ਰਮਾ ਲਈ 1 ਅਪ੍ਰੈਲ 2022, ਸ਼ੁੱਕਰਵਾਰ ਦਾ ਦਿਨ ਆਮ ਦਿਨਾਂ ਵਾਂਗਰ ਚੜ੍ਹਿਆ। ਉਹ ਸਵੇਰੇ ਕਰੀਬ 4:30 ਵਜੇ ਉੱਠੀ, ਪਿੰਡ ਦੇ ਖੂਹ ਤੋਂ ਪਾਣੀ ਭਰਿਆ, ਕੱਪੜੇ ਧੋਤੇ, ਘਰ ਸਾਫ਼ ਕੀਤਾ ਅਤੇ ਮਗਰੋਂ ਆਪਣੀ ਮਾਂ ਨਾਲ਼ ਬਹਿ ਕੇ ਕਾਂਜੀ ਖਾਧੀ। ਫਿਰ ਉਹ ਕੰਮ 'ਤੇ ਜਾਣ ਲਈ ਘਰੋਂ ਨਿਕਲ਼ ਗਈ। ਉਹ ਡਿੰਡੀਗੁਲ ਜ਼ਿਲ੍ਹੇ ਦੀ ਵੇਦਾਸਾਂਦਰ ਤਾਲੁਕਾ ਵਿਖੇ ਨਚੀ ਅਪੈਰਲ (ਕੱਪੜਾ ਫੈਕਟਰੀ) ਵਿਖੇ ਕੰਮ ਕਰਦੀ ਹਨ ਜੋ ਉਨ੍ਹਾਂ ਦੇ ਪਿੰਡ ਤੋਂ ਕੋਈ 25 ਕਿਲੋਮੀਟਰ ਦੂਰ ਹੈ। ਪਰ ਉਸ ਦੁਪਹਿਰ ਨੂੰ 27 ਸਾਲਾ ਰਮਾ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਇੱਕ ਇਤਿਹਾਸ ਰਚ ਛੱਡਿਆ, ਪਿਛਲੇ ਇੱਕ ਸਾਲ ਤੋਂ ਉਹ ਆਪਣੀ ਫੈਕਟਰੀ ਵਿੱਚੋਂ ਜਿਣਸੀ ਸੋਸ਼ਣ ਨੂੰ ਖ਼ਤਮ ਕਰ ਸੁੱਟਣ ਲਈ ਸੰਘਰਸ਼ ਕਰਦੀਆਂ ਆਈਆਂ ਹਨ ਅਤੇ ਅਖ਼ੀਰ ਜਿੱਤ ਗਈਆਂ ਸਨ।

''ਸੱਚ ਦੱਸਾਂ, ਮੈਨੂੰ ਇੰਝ ਜਾਪਦਾ ਪਿਆ ਜਿਵੇਂ ਅਸੀਂ ਅਸੰਭਵ ਕੰਮ ਨੂੰ ਸੰਭਵ ਕਰ ਸੁੱਟਿਆ ਹੋਵੇ,'' ਰਮਾ, ਈਸਟਮੈਨ ਐਕਸਪੋਰਟ ਗਲੋਬਲ ਕਲੋਥਿੰਗ (ਤਿਰੁਪੁਰ ਅਧਾਰਤ ਨਚੀ ਅਪੈਰਲ ਦੀ ਮੂਲ਼ ਕੰਪਨੀ) ਅਤੇ ਤਮਿਲਨਾਡੂ ਦੀ ਟੈਕਸਟਾਈਲ ਐਂਡ ਕਾਮਨ ਲੇਬਰ ਯੂਨੀਅਨ (TTCU/ਟੀਟੀਸੀਯੂ) ਵਿਚਾਲੇ ਹੋਏ ਡਿੰਡੀਗੁਲ ਸਮਝੌਤੇ ਦਾ ਹਵਾਲਾ ਦਿੰਦਿਆਂ ਕਹਿੰਦੀ ਹਨ। ਉਨ੍ਹਾਂ ਦੀ ਮੰਗ ਸੀ ਕਿ ਤਮਿਲਨਾਡੂ ਦੇ ਡਿੰਡੀਗੁਲ ਜ਼ਿਲ੍ਹੇ ਵਿੱਚ ਈਸਟਮੈਨ ਐਕਸਪੋਰਟਸ ਦੁਆਰਾ ਸੰਚਾਲਤ ਫੈਕਟਰੀਆਂ ਵਿੱਚ ਲਿੰਗ-ਅਧਾਰਤ ਹਿੰਸਾ ਅਤੇ ਜ਼ੋਰ ਜ਼ਬਰਦਸਤੀ ਨੂੰ ਖ਼ਤਮ ਕੀਤਾ ਜਾਵੇ।

ਇਸ ਇਤਿਹਾਸਕ ਸਮਝੌਤੇ ਦੇ ਹਿੱਸੇ ਵਜੋਂ, ਟੀਟੀਸੀਯੂ/TTCU-ਈਸਟਮੈਨ ਐਕਸਪੋਰਟ ਇਕਰਾਰਨਾਮੇ ਦੀ ਹਮਾਇਤ ਕਰਨ ਅਤੇ ਇਹਨੂੰ ਲਾਗੂ ਕਰਨ ਲਈ ਮਲਟੀਨੈਸ਼ਨਲ (ਬਹੁ-ਕੌਮੀ) ਫ਼ੈਸ਼ਨ ਬਰਾਂਡ, H&M ਵੱਲੋਂ 'ਇਨਫੋਰਸੇਬਲ ਬਰਾਂਡ ਐਗਰੀਮੈਂਟ' (ਲਾਗੂ ਕਰਨਯੋਗ ਬਰਾਂਡ ਇਕਰਾਰਨਾਮਾ) ਜਾਂ ਈਬੀਏ 'ਤੇ ਹਸਤਾਖ਼ਰ ਕੀਤੇ ਗਏ ਸਨ। ਈਸਟਮੈਨ ਐਕਸਪੋਰਟ ਦੀ ਨਚੀ ਅਪੈਰਲ ਸਵੀਡਨ ਦੇ ਆਪਣੇ ਹੈੱਡਕੁਆਰਟਰ ਕੱਪੜਾ ਫ਼ੈਕਟਰੀ ਲਈ ਕੱਪੜੇ (ਕੱਪੜੇ ਸਿਊਣ) ਦਾ ਕੰਮ ਕਰਦੀ ਹੈ। H&M ਦੁਆਰਾ ਹਸਤਾਖ਼ਰ ਕੀਤਾ ਗਿਆ ਇਹ ਸਮਝੌਤਾ ਦੁਨੀਆ ਭਰ ਵਿੱਚ  ਫ਼ੈਸ਼ਨ ਉਦਯੋਗ ਵਿਖੇ ਲਿੰਗ-ਅਧਾਰਤ ਹਿੰਸਾ ਨਾਲ਼ ਦੋ ਹੱਥ ਹੋਣ ਵਾਲ਼ਾ ਦੂਜਾ ਉਦਯੋਗਿਕ ਇਕਰਾਰਨਾਮਾ ਹੈ।

ਰਮਾ, ਜੋ ਕੱਪੜਾ ਕਾਮਿਆਂ ਦੀਆਂ ਦਲਿਤ ਔਰਤਾਂ ਦੀ ਅਗਵਾਈ ਕਰਨ ਵਾਲ਼ੀ ਟ੍ਰੇਡ ਯੂਨੀਅਨ-TTCU ਦੀ ਮੈਂਬਰ ਹਨ, ਪਿਛਲੇ ਚਾਰ ਸਾਲਾਂ ਤੋਂ ਨਚੀ ਅਪੈਰਲ ਵਿੱਚ ਕੰਮ ਕਰਦੀ ਆਈ ਹਨ। ''ਮੈਂ ਕਦੇ ਨਹੀਂ ਸੋਚਿਆ ਸੀ ਕਿ ਫੈਕਟਰੀ ਦਾ ਪ੍ਰਬੰਧਕੀ ਅਦਾਰਾ ਅਤੇ ਬਰਾਂਡ (H&M) ਦਲਿਤ ਔਰਤਾਂ ਦੀ ਟ੍ਰੇਡ ਯੂਨੀਅਨ ਨਾਲ਼ ਕੋਈ ਸਮਝੌਤਾ ਕਰਨਗੇ,'' ਉਹ ਕਹਿੰਦੀ ਹਨ। ''ਕੁਝ ਗ਼ਲਤ ਕਾਰਵਾਈਆਂ ਹੋਣ ਦੇ ਬਾਅਦ ਕਿਤੇ ਜਾ ਕੇ ਉਨ੍ਹਾਂ ਨੇ ਹੁਣ ਸਹੀ ਕਦਮ ਪੁੱਟਿਆ ਹੈ।'' H&M ਦਾ ਯੂਨੀਅਨ ਨਾਲ਼ ਹੋਇਆ ਇਹ ਸਮਝੌਤਾ ਭਾਰਤ ਅੰਦਰ ਹਸਤਾਖ਼ਰ ਕੀਤਾ ਜਾਣ ਵਾਲ਼ਾ ਪਹਿਲਾ EBA ਹੈ। ਇਹ ਕਨੂੰਨੀ ਰੂਪ ਵਿੱਚ ਲਾਗੂ ਹੋਣ ਵਾਲ਼ਾ ਇਕਰਾਰਨਾਮਾ ਹੈ ਜਿਸ ਦੀ ਸ਼ਰਤ ਤਹਿਤ ਜੇਕਰ ਸਪਲਾਈ ਕਰਤਾ TTCU ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਉਲੰਘਣਾ ਕਰਦਾ ਹੈ ਤਾਂ ਉਹ H&M, ਈਸਟਮੈਨ ਐਕਸਪੋਰਟਸ 'ਤੇ ਜ਼ੁਰਮਾਨਾ ਲਾਉਣ ਦਾ ਪਾਬੰਦ ਹੈ।

ਪਰ ਈਸਟਮੈਨ ਵੀ ਨਚੀ ਅਪੈਰਲ ਵਿਖੇ ਕੰਮ ਕਰਦੀ 20 ਸਾਲਾ ਦਲਿਤ ਕੱਪੜਾ ਮਜ਼ਦੂਰ ਜਯਾਸ਼੍ਰੀ ਕਤੀਰਾਵੇਲ ਦੇ ਬਲਾਤਕਾਰ ਅਤੇ ਕਤਲ ਹੋਣ ਦੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਟੇਬਲ 'ਤੇ ਆਉਣ ਲਈ ਰਾਜ਼ੀ ਹੋਇਆ। ਜਨਵਰੀ 2021 ਨੂੰ ਹੱਤਿਆ ਤੋਂ ਪਹਿਲਾਂ ਜਯਾਸ਼੍ਰੀ ਨੂੰ ਫ਼ੈਕਟਰੀ ਵਿਖੇ ਉਸ ਦੇ ਸੁਪਰਵਾਈਜ਼ਰ ਦੁਆਰਾ ਕਈ ਮਹੀਨੇ ਜਿਣਸੀ ਸ਼ੋਸ਼ਣ ਦੇ ਤਸੀਹੇ ਝੱਲਣੇ ਪਏ ਸਨ। ਇਹ ਸੁਪਰਵਾਈਜ਼ਰ ਉੱਚੀ ਜਾਤੀ ਨਾਲ਼ ਤਾਅਲੁੱਕ ਰੱਖਦਾ ਹੈ। ਸੁਪਰਵਾਈਜ਼ਰ 'ਤੇ ਅਪਰਾਧ ਦਾ ਦੋਸ਼ ਲਾਇਆ ਗਿਆ ਹੈ।

ਜਯਾਸ਼੍ਰੀ ਦੇ ਕਤਲ ਨੇ ਗਾਰਮੈਂਟ ਫੈਕਟਰੀ ਅਤੇ ਇਸ ਦੀ ਮੂਲ਼ ਕੰਪਨੀ, ਈਸਟਮੈਨ ਐਕਸਪੋਰਟ, ਜੋ ਭਾਰਤ ਦੀਆਂ ਵੱਡੀਆਂ ਕੱਪੜਾ ਬਣਾਉਣ ਵਾਲ਼ੀਆਂ ਅਤੇ ਬਰਾਮਦ ਕਰਨ ਵਾਲ਼ੀਆਂ ਕੰਪਨੀਆਂ ਵਿੱਚੋਂ ਇੱਕ ਹੈ ਅਤੇ ਇਹ H&M, Gap  ਅਤੇ PVH ਜਿਹੀਆਂ ਬਹੁ-ਕੌਮੀ ਕੰਪਨੀਆਂ ਦੀ ਸਪਲਾਈਕਰਤਾ ਵੀ ਹੈ। ਜਯਾਸ਼੍ਰੀ ਨੂੰ ਨਿਆ ਦਵਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਯੂਨੀਅਨਾਂ, ਮਜ਼ਦੂਰ ਦਲਾਂ ਅਤੇ ਔਰਤਾਂ ਦੀਆਂ ਜੱਥੇਬੰਦੀਆਂ ਦੇ ਇੱਕ ਸੰਸਾਰ-ਵਿਆਪੀ ਗੱਠਜੋੜ ਨੇ ਮੰਗ ਕੀਤੀ ਸੀ ਕਿ ਫ਼ੈਸ਼ਨ ਬਰਾਂਡ ''ਈਸਟਮੈਨ ਐਕਸਪੋਰਟਸ ਦੀਆਂ ਕਤੀਰਾਵੇਲ ਪਰਿਵਾਰ ਖ਼ਿਲਾਫ਼ ਕੀਤੀਆਂ ਜਾਣ ਵਾਲ਼ੀਆਂ ਵਧੀਕੀਆਂ ਖ਼ਿਲਾਫ਼ ਕਾਰਵਾਈ ਕਰੇ।''

A protest by workers of Natchi Apparel in Dindigul, demanding justice for Jeyasre Kathiravel (file photo). More than 200 workers struggled for over a year to get the management to address gender- and caste-based harassment at the factory
PHOTO • Asia Floor Wage Alliance

ਡਿੰਡੀਗੁਲ ਦੀ ਨਚੀ ਅਪੈਰਲ ਦੀਆਂ ਮਜ਼ਦੂਰ ਔਰਤਾਂ ਦਾ ਵਿਰੋਧ ਪ੍ਰਦਰਸ਼ਨ, ਜੋ ਜਯਾਸ਼੍ਰੀ ਕਤੀਰਾਵੇਲ (ਫਾਈਲ ਫੋਟੋ) ਲਈ ਨਿਆ ਦੀ ਮੰਗ ਕਰ ਰਹੀਆਂ ਹਨ। 200 ਤੋਂ ਵੱਧ ਮਜ਼ਦੂਰਾਂ ਨੇ ਫੈਕਟਰੀ ਅੰਦਰ ਲਿੰਗ ਅਤੇ ਜਾਤ-ਉਤਪੀੜਨ ਦੇ ਹੱਲ ਲਈ ਪ੍ਰਬੰਧਨ ਕਰਨ ਲਈ ਇੱਕ ਸਾਲ ਤੋਂ ਵੱਧ ਸਮੇਂ ਤੱਕ ਸੰਘਰਸ਼ ਜਾਰੀ ਰੱਖਿਆ

ਜਯਾਸ਼੍ਰੀ ਨਾਲ਼ ਜੋ ਕੁਝ ਵਾਪਰਿਆ, ਇਹ ਕੋਈ ਅਚਾਨਕ ਵਾਪਰਨ ਵਾਲ਼ੀ ਘਟਨਾ ਨਹੀਂ ਸੀ। ਉਹਦੀ ਮੌਤ ਤੋਂ ਬਾਅਦ ਨਚੀ ਅਪੈਰਲ ਵਿਖੇ ਕੰਮ ਕਰਨ ਵਾਲ਼ੀਆਂ ਬਹੁਤ ਸਾਰੀਆਂ ਔਰਤ ਮਜ਼ਦੂਰ ਜਿਣਸੀ ਉਤਪੀੜਨ ਦੇ ਆਪੋ-ਆਪਣੇ ਤਜ਼ਰਬੇ ਲੈ ਕੇ ਅੱਗੇ ਆਈਆਂ। ਖ਼ੁਦ ਅੱਗੇ ਆਉਣ ਤੋਂ ਝਿਜਕਣ ਵਾਲ਼ੀਆਂ ਇਨ੍ਹਾਂ ਔਰਤਾਂ ਨੇ ਪਾਰੀ (PARI) ਨਾਲ਼ ਫ਼ੋਨ ਰਾਹੀਂ ਗੱਲਬਾਤ ਦੌਰਾਨ ਆਪਣਾ ਢਿੱਡ ਫਰੋਲਿਆ।

''ਪੁਰਸ਼ ਸੁਪਰਵਾਈਜ਼ਰ ਲਗਾਤਾਰ ਸਾਨੂੰ ਗਾਲ਼੍ਹਾਂ ਕੱਢਦੇ ਰਹਿੰਦੇ। ਉਹ ਸਾਡੇ 'ਤੇ ਚੀਕਦੇ ਅਤੇ ਬਹੁਤ ਹੀ ਭੱਦੀ ਅਤੇ ਅਸ਼ਲੀਲ ਭਾਸ਼ਾ ਵਿੱਚ ਸਾਨੂੰ ਬੇਇੱਜ਼ਤ ਕਰਦੇ। ਜੇ ਅਸੀਂ ਕੰਮ 'ਤੇ ਲੇਟ ਹੋ ਜਾਂਦੇ ਜਾਂ ਸਾਡਾ ਉਤਪਾਦਨ (ਪ੍ਰੋਡਕਸ਼ਨ) ਦਾ ਟੀਚਾ ਮੁਕੰਮਲ ਨਾ ਹੁੰਦਾ ਤਾਂ ਉਨ੍ਹਾਂ ਨੂੰ ਗੰਦ-ਮੰਦ ਬੋਲਣ ਦਾ ਬਹਾਨਾ ਲੱਭ ਜਾਂਦਾ,'' 31 ਸਾਲਾ ਕੱਪੜਾ ਮਜ਼ਦੂਰ ਕੋਸਾਲਾ ਕਹਿੰਦੀ ਹਨ। ਬਾਰ੍ਹਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਇਸ ਦਲਿਤ ਮਜ਼ਦੂਰ (ਕੋਸਾਲਾ) ਨੇ ਕਰੀਬ ਇੱਕ ਦਹਾਕਾ ਪਹਿਲਾਂ ਕੱਪੜਾ ਉਦਯੋਗ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ''ਦਲਿਤ ਔਰਤਾਂ ਨੂੰ ਇਨ੍ਹਾਂ ਸੁਪਰਵਾਈਜ਼ਰਾਂ ਦੁਆਰਾ ਸਭ ਤੋਂ ਵੱਧ ਜ਼ਲੀਲ ਕੀਤਾ ਜਾਂਦਾ। ਜੇ ਸਾਡਾ ਟੀਚਾ ਮੁਕੰਮਲ ਨਾ ਹੁੰਦਾ ਤਾਂ ਉਹ ਉਨ੍ਹਾਂ ਨੂੰ 'ਮੱਝਾਂ', 'ਕੁੱਤੀਆਂ', 'ਬਾਂਦਰੀਆਂ' ਅਤੇ ਜੋ ਮੂੰਹ ਵਿੱਚ ਆਉਂਦਾ ਬੋਲਦੇ ਜਾਂਦੇ ਰਹਿੰਦੇ,'' ਉਹ ਗੱਲ ਜਾਰੀ ਰੱਖਦੀ ਹਨ। ''ਕਈ ਸੁਪਰਵਾਈਜ਼ਰ ਅਜਿਹੇ ਵੀ ਸਨ ਜੋ ਸਾਨੂੰ ਆਨੇ-ਬਹਾਨੇ ਛੂਹਣ ਦੀ ਕੋਸ਼ਿਸ਼ ਕਰਦੇ, ਸਾਡੇ ਕੱਪੜਿਆਂ 'ਤੇ ਵਿਅੰਗ ਕੱਸਦੇ ਜਾਂ ਔਰਤਾਂ ਦੇ ਸਰੀਰ ਨੂੰ ਲੈ ਕੇ ਅਸ਼ਲੀਲ ਚੁਟਕਲੇ ਬਣਾਉਂਦੇ।''

ਗ੍ਰੇਜੂਏਟ ਪਾਸ ਲਤਾ, ਰੋਜ਼ੀਰੋਟੀ ਕਮਾਉਣ ਖਾਤਰ ਫ਼ੈਕਟਰੀ ਲੱਗੀ ਸਨ। (ਉਨ੍ਹਾਂ ਨੂੰ ਤੇ ਬਾਕੀ ਕਾਮਿਆਂ ਨੂੰ 8 ਘੰਟੇ ਕੰਮ ਕਰਨ ਬਦਲੇ 310 ਰੁਪਏ ਦਿਹਾੜੀ ਮਿਲਦੀ ਹੈ। ਪਰ ਉਹ ਕਾਰਖ਼ਾਨੇ ਅੰਦਰ ਚੱਲਦੇ ਕਈ ਭਿਆਨਕ ਮਾਮਲਿਆਂ ਤੋਂ ਹਮੇਸ਼ਾਂ ਪਰੇਸ਼ਾਨ ਰਹਿੰਦੀ। ''ਪੁਰਸ਼ ਮੈਨੇਜਰ, ਸੁਪਰਵਾਈਜ਼ਰ ਅਤੇ ਮਕੈਨਿਕ ਆਨੇ-ਬਹਾਨੇ ਸਾਨੂੰ ਛੂੰਹਦੇ ਰਹਿੰਦੇ ਅਤੇ ਸਾਡੇ ਵਿੱਚੋਂ ਕੋਈ ਵੀ ਸ਼ਿਕਾਇਤ ਕਰਨ ਦੀ ਜ਼ੁਰੱਅਤ ਨਾ ਕਰ ਪਾਉਂਦਾ,'' ਗੱਲ ਕਰਦਿਆਂ ਯਕਦਮ ਫੁੱਟ-ਫੁੱਟ ਰੋਂਦੀ ਲਤਾ ਨੇ ਕਿਹਾ।

''ਜਦੋਂ ਮਕੈਨਿਕ ਤੁਹਾਡੀ ਸਿਲਾਈ ਮਸ਼ੀਨ ਦੀ ਮਰੁੰਮਤ ਕਰਨ ਆਉਂਦਾ ਹੈ ਤਾਂ ਇਹ ਪੱਕੀ ਗੱਲ ਹੈ ਕਿ ਉਹ ਤੁਹਾਨੂੰ ਛੂਹੇਗਾ ਹੀ ਜਾਂ ਜਿਣਸੀ ਸਬੰਧ ਬਣਾਉਣ ਦੀ ਗੱਲ ਕਰੇਗਾ। ਜੇ ਤੁਸੀਂ ਮਨ੍ਹਾ ਕਰਦੀ ਹੋ, ਉਹ ਸਮੇਂ-ਸਿਰ ਤੁਹਾਡੀ ਮਸ਼ੀਨ ਦੀ ਮੁਰੰਮਤ ਨਹੀਂ ਕਰੇਗਾ ਅਤੇ ਤੁਸੀਂ ਆਪਣਾ ਪ੍ਰੋਡਕਸ਼ਨ ਟੀਚਾ ਪੂਰਾ ਨਹੀਂ ਕਰ ਸਕੋਗੇ ਅਤੇ ਫਿਰ ਸੁਪਰਵਾਈਜ਼ਰ ਜਾਂ ਮੈਨੇਜਰ ਤੁਹਾਨੂੰ ਗੰਦੀਆਂ-ਗੰਦੀਆਂ ਗਾਲ਼੍ਹਾਂ ਕੱਢਣਗੇ। ਕਈ ਵਾਰੀ ਤਾਂ ਇੰਝ ਵੀ ਹੁੰਦਾ ਹੈ ਕਿ ਕੋਈ ਸੁਪਰਵਾਈਜ਼ਰ ਕਿਸੇ ਔਰਤ ਨਾਲ਼ ਲੱਗ ਕੇ ਖੜ੍ਹ ਜਾਂਦਾ ਹੈ ਆਪਣਾ ਜਿਸਮ ਉਸ ਨਾਲ਼ ਰਗੜਦਾ ਵੀ ਨਜ਼ਰ ਆਉਂਦਾ ਹੈ,'' ਲਤਾ ਕਹਿੰਦੀ ਹਨ, ਜੋ ਕੰਮ ਕਰਨ ਖ਼ਾਤਰ ਆਪਣੇ ਘਰੋਂ ਰੋਜ਼ 30 ਕਿਲੋਮੀਟਰ ਦਾ ਪੈਂਡਾ ਮਾਰਦੀ ਹਨ।

ਲਤਾ ਭਰੇ ਮਨ ਨਾਲ਼ ਕਹਿੰਦੀ ਹਨ ਕਿ ਇਹ ਔਰਤਾਂ ਜਾਣ ਤਾਂ ਜਾਣ ਕਿੱਧਰ। ''ਦੱਸੋ ਉਹ ਸ਼ਿਕਾਇਤ ਕਰੇ ਵੀ ਤਾਂ ਕਿਸ ਕੋਲ਼? ਜੇਕਰ ਕੋਈ ਦਲਿਤ ਔਰਤ ਉੱਚ ਜਾਤੀ ਦੇ ਮੈਨੇਜਰ 'ਤੇ ਇਲਜ਼ਾਮ ਲਾਵੇਗੀ ਤਾਂ ਕੌਣ ਹੈ ਜੋ ਉਸ 'ਤੇ ਯਕੀਨ ਕਰੇਗਾ?''

''ਉਹ ਕਿਸ ਕੋਲ਼ ਸ਼ਿਕਾਇਤ ਕਰ ਸਕਦੀ ਹੈ?'' 42 ਸਾਲਾ ਤਿਵਿਆ ਰਾਕਿਨੀ ਸਵਾਲ ਚੁੱਕਦੀ ਹਨ। TTCU ਦੀ ਸੂਬਾ ਪ੍ਰਧਾਨ ਨੇ ਨਚੀ ਅਪੈਰਲ ਨੂੰ ਲਿੰਗ-ਅਧਾਰਤ ਦਾਬੇ ਤੋਂ ਮੁਕਤ ਕਰਨ ਲਈ ਲੰਬੀ ਮੁਹਿੰਮ ਦੀ ਅਗਵਾਈ ਕੀਤੀ। ਇੱਥੋਂ ਤੱਕ ਕਿ ਜਯਾਸ਼੍ਰੀ ਦੀ ਮੌਤ ਤੋਂ ਪਹਿਲਾਂ ਹੀ 2013 ਵਿੱਚ ਹੀ TTCU ਦੀ ਨੀਂਹ ਰੱਖੀ ਜਾ ਚੁੱਕੀ ਸੀ ਅਤੇ ਇਹ ਦਲਿਤ ਔਰਤਾਂ ਦੀ ਅਗਵਾਈ ਵਾਲ਼ੀ ਸੁਤੰਤਰ ਟ੍ਰੇਡ ਯੂਨੀਅਨ ਵਜੋਂ ਉੱਭਰੀ, ਜੋ ਤਮਿਲਨਾਡੂ ਵਿੱਚ ਲਿੰਗ-ਅਧਾਰਤ ਹਿੰਸਾ ਨੂੰ ਖ਼ਤਮ ਕਰਨ ਲਈ ਵਰਕਰਾਂ ਨੂੰ ਜੱਥੇਬੰਦ ਕਰ ਰਹੀ ਸੀ। ਇਹ ਟ੍ਰੇਡ ਯੂਨੀਅਨ ਕਰੀਬ 11,000 ਕਾਮਿਆਂ- ਜਿਨ੍ਹਾਂ ਵਿੱਚੋਂ 80 ਫ਼ੀਸਦ ਹਿੱਸਾ ਟੈਕਸਟਾਈਲ ਅਤੇ ਕੱਪੜਾ ਉਦਯੋਗ ਦਾ ਹੈ- ਜਿਨ੍ਹਾਂ ਵਿੱਚ 12 ਜ਼ਿਲ੍ਹਿਆਂ ਦੀਆਂ ਮਜ਼ਦੂਰ ਔਰਤਾਂ ਸ਼ਾਮਲ ਹਨ, ਜਿਸ ਵਿੱਚ ਗਾਰਮੈਂਟ ਦੇ ਗੜ੍ਹ- ਕੋਇੰਬਟੂਰ, ਡਿੰਡੀਗੁਲ, ਇਰੋਡ ਅਤੇ ਤਿਰੂਪੁਰ ਵੀ ਸ਼ਾਮਲ ਹਨ। ਇਸ ਯੂਨੀਅਨ ਵੱਲੋਂ ਕੱਪੜਾ ਉਦਯੋਗ ਅੰਦਰ ਹੁੰਦੀ ਉਜਰਤ ਦੀ ਚੋਰੀ ਅਤੇ ਨਸਲੀ ਹਿੰਸਾ ਵਿਰੁੱਧ ਅਵਾਜ਼ ਚੁੱਕੀ ਜਾਂਦੀ ਰਹੀ ਹੈ।

Thivya Rakini, state president of the Dalit women-led Tamil Nadu Textile and Common Labour Union.
PHOTO • Asia Floor Wage Alliance
Thivya signing the Dindigul Agreement with Eastman Exports Global Clothing on behalf of TTCU
PHOTO • Asia Floor Wage Alliance

ਖੱਬੇ: ਤਿਵਿਆ ਰਾਕਿਨੀ, ਦਲਿਤ ਔਰਤਾਂ ਦੁਆਰਾ ਚਲਾਈ ਜਾਂਦੀ ਤਮਿਲਨਾਡੂ ਟੈਕਸਟਾਈਲ ਐਂਡ ਕਾਮਨ ਲੇਬਰ ਯੂਨੀਅਨ ਦੀ ਸੂਬਾ ਪ੍ਰਧਾਨ। ਸੱਜੇ: ਤਿਵਿਆ TTCU ਵੱਲੋਂ, ਈਸਟਮੈਨ ਐਕਸਪੋਰਟ ਗਲੋਬਲ ਕਲੋਥਿੰਗ ਦੇ ਨਾਲ਼ ਡਿੰਡੀਗੁਲ ਸਮਝੌਤੇ 'ਤੇ ਹਸਤਖ਼ਾਰ ਕਰਦੀ ਹੋਈ

''ਸਮਝੌਤੇ ਤੋਂ ਪਹਿਲਾਂ, ਇਸ ਫ਼ੈਕਟਰੀ (ਨਚੀ) ਅੰਦਰ ਅੰਦਰੂਨੀ ਸ਼ਿਕਾਇਤ ਕਮੇਟੀ (ICC) ਦਾ ਕੋਈ ਢੁਕਵਾਂ ਢਾਂਚਾ ਸੀ ਹੀ ਨਹੀਂ,'' ਤਿਵਿਆ ਕਹਿੰਦੀ ਹਨ। ਮੌਜੂਦਾ ਆਈਸੀਸੀ ਵੀ ਔਰਤਾਂ ਦੇ ਕਿਰਦਾਰ ਨੂੰ ਹੀ ਪੁਣਨ ਦੀ ਕੋਸ਼ਿਸ਼ ਕਰਦੀ, 26 ਸਾਲਾ ਦਲਿਤ ਮਜ਼ਦੂਰ, ਮਿਨੀ ਦਾ ਕਹਿਣਾ ਹੈ, ਜੋ ਕੰਮ ਕਰਨ ਖਾਤਰ ਰੋਜ਼ 28 ਕਿਲੋਮੀਟਰ ਦਾ ਪੈਂਡਾ ਮਾਰਦੀ ਹਨ। ''ਸਾਡੀਆਂ ਸ਼ਿਕਾਇਤਾਂ ਸੁਣਨ ਦੀ ਬਜਾਏ, ਉਹ ਸਾਨੂੰ ਹੀ ਸਿਖਾਉਂਦੇ ਕਿ ਕਿਹੋ ਜਿਹੇ ਕੱਪੜੇ ਪਾਉਣੇ ਹਨ ਜਾਂ ਬਹਿਣਾ ਕਿਵੇਂ ਹੈ,'' ਉਹ ਗੱਲ ਜਾਰੀ ਰੱਖਦੀ ਹਨ। ''ਸਾਨੂੰ ਪੇਸ਼ਾਬ ਕਰਨ ਜਾਣ ਤੱਕ ਤੋਂ ਰੋਕਿਆ ਜਾਂਦਾ ਸੀ, ਸਾਨੂੰ ਓਵਰਟਾਈਮ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਅਤੇ ਲੋੜ ਪੈਣ 'ਤੇ ਵੀ ਛੁੱਟੀ ਕਦੇ ਨਾ ਦਿੱਤੀ ਜਾਂਦੀ।''

ਜਯਾਸ਼੍ਰੀ ਦੀ ਮੌਤ ਤੋਂ ਬਾਅਦ ਵਿੱਢੀ ਮੁਹਿੰਮ ਵਿੱਚ ਟੀਟੀਸੀਯੂ ਨੇ ਨਾ ਸਿਰਫ਼ ਜਿਣਸੀ ਦਾਬੇ ਦੇ ਖ਼ਾਤਮੇ ਦੀ ਮੰਗ ਕੀਤੀ ਸਗੋਂ ਪੇਸ਼ਾਬ ਕਰਨ ਜਾਣ ਦੀ ਛੁੱਟੀ ਨਾ ਦੇਣ ਵਿਰੁੱਧ ਅਤੇ ਜ਼ਬਰਦਸਤੀ ਓਵਰਟਾਈਮ ਕਰਾਉਣ ਜਿਹੇ ਮੁੱਦਿਆਂ ਨੂੰ ਵੀ ਚੁੱਕਿਆ।

''ਕੰਪਨੀ ਯੂਨੀਅਨ ਬਣਾਏ ਜਾਣ ਦਾ ਵਿਰੋਧ ਕਰਦੀ ਸੀ, ਇਸੇ ਲਈ ਬਹੁਤ ਸਾਰੀਆਂ ਮਜ਼ਦੂਰ ਮੈਂਬਰਾਂ ਨੇ ਆਪਣੇ ਨਾਮ ਲੁਕਾਈ ਰੱਖੇ,'' ਤਿਵਿਆ ਕਹਿੰਦੀ ਹਨ। ਪਰ ਜਯਾਸ਼੍ਰੀ ਦੀ ਮੌਤ ਨਾਲ਼ ਸਾਰੇ ਹੱਦ-ਬੰਨ੍ਹੇ ਪਾਰ ਹੋ ਗਏ। ਫੈਕਟਰੀ ਵੱਲੋਂ ਸ਼ਿਕੰਜਾ ਕੱਸੇ ਜਾਣ ਦੇ ਬਾਵਜੂਦ ਵੀ ਰਮਾ, ਲਤਾ ਅਤੇ ਮਿੰਨੀ ਜਿਹੀਆਂ ਮਜ਼ਦੂਰ ਔਰਤਾਂ ਸੰਘਰਸ਼ ਕਰਦੀਆਂ ਰਹੀਆਂ। ਇੱਕ ਸਾਲ ਲਈ ਚੱਲੀ ਇਸ ਰੋਸ-ਰੈਲੀ ਵਿੱਚ 200 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਜ਼ਿਆਦਾਤਰ ਔਰਤਾਂ ਨੇ ਜਸਟਿਸ ਫਾਰ ਜਯਾਸ਼੍ਰੀ ਅਭਿਆਨ ਵੱਲ ਧਿਆਨ ਖਿੱਚਣ ਵਾਸਤੇ ਸੰਸਾਰ-ਪੱਧਰੀ ਸੰਸਥਾਵਾਂ ਨੂੰ ਆਪਣੇ ਬਿਆਨ ਦਿੱਤੇ।

ਅਖ਼ੀਰ, ਟੀਟੀਸੀਯੂ ਅਤੇ ਅੰਤਰਰਾਸ਼ਟਰੀ ਫੈਸ਼ਨ ਸਪਲਾਈ ਚੇਨ ਵਿੱਚ ਜਿਣਸੀ ਹਿੰਸਾ ਅਤੇ ਦਾਬੇ ਦਾ ਮੁਕਾਬਲਾ ਕਰਨ ਦੀ ਮੁਹਿੰਮ ਵਿੱਚ ਸ਼ਾਮਲ ਦੋ ਹੋਰ ਸੰਸਥਾਵਾਂ- ਏਸ਼ੀਆ ਫਲੋਰ ਵੇਜ ਅਲਾਇੰਸ (AFWA) ਅਤੇ ਗਲੋਬਲ ਲੇਬਰ ਜਸਟਿਸ-ਇੰਟਰਨੈਸ਼ਨਲ ਲੇਬਰ ਰਾਈਟਸ ਫੋਰਮ (GLJ-ILRF) ਨੇ ਵੀ ਇਸ ਸਾਲ ਅਪ੍ਰੈਲ ਵਿੱਚ H&M ਦੇ ਨਾਲ਼ ਲਾਗੂ ਕਰਨ ਯੋਗ ਬਰਾਂਡ ਸਮਝੌਤੇ 'ਤੇ ਹਸਤਾਖ਼ਰ ਕੀਤੇ।

ਤਿੰਨ ਸੰਸਥਾਵਾਂ ਵੱਲੋਂ ਸਾਂਝੀ ਪ੍ਰੈੱਸ ਰਿਲੀਜ਼ ਦੇ ਮੁਤਾਬਕ ਡਿੰਡੀਗੁਲ ਸਮਝੌਤਾ ਭਾਰਤ ਅੰਦਰ ਪਹਿਲਾ ਲਾਗੂ ਕੀਤੇ ਜਾਣ ਵਾਲ਼ਾ ਬਰਾਂਡ ਇਕਰਾਰਨਾਮਾ ਹੈ। ਇਹ ''ਸੰਸਾਰ ਦਾ ਪਹਿਲਾਂ ਈਬੀਏ ਵੀ ਹੈ, ਜਿਹਨੇ ਕੱਪੜਾ ਫੈਕਟਰੀਆਂ ਅਤੇ ਕੱਪੜਾ ਬਣਾਉਣ ਵਾਲ਼ੀਆਂ ਫੈਕਟਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।'

ਸਾਰੇ ਦੇ ਸਾਰੇ ਹਸਤਾਖ਼ਰੀਆਂ ਨੇ ਸਾਂਝੇ ਰੂਪ ਵਿੱਚ ''ਗਾਰਮੈਂਟ ਫੈਕਟਰੀ ਵਿੱਚੋਂ ਲਿੰਗ, ਜਾਤੀ ਜਾਂ ਪ੍ਰਵਾਸੀ ਮਜ਼ਦੂਰ ਹੋਣ ਦੇ ਅਧਾਰ ਹੇਠ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਨੂੰ ਖ਼ਤਮ ਕਰਨ'' ਪਾਰਦਰਸ਼ਤਾ ਵਧਾਉਣ ਲਈ; ਅਤੇ ਕੱਪੜਾ ਫ਼ੈਕਟਰੀ ਦੇ ਖ਼ਾਸੇ ਵਿੱਚ ਆਪਸੀ ਸਤਿਕਾਰ ਅਤੇ ਸੱਭਿਆਚਾਰ ਨੂੰ ਵਿਕਸਤ ਕਰਨ ਦੀ ਪ੍ਰਤੀਬੱਧਤਾ ਲਈ ਹੈ।''

The Dindigul Agreement pledges to end gender-based violence and harassment at the factories operated by Eastman Exports in Dindigul. ‘It is a testimony to what organised Dalit women workers can achieve,’ Thivya Rakini says
PHOTO • Antara Raman
The Dindigul Agreement pledges to end gender-based violence and harassment at the factories operated by Eastman Exports in Dindigul. ‘It is a testimony to what organised Dalit women workers can achieve,’ Thivya Rakini says
PHOTO • Antara Raman

ਡਿੰਡੀਗੁਲ ਸਮਝੌਤੇ ਹੇਠ ਡਿੰਡੀਗੁਲ ਵਿਖੇ ਈਸਟਮੈਨ ਐਕਸਪੋਰਟ ਦੁਆਰਾ ਸੰਚਾਲਿਤ ਫੈਕਟਰੀਆਂ ਵਿੱਚ ਲਿੰਗ-ਅਧਾਰਤ ਹਿੰਸਾ ਅਤੇ ਦਾਬੇ ਨੂੰ ਖ਼ਤਮ ਕਰਨ ਲਈ ਸਹੁੰ ਖਾਧੀ ਹੈ। 'ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਜੇਕਰ ਦਲਿਤ ਮਜ਼ਦੂਰ ਔਰਤਾਂ ਜੱਥੇਬੰਦ ਹੋ ਜਾਣ ਤਾਂ ਕੀ ਕੁਝ ਹਾਸਲ ਨਹੀਂ ਕਰ ਸਕਦੀਆਂ,' ਤਿਵਿਆ ਰਾਕਿਨੀ ਕਹਿੰਦੀ ਹਨ

ਇਹ ਸਮਝੌਤਾ ਸੰਸਾਰ-ਵਿਆਪੀ ਕਿਰਤ ਮਿਆਰਾਂ (ਗਲੋਬਲ ਲੇਬਰ ਮਾਪਦੰਡਾਂ) ਨੂੰ ਅਪਣਾਉਂਦਾ ਹੈ ਅਤੇ ਇਹ ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਵਾਇਲੈਂਸ ਐਂਡ ਹਰਾਸਮੈਂਟ ਕਨਵੈਨਸ਼ਨ ਤੋਂ ਲਿਆ ਗਿਆ ਹੈ। ਇਹ ਦਲਿਤ ਔਰਤ-ਮਜ਼ਦੂਰਾਂ ਦੇ ਹੱਕਾਂ, ਉਨ੍ਹਾਂ ਨੂੰ ਜੱਥੇਬੰਦ ਹੋਣ ਦੀ ਅਜ਼ਾਦੀ ਅਤੇ ਯੂਨੀਅਨ ਬਣਾਉਣ ਅਤੇ ਉਨ੍ਹਾਂ ਦੇ ਮੈਂਬਰ ਬਣਨ ਦੇ ਅਧਿਕਾਰ ਦੀ ਰਾਖੀ ਕਰਦਾ ਹੈ। ਇਹ ਸ਼ਿਕਾਇਤ ਨੂੰ ਸੁਣਨ ਅਤੇ ਉਨ੍ਹਾਂ ਦੀ ਜਾਂਚ ਕਰਨ ਲਈ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਵੀ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਦੇ ਹੱਲ ਦੀਆਂ ਸਿਫ਼ਾਰਸ਼ਾਂ ਕਰਦਾ ਹੈ। ਪਾਲਣਾ (ਤਾਮੀਲ) ਨੂੰ ਯਕੀਨੀ ਬਣਾਉਣ ਲਈ ਸੁਤੰਤਰ ਮੁਲਾਂਕਣ ਕਰਨ ਵਾਲ਼ਿਆਂ ਦੀ ਲੋੜ ਹੈ ਅਤੇ ਤਾਮੀਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਈਸਟਮੈਨ ਐਕਸਪੋਰਟ ਨੂੰ H&M ਪਾਸੋਂ ਕਾਰੋਬਾਰੀ ਸਿੱਟੇ ਭੁਗਤਣੇ ਪੈਣਗੇ।

ਡਿੰਡੀਗੁਲ ਸਮਝੌਤਾ, ਨਚੀ ਅਪੈਰਲ ਅਤੇ ਈਸਟਮੈਨ ਸਪਿਨਿੰਗ ਮਿੱਲਾਂ (ਡਿੰਡੀਗੁਲ ਵਿਖੇ) ਕੰਮ ਕਰਦੇ 5,000 ਮਜ਼ਦੂਰਾਂ ਨੂੰ ਕਵਰ ਕਰਦਾ ਹੈ। ਇਨ੍ਹਾਂ ਕਾਮਿਆਂ ਵਿੱਚੋਂ ਬਹੁਤੀ ਗਿਣਤੀ ਔਰਤਾਂ ਦੀ ਹੈ, ਵੱਡੀ ਗਿਣਤੀ ਦਲਿਤ ਔਰਤਾਂ ਦੀ। ''ਇਹ ਸਮਝੌਤਾ ਕੱਪੜਾ ਖੇਤਰ ਵਿੱਚ ਕੰਮ ਕਰਨ ਵਾਲ਼ੀਆਂ ਔਰਤਾਂ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਲਿਆ ਸਕਦਾ ਹੈ। ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਜੇਕਰ ਦਲਿਤ ਮਜ਼ਦੂਰ ਔਰਤਾਂ ਜੱਥੇਬੰਦ ਹੋ ਜਾਣ ਤਾਂ ਕੀ ਕੁਝ ਹਾਸਲ ਨਹੀਂ ਕਰ ਸਕਦੀਆਂ,'' ਤਿਵਿਆ ਰਾਕਿਨੀ ਕਹਿੰਦੀ ਹਨ।

''ਮੇਰੇ ਅਤੇ ਮੇਰੀਆਂ ਸਹਿਕਰਮੀ ਭੈਣਾਂ ਦੇ ਨਾਲ਼ ਜੋ ਜੋ ਕੁਝ ਵੀ ਹੋਇਆ ਉਸ ਸਭ 'ਤੇ ਮੈਂ ਕੋਈ ਸੋਗ ਨਹੀਂ ਕਰਨਾ ਚਾਹੁੰਦੀ,'' 31 ਸਾਲਾ ਮਾਲੀ ਕਹਿੰਦੀ ਹਨ। ''ਮੈਂ ਅੱਗੇ ਦੇਖਣਾ ਚਾਹੁੰਦੀ ਹਾਂ ਅਤੇ ਇਸ ਬਾਰੇ ਸੋਚਣਾ ਚਾਹੁੰਦੀ ਹਾਂ ਕਿ ਅਸੀਂ ਇਹ ਯਕੀਨੀ ਕਿਵੇਂ ਬਣਾਈਏ ਕਿ ਇਸ ਇਕਰਾਰਨਾਮੇ ਦੀ ਵਰਤੋਂ ਕਰਕੇ ਜਯਾਸ਼੍ਰੀ ਅਤੇ ਹੋਰਨਾਂ ਨਾਲ ਜੋ ਕੁਝ ਵੀ ਵਾਪਰਿਆ ਉਹ ਕਦੇ ਵੀ ਨਾ ਦੁਹਰਾਵੇ।''

ਪ੍ਰਭਾਵ ਦਿੱਸਣ ਲੱਗੇ ਹਨ। ''ਇਸ ਸਮਝੌਤੇ 'ਤੇ ਹਸਤਾਖ਼ਰ ਹੋਣ ਤੋਂ ਬਾਅਦ ਕੰਮ ਕਰਨ ਦੇ ਹਾਲਾਤਾਂ ਨੂੰ ਲੰਬੀ ਛਲਾਂਗ ਮਾਰੀ ਹੈ। ਹੁਣ ਸਾਨੂੰ ਪੇਸ਼ਾਬ ਕਰਨ ਜਾਣ ਅਤੇ ਦੁਪਹਿਰ ਦੀ ਰੋਟੀ ਖਾਣ ਲਈ ਢੁੱਕਵਾਂ ਸਮਾਂ ਦਿੱਤਾ ਜਾਂਦਾ ਹੈ। ਸਾਨੂੰ ਛੁੱਟੀ ਦੇਣ ਤੋਂ ਵੀ ਮਨ੍ਹਾ ਨਹੀਂ ਕੀਤਾ ਜਾਂਦਾ- ਖ਼ਾਸ ਕਰਕੇ ਜਦੋਂ ਅਸੀਂ ਬੀਮਾਰ ਹੋਈਏ। ਓਵਰਟਾਈਮ ਕਰਨ ਲਈ ਕੋਈ ਜ਼ੋਰ-ਜ਼ਬਰਦਸਤੀ ਨਹੀਂ ਹੁੰਦੀ। ਹੁਣ ਸੁਪਰਵਾਈਜ਼ਰ, ਔਰਤ ਮਜ਼ਦੂਰਾਂ ਨੂੰ ਗਾਲ਼੍ਹਾਂ ਨਹੀਂ ਕੱਢਦੇ। ਹੁਣ ਤਾਂ ਉਹ ਮਹਿਲਾ ਦਿਵਸ ਅਤੇ ਪੋਂਗਲ ਸਮੇਂ ਮਜ਼ਦੂਰਾਂ ਨੂੰ ਮਿਠਾਈ ਵੀ ਖੁਆਉਂਦੇ ਹਨ,'' ਲਤਾ ਕਹਿੰਦੀ ਹਨ।

ਰਮਾ ਬੜੀ ਖ਼ੁਸ਼ ਹਨ। ''ਹਾਲਾਤ ਹੁਣ ਬਦਲ ਗਏ ਹਨ। ਹੁਣ ਸੁਪਰਵਾਈਜ਼ਰ ਸਾਡਾ ਸਨਮਾਨ ਕਰਦੇ ਹਨ,'' ਉਹ ਕਹਿੰਦੀ ਹਨ। ਉਨ੍ਹਾਂ ਨੇ ਮਜ਼ਦੂਰਾਂ ਦੇ ਅਭਿਆਨ ਵਿੱਚ ਪੂਰਾ ਸਮਾਂ ਕੰਮ ਕੀਤਾ ਅਤੇ ਇੱਕ ਘੰਟੇ ਵਿੱਚ 90 ਤੋਂ ਵੱਧ ਅੰਡਰਗਾਰਮੈਂਟਾਂ ਦੇ ਪੀਸਾਂ ਦੀ ਸਿਲਾਈ ਵੀ ਕੀਤੀ। ਇਸ ਕੰਮ ਦੌਰਾਨ ਉਹ  ਲੱਕ ਦੀ ਗੰਭੀਰ ਪੀੜ੍ਹ ਵਿੱਚੋਂ ਦੀ ਗੁਜ਼ਰਦੀ ਹਨ, ਜਿਸਦਾ ਕੋਈ ਹੱਲ ਨਹੀਂ, ਉਹ ਕਹਿੰਦੀ ਹਨ। ''ਇਹ ਦਰਦ ਵੀ ਇਸ ਉਦਯੋਗ ਅੰਦਰ ਕੰਮ ਕਰਨ ਦਾ ਇੱਕ ਹਿੱਸਾ ਹੀ ਹੈ।''

ਤਿਰਕਾਲੀਂ ਘਰ ਜਾਣ ਵਾਸਤੇ ਕੰਪਨੀ ਦੀ ਬੱਸ ਦੀ ਉਡੀਕ ਕਰਦਿਆਂ ਰਮਾ ਕਹਿੰਦੀ ਹਨ,''ਅਸੀਂ ਆਪਣੇ ਕਾਮਿਆਂ ਵਾਸਤੇ ਬੜਾ ਕੁਝ ਕਰ ਸਕਦੇ ਹਾਂ।''

ਇਸ ਸਟੋਰੀ ਵਿੱਚ ਇੰਟਰਵਿਊਟ ਕੀਤੇ ਗਏ ਗਾਰਮੈਂਟ ਮਜ਼ਦੂਰਾਂ ਦੇ ਨਾਮ ਉਨ੍ਹਾਂ ਦੀ ਨਿੱਜਤਾ ਨੂੰ ਬਚਾਈ ਰੱਖਣ ਵਾਸਤੇ ਬਦਲ ਦਿੱਤੇ ਗਏ ਹਨ।

ਤਰਜਮਾ: ਕਮਲਜੀਤ ਕੌਰ

Gokul G.K.

Gokul G.K. is a freelance journalist based in Thiruvananthapuram, Kerala.

Other stories by Gokul G.K.
Illustrations : Antara Raman

Antara Raman is an illustrator and website designer with an interest in social processes and mythological imagery. A graduate of the Srishti Institute of Art, Design and Technology, Bengaluru, she believes that the world of storytelling and illustration are symbiotic.

Other stories by Antara Raman
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur