ਭਾਰਤੀ ਉਪਮਹਾਂਦੀਪ ਦੇ ਲੰਬੇ ਚੱਲੇ ਬਸਤੀਵਾਦੀ ਦੌਰ ਤੇ ਵੰਡ ਦੀ ਸਹਿਕ ਦੇ ਪਰਛਾਵੇਂ ਅਸਾਮ ਅੰਦਰ ਅੱਜ ਵੀ ਅੱਡੋ-ਅੱਡ ਤਰੀਕਿਆਂ ਨਾਲ਼ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ। ਇਹ ਹਾਜ਼ਰੀ ਖ਼ਾਸਕਰਕੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਦੇ ਰੂਪ ਵਿੱਚ ਲੱਗਦੀ ਜਾਪਦੀ ਹੈ, ਜੋ ਲੋਕਾਂ ਦੀ ਨਾਗਰਿਕਤਾ ਤੈਅ ਕਰਨਾ ਦਾ ਇੱਕ ਲਿਖਤੀ ਤਰੀਕਾ ਹੈ। ਐੱਨਆਰਸੀ ਦੇ ਕਾਰਨ ਕਰੀਬ 19 ਲੱਖ ਲੋਕਾਂ ਦੀ ਨਾਗਰਿਕਤਾ ਖ਼ਤਰੇ ਵਿੱਚ ਹੈ। ਇਸ ਗੱਲ 'ਤੇ ਯਕੀਨ ਕਰਨ ਵਾਸਤੇ ਸਾਨੂੰ ਨਾਗਰਿਕਾਂ ਦੀ ਇੱਕ ਨਵੀਂ ਬਣੀ ਸ਼੍ਰੇਣੀ 'ਸ਼ੱਕੀ (ਡੀ)-ਵੋਟਰ' ਵੱਲ ਝਾਤ ਮਾਰਨੀ ਜ਼ਰੂਰੀ ਹੈ, ਇਹਦੇ ਨਾਲ਼ ਹੀ ਇਸ ਸ਼੍ਰੇਣੀ ਅਧੀਨ ਆਉਂਦੇ ਲੋਕਾਂ ਨੂੰ ਡਿਟੈਂਸ਼ਨ ਸੈਂਟਰ (ਹਿਰਾਸਤੀ/ਨਜ਼ਰਬੰਦੀ ਖੇਮੇ) ਵਿੱਚ ਕੈਦ ਕਰਨਾ ਵੀ ਸ਼ਾਮਲ ਹੈ। ਸਾਲ 1990 ਦੇ ਦਹਾਕੇ ਦੇ ਅਖ਼ੀਰ ਤੱਕ ਪੂਰੇ ਅਸਾਮ ਵਿੱਚ ਬਾਹਰੋਂ ਆਣ ਵੱਸੇ ਬਾਸ਼ਿੰਦਿਆਂ ਨਾਲ਼ ਜੁੜੇ ਮਾਮਲਿਆਂ ਨੂੰ ਦੇਖਣ ਲਈ ਬਣੇ ਵਿਦੇਸ਼ੀ ਟ੍ਰਿਊਨਲਾਂ ਦੀ ਵੱਧਦੀ ਗਿਣਤੀ ਤੇ ਫਿਰ ਦਸੰਬਰ 2019 ਨੂੰ ਨਾਗਰਿਕਤਾ ਸੋਧ ਐਕਟ (ਸੀਏਏ) ਦੇ ਪਾਸੇ ਹੋਣ ਕਾਰਨ, ਰਾਜ ਅੰਦਰ ਨਾਗਰਿਕਤਾ ਦਾ ਸੰਕਟ ਹੋਰ ਡੂੰਘੇਰਾ ਹੁੰਦਾ ਚਲਾ ਗਿਆ।

ਇਸ ਵਾਵਰੋਲ਼ੇ ਵਿੱਚ ਫਸੇ ਛੇ ਲੋਕਾਂ ਦੇ ਬਿਆਨ ਸਾਨੂੰ ਉਨ੍ਹਾਂ ਦੇ ਨਿੱਜੀ ਜੀਵਨ 'ਤੇ ਪੈ ਰਹੇ ਅਤੇ ਅਤੀਤ ਵਿੱਚ ਪੈ ਚੁੱਕੇ ਇਸ ਸੰਕਟ ਦੇ ਤਬਾਹਕੁੰਨ ਅਸਰਾਤਾਂ ਨੂੰ ਉਜਾਗਰ ਕਰਦੇ ਹਨ। ਰਸ਼ੀਦਾ ਬੇਗਮ ਜਦੋਂ ਮਹਿਜ ਅੱਠ ਸਾਲਾਂ ਦੀ ਸਨ, ਤਦ ਕਿਸੇ ਤਰ੍ਹਾਂ ਨੇਲੀ ਕਤਲੋਗਾਰਤ ਤੋਂ ਬਚ ਨਿਕਲ਼ੀ ਸਨ। ਉਨ੍ਹਾਂ ਨੂੰ ਛੱਡ ਕੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਛੇ ਮੈਂਬਰਾਂ ਦਾ ਨਾਮ ਐੱਨਆਰਸੀ ਵਿੱਚ ਬੋਲਦਾ ਹੈ। ਸ਼ਾਹਜਹਾਂ ਅਲੀ ਅਹਿਮਦ ਦਾ ਨਾਮ ਵੀ ਐੱਨਆਰਸੀ ਵਿੱਚੋਂ ਗਾਇਬ ਹੈ, ਨਾਲ਼ ਹੀ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਨਾਮ ਵੀ ਇਸ ਸੂਚੀ ਵਿੱਚੋਂ ਗਾਇਬ ਹਨ। ਉਹ ਹੁਣ ਅਸਾਮ ਵਿਖੇ ਨਾਗਰਿਕਤਾ ਦੇ ਸਵਾਲ 'ਤੇ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹਨ।

ਅਸਾਮ ਵਿੱਚ ਨਾਗਰਿਕਤਾ ਦੇ ਸੰਕਟ ਦਾ ਇਤਿਹਾਸ, ਬ੍ਰਿਟਿਸ਼ ਸਾਮਰਾਜ ਦੀਆਂ ਨੀਤੀਆਂ ਅਤੇ 1905 ਵਿੱਚ ਬੰਗਾਲ ਅਤੇ 1947 ਵਿੱਚ ਭਾਰਤੀ ਉਪ-ਮਹਾਂਦੀਪ ਦੀ ਵੰਡ ਦੇ ਫ਼ਲਸਰੂਪ ਹੋਏ ਉਜਾੜੇ ਨਾਲ਼ ਜੁੜਿਆ ਹੋਇਆ ਹੈ

ਉਪੋਲੀ ਬਿਸਵਾਸ ਅਤੇ ਉਨ੍ਹਾਂ ਦੇ ਪਰਿਵਾਰ ਕੋਲ਼ ਭਾਰਤੀ ਨਾਗਰਿਕਤਾ ਨੂੰ ਸਾਬਤ ਕਰਨ ਵਾਲ਼ੇ ਕਾਗ਼ਜ਼ਾਤ ਹੋਣ ਦੇ ਬਾਵਜੂਦ, ਉਨ੍ਹਾਂ ਨੂੰ 'ਵਿਦੇਸ਼ੀ' ਐਲਾਨ ਦਿੱਤਾ  ਗਿਆ। ਸ਼ੱਕੀ (ਡੀ)-ਵੋਟਰ ਐਲਾਨ ਕਰਨ ਤੋਂ ਬਾਅਦ, ਉਨ੍ਹਾਂ 'ਤੇ ਨਾਗਰਿਕਤਾ ਸਾਬਤ ਕਰਨ ਲਈ 2017-2022 ਵਿੱਚ ਬੋਂਗਈਗਾਓਂ ਫ਼ਾਰੇਨ ਟ੍ਰਿਬੂਨਲ ਵਿੱਚ ਮੁਕੱਦਮਾ ਚਲਾਇਆ ਗਿਆ। ਕੁਲਸੁਮ ਨਿਸਾ ਤੇ ਸੂਫ਼ੀਆ ਖ਼ਾਤੂਨ, ਜੋ ਅਜੇ ਜ਼ਮਾਨਤ 'ਤੇ ਬਾਹਰ ਹਨ, ਹਿਰਾਸਤ ਵਿੱਚ ਬਿਤਾਏ ਵੇਲ਼ੇ ਨੂੰ ਚੇਤੇ ਕਰਦੀ ਹਨ। ਓਧਰ, ਮੋਰਜੀਨਾ ਬੀਬੀ ਨੂੰ ਇੱਕ ਪ੍ਰਸ਼ਾਸਨਿਕ ਚੂਕ ਕਾਰਨ ਕੋਕਰਾਝਾਰ ਹਿਰਾਸਤੀ ਕੇਂਦਰ ਵਿੱਚ ਅੱਠ ਮਹੀਨੇ ਅਤੇ 20 ਦਿਨ ਬਿਤਾਉਣੇ ਪਏ।

ਅਸਾਮ ਵਿੱਚ ਨਾਗਰਿਕਤਾ ਸੰਕਟ ਦਾ ਇਤਿਹਾਸ ਕਾਫ਼ੀ ਪੇਚੀਦਾ ਰਿਹਾ ਹੈ। ਇਹ ਬ੍ਰਿਟਿਸ਼ ਸਾਮਰਾਜ ਦੀਆਂ ਸਮਾਜਿਕ-ਆਰਥਿਕ ਨੀਤੀਆਂ, 1905 ਵਿੱਚ ਬੰਗਾਲ ਅਤੇ 1947 ਵਿੱਚ ਭਾਰਤੀ ਉਪਮਹਾਂਦੀਪ ਦੀ ਵੰਡ ਦੇ ਫ਼ਲਸਰੂਪ ਹੋਏ ਉਜਾੜੇ ਨਾਲ਼ ਜੁੜਿਆ ਹੋਇਆ ਹੈ। ਸਾਲਾਂ ਤੋਂ ਕਈ ਪ੍ਰਸ਼ਾਸਨਿਕ ਅਤੇ ਕਨੂੰਨੀ ਦਖ਼ਲਾਂ ਅਤੇ 1979 ਤੋਂ 1985 ਦਰਮਿਆਨ 'ਬਾਹਰੀਆਂ' ਖ਼ਿਲਾਫ਼ ਹੋਏ ਅੰਦੋਲਨਾਂ ਨੇ ਬੰਗਾਲੀ ਮੂਲ਼ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਆਪਣੇ ਹੀ ਘਰ ਅੰਦਰ 'ਬਾਹਰੀ' ਬਣਾ ਕੇ ਰੱਖ ਦਿੱਤਾ।

ਫੇਸਿੰਗ ਹਿਸਟਰੀ ਐਂਡ ਆਵਰਸੈਲਫ਼ ਪ੍ਰੋਜੈਕਟ ਤਹਿਤ ਕੁਲਸੁਮ ਨਿਸਾ, ਮੋਰਜੀਨਾ ਬੀਬੀ, ਰਸ਼ੀਦਾ ਬੇਗ਼ਮ, ਸ਼ਾਹਜਹਾਂ ਅਲੀ ਅਹਿਮਦ, ਸੂਫ਼ੀਆ ਖ਼ਾਤੂਨ ਅਤੇ ਉਲੋਪੀ ਬਿਸਵਾਸ ਦੀ ਕਹਾਣੀਆਂ ਨੂੰ ਫ਼ਿਲਮਾਇਆ ਗਿਆ ਹੈ। ਇਨ੍ਹਾਂ ਕਹਾਣੀਆਂ ਤੋਂ ਪਤਾ ਚੱਲਦਾ ਹੈ ਕਿ ਅਸਾਮ ਵਿੱਚ ਨਾਗਰਿਕਤਾ ਨਾਲ਼ ਜੁੜਿਆ ਸੰਕਟ ਹਾਲੇ ਖ਼ਤਮ ਹੋਣ ਵੱਲ ਨੂੰ ਨਹੀਂ ਵੱਧ ਰਿਹਾ। ਕਿਸੇ ਨੂੰ ਨਹੀਂ ਪਤਾ ਕਿ ਇਸ ਜਿਲ੍ਹਣ ਵਿੱਚ ਫਸੇ ਲੋਕਾਂ ਨਾਲ਼ ਹੋਣ ਕੀ ਵਾਲ਼ਾ ਹੈ।


ਰਸ਼ੀਦਾ ਬੇਗ਼ਮ , ਅਸਾਮ ਦੇ ਮੋਰੀਗਾਓਂ ਜ਼ਿਲ੍ਹੇ ਤੋਂ ਹਨ। ਉਹ ਅੱਠ ਸਾਲ ਦੀ ਸਨ, ਜਦੋਂ 18 ਫ਼ਰਵਰੀ 1983 ਨੂੰ ਨੇਲੀ ਕਤਲੋਗਾਰਤ ਹੋਇਆ ਸੀ। ਪਰ ਉਹ ਕਿਸੇ ਤਰ੍ਹਾਂ ਬਚੀ ਰਹਿ ਗਈ। ਹੁਣ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਦਾ ਨਾਮ 2019 ਦੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੀ ਅੰਤਮ ਸੂਚੀ ਵਿੱਚ ਸ਼ਾਮਲ ਨਹੀਂ ਹੈ।


ਸ਼ਾਹਜਹਾਂ ਅਲੀ ਅਹਿਮਦ , ਅਸਾਮ ਦੇ ਬਕਸਾ ਜ਼ਿਲ੍ਹੇ ਤੋਂ ਹਨ। ਉਹ ਅਸਾਮ ਵਿਖੇ ਨਾਗਰਿਕਤਾ ਨਾਲ਼ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਕੰਮ ਕਰਨ ਵਾਲ਼ੇ ਇੱਕ ਸਮਾਜਿਕ ਕਾਰਕੁੰਨ ਹਨ। ਉਨ੍ਹਾਂ ਦੇ ਨਾਲ਼-ਨਾਲ਼ ਉਨ੍ਹਾਂ ਦੇ ਪਰਿਵਾਰ ਦੇ 33 ਮੈਂਬਰਾਂ ਦਾ ਨਾਮ ਰਾਸ਼ਟਰੀ ਨਾਗਰਿਕਤਾ ਰਜਿਸਟਰ 'ਚੋਂ ਹਟਾ ਦਿੱਤਾ ਗਿਆ ਹੈ।


ਸੂਫ਼ੀਆ ਖ਼ਾਤੂਨ , ਅਸਾਮ ਦੇ ਬਰਪੇਟਾ ਜ਼ਿਲ੍ਹੇ ਤੋਂ ਹਨ। ਉਹ ਕੋਕਰਾਝਾਰ ਹਿਰਾਸਤੀ ਕੇਂਦਰ ਵਿਖੇ ਦੋ ਸਾਲ ਤੋਂ ਵੱਧ ਸਮੇਂ ਤੱਕ ਕੈਦ ਕੱਟ ਚੁੱਕੀ ਹਨ। ਹਾਲ਼ ਦੀ ਘੜੀ ਉਹ ਭਾਰਤ ਦੀ ਸੁਪਰੀਮ ਕੋਰਟ ਦੇ ਆਦੇਸ਼ 'ਤੇ ਜ਼ਮਾਨਤ 'ਤੇ ਬਾਹਰ ਹਨ।


ਕੁਲਸੁਮ ਨਿਸਾ , ਅਸਾਮ ਦੇ ਬਰਪੇਟਾ ਜ਼ਿਲ੍ਹੇ ਤੋਂ ਹਨ। ਉਹ ਪੰਜ ਸਾਲ ਤੱਕ ਕੋਕਰਾਝਾਰ ਹਿਰਾਸਤੀ ਕੇਂਦਰ ਵਿਖੇ ਕੈਦ ਰਹੀ ਸਨ। ਫ਼ਿਲਹਾਲ ਜ਼ਮਾਨਤ 'ਤੇ ਬਾਹਰ ਹਨ, ਪਰ ਉਨ੍ਹਾਂ ਨੂੰ ਹਰ ਹਫ਼ਤੇ ਸਥਾਨਕ ਪੁਲਿਸ ਸਾਹਮਣੇ ਪੇਸ਼ ਹੋਣਾ ਪੈਂਦਾ ਹੈ।


ਉਪੋਲੀ ਬਿਸਵਾਸ , ਅਸਾਮ ਦੇ ਚਿਰਾਂਗ ਜ਼ਿਲ੍ਹੇ ਤੋਂ ਹਨ। ਬੋਂਗਈਗਾਓਂ ਫ਼ਾਰੇਨਰਸ ਟ੍ਰਿਬੂਨਲ ਵਿੱਚ ਉਨ੍ਹਾਂ ਖ਼ਿਲਾਫ਼ 2017 ਤੋਂ ਹੀ ਇੱਕ ਕੇਸ ਚੱਲ ਰਿਹਾ ਸੀ।


ਮੋਰਜੀਨਾ ਬੀਬੀ , ਅਸਾਮ ਦੇ ਗੋਲਪਾੜਾ ਜ਼ਿਲ੍ਹੇ ਤੋਂ ਹਨ। ਉਹ ਕੋਕਰਾਝਾਰ ਹਿਰਾਸਤੀ ਕੇਂਦਰ ਵਿੱਚ ਅੱਠ ਮਹੀਨੇ ਤੇ 20 ਦਿਨਾਂ ਤੀਕਰ ਕੈਦ ਰਹੀ। ਇਹ ਸਾਬਤ ਹੋਣ ਤੋਂ ਬਾਅਦ ਕਿ ਪੁਲਿਸ ਨੇ ਗ਼ਲਤ ਇਨਸਾਨ ਨੂੰ ਫੜ੍ਹੀ ਰੱਖਿਆ ਸੀ, ਅਖ਼ੀਰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਹ ਵੀਡਿਓ ' ਫੇਸਿੰਗ ਹਿਸਟਰੀ ਐਂਡ ਆਵਰਸੈਲਫ਼ ' ਪ੍ਰੋਜੈਕਟ ਦਾ ਹਿੱਸਾ ਹੈ, ਜਿਹਨੂੰ ਸ਼ੁਬਸ਼੍ਰੀ ਕ੍ਰਿਸ਼ਨਨ ਨੇ ਤਿਆਰ ਕੀਤਾ ਹੈ। ਫ਼ਾਊਂਡੇਸ਼ਨ ਪ੍ਰੋਜੈਕਟ ਨੂੰ ਇੰਡੀਆ ਫ਼ਾਊਂਡੇਸ਼ਨ ਫ਼ਾਰ ਦਿ ਆਰਟਸ ਵੱਲੋਂ ਆਪਣੀ ਆਰਕਾਈਵ ਐਂਡ ਮਿਊਜ਼ਿਅਮ ਪ੍ਰੋਗਰਾਮ ਤਹਿਤ, ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੇ ਸਹਿਯੋਗ ਨਾਲ਼ ਚਲਾਇਆ ਜਾ ਰਿਹਾ ਹੈ। ਗੋਇਥੇ-ਇੰਸਟੀਟਯੂਟ/ਮੈਕਸ ਮੂਲਰ ਭਵਨ, ਨਵੀਂ ਦਿੱਲੀ ਦਾ ਵੀ ਇਸ ਪ੍ਰੋਜੈਕਟ ਅੰਦਰ ਅੰਸ਼ਕ ਯੋਗਦਾਨ ਸ਼ਾਮਲ ਹੈ। ਸ਼ੇਰਗਿਲ ਸੁੰਦਰਮ ਆਰਟਸ ਫ਼ਾਊਂਡੇਸ਼ਨ ਨੇ ਵੀ ਇਸ ਪ੍ਰੋਜੈਕਟ ਨੂੰ ਆਪਣਾ ਸਹਿਯੋਗ ਦਿੱਤਾ ਹੈ।

ਫ਼ੀਚਰ ਕੋਲਾਜ: ਸ਼੍ਰੇਆ ਕਾਤਿਆਇਨੀ

ਤਰਜਮਾ: ਕਮਲਜੀਤ ਕੌਰ

Subasri Krishnan

Subasri Krishnan is a filmmaker whose works deal with questions of citizenship through the lens of memory, migration and interrogation of official identity documents. Her project 'Facing History and Ourselves' explores similar themes in the state of Assam. She is currently pursuing a PhD at A.J.K. Mass Communication Research Centre, Jamia Millia Islamia, New Delhi.

Other stories by Subasri Krishnan
Editor : Vinutha Mallya

Vinutha Mallya is Consulting Editor at People’s Archive of Rural India. She was formerly Editorial Chief and Senior Editor at PARI.

Other stories by Vinutha Mallya
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur