''ਅੱਜ ਜਸ਼ਨ ਦਾ ਦਿਨ ਹੈ। ਮੌਸਮ ਵੀ ਮਿਹਰਬਾਨ ਹੈ,'' ਪੇਮਾ ਰਿੰਚੇਨ ਕਹਿੰਦੀ ਹਨ, ਜੋ ਲੇਹ ਜ਼ਿਲ੍ਹੇ ਵਿਖੇ ਸੜਕ ਬਣਾਉਣ ਵਾਲ਼ੀ ਇੱਕ ਮਜ਼ਦੂਰ ਹਨ।
ਲੱਦਾਖ ਦੇ ਹਾਨਲੇ (ਅਨਲੇ ਵੀ ਕਿਹਾ ਜਾਂਦਾ ਹੈ) ਦੀ ਵਾਸੀ 42 ਸਾਲਾ ਰਿੰਚੇਨ ਸਾਗਾ ਦਾਵਾ ਤਿਓਹਾਰ ਦੀ ਗੱਲ ਕਰ ਰਹੀ ਹਨ ਜੋ ਕਿ ਤਿੱਬਤੀ ਕੈਲੰਡਰ ਦਾ ਮਹੱਤਵਪੂਰਨ ਤਿਓਹਾਰ ਹੈ। ਇਹ ਤਿਓਹਾਰ ਲੱਦਾਖ, ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿਖੇ ਰਹਿਣ ਵਾਲ਼ੇ ਬੋਧੀਆਂ ਵੱਲੋਂ ਮਨਾਇਆ ਜਾਂਦਾ ਹੈ। ਤਿੱਬਤੀ ਭਾਸ਼ਾ ਵਿੱਚ 'ਸਾਗਾ' ਦਾ ਮਤਲਬ ਹੁੰਦਾ ਹੈ ਚਾਰ ਅਤੇ 'ਦਾਵਾ' ਮਹੀਨੇ ਨੂੰ ਕਿਹਾ ਜਾਂਦਾ ਹੈ। ਸਾਗਾ ਦਾਵਾ ਦੇ ਮਹੀਨੇ ਨੂੰ 'ਮੰਥ ਆਫ਼ ਮੈਰਿਟ/ਗੁਣਾਂ ਦਾ ਮਹੀਨਾ' ਵੀ ਕਿਹਾ ਜਾਂਦਾ ਹੈ- ਭਾਵ ਕਿ ਇਸ ਸਮੇਂ ਦੌਰਾਨ ਕੀਤੇ ਜਾਣ ਵਾਲ਼ੇ ਕੰਮਾਂ ਨੂੰ ਇਨਾਮ ਦੇਣ ਦੇ ਵੇਲ਼ੇ ਵਜੋਂ ਦੇਖਿਆ ਜਾਂਦਾ ਹੈ।
''ਪਹਿਲਾਂ ਹਰ ਢਾਣੀ (ਛੋਟਾ ਪਿੰਡ) ਹਰ ਇਲਾਕੇ ਆਪੋ-ਆਪਣੇ ਤਰੀਕੇ ਨਾਲ਼ ਸਾਗਾ ਦਾਵਾ ਮਨਾਇਆ ਕਰਦਾ। ਪਰ ਇਸ ਸਾਲ (2022), ਛੇ ਇਲਾਕਿਆਂ ਨੇ ਇਕੱਠੇ ਹੋਕੇ ਜਸ਼ਨ ਮਨਾਇਆ,'' 44 ਸਾਲਾ ਸੋਨਮ ਦੌਰਜੀ ਕਹਿੰਦੀ ਹਨ, ਜੋ ਨਾਗਾ ਢਾਣੀ ਵਿਖੇ ਰਹਿੰਦੀ ਹਨ ਤੇ ਹਾਨਲੇ ਦੇ ਇੰਡੀਅਨ ਐਸਟ੍ਰੋਨੌਮੀਕਲ ਓਬਸਰਵੇਟਰੀ ਵਿਖੇ ਕੰਮ ਕਰਦੀ ਹਨ। ਕੋਵਿਡ-19 ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਤੋਂ ਦੋ ਸਾਲ ਬਾਅਦ ਪੁੰਨਗੁਕ, ਖਲਦੋ, ਨਾਗਾ, ਸ਼ਾਦੋ, ਭੋਕ ਅਥੇ ਜ਼ਿੰਗਸੋਮਾ ਢਾਣੀਆਂ ਨੇ ਇਕੱਠਿਆਂ ਹੋ ਜਸ਼ਨ ਮਨਾਇਆ। ਇਹ ਢਾਣੀਆਂ ਹਨਲੇ ਪਿੰਡ ਦਾ ਹਿੱਸਾ ਹੀ ਹਨ ਜਿੱਥੋਂ ਦੀ ਅਬਾਦੀ 1,879 (ਮਰਦਮਸ਼ੁਮਾਰੀ 2011) ਹੈ।
ਬੋਧੀਆਂ ਦੀ ਮਹਾਯਾਨ ਸੰਪਰਦਾ ਵੱਲੋਂ ਮਨਾਇਆ ਜਾਣ ਵਾਲ਼ਾ ਸਾਗਾ ਦਾਵਾ, ਜਿਹਨੂੰ 'ਸਾਕਾ ਦਾਵਾ' ਵੀ ਕਿਹਾ ਜਾਂਦਾ ਹੈ, ਤਿੱਬਤੀਲੂਨਰ ਕੈਲੰਡਰ ਦੇ ਚੌਥੇ ਮਹੀਨੇ ਦੇ 15ਵੇਂ ਦਿਨ ਮਨਾਇਆ ਜਾਂਦਾ ਹੈ। ਸਾਲ 2022 ਵਿੱਚ ਇਹ ਜੂਨ ਦੇ ਮਹੀਨੇ ਪਿਆ। ਇਹ ਤਿਓਹਰ ਬੁੱਧ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਹ ਉਨ੍ਹਾਂ ਦੇ ਜਨਮ, ਗਿਆਨ ਤੇ ਪਾਰੀਨਿਵਾਰਨ ਜਾਂ ਪੂਰਨ-ਨਿਰਵਾਣ ਦਾ ਪ੍ਰਤੀਕ ਹੈ।

17ਵੀਂ ਸਦੀ ਦਾ ਹਾਨਲੇ ਮੱਠ ਇੱਕ ਪਹਾੜੀ ਦੀ ਚੋਟੀ ' ਤੇ ਸਥਿਤ ਹੈ। ਇਹ ਤਿੱਬਤੀ ਬੋਧੀਆਂ ਦੇ ਤਿੱਬਤੀ ਡਰੁੱਕਪਾ ਕਾਗਯੂ ਸੰਪਰਦਾਇ ਨਾਲ਼ ਸਬੰਧ ਰੱਖਦਾ ਹੈ

ਚਾਂਗਥਾਂਗ ਤਿੱਬਤੀ ਪਠਾਰ ਦਾ ਪੱਛਮੀ ਭਾਗ ਹੈ। ਇੱਥੋਂ ਦੀ ਹਾਨਲੇ ਨਦੀ ਘਾਟੀ ਝੀਲਾਂ , ਵੈੱਟਲੈਂਡਜ਼ ਅਤੇ ਨਦੀਆਂ ਦੇ ਬੇਸਿਨਾਂ ਨਾਲ਼ ਭਰੀ ਹੋਈ ਹੈ
ਲੱਦਾਖ ਜ਼ਿਲ੍ਹੇ ਦੇ ਲੇਹ ਵਿਖੇ ਬਹੁ-ਗਿਣਤੀ ਭਾਵ ਕਰੀਬ 66 ਫ਼ੀਸਦ ਅਬਾਦੀ ਬੋਧੀਆਂ ਦੀ ਹੈ (ਮਰਦਮਸ਼ੁਮਾਰੀ 2011)। ਅਕਤੂਬਰ 2019 ਵਿੱਚ ਲੱਦਾਖ ਕੇਂਦਰੀ ਸ਼ਾਸਤ ਪ੍ਰਦੇਸ਼ ਬਣ ਗਿਆ। ਪੂਰਬੀ ਅਤੇ ਮੱਧ ਲੱਦਾਖ ਦੀ ਜ਼ਿਆਦਾਤਰ ਅਬਾਦੀ ਤਿੱਬਤੀ ਮੂਲ਼ ਦੀ ਹੈ ਅਤੇ ਇਲਾਕੇ ਵਿੱਚ ਬੋਧੀ ਮਠਾਂ ਵਿੱਚ ਕਈ ਸਾਰੇ ਤਿਓਹਾਰ ਮਨਾਏ ਜਾਂਦੇ ਹਨ।
ਸਾਗਾ ਦਾਵਾ ਮੌਕੇ, ਤਿੱਬਤੀ ਬੋਧੀ ਪੂਰਾ ਦਿਨ ਮੱਠਾਂ ਤੇ ਮੰਦਰਾਂ ਵਿੱਚ ਜਾਂਦੇ ਹਨ ਤੇ ਗ਼ਰੀਬਾਂ ਨੂੰ ਦਾਨ ਦਿੰਦੇ ਹਨ ਤੇ ਮੰਤਰਾਂ ਦਾ ਜਾਪ ਕਰਦੇ ਹਨ।
ਪੂਰਬੀ ਲੱਦਾਖ ਵਿੱਚ ਹਾਨਲੇ ਨਦੀ ਘਾਟੀ ਦੇ ਚਾਂਗਪਾਸ ਵਰਗੇ ਖ਼ਾਨਾਬਦੋਸ਼ ਭਾਈਚਾਰੇ, ਜੋ ਬੋਧੀ ਹਨ, ਸਾਗਾ ਦਾਵਾ ਨੂੰ ਬਹੁਤ ਮਹੱਤਵ ਦਿੰਦੇ ਹਨ। ਇਸ ਪੱਤਰਕਾਰ ਨੇ ਇਸ ਤਿਉਹਾਰ ਨੂੰ ਦੇਖਣ ਅਤੇ ਇਹਦਾ ਹਿੱਸਾ ਬਣਨ ਲਈ 2022 ਦੀਆਂ ਗਰਮੀਆਂ ਵਿੱਚ ਲੇਹ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 270 ਕਿਲੋਮੀਟਰ ਦੱਖਣ-ਪੂਰਬ ਵੱਲ ਹੈਨਲੇ ਨਦੀ ਘਾਟੀ ਦਾ ਦੌਰਾ ਕੀਤਾ ਸੀ। ਭਾਰਤ-ਚੀਨ ਸਰਹੱਦ ਦੇ ਨੇੜੇ ਇੱਕ ਸੁੰਦਰ ਅਤੇ ਉੱਬੜ-ਖਾਬੜ ਇਲਾਕਾ, ਹਾਨਲੇ ਨਦੀ ਘਾਟੀ ਨੂੰ ਖਾਲੀ ਜ਼ਮੀਨ ਦੇ ਵਿਸ਼ਾਲ ਹਿੱਸਿਆਂ, ਵਹਿੰਦੀਆਂ ਨਦੀਆਂ ਅਤੇ ਚੁਫੇਰੇ ਘਿਰੀਆਂ ਪਹਾੜੀਆਂ ਦੁਆਰਾ ਕੁਦਰਤੀ ਤੌਰ 'ਤੇ ਚਿੰਨ੍ਹਿਤ ਕਰਦਾ ਹੈ। ਇਹ ਚਾਂਗਥਾਂਗ ਵਾਈਲਡ ਲਾਈਫ ਸੈੰਕਚੂਰੀ ਦਾ ਹਿੱਸਾ ਹੈ।
ਤਿਓਹਾਰ ਦਾ ਦਿਨ ਹੈ ਤੇ ਸਵੇਰ ਦੇ 8 ਵੱਜੇ ਹੋਏ ਹਨ। ਹਾਨਲੇ ਪਿੰਡ ਦੇ ਸਥਾਨਕ ਮੱਠ ਵਿਖੇ ਜਲੂਸ ਸ਼ੁਰੂ ਹੋਣ ਵਾਲ਼ਾ ਹੈ। ਤਿਓਹਾਰ ਦੀ ਪ੍ਰਬੰਧਕ ਕਮੇਟੀ ਦੇ ਮੁਖੀਆ ਦੋਰਜੇ, ਬੁੱਧ ਦੀ ਮੂਰਤੀ ਚੁੱਕੀ ਲਿਜਾਣ ਵਾਲ਼ੇ ਜਲੂਸ ਦੀ ਅਗਵਾਈ ਕਰ ਰਹੇ ਹਨ। ਸਵੇਰ ਦੇ 8:30 ਵਜੇ ਤੱਕ ਮੱਠ ਦੀ ਇਮਾਰਤ ਪਿੰਡ-ਵਾਸੀਆਂ ਅਤੇ ਤਿਓਹਾਰ ਵਿੱਚ ਸ਼ਾਮਲ ਬਸਤੀਆਂ ਦੇ ਲੋਕਾਂ ਨਾਲ਼ ਭਰ ਜਾਂਦੀ ਹੈ। ਔਰਤਾਂ ਨੇ ਰਵਾਇਤੀ ਲੰਬੇ ਚੋਗੇ ਪਾਏ ਹੋਏ ਹਨ ਜਿਨ੍ਹਾਂ ਨੂੰ ਸੁਲਮਾ ਕਿਹਾ ਜਾਂਦਾ ਹੈ ਅਤੇ ਟੋਪੀਆਂ ਨੂੰ ਨੇਲਨ ਕਿਹਾ ਜਾਂਦਾ ਹੈ।
ਸੋਨਮ ਦੋਰਜੇ ਅਤੇ ਉਨ੍ਹਾਂ ਦੇ ਦੋਸਤ ਬੁੱਧ ਨੂੰ ਗੋਂਪਾ (ਮੱਠ) ਤੋਂ ਬਾਹਰ ਕੱਢਦੇ ਹਨ ਅਤੇ ਇੱਕ ਮੈਟਾਡੋਰ ਵੈਨ 'ਤੇ ਮੂਰਤੀ ਨੂੰ ਬਿਰਾਜਮਾਨ ਕਰਦੇ ਹਨ। ਵਾਹਨ ਨੂੰ ਤਿਉਹਾਰ ਦੀ ਪ੍ਰਾਰਥਨਾ ਦੇ ਝੰਡਿਆਂ ਨਾਲ਼ ਢੱਕਿਆ ਗਿਆ ਹੈ ਜੋ ਕਿਸੇ ਰੰਗੀਨ ਰੱਥ ਜਿਹਾ ਜਾਪਦਾ ਹੈ। ਲਗਭਗ 50 ਲੋਕਾਂ ਦਾ ਕਾਫਲਾ ਕਾਰਾਂ ਅਤੇ ਵੈਨਾਂ ਵਿੱਚ ਹਾਨਲੇ ਮੋਨਾਸਟਰੀ ਵੱਲ ਜਾਂਦਾ ਹੈ, ਜੋ ਕਿ ਤਿੱਬਤੀ ਬੁੱਧ ਧਰਮ ਦੇ ਦਰੂਕੱਪਾ ਕਾਗਯੂ ਨਾਲ਼ ਜੁੜਿਆ 17 ਵੀਂ ਸਦੀ ਦਾ ਸਥਾਨ ਹੈ।

ਸੋਨਮ ਦੋਰਜੇ (ਖੱਬੇ) ਅਤੇ ਉਨ੍ਹਾਂ ਦੇ ਸਾਥੀ ਪਿੰਡ ਵਾਸੀ ਤਿਉਹਾਰ ਲਈ ਖਾਲਦੋ ਪਿੰਡ ਦੇ ਮੇਨੇ ਖਾਂਗ ਮੱਠ ਤੋਂ ਬੁੱਧ ਦੀ ਮੂਰਤੀ ਲੈ ਕੇ ਜਾਂਦੇ ਹਨ

ਮੂਰਤੀ ਨੂੰ ਤਿੱਬਤੀ ਪ੍ਰਾਰਥਨਾ ਦੇ ਝੰਡਿਆਂ ਨਾਲ਼ ਢੱਕੀ ਇੱਕ ਮੈਟਾਡੋਰ ਵੈਨ ਵਿੱਚ ਰੱਖਿਆ ਗਿਆ ਹੈ ਜਿਸਦਾ ਪ੍ਰਬੰਧ ਇੱਕ ਵਿਸ਼ੇਸ਼ ਕ੍ਰਮ ਵਿੱਚ ਕੀਤਾ ਜਾਂਦਾ ਹੈ। ਝੰਡੇ ਵਿੱਚ ਹਰੇਕ ਰੰਗ ਕਿਸੇ ਖ਼ਾਸ ਤੱਤ ਦੀ ਨੁਮਾਇੰਦਗੀ ਕਰਦਾ ਜਾਪਦਾ ਹੈ , ਸਾਰੇ ਰੰਗ ਮਿਲ਼ ਕੇ ਤਵਾਜਨ ( ਸੰਤੁਲਨ) ਨੂੰ ਦਰਸਾਉਂਦੇ ਹਨ
ਹਾਨਲੇ ਮੱਠ ਵਿਖੇ, ਬੁੱਧ ਅਧਿਆਤਮਕ ਗੁਰੂ ਜਾਂ ਲਾਲ ਟੋਪੀ ਪਾਈ ਲਾਮਾ ਕਾਫ਼ਲੇ ਦਾ ਸੁਆਗਤ ਕਰਦੇ ਹਨ। ਜਿਓਂ ਹੀ ਭਗਤ ਮੱਠ ਅੰਦਰ ਵੜ੍ਹਦੇ ਹਨ, ਉਨ੍ਹਾਂ ਦੀਆਂ ਅਵਾਜ਼ਾਂ ਪੂਰੇ ਪਰਿਸਰ ਅੰਦਰ ਗੂੰਜਣ ਲੱਗਦੀਆਂ ਹਨ। ਹਾਨਲੇ ਦੇ ਵਾਸੀ, 44-45 ਸਾਲਾ ਪੇਮਾ ਡੋਲਮਾ ਕਹਿੰਦੇ ਹਨ,''ਅਸੀਂ ਇਨ੍ਹਾਂ ਤਿਓਹਾਰਾਂ ਵਿੱਚ ਹੋਰ-ਹੋਰ ਭਗਤਾਂ ਦੇ ਆਗਮਨ ਦੀ ਉਮੀਦ ਰੱਖਦੇ ਹਾਂ।''
ਜਸ਼ਨ ਚੱਲ ਰਿਹਾ ਹੈ ਅਤੇ ਢੋਲ਼ ਤੇ ਤੁਰ੍ਹੀ ਦੀ ਅਵਾਜ਼ਾਂ ਸਾਨੂੰ ਇਹ ਦੱਸਦੀਆਂ ਹਨ ਕਿ ਜਲੂਸ ਹੁਣ ਖ਼ਤਮ ਹੋ ਗਿਆ ਹੈ। ਕੁਝ ਲੋਕਾਂ ਨੇ ਪੀਲ਼ੇ ਕੱਪੜਿਆਂ ਵਿੱਚ ਵਲ੍ਹੇਟੇ ਬੋਧੀ ਧਰਮ ਗ੍ਰੰਥਾਂ ਨੂੰ ਫੜ੍ਹਿਆ ਹੋਇਆ ਹੈ।
ਜਲੂਸ ਇੱਕ ਤਿੱਖੀ ਢਲਾਣ ਤੋਂ ਹੇਠਾਂ ਉਤਰਦਾ ਹੈ ਜਿਸ ਵਿੱਚ ਲਾਮਾ ਮੂਹਰਲੀਆਂ ਕਤਾਰਾਂ ਤੁਰੇ ਜਾ ਹਨ। ਉਹ ਮੱਠ ਦੇ ਅੰਦਰ ਸੈਂਚੁਰੀ ਦੀ ਪਰਿਕਰਮਾ ਕਰਦੇ ਹਨ। ਫਿਰ ਭੀੜ ਲਾਮਾਂ ਦੇ ਇੱਕ ਸਮੂਹ ਅਤੇ ਬਾਕੀ ਸ਼ਰਧਾਲੂਆਂ ਦੇ ਸਮੂਹ ਵਿੱਚ ਟੁੱਟ ਜਾਂਦੀ ਹੈ ਅਤੇ ਦੋ ਮੈਟਾਡੋਰ ਵਾਹਨਾਂ ਵਿੱਚ ਸਵਾਰ ਹੋ ਜਾਂਦੀ ਹੈ। ਉਹ ਹੁਣ ਖੁਲਦੋ, ਸ਼ਾਡੋ, ਪੁੰਗੁਕ, ਭੋਕ ਦੇ ਪਿੰਡਾਂ ਦੇ ਨਾਲ਼-ਨਾਲ਼ ਗੱਡੀ ਚਲਾਉਣਗੇ ਅਤੇ ਨਾਗਾ ਵਿਖੇ ਜਾ ਕੇ ਸਮਾਪਤੀ ਕਰਨਗੇ।
ਖੁਲਦੋ ਵਿਖੇ ਸ਼ਰਧਾਲੂਆਂ ਦਾ ਬੰਦਾਂ, ਕੋਲਡ ਡਰਿੰਕ ਅਤੇ ਲੂਣੀ ਚਾਹ ਨਾਲ਼ ਸਵਾਗਤ ਕੀਤਾ ਜਾਂਦਾ ਹੈ। ਪੁੰਗੁਕ ਵਿਖੇ, ਲਾਮਾ ਅਤੇ ਸ਼ਰਧਾਲੂ ਨੇੜਲੇ ਪਹਾੜਾਂ ਦਾ ਚੱਕਰ ਲਗਾਉਂਦੇ ਹਨ ਅਤੇ ਇੱਕ ਚਮਕਦਾਰ ਨੀਲੇ ਅਸਮਾਨ ਦੇ ਹੇਠਾਂ ਨਦੀਆਂ ਅਤੇ ਘਾਹ ਦੇ ਮੈਦਾਨਾਂ ਦੇ ਨਾਲ਼-ਨਾਲ਼ ਤੁਰਦੇ ਜਾਂਦੇ ਹਨ।
ਜਦੋਂ ਅਸੀਂ ਨਾਗਾ ਦੇ ਪਿੰਡ ਪਹੁੰਚਦੇ ਹਾਂ, ਤਾਂ ਲਾਮਾ ਜਿਗਮੇਟ ਦੋਸ਼ਾਲ ਸਾਨੂੰ ਨਮਸਕਾਰ ਕਰਦੇ ਹੋਏ ਕਹਿੰਦੇ ਹਨ, "ਤੁਹਾਨੂੰ ਦਿਨ ਕਿਵੇਂ ਦਾ ਲੱਗਿਆ? ਇਹ ਪਿਆਰਾ ਹੈ, ਹੈ ਨਾ? ਇਸ ਨੂੰ ਮੈਰਿਟ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਸਾਨੂੰ ਪਵਿੱਤਰ ਪੁਸਤਕਾਂ ਦੇ ਪਿੱਛੇ ਲੁਕੇ ਫ਼ਲਸਫ਼ੇ ਨੂੰ ਸਮਝਣ ਲਈ ਹੋਰ ਅਧਿਐਨ ਕਰਨਾ ਚਾਹੀਦਾ ਹੈ।"

44 ਸਾਲਾ ਐਨਮੋਂਗ ਸਿਰਿੰਗ ਇਸ ਫੈਸਟੀਵਲ ਲਈ ਤਿਆਰ ਹੋ ਰਹੀ ਹਨ। ਉਨ੍ਹਾਂ ਨੇ ਸੁਲਮਾ ਪਹਿਨੀ ਹੋਈ ਹੈ , ਜੋ ਕਿ ਉੱਨ , ਬਰੋਕੇਡ , ਮਖਮਲੀ ਅਤੇ ਰੇਸ਼ਮ ਤੋਂ ਬਣਿਆ ਇੱਕ ਲੰਬਾ ਚੋਗਾ (ਗਾਊਨ) ਹੈ। ਇਸਨੂੰ ਟਾਈਲਿੰਗ ਨਾਲ਼ ਜੋੜਿਆ ਜਾਂਦਾ ਹੈ , ਜੋ ਕਿ ਕਪਾਹ , ਨਾਈਲੋਨ , ਜਾਂ ਰੇਸ਼ਮ ਤੋਂ ਬਣਿਆ ਇੱਕ ਬਲਾਊਜ਼ ਹੁੰਦਾ ਹੈ

ਬੁੱਧ ਦੀ ਮੂਰਤੀ ਦੇ ਨਾਲ਼ ਧਾਰਮਿਕ ਜਲੂਸ ਹਾਨਲੇ ਮੱਠ ਤੱਕ ਪਹੁੰਚਦਾ ਹੈ। ਹਾਨਲੇ ਘਾਟੀ ਵਿੱਚ ਸਥਿਤ , ਇਹ ਇਸ ਖੇਤਰ ਦਾ ਮੁੱਖ ਮੱਠ ਹੈ

ਛੇ ਪਿੰਡਾਂ ਦੇ ਸ਼ਰਧਾਲੂਆਂ ਦਾ ਜਲੂਸ ਗਲਿਆਰੇ ਵਿੱਚੋਂ ਦੀ ਲੰਘ ਕੇ ਮੱਠ ਵਿੱਚ ਜਾਂਦਾ ਹੈ

ਹਾਨਲੇ ਮੱਠ ਵਿੱਚ ਭਿਕਸ਼ੂ ਸਾਗਾ ਦਾਵਾ ਦੀ ਰਸਮ ਲਈ ਇੱਕ ਵੱਡੀ ਛਤਰੀ ਤਿਆਰ ਕਰਦੇ ਹਨ , ਜਿਸ ਨੂੰ ' ਉਟੁਕ ' ਵਜੋਂ ਜਾਣਿਆ ਜਾਂਦਾ ਹੈ

ਮੱਠ ਦੇ ਅੰਦਰ , ਪਿੰਡ ਵਾਸੀ ਰੰਗੋਲ (ਖੱਬੇ) ਅਤੇ ਕੇਸਾਂਗ ਐਂਜਲ (ਸੱਜੇ) ਪ੍ਰਾਰਥਨਾ ਦੀ ਕਾਰਵਾਈ ਦਾ ਨਿਰੀਖਣ ਕਰ ਰਹੇ ਹਨ

ਹਨਲੇ ਮੱਠ ਦੇ ਪ੍ਰਮੁੱਖ ਭਿਕਸ਼ੂਆਂ ਵਿੱਚੋਂ ਇੱਕ ਸਾਗਾ ਦਾਵਾ ਦੇ ਦਿਨ ਰਸਮਾਂ ਨਿਭਾਉਂਦਾ ਹੈ

ਹੈਨਲੇ ਮੱਠ ਨਾਲ਼ ਜੁੜੇ ਭਿਕਸ਼ੂ ਜਿਗਮੇਟ ਦੋਸ਼ਾਲ ਕਹਿੰਦੇ ਹਨ , ' ਇਸ ਨੂੰ ਗੁਣਾਂ (ਮੈਰਿਟ) ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਸਾਨੂੰ ਪਵਿੱਤਰ ਪੁਸਤਕਾਂ ਦੇ ਪਿੱਛੇ ਲੁਕੇ ਫ਼ਲਸਫ਼ੇ ਨੂੰ ਸਮਝਣ ਲਈ ਹੋਰ ਅਧਿਐਨ ਕਰਨਾ ਚਾਹੀਦਾ ਹੈ'

ਦੋਰਜੇ ਟੇਸਰਿੰਗ , ਇੱਕ ਜਵਾਨ ਲਾਮਾ , ਕੋਲ ਇੱਕ ਰਵਾਇਤੀ ਸੰਗੀਤਕ ਸਾਜ਼ ਹੈ ਜਿਸਨੂੰ ਆਂਗ ਕਿਹਾ ਜਾਂਦਾ ਹੈ

ਸਾਗਾ ਦਾਵਾ ਤਿਉਹਾਰ ਦੇ ਆਯੋਜਕਾਂ ਵਿਚੋਂ ਇਕ ਸੋਨਮ ਦੋਰਜੇ , ਹਾਨਲੇ ਮੱਠ ਤੋਂ ਪਵਿੱਤਰ ਪੋਥੀਆਂ ਲੈ ਕੇ ਆਉਂਦੇ ਹਨ। ਪੋਥੀਆਂ ਬੁੱਧ ਦੀ ਮੂਰਤੀ ਦੇ ਨਾਲ਼ ਜਾਂਦੀਆਂ ਹਨ ਜਦੋਂ ਜਲੂਸ ਇਸ ਖੇਤਰ ਦੇ ਪਿੰਡਾਂ ਵਿੱਚੋਂ ਦੀ ਲੰਘਦਾ ਹੈ

ਹਾਨਲੇ ਘਾਟੀ ਦੇ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਪਵਿੱਤਰ ਪੋਥੀਆਂ ਲੈ ਕੇ ਜਾਂਦੀਆਂ ਹਨ

ਲਾਮਾ ਇਸ ਤਿਉਹਾਰ ਦੌਰਾਨ ਰਵਾਇਤੀ ਸੰਗੀਤਕ ਸਾਜ਼ ਵਜਾਉਂਦੇ ਹਨ। ਮੁਕਾਬਲਤਨ ਛੋਟੇ ਹਵਾ-ਯੰਤਰ (ਖੱਬੇ) ਨੂੰ ਜੈਲਿੰਗ ( Gelling) ਕਿਹਾ ਜਾਂਦਾ ਹੈ , ਅਤੇ ਵੱਡਾ ਯੰਤਰ (ਵਿਚਕਾਰਲਾ) ਟੰਗ ਕਹਾਉਂਦਾ ਹੈ

ਜਦੋਂ ਲਾਮਾ ਹਾਨਲੇ ਘਾਟੀ ਦੀਆਂ ਤਿੱਖੀਆਂ ਢਲਾਣਾਂ ਤੋਂ ਉਤਰਦੇ ਹਨ ਤਾਂ ਵੀ ਜਲੂਸ ਜਾਰੀ ਰਹਿੰਦਾ ਹੈ

ਇਸ ਜਲੂਸ ਲਈ ਲਾਮਾ ਦੇ ਰਸਤੇ ਵਿੱਚ ਹਾਨਲੇ ਨਦੀ ਦੇ ਨਾਲ਼-ਨਾਲ਼ ਹਾਨਲੇ ਮੱਠ ਦਾ ਚੱਕਰ ਲਗਾਉਣਾ ਸ਼ਾਮਲ ਹੈ

ਸ਼ਾਦੋ ਪਿੰਡ ਜਾਂਦੇ ਸਮੇਂ ਜਲੂਸ ਨੂੰ ਖਾਲਦੋ ਪਿੰਡ ਦੇ ਲੋਕਾਂ ਦੁਆਰਾ ਬੰਦ , ਕੋਲਡ ਡਰਿੰਕ ਅਤੇ ਲੂਣੀ ਚਾਹ ਦਾ ਪ੍ਰਬੰਧ ਕਰਨ ਲਈ ਥੋੜ੍ਹੀ ਦੇਰ ਲਈ ਰੋਕਿਆ ਜਾਂਦਾ ਹੈ। ਜਲੂਸ ਦੇ ਮੈਂਬਰਾਂ ਲਈ ਖਾਣ-ਪੀਣ ਦਾ ਆਯੋਜਨ ਕਰਨਾ ਇਸ ਤਿਉਹਾਰ ਦੇ ਰੀਤੀ-ਰਿਵਾਜਾਂ ਦਾ ਹਿੱਸਾ ਹੈ

ਸ਼ਾਦੋ ਪਿੰਡ ਦੇ ਵਸਨੀਕ ਗੋਂਪਾ ਵਿੱਚ ਪਵਿੱਤਰ ਸ਼ਾਸਤਰ ਲੈ ਕੇ ਆਏ ਲਾਮਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੁੰਦੇ ਹਨ

ਹਾਨਲੇ ਮੱਠ ਦੇ ਲਾਮਾ ਆਪਣੀਆਂ ਪ੍ਰਾਰਥਨਾਵਾਂ ਤੋਂ ਬਾਅਦ ਸ਼ਾਦੋ ਪਿੰਡ ਦੇ ਗੋਂਪਾ ਤੋਂ ਬਾਹਰ ਨਿਕਲਦੇ ਹਨ

ਸ਼ਾਦੋ ਪਿੰਡ ਤੋਂ ਬਾਅਦ , ਕਾਫਲਾ ਹਾਨਲੇ ਘਾਟੀ ਦੇ ਇੱਕ ਹੋਰ ਪਿੰਡ ਪੁੰਗੂਕ ਪਹੁੰਚਦਾ ਹੈ। ਪਿੰਡ ਦੇ ਲੋਕ ਦੁਪਹਿਰ ਵੇਲ਼ੇ ਕਾਫਲੇ ਦੇ ਆਉਣ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰ ਰਹੇ ਹਨ

ਜਲੂਸ ਪੁੰਗੁਕ ਪਿੰਡ ਦੇ ਸਥਾਨਕ ਗੋਂਪਾ ਵੱਲ ਵਧਦਾ ਹੈ ਜਿੱਥੇ ਵਸਨੀਕ ਚਿੱਟੇ ਸਕਾਰਫਾਂ ਨਾਲ਼ ਉਹਨਾਂ ਦਾ ਸਵਾਗਤ ਕਰਨ ਲਈ ਉਡੀਕ ਕਰ ਰਹੇ ਹਨ

ਪੁੰਗੁਕ ਗੋਂਪਾ ਦੇ ਅੰਦਰ , ਔਰਤਾਂ ਆਪਣੇ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਹੋਈਆਂ ਹਨ , ਖਾਲਦੋ ਪਿੰਡਾਂ ਤੋਂ ਆਪਣੇ ਦੋਸਤਾਂ ਦੇ ਆਉਣ ਦੀ ਉਡੀਕ ਕਰ ਰਹੀਆਂ ਹਨ

ਪੁੰਗੁਕ ਗੋਂਪਾ ਦੇ ਕਮਿਊਨਿਟੀ ਹਾਲ ਦੇ ਅੰਦਰ ਆਪਣਾ ਲੰਚ ਖਾਂਦੇ ਹੋਏ ਅਤੇ ਲੂਣੀ ਚਾਹ ਪੀਂਦੇ ਹੋਏ , ਥੈਂਕਚੋਕ ਦੋਰਜੇ ਅਤੇ ਉਨ੍ਹਾਂ ਦੇ ਦੋਸਤ

ਇਸ ਖਾਣੇ ਤੋਂ ਬਾਅਦ , ਜਲੂਸ ਪੁੰਗਕੁ ਪਿੰਡ ਦਾ ਚੱਕਰ ਲਗਾਉਂਦਾ ਹੈ। ਉੱਬੜ-ਖਾਬੜ ਇਲਾਕੇ ਅਤੇ ਤੇਜ਼ ਵੱਗਦੀ ਹਵਾ ਦੇ ਬਾਵਜੂਦ , ਪਿੰਡ ਦਾ ਇੱਕ ਵੀ ਹਿੱਸਾ ਖੁੰਝਾਇਆ ਨਹੀਂ ਜਾਂਦਾ

ਜਲੂਸ ਵਿੱਚ ਸ਼ਾਮਲ ਔਰਤਾਂ ਆਪਣੇ ਮੋਢਿਆਂ ' ਤੇ ਪਵਿੱਤਰ ਪੋਥੀਆਂ ਚੁੱਕੀਆਂ ਤੁਰਦੀਆਂ ਹੋਈਆਂ

ਨਾਗਾ ਬਸਤੀ ਦੇ ਰਸਤੇ ਵਿੱਚ , ਜਲੂਸ ਦਾ ਕਾਫਲਾ ਬੱਗ ਪਿੰਡ ਵਿੱਚ ਰੁਕਦਾ ਹੈ ਕਿਉਂਕਿ ਵਸਨੀਕ ਹਾਨਲੇ ਮੱਠ ਦੇ ਲਾਮਾਂ ਤੋਂ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਉਹਨਾਂ ਨੇ ਕਾਫਲੇ ਵਾਸਤੇ ਖਾਣ-ਪੀਣ ਦਾ ਬੰਦੋਬਸਤ ਕੀਤਾ ਗਿਆ ਹੈ

ਬੱਗ ਪਿੰਡ ਦੇ ਵਸਨੀਕ ਪਵਿੱਤਰ ਪੋਥੀਆਂ ਤੋਂ ਅਸ਼ੀਰਵਾਦ ਲੈਂਦੇ ਹਨ

ਆਪਣੇ ਰਾਹ ਵਿੱਚ ਪੈਂਦੇ ਹਰ ਪਿੰਡ ਦਾ ਚੱਕਰ ਲਗਾਉਣ ਤੋਂ ਬਾਅਦ , ਕਾਫ਼ਲਾ ਆਖਰਕਾਰ ਨਾਗਾ ਦੇ ਨੇੜੇ ਇੱਕ ਸੁੰਦਰ ਘਾਹ ਦੇ ਮੈਦਾਨ ਵਿੱਚ ਰੁਕਦਾ ਹੈ। ਇਸ ਪਿੰਡ ਦੇ ਵਸਨੀਕ ਤਿੱਬਤੀ ਮੂਲ ਦੇ ਹਨ। ਢੋਲ ਵਜਾਉਣ ਦੇ ਨਾਲ਼ , ਲਾਮਾਂ ਨੇ ਸਫ਼ਰ ਖਤਮ ਹੋਣ ਦਾ ਐਲਾਨ ਕੀਤਾ
ਤਰਜਮਾ: ਕਮਲਜੀਤ ਕੌਰ