''ਹੁਣ ਜਦੋਂਕਿ ਤੂਫ਼ਾਨ ਮੁੱਕ ਗਿਆ ਹੈ, ਸਾਨੂੰ ਇੱਥੋਂ ਜਾਣ ਲਈ ਕਹਿ ਦਿੱਤਾ ਗਿਆ ਹੈ,'' ਕਾਲੀਦਾਸਪੁਰ ਪਿੰਡ ਦੀ ਰਹਿਣ ਵਾਲ਼ੀ ਅਮੀਨਾ ਬੀਬੀ ਨੇ ਮਈ ਦੇ ਅੰਤ ਵਿੱਚ ਮੈਨੂੰ ਦੱਸਿਆ। ''ਪਰ ਅਸੀਂ ਜਾਈਏ ਤਾਂ ਜਾਈਏ ਕਿੱਥੇ?''
ਉਸ ਤੂਫ਼ਾਨ ਤੋਂ ਇੱਕ ਦਿਨ ਪਹਿਲਾਂ, ਅੰਫਨ ਚੱਕਰਵਾਤ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਵਿੱਚ ਅਮੀਨਾ ਦੇ ਪਿੰਡੋਂ ਕਰੀਬ 150 ਕਿਲੋਮੀਟਰ ਦੂਰ ਜ਼ਮੀਨ ਨਾਲ਼ ਟਕਰਾਇਆ ਸੀ, ਉਦੋਂ ਸਥਾਨਕ ਅਧਿਕਾਰੀਆਂ ਨੇ ਕਈ ਪਿੰਡਾਂ ਤੋਂ ਪਰਿਵਾਰਾਂ ਨੂੰ ਕੱਢ ਕੇ ਰਾਹਤ ਖ਼ੇਮਿਆਂ ਵਿੱਚ ਰੱਖੀ ਰੱਖਿਆ ਸੀ। ਅਮੀਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਸਾਲ 19 ਮਈ ਨੂੰ, ਗੁਆਂਢ ਦੇ ਇੱਕ ਪਿੰਡ ਵਿੱਚ ਬਣੇ ਅਸਥਾਈ ਕਮਰਿਆਂ ਵਿੱਚ ਲਿਜਾਇਆ ਗਿਆ।
ਇਸ ਚੱਕਰਵਾਤ ਨੇ ਸੁੰਦਰਬਨ ਵਿਖੇ ਸਥਿਤ ਗੋਸਾਬਾ ਬਲਾਕ ਵਿੱਚ, ਕਰੀਬ 5,800 ਲੋਕਾਂ ਦੀ ਵਸੋਂ ਵਾਲ਼ੇ ਪਿੰਡ ਵਿਖੇ ਅਮੀਨਾ ਦੇ ਕੱਚੇ ਢਾਰੇ ਨੂੰ ਉਜਾੜ ਦਿੱਤਾ। ਉਨ੍ਹਾਂ ਦਾ ਸਾਰਾ ਮਾਲ਼-ਅਸਬਾਬ ਰੁੜ੍ਹ ਗਿਆ। 48 ਸਾਲਾ ਅਮੀਨਾ, ਉਨ੍ਹਾਂ ਦੇ ਪਤੀ, 56 ਸਾਲਾ ਮੁਹੰਮਦ ਰਮਜ਼ਾਨ ਮੋਲਾ ਅਤੇ ਉਨ੍ਹਾਂ ਦੇ ਛੇ ਬੱਚੇ (ਉਮਰ 2 ਸਾਲ ਤੋਂ 16 ਸਾਲ ਦਰਮਿਆਨ) ਸੁਰੱਖਿਅਤ ਬਚੇ ਰਹਿਣ ਵਿੱਚ ਕਾਮਯਾਬ ਰਹੇ।
ਮੁਹੰਮਦ ਮੋਲਾ ਚੱਕਰਵਾਤ ਆਉਣ ਤੋਂ ਦੋ ਹਫ਼ਤੇ ਪਹਿਲਾਂ ਹੀ ਪਿੰਡ ਮੁੜੇ ਸਨ। ਉਹ ਮਹਾਰਾਸ਼ਟਰ ਦੇ ਪੂਨੇ ਵਿਖੇ ਇੱਕ ਮਾਲ (mall) ਵਿੱਚ ਸਫ਼ਾਈ ਦਾ ਕੰਮ ਕਰਦੇ ਸਨ ਅਤੇ 10,000 ਰੁਪਏ ਮਹੀਨਾ ਕਮਾਉਂਦੇ ਸਨ। ਇਸ ਵਾਰ, ਉਨ੍ਹਾਂ ਨੇ ਪਿੰਡ ਵਿੱਚ ਹੀ ਰੁਕੇ ਰਹਿਣ ਅਤੇ ਨੇੜੇ ਪੈਂਦੇ ਮੋਲਾ ਖਲੀ ਬਜ਼ਾਰ ਵਿੱਚ ਚਾਹ ਦੀ ਦੁਕਾਨ ਖੋਲ੍ਹਣ ਦੀ ਯੋਜਨਾ ਬਣਾਈ ਸੀ।
ਅਮੀਨਾ ਆਪਣੇ ਘਰ ਦਾ ਕੰਮ ਮੁਕਾਉਣ ਬਾਅਦ ਨੇੜਲੀ ਗੋਮੋਰ ਨਦੀਓਂ ਕੇਕੜੇ ਅਤੇ ਮੱਛੀਆਂ ਫੜ੍ਹਦੀ ਅਤੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਂਦੀ। ਉਹ ਇਨ੍ਹਾਂ ਨੂੰ ਬਜ਼ਾਰ ਵਿੱਚ ਵੇਚਿਆ ਕਰਦੀ। ''ਪਰ ਉਸ ਕੰਮ ਵਿੱਚ ਮੈਂ ਰੋਜ਼ਾਨਾ ਕਦੇ 100 ਰੁਪਏ ਵੀ ਨਹੀਂ ਕਮਾਏ ਹੋਣੇ,'' ਉਨ੍ਹਾਂ ਨੇ ਮੈਨੂੰ ਕਿਹਾ।
ਉਨ੍ਹਾਂ ਦੇ ਸਭ ਤੋਂ ਵੱਡੇ ਬੱਚੇ, ਰਕੀਬ ਅਲੀ ਨੇ 2018 ਵਿੱਚ ਸਕੂਲ ਛੱਡ ਦਿੱਤਾ, ਜਦੋਂ ਉਹ 14 ਸਾਲ ਦਾ ਸੀ। '' ਅੱਬਾ ਜੋ ਪੈਸੇ ਘਰ ਭੇਜਦੇ, ਉਸ ਨਾਲ਼ ਅਸੀਂ ਗੁਜ਼ਾਰਾ ਨਹੀਂ ਕਰ ਸਕਦੇ ਸਾਂ। ਇਸਲਈ ਮੈਂ ਕੰਮ ਕਰਨ ਲੱਗਿਆ,'' ਰਕੀਬ ਕਹਿੰਦਾ ਹੈ ਜੋ ਕੋਲਕਾਤਾ ਵਿਖੇ ਸਿਲਾਈ ਦੀ ਇੱਕ ਦੁਕਾਨ 'ਤੇ ਬਤੌਰ ਇੱਕ ਸਹਾਇਕ ਕੰਮ ਕਰਕੇ 5,000 ਰੁਪਏ ਮਹੀਨਾ ਕਮਾਉਂਦਾ ਸੀ। ਕੋਵਿਡ-19 ਤਾਲਾਬੰਦੀ ਦੌਰਾਨ ਜਦੋਂ ਅੰਫ਼ਨ ਚੱਕਰਵਾਤ ਆਇਆ ਤਾਂ ਉਹ ਆਪਣੇ ਘਰ ਹੀ ਸੀ।
ਪਰਿਵਾਰ ਦਾ ਕੱਚਾ ਢਾਰਾ ਜਿਹਦੀ ਛੱਤ ਕੱਖਾਂ ਦੀ ਬਣੀ ਹੋਈ ਹੈ, ਗੋਮੋਰ ਨਦੀ ਕੰਢੇ ਖੜ੍ਹਾ ਸੀ। ਇੱਥੇ ਆਉਂਦੇ ਹਰ ਚੱਕਰਵਾਤ-ਸਿਦਰ (2007), ਆਇਲਾ (2009) ਅਤੇ ਬੁਲਬੁਲ (2019), ਦੇ ਨਾਲ਼ ਇਹ ਨਦੀ ਉਨ੍ਹਾਂ ਦੇ ਘਰ ਦੇ ਨੇੜੇ ਹੋਰ ਨੇੜੇ ਆਉਂਦੀ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਤਿੰਨ ਵਿਘਾ ਜ਼ਮੀਨ (ਇੱਕ ਏਕੜ) ਪਾਣੀ ਵਿੱਚ ਸਮਾ ਗਈ। ਇਸੇ ਜ਼ਮੀਨ 'ਤੇ ਉਹ ਸਾਲ ਵਿੱਚ ਇੱਕ ਵਾਰ ਥੋੜ੍ਹੀਆਂ ਬਹੁਤ ਸਬਜ਼ੀਆਂ ਬੀਜਦੇ ਅਤੇ ਝੋਨਾ ਵੀ ਬੀਜਿਆ ਕਰਦੇ ਸਨ। ਜਿਸ ਸਮੇਂ ਅੰਫਨ ਆਇਆ, ਉਨ੍ਹਾਂ ਕੋਲ਼ ਕੋਈ ਜ਼ਮੀਨ ਬਚੀ ਨਹੀਂ ਰਹਿ ਗਈ ਸੀ।

ਅਮੀਨਾ ਬੀਬੀ ਆਪਣੀ ਸੱਤ ਸਾਲਾ ਧੀ, ਰੇਸ਼ਮਾ ਖ਼ਾਤੂਨ ਦੇ ਨਾਲ਼ ਆਪਣੇ ਉਜੜੇ ਘਰ ਦੇ ਕੋਲ਼ ਖੜ੍ਹੀ
ਇਸ ਸਾਲ 20 ਮਈ ਨੂੰ ਅੰਫ਼ਨ ਦੁਆਰਾ ਇੱਕ ਵਾਰ ਫਿਰ ਤੋਂ ਪਿੰਡ ਅਤੇ ਘਰਾਂ ਅਤੇ ਖੇਤਾਂ ਵਿੱਚ ਚਿੱਕੜ ਅਤੇ ਖਾਰਾ ਪਾਣੀ ਭਰਨ ਤੋਂ ਪਹਿਲਾਂ, ਅਮੀਨਾ ਦੇ ਪਰਿਵਾਰ ਦੇ ਨਾਲ਼ ਨਾਲ਼ ਕਈ ਹੋਰ ਲੋਕਾਂ ਨੂੰ ਬਿਦਯਾਧਰੀ ਅਤੇ ਗੋਮੋਰ ਨਦੀਆਂ ਦੇ ਟੁੱਟੇ ਤਟਾਂ 'ਤੇ ਸਥਿਤ ਛੋਟੇ ਮੋਲਾ ਖਲੀ ਪਿੰਡ ਵਿਖੇ ਅਸਥਾਈ ਰੂਪ ਵਿੱਚ ਵਸਾਇਆ ਗਿਆ ਸੀ। ਰਾਜ ਸਰਕਾਰ ਅਤੇ ਸਥਾਨਕ ਗ਼ੈਰ-ਸਰਕਾਰੀ ਸੰਗਠਨਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਪਕਿਆ ਭੋਜਨ ਅਤੇ ਪਾਣੀ ਦੇ ਪਾਊਚ ਵੰਡੇ। ਇਹ ਆਰਜੀ ਕਮਰੇ ਲੋਕਾਂ ਨਾਲ਼ ਭਰੇ ਪਏ ਸਨ, ਇੱਥੇ ਨਾ ਬਿਜਲੀ ਸੀ ਅਤੇ ਨਾ ਹੀ ਕੋਵਿਡ-19 ਮਹਾਂਮਾਰੀ ਦੇ ਚੱਲ਼ਦਿਆਂ ਦੇਹ ਤੋਂ ਦੂਰੀ ਦਾ ਕੋਈ ਪਾਲਣ ਕਰਨ ਦਾ ਵਿਕਲਪ ਹੀ ਸੀ।
''ਉਹ ਇੱਥੇ ਕਦੋਂ ਤੀਕਰ ਰਹਿਣਗੇ? ਇੱਕ ਮਹੀਨਾ, ਦੋ ਮਹੀਨੇ-ਫਿਰ (ਕਿੱਥੇ ਜਾਣਗੇ)?'' ਰਾਹਤ ਕੈਂਪ ਵਿਖੇ ਭੋਜਨ ਵੰਡਣ ਵਾਲ਼ੇ ਸਥਾਨਕ ਸੰਗਠਨ, ਸੁੰਦਰਬਨ ਨਾਗਰਿਕ ਮੰਚ ਦੇ ਸਕੱਤਰ, ਚੰਦਨ ਮੈਤੀ ਨੇ ਸਵਾਲ ਪੁੱਛਿਆ। ''ਪੁਰਸ਼ਾਂ ਨੂੰ-ਇੱਥੋਂ ਤੱਕ ਕਿ ਨੌਜਵਾਨਾਂ ਨੂੰ ਵੀ- ਰੋਜ਼ੀਰੋਟੀ ਦੀ ਭਾਲ਼ ਵਿੱਚ ਨਿਕਲ਼ਣਾ ਪੈਣਾ ਹੈ। ਜੋ ਲੋਕ ਪਲਾਇਨ ਨਹੀਂ ਕਰ ਸਕਦੇ, ਉਹ ਜਿਊਂਦੇ ਬਚਣ ਵਾਸਤੇ ਮੱਛੀਆਂ, ਕੇਕੜੇ ਅਤੇ ਸ਼ਹਿਦ ਵਾਸਤੇ ਜੰਗਲਾਂ ਅਤੇ ਨਦੀਆਂ 'ਤੇ ਨਿਰਭਰ ਰਹਿਣਗੇ।''
ਬੀਤੇ ਦੋ ਦਹਾਕਿਆਂ ਵਿੱਚ, ਸੁੰਦਰਬਨ ਇਲਾਕੇ ਦੇ ਨਿਵਾਸੀਆਂ ਨੇ ਉੱਚੇ ਜਵਾਰ, ਹੜ੍ਹ ਅਤੇ ਚੱਕਰਵਾਤਾਂ ਦੁਆਰਾ ਲਿਆਂਦੇ ਗਏ ਖਾਰੇ ਪਾਣੀ ਦੇ ਕਾਰਨ ਤੇਜ਼ੀ ਨਾਲ਼ ਖੇਤੀਯੋਗ ਭੂਮੀ ਗੁਆ ਲਈ ਹੈ। ਵਰਲਡ ਵਾਇਲਡਲਾਈਫ਼ ਫ਼ੰਡ ਦੁਆਰਾ 2020 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਸ ਇਲਾਕੇ ਦੇ ਕਰੀਬ 85 ਫ਼ੀਸਦ ਨਿਵਾਸੀ ਹਰ ਸਾਲ ਝੋਨੇ ਦੀ ਇਕਹਿਰੀ ਫ਼ਸਲ ਉਗਾਉਂਦੇ ਸਨ। ਪਰ ਖਾਰਾਪਣ ਮਿੱਟੀ ਦੀ ਜਰਖ਼ੇਜ਼ਤਾ ਖ਼ਤਮ ਕਰ ਦਿੰਦਾ ਹੈ ਅਤੇ ਤਾਜ਼ੇ (ਮਿੱਠੇ) ਪਾਣੀ ਦੇ ਤਲਾਬਾਂ ਨੂੰ ਸੁਕਾ ਦਿੰਦਾ ਹੈ, ਜਿਸ ਕਾਰਨ ਤਾਜ਼ੇ ਪਾਣੀ ਵਿੱਚ ਰਹਿਣ ਵਾਲ਼ੀਆਂ ਮੱਛੀਆਂ ਦੀਆਂ ਪ੍ਰਜਾਤੀਆਂ ਘੱਟ ਰਹੀਆਂ ਹਨ। ਜ਼ਮੀਨ ਨੂੰ ਦੋਬਾਰਾ ਤੋਂ ਖੇਤੀਯੋਗ ਬਣਨ ਵਿੱਚ ਸਾਲਾਂਬੱਧੀ ਸਮਾਂ ਲੱਗ ਜਾਂਦਾ ਹੈ।
''ਪਾਣੀ 10-15 ਦਿਨ ਖੇਤਾਂ ਵਿੱਚ ਹੀ ਖੜ੍ਹਾ ਰਹੇਗਾ,'' ਨਾਮਖਾਨਾ ਬਲਾਕ ਦੇ ਮੌਸੂਨੀ ਦੀਪ 'ਤੇ ਸਥਿਤ ਬਲਿਆਰਾ ਪਿੰਡ ਦੇ 52 ਸਾਲਾ ਅਬੂ ਜਬੈਯਰ ਅਲੀ ਸ਼ਾਹ ਨੇ ਕਿਹਾ। ''ਲੂਣ ਕਾਰਨ, ਇਸ ਭੂਮੀ 'ਤੇ ਨਾ ਹੀ ਕੋਈ ਫ਼ਸਲ ਉਗਣੀ ਅਤੇ ਨਾ ਤਲਾਬਾਂ ਵਿੱਚ ਮੱਛੀਆਂ ਹੀ ਰਹਿਣੀਆਂ।'' ਅਲੀ ਸ਼ਾਹ ਝੀਂਗਿਆਂ ਦੇ ਵਪਾਰੀ ਹਨ; ਉਹ ਨੇੜਲੀਆਂ ਨਦੀਆਂ 'ਚੋਂ ਝੀਂਗਾ ਫੜ੍ਹਨ ਵਾਲ਼ੇ ਪਿੰਡ ਦੇ ਲੋਕਾਂ ਪਾਸੋਂ ਇਹ ਖਰੀਦਦੇ ਹਨ ਅਤੇ ਫਿਰ ਸਥਾਨਕ ਵਿਕ੍ਰੇਤਾਵਾਂ ਨੂੰ ਵੇਚ ਦਿੰਦੇ ਹਨ।
ਉਹ ਅਤੇ ਉਨ੍ਹਾਂ ਦਾ ਪਰਿਵਾਰ-ਪਤਨੀ ਰੁਕੈਯਾ ਬੀਬੀ (45), ਇੱਕ ਗ੍ਰਹਿਣੀ ਜੋ ਕਦੇ-ਕਦਾਈਂ ਕਢਾਈ ਦਾ ਕੰਮ ਕਰਕੇ ਥੋੜ੍ਹੀ-ਬਹੁਤ ਕਮਾਈ ਕਰ ਲੈਂਦੀ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਉਨ੍ਹਾਂ ਦੀ ਕਮਾਈ ਅਤੇ ਉਨ੍ਹਾਂ ਦੇ ਵੱਡੇ ਬੇਟੇ, 24 ਸਾਲਾ ਸਾਹੇਬ ਅਲੀ ਸ਼ਾਹ ਦੀ ਕਮਾਈ ਸਿਰਫ਼ ਪਲ਼ਦੇ ਹਨ। ਸਾਹੇਬ ਕੇਰਲ ਵਿਖੇ ਰਾਜਗਿਰੀ ਦਾ ਕੰਮ ਕਰਦੇ ਹਨ। ''ਉੱਥੇ, ਉਹ ਹੋਰਨਾਂ ਲੋਕਾਂ ਲਈ ਘਰ ਬਣਾ ਰਿਹਾ ਹੈ ਅਤੇ ਦੇਖੋ ਇੱਥੇ ਉਹਦਾ ਆਪਣਾ ਘਰ ਟੁੱਟਦਾ ਜਾ ਰਿਹਾ ਹੈ,'' ਅਬੂ ਜਬੈਯਰ ਨੇ ਕਿਹਾ।
ਸੰਯੁਕਤ ਰਾਸ਼ਟਰ ਦੇ ਖ਼ੁਰਾਕ ਅਤੇ ਖੇਤੀ ਸੰਗਠਨ ਨੇ ਜਾਰੀ ਇੱਕ ਖੋਜ ਪ੍ਰੋਜੈਕਟ 'ਡੈਲਟਾ ਵਲਨਰੈਬਿਲਿਟੀ ਐਂਡ ਕਲਾਇਮੇਟ ਚੇਂਜ: ਮਾਈਗ੍ਰੇਸ਼ਨ ਐਂਡ ਅਡੈਪਸ਼ਨ' ਦੁਆਰਾ ਕੀਤਾ ਗਿਆ ਅਧਿਐਨ ਦੱਸਦਾ ਹੈ ਕਿ 2014 ਅਤੇ 2018 ਵਿਚਕਾਰ, ਸੁੰਦਰਬਨ ਇਲਾਕੇ ਤੋਂ ਹੋਏ ਪ੍ਰਵਾਸਾਂ ਦਾ 64 ਫ਼ੀਸਦ ਪ੍ਰਵਾਸ ਆਰਥਿਕ ਸੰਕਟ ਕਾਰਨ ਹੋਇਆ ਹੈ। ਇਸੇ ਤਰ੍ਹਾਂ, ਅਵਿਜੀਤ ਮਿਸਤਰੀ (ਨਿਸਤਾਰਿਨੀ ਮਹਿਲਾ ਕਾਲਜ, ਪੁਰੂਲੀਆ, ਪੱਛਮ ਬੰਗਾਲ ਦੇ ਸਹਾਇਕ ਪ੍ਰੋਫੈਸਰ) ਦੁਆਰਾ ਸੁੰਦਰਬਨ ਦੇ 200 ਘਰਾਂ ਦੇ ਇੱਕ ਸਰਵੇਖਣਾਂ ਤੋਂ ਪਤਾ ਚੱਲਿਆ ਹੈ ਕਿ ਸਰਵੇਖਣ ਵਿੱਚ ਸ਼ਾਮਲ ਕਰੀਬ ਕਰੀਬ ਤਿੰਨ-ਚੌਥਾਈ ਪਰਿਵਾਰਾਂ ਵਿੱਚ ਘੱਟ ਤੋਂ ਘੱਟ ਇੱਕ ਮੈਂਬਰ ਕੰਮ ਦੀ ਭਾਲ਼ ਵਿੱਚ ਹੋਰਨਾਂ ਜ਼ਿਲ੍ਹਿਆਂ ਅਤੇ ਰਾਜਾਂ ਵਿੱਚ ਪਲਾਇਨ ਕਰ ਚੁੱਕਿਆ ਹੈ।

ਦੱਖਣ 24 ਪਰਗਨਾ ਜ਼ਿਲ੍ਹੇ ਵਿੱਚ ਮੌਸੂਨੀ ਦੀਪ ਦੇ ਬਲਿਆਰਾ ਪਿੰਡ ਦੇ ਅਬੂ ਜਬੈਯਰ ਅਲੀ ਸ਼ਾਹ ਅਤੇ ਰੁਕੈਯਾ ਬੀਬੀ ਨੇ ਆਪਣਾ ਘਰ ਵੀ ਗੁਆ ਲਿਆ। ਇੱਥੇ, ਉਨ੍ਹਾਂ ਦੀਆਂ ਬੇਟੀਆਂ 14 ਸਾਲਾ ਅਸਿਮਨਾ ਖ਼ਾਤੂਨ, ਕੇਰਲ ਵਿਖੇ ਰਾਜਗਿਰੀ ਦਾ ਕੰਮ ਕਰਨ ਵਾਲ਼ੇ ਆਪਣੇ ਵੱਡਾ ਭਰਾ, 19 ਸਾਲਾ ਸਾਹੇਬ ਅਲੀ ਸ਼ਾਹ ਦੁਆਰਾ ਗੱਤੇ (ਕਾਰਡ) ਨਾਲ਼ ਬਣਾਏ ਘਰ ਨੂੰ ਲੈ ਕੇ ਖੜ੍ਹੀ
ਗੋਸਾਬਾ ਬਲਾਕ ਦੇ ਕੁਮੀਰਮਾਰੀ ਪਿੰਡ ਵਿਖੇ ਪ੍ਰਾਇਮਰੀ ਵਿਦਿਆਲੇ ਦੀ ਇੱਕ ਟੀਚਰ, ਪੋਬਿਤ੍ਰਾ ਗਯੇਨ ਦੱਸਦੀ ਹਨ ਕਿ ਇਸ ਇਲਾਕੇ ਦੇ ਕਈ ਬੱਚਿਆਂ ਨੂੰ ਪਲਾਇਨ ਦੇ ਕਾਰਨ ਆਪਣੀ ਪੜ੍ਹਾਈ ਛੱਡਣੀ ਪਈ ਹੈ। ''ਜਿਸ ਤਰ੍ਹਾਂ ਨਦੀ ਹੌਲ਼ੀ-ਹੌਲ਼ੀ ਸਾਡੇ ਘਰਾਂ ਅਤੇ ਜ਼ਮੀਨਾਂ ਨੂੰ ਖਾ ਰਹੀ ਹੈ, ਉਸੇ ਤਰ੍ਹਾਂ ਸਿੱਖਿਆ ਦਾ ਖੇਤਰ ਵੀ ਹੌਲ਼ੀ ਹੌਲ਼ੀ ਵਿਦਿਆਰਥੀਆਂ ਨੂੰ ਗੁਆਉਂਦਾ ਜਾ ਰਿਹਾ ਹੈ,'' ਉਨ੍ਹਾਂ ਨੇ ਕਿਹਾ।
''ਪਿਛਲੇ 3 ਤੋਂ 4 ਸਾਲਾਂ ਵਿੱਚ (2009 ਵਿੱਚ ਆਇਲਾ ਚੱਕਰਵਾਤ ਤੋਂ ਬਾਅਦ) ਹਾਲਤ ਵਿੱਚ ਥੋੜ੍ਹਾ ਸੁਧਾਰ ਹੋਇਆ ਸੀ,'' ਘੋੜਾਮਾਰਾ ਪੰਚਾਇਤ ਦੇ ਪ੍ਰਧਾਨ, ਸੰਜੀਬ ਸਾਗਰ ਨੇ ਕਿਹਾ। ''ਕਾਫ਼ੀ ਸਾਰੇ ਪ੍ਰਵਾਸੀ (ਸੁੰਦਰਬਨ ਇਲਾਕੇ ਵਿਖੇ) ਪਰਤ ਆਏ ਸਨ ਅਤੇ ਖੇਤੀ ਕਰਨਾ, ਤਲਾਬਾਂ ਵਿੱਚ ਮੱਛੀ ਪਾਲਣਾ ਜਾਂ ਛੋਟਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। ਪਰ ਪਹਿਲਾਂ ਬੁਲਬੁਲ ਅਤੇ ਫਿਰ ਅੰਫਨ ਨੇ ਹਰ ਚੀਜ਼ 'ਤੇ ਹੂੰਝਾ ਫੇਰ ਦਿੱਤਾ।''
ਨਾਲ਼ ਲੱਗਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ, 56 ਸਾਲਾ ਨਜ਼ਰੂਲ ਮੋਲਾ ਅਤੇ ਉਨ੍ਹਾਂ ਦਾ ਛੇ ਮੈਂਬਰੀ ਪਰਿਵਾਰ ਅੰਫਨ ਚੱਕਰਵਾਤ ਦੇ ਅਸਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਬੱਚ ਗਿਆ ਪਰ ਉਹ ਉਨ੍ਹਾਂ ਦਾ ਘਰ ਵਹਾ ਲੈ ਗਿਆ। ਮੋਲਾ ਵੀ ਕੇਰਲ ਵਿਖੇ ਰਾਜਗਿਰੀ ਦਾ ਕੰਮ ਕਰਦੇ ਹਨ ਅਤੇ ਕੋਵਿਡ-19 ਤਾਲਾਬੰਦੀ ਕਾਰਨ, ਅੰਫਨ ਆਉਣ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਮਿਨਾਖਾਨ ਬਲਾਕ ਦੇ ਆਪਣੇ ਪਿੰਡ ਉਚਿਲਦਾਹ ਮੁੜ ਆਏ ਸਨ।
ਚੱਕਰਵਾਤ ਦੇ ਅਗਲੇ ਦਿਨ, 21 ਮਈ ਨੂੰ ਨਜ਼ਰੂਲ ਪਲਾਸਟਿਕ ਦੀਆਂ ਸ਼ੀਟਾਂ (ਤਰਪਾਲਾਂ) ਲੈਣ ਗਏ ਜੋ ਸਥਾਨਕ ਅਧਿਕਾਰੀ ਵੰਡ ਰਹੇ ਸਨ ਤਾਂਕਿ ਉਨ੍ਹਾਂ ਨੂੰ ਛੱਤ ਵਜੋਂ ਵਰਤਿਆ ਜਾ ਸਕਦੇ। ਜਦੋਂ ਨਜ਼ਰੂਲ ਦੀ ਵਾਰੀ ਆਈ ਤਾਂ ਚਾਦਰਾਂ ਹੀ ਮੁੱਕ ਗਈਆਂ। ''ਸਾਡੀ ਹਾਲਤ ਭਿਖਾਰੀਆਂ ਨਾਲ਼ੋਂ ਵੀ ਮਾੜੀ ਹੈ,'' ਉਨ੍ਹਾਂ ਨੇ ਮੈਨੂੰ ਦੱਸਿਆ। ''ਇਸ ਵਾਰ ਈਦ (24 ਮਈ ਨੂੰ) ਅਸਮਾਨ ਹੇਠਾਂ ਹੀ ਲੰਘਣੀ ਹੈ।''
ਪਾਥਰਪ੍ਰਤਿਮਾ ਬਲਾਕ ਦੇ ਗੋਪਾਲਨਗਰ ਉੱਤਰ ਪਿੰਡ ਵਿਖੇ, 46 ਸਾਲਾ ਛਬੀ ਭੁੰਇਆ ਆਪਣਾ ਪਿਤਾ ਸ਼ੰਕਰ ਸਰਦਾਰ ਦੀ ਫ਼ੋਟੋ ਦੇ ਟੁੱਟੇ ਫ਼੍ਰੇਮ ਨੂੰ ਕੱਸ ਕੇ ਫੜ੍ਹ ਲੈਂਦੀ ਹਨ ਜਿਨ੍ਹਾਂ ਦੀ ਮੌਤ 2009 ਦੇ ਆਇਲਾ ਚੱਕਰਵਾਤ ਦੌਰਾਨ ਝੌਂਪੜੀ ਡਿੱਗਣ ਕਾਰਨ ਹੋ ਗਈ ਸੀ। ''ਇਸ ਚੱਕਰਵਾਤ (ਅੰਫਨ) ਨੇ ਨਾ ਸਿਰਫ਼ ਸਾਡੇ ਘਰ ਨੂੰ ਖੋਹਿਆ, ਸਗੋਂ ਮੈਨੂੰ ਆਪਣੇ ਪਤੀ ਨਾਲ਼ੋਂ ਵੀ ਵੱਖ ਕਰ ਦਿੱਤਾ (ਮੋਬਾਇਲ ਨੈੱਟਵਰਕਾਂ ਵਿੱਚ ਪਏ ਅੜਿਕੇ ਕਾਰਨ),'' ਉਨ੍ਹਾਂ ਨੇ ਕਿਹਾ।
ਛਬੀ ਦੇ ਪਤੀ, ਸ਼੍ਰੀਦਮ ਭੁੰਇਆ ਆਇਲਾ ਚੱਕਰਵਾਤ ਤੋਂ ਫ਼ੌਰਨ ਬਾਅਦ ਤਮਿਲਨਾਡੂ ਚਲੇ ਗਏ ਸਨ। ਉੱਥੇ ਉਹ ਇੱਕ ਰੇਸਤਰਾਂ ਵਿੱਚ ਬਤੌਰ ਵੇਟਰ ਕੰਮ ਕਰਦੇ ਸਨ ਅਤੇ ਅਚਾਨਕ ਤਾਲਾਬੰਦੀ ਕਾਰਨ ਘਰ ਨਹੀਂ ਪਰਤ ਸਕੇ। ''ਅਖ਼ੀਰਲੀ ਵਾਰੀ ਅਸੀਂ ਦੋ ਦਿਨ ਪਹਿਲਾਂ ਗੱਲ ਕੀਤੀ ਸੀ,'' ਛਬੀ ਨੇ ਮੈਨੂੰ ਦੱਸਿਆ, ਜਦੋਂ ਮਈ ਮਹੀਨੇ ਮੇਰੀ ਉਨ੍ਹਾਂ ਨਾਲ਼ ਗੱਲ ਹੋਈ ਸੀ। ''ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਹ ਕਾਫ਼ੀ ਪਰੇਸ਼ਾਨ ਹਨ- ਉਨ੍ਹਾਂ ਕੋਲ਼ ਨਾ ਖਾਣਾ ਹੈ ਅਤੇ ਨਾ ਹੀ ਪੈਸੇ।''
ਗੋਪਾਲਨਗਰ ਉੱਤਰ ਵਿੱਚ ਮ੍ਰਿਦੰਗਭੰਗ (ਜਿਹਨੂੰ ਸਥਾਨਕ ਭਾਸ਼ਾ ਵਿੱਚ ਗੋਬੋਡਿਆ ਕਿਹਾ ਜਾਂਦਾ ਹੈ) ਨਦੀ ਦੇ ਕੰਢੇ ਇੱਕ ਤਟ 'ਤੇ ਖੜ੍ਹੇ ਹੋ ਕੇ ਪਿੰਡ ਦੇ ਇਸ 86 ਸਾਲਾ ਬਜ਼ੁਰਗ ਸਨਾਤਨ ਸਰਦਾਰ ਨੇ ਕਿਹਾ,''ਵਰ੍ਹੇ ਪਹਿਲਾਂ, ਪ੍ਰਵਾਸੀ ਪੰਛੀਆਂ ਦੇ ਝੁੰਡਾਂ ਦੇ ਝੁੰਡ ਇੱਥੇ (ਸੁੰਦਰਬਨ) ਆਉਂਦੇ ਸਨ। ਹੁਣ ਨਹੀਂ ਆਉਂਦੇ। ਅਸੀਂ ਖ਼ੁਦ ਹੀ ਪ੍ਰਵਾਸੀ ਬਣ ਗਏ ਹਾਂ।''
ਪੋਸਟਸਕ੍ਰਿਪਟ : ਇਸ ਰਿਪੋਰਟਰ ਨੇ 23 ਜੁਲਾਈ ਨੂੰ ਜਦੋਂ ਅਮੀਨਾ ਬੀਬੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ਼ ਦੋਬਾਰਾ ਮੁਲਾਕਾਤ ਕੀਤੀ ਤਾਂ ਉਹ ਵਾਪਸ ਆਪਣੇ ਪਿੰਡ ਜਾ ਚੁੱਕੇ ਸਨ। ਪਾਣੀ ਸੁੱਕ ਗਿਆ ਸੀ ਅਤੇ ਉਨ੍ਹਾਂ ਨੇ ਬਾਂਸ ਅਤੇ ਪਲਾਸਟਿਕ ਦੀਆਂ ਚਾਦਰਾਂ ਸਹਾਰੇ ਇੱਕ ਆਰਜ਼ੀ ਕੁੱਲੀ ਜਿਹੀ ਬਣਾ ਲਈ ਸੀ। ਰਮਜ਼ਾਨ ਅਜੇ ਵੀ ਘਰੇ ਹੀ ਸਨ ਅਤੇ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਕੰਮ ' ਤੇ ਨਹੀਂ ਜਾ ਸਕੇ ਸਨ। ਉਨ੍ਹਾਂ ਕੋਲ਼ ਹੁਣ ਆਪਣੀ ਚਾਹ ਦੀ ਦੁਕਾਨ ਖੋਲ੍ਹਣ ਜੋਗੇ ਵੀ ਪੈਸੇ ਨਹੀਂ ਹਨ।
ਨਜ਼ਰੂਲ ਮੋਲਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ਼ ਨਾਲ਼ ਹੋਰ ਲੋਕਾਂ ਨੇ ਵੀ ਆਪਣੇ ਟੁੱਟੇ ਮਕਾਨਾਂ ਅਤੇ ਜੀਵਨ ਨੂੰ ਦੋਬਾਰਾ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ।

' ਤੁਸੀਂ ਕਦੋਂ ਤੀਕਰ ਆਪਣੀ ਭੂਮੀ ਦਾ ਖੋਰਨ ਅਤੇ ਆਪਣੀ ਰੋਜ਼ੀਰੋਟੀ ਦਾ ਹੱਥੋਂ ਖੁੱਸਦੇ ਜਾਣਾ ਦੇਖ ਸਕਦੇ ਹੋ ?' ਘੋੜਾਮਾਰਾ ਦੀਪ ਦੇ ਚੁਨਪੁਲੀ ਪਿੰਡ ਦੀ ਜਮਾਤ 9ਵੀਂ ਦੇ ਵਿਦਿਆਰਥੀ, 15 ਸਾਲਾ ਅਗਸਰ ਅਲੀ ਸ਼ਾਹ ਪੁੱਛਦੇ ਹਨ। ਉਨ੍ਹਾਂ ਦਾ ਪੂਰਾ ਪਿੰਡ ਚੱਕਰਵਾਤ ਦੀ ਬਲ਼ੀ ਚੜ੍ਹ ਗਿਆ ਸੀ

ਪੁਇੰਜਲੀ ਪਿੰਡ, ਤੁਸਖਲੀ-ਅਮਤਲੀ ਦੀਪ, ਗੋਸਾਬਾ ਬਲਾਕ : 20 ਮਈ ਨੂੰ ਅੰਫ਼ਨ ਚੱਕਰਵਾਤ ਨੇ ਖੇਤੀਯੋਗ ਕਈ ਏਕੜ ਭੂਮੀ ਨੂੰ ਪਾਣੀ ਵਿੱਚ ਡੁਬੋ ਛੱਡਿਆ

ਪਾਥਰਪ੍ਰਤਿਮਾ ਬਲਾਕ ਦੇ ਗੋਪਾਲਨਗਰ ਉੱਤਰ ਪ੍ਰਦੇਸ਼ ਵਿਖੇ, 46 ਸਾਲਾ ਛਬੀ ਭੁੰਇਆ ਆਪਣੇ ਪਿਤਾ ਸ਼ੰਕਰ ਸਰਦਾਰ ਦੀ ਫ਼ੋਟੋ ਦੇ ਟੁੱਟੇ ਫ਼੍ਰੇਮ ਨੂੰ ਕੱਸ ਕੇ ਫੜ੍ਹ ਲੈਂਦੀ ਹਨ, ਜਿਨ੍ਹਾਂ ਦੀ ਮੌਤ 2009 ਦੇ ਆਇਲਾ ਚੱਕਰਵਾਤ ਦੌਰਾਨ ਝੌਂਪੜੀ ਡਿੱਗਣ ਕਾਰਨ ਹੋਈ ਸੀ

ਨਜ਼ਰੂਲ ਮੋਲਾ ਕੇਰਲ ਵਿਖੇ ਰਾਜਗਿਰੀ ਦਾ ਕੰਮ ਕਰਦੇ ਸਨ ਅਤੇ ਕੋਵਿਡ-19 ਤਾਲਾਬੰਦੀ ਕਾਰਨ, ਅੰਫਨ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਮਿਨਾਖਾਨ ਬਲਾਕ ਦੇ ਆਪਣੇ ਪਿੰਡ, ਉਚਿਲਦਾਹ ਪਰਤ ਆਏ ਸਨ

14 ਸਾਲਾ ਸੁਵੰਕਰ ਭੁੰਇਆ, ਪੂਰਬ ਮੇਦਿਨੀਪੁਰ ਜ਼ਿਲ੍ਹੇ ਵਿੱਚ ਮੱਛੀ ਫੜ੍ਹਨ ਦੀ ਇੱਕ ਥਾਂ ਵਿਖੇ ਰਾਤ ਨੂੰ ਪਹਿਰੇਦਾਰੀ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਪਿਤਾ, 48 ਸਾਲਾ ਬਬਲੂ ਭੁੰਇਆ ਕੇਰਲ ਵਿਖੇ ਨਿਰਮਾਣ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਹਨ

ਘੋੜਾਮਾਰਾ ਦੀਪ ਦੇ ਚੁਨਪੁਰੀ ਪਿੰਡ ਦੀ 21 ਸਾਲਾ ਤਹੋਮੀਨਾ ਖ਼ਾਤੂਨ, ਰਾਹਤ ਕੈਂਪ ਵਿਖੇ ਰਜ਼ਾਈ ਸਿਉਂਦੀ ਹੋਈ। ਉਹ ਉੱਚ ਜਵਾਰ ਦੌਰਾਨ ਮੁਰੀਗੰਗਾ ਨਦੀ ਵਿੱਚੋਂ ਛੋਟੇ-ਛੋਟੇ ਝੀਂਗੇ ਫੜ੍ਹਦੀ ਹਨ, ਜਿਸ ਤੋਂ ਉਹ ਇੱਕ ਦਿਨ ਵਿੱਚ 100 ਰੁਪਏ ਤੋਂ ਘੱਟ ਹੀ ਆਮਦਨੀ ਹੁੰਦੀ ਹੈ। ਉਨ੍ਹਾਂ ਦਾ ਮਾਤਾ-ਪਿਤਾ ਆਂਧਰਾ ਪ੍ਰਦੇਸ਼ ਵਿਖੇ ਇੱਕ ਫਿਸ਼ਰੀ ਵਿੱਚ ਪ੍ਰਵਾਸੀ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਹਨ

ਗੋਸਾਬਾ ਬਲਾਕ ਦੇ ਰੰਗਬੇਲੀਆ ਪਿੰਡ ਵਿੱਚ, ਜਮੁਨਾ ਜਾਨ ਅਤੇ ਹੋਰ ਲੋਕਾਂ ਨੂੰ ਅੰਫਨ ਚੱਕਰਵਾਤ ਤੋਂ ਬਾਅਦ ਇੱਕ ਸਥਾਨਕ ਸੰਗਠਨ ਪਾਸੋਂ ਰਾਸ਼ਨ ਅਤੇ ਹੋਰ ਸਮੱਗਰੀ ਮਿਲ਼ੀ ਸੀ


ਖੱਬੇ : ਗੋਸਾਬਾ ਬਲਾਕ ਦੇ ਛੋਟੋ ਮੋਲਾ ਖਲੀ ਦੀਪ ਦੇ ਕਾਲੀਦਾਸਪੁਰ ਪਿੰਡ ਦੀਆਂ ਔਰਤਾਂ, ਇੱਕ ਸਥਾਨਕ ਸੰਗਠਨ ਪਾਸੋਂ ਰਾਹਤ ਸਮੱਗਰੀ ਇੱਕਠੀ ਕਰ ਘਰ ਮੁੜਦੀਆਂ ਹੋਈਆਂ। ਸੱਜੇ : ਮੌਸੂਨੀ ਦੀਪ ਦੇ ਬਲਿਆਰਾ ਪਿੰਡ ਵਿਖੇ ਉੱਚੇ ਜਵਾਰ ਦੌਰਾਨ ਖੇਡ ਰਹੇ ਬੱਚੇ। ਉਨ੍ਹਾਂ ਦੇ ਪਿਤਾ ਉੱਤਰਾਖੰਡ ਦੇ ਝੋਨੇ ਦੇ ਖੇਤਾਂ ਵਿੱਚ ਪ੍ਰਵਾਸੀ ਮਜ਼ਦੂਰ ਵਜੋਂ ਕੰਮ ਕਰਦੇ ਹਨ

ਦੱਖਣ 24 ਪਰਗਨਾ ਦੇ ਪਾਥਰਪ੍ਰਤਿਮਾ ਬਲਾਕ ਦੇ ਗੋਪਾਲਨਗਰ ਉੱਤਰ ਵਿੱਚ ਬੱਚੇ ਆਪਣੀਆਂ ਮਾਵਾਂ ਦੇ ਨਾਲ਼, ਆਇਲਾ ਬੰਨ੍ਹ ਵਿੱਚੋਂ ਦੀ ਹੋ ਕੇ ਘਰਾਂ ਨੂੰ ਮੁੜਦੇ ਹੋਏ। ਚੱਕਰਵਾਤ ਆਇਲਾ ਤੋਂ ਬਾਅਦ ਸੁੰਦਰਬਨ ਇਲਾਕੇ ਵਿੱਚ ਨਦੀਆਂ ਦੇ ਕੰਢੇ ਕਈ ਬੰਨ੍ਹ ਬਣਾਏ ਗਏ। ਇਨ੍ਹਾਂ ਨੂੰ ਸਥਾਨਕ ਤੌਰ ' ਤੇ ਆਇਲਾ ਬੰਨ੍ਹ ਕਿਹਾ ਜਾਂਦਾ ਹੈ

ਦੱਖਣ
24 ਪਰਗਨਾ ਦੇ ਕਾਕਦਵੀਪ ਦੀ 46 ਸਾਲਾ ਪੂਰਨਿਮਾ ਮੋਂਡਲ, ਆਪਣੇ ਬੱਚੇ ਦੇ ਨਾਲ਼ ਆਪਣੀ ਕੱਖਾਂ ਦੀ
ਕੁੱਲੀ ਦੇ ਸਾਹਮਣੇ ਖੜ੍ਹੀ ਹਨ। ਉਨ੍ਹਾਂ ਦੇ ਪਤੀ 52 ਸਾਲਾ ਪ੍ਰੋਵਾਸ ਮੋਂਡਲ ਮਹਾਰਾਸ਼ਟਰ ਦੇ ਨਾਸਿਕ
ਵਿਖੇ ਨਿਰਮਾਣ ਥਾਵਾਂ
'
ਤੇ ਮਜ਼ਦੂਰੀ ਕਰਦੇ ਹਨ। ਉਹ ਹਰ ਰੋਜ਼
ਆਸਪਾਸ ਦੀਆਂ ਨਦੀਆਂ ਤੋਂ ਮੱਛੀਆਂ ਅਤੇ ਕੇਕੜੇ ਫੜ੍ਹਦੇ ਹਨ
ਤਰਜਮਾ: ਕਮਲਜੀਤ ਕੌਰ