ਸਰਦੀਆਂ ਦੀ ਦੁਪਹਿਰੇ, ਜੋਂ ਖ਼ੇਤਾਂ ਵਿੱਚ ਕੰਮ ਮੁੱਕ ਜਾਂਦੇ ਹਨ ਅਤੇ ਘਰ ਦੇ ਨੌਜਵਾਨ ਆਪੋ-ਆਪਣੀ ਨੌਕਰੀ 'ਤੇ ਹੁੰਦੇ ਹਨ ਤਦ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਸਥਿਤ ਹਰਸਾਨਾ ਕਲਾਂ ਪਿੰਡ ਦੇ ਪੁਰਸ਼ ਚੌਪਾਲ (ਸੱਥ) 'ਤੇ ਤਾਸ਼ ਖੇਡਦੇ ਜਾਂ ਅਰਾਮ ਫ਼ਰਮਾਉਂਦੇ ਦੇਖੇ ਜਾਂਦੇ ਹਨ।
ਔਰਤਾਂ ਉਸ ਥਾਂ 'ਤੇ ਕਦੇ ਨਜ਼ਰੀਂ ਨਹੀਂ ਪੈਂਦੀਆਂ।
ਸਥਾਨਕ ਵਾਸੀ ਵਿਜੈ ਮੰਡਲ ਸਵਾਲ ਦੇ ਜਵਾਬ ਵਿੱਚ ਕਹਿੰਦੇ ਹਨ,''ਦੱਸੋ, ਭਲਾ ਔਰਤਾਂ ਇੱਥੇ ਕਿਉਂ ਆਉਣ? ਉਨ੍ਹਾਂ ਨੂੰ ਆਪਣੇ ਕੰਮਾਂ ਤੋਂ ਫ਼ੁਰਸਤ ਨਹੀਂ ਮਿਲ਼ਦੀ। ਵੋਹ ਕਯਾ ਕਰੇਂਗੇ ਇਨ ਬੜੇ ਆਦਮੀਓਂ ਕੇ ਸਾਥ ਬੈਠ ਕਰ ? ''
ਦਿੱਲੀ ਤੋਂ ਬਾਮੁਸ਼ਕਲ 35 ਕਿਲੋਮੀਟਰ ਦੂਰ ਸਥਿਤ ਰਾਸ਼ਟਰੀ ਰਾਜਧਾਨੀ ਇਲਾਕੇ ਅੰਦਰ ਆਉਂਦੇ ਇਸ 5,000 ਲੋਕਾਂ ਦੀ ਅਬਾਦੀ ਵਾਲ਼ੇ ਪਿੰਡ ਦੀਆਂ ਔਰਤਾਂ ਕੁਝ ਸਾਲ ਪਹਿਲਾਂ ਤੱਕ ਸਖ਼ਤ ਪਾਬੰਦੀਆਂ ਹੇਠ ਪਰਦਾ ਕਰਦੀਆਂ ਸਨ।
''ਔਰਤਾਂ ਨੇ ਤਾਂ ਚੌਪਾਲ ਵੱਲ ਦੇਖਿਆਂ ਤੱਕ ਨਹੀਂ ਹੋਣਾ,'' ਮੰਡਲ ਕਹਿੰਦੇ ਹਨ। ਪਿੰਡ ਦੇ ਲਗਭਗ ਕੇਂਦਰ ਵਿੱਚ ਸਥਿਤ ਇਸੇ ਸੱਥ 'ਤੇ ਹੀ ਬੈਠਕਾਂ ਹੁੰਦੀਆਂ ਹਨ, ਜਿੱਥੇ ਲੜਾਈ-ਝਗੜਿਆਂ ਦੇ ਨਿਪਟਾਰੇ ਵਾਸਤੇ ਪੰਚਾਇਤ ਬਹਿੰਦੀ ਹੈ। ਹਰਸਾਨਾ ਕਲਾਂ ਦੇ ਸਾਬਕਾ ਸਰਪੰਚ ਸਤੀਸ਼ ਕੁਮਾਰ ਕਹਿੰਦੇ ਹਨ,'' ਪਹਿਲੇ ਕੀ ਔਰਤੇਂ ਸੰਸਕਾਰੀ ਥੀ। ''
''ਉਨ੍ਹਾਂ ਅੰਦਰ ਥੋੜ੍ਹੀ ਸ਼ਰਮ-ਹਯਾ ਹੋਇਆ ਕਰਦੀ ਸੀ,'' ਮੰਡਲ ਕਹਿੰਦੇ ਹਨ,''ਜੇ ਉਨ੍ਹਾਂ ਨੂੰ ਕਦੇ ਚੌਪਾਲ ਦੇ ਅੱਗੋਂ ਦੀ ਲੰਘਣਾ ਵੀ ਪੈਂਦਾ ਸੀ ਤਾਂ ਉਹ ਘੁੰਡ ਕੱਢ ਲਿਆ ਕਰਦੀਆਂ ਸਨ,'' ਇਹ ਗੱਲ ਕਰਦਿਆਂ ਇੱਕ ਮੁਸਕਾਨ ਉਨ੍ਹਾਂ ਦੇ ਚਿਹਰੇ 'ਤੇ ਪਸਰ ਜਾਂਦੀ ਹੈ।
36 ਸਾਲਾ ਸਾਇਰਾ (ਬਦਲਿਆ ਨਾਮ) ਲਈ ਇਹ ਸਾਰਾ ਕੁਝ ਕਿਸੇ ਵੀ ਤਰ੍ਹਾਂ ਨਵਾਂ ਨਹੀਂ ਹੈ। ਉਹ ਪਿਛਲੇ ਸੋਲ੍ਹਾਂ ਸਾਲਾਂ ਤੋਂ ਅਜਿਹੇ ਮਾਹੌਲ ਵਿੱਚ ਰਹਿੰਦੀ ਆਈ ਹਨ ਅਤੇ ਅਜਿਹੇ ਫ਼ੁਰਮਾਨਾਂ ਨੂੰ ਵੀ ਮੰਨਦੀ ਆਈ ਹਨ। ਉਹ ਇਹ ਸਾਰਾ ਕੁਝ ਆਪਣੀ 20 ਸਾਲਾਂ ਦੀ ਉਮਰ ਤੋਂ ਕਰਦੀ ਆਈ ਹਨ, ਜਦੋਂ ਉਹ ਆਪਣੇ ਵਿਆਹ ਤੋਂ ਬਾਅਦ ਦਿੱਲੀ ਸਥਿਤ ਆਪਣੇ ਪਿੰਡ 'ਮਾਜਰਾ ਡਬਾਸ' ਤੋਂ ਇੱਥੇ ਰਹਿਣ ਆਈ ਸਨ। ਪੁਰਸ਼ਾਂ ਤੋਂ ਉਲਟ, ਉਨ੍ਹਾਂ (ਸਾਇਰਾ) ਨੂੰ ਸਿਰਫ਼ ਉਨ੍ਹਾਂ ਦੇ ਪਹਿਲੇ ਨਾਮ ਤੋਂ ਮੁਖ਼ਾਤਿਬ ਕੀਤਾ ਜਾਂਦਾ ਹੈ।
''ਜੇ ਮੈਂ ਵਿਆਹ ਤੋਂ ਪਹਿਲਾਂ ਇੱਕ ਵਾਰ ਵੀ ਆਪਣੇ ਪਤੀ ਨੂੰ ਮਿਲ਼ ਲੈਂਦੀ ਤਾਂ ਯਕੀਨਨ ਇਸ ਵਿਆਹ ਲਈ ਰਾਜ਼ੀ ਨਾ ਹੁੰਦੀ। ਇਸ ਗਾਓਂ ਮੇਂ ਤੋ ਕਤਈ ਨਾ ਆਈ, '' ਸਾਇਰਾ ਕਹਿੰਦੀ ਹਨ, ਗੱਲ ਕਰਦੇ ਵੇਲੇ ਉਨ੍ਹਾਂ ਦੀਆਂ ਉਂਗਲਾਂ ਬੜੇ ਹੀ ਸੁਚੱਜੇ ਢੰਗ ਨਾਲ਼ ਸਿਲਾਈ ਮਸ਼ੀਨ ਦੀ ਸੂਈ ਅਤੇ ਉਸ ਜਾਮਣੀ ਕੱਪੜੇ ਦੇ ਨਾਲ਼-ਨਾਲ਼ ਚੱਲ ਰਹੀਆਂ ਸਨ, ਜਿਸ ਕੱਪੜੇ ਦਾ ਉਹ ਕੁਝ ਸਿਊਂ ਰਹੀ ਸਨ। ( ਸਟੋਰੀ ਅੰਦਰ ਉਨ੍ਹਾਂ ਦਾ ਨਾਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਭ ਨਾਮ ਬਦਲ ਦਿੱਤੇ ਗਏ ਹਨ। )
''ਜੇ ਕੋਈ ਔਰਤ ਖੁੱਲ੍ਹ ਕੇ ਬੋਲਣ ਦੀ ਕੋਸ਼ਿਸ਼ ਕਰਨੀ ਵੀ ਚਾਹੇ ਤਾਂ ਪੁਰਸ਼ ਕਦੇ ਵੀ ਉਹਨੂੰ ਇੰਝ ਕਰਨ ਨਹੀਂ ਦੇਣਗੇ। ਉਹ ਕਹਿਣਗੇ, ਜਦੋਂ ਤੇਰਾ ਪੁਰਸ਼ ਇਹ ਕੰਮ ਕਰ ਸਕਦਾ ਹੈ ਤਾਂ ਤੈਨੂੰ ਮੂੰਹ ਖੋਲ੍ਹਣ ਦੀ ਕੀ ਲੋੜ ਹੈ? ਮੇਰੇ ਪਤੀ ਵੀ ਇਹੀ ਮੰਨਦੇ ਹਨ ਕਿ ਔਰਤਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਜੇ ਮੈਂ ਕੱਪੜੇ ਸਿਲਾਈ ਕਰਨ ਲਈ ਲੋੜੀਂਦਾ ਸਮਾਨ ਖ਼ਰੀਦਣ ਲਈ ਵੀ ਬਾਹਰ ਜਾਣਾ ਚਾਹਾਂ ਤਾਂ ਵੀ ਉਹ ਇਹੀ ਕਹਿਣਗੇ ਕਿ ਚੰਗਾ ਹੋਊ ਜੇ ਤੂੰ ਘਰ ਹੀ ਬੈਠੀ ਰਹੇਂ।''
ਉਨ੍ਹਾਂ ਦੇ ਪਤੀ 44 ਸਾਲਾ ਸੀਮਰ ਖ਼ਾਨ ਦਿੱਲੀ ਦੇ ਗੁਆਂਢੀ ਇਲਾਕੇ ਨਰੇਲਾ ਦੀ ਇੱਕ ਫ਼ੈਕਟਰੀ ਵਿੱਚ ਕੰਮ ਕਰਕਦੇ ਹਨ ਜਿੱਥੇ ਉਹ ਪਲਾਸਟਿਕ ਦੇ ਸਾਂਝੇ ਬਣਾਉਂਦੇ ਹਨ। ਉਹ ਅਕਸਰ ਸਾਇਰਾ ਨੂੰ ਕਹਿੰਦੇ ਹਨ ਕਿ ਉਹ ਨਹੀਂ ਜਾਣਦੀ ਕਿ ਪੁਰਸ਼ ਔਰਤਾਂ ਨੂੰ ਕਿਹੜੀ ਨਜ਼ਰ ਨਾਲ਼ ਦੇਖਦੇ ਹਨ। ''ਉਹ ਕਹਿੰਦੇ ਹਨ ਕਿ ਜੇ ਤੂੰ ਘਰ ਰਹੇਂਗੀ ਤਾਂ ਸੁਰੱਖਿਅਤ ਰਹੇਂਗੀ; ਬਾਹਰ ਤੋਂ ਭੇੜੀਏ ਬੈਠੇਂ ਹੈਂ, '' ਸਾਇਰਾ ਖੋਲ੍ਹ ਕੇ ਦੱਸਦੀ ਹਨ।
ਇਸਲਈ ਸਾਇਰਾ ਅਖ਼ੌਤੀ ਭੇੜੀਆਂ ਤੋਂ ਬਚਦੀ-ਬਚਾਉਂਦੀ ਘਰ ਹੀ ਰਹਿੰਦੀ ਹਨ। ਹਰਿਆਣਾ ਦੀਆਂ 64.5 ਫ਼ੀਸਦ ਗ੍ਰਾਮੀਣ ਔਰਤਾਂ ਵਾਂਗਰ ( ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 , 2015-2016), ਜਿਨ੍ਹਾਂ ਨੂੰ ਇਕੱਲੇ ਬਜ਼ਾਰ ਜਾਣ, ਹਸਪਤਾਲ ਜਾਣ ਜਾਂ ਪਿੰਡ ਦੇ ਬਾਰ ਕਿਤੇ ਵੀ ਜਾਣ ਦੀ ਆਗਿਆ ਨਹੀਂ ਹੈ। ਉਹ ਰੋਜ਼ਾਨਾ ਦੁਪਹਿਰ ਨੂੰ ਖਿੜਕੀ ਕੋਲ਼ ਰੱਖੀ ਸਿਲਾਈ ਮਸ਼ੀਨ 'ਤੇ ਕੱਪੜੇ ਸਿਊਂਦੀ ਹਨ। ਇੱਥੇ ਸੂਰਜ ਦੀ ਸਿੱਧੀ ਆਉਂਦੀ ਹੈ, ਜੋ ਕਿ ਚੰਗੀ ਗੱਲ ਹੈ ਕਿਉਂਕਿ ਦਿਨ ਵੇਲ਼ੇ ਇੱਥੇ ਅਕਸਰ ਬਿਜਲੀ ਗੁੱਲ ਹੋ ਜਾਂਦੀ ਹੈ। ਦੁਪਹਿਰ-ਦੁਪਹਿਰ ਵਿੱਚ ਹੀ ਇਹ ਕੰਮ ਕਰਕੇ ਉਹ ਮਹੀਨੇ ਦਾ 2000 ਰੁਪਿਆ ਕਮਾ ਲੈਣਾ ਉਨ੍ਹਾਂ ਨੂੰ ਕੁਝ ਰਾਹਤ ਦਿੰਦਾ ਹੈ ਅਤੇ ਉਹ ਆਪਣੇ ਦੋਵਾਂ ਪੁੱਤਰਾਂ ਸੋਹੇਲ ਖਾਨ (ਉਮਰ 16 ਸਾਲਾ) ਅਤੇ ਸਨੀ ਅਲੀ (ਉਮਰ 14 ਸਾਲ) ਲਈ ਕੁਝ ਚੀਜ਼ਾਂ ਖ਼ਰੀਦਣ ਯੋਗ ਹੋ ਜਾਂਦੀ ਹਨ ਪਰ ਉਹ ਸ਼ਾਇਦ ਹੀ ਆਪਣੇ ਲਈ ਕਦੇ ਕੁਝ ਖਰੀਦਦੀ ਹੋਵੇ।
ਸਨੀ ਦੇ ਜਨਮ ਤੋਂ ਕੁਝ ਮਹੀਨੇ ਬਾਅਦ ਸਾਇਰਾ ਨੇ ਨਲ਼ਬੰਦੀ/ਨਸਬੰਦੀ (ਫੈਲੋਪਿਅਨ ਟਿਊਬਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ) ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਉਨ੍ਹਾਂ ਦੇ ਪਤੀ ਸਮੀਰ ਨੂੰ ਸਾਇਰਾ ਦੇ ਇਰਾਦਿਆਂ ਦਾ ਪਤਾ ਨਹੀਂ ਸੀ।
ਸੋਨੀਪਤ ਜ਼ਿਲ੍ਹੇ ਵਿੱਚ 15 ਤੋਂ 49 ਸਾਲ ਦੀਆਂ ਵਿਆਹੁਤਾ (ਸਜ-ਵਿਆਹੀਆਂ) ਔਰਤਾਂ ਦਰਮਿਆਨ ਗਰਭਨਿਰੋਧਕ ਵਰਤੋਂ ਦਰ (ਸੀਪੀਆਰ) 78 ਫ਼ੀਸਦ ਹੈ (ਐੱਨਐੱਫ਼ਐੱਚਐੱਸ-4)- ਜੋ ਕਿ ਹਰਿਆਣਾ ਦੇ ਕੁੱਲ 64 ਫ਼ੀਸਦ ਨਾਲ਼ੋਂ ਵੀ ਵੱਧ ਹੈ।
ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਸਾਇਰਾ ਨੇ ਦੋ ਵਾਰ ਨਲ਼ਬੰਦੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਪਹਿਲੀ ਵਾਰ ਮਾਜਰਾ ਡਬਾਸ ਵਿੱਚ ਪੈਂਦੇ ਆਪਣੇ ਪੇਕੇ ਘਰ ਦੇ ਨੇੜਲੇ ਸਰਕਾਰੀ ਹਸਪਤਾਲ ਵਿੱਚ, ਜਿੱਥੋਂ ਦੇ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਵਿਆਹੁਤਾ ਨਹੀਂ ਜਾਪਦੀ। ਦੂਸਰੀ ਵਾਰੀਂ, ਉਹ ਉਸੇ ਹਸਪਤਾਲ ਵਿੱਚ ਆਪਣੇ ਬੇਟੇ ਨੂੰ ਨਾਲ਼ ਲੈ ਕੇ ਗਈ ਤਾਂ ਕਿ ਉਹ ਖ਼ੁਦ ਨੂੰ ਵਿਆਹੁਤਾ ਸਾਬਤ ਕਰ ਸਕਣ। ''ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਸਿਰ-ਬ-ਸਿਰ ਇਹ ਫ਼ੈਸਲਾ ਲੈਣ ਦੇ ਲਿਹਾਜੋਂ ਅਜੇ ਕਾਫ਼ੀ ਛੋਟੀ ਹਾਂ,'' ਸਾਇਰਾ ਕਹਿੰਦੀ ਹਨ।
ਤੀਜੀ ਵਾਰ ਉਹ ਨਲ਼ਬੰਦੀ ਕਰਾਉਣ ਵਿੱਚ ਸਫ਼ਲ ਰਹੀ ਜਦੋਂ ਆਪਣੇ ਪੇਕੇ ਘਰ ਰਹਿੰਦਿਆਂ ਉਨ੍ਹਾਂ ਨੇ ਦਿੱਲੀ ਦੇ ਰੋਹਿਨੀ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਇਹ ਪ੍ਰਕਿਰਿਆ ਪੂਰੀ ਕਰਨ ਵਿੱਚ ਕਾਮਯਾਬ ਰਹੀ।
ਸਾਇਰਾ ਦੱਸਦੀ ਹਨ,''ਇਸ ਵਾਰ ਮੈਂ ਆਪਣੇ ਪਤੀ ਬਾਰੇ ਝੂਠ ਬੋਲਿਆ। ਮੈਂ ਆਪਣੇ ਪੁੱਤਰ ਨੂੰ ਨਾਲ਼ ਲੈ ਗਈ ਅਤੇ ਡਾਕਟਰ ਨੂੰ ਕਿਹਾ ਕਿ ਮੇਰੇ ਪਤੀ ਸ਼ਰਾਬੀ ਹਨ।'' ਇਸ ਘਟਨਾ ਨੂੰ ਚੇਤੇ ਕਰਦਿਆਂ ਉਹ ਹੱਸਣ ਲੱਗਦੀ ਹਨ ਪਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਚੇਤਾ ਹੈ ਕਿ ਨਲ਼ਬੰਦੀ ਕਰਾਉਣ ਲਈ ਉਹ ਇੰਨੀ ਬੇਚੈਨ ਕਿਉਂ ਸਨ। ਉਹ ਕਹਿੰਦੀ ਹਨ,''ਘਰ ਦਾ ਮਾਹੌਲ ਬੇਹੱਦ ਖ਼ਰਾਬ ਅਤੇ ਡਾਢਾ ਸੀ ਜਿੱਥੇ ਮਾੜੀ-ਮਾੜੀ ਗੱਲ ਵਾਸਤੇ ਜੱਦੋ-ਜਹਿਦ ਕਰਨੀ ਪੈਂਦੀ ਹੈ। ਜੋ ਵੀ ਹੋਵੇ ਇੱਕ ਗੱਲ ਨੂੰ ਲੈ ਕੇ ਮੈਂ ਦ੍ਰਿੜ ਸਾਂ ਕਿ ਮੈਨੂੰ ਹੋਰ ਬੱਚੇ ਨਹੀਂ ਚਾਹੀਦੇ।''
ਸਾਇਰਾ ਨੂੰ ਉਹ ਦਿਨ ਚੰਗੀ ਤਰ੍ਹਾਂ ਚੇਤੇ ਹੈ ਜਦੋਂ ਉਨ੍ਹਾਂ ਨੇ ਆਪਣੀ ਨਲ਼ਬੰਦੀ ਕਰਵਾਈ ਸੀ। ਉਹ ਕਹਿੰਦੀ ਹਨ,''ਉਸ ਦਿਨ ਬਹੁਤ ਮੀਂਹ ਪੈ ਰਿਹਾ ਸੀ। ਮੈਂ ਵਾਰਡ ਦੀ ਕੱਚ ਦੀ ਕੰਧ ਤੋਂ ਬਾਹਰ ਖੜ੍ਹੀ ਆਪਣੀ ਮਾਂ ਦੀ ਗੋਦੀ ਵਿੱਚ ਆਪਣੇ ਛੋਟੇ ਪੁੱਤਰ ਨੂੰ ਰੋਂਦਿਆਂ ਦੇਖ ਸਕਦੀ ਸਾਂ। ਹੋਰ ਜਿਨ੍ਹਾਂ ਔਰਤਾਂ ਦੀ ਸਰਜਰੀ ਹੋਈ ਸੀ, ਉਹ (ਅਨੇਸਥੀਸਿਆ ਦੀ ਬੇਹੋਸ਼ੀ ਨਾਲ਼) ਅਜੇ ਤੱਕ ਸੌਂ ਰਹੀਆਂ ਸਨ। ਮੇਰਾ ਅਸਰ ਛੇਤੀ ਮੁੱਕ ਗਿਆ। ਮੈਨੂੰ ਦਰਅਸਲ ਆਪਣੇ ਪੁੱਤਰ ਨੂੰ ਦੁੱਧ ਚੰਘਾਉਣ ਦੀ ਚਿੰਤਾ ਸਤਾ ਰਹੀ ਸੀ। ਮੈਂ ਕਾਫ਼ੀ ਬੇਚੈਨ ਸਾਂ।''
ਜਦੋਂ ਸਮੀਰ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਮਹੀਨਿਆਂ-ਬੱਧੀ ਸਾਇਰਾ ਨਾਲ਼ ਗੱਲ ਨਾ ਕੀਤੀ। ਉਹ ਨਰਾਜ਼ ਸਨ ਕਿ ਉਨ੍ਹਾਂ ਨੇ ਬਗ਼ੈਰ ਇਜਾਜ਼ਤ ਲਿਆਂ ਖ਼ੁਦ ਹੀ ਫ਼ੈਸਲਾ ਕਰ ਲਿਆ। ਉਹ ਚਾਹੁੰਦੇ ਸਨ ਕਿ ਸਾਇਰਾ ਕਾਪਰ-ਟੀ ਜਿਹਾ ਗਰਭਨਿਰੋਧਕ ਯੰਤਰ (ਆਈਯੂਡੀ) ਲਗਵਾ ਲਵੇ, ਜਿਹਨੂੰ ਲੋੜ ਪੈਣ 'ਤੇ ਹਟਾਇਆ ਜਾ ਸਕਦਾ ਹੁੰਦਾ ਹੈ। ਪਰ ਸਾਇਰਾ ਹੋਰ ਬੱਚੇ ਪੈਦਾ ਕਰਨ ਦੇ ਮਾਸਾ ਵੀ ਪੱਖ ਵਿੱਚ ਨਹੀਂ ਸਨ।
''ਸਾਡੇ ਖ਼ੇਤ ਅਤੇ ਮੱਝਾਂ ਹਨ। ਮੈਨੂੰ ਇਕੱਲਿਆਂ ਹੀ ਘਰ ਦੇ ਕੰਮ ਦੇ ਨਾਲ਼-ਨਾਲ਼ ਉਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਆਈਯੂਡੀ ਦੇ ਇਸਤੇਮਾਲ ਨਾਲ਼ ਮੈਨੂੰ ਕੁਝ ਹੋ ਗਿਆ ਹੁੰਦਾ ਤਾਂ?'' ਉਹ ਆਪਣੇ ਅਤੀਤ ਨੂੰ ਚੇਤੇ ਕਰਦੀ ਹਨ ਅਤੇ ਆਪਣੀ 24 ਸਾਲ ਦੀ ਉਮਰ ਨੂੰ ਇੱਕ ਉਲਝਣ ਵਜੋਂ ਦੇਖਦੀ ਹਨ, ਸਾਇਰਾ, ਜਿਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਜ਼ਿੰਦਗੀ ਜਾਂ ਗਰਭਨਿਰੋਧਕ ਬਾਰੇ ਬਹੁਤ ਮਾਮੂਲੀ ਜਾਣਕਾਰੀ ਰੱਖਦੀ ਹਨ।
ਸਾਇਰਾ ਦੀ ਮਾਂ ਅਨਪੜ੍ਹ ਸਨ, ਪਿਤਾ ਨਹੀਂ। ਪਰ ਉਨ੍ਹਾਂ ਨੇ ਸਾਇਰਾ ਦੀ ਪੜ੍ਹਾਈ-ਲਿਖਾਈ ਵੱਲ ਓਨਾ ਜ਼ੋਰ ਨਹੀਂ ਦਿੱਤਾ। ਮਸ਼ੀਨ ਦੀ ਸੂਈ ਤੋਂ ਨੀਝ ਹਟਾ ਕੇ ਉਤਾਂਹ ਦੇਖਦਿਆਂ ਉਹ ਕਹਿੰਦੀ ਹਨ,''ਇੱਕ ਔਰਤ ਡੰਗਰਾਂ ਤੋਂ ਵੱਧ ਕੇ ਕੁਝ ਨਹੀਂ। ਸਾਡੀਆਂ ਮੱਝਾਂ ਵਾਂਗਰ ਸਾਡੇ ਦਿਮਾਗ਼ ਵੀ ਥੋਥੇ ਹੋ ਗਏ ਹਨ।''
ਅੱਗੇ ਉਹ ਕਹਿੰਦੀ ਹਨ,'' ਹਰਿਆਣਾ ਕੇ ਆਦਮੀ ਕੇ ਸਾਮਨੇ ਕਿਸੇ ਕੀ ਨਹੀਂ ਚਲਤੀ। ਉਹ ਜੋ ਵੀ ਕਹਿ ਦੇਵੇ ਉਹ ਕਰਨਾ ਹੀ ਪਵੇਗਾ। ਜੇ ਉਹ ਕਹਿਣ ਕਿ ਫ਼ਲਾਣੀ ਚੀਜ਼ ਬਕਾਓ ਤਾਂ ਯਕੀਨ ਮੰਨੋ ਉਹੀ ਚੀਜ਼ ਪੱਕੇਗੀ-ਖਾਣਾ, ਕੱਪੜਾ, ਬਾਹਰ ਜਾਣਾ, ਸਾਰਾ ਕੁਝ ਉਨ੍ਹਾਂ ਦੀ ਰਜ਼ਾਮੰਦੀ ਮੁਤਾਬਕ ਹੀ ਕਰਨਾ ਪੈਂਦਾ ਹੈ।'' ਸਮਝ ਹੀ ਨਹੀਂ ਆਇਆ ਕਿ ਕਦੋਂ ਪਤੀ ਬਾਰੇ ਗੱਲ ਕਰਦੀ-ਕਰਦੀ ਸਾਇਰਾ ਦੀ ਪੂਰੀ ਗੱਲ ਉਨ੍ਹਾਂ ਦੇ ਪਿਤਾ ਵੱਲ ਨੂੰ ਮੁੜ ਗਈ।
ਤੁਸੀਂ ਉਮੀਦ ਕਰੋਗੇ ਕਿ 33 ਸਾਲਾ ਸਨਾ ਖਾਨ ( ਇਸ ਕਹਾਣੀ ਅੰਦਰ ਉਨ੍ਹਾਂ ਦਾ ਨਾਮ, ਉਨ੍ਹਾਂ ਦੇ ਪਰਿਵਾਰ ਦੇ ਨਾਮ ਬਦਲ ਦਿੱਤੇ ਗਏ ਹਨ) ਜੋ ਇੱਕ ਸਾਂਝੇ ਟੱਬਰ ਦੀ ਮੈਂਬਰ ਹਨ ਜੋ ਸਾਰਾ ਦੇ ਨਾਲ਼ ਲੱਗਦੇ ਘਰ ਵਿੱਚ ਰਹਿੰਦੀ ਹਨ, ਦੇ ਤਜ਼ਰਬੇ ਇੰਨੇ ਮੁਖ਼ਤਲਿਫ਼ ਹੋਣਗੇ। ਐਜੁਕੇਸ਼ਨ ਦੀ ਡਿਗਰੀ ਲੈਣ ਤੋਂ ਬਾਅਦ ਉਹ ਟੀਚਰ ਬਣਨਾ ਲੋਚਦੀ ਸਨ ਅਤੇ ਪ੍ਰਾਇਮਰੀ ਸਕੂਲ ਵਿੱਚ ਕੰਮ ਕਰਨਾ ਚਾਹੁੰਦੀ ਸਨ। ਪਰ ਜਿਓਂ ਹੀ ਕਦੇ ਘਰ ਦੇ ਬਾਹਰ ਜਾ ਕੇ ਕੰਮ ਕਰਨ ਦੀ ਗੱਲ ਆਉਂਦੀ ਤਾਂ ਉਨ੍ਹਾਂ ਦੇ ਪਤੀ ਰੁਸਤੁਮ ਅਲੀ (ਉਮਰ 36 ਸਾਲ) ਜੋ ਇੱਕ ਅਕਾਊਂਟਿੰਗ ਫਰਮ ਵਿੱਚ ਬਤੌਰ ਆਫ਼ਿਸ ਅਟੇਂਡੈਂਟ ਕੰਮ ਕਰਦੇ ਹਨ, ਤਾਅਨੇ ਮਾਰਨਾ ਸ਼ੁਰੂ ਕਰ ਦਿੰਦੇ: ''ਤੂੰ ਸ਼ੌਕ ਨਾਲ਼ ਬਾਹਰ ਜਾ ਕੇ ਕੰਮ ਕਰ, ਇੰਝ ਕਰਦਾਂ ਫਿਰ ਮੈਂ ਹੀ ਘਰ ਬਹਿ ਜਾਂਦਾ ਹਾਂ। ਤੂੰ ਇਕੱਲਿਆਂ ਨੌਕਰੀ ਕਰ, ਕਮਾਈ ਕਰ ਅਤੇ ਘਰ ਚਲਾ।''
ਉਦੋਂ ਤੋਂ ਸਨਾ ਨੇ ਆਪਣਾ ਮੂੰਹ ਬੰਦ ਰੱਖਣ ਵਿੱਚ ਹੀ ਭਲਾਈ ਸਮਝੀ। ''ਦੱਸੋ ਇਹ ਵੀ ਭਲ਼ਾ ਕੋਈ ਗੱਲ ਹੋਈ? ਪਰ ਖਾਮਹਖਾਹ ਬਹਿਸ ਛਿੜ ਜਾਵੇਗੀ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਪੁਰਸ਼ ਪਹਿਲੇ ਨੰਬਰ 'ਤੇ ਹੀ ਰਹਿੰਦਾ ਹੈ। ਇਸਲਈ ਔਰਤਾਂ ਕੋਲ਼ ਸਮਝੌਤਾ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਬੱਚਦਾ ਹੀ ਨਹੀਂ ਕਿਉਂਕਿ ਜੇ ਉਹ ਇੰਝ ਨਹੀਂ ਕਰਦੀਆਂ ਤਾਂ ਬਹਿਸਾਂ ਤਾਂ ਤਾਉਮਰ ਚੱਲਦੀਆਂ ਹੀ ਰਹਿਣਗੀਆਂ।''
ਜਿਸ ਤਰੀਕੇ ਨਾਲ਼ ਸਾਇਰਾ ਦੁਪਹਿਰ ਵੇਲ਼ੇ ਸੂਟ ਸਿਊਂਣ ਦਾ ਕੰਮ ਕਰਦੀ ਹਨ, ਉਸੇ ਤਰ੍ਹਾਂ ਸਨਾ ਵੀ ਦਿਨ ਦਾ ਕੁਝ ਸਮਾਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਵਿੱਚ ਲਾਉਂਦੀ ਹਨ। ਇੰਝ ਉਨ੍ਹਾਂ ਦੀ ਮਹੀਨੇ ਦੀ 5000 ਰੁਪਏ ਤੱਕ ਕਮਾਈ ਹੋ ਜਾਂਦੀ ਹੈ ਜੋ ਉਨ੍ਹਾਂ ਦੇ ਪਤੀ ਦੀ ਕਮਾਈ ਦਾ ਅੱਧਾ ਹੀ ਹੈ। ਉਹ ਇਸ ਪੈਸੇ ਦਾ ਬਹੁਤੇਰਾ ਹਿੱਸਾ ਬੱਚਿਆਂ ਦੀਆਂ ਲੋੜਾਂ ਵਾਸਤੇ ਖ਼ਰਚ ਕਰ ਦਿੰਦੀ ਹਨ। ਪਰ ਹਰਿਆਣਾ ਦੀਆਂ 54 ਫ਼ੀਸਦ ਔਰਤਾਂ ਵਾਂਗਰ ਉਨ੍ਹਾਂ ਕੋਲ਼ ਵੀ ਆਪਣਾ ਕੋਈ ਬੈਂਕ ਖ਼ਾਤਾ ਨਹੀਂ ਹੈ।
ਸਨਾ ਸਦਾ ਤੋਂ ਹੀ ਸਿਰਫ਼ ਦੋ ਬੱਚੇ ਹੀ ਪੈਦਾ ਕਰਨਾ ਚਾਹੁੰਦੀ ਸਨ ਅਤੇ ਉਹ ਇਹ ਬਾਖ਼ੂਬੀ ਜਾਣਦੀ ਸਨ ਕਿ ਆਈਯੂਡੀ ਜਿਹੀ ਗਰਭਨਿਰੋਧਕ ਵਿਧੀ ਜ਼ਰੀਏ ਉਹ ਦੋ ਬੱਚਿਆਂ ਦੇ ਜਨਮ ਵਿਚਾਲੇ ਢੁੱਕਵਾਂ ਵਕਫ਼ਾ ਰੱਖ ਸਕਦੀ ਹਨ। ਉਨ੍ਹਾਂ ਦੇ ਅਤੇ ਰੁਸਤਮ ਅਲੀ ਦੇ ਤਿੰਨ ਬੱਚੇ ਹਨ- ਦੋ ਧੀਆਂ ਅਤੇ ਇੱਕ ਪੁੱਤਰ।
2010 ਵਿੱਚ ਉਨ੍ਹਾਂ ਦੀ ਪਹਿਲੀ ਧੀ ਆਸੀਆ ਦੇ ਜਨਮ ਤੋਂ ਬਾਅਦ ਸਨਾ ਨੇ ਸੋਨੀਪਤ ਦੇ ਇੱਕ ਨਿੱਜੀ ਹਸਪਤਾਲ ਤੋਂ ਆਈਯੂਡੀ ਲਗਵਾ ਲਈ ਸੀ। ਕਈ ਸਾਲਾਂ ਤੱਕ ਉਹ ਇਹੀ ਸੋਚਦੀ ਰਹੀ ਕਿ ਇਹ ਮਲਟੀ-ਲੋਡ ਆਈਯੂਡੀ ਸੀ, ਜੋ ਉਹ ਚਾਹੁੰਦੀ ਸਨ,ਕਾਪਰ-ਟੀ ਨਹੀਂ, ਜਿਸ ਨੂੰ ਲੈ ਕੇ ਉਨ੍ਹਾਂ ਦੇ ਕਈ ਖ਼ਦਸ਼ੇ ਸਨ, ਜੋ ਪਿੰਡ ਦੀਆਂ ਕਈ ਔਰਤਾਂ ਦੇ ਮਨਾਂ ਵਿੱਚ ਵੀ ਸਨ।
ਹਰਸਾਨਾ ਕਲਾਂ ਪਿੰਡ ਦੇ ਸਿਹਤ ਉਪ-ਕੇਂਦਰ ਵਿਖੇ ਸਹਾਇਕ ਨਰਸ (ਏਐੱਨਐੱਮ) ਨਿਸ਼ਾ ਫੋਗਾਟ ਦੱਸਦੀ ਹਨ,''ਕਾਪਰ-ਟੀ ਜ਼ਿਆਦਾ ਦਿਨਾਂ ਤੱਕ ਕੰਮ ਕਰਦੀ ਹੈ ਅਤੇ ਇਹਦੀ ਵਰਤੋਂ ਨਾਲ਼ ਕਰੀਬ 10 ਸਾਲਾਂ ਤੱਕ ਗਰਭਧਾਰਨ ਤੋਂ ਬਚਿਆ ਜਾ ਸਕਦਾ ਹੈ। ਜਦੋਂਕਿ ਮਲਟੀ-ਲੋਡ ਆਈਯੂਡੀ ਤਿੰਨ ਤੋਂ ਪੰਜ ਸਾਲਾਂ ਤੱਕ ਹੀ ਕੰਮ ਕਰਦੀ ਹੈ।
''ਪਿੰਡ ਦੀਆਂ ਬਹੁਤੇਰੀਆਂ ਔਰਤਾਂ ਮਲਟੀ-ਲੋਡ ਆਈਯੂਡੀ ਦੀ ਵਰਤੋਂ ਕਰਦੀਆਂ ਹਨ। ਬੱਸ ਇਸੇ ਲਈ ਇਹ ਉਨ੍ਹਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਕਾਪਰ-ਟੀ ਬਾਰੇ ਔਰਤਾਂ ਅੰਦਰ ਸੁਣੀਆਂ-ਸੁਣਾਈਆਂ ਗੱਲਾਂ ਤੋਂ ਕੁਝ ਖ਼ਦਸ਼ੇ ਉਤਪੰਨ ਹੋ ਗਏ ਹਨ। ਜੇ ਕਿਸੇ ਗਰਭਨਿਰੋਧਕ ਤੋਂ ਕਿਸੇ ਵੀ ਇੱਕ ਔਰਤ ਨੂੰ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਬਾਕੀ ਔਰਤਾਂ ਵੀ ਉਹਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਦੀਆਂ ਹਨ।''
ਹਰਸਾਨਾ ਕਲਾਂ ਵਿੱਚ 2006 ਤੋਂ ਬਤੌਰ ਆਸ਼ਾ ਵਰਕਰ ਕੰਮ ਕਰ ਰਹੀ ਸੁਨੀਤਾ ਦੇਵੀ ਕਹਿੰਦੀ ਹਨ,''ਔਰਤਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਾਪਰ-ਟੀ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ ਭਾਰ ਨਹੀਂ ਚੁੱਕਣਾ ਹੁੰਦਾ ਅਤੇ ਇੱਕ ਹਫ਼ਤੇ ਤੱਕ ਅਰਾਮ ਕਰਨਾ ਚਾਹੀਦਾ ਹੈ ਕਿਉਂਕਿ ਅੰਦਰ ਰੱਖੇ ਯੰਤਰ ਨੂੰ ਆਪਣੀ ਥਾਂ 'ਤੇ ਫਿਟ ਹੋਣ ਵਿੱਚ ਸਮਾਂ ਲੱਗਦਾ ਹੈ। ਪਰ ਉਹ ਕਹਿਣਾ ਨਹੀਂ ਮੰਨਦੀਆਂ ਜਾਂ ਕਹਿ ਲਵੋ ਮੰਨ ਹੀ ਨਹੀਂ ਸਕਦੀਆਂ ਹੁੰਦੀਆਂ। ਬੱਸ ਫਿਰ ਪਰੇਸ਼ਾਨੀਆਂ ਦਾ ਬਾਇਸ ਬਣ ਜਾਂਦਾ ਹੈ ਅਤੇ ਉਹ ਅਕਸਰ ਸ਼ਿਕਾਇਤਾਂ ਕਰਦੀਆਂ ਮਿਲ਼ਦੀਆਂ ਹਨ,' ਮੇਰੇ ਕਾਲਜੇ ਤੱਕ ਚੜ ਗਯਾ ਹੈ। '
ਸਨਾ ਕਾਪਰ-ਟੀ ਦਾ ਇਸਤੇਮਾਲ ਕਰ ਰਹੀ ਸਨ ਅਤੇ ਇਸ ਗੱਲ ਦਾ ਪਤਾ ਉਨ੍ਹਾਂ ਨੂੰ ਉਦੋਂ ਚੱਲਿਆ ਜਦੋਂ ਉਹ ਆਈਯੂਡੀ ਕਢਵਾਉਣ ਗਈ। ਉਹ ਦੱਸਦੀ ਹਨ,''ਮੇਰੇ ਪਤੀ ਅਤੇ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਮੇਰੇ ਕੋਲ਼ ਝੂਠ ਬੋਲਿਆ ਗਿਆ। ਉਹ (ਰੁਸਤਮ ਅਲੀ) ਇਨ੍ਹਾਂ ਸਾਰੇ ਸਾਲਾਂ ਵਿੱਚ ਜਾਣਦੇ ਸਨ ਕਿ ਮੈਂ ਕਾਪਰ-ਟੀ ਦੀ ਵਰਤੋਂ ਕਰ ਰਹੀ ਹਾਂ ਨਾ ਕਿ ਮਲਟੀ-ਲੋਡ ਆਈਯੂਡੀ ਦਾ, ਪਰ ਉਨ੍ਹਾਂ ਨੂੰ ਸੱਚ ਦੱਸਣਾ ਜ਼ਰੂਰੀ ਨਹੀਂ ਜਾਪਿਆ। ਜਦੋਂ ਮੈਨੂੰ ਅਸਲੀਅਤ ਦਾ ਪਤਾ ਚੱਲਿਆ ਤਾਂ ਮੈਂ ਉਨ੍ਹਾਂ ਨਾਲ਼ ਲੜਾਈ ਕੀਤੀ।''
ਅਸੀਂ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਜੇ ਉਨ੍ਹਾਂ ਨੂੰ ਕੋਈ ਦਿੱਕਤ ਹੀ ਨਹੀਂ ਹੋਈ ਤਾਂ ਦੱਸੋ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ, ਤਾਂ ਉਹ ਜਵਾਬ ਦਿੰਦਿਆਂ ਕਹਿੰਦੀ ਹਨ,''ਉਨ੍ਹਾਂ ਬੋਲਿਆ। ਇਸ ਹਿਸਾਬ ਦੇ ਨਾਲ਼ ਤਾਂ ਉਹ ਮੇਰੇ ਅੰਦਰ ਜੋ ਕੁਝ ਵੀ ਰੱਖ ਸਕਦੇ ਹਨ ਅਤੇ ਮੈਨੂੰ ਝੂਠ ਹੀ ਬੋਲ ਸਕਦੇ ਹਨ। ਉਨ੍ਹਾਂ (ਪਤੀ) ਨੇ ਮੈਨੂੰ ਦੱਸਿਆ ਕਿ ਡਾਕਟਰ ਨੇ ਉਨ੍ਹਾਂ ਹੀ ਮੈਨੂੰ ਗੁੰਮਰਾਹ ਕਰਨ ਦੀ ਸਲਾਹ ਦਿੱਤੀ ਸੀ ਕਿਉਂਕਿ ਔਰਤਾਂ ਕਾਪਰ-ਟੀ ਤੋਂ ਡਰਦੀਆਂ ਹਨ।''
ਆਈਯੂਡੀ ਕੱਢੇ ਜਾਣ ਤੋਂ ਬਾਅਦ ਸਨਾ ਨੇ 2014 ਵਿੱਚ ਆਪਣੀ ਦੂਸਰੀ ਧੀ ਅਕਸ਼ੀ ਨੂੰ ਜਨਮ ਦਿੱਤਾ। ਉਦੋਂ ਉਨ੍ਹਾਂ ਨੂੰ ਇਸ ਗੱਲ ਦੀ ਉਮੀਦ ਸੀ ਕਿ ਇਹ ਬੱਚਾ ਉਨ੍ਹਾਂ ਦਾ ਪਰਿਵਾਰ ਮੁਕੰਮਲ ਕਰ ਦਵੇਗਾ। ਪਰ ਪਰਿਵਾਰ ਦਾ ਦਬਾਅ ਉਦੋਂ ਤੱਕ ਬਣਿਆ ਰਿਹਾ ਜਦੋਂ ਤੱਕ ਕਿ 2017 ਵਿੱਚ ਉਨ੍ਹਾਂ ਘਰ ਪੁੱਤ ਨਹੀਂ ਪੈਦਾ ਹੋ ਗਿਆ। ਉਹ ਕਹਿੰਦੀ ਹਨ,''ਉਹ ਬੇਟੇ ਨੂੰ ਸੰਪੱਤੀ ਸਮਝਦੇ ਹਨ, ਧੀਆਂ ਬਾਰੇ ਉਹ ਇੰਝ ਨਹੀਂ ਸੋਚਦੇ।''
ਪੂਰੇ ਦੇਸ਼ ਵਿੱਚ ਹਰਿਆਣਾ ਅੰਦਰ ਬਾਲ ਲਿੰਗ ਅਨੁਪਾਤ (0-6 ਸਾਲ ਉਮਰ ਵਰਗ) ਸਭ ਤੋਂ ਘੱਟ ਹੈ, ਜਿੱਥੇ ਹਰ 1000 ਲੜਕਿਆਂ ਮਗਰ ਸਿਰਫ਼ 834 ਕੁੜੀਆਂ ਹਨ (ਮਰਦਮਸ਼ੁਮਾਰੀ 2011)। ਸੋਨੀਪਤ ਜ਼ਿਲ੍ਹੇ ਦੇ ਮਾਮਲੇ ਵਿੱਚ ਹੀ ਇਹ ਅੰਕੜਾ ਹੋਰ ਵੀ ਘੱਟ ਬਣਿਆ ਹੋਇਆ ਹੈ, ਜਿੱਥੇ ਹਰ 1000 ਲੜਕਿਆਂ ਮਗਰ ਸਿਰਫ਼ 798 ਲੜਕੀਆਂ ਹਨ। ਲੜਕਿਆਂ ਨੂੰ ਤਰਜੀਹ ਦਿੱਤੇ ਜਾਣ ਕਰਕੇ ਹੀ ਕੁੜੀਆਂ ਨੂੰ ਹੀਣਾ ਸਮਝਿਆ ਜਾਂਦਾ ਹੈ। ਇਸ ਤੱਥ ਦਾ ਵੀ ਵੱਡੇ ਪੈਮਾਨੇ 'ਤੇ ਦਸਤਾਵੇਜੀਕਰਨ ਕੀਤਾ ਗਿਆ ਹੈ ਕਿ ਪਰਿਵਾਰ ਨਿਯੋਜਨ ਦੇ ਫ਼ੈਸਲੇ ਮਜ਼ਬੂਤ ਪਿਤਾ-ਪੁਰਖੀ ਵਿਵਸਥਾ ਵਿੱਚ ਅਕਸਰ ਪਤੀ ਅਤੇ ਦੂਰ ਦੇ ਪਰਿਵਾਰਾਂ ਦੁਆਰਾ ਪ੍ਰਭਾਵਤ ਹੁੰਦੇ ਹਨ। ਐੱਨਐੱਫ਼ਐੱਚਐੱਸ-4 ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਹਰਿਆਣਾ ਵਿੱਚ ਸਿਰਫ਼ 70 ਫੀਸਦ ਔਰਤਾਂ ਹੀ ਆਪਣੀ ਸਿਹਤ ਸਬੰਧੀ ਫ਼ੈਸਲਿਆਂ ਬਾਬਤ ਆਪਣੀ ਕੋਈ ਰਾਇ ਦੇ ਸਕਦੀਆਂ ਹਨ ਜਦੋਂਕਿ ਦੂਸਰੇ ਪਾਸੇ 93 ਫੀਸਦ ਪੁਰਸ਼ ਆਪਣੀ ਸਿਹਤ ਸਬੰਧੀ ਫ਼ੈਸਲੇ ਖ਼ੁਦ ਕਰਦੇ ਹਨ।
ਕਾਂਤਾ ਸ਼ਰਮਾ ( ਇਸ ਸਟੋਰੀ ਵਿੱਚ ਉਨ੍ਹਾਂ ਦਾ ਨਾਮ, ਪਰਿਵਾਰ ਦੇ ਸਾਰੇ ਜੀਆਂ ਦੇ ਨਾਮ ਬਦਲ ਦਿੱਤੇ ਗਏ ਹਨ ), ਸਾਇਰਾ ਅਤੇ ਸਨਾ ਵਾਂਗਰ ਉਸੇ ਇਲਾਕੇ ਵਿੱਚ ਰਹਿੰਦੀ ਹਨ, ਉਨ੍ਹਾਂ ਦੇ ਪਰਿਵਾਰ ਵਿੱਚ ਪੰਜ ਮੈਂਬਰ ਹਨ- ਜਿਨ੍ਹਾਂ ਵਿੱਚ ਉਨ੍ਹਾਂ ਦੇ 44 ਸਾਲਾ ਪਤੀ ਸੁਰੇਸ਼ ਸ਼ਰਮਾ ਅਤੇ ਚਾਰੇ ਬੱਚੇ ਸ਼ਾਮਲ ਹਨ। ਦੋ ਧੀਆਂ ਆਸ਼ੂ ਅਤੇ ਗੁੰਜਨ ਦਾ ਜਨਮ ਵਿਆਹ ਦੇ ਪਹਿਲੇ ਦੋ ਸਾਲਾਂ ਵਿੱਚ ਹੋਇਆ ਸੀ ਫਿਰ ਇਸ ਜੋੜੇ ਨੇ ਤੈਅ ਕੀਤਾ ਸੀ ਕਿ ਉਨ੍ਹਾਂ ਦੀ ਦੂਸਰੀ ਧੀ ਦੇ ਜਨਮ ਤੋਂ ਬਾਅਦ ਕਾਂਤਾ ਨਸਬੰਦੀ ਕਰ ਲਵੇ, ਪਰ ਸਹੁਰੇ ਪਰਿਵਾਰ ਵਾਲ਼ੇ ਉਨ੍ਹਾਂ ਦੀ ਗੱਲ ਨਾਲ਼ ਸਹਿਮਤ ਨਾ ਹੋਏ।
39 ਸਾਲਾ ਕਾਂਤਾ ਉਨ੍ਹਾਂ ਟ੍ਰਾਫੀਆਂ ਵੱਲ ਦੇਖਦਿਆਂ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਧੀਆਂ ਨੇ ਸਾਲਾਂ ਤੱਕ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਿੱਤਿਆ ਹੈ, ਕਹਿੰਦੀ ਹਨ,''ਦਾਦੀ ਨੂੰ ਪੋਤਾ ਚਾਹੀਦਾ ਸੀ। ਉਸ ਪੋਤੇ ਦੀ ਚਾਹਤ ਵਿੱਚ ਸਾਡੇ ਚਾਰ ਬੱਚੇ ਹੋ ਗਏ। ਜੋ ਘਰ ਦੇ ਬਜ਼ੁਰਗ ਚਾਹੁਣ ਉਹੀ ਕਰਨਾ ਪਵੇਗਾ। ਮੇਰੇ ਪਤੀ ਪਰਿਵਾਰ ਵਿੱਚ ਸਭ ਤੋਂ ਵੱਡੇ ਹਨ। ਅਸੀਂ ਪਰਿਵਾਰ ਦੇ ਫ਼ੈਸਲੇ ਦੀ ਬੇਕਦਰੀ ਨਹੀਂ ਕਰ ਸਕਦੇ ਸਾਂ।''
ਪਿੰਡ ਵਿੱਚ ਜਦੋਂ ਕੋਈ ਨਵੀਂ ਦੁਲਹਨ ਆਉਂਦੀ ਹੈ ਤਾਂ ਸੁਨੀਤਾ ਦੇਵੀ ਜਿਹੀਆਂ ਆਸ਼ਾ ਵਰਕਰਾਂ ਉਨ੍ਹਾਂ ਦਾ ਰਿਕਾਰਡ ਰੱਖਦੀਆਂ ਹਨ ਪਰ ਉਨ੍ਹਾਂ ਨਾਲ਼ ਗੱਲ ਕਰਨ ਵਾਸਤੇ ਉਹ ਸਾਲ ਦੇ ਅਖੀਰ ਵਿੱਚ ਹੀ ਜਾਂਦੀਆਂ ਹਨ। ਸੁਨੀਤਾ ਦੱਸਦੀ ਹਨ,''ਇੱਥੋਂ ਦੀਆਂ ਬਹੁਤੇਰੀਆਂ ਨੌਜਵਾਨ ਦੁਲਹਨਾਂ ਵਿਆਹ ਦੇ ਪਹਿਲੇ ਸਾਲ ਹੀ ਗਰਭਵਤੀ ਹੋ ਜਾਂਦੀਆਂ ਹਨ। ਬੱਚੇ ਦੇ ਜਨਮ ਤੋਂ ਬਾਅਦ ਅਸੀਂ ਉਨ੍ਹਾਂ ਦੇ ਘਰ ਜਾਂਦੇ ਹਾਂ ਅਤੇ ਸੱਸ ਦੀ ਮੌਜੂਦਗੀ ਵਿੱਚ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਬਤ ਗੱਲ ਕਰਦੇ ਹਾਂ। ਬਾਅਦ ਵਿੱਚ ਜਦੋਂ ਪਰਿਵਾਰ ਆਪਸ ਵਿੱਚ ਗੱਲ ਕਰਕੇ ਕਿਸੇ ਨਤੀਜੇ 'ਤੇ ਅਪੜਦਾ ਹੈ ਤਾਂ ਉਹ ਸਾਨੂੰ ਸੂਚਿਤ ਕਰ ਦਿੰਦੇ ਹਨ।''
ਸੁਨੀਤਾ ਕਹਿੰਦੀ ਹਨ,''ਜੇ ਅਸੀਂ ਸੱਸ ਦੇ ਸਾਹਮਣੇ ਗੱਲ ਨਾ ਕਰੀਏ ਤਾਂ ਉਹ ਨਰਾਜ਼ ਹੋ ਕੇ ਕਹਿੰਦੀ ਹਨ,' ਹਮਾਰੀ ਬਹੂ ਕੋ ਕਯਾ ਪੱਟੀ ਪੜਾ ਕੇ ਚਲਾ ਗਈ ਹੋ '!''
ਜਦੋਂ ਤੀਜੀ ਔਲਾਦ ਵੀ ਕੁੜੀ ਹੋਈ ਤਾਂ ਕਾਂਤਾ ਨੇ ਗਰਭਨਿਰੋਧਕ ਗੋਲ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਨ੍ਹਾਂ ਦਾ ਪਤੀ ਲੈ ਕੇ ਆਉਂਦਾ ਸੀ। ਇਹਦੇ ਬਾਰੇ ਸੱਸ-ਸਹੁਰਾ ਨਹੀਂ ਜਾਣਦੇ ਸਨ। ਗੋਲ਼ੀਆਂ ਛੱਡਣ ਤੋਂ ਕੁਝ ਮਹੀਨਿਆਂ ਬਾਅਦ ਕਾਂਤਾ ਫਿਰ ਤੋਂ ਗਰਭਵਤੀ ਹੋਈ ਤਾਂ ਇਸ ਵਾਰ ਪੁੱਤ ਪੈਦਾ ਹੋਇਆ। ਤ੍ਰਾਸਦੀ ਇਹ ਹੋਈ ਕਿ ਵਿਚਾਰੀ ਦਾਦੀ ਆਪਣੇ ਪੋਤੇ ਦਾ ਮੂੰਹ ਹੀ ਨਾ ਦੇਖ ਪਾਈ। ਕਾਂਤਾ ਦੀ ਸੱਸ ਦਾ 2006 ਵਿੱਚ ਮੌਤ ਹੋ ਗਈ। ਉਸ ਤੋਂ ਠੀਕ ਇੱਕ ਸਾਲ ਬਾਅਦ ਕਾਂਤਾ ਨੇ ਆਪਣੇ ਪੁੱਤ, ਰਾਹੁਲ ਨੂੰ ਜਨਮ ਦਿੱਤਾ।
ਉਦੋਂ ਤੋਂ ਕਾਂਤਾ ਪਰਿਵਾਰ ਦੀ ਸਭ ਤੋਂ ਵੱਡੀ (ਬਜ਼ੁਰਗ) ਮਹਿਲਾ ਦੀ ਹੈਸੀਅਤ ਰੱਖਦੀ ਰਹੀ ਹਨ। ਉਨ੍ਹਾਂ ਨੇ ਆਈਯੂਡੀ ਦੀ ਵਰਤੋਂ ਜਾਰੀ ਰੱਖਣ ਦਾ ਫ਼ੈਸਲਾ ਲਿਆ। ਉਨ੍ਹਾਂ ਦੀਆਂ ਧੀਆਂ ਪੜ੍ਹਾਈ ਕਰ ਰਹੀਆਂ ਹਨ। ਸਭ ਤੋਂ ਵੱਡੀ ਧੀ ਨਰਸਿੰਗ ਵਿੱਚ ਬੀਐੱਸਸੀ ਕਰ ਰਹੀ ਹੈ। ਕਾਂਤਾ ਇੰਨੀ ਛੇਤੀ ਉਹਦੇ ਵਿਆਹ ਕਰਨ ਬਾਰੇ ਨਹੀਂ ਸੋਚ ਰਹੀ।
ਕਾਂਤਾ ਕਹਿੰਦੀ ਹਨ,''ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਕਰਕੇ ਜੀਵਨ ਵਿੱਚ ਸਫ਼ਲ ਹੋਣਾ ਚਾਹੀਦਾ ਹੈ। ਸਾਡੀਆਂ ਧੀਆਂ ਜੋ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਜੇ ਉਨ੍ਹਾਂ ਦੇ ਉਸ ਟੀਚੇ ਵਿੱਚ ਅਸੀਂ ਮਦਦ ਨਹੀਂ ਕਰਾਂਗੇ ਤਾਂ ਦੱਸੋ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਉਨ੍ਹਾਂ ਦੇ ਪਤੀ ਅਤੇ ਸੱਸ-ਸਹੁਰਾ ਪੜ੍ਹਾਈ ਵਿੱਚ ਉਨ੍ਹਾਂ ਦੀ ਮਦਦ ਕਰਨਗੇ? ਸਾਡਾ ਸਮਾਂ ਹੋਰ ਸੀ। ਉਹ ਵੇਲ਼ਾ ਹੁਣ ਲੱਦ ਚੁੱਕਿਆ।''
ਆਪਣੀ (ਭਵਿੱਖ ਦੀ) ਬਣਨ ਵਾਲ਼ੀ ਨੂੰਹ ਬਾਰੇ ਤੁਹਾਡੀ ਕੀ ਰਾਇ ਹੈ, ਇਸ ਸਵਾਲ ਦੇ ਜਵਾਬ ਵਿੱਚ ਕਾਂਤਾ ਕਹਿੰਦੀ ਹਨ,''ਬਿਲਕੁਲ ਇਹੀ। ਇਹ ਉਹ ਖ਼ੁਦ ਤੈਅ ਕਰੇਗੀ ਕਿ ਉਹਨੇ ਕੀ ਕਰਨਾ ਹੈ, ਕਿਵੇਂ ਗਰਭਨਿਰੋਧਕ ਵਜੋਂ ਕੀ ਇਸਤੇਮਾਲ ਕਰਨਾ ਚਾਹੁੰਦੀ ਹੈ। ਸਾਡਾ ਸਮਾਂ ਹੋਰ ਸੀ; ਉਹ ਵੇਲ਼ਾ ਹੁਣ ਲੱਦ ਚੁੱਕਿਆ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ