ਪਿਛਲੇ ਹਫ਼ਤੇ, ਢਲ਼ਦੇ ਸੂਰਜ ਨਾਲ਼ ਗਣਪਤੀ ਬਾਲ ਯਾਦਵ ਦੇ ਸਾਈਕਲ ਦਾ ਪਹੀਆ ਰੁੱਕ ਗਿਆ। ਅਜ਼ਾਦੀ ਘੁਲਾਟੀਏ ਅਤੇ ਭੂਮੀਕਤ ਇਨਕਲਾਬੀਆਂ ਦੇ ਇਸ ਦੂਤ ਨੇ ਆਪਣੇ ਜੀਵਨ ਦੀ ਇੱਕ ਸਦੀ ਪੂਰੀ ਕਰ ਲਈ ਅਤੇ ਹੁਣ ਆਪਣੇ ਜੀਵਨ ਦੇ 101 ਸਾਲ ਪੂਰੇ ਕਰਨ ਹੀ ਵਾਲ਼ੇ ਸਨ, ਜਦੋਂ ਇੱਕ ਮਾਮੂਲੀ ਜਿਹੀ ਬੀਮਾਰੀ ਤੋਂ ਬਾਅਦ, ਉਹ ਵਿਅਕਤੀ ਜੋ ਆਪਣੀ ਜ਼ਿੰਦਗੀ ਦੇ ਅਖੀਰਲੇ ਮਹੀਨਿਆਂ ਤੱਕ ਵੀ ਆਪਣੇ ਪ੍ਰਾਚੀਨ ਸਾਈਕਲ 'ਤੇ ਰੋਜ਼ਾਨਾ 5-20 ਕਿਲੋਮੀਟਰ ਦਾ ਪੈਂਡਾ ਤੈਅ ਕਰ ਲੈਂਦਾ ਸੀ, ਅੰਬਰੀਂ ਉਡਾਰੀਆਂ ਮਾਰ ਗਿਆ।

2018 ਵਿੱਚ ਜਦੋਂ ਅਸੀਂ ਉਨ੍ਹਾਂ ਨਾਲ਼ ਮਿਲੇ-ਉਦੋਂ ਉਹ 97 ਵਰ੍ਹਿਆਂ ਦੇ ਸਨ- ਅਤੇ ਸਾਡੀ ਭਾਲ਼ ਵਿੱਚ ਉਨ੍ਹਾਂ ਨੇ ਕਰੀਬ 30 ਕਿਲੋਮੀਟਰ ਸਾਈਕਲ ਚਲਾਇਆ ਸੀ। 'ਸਾਡੀ' ਪਾਰੀ (PARI) ਦੀ ਟੀਮ ਜਿਹਨੂੰ ਉਨ੍ਹਾਂ ਤੱਕ ਪਹੁੰਚ ਬਣਾਉਣ ਵਿੱਚ ਦੇਰੀ ਹੋ ਗਈ, ਪਰ ਅਸੀਂ ਉਨ੍ਹਾਂ ਦੀਆਂ ਹੈਰਾਨ ਕਰ ਸੁੱਟਣ ਵਾਲੀ ਕਹਾਣੀ ਸੁਣਨ ਲਈ ਬੇਕਰਾਰ ਸਾਂ। ਉਹ ਅੱਧ-ਮਈ ਦਾ ਸਮਾਂ ਸੀ, ਜਦੋਂ ਉਹ ਘੰਟਿਆਂ ਬੱਧੀ ਸੜਕ 'ਤੇ ਰਹਿੰਦੇ ਰਹੇ ਅਤੇ ਉਨ੍ਹਾਂ ਦਾ ਸਾਈਕਲ ਜੋ ਅਜਾਇਬਘਰ ਦਾ ਇੱਕ ਨਮੂਨਾ ਸੀ, ਪਰ ਉਨ੍ਹਾਂ ਵਾਸਤੇ ਇਨ੍ਹਾਂ ਗੱਲਾਂ ਦੇ ਕੋਈ ਮਾਇਨੇ ਨਹੀਂ ਸਨ। ਉਹ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀ ਕਹਾਣੀ ਸਦਾ ਰਹੇਗੀ: ਗਣਪਤੀ ਯਾਦਵ ਦਾ ਰੋਮਾਂਚਕ ਜੀਵਨ ਚੱਕਰ

ਗਣਪਤੀ ਬਾਲ ਯਾਦਵ, ਜਿਨ੍ਹਾਂ ਦਾ ਜਨਮ 1920 ਵਿੱਚ ਹੋਇਆ, ਤੂਫਾਨ ਸੈਨਾ (ਵਰਲਵਿੰਡ ਆਰਮੀ) ਨਾਲ਼ ਜੁੜੇ ਅਜ਼ਾਦੀ ਦੇ ਘੁਲਾਟੀਏ ਸਨ, ਸਤਾਰਾ ਦੀ ਤਤਕਾਲਕ, ਭੂਮੀਗਤ ਸਰਕਾਰ, ਪ੍ਰਤਿ ਸਰਕਾਰ, ਨੇ ਹਥਿਆਰ ਚੁੱਕਦਿਆਂ 1943 ਵਿੱਚ ਬ੍ਰਿਟਿਸ਼ ਸ਼ਾਸਨ ਪਾਸੋਂ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਉਹ ਬ੍ਰਿਟਿਸ਼ ਰਾਜ ਖਿਲਾਫ਼ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਨ। 'ਗਣਪਾ ਦਾਦਾ' ਉਸ ਇਨਕਲਾਬੀ ਦਲ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਜੀ.ਡੀ. ਬਾਪੂ ਲਾਦ ਅਤੇ 'ਕਪਟੈਨ ਭਾਊ' ਦੀ ਅਗਵਾਈ ਵਿੱਚ ਜੂਨ 1943 ਵਿੱਚ ਸਤਾਲਾ ਜਿਲ੍ਹੇ ਦੇ ਸ਼ੇਨੋਲੀ ਵਿੱਚ ਰੇਲ ਗੱਡੀ ਲੁੱਟਣ ਦੀ ਰੋਮਾਂਚਕ ਘਟਨਾ ਨੂੰ ਸਿਰੇ ਚਾੜ੍ਹਿਆ ਸੀ।

ਬਹੁਤਾ ਸਾਲਾਂ ਤੱਕ, ਜਿਵੇਂ ਕਿ ਉਨ੍ਹਾਂ ਨੇ ਸਾਨੂੰ ਦੱਸਿਆ: "ਮੈਂ ਆਪਣੇ ਆਗੂਆਂ (ਜੋ ਜੰਗਲ ਵਿੱਚ ਲੁਕੇ ਸਨ) ਨੂੰ ਖਾਣਾ ਪਹੁੰਚਾਇਆ। ਮੈਂ ਰਾਤ ਵੇਲੇ ਉਨ੍ਹਾਂ ਨੂੰ ਮਿਲ਼ਣ ਜਾਇਆ ਕਰਦਾ ਸਾਂ। ਨੇਤਾ ਦੇ ਨਾਲ਼ 10-20 ਲੋਕ ਹੋਇਆ ਕਰਦੇ ਸਨ।" ਪਤਾ ਲੱਗਦਿਆਂ ਹੀ ਅੰਗਰੇਜ਼ ਉਨ੍ਹਾਂ ਨੂੰ-ਅਤੇ ਬਾਕੀ ਸਾਰੇ ਵੀਹਾਂ ਨੂੰ ਫਾਹੇ ਲਾ ਦਿੰਦੇ। ਯਾਦਵ ਆਪਣੀ ਸਾਈਕਲ 'ਤੇ ਸਵਾਰ ਹੋ ਕੇ ਉਨ੍ਹੀਂ ਦਿਨੀਂ ਭੂਮੀਗਤ ਸਾਥੀਆਂ ਵਾਸਤੇ 'ਖਾਣੇ ਦੀ ਹੋਮ ਡਿਲੀਵਰੀ' ਕਰਿਆ ਕਰਦੇ ਸਨ। ਉਨ੍ਹਾਂ ਨੇ ਇਨਕਲਾਬੀ ਸਮੂਹਾਂ ਕੋਲ਼ ਅਤਿ-ਲਾਜ਼ਮੀ ਸੁਨੇਹੇ ਪਹੁੰਚਾਉਣ ਦਾ ਕੰਮ ਵੀ ਕੀਤਾ।

The day we met him in 2018 – he was then 97 – he had cycled close to 30 kilometres in search of the PARI team
PHOTO • P. Sainath
The day we met him in 2018 – he was then 97 – he had cycled close to 30 kilometres in search of the PARI team
PHOTO • P. Sainath

2018 ਵਿੱਚ ਅਸੀਂ ਜਦੋਂ ਉਨ੍ਹਾਂ ਨੂੰ ਮਿਲੇ-ਉਦੋਂ ਉਹ 97 ਸਾਲਾ ਦੇ ਸਨ-ਪਾਰੀ ( PARI ) ਟੀਮ ਦੀ ਭਾਲ਼ ਵਿੱਚ ਉਨ੍ਹਾਂ ਨੇ ਕਰੀਬ 30 ਕਿਲੋਮੀਟਰ ਸਾਈਕਲ ਚਲਾਇਆ ਸੀ

ਮੈਂ ਉਨ੍ਹਾਂ ਦੀ ਸਾਈਕਲ ਨੂੰ ਕਦੇ ਵੀ ਨਹੀਂ ਭੁਲਾਂਗਾ। ਮੈਂ ਉਸ ਪੁਰਾਣੀ ਮਸ਼ੀਨ ਨੂੰ ਘੂਰਦਾ ਰਿਹਾ, ਇਸ ਤਰ੍ਹਾਂ ਦਾ ਸਾਈਕਲ ਆਂਡੇ ਵੇਚਣ ਵਾਲ਼ਿਆਂ, ਪਾਵ-ਵਾਲ਼ਿਆਂ, ਧੋਬੀਆਂ ਅਤੇ ਹੋਰ ਉਨ੍ਹਾਂ ਲੋਕਾਂ ਦੁਆਰਾ ਵਰਤੀਂਦਾ ਹੁੰਦਾ ਹੈ, ਜੋ ਪਿੰਡਾਂ ਵਿੱਚ ਘਰੋ-ਘਰੀ ਜਾ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਗੱਲਬਾਤ ਦੌਰਾਨ ਉਨ੍ਹਾਂ ਨੇ ਸਿਰਫ਼ ਇੱਕ ਵਾਰ ਤਿਓੜੀ ਚਾੜ੍ਹੀ। ਇਹ ਬਾਈਕ, ਉਨ੍ਹਾਂ ਨੇ ਦੱਸਿਆ, "ਸਿਰਫ਼" ਪੰਝੀ ਸਾਲ ਪੁਰਾਣੀ ਹੈ। ਉਨ੍ਹਾਂ ਦੀ ਪਹਿਲੀ ਸਾਈਕਲ ਜੋ ਕਿਸੇ ਨੇ ਚੋਰੀ ਕਰ ਲਈ ਸੀ, ਉਨ੍ਹਾਂ ਨੂੰ ਬੜੀ ਅਜੀਜ਼ ਸੀ ਅਤੇ ਕਰੀਬ 55 ਸਾਲ ਤੱਕ ਉਹਨੂੰ ਚਲਾਇਆ ਸੀ। ਮੈਨੂੰ ਅੰਦੇਸ਼ਾ ਹੈ ਕਿ ਸ਼ਾਇਦ ਮੇਰਾ ਸਾਈਕਲ ਪੁਰਾਤਨ ਵਸਤਾਂ ਦੇ ਕਿਸੇ ਵਪਾਰੀ ਨੇ ਚੋਰੀ ਕੀਤੀ ਹੋਣੀ ਹੈ।

ਗਣਪਤੀ ਯਾਦਵ ਨਾਲ਼ ਸਾਨੂੰ ਸਾਡੇ ਮਿੱਤਰ, ਪੱਤਰਕਾਰ ਸੰਪਤ ਮੋਰੇ ਨੇ ਮਿਲ਼ਾਇਆ ਸੀ, ਉਨ੍ਹਾਂ ਦੇ ਦਾਦਾ ਦੇ ਘਰ ਜੋ ਕਿ ਮਹਾਰਾਸ਼ਟਰ ਦੇ ਸਾਂਗਲੀ ਜਿਲ੍ਹੇ ਦੇ ਸ਼ਿਰਗਾਓਂ ਵਿੱਚ ਹੈ, ਅਸੀਂ ਉਨ੍ਹਾਂ ਨਾਲ਼ ਪਹਿਲੀ ਦਫਾ ਮਿਲੇ ਸਾਂ। ਫਿਰ ਅਸੀਂ 5 ਕਿਲੋਮੀਟਰ ਦੂਰ ਉਨ੍ਹਾਂ ਦੇ ਪਿੰਡ, ਰਾਮਪੁਰ ਗਏ ਜਿੱਥੇ ਕਈ ਘੰਟਿਆਂ ਤੱਕ ਸਾਡੀ ਉਨ੍ਹਾਂ ਨਾਲ਼ ਗੱਲਬਾਤ ਹੋਈ। ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ 97 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਸਾਈਕਲ ਚਲਾਉਣਾ ਸਾਡੇ ਲਈ ਇੰਨੀ ਹੈਰਾਨੀ ਦੀ ਗੱਲ ਕਿਉਂ ਹੈ, ਪਰ ਸਾਡੀ ਬੇਨਤੀ 'ਤੇ ਉਨ੍ਹਾਂ ਨੇ ਲਗਭਗ ਅੱਧੇ ਘੰਟੇ ਤੱਕ ਸਾਈਕਲ ਚਲਾਇਆ, ਜਦੋਂ ਪਾਰੀ ਫੈਲੋ ਸੰਕੇਤ ਜੈਨ ਅਤੇ ਸਾਡੀ ਵੀਡਿਓ ਐਡੀਟਰ ਸਿੰਚਿਤਾ ਮਾਜੀ ਨੇ ਉਨ੍ਹਾਂ ਦੀ ਰੋਜ਼ਮੱਰਾ ਦੀ ਗਤੀਵਿਧੀ ਰਿਕਾਰਡ ਕਰਨ ਦਾ ਪੂਰਾ ਹੀਲਾ ਕੀਤਾ। ਇਸ ਕੰਮ ਲਈ ਸੰਕੇਤ ਉਸ ਘੱਟੇ-ਲੱਧੀ ਸੜਕ 'ਤੇ ਸਿੱਧਿਆਂ ਲੰਮੇ ਪੈ ਗਏ, ਜਿਸ 'ਤੇ ਉਹ ਰੋਜ਼ ਸਾਈਕਲ ਚਲਾਉਂਦੇ ਸਨ। ਸਿੰਚਿਤਾ ਨੇ ਇੱਕ ਸਕੂਟਰ ਮਗਰ ਉਲਟੀ ਪੋਜੀਸ਼ਿਨ ਵਿੱਚ ਬੈਠ ਕੇ ਇਹ ਕੰਮ ਕੀਤਾ। ਜਿਹਦਾ ਮਤਲਬ ਸੀ ਕਿ ਸਕੂਟਰ ਉਨ੍ਹਾਂ (ਗਣਪਤੀ ਯਾਦਵ) ਨਾਲ਼ੋਂ ਅੱਗੇ-ਅੱਗੇ ਚੱਲੇ, ਤਾਂਕਿ ਉਹ ਗਣਪਾ ਦਾਦਾ ਨੂੰ ਉਸ ਸੜਕ 'ਤੇ ਸਾਈਕਲ ਚਲਾਉਂਦਿਆਂ ਫਿਲਮਾ ਸਕਣ, ਜਿਸ 'ਤੇ ਕਿ ਉਹ ਰੋਜ਼, ਸਗੋਂ ਸਦਾ ਸਾਈਕਲ ਚਲਾਇਆ ਕਰਦੇ ਸਨ।

ਪਾਰੀ ਨੇ ਭਰਤ ਪਾਟਿਲ ਅਤੇ ਨਮਿਤਾ ਵਾਈਕਰ ਨੇ ਉਸ ਇੰਟਰਵਿਊ ਦੌਰਾਨ ਬੇਹਤਰੀਨ ਅਨੁਵਾਦਕ ਦਾ ਕੰਮ ਕੀਤਾ, ਜਿਹਦਾ ਹਰੇਕ ਲਮਹਾ ਮੇਰੇ ਲਈ ਅਭੁੱਲ ਰਿਹਾ।

ਸੰਪਤ ਮੈਨੂੰ ਦੱਸਦੇ ਹਨ ਕਿ ਅਗਲੇ ਦੋ ਸਾਲਾਂ ਤੱਕ ਜਦੋਂ ਵੀ ਉਸ ਬਜ਼ੁਰਗ ਸੱਜਣ ਨਾਲ਼ ਉਨ੍ਹਾਂ ਦੀ ਮੁਲਾਕਾਤ ਹੋਈ ਤਾਂ ਉਹ ਇਹੀ ਕਹਿੰਦੇ ਕਿ ਮੈਂ ਅਤੇ ਪਾਰੀ ਦੀ ਟੀਮ ਨੇ  "ਮੈਨੂੰ ਪ੍ਰਸਿੱਧ ਕਰ ਦਿੱਤਾ। ਮੈਂ ਕੁਝ ਵੀ ਨਹੀਂ ਸਾਂ, ਬੱਸ ਅਜ਼ਾਦੀ ਦੇ ਘੋਲ਼ ਦਾ ਇੱਕ ਦੂਤ (ਹਰਕਾਰਾ) ਹੀ ਸਾਂ। ਪਰ ਉਨ੍ਹਾਂ ਨੇ ਮੇਰੀ ਭੂਮਿਕਾ ਨੂੰ ਅਹਿਮ ਮੰਨਿਆ ਅਤੇ ਮੈਨੂੰ ਇੰਨਾ ਮਾਣ-ਸਨਮਾਨ ਬਖ਼ਸ਼ਿਆ।" ਇਸ ਸਟੋਰੀ ਦੇ ਕਾਰਨ ਉਨ੍ਹਾਂ ਨੂੰ ਖੁਦ ਆਪਣੇ ਪਿੰਡ ਅਤੇ ਇਲਾਕੇ ਵਿੱਚ ਜੋ ਪਛਾਣ ਮਿਲੀ, ਉਹ ਗੱਲ ਉਨ੍ਹਾਂ ਦੇ ਦਿਲ ਨੂੰ ਛੂਹ ਗਈ-ਅਤੇ ਇਹ ਉਨ੍ਹਾਂ ਲਈ ਮਹੱਤਵਪੂਰਨ ਸੀ।

When it was time to part, Dada (Ganpati Bal Yadav) knew only from the body language that this man is now going. Dada was overcome with emotion
PHOTO • P. Sainath
When it was time to part, Dada (Ganpati Bal Yadav) knew only from the body language that this man is now going. Dada was overcome with emotion
PHOTO • Sanket Jain

ਵਿਦਾ ਹੋਣ ਦੇ ਸਮੇਂ, ਦਾਦਾ (ਗਣਪਤੀ ਬਾਲ ਯਾਦਵ) ਨੂੰ ਸਰੀਰਕ ਭਾਸ਼ਾ ਤੋਂ ਹੀ ਪਤਾ ਚੱਲ ਗਿਆ ਕਿ ਇਹ ਆਦਮੀ ਹੁਣ ਜਾ ਰਿਹਾ ਹੈ। ਦਾਦਾ ਭਾਵੁਕ ਹੋ ਗਏ ਸਨ

ਹਲੀਮੀ ਦਾ ਇਹ ਅਜਿਹਾ ਗੁਣ ਹੈ ਜੋ ਮੈਂ ਭਾਰਤ ਦੇ ਕਈ ਅੰਤਮ ਜੀਵਤ ਅਜ਼ਾਦੀ ਘੁਲਾਟੀਆਂ ਵਿੱਚ ਦੇਖਿਆ: ਇੱਕ ਅਜਿਹਾ ਪੱਧਰ ਜਿਸ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ, ਉਨ੍ਹਾਂ ਦਾ ਸਮਾਂ ਅਤੇ ਉਨ੍ਹਾਂ ਦੀ ਦੁਨੀਆ ਬੜੀ ਖਾਸ ਸੀ। ਫਿਰ ਵੀ, ਉੱਥੇ ਇੱਕ ਹੋਰ ਪੱਧਰ ਹੈ ਜਿੱਥੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ, ਆਪਣਾ ਕਰਤੱਵ ਨਿਭਾਇਆ- ਇਨਾਮ ਦੀ ਉਮੀਦ ਕੀਤੇ ਬਗੈਰ। ਗਣਪਾ ਦਾਦਾ ਵਰਗੇ ਕਈ ਹੋਰਨਾਂ ਨੇ ਵੀ 1972 ਵਿੱਚ ਭਾਰਤੀ ਰਾਜ ਦੁਆਰਾ ਪ੍ਰਦਾਨ (ਉਨ੍ਹਾਂ ਨੂੰ) ਕੀਤੀ ਗਈ ਪੈਨਸ਼ਨ ਕਦੇ ਪ੍ਰਵਾਨ ਨਹੀਂ ਕੀਤੀ।

ਮੈਂ ਹਕੀਕਤ ਵਿੱਚ ਚਾਹੁੰਦਾ ਹਾਂ ਕਿ ਸਾਡੇ ਸਾਰੇ ਪਾਠਕ ਅਤੇ ਹੋਰ ਲੋਕ (ਜੋ ਅਕਸਰ ਪਾਰੀ ਦੇ ਲੇਖਾਂ ਨੂੰ ਪੜ੍ਹਦੇ ਹਨ) ਸਾਡੇ ਇਸ ਵਿਸ਼ੇਸ਼ ਅੰਸ਼ ਭਾਰਤ ਦੇ ਆਖ਼ਰੀ ਜੀਵਤ ਅਜ਼ਾਦੀ ਘੁਲਾਟੀਏ ਨੂੰ ਦੇਖਣ। ਪੰਜਾਂ ਸਾਲਾਂ ਵਿੱਚ, ਇਨ੍ਹਾਂ ਵਿੱਚੋਂ ਕੋਈ ਵੀ ਜਿਊਂਦਾ ਨਹੀਂ ਬਚੇਗਾ। ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਕਦੇ ਵੀ ਉਨ੍ਹਾਂ ਨੂੰ ਦੇਖਣ, ਬੋਲਣ ਜਾਂ ਸੁਣਨ ਦਾ ਮੌਕਾ ਨਹੀਂ ਮਿਲ਼ਣਾ, ਜਿਨ੍ਹਾਂ ਨੇ ਭਾਰਤ ਨੂੰ ਬ੍ਰਿਟਿਸ਼ਾਂ ਦੇ ਜੂਲੇ 'ਚੋਂ ਕੱਢ ਕੇ ਇਸ ਰਾਸ਼ਟਰ ਨੂੰ ਅਜ਼ਾਦੀ ਦਵਾਈ।

ਹੁਣ, ਉਹ (ਗਣਪਾ ਦਾਦਾ) ਜਾ ਚੁੱਕੇ ਹਨ, ਭਾਰਤ ਦੀ ਤੇਜੀ ਨਾਲ਼ ਅਲੋਪ ਹੋ ਰਹੀ ਸੁਨਹਿਰੀ ਪੀੜ੍ਹੀ ਵਿੱਚੋਂ ਇੱਕ ਹੋਰ ਦੀ ਵਿਦਾਈ। ਅਸੀਂ ਪਾਰੀ (PARI) ਦੀ ਟੀਮ- ਜੋ ਹਕੀਕਤ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ ਕਿ ਉਨ੍ਹਾਂ ਨੇ ਆਪਣੀ ਕਹਾਣੀ ਸੁਣਾਉਣ ਲਈ ਸਾਨੂੰ ਚੁਣਿਆ- ਉਨ੍ਹਾਂ ਦੀ ਮੌਤ 'ਤੇ ਸ਼ੋਕ ਪ੍ਰਗਟ ਕਰਦੇ ਹਾਂ ਪਰ ਉਨ੍ਹਾਂ ਦੇ ਜੀਵਨ ਦਾ ਜਸ਼ਨ ਮਨਾਉਂਦੇ ਹਾਂ। ਇੱਕ ਕਿਸਾਨ ਜਿਹਨੇ ਆਪਣੇ 100ਵੇਂ ਵਰ੍ਹੇ ਵਿੱਚ ਵੀ ਖੇਤੀ ਕਰਨੀ ਜਾਰੀ ਰੱਖੀ। ਇਕ ਇਨਸਾਨ, ਜਿਹਨੇ, ਜਦੋਂ ਮੈਂ ਵਿਦਾ ਹੋ ਰਿਹਾ ਸਾਂ, ਕਿਹਾ ਕਿ ਉਹ ਆਪਣੇ ਹੱਥੀਂ, ਆਪਣੇ ਇੱਕ ਕਮਰੇ ਦੇ ਘਰ ਦੇ ਖੁੱਲ੍ਹੇ ਵਿਹੜੇ ਵਿੱਚ, ਮੈਨੂੰ ਕੁਝ ਦੇਣਾ ਚਾਹੁੰਦੇ ਹਨ। ਉਹ ਸੀ ਇੱਕ ਕੱਪ ਤਾਜ਼ਾ ਦੁੱਧ। ਦਰਅਸਲ ਉਸ ਸਮੇਂ, ਅਸੀਂ ਦੋਵੇਂ ਬੜੇ ਭਾਵੁਕ ਹੋ ਗਏ।

ਕਿਸੇ ਹੋਰ ਨੇ ਉਸ ਲਮਹੇ ਨੂੰ ਸੰਪਤ ਮੋਰੇ ਨਾਲ਼ੋਂ ਬੇਹਤਰ ਢੰਗ ਵਿੱਚ ਚਿਤਰਤ ਨਹੀਂ ਕੀਤਾ, ਜਿਨ੍ਹਾਂ ਨੇ ਬਾਅਦ ਵਿੱਚ ਲਿਖਿਆ: "ਸਾਈਨਾਥ ਸਰ ਅੰਗਰੇਜੀ ਵਿੱਚ ਬੋਲ ਰਹੇ ਸਨ, ਜਦੋਂਕਿ ਗਣਪਾ ਦਾਦਾ ਮਰਾਠੀ ਵਿੱਚ। ਪਰ ਜਦੋਂ ਵਿਦਾ ਲੈਣ ਦਾ ਸਮਾਂ ਆਇਆ ਤਾਂ ਦਾਦਾ, ਜੋ ਅੰਗਰੇਜੀ ਨਹੀਂ ਸਮਝ ਸਕਦੇ ਸਨ, ਨੂੰ ਸਿਰਫ਼ ਸਰੀਰਕ ਭਾਸ਼ਾ ਨਾਲ਼ ਹੀ ਇਹ ਪਤਾ ਚੱਲ ਗਿਆ ਕਿ ਇਹ ਆਦਮੀ ਜਾ ਰਿਹਾ ਹੈ। ਦਾਦਾ ਭਾਵੁਕ ਹੋ ਗਏ। ਉਹ ਖੜ੍ਹੇ ਹੋਏ ਅਤੇ ਆਪਣੇ ਹੱਥਾਂ ਵਿੱਚ ਸਰ ਦਾ ਹੱਥ ਕੱਸ ਕੇ ਫੜ੍ਹ ਲਿਆ। ਦਾਦਾ ਦੀਆਂ ਅੱਖਾਂ ਭਰ ਆਈਆਂ ਸਨ। ਸਰ ਨੇ ਵੀ ਦੇਰ ਤੱਕ ਦਾਦਾ ਦਾ ਹੱਥ ਫੜ੍ਹੀ ਰੱਖਿਆ, ਅਤੇ ਅਸੀਂ ਦੇਖ ਸਕਦੇ ਸਾਂ ਕਿ ਦੋਵਾਂ ਨੇ ਕਿਸੇ ਭਾਸ਼ਾ ਦੀ ਲੋੜ ਤੋਂ ਬਗੈਰ ਹੀ ਇੱਕ-ਦੂਸਰੇ ਨਾਲ਼ ਗੱਲ ਕੀਤੀ... ਮੋਹ ਲੈਣ ਵਾਲ਼ੀਆਂ ਅੱਖਾਂ ਨਾਲ਼।"

ਤਰਜਮਾ: ਕਮਲਜੀਤ ਕੌਰ

P. Sainath
psainath@gmail.com

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur