜੀਆਂ ਦੁਆਰਾ ਊਠਾਂ ਨੂੰ ਤਟ ' ਤੇ ਲਿਆਉਣ ਤੋਂ ਬਾਅਦ ਆਦਮ ਜਾਟ (ਖੱਬੇ) ਆਪਣੇ ਭਾਈਚਾਰੇ ਦੇ ਦੂਸਰੇ ਮੈਂਬਰਾਂ ਦੇ ਨਾਲ਼ ਆਪਣੇ ਪਿੰਡ ਮੁੜ ਰਹੇ ਹਨ

ਫਕੀਰਾਨੀ ਜਾਟ ਭਾਈਚਾਰੇ ਦੇ ਆਦਮ ਜਾਟ ਦੇ ਕੋਲ਼ 70 ਖਾਰਾਈ ਊਠ ਹਨ। ਆਦਮ, ਜਾਮਨਗਰ ਜ਼ਿਲ੍ਹੇ ਵਿੱਚ ਸਮੁੰਦਰ ਰਾਸ਼ਟਰੀ ਪਾਰਕ ਦੇ ਇੱਕ ਸੀਮਾਵਰਤੀ ਪਿੰਡ ਵਿੱਚ ਰਹਿੰਦੇ ਹਨ

ਆਦਮ ਜਾਟ ਜੋੜਿਆ ਤਾਲੁਕਾ ਦੇ ਬਾਲੰਭਾ ਪਿੰਡ ਵਿਖੇ ਸਥਿਤ ਆਪਣੇ ਘਰ ਦੇ ਸਾਹਮਣੇ ਬੈਠੇ ਹੋਏ ਹਨ। ' ਅਸੀਂ ਇੱਥੇ ਪੀੜ੍ਹੀਆਂ ਤੋਂ ਰਹਿੰਦੇ ਆਏ ਹਾਂ। ਆਪਣੇ ਊਠਾਂ ਨੂੰ ਚਰਾਉਣ ਬਦਲੇ ਅਸੀਂ ਸਜ਼ਾ ਕਿਉਂ ਭੋਗੀਏ ?'

ਕਿਸੇ ਜ਼ਮਾਨੇ ਜੇਠਾਭਾਈ ਦੇ ਪਰਿਵਾਰ ਦੇ ਕੋਲ਼ 300 ਖਾਰਾਈ ਊਠ ਹੋਇਆ ਕਰਦੇ ਸਨ। ' ਹੁਣ ਮੇਰੇ ਕੋਲ਼ ਸਿਰਫ਼ 40 ਊਠ ਹਨ। ਕਾਫ਼ੀ ਤਾਂ ਮਰ ਗਏ। ਹੁਣ ਇਹ ਮੁਨਾਫ਼ੇ ਦਾ ਕਾਰੋਬਾਰ ਨਹੀਂ ਰਿਹਾ '

ਦੁਦਾਭਾਈ ਰਬਾੜੀ (ਖੱਬੇ) ਅਤੇ ਜੇਠਾਭਾਈ ਰਬਾੜੀ ਗੱਲਬਾਤ ਕਰਦੇ ਹੋਏ। ਦੂਦਾ ਰਬਾੜੀ ਕਹਿੰਦੇ ਹਨ, ' ਸਮੁੰਦਰੀ ਰਾਸ਼ਟਰੀ ਪਾਰਕ ਦੁਆਰਾ ਥੋਪੇ ਗਏ ਕਨੂੰਨ ਕਾਰਨ ਅਸੀਂ ਦੋਵੇਂ ਹੀ ਪਰੇਸ਼ਾਨ ਹਾਂ। ਇਸ ਸਭ ਤੋਂ ਬਾਅਦ ਵੀ ਅਸੀਂ ਜਿਵੇਂ-ਕਿਵੇਂ ਗੁਜ਼ਾਰਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ '

ਕੱਛ ਦੀ ਖਾੜੀ ਵਿੱਚ ਲਹਿਰਾਂ ਦੇ ਸ਼ਾਂਤ ਹੁੰਦਿਆਂ ਜੇਠਾਭਾਈ ਘਰ ਵਾਪਸ ਮੁੜਨ ਦੀ ਤਿਆਰ ਕੱਸ ਰਹੇ ਹਨ

ਜਗਾਭਾਈ ਰਬਾੜੀ ਅਤੇ ਉਨ੍ਹਾਂ ਦੀ ਪਤਨੀ ਜੀਵੀਬੇਨ ਖੰਬਾਲਾ ਦੇ ਕੋਲ਼ 60 ਊਠ ਹਨ। ਜਗਾਭਾਈ ਕਹਿੰਦੇ ਹਨ, ' ਮੇਰੀ ਰੋਜ਼ੀ-ਰੋਟੀ ਇਸੇ ' ਤੇ ਨਿਰਭਰ ਹੈ। ਜੇ ਉਹ ਤੰਦਰੁਸਤ ਅਤੇ ਖ਼ੁਸ਼ ਹੋਣ ਤਾਂ ਸਮਝੋ ਮੈਂ ਵੀ ਠੀਕ ਹਾਂ '

ਮਾਲਧਾਰੀ ਭਾਈਚਾਰੇ ਦਾ ਇੱਕ ਬੱਚਾ ਫ਼ੋਟੋ ਲੈਣ ਲਈ ਆਪਣਾ ਫ਼ੋਨ ਫੜ੍ਹਦਾ ਹੈ ; ਫ਼ੋਨ ਦੇ ਮਗਰਲੇ ਹਿੱਸੇ ਨੂੰ ਉਹਨੇ ਵੇਲ-ਬੂਟੇ ਵਾਹ ਕੇ ਸਜਾਇਆ ਹੈ

ਬੇਹ ਪਿੰਡ ਵਿਖੇ ਬਣਿਆ ਇੱਕ ਮੰਦਰ। ਇੱਥੇ ਦੇਵੀ ਭੋਪਾ ਰਬਾੜੀਆਂ ਦੁਆਰਾ ਪੂਜੀ ਜਾਂਦੀ ਹੈ, ਜਿਹਦੇ ਬਾਰੇ ਮਾਨਤਾ ਹੈ ਕਿ ਉਹ ਊਠਾਂ ਤੇ ਆਜੜੀਆਂ ਦੀ ਰੱਖਿਆ ਕਰਦੀ ਹੈ

ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨੁਚਰੀ ਦੇ ਇਲਾਕੇ ਦੇ ਅੰਦਰ ਕਰੀਬ 1,180 ਊਠ ਚਰਦੇ ਹਨ
ਲੇਖਕ, ਸਹਿਜੀਵਨ ਦੇ ਊਠਾਂ ਨਾਲ਼ ਜੁੜੇ ਪ੍ਰੋਗਰਾਮ ਦੇ ਸਾਬਕਾ ਕੋਆਰੀਨੇਟਰ ਰਹੇ ਮਹਿੰਦਰ ਭਨਾਨੀ ਨੂੰ ਇਸ ਸਟੋਰੀ ਦੀ ਰਿਪੋਰਟਿੰਗ ਦੌਰਾਨ ਮਦਦ ਦੇਣ ਲਈ ਸ਼ੁਕਰੀਆ ਅਦਾ ਕਰਦੇ ਹਨ।
ਰਿਤਾਇਨ ਮੁਖਰਜੀ ਪੂਰੇ ਦੇਸ਼ ਵਿੱਚ ਘੁੰਮ-ਘੁੰਮ ਕੇ ਖ਼ਾਨਾਬਦੋਸ਼ ਆਜੜੀ ਭਾਈਚਾਰਿਆਂ 'ਤੇ ਕੇਂਦਰਤ ਰਹਿ ਕੇ ਰਿਪੋਰਟਿੰਗ ਕਰਦੇ ਹਨ। ਇਹਦੇ ਲਈ ਉਨ੍ਹਾਂ ਨੂੰ ਸੈਂਟਰ ਫਾਰ ਪੇਸਟੋਰਲਿਜ਼ਮ ਵੱਲੋਂ ਇੱਕ ਸੁਤੰਤਰ ਯਾਤਰਾ ਗ੍ਰਾਂਟ ਪ੍ਰਾਪਤ ਹੋਇਆ ਹੈ। ਸੈਂਟਰ ਫਾਰ ਪੇਸਟੋਰਲਿਜ਼ਮ ਨੇ ਇਸ ਰਿਪੋਰਤਾਜ ਦੇ ਕੰਨਟੈਂਟ 'ਤੇ ਕਿਸੇ ਕਿਸਮ ਦਾ ਸੰਪਾਦਕੀ ਨਿਯੰਤਰਣ ਨਹੀਂ ਰੱਖਿਆ ਹੈ।
ਤਰਜਮਾ: ਕਮਲਜੀਤ ਕੌਰ