ਪਿਛਲੇ ਤਿੰਨ ਸਾਲਾਂ ਵਿੱਚ ਤੁਸੀਂ ਕਿੰਨੇ ਹਸਪਤਾਲਾਂ ਵਿੱਚ ਸੰਪਰਕ ਕੀਤਾ?
ਮੇਰਾ ਸਵਾਲ ਸੁਣਦਿਆਂ ਹੀ ਸੁਸ਼ੀਲਾ ਦੇਵੀ (ਦੋਵਾਂ ਦੇ ਨਾਮ ਬਦਲ ਦਿੱਤੇ ਗਏ ਹਨ) ਅਤੇ ਉਨ੍ਹਾਂ ਦੇ ਪਤੀ, ਮਨੋਜ ਕੁਮਾਰ ਦੇ ਚਿਹਰੇ 'ਤੇ ਉਦਾਸੀ ਅਤੇ ਥਕਾਵਟ ਦੀਆਂ ਲੀਕਾਂ ਫਿਰ ਗਈਆਂ। ਇਨ੍ਹਾਂ ਦੋਵਾਂ ਨੂੰ ਹਸਪਤਾਲਾਂ ਦੀ ਗਿਣਤੀ ਹੀ ਚੇਤੇ ਨਹੀਂ ਕਿ ਜੂਨ 2017 ਵਿੱਚ ਬਾਂਦੀਕੁਈ ਸ਼ਹਿਰ ਦੇ ਮਧੁਰ ਹਸਪਤਾਲ ਵਿੱਚ ਜਦੋਂ ਪਹਿਲੀ ਵਾਰ ਸੁਸ਼ੀਲਾ ਦੀ ਨਸਬੰਦੀ ਹੋਈ ਸੀ ਤਾਂ ਉਹਦੇ ਬਾਅਦ ਉਨ੍ਹਾਂ ਨੂੰ ਕਿੰਨੇ ਕੁ ਹਸਪਤਾਲਾਂ ਦੇ ਗੇੜੇ ਲਾਉਣੇ ਪਏ ਸਨ, ਕਿੰਨੀਆਂ ਕੁ ਜਾਂਚਾਂ ਦੇ ਗੇੜ 'ਚੋਂ ਲੰਘਣਾ ਪਿਆ ਅਤੇ ਕਿਹੜਾ-ਕਿਹੜਾ ਇਲਾਜ ਚੱਲਿਆ।
ਵਿਆਹ ਦੇ 10 ਸਾਲ ਵਿੱਚ ਤਿੰਨ ਕੁੜੀਆਂ ਤੋਂ ਬਾਅਦ ਜਦੋਂ ਚੌਥਾ ਬੱਚਾ ਇੱਕ ਬੇਟਾ ਪੈਦਾ ਹੋਇਆ ਤਾਂ ਪਤੀ-ਪਤਨੀ ਨੇ 27 ਸਾਲਾ ਸੁਸ਼ੀਲਾ ਦੀ ਨਸਬੰਦੀ ਕਰਾਉਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦੇ ਜੀਵਨ ਦਾ ਬੇਹਤਰ ਪ੍ਰਬੰਧ ਕਰ ਸਕਣ। ਰਾਜਸਥਾਨ ਦੀ ਦੌਸਾ ਤਹਿਸੀਲ ਵਿੱਚ ਉਨ੍ਹਾਂ ਦੇ ਪਿੰਡ, ਢਾਣੀ ਜਮਾ ਤੋਂ 20 ਕਿਲੋਮੀਟਰ ਦੂਰ ਸਥਿਤ, ਬਾਂਦੀਕੁਈ ਦਾ ਨਿੱਜੀ ਹਸਪਤਾਲ ਉਨ੍ਹਾਂ ਦੀ ਪਹਿਲੀ ਪਸੰਦ ਸੀ, ਜਦੋਂਕਿ ਢਾਣੀ ਜਮਾ ਤੋਂ ਮਹਿਜ ਤਿੰਨ ਕਿਲੋਮੀਟਰ ਦੂਰ, ਕੁੰਡਲ ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਮੌਜੂਦ ਹੈ।
''ਸਿਹਤ ਕੇਂਦਰ (ਸਰਕਾਰੀ) ਵਿਖੇ ਨਸਬੰਦੀ ਕੈਂਪ ਜ਼ਿਆਦਾਤਰ ਸਰਦੀਆਂ ਦੇ ਮਹੀਨਿਆਂ ਵਿੱਚਲਾਏ ਜਾਂਦੇ ਹਨ। ਔਰਤਾਂ ਠੰਡ ਦੇ ਮਹੀਨਿਆਂ ਵਿੱਚ ਨਸਬੰਦੀ ਕਰਾਉਣਾ ਪਸੰਦ ਕਰਦੀਆਂ ਹਨ ਕਿਉਂਕਿ ਉਸ ਸਮੇਂ ਜ਼ਖ਼ਮ ਤੇਜ਼ੀ ਨਾਲ਼ ਰਾਜ਼ੀ ਹੋ ਜਾਂਦਾ ਹੈ। ਜੇ ਉਹ ਗਰਮੀਆਂ ਵਿੱਚ ਸਰਜਰੀ ਕਰਾਉਣੀ ਚਾਹੁੰਣ ਤਾਂ ਅਸੀਂ ਉਨ੍ਹਾਂ ਨੂੰ ਦੌਸਾ ਅਤੇ ਬਾਂਦੀਕੁਈ ਦੇ ਨਿੱਜੀ ਹਸਪਤਾਲਾਂ ਵਿੱਚ ਲੈ ਜਾਂਦੇ ਹਨ,'' 31 ਸਾਲਾ ਸੁਨੀਤਾ ਦੇਵੀ ਕਹਿੰਦੀ ਹਨ ਜੋ ਇੱਕ ਆਸ਼ਾ ਵਰਕਰ ਹਨ। ਉਹ ਇਨ੍ਹਾਂ ਪਤੀ-ਪਤਨੀ ਦੇ ਨਾਲ਼ 25 ਬਿਸਤਰਿਆਂ ਵਾਲ਼ੇ ਇੱਕ ਸਧਾਰਣ ਹਸਪਤਾਲ, ਮਧੁਰ ਹਸਪਤਾਲ ਗਈ ਸਨ। ਇਹ ਹਸਪਤਾਲ ਰਾਜ ਪਰਿਵਾਰ ਕਲਿਆਣ ਯੋਜਨਾ ਦੇ ਤਹਿਤ ਪੰਜੀਕ੍ਰਿਤ ਹੈ, ਇਸ਼ਲਈ ਨਸਬੰਦੀ ਲਈ ਸੁਸ਼ੀਲਾ ਪਾਸੋਂ ਕੋਈ ਪੈਸਾ ਨਹੀਂ ਲਿਆ ਗਿਆ ਸੀ। ਸਗੋਂ, ਉਨ੍ਹਾਂ ਨੂੰ 1,400 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਮਿਲ਼ੀ ਸੀ।
ਸਰਜਰੀ ਤੋਂ ਕੁਝ ਦਿਨਾਂ ਬਾਅਦ ਸੁਸ਼ੀਲਾ ਨੂੰ ਜੋ ਮਾਹਵਾਰੀ ਆਈ, ਉਸ ਨਾਲ਼ ਉਨ੍ਹਾਂ ਨੂੰ ਪੀੜ੍ਹ ਅਤੇ ਥਕਾਵਟ ਦਾ ਅਜਿਹਾ ਬੇਰੋਕ ਸਿਲਸਿਲਾ ਸ਼ੁਰੂ ਹੋਇਆ ਕਿ ਅਗਲੇ ਤਿੰਨ ਸਾਲਾਂ ਤੀਕਰ ਜਾਰੀ ਰਿਹਾ।
''ਜਦੋਂ ਪਹਿਲੀ ਵਾਰ ਪੀੜ੍ਹ ਸ਼ੁਰੂ ਹੋਈ, ਤਾਂ ਮੈਂ ਉਹਨੂੰ ਘਰੇ ਪਈਆਂ ਦਰਦ-ਨਿਵਾਰਕ ਗੋਲ਼ੀਆਂ ਦਿੱਤੀਆਂ। ਥੋੜ੍ਹੀ ਦੇਰ ਅਰਾਮ ਮਿਲ਼ਿਆ। ਪਰ ਹਰ ਮਹੀਨੇ ਮਾਹਵਾਰੀ ਆਉਣ 'ਤੇ ਉਹ ਪੀੜ੍ਹ ਨਾਲ਼ ਵਿਲ਼ਕਣ ਲੱਗਦੀ,'' 29 ਸਾਲਾ ਮਨੋਜ ਦੱਸਦੇ ਹਨ।
''ਪੀੜ੍ਹ ਵੱਧਦੀ ਹੀ ਰਹੀ ਅਤੇ ਵਿਤੋਂ-ਵੱਧ ਲਹੂ ਪੈਣ ਕਾਰਨ ਮੈਨੂੰ ਉਲਟੀ ਹੋਣ ਲੱਗੀ। ਮੈਂ ਸਦਾ ਕਮਜ਼ੋਰ ਰਹਿੰਦੀ,'' ਸੁਸ਼ੀਲਾ ਕਹਿੰਦੀ ਹਨ, ਜੋ ਇੱਕ ਗ੍ਰਹਿਣੀ ਅਤੇ 8ਵੀਂ ਜਮਾਤ ਤੱਕ ਪੜ੍ਹੀ ਹੋਈ ਹਨ।
ਤਿੰਨ ਮਹੀਨਿਆਂ ਤੱਕ ਜਦੋਂ ਇੰਝ ਹੀ ਚੱਲਦਾ ਰਿਹਾ ਤਾਂ ਅਖ਼ੀਰ ਪਤੀ-ਪਤਨੀ ਝਿਜਕਦੇ-ਝਿਜਕਦੇ ਕੁੰਡਲ ਦੇ ਪੀਐੱਚਸੀ ਗਏ।
'' ਵਹਾਂ ਜ਼ਿਆਦਾਤਰ ਸਟਾਫ਼ ਹੋਤਾ ਕਯਾਂ ਹੈ ? '' ਮਨੋਜ ਸਾਨੂੰ ਦੱਸਦੇ ਹਨ ਕਿ ਪੀਐੱਚਸੀ ਨੇ ਸੁਸ਼ੀਲਾ ਦੀ ਜਾਂਚ ਕੀਤਿਆਂ ਬ਼ਗੈਰ ਹੀ ਸਾਨੂੰ ਦਰਦ-ਨਿਵਾਰਕ ਗੋਲ਼ੀਆਂ ਫੜ੍ਹਾ ਦਿੱਤੀਆਂ।
ਉਦੋਂ ਤੱਕ, ਇਸ ਪੀੜ੍ਹ ਨੇ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਸੀ। ਨਸਬੰਦੀ ਦੇ ਪੰਜ ਮਹੀਨਿਆਂ ਬਾਅਦ, ਸੁਸ਼ੀਲਾ ਬਾਂਦੀਕੁਈ ਦੇ ਮਧੁਰ ਹਸਪਤਾਲ ਵਿੱਚ ਉਸ ਡਾਕਟਰ ਨੂੰ ਦੋਬਾਰਾ ਮਿਲ਼ਣ ਗਈ, ਜਿਹਨੇ ਉਨ੍ਹਾਂ ਦੀ ਨਸਬੰਦੀ ਕੀਤੀ ਸੀ।
ਲਗਾਤਾਰ ਕਈ ਪਰੀਖਣ ਕਰਨ ਤੋਂ ਬਾਅਦ, ਜਿਨ੍ਹਾਂ ਵਿੱਚ ਢਿੱਡ ਦੀ ਸੋਨੋਗ੍ਰਾਫ਼ੀ ਵੀ ਸ਼ਾਮਲ ਸੀ, ਡਾਕਟਰ ਨੇ ਦੱਸਿਆ ਕਿ ਟਿਊਬਾਂ ਵਿੱਚ ਲਾਗ ਲੱਗ ਗਈ ਹੈ, ਜਿਹਦੇ ਵਾਸਤੇ ਤਿੰਨ ਮਹੀਨਿਆਂ ਤੱਕ ਇਲਾਜ ਕਰਾਉਣਾ ਹੋਵੇਗਾ।
''ਮੇਰੀ ਪਤਨੀ ਨੂੰ ਸੰਕ੍ਰਮਣ ਕਿਵੇਂ ਹੋ ਗਿਆ? ਤੁਸੀਂ ਸਰਜਰੀ ਠੀਕ ਤਰ੍ਹਾਂ ਨਹੀਂ ਕੀਤੀ ਸੀ?'' ਮਨੋਜ ਨੇ ਗੁੱਸੇ ਵਿੱਚ ਡਾਕਟਰ ਤੋਂ ਪੁੱਛਿਆ। ਪਤੀ-ਪਤਨੀ ਨੂੰ ਡਾਕਟਰ ਨਾਲ਼ ਮਿਲ਼ਣ 'ਤੇ ਉਹਦੇ ਕੋਲ਼ ਮਿਲ਼ਿਆ ਜਵਾਬ ਹਾਲੇ ਵੀ ਚੇਤੇ ਹੈ: ''ਅਸੀਂ ਆਪਣਾ ਕੰਮ ਸਹੀ ਕੀਤਾ ਹੈ, ਇਹ ਤੁਹਾਡੀ ਕਿਸਮਤ ਹੈ,'' ਡਾਕਟਰ ਨੇ ਜਾਣ ਤੋਂ ਪਹਿਲਾਂ ਕਿਹਾ ਸੀ।
ਅਗਲੇ ਤਿੰਨ ਮਹੀਨਿਆਂ ਤੱਕ, ਹਰ 10 ਦਿਨ ਤੋਂ ਬਾਅਦ, ਪਤੀ-ਪਤਨੀ ਸਵੇਰੇ 10 ਵਜੇ ਆਪਣੀ ਮੋਟਰਸਾਈਕਲ ਰਾਹੀਂ ਮਧੁਰ ਹਸਪਤਾਲ ਲਈ ਰਵਾਨਾ ਹੁੰਦੇ। ਪੂਰਾ ਦਿਨ ਚੈੱਕ-ਅਪ, ਜਾਂਚ ਕਰਾਉਣ ਅਤੇ ਸਿਫ਼ਾਰਸ਼ ਕੀਤੀਆਂ ਦਵਾਈਆਂ ਖ਼ਰੀਦਣ ਵਿੱਚ ਲੰਘ ਜਾਂਦਾ ਸੀ। ਮਨੋਜ ਨੂੰ ਆਪਣਾ ਕੰਮ ਛੱਡਣਾ ਪੈਂਦਾ ਅਤੇ ਉਨ੍ਹਾਂ ਦੀਆਂ ਤਿੰਨੋਂ ਧੀਆਂ (ਉਮਰ ਨੌ, ਸੱਤ ਅਤੇ ਪੰਜ ਸਾਲ) ਅਤੇ ਬੇਟਾ (ਚਾਰ ਸਾਲ) ਢਾਣੀ ਜਮਾ ਵਿੱਚ ਆਪਣੇ ਦਾਦਾ-ਦਾਦੀ ਨਾਲ਼ ਰਹਿੰਦੇ ਸਨ। ਹਰੇਕ ਫ਼ੇਰੀ 'ਤੇ ਉਨ੍ਹਾਂ ਨੂੰ 2,000 ਤੋਂ 3,000 ਰੁਪਏ ਖ਼ਰਚ ਕਰਨੇ ਪੈਂਦੇ ਸਨ।
ਤਿੰਨ ਮਹੀਨਿਆਂ ਤੱਕ ਇਲਾਜ ਕਰਾਉਣ ਤੋਂ ਬਾਅਦ, ਮਨੋਜ ਦੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਫੜ੍ਹੇ ਗਏ 50,000 ਰੁਪਿਆਂ ਵਿੱਚੋਂ ਬਹੁਤਾ ਪੈਸਾ ਖਰਚ ਕਰ ਦਿੱਤਾ ਸੀ। ਗ੍ਰੈਜੂਏਟ ਹੋਣ ਦੇ ਬਾਵਜੂਦ ਵੀ ਮਨੋਜ ਨੂੰ ਬਾਮੁਸ਼ਕਲ ਨੌਕਰੀ ਮਿਲ਼ ਸਕੀ ਸੀ, ਉਹ ਬੇਲਦਾਰੀ ਕਰਨ (ਨਿਰਮਾਣ ਥਾਵਾਂ ਜਾਂ ਖੇਤਾਂ ਵਿਖੇ ਮਜ਼ਦੂਰੀ ਕਰਨ) ਦੀ ਕੋਸ਼ਿਸ਼ ਕੀਤੀ ਸੀ, ਨਿਯਮਤ ਕੰਮ ਮਿਲ਼ਣ 'ਤੇ ਉਹ ਇਸ ਤੋਂ ਲਗਭਗ 10,000 ਰੁਪਏ ਪ੍ਰਤੀ ਮਹੀਨਾ ਕਮਾ ਲੈਂਦੇ ਸਨ। ਇੱਕ ਪਾਸੇ ਸੁਸ਼ੀਲਾ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ, ਤਾਂ ਦੂਸਰੇ ਪਾਸੇ ਪਰਿਵਾਰ ਦਾ ਕਰਜ਼ਾ ਵੱਧਦਾ ਹੀ ਜਾ ਰਿਹਾ ਸੀ ਅਤੇ ਆਮਦਨੀ ਖ਼ਤਮ ਹੋ ਰਹੀ ਸੀ। ਜੀਵਨ ਦਾ ਹਰ ਰਾਹ ਧੁੰਦਲਾ ਹੋ ਰਿਹਾ ਸੀ, ਸੁਸ਼ੀਲਾ ਕਹਿੰਦੀ ਹਨ।
''ਮੈਂ ਮਾਹਵਾਰੀ ਦੌਰਾਨ ਜਾਂ ਤਾਂ ਪੀੜ੍ਹ ਨਾਲ਼ ਦੂਹਰੀ ਹੋਈ ਰਹਿੰਦੀ ਜਾਂ ਫਿਰ ਇੰਨੀ ਕਮਜ਼ੋਰ ਹੋ ਜਾਂਦੀ ਕਿ ਕਈ ਦਿਨਾਂ ਤੀਕਰ ਕੋਈ ਕੰਮ ਨਾ ਕਰ ਪਾਉਂਦੀ,'' ਉਹ ਕਹਿੰਦੀ ਹਨ।
ਨਵੰਬਰ 2018 ਵਿੱਚ, ਮਨੋਜ ਨੇ ਆਪਣੀ ਪਤਨੀ ਨੂੰ ਪਿੰਡ ਤੋਂ 20 ਕਿਲੋਮੀਟਰ ਦੂਰ, ਜ਼ਿਲ੍ਹਾ ਮੁੱਖ ਦਫ਼ਤਰ, ਦੌਸਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਣ ਦਾ ਫ਼ੈਸਲਾ ਕੀਤਾ। ਜਿਸ ਦਿਨ ਉਹ 250 ਬਿਸਤਰਿਆਂ ਵਾਲ਼ੇ ਇਸ ਹਸਪਤਾਲ ਵਿੱਚ ਗਏ, ਜਿੱਥੇ ਜੱਚਾ-ਸਿਹਤ ਸੇਵਾਵਾਂ ਲਈ ਇੱਕ ਵੱਖਰਾ ਵਿਭਾਗ ਹੈ, ਉਸ ਦਿਨ ਹਸਪਤਾਲ ਗਲਿਆਰੇ ਵਿੱਚ ਰੋਗੀਆਂ ਦੀ ਲੰਬੀ ਕਤਾਰ ਲੱਗੀ ਹੋਈ ਸੀ।
''ਮੇਰਾ ਪੂਰਾ ਦਿਨ ਲਾਈਨ ਵਿੱਚ ਖੜ੍ਹੇ ਰਹਿਣ ਵਿੱਚ ਹੀ ਲੰਘ ਜਾਂਦਾ। ਮੈਂ ਬੇਸਬਰਾ ਹੋ ਗਿਆ। ਸੋ ਅਸੀਂ ਉੱਥੋਂ ਦੌਸਾ ਦੇ ਇੱਕ ਨਿੱਜੀ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ,'' ਮਨੋਜ ਕਹਿੰਦੇ ਹਨ। ਉਦੋਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਹਸਪਤਾਲਾਂ ਅਤੇ ਜਾਂਚ ਕੇਂਦਰਾਂ ਦੇ ਕਦੇ ਨਾ ਮੁੱਕਣ ਵਾਲ਼ੇ ਗੇੜਿਆਂ ਦੀ ਜਿਲ੍ਹਣ ਵਿੱਚ ਫਸ ਕੇ ਰਹਿ ਜਾਣਗੇ ਪਰ ਹੱਲ ਫਿਰ ਵੀ ਨਹੀਂ ਨਿਕਲ਼ੇਗਾ।
ਦੌਸਾ ਦੇ ਰਾਜਧਾਨੀ ਹਸਪਤਾਲ ਅਤੇ ਮੈਟਰਨਿਟੀ ਹੋਮ ਵਿੱਚ, ਜ਼ਿਲ੍ਹਾ ਹਸਪਤਾਲ ਦੀ ਕਤਾਰ ਵਿੱਚ ਖੜ੍ਹੇ ਕਿਸੇ ਵਿਅਕਤੀ ਦੀ ਕਥਨੀ ਮੁਤਾਬਕ ਸੁਸ਼ੀਲਾ ਦੀ ਪੁਰਾਣੀ ਸੋਨੋਗ੍ਰਾਫ਼ੀ ਰਿਪੋਰਟ ਰੱਦ ਕਰ ਦਿੱਤੀ ਗਈ ਸੀ ਅਤੇ ਨਵੀਂ ਰਿਪੋਰਟ ਮੰਗੀ ਗਈ ਸੀ।
ਹੁਣ ਕੀ ਕੀਤਾ ਜਾਣਾ ਚਾਹੀਦਾ ਹੈ, ਇਸੇ ਭੰਬਲਭੂਸੇ ਵਿੱਚ ਪਏ ਮਨੋਜ ਨੇ ਪਿੰਡ ਦੇ ਕਿਸੇ ਵਿਅਕਤੀ ਦੀ ਸਲਾਹ ਲਈ ਅਤੇ ਸੁਸ਼ੀਲਾ ਨੂੰ ਕੁਝ ਹਫ਼ਤਿਆਂ ਬਾਅਦ ਦੌਸਾ ਦੇ ਖੰਡੇਲਵਾਲ ਨਰਸਿੰਗ ਹੋਮ ਲੈ ਗਏ। ਇੱਥੇ ਇੱਕ ਹੋਰ ਸੋਨੋਗ੍ਰਾਫ਼ੀ ਕੀਤੀ ਗਈ ਅਤੇ ਰਿਪੋਰਟ ਤੋਂ ਪਤਾ ਚੱਲਿਆ ਕਿ ਸੁਸ਼ੀਲਾ ਦੀਆਂ ਟਿਊਬਾਂ ਵਿੱਚ ਸੋਜ ਹੈ। ਇੱਕ ਵਾਰ ਫਿਰ ਤੋਂ ਦਵਾਈਆਂ-ਟੀਕਿਆਂ ਦਾ ਨਵਾਂ ਦੌਰ ਚੱਲ ਪਿਆ।
''ਨਿੱਜੀ ਹਸਪਤਾਲਾਂ ਵਿੱਚ ਕੰਮ ਕਰਨ ਵਾਲ਼ੇ ਲੋਕ ਜਾਣਦੇ ਹਨ ਕਿ ਗ੍ਰਾਮੀਣਾਂ ਨੂੰ ਇਨ੍ਹਾਂ ਪ੍ਰਕਿਰਿਆਵਾਂ ਬਾਰੇ ਕੋਈ ਗੱਲ ਸਮਝ ਨਹੀਂ ਆਉਂਦੀ। ਉਹ ਜਾਣਦੇ ਹਨ ਕਿ ਉਹ ਜੋ ਵੀ ਕਹਿਣਗੇ, ਅਸੀਂ ਮੰਨ ਲਵਾਂਗੇ,'' ਮਨੋਜ ਕਹਿੰਦੇ ਹਨ ਅਤੇ ਹੁਣ ਇਸ ਵਾਰ ਇੰਨੀ ਦੁਵਿਧਾ ਵਿੱਚ ਸਨ ਕਿ ਉਹ ਤੀਜੇ ਹਸਪਤਾਲ ਦੌਸਾ ਦੇ ਸ਼੍ਰੀ ਕ੍ਰਿਸ਼ਨਾ ਹਸਪਤਾਲ ਕਿਵੇਂ ਪਹੁੰਚਣ, ਜਿੱਥੇ ਡਾਕਟਰ ਨੇ ਕੁਝ ਹੋਰ ਜਾਂਚ ਅਤੇ ਨਵੀਂ ਸੋਨੋਗ੍ਰਾਫ਼ੀ ਤੋਂ ਬਾਅਦ ਕਿਹਾ ਕਿ ਸੁਸ਼ੀਲਾ ਦੀ ਆਂਦਰ ਵਿੱਚ ਸੋਜ ਹੈ।
''ਜਿੱਥੇ ਇੱਕ ਹਸਪਤਾਲ ਸਾਨੂੰ ਮੇਰੀਆਂ ਟਿਊਬਾਂ ਦੀ ਸੋਜ ਬਾਰੇ ਦੱਸਦਾ, ਉੱਥੇ ਹੀ ਦੂਸਰਾ ਕਹਿੰਦਾ ਸੰਕ੍ਰਮਣ ਹੈ ਅਤੇ ਤੀਜਾ ਹਸਪਤਾਲ ਮੇਰੀਆਂ ਆਂਦਰਾਂ ਵਿਚਲੀ ਸੋਜ ਬਾਰੇ ਗੱਲ ਕਰਦਾ। ਹਰੇਕ ਹਸਪਤਾਲ ਆਪਣੇ ਹਿਸਾਬ ਮੁਤਾਬਕ ਦਵਾਈਆਂ ਸੁਝਾਉਂਦਾ ਜਾਂਦਾ। ਅਸੀਂ ਥਾਓਂ-ਥਾਈਂ ਭਟਕ-ਭਟਕ ਪੂਰੇ ਸ਼ਦਾਈ ਹੋਈ ਜਾਂਦੇ ਸਾਂ, ਫਿਰ ਵੀ ਯਕੀਨ ਨਹੀਂ ਬੱਝਦਾ ਸੀ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੀ ਕੀ ਹੋ ਰਿਹਾ ਹੈ,'' ਸੁਸ਼ੀਲਾ ਕਹਿੰਦੀ ਹਨ। ਉਨ੍ਹਾਂ ਨੇ ਹਰ ਹਸਪਤਾਲ ਦੁਆਰਾ ਨਿਰਧਾਰਤ ਇਲਾਜ ਕਰਾਇਆ, ਪਰ ਉਨ੍ਹਾਂ ਦੇ ਲੱਛਣ ਘੱਟ ਨਾ ਹੋਏ।
ਦੌਸਾ ਦੇ ਇਨ੍ਹਾਂ ਤਿੰਨਾਂ ਨਿੱਜੀ ਹਸਪਤਾਲਾਂ ਦਾ ਚੱਕਰ ਲਗਾਉਣ ਨਾਲ਼ ਮਨੋਜ ਦਾ ਕਰਜ਼ਾ 25,000 ਰੁਪਏ ਹੋਰ ਵੱਧ ਗਿਆ।
ਜੈਪੁਰ ਵਿੱਚ ਰਹਿਣ ਵਾਲ਼ੇ ਇੱਕ ਦੂਰ ਦੇ ਰਿਸ਼ਤੇਦਾਰ ਸਣੇ ਪਰਿਵਾਰ ਦੇ ਸਾਰੇ ਲੋਕਾਂ ਨੇ ਇਹੀ ਸੁਝਾਅ ਦਿੱਤਾ ਕਿ ਉਨ੍ਹਾਂ ਦੇ ਪਿੰਡੋਂ 76 ਕਿਲੋਮੀਟਰ ਦੂਰ, ਰਾਜ ਦੀ ਰਾਜਧਾਨੀ ਦਾ ਹਸਪਤਾਲ ਹੀ ਉਨ੍ਹਾਂ ਲਈ ਸਭ ਤੋਂ ਚੰਗਾ ਰਹੇਗਾ।
ਪਤੀ-ਪਤਨੀ ਨੇ ਇੱਕ ਵਾਰ ਫਿਰ ਯਾਤਰਾ ਸ਼ੁਰੂ ਕੀਤੀ, ਪੈਸੇ ਖ਼ਰਚ ਕੀਤੇ ਜੋ ਕਿ ਉਨ੍ਹਾਂ ਦੇ ਕੋਲ਼ ਨਹੀਂ ਸਨ, ਅਤੇ ਜਦੋਂ ਉਹ ਜੈਪੁਰ ਪਹੁੰਚੇ ਤਾਂ ਉੱਥੋਂ ਦੇ ਇੱਕ ਨਿੱਜੀ ਸਰਦਾਰ ਸਿੰਘ ਮੈਮੋਰੀਅਲ ਹਸਪਤਾਲ ਦੇ ਇੱਕ ਡਾਕਟਰ ਨੂੰ ਸੋਨੋਗ੍ਰਾਫ਼ੀ ਰਾਹੀਂ ਇਹ ਪਤਾ ਚੱਲਿਆ ਕਿ ਸੁਸ਼ੀਲਾ ਦੀ ਬੱਚੇਦਾਨੀ ਵਿੱਚ ' ਗਾਂਠ ਹੈ।
''ਡਾਕਟਰ ਨੇ ਸਾਨੂੰ ਦੱਸਿਆ ਇਹ ਗਾਂਠ ਵਡੇਰੀ ਹੁੰਦੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਦੱਸਿਆ ਕਿ ਬੱਚੇਦਾਨੀ ਕਾ ਓਪਰੇਸ਼ਨ ਕਰਾਉਣਾ ਹੋਵੇਗਾ ਭਾਵ ਕਿ ਬੱਚੇਦਾਨੀ ਕੱਢਣੀ ਹੋਵੇਗੀ,'' ਸੁਸ਼ੀਲਾ ਸਾਨੂੰ ਦੱਸਦੀ ਹਨ।
ਆਰਟੀਆਈ ਤੋਂ ਪਤਾ ਚੱਲਿਆ ਕਿ (ਰਾਜਸਥਾਨ ਦੇ ਬਾਂਦੀਕੁਈ ਸ਼ਹਿਰ ਦੇ) ਪੰਜਾਂ ਵਿੱਚੋਂ ਤਿੰਨ ਨਿੱਜੀ ਹਸਪਤਾਲਾਂ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਹਸਪਤਾਲ ਵਿਖੇ ਅਪ੍ਰੈਲ ਤੋਂ ਅਕਤੂਬਰ 2010 ਦਰਮਿਆਨ ਜਿਹੜੇ 385 ਔਰਤਾਂ ਦੀ ਸਰਜਰੀ ਹੋਈ ਸੀ, ਉਨ੍ਹਾਂ ਵਿੱਚੋਂ 286 ਔਰਤਾਂ ਨੇ ਆਪਣੀ ਬੱਚੇਦਾਨੀ ਕਢਵਾਈ ਸੀ... ਉਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਦੀ ਉਮਰ 30 ਸਾਲ ਤੋਂ ਘੱਟ ਸੀ ਅਤੇ ਸਭ ਤੋਂ ਛੋਟੀ ਉਮਰ ਦੀ ਔਰਤ ਸਿਰਫ਼ 18 ਸਾਲ ਦੀ ਸੀ
ਇਸਲਈ ਅੰਤ ਵਿੱਚ, 30 ਮਹੀਨੇ ਬੀਤ ਜਾਣ ਅਤੇ ਘੱਟ ਤੋਂ ਘੱਟ 8 ਹਸਪਤਾਲਾਂ ਦੇ ਗੇੜੇ ਲਾਉਣ ਤੋਂ ਬਾਅਦ, ਸੁਸ਼ੀਲਾ ਨੇ 27 ਦਸੰਬਰ 2019 ਨੂੰ ਦੌਸਾ ਦੇ ਇੱਕ ਹੋਰ ਨਿੱਜੀ ਹਸਪਤਾਲ, ਸ਼ੁਭੀ ਪਲਸ ਹਸਪਤਾਲ ਅਤੇ ਟ੍ਰਾਮਾ ਸੈਂਟਰ ਵਿੱਚ ਆਪਣੀ ਬੱਚੇਦਾਨੀ ਨੂੰ ਕਢਵਾਉਣ ਲਈ ਸਰਜਰੀ ਕਰਵਾਈ। ਮਨੋਜ ਨੂੰ ਇਸ ਸਰਜਰੀ 'ਤੇ 20,000 ਰੁਪਏ ਅਤੇ ਉਸ ਤੋਂ ਬਾਅਦ ਦੀਆਂ ਦਵਾਈਆਂ 'ਤੇ ਵਾਧੂ 10,000 ਖ਼ਰਚ ਕਰਨੇ ਪਏ।
ਪਤੀ-ਪਤਨੀ ਨੂੰ ਇਹ ਪ੍ਰਵਾਨ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਕਿ ਪੀੜ੍ਹ ਅਤੇ ਕਰਜ਼ੇ ਦੇ ਚੱਕਰ ਨੂੰ ਤੋੜਨ ਲਈ ਬੱਚੇਦਾਨੀ ਕਢਵਾਉਣਾ ਹੀ ਇਕਲੌਤਾ ਤਰੀਕਾ ਹੈ।
ਅਸੀਂ ਮਨੋਜ ਅਤੇ ਸੁਸ਼ੀਲਾ ਦੀ ਕਹਾਣੀ ਕੁੱਲ ਭਾਰਤੀ ਗਾਹਕ ਪੰਚਾਇਤ ਦੇ ਵਕੀਲ, ਦੁਰਗਾ ਪ੍ਰਸਾਦ ਸੈਨੀ ਨੂੰ ਸੁਣਵਾਈ, ਇਹ ਇੱਕ ਗ਼ੈਰ-ਸਰਕਾਰੀ ਸੰਗਠਨ ਹੈ, ਜਿਹਨੇ ਬਾਂਦੀਕੁਈ ਦੇ ਪੰਜ ਨਿੱਜੀ ਹਸਪਤਾਲਾਂ ਵਿੱਚ ਕਢਵਾਈਆਂ ਗਈਆਂ ਬੱਚੇਦਾਨੀਆਂ (ਓਪਰੇਸ਼ਨਾਂ) ਦੀ ਗਿਣਤੀ ਦੀ ਜਾਂਚ ਕਰਨ ਵਾਸਤੇ ਨਵੰਬਰ 2010 ਵਿੱਚ ਸੂਚਨਾ ਦਾ ਅਧਿਕਾਰ (ਆਰਟੀਆਈ) ਦੇ ਤਹਿਤ ਬਿਨੈ ਕੀਤਾ ਸੀ।
ਆਰਟੀਆਈ ਤੋਂ ਪਤਾ ਚੱਲਿਆ ਕਿ (ਰਾਜਸਥਾਨ ਦੇ ਬਾਂਦੀਕੁਈ ਸ਼ਹਿਰ ਦੇ) ਪੰਜਾਂ ਵਿੱਚੋਂ ਤਿੰਨ ਨਿੱਜੀ ਹਸਪਤਾਲਾਂ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਹਸਪਤਾਲ ਵਿਖੇ ਅਪ੍ਰੈਲ ਤੋਂ ਅਕਤੂਬਰ 2010 ਦਰਮਿਆਨ ਜਿਹੜੇ 385 ਔਰਤਾਂ ਦੀ ਸਰਜਰੀ ਹੋਈ ਸੀ, ਉਨ੍ਹਾਂ ਵਿੱਚੋਂ 286 ਔਰਤਾਂ ਨੇ ਆਪਣੀ ਨਸਬੰਦੀ ਕਰਾਈ ਸੀ। ਇਸ ਘੇਰੇ ਅਧੀਨ ਸਧਾਰਣ ਹਸਪਤਾਲਾਂ ਵਿੱਚ ਮਧੁਰ ਹਸਪਤਾਲ (ਜਿੱਥੇ ਸੁਸ਼ੀਲਾ ਦੀ ਨਸਬੰਦੀ ਹੋਈ ਸੀ), ਮਦਾਨ ਨਰਸਿੰਗ ਹੋਮ, ਬਾਲਾਜੀ ਹਸਪਤਾਲ, ਵਿਜੈ ਹਸਪਤਾਲ ਅਤੇ ਕੱਟਾ ਹਸਪਤਾਲ ਸ਼ਾਮਲ ਹਨ। ਬੱਚੇਦਾਨੀ ਕਢਵਾਉਣ ਵਾਲ਼ੀਆਂ ਉਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਦੀ ਉਮਰ 30 ਸਾਲ ਤੋਂ ਘੱਟ ਸੀ ਅਤੇ ਸਭ ਤੋਂ ਛੋਟੀ ਉਮਰ ਦੀ ਔਰਤ ਸਿਰਫ਼ 18 ਸਾਲ ਦੀ ਸਨ। ਜ਼ਿਆਦਾਤਰ ਔਰਤਾਂ ਜ਼ਿਲ੍ਹੇ ਦੇ ਪਿਛਲੀ ਜਾਤੀ ਅਤੇ ਪਿਛੜੇ ਕਬੀਲਾਈ ਭਾਈਚਾਰਿਆਂ ਨਾਲ਼ ਸਬੰਧਤ ਸਨ, ਜਿਵੇਂ ਕਿ ਬੈਰਵਾ, ਗੁੱਜਰ ਅਤੇ ਮਾਲੀ। ਮਨੋਜ ਅਤੇ ਸੁਸ਼ੀਲਾ ਬੈਰਵਾ ਭਾਈਚਾਰਿਆਂ ਨਾਲ਼ ਹੈ ਅਤੇ ਉਨ੍ਹਾਂ ਦੇ ਪਿੰਡ, ਢਾਣੀ ਜਮਾ ਦੀ 97 ਫ਼ੀਸਦ ਅਬਾਦੀ ਦਾ ਸਬੰਧ ਪਿਛੜੀ ਜਾਤੀ ਨਾਲ਼ ਹੈ।
''ਅਸੀਂ ਕੰਨਿਆ ਭਰੂਣ-ਹੱਤਿਆ ਦੀ ਸਮੱਸਿਆ 'ਤੇ ਚਰਚਾ ਕਰ ਰਹੇ ਸਾਂ ਉਦੋਂ ਹੀ ਕਿਸੇ ਨੇ ਕਿਹਾ ਪਰ ਕੋਖ ਹੈ ਕਹਾਂ ','' ਸੈਨੀ ਦੱਸਦੇ ਹਨ, ਇਸੇ ਗੱਲ ਤੋਂ ਇਹ ਸ਼ੱਕ ਹੋਇਆ ਕਿ ਕੁਝ ਗ਼ਲਤ ਹੋ ਰਿਹਾ ਹੈ।
''ਸਾਡਾ ਮੰਨਣਾ ਸੀ ਕਿ (ਵੱਡੀ ਗਿਣਤੀ ਵਿੱਚ ਗ਼ੈਰ-ਲਾਜ਼ਮੀ ਬੱਚੇਦਾਨੀਆਂ ਦਾ ਕੱਢਿਆ ਜਾਣਾ) ਡਾਕਟਰਾਂ, ਪੀਐੱਚਸੀ ਕਰਮੀਆਂ ਅਤੇ ਆਸ਼ਾ ਵਰਕਰਾਂ ਦਰਮਿਆਨ ਮਿਲ਼ੀ-ਭੁਗਤ ਦਾ ਨਤੀਜਾ ਹੈ। ਪਰ ਅਸੀਂ ਇਹਨੂੰ ਸਾਬਤ ਨਹੀਂ ਕਰ ਸਕੇ,'' ਸੈਨੀ ਦੱਸਦੇ ਹਨ। ਬਾਂਦੀਕੁਈ ਦੇ ਸਿੱਟਿਆਂ ਨੂੰ ਰਾਜਸਥਾਨ, ਬਿਹਾਰ ਅਤੇ ਛੱਤੀਸਗੜ੍ਹ ਦੇ ਨਿੱਜੀ ਹਸਪਤਾਲਾਂ ਵਿੱਚ ਮੁਨਾਫ਼ਾਖ਼ੋਰੀ ਲਈ ''ਬੱਚੇਦਾਨੀਆਂ ਕੱਢੂ ਘਪਲੇ'' ਦੇ ਖ਼ਿਲਾਫ਼ ਇੱਕ ਜਨ-ਹਿੱਤ ਅਪੀਲ (ਪੀਆਈਐੱਲ) ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਹਨੂੰ ਰਾਜਸਥਾਨ ਸਥਿਤ ਗ਼ੈਰ-ਲਾਭਕਾਰੀ ਸੰਗਠਨ, ਪ੍ਰਯਾਸ ਦੇ ਮੋਢੀ ਡਾ. ਨਰੇਂਦਰ ਗੁਪਤਾ ਦੁਆਰਾ 2013 ਵਿੱਚ ਸੁਪਰੀਮ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ। ਅਪੀਲ ਵਿੱਚ ਉਨ੍ਹਾਂ ਔਰਤਾਂ ਲਈ ਮੁਆਵਜੇ ਦੀ ਮੰਗ ਕੀਤੀ ਗਈ ਸੀ ਜਿਨ੍ਹਾਂ ਦੀ ਸਰਜਰੀ ਹੋਈ ਸੀ, ਨਾਲ਼ ਹੀ ਨੀਤੀ ਵਿੱਚ ਢੁੱਕਵੇਂ ਬਦਲਾਅ ਕਰਨ ਲਈ ਵੀ ਕਿਹਾ ਗਿਆ ਸੀ।
ਜਨ-ਹਿਤ ਅਪੀਲ ਵਿੱਚ ਦੱਸਿਆ ਗਿਆ ਸੀ ਕਿ ''ਬਿਹਾਰ, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਜਿਹੜੀਆਂ ਔਰਤਾਂ ਤੋਂ ਇੰਟਰਵਿਊ ਲਿਆ ਗਿਆ, ਉਨ੍ਹਾਂ ਵਿੱਚੋਂ ਕਈਆਂ ਨੂੰ ਇਹ ਮੰਨਣ ਲਈ ਗੁੰਮਰਾਹ ਕੀਤਾ ਗਿਆ ਸੀ ਕਿ ਇਹ ਬਿਪਤਾ ਦੀ ਘੜੀ ਹੈ ਅਤੇ ਸਰਜਰੀ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਯਕੀਨ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਕਿ ਡਾਕਟਰਾਂ ਦੀ ਸਲਾਹ ਨਾ ਮੰਨਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਕੈਂਸਰ ਹੋ ਸਕਦਾ ਹੈ।''
ਅਪੀਲ ਵਿੱਚ ਅੱਗੇ ਕਿਹਾ ਗਿਆ ਸੀ ਕਿ ਬੱਚੇਦਾਨੀ ਕੱਢੇ ਜਾਣ ਦੇ ਖ਼ਤਰੇ ਅਤੇ ਉਹਦੇ ਦੀਰਘਕਾਲਕ ਮਾੜੇ ਨਤੀਜਿਆਂ ਸਬੰਧੀ ਲਾਜ਼ਮੀ ਜਾਣਕਾਰੀ ਔਰਤਾਂ ਨੂੰ ਨਹੀਂ ਦਿੱਤੀ ਜਾਂਦੀ ਸੀ, ਜਿਸ ਤੋਂ ਇਹ ਖ਼ਦਸ਼ਾ ਉਤਪੰਨ ਹੁੰਦਾ ਹੈ ਕਿ ਕੀ ਇੰਨੀ ਕਾਹਲੀ-ਕਾਹਲੀ ਸਰਜਰੀ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲਈ ਗਈ ਸੀ।
ਮੀਡਿਆ ਦੀ ਰਿਪੋਰਟ ਮੁਤਾਬਕ, ਨਿੱਜੀ ਹਸਪਤਾਲਾਂ ਅਤੇ ਡਾਕਟਰਾਂ ਨੇ ਇਨ੍ਹਾਂ ਦੋਸ਼ਾਂ ਨੂੰ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਕਿ ਸਰਜਰੀ ਸਿਰਫ਼ ਲਾਜ਼ਮੀ ਹੋਣ ਦੀ ਸੂਰਤ ਵਿੱਚ ਹੀ ਕੀਤੀ ਗਈ ਸੀ।
''ਦੌਸਾ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਹੁਣ ਬੱਚੇਦਾਨੀ ਉਦੋਂ ਹੀ ਕੱਢਦੇ ਹਨ, ਜਦੋਂ ਇਹਦੀ ਸਿਫ਼ਾਰਸ਼ ਕੀਤੀ/ਨਿਰਧਾਰਤ ਕੀਤਾ ਜਾਂਦਾ ਹੋਵੇ। ਪਰ ਪਹਿਲਾਂ ਇੰਝ ਨਹੀਂ ਸੀ ਹੁੰਦਾ। ਇਹ ਪੂਰਾ ਵਰਤਾਰਾ ਹਨ੍ਹੇਰ ਨਗਰੀ ਸੀ। ਜੋ ਵੀ ਔਰਤਾਂ ਮਾਹਵਾਰੀ ਨਾਲ਼ ਸਬੰਧਤ ਢਿੱਡ ਦੀਆਂ ਸਮੱਸਿਆਵਾਂ ਲੈ ਕੇ ਆਉਂਦੀਆਂ ਸਨ, ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜ ਦਿੱਤਾ ਜਾਂਦਾ ਅਤੇ ਅੰਤ ਵਿੱਚ ਬੱਚੇਦਾਨੀ ਕਢਵਾਉਣ ਲਈ ਹੀ ਕਹਿ ਦਿੱਤਾ ਜਾਂਦਾ ਸੀ।
ਡਾਕਟਰ ਗੁਪਤਾ ਦੀ ਅਪੀਲ ਨੇ ਸਰਕਾਰ ਨੂੰ 2015-16 ਦੌਰਾਨ ਅਯੋਜਿਤ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( ਐੱਨਐੱਫ਼ਐੱਚਐੱਸ-4 ) ਦੇ ਚੌਥੇ ਦੌਰ ਵਿੱਚ ਬੱਚੇਦਾਨੀ ਕੱਢੇ ਜਾਣ ਨੂੰ ਸ਼ਾਮਲ ਕਰਾਉਣ ਲਈ ਪ੍ਰੇਰਿਤ ਕੀਤਾ, ਜਿਸ ਤੋਂ ਪਤਾ ਚੱਲਿਆ ਕਿ ਭਾਰਤ ਵਿੱਚ 15 ਤਂ 49 ਸਾਲ ਦੀ 3.2 ਫ਼ੀਸਦ ਔਰਤਾਂ ਵਿੱਚ ਬੱਚੇਦਾਨੀ ਕੱਢੀ ਗਈ ਸੀ। ਇਨ੍ਹਾਂ ਵਿੱਚੋਂ 67 ਫ਼ੀਸਦ ਤੋਂ ਵੱਧ ਪ੍ਰਕਿਰਿਆਵਾਂ ਨਿੱਜੀ ਸਿਹਤ ਸੇਵਾ ਇਲਾਕੇ ਵਿੱਚ ਕੀਤੀ ਗਈ ਸੀ। ਐੱਨਐੱਫ਼ਐੱਚਐੱਸ-4 ਅਨੁਸਾਰ, ਰਾਜਸਥਾਨ ਵਿੱਚ 15 ਤੋਂ 49 ਸਾਲ ਦੀਆਂ 2.3 ਫ਼ੀਸਦ ਔਰਤਾਂ ਦੀਆਂ ਬੱਚੇਦਾਨੀਆਂ ਕੱਢੀਆਂ ਗਈਆਂ ਸਨ।
ਤੱਥਾਂ ਤੋਂ ਪਤਾ ਲਾਉਣ ਵਾਲ਼ੀ ਪ੍ਰਯਾਸ ਦੀਆਂ ਟੀਮਾਂ ਨੇ ਜਦੋਂ ਬੱਚੇਦਾਨੀਆਂ ਕਢਵਾਉਣ ਵਾਲ਼ੀਆਂ ਔਰਤਾਂ ਨਾਲ਼ ਰਾਬਤਾ ਕੀਤਾ ਤਾਂ ਉਨ੍ਹਾਂ ਵਿੱਚੋਂ ਕਈ ਔਰਤਾਂ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਵੀ ਲੱਛਣ ਜਾਰੀ ਰਹੇ। ਬੱਚੇਦਾਨੀ ਕਢਵਾਉਣ ਤੋਂ ਦੋ ਮਹੀਨਿਆਂ ਬਾਅਦ, ਜਦੋਂ ਅਸੀਂ ਸੁਸ਼ੀਲਾ ਨਾਲ਼ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ, ਤਾਂ ਉਹ ਪਾਣੀ ਦੀ ਭਰੀ ਬਾਲਟੀ ਚੁੱਕਣ ਦੇ ਨਾਲ਼-ਨਾਲ਼ ਘਰ ਦੇ ਬਾਕੀ ਕੰਮ ਕਰ ਰਹੀ ਸਨ, ਹਾਲਾਂਕਿ ਸਰਜਰੀ ਦੇ ਜ਼ਖਮ ਹਾਲੇ ਤੀਕਰ ਅੱਲ੍ਹੇ ਸਨ ਅਤੇ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਸੀ। ਮਨੋਜ ਆਪਣੇ ਕੰਮ 'ਤੇ ਮੁੜ ਚੁੱਕੇ ਸਨ ਅਤੇ ਜੋ ਕੁਝ ਕਮਾ ਰਹੇ ਸਨ, ਉਸ ਵਿੱਚੋਂ ਅੱਧੇ ਤੋਂ ਵੀ ਜ਼ਿਆਦਾ ਪੈਸੇ ਉਸ 1 ਲੱਖ ਦੇ ਕਰਜ਼ੇ ਨੂੰ ਲਾਹੁਣ ਵਿੱਚ ਲੱਗੀ ਜਾ ਰਹੇ ਸਨ ਜੋ ਉਨ੍ਹਾਂ ਨੇ ਸੁਸ਼ੀਲਾ ਦਾ ਇਲਾਜ ਕਰਾਉਣ ਲਈ ਸਾਹੂਕਾਰਾਂ ਅਤੇ ਰਿਸ਼ਤੇਦਾਰਾਂ ਪਾਸੋਂ ਲਏ ਸਨ। ਉਨ੍ਹਾਂ ਨੇ ਸੁਸ਼ੀਲਾ ਦੇ ਗਹਿਣੇ ਵੀ 20-30,000 ਰੁਪਿਆਂ ਵਿੱਚ ਵੇਚ ਦਿੱਤੇ ਸਨ।
ਪਤੀ-ਪਤਨੀ ਪਿਛਲੇ ਤਿੰਨ ਸਾਲਾਂ ਦੀਆਂ ਘਟਨਾਵਾਂ ਤੋਂ ਅਜੇ ਵੀ ਉੱਭਰ ਨਹੀਂ ਸਕੇ ਹਨ, ਉਨ੍ਹਾਂ ਨੂੰ ਅੱਜ ਵੀ ਨਹੀਂ ਪਤਾ ਕੀ ਅਸਲ ਵਿੱਚ ਇੰਨੇ ਲੰਬੇ ਸਮੇਂ ਤੀਕਰ ਪੀੜ੍ਹ ਅਤੇ ਲਹੂ ਪੈਣ ਦਾ ਕਾਰਨ ਕੀ ਸੀ ਅਤੇ ਕੀ ਉਨ੍ਹਾਂ ਦੀ ਬੱਚੇਦਾਨੀ ਕੱਢਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਨੂੰ ਬੱਸ ਇੰਨੀ ਕੁ ਰਾਹਤ ਮਿਲ਼ੀ ਹੈ ਕਿ ਸੁਸ਼ੀਲਾ ਨੂੰ ਦੋਬਾਰਾ ਪੀੜ੍ਹ ਨਹੀਂ ਹੋਈ ਹੈ।
'' ਪੈਸਾ ਲਗਾਤੇ ਲਗਾਤੇ ਆਦਮੀ ਥੱਕ ਜਾਏ ਤੋਹ ਆਖਿਰ ਮੇਂ ਯਹੀ ਕਰ ਸਕਦਾ ਹੈ, '' ਮਨੋਜ ਕਹਿੰਦੇ ਹਨ- ਜੋ ਪਤਨੀ ਨੂੰ ਪੀੜ੍ਹ ਤੋਂ ਕੱਢਣ ਖ਼ਾਤਰ ਕੀਤੀ ਭੱਜਨੱਸ ਅਤੇ ਲੱਗੇ ਪੈਸੇ ਕਾਰਨ ਥੱਕ ਗਏ ਪਰ ਅਖ਼ੀਰ ਜੋ ਹੋਇਆ ਉਸੇ ਨੂੰ ਸਹੀ ਮੰਨ ਕੇ ਚੱਲ ਰਹੇ ਹਨ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ , ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ : ਕਮਲਜੀਤ ਕੌਰ