ਵਿਜੈ ਮਰੋਤਰ ਨੂੰ ਆਪਣੇ ਪਿਤਾ ਨਾਲ਼ ਹੋਈ ਉਸ ਅਖ਼ੀਰੀ ਗੱਲਬਾਤ ਦਾ ਡੂੰਘਾ ਪਛਤਾਵਾ ਹੈ।

ਹੁੰਮਸ ਮਾਰੀ ਗਰਮੀ ਦੀ ਇੱਕ ਸ਼ਾਮ ਨੂੰ ਯਵਤਮਾਲ ਜ਼ਿਲ੍ਹੇ ਵਿਖੇ ਪੈਂਦਾ ਉਨ੍ਹਾਂ ਦਾ ਪਿੰਡ ਹੌਲ਼ੀ-ਹੌਲ਼ੀ ਘੁਸਮੁਸੇ ਨਾਲ਼ ਕੱਜਿਆ ਜਾ ਰਿਹਾ ਸੀ। ਉਨ੍ਹਾਂ ਦੀ ਝੌਂਪੜੀ ਵਿੱਚ ਪੈ ਰਹੀ ਹਲਕੀ ਜਿਹੀ ਰੌਸ਼ਨੀ ਦੀ ਲੋਅ ਵਿੱਚ ਵਿਜੈ ਆਪਣੇ ਤੇ ਆਪਣੇ ਪਿਤਾ ਵਾਸਤੇ ਭੋਜਨ-ਦੋ ਰੋਟੀਆਂ, ਦਾਲ ਤੇ ਇੱਕ ਕੌਲੀ ਚੌਲ਼, ਪਰੋਸੀ ਦੋ ਥਾਲੀਆਂ ਫੜ੍ਹੀ ਅੰਦਰ ਆਏ ਸਨ।

ਪਰ ਜਿਓਂ ਹੀ ਉਨ੍ਹਾਂ ਦੇ ਪਿਤਾ, ਘਣਸ਼ਿਆਮ ਦੀ ਨਜ਼ਰ ਥਾਲੀ 'ਤੇ ਪਈ ਉਹ ਆਪਿਓਂ ਬਾਹਰ ਹੋ ਗਏ ਤੇ ਗੁੱਸੇ ਵਿੱਚ ਬੋਲੇ ਕਿ ਕੱਟੇ ਪਿਆਜ਼ ਕਿੱਥੇ ਨੇ? 25 ਸਾਲਾ ਵਿਜੈ ਮੁਤਾਬਕ ਤਲਖ਼ੀ ਉਨ੍ਹਾਂ ਦਾ ਸੁਭਾਅ ਸੀ ਪਰ ਉਨ੍ਹੀਂ ਦਿਨੀਂ ਉਨ੍ਹਾਂ ਦਾ ਮਿਜ਼ਾਜ਼ ਅਕਸਰ ਹੀ ਗਰਮ ਰਹਿਣ ਲੱਗਿਆ। ਮਹਾਰਾਸ਼ਟਰ ਦੇ ਅਕਪੁਰੀ ਪਿੰਡ ਵਿੱਚ ਇੱਕ ਕਮਰੇ ਦੀ ਆਪਣੀ ਝੌਂਪੜੀ ਦੇ ਬਾਹਰ ਖੁੱਲ੍ਹੀ ਥਾਵੇਂ ਡੱਠੀ ਪਲਾਸਟਿਕ ਦੀ ਕੁਰਸੀ  'ਤੇ ਬੈਠੇ ਵਿਜੈ ਦੱਸਦੇ ਹਨ, ''ਕੁਝ ਕੁ ਸਮੇਂ ਤੋਂ ਉਹ ਛੋਟੀ-ਛੋਟੀ ਗੱਲ 'ਤੇ ਕਾਹਲੇ ਪੈ ਜਾਂਦੇ ਤੇ ਛੇਤੀ ਗੁੱਸੇ ਨਾਲ਼ ਲਾਲ-ਪੀਲੇ ਹੋ ਜਾਂਦੇ।''

ਵਿਜੈ ਮੁੜ ਰਸੋਈ ਵਿੱਚ ਗਏ ਤੇ ਪਿਤਾ ਲਈ ਪਿਆਜ ਕੱਟ ਲਿਆਏ। ਪਰ ਰੋਟੀ ਖਾਣ ਤੋਂ ਬਾਅਦ ਦੋਵਾਂ ਵਿਚਾਲੇ ਕਿਸੇ ਗੱਲ਼ ਨੂੰ ਲੈ ਕੇ ਬਹਿਸ ਛਿੜ ਪਈ। ਉਸ ਰਾਤੀਂ ਵਿਜੈ ਬੁਝੇ ਮਨ ਨਾਲ਼ ਸੌਣ ਚਲੇ ਗਏ ਤੇ ਸੋਚਿਆ ਸਵੇਰ ਹੁੰਦਿਆ ਪਿਤਾ ਨੂੰ ਮਨਾ ਲਵਾਂਗਾ।

ਪਰ, ਘਣਸ਼ਿਆਮ ਲਈ ਅਗਲੀ ਸਵੇਰ ਕਦੇ ਹੋਈ ਹੀ ਨਾ।

ਉਸੇ ਰਾਤ 59 ਸਾਲਾ ਕਿਸਾਨ ਨੇ ਕੀੜੇਮਾਰ ਦਵਾਈ ਪੀ ਲਈ ਅਤੇ ਵਿਜੈ ਦੇ ਉੱਠਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਵੀ ਹੋ ਗਈ। ਇਹ ਘਟਨਾ ਅਪ੍ਰੈਲ 2022 ਦੀ ਹੈ।

PHOTO • Parth M.N.

ਯਵਤਮਾਲ ਜ਼ਿਲ੍ਹੇ ਦੇ ਅਕਪੁਰੀ ਵਿਖੇ ਆਪਣੇ ਘਰ ਦੇ ਬਾਹਰ ਬੈਠੇ ਵਿਜੈ ਮਰੋਤਰ। ਉਨ੍ਹਾਂ ਨੂੰ ਬਹੁਤਾ ਪਛਤਾਵਾ ਇਸੇ ਗੱਲ ਦਾ ਹੈ ਕਿ ਪਿਤਾ ਨਾਲ਼ ਉਨ੍ਹਾਂ ਦੀ ਅਖ਼ੀਰੀ ਗੱਲਬਾਤ ਕੋਈ ਬਹੁਤੀ ਵਧੀਆ ਨਹੀਂ ਰਹੀ ਸੀ ਅਤੇ ਅਪ੍ਰੈਲ 2022 ਨੂੰ ਆਤਮਹੱਤਿਆ ਕਰ ਉਨ੍ਹਾਂ ਆਪਣੀ ਜੀਵਨ ਲੀਲਾ ਮੁਕਾ ਛੱਡੀ

ਆਪਣੇ ਪਿਤਾ ਦੀ ਮੌਤ ਦੇ ਨੌ ਮਹੀਨਿਆਂ ਬਾਅਦ, ਜਦੋਂ ਵਿਜੈ ਸਾਡੇ ਨਾਲ਼ ਗੱਲ ਕਰ ਰਹੇ ਸਨ, ਉਦੋਂ ਵੀ ਉਨ੍ਹਾਂ ਦੇ ਜ਼ਿਹਨ ਵਿੱਚ ਇਹੀ ਖ਼ਿਆਲ ਘੁੰਮਦੇ ਰਹੇ ਕਿ ਕਾਸ਼ ਕਿਸੇ ਤਰੀਕੇ ਉਹ ਵਕਤ ਦਾ ਪਹੀਆ ਪਿਛਾਂਹ ਮੋੜ ਪਾਉਂਦੇ ਤੇ ਪਿਤਾ ਨਾਲ਼ ਹੋਈ ਉਹ ਬਹਿਸ ਦਾ ਵਰਕਾ ਪਾੜ ਸੁੱਟਦੇ। ਉਹ ਆਪਣੇ ਪਿਤਾ ਘਣਸ਼ਿਆਮ ਨੂੰ ਇੱਕ ਪਿਆਰ ਕਰਨ ਵਾਲ਼ੇ ਪਿਤਾ ਦੇ ਰੂਪ ਵਿੱਚ ਮਨ ਵਿੱਚ ਸਮੋਈ ਰੱਖਣਾ ਚਾਹੁੰਦੇ ਹਨ ਨਾ ਕਿ ਇੱਕ ਚਿੰਤਾ ਮਾਰੇ ਵਿਅਕਤੀ ਦੇ ਰੂਪ ਵਿੱਚ, ਜਿਹੋ ਜਿਹੇ ਉਹ ਮੌਤ ਤੋਂ ਕੁਝ ਕੁ ਸਾਲ ਪਹਿਲਾਂ ਬਣ ਗਏ ਸਨ। ਵਿਜੈ ਦੀ ਮਾਂ ਦੀ ਮੌਤ ਵੀ ਦੋ ਸਾਲ ਪਹਿਲਾਂ ਹੋਈ ਸੀ।

ਵਿਜੈ ਦੇ ਪਿਤਾ ਦੀ ਚਿੰਤਾ ਦਾ ਮੁੱਖ ਕਾਰਨ ਪਰਿਵਾਰ ਦੀ ਉਹ ਪੰਜ ਏਕੜ ਜ਼ਮੀਨ ਸੀ, ਜਿਸ 'ਤੇ ਕਿ ਉਹ ਨਰਮਾ ਤੇ ਅਰਹਰ ਦੀ ਖੇਤੀ ਕਰਦੇ ਸਨ। ਵਿਜੈ ਕਹਿੰਦੇ ਹਨ,''ਪਿਛਲੇ 8-10 ਸਾਲ ਸਾਡੇ ਲਈ ਕਾਫ਼ੀ ਮਾੜੇ ਰਹੇ। ਮੌਸਮ ਦਾ ਕਿਆਸ ਲਾਉਣਾ ਹੁਣ ਸੰਭਵ ਨਹੀਂ ਰਿਹਾ। ਹੁਣ ਮਾਨਸੂਨ ਦੇਰੀ ਨਾਲ਼ ਆਉਂਦਾ ਹੈ ਤੇ ਗਰਮੀ ਦੇ ਦਿਨ ਕਾਫ਼ੀ ਜ਼ਿਆਦਾ ਵੱਧ ਗਏ ਹਨ। ਹਰ ਵਾਰੀਂ ਬਿਜਾਈ ਕਰਨਾ ਕਿਸੇ ਜੂਏ ਤੋਂ ਘੱਟ ਨਾ ਰਿਹਾ।''

30 ਸਾਲਾਂ ਤੋਂ ਖੇਤੀ ਦੇ ਕੰਮ ਵਿੱਚ ਲੱਗੇ ਘਣਸ਼ਿਆਮ ਅਚਾਨਕ ਆਪਣੇ ਕੰਮ ਨੂੰ ਲੈ ਕੇ ਤੌਖ਼ਲਿਆਂ ਵਿੱਚ ਘਿਰਨ ਲੱਗੇ। ਜਲਵਾਯੂ ਵਿੱਚ ਹੋ ਰਹੀਆਂ ਤਬਦੀਲੀਆਂ ਉਨ੍ਹਾਂ ਦੇ ਤੌਖ਼ਲਿਆਂ ਦੀ ਮੁੱਖ ਵਜਾ ਬਣ ਕੇ ਉੱਭਰੀਆਂ। ਵਿਜੈ ਕਹਿੰਦੇ ਹਨ,''ਖੇਤੀ ਵਿੱਚ ਸਮੇਂ ਦਾ ਅਤੇ ਸਮੇਂ-ਸਿਰ ਕਦਮ ਚੁੱਕੇ ਜਾਣ ਦਾ ਬੜਾ ਮਹੱਤਵ ਹੈ। ਪਰ ਹੁਣ ਮੌਸਮ ਦੇ ਬਦਲਦੇ ਖ਼ਾਸਿਆਂ ਕਾਰਨ ਸਮੇਂ ਦੀ ਸੰਭਾਲ਼ ਕਰਨਾ ਮੁਸ਼ਕਲ ਹੁੰਦਾ ਜਾਂਦਾ ਰਿਹਾ। ਹਰ ਵਾਰੀਂ ਜਦੋਂ ਉਹ ਬਿਜਾਈ ਕਰਦੇ ਤੇ ਅਚਾਨਕ ਸੌਕਾ ਪੈ ਜਾਂਦਾ। ਇੰਝ ਉਹ ਹਰ ਗੱਲ ਨੂੰ ਆਪਣੇ ਨਸੀਬ ਨਾਲ਼ ਜੋੜ ਕੇ ਦੇਖਣ ਲੱਗੇ। ਬਿਜਾਈ ਤੋਂ ਬਾਅਦ ਜੇਕਰ ਮੀਂਹ ਨਾ ਪਵੇ ਤਾਂ ਅਗਲੀ ਬਿਜਾਈ ਕਰਨੀ ਹੈ ਜਾਂ ਨਹੀਂ ਇਹ ਤੈਅ ਕਰਨਾ ਜ਼ਰੂਰੀ ਹੋ ਜਾਂਦਾ ਹੈ।''

ਦੂਜੇ ਗੇੜ੍ਹ ਦੀ ਬਿਜਾਈ 'ਤੇ ਲਾਗਤ ਦੋਗੁਣੀ ਹੋ ਜਾਂਦੀ ਹੈ, ਪਰ ਮਨ ਇਹੀ ਉਮੀਦ ਕਰਦਾ ਹੈ ਕਿ ਹੱਥ ਆਉਣ ਵਾਲ਼ਾ ਝਾੜ ਮੁਨਾਫ਼ਾ ਦੇ ਜਾਵੇ। ਪਰ ਅਕਸਰ ਇੰਝ ਹੁੰਦਾ ਨਹੀਂ। ਵਿਜੈ ਕਹਿੰਦੇ ਹਨ,''ਇੱਕ ਮਾੜੇ ਸੀਜ਼ਨ ਵਿੱਚ ਸਾਨੂੰ 50,000 ਤੋਂ 75,000 ਰੁਪਏ ਦਾ ਨੁਕਸਾਨ ਹੋ ਜਾਂਦਾ ਹੈ।'' ਓਈਸੀਡੀ ਦੇ 2017-18 ਦੇ ਆਰਥਿਕ ਸਰਵੇਖਣ ਮੁਤਾਬਕ, ਜਲਵਾਯੂ ਤਬਦੀਲੀ ਨਾਲ਼ ਤਾਪਮਾਨ ਤੇ ਮੀਂਹ ਦੇ ਖ਼ਾਸੇ ਵਿੱਚ ਵਖਰੇਵਾਂ ਆਇਆ ਹੈ ਅਤੇ ਸੇਜੂੰ ਇਲਾਕਿਆਂ ਵਿੱਚ ਖੇਤੀ ਤੋਂ ਹੋਣ ਵਾਲ਼ੀ ਆਮਦਨੀ ਵਿੱਚ 15-18 ਫ਼ੀਸਦ ਦੀ ਕਮੀ ਆਈ ਹੈ। ਪਰ, ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੇਜੂੰ-ਸੱਖਣੇ ਇਲਾਕਿਆਂ ਵਿੱਚ ਇਹ ਨੁਕਸਾਨ 25 ਫ਼ੀਸਦ ਤੱਕ ਦਾ ਹੋ ਸਕਦਾ ਹੈ।

ਵਿਦਰਭ ਦੇ ਬਹੁਤੇਰੇ ਕਿਸਾਨਾਂ ਵਾਂਗਰ ਘਣਸ਼ਿਆਮ ਵੀ ਸਿੰਚਾਈ ਦੇ ਮਹਿੰਗੇ ਸੰਦਾਂ ਦਾ ਖ਼ਰਚਾ ਨਹੀਂ ਝੱਲ ਸਕਦੇ ਸਨ, ਇੰਝ ਉਨ੍ਹਾਂ ਨੂੰ ਪੂਰੀ ਤਰ੍ਹਾਂ ਉਸ ਮਾਨਸੂਨ ਵੱਲ ਹੀ ਟੇਕ ਲਾਈ ਰੱਖਣੀ ਪੈਂਦੀ ਸੀ, ਜੋ ਹੁਣ ਬੇਯਕੀਨਾ ਹੋ ਨਿਬੜਦਾ। ''ਹੁਣ ਬੂੰਦਾਬਾਂਦੀ ਨਹੀਂ ਹੁੰਦੀ,'' ਵਿਜੈ ਕਹਿੰਦੇ ਹਨ,''ਜਾਂ ਤਾਂ ਸੋਕਾ ਰਹਿੰਦਾ ਹੈ ਜਾਂ ਫਿਰ ਹੜ੍ਹ ਹੀ ਆਉਂਦਾ ਹੈ। ਜਲਵਾਯੂ ਦੀ ਇਹੀ ਬੇਯਕੀਨੀ ਤੁਹਾਡੇ ਫ਼ੈਸਲੇ ਲੈਣ ਦੀ ਸਮਰੱਥਾ ਨੂੰ ਸੱਟ ਮਾਰਦੀ ਹੈ। ਅਜਿਹੇ ਹਾਲਾਤਾਂ ਵਿੱਚ ਖੇਤੀ ਕਰਨਾ ਬੜਾ ਚਿੰਤਾ ਮਾਰਿਆ ਕੰਮ ਹੈ। ਇਹ ਸਭ ਤੁਹਾਡੇ ਸਬਰ ਦਾ ਸੰਤੁਲਨ ਵਿਗਾੜ ਛੱਡਦਾ ਹੈ, ਬੱਸ ਇਹੀ ਮੇਰੇ ਪਿਤਾ ਨਾਲ਼ ਹੋਇਆ।''

PHOTO • Parth M.N.

'ਅਜਿਹੇ ਹਾਲਾਤਾਂ ਵਿੱਚ ਖੇਤੀ ਕਰਨਾ ਬੜਾ ਚਿੰਤਾ ਮਾਰਿਆ ਕੰਮ ਹੈ। ਇਹ ਸਭ ਤੁਹਾਡੇ ਸਬਰ ਦਾ ਸੰਤੁਲਨ ਵਿਗਾੜ ਛੱਡਦਾ ਹੈ, ਬੱਸ ਇਹੀ ਮੇਰੇ ਪਿਤਾ ਨਾਲ਼ ਹੋਇਆ,'ਵਿਜੈ ਕਹਿੰਦੇ ਹਨ। ਉਹ ਦੱਸਦੇ ਹਨ ਕਿ ਮੌਸਮ ਵਿੱਚ ਲਗਾਤਾਰ ਆਉਂਦੇ ਬਦਲਾਅ ਕਾਰਨ ਹੁੰਦੀ ਫ਼ਸਲ ਦੀ ਬਰਬਾਦੀ, ਵੱਧਦੇ ਕਰਜੇ ਤੇ ਤਣਾਓ ਨੇ ਉਨ੍ਹਾਂ ਦੇ ਪਿਤਾ ਦੀ ਮਾਨਸਿਕ ਸਿਹਤ 'ਤੇ ਬੜਾ ਬੁਰਾ ਅਸਰ ਪਾਇਆ

ਫ਼ਸਲ ਨੂੰ ਲੈ ਕੇ ਚਿੰਤਾ ਵਿੱਚ ਰਹਿਣ ਤੇ ਫਿਰ ਮਾੜੇ ਝਾੜ ਤੋਂ ਉਪਜੀ ਪਰੇਸ਼ਾਨੀ ਕਾਰਨ ਇਸ ਇਲਾਕੇ ਦੇ ਹਰੇਕ ਕਿਸਾਨ ਨੂੰ ਮਾਨਸਿਕ ਸਿਹਤ ਨਾਲ਼ ਜੁੜੀਆਂ ਸਮੱਸਿਆਵਾਂ ਤੋਂ ਜੂਝਣਾ ਪੈ ਰਿਹਾ ਹੈ। ਇਹ ਇਲਾਕਾ ਪਹਿਲਾਂ ਹੀ ਖੇਤੀ ਦੇ ਡੂੰਘੇ ਸੰਕਟ ਤੇ ਕਿਸਾਨ ਆਤਮਹੱਤਿਆਵਾਂ ਦੀ ਕੰਨ ਖੜ੍ਹੇ ਕਰ ਦੇਣ ਵਾਲ਼ੀ ਗਿਣਤੀ ਲਈ ਜਾਣਿਆ ਜਾਂਦਾ ਹੈ।

ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ ਮੁਤਾਬਕ, ਭਾਰਤ ਵਿੱਚ 2021 ਵਿੱਚ ਕਰੀਬ 11,000 ਕਿਸਾਨਾਂ ਨੇ ਆਪਣੀ ਜੀਵਨ ਲੀਲਾ ਮੁਕਾ ਲਈ ਤੇ ਉਨ੍ਹਾਂ ਵਿੱਚੋਂ 13 ਫ਼ੀਸਦ ਕਿਸਾਨ ਮਹਾਰਾਸ਼ਟਰ ਦੇ ਸਨ। ਆਤਮਹੱਤਿਆ ਕਾਰਨ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਭਾਰਤ ਅੰਦਰ ਆਤਮਹੱਤਿਆ ਨਾਲ਼ ਮਰਨ ਵਾਲ਼ੇ ਲੋਕਾਂ ਦਾ ਸਭ ਤੋਂ ਵੱਡਾ ਹਿੱਸਾ ਮਹਾਰਾਸ਼ਟਰ ਦਾ ਹੀ ਬਣਿਆ ਹੋਇਆ ਹੈ।

ਹਾਲਾਂਕਿ, ਅਧਿਕਾਰਕ ਅੰਕੜਿਆਂ ਵਿੱਚ ਇਹ ਸੰਕਟ ਜਿੰਨਾ ਕੁ ਨਜ਼ਰ ਆਉਂਦਾ ਹੈ, ਹਕੀਕਤ ਵਿੱਚ ਓਸ ਤੋਂ ਕਿਤੇ ਵੱਧ ਡੂੰਘੇਰਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਕ,''ਜਦੋਂ ਇੱਕ ਆਤਮਹੱਤਿਆ ਦਰਜ ਕੀਤੀ ਜਾਂਦੀ ਹੈ, ਤਦ ਕਰੀਬ 20 ਹੋਰ ਲੋਕੀਂ ਆਤਮਹੱਤਿਆ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ।''

ਘਣਸ਼ਿਆਮ ਦੇ ਮਾਮਲੇ ਵਿੱਚ, ਮੌਸਮ ਵਿੱਚ ਲਗਾਤਾਰ ਆਉਂਦੇ ਉਤਰਾਅ-ਚੜ੍ਹਾਅ ਕਾਰਨ ਪਰਿਵਾਰ ਨੂੰ ਨਿਰੰਤਰ ਨੁਕਸਾਨ ਝੱਲਣਾ ਪੈ ਰਿਹਾ ਸੀ, ਜਿਸ ਕਾਰਨ ਕਰਜੇ ਦਾ ਬੋਝ ਹੋਰ ਹੋਰ ਵੱਧ ਗਿਆ ਸੀ। ਵਿਜੈ ਕਹਿੰਦੇ ਹਨ,''ਮੈਨੂੰ ਪਤਾ ਸੀ ਕਿ ਮੇਰੇ ਪਿਤਾ ਨੇ ਖੇਤੀ ਜਾਰੀ ਰੱਖਣ ਲਈ ਇੱਕ ਸ਼ਾਹੂਕਾਰ ਪਾਸੋਂ ਓਧਾਰ ਚੁੱਕਿਆ ਹੋਇਆ ਸੀ। ਸਮੇਂ ਦੇ ਨਾਲ਼ ਵੱਧਦੇ ਜਾਂਦੇ ਵਿਆਜ ਕਾਰਨ, ਉਨ੍ਹਾਂ ਸਿਰ ਕਰਜੇ ਦੀ ਪੰਡ ਹੋਰ ਭਾਰੀ ਹੁੰਦੀ ਜਾ ਰਹੀ ਸੀ।''

ਬੀਤੇ 5 ਤੋਂ 8 ਸਾਲਾਂ ਵਿੱਚ ਜੋ ਨਵੀਂ ਖੇਤੀ ਕਰਜਾ ਮੁਆਫ਼ੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਉਨ੍ਹਾਂ ਵਿੱਚ ਕਈ ਸ਼ਰਤਾਂ ਲਾਗੂ ਸਨ। ਇਨ੍ਹਾਂ ਵਿੱਚੋਂ ਕਿਸੇ ਵੀ ਯੋਜਨਾ ਵਿੱਚ ਸ਼ਾਹੂਕਾਰ ਕੋਲ਼ੋਂ ਚੁੱਕੇ ਕਰਜੇ ਦਾ ਉਲੇਖ ਤੱਕ ਨਹੀਂ ਹੁੰਦਾ। ਪੈਸਿਆਂ ਦੀ ਚਿੰਤਾ ਗਲ਼ੇ ਦੀ ਹੱਡੀ ਬਣ ਗਈ ਸੀ। ਵਿਜੈ ਕਹਿੰਦੇ ਹਨ,''ਪਿਤਾ ਜੀ ਨੇ ਮੈਨੂੰ ਕਦੇ ਕੁਝ ਦੱਸਿਆ ਹੀ ਨਹੀਂ ਕਿ ਸਾਡੇ ਸਿਰ ਕਿੰਨਾ ਕਰਜਾ ਬੋਲਦਾ ਹੈ। ਮੌਤ ਤੋਂ ਪਹਿਲਾਂ ਦੇ ਕੁਝ ਅਖ਼ੀਰੀ ਸਾਲਾਂ ਵਿੱਚ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗੇ ਸਨ।''

PHOTO • Parth M.N.

ਘਣਸ਼ਿਆਮ ਦੀ ਮੌਤ ਤੋਂ ਦੋ ਸਾਲ ਪਹਿਲਾਂ, ਮਈ 2020 ਵਿੱਚ ਉਨ੍ਹਾਂ ਦੀ ਪਤਨੀ ਕਲਪਨਾ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਉਹ 45 ਸਾਲਾਂ ਦੀ ਸਨ ਤੇ ਘਰ ਦੇ ਵਿਗੜਦੇ ਜਾਂਦੇ ਹਾਲਾਤਾਂ ਤੋਂ ਪਰੇਸ਼ਾਨ ਰਿਹਾ ਕਰਦੀ ਸਨ

ਯਵਤਮਾਲ ਦੇ ਮਨੋਵਿਸ਼ਲੇਸ਼ਕ ਸਮਾਜਿਕ ਕਾਰਕੁੰਨ, 37 ਸਾਲਾ ਪ੍ਰਫੁੱਲ ਕਾਪਸੇ ਦੱਸਦੇ ਹਨ ਕਿ ਸ਼ਰਾਬ ਦੀ ਲਤ ਲੱਗਣੀ ਅਵਸਾਦ ਦੀ ਨਿਸ਼ਾਨੀ ਹੈ। ਉਹ ਕਹਿੰਦੇ ਹਨ,''ਆਤਮਹੱਤਿਆ ਦੇ ਬਹੁਤੇਰੇ ਮਾਮਲਿਆਂ ਵਿੱਚ ਮਾਨਸਿਕ ਸਿਹਤ ਦੇ ਵਿਗਾੜ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਕਿਸਾਨਾਂ ਨੂੰ ਇਹਦਾ ਪਤਾ ਨਹੀਂ ਲੱਗ ਪਾਉਂਦਾ ਕਿਉਂਕਿ ਉਨ੍ਹਾਂ ਨੂੰ ਇਹਦੇ ਬਾਬਤ ਮਿਲ਼ਣ ਵਾਲ਼ੀ ਮਦਦ ਬਾਰੇ ਕੁਝ ਪਤਾ ਨਹੀਂ ਹੁੰਦਾ।''

ਘਣਸ਼ਿਆਮ ਦੇ ਪਰਿਵਾਰ ਨੇ ਉਨ੍ਹਾਂ ਨੂੰ ਆਪਣੇ ਹੱਥੀਂ ਆਪਣੀ ਜਾਨ ਲੈਣ ਤੋਂ ਪਹਿਲਾਂ ਹਾਈਪਰਟੈਂਸ਼ਨ (ਹਾਈ ਬਲੱਡ ਪ੍ਰੈਸ਼ਰ), ਚਿੰਤਾ ਤੇ ਅਵਸਾਦ ਨਾਲ਼ ਜੁੜੀਆਂ ਪਰੇਸ਼ਾਨੀਆਂ ਨਾਲ਼ ਜੂਝਦੇ ਦੇਖਿਆ। ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਹਾਲਤ ਨਾਲ਼ ਨਜਿੱਠਣਾ ਕਿਵੇਂ ਸੀ। ਘਰ ਵਿੱਚ ਉਹ ਇਕੱਲੇ ਨਹੀਂ ਸਨ ਜੋ ਚਿੰਤਾ ਤੇ ਅਵਸਾਦ ਨਾਲ਼ ਜੂਝ ਰਹੇ ਸਨ। ਦੋ ਸਾਲ ਪਹਿਲਾਂ ਮਈ 2022 ਨੂੰ ਉਨ੍ਹਾਂ ਦੀ ਪਤਨੀ, 45 ਸਾਲਾ ਕਲਪਨਾ ਦੀ ਮੌਤ ਹੋ ਗਈ ਸੀ। ਕਲਪਨਾ ਨੂੰ ਮੌਤ ਤੋਂ ਪਹਿਲਾਂ ਸਿਹਤ ਸਬੰਧੀ ਕੋਈ ਗੰਭੀਰ ਸਮੱਸਿਆ ਨਹੀਂ ਸੀ, ਪਰ ਇੱਕ ਦਿਨ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਵਿਜੈ ਕਹਿੰਦੇ ਹਨ,''ਮਾਂ ਖੇਤ ਦੇ ਨਾਲ਼-ਨਾਲ਼ ਘਰ ਵੀ ਸੰਭਾਲ਼ਦੀ ਸੀ। ਲਗਾਤਾਰ ਹੁੰਦੇ ਨੁਕਸਾਨ ਕਾਰਨ ਪਰਿਵਾਰ ਲਈ ਡੰਗ ਟਪਾਉਣਾ ਮੁਸ਼ਕਲ ਹੁੰਦਾ ਗਿਆ। ਸਾਡੀ ਵਿਗੜਦੀ ਆਰਥਿਕ ਹਾਲਤ ਕਾਰਨ ਉਹ ਤਣਾਓ ਵਿੱਚ ਰਹਿਣ ਲੱਗੀ। ਇਸ ਤੋਂ ਇਲਾਵਾ, ਉਨ੍ਹਾਂ ਦੀ ਮੌਤ ਦਾ ਕੋਈ ਹੋਰ ਕਾਰਨ ਹੋ ਹੀ ਨਹੀਂ ਸਕਦਾ।''

ਕਲਪਨਾ ਦੇ ਨਾ ਰਹਿਣ ਕਾਰਨ ਘਣਸ਼ਿਆਮ ਹੋਰ ਪਰੇਸ਼ਾਨ ਰਹਿਣ ਲੱਗੇ। ਵਿਜੈ ਕਹਿੰਦੇ ਹਨ,''ਮੇਰੇ ਪਿਤਾ ਇਕੱਲਾ ਮਹਿਸੂਸ ਕਰਨ ਲੱਗੇ ਤੇ ਮਾਂ ਦੀ ਮੌਤ ਤੋਂ ਬਾਅਦ ਖ਼ੁਦ ਨੂੰ ਘੁੱਟੀ ਰੱਖਦੇ। ਮੈਂ ਉਨ੍ਹਾਂ ਨਾਲ਼ ਲੱਖ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਮੇਰੇ ਨਾਲ਼ ਕਦੇ ਵੀ ਆਪਣਾ ਦਿਲ ਨਾ ਫ਼ਰੋਲ਼ਦੇ। ਸ਼ਾਇਦ ਉਹ ਮੈਨੂੰ ਹਰ ਪਰੇਸ਼ਾਨੀ ਤੋਂ ਦੂਰ ਰੱਖਣਾ ਚਾਹੁੰਦੇ ਸਨ।''

ਕਾਪਸੇ ਦਾ ਮੰਨਣਾ ਹੈ ਕਿ ਬਦਲਦੇ ਮੌਸਮ ਤੇ ਜਲਵਾਯੂ ਦੇ ਅਣਕਿਆਸੇ ਹੁੰਦੇ ਜਾਣ ਕਾਰਨ ਪੇਂਡੂ ਇਲਾਕਿਆਂ ਅੰਦਰ ਪੋਸਟ-ਟ੍ਰਾਮੇਟਿਕ ਡਿਸਆਰਡਰ (ਪੀਟੀਐੱਸਡੀ), ਡਰ ਤੇ ਅਵਸਾਦ ਦੇ ਬਹੁਤੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਉਹ ਕਹਿੰਦੇ ਹਨ,''ਕਿਸਾਨਾਂ ਕੋਲ਼ ਕਮਾਈ ਦਾ ਕੋਈ ਜ਼ਰੀਆ ਨਹੀਂ ਰਿਹਾ। ਜਦੋਂ ਤਣਾਓ ਦਾ ਇਲਾਜ ਨਾ ਹੋ ਪਾਵੇ ਤਾਂ ਉਹ ਗੰਭੀਰ ਸਮੱਸਿਆ ਵਿੱਚ ਬਦਲ ਜਾਂਦਾ ਹੈ ਤੇ ਅਖ਼ੀਰ ਅਵਸਾਦ ਜਨਮ ਲੈਂਦਾ ਹੈ। ਸ਼ੁਰੂਆਤੀ ਦੌਰ ਵਿੱਚ ਅਵਸਾਦ ਦਾ ਇਲਾਜ ਕਾਊਂਸਲਿੰਗ ਨਾਲ਼ ਕੀਤਾ ਜਾ ਸਕਦਾ ਹੈ। ਪਰ, ਬਾਅਦ ਵਿੱਚ ਸਮੱਸਿਆ ਦਵਾਈ ਦੇ ਆਸਰੇ ਰਹਿ ਜਾਂਦੀ ਹੈ ਤੇ ਅਜਿਹੀ ਹਾਲਤ ਵਿੱਚ ਖ਼ੁਦ ਨੂੰ ਮੁਕਾ ਲੈਣ ਦੇ ਵਿਚਾਰ ਵੀ ਆਉਂਦੇ ਹਨ।''

ਹਾਲਾਂਕਿ, 2015-16 ਦੇ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ ਮੁਤਾਬਕ, ਭਾਰਤ ਵਿੱਚ ਮਾਨਸਿਕ ਵਿਕਾਰਾਂ ਦੇ 70 ਤੋਂ 86 ਫ਼ੀਸਦੀ ਮਾਮਲਿਆਂ ਵਿੱਚ ਮਦਦ ਮਿਲ਼ਣ ਵਿੱਚ ਦੇਰੀ ਹੋ ਜਾਂਦੀ ਹੈ। ਮਈ 2018 ਤੋਂ ਲਾਗੂ ਹੋਏ ਮੈਂ ਟਲ ਹੈਲਥਕੇਅਰ ਐਕਟ, 2017 ਦੇ ਪਾਸ ਹੋਣ ਬਾਅਦ ਵੀ ਮਾਨਸਿਕ ਵਿਕਾਰਾਂ ਨਾਲ਼ ਜੂਝ ਰਹੇ ਲੋਕਾਂ ਲਈ ਲਾਜ਼ਮੀ ਸੇਵਾਵਾਂ ਦਾ ਪ੍ਰੋਵੀਜ਼ਨ ਤੇ ਬਣਦੀ ਪਹੁੰਚ ਇੱਕ ਸਮੱਸਿਆ ਬਣੀ ਹੋਈ ਹੈ।

PHOTO • Parth M.N.

ਯਵਤਮਾਲ ਦੇ ਵੜਗਾਓਂ ਵਿਖੇ ਪੈਂਦੇ ਆਪਣੇ ਘਰ ਵਿੱਚ ਮੌਜੂਦ ਸੀਮਾ। ਜੁਲਾਈ 2015 ਵਿੱਚ ਉਨ੍ਹਾਂ ਦੇ ਪਤੀ, 40 ਸਾਲਾ ਸੁਧਾਕਰ ਨੇ ਕੀੜੇਮਾਰ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਉਦੋਂ ਤੋਂ ਹੀ ਸੀਮਾ ਆਪਣੇ 15 ਏਕੜ ਦੇ ਖੇਤ ਨੂੰ ਇਕੱਲਿਆਂ ਹੀ ਸੰਭਾਲ ਰਹੀ ਹਨ

42 ਸਾਲਾ ਸੀਮਾ ਵਾਣੀ, ਯਵਤਮਾਲ ਤਾਲੁਕਾ ਦੇ ਵੜਗਾਓਂ ਦੀ ਇੱਕ ਕਿਸਾਨ ਹਨ ਤੇ ਮੈਂਟਲ ਹੈਲਥਕੇਅਰ ਐਕਟ (ਮਾਨਸਿਕ ਸਿਹਤ ਦੇਖਭਾਲ਼ ਐਕਟ) ਤਹਿਤ ਮਿਲ਼ਣ ਵਾਲ਼ੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਜੁਲਾਈ 2015 ਨੂੰ, ਉਨ੍ਹਾਂ ਨੇ ਪਤੀ 40 ਸਾਲਾ ਸੁਧਾਕਰ ਨੇ ਕੀੜੇਮਾਰ ਦਵਾਈ ਪੀ ਆਤਮਹੱਤਿਆ ਕਰ ਲਈ। ਓਦੋਂ ਤੋਂ ਸੀਮਾ ਹੀ ਆਪਣੇ 15 ਏਕੜ ਦੇ ਖੇਤ ਨੂੰ ਸੰਭਾਲ਼ ਰਹੀ ਹਨ।

''ਲੰਬਾ ਸਮਾਂ ਬੀਤ ਗਿਆ ਮੈਂ ਸ਼ਾਂਤੀ ਨਾਲ਼ ਸੌਂ ਕੇ ਨਹੀਂ ਦੇਖਿਆ। ਮੈਂ ਸਦਾ ਤਣਾਓ ਵਿੱਚ ਰਹਿੰਦੀ ਹਾਂ। ਮੇਰੀਆਂ ਧੜਕਨਾਂ ਅਕਸਰ ਤੇਜ਼ ਹੁੰਦੀਆਂ ਰਹਿੰਦੀਆਂ ਹਨ। ਪੋਤਾਤ ਗੋਲਾ ਯੇਤੋ। ਹੁਣ ਜਦੋਂ ਖੇਤੀ ਦਾ ਮੌਸਮ ਆਇਆ ਤਾਂ ਦੇਖੋ ਮੇਰੇ ਢਿੱਡ ਵਿੱਚ ਗੰਢ ਜਿਹੀ ਬੱਝ ਗਈ ਹੈ।''

ਜੂਨ 2022 ਦੇ ਅੰਤ ਵਿੱਚ, ਸੀਮਾ ਨੇ ਸਾਉਣੀ (ਖ਼ਰੀਫ਼) ਦਾ ਮੌਸਮ ਸ਼ੁਰੂ ਹੁੰਦਿਆਂ ਹੀ ਕਪਾਹ ਦੀ ਬਿਜਾਈ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਚੰਗੇ ਮੁਨਾਫ਼ੇ ਲਈ ਬੀਜ, ਕੀਟਨਾਸ਼ਕਾਂ ਤੇ ਖਾਦਾਂ 'ਤੇ ਕਰੀਬ 1 ਲੱਖ ਰੁਪਿਆ ਖਰਚ ਕੀਤਾ। ਚੰਗੇ ਝਾੜ ਵਾਸਤੇ ਉਨ੍ਹਾਂ ਨੇ ਪੂਰਾ-ਪੂਰਾ ਦਿਨ ਖੇਤਾਂ ਵਿੱਚ ਕੰਮ ਕੀਤਾ। ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਬੱਦਲ ਫਟਣ ਤੋਂ ਪਹਿਲਾਂ ਉਹ ਆਪਣੇ ਮਿੱਥੇ ਟੀਚੇ ਦੇ ਕਾਫ਼ੀ ਨੇੜੇ ਅੱਪੜ ਚੁੱਕੀ ਸਨ। ਉਨ੍ਹਾਂ ਨੂੰ ਇੱਕ ਲੱਖ ਰੁਪਏ ਦਾ ਮੁਨਾਫ਼ਾ ਹੁੰਦਾ ਦਿੱਸ ਰਿਹਾ ਸੀ, ਪਰ ਬੱਦਲ ਫੱਟਿਆ ਤੇ ਉਨ੍ਹਾਂ ਦੀ ਤਿੰਨ ਮਹੀਨਿਆਂ ਦੀ ਮਿਹਨਤ 'ਤੇ ਪਾਣੀ ਫਿਰ ਗਿਆ।

ਉਹ ਕਹਿੰਦੀ ਹਨ,''ਮੈਂ ਸਿਰਫ਼ 10,000 ਰੁਪਏ ਦੀ ਫ਼ਸਲ ਹੀ ਬਚਾ ਪਾਈ। ਖੇਤੀ 'ਚੋਂ ਮੁਨਾਫ਼ਾ ਕੱਢਣਾ ਤਾਂ ਦੂਰ, ਲਾਗਤ ਪੂਰੀ ਕਰਨ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਮਹੀਨਿਆਂ-ਬੱਧੀ ਮਰ-ਮਰ ਕੇ ਖੇਤੀ ਕਰੀਦੀ ਹੈ ਤੇ ਦੋ ਦਿਨਾਂ ਵਿੱਚ ਸਭ ਸਫ਼ਾਚੱਟ ਹੋ ਜਾਂਦਾ ਹੈ। ਦੱਸੋ ਹੁਣ ਕੀ ਕਰੀਏ? ਇਨ੍ਹਾਂ ਮੁਸੀਬਤਾਂ ਨੇ ਮੇਰੇ ਪਤੀ ਦੀ ਜਾਨ ਲਈ।'' ਸੁਧਾਰਕ ਦੀ ਮੌਤ ਤੋਂ ਬਾਅਦ, ਸੀਮਾ ਨੂੰ ਖੇਤ ਤੇ ਚਿੰਤਾ ਦੋਵੇਂ ਵਸੀਅਤ ਬਣ ਮਿਲ਼ੇ।

ਸੁਧਾਕਰ ਦੀ ਮੌਤ ਤੋਂ ਪਹਿਲਾਂ ਦੇ ਓਸ ਸਮੇਂ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹਨ,''ਸੋਕੇ ਕਾਰਨ ਅਸੀਂ ਪਹਿਲਾਂ ਹੀ ਥੱਲੇ ਲੱਗ ਚੁੱਕੇ ਸਾਂ। ਇਸਲਈ, ਜਦੋਂ ਉਨ੍ਹਾਂ ਵੱਲੋਂ ਜੁਲਾਈ 2015 ਨੂੰ ਖਰੀਦੇ ਕਪਾਹ ਦੇ ਬੀਜ ਵੀ ਮਾੜੇ ਨਿਕਲ਼ੇ ਤਾਂ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਇਹੀ ਉਹ ਵੇਲ਼ਾ ਸੀ ਜਦੋਂ ਅਸੀਂ ਆਪਣੀ ਧੀ ਦਾ ਵਿਆਹ ਵੀ ਕਰਨਾ ਸੀ। ਉਹ ਇੰਨਾ ਤਣਾਓ ਝੱਲ ਨਾ ਸਕੇ ਤੇ ਅਖ਼ੀਰ ਉਨ੍ਹਾਂ ਆਪਣੀ ਜਾਨ ਮੁਕਾ ਛੱਡੀ।''

ਸੀਮਾ ਨੇ ਸਮਾਂ ਬੀਤਣ ਨਾਲ਼ ਆਪਣੇ ਪਤੀ ਨੂੰ ਖ਼ਾਮੋਸ਼ ਹੁੰਦੇ ਦੇਖਿਆ। ਉਹ ਦੱਸਦੀ ਹਨ ਕਿ ਸੁਧਾਕਰ ਹਰ ਸਮੱਸਿਆ ਨੂੰ ਆਪਣੇ ਅੰਦਰ ਸਮੇਟਣ ਲੱਗੇ, ਪਰ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਇਸ ਸਭ ਦਾ ਅੰਤ ਆਤਮਹੱਤਿਆ ਦੇ ਰੂਪ ਵਿੱਚ ਨਿਕਲ਼ੇਗਾ। ਉਹ ਬੜੇ ਹਿਰਖੇ ਮਨ ਨਾਲ਼ ਪੁੱਛਦੀ ਹਨ,''ਕੀ ਪੇਂਡੂ ਪੱਧਰ 'ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲ਼ਣੀ ਚਾਹੀਦੀ?''

PHOTO • Parth M.N.

ਚੁਗੇ ਨਰਮੇ ਦੇ ਨਾਲ਼ ਆਪਣੇ ਘਰ ਅੰਦਰ ਖੜ੍ਹੀ ਸੀਮਾ

ਮਾਨਸਿਕ ਸਿਹਤ ਦੇਖਭਾਲ਼ ਐਕਟ 2017 ਮੁਤਾਬਕ, ਸੀਮਾ ਦੇ ਪਰਿਵਾਰ ਨੂੰ ਚੰਗੀ ਗੁਣਵੱਤਾ ਦੇ ਨਾਲ਼ ਲਗਾਤਾਰ ਕਾਊਂਸਲਿੰਗ ਤੇ ਥੈਰੇਪੀ ਦਿੱਤੇ ਜਾਣ ਦੀ ਲੋੜ ਸੀ। ਇਹ ਸੇਵਾਵਾਂ ਵੀ ਉਨ੍ਹਾਂ ਨੂੰ ਘਰੇਲੂ ਇਲਾਜ ਕੇਂਦਰ ਦੀ ਸੁਵਿਧਾ ਦੀ ਸੌਖ ਦੇ ਨਾਲ਼ ਹੀ ਨੇੜੇ-ਤੇੜੇ ਮਿਲ਼ਣੀ ਚਾਹੀਦੀ ਸੀ।

ਸਮੁਦਾਇਕ ਪੱਧਰ 'ਤੇ, ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ (ਡੀਐੱਮਐੱਚਪੀ) 1996 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਹਦੇ ਤਹਿਤ ਹਰੇਕ ਜ਼ਿਲ੍ਹੇ ਵਿੱਚ ਇੱਕ ਮਨੋਵਿਗਿਆਨ, ਇੱਕ ਮਨੋਰੋਗ ਨਰਸ ਤੇ ਇੱਕ ਮਨੋਵਿਸ਼ਲੇਸ਼ਕ ਸਮਾਜਿਕ ਕਾਰਕੁੰਨ ਹੋਣਾ ਲਾਜ਼ਮੀ ਸੀ। ਇਹਦੇ ਇਲਾਵਾ, ਤਾਲੁਕਾ ਪੱਧਰ 'ਤੇ ਸਮੁਦਾਇਕ ਸਿਹਤ ਕੇਂਦਰ ਵਿਖੇ ਕੁੱਲਵਕਤੀ ਤੌਰ 'ਤੇ ਇੱਕ ਮਨੋਵਿਗਿਆਨੀ ਜਾਂ ਇੱਕ ਮਨੋਵਿਸ਼ਲੇਸ਼ਕ ਸਮਾਜਿਕ ਕਾਰਕੁੰਨ ਤਾਇਨਾਤ ਹੋਣਾ ਚਾਹੀਦਾ ਸੀ।

ਹਾਲਾਂਕਿ, ਯਵਤਮਾਲ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਦੇ ਐੱਮਬੀਬੀਐੱਸ ਡਾਕਟਰ ਹੀ ਮਾਨਸਿਕ ਸਿਹਤ ਤੋਂ ਪੀੜਤ ਲੋਕਾਂ ਦਾ ਇਲਾਜ ਕਰਦੇ ਹਨ। ਯਵਤਮਾਲ ਵਿੱਚ ਡੀਐੱਮਐੱਚਪੀ ਦੇ ਕੋਆਰਡੀਨੇਟਰ ਡਾ ਵਿਨੋਦ ਜਾਧਵ ਨੇ ਪੀਐੱਚਸੀ ਵਿੱਚ ਯੋਗ ਸਟਾਫ ਦੀ ਘਾਟ ਨੂੰ ਸਵੀਕਾਰ ਕੀਤਾ ਹੈ। ਉਹ ਕਹਿੰਦੇ ਹਨ, "ਜਦੋਂ ਕਿਸੇ ਦੇ ਕੇਸ ਨੂੰ ਐੱਮਬੀਬੀਐੱਸ ਡਾਕਟਰ ਦੁਆਰਾ ਨਹੀਂ ਸੰਭਾਲਿਆ ਜਾਂਦਾ, ਤਾਂ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ।

ਜੇ ਸੀਮਾ ਆਪਣੇ ਪਿੰਡ ਤੋਂ ਲਗਭਗ 60 ਕਿਲੋਮੀਟਰ ਦੂਰ ਜ਼ਿਲ੍ਹਾ ਹੈਡਕੁਆਟਰ 'ਤੇ ਉਪਲਬਧ ਕਾਉਂਸਲਿੰਗ ਸੇਵਾਵਾਂ ਨੂੰ ਜਾਣਦੀ ਹੁੰਦੀ ਅਤੇ ਇਲਾਜ ਲਈ ਉੱਥੇ ਜਾਂਦੀ, ਤਾਂ ਉਨ੍ਹਾਂ ਨੂੰ ਆਉਣ-ਜਾਣ ਵਿੱਚ ਇੱਕ ਘੰਟਾ ਲੱਗ ਜਾਣਾ ਸੀ। ਫਿਰ ਇਹ ਯਾਤਰਾ ਕਿੰਨੀ ਕੁ ਖ਼ਰਚੀਲੀ ਹੋਣੀ ਸੀ ਇਹ ਵੱਖਰੀ ਗੱਲ ਰਹਿਣੀ ਸੀ।

ਕਾਪਸੇ ਕਹਿੰਦੇ ਹਨ, "ਜੇ ਕਿਸੇ ਨੂੰ ਮਦਦ ਲੈਣ ਲਈ ਇੱਕ ਘੰਟਾ ਬੱਸ ਵਿੱਚ ਸਫ਼ਰ ਕਰਨਾ ਪਵੇ ਤਾਂ ਉਹ ਇਲਾਜ ਤੋਂ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਇਲਾਜ ਵਾਸਤੇ ਵਾਰ-ਵਾਰ ਯਾਤਰਾ ਕਰਨੀ ਪੈਂਦੀ ਹੈ।'' ਵੈਸੇ ਤਾਂ ਸਭ ਤੋਂ ਵੱਡੀ ਚੁਣੌਤੀ ਲੋਕਾਂ ਅੰਦਰ ਇਸ ਲੋੜ ਨੂੰ ਪੈਦਾ ਕਰਨਾ ਹੈ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ।

ਜਾਧਵ ਦਾ ਕਹਿਣਾ ਹੈ ਕਿ ਡੀਐੱਮਐੱਚਪੀ ਦੇ ਅਧੀਨ ਉਨ੍ਹਾਂ ਦੀ ਟੀਮ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਦਾ ਪਤਾ ਲਗਾਉਣ ਲਈ ਹਰ ਸਾਲ ਯਵਤਮਲ ਦੀਆਂ 16 ਤਾਲੁਕਾਂ ਵਿੱਚ ਇੱਕ ਕੈਂਪ ਦਾ ਆਯੋਜਨ ਕਰਦੀ ਹੈ। ਉਹ ਕਹਿੰਦੇ ਹਨ, "ਲੋਕਾਂ ਨੂੰ ਇਲਾਜ ਲਈ ਬੁਲਾਉਣ ਦੀ ਬਜਾਏ, ਉਨ੍ਹਾਂ ਕੋਲ ਜਾਣਾ ਬਿਹਤਰ ਹੈ। ਸਾਡੇ ਕੋਲ ਲੋੜੀਂਦੀਆਂ ਗੱਡੀਆਂ ਜਾਂ ਪੈਸੇ ਨਹੀਂ ਹਨ, ਸੋ ਅਸੀਂ ਓਨਾ ਹੀ ਕਰ ਰਹੇ ਹਾਂ ਜਿੰਨਾ ਅਸੀਂ ਕਰ ਸਕਦੇ ਹਾਂ।"

ਰਾਜ ਦੇ ਡੀਐੱਮਐੱਚਪੀ ਲਈ, ਤਿੰਨ ਸਾਲਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕੁੱਲ 158 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਹਾਲਾਂਕਿ, ਮਹਾਰਾਸ਼ਟਰ ਸਰਕਾਰ ਨੇ ਹੁਣ ਤੱਕ ਇਸ ਬਜਟ ਦਾ ਸਿਰਫ 5.5 ਪ੍ਰਤੀਸ਼ਤ ਜਾਂ ਲਗਭਗ 8.5 ਕਰੋੜ ਰੁਪਏ ਖਰਚ ਕੀਤੇ ਹਨ।

ਮਹਾਰਾਸ਼ਟਰ ਦੇ ਡੀਐੱਮਐੱਚਪੀ ਦੇ ਘਟਦੇ ਬਜਟ ਨੂੰ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਨਹੀਂ ਬਣਦੀ ਕਿ ਵਿਜੈ ਅਤੇ ਸੀਮਾ ਵਰਗੇ ਲੋਕਾਂ ਨੂੰ ਅਜਿਹੇ ਕੈਂਪਾਂ ਵਿੱਚ ਜਾਣ ਦਾ ਮੌਕਾ ਵੀ ਮਿਲੇਗਾ।

PHOTO • Parth M.N.

ਸਰੋਤ: ਕਾਰਕੁੰਨ ਜਿਤੇਂਦਰ ਘਡਗੇ ਦੁਆਰਾ ਸੂਚਨਾ ਦੇ ਅਧਿਕਾਰ ਐਕਟ , 2005 ਰਾਹੀਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ

PHOTO • Parth M.N.

ਸਰੋਤ: ਸਿਹਤ ਮੰਤਰਾਲੇ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ

ਪਿਛਲੇ ਕੁਝ ਸਾਲਾਂ ਵਿਚ ਇਨ੍ਹਾਂ ਸਿਹਤ ਕੈਂਪਾਂ ਦੀ ਗਿਣਤੀ ਘਟੀ ਹੈ, ਜਦਕਿ ਇਸ ਦੌਰਾਨ ਕੋਰੋਨਾ ਮਹਾਂਮਾਰੀ ਨੇ ਲੋਕਾਂ ਦਾ ਇਕੱਲਾਪਣ ਵਧਾਇਆ, ਵਿੱਤੀ ਸੰਕਟ ਨੂੰ ਹੋਰ ਡੂੰਘਾ ਕੀਤਾ ਅਤੇ ਮਾਨਸਿਕ ਸਿਹਤ ਦੀ ਸਮੱਸਿਆ ਹੋਰ ਵੱਧ ਗਈ। ਦੂਜੇ ਪਾਸੇ, ਮਾਨਸਿਕ ਸਿਹਤ-ਸਬੰਧਿਤ ਸਹਾਇਤਾ ਦੀ ਮੰਗ ਵਿੱਚ ਵਾਧੇ ਨੇ ਚਿੰਤਾ ਵਿੱਚ ਵਾਧਾ ਕੀਤਾ ਹੈ।

ਯਵਤਮਾਲ ਦੇ ਇੱਕ ਮਨੋਚਿਕਿਤਸਕ ਡਾ ਪ੍ਰਸ਼ਾਂਤ ਚਕਰਵਾਰ ਕਹਿੰਦੇ ਹਨ, "ਇਨ੍ਹਾਂ ਕੈਂਪਾਂ ਨਾਲ਼ ਸਮਾਜ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਹੀ ਲਾਭ ਹੁੰਦਾ ਹੈ ਕਿਉਂਕਿ ਮਰੀਜ਼ਾਂ ਨੂੰ ਵਾਰ-ਵਾਰ ਮਿਲਣ ਦੀ ਲੋੜ ਹੁੰਦੀ ਹੈ ਅਤੇ ਇਹ ਕੈਂਪ ਸਾਲ ਵਿੱਚ ਇੱਕ ਵਾਰ ਲਗਾਏ ਜਾਂਦੇ ਹਨ। ਹਰ ਆਤਮਹੱਤਿਆ ਸਰਕਾਰ ਅਤੇ ਸਿਸਟਮ ਦੀ ਅਸਫਲਤਾ ਹੁੰਦੀ ਹੈ। ਲੋਕ ਰਾਤੋ-ਰਾਤ ਇਹ ਕਦਮ ਨਹੀਂ ਚੁੱਕਦੇ। ਇਹ ਬਦ ਤੋਂ ਬਦਤਰ ਹੋ ਰਹੇ ਹਾਲਤਾਂ ਦਾ ਨਤੀਜਾ ਹੈ।"

ਕਿਸਾਨਾਂ ਦੀ ਜ਼ਿੰਦਗੀ ਵਿਚ ਅਜਿਹੇ ਹਾਲਾਤ ਲਗਾਤਾਰ ਵੱਧਦੇ ਜਾ ਰਹੇ ਹਨ।

ਆਪਣੇ ਪਿਤਾ ਘਣਸ਼ਿਆਮ ਦੀ ਮੌਤ ਦੇ ਪੰਜ ਮਹੀਨੇ ਬਾਅਦ, ਵਿਜੈ ਮਰਾਤਰ ਦਾ ਖੇਤ ਭਾਰੀ ਮੀਂਹ ਕਾਰਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਸੀ। ਸਤੰਬਰ 2022 ਦੀ ਬਾਰਸ਼ ਨੇ ਉਨ੍ਹਾਂ ਦੀ ਜ਼ਿਆਦਾਤਰ ਕਪਾਹ ਦੀ ਫਸਲ ਨੂੰ ਰੋੜ੍ਹ ਦਿੱਤਾ। ਇਹ ਉਨ੍ਹਾਂ ਦੇ ਜੀਵਨ ਦਾ ਉਹ ਪਹਿਲਾ ਮੌਸਮ ਹੈ, ਜਦੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਅਗਵਾਈ ਕਰਨ ਜਾਂ ਮਦਦ ਦਾ ਹੱਥ ਵਧਾਉਣ ਲਈ ਜਿਊਂਦੇ ਨਾ ਰਹੇ। ਹੁਣ ਤਾਂ ਜੋ ਵੀ ਕਰਨਾ ਹੈ, ਬੱਸ ਉਨ੍ਹਾਂ ਨੇ ਖੁਦ ਕਰਨਾ ਹੈ।

ਜਦੋਂ ਉਨ੍ਹਾਂ ਨੇ ਪਹਿਲੀ ਵਾਰ ਖੇਤ ਨੂੰ ਪਾਣੀ ਵਿੱਚ ਡੁੱਬਿਆ ਵੇਖਿਆ, ਤਾਂ ਉਨ੍ਹਾਂ ਦੇ ਦਿਮਾਗ਼ ਵਿੱਚ ਇਹਨੂੰ ਨੂੰ ਬਚਾਉਣ ਦਾ ਕੋਈ ਤਰੀਕਾ ਨਾ ਆਇਆ। ਉਨ੍ਹਾਂ ਨੂੰ ਇਹ ਸਵੀਕਾਰ ਕਰਨ ਵਿੱਚ ਕੁਝ ਸਮਾਂ ਲੱਗਿਆ ਕਿ ਉਨ੍ਹਾਂ ਦੀ ਚਿੱਟੀ ਚਮਕਦਾਰ ਕਪਾਹ ਦੀ ਫਸਲ ਤਬਾਹ ਹੋ ਗਈ ਸੀ।

"ਮੈਂ ਇਸ ਫਸਲ 'ਤੇ ਲਗਭਗ 1.25 ਲੱਖ ਰੁਪਏ ਖਰਚ ਕੀਤੇ ਸਨ। ਮੇਰਾ ਲਗਭਗ ਸਾਰਾ ਪੈਸਾ ਡੁੱਬ ਗਿਆ ਹੈ। ਪਰ ਮੈਂ ਹਿੰਮਤ ਨਹੀਂ ਹਾਰਾਂਗਾ। ਮੈਂ ਇਸ ਸਥਿਤੀ ਦੇ ਅੱਗੇ ਝੁਕ ਨਹੀਂ ਸਕਦਾ।"

ਪਾਰਥ ਐਮ ਐਨ. ਠਾਕੁਰ ਫੈਮਲੀ ਫਾਉਂਡੇਸ਼ਨ ਦੁਆਰਾ ਦਿੱਤੀਆਂ ਗਈਆਂ ਸੁਤੰਤਰ ਪੱਤਰਕਾਰੀ ਗ੍ਰਾਂਟਾਂ ਰਾਹੀਂ ਜਨਤਕ ਸਿਹਤ ਅਤੇ ਨਾਗਰਿਕ ਆਜ਼ਾਦੀਆਂ ਵਰਗੇ ਵਿਸ਼ਿਆਂ ' ਤੇ ਰਿਪੋਰਟਿੰਗ ਕਰ ਰਹੇ ਹਨ। ਠਾਕੁਰ ਫੈਮਿਲੀ ਫਾਉਂਡੇਸ਼ਨ ਦਾ ਰਿਪੋਟੇਜ ਵਿੱਚ ਜ਼ਿਕਰ ਕੀਤੀ ਗਈ ਕਿਸੇ ਵੀ ਚੀਜ਼ ਉੱਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਹੈ।

ਜੇ ਤੁਹਾਡੇ ਮਨ ਵਿੱਚ ਆਤਮਘਾਤੀ ਵਿਚਾਰ ਆਉਂਦੇ ਹਨ ਜਾਂ ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਬਿਪਤਾ ਵਿੱਚ ਹੈ , ਤਾਂ ਕਿਰਪਾ ਕਰਕੇ ਰਾਸ਼ਟਰੀ ਹੈਲਪਲਾਈਨ ' ਕਿਰਨ ' ਨੂੰ 1800-599-0019 (24/7 ਟੌਲ-ਫ੍ਰੀ) ' ਤੇ ਜਾਂ ਇਹਨਾਂ ਨੇੜਲੇ ਹੈਲਪਲਾਈਨ ਨੰਬਰਾਂ ਵਿੱਚੋਂ ਕਿਸੇ ਨੂੰ ਵੀ ਕਾਲ ਕਰੋ। ਮਾਨਸਿਕ ਸਿਹਤ ਦੇ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਵਾਸਤੇ , ਕਿਰਪਾ ਕਰਕੇ SPIF ਦੀ ਮਾਨਸਿਕ ਸਿਹਤ ਡਾਇਰੈਕਟਰੀ ਦੇਖੋ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Pratishtha Pandya

Pratishtha Pandya is a poet and a translator who works across Gujarati and English. She also writes and translates for PARI.

Other stories by Pratishtha Pandya
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur