"ਅਸੀਂ ਕੰਮ ਕਰਦੀਆਂ ਹਾਂ, ਇਸਲਈ ਤੁਸੀਂ ਖਾਂਦੇ ਹੋ," ਕ੍ਰਿਸ਼ਨਾਬਾਈ ਕਾਰਨੇ ਨੇ ਕਿਹਾ, ਜੋ ਕਿ ਪੂਨਾ ਜ਼ਿਲ੍ਹੇ ਦੇ ਖੇੜ ਤਹਿਸੀਲ ਦੀ ਕਿਸਾਨ ਹੈ। ਇਹ ਕਥਨ ਸਰਕਾਰ ਨੂੰ ਝੰਜੋੜਨ ਵਾਲ਼ੇ ਰਿਮਾਇੰਡਰ ਦੇ ਤੌਰ 'ਤੇ ਕਿਹਾ ਗਿਆ ਸੀ। ਕ੍ਰਿਸ਼ਨਾਬਾਈ ਉਨ੍ਹਾਂ ਅਣਗਿਣਤ ਕਿਸਾਨਾਂ ਵਿੱਚੋਂ ਇੱਕ ਹੈ ਜੋ ਇਸ ਸਾਲ ਸਤੰਬਰ ਵਿੱਚ ਕੇਂਦਰ ਦੁਆਰਾ ਪਾਸ ਕੀਤੇ ਗਏ ਤਿੰਨੋਂ ਖੇਤੀ ਕਨੂੰਨਾਂ ਨੂੰ ਬਿਨ-ਸ਼ਰਤ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ। ਦੇਸ਼ ਅੰਦਰ ਚੱਲ ਰਹੇ ਕਿਸਾਨ ਪ੍ਰਦਰਸ਼ਨ ਦੀ ਹਮਾਇਤ ਵਿੱਚ, ਉਹਨੇ 11 ਦਸੰਬਰ ਨੂੰ ਪੂਨੇ ਵਿੱਚ ਇੱਕ ਬੈਠਕ ਵਿੱਚ ਆਪਣੀ ਗੱਲ ਰੱਖੀ।
ਪੂਰੇ ਜ਼ਿਲ੍ਹੇ ਦੀਆਂ ਕਿਸਾਨ, ਖੇਤ ਮਜ਼ਦੂਰ (ਮਹਿਲਾਵਾਂ) ਅਤੇ ਕਾਰਕੁੰਨ (ਮਹਿਲਾਵਾਂ) ਪੂਨੇ ਸ਼ਹਿਰ ਦੇ ਕਿਸਾਨਾਂ ਅਤੇ ਖ਼ਾਸ ਕਰਕੇ ਖੇਤੀ ਨਾਲ਼ ਜੁੜੀਆਂ ਮਹਿਲਾਵਾਂ 'ਤੇ ਨਵੇਂ ਕਨੂੰਨਾਂ ਦੇ ਪੈਣ ਵਾਲ਼ੇ ਅਸਰ ਨੂੰ ਉਜਾਗਰ ਕਰਨ ਲਈ ਇਕੱਠੀਆਂ ਹੋਈਆਂ ਸਨ।
ਖੇਤੀਬਾੜੀ ਦੀ ਗੱਲ ਕਰੀਏ ਤਾਂ ਭਾਵੇਂ ਭਾਰਤ ਵਿੱਚ ਮਹਿਲਾਵਾਂ ਦਾ ਅਹਿਮ ਯੋਗਦਾਨ ਹੈ- ਖੇਤੀ ਵਿੱਚ ਕਰੀਬ 65.1 ਪ੍ਰਤੀਸ਼ਤ ਮਹਿਲਾ ਮਜ਼ਦੂਰ ਕੰਮ ਕਰਦੀਆਂ ਹਨ, ਭਾਵੇਂ ਉਹ ਹਿੱਸਾ ਬਤੌਰ ਕਾਸ਼ਤਕਾਰ ਹੋਣ ਜਾਂ ਖੇਤੀਬਾੜੀ ਮਜ਼ਦੂਰ (2011 ਦੀ ਮਰਦਮਸ਼ੁਮਾਰੀ) ਹੋਣ, ਫਿਰ ਵੀ ਉਨ੍ਹਾਂ ਨੂੰ ਕਿਸਾਨ ਵਜੋਂ ਮੰਨਿਆ ਨਹੀਂ ਜਾਂਦਾ ਅਤੇ ਉਨ੍ਹਾਂ ਨੂੰ ਜ਼ਮੀਨ ਦੀ ਮਾਲਕੀਅਤ ਸੌਂਪਣ ਤੋਂ ਵੀ ਮਨ੍ਹਾ ਕੀਤਾ ਜਾਂਦਾ ਹੈ। ਪੂਨੇ ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਕਨੂੰਨਾਂ ਨੂੰ ਜੋ ਕਨੂੰਨ ਸਾਡੀ ਰੋਜ਼ੀ-ਰੋਟੀ ਲਈ ਖਤਰਾ ਹਨ ਸਾਡੇ ਸਿਰ ਮੜ੍ਹਨ ਦੀ ਬਜਾਇ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣੀ ਚਾਹੀਦੀ ਹੈ। "ਮਹਿਲਾਵਾਂ ਨਾ ਸਿਰਫ਼ ਕੰਮ ਕਰਦੀਆਂ ਹਨ ਸਗੋਂ ਪੁਰਸ਼ਾਂ ਦੇ ਮੁਕਾਬਲੇ ਲੰਮਾ ਸਮਾਂ ਕੰਮ ਕਰਦੀਆਂ ਹਨ," ਆਸ਼ਾ ਆਟੋਲੇ ਨੇ ਕਿਹਾ, ਜੋ ਦਾਉਂਦ ਤਹਿਸੀਲ ਦੀ ਕਿਸਾਨ ਹੈ।
11 ਦਸੰਬਰ ਦੀ ਮੀਟਿੰਗ- ਜੋ ਕਿਸਾਨਾਂ ਦੇ ਰਾਸ਼ਟਰ-ਪੱਧਰੀ ਧਰਨੇ ਦੇ 16ਵੇਂ ਦਿਨ ਰੱਖੀ ਗਈ- 'ਕਿਸਾਨ ਬਾਗ਼' ਵਿੱਚ ਹੋਈ, ਜੋ ਨਵੇਂ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 8 ਦਸੰਬਰ ਨੂੰ ਸ਼ੁਰੂ ਕੀਤਾ ਗਿਆ ਇੱਕ ਮੰਚ ਸੀ। ਇਹ ਮੀਟਿੰਗ ਇਸਤਰੀ ਮੁਕਤੀ ਅੰਦੋਲਨ ਸੰਪਰਕ ਸਮਿਤੀ ਦੁਆਰਾ ਅਯੋਜਿਤ ਕੀਤੀ ਗਈ ਸੀ, ਜੋ ਮਹਾਂਰਾਸ਼ਟਰ ਅੰਦਰ 41 ਸਾਲਾਂ ਤੋਂ ਮਹਿਲਾ ਸੰਸਥਾਵਾਂ ਦਾ ਸਮੂਹ ਹੈ।
ਪ੍ਰਦਰਸ਼ਨਕਾਰੀਆਂ ਨਾਲ਼ ਆਪਣੀ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ, ਕਿਸਾਨਾਂ ਨੇ ਲੰਬੇ ਸਮੇਂ ਤੋਂ ਲਮਕ ਰਹੀਆਂ ਆਪਣੀਆਂ ਮੰਗਾਂ ਜਿਵੇਂ ਕਿ ਉਧਾਰੀ ਅਤੇ ਮੰਡੀ ਨਾਲ਼ ਜੁੜੀਆਂ ਸਹੂਲਤਾਂ ਤੱਕ ਆਪਣੀ ਪਹੁੰਚ ਦੀ ਘਾਟ ਨੂੰ ਦਹੁਰਾਇਆ।
ਮੀਟਿੰਗ ਵਿੱਚ ਦਹੁਰਾਈਆਂ ਗਈਆਂ ਮੰਗਾਂ ਦੀ ਸੂਚੀ ਵਿੱਚ, ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ 'ਦੇਸ਼ ਧ੍ਰੋਹੀ' ਗਰਦਾਨ ਕੇ ਬਦਨਾਮ ਕਰਨ 'ਤੇ ਰੋਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਫ਼ਸਲਾਂ ਅਤੇ ਵਿਕੇਂਦਰੀਕਰਨ ਖਰੀਦ ਸੁਵਿਧਾਵਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਦੀਆਂ ਰਾਸ਼ਟਰੀ ਕਿਸਾਨ ਕਮਿਸ਼ਨ (ਜਾਂ ਸਵਾਮੀਨਾਥਨ ਕਮਿਸ਼ਨ) ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰੇ।
ਦੇਸ਼ ਵਿਆਪੀ ਕਿਸਾਨ ਅੰਦੋਲਨ ਦੀ ਹਮਾਇਤ ਅਤੇ ਨਵੇਂ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 11 ਦਸੰਬਰ ਨੂੰ ਪੂਨੇ ਜ਼ਿਲ੍ਹੇ ਭਰ ਦੇ ਵੱਖੋ-ਵੱਖ ਹਿੱਸਿਆਂ ਵਿੱਚ ਮਹਿਲਾ ਕਿਸਾਨ ਪੂਨੇ ਦੇ ਕਲੱਕਟਰ ਦਫ਼ਤਰ ਦੇ ਨੇੜੇ ਕਿਸਾਨ ਬਾਗ ਪ੍ਰਦਰਸ਼ਨ ਵਿੱਚ ਹਾਜ਼ਰ ਹੋਈਆਂ।

"ਇਹੀ ਉਹ ਕਿਸਾਨ ਸੀ ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਵੀ ਕੰਮ ਕੀਤਾ। ਉਨ੍ਹਾਂ ਨੇ ਉਹੀ ਸਬਜ਼ੀਆਂ ਅਤੇ ਭੋਜਨ ਪੈਦਾ ਕੀਤਾ ਜੋ ਤੁਹਾਡੇ ਬੂਹਿਆਂ ਤੱਕ ਪਹੁੰਚਾਏ ਗਏ, ਜਦੋਂ ਤੁਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਅਤੇ ਅਰਾਮ ਨਾਲ਼ ਬੈਠੇ ਸੀ," ਖੇੜ ਤਹਿਸੀਲ ਦੀ ਕ੍ਰਿਸ਼ਨਾਬਾਈ ਕਾਰਲੇ ਨੇ ਕਿਹਾ।

ਸ਼ਾਂਤਾਬਾਈ ਵਾਰਵੇ ਜੋ ਕਿ ਮਾਵਲ ਤਹਿਸੀਲ ਦੇ ਪਿੰਡ ਤਿਕੋਨਾ ਤੋਂ ਹੈ, ਬੜੀ ਮੁਸ਼ਕਲ ਨਾਲ਼ ਗੁਜ਼ਾਰਾ ਕਰਨ ਵਾਲ਼ੀ ਕਿਸਾਨ ਹੈ। "ਸਾਡੇ ਇਲਾਕੇ ਦਾ ਪਾਵਾਨਾ ਡੈਮ ਸਾਡੇ ਹੀ ਹੱਥੋਂ ਖੁੱਸੀਆਂ ਜ਼ਮੀਨਾਂ 'ਤੇ ਉਸਾਰਿਆ ਗਿਆ ਸੀ। ਪਰ ਉਸ ਡੈਮ ਦਾ ਪਾਣੀ ਚਿੰਚਵਾੜ ਦੀਆਂ ਫ਼ੈਕਟਰੀਆਂ ਨੂੰ ਜਾਂਦਾ ਹੈ, ਸਾਡੇ ਖੇਤਾਂ ਨੂੰ ਨਹੀਂ। ਸਿੰਚਾਈ ਤੋਂ ਬਿਨਾਂ, ਸਾਨੂੰ ਆਪਣੀ ਖੇਤੀ ਵਾਸਤੇ ਬਰਸਾਤ ਵੱਲ ਟੇਕ ਰੱਖਣੀ ਪੈਂਦੀ ਹੈ," ਉਹਨੇ ਕਿਹਾ।


ਮਹਿਲਾਵਾਂ ਖੇਤੀ ਦਾ ਧੁਰਾ ਹਨ ਜਿਨ੍ਹਾਂ ਵਿੱਚ ਭੂਮੀ ਤਿਆਰ ਕਰਨ ਤੋਂ ਲੈ ਕੇ ਵਾਢੀ ਤੱਕ ਦੀ ਸਾਰੀਆਂ ਪ੍ਰਕਿਰਿਆਵਾਂ ਸ਼ਾਮਲ ਹਨ ਅਤੇ ਬਾਮੁਸ਼ਕਲ ਹੀ ਕਿਸੇ ਸਮਰਥਨ ਦੇ ਭੋਜਨ ਉਤਪਾਦਨ ਵਿੱਚ ਯੋਗਦਾਨ ਪਾਉਂਦੀਆਂ ਹਨ। ਮੀਟਿੰਗ ਵਿੱਚ, ਉਨ੍ਹਾਂ ਨੇ ਖੇਤੀ ਉਪਜ ਮੰਡੀ ਕਮੇਟੀਆਂ (APMCs) ਅਤੇ ਮਹਿਲਾਵਾਂ ਦੇ 30 ਫੀਸਦੀ ਨੁਮਾਇੰਦਗੀ ਨੂੰ ਪੂਰੀ ਤਰ੍ਹਾਂ ਨਾਲ਼ ਲਾਗੂ ਕਰਨ ਅਤੇ ਘੱਟ-ਵਿਆਜ 'ਤੇ ਕਰਜ਼ੇ ਜਿਹੇ ਪ੍ਰੋਤਸਾਹਨ ਲਈ ਦਬਾਅ ਪਾਇਆ।

ਨਵੇਂ ਕਨੂੰਨਾਂ ਖ਼ਿਲਾਫ਼ ਕਿਸਾਨ ਅਤੇ ਖੇਤ ਮਜ਼ਦੂਰ ਸਭ ਇਕਜੁੱਟ ਹਨ, ਮਾਧੁਰੀ ਕਾਰੋਡੇ ਨੇ ਕਿਹਾ, ਜੋ ਜੁੰਨਰ ਤਹਿਸੀਲ ਦੇ ਮਾਨਾਕੇਸ਼ਵਰ ਪਿੰਡ ਦੀ ਡਿਪਟੀ ਸਰਪੰਚ ਹੈ ਅਤੇ ਕੁੱਲ ਭਾਰਤੀ ਕਿਸਾਨ ਸਭਾ ਦੀ ਮੈਂਬਰ ਹੈ। "ਤਾਲਾਬੰਦੀ ਦੌਰਾਨ ਖੇਤ ਮਜ਼ਦੂਰ ਬੇਰੁਜ਼ਗਾਰ ਸਨ, ਇਸਲਈ ਅਸੀਂ ਮਨਰੇਗਾ ਦੁਆਰਾ ਉਨ੍ਹਾਂ ਨੂੰ ਕੰਮ ਦਿੱਤਾ," ਉਹਨੇ ਕਿਹਾ।

"ਮਹਿਲਾ ਕਿਸਾਨਾਂ ਨੂੰ ਨਵੇਂ ਕਨੂੰਨ ਨਹੀਂ ਚਾਹੀਦੇ। ਅਸੀਂ ਆਪਣਾ ਫ਼ੈਸਲਾ ਕਰਨ ਦਾ ਹੱਕ ਚਾਹੁੰਦੀਆਂ ਹਾਂ। ਅਸੀਂ ਲੜਾਂਗੀਆਂ ਜਦੋਂ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲ਼ਦਾ," ਆਸ਼ਾ ਆਟੋਲੇ ਨੇ ਕਿਹਾ, ਜੋ ਦਾਉਂਦ ਤਹਿਸੀਲ ਦੀ ਕਿਸਾਨ ਹੈ।


ਪ੍ਰਦਰਸ਼ਨ ਦੀਆਂ ਮੰਗਾਂ ਵਿੱਚ ਆਤਮਹੱਤਿਆ ਪ੍ਰਭਾਵਤ ਪਰਿਵਾਰਾਂ ਦੀਆਂ ਮਹਿਲਾਵਾਂ ਲਈ ਕਰਜ਼ਾ ਮੁਆਫ਼ੀ ਦੀ ਮੰਗ ਵੀ ਇੱਕ ਸੀ। ਕਿਸਾਨਾਂ ਨੇ ਇੱਕ ਮਜ਼ਬੂਤ ਅਤੇ ਸਰਵ-ਵਿਆਪਕ ਜਨਤਕ ਵੰਡ ਪ੍ਰਣਾਲੀ (PDS) ਦੀ ਲੋੜ 'ਤੇ ਵੀ ਪ੍ਰਕਾਸ਼ ਪਾਇਆ।

"ਜੇਕਰ ਮੌਜੂਦਾ ਮੰਡੀਆਂ ਬੰਦ ਹੁੰਦੀਆਂ ਹਨ ਤਾਂ ਮੇਰੇ ਜਿਹੇ ਕਾਮੇ ਬੇਰੁਜ਼ਗਾਰ ਹੋ ਜਾਣਗੇ। ਉਦੋਂ ਜ਼ਿੰਦਾ ਰਹਿਣ ਲਈ ਅਸੀਂ ਕੀ ਕਰਾਂਗੇ?" ਸੁਮਨ ਗਾਇਕਵਾੜ ਨੇ ਪੁੱਛਿਆ। ਉਹ ਪੂਨੇ ਦੀ ਮੰਡੀ ਯਾਰਡ ਵਿਖੇ ਸਿਰ 'ਤੇ ਭਾਰ ਢੋਂਹਦੀ ਹੈ, ਜੋ ਖੇਤੀ ਉਤਪਾਦ ਅਤੇ ਅਨਾਜਾਂ ਲਈ ਸ਼ਹਿਰ ਦੀ ਥੋਕ ਮੰਡੀ ਹੈ।

ਕਿਸਾਨਾਂ ਨੇ ਅਨਾਜ 'ਤੇ ਕੇਂਦਰਤ ਵਾਤਾਵਰਣਕ ਤੌਰ 'ਤੇ ਟਿਕਾਊ ਖੇਤੀਬਾੜੀ ਲਈ ਉਨ੍ਹਾਂ ਦੀ ਹਮਾਇਤ ਕਰਨ ਦੀ ਸਹੁੰ ਚੁੱਕੀ। ਉਨ੍ਹਾਂ ਨੇ ਛੋਟੇ ਕੰਟੇਨਰਾਂ ਵਿੱਚ ਬੂਟੇ ਬੀਜ਼ ਕੇ ਅਤੇ ਫਿਰ ਉਨ੍ਹਾਂ ਨੂੰ ਆਪਣੇ ਘਰ ਲਿਜਾ ਕੇ ਪ੍ਰਦਰਸ਼ਨ ਵਿੱਚ ਆਪਣੀ ਇਕਜੁੱਟਤਾ ਦਰਸਾਈ।
ਤਰਜਮਾ: ਕਮਲਜੀਤ ਕੌਰ