ਜਦੋਂ ਤੱਕ ਇਸ ਭੂਚਾਲ਼ ਦੇ ਝਟਕੇ ਸ਼ਾਹੀ ਦਰਬਾਰ ਤੀਕਰ ਪਹੁੰਚਦੇ ਬੜੀ ਦੇਰ ਹੋ ਚੁੱਕੀ ਸੀ। ਦੇਰ ਹੋ ਚੁੱਕੀ ਸੀ ਇਨ੍ਹਾਂ ਤਿੜਕੇ ਬੁਰਜ਼ਾਂ ਦੀ ਮੁਰੰਮਤ ਵਿੱਚ... ਦੇਰ ਹੋ ਚੁੱਕੀ ਸੀ ਉਸ ਤਾਨਾਸ਼ਾਹ ਦੇ ਝੰਡਾ ਬਰਦਾਰ ਨੂੰ ਝੰਡਾ ਉੱਚਾ ਚੁੱਕੀ ਰੱਖਣ ਵਿੱਚ।

ਇੱਕ ਖਾਈ ਇੱਕ ਪਾੜਾ ਹੁਕਮਰਾਨ ਲਈ ਫ਼ਖਰ ਦੀ ਗੱਲ ਹੁੰਦਾ ਹੈ। ਦੇਖੋ, ਉਸੇ ਖਾਈ ਵਿੱਚੋਂ ਕਣਕ ਦੀ ਬੱਲੀ ਨੇ ਮਹਿਕਾਂ ਛੱਡੀਆਂ, ਹਾਕਮ ਦੀ ਨਫ਼ਰਤੀ ਖਾਈ ਨਾਲ਼ੋਂ ਕਿਤੇ ਡੂੰਘੀ ਹੋ ਨਿਬੜੀ ਲੋਕਾਈ ਦੀ ਭੁੱਖ, ਜੋ ਚੌੜੀ ਹੈ ਉਸ ਦੀ ਅਕਾਸ਼ਗੰਗਾ ਜਿੰਨੀ ਚੌੜੀ ਛਾਤੀ ਨਾਲ਼ੋਂ, ਭੁੱਖ ਜਿਹਨੇ ਦੌੜ ਲਾਈ ਉਹਦੇ ਮਹਿਲੀਂ, ਗਲ਼ੀਆਂ ਪਾਰ ਕਰਦੀ ਹੋਈ ਬਜ਼ਾਰਾਂ ਨੂੰ ਪਿਛਾਂਹ ਛੱਡਦੀ ਹੋਈ, ਗਊਸ਼ਾਲਾਵਾਂ ਦੀਆਂ ਕੰਧਾਂ ਨੂੰ ਟੱਪ ਨਿਕਲ਼ ਬਾਹਰ ਗਈ। ਪਰ...ਸੱਚੀਓ ਬੜੀ ਦੇਰੀ ਹੋ ਗਈ।

ਦੇਰ ਹੋ ਗਈ... ਹਾਕਮ ਦੇ ਪਾਲਤੂ ਕਾਵਾਂ ਨੂੰ ਖੁੱਲ੍ਹਿਆਂ ਛੱਡਣ ਵਿੱਚ, ਕਾਵਾਂ-ਰੌਲ਼ੀ ਪਾਉਂਦੇ ਅਤੇ ਗਾਹ ਪਾਉਂਦੇ ਕਾਵਾਂ ਨੂੰ ਦੇਰ ਹੋ ਗਈ। ਦੇਰ ਹੋ ਗਈ ਲਰਜ਼ ਪੈਦਾ ਕਰਦੇ ਇਸ ਝੁੰਡ ਨੂੰ ਦਹਿਸ਼ਤਗਰਦ ਐਲਾਨਨ ਵਿੱਚ। ਹਾਏ ਦੇਰ ਹੋ ਗਈ ਕਦਮਤਾਲ ਕਰਦੇ ਪੈਰਾਂ ਨੂੰ ਤੁੱਛ ਕਹਿਣ ਵਿੱਚ। ਹਾਏ ਉਹ ਲਹੂ-ਲੁਹਾਨ ਛਾਲਿਆਂ ਮਾਰੇ ਧੁੱਪ ਸੰਵਲਾਏ ਪੈਰ, ਇਹ ਲੜਖੜਾਉਂਦੇ ਪੈਰ ਉਹਦਾ ਸਿੰਘਾਸਨ ਕਿਵੇਂ ਡੁਲਾਉਣਗੇ! ਬੜੀ ਦੇਰ ਹੋ ਗਈ ਇਹ ਪ੍ਰਚਾਰਨ ਵਿੱਚ ਕਿ ਇਹ ਪਵਿੱਤਰ ਸਾਮਰਾਜ ਹਜ਼ਾਰਾਂ-ਹਜ਼ਾਰ ਸਾਲ ਚੱਲੇਗਾ... ਉਨ੍ਹਾਂ ਦੇ ਦਿਮਾਗ਼ਾਂ ਵਿੱਚ ਤੂੜੀ ਭਰਨ ਲਈ ਸੱਚਿਓ ਦੇਰੀ ਹੋ ਗਈ। ਕਿਸਾਨੀਂ ਹੱਥ ਜੋ ਮਿੱਟੀ ਨੂੰ ਸੋਨਾ ਬਣਾ ਦੇਣ, ਸੁਨਹਿਰੀ ਫ਼ਸਲਾਂ ਉਗਾ ਦੇਣ... ਦੇਖੋ ਉਹੀ ਹੱਥ ਆਸਮਾਨ ਛੂਹ ਰਹੇ ਸਨ।

ਪਰ ਦੇਖੋ ਇਨ੍ਹਾਂ ਸ਼ੈਤਾਨੀ ਮੁੱਠੀਆਂ ਵੱਲ... ਇਹ ਕਿਸਦੀਆਂ ਸਨ? ਉਨ੍ਹਾਂ ਵਿੱਚੋਂ ਅੱਧੀਆਂ ਔਰਤਾਂ ਸਨ ਅਤੇ ਇੱਕ-ਤਿਹਾਈ ਉਹ ਜਿਨ੍ਹਾਂ ਨੇ ਦਾਸਤਾ ਦੇ ਜੂਲੇ ਨੂੰ ਕਿਸਮਤ ਦਾ ਨਾਮ ਦਿੱਤਾ, ਇੱਕ ਚੌਥਾਈ ਮੁੱਠੀਆਂ ਖ਼ੁਦ ਨੂੰ ਬਾਕੀ ਸਭ ਨਾਲ਼ੋਂ ਪ੍ਰਾਚੀਨ ਮੁੱਠੀਆਂ ਕਹਿੰਦੀਆਂ ਸਨ। ਕੁਝ ਸ਼ਾਨਦਾਰ ਇੰਦਰਧਨੁਖ ਨਾਲ਼ ਸਜੀਆਂ ਸਨ, ਕਈ ਸੁਰਖ਼ ਲਾਲ ਰੰਗ ਨਾਲ਼ ਲਿਬੜੀਆਂ ਅਤੇ ਕਈ ਪੀਲ਼ੇ ਰੰਗ ਨਾਲ਼.. ਕੁਝ ਕੁ ਮੁੱਠੀਆਂ ਲੀਰੋ-ਲੀਰ ਸਨ। ਚੀਥੜੇ ਜੋ ਇੱਕ ਬਾਦਸ਼ਾਹ ਦੀਆਂ ਬੇਸ਼ਕੀਮਤੀ ਪੁਸ਼ਾਕਾਂ ਨਾਲ਼ੋਂ ਕਿਤੇ ਵੱਧ ਕੀਮਤੀ ਸਨ। ਉਹ ਸਨ ਜੀਵਨ ਦੇ ਹਰਕਾਰੇ... ਮੌਤ ਨੂੰ ਹਰਾਉਣ ਵਾਲ਼ੇ ਜੋ ਤੁਰਦੇ ਜਾਂਦੇ, ਗਾਉਂਦੇ ਜਾਂਦੇ, ਮੁਸਕਰਾਉਂਦੇ ਜਾਂਦੇ ਅਤੇ ਆਪਣੀ ਕਰਨੀ ਤੋਂ ਸੁਰਖ਼ਰੂ ਸਨ। ਦੇਖੋ ਉਹ ਤਾਂ ਹਲ-ਵਾਹਕ ਸਨ ਜੰਗਲੀ ਜਿਹੇ ਗੰਵਾਰ ਜਿਹੇ... ਪਰ ਫਿਰ ਵੀ ਜਿਨ੍ਹਾਂ ਨੂੰ ਮਾਰ ਨਾ ਸਕੀਆਂ ਉਨ੍ਹਾਂ ਦੀਆਂ ਪਵਿੱਤਰ ਗੁਲੇਲਾਂ ਅਤੇ ਬੰਦੂਕਾਂ ਵੀ ।

ਜਦੋਂ ਤੱਕ ਇਸ ਭੂਚਾਲ਼ ਦੇ ਝਟਕੇ ਉਸ ਸੁਰਾਖ਼ ਤੀਕਰ ਅੱਪੜਦੇ ਜਿੱਥੇ ਕਦੇ ਦਿਲ ਧੜਕਦਾ ਹੋਣਾ... ਸੱਚਿਓ ਬੜੀ ਦੇਰ ਹੋ ਚੁੱਕੀ ਸੀ।

ਪ੍ਰਤਿਸ਼ਠਿਯਾ ਪਾਂਡਯ ਦੀ ਅਵਾਜ਼ ਵਿੱਚ ਕਵਿਤਾ ਸੁਣੋ

ਕਿਸਾਨਾਂ ਨੂੰ ਸੰਬੋਧਤ

1)

ਚਿੱਥੜਿਆਂ 'ਚ ਲਿਪਟੇ ਕਿਸਾਨੋਂ, ਤੁਸੀਂ ਹੱਸਦੇ ਕਿਉਂ ਹੋ?
''ਸ਼ੱਰੇ ਨਾਲ਼ ਫੱਟੜ ਮੇਰੀਆਂ ਅੱਖਾਂ
ਕੀ ਇਹ ਜਵਾਬ ਨਹੀਂ ਤੇਰਾ।''

ਐ ਦਲਿਤ ਕਿਸਾਨੋਂ, ਤੁਹਾਡਾ ਲਹੂ ਕਿਉਂ ਚੋਂਦਾ ਏ?
''ਉਹ ਪਾਪ ਗਰਦਾਨਦੇ ਮੇਰੇ ਚਮ ਨੂੰ,
ਬੱਸ ਮੇਰੀਓ ਭੁੱਖ ਹੀ ਮੇਰੀ ਹੈ।"

2)

ਵਿਚਾਰਾਂ ਨਾਲ਼ ਲੈਸ ਔਰਤੋ, ਤੁਸੀਂ ਮਾਰਚ ਕਰਦੀਆਂ?
''ਨੰਗੀ ਧੁੱਪੇ ਰੜ੍ਹੇ ਮੈਦਾਨੀਂ ਦਾਤੀ ਬਣ ਜਾਂਦੀਆਂ
ਅਸੀਂ ਲੱਖਾਂ ਨਜ਼ਰਾਂ ਦਾ ਜਵਾਬ ਬਣ ਜਾਂਦੀਆਂ।''

ਐ ਗ਼ਰੀਬ ਕਿਸਾਨੋਂ, ਤੁਸੀਂ ਹਊਕਾ ਕਿਵੇਂ ਹੋ ਭਰਦੇ?
''ਵਿਸਾਖੀ ਦੀ ਮੁੱਠੀਭਰ ਸੁਨਿਹਰੀ ਕਣਕ ਵਿੱਚ,
ਜਿਓਂ ਵਿਰਲੇ ਦਾਣੇ ਰਾਈ ਦੇ ਹੁੰਦੇ।''

3)

ਐ ਮਿੱਟੀ ਦੇ ਜਾਇਓ, ਤੁਸੀਂ ਸਾਹ ਕਿੱਥੋਂ ਹੋ ਲੈਂਦੇ?
''ਅਸੀਂ ਤੂਫ਼ਾਨ ਦੀ ਹਿੱਕ ਚੀਰ ਲੈਂਦੇ,
ਕੁਝ ਸਾਹ ਲੋਹੜੀ ਦੇ ਭਾਂਬੜ ਦਿੰਦੇ।''

ਐ ਮਿੱਟੀ ਦੇ ਬਣੇ ਕਿਸਾਨੋਂ, ਤੁਸੀਂ ਕਿੱਧਰ ਨੂੰ ਭੱਜਦੇ?
''ਦੌੜਦੇ ਹਾਂ ਬੰਦਗੀ ਲਈ ਉਸ ਹਥੌੜੇ ਲਈ
ਤੈਰਦਾ ਸੂਰਜ ਹੱਥੀ ਹੈ ਜਿਹਦੀ।''

4)

ਐ ਬੇਜ਼ਮੀਨੇ ਕਿਸਾਨੋਂ, ਤੁਸੀਂ ਸੁਪਨੇ ਕਾਹਦੇ ਦੇਖਦੇ?
''ਦੇਖੀ ਮੀਂਹ ਦੀ ਬੂੰਦ ਕੋਈ
ਸਾੜ ਸੁੱਟਦੀ ਉਹਦਾ ਗ਼ਲੀਚ ਸ਼ਾਸਨ।''

ਐ ਬੇਘਰੇ ਸਿਪਾਹੀਓ, ਤੁਸੀਂ ਫ਼ਸਲ ਕਦੋਂ ਬੀਜਣੀ?
''ਜਦੋਂ ਸਾਡੇ ਹਲ ਦੇ ਫਾਲਿਆਂ ਨੇ,
ਚੀਰ ਸੁੱਟਣੀ ਕਾਵਾਂ ਦੀ ਹਿੱਕ।''

5)

ਐ ਆਦਿਵਾਸੀ ਕਿਸਾਨੋਂ, ਤੁਸੀਂ ਕੀ ਪਏ ਗਾਉਂਦੇ?
''ਹਾਕਮ ਦੀ ਨਫ਼ਰਤ ਝੱਲਦੇ ਜਾਂਦੇ
ਮੁੱਲਾਂ ਦੇ ਮੁੱਲ ਤਾਰੀ ਜਾਂਦੇ।''

ਅੱਧੀ ਰਾਤੀ ਜਾਗਦੇ ਕਿਸਾਨੋ, ਤੁਸੀਂ ਕੀ ਪਏ ਢੋਂਹਦੇ?
''ਆਪਣੀਆਂ ਖੁੱਸੀਆਂ ਜ਼ਮੀਨਾਂ ਮੋਢੇ ਚੁੱਕੀ
ਹਾਕਮ ਦਾ ਤਖ਼ਤਪਲਟ ਦੀ ਉਡੀਕ 'ਚ।''


ਸ਼ਬਦਾਵਲੀ

ਬੱਕਸ਼ੋਟ: ਇੱਕ ਤਰੀਕੇ ਦੀ ਬੰਦੂਕ-ਸ਼ੱਰਾ

ਬਹੁਜਨ: ਦਲਿਤ, ਸ਼ੂਦਰ ਅਤੇ ਆਦਿਵਾਸੀ

ਗਊਸ਼ਾਲਾ : ਗਾਵਾਂ ਦਾ ਰੱਖਿਆਤਮਕ ਵਾੜਾ

ਲੋਹੜੀ: ਲਹਿੰਦੇ ਸਿਆਲ ਦਾ ਇੱਕ ਪੰਜਾਬੀ ਤਿਓਹਾਰ

ਮਸਨਦ : ਸਿੰਘਾਸਨ

ਰਸ਼ੀਦ : ਫ਼ਰਮਾਬਰਦਾਰ, ਆਗਿਆਕਾਰ, ਕਹਿਣੇ ਵਿੱਚ ਰਹਿਣ ਵਾਲ਼ਾ

ਸਤਰਾਪ : ਇੱਕ ਜਗੀਰੂ, ਤਾਨਾਸ਼ਾਹ ਸ਼ਾਸਕ

ਤ੍ਰੀਬੁਚੇਤ: ਪੱਥਰ ਵਰਾਊ ਗੁਲੇਲ

ਵਿਸਾਖੀ : ਵਾਢੀ ਦਾ ਤਿਓਹਾਰ ਜੋ ਮੁੱਖ ਤੌਰ 'ਤੇ ਪੰਜਾਬ ਦੇ ਨਾਲ਼ ਨਾਲ਼ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਵੀ ਮਨਾਇਆ ਜਾਂਦਾ ਹੈ।

ਟੀਮ ਦੇ ਇਸ ਸਾਂਝੇ ਅਤੇ ਅਹਿਮ ਯਤਨ ਵਿੱਚ ਅਸੀਂ ਸਮਿਤਾ ਖਟੋਰ ਦਾ ਸ਼ੁਕਰੀਆ ਅਦਾ ਕਰਦੇ ਹਾਂ।

ਤਰਜਮਾ: ਕਮਲਜੀਤ ਕੌਰ

Poems and Text : Joshua Bodhinetra
bodhinetra@gmail.com

Joshua Bodhinetra has an MPhil in Comparative Literature from Jadavpur University, Kolkata. He is a translator for PARI, and a poet, art-writer, art-critic and social activist.

Other stories by Joshua Bodhinetra
Paintings : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur