ਦੇਵੀ ਹੁਣ ਕਿਸੇ ਵੀ ਵੇਲ਼ੇ ਧਰਤੀ 'ਤੇ ਪ੍ਰਗਟ ਹੋਵੇਗੀ, ਬੇਸ਼ਰਤੇ ਕਿ ਪਹਿਲਾਂ ਉਹਨੂੰ ( he ) ਕੱਪੜੇ ਪਾਉਣ ਦਾ ਮੌਕਾ ਮਿਲ਼ੇ। ''ਪਹਿਲਾਂ ਹੀ ਸੱਤ ਵੱਜ ਚੁੱਕੇ ਹਨ। ਰਜਤ ਜੁਬਲੀ ਪਿੰਡ ਦੇ ਪਿਆਰੇ ਵਾਸੀਓ, ਕ੍ਰਿਪਾ ਕਰਕੇ ਆਪਣੇ ਘਰਾਂ ਵਿੱਚੋਂ ਚਾਦਰਾਂ, ਸਾੜੀਆਂ ਅਤੇ ਕੱਪੜੇ ਲਿਆਓ। ਸਾਨੂੰ ਤਿਆਰ ਹੋਣ ਵਾਲ਼ਾ ਕਮਰਾ (ਗ੍ਰੀਨ ਰੂਮ) ਤਿਆਰ ਕਰਨ ਦੀ ਲੋੜ ਹੈ। ' ਪਾਲਾ ਗਾਨ '- ਮਨਸਾ ਇਲੋ ਮੋਰਤੇ (ਦੇਵੀ ਦਾ ਧਰਤੀ 'ਤੇ ਪ੍ਰਗਟ ਹੋਣਾ) ਬੱਸ ਸ਼ੁਰੂ ਹੋਣ ਵਾਲ਼ਾ ਹੈ। ਸੰਗੀਤ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਹਵਾ ਵਿੱਚ ਗੂੰਜਣ ਲੱਗੇ ਅਤੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਗੋਸਾਬਾ ਬਲਾਕ ਦੇ ਇਸ ਪਿੰਡ ਦੀਆਂ ਸੜਕਾਂ 'ਤੇ ਸਤੰਬਰ ਮਹੀਨੇ ਤੋਂ ਹੀ ਫ਼ੈਲ ਗਏ। ਇਹ ਰਾਤ ਯਕੀਨਨ ਜ਼ਸ਼ਨ ਅਤੇ ਖ਼ੁਸ਼ੀ-ਖੇੜਿਆਂ ਦਾ ਵਾਅਦਾ ਕਰਦੀ ਜਾਪਦੀ ਹੈ।
ਇੱਕ ਘੰਟੇ ਦੇ ਅੰਦਰ-ਅੰਦਰ, ਆਰਜ਼ੀ ਗ੍ਰੀਨ ਰੂਮ ਤਿਆਰ ਹੋ ਗਿਆ ਅਤੇ ਉੱਥੇ ਲਿਸ਼ਕਣੇ ਕੱਪੜੇ ਪਾਈ, ਭੜਕੀਲੇ ਮੇਕਅਪ ਵਿੱਚ ਤਿਆਰ ਹੁੰਦੇ ਅਤੇ ਭਾਰੀ-ਭਰਕਮ ਗਹਿਣਿਆਂ ਵਿੱਚ ਖ਼ੁਦ ਨੂੰ ਸਜਾਉਂਦੇ ਕਲਾਕਾਰਾਂ ਦੀ ਚਹਿਲ-ਪਹਿਲ ਹੈ ਅਤੇ ਇੱਕ ਪਾਸੇ ਕਲਾਕਾਰ ਬਿਨਾਂ ਕਿਸੇ ਲਿਖਤੀ ਪਟਕਥਾ ਦੇ ਆਪੋ-ਆਪਣੇ ਮੁਕਾਲਮੇ ਚੇਤੇ ਕਰਨ ਵਿੱਚ ਰੁੱਝੇ ਹੋਏ ਹਨ। ਨਿਤਯਾਨੰਦ ਸਰਕਾਰ, ਜੋ ਦਲ ਦੀ ਅਗਵਾਈ ਕਰਦੇ ਹਨ, ਅੱਜ ਕਾਫ਼ੀ ਸੰਜੀਦਾ ਨਜ਼ਰ ਆ ਰਹੇ ਹਨ, ਉਸ ਹੱਸਮੁੱਖ ਨਾਚੇ ਤੋਂ ਉਲਟ ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਹਿਰਨਮਯ ਅਤੇ ਪ੍ਰਿਯੰਕਾ ਦੇ ਵਿਆਹ ਸਮਾਗਮ ਦੌਰਾਨ ਮਿਲ਼ਿਆ ਸਾਂ। ਅੱਜ ਉਹ ਮਨਸਾ ਦਾ ਮੰਚਨ ਕਰਨਗੇ ਜੋ ਸੱਪ ਦੀ ਦੇਵੀ ਹੈ। ਉਹ ਉਸ ਸ਼ਾਮ ਦੇ ਪਾਲਾ ਗਾਨ ਵਿੱਚ ਸ਼ਾਮਲ ਹੋਣ ਵਾਲ਼ੇ ਬਾਕੀ ਕਲਾਕਾਰਾਂ ਨਾਲ਼ ਮੇਰੀ ਜਾਣ-ਪਛਾਣ ਕਰਾਉਂਦੇ ਹਨ।
ਪਾਲਾ ਗਾਨ ਮੰਗਲ ਕਾਵਯ 'ਤੇ ਅਧਾਰਤ ਇੱਕ ਸੰਗੀਤ ਨਾਟਕ ਹੈ, ਜੋ ਇੱਕ ਹਰਮਨਪਿਆਰੀ ਦੇਵੀ ਜਾਂ ਇਸ਼ਟ ਦੀ ਪ੍ਰਸ਼ੰਸਾ ਕਰਨ ਵਾਲ਼ੀ ਮਹਾਂਕਾਵਿਕ ਕਥਾ ਹੈ। ਵੈਸੇ ਤਾਂ ਇਹ ਕਥਾਤਮਕ ਕਵਿਤਾਵਾਂ ਸ਼ਿਵ ਜਿਹੇ ਭਾਰਤ-ਵਰਸ਼ ਦੇ ਦੇਵਤਾਵਾਂ ਦੀ ਪ੍ਰਸ਼ੰਸਾ ਵਿੱਚ ਗਾਈਆਂ ਜਾਂਦੀਆਂ ਹਨ ਪਰ ਕਈ ਵਾਰੀ ਧਰਮ ਠਾਕੁਰ, ਮਾਂ ਮਨਸਾ- ਸੱਪ ਦੀ ਦੇਵੀ, ਸ਼ੀਤਲਾ- ਚੇਚਕ ਦੀ ਦੇਵੀ ਅਤੇ ਬੌਨ ਬੀਬੀ- ਜੰਗਲ ਦੀ ਦੇਵੀ ਜਿਹੇ ਬੰਗਾਲ ਦੇ ਸਥਾਨਕ ਦੇਵਤਾਵਾਂ ਲਈ ਵੀ ਗਾਈਆਂ ਜਾਂਦੀਆਂ ਹਨ। ਕਲਾਕਾਰਾਂ ਦੀ ਮੰਡਲੀ ਇਨ੍ਹਾਂ ਸੰਗੀਤ ਨਾਟਕਾਂ ਦੇ ਪ੍ਰਦਰਸ਼ਨ ਵਾਸਤੇ ਪੂਰਾ ਸਾਲ ਸੁੰਦਰਬਨ ਦੇ ਟਾਪੂਆਂ ਵਿੱਚ ਘੁੰਮਦੀ ਰਹਿੰਦੀ ਹੈ ਅਤੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰਦੀ ਰਹਿੰਦੀ ਹੈ।
ਮਨਸਾ ਪਾਲਾ ਗਾਨ, ਜਿਨ੍ਹਾਂ ਦੀ ਪੇਸ਼ਕਾਰੀ ਪੱਛਮੀ ਬੰਗਾਲ, ਅਸਾਮ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ, ਮਨਸਾ ਮੰਗਲਾ ਕਾਵਯ 'ਤੇ ਅਧਾਰਤ ਹੈ, ਜੋ ਕਿ ਮਹੱਤਵਪੂਰਨ ਮਹਾਂਕਾਵਿਕ ਕਵਿਤਾ ਹੈ ਅਤੇ ਜਿਹਦੇ ਬਾਰੇ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ 13ਵੀਂ ਸਦੀ ਤੋਂ ਚਲਨ ਵਿੱਚ ਹੈ ਅਤੇ ਮਾਨਤਾ ਇਹ ਵੀ ਹੈ ਕਿ ਇਹ ਪੁਰਾਣੇ ਲੋਕ ਮਿੱਥਾਂ 'ਤੇ ਅਧਾਰਤ ਹੈ। ਬੰਗਾਲ ਅੰਦਰ, ਮਨਸਾ ਦੱਖਣ 24 ਪਰਗਨਾ ਦੇ ਨਾਲ਼ ਨਾਲ਼ ਬਾਂਕੁਰਾ, ਬੀਰਭੂਮ ਅਤੇ ਪੁਰੂਲੀਆ ਜ਼ਿਲ੍ਹਿਆਂ ਦੇ ਦਲਿਤਾਂ ਵਿਚਕਾਰ ਇੱਕ ਲੋਕਪ੍ਰਿਯ ਦੇਵੀ ਹਨ। ਹਰੇਕ ਸਾਲ, ਵਿਸ਼ਵਕਰਮਾ ਪੂਜਾ ਦਿਵਸ (ਇਸ ਸਾਲ ਸਤੰਬਰ 17) ਮੌਕੇ, ਸੁੰਦਰਬਨ ਦੇ ਭਾਰਤੀ ਵਿਸਤਾਰ ਹੇਠ ਆਉਂਦੇ ਕਈ ਦੂਰ-ਦੁਰਾਡੇ ਦੇ ਪਿੰਡਾਂ ਅੰਦਰ ਕਈ ਘਰ ਸੱਪ ਦੀ ਦੇਵੀ ਦੀ ਪੂਜਾ ਕਰਦੇ ਹਨ ਅਤੇ ਪਾਲਾ ਗਾਨ ਦੀ ਪੇਸ਼ਕਾਰੀ ਕਰਦੇ ਹਨ।


ਖੱਬੇ : ਮਨਸਾ, ਦੱਖਣ 24 ਪਰਗਨਾ ਦੇ ਨਾਲ਼ ਨਾਲ਼ ਬਾਂਕੁਰਾ, ਬੀਰਭੂਮ ਅਤੇ ਪੁਰੂਲੀਆ ਜ਼ਿਲ੍ਹਿਆਂ ਦੇ ਦਲਿਤਾਂ ਵਿਚਕਾਰ ਇੱਕ ਲੋਕਪ੍ਰਿਯ ਦੇਵੀ ਹਨ। ਵਿਸ਼ਵਕਰਮਾ ਪੂਜਾ ਦਿਵਸ (ਇਸ ਸਾਲ ਸਤੰਬਰ 17) ਮੌਕੇ, ਸੁੰਦਰਬਨ ਦੇ ਭਾਰਤੀ ਵਿਸਤਾਰ ਹੇਠ ਆਉਂਦੇ ਕਈ ਦੂਰ-ਦੁਰਾਡੇ ਦੇ ਪਿੰਡਾਂ ਅੰਦਰ ਕਈ ਘਰ ਸੱਪ ਦੀ ਦੇਵੀ ਦੀ ਪੂਜਾ ਕਰਦੇ ਹਨ ਅਤੇ ਪਾਲਾ ਗਾਨ ਦੀ ਪੇਸ਼ਕਾਰੀ ਕਰਦੇ ਹਨ। ਸੱਜੇ : ਰਜਤ ਜੁਬਲੀ ਦੀਆਂ ਬਜ਼ੁਰਗ ਔਰਤਾਂ ਪੂਜਾ ਵਿੱਚ ਭਾਈਚਾਰੇ ਦੇ ਹੋਰਨਾਂ ਲੋਕਾਂ ਦਾ ਸਵਾਗਤ ਕਰਦੀਆਂ ਹਨ
ਮਨਸਾ ਦੀਆਂ ਦਲੇਰੀਆਂ ਭਰੀਆਂ ਕਹਾਣੀਆਂ ਨੂੰ ਜੋੜਦੀ ਇਹ ਸੰਗੀਤਕ-ਰਸਮ ਇੱਕ ਫ਼ਰਿਆਦਾ ਹੈ, ਸੁੰਦਰਬਨ ਦੀਪ ਦੇ ਲੋਕਾਂ ਨੂੰ ਜ਼ਹਿਰੀਲੇ ਸੱਪਾਂ ਤੋਂ ਬਚਾਉਣ ਦੀ ਇੱਕ ਅਰਦਾਸ ਹੈ। ਇੱਥੇ ਕਰੀਬ 30 ਤੋਂ ਵੱਧ ਨਸਲਾਂ ਦੇ ਸੱਪ ਹੁੰਦੇ, ਜਿਨ੍ਹਾਂ ਵਿੱਚੋਂ ਕੁਝ ਕੁ ਤਾਂ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ ਜਿਵੇਂ ਕਿੰਗ ਕੋਬਰਾ ਅਤੇ ਇੱਥੇ ਅਜਿਹੇ ਸੱਪਾਂ ਦੇ ਡੰਗ ਹੀ ਮੌਤਾਂ ਦੇ ਆਮ ਕਾਰਨ ਹਨ ਜਿਨ੍ਹਾਂ ਬਾਰੇ ਇੱਥੇ ਕੋਈ ਰਿਪੋਰਟਿੰਗ ਨਹੀਂ ਹੁੰਦੀ।
ਅੱਜ ਦਾ ਨਾਟਕ ਇੱਕ ਅਮੀਰ ਸ਼ਿਵ ਭਗਤ, ਚਾਂਦ ਸਦਾਗਰ ਅਤੇ ਮਨਸਾ ਨੂੰ ਸਰਵਉੱਚ ਦੇਵੀ ਦੇ ਰੂਪ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਕਰਨ ਦੀ ਕਹਾਣੀ ਬਾਰੇ ਹੋਵੇਗਾ। ਭਾਵੇਂ ਉਹਦੇ (ਮਨਸਾ) ਵੱਲੋਂ ਅਤੇ ਬਾਰ ਬਾਰ ਚਾਂਦ ਸਦਾਗਰ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਹੀ ਕਿਉਂ ਨਾ ਕੀਤੀਆਂ ਗਈਆਂ ਹੋਣ। ਵਿਰੋਧ ਪ੍ਰਦਰਸ਼ਨਾਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਮਨਸਾ ਚਾਂਦ ਸਦਾਗਰ ਦੇ ਸਮਾਨ ਨੂੰ ਸਮੁੰਦਰ ਵਿੱਚ ਡੁਬੋ ਦਿੰਦੀ ਹੈ ਅਤੇ ਡੰਗ ਮਾਰ ਮਾਰ ਕੇ ਉਹਦੇ ਸੱਤੋ ਪੁੱਤਰਾਂ ਨੂੰ ਮਾਰ ਦਿੰਦੀ ਹੈ। ਇੱਕ ਬਾਕੀ ਬਚੇ ਪੁੱਤਰ, ਲਖਿੰਦਰ ਨੂੰ ਉਹਦੀ ਵਿਆਹ ਵਾਲ਼ੀ ਰਾਤ ਮਾਰ ਮੁਕਾਉਂਦੀ ਹੈ। ਦੁੱਖ ਨਾਲ਼ ਪਾਗ਼ਲ ਹੋਈ ਲਖਿੰਦਰ ਦੀ ਪਤਨੀ ਬੇਹੂਲਾ ਆਪਣੇ ਪਤੀ ਦੀ ਲਾਸ਼ ਚੁੱਕੀ ਉਹਨੂੰ ਦੋਬਾਰਾ ਜੀਵਨ ਬਖ਼ਸ਼ਾਉਣ ਖਾਤਰ ਸਵਰਗ ਪਹੁੰਚ ਜਾਂਦੀ ਹੈ। ਉੱਥੇ ਇੰਦਰ ਵੱਲੋਂ ਉਹਨੂੰ ਸਦਾਗਰ ਵੱਲੋਂ ਦੇਵੀ ਮਨਸਾ ਦੀ ਪੂਜਾ ਕੀਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸਦਾਗਰ ਅੱਗੋਂ ਆਪਣੀ ਸ਼ਰਤ ਪੁਗਾਉਂਦਾ ਹੋਇਆ ਸਿਰਫ਼ ਆਪਣੇ ਖੱਬੇ ਹੱਥ ਨਾਲ਼ ਹੀ ਮਨਸਾ ਦੇਵੀ ਨੂੰ ਫੁੱਲ ਅਰਪਿਤ ਕਰਦਾ ਹੈ ਅਤੇ ਆਪਣੇ ਸੱਜੇ ਹੱਥ ਨੂੰ ਸ਼ਿਵਾ ਦੀ ਪੂਜਾ ਕਰਨ ਲਈ ਖਾਲੀ ਰੱਖਦਾ ਹੈ। ਦੇਵੀ ਮਨਸਾ ਉਹਦੀ ਪੂਜਾ ਕਬੂਲ ਕਰਦੀ ਹੈ ਅਤੇ ਲਖਿੰਦਰ ਦੀ ਜਾਨ ਬਖਸ਼ਣ ਦੇ ਨਾਲ਼ ਨਾਲ਼ ਸਦਾਗਰ ਦੀ ਪੂਰੀ ਸੰਪੱਤੀ ਵੀ ਵਾਪਸ ਮੋੜ ਦਿੰਦੀ ਹੈ।
ਨਿਤਯਾਨੰਦ, ਜੋ ਮਨਸਾ ਦੇਵੀ ਦੀ ਭੂਮਿਕਾ ਅਦਾ ਕਰਦੇ ਹਨ, 53 ਸਾਲਾ ਕਿਸਾਨ ਹਨ ਅਤੇ ਪਾਲਾ ਗਾਨ ਦੇ ਇੱਕ ਸੀਨੀਅਰ ਕਲਾਕਾਰ ਹਨ ਜੋ ਪਿਛਲੇ 25 ਸਾਲਾਂ ਤੋਂ ਇਸ ਕਲਾ ਦਾ ਅਭਿਆਸ ਕਰਦੇ ਆਏ ਹਨ। ਉਹ ਪਾਲਾ ਗਾਨ ਲਈ ਇੱਕ ਤੋਂ ਛੁੱਟ ਕਈ ਹੋਰ ਟੀਮਾਂ ਨਾਲ਼ ਰਲ਼ ਕੇ ਕੰਮ ਕਰਦੇ ਹਨ। ''2019 ਤੋਂ ਹਾਲਾਤ ਬਦ ਤੋਂ ਬਦਤਰ ਹੁੰਦੇ ਆਏ ਹਨ,'' ਉਹ ਕਹਿੰਦੇ ਹਨ। ''ਇਸ ਸਾਲ ਵੀ, ਮਹਾਂਮਾਰੀ ਕਾਰਨ, ਸਾਨੂੰ ਕੁਝ ਥਾਓਂ ਹੀ ਸੱਦੇ ਮਿਲ਼ੇ ਹਨ, ਸ਼ਾਇਦ ਅੱਜ ਤੱਕ ਦੇ ਸਭ ਤੋਂ ਘੱਟ। ਪਹਿਲਾਂ ਸਾਨੂੰ ਇੱਕ ਮਹੀਨੇ ਅੰਦਰ 4 ਤੋਂ 5 ਸੱਦੇ ਮਿਲ਼ ਜਾਇਆ ਕਰਦੇ, ਪਰ ਇਸ ਸਾਲ ਸਾਨੂੰ ਸਿਰਫ਼ 1 ਜਾਂ 2 ਹੀ ਮਿਲ਼ੇ। ਘੱਟ ਸ਼ੋਅ ਹੋਣਾ ਮਤਲਬ ਕਮਾਈ ਦਾ ਘੱਟ ਹੋਣਾ। ''ਪਹਿਲਾਂ ਪਹਿਲ ਸਾਨੂੰ ਹਰੇਕ ਕਲਾਕਾਰ ਨੂੰ ਹਰ ਸ਼ੋਅ ਤੋਂ 800-900 ਰੁਪਏ ਮਿਲ਼ ਜਾਇਆ ਕਰਦੇ; ਹੁਣ ਉਹੀ ਕਮਾਈ 400-500 ਰੁਪਏ ਰਹਿ ਗਈ ਹੈ।''
ਨਿਤਯਾਨੰਦ ਦੇ ਐਨ ਨਾਲ਼ ਕਰਕੇ ਬੈਠੇ ਸਮੂਹ ਦੇ ਇੱਕ ਹੋਰ ਮੈਂਬਰ, ਬਨਮਾਲੀ ਬਯਾਪਾਰੀ ਗ੍ਰਾਮੀਣ ਰੰਗਮੰਚ ਦੀ ਦੁਰਦਸ਼ਾ ਬਾਰੇ ਦੱਸਦੇ ਹਨ ਜਿੱਥੇ ਕੱਪੜੇ ਬਦਲਣ ਲਈ ਕੋਈ ਥਾਂ ਨਹੀਂ ਹੈ, ਕੋਈ ਬਕਾਇਦਾ ਮੰਚ ਨਹੀਂ ਹੁੰਦਾ। ਮੰਚ 'ਤੇ ਲਾਈਟਿੰਗ ਜਾਂ ਸਾਊਡ ਸਿਸਟਮ ਹੋਣਾ ਤਾਂ ਦੂਰ ਦੀ ਗੱਲ ਰਹੀ, ਇੱਕ ਗੁਸਲ ਤੱਕ ਨਹੀਂ ਹੁੰਦਾ। ''ਇੱਕ ਸ਼ੋਅ ਮੁਕੰਮਲ ਹੋਣ ਵਿੱਚ 4-5 ਘੰਟੇ ਲੱਗਦੇ ਹਨ। ਇਹ ਕਾਫ਼ੀ ਔਖ਼ਾ ਕੰਮ ਹੈ। ਅਸੀਂ ਇਹ ਕੰਮ ਪੂਰੀ ਸ਼ਰਧਾ ਅਤੇ ਤਨਦੇਹੀ ਨਾਲ਼ ਕਰਦੇ ਹਾਂ, ਸਿਰਫ਼ ਪੈਸਿਆਂ ਬਾਰੇ ਨਹੀਂ ਸੋਚਦੇ,'' ਉਹ ਕਹਿੰਦੇ ਹਨ। ਇਸ ਨਾਟਕ ਵਿੱਚ ਉਹ ਦੋ ਰੋਲ਼ ਅਦਾ ਕਰਦੇ ਹਨ: ਇੱਕ ਹੈ ਕਲਨਾਗਿਨੀ ਦਾ, ਜਿਹਨੇ ਲਖਿੰਦਰ ਨੂੰ ਡੰਗ ਮਾਰਿਆ ਅਤੇ ਦੂਸਰਾ ਹਸਾਉਣਾ ਕਿਰਦਾਰ ਜੋ ਭਰ ਕਹਾਉਂਦਾ ਹੈ, ਜਿਹਦਾ ਕੰਮ ਗੰਭੀਰ ਹੋ ਚੁੱਕੇ ਨਾਟਕ ਵਿੱਚ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਹਸਾ ਕੇ ਕੁਝ ਰਾਹਤ ਦਵਾਉਣਾ।

ਨਿਤਯਾਨੰਦ, ਜੋ ਮਨਸਾ ਦੇਵੀ ਦੀ ਭੂਮਿਕਾ ਅਦਾ ਕਰਦੇ ਹਨ, 53 ਸਾਲਾ ਕਿਸਾਨ ਹਨ ਅਤੇ ਪਾਲਾ ਗਾਨ ਦੇ ਇੱਕ ਸੀਨੀਅਰ ਕਲਾਕਾਰ ਹਨ ਜੋ ਪਿਛਲੇ 25 ਸਾਲਾਂ ਤੋਂ ਇਸ ਕਲਾ ਦਾ ਅਭਿਆਸ ਕਰਦੇ ਆਏ ਹਨ। ਪਰ 2019, ਜਦੋਂ ਤੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋਈ ਹੈ, ਉਨ੍ਹਾਂ ਦੇ ਸ਼ੋਅ ਦੀ ਬੂਕਿੰਗ ਇੰਨੀ ਘੱਟ ਗਈ ਹੈ ਜਿੰਨੀ ਪਹਿਲਾਂ ਕਦੇ ਨਹੀਂ ਘਟੀ। ' ਪਹਿਲਾਂ ਪਹਿਲ ਸਾਨੂੰ ਹਰੇਕ ਕਲਾਕਾਰ ਨੂੰ ਹਰ ਸ਼ੋਅ ਤੋਂ 800-900 ਮਿਲ਼ ਜਾਇਆ ਕਰਦੇ ; ਹੁਣ ਉਹੀ ਕਮਾਈ 400-500 ਰਹਿ ਗਈ ਹੈ '
ਸੰਗੀਤਕਾਰ ਪੇਸ਼ਕਾਰੀ ਤੋਂ ਪਹਿਲਾਂ ਆਪਣੀਆਂ ਧੁਨਾਂ ਵਜਾਉਣੀਆਂ ਸ਼ੁਰੂ ਕਰ ਦਿੰਦੇ ਹਨ। ਨਿਤਯਾਨੰਦ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਮੰਚ ਵੱਲ ਤੁਰ ਪਏ, ਸਾਰਿਆਂ ਦੀਆਂ ਭੜਕੀਲੀਆਂ ਪੁਸ਼ਾਕਾਂ ਦੇ ਨਾਲ਼ ਚਿਹਰੇ ਵੀ ਦਗ-ਦਗ ਕਰ ਰਹੇ ਸਨ। ਸ਼ੋਅ ਦੀ ਸ਼ੁਰੂਆਤ ਦੇਵੀ ਮਨਸਾ ਅਤੇ ਪਿੰਡ ਦੇ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ਼ ਹੋਈ। ਹਾਲਾਂਕਿ ਪਿੰਡ ਦੇ ਸਾਰੇ ਲੋਕਾਂ ਨੇ ਇਸ ਤਰ੍ਹਾਂ ਦੇ ਨਾਟਕ ਪਹਿਲਾਂ ਵੀ ਕਈ ਵਾਰੀ ਦੇਖੇ ਹਨ ਅਤੇ ਫਿਰ ਵੀ ਇਸ ਨਾਟਕ ਦੀਆਂ ਭੂਮਿਕਾਵਾਂ ਤੋਂ ਪ੍ਰਭਾਵਤ ਹੋਏ ਬਿਨਾਂ ਨਾ ਰਹੇ। ਇੱਥੇ ਕੋਈ ਵੀ ਕਲਾਕਾਰ ਪੇਸ਼ੇਵਰ ਨਹੀਂ ਹਨ- ਉਹ ਸਾਰੇ ਹੀ ਕਿਸਾਨ, ਖ਼ੇਤ ਮਜ਼ਦੂਰ ਜਾਂ ਮੌਸਮੀ ਪ੍ਰਵਾਸੀ ਮਜ਼ਦੂਰ ਹਨ।
ਨਿਤਯਾਨੰਦ ਦੇ ਪਰਿਵਾਰ ਵਿੱਚ ਛੇ ਜਣੇ ਹਨ। ''ਇਸ ਸਾਲ, ਚੱਕਰਵਾਤ ਯਾਸ ਆਏ ਹੋਣ ਕਾਰਨ ਮੇਰੀ ਖੇਤੀ ਵਿੱਚ ਕਮਾਈ ਸਿਫ਼ਰ ਹੀ ਰਹੀ,'' ਉਹ ਕਹਿੰਦੇ ਹਨ। ''ਮੇਰੀ ਜ਼ਮੀਨ ਖਾਰੇ ਪਾਣੀ ਨਾਲ਼ ਡੁੱਬ ਗਈ ਅਤੇ ਹੁਣ ਮੀਂਹ ਹੈ ਕਿ ਰੁੱਕ ਹੀ ਨਹੀਂ ਰਿਹਾ। ਮੇਰੇ ਸਾਥੀ ਕਲਾਕਾਰ, ਜੋ ਕਿਸਾਨ ਹਨ ਜਾਂ ਹੋਰ ਕੰਮ-ਕਾਰ ਕਰਦੇ ਹਨ, ਵੀ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਰੱਬ ਦਾ ਸ਼ੁਕਰ ਹੈ ਕਿ ਮੈਨੂੰ ਹਰ ਮਹੀਨੇ ਸਰਕਾਰ (ਲੋਕ ਪ੍ਰਸਾਰ ਪ੍ਰਾਕਲਪ ਦੇ ਤਹਿਤ, ਇੱਕ ਅਜਿਹੀ ਰਾਜ ਯੋਜਨਾ ਜਿਹਦੇ ਹੇਠ ਲੋਕ ਕਲਾਕਾਰਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਹਰ ਮਹੀਨੇ ਰਿਟੇਨਰ ਫੀਸ ਜਾਂ ਮਿਲ਼ਦੀ ਪੈਨਸ਼ਨ) ਪਾਸੋਂ 1,000 ਮਿਲ਼ ਜਾਂਦੇ ਹਨ।
ਹਾਲਾਂਕਿ, ਮੁੰਡਿਆਂ ਦੀ ਨਵੀਂ ਪੀੜ੍ਹੀ ਲੋਕ ਗੀਤਾਂ ਨੂੰ ਲੈ ਕੇ ਉਤਸਾਹਤ ਨਹੀਂ ਹੈ, ਇਸੇ ਪੀੜ੍ਹੀ ਵਿੱਚੋਂ ਨਿਤਯਾਨੰਦ ਦਾ ਆਪਣਾ ਪੁੱਤਰ ਵੀ ਹੈ। ਲਹਿਰੀਪੁਰ ਪੰਚਾਇਤ ਦੇ ਪਿੰਡ ਵਾਸੀ ਉਸਾਰੀ ਦੇ ਕੰਮ ਜਾਂ ਖੇਤ ਮਜ਼ਦੂਰੀ ਲਈ ਦੂਜੇ ਰਾਜਾਂ ਵਿੱਚ ਜਾਂਦੇ ਹਨ। ਨਿਤਯਾਨੰਦ ਨਿਰਾਸ਼ ਮਨ ਨਾਲ਼ ਕਹਿੰਦੇ ਹਨ,''ਸਮਾਜ ਅਤੇ ਸਭਿਆਚਾਰ ਸਭ ਬਦਲ ਰਹੇ ਹਨ। 3-5 ਸਾਲ ਬਾਅਦ ਇਹ ਕਲਾ ਬਚੇਗੀ ਹੀ ਨਹੀਂ।''
''ਇੱਥੋਂ ਤੱਕ ਕਿ ਦਰਸ਼ਕਾਂ ਦਾ ਸਵਾਦ ਵੀ ਬਦਲ ਗਿਆ ਹੈ। ਪਰੰਪਰਾਗਤ ਕਲਾਵਾਂ ਦੀ ਥਾਂ ਹੁਣ ਮੋਬਾਇਲ ਫ਼ੋਨ ਨੇ ਲੈ ਲਈ ਹੈ,'' 40 ਸਾਲਾ ਕਲਾਕਾਰ ਜੋ ਕਿ ਨਿਤਯਾਨੰਦ ਦੀ ਟੀਮ ਦੇ ਮੈਂਬਰ ਹਨ, ਕਹਿੰਦੇ ਹਨ।
ਕਲਾ ਦੀ ਪੇਸ਼ਕਾਰੀ ਅਤੇ ਕਲਾਕਾਰਾਂ ਨਾਲ਼ ਗੱਲਾਂ ਮਾਰਨ ਵਿੱਚ ਕਾਫ਼ੀ ਸਮਾਂ ਲੱਗ ਗਿਆ ਹੈ, ਹੁਣ ਅਲਵਿਦਾ ਕਹਿਣਾ ਦਾ ਵੇਲ਼ਾ ਆ ਗਿਆ ਹੈ। ਜਿਵੇਂ ਹੀ ਮੈਂ ਜਾਣ ਲਈ ਤਿਆਰ ਹੁੰਦਾ ਹੈ, ਨਿਤਯਾਨੰਦ ਮੈਨੂੰ ਪਿੱਛੋਂ ਅਵਾਜ਼ ਮਾਰਦੇ ਹਨ: ''ਸਰਦੀਆਂ ਵਿੱਚ ਦੋਬਾਰਾ ਆਇਓ। ਅਸੀਂ ਮਾ ਬੌਨ ਬਾਬੀ ਪਾਲਾ ਗਾਨ ਦੀ ਪੇਸ਼ਕਾਰੀ ਕਰਾਂਗੇ। ਤੁਸੀਂ ਉਨ੍ਹਾਂ ਨੂੰ ਵੀ ਰਿਕਾਰਡ ਕਰਨਾ ਚਾਹੋਗੇ। ਮੈਨੂੰ ਡਰ ਹੈ ਕਿ ਆਉਣ ਵਾਲ਼ੀਆਂ ਪੀੜ੍ਹੀਆਂ ਇਨ੍ਹਾਂ ਕਲਾਵਾਂ ਬਾਰੇ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਪੜ੍ਹਨਗੀਆਂ।''

ਵਿਸਵਜੀਤ ਮੰਡਲ, ਮਨਸਾ ਪਾਲਾ ਗਾਨ ਦਾ ਇੱਕ ਪੁਰਸ਼ ਕਲਾਕਾਰ, ਸ਼ੋਅ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਤਿਆਰ ਹੋਣ ਵਾਲ਼ੇ ਕਮਰੇ ਵਿੱਚ ਆਪਣੇ ਗਹਿਣਿਆਂ ਨੂੰ ਜਾਂਚਦੇ ਹੋਏ

ਮੰਚ ' ਤੇ ਆਉਣ ਤੋਂ ਪਹਿਲਾਂ ਇੱਕ ਕਲਾਕਾਰ ਆਪਣੇ ਪੈਰਾਂ ਵਿੱਚ ਘੁੰਗਰੂ ਬੰਨ੍ਹਦਾ ਹੋਇਆ

ਬਨਮਾਲੀ ਬਯਾਪਾਰੀ ਇੱਕੋ ਸਮੇਂ ਦੋ ਭੂਮਿਕਾਵਾਂ ਨਿਭਾਉਂਦੇ ਹਨ : ਇੱਕ ਕਲਨਾਗਿਨੀ ਸੱਪ ਦੀ ਅਤੇ ਦੂਸਰੀ ਹਸਾਉਣੇ ਕਿਰਦਾਰ ਭਰ ਦੀ। ਇੱਕ ਸ਼ੋਅ ਕਰੀਬ 4-5 ਘੰਟੇ ਚੱਲੇਗਾ। ਗ੍ਰਾਮੀਣ ਰੰਗਮੰਚ ' ਤੇ ਕੰਮ ਕਰਨਾ ਕਾਫ਼ੀ ਮੁਸ਼ਕਲ ਹੈ, ਪਰ '' ਅਸੀਂ ਪੈਸੇ ਲਈ ਕੰਮ ਨਹੀਂ ਕਰਦੇ ਸਗੋਂ ਸ਼ਰਧਾ ਅਤੇ ਤਨਦੇਹੀ ਨਾਲ਼ ਕਰਦੇ ਹਾਂ, '' ਉਹ ਕਹਿੰਦੇ ਹਨ

ਸਵਪਨ ਮੰਡਲ ਆਪਣੀ ਭੂਮਿਕਾ ਦੀ ਰਿਹਰਸਲ ਕਰਦੇ ਹੋਏ। ਕਿਸੇ ਲਿਖਤੀ ਪਟਕਥਾ ਬਗ਼ੈਰ ਹੀ ਕਲਾਕਾਰ ਆਪੋ-ਆਪਣੇ ਪਾਤਰਾਂ ਦੇ ਸੰਵਾਦਾਂ ਨੂੰ ਚੇਤੇ ਕਰਦੇ ਹਨ

ਸ਼੍ਰੀਪਾਦ ਮ੍ਰਿਧਾ ਸ਼ਿਵ ਦੇ ਭਗਤ ਸਦਾਗਰ ਨਾਮਕ ਧਨਾਢ ਵਪਾਰੀ ਦਾ ਕਿਰਦਾਰ ਅਦਾ ਕਰਦੇ ਹਨ ਜਿਹਦੇ ' ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਦੇਵੀ ਮਨਸਾ ਕਰਦੀ ਰਹੀ

ਇੱਕ ਸੰਗੀਤਕਾਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਜ਼ੁਬਾਨ ਨਾਲ਼ ਸਿੰਥੇਸਾਈਜ਼ਰ ਵਜਾਉਂਦੇ ਹੋਏ

ਇੱਕ ਹੋਰ ਸੰਗੀਤਕਾਰ ਕਰਤਲ ਵਜਾਉਂਦਾ ਹੋਇਆ- ਇਹ ਲੱਕੜ ਦਾ ਇੱਕ ਸਾਜ ਜੋ ਸ਼ੋਅ ਵਿੱਚ ਸੰਗੀਤ ਦਿੰਦਾ ਹੈ

ਨਿਤਯਾਨੰਦ ਅਤੇ ਉਨ੍ਹਾਂ ਦੇ ਸਮੂਹ ਦੇ ਹੋਰ ਮੈਂਬਰ ਨਾਚ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਲੋਕਲ ਪੰਡਾਲ ਵਿਖੇ ਮਨਸਾ ਦੀ ਪੂਜਾ ਕਰਦੇ ਹੋਏ

'' ਬਤੌਰ ਕਲਾਕਾਰ, ਅਸੀਂ ਰੰਗਮੰਚ ਦਾ ਆਦਰ ਕਰਦੇ ਹਾਂ। ਇਹ ਸਾਡਾ ਮੰਦਰ ਹੈ। ਸਾਨੂੰ ਇਹਦਾ ਅਸ਼ੀਰਵਾਦ ਜ਼ਰੂਰ ਲੈਂਦੇ ਹਾਂ, '' ਨਿਤਯਾਨੰਦ ਕਹਿੰਦੇ ਹਨ

ਖੱਬਿਓਂ : ਸਵਪਨ ਮੰਡਲ (ਚਾਂਦ ਸਦਾਗਰ ਦੀ ਪਤਨੀ, ਸਨਾਕਾ ਦੀ ਭੂਮਿਕਾ ਵਿੱਚ), ਨਿਤਯਾਨੰਦ ਸਰਕਾਰ (ਮਨਸਾ ਦੇਵੀ ਦੀ ਭੂਮਿਕਾ ਵਿੱਚ) ਅਤੇ ਬਿਸਵਾਜੀਤ ਮੰਡਲ (ਚਾਂਦ ਸਦਾਗਰ ਦੀ ਧੀ ਦੀ ਭੂਮਿਕਾ ਵਿੱਚ) ਪਿੰਡ ਦੇ ਇਸ਼ਟਾਂ ਅਤੇ ਬਜ਼ੁਰਗ ਦਰਸ਼ਕਾਂ ਦੇ ਅਸ਼ੀਰਵਾਦ ਲੈ ਕੇ ਪੇਸ਼ਕਾਰੀ ਸ਼ੁਰੂ ਕਰਦੇ ਹੋਏ

ਨਿਤਯਾਨੰਦ ਦੇਵੀ ਮਨਸਾ ਦੀ ਭੂਮਿਕਾ ਨਿਭਾਉਂਦੇ ਵੇਲੇ਼ ਕਿਵੇਂ ਦਰਸ਼ਕਾਂ ਨੂੰ ਕੀਲ਼ਦੇ ਹੋਏ

ਮਨਸਾ ਮੰਗਲਾ ਕਾਵਯ ' ਤੇ ਅਧਾਰਤ ਹੈ, ਜੋ ਕਿ ਮਹੱਤਵਪੂਰਨ ਮਹਾਂਕਾਵਿਕ ਕਵਿਤਾ ਹੈ ਅਤੇ ਜਿਹਦੇ ਬਾਰੇ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ 13ਵੀਂ ਸਦੀ ਤੋਂ ਚਲਨ ਵਿੱਚ ਹੈ ਅਤੇ ਮਾਨਤਾ ਇਹ ਵੀ ਹੈ ਕਿ ਇਹ ਪੁਰਾਣੇ ਲੋਕ ਮਿੱਥਾਂ ' ਤੇ ਅਧਾਰਤ ਹੈ

ਇਸ ਬਜ਼ੁਰਗ ਔਰਤ ਵਾਂਗਰ ਰਜਤ ਜੁਬਲੀ ਪਿੰਡ ਦੇ ਦਰਸ਼ਕ ਨੇ ਕਈ ਵਾਰ ਇਹ ਨਾਟਕ ਦੇਖਿਆ ਹੈ, ਪਰ ਫਿਰ ਵੀ ਇਸ ਦੈਵਿਕ ਡਰਾਮੇ ਤੋਂ ਮੰਤਰਮੁਗਧ ਹੋਏ ਹਨ

ਮਨਸਾ ਨੇ ਚਾਂਦ ਸਦਾਗਰ ਦੇ ਪੁੱਤਰ ਲਖਿੰਦਰ ਨੂੰ ਮਾਰ ਦਾ ਹੁਕਮ ਦਿੱਤਾ, ਇਸਲਈ ਬਨਾਮਾਲੀ ਬਯਾਪਾਰੀ ਕਲਨਾਗਿਨੀ ਦੇ ਭੇਸ ਵਿੱਚ ਸਟੇਜ ' ਤੇ ਪ੍ਰਗਟ ਹੁੰਦੇ ਹੋਏ

ਇਸ ਖ਼ੂਬਸੂਰਤ ਦ੍ਰਿਸ਼ ਵਿੱਚ, ਮਨਸਾ ਦੇ ਭੇਸ ਵਿੱਚ ਨਿਤਯਾਨੰਦ ਅਤੇ ਕਲਨਾਗਿਰੀ ਦੇ ਭੇਸ ਵਿੱਚ ਬਾਨਮਾਲੀ ਬਯਾਪਾਰੀ

ਮੁਸ਼ਕਲ ਦ੍ਰਿਸ਼ ਦੀ ਪੇਸ਼ਕਾਰੀ ਤੋਂ ਬਾਅਦ ਬਨਾਮਾਲੀ ਸਟੇਜ ਦੇ ਪਿੱਛੇ ਕੁਝ ਦੇਰ ਅਰਾਮ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਪਾਣੀ ਦੀ ਘਾਟ ਨਾਲ਼ ਬੇਹੋਸ਼ ਹੋਏ ਸਨ। ਇਨ੍ਹਾਂ ਕਲਾਕਾਰਾਂ ਵਿੱਚੋਂ ਕੋਈ ਵੀ ਪੇਸ਼ੇਵਰ ਕਲਾਕਾਰ ਨਹੀਂ ਹੈ- ਉਨ੍ਹਾਂ ਵਿੱਚੋਂ ਸਾਰੇ ਕਿਸਾਨ, ਖ਼ੇਤ ਮਜ਼ਦੂਰ ਜਾਂ ਮੌਸਮੀ ਪ੍ਰਵਾਸੀ ਮਜ਼ਦੂਰ ਹਨ

ਸਵਪਨ ਮੰਡਲ (ਖੱਬੇ) ਸਨਾਕਾ, ਚਾਂਦ ਸਦਾਗਰ ਦੀ ਪਤਨੀ ਦੇ ਕਿਰਦਾਰ ਵਜੋਂ, ਸ਼੍ਰੀਪਾਦਾ ਮ੍ਰਿਧਾ ਦੁਆਰਾ ਨਿਭਾਇਆ ਗਿਆ

ਸ਼੍ਰੀਪਾਦਾ ਮ੍ਰਿਧਾ ਚਾਂਦ ਸਦਾਗਰ ਦੇ ਰੂਪ ਵਿੱਚ ਆਪਣੇ ਜਹਾਜ਼ ਦੇ ਟਕਰਾਏ ਜਾਣ ਅਤੇ ਤੀਬਰ ਤੂਫ਼ਾਨ ਵਿੱਚ ਆਪਣੇ ਮਾਲ ਦੇ ਤਬਾਹ ਹੋਣ ਬਾਅਦ ਸਮੁੰਦਰ ਵਿੱਚ ਤੈਰਦੇ ਰਹਿਣ ਦੀ ਕੋਸ਼ਿਸ਼ ਕਰਦੇ ਹੋਏ

ਨਿਤਯਾਨੰਦ ਬੜੇ ਗਹੁ ਨਾਲ਼ ਆਪਣੀ ਟੀਮ ਦੇ ਮੈਂਬਰਾਂ ਦੀ ਪੇਸ਼ਕਾਰੀ ਦੇਖਦੇ ਹੋਏ

ਅੱਧੀ ਰਾਤ ਨੂੰ ਸ਼ੋਅ ਮੁੱਕਣ ਤੋਂ ਬਾਅਦ ਅਗਰਬੱਤੀ ਦਾ ਧੂੰਆਂ ਉਤਾਂਹ ਉੱਠਦਾ ਹੋਇਆ। ਦਰਸ਼ਕਾਂ ਵਿੱਚ ਬੱਚੇ ਪਹਿਲਾਂ ਹੀ ਗੂੜ੍ਹੀ ਨੀਂਦੇ ਸੌਂ ਚੁੱਕੇ ਹਨ
ਤਰਜਮਾ: ਕਮਲਜੀਤ ਕੌਰ