"ਅਸੀਂ ਪਹਿਲਾਂ ਵੀ (2018) ਲੰਬੀ ਯਾਤਰਾ ਵੇਲੇ ਟਰਪਾ ਖੇਡਿਆ ਸੀ ਅਤੇ ਅਸੀਂ ਹੁਣ ਵੀ ਟਰਪਾ ਖੇਡ ਰਹੇ ਹਾਂ। ਅਸੀਂ ਖਾਸ ਮੌਕਿਆਂ ਵੇਲੇ ਹੀ ਖੇਡਦੇ ਹਾਂ," ਆਪਣੇ ਹੱਥ ਵਿੱਚ ਫੜ੍ਹੇ ਹਵਾ-ਸਾਜ਼ ਵੱਲ ਇਸ਼ਾਰਾ ਕਰਦਿਆਂ ਰੁਪੇਸ਼ ਰੋਜ ਕਹਿੰਦਾ ਹੈ। ਰੁਪੇਸ਼ ਮਹਾਂਰਾਸ਼ਟਰ ਤੋਂ ਦਿੱਲੀ ਜਾਣ ਵਾਲੇ ਉਨ੍ਹਾਂ ਕਿਸਾਨਾਂ ਵਿੱਚੋਂ ਹੀ ਇੱਕ ਹੈ ਜੋ-ਵੈਨਾਂ, ਟੈਂਪੂਆਂ, ਜੀਪਾਂ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਰਾਜਧਾਨੀ ਦੀਆਂ ਸੀਮਾਵਾਂ 'ਤੇ ਪ੍ਰਦਰਸ਼ਨ ਵਿੱਚ ਡਟੇ ਕਿਸਾਨਾਂ ਦੀ ਹਮਾਇਤ ਕਰਨ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕਈ ਕਿਸਾਨ ਪੰਜਾਬ-ਹਰਿਆਣਾ ਤੋਂ ਵੀ ਹਨ।
2020 ਦੇ ਸਤੰਬਰ ਮਹੀਨੇ ਸੰਸਦ ਵਿੱਚ ਪਾਸ ਹੋਏ ਇਨ੍ਹਾਂ ਨਵੇਂ ਖੇਤੀ ਕਨੂੰਨਾਂ ਤੋਂ ਬਾਅਦ ਤੋਂ ਹੀ ਦੇਸ਼ ਭਰ ਵਿੱਚ ਲੱਖਾਂ ਹੀ ਕਿਸਾਨ ਇਨ੍ਹਾਂ ਕਨੂੰਨਾਂ ਦੇ ਰੱਦ ਕੀਤੇ ਜਾਣ ਦੀ ਮੰਗ ਵਿੱਚ ਪ੍ਰਦਰਸ਼ਨ ਕਰਦੇ ਰਹੇ ਹਨ।
21 ਦਸੰਬਰ ਦੀ ਦੁਪਹਿਰ ਵੇਲੇ ਮਹਾਂਰਾਸ਼ਟਰ ਦੇ ਜ਼ਿਲ੍ਹਿਆਂ 'ਚੋਂ ਆਏ ਕਰੀਬ 2,000 ਕਿਸਾਨ, ਜਿਨ੍ਹਾਂ ਵਿੱਚ ਬਹੁਤੇਰੇ ਨਾਸ਼ਿਕ, ਨੰਦੇੜ ਅਤੇ ਪਾਲਘਰ ਵਿੱਚੋਂ ਹਨ- ਵਾਹਨ ਮੋਰਚਾ ਕੱਢਦੇ ਹੋਏ ਦਿੱਲੀ ਜਾਣ ਲਈਜੱਥਾ ਬਣਾਉਣ ਵਾਸਤੇ ਪਹਿਲਾਂ ਸੈਂਟਰ ਨਾਸ਼ਿਕ ਦੇ ਗੋਲਫ਼ ਕਲੱਬ ਗਰਾਊਂਡ ਵਿੱਚ ਇਕੱਠੇ ਹੋਏ। ਇਹ ਹਜ਼ੂਮ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਮਾਨਤਾ ਪ੍ਰਾਪਤ ਕੁੱਲ ਭਾਰਤੀ ਕਿਸਾਨ ਸਭਾ ਵੱਲੋਂ ਉੱਭਾਰਿਆ ਗਿਆ ਹੈ। ਇਨ੍ਹਾਂ ਵਿੱਚੋਂ 1000 ਦੇ ਕਰੀਬ ਨੇ ਲੋਕਾਂ ਨੇ ਮੱਧ ਪ੍ਰਦੇਸ਼ ਸੀਮਾ ਤੋਂ ਯਾਤਰਾ ਜਾਰੀ ਰੱਖੀ ਹੋਈ ਹੈ ਅਤੇ ਉਹ ਦੇਸ਼ ਦੀ ਰਾਜਧਾਨੀ ਵੱਲ ਨੂੰ ਵੱਧ ਰਹੇ ਹਨ।
ਨਾਸ਼ਿਕ ਵਿੱਚ ਇਕੱਠੇ ਹੋਏ ਹਮਦਰਦਾਂ ਵਿੱਚੋਂ ਹੀ 40 ਸਾਲਾ ਰੁਪੇਸ਼ ਵੀ ਹੈ ਜੋ ਪਾਲਘਰ ਦੇ ਵਾੜਾ ਕਸਬੇ ਦਾ ਰਹਿਣ ਵਾਲਾ ਹੈ ਅਤੇ ਉਹ ਵਰਲੀ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ। "ਸਾਡੇ ਆਦਿਵਾਸੀਆਂ ਵਿੱਚ ਆਪਣੇ ਟਰਪਾ ਪ੍ਰਤੀ ਅਪਾਰ ਸ਼ਰਧਾ (ਆਦਰ) ਹੈ," ਉਹ ਕਹਿੰਦਾ ਹੈ। "ਅਸੀਂ ਦਿੱਲੀ ਤੱਕ ਦੇ ਆਪਣੇ ਸਫ਼ਰ ਵਿੱਚ ਨੱਚਦੇ ਅਤੇ ਖੇਡਦੇ ਜਾਵਾਂਗੇ।"

"ਮੈਂ ਰੋਜ਼-ਰੋਜ਼ ਦੋ ਕਿਲੋਮੀਟਰ ਤੱਕ ਇਨ੍ਹਾਂ ਪਾਣੀ ਨਾਲ਼ ਭਰੇ ਭਾਂਡਿਆਂ ਨੂੰ ਚੁੱਕ-ਚੁੱਕ ਕੇ ਥੱਕ ਗਈ ਹਾਂ। ਸਾਨੂੰ ਆਪਣੇ ਬੱਚਿਆਂ ਅਤੇ ਜ਼ਮੀਨ ਵਾਸਤੇ ਪਾਣੀ ਚਾਹੀਦਾ ਹੈ," ਗੀਤਾ ਗੰਗੋਰਡੇ ਕਹਿੰਦੀ ਹੈ, ਜੋ ਮਹਾਂਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੀ ਇੱਕ ਆਦਿਵਾਸੀ ਮਜ਼ਦੂਰ ਹੈ। ਮੋਹਨਬਾਈ ਦੇਸ਼ਮੁੱਖ ਜੋ ਆਪਣੀ ਉਮਰ ਦੇ 60ਵੇਂ ਸਾਲ ਵਿੱਚ ਹੈ, ਕਹਿੰਦੀ ਹੈ, "ਅੱਜ ਅਸੀਂ ਇੱਥੇ ਪਾਣੀ ਵਾਸਤੇ ਹਾਂ। ਮੇਰੀ ਇੱਛਾ ਹੈ ਕਿ ਸਰਕਾਰ ਸਾਡੀ ਪੁਕਾਰ ਸੁਣੇ ਅਤੇ ਸਾਡੇ ਪਿੰਡ ਵਾਸਤੇ ਕੁਝ ਨਾ ਕੁਝ ਕਰੇ।"

ਰਾਧੂ ਗਾਇਕਵੜ (ਖੱਬੇ ਕੋਨੇ ਵਿੱਚ) ਦੇ ਪਰਿਵਾਰ ਕੋਲ਼ ਪੰਜ ਏਕੜ ਜ਼ਮੀਨ ਹੈ ਜੋ ਸੰਗਾਮਨੇਰ ਤਾਲੁਕਾ ਦੇ ਸ਼ਿੰਗਦੋਦੀ ਪਿੰਡ ਵਿੱਚ ਸਥਿਤ ਹੈ ਅਤੇ ਇਹ ਇਲਾਕਾ ਅਹਿਮਦਨਗਰ ਜ਼ਿਲ੍ਹੇ ਵਿੱਚ ਹੈ, ਜਿੱਥੇ ਉਹ ਮੁੱਖ ਤੌਰ 'ਤੇ ਬਾਜਰੇ ਅਤੇ ਸੋਇਆਬੀਨ ਦੀ ਕਾਸ਼ਤ ਕਰਦੇ ਹਨ। "ਸਾਡਾ ਅਹਿਮਦਨਗਰ ਸੋਕਾ ਮਾਰਿਆ ਇਲਾਕਾ ਹੈ। ਸਾਡੇ ਕੋਲ਼ ਜ਼ਮੀਨ ਤਾਂ ਕਾਫੀ ਹੈ ਪਰ ਅਸੀਂ ਇਹਨੂੰ ਵਾਹ ਨਹੀਂ ਸਕਦੇ। ਜਦੋਂ ਅਸੀਂ ਆਪਣੀ ਫ਼ਸਲ ਵੇਚਣ ਜਾਂਦੇ ਹਾਂ ਤਾਂ ਸਾਨੂੰ ਮੰਡੀ ਵਿੱਚ ਢੁੱਕਵੇਂ ਭਾਅ ਨਹੀਂ ਮਿਲ਼ਦੇ। ਸਾਡੇ ਜ਼ਿਲ੍ਹੇ ਦੇ ਵੱਡੇ ਨੇਤਾ ਸਾਡੇ ਆਦਿਵਾਸੀਆਂ ਦੇ ਪੱਲੇ ਕੁਝ ਨਹੀਂ ਪਾਉਂਦੇ। ਉਹ ਭਾਅ ਸਿਰਫ਼ ਆਪਣੇ ਜਿਹੇ ਹੋਰਨਾਂ ਲੋਕਾਂ ਨੂੰ ਹੀ ਦਿੰਦੇ ਹਨ।"

ਨਰਾਇਣ ਗਾਇਕਵੜ, ਉਮਰ 72 ਸਾਲ, ਜੋ ਕੋਲ੍ਹਾਪੁਰ ਜ਼ਿਲ੍ਹੇ ਵਿੱਚ ਪੈਂਦੇ ਸ਼ਿਰੋਲ ਤਾਲੁਕਾ ਦੇ ਪਿੰਡ ਜੰਭਾਲੀ ਦਾ ਵਸਕੀਨ ਹੈ, ਕਹਿੰਦਾ ਹੈ, "ਜਦੋਂ ਤੱਕ ਇਨਕਲਾਬ ਨਹੀਂ ਹੁੰਦਾ, ਕਿਸਾਨ ਖੁਸ਼ਹਾਲ ਨਹੀਂ ਹੋਣਗੇ " ਉਹ ਤਿੰਨ ਏਕੜ ਜ਼ਮੀਨ ਦਾ ਮਾਲਕ ਹੈ ਜਿੱਥੇ ਉਹ ਕਮਾਦ ਉਗਾਉਂਦਾ ਹੈ। "ਅਸੀਂ ਸਿਰਫ਼ ਪੰਜਾਬ ਦੇ ਕਿਸਾਨਾਂ ਵਾਸਤੇ ਹੀ ਦਿੱਲੀ ਨਹੀਂ ਜਾ ਰਹੇ ਸਗੋਂ ਨਵੇਂ ਕਨੂੰਨਾਂ ਖਿਲਾਫ਼ ਮੁਜਾਹਰਾ ਕਰਨ ਵਾਸਤੇ ਜਾ ਰਹੇ ਹਾਂ, "ਉਹ ਕਹਿੰਦਾ ਹੈ। "ਸਾਡੇ ਪਿੰਡ ਵਿੱਚ ਕਮਾਦ ਦੀ ਕਾਸ਼ਤ ਵਾਸਤੇ ਕਾਫੀ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ, ਪਰ ਬਿਜਲੀ ਦੀ ਸਪਲਾਈ ਸਿਰਫ਼ 8 ਘੰਟੇ ਹੀ ਮਿਲ਼ਦੀ ਹੈ।" ਹਫ਼ਤੇ ਵਿੱਚ ਸਿਰਫ਼ 4 ਦਿਨ ਹੀ ਬਿਜਲੀ ਆਉਂਦੀ ਹੈ ਉਹ ਵੀ ਸਿਰਫ਼ ਦਿਨ ਵੇਲੇ ਅਤੇ ਬਾਕੀ ਦੇ ਤਿੰਨ ਦਿਨ ਰਾਤ ਵੇਲੇ। "ਸਰਦੀਆਂ ਵਿੱਚ ਰਾਤ ਵੇਲੇ ਕਮਾਦ ਦੇ ਖੇਤਾਂ ਨੂੰ ਪਾਣੀ ਲਾਉਣਾ ਬੇਹੱਦ-ਮੁਸ਼ਕਲ ਹੁੰਦਾ ਹੈ ਅਤੇ ਅਸੀਂ ਕਾਸ਼ਤ ਕਰਨ ਦੇ ਅਯੋਗ ਰਹਿੰਦੇ ਹਾਂ," ਗਾਇਕਵੜ ਕਹਿੰਦਾ ਹੈ।

"ਬਿਲਕੁਲ ਉਵੇਂ ਹੀ ਜਿਵੇਂ ਈਸਟ ਇੰਡੀਆ ਕੰਪਨੀ ਨੇ ਸਾਨੂੰ ਗ਼ੁਲਾਮ ਬਣਾਇਆ, ਮੋਦੀ ਸਰਕਾਰ ਵੀ ਉਸੇ ਤਰਜ਼ 'ਤੇ ਕਿਸਾਨਾਂ ਨਾਲ਼ ਗ਼ੁਲਾਮ ਜਿਹਾ ਸਲੂਕ ਕਰਦੀ ਹੈ। ਉਹ ਸਿਰਫ਼ ਇਹੀ ਚਾਹੁੰਦੇ ਹਨ ਕਿ ਅਦਾਨੀ ਅਤੇ ਅੰਬਾਨੀ ਨਫਾ ਕਮਾਉਣ ਬਾਕੀ ਜਾਣ ਢੱਠੇ ਖੂਹ ਵਿੱਚ। ਜ਼ਰਾ ਆਦਿਵਾਸੀਆਂ ਦੀ ਹਾਲਤ ਵੱਲ ਦੇਖੋ। ਅੱਜ ਮੈਂ ਆਪਣੇ ਬੱਚਿਆਂ ਨੂੰ ਵੀ ਨਾਲ਼ ਲਿਆਇਆਂ ਹਾਂ ਤਾਂ ਕਿ ਉਹ ਦੇਖ ਸਕਣ ਕਿ ਇਸ ਦੇਸ਼ ਅੰਦਰ ਕਿਸਾਨਾਂ ਨਾਲ਼ ਕਿਹੋ-ਜਿਹਾ ਸਲੂਕ ਕੀਤਾ ਜਾ ਰਿਹਾ ਹੈ। ਇੱਥੇ ਆਉਣਾ ਉਨ੍ਹਾਂ ਲਈ ਇੱਕ ਸਬਕ ਰਿਹਾ, 60 ਸਾਲਾਂ ਦੇ ਸ਼ਾਮਸਿੰਗ ਪਾਦਵੀ ਕਹਿੰਦਾ ਹੈ, ਜੋ ਕਿ ਭੀਲ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ। ਉਹਦੇ ਪੁੱਤਰ ਸ਼ੰਕਰ ਉਮਰ 16 ਸਾਲ ਅਤੇ ਭਗਤ ਉਮਰ 11 ਸਾਲ ਉਨ੍ਹਾਂ 27 ਲੋਕਾਂ ਵਿੱਚੋਂ ਹਨ ਜੋ ਨੰਦੁਰਬਰ ਜ਼ਿਲ੍ਹੇ ਦੇ ਪਿੰਡ ਧਾਨਪੁਰ ਤੋਂ ਵਾਹਨ ਜੱਥੇ ਵਿੱਚ ਸ਼ਾਮਲ ਹੋਏ ਹਨ।

ਸੰਸਕਾਰ ਪਗਾਰਿਆ ਪਹਿਲੀ ਵਾਰ ਆਪਣੇ ਪਿੰਡ ਵਿੱਚ ਕਿਸਾਨ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ, ਜੋ ਕਿ ਨਾਸ਼ਿਕ ਜ਼ਿਲ੍ਹੇ ਦੇ ਸੁਰਗਾਨਾ ਤਾਲੁਕਾ ਵਿੱਚ ਸਥਿਤ ਹੈ, ਜਦੋਂ ਉਹ ਮਹਿਜ 10 ਸਾਲਾਂ ਦਾ ਸੀ। ਉਦੋਂ ਤੋਂ ਹੀ, ਉਹ ਮਹਾਂਰਾਸ਼ਟਰ ਵਿਚਲੇ ਕਈ ਮੁਜਾਹਰਿਆਂ ਦਾ ਹਿੱਸਾ ਰਿਹਾ ਹੈ, ਇੱਥੋਂ ਤੱਕ ਕਿ ਉਹ 2018 ਦੀ ਨਾਸ਼ਿਕ ਤੋਂ ਮੁੰਬਈ ਤੱਕ ਦੀ ਲੰਬੀ ਯਾਤਰਾ (ਲੋਂਗ ਮਾਰਚ) ਵਿੱਚ ਵੀ ਸ਼ਾਮਲ ਰਿਹਾ। ਸੰਸਕਾਰ ਦੇ ਸਾਂਝੇ ਪਰਿਵਾਰ ਦੇ 19 ਲੋਕਾਂ ਕੋਲ਼ 13-14 ਏਕੜ ਜ਼ਮੀਨ ਹੈ, ਜੋ ਜ਼ਮੀਨ ਉਨ੍ਹਾਂ ਨੇ ਆਪਣੇ ਭਿਆਲਾਂ ਨੂੰ ਦੇ ਦਿੱਤੀ। "ਜਿੱਥੇ ਕਿਤੇ ਵੀ ਕਿਸਾਨਾਂ ਦਾ ਮੁਜਾਹਰਾ ਹੋਵੇਗਾ ਮੈਂ ਉਨ੍ਹਾਂ ਦੇ ਨਾਲ਼ ਖੜ੍ਹਾ ਰਹਾਂਗਾ। ਭਾਵੇਂ ਮੈਨੂੰ ਜੇਲ੍ਹ ਹੀ ਹੋ ਜਾਵੇ, ਮੈਂ ਜੇਲ੍ਹ ਵੀ ਚਲਾ ਜਾਵਾਂਗਾ," 19 ਸਾਲਾ ਸੰਸਕਾਰ ਦਾ ਕਹਿਣਾ ਹੈ। ਸੰਸਕਾਰ ਆਪਣੀ ਬਾਰ੍ਹਵੀਂ ਜਮਾਤ ਦੇ ਪੇਪਰ ਉਡੀਕ ਰਿਹਾ ਹੈ, ਜੋ ਕਿ ਮਹਾਂਮਾਰੀ ਅਤੇ ਤਾਲਾਬੰਦੀ ਕਰਕੇ ਮੁਲਤਵੀ ਹੋ ਗਏ।

21 ਦਸੰਬਰ ਨੂੰ, ਨੰਦੇੜ ਜ਼ਿਲ੍ਹੇ ਦੇ ਕਰੀਬ 100 ਕਿਸਾਨ ਨਾਸ਼ਿਕ ਤੋਂ ਦਿੱਲੀ ਤੱਕ ਮਾਰਚ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਹੋਏ। ਉਨ੍ਹਾਂ ਵਿੱਚੋਂ ਹੀ ਇੱਕ ਨਾਮਦਿਓ ਸ਼ੇਦਮਾਕੇ ਵੀ ਸੀ, ਜੋ ਕਿ ਜ਼ਿਲ੍ਹੇ ਦੇ ਭੀਲਗਾਓਂ ਪਿੰਡ ਦਾ ਗੋਂਡ ਆਦਿਵਾਸੀ ਹੈ। ਉਹ ਪੰਜ ਏਕੜ ਭੂਮੀ ਦਾ ਮਾਲਕ ਹੈ ਅਤੇ ਨਰਮਾ ਅਤੇ ਸੋਇਆਬੀਨ ਦੀ ਕਾਸ਼ਤ ਕਰਦਾ ਹੈ। 49 ਸਾਲ ਦੇ ਕਿਸਾਨ (ਤਸਵੀਰ ਵਿੱਚ ਵਿਚਕਾਰ ਨੀਲੀ ਕਮੀਜ਼ ਵਿੱਚ) ਕਹਿੰਦਾ ਹੈ,"ਅਸੀਂ ਕਿਸਾਨ-ਵਿਰੋਧੀ ਸਰਕਾਰ ਖਿਲਾਫ਼ ਆਪਣੀ ਲੜਾਈ ਜਿੱਤਣ ਵਾਸਤੇ ਜਾ ਰਹੇ ਹਾਂ। ਸਾਡਾ ਪਿੰਡ ਪਹਾੜੀ ਵਾਲੇ ਪਾਸੇ ਹੈ ਅਤੇ ਉੱਥੇ ਸਾਡੇ ਖੇਤਾਂ ਵਾਸਤੇ ਪਾਣੀ ਹੀ ਨਹੀਂ ਹੁੰਦਾ। ਅਸੀਂ ਕਈ ਸਾਲਾਂ ਤੋਂ ਬੋਰ-ਵੈੱਲ ਦੀ ਉਸਾਰੀ ਬਾਰੇ ਕਹਿੰਦੇ ਆਏ ਹਾਂ। ਬਿਨਾ ਪਾਣੀ ਤੋਂ ਅਸੀਂ ਖੇਤੀ ਨਹੀਂ ਕਰ ਸਕਦੇ ਅਤੇ ਅਸੀਂ ਆਦਿਵਾਸੀ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਾਂ।"

"ਹਸਪਤਾਲ ਦੀ ਹਾਲਤ ਇੰਨੀ ਮਾੜੀ ਹੈ ਕਿ ਇੱਕ ਵਾਰ ਇੱਕ ਔਰਤ ਨੂੰ ਆਟੋ-ਰਿਕਸ਼ੇ ਵਿੱਚ ਬੱਚਾ ਜੰਮਣਾ ਪਿਆ। ਸੰਕਟਕਾਲੀਨ ਹਾਲਤ ਵਿੱਚ ਸਾਨੂੰ 40-50 ਕਿਲੋਮੀਟਰ ਯਾਤਰਾ ਕਰਨੀ ਪੈਂਦੀ ਹੈ। ਜੇਕਰ ਤੁਸੀਂ ਆਪਣੇ ਪਿੰਡਾਂ ਨੇੜਲੇ ਪੀਐੱਚਸੀ ਜਾਂਦੇ ਵੀ ਹੋ ਤਾਂ ਉੱਥੇ ਤੁਹਾਨੂੰ ਕੋਈ ਡਾਕਟਰ ਨਹੀਂ ਮਿਲੇਗਾ ਅਤੇ ਜਿਹਦੇ ਕਰਕੇ ਕਈ ਬਾਲਾਂ ਦੀ ਮੌਤ ਉਨ੍ਹਾਂ ਦੀ ਮਾਂ ਦੀ ਕੋਖ ਵਿੱਚ ਹੀ ਹੋ ਜਾਂਦੀ ਹੈ," ਪਾਲਘਰ ਦੇ ਦਾਦਾਦੇ ਪਿੰਡ ਦਾ 47 ਸਾਲਾਂ ਕਿਰਨ ਗਾਹਾਲਾ ਕਹਿੰਦਾ ਹੈ। ਉਹਦੇ ਕੋਲ਼ ਪੰਜ ਏਕੜ ਭੂਮੀ ਹੈ ਅਤੇ ਉਹ ਜਿਆਦਾਤਰ ਝੋਨਾ, ਬਾਜਰਾ, ਕਣਕ ਅਤੇ ਜੌਂ ਪੈਦਾ ਕਰਦਾ ਹੈ। ਪਾਲਘਰ ਜ਼ਿਲ੍ਹੇ ਦੇ ਕਰੀਬ 500 ਆਦਿਵਾਸੀ ਨਾਸ਼ਿਕ ਤੋਂ ਦਿੱਲੀ ਜਾ ਰਹੇ ਵਾਹਨ ਮਾਰਚ ਵਿੱਚ ਸ਼ਾਮਲ ਹੋਏ।

ਵਿਸ਼ਨੂ ਚਾਵਨ, ਉਮਰ 63 ਸਾਲ, ਕੋਲ਼ ਪਾਰਭਾਨੀ ਜ਼ਿਲ੍ਹੇ ਦੇ ਖਾਵਨੇ ਪਿੰਪਰੀ ਪਿੰਡ ਵਿੱਚ 3.5 ਏਕੜ ਭੂਮੀ ਹੈ। ਇੱਥੇ ਉਹ 65 ਸਾਲਾਂ ਦੇ ਕਾਸ਼ੀਨਾਥ ਚੌਹਾਨ (ਸੱਜੇ) ਦੇ ਨਾਲ਼ ਆਇਆ ਹੈ। "2018 ਵਿੱਚ ਅਸੀਂ ਇਕੱਠੇ ਲੰਬੀ ਯਾਤਰਾ 'ਤੇ ਗਏ ਅਤੇ ਹੁਣ ਅਸੀਂ ਦੋਬਾਰਾ ਇੱਥੇ ਇਸ ਪ੍ਰਦਰਸ਼ਨ ਵਾਸਤੇ ਆਏ ਹਾਂ, " ਵਿਸ਼ਨੂ ਕਹਿੰਦਾ ਹੈ, ਜੋ ਜਿਆਦਾਤਰ ਨਰਮੇ ਅਤੇ ਸੋਇਆਬੀਨ ਦੀ ਕਾਸ਼ਤ ਕਰਦਾ ਹੈ। "ਕਦੋਂ ਸਾਡੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ਼ ਲਿਆ ਜਾਵੇਗਾ?ਸਾਡੇ ਪਿੰਡ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਵਾਸਤੇ ਵੀ ਪੰਜ ਕਿਲੋਮੀਟਰ ਤੁਰਨਾ ਪੈਂਦਾ ਹੈ। ਭਾਵੇਂ ਕਿ ਅਸੀਂ ਆਪਣੀਆਂ ਜ਼ਮੀਨਾਂ 'ਤੇ ਕੁਝ ਵੀ ਕਿਉਂ ਨਾ ਉਗਾ ਲਈਏ, ਰਾਤ ਨੂੰ ਜੰਗਲੀ ਜਾਨਵਰ ਸਭ ਨਸ਼ਟ ਕਰ ਦਿੰਦੇ ਹਨ। ਕੋਈ ਵੀ ਸਾਡੇ ਲਈ ਕੁਝ ਨਹੀਂ ਕਰਦਾ। ਅਸੀਂ ਚਾਹੁੰਦੇ ਹਾਂ ਸਾਡੀ ਗੱਲ ਸੁਣ ਜਾਵੇ।"

"ਸਾਡੀ ਮੰਗ ਹੈ ਕਿ ਸਰਕਾਰ ਤਿੰਨੋਂ ਕਨੂੰਨ ਵਾਪਸ ਲਵੇ। ਅਸੀਂ ਉੱਥੇ ਅਣ-ਮਿੱਥੇ ਸਮੇਂ ਤੀਕਰ ਬੈਠੇ ਰਹਾਂਗੇ। ਸਾਡੇ ਤਾਲੁਕਾ ਵਿੱਚ ਬਹੁਤ ਸਾਰੇ ਛੋਟੇ ਕਿਸਾਨ ਹਨ। ਉਹ ਕਮਾਦ ਦੇ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਦਿਹਾੜੀ-ਧੱਪੇ ਦੇ ਸਿਰ 'ਤੇ ਜਿਊਂਦੇ ਹਨ। ਬਹੁਤਿਆਂ ਕੋਲ਼ ਸਿਰਫ਼ 1-2 ਏਕੜ ਜ਼ਮੀਨ ਹੀ ਹੈ। ਉਨ੍ਹਾਂ ਵਿੱਚੋਂ ਕਈ ਇਸ ਪ੍ਰਦਰਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹਨ, ਪਰ ਵਾਢੀ ਦਾ ਮੌਸਮ ਹੋਣ ਕਰਕੇ ਉਨ੍ਹਾਂ ਨੂੰ ਪਿਛਾਂਹ ਹੀ ਰਹਿਣਾ ਪਿਆ,"38 ਸਾਲਾਂ ਦੇ ਦਿਗੰਬਰ ਕਾਂਬਲੇ (ਲਾਲ ਕਮੀਜ਼ ਵਿੱਚ) ਕਹਿੰਦਾ ਹੈ ਜੋ ਕਿ ਸਾਂਗਲੀ ਜ਼ਿਲ੍ਹੇ ਵਿੱਚ ਪੈਂਦੇ ਸ਼ਿਰਧੋਨ ਪਿੰਡ ਤੋਂ ਹੈ।

ਤੁਕਾਰਾਮ ਸ਼ੇਤਸਾਂਦੀ, ਉਮਰ 70 ਸਾਲ, ਦਿੱਲੀ ਜਾ ਰਹੇ ਵਾਹਨ ਜੱਥੇ ਵਿੱਚੋਂ ਸਭ ਤੋਂ ਬਜੁਰਗ ਕਿਸਾਨ ਹੈ। ਸੋਲਾਪੁਰ ਦੇ ਕੰਡਾਲਗਾਓਂ ਪਿੰਡ ਵਿਚਲੀ ਉਹਦੀ ਚਾਰ ਏਕੜ ਜ਼ਮੀਨ ਬੰਜ਼ਰ ਹੈ। ਬੀਤੇ ਦਸ ਸਾਲਾਂ ਤੋਂ ਉਹਦਾ ਕਰਜ਼ਾ 7 ਲੱਖ ਰੁਪਏ ਤੱਕ ਪਹੁੰਚ ਚੁੱਕਾ ਹੈ, ਇਹ ਕਰਜ਼ਾ ਉਹਨੇ ਕਮਾਦ ਦੀ ਕਾਸ਼ਤ ਵਾਸਤੇ ਕਈ ਵੱਡੇ ਕਿਸਾਨਾਂ ਤੋਂ ਫੜ੍ਹਿਆ। "ਮੇਰੀ ਫ਼ਸਲ ਮਾੜੀ ਨਿਕਲੀ ਅਤੇ ਮੈਂ ਇੱਕ ਉਧਾਰ ਮਗਰੋਂ ਦੂਜਾ ਉਧਾਰ ਲਾਹੁੰਦਾ-ਲਾਹੁੰਦਾ ਕਰਜ਼ੇ ਵਿੱਚ ਡੁੱਬ ਗਿਆ। ਮੈਂ 24 ਫੀਸਦੀ ਵਿਆਜ ਦਰ 'ਤੇ ਕਰਜ਼ਾ ਲਾਹ ਰਿਹਾ ਹਾਂ। ਕੀ ਤੁਹਾਨੂੰ ਇਹ ਸਹੀ ਲੱਗਦਾ ਹੈ? ਮੇਰੇ ਜਿਹਾ ਗ਼ਰੀਬ ਕਿਸਾਨ ਇੰਨਾ ਪੈਸਾ ਕਿੱਥੋਂ ਲਿਆਵੇ?"
ਤਰਜਮਾ: ਕਮਲਜੀਤ ਕੌਰ