"ਅਸੀਂ ਆਪਣੇ ਟਰੈਕਟਰ ਤਿਰੰਗਿਆਂ ਨਾਲ਼ ਸਜਾਏ ਹਨ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾ," ਸ਼ਮਸ਼ੇਰ ਸਿੰਘ ਕਹਿੰਦੇ ਹਨ। ਉਨ੍ਹਾਂ ਦਾ ਟਰੈਕਟਰ ਤਿਰੰਗੇ ਵਿਚਲੇ ਰੰਗਾਂ ਦੇ ਰਿਬਨਾਂ, ਗੁਬਾਰਿਆਂ ਅਤੇ ਫੁੱਲਾਂ ਨਾਲ਼ ਸਜਾਇਆ ਗਿਆ ਹੈ। "ਕਿਸਾਨੀ ਸਾਨੂੰ ਆਪਣੀ ਮਾਂ ਵਾਂਗ ਪਿਆਰੀ ਹੈ," ਉਹ ਹੋਰ ਕਹਿੰਦੇ ਹਨ। "ਅਸੀਂ ਮਹੀਨਿਆਂ-ਬੱਧੀ ਜ਼ਮੀਨ ਦੀ ਕਾਸ਼ਤ ਕਰਦੇ ਹਾਂ, ਅਸੀਂ ਫ਼ਸਲ ਦੀ ਦੇਖਭਾਲ਼ ਉਵੇਂ ਕਰਦੇ ਹਾਂ ਜਿਵੇਂ ਮਾਂ ਆਪਣੇ ਬੱਚੇ ਨੂੰ ਸਾਂਭਦੀ ਹੈ। ਬੱਸ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਧਰਤੀ ਮਾਂ ਵਾਂਗ ਆਪਣੇ ਟਰੈਕਟਰਾਂ ਨੂੰ ਸਜਾਇਆ ਹੈ।"

ਦਿੱਲੀ ਦੇ ਆਸਪਾਸ ਦੇ ਧਰਨਾ-ਸਥਲਾਂ 'ਤੇ ਕਿਸਾਨ ਇਸ ਸਮਾਗਮ ਲਈ ਹੋਣ ਵਾਲ਼ੇ ਵੰਨ-ਸੁਵੰਨੇ ਥੀਮਾਂ ਵਾਸਤੇ ਆਪਣੇ ਟਰੈਕਟਰ ਤਿਆਰ ਕਰ ਰਹੇ ਹਨ। ਰਾਸ਼ਟਰੀ ਰਾਜਧਾਨੀ ਵਿੱਚ ਅਯੋਜਿਤ ਹੁੰਦੀ ਗਣਤੰਤਰ ਦਿਵਸ ਦੀ ਸਲਾਨਾ ਪਰੇਡ ਅੰਦਰ ਵੱਖੋ-ਵੱਖ ਥੀਮਾਂ ਝਾਕੀ ਰਾਹੀਂ ਰਾਜਾਂ ਨੂੰ ਦਿਖਾਈ ਜਾਣ ਵਾਂਗ ਇਸ ਰੈਲੀ ਨੂੰ ਜਿੰਨਾ ਹੋ ਸਕੇ ਰੰਗਦਾਰ ਅਤੇ ਅਰਥਭਰਪੂਰ ਬਣਾਉਣਾ ਚਾਹੁੰਦੇ ਹਾਂ। ਫੁੱਲਾਂ, ਝੰਡਿਆਂ ਅਤੇ ਝਾਕੀਆਂ ਨਾਲ਼ ਸੱਜੇ ਟਰੈਕਟਰ ਨੂੰ ਨਵੀਂ ਦਿੱਖ ਮਿਲ਼ੀ। ਕਿਸਾਨ ਯੂਨੀਅਨ ਵੱਲੋਂ ਨਿਯਕੁਤ ਵਿਅਕਤੀਆਂ ਦੇ ਨਾਲ਼-ਨਾਲ਼ ਕਿਸਾਨ ਟੀਮਾਂ ਵੀ 26 ਜਨਵਰੀ ਦੇ ਮੌਕੇ ਵਾਸਤੇ ਹੋ ਰਹੀ ਤਿਆਰੀ ਨੂੰ ਕਈ ਦਿਨਾਂ ਤੋਂ ਦੇਖਦੇ ਰਹੇ ਹਨ।

"ਗੌਰੇਅ ਨੰਗਲ ਵਿੱਚ ਮੇਰੇ ਘਰ ਤੋਂ ਟਰੈਕਟਰ ਚਲਾ ਕੇ ਪੁੱਜਣ ਵਿੱਚ ਦੋ ਦਿਨ ਲੱਗੇ," 53 ਸਾਲਾ ਸ਼ਮਸ਼ੇਰ ਕਹਿੰਦੇ ਹਨ। ਉਹ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਖਾਤਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡੋਂ 20 ਹੋਰ ਕਿਸਾਨ ਸਾਥੀਆਂ ਦੇ ਨਾਲ਼ ਹਰਿਆਣਾ-ਦਿੱਲੀ ਦੇ ਟੀਕਰੀ ਬਾਰਡਰ ਪੁੱਜੇ।

PHOTO • Shivangi Saxena

ਉੱਪਰ ਕਤਾਰ : ਬਲਜੀਤ ਸਿੰਘ, ਆਪਣੇ ਪੋਤੇ ਨਿਸ਼ਾਂਤ ਦੇ ਨਾਲ਼, ਗਣਤੰਤਰ ਦਿਵਸ ਪਰੇਡ ਵਾਸਤੇ ਆਪਣਾ ਟਰੈਕਟਰ ਸਜਾਉਂਦੇ ਹੋਏ। ਹੇਠਾਂ ਕਤਾਰ : ਬਲਜਿੰਦਰ ਸਿੰਘ ਨੇ ਖੇਤੀ ਦੀ ਤਸਵੀਰ ਪੇਸ਼ ਕਰਨ ਵਾਸਤੇ ਆਪਣੀ ਕਾਰ ਨੂੰ ਹਰਾ ਰੋਗਣ ਕਰਾਇਆ

ਉਹ ਤਿੰਨੋਂ ਖੇਤੀ ਬਿੱਲਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020

ਸਾਰੇ ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਆਜੀਵਿਕਾ ਦੇ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।

ਬਲਜੀਤ ਸਿੰਘ ਨੇ ਵੀ ਆਪਣੇ ਟਰੈਕਟਰ ਨੂੰ ਲੰਬੇ ਰੰਗਦਾਰ ਹਾਰਾਂ ਅਤੇ ਭਾਰਤੀ ਝੰਡੇ ਨਾਲ਼ ਸਜਾਇਆ। ਉਹ ਰੋਹਤਕ ਜ਼ਿਲ੍ਹੇ ਦੇ ਆਪਣੇ ਪਿੰਡ ਖੇੜੀ ਸਾਧ ਤੋਂ ਆਪਣੇ 14 ਸਾਲਾ ਪੋਤੇ, ਨਿਸ਼ਾਂਤ ਨਾਲ਼ ਟਰੈਕਟਰ ਚਲਾ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਅੱਪੜੇ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਪੋਤਾ ਅਤੇ ਉਹ ਆਪਣੇ ਰਾਜ ਦੇ ਹੋਰਨਾਂ ਕਿਸਾਨਾਂ ਦੀ ਨੁਮਾਇੰਦਗੀ ਕਰਨ ਅਤੇ ਸੰਕੇਤਕ ਤੌਰ 'ਤੇ ਹਰਿਆਣਵੀਂ ਪਰੰਪਰਾਗਤ ਪੋਸ਼ਾਕ ਵਿੱਚ ਸਜਣਗੇ

PHOTO • Shivangi Saxena

ਕਈ ਕਲਾਕਾਰਾਂ ਨੇ ਰੈਲੀ ਵਾਸਤੇ ਪੋਸਟਰ, ਬੈਨਰ ਅਤੇ ਹੋਰਡਿੰਗਾਂ ਬਣਾਈਆਂ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਦਾ ਕਹਿਣਾ ਹੈ : ' ਅਸੀਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਕਿਸਾਨੀ ਪ੍ਰਦਰਸ਼ਨ ਨੂੰ ਬਤੌਰ ਮੰਚ ਇਸਤੇਮਾਲ ਕਰ ਰਹੇ ਹਾਂ '

"ਮੈਂ ਸਿਰਫ਼ ਧਰਨੇ ਵਿੱਚ ਹਿੱਸਾ ਲੈਣ ਖ਼ਾਤਰ ਮਹਿੰਦਰਾ ਟਰੈਕਟਰ ਖਰੀਦਿਆ ਹੈ। ਮੈਂ ਆਪਣੀ ਨਿੱਜੀ ਕਮਾਈ ਵਰਤੀ ਹੈ। ਮੇਰੀ ਇਹ ਕਾਰਵਾਈ ਸਰਕਾਰ ਨੂੰ ਦਿਖਾਉਣ ਲਈ ਕਾਫ਼ੀ ਹੈ ਕਿ ਸਾਨੂੰ ਕਿਸੇ ਦੁਆਰਾ ਫੰਡ ਨਹੀਂ ਦਿੱਤਾ ਜਾਂਦਾ। ਅਸੀਂ ਆਪਣੀ ਖ਼ੁਦ ਦੀ ਕਮਾਈ ਕੀਤੀ ਹੈ," 57 ਸਾਲਾ ਕਿਸਾਨ ਦਾ ਕਹਿਣਾ ਹੈ।

ਕਾਰਾਂ ਵੀ ਪਰੇਡ ਵਿੱਚ ਸ਼ਾਮਲ ਹੋਣਗੀਆਂ। ਬਲਜਿੰਦਰ ਸਿੰਘ, ਉਮਰ 27 ਸਾਲ ਕਹਿੰਦੇ ਹਨ ਕਿ ਉਹ 'ਕਿਸਾਨ ਗਣਤੰਤਰ ਦਿਵਸ ਪਰੇਡ' ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਮੋਗਾ ਸ਼ਹਿਰ ਵਿੱਚੋਂ ਆਏ ਹਨ। ਉਨ੍ਹਾਂ ਨੇ ਟੀਕਰੀ ਤੱਕ ਕਰੀਬ 350 ਕਿਲੋਮੀਟਰ ਆਪਣੀ ਇਨੋਵਾ ਕਾਰ ਚਲਾਈ। ਬਲਜਿੰਦਰ ਇੱਕ ਕਲਾਕਾਰ ਹਨ ਅਤੇ ਉਨ੍ਹਾਂ ਨੇ ਆਪਣੀ ਕਾਰ ਨੂੰ ਖੇਤੀ ਦੇ ਪ੍ਰਤੀਕ ਵਜੋਂ ਬਾਹਰੋਂ ਹਰੇ ਰੰਗ ਨਾਲ਼ ਪੇਂਟ ਕਰਾਇਆ ਹੈ। ਕਾਰ ਦੇ ਮਗਰਲੇ ਪਾਸੇ ਇੱਕ ਨਾਅਰਾ ਪੇਂਟ ਕਰਾਇਆ 'ਪੰਜਾਬ ਦਾ ਸ਼ੁੱਭ ਵਿਆਹ ਦਿੱਲੀ ਨਾਲ਼'। ਨਾਅਰੇ ਦਾ ਅਰਥ ਖੋਲ੍ਹ ਕੇ ਉਹ ਦੱਸਦੇ ਹਨ: "ਇਹਦਾ ਮਤਲਬ ਅਸੀਂ, ਪੰਜਾਬੀ ਲੋਕ ਦਿੱਲੀ (ਹੱਥ ਮੰਗਣ ਤੋਂ ਬਾਅਦ) ਨੂੰ ਜਿੱਤਣ ਤੋਂ ਬਾਅਦ ਹੀ ਵਾਪਸ ਪਰਤਾਂਗੇ।" ਉਹ ਸੁਤੰਤਰਤਾ ਸੈਲਾਨੀ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੇ ਹਨ।

ਰੈਲੀ ਦੀ ਤਿਆਰੀ ਵਿੱਚ, ਕਈ ਹੋਰਨਾਂ ਕਲਾਕਾਰਾਂ ਨੇ ਪੋਸਟਰ, ਬੈਨਰ ਅਤੇ ਹੋਰਡਿੰਗਾਂ ਬਣਾਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੇ ਕਲਾਕਾਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਵਿਕਾਸ (ਆਪਣਾ ਇਹੀ ਨਾਂਅ ਵਰਤਦੇ ਹਨ), ਜੋ ਬੀਕੇਯੂ (ਉਗਰਾਹਾਂ) ਦੇ ਮੀਡਿਆ ਬੁਲਾਰੇ ਹਨ ਕਹਿੰਦੇ ਹਨ,"ਅਸੀਂ ਕਿਸਾਨੀ ਪ੍ਰਦਰਸ਼ਨ ਨੂੰ ਸਮਾਜਿਕ ਬੁਰਾਈਆਂ ਜਿਵੇਂ ਦਲਿਤਾਂ ਅੱਤਿਆਚਾਰ ਅਤੇ ਪ੍ਰਵਾਸ ਸਬੰਧੀ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਬਤੌਰ ਮੰਚ ਇਸਤੇਮਾਲ ਕਰ ਰਹੇ ਹਾਂ। ਅਸੀਂ ਆਪਣੇ ਗੁਰੂਆਂ ਦੀ ਸਿੱਖਿਆਵਾਂ ਦਰਸਾਉਂਦੇ ਹੋਰਡਿੰਗ ਬਣਾ ਰਹੇ ਹਾਂ ਅਤੇ ਇਸ ਕੰਮ ਨੂੰ ਪੂਰਿਆਂ ਕਰਨ ਲਈ ਅਸੀਂ ਦਿਨ ਰਾਤ ਰੁੱਝੇ ਪਏ ਹਾਂ।"

ਇਸੇ ਤਰ੍ਹਾਂ, 26 ਜਨਵਰੀ ਦੀ ਸਵੇਰ, ਟਰੈਕਟਰਾਂ, ਕਾਰਾਂ ਅਤੇ ਲੋਕਾਂ ਨੇ ਇਸ ਬੇਮਿਸਾਲ ਪਰੇਡ ਲਈ ਕੂਚ ਕੀਤੀ-ਜੋ ਇਸ ਆਸ਼ੇ ਨਾਲ਼ ਕੱਢੀ ਜਾ ਰਹੀ ਹੈ ਕਿ ਇਹ ਉਨ੍ਹਾਂ ਨੂੰ ਮੰਜ਼ਲ ਤੱਕ ਪਹੁੰਚਾਵੇਗੀ- ਮੰਜ਼ਲ ਜੋ ਕਨੂੰਨ ਰੱਦ ਕਰਾਉਣਾ ਹੈ।

ਤਰਜਮਾ - ਕਮਲਜੀਤ ਕੌਰ

Shivangi Saxena

Shivangi Saxena is a third year student of Journalism and Mass Communication at Maharaja Agrasen Institute of Management Studies, New Delhi.

Other stories by Shivangi Saxena
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur