ਜਦੋਂ ਜੰਮਣ-ਪੀੜ੍ਹਾਂ ਛੁੱਟੀਆਂ, ਤਾਂ 23 ਸਾਲਾ ਰਾਣੋ ਸਿੰਘ, ਉਨ੍ਹਾਂ ਦੇ ਪਤੀ ਅਤੇ ਸੱਸ ਛੋਹਲੇ ਕਦਮੀਂ ਪਹਾੜ ਦੇ ਕੰਢੇ ਸਥਿਤ ਆਪਣੇ ਛੋਟੇ ਜਿਹੇ ਘਰੋਂ ਨਿਕਲੇ। ਪਹੁੰ ਫੁੱਟ ਚੁੱਕੀ ਸੀ, ਸਵੇਰੇ ਦੇ ਕਰੀਬ 5 ਵੱਜ ਚੁੱਕੇ ਸਨ। ਉਨ੍ਹਾਂ ਦੇ ਸਾਹਮਣੇ ਸੀ 1.5 ਕਿਲੋਮੀਟਰ ਦੀ ਚੜ੍ਹਾਈ ਵਾਲਾ, ਬਿਖੜਾ ਰਾਹ, ਜਿਹਨੇ ਉਨ੍ਹਾਂ ਨੂੰ ਮੁੱਖ ਸੜਕ ਤੱਕ ਲੈ ਜਾਣਾ ਸੀ, ਜਿੱਥੇ ਕਿਰਾਏ 'ਤੇ ਸੱਦੀ ਗਈ ਗੱਡੀ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਸਿਵਲੀ ਤੋਂ ਕਰੀਬ 12 ਕਿਲੋਮੀਟਰ ਦੂਰ, ਰਾਣੀਖੇਤ ਦੇ ਇੱਕ ਨਿੱਜੀ ਹਸਪਤਾਲ ਲਿਜਾਣ ਲਈ ਉਡੀਕ ਰਹੀ ਸੀ।
ਉਨ੍ਹਾਂ ਨੇ ਡੋਲੀ ਦਾ ਬੰਦੋਬਸਤ ਕਰਨ ਦੀ ਕੋਸ਼ਿਸ਼ ਕੀਤੀ ਸੀ- ਜਿਸ ਵਿੱਚ ਇੱਥੋਂ ਦੇ ਠਾਕੁਰ ਭਾਈਚਾਰੇ ਦੀਆਂ ਗਰਭਵਤੀ ਔਰਤਾਂ ਨੂੰ ਬਿਠਾ ਕੇ ਪਹਾੜੀ ਰਸਤਿਓਂ ਲਿਜਾਇਆ ਜਾਂਦਾ ਹੈ, ਜਿਹਦੇ ਚਾਰੇ ਸਿਰਿਆਂ ਨੂੰ ਪੁਰਖਾਂ ਦੁਆਰਾ ਚੁੱਕਿਆ ਜਾਂਦਾ ਹੈ। ਇਹ ਡੋਲੀ ਉਹਨੂੰ (ਗਰਭਵਤੀ ਔਰਤ) ਸੜਕ ਤੱਕ ਅਤੇ ਆਮ ਤੌਰ 'ਤੇ, ਉੱਥੇ ਉਡੀਕ ਰਹੀ ਗੱਡੀ ਤੱਕ ਲੈ ਜਾਂਦੀ ਹੈ, ਜੋ ਔਰਤ ਨੂੰ ਹਸਪਤਾਲ ਲੈ ਜਾਂਦੀ ਹੈ। ਪਰ ਉਸ ਸਵੇਰ ਕੋਈ ਡੋਲੀ ਨਹੀਂ ਸੀ, ਇਸਲਈ ਉਨ੍ਹਾਂ ਨੇ ਪੈਦਲ ਤੁਰਨਾ ਸ਼ੁਰੂ ਕੀਤਾ।
ਰਾਣੋ ਅਜੇ ਅੱਧਵਾਟੇ ਹੀ ਪੁੱਜੀ ਸੀ। "ਅਸੀਂ ਬਾਮੁਸ਼ਕਲ ਅੱਧਾ ਪੈਂਡਾ ਹੀ ਤੈਅ ਕਰ ਪਾਏ ਸਾਂ ਜਦੋਂ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ (ਪੀੜ੍ਹ ਨਾਲ਼) ਅੱਗੇ ਤੁਰ ਨਹੀਂ ਸਕਾਂਗੀ। ਜਿਵੇਂ ਹੀ ਮੈਂ ਤੁਰਨਾ ਬੰਦ ਕੀਤਾ ਅਤੇ ਭੁੰਜੇ ਬਹਿ ਗਈ, ਮੇਰੇ ਪਤੀ ਸਮਝ ਗਏ ਅਤੇ ਫੁਰਤੀ ਨਾਲ਼ ਨੇੜਲੇ ਪਰਿਵਾਰ ਦੇ ਕੋਲ਼ ਭੱਜ ਗਏ। ਉਹ ਸਾਨੂੰ ਜਾਣਦੇ ਹਨ ਅਤੇ ਚਾਚੀ 10 ਮਿੰਟਾਂ ਵਿੱਚ ਹੀ ਕੁਝ ਪਾਣੀ ਅਤੇ ਇੱਕ ਚਾਦਰ ਲੈ ਕੇ ਆ ਗਈ ਅਤੇ ਮੈਂ ਆਪਣੀ ਸੱਸ ਅਤੇ ਚਾਚੀ ਦੀ ਮਦਦ ਨਾਲ਼ ਉੱਥੇ ਹੀ ਬੱਚੇ ਨੂੰ ਜਨਮ ਦੇ ਦਿੱਤਾ।" (ਰਾਣੋ ਦੇ ਪਤੀ 34 ਸਾਲਾਂ ਦੇ ਹਨ ਅਤੇ ਰਾਸ਼ਨ ਦੀ ਦੁਕਾਨ ਵਿੱਚ ਬਤੌਰ ਸਹਾਇਕ ਕੰਮ ਕਰਕੇ ਪ੍ਰਤੀ ਮਹੀਨੇ 8,000 ਰੁਪਏ ਕਮਾਉਂਦੇ ਹਨ, ਜੋ ਕਿ ਤਿੰਨ ਬਾਲਗਾਂ ਅਤੇ ਇੱਕ ਬੱਚੇ ਵਾਲੇ ਪਰਿਵਾਰ ਵਿੱਚ ਕਮਾਈ ਦਾ ਇਕਲੌਤਾ ਵਸੀਲਾ ਹੈ; ਉਹ ਉਨ੍ਹਾਂ ਦਾ (ਪਤੀ) ਨਾਂਅ ਨਹੀਂ ਲੈਣਾ ਚਾਹੁੰਦੀ।)
"ਮੇਰਾ ਬੇਟਾ (ਜਗਤ) ਇਸੇ ਜੰਗਲ ਵਿੱਚ ਪੈਦਾ ਹੋਇਆ ਜਦੋਂ ਅਸੀਂ ਮੁੱਖ ਸੜਕ ਤੱਕ ਪੁੱਜਣ ਲਈ ਹਾਲੇ ਵੀ ਤੁਰ ਰਹੇ ਸਾਂ," ਉਹ ਰੁੱਖਾਂ ਨਾਲ਼ ਘਿਰੇ ਭੀੜੇ ਪਹਾੜੀ ਰਸਤੇ ਵਿੱਚ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਦਰਦਭਰੀ ਘਟਨਾ ਨੂੰ ਚੇਤੇ ਕਰਦਿਆਂ ਕਹਿੰਦੀ ਹਨ। "ਮੈਂ ਕਦੇ ਅਜਿਹੀ ਡਿਲੀਵਰੀ ਦੀ ਕਲਪਨਾ ਵੀ ਨਹੀਂ ਕੀਤੀ ਸੀ। ਇਸ ਬਾਰੇ ਸੋਚ ਕੇ ਅੱਜ ਵੀ ਮੇਰੇ ਲੂ-ਕੰਢੇ ਖੜ੍ਹੇ ਹੋ ਜਾਂਦੇ ਹਨ। ਪਰ ਰੱਬ ਦਾ ਸ਼ੁਕਰ ਹੈ, ਮੇਰਾ ਬੱਚਾ ਸੁਰੱਖਿਅਤ ਬਾਹਰ ਆ ਗਿਆ। ਇਹੀ ਸਭ ਤੋਂ ਕੀਮਤੀ ਚੀਜ਼ ਹੈ।"
ਫਰਵਰੀ 2020 ਦੀ ਉਸ ਸਵੇਰ, ਜਦੋਂ ਜਗਤ ਦਾ ਜਨਮ ਹੋਇਆ, ਉਹਦੇ ਫੌਰਨ ਬਾਦ, ਰਾਣੋ ਪੈਦਲ ਤੁਰ ਕੇ ਘਰ ਪਰਤੀ, ਬੱਚੇ ਨੂੰ ਉਨ੍ਹਾਂ ਦੀ ਸੱਸ, 58 ਸਾਲਾ ਪ੍ਰੀਤਮਾ ਸਿੰਗ ਨੇ ਆਪਣੀ ਗੋਦੀ ਚੁੱਕਿਆ ਸੀ।
ਰਾਣੋ ਗਰਭ-ਅਵਸਥਾ ਦੌਰਾਨ ਸਿਰਫ਼ ਇੱਕ ਵਾਰ, ਦੂਸਰੇ ਮਹੀਨੇ ਵਿੱਚ ਹੋਈ ਪੀੜ੍ਹ ਦਾ ਕਾਰਨ ਜਾਣਨ ਲਈ, ਅਲਟ੍ਰਾਸਾਊਂਡ ਕਰਾਉਣ ਰਾਣੀਖੇਤ ਦੇ ਇੱਕ ਨਿੱਜੀ ਕਲੀਨਿਕ ਵਿੱਚ ਡਾਕਟਰ ਨੂੰ ਮਿਲ਼ਣ ਗਈ ਸਨ। ਪਿਛਲੇ ਸਾਲ ਫਰਵਰੀ ਵਿੱਚ ਉਸ ਪਹਾੜੀ ਰਸਤੇ ਵਿੱਚ ਉਨ੍ਹਾਂ ਦੇ ਬੱਚੇ ਦੇ ਜਨਮ ਤੋਂ ਤਿੰਨ ਦਿਨ ਬਾਅਦ, ਸਥਾਨਕ ਆਸ਼ਾ ਵਰਕਰ (ਮਾਨਤਾ ਪ੍ਰਾਪਤ ਸਮਾਜਿਕ ਕਾਰਕੁੰਨ) ਨੇ ਉਨ੍ਹਾਂ ਦੇ ਘਰ ਦਾ ਦੌਰਾ ਕੀਤਾ। "ਆਸ਼ਾ ਦੀਦੀ ਮੇਰੇ ਬੱਚੇ ਦਾ ਭਾਰ ਤੋਲਣ ਅਤੇ ਲੋੜੀਂਦੀ ਜਾਂਚ ਕਰਨ ਲਈ ਆਈ ਸਨ, ਅਤੇ ਉਨ੍ਹਾਂ ਨੇ ਦੱਸਿਆ ਕਿ ਬੱਚਾ ਠੀਕ ਹੈ। ਮੇਰਾ ਬਲੱਡ-ਪ੍ਰੈਸ਼ਰ ਇੱਕ ਹਫ਼ਤੇ ਤੋਂ ਉੱਪਰ-ਹੇਠਾਂ ਹੋ ਰਿਹਾ ਸੀ। ਪਰ ਹੁਣ ਮੈਂ ਵੀ ਠੀਕ ਹਾਂ। ਅਸੀਂ ਪਹਾੜਾਂ ਵਿਚਲੀਆਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਆਦੀ ਹਾਂ," ਰਾਣੋ ਕਹਿੰਦੀ ਹਨ।
ਜਦੋਂਕਿ ਉਤਰਾਖੰਡ ਦੇ ਅਲਮੋੜਾ ਜਿਲ੍ਹੇ ਦੇ ਤਾਰੀਖੇਤ ਬਲਾਕ ਵਿੱਚ ਸਥਿਤ ਰਾਣੇ ਦੇ ਸਿਵਲੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 68 ਘਰਾਂ ਅਤੇ 318 ਲੋਕਾਂ ਵਾਲੀ ਉਨ੍ਹਾਂ ਦੀ ਬਸਤੀ ਵਿੱਚ ਪਹਿਲਾਂ ਕਦੇ ਕਿਸੇ ਬੱਚੇ ਦਾ ਜਨਮ ਇਸ ਤਰ੍ਹਾਂ ਵਿਚਕਾਰ ਰਸਤੇ ਨਹੀਂ ਹੋਇਆ ਸੀ, ਸਗੋਂ ਉਚਾਈ ਵਾਲੇ ਇਸ ਇਲਾਕੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਜਨਮ ਘਰੇ ਹੀ ਹੁੰਦਾ ਹੈ-ਜਦੋਂਕਿ ਪੂਰੇ ਉਤਰਾਖੰਡ ਸੂਬੇ ਅੰਦਰ ਘਰੇ ਬੱਚਾ ਪੈਦਾ ਹੋਣ ਦੀ ਦਰ ਘੱਟ ਤੋਂ ਘੱਟ 31 ਫੀਸਦੀ ਹੈ, ਜਿਵੇਂ ਕਿ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( ਐੱਨਐੱਫਐੱਚਐੱਸ-4 , 2015-16) ਵਿੱਚ ਦੱਸਿਆ ਗਿਆ ਹੈ। ਹਾਲਾਂਕਿ, ਸਿਹਤ ਸੁਵਿਧਾ (ਮੁੱਖ ਰੂਪ ਨਾਲ਼ ਸੂਬੇ ਦੁਆਰਾ ਸੰਚਾਲਤ ਸੰਸਥਾਵਾਂ) ਵਿੱਚ ਪ੍ਰਸਵ ਦੀ ਸੰਖਿਆ ਦੌਗੁਣੀ ਤੋਂ ਵੀ ਵੱਧ ਹੈ-ਐੱਨਐੱਫਐੱਚਐੱਸ-3 (2005-06) ਵਿੱਚ ਦਰਜ਼ 33 ਫੀਸਦੀ ਤੋਂ ਵੱਧ ਕੇ 69 ਫੀਸਦੀ (ਜਾਂ ਉਤਰਾਖੰਡ ਵਿੱਚ ਕੁੱਲ ਪ੍ਰਸਵ ਦਾ ਦੋ-ਤਿਹਾਈ ਨਾਲੋਂ ਥੋੜ੍ਹਾ ਵੱਧ)।
ਫਿਰ ਵੀ, ਰਾਣੀਖੇਤ ਵਿੱਚ ਅਭਿਆਸ ਕਰਨ ਵਾਲੀ ਜਨਾਨਾ-ਰੋਗ ਮਾਹਰ ਅਨੁਸਾਰ, ਕੁਮਾਊਂ ਦੇ ਪਹਾੜੀ ਖਿੱਤੇ ਦੀਆਂ ਔਰਤ ਅਤੇ ਉਨ੍ਹਾਂ ਦੇ ਪਰਿਵਾਰ ਲਈ ਹਸਪਤਾਲ ਜਾਣਾ ਹਾਲੇ ਵੀ ਇੱਕ ਚੁਣੌਤੀ ਹੈ। ਗੱਡੀ ਚੱਲਣਯੋਗ ਨੇੜਲੀ ਸੜਕ ਆਮ ਤੌਰ 'ਤੇ ਦੂਰ ਹੈ, ਆਵਾਜਾਈ ਦੁਰਲੱਭ ਹੈ ਅਤੇ ਵਾਹਨ ਕਿਰਾਏ 'ਤੇ ਲੈਣ ਮਹਿੰਗਾ ਹੈ।
ਅਤੇ ਬੀਤੇ ਸਾਲ, ਮਹਾਂਮਾਰੀ ਦੇ ਕਾਰਨ ਲਾਗੂ ਤਾਲਾਬੰਦੀ ਨੇ ਤਾਰੀਖੇਤ ਬਲਾਕ ਦੇ ਪਿੰਡਾਂ ਦੀਆਂ ਗਰਭਵਤੀ ਔਰਤਾਂ ਲਈ ਹੋਰ ਵੀ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ। ਰਾਣੋ ਦੇ ਪਿੰਡ ਤੋਂ ਕਰੀਬ 22 ਕਿਲੋਮੀਟਰ ਦੂਰ, ਪਾਲੀ ਨਾਦੋਲੀ ਪਿੰਡ ਵਿੱਚ ਮਨੀਸ਼ਾ ਸਿੰਘ ਰਾਵਤ ਨੇ 20 ਅਗਸਤ 2020 ਨੂੰ ਘਰੇ ਹੀ ਆਪਣੀ ਬੇਟੀ ਨੂੰ ਜਨਮ ਦਿੱਤਾ। ਪ੍ਰਸਵ ਵਾਸਤੇ ਪਰਿਵਾਰ ਦੀ ਜਾਣਕਾਰ ਇੱਕ ਦਾਈ ਨੇ ਮਦਦ ਕੀਤੀ ਸੀ। "ਮੈਂ ਹਸਪਤਾਲ ਨਹੀਂ ਗਈ। ਮੇਰੀ ਬੇਟੀ ਦਾ ਜਨਮ 14 ਅਗਸਤ (2020) ਨੂੰ ਇੱਥੇ ਹੀ ਹੋਇਆ ਸੀ," ਉਹ ਆਪਣੇ ਘਰ ਵਿੱਚ ਨਾਲ਼ ਵਾਲੇ ਕਮਰੇ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। ਉਸ ਕਮਰੇ ਵਿੱਚ ਬੈੱਡ ਦਾ ਇੱਕ ਪਾਵਾ ਇੱਟਾਂ ਦੇ ਸਹਾਰੇ ਖੜ੍ਹਾ ਹੈ। ਮਨੀਸ਼ਾ ਅਤੇ ਉਨ੍ਹਾਂ ਦੇ ਪਤੀ, 31 ਸਾਲਾ ਧੀਰਜ ਸਿੰਘ ਰਾਵਤ ਦਾ ਵਿਆਹ ਦੀ ਇੱਕ ਤਸਵੀਰ ਕੰਧ 'ਤੇ ਟੰਗੀ ਹੋਈ ਹੈ।
ਸਤੰਬਰ ਦੀ ਇੱਕ ਸਵੇਰ ਦੇ 8:30 ਵੱਜੇ ਹਨ। ਕੁਝ ਦੇਰ ਪਹਿਲਾਂ, ਮਨੀਸ਼ਾ ਚਾਰੇ ਦੀ ਇੱਕ ਪੰਡ ਆਪਣੇ ਸੱਜੇ ਹੱਥ ਵਿੱਚ ਫੜ੍ਹੀ ਅਤੇ ਦੂਸਰੀ ਸਿਰ 'ਤੇ ਰੱਖੀ ਘਰ ਮੁੜੀ ਹਨ। ਪੰਡਾਂ ਨੂੰ ਇੱਕ ਪਾਸੇ ਰੱਖਦਿਆਂ, ਉਨ੍ਹਾਂ ਨੇ ਆਪਣੇ ਸਿਰ ਦੇ ਉੱਪਰ ਨੀਲੇ ਰੰਗ ਦੀ ਰਵਾਇਤੀ ਕੁਮਾਊਂਗੀ ਲੱਕੜ ਦੀ ਖਿੜਕੀ ਤੋਂ, ਕਰੀਬ ਇੱਕ ਮਹੀਨੇ ਦੀ ਆਪਣੀ ਧੀ, ਰਾਣੀ ਨੂੰ ਅਵਾਜ਼ ਮਾਰੀ: " ਚੇਲੀ ! ਦੇਖੋ ਕੌਨ ਆਇਆ! (ਮੇਰੀ ਗੁੜੀਆ! ਦੇਖ ਕੌਣ ਆਇਆ!)"
ਰਾਣੀ ਦੇ ਜਨਮ ਤੋਂ ਮੁਸ਼ਕਲ ਨਾਲ਼ ਦੋ ਹਫ਼ਤੇ ਬਾਅਦ, ਮਨੀਸ਼ਾ ਨੇ ਆਪਣੀ ਨਿਯਮਿਤ ਰੂਪ ਨਾਲ਼ ਔਖੀ ਚੜ੍ਹਾਈ ਨੂੰ ਫਿਰ ਤੋਂ ਸ਼ੁਰੂ ਕੀਤਾ- ਉਹ ਕਰੀਬ 30 ਮਿੰਟ ਵਿੱਚ 1.5 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਤਾਰੀਖੇਤ ਬਲਾਕ ਦੀ 873 ਦੀ ਅਬਾਦੀ ਵਾਲੇ ਪਿੰਡ, ਪਾਲੀ ਨਾਦੋਲੀ ਦੇ ਉਸ ਪਾਰ ਝਾੜੀਆਂ ਨਾਲ਼ ਭਰੇ ਮੈਦਾਨ ਵਿੱਚ ਜਾਂਦੀ ਹਨ, ਜਿੱਥੋਂ ਉਹ ਆਪਣੇ ਪਰਿਵਾਰ ਦੀਆਂ ਤਿੰਨ ਬੱਕਰੀਆਂ ਲਈ ਚਾਰਾ ਇਕੱਠਾ ਕਰਦੀ ਹਨ। ਇਸ ਖੇਤਰ ਵਿੱਚ, ਔਰਤਾਂ ਆਮ ਤੌਰ 'ਤੇ ਪਾਣੀ, ਬਾਲਣ ਅਤੇ ਚਾਰੇ ਦੀ ਭਾਲ਼ ਵਿੱਚ ਪੂਰਾ ਦਿਨ ਕਈ ਕਿਲੋਮੀਟਰ ਪੈਦਲ ਤੁਰਦੀਆਂ ਹਨ-ਉਨ੍ਹਾਂ ਵਿੱਚ ਬਹੁਤੇਰਾ ਇਲਾਕਾ ਪਹਾੜੀ ਉਚਾਈ ਵਾਲਾ ਹੈ। ਹਾਲਾਂਕਿ ਮਿੱਟੀ ਅਤੇ ਸੀਮਿੰਟ ਨਾਲ਼ ਬਣੇ ਆਪਣੇ ਦੋ ਕਮਰਿਆਂ ਦੇ ਘਰ ਦੇ ਬਾਹਰ ਨਲਕਾ ਹੋਣ ਕਰਕੇ ਮਨੀਸ਼ਾ ਦੇ ਸਮੇਂ ਅਤੇ ਮਿਹਨਤ ਦੀ ਕੁਝ ਬਚਤ ਹੋ ਜਾਂਦੀ ਹੈ।
ਉਨ੍ਹਾਂ ਦੀ ਧੀ ਪੰਘੂੜਾ ਗੱਡੀ ਵਿੱਚ ਸੌਂ ਰਹੀ ਹੈ, ਜਿਹਦੇ ਸਟੀਲ ਦੇ ਹੈਂਡਲ ਨੀਲੇ ਰੰਗ ਦੀ ਲੱਕੜ ਦੀਆਂ ਖਿੜਕੀਆਂ ਵਿੱਚੋਂ ਪੁਣ ਕੇ ਆਉਣ ਵਾਲੀਆਂ ਸਵੇਰ ਦੀਆਂ ਕਿਰਨਾਂ ਨਾਲ਼ ਸੋਨੇ ਵਾਂਗ ਲਿਸ਼ਕ ਰਹੇ ਹਨ। "ਆਸ਼ਾ (ਵਰਕਰ) ਨੇ ਕਿਹਾ ਕਿ ਸਾਨੂੰ ਇਹਨੂੰ ਸਵੇਰ ਦੀ ਧੁੱਪ ਦੇਣੀ ਚਾਹੀਦੀ ਹੈ ਤਾਂਕਿ ਇਹਨੂੰ ਕੁਝ ਵਿਟਾਮਿਨ ਮਿਲ਼ਣ। ਕਿਹੜਾ ਵਿਟਾਮਿਨ ਮਿਲੇਗਾ, ਉਹ ਮੈਨੂੰ ਨਹੀਂ ਪਤਾ। ਤਿੰਨ ਦਿਨ ਪਹਿਲਾਂ ਜਦੋਂ ਆਸ਼ਾ ਦੀਦੀ ਇਹਨੂੰ ਦੇਖਣ ਆਈ ਸਨ ਤਦ ਇਹਦਾ ਭਾਰ ਥੋੜ੍ਹਾ ਸੀ। ਉਹ ਇੱਕ-ਦੋ ਹਫ਼ਤੇ ਬਾਅਦ ਦੋਬਾਰਾ ਆਉਣ ਵਾਲੀ ਹਨ," ਮਨੀਸ਼ਾ ਨੇ ਮੈਨੂੰ ਦੱਸਿਆ। ਆਸ਼ਾ ਵਰਕਰ, 41 ਸਾਲਾ ਮਮਤਾ ਰਾਵਤ ਦਾ ਕਹਿਣਾ ਹੈ ਕਿ ਬੱਚੀ ਦਾ ਭਾਰ ਇੱਕ ਮਹੀਨੇ ਵਿੱਚ 3 ਕਿਲੋ ਸੀ, ਜਦੋਂਕਿ ਇਹ 4.2 ਕਿਲੋ ਹੋਣਾ ਚਾਹੀਦਾ ਹੈ।
ਮਨੀਸ਼ਾ ਨੇ ਸੰਸਥਾਗਤ ਪ੍ਰਸਵ ਦਾ ਵਿਕਲਪ ਕਿਉਂ ਨਹੀਂ ਚੁਣਿਆ? "ਮੈਂ ਹਸਪਤਾਲ ਵਿੱਚ ਹੀ ਪ੍ਰਸਵ ਕਰਵਾਉਣਾ ਚਾਹੁੰਦੀ ਸਾਂ," ਉਹ ਜਵਾਬ ਦਿੰਦੀ ਹਨ। "ਉੱਥੇ ਕੁਝ ਸੁਵਿਧਾਵਾਂ ਤਾਂ ਹੁੰਦੀਆਂ। ਪਰ ਮੇਰੇ ਪਰਿਵਾਰ ਨੇ ਜੋ ਵੀ ਫੈਸਲਾ ਕੀਤਾ, ਉਹ ਠੀਕ ਹੈ।"
ਮਨੀਸ਼ਾ ਦੇ ਸਹੁਰਾ ਸਾਹਬ, ਪਾਨ ਸਿੰਘ ਰਾਵਤ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਇ, ਦਾਈ ਨੂੰ ਘਰੇ ਸੱਦਣ ਦਾ ਫੈਸਲਾ ਕੀਤਾ। "ਉਨ੍ਹਾਂ ਨੇ ਕਿਹਾ ਕਿ ਕਾਫੀ ਸਾਰਾ ਪੈਸਾ (15,000 ਰੁਪਏ) ਮੇਰੇ ਪਹਿਲੇ ਪ੍ਰਸਵ 'ਤੇ ਖਰਚ ਹੋ ਗਏ ਸਨ, ਜਦੋਂ ਮੇਰਾ ਪੁੱਤ ਪੈਦਾ ਹੋਇਆ ਸੀ," ਉਹ ਕਹਿੰਦੀ ਹਨ। ਉਨ੍ਹਾਂ ਦਾ ਪੁੱਤਰ, ਰੋਹਨ, ਜੋ ਹੁਣ ਦੋ ਸਾਲ ਦਾ ਹੈ, ਪਾਲੀ ਨਾਦੋਲੀ ਪਿੰਡ ਤੋਂ ਕਰੀਬ 12 ਕਿਲੋਮੀਟਰ ਦੂਰ, ਰਾਣੀਖੇਤ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੈਦਾ ਹੋਇਆ ਸੀ (ਅਤੇ ਉਹਦੇ ਵਾਸਤੇ ਉਨ੍ਹਾਂ ਨੂੰ ਗੱਡੀ ਚੱਲਣਯੋਗ ਸੜਕ ਤੱਕ ਡੋਲੀ ਵਿੱਚ ਲਿਜਾਇਆ ਗਿਆ ਸੀ)। "ਅਤੇ ਕਰੋਨਾ (ਅਗਸਤ 2020 ਵਿੱਚ ਜਦੋਂ ਬੱਚੀ ਦਾ ਜਨਮ ਹੋਇਆ ਸੀ, ਤਦ ਮਹਾਂਮਾਰੀ ਆਪਣੇ ਸਿਖਰ 'ਤੇ ਸੀ) ਦਾ ਡਰ ਵੀ ਹਸਪਤਾਲ ਜਾਣ ਦੇ ਤੀਮ-ਝਾਮ (ਝੰਝਟ) ਤੋਂ ਬਚਣ ਦਾ ਕਾਰਨ ਸੀ," ਮਨੀਸ਼ਾ ਕਹਿੰਦੀ ਹਨ।
ਮਨੀਸ਼ਾ ਨੌ ਮੈਂਬਰੀ ਸਾਂਝੇ ਟੱਬਰ ਦੇ ਨਾਲ਼ ਰਹਿੰਦੀ ਹਨ, ਜਿਸ ਵਿੱਚ ਉਨ੍ਹਾਂ ਦੇ ਦੋ ਬੱਚੇ, ਉਨ੍ਹਾਂ ਦੇ ਪਤੀ, ਸੱਸ-ਸਹੁਰਾ ਅਤੇ ਨਾਲ਼ ਹੀ ਉਨ੍ਹਾਂ ਦਾ ਦਿਓਰ-ਦਰਾਣੀ ਅਤੇ ਬੱਚਾ ਸ਼ਾਮਲ ਹੈ। ਉਨ੍ਹਾਂ ਦਾ ਵਿਆਹ 18 ਸਾਲ ਦੀ ਉਮਰੇ, ਨੌਵੀਂ ਜਮਾਤ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਹੋਇਆ ਸੀ। ਉਨ੍ਹਾਂ ਦੇ ਪਤੀ ਧੀਰਜ ਸਿੰਘ ਰਾਵਤ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਇੱਕ ਲੋਕਲ ਟ੍ਰੈਵਲ ਏਜੰਸੀ ਵਿੱਚ ਬਤੌਰ ਡਰਾਈਵਰ ਕੰਮ ਕਰਦੇ ਹਨ। "ਉਹ ਸੈਲਾਨੀਆਂ ਨੂੰ ਅਲਮੋੜਾ ਤੋਂ ਨੈਨੀਤਾਲ, ਭੀਮਤਾਲ, ਰਾਣੀਖੇਤ ਅਤੇ ਨੇੜਲੀਆਂ ਹੋਰ ਥਾਵਾਂ 'ਤੇ ਲਿਜਾਂਦੇ ਹਨ। ਆਮ ਤੌਰ 'ਤੇ ਹਰ ਮਹੀਨੇ ਕਰੀਬ 20,000 ਰੁਪਏ ਕਮਾਉਂਦੇ ਹਨ। ਤਾਲਾਬੰਦੀ ਦੌਰਾਨ ਜਦੋਂ ਕੋਈ ਕੰਮ ਨਹੀਂ ਸੀ, ਪਰਿਵਾਰ ਨੇ ਮਨੀਸ਼ਾ ਦੇ ਸਹੁਰਾ, ਪਾਨ ਸਿੰਘ ਦੀ ਬੱਚਤ ਦੇ ਪੈਸੇ ਨਾਲ਼ ਗੁਜਾਰਾ ਕੀਤਾ।"
"ਅਸੀਂ ਇਸ ਮਹਾਂਮਾਰੀ ਦੌਰਾਨ ਆਪਣੇ ਪਿੰਡੋਂ ਅਲਮੋੜਾ (ਜਿਲ੍ਹਾ ਹੈਡਕੁਆਰਟਰਸ, ਕਰੀਬ 80 ਕਿਲੋਮੀਟਰ ਦੂਰ) ਤੱਕ ਦਾ ਪੈਂਡਾ ਤੈਅ ਕਰਕੇ ਆਪਣਾ ਜੀਵਨ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਸਾਂ। ਇਸਲਈ ਅਸੀਂ ਪ੍ਰਸਵ ਇੱਥੇ ਆਪਣੇ ਘਰੇ ਕਰਵਾਇਆ," 67 ਸਾਲਾ ਪਾਨ ਸਿੰਘ ਦੱਸਦੇ ਹਨ, ਜੋ ਕੁਝ ਸਾਲ ਪਹਿਲਾਂ ਰਾਣੀਖੇਤ ਵਿੱਚ ਮਜ਼ਦੂਰੀ ਵਾਲੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਏ ਸਨ। "ਇਸ ਤੋਂ ਇਲਾਵਾ, ਹਸਪਤਾਲ ਜਾਣ ਲਈ, ਸਾਨੂੰ ਨੇੜਲੇ ਬਜਾਰ ਤੋਂ ਇੱਕ ਗੱਡੀ ਕਿਰਾਏ 'ਤੇ ਲੈਣੀ ਪੈਂਦੀ ਹੈ, ਜੋ ਇੱਥੋਂ ਦੋ ਕਿਲੋਮੀਟਰ ਅੱਗੇ ਮਿਲ਼ਦੀ ਹੈ ਅਤੇ ਫਿਰ ਉੱਥੋਂ ਅੱਗੇ 80 ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਹੈ।"
ਕੀ ਉਹ ਘਰੇ ਹੋਏ ਜਨਮ ਦੇ ਨਾਲ਼ ਮਾਂ ਅਤੇ ਬੱਚੇ ਦੀ ਸੁਰੱਖਿਆ ਬਾਰੇ ਚਿੰਤਤ ਸਨ? "ਇਨ੍ਹਾਂ ਦੀ ਮਾਂ (ਉਨ੍ਹਾਂ ਦੀ ਪਤਨੀ) ਅਤੇ ਮੈਂ ਹੁਣ ਬੁੱਢੇ ਹੋ ਚੁੱਕੇ ਹਾਂ," ਉਹ ਜਵਾਬ ਦਿੰਦੇ ਹਨ। "ਉਸ ਸਮੇਂ, ਕਰੋਨਾ ਬਹੁਤ ਫੈਲ ਗਿਆ ਸੀ, ਅਤੇ ਹਸਪਤਾਲ ਜਾਣਾ ਸਾਡੇ ਲਈ ਖਤਰਾ ਹੋ ਸਕਦਾ ਸੀ। ਅਤੇ ਇਹ ਦਾਈ ਜੋ ਸਾਡੇ ਘਰ ਆਈ ਸੀ, ਉਹਨੂੰ ਅਸੀਂ ਜਾਣਦੇ ਹਾਂ, ਇਸਲਈ (ਕੋਵਿਡ ਸੰਕਰਮਣ) ਦਾ ਖ਼ਤਰਾ ਘੱਟ ਸੀ। ਉਹਨੇ ਸਾਡੇ ਪਿੰਡ ਵਿੱਚ ਹੋਰ ਕਈ ਥਾਵੀਂ ਪ੍ਰਸਵ ਕਰਵਾਏ ਹਨ," ਉਹ ਦੱਸਦੇ ਹਨ।
ਐੱਨਐੱਫਐੱਚਐੱਸ-3 (2015-16) ਅਨੁਸਾਰ, ਸਰਵੇਖਣ ਤੋਂ ਪਹਿਲੇ ਪੰਜ ਵਰ੍ਹਿਆਂ ਵਿੱਚ, ਉਤਰਾਖੰਡ ਦੇ ਕੁੱਲ ਜਣੇਪਿਆਂ ਵਿੱਚੋਂ 71 ਫੀਸਦ ਕੁਸ਼ਲ ਸਿਹਤ ਸੇਵਾ ਪ੍ਰਦਾਤਾ ਦੀ ਸਹਾਇਤਾ ਨਾਲ਼ ਹੋਏ-ਜਿਸ ਵਿੱਚ ਡਾਕਟਰ, ਨਰਸ, ਸਹਾਇਕ ਨਰਸ, 'ਮਹਿਲਾ ਸਿਹਤ ਮੁਲਾਕਾਤੀ' ਸ਼ਾਮਲ ਹਨ। ਅਤੇ ਸਿਰਫ਼ 4.6 ਫੀਸਦ ਬੱਚਿਆਂ ਦਾ ਜਨਮ ਉਨ੍ਹਾਂ ਦੇ ਘਰੇ ਕੁਸ਼ਲ ਸਿਹਤ ਸੇਵਾ ਪ੍ਰਦਾਤਾ ਦੀ ਸਹਾਇਤਾ ਨਾਲ਼ ਕਰਵਾਇਆ ਗਿਆ। ਘਰ ਵਿਚਲੇ ਬਹੁਤੇਰੇ ਪ੍ਰਸਵ-23 ਫੀਸਦੀ- ਦਾਈ ਦੀ ਮਦਦ ਨਾਲ਼ ਹੋਏ।
ਮਮਤਾ ਰਾਵਤ, ਜੋ ਤਾਰੀਖੇਤ ਬਲਾਕ ਦੇ ਪਾਲੀ ਨਾਦੋਲੀ, ਡੋਬਾ ਅਤੇ ਸਿੰਗੋਲੀ (ਤਿੰਨੋਂ ਪਿੰਡਾਂ ਦੀ ਅਬਾਦੀ 1273 ਹੈ) ਦੀ ਸੇਵਾ ਕਰਨ ਵਾਲੀ ਇਕਲੌਤੀ ਆਸ਼ਾ ਵਰਕਰ ਹਨ, ਫੋਨ ਦੇ ਜ਼ਰੀਏ ਮਨੀਸ਼ਾ ਦੇ ਪਰਿਵਾਰ ਨਾਲ਼ ਸੰਪਰਕ ਵਿੱਚ ਸਨ, ਤਾਂਕਿ ਉਹ ਪੂਰਵ-ਪ੍ਰਸਵ ਅਤੇ ਪ੍ਰਸਵ ਤੋਂ ਬਾਅਦ ਦੇਖਭਾਲ ਲਈ ਰਹਿਨੁਮਾਈ ਅਤੇ ਸਲਾਹ ਦੇ ਸਕਣ। "ਮੈਂ ਮਨੀਸ਼ਾ ਨੂੰ ਉਹਦੀ ਗਰਭ-ਅਵਸਥਾ ਦੀ ਪਹਿਲੀ ਤਿਮਾਹੀ ਵਿੱਚ ਹਸਪਤਾਲ ਲੈ ਗਈ ਸਾਂ," ਮਮਤਾ ਮੈਨੂੰ ਪਾਲੀ ਨਾਦੋਲੀ ਦੇ ਸਭ ਤੋਂ ਨੇੜੇ ਸਥਿਤ, ਤਾਰੀਖੇਤ ਦੇ ਪੀਐੱਚਸੀ ਬਾਰੇ ਦੱਸਦੀ ਹਨ, ਜਿੱਥੇ ਦੋਵੇਂ ਔਰਤਾਂ ਮਮਤਾ ਦੀ ਸਕੂਟਰੀ ਰਾਹੀਂ ਗਈਆਂ ਸਨ।
"ਮੈਂ ਉਹਦੇ ਪ੍ਰਸਵ ਦੀ ਤਰੀਕ ਤੋਂ 10 ਦਿਨ ਪਹਿਲਾਂ (ਮੁਸ਼ਕਲ ਨਾਲ਼), ਅਗਸਤ ਦੇ ਪਹਿਲੇ ਹਫ਼ਤੇ ਉਹਦੇ ਨਾਲ਼ ਗੱਲ ਕੀਤੀ ਸੀ, ਅਤੇ ਵਾਜਬ ਦੇਖਭਾਲ ਅਤੇ ਸਾਵਧਾਨੀਆਂ ਦੇ ਨਾਲ਼ ਉਹਨੂੰ ਹਸਪਤਾਲ ਜਾਣ ਲਈ ਕਿਹਾ ਸੀ (ਪੀਐੱਚਸੀ ਵਿੱਚ ਪ੍ਰਸਵ-ਵਾਰਡ ਹੈ)। ਜਦੋਂ ਤਰੀਕ ਲੰਘ ਗਈ ਅਤੇ ਮੈਨੂੰ ਉਸ ਵੱਲੋਂ ਜਾਂ ਉਹਦੇ ਪਰਿਵਾਰ ਵੱਲੋਂ ਕੋਈ ਸੂਚਨਾ ਨਾ ਮਿਲੀ ਤਾਂ ਮੈਂ ਪਤਾ ਲਗਾਉਣ ਲਈ ਫੋਨ ਕੀਤਾ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮਨੀਸ਼ਾ ਨੇ ਘਰੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਸੀ, ਅਤੇ ਸੰਸਥਾਗਤ ਪ੍ਰਸਵ ਲਈ ਦਿੱਤਾ ਮੇਰਾ ਸੁਝਾਅ ਬੇਕਾਰ ਚਲਾ ਗਿਆ," ਮਮਤਾ ਕਹਿੰਦੀ ਹਨ, ਜਿਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਨ੍ਹਾਂ ਦੀ ਸਲਾਹ ਨਹੀਂ ਮੰਨੀ ਗਈ।
ਇਸੇ ਦਰਮਿਆਨ, ਸਤੰਬਰ ਦੀ ਉਸ ਸਵੇਰ, ਮਨੀਸ਼ਾ ਦੇ ਘਰੇ ਸੂਰਜ ਦੀ ਰੌਸ਼ਨੀ ਤੇਜ਼ ਹੋਣ ਲੱਗੀ ਹੈ। ਉਹ ਹਾਲੇ ਵੀ ਸੌਂ ਰਹੇ ਆਪਣੇ ਬੇਟੇ, ਰੋਹਨ ਨੂੰ ਉਹਦੇ ਬਿਸਤਰੇ ਤੋਂ ਉਠਾ ਕੇ ਬਾਹਰ ਲਿਆਉਂਦੀ ਹਨ ਅਤੇ ਕਹਿੰਦੀ ਹਨ,"ਉੱਠ! ਦੇਖ, ਤੇਰੀ ਭੈਣ ਪਹਿਲਾਂ ਤੋਂ ਜਾਗ ਰਹੀ ਹੈ।"
ਅਤੇ ਫਿਰ ਅਸੀਂ ਬੱਚੇ ਦੇ ਜਨਮ ਦੇ ਵਿਸ਼ੇ ਤੋਂ ਹਟ ਕੇ ਕੁਝ ਹੋਰ ਗੱਲਾਂ ਕਰਨ ਲੱਗਦੇ ਹਾਂ ਅਤੇ ਉਹ ਬੜੇ ਫ਼ਖਰ ਨਾਲ਼ ਆਪਣੇ ਪਤੀ ਧੀਰਜ ਦੇ ਕ੍ਰਿਕੇਟ ਦੇ ਪ੍ਰਤੀ ਜਨੂੰਨ ਬਾਰੇ ਚਰਚਾ ਕਰਦੀ ਹਨ। "ਸਾਡੇ ਵਿਆਹ ਦੇ ਸ਼ੁਰੂਆਤੀ ਦਿਨੀਂ ਉਹ ਹਰ ਦਿਨ ਅਭਿਆਸ ਕਰਦੇ ਸਨ, ਪਰ ਹੌਲੀ-ਹੌਲੀ, ਹੋਰ ਜਿੰਮੇਦਾਰੀਆਂ ਵੱਧਣ ਲੱਗੀਆਂ। ਤੁਸੀਂ ਕੰਧ ਦੇ ਨਾਲ਼-ਨਾਲ਼ ਲੱਗੀਆਂ ਉਨ੍ਹਾਂ ਦੀਆਂ ਸ਼ੀਲਡਾਂ ਅਤੇ ਪੁਰਸਕਾਰ ਦੇਖ ਰਹੀ ਹੋ? ਉਹ ਸਾਰੇ ਉਨ੍ਹਾਂ ਦੇ ਹੀ ਹਨ," ਉਹ ਨੀਲੀ ਕੰਧ 'ਤੇ ਪਈ ਸਲੈਬ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ, ਜੋ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪੁਰਸਕਾਰਾਂ ਨਾਲ਼ ਭਰੀ ਹੋਈ ਹੈ।
ਕਵਰ ਚਿਤਰਣ: ਲਬਣੀ ਜੰਗੀ ਮੂਲ਼ ਰੂਪ ਨਾਲ਼ ਰੂਪ ਨਾਲ਼ ਪੱਛਮੀ ਬੰਗਾਲ ਦੇ ਨਾਦਿਆ ਜਿਲ੍ਹੇ ਦੇ ਇੱਕ ਛੋਟੇ ਜਿਹੇ ਸ਼ਹਿਰ ਦੀ ਰਹਿਣ ਵਾਲੀ ਹਨ, ਅਤੇ ਵਰਤਮਾਨ ਵਿੱਚ ਕੋਲਕਾਤਾ ਦੇ ਸੈਂਟਰ ਫਾਰ ਸਟੱਡੀਜ਼ ਇਨ ਸ਼ੋਸਲ ਸਾਇੰਸੇਜ਼ ਤੋਂ ਬੰਗਾਲੀ ਮਜ਼ਦੂਰਾਂ ਦੇ ਪ੍ਰਵਾਸ ' ਤੇ ਪੀਐੱਚਡੀ ਕਰ ਰਹੀ ਹਨ। ਉਹ ਸਵੈ-ਸਿੱਖਿਅਤ ਇੱਕ ਚਿੱਤਰਕਾਰ ਹਨ ਅਤੇ ਯਾਤਰਾ ਕਰਨੀ ਪਸੰਦ ਕਰਦੀ ਹਨ।
ਪਾਰੀ ਅਤੇ ਕਾਊਂਟਰ-ਮੀਡਿਆ ਟ੍ਰਸਟ ਵੱਲੋਂ ਗ੍ਰਾਮੀਣ ਕਿਸ਼ੋਰੀਆਂ ਅਤੇ ਮੁਟਿਆਰਾਂ ' ਤੇ ਰਾਸ਼ਟਰ-ਵਿਆਪੀ ਰਿਪੋਰਟਿੰਗ ਦੀ ਪਰਿਯੋਜਨਾ ਪਾਪੁਲੇਸ਼ਨ ਫਾਉਂਡੇਸ਼ਨ ਆਫ਼ ਇੰਡੀਆ ਸਮਰਥਤ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੋਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਦੇ ਮਾਧਿਅਮ ਨਾਲ਼ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਪਏ ਸਮੂਹਾਂ ਦੀ ਹਾਲਤ ਦਾ ਪਤਾ ਲਗਾਇਆ ਜਾ ਸਕੇ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ ਕਰਕੇ zahra@ruralindiaonline.org ਨੂੰ ਲਿਖੋ ਅਤੇ ਉਹਦੀ ਇੱਕ ਕਾਪੀ namita@ruralindiaonline.org ਨੂੰ ਭੇਜ ਦਿਓ ।
ਜਗਿਆਸਾ ਮਿਸ਼ਰਾ ਨੇ ਠਾਕੁਰ ਫੈਮਿਲੀ ਫਾਉਂਡੇਸ਼ਨ ਵੱਲੋਂ ਸੁਤੰਤਰ ਪੱਤਰਕਾਰੀ ਗਰਾਂਟ ਰਾਹੀਂ ਜਨਤਕ ਸਿਹਤ ਅਤੇ ਨਾਗਰਿਕ ਆਜ਼ਾਦੀ ਬਾਰੇ ਜਾਣਕਾਰੀ ਦਿੱਤੀ। ਠਾਕੁਰ ਫੈਮਿਲੀ ਫਾਉਂਡੇਸ਼ਨ ਨੇ ਇਸ ਰਿਪੋਰਟਿੰਗ ਸਮੱਗਰੀ 'ਤੇ ਕੋਈ ਨਿਯੰਤਰਣ ਨਹੀਂ ਕੀਤਾ।
ਤਰਜਮਾ - ਕਮਲਜੀਤ ਕੌਰ