ਪਨੀਮਾਰਾ ਦੇ ਅਜ਼ਾਦੀ ਘੁਲਾਟੀਆਂ ਨੂੰ ਦੂਸਰੇ ਮੋਰਚਿਆਂ 'ਤੇ ਵੀ ਲੜਾਈ ਲੜਨੀ ਪਈ। ਉਨ੍ਹਾਂ ਵਿੱਚੋਂ ਥੋੜ੍ਹੀ ਤਾਂ ਉਨ੍ਹਾਂ ਨੂੰ ਆਪਣੇ ਘਰ ਦੇ ਅੰਦਰ ਲੜਨੀ ਪਈ।

ਛੂਆਛਾਤ ਵਿਰੁੱਧ ਗਾਂਧੀਜੀ ਦੇ ਸੱਦੇ 'ਤੇ ਉਹ ਸਰਗਰਮ ਹੋ ਗਏ।

ਚਮਾਰੂ ਦੱਸਦੇ ਹਨ,''ਇੱਕ ਦਿਨ, ਅਸੀਂ 400 ਦਲਿਤਾਂ ਦੇ ਨਾਲ਼ ਇਸ ਪਿੰਡ ਦੇ ਜਗਨਨਾਥ ਮੰਦਰ ਵਿੱਚ ਪ੍ਰਵੇਸ਼ ਕਰ ਗਏ।'' ਬ੍ਰਾਹਮਣਾਂ ਨੂੰ ਇਹ ਪਸੰਦ ਨਹੀਂ ਆਇਆ। ਪਰ, ਉਨ੍ਹਾਂ ਵਿੱਚੋਂ ਕੁਝ ਨੇ ਸਾਡੀ ਹਮਾਇਤ ਕੀਤੀ। ਸ਼ਾਇਦ ਉਹ ਇੰਝ ਕਰਨ ਲਈ ਮਜ਼ਬੂਰ ਸਨ। ਉਸ ਸਮੇਂ ਮਾਹੌਲ ਵੀ ਕੁਝ ਅਜਿਹਾ ਹੀ ਸੀ। ਗੌਂਟੀਆ (ਪਿੰਡ ਦਾ ਮੁਖੀਆ) ਮੰਦਰ ਦਾ ਮੈਨੇਜਿੰਗ ਟ੍ਰਸਟੀ ਸੀ। ਉਹਨੂੰ ਬੜਾ ਵੱਟ ਚੜ੍ਹਿਆ ਅਤੇ ਵਿਰੋਧ ਵਿੱਚ ਉਹ ਪਿੰਡ ਛੱਡ ਕੇ ਚਲਾ ਗਿਆ। ਪਰ, ਉਹਦਾ ਆਪਣਾ ਪੁੱਤਰ ਸਾਡੇ ਨਾਲ਼ ਸ਼ਾਮਲ ਹੋ ਗਿਆ। ਉਹਨੇ ਨਾ ਸਿਰਫ਼ ਸਾਡੀ ਹਮਾਇਤ ਕੀਤੀ, ਸਗੋਂ ਆਪਣੇ ਪਿਤਾ ਦੇ ਇਸ ਕਦਮ ਦੀ ਨਿਖੇਧੀ ਵੀ ਕੀਤੀ।

''ਅੰਗਰੇਜ਼ੀ ਸਮਾਨਾਂ ਦੇ ਵਿਰੁੱਧ ਮੁਹਿੰਮ ਆਪਣੇ ਜ਼ੋਰਾਂ 'ਤੇ ਸੀ। ਅਸੀਂ ਸਿਰਫ਼ ਖਾਦੀ ਪਾਉਂਦੇ ਸਾਂ। ਆਪਣੇ ਹੱਥੀਂ ਇਹਨੂੰ ਬੁਣਦੇ ਸਾਂ। ਵਿਚਾਰਧਾਰਾ ਇਹਦਾ ਇੱਕ ਹਿੱਸਾ ਸੀ। ਅਸੀਂ ਅਸਲ ਵਿੱਚ ਕਾਫ਼ੀ ਗ਼ਰੀਬ ਸਾਂ, ਇਸਲਈ ਇਹ ਸਾਡੇ ਲਈ ਚੰਗਾ ਹੀ ਸੀ।''

ਸਾਰੇ ਅਜ਼ਾਦੀ ਘੁਲਾਟੀਆਂ ਨੇ ਬਾਅਦ ਵਿੱਚ ਇਸ 'ਤੇ ਦਹਾਕਿਆਂ ਬੱਧੀ ਅਮਲ ਕੀਤਾ, ਜਦੋਂ ਤੱਕ ਕਿ ਉਨ੍ਹਾਂ ਦੀਆਂ ਉਂਗਲਾਂ ਕੱਤਣ ਅਤੇ ਬੁਣਨ ਨਾਲ਼ ਹੀ ਥੱਕ ਨਹੀਂ ਗਈਆਂ। ਚਮਾਰੂ ਕਹਿੰਦੇ ਹਨ,''ਪਿਛਲੇ ਸਾਲ, 90 ਸਾਲ ਦੀ ਉਮਰ ਵਿੱਚ, ਮੈਂ ਸੋਚਿਆ ਕਿ ਹੁਣ ਇਹਨੂੰ ਛੱਡਣ ਦਾ ਵੇਲ਼ਾ ਆ ਗਿਆ ਹੈ।''

''ਇਹਦੀ ਸ਼ੁਰੂਆਤ 1930 ਦੇ ਦਹਾਕੇ ਵਿੱਚ ਸੰਬਲਪੁਰ ਵਿੱਚ ਕਾਂਗਰਸ ਤੋਂ ਪ੍ਰਭਾਵਤ ਹੋ ਕੇ, ਅਯੋਜਿਤ ਕੀਤੇ ਗਏ ਇੱਕ ਪ੍ਰੀਖਣ ਕੈਂਪ ਵਿੱਚ ਹੋਈ। ਇਸ ਪ੍ਰੀਖਣ ਦਾ ਨਾਮ ' ਸੇਵਾ ' ਰੱਖਿਆ ਗਿਆ, ਪਰ ਸਾਨੂੰ ਜੇਲ੍ਹ ਦੇ ਜੀਵਨ ਬਾਰੇ ਦੱਸਿਆ ਗਿਆ। ਉੱਥੇ ਪਖਾਨਾ ਸਾਫ਼ ਕਰਨ, ਘਟੀਆ ਭੋਜਨ ਬਾਰੇ ਦੱਸਿਆ ਗਿਆ। ਅਸੀਂ ਸਾਰੇ ਜਾਣਦੇ ਸਾਂ ਕਿ ਇਸ ਪ੍ਰੀਖਣ ਦਾ ਮਕਸਦ ਆਖ਼ਰ ਕੀ ਹੈ। ਪਿੰਡੋਂ ਅਸਈਂ 9 ਜਣੇ ਇਸ ਕੈਂਪ ਵਿੱਚ ਗਏ।''

''ਸਾਨੂੰ ਪੂਰੇ ਪਿੰਡ ਨੇ ਮਾਲ਼ਾਵਾਂ, ਸਿੰਦੂਰ ਅਤੇ ਫਲਾਂ ਦੇ ਨਾਲ਼ ਵਿਦਾ ਕੀਤਾ। ਉਸ ਸਮੇਂ ਲੋਕਾਂ ਅੰਦਰ ਇਸ ਹੱਦ ਤੱਕ ਉਤਸਾਹ ਅਤੇ ਰੋਮਾਂਚ ਸੀ।''

ਇਸ ਤੋਂ ਇਲਾਵਾ ਬੈਕਗਰਾਉਂਡ ਵਿੱਚ ਮਹਾਤਮਾ ਗਾਂਧੀ ਦਾ ਜਾਦੂ ਵੀ ਸੀ। ''ਉਨ੍ਹਾਂ ਨੇ ਲੋਕਾਂ ਨੂੰ ਸੱਤਿਆਗ੍ਰਹਿ ਕਰਨ ਲਈ ਜੋ ਪੱਤਰ ਲਿਖਿਆ ਸੀ, ਉਹਨੇ ਸਾਡੇ ਅੰਦਰ ਜੋਸ਼ ਫੂਕ ਦਿੱਤਾ। ਸਾਨੂੰ ਕਿਹਾ ਗਿਆ ਕਿ ਅਸੀਂ ਗ਼ਰੀਬ, ਅਨਪੜ੍ਹ ਲੋਕ ਜੇਕਰ ਹੁਕਮ-ਅਦੂਲੀ 'ਤੇ ਉੱਤਰ ਆਈਏ ਤਾਂ ਅਸੀਂ ਆਪਣੀ ਦੁਨੀਆ ਬਦਲ ਸਕਦੇ ਹਾਂ। ਪਰ ਸਾਡੇ ਤੋਂ ਅਹਿੰਸਾ ਅਤੇ ਚੰਗੇ ਵਰਤਾਓ ਦਾ ਵੀ ਪ੍ਰਣ ਲਿਆ ਗਿਆ ਹੈ।'' ਇਸ ਪ੍ਰਣ ਦਾ ਪਨੀਮਾਰਾ ਦੇ ਕਰੀਬ ਸਾਰੇ ਅਜ਼ਾਦੀ ਘੁਲਾਟੀਆਂ ਨੇ ਤਾਉਮਰ ਪਾਲਣ ਕੀਤਾ।

ਉਨ੍ਹਾਂ ਨੇ ਗਾਂਧੀ ਜੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਪਰ ਲੱਖਾਂ ਹੋਰਨਾਂ ਲੋਕਾਂ ਵਾਂਗਰ ਉਹ ਵੀ ਉਨ੍ਹਾਂ ਦੀ ਅਵਾਜ਼ 'ਤੇ ਖੜ੍ਹੇ ਹੋ ਗਏ। ''ਅਸੀਂ ਇੱਥੇ ਮਨਮੋਹਨ ਚੌਧਰੀ ਅਤੇ ਦਇਆਨੰਦ ਸਤਪਥੀ ਜਿਹੇ ਕਾਂਗਰਸੀ ਨੇਤਾਵਾਂ ਤੋਂ ਪ੍ਰਭਾਵਤ ਸਾਂ।'' ਪਨੀਮਾਰਾ ਦੇ ਯੋਧਿਆਂ ਨੇ ਅਗਸਤ 1942 ਤੋਂ ਪਹਿਲਾਂ ਹੀ ਜੇਲ੍ਹ ਦਾ ਪਹਿਲਾ ਸਫ਼ਰ ਤੈਅ ਕਰ ਲਿਆ ਸੀ। ''ਅਸੀਂ ਇਹ ਸਹੁੰ ਖਾਧੀ। ਯੁੱਧ (ਦੂਜੀ ਸੰਸਾਰ ਜੰਗ) ਵਿੱਚ ਪੈਸੇ ਜਾਂ ਨਿੱਜੀ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਮਦਦ ਦੇਸ਼ਧ੍ਰੋਹ ਹੋਵੇਗਾ। ਇੱਕ ਪਾਪ ਅਹਿੰਸਾ ਦੇ ਜਿੰਨੇ ਵੀ ਤਰੀਕੇ ਹੋ ਸਕਦੇ ਹਨ, ਉਨ੍ਹਾਂ ਵੱਲੋਂ ਯੁੱਧ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਸ ਪਿੰਡ ਦੇ ਹਰ ਵਿਅਕਤੀ ਨੇ ਇਹਦੀ ਹਮਾਇਤ ਕੀਤੀ।''

''ਅਸੀਂ ਕਟਕ ਜੇਲ੍ਹ ਵਿੱਚ ਛੇ ਹਫ਼ਤੇ ਲਈ ਗਏ। ਅੰਗਰੇਜ਼, ਲੋਕਾਂ ਨੂੰ ਜੇਲ੍ਹ ਵਿੱਚ ਵੱਧ ਸਮੇਂ ਤੱਕ ਨਹੀਂ ਰੱਖਦੇ ਸਨ। ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਹਜ਼ਾਰਾਂ ਲੋਕ ਉਨ੍ਹਾਂ ਦੀਆਂ ਜੇਲ੍ਹਾਂ ਵਿੱਚ ਭਰੇ ਪਏ ਸਨ। ਜੇਲ੍ਹ ਜਾਣ ਦੀ ਇੱਛਾ ਰੱਖਣ ਵਾਲ਼ਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ।

Jitendra Pradhan, 81, and others singing one of Gandhi's favourite bhajans
PHOTO • P. Sainath

81 ਸਾਲਾ ਜਤਿੰਦਰ ਪ੍ਰਧਾਨ ਅਤੇ ਹੋਰ ਲੋਕ ਗਾਂਧੀਜੀ ਦੇ ਪਸੰਦੀਦਾ ਭਜਨ ਗਾਉਂਦੇ ਹੋਏ

"ਛੂਆਛਾਤ ਵਿਰੁੱਧ ਅਭਿਆਨ ਨੇ ਪਹਿਲਾਂ ਅੰਦਰੂਨੀ ਦਬਾਅ ਬਣਾਇਆ ਪਰ ਅਸੀਂ ਇਸ 'ਤੇ ਕਾਬੂ ਪਾ ਲਿਆ।'' ਦਇਆਨਿਧੀ ਕਹਿੰਦੇ ਹਨ, ''ਅੱਜ ਵੀ ਅਸੀਂ ਆਪਣੇ ਬਹੁਤੇਰੇ ਸੰਸਕਾਰਾਂ ਵਿੱਚ ਬ੍ਰਾਹਮਣਾਂ ਦਾ ਇਸਤੇਮਾਲ ਨਹੀਂ ਕਰਦੇ। ਇਸ 'ਮੰਦਰ ਪ੍ਰਵੇਸ਼' ਨੇ ਉਨ੍ਹਾਂ ਵਿੱਚੋਂ ਕੁਝ ਨੂੰ ਨਰਾਜ਼ ਕਰ ਦਿੱਤਾ ਸੀ। ਪਰ, ਜ਼ਾਹਰ ਹੈ ਕਿ ਉਨ੍ਹਾਂ ਵਿੱਚੋਂ ਬਹੁਤੇਰਿਆਂ ਨੂੰ ਭਾਰਤ ਛੱਡੋ ਅੰਦੋਲਨ ਵਿੱਚ ਸਾਡੇ ਨਾਲ਼ ਸ਼ਾਮਲ ਹੋਣ ਲਈ ਮਜ਼ਬੂਰ ਹੋਣਾ ਪਿਆ।''

ਜਾਤੀ ਨੇ ਵੀ ਕਈ ਪਰੇਸ਼ਾਨੀਆਂ ਖੜ੍ਹੀਆਂ ਕੀਤੀਆਂ। ਮਦਨ ਭੋਈ ਦੱਸਦੇ ਹਨ, ''ਜਦੋਂ ਵੀ ਅਸੀਂ ਜੇਲ੍ਹ ਤੋਂ ਬਾਹਰ ਆਉਂਦੇ, ਨੇੜਲੇ ਪਿੰਡਾਂ ਦੇ ਰਿਸ਼ਤੇਦਾਰ ਹਰ ਵਾਰ ਸਾਡਾ 'ਸ਼ੁਧੀਕਰਨ' ਕਰਨਾ ਚਾਹੁੰਦੇ ਸਨ। ਇਹ ਇਸਲਈ ਕਿ ਅਸੀਂ ਜੇਲ੍ਹ ਵਿੱਚ ਅਛੂਤਾਂ ਦੇ ਨਾਲ਼ ਸਮੇਂ ਬਿਤਾਉਣਾ ਹੈ। (ਗ੍ਰਾਮੀਣ ਓੜੀਸਾ ਵਿੱਚ ਜੇਲ੍ਹ ਵਿੱਚ ਸਮਾਂ ਬਿਤਾਉਣ ਵਾਲ਼ੇ ਸਵਰਣਾਂ ਦਾ 'ਸ਼ੁਧੀਕਰਣ' ਅੱਜ ਵੀ ਕੀਤਾ ਜਾਂਦਾ ਹੈ: ਪੀਐੱਸ)

ਭੋਈ ਅੱਗੇ ਦੱਸਦੇ ਹਨ,''ਇੱਕ ਵਾਰ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਤਾਂ ਮੇਰੀ ਨਾਨੀ ਦੀ 11ਵੀਂ ਮਨਾਈ ਜਾ ਰਹੀ ਸੀ। ਮੇਰੇ ਜੇਲ੍ਹ ਜਾਣ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਮਾਮਾ ਨੇ ਮੈਨੂੰ ਪੁੱਛਿਆ,'ਮਦਨ ਤੇਰਾ ਸ਼ੁੱਧੀਕਰਣ ਹੋ ਗਿਆ ਹੈ?' ਮੈਂ ਕਿਹਾ ਨਹੀਂ, ਅਸੀਂ ਸੱਤਿਗ੍ਰਹਿਆਂ ਦੇ ਰੂਪ ਵਿੱਚ ਆਪਣੀਆਂ ਕਿਰਿਆਵਾਂ ਨਾਲ਼ ਹੋਰਨਾਂ ਲੋਕਾਂ ਦਾ ਸ਼ੁੱਧੀਕਰਣ ਕਰਦੇ ਹਾਂ। ਉਦੋਂ ਮੈਨੂੰ ਘਰ ਦੇ ਲੋਕਾਂ ਨਾਲੋਂ ਬਿਲਕੁਲ ਅੱਡ ਇੱਕ ਕੋਨੇ ਵਿੱਚ ਬੈਠਣ ਲਈ ਕਿਹਾ ਗਿਆ। ਮੈਨੂੰ ਅੱਡ ਕਰ ਦਿੱਤਾ ਗਿਆ, ਖਾਣਾ ਵੀ ਸਭ ਤੋਂ ਅੱਡ ਬਹਿ ਕੇ ਖਾਣਾ ਪੈਂਦਾ ਸੀ।''

''ਮੇਰੇ ਜੇਲ੍ਹ ਜਾਣ ਤੋਂ ਪਹਿਲਾਂ ਹੀ ਮੇਰਾ ਵਿਆਹ ਤੈਅ ਕਰ ਦਿੱਤਾ ਗਿਆ ਸੀ। ਜਦੋਂ ਮੈਂ ਬਾਹਰ ਆਇਆ ਤਾਂ ਵਿਆਹ ਟੁੱਟ ਗਿਆ। ਲੜਕੀ ਦੇ ਪਿਤਾ ਨੇ ਜੇਲ੍ਹ ਗਏ ਲੜਕੇ ਨੂੰ ਆਪਣਾ ਜੁਆਈ ਬਣਾਉਣਾ ਪ੍ਰਵਾਨ ਨਾ ਕੀਤਾ। ਹਾਲਾਂਕਿ, ਬਾਅਦ ਵਿੱਚ ਮੈਨੂੰ ਸਾਰੰਦਪੱਲੀ ਪਿੰਡ ਤੋਂ ਇੱਕ ਨਵੀਂ ਦੁਲਹਨ ਮਿਲ਼ ਗਈ; ਇਸ ਪਿੰਡ ਵਿੱਚ ਕਾਂਗਰਸ ਦਾ ਬੜਾ ਅਸਰ ਸੀ।

* * *

ਚਮਾਰੂ, ਜਤਿੰਦਰ ਅਤੇ ਪੂਰਣ ਚੰਦਰ ਨੂੰ ਅਗਸਤ 1942 ਵਿੱਚ ਜੇਲ੍ਹ ਵਿੱਚ ਰਹਿਣ ਦੌਰਾਨ ਕਿਸੇ ਤਰ੍ਹਾਂ ਦੇ ਸ਼ੁੱਧੀਕਰਣ ਦੀ ਲੋੜ ਨਹੀਂ ਮਹਿਸੂਸ ਹੋਈ।

ਜਤਿੰਦਰ ਦੱਸਦੇ ਹਨ, ''ਉਨ੍ਹਾਂ ਨੇ ਸਾਨੂੰ ਅਪਰਾਧੀਆਂ ਦੀ ਜੇਲ੍ਹ ਵਿੱਚ ਭੇਜ ਦਿੱਤਾ। ਅਸੀਂ ਜ਼ਿਆਦਾਤਰ ਸਮਾਂ ਇੱਥੇ ਬਿਤਾਇਆ। ਉਨ੍ਹੀਂ ਦਿਨੀਂ ਅੰਗਰੇਜ਼,ਜਰਮਨੀ ਵਿਰੁੱਧ ਆਪਣੀ ਲੜਾਈ ਵਿੱਚ ਜਾਨ ਵਾਰਨ ਲਈ ਤਿਆਰ ਸਿਪਾਹੀ ਭਰਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸਲਈ, ਉਨ੍ਹਾਂ ਨੇ ਅਪਰਾਧੀਆਂ ਦੇ ਰੂਪ ਵਿੱਚ ਲੰਬੀ ਸਜਾ ਕੱਟਣ ਵਾਲੇ ਲੋਕਾਂ ਨਾਲ਼ ਵਾਅਦੇ ਕਰਨ ਦੀ ਸ਼ੁਰੂ ਕਰ ਦਿੱਤੇ। ਜੋ ਲੋਕ ਯੁੱਧ ਵਿੱਚ ਲੜਨ ਲਈ ਹਾਮੀ ਭਰਦੇ ਸਨ, ਉਨ੍ਹਾਂ ਨੂੰ 100 ਰੁਪਏ ਦਿੱਤੇ ਜਾਂਦੇ ਸਨ। ਉਨ੍ਹਾਂ ਵਿੱਚੋਂ ਹਰੇਕ ਪਰਿਵਾਰ ਨੂੰ ਇਹਦੇ ਬਦਲੇ 500 ਰੁਪਏ ਮਿਲ਼ਦੇ ਸਨ ਤੇ ਯੁੱਧ ਸਮਾਪਤੀ ਤੋਂ ਬਾਅਦ ਉਨ੍ਹਾਂ ਨੂੰ ਮੁਕਤ ਕਰ ਦਿੱਤਾ ਜਾਂਦਾ ਸੀ।''

''ਅਸੀਂ ਦੋਸ਼ੀ ਕੈਦੀਆਂ ਵਿਚਾਲੇ ਅਭਿਆਨ ਚਲਾਇਆ। ਉਨ੍ਹਾਂ ਨੂੰ ਕਿਹਾ, ਕੀ 500 ਰੁਪਏ ਦੇ ਬਦਲੇ ਜਾਨ ਦੇਣਾ ਅਤੇ ਉਨ੍ਹਾਂ ਦੀ ਲੜਾਈ ਵਿੱਚ ਸ਼ਰੀਕ ਹੋਣਾ ਚੰਗੀ ਗੱਲ ਹੈ? ਪਹਿਲਾਂ ਮਰਨ ਵਾਲਿਆਂ ਵਿੱਚ ਤੁਸੀਂ ਲੋਕ ਹੀ ਹੋਵੋਗੇ, ਅਸੀਂ ਉਨ੍ਹਾਂ ਨੂੰ ਕਿਹਾ। ਤੁਸੀਂ ਉਨ੍ਹਾਂ ਲਈ ਮਹੱਤਵਪੂਰਨ ਨਹੀਂ ਹੋ। ਤੁਸੀਂ ਲੋਕ ਕੀ ਉਨ੍ਹਾਂ ਦੀ ਤੋਪ ਦਾ ਬਾਰੂਦ ਬਣਨਾ ਲੋਚਦੇ ਹੋ?''

Showing a visitor the full list of Panimara's fighters
PHOTO • P. Sainath

ਇੱਕ ਯਾਤਰੂ ਨੂੰ ਪਨੀਮਾਰਾ ਦੇ ਸੈਨਾਨੀਆਂ ਦੀ ਪੂਰੀ ਸੂਚੀ ਦਿਖਾਉਂਦੇ ਹੋਏ

''ਕੁਝ ਦਿਨਾਂ ਬਾਅਦ, ਉਨ੍ਹਾਂ ਨੂੰ ਸਾਡੀਆਂ ਗੱਲਾਂ 'ਤੇ ਭਰੋਸਾ ਹੋਣ ਲੱਗਿਆ। (ਉਹ ਸਾਨੂੰ ਗਾਂਧੀ ਕਹਿ ਕੇ ਬੁਲਾਉਂਦੇ ਸਨ ਜਾਂ ਸਿਰਫ਼ ਕਾਂਗਰਸ ਕਹਿੰਦੇ)। ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਅੰਗਰੇਜੀ ਦੀ ਇਸ ਯੋਜਨਾ ਤੋਂ ਆਪਣਾ ਨਾਮ ਵਾਪਸ ਲੈ ਲਿਆ। ਉਹ ਬਾਗੀ ਹੋ ਗਏ ਅਤੇ ਯੁੱਧ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ। ਜੇਲ੍ਹ ਵਾਰਡਨ ਬੜਾ ਕ੍ਰੋਧਿਤ ਹੋਇਆ। ਉਹਨੇ ਪੁੱਛਿਆ,'ਤੂੰ ਉਨ੍ਹਾਂ ਨੂੰ ਕਿਉਂ ਭਰਮਾਇਆ? ਪਹਿਲਾਂ ਤਾਂ ਉਹ ਜਾਣ ਨੂੰ ਤਿਆਰ ਸਨ।' ਅਸੀਂ, ਪਿਛਲੀ ਗੱਲ ਚੇਤੇ ਕਰਦਿਆਂ, ਉਨ੍ਹਾਂ ਨੂੰ ਕਿਹਾ ਕਿ ਅਪਰਾਧੀਆਂ ਵਿਚਾਲੇ ਰੱਖੇ ਜਾਣ ਕਰਕੇ ਅਸੀਂ ਕਾਫੀ ਖੁਸ਼ ਹਾਂ। ਅਸੀਂ ਇਸ ਯੋਗ ਤਾਂ ਹੋਏ ਕਿ ਉਨ੍ਹਾਂ ਨੂੰ ਇਹ ਦੱਸ ਸਕੀਏ ਕਿ ਅਸਲ ਵਿੱਚ ਕੀ ਹੋ ਰਿਹਾ ਹੈ।''

''ਅਗਲੇ ਦਿਨ ਸਾਨੂੰ ਰਾਜਨੀਤਕ ਕੈਦੀਆਂ ਵਾਲ਼ੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸਧਾਰਣ ਕੈਦ 'ਤੇ ਸਾਡੀ ਸਜਾ ਬਦਲ ਕੇ ਛੇ ਮਹੀਨੇ ਕਰ ਦਿੱਤੀ ਗਈ।''

* * *

ਬ੍ਰਿਟਿਸ਼ ਰਾਜ ਨੇ ਉਨ੍ਹਾਂ ਦੇ ਨਾਲ਼ ਕੀ ਅਤਿਆਚਾਰ ਕੀਤਾ ਸੀ, ਜਿਹਦੇ ਕਰਕੇ ਉਹ ਇੰਨੀ ਸ਼ਕਤੀਸ਼ਾਲੀ ਸਰਕਾਰ ਨਾਲ਼ ਟਕਰਾਉਣ ਨੂੰ ਤਿਆਰ ਹੋ ਗਏ?

''ਮੈਨੂੰ ਇਹ ਪੁੱਛੋ ਕਿ ਬ੍ਰਿਟਿਸ਼ ਰਾਜ ਵਿੱਚ ਨਿਆਂ ਨਾਮ ਦੀ ਚੀਜ਼ ਵੀ ਸੀ,'' ਚਮਾਰੂ ਸ਼ਾਂਤ ਭਾਵ ਵਿੱਚ ਕਹਿੰਦੇ ਹਨ। ਇਹ ਸਵਾਲ ਉਨ੍ਹਾਂ ਤੋਂ ਪੁੱਛਣ ਯੋਗ ਨਹੀਂ ਸੀ। ''ਉਦੋਂ ਤਾਂ ਹਰ ਥਾਵੇਂ ਅਨਿਆ ਹੀ ਅਨਿਆ ਸੀ।''

''ਅਸੀਂ ਅੰਗਰੇਜਾਂ ਦੇ ਗੁਲਾਮ ਸਾਂ। ਉਨ੍ਹਾਂ ਨੇ ਸਾਡੀ ਅਰਥ-ਵਿਵਸਥਾ ਨੂੰ ਤਬਾਹ ਕਰ ਦਿੱਤਾ ਸੀ। ਸਾਡੇ ਲੋਕਾਂ ਦੇ ਕੋਲ਼ ਕੋਈ ਅਧਿਕਾਰ ਨਹੀਂ ਸਨ। ਸਾਡੀ ਖੇਤੀ ਨੂੰ ਤਬਾਹ ਕਰ ਦਿੱਤਾ ਗਿਆ। ਲੋਕਾਂ ਨੂੰ ਭਿਅੰਕਰ ਗ਼ਰੀਬੀ ਦੀ ਖਾਈ ਵਿੱਚ ਸੁੱਟ ਦਿੱਤਾ ਗਿਆ। ਜੁਲਾਈ ਅਤੇ ਸਤੰਬਰ 1942 ਵਿੱਚ, 400 ਪਰਿਵਾਰਾਂ ਵਿੱਚੋਂ ਸਿਰਫ਼ ਪੰਜ ਜਾਂ ਸੱਤ ਦੇ ਕੋਲ਼ ਖਾਣ ਦਾ ਸਮਾਨ ਬਚਿਆ ਸੀ। ਬਾਕੀਆਂ ਨੂੰ ਭੁੱਖ ਅਤੇ ਬੇਕਦਰੀ ਝੱਲਣੀ ਪਈ।''

''ਵਰਤਮਾਨ ਹਾਕਮ ਵੀ ਪੂਰੀ ਤਰ੍ਹਾਂ ਬੇਸ਼ਰਮ ਹਨ। ਉਹ ਵੀ ਗਰੀਬਾਂ ਨੂੰ ਲੁੱਟਦੇ ਹਨ। ਮੁਆਫ਼ ਕਰਨਾ, ਮੈਂ ਬ੍ਰਿਟਿਸ਼ ਰਾਜ ਨਾਲ਼ ਕਿਸੇ ਦੀ ਤੁਲਨਾ ਨਹੀਂ ਕਰ ਰਿਹਾ ਹਾਂ, ਪਰ ਅੱਜ ਸਾਡੇ ਹਾਕਮ ਵੀ ਉਵੇਂ ਦੇ ਹੀ ਹਨ।''

* * *

ਪਨੀਮਾਰਾ ਦੇ ਅਜ਼ਾਦੀ ਘੁਲਾਟੀਏ ਅੱਜ ਵੀ ਸਵੇਰੇ ਸਭ ਤੋਂ ਪਹਿਲਾਂ ਜਗਨਨਾਥ ਮੰਦਰ ਜਾਂਦੇ ਹਨ। ਉੱਥੇ ਉਹ ਨਿੱਸਨ (ਢੋਲ) ਵਜਾਉਂਦੇ ਹਨ, ਜਿਵੇਂ ਕਿ ਉਹ 1942 ਤੋਂ ਕਰਦੇ ਆਏ ਹਨ। ਸਰਘੀ ਵੇਲ਼ੇ ਢੋਲ ਦੀ ਇਹ ਅਵਾਜ਼ ਕਈ ਕਿਲੋਮੀਟਰ ਤੱਕ ਸੁਣੀਂਦੀ ਹੈ, ਜਿਓਂ ਉਹ ਦੱਸਦੇ ਹਨ।

ਪਰ, ਹਰ ਸ਼ੁਕਰਵਾਰ ਨੂੰ ਇਹ ਅਜ਼ਾਦੀ ਘੁਲਾਟੀਏ ਸ਼ਾਮ ਨੂੰ 5.17 ਵਜੇ ਉੱਥੇ ਜਮ੍ਹਾਂ ਹੋਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ''ਉਹ ਸ਼ੁਕਰਵਾਰ ਦਾ ਹੀ ਦਿਨ ਸੀ, ਜਦੋਂ ਮਹਾਤਮਾ ਦੀ ਹੱਤਿਆ ਕਰ ਦਿੱਤੀ ਸੀ।'' ਸ਼ਾਮ ਨੂੰ 5.17 ਵਜੇ। ਇਸ ਪਰੰਪਰਾ ਨੂੰ ਪਿੰਡ ਵਾਲ਼ੇ ਪਿਛਲੇ 54 ਸਾਲਾਂ ਤੋਂ ਬਰਕਰਾਰ ਰੱਖਿਆ ਹੋਇਆ ਹੈ।

ਅੱਜ ਸ਼ੁਕਰਵਾਰ ਦਾ ਦਿਨ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ਼ ਮੰਦਰ ਜਾ ਰਹੇ ਹਨ। ਸੱਤ ਵਿੱਚੋਂ ਚਾਰ ਜੀਵਤ ਅਜ਼ਾਦੀ ਘੁਲਾਟੀਏ ਸਾਡੇ ਨਾਲ਼ ਹਨ। ਚਮਾਰੂ, ਦਇਆਨਿਧੀ, ਮਦਨ ਅਤੇ ਜਤਿੰਦਰ। ਬਾਕੀ ਤਿੰਨ- ਚੈਤਨਯ, ਚੰਦਰਸ਼ੇਖਰ ਸਾਹੂ ਅਤੇ ਚੰਦਰਸ਼ੇਖਰ ਪਰੀਦਾ- ਇਸ ਸਮੇਂ ਪਿੰਡੋਂ ਬਾਹਰ ਗਏ ਹੋਏ ਹਨ।

The last living fighters in Panimara at their daily prayers
PHOTO • P. Sainath

ਪਨੀਮਾਰਾ ਦੇ ਅਖੀਰਲੇ ਜੀਵਤ ਅਜ਼ਾਦੀ ਘੁਲਾਟੀਏ ਪ੍ਰਾਰਥਨਾ ਕਰਦੇ ਹੋਏ

ਮੰਦਰ ਦਾ ਵਿਹੜਾ ਲੋਕਾਂ ਨਾਲ਼ ਭਰਿਆ ਹੋਇਆ ਹੈ, ਇਹ ਲੋਕ ਗਾਂਧੀ ਜੀ ਦਾ ਪਸੰਦੀਦਾ ਭਜਨ ਗਾ ਰਹੇ ਹਨ। ਚਮਾਰੂ ਦੱਸਦੇ ਹਨ,''1948 ਵਿੱਚ, ਇਸ ਪਿੰਡ ਦੇ ਕਈ ਲੋਕਾਂ ਨੂੰ ਜਦੋਂ ਮਹਾਤਮਾ ਗਾਂਧੀ ਦੀ ਹੱਤਿਆ ਦੀ ਖ਼ਬਰ ਮਿਲ਼ੀ ਤਾਂ ਉਨ੍ਹਾਂ ਨੇ ਆਪਣੇ ਸਿਰ ਦੇ ਵਾਲ਼ ਮੁੰਨਵਾ ਲਏ ਸਨ। ਉਨ੍ਹਾਂ ਨੂੰ ਇੰਝ ਲੱਗਿਆ ਸੀ, ਜਿਓਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਗੁਆ ਲਿਆ ਅਤੇ ਅੱਜ ਵੀ, ਸ਼ੁਕਰਵਾਰ ਨੂੰ ਕਈ ਲੋਕ ਵਰਤ ਰੱਖਦੇ ਹਨ।''

ਹੋ ਸਕਦਾ ਹੈ ਕਿ ਇਸ ਮੰਦਰ ਵਿੱਚ ਕੁਝ ਬੱਚੇ ਵੀ ਮੌਜੂਦ ਹੋਣ, ਜੋ ਇਹਨੂੰ ਲੈ ਕੇ ਉਤਸੁਕ ਹੋਣ। ਪਰ ਇਸ ਪਿੰਡ ਨੂੰ ਆਪਣੇ ਇਤਿਹਾਸ ਦਾ ਪੂਰਾ ਅਹਿਸਾਸ ਹੈ। ਆਪਣੀ ਬਹਾਦਰੀ 'ਤੇ ਫ਼ਖਰ ਹੈ। ਇਹ ਉਹ ਪਿੰਡ ਹੈ ਜੋ ਅਜ਼ਾਦੀ ਦੇ ਦੀਵੇ ਨੂੰ ਬਾਲ਼ੀ ਰੱਖਣਾ ਹੀ ਆਪਣਾ ਫ਼ਰਜ਼ ਸਮਝਦਾ ਹੈ।

ਪਨੀਮਾਰਾ ਛੋਟੇ ਕਿਸਾਨਾਂ ਦਾ ਇੱਕ ਪਿੰਡ ਹੈ। ਦਇਆਨਿਧੀ ਦੱਸਦੇ ਹਨ,''ਇੱਥੇ ਕੁਲਟਾ (ਕਿਸਾਨਾਂ ਦੀ ਜਾਤੀ) ਦੇ 100 ਟੱਬਰ ਸਨ। ਕਰੀਬ 80 ਓੜੀਆ (ਇਹ ਵੀ ਕਿਸਾਨ) ਦੇ ਹਨ। ਕਰੀਬ 50 ਘਰ ਸੌਰਿਆ ਆਦਿਵਾਸੀਆਂ ਦੇ, 10 ਘਰ ਸੁਨਿਆਰਿਆਂ ਦੇ ਸਨ। ਕੁਝ ਗੌੜ (ਯਾਦਵ) ਪਰਿਵਾਰ ਸਨ, ਆਦਿ-ਆਦਿ।''

ਮੋਟੇ ਤੌਰ 'ਤੇ ਇਹੀ ਪਿੰਡ ਦਾ ਕਿੱਤਾ ਬਣਿਆ ਹੋਇਆ ਹੈ। ਬਹੁਤੇਰੇ ਅਜ਼ਾਦੀ ਘੁਲਾਟੀਏ ਕਿਸਾਨ ਜਾਤੀ ਨਾਲ਼ ਸਬੰਧਤ ਸਨ। ''ਇਹ ਗੱਲ ਸਹੀ ਹੈ ਕਿ ਸਾਡੇ ਇੱਥੇ ਇੱਕ ਦੂਸਰੀ ਜਾਤੀਆਂ ਦਰਮਿਆਨ ਵਿਆਹਾਂ ਦਾ ਰਿਵਾਜ ਨਹੀਂ ਸੀ। ਪਰ, ਅਜ਼ਾਦੀ ਦੇ ਘੋਲ਼ ਦੇ ਸਮੇਂ ਤੋਂ ਹੀ ਸਾਰੀਆਂ ਜਾਤੀਆਂ ਅਤੇ ਭਾਈਚਾਰਿਆਂ ਵਿਚਾਲੇ ਸਬੰਧ ਸਦਾ ਚੰਗੇ ਬਣੇ ਰਹੇ। ਇਹ ਮੰਦਰ ਅੱਜ ਵੀ ਸਾਰਿਆਂ ਲਈ ਖੁੱਲ੍ਹਿਆ ਰਹਿੰਦਾ ਹੈ। ਸਾਰਿਆਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ।''

ਕੁਝ ਅਜਿਹੇ ਵੀ ਹਨ, ਜਿਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਅਧਿਕਾਰਾਂ ਨੂੰ ਕਦੇ ਪ੍ਰਵਾਨ ਨਹੀਂ ਕੀਤਾ ਗਿਆ। ਦਿਬਿਯਤਾ ਭੋਈ ਉਨ੍ਹਾਂ ਵਿੱਚੋਂ ਇੱਕ ਹਨ। ਉਹ ਦੱਸਦੇ ਹਨ,''ਉਦੋਂ ਮੈਂ ਛੋਟਾ ਸਾਂ, ਜਦੋਂ ਇੱਕ ਵਾਰ ਅੰਗਰੇਜਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਸੀ।'' ਭੋਈ ਉਸ ਸਮੇਂ 13 ਸਾਲ ਦੇ ਸਨ। ਪਰ ਕਿਉਂਕਿ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਸੀ, ਇਸਲਈ ਅਜ਼ਾਦੀ ਘੁਲਾਟੀਆਂ ਦੀ ਅਧਿਕਾਰਕ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਹੈ। ਕੁਝ ਹੋਰ ਲੋਕਾਂ ਨੂੰ ਵੀ ਅੰਗਰੇਜਾਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ, ਪਰ ਉਨ੍ਹਾਂ ਨੂੰ ਸਰਕਾਰੀ ਰਿਕਾਰਡ ਵਿੱਚ ਇਸਲਈ ਨਹੀਂ ਰੱਖਿਆ ਗਿਆ, ਕਿਉਂਕਿ ਉਹ ਜੇਲ੍ਹ ਨਹੀਂ ਗਏ ਸਨ।

ਇਹ ਅਜ਼ਾਦੀ ਘੁਲਾਟੀਆਂ ਦੇ ਨਾਮ ਸਤੰਭ ਵਿੱਚ ਚਮਕ ਰਹੇ ਹਨ। ਸਿਰਫ਼ ਉਨ੍ਹਾਂ ਲੋਕਾਂ ਦੇ ਨਾਮ ਇਸ ਵਿੱਚ ਦਰਜ਼ ਹਨ, ਜੋ 1942 ਵਿੱਚ ਜੇਲ੍ਹ ਗਏ ਸਨ। ਪਰ ਕਿਸੇ ਨੂੰ ਵੀ ਉਨ੍ਹਾਂ ਦੇ ਨਾਵਾਂ 'ਤੇ ਕੋਈ ਇਤਰਾਜ਼ ਨਹੀਂ ਹੈ। ਅਫ਼ਸੋਸ ਦੀ ਗੱਲ ਹੈ ਕਿ ''ਅਜ਼ਾਦੀ ਘੁਲਾਟੀਆਂ'' ਦੀ ਸਰਕਾਰੀ ਦਰਜਾਬੰਦੀ/ਰਿਕਾਰਡਿੰਗ ਜਿਸ ਤਰੀਕੇ ਨਾਲ਼ ਕੀਤੀ ਗਈ, ਉਸ ਵਿੱਚ ਕੁਝ ਅਜਿਹੇ ਲੋਕਾਂ ਦੇ ਨਾਮ ਛੱਡ ਦਿੱਤੇ ਗਏ ਜੋ ਇਸ ਵਿੱਚ ਹੋਣੇ ਚਾਹੀਦੇ ਸਨ।

ਅਗਸਤ 2002, ਯਾਨਿ 60 ਸਾਲ ਬਾਅਦ ਇੱਕ ਵਾਰ ਫਿਰ ਪਨੀਮਾਰਾ ਦੇ ਅਜ਼ਾਦੀ ਘੁਲਾਟੀਆਂ ਨੂੰ ਉਹ ਸਭ ਕਰਨਾ ਪਿਆ।

ਇਸ ਵਾਰ ਮਦਨ ਭੋਈ, ਜੋ ਸੱਤਾਂ ਵਿੱਚੋਂ ਸਭ ਤੋਂ ਗ਼ਰੀਬ ਹਨ ਅਤੇ ਜਿਨ੍ਹਾਂ ਕੋਲ਼ ਸਿਰਫ਼ ਅੱਧਾ ਏਕੜ ਜ਼ਮੀਨ ਹੈ, ਆਪਣੇ ਦੋਸਤਾਂ ਦੇ ਨਾਲ਼ ਧਰਨੇ 'ਤੇ ਬੈਠੇ ਹੋਏ ਹਨ। ਇਹ ਧਰਨਾ ਸੋਹੇਲਾ ਟੈਲੀਫੋਨ ਦਫ਼ਤਰ ਦੇ ਬਾਹਰ ਹੈ। ਭੋਈ ਕਹਿੰਦੇ,''ਕਲਪਨਾ ਕਰੋ, ਇੰਨੇ ਦਹਾਕੇ ਬੀਤ ਗਏ, ਪਰ ਸਾਡੇ ਪਿੰਡ ਵਿੱਚ ਇੱਕ ਟੈਲੀਫੋਨ ਤੱਕ ਨਹੀਂ ਹੈ।'' ਸੋ ਇਸੇ ਮੰਗ ਨੂੰ ਲੈ ਕੇ, ''ਅਸੀਂ ਧਰਨੇ 'ਤੇ ਬੈਠੇ ਹਾਂ।'' ਉਹ ਹੱਸਦੇ ਹਨ, ''ਐੱਸਡੀਓ (ਸਬ-ਡਿਵੀਜਨ ਅਫ਼ਸਰ) ਨੇ ਕਿਹਾ ਕਿ ਉਹਨੇ ਸਾਡੇ ਪਿੰਡ ਦਾ ਨਾਮ ਕਦੇ ਨਹੀਂ ਸੁਣਿਆ। ਜੇਕਰ ਤੁਸੀਂ ਬਾਰਗੜ੍ਹ ਵਿੱਚ ਰਹਿੰਦੇ ਹਨ, ਤਾਂ ਇਹ ਗੁਨਾਹ ਹੈ। ਮਜੇਦਾਰ ਗੱਲ ਇਹ ਹੈ ਕਿ ਇਸ ਵਾਰ ਪੁਲਿਸ ਨੇ ਦਖਲ ਦਿੱਤਾ।''

ਪੁਲਿਸ, ਜਿਹਨੂੰ ਇਨ੍ਹਾਂ ਜੀਵਤ ਨਾਇਕਾਂ ਬਾਰੇ ਜਾਣਕਾਰੀ ਸੀ, ਨੂੰ ਐੱਸਡੀਓ ਦੀ ਅਣਦੇਖੀ 'ਤੇ ਹੈਰਾਨੀ ਹੋਈ। ਪੁਲਿਸ 80 ਸਾਲ ਦੇ ਬਜੁਰਗ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਸੀ। '' ਧਰਨੇ 'ਤੇ ਕਈ ਘੰਟਿਆਂ ਤੱਕ ਬੈਠਣ ਤੋਂ ਬਾਅਦ, ਪੁਲਿਸ, ਇੱਕ ਡਾਕਟਕਰ, ਮੈਡੀਕਲ ਸਟਾਫ਼ ਅਤੇ ਹੋਰ ਅਧਿਕਾਰੀਆਂ ਨੇ ਦਖਲ ਦਿੱਤਾ। ਇਸ ਤੋਂ ਬਾਅਦ ਟੈਲੀਫੋਨ ਵਾਲ਼ਿਆਂ ਨੇ ਸਾਡੇ ਨਾਲ਼ ਵਾਅਦਾ ਕੀਤਾ ਕਿ ਉਹ 15 ਸਤੰਬਰ ਤੱਕ ਸਾਡੇ ਲਈ ਇੱਕ ਟੈਲੀਫੋਨ ਦਾ ਬੰਦੋਬਸਤ ਕਰਨ ਦੇਣ ਦਾ ਵਾਅਦਾ ਕੀਤਾ। ਦੇਖਦੇ ਹਾਂ।''

ਪਨੀਮਾਰਾ ਦੇ ਸੈਨਾਨੀ ਇੱਕ ਵਾਰ ਫਿਰ ਤੋਂ ਦੂਸਰਿਆਂ ਲਈ ਲੜ ਰਹੇ ਹਨ। ਆਪਣੇ ਲਈ ਨਹੀਂ। ਦੱਸੋਂ ਉਨ੍ਹਾਂ ਨੂੰ ਆਪਣੀ ਇਸ ਲੜਾਈ ਤੋਂ ਕੀ ਮਿਲ਼ਿਆ?

''ਅਜ਼ਾਦੀ,'' ਚਮਾਰੂ ਕਹਿੰਦੇ ਹਨ।

ਤੁਹਾਡੇ ਅਤੇ ਮੇਰੇ ਲਈ।

ਇਹ ਆਰਟੀਕਲ (ਦੋ ਪਾਰਟ ਦੀ ਸਟੋਰੀ ਦਾ ਦੂਸਰਾ ਭਾਗ) ਮੂਲ਼ ਰੂਪ ਨਾਲ਼ 27 ਅਕਤੂਬਰ 2002 ਨੂੰ ' ਦਿ ਹਿੰਦੂ ਸੰਡੇ ਮੈਗਜੀਨ ' ਵਿੱਚ ਛਪਿਆ ਸੀ। ਪਹਿਲਾ ਭਾਗ 20 ਅਕਤੂਬਰ, 2002 ਨੂੰ ਛਪਿਆ ਸੀ।

ਤਸਵੀਰਾਂ: ਪੀ.ਸਾਈਨਾਥ

ਇਸ ਲੜੀ ਵਿੱਚ ਹੋਰ ਕਹਾਣੀਆਂ ਹਨ:

ਜਦੋਂ 'ਸਾਲਿਹਾਨ' ਨੇ ਬ੍ਰਿਟਿਸ਼ ਰਾਜ ਦਾ ਟਾਕਰਾ ਕੀਤਾ

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-1

ਲਕਸ਼ਮੀ ਪਾਂਡਾ ਦੀ ਆਖ਼ਰੀ ਲੜਾਈ

ਗੋਦਾਵਰੀ: ਅਤੇ ਪੁਲਿਸ ਹਾਲੇ ਵੀ ਹਮਲੇ ਦੀ ਉਡੀਕ ਵਿੱਚ

ਅਹਿੰਸਾ ਦੇ ਨੌ ਦਹਾਕੇ

ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ

ਸੋਨਾਖਾਨ: ਜਦੋਂ ਵੀਰ ਨਰਾਇਣ ਸਿੰਘ ਦੋ ਵਾਰ ਮਰੇ

ਕੈਲੀਅਸਰੀ: ਸੁਮੁਕਨ ਦੀ ਖੋਜ ਵਿੱਚ

ਕੈਲੀਅਸਰੀ: ਉਮਰ ਦੇ 50ਵੇਂ ਵਰ੍ਹੇ ਵੀ ਲੜਦੇ ਹੋਏ

ਤਰਜਮਾ: ਕਮਲਜੀਤ ਕੌਰ

P. Sainath
psainath@gmail.com

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur