"ਹਾਏ, ਉਹ ਇੱਥੇ ਸਿਰਫ਼ ਸਾਡੇ 'ਗੈਸਟਹਾਊਸ' ਬਾਰੇ ਪਤਾ ਲਾਉਣ ਆਈ ਹਨ," ਰਾਣੀ ਉਹ ਆਪਣੀ 'ਰੂਮਮੇਟ', ਲਾਵਣਿਆ ਨੂੰ ਕਹਿੰਦੀ ਹਨ। ਦੋਵੇਂ ਸਾਡੇ ਆਉਣ ਦੇ ਮਕਸਦ ਨੂੰ ਜਾਣ ਕੇ ਰਾਹਤ ਮਹਿਸੂਸ ਕਰਦੀਆਂ ਹਨ।
ਮਦੁਰਈ ਜਿਲ੍ਹੇ ਦੇ ਟੀ. ਕੱਲੂਪੱਟੀ ਬਲਾਕ ਦੇ ਕੂਵਲਾਪੁਰਮ ਪਿੰਡ ਦੀਆਂ ਗਲੀਆਂ ਵਿੱਚ ਉਦੋਂ ਹੂੰਝਾ ਫਿਰ ਗਿਆ ਜਦੋਂ ਅਸੀਂ ਜਨਵਰੀ ਦੀ ਸ਼ੁਰੂਆਤ ਵਿੱਚ ਪਹਿਲੀ ਵਾਰ ਗੈਸਟਹਾਊਸ ਦੇ ਬਾਰੇ ਅਤੇ ਉੱਥੇ ਜਾਣ ਲਈ ਪੁੱਛਗਿੱਛ ਕੀਤੀ ਸੀ। ਪੁਰਖਾਂ ਨੂੰ ਦੱਬੀ ਜ਼ੁਬਾਨੀਂ ਬੋਲਦਿਆਂ, ਸਾਨੂੰ ਕੁਝ ਦੂਰੀ 'ਤੇ ਇੱਕ ਡਿਓੜੀ ਵਿੱਚ ਬੈਠੀਆਂ ਦੋ ਔਰਤਾਂ-ਦੋਵੇਂ ਨੌਜਵਾਨ ਮਾਵਾਂ- ਵੱਲ ਸੈਨਤ ਮਾਰ ਕੇ ਜਾਣ ਲਈ ਕਿਹਾ।
"ਉਹ ਦੂਸਰੇ ਪਾਸੇ ਹੈ, ਚੱਲੋ ਚੱਲਦੇ ਹਾਂ," ਔਰਤਾਂ ਕਹਿੰਦੀਆਂ ਹਨ ਅਤੇ ਸਾਨੂੰ ਕਰੀਬ ਅੱਧਾ ਕਿਲੋਮੀਟਰ ਦੂਰ, ਪਿੰਡ ਦੇ ਇੱਕ ਕੋਨੇ ਵੱਲ ਲੈ ਜਾਂਦੀਆਂ ਹਨ। ਜਦੋਂ ਅਸੀਂ ਉੱਥੇ ਅਪੜੇ ਤਾਂ ਅਲੱਗ-ਥਲੱਗ ਦੋ ਕਮਰੇ ਜਿਹੇ ਦਿੱਸੇ ਜੋ ਕਿ ਸੁੰਨਸਾਨ ਮਾਰਿਆ ਅਖੌਤੀ 'ਗੈਸਟਹਾਊਸ' ਦਿਖਾਈ ਦਿੱਤਾ। ਦੋ ਛੋਟੇ ਢਾਂਚਿਆਂ ਦੇ ਐਨ ਵਿਚਕਾਰ ਮੌਜੂਦ ਨਿੰਮ ਦਾ ਰੁੱਖ ਪਹੇਲੀਨੁਮਾ ਜਾਪਿਆ, ਜਿਸ ਦੀਆਂ ਟਹਿਣੀਆਂ 'ਤੇ ਬੋਰੀਆਂ ਟੰਗੀਆਂ ਹੋਈਆਂ ਹਨ।
ਗੈਸਟਹਾਊਸ ਵਿੱਚ 'ਮਹਿਮਾਨ' ਮਾਹਵਾਰੀ ਵਾਲੀਆਂ ਔਰਤਾਂ ਹਨ। ਹਾਲਾਂਕਿ, ਉਹ ਇੱਥੇ ਸੱਦੇ ਜਾਂ ਆਪਣੀ ਇੱਛਾ ਨਾਲ਼ ਨਹੀਂ ਆਈਆਂ। ਸਗੋਂ ਉਨ੍ਹਾਂ ਨੂੰ, ਮੁਦਰਈ ਸ਼ਹਿਰ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ 3,000 ਨਿਵਾਸੀਆਂ ਦੇ ਇਸ ਪਿੰਡ ਵਿੱਚ ਸਖ਼ਤੀ ਨਾਲ਼ ਲਾਗੂ ਸਮੁਦਾਇਕ ਮਾਪਦੰਡਾਂ ਦੇ ਕਾਰਨ, ਇੱਥੇ ਸਮਾਂ ਬਿਤਾਉਣ ਲਈ ਮਜ਼ਬੂਰ ਕੀਤਾ ਗਿਆ ਹੈ। ਗੈਸਟਹਾਊਸ ਵਿੱਚ ਜਿਨ੍ਹਾਂ ਦੋ ਔਰਤਾਂ ਨਾਲ਼ ਸਾਡਾ ਸਾਹਮਣਾ ਹੁੰਦਾ ਹੈ, ਯਾਨਿ ਰਾਣੀ ਅਤੇ ਲਾਵਣਿਆ (ਅਸਲੀ ਨਾਂਅ ਨਹੀਂ), ਉਨ੍ਹਾਂ ਨੂੰ ਇੱਥੇ ਪੰਜ ਦਿਨਾਂ ਤੱਕ ਰੁਕਣਾ ਪਵੇਗਾ। ਹਾਲਾਂਕਿ, ਗਭਰੇਟ ਅਵਸਥਾ ਵਾਲ਼ੀਆਂ ਕੁੜੀਆਂ ਨੂੰ ਇੱਥੇ ਪੂਰੇ ਇੱਕ ਮਹੀਨੇ ਤੱਕ ਰੋਕ ਕੇ ਰੱਖਿਆ ਜਾਂਦਾ ਹੈ, ਉਵੇਂ ਹੀ ਜਿਵੇਂ ਪ੍ਰਸਵ ਤੋਂ ਬਾਅਦ ਔਰਤਾਂ ਨੂੰ ਉਨ੍ਹਾਂ ਦੇ ਨਵਜੰਮੇ ਬੱਚਿਆਂ ਦੇ ਨਾਲ਼।
"ਅਸੀਂ ਆਪਣੀਆਂ ਬੋਰੀਆਂ ਕਮਰੇ ਵਿੱਚ ਆਪਣੇ ਨਾਲ਼ ਰੱਖਦੀਆਂ ਹਾਂ," ਰਾਣੀ ਕਹਿੰਦੀ ਹਨ। ਬੋਰੀਆਂ ਵਿੱਚ ਵੱਖ ਕੀਤੇ ਹੋਏ ਭਾਂਡੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਔਰਤਾਂ ਨੂੰ ਮਾਹਵਾਰੀ ਦੌਰਾਨ ਕਰਨੀ ਪੈਂਦੀ ਹੈ। ਇੱਥੇ ਕੋਈ ਭੋਜਨ ਨਹੀਂ ਪੱਕਦਾ। ਘਰ ਦਾ ਖਾਣਾ, ਜੋ ਅਕਸਰ ਗੁਆਂਢੀਆਂ ਦੁਆਰਾ ਰਿੰਨ੍ਹਿਆ ਜਾਂਦਾ ਹੈ, ਔਰਤਾਂ ਨੂੰ ਇਨ੍ਹਾਂ ਭਾਂਡਿਆਂ ਵਿੱਚ ਹੀ ਪਾ ਕੇ ਫੜ੍ਹਾਇਆ ਜਾਂਦਾ ਹੈ। ਸਿੱਧੇ ਸਰੀਰਕ ਸੰਪਰਕ ਤੋਂ ਬਚਣ ਲਈ, ਉਨ੍ਹਾਂ ਨੂੰ ਬੋਰੀਆਂ ਵਿੱਚ ਪਾ ਕੇ ਨਿੰਮ ਦੇ ਰੁੱਖ ਨਾਲ਼ ਲਮਕਾ ਦਿੱਤਾ ਜਾਂਦਾ ਹੈ। ਹਰੇਕ 'ਮਹਿਮਾਨ' ਲਈ ਭਾਂਡਿਆਂ ਦੇ ਅਲੱਗ-ਅਲੱਗ ਸੈੱਟ ਹਨ-ਭਾਵੇਂ ਉਹ ਇੱਕੋ ਪਰਿਵਾਰ ਵਿੱਚੋਂ ਕਿਉਂ ਨਾ ਹੋਣ। ਪਰ ਸਿਰਫ਼ ਦੋ ਹੀ ਕਮਰੇ ਹਨ, ਜਿਨ੍ਹਾਂ ਨੂੰ ਉਹ ਸਾਂਝਾ ਕਰਦੀਆਂ ਹਨ।
ਕੂਵਲਾਪੁਰਮ ਵਿੱਚ, ਰਾਣੀ ਅਤੇ ਲਾਵਣਿਆ ਦੀ ਹਾਲਤ ਵਾਲ਼ੀਆਂ ਔਰਤਾਂ ਦੇ ਕੋਲ਼ ਮਾਹਵਾਰੀ ਦੌਰਾਨ ਇਨ੍ਹਾਂ ਕਮਰਿਆਂ ਵਿੱਚ ਰਹਿਣ ਤੋਂ ਇਲਾਵਾ ਦੂਸਰਾ ਕੋਈ ਵਿਕਲਪ ਨਹੀਂ ਹੁੰਦਾ। ਇਨ੍ਹਾਂ ਵਿੱਚੋਂ ਇੱਕ ਕਮਰੇ ਦੀ ਉਸਾਰੀ ਕਰੀਬ ਦੋ ਦਹਾਕੇ ਪਹਿਲਾਂ, ਪਿੰਡ ਦੇ ਲੋਕਾਂ ਦੁਆਰਾ ਜਮ੍ਹਾ ਕੀਤੇ ਗਏ ਪੈਸੇ ਨਾਲ਼ ਕੀਤੀ ਗਈ ਸੀ। ਦੋਵੇਂ ਔਰਤਾਂ 23 ਸਾਲਾਂ ਦੀਆਂ ਹਨ ਅਤੇ ਵਿਆਹੁਤਾ ਹਨ। ਲਾਵਣਿਆ ਦੇ ਦੋ ਬੱਚੇ ਹਨ ਅਤੇ ਰਾਣੀ ਦਾ ਇੱਕ; ਦੋਵਾਂ ਦੇ ਪਤੀ ਖੇਤ ਮਜ਼ਦੂਰ ਹਨ।
"ਅਜੇ ਤਾਂ ਸਿਰਫ਼ ਅਸੀਂ ਹੀ ਦੋਵੇਂ ਹਾਂ, ਪਰ ਕਦੇ-ਕਦੇ ਇੱਥੇ ਅੱਠ ਜਾਂ ਨੌ ਔਰਤਾਂ ਵੀ ਹੋ ਜਾਂਦੀਆਂ ਹਨ, ਜਿਸ ਕਰਕੇ ਭੀੜ ਹੋ ਜਾਂਦੀ ਹੈ," ਲਾਵਣਿਆ ਕਹਿੰਦੀ ਹਨ। ਕਿਉਂਕਿ ਇੰਝ ਅਕਸਰ ਹੁੰਦਾ ਹੈ, ਇਸਲਈ ਪਿੰਡ ਦੇ ਬਜ਼ੁਰਗਾਂ ਨੇ ਦੂਸਰੇ ਕਮਰੇ ਦਾ ਵਾਅਦਾ ਕੀਤਾ ਅਤੇ ਇੱਕ ਨੌਜਵਾਨ ਕਲਿਆਣ ਸੰਗਠ ਨੇ ਪੈਸਾ ਇਕੱਠਾ ਕੀਤਾ ਅਤੇ ਅਕਤੂਬਰ 2019 ਵਿੱਚ ਇਹਦਾ ਨਿਰਮਾਣ ਕੀਤਾ।
ਹਾਲਾਂਕਿ ਉਨ੍ਹਾਂ ਵਿੱਚੋਂ ਹਾਲੀ ਸਿਰਫ਼ ਦੋ ਹੀ ਹਨ, ਰਾਣੀ ਅਤੇ ਲਾਵਣਿਆ ਨੇ ਨਵੇਂ ਕਮਰੇ 'ਤੇ ਕਬਜ਼ਾ ਕਰ ਰੱਖਿਆ ਹੈ, ਕਿਉਂਕਿ ਇਹ ਵੱਡਾ, ਹਵਾਦਾਰ ਅਤੇ ਰੌਸ਼ਨੀ ਵਾਲ਼ਾ ਹੈ। ਕਮਾਲ ਦੀ ਗੱਲ ਹੈ, ਸਖ਼ਤ ਪ੍ਰਥਾ ਕਾਰਨ ਇਹ ਜੋ ਥਾਂ ਮੁਕੱਰਰ ਕੀਤੀ ਗਈ ਹੈ ਉਸ ਵਿੱਚ ਇੱਕ ਲੈਪਟਾਪ ਵੀ ਹੈ, ਜਿਹਨੂੰ ਰਾਜ ਸਰਕਾਰ ਨੇ ਲਾਵਣਿਆ ਨੂੰ ਉਦੋਂ ਦਿੱਤਾ ਸੀ, ਜਦੋਂ ਉਹ ਸਕੂਲ ਪੜ੍ਹਦੀ ਸੀ। "ਅਸੀਂ ਇੱਥੇ ਬਹਿ ਕੇ, ਸਮਾਂ ਕਿਵੇਂ ਬਿਤਾਈਏ? ਅਸੀਂ ਆਪਣੇ ਲੈਪਟਾਪ 'ਤੇ ਗਾਣੇ ਸੁਣਦੇ ਹਾਂ ਜਾਂ ਫਿਲਮਾਂ ਦੇਖਦੇ ਹਾਂ। ਘਰ ਜਾਂਦੇ ਵੇਲ਼ੇ ਮੈਂ ਇਹ ਵਾਪਸ ਲੈ ਜਾਊਂਗੀ," ਉਹ ਕਹਿੰਦੀ ਹਨ।
'ਗੈਸਟਹਾਊਸ' ਮੁੱਟੂਥੁਰਈ ਸ਼ਬਦ ਦਾ ਲਿਆਕਤ-ਭਰਿਆ ਪ੍ਰਯੋਗ ਹੈ, ਜਿਹਦਾ ਮਤਲਬ ਹੈ 'ਪ੍ਰਦੂਸ਼ਤ' ਔਰਤਾਂ ਲਈ ਨਿਸ਼ਚਤ ਥਾਂ। "ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਇਹਨੂੰ ਗੈਸਟਹਾਊਸ ਕਹਿੰਦੇ ਹਾਂ, ਤਾਂਕਿ ਉਹ ਇਹ ਨਾ ਸਮਝ ਪਾਉਣ ਕਿ ਆਖ਼ਰ ਇਹ ਅਸਲ ਵਿੱਚ ਹੈ ਕੀ," ਰਾਣੀ ਦੱਸਦੀ ਹਨ। " ਮੁੱਟੂਥੁਰਈ ਹੋਣਾ ਸ਼ਰਮ ਦੀ ਗੱਲ ਹੈ-ਖਾਸਕਰਕੇ ਜਦੋਂ ਮੰਦਰ ਦਾ ਕੋਈ ਉਤਸਵ ਹੋਵੇ ਜਾਂ ਜਨਤਕ ਪ੍ਰੋਗਰਾਮ ਅਤੇ ਪਿੰਡੋਂ ਬਾਹਰੀ ਸਾਡੇ ਰਿਸ਼ਤੇਦਾਰਾਂ ਨੂੰ ਇਸ ਪ੍ਰਥਾ ਦੀ ਜਾਣਕਾਰੀ ਨਹੀਂ ਹੈ।" ਕੂਵਲਾਪੁਰਮ ਮਦੁਰਈ ਜਿਲ੍ਹੇ ਦੇ ਉਨ੍ਹਾਂ ਪੰਜ ਪਿੰਡਾਂ ਵਿੱਚੋਂ ਇੱਕ ਹੈ, ਜਿੱਥੇ ਮਾਹਵਾਰੀ ਹੋਣ 'ਤੇ ਔਰਤਾਂ ਨੂੰ ਅਲੱਗ-ਥਲੱਗ ਰਹਿਣਾ ਪੈਂਦਾ ਹੈ। ਇਸ ਪ੍ਰਥਾ ਦਾ ਪਾਲਣ ਕਰਨ ਵਾਲੇ ਹੋਰ ਪਿੰਡਾਂ ਵਿੱਚ- ਪੁਡੁਪੱਟੀ, ਗੋਵਿੰਦਨੱਲੂਰ, ਸਪਤੁਰ ਅਲਾਗਾਪੁਰੀ ਅਤੇ ਚਿੰਨੱਯਹਪੁਰਮ, ਸ਼ਾਮਲ ਹਨ।
ਇਕਾਂਤਵਾਸ ਨਾਲ਼ ਕਲੰਕ ਲੱਗ ਸਕਦਾ ਹੈ। ਜੇਕਰ ਜੁਆਨ, ਅਣਵਿਆਹੀਆਂ ਔਰਤਾਂ ਤੈਅ ਸਮੇਂ 'ਤੇ ਗੈਸਟਹਾਊਸ ਵਿੱਚ ਮੌਜੂਦ ਨਾ ਹੋਣ, ਤਾਂ ਪਿੰਡ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਣ ਲੱਗਦਾ ਹੈ। ''ਉਹ ਇਹ ਨਹੀਂ ਸਮਝਦੇ ਕਿ ਮੇਰੀ ਮਾਹਵਾਰੀ ਦਾ ਚੱਕਰ ਕਿਵੇਂ ਕੰਮ ਕਰਦਾ ਹੈ, ਜੇਕਰ ਮੈਂ ਹਰ 30 ਦਿਨਾਂ ਵਿੱਚ ਮੁੱਟੂਥੁਰਈ ਨਾ ਗਈ ਤਾਂ ਲੋਕ ਕਹਿੰਦੇ ਹਨ ਕਿ ਮੈਨੂੰ ਸਕੂਲ ਨਹੀਂ ਭੇਜਿਆ ਜਾਣਾ ਚਾਹੀਦਾ,'' 14 ਸਾਲਾ ਭਾਨੂ (ਅਸਲੀ ਨਾਂਅ ਨਹੀਂ) ਦਾ ਕਹਿਣਾ ਹੈ ਜੋ 9ਵੀਂ ਦੀ ਵਿਦਿਆਰਥਣ ਹੈ।
"ਮੈਨੂੰ ਮਾਸਾ ਹੈਰਾਨੀ ਨਹੀਂ ਹੋਈ," ਪੁਡੁਚੇਰੀ ਸਥਿਤ ਨਾਰੀਵਾਦੀ ਲੇਖਕਾ ਸਾਲਈ ਸੇਲਵਮ ਕਹਿੰਦੀ ਹਨ, ਜੋ ਮਾਹਵਾਰੀ ਨਾਲ਼ ਸਬੰਧਤ ਵਰਜਿਤ ਗੱਲਾਂ ਨੂੰ ਲੈ ਕੇ ਖੁੱਲ੍ਹ ਕੇ ਬੋਲਦੀ ਹਨ। "ਦੁਨੀਆ ਔਰਤਾਂ ਨੂੰ ਲਗਾਤਾਰ ਨੀਵਾਂ ਦਿਖਾਉਣ, ਉਹਦੇ ਨਾਲ਼ ਦੂਜੇ ਦਰਜੇ ਦੇ ਨਾਗਰਿਕ ਜਿਹਾ ਸਲੂਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੰਸਕ੍ਰਿਤੀ ਦੇ ਨਾਮ 'ਤੇ ਇਸ ਤਰ੍ਹਾਂ ਦੇ ਪ੍ਰਤੀਬੰਧ ਉਹਦੇ ਮੂਲ਼ ਅਧਿਕਾਰਾਂ ਨੂੰ ਨਕਾਰਣ ਦਾ ਸਿਰਫ਼ ਇੱਕ ਬਹਾਨਾ ਹੈ। ਜਿਵੇਂ ਕਿ ਨਾਰੀਵਾਦੀ ਗਲੋਰਿਆ ਸਟੀਨਮ ਨੇ ਆਪਣੇ ਇਤਿਹਾਸਕ ਲੇਖ ('If Men Could Menstruate') ਵਿੱਚ ਪੁੱਛਿਆ ਹੈ, ਜੇਕਰ ਪੁਰਖਾਂ ਨੂੰ ਮਾਹਵਾਰੀ ਆ ਰਹੀ ਹੁੰਦੀ, ਤਾਂ ਕੀ ਚੀਜ਼ਾਂ ਬਿਲਕੁਲ ਵੱਖ ਨਾ ਹੁੰਦੀਆਂ?"
ਮੈਂ ਕੂਵਲਾਪੁਰਮ ਅਤੇ ਸਪਤੁਰ ਅਲਗਾਪੁਰੀ ਵਿੱਚ ਜਿਨ੍ਹਾਂ ਔਰਤਾਂ ਨਾਲ਼ ਮਿਲੀ, ਸਾਰੀਆਂ ਨੇ ਸੇਲਵਮ ਦੀ ਗੱਲ ਨਾਲ਼ ਸਹਿਮਤੀ ਜਤਾਈ-ਕਿ ਸੰਸਕ੍ਰਿਤੀ ਪੱਖਪਾਤ ਨੂੰ ਲੁਕਾਉਂਦੀ ਹੈ। ਰਾਣੀ ਅਤੇ ਲਾਵਣਿਆ ਦੋਵਾਂ ਨੂੰ 12ਵੀਂ ਤੋਂ ਬਾਅਦ ਆਪਣੀ ਪੜ੍ਹਾਈ ਰੋਕਣ ਲਈ ਮਜ਼ਬੂਰ ਕੀਤਾ ਗਿਆ ਅਤੇ ਉਨ੍ਹਾਂ ਦਾ ਫੌਰਨ ਵਿਆਹ ਕਰ ਦਿੱਤਾ ਗਿਆ। "ਪ੍ਰਸਵ ਦੌਰਾਨ ਮੈਨੂੰ ਪਰੇਸ਼ਾਨੀਆਂ ਹੋਈਆਂ ਅਤੇ ਸੀਜੇਰੀਅਨ ਕੀਤਾ ਗਿਆ। ਪ੍ਰਸਵ ਤੋਂ ਬਾਅਦ ਮੇਰੀ ਮਾਹਵਾਰੀ ਅਨਿਯਮਤ ਹੋ ਗਈ, ਪਰ ਮੁੱਟੂਥੁਰਈ ਜਾਣ ਵਿੱਚ ਥੋੜ੍ਹੀ ਦੇਰ ਹੋਈ, ਤਾਂ ਲੋਕ ਪੁੱਛਦੇ ਹਨ ਕਿ ਕੀ ਮੈਂ ਦੋਬਾਰਾ ਗਰਭਵਤੀ ਹੋ ਚੁੱਕੀ ਹਾਂ। ਉਹ ਮੇਰੀ ਸਮੱਸਿਆ ਨੂੰ ਮਾਸਾ ਵੀ ਨਹੀਂ ਸਮਝਦੇ," ਰਾਣੀ ਕਹਿੰਦੀ ਹਨ।
ਰਾਣੀ, ਲਾਵਣਿਆ ਅਤੇ ਕੂਵਲਾਪੁਰਮ ਦੀਆਂ ਹੋਰਨਾਂ ਔਰਤਾਂ ਨੂੰ ਇਹ ਪ੍ਰਥਾ ਸ਼ੁਰੂ ਹੋਣ ਦੇ ਸਮੇਂ ਬਾਰੇ ਕੁਝ ਪਤਾ ਨਹੀਂ ਹੈ। ਪਰ, ਲਾਵਣਿਆ ਕਹਿੰਦੀ ਹਨ, "ਸਾਡੀਆਂ ਮਾਵਾਂ, ਦਾਦੀਆਂ ਅਤੇ ਪੜਦਾਦੀਆਂ ਨੂੰ ਵੀ ਇਸੇ ਤਰ੍ਹਾਂ ਨਾਲ਼ ਇਕੱਲੇ ਹੋਣਾ ਪਿਆ ਸੀ। ਸਾਡਾ ਵੀ ਉਨ੍ਹਾਂ ਨਾਲ਼ੋਂ ਕੋਈ ਫ਼ਰਕ ਨਹੀਂ ਹੈ।"
ਚੇਨਈ ਸਥਿਤ ਮੈਡੀਕਲ ਅਭਿਆਸੀ (ਡਾਕਟਰ) ਅਤੇ ਦ੍ਰਵਿੜੀ ਵਿਚਾਰਕ ਡਾ. ਏਝਿਲਨ ਨਾਗਨਾਥਨ ਇਸ ਪ੍ਰਥਾ ਬਾਰੇ ਇੱਕ ਅਜੀਬ, ਪਰ ਸ਼ਾਇਦ ਤਰਕਸੰਗਤ ਸਪੱਸ਼ਟੀਕਰਨ ਪੇਸ਼ ਕਰਦੇ ਹਨ: "ਇਹਦੀ ਸ਼ੁਰੂਆਤ ਉਦੋਂ ਹੋਈ, ਜਦੋਂ ਅਸੀਂ ਸ਼ਿਕਾਰੀ ਹੋਇਆ ਕਰਦੇ ਸਾਂ," ਉਹ ਮੰਨਦੇ ਹਨ।
"ਤਮਿਲ ਸ਼ਬਦ ਵੀਟੁੱਕੂ ਥੂਰਮ (ਘਰ ਤੋਂ ਦੂਰ- ਵੱਖ ਰੱਖੀਆਂ ਗਈਆਂ ਮਾਹਵਾਰੀ ਵਾਲ਼ੀਆਂ ਔਰਤਾਂ ਲਈ ਇੱਕ ਵਿਅੰਗ)ਮੂਲ਼ ਰੂਪ ਨਾਲ਼ ਕਾਟੁੱਕੂ ਥੂਰਮ (ਜੰਗਲਾਂ ਤੋਂ ਦੂਰ) ਸੀ। ਔਰਤਾਂ ਸੁਰੱਖਿਅਤ ਥਾਂ 'ਤੇ ਚਲੀਆਂ ਜਾਂਦੀਆਂ ਸਨ, ਕਿਉਂਕਿ ਇੰਝ ਮੰਨਿਆ ਜਾਂਦਾ ਸੀ ਕਿ ਲਹੂ ਦੀ ਹਵਾੜ (ਮਾਹਵਾਰੀ, ਪ੍ਰਸਵ ਜਾਂ ਜਵਾਨੀ ਕਾਰਨ) ਜੰਗਲੀ ਜਾਨਵਰ ਉਨ੍ਹਾਂ ਦਾ ਸ਼ਿਕਾਰ ਕਰ ਸਕਦੇ ਸਨ। ਬਾਅਦ ਵਿੱਚ ਇਸ ਪ੍ਰਥਾ ਦਾ ਉਪਯੋਗ ਔਰਤਾਂ 'ਤੇ ਜ਼ੁਲਮ ਕਰਨ (ਲਤਾੜਨ) ਲਈ ਕੀਤਾ ਜਾਣ ਲੱਗਿਆ।"
ਕੂਵਲਾਪੁਰਮ ਦੇ ਲੋਕਗੀਤ ਇੰਨੇ ਤਰਕਸੰਗਤ ਨਹੀਂ ਹਨ। ਇੱਥੋਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਇੱਕ ਵਾਅਦਾ ਹੈ, ਜੋ ਇੱਕ ਸਿੱਧਰ (ਪਵਿੱਤਰ ਮਨੁੱਖ) ਦੀ ਸ਼ਰਧਾ ਵਿੱਚ ਕੀਤਾ ਗਿਆ ਹੈ, ਜਿਹਨੂੰ ਪੂਰਿਆਂ ਕਰਨਾ ਇਸ ਪਿੰਡ ਅਤੇ ਆਸਪਾਲ ਦੇ ਹੋਰ ਚਾਰ ਪਿੰਡਾਂ ਲਈ ਜ਼ਰੂਰੀ ਹੈ। " ਸਿੱਧਰ ਸਾਡੇ ਦਰਮਿਆਨ ਰਹਿੰਦੇ ਅਤੇ ਤੁਰਦੇ-ਫਿਰਦੇ ਸਨ, ਉਹ ਇੱਕ ਦੇਵਤਾ ਸਨ ਅਤੇ ਸ਼ਕਤੀਸ਼ਾਲੀ ਸਨ," ਕੂਵਲਾਪੁਰਮ ਵਿੱਚ ਸਿੱਧਰ ਨੂੰ ਸਮਰਪਤ ਮੰਦਰ-ਥੰਗਾਮੁਡੀ ਸਾਮੀ- ਦੇ ਮੁੱਖ ਕਾਰਜਕਾਰੀ, 60 ਸਾਲਾ ਐੱਮ ਮੁਥੂ ਕਹਿੰਦੇ ਹਨ। "ਸਾਡਾ ਮੰਨਣਾ ਹੈ ਕਿ ਸਾਡਾ ਪਿੰਡ ਅਤੇ ਪੁਡੁਪੱਟੀ, ਗੋਵਿੰਦਨੱਲੂਰ, ਸਪਤੁਰ ਅਲਗਾਪੁਰੀ ਅਤੇ ਚਿੰਨੱਯਹਪੁਰਮ ਸਿਧਰ ਦੀਆਂ ਪਤਨੀਆਂ ਸਨ। ਵਾਅਦਾ ਤੋੜਨ ਦਾ ਕੋਈ ਵੀ ਯਤਨ ਇਨ੍ਹਾਂ ਪਿੰਡਾਂ ਦੇ ਲਈ ਤਬਾਹਕੁੰਨ ਹੋਵੇਗਾ।"
ਪਰ 70 ਸਾਲਾ ਸੀ ਰਾਸੁ, ਜਿਨ੍ਹਾਂ ਨੇ ਆਪਣੇ ਜੀਵਨ ਦਾ ਬਹੁਤੇਰਾ ਸਮਾਂ ਕੂਵਲਾਪੁਰਮ ਵਿੱਚ ਬਿਤਾਇਆ ਹੈ, ਕਿਸੇ ਵੀ ਪੱਖਪਾਤ ਤੋਂ ਇਨਕਾਰ ਕਰਦੇ ਹਨ। "ਇਹ ਪ੍ਰਥਾ ਸਰਵਸ਼ਕਤੀਮਾਨ ਦੇ ਪ੍ਰਤੀ ਸ਼ਰਧਾ ਲਈ ਹੈ। ਔਰਤਾਂ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ-ਉਨ੍ਹਾਂ ਦੇ ਸਿਰਾਂ ਦੇ ਉੱਪਰ ਠੋਸ ਛੱਤ, ਪੱਖਾ ਅਤੇ ਕਾਫੀ ਖੁੱਲ੍ਹੀ ਥਾਂ ਹੈ।"
ਉਨ੍ਹਾਂ ਦੀ ਲਗਭਗ 90 ਸਾਲਾ ਭੈਣ, ਮੁਥੁਰੋਲੀ ਆਪਣੇ ਸਮੇਂ ਨੂੰ 'ਮਾਣ' ਨਹੀਂ ਸਕੀ ਸਨ। "ਸਾਡੇ ਸਿਰਾਂ 'ਤੇ ਕੱਖ-ਕਾਨਿਆਂ ਦੀ ਛੱਤ ਹੋਇਆ ਕਰਦੀ ਸੀ। ਬਿਜਲੀ ਵੀ ਨਹੀਂ ਸੀ। ਅੱਜ ਦੀਆਂ ਕੁੜੀਆਂ ਬੇਹਤਰ ਹਾਲਾਤ ਵਿੱਚ ਹਨ, ਫਿਰ ਵੀ ਉਹ ਸ਼ਿਕਾਇਤ ਕਰ ਰਹੀਆਂ ਹਨ। ਪਰ ਸਾਨੂੰ ਇਸ ਵਿਵਸਥਾ ਦਾ ਪਾਲਣ ਕਰਨਾ ਚਾਹੀਦਾ ਹੈ," ਉਹ ਦ੍ਰਿੜਤਾ ਨਾਲ਼ ਕਹਿੰਦੀ ਹਨ। ''ਨਹੀਂ ਤਾਂ, ਅਸੀਂ ਮਿੱਟੀ 'ਚ ਮਿਲ਼ ਜਾਵਾਂਗੇ।''
ਪਿੰਡ ਦੀਆਂ ਬਹੁਤੇਰੀਆਂ ਔਰਤਾਂ ਨੇ ਇਸ ਮਿੱਥ ਨੂੰ ਆਤਮਸਾਤ ਕਰ ਲਿਆ ਹੈ। ਇੱਕ ਔਰਤ ਜਿਹਨੇ ਇੱਕ ਵਾਰ ਆਪਣੀ ਮਾਹਵਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਨੂੰ ਸੁਪਨੇ ਵਿੱਚ ਬਾਰ-ਬਾਰ ਸੱਪ ਦਿਖਾਈ ਦੇਣ ਲੱਗੇ, ਜਿਹਦੀ ਵਿਆਖਿਆ ਉਹਨੇ ਇਹ ਕੀਤੀ ਕਿ ਕਿਉਂਕਿ ਉਹਨੇ ਪਰੰਪਰਾ ਤੋੜੀ ਸੀ ਅਤੇ ਮੁੱਟੂਥੁਰਈ ਨਹੀਂ ਗਈ ਸੀ, ਇਸਲਈ ਇਹ ਦੇਵਤਿਆਂ ਦੇ ਉਹਦੇ ਨਾਲ਼ ਨਰਾਜ਼ ਹੋਣ ਦੇ ਸੰਕੇਤ ਹਨ।
ਇਨ੍ਹਾਂ ਸਾਰੀਆਂ ਵਾਰਤਾਲਾਪਾਂ ਵਿੱਚ ਜਿਸ ਤੱਥ ਨੂੰ ਛੱਡ ਦਿੱਤਾ ਗਿਆ ਉਹ ਇਹ ਹੈ ਕਿ ਗੈਸਟਹਾਊਸ ਦੀਆਂ 'ਸੁਵਿਧਾਵਾਂ' ਵਿੱਚ ਪਖਾਨਾ ਸ਼ਾਮਲ ਨਹੀਂ ਹੈ। ''ਅਸੀਂ ਪਖਾਨੇ ਦੀ ਵਰਤੋਂ ਲਈ ਜਾਂ ਨੈਪਕਿਨ ਬਦਲਣ ਵਾਸਤੇ ਦੂਰ ਖੇਤਾਂ ਵਿੱਚ ਜਾਂਦੀਆਂ ਹਾਂ,'' ਭਾਨੂ ਕਹਿੰਦੀ ਹਨ। ਪਿੰਡ ਵਿੱਚ ਸਕੂਲ ਜਾਣ ਵਾਲੀਆਂ ਕੁੜੀਆਂ ਨੇ ਸੈਨਿਟਰੀ ਨੈਪਕਿਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ (ਜਿਹਨੂੰ ਵਰਤਣ ਤੋਂ ਬਾਅਦ ਜ਼ਮੀਨ ਅੰਦਰ ਗੱਡ ਦਿੱਤਾ ਜਾਂਦਾ ਹੈ ਜਾਂ ਸਾੜ ਦਿੱਤਾ ਜਾਂਦਾ ਹੈ, ਜਾਂ ਫਿਰ ਪਿੰਡ ਦੀ ਸੀਮਾ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ), ਜਦੋਂਕਿ ਵੱਡੀ ਉਮਰ ਦੀਆਂ ਔਰਤਾਂ ਅਜੇ ਵੀ ਕੱਪੜੇ ਦੀ ਵਰਤੋਂ ਕਰਦੀਆਂ ਹਨ, ਜਿਹਨੂੰ ਉਹ ਧੋਂਦੀਆਂ ਹਨ ਅਤੇ ਉਹਨੂੰ ਦੋਬਾਰਾ-ਦੋਬਾਰਾ ਇਸਤੇਮਾਲ ਕਰਦੀਆਂ ਹਨ।
ਮੁੱਟੂਥੁਰਈ ਵਿੱਚ ਉੱਥੋਂ ਦੀਆਂ ਔਰਤਾਂ ਲਈ ਖੁੱਲ੍ਹੇ ਵਿੱਚ ਪਾਣੀ ਦੀ ਇੱਕ ਟੂਟੀ ਹੈ-ਜਿਹਨੂੰ ਪਿੰਡ ਦੇ ਬਾਕੀ ਲੋਕ ਨਹੀਂ ਛੂਹਣਗੇ। "ਅਸੀਂ ਆਪਣੇ ਨਾਲ਼ ਜੋ ਕੱਪੜੇ ਅਤੇ ਕੰਬਲ ਲੈ ਕੇ ਆਉਂਦੀਆਂ ਹਾਂ, ਉਨ੍ਹਾਂ ਨੂੰ ਧੋਤੇ ਬਗੈਰ ਅਸੀਂ ਪਿੰਡ ਵਿੱਚ ਪੈਰ ਵੀ ਨਹੀਂ ਪਾ ਸਕਦੀਆਂ," ਰਾਣੀ ਦੱਸਦੀ ਹਨ।
ਨੇੜਲੇ ਸਪਤੁਰ ਅਲਗਾਪੁਰੀ ਵਿੱਚ, ਜੋ ਸੇਦੱਪਾਟੀ ਬਲਾਕ ਵਿੱਚ ਲਗਭਗ 600 ਲੋਕਾਂ ਦਾ ਇੱਕ ਪਿੰਡ ਹੈ, ਔਰਤਾਂ ਦਾ ਮੰਨਣਾ ਹੈ ਕਿ ਜੇਕਰ ਉਹ ਇਸ ਪ੍ਰਥਾ ਨੂੰ ਨਹੀਂ ਮੰਨਣਗੀਆਂ, ਤਾਂ ਉਨ੍ਹਾਂ ਦੀ ਮਾਹਵਾਰੀ ਰੁੱਕ ਜਾਵੇਗੀ। ਮੂਲ਼ ਰੂਪ ਨਾਲ਼ ਚੇਨੱਈ ਦੀ ਰਹਿਣ ਵਾਲੀ 32 ਸਾਲਾ ਕਰਪਾਗਮ (ਉਨ੍ਹਾਂ ਦਾ ਅਸਲੀ ਨਾਂਅ ਨਹੀਂ ਹੈ), ਇਕਾਂਤਵਾਸ ਦੀ ਇਸ ਪ੍ਰਥਾ ਤੋਂ ਖਿੱਝ ਗਈ ਸਨ। "ਪਰ ਮੈਂ ਸਮਝ ਗਈ ਕਿ ਇਹ ਸੰਸਕ੍ਰਿਤੀ ਹੈ ਅਤੇ ਮੈਂ ਇਹਦਾ ਵਿਰੋਧ ਨਹੀਂ ਕਰ ਸਕਦੀ। ਮੈਂ ਅਤੇ ਮੇਰੇ ਪਤੀ, ਅਸੀਂ ਦੋਵੇਂ ਹੁਣ ਤਿਰੂੱਪੁਰ ਵਿੱਚ ਕੰਮ ਕਰਦੇ ਹਾਂ ਅਤੇ ਇੱਥੇ ਸਿਰਫ਼ ਛੁੱਟੀ ਵਿੱਚ ਆਉਂਦੇ ਹਾਂ।" ਹੁਣ ਆਪਣੇ ਘਰ ਵਿੱਚ ਪੌੜੀਆਂ ਦੇ ਹੇਠਾਂ ਇੱਕ ਛੋਟੀ ਜਿਹੀ ਥਾਂ ਵੱਲ ਇਸ਼ਾਰਾ ਕਰਕੇ ਦੱਸਦੀ ਹਨ ਕਿ ਮਾਹਵਾਰੀ ਹੋਣ 'ਤੇ ਉਨ੍ਹਾਂ ਦੀ 'ਥਾਂ' ਹੋਇਆ ਕਰਦੀ ਹੈ।
ਸਪਤੁਰ ਅਲਗਾਪੁਰੀ ਦਾ ਮੁੱਟੂਥੁਰਈ ਅਲੱਗ-ਥਲੱਗ ਥਾਂ 'ਤੇ ਬਣਿਆ ਇੱਕ ਪੁਰਾਣਾ ਢਾਂਚਾ ਹੈ ਅਤ ਔਰਤਾਂ ਮਾਹਵਾਰੀ ਹੋਣ 'ਤੇ ਆਪਣੇ ਘਰਾਂ ਤੋਂ ਬਾਹਰ ਸੜਕਾਂ 'ਤੇ ਕੈਂਪ ਲਾ ਕੇ ਰਹਿਣਾ ਪਸੰਦ ਕਰਦੀਆਂ ਹਨ। ''ਜਦੋਂ ਤੱਕ ਕਿ ਮੀਂਹ ਨਾ ਪੈ ਰਿਹਾ ਹੋਵੇ,'' 41 ਸਾਲਾ ਲਤਾ (ਅਸਲੀ ਨਾਂਅ ਨਹੀਂ) ਕਹਿੰਦੀ ਹਨ। ਉਦੋਂ, ਉਹ ਮੁੱਟੂਥੁਰਈ ਵਿੱਚ ਰਹਿਣ ਚਲੀ ਜਾਂਦੀ ਹਨ।
ਵਿਡੰਬਨਾ ਇਹ ਹੈ ਕਿ ਕੂਵਲਾਪੁਰਮ ਅਤੇ ਸਪਤੁਰ ਅਲਗਾਪੁਰੀ, ਦੋਵੇਂ ਥਾਵਾਂ 'ਤੇ ਲਗਭਗ ਸਾਰੇ ਘਰਾਂ ਵਿੱਚ ਪਖਾਨੇ ਹਨ, ਜੋ ਲਗਭਗ ਸੱਤ ਸਾਲ ਪਹਿਲਾਂ ਰਾਜ ਦੀਆਂ ਯੋਜਨਾਵਾਂ ਤਹਿਤ ਬਣਾਏ ਗਏ ਸਨ। ਛੋਟੇ ਗ੍ਰਾਮੀਣ ਵਾਸੀ ਤਾਂ ਉਨ੍ਹਾਂ ਦੀ ਵਰਤੋਂ ਕਰਦੇ ਹਨ, ਜਦੋਂਕਿ ਬਜੁਰਗ ਲੋਕ, ਔਰਤਾਂ ਸਣੇ, ਖੇਤਾਂ ਵਿੱਚ ਜਾਣਾ ਪਸੰਦ ਕਰਦੇ ਹਨ। ਪਰ ਦੋਵਾਂ ਪਿੰਡ ਦੇ ਮੁੱਟੂਥੁਰਈ ਵਿੱਚ ਪਖਾਨਾ ਨਹੀਂ ਹੈ।
"ਮਾਹਵਾਰੀ ਆਉਣ 'ਤੇ ਅਸੀਂ ਭਾਵੇਂ ਉਸ ਥਾਂ ਵੱਲ ਜਾ ਰਹੇ ਹੋਵੋ, ਪਰ ਅਸੀਂ ਮੁੱਖ ਸੜਕ 'ਤੇ ਨਹੀਂ ਚੱਲ ਸਕਦੇ," ਮਾਇਕ੍ਰੋਬਾਓਲੌਜੀ ਵਿੱਚ ਪੂਰਵ-ਸਨਾਤਕ ਕਰ ਰਹੀ 20 ਸਾਲਾ ਸ਼ਾਲਿਨੀ (ਅਸਲੀ ਨਾਂਅ ਨਹੀਂ) ਕਹਿੰਦੀ ਹਨ। " ਮੁੱਟੂਥੁਰਈ ਤੱਕ ਪਹੁੰਚਣ ਲਈ ਸਾਨੂੰ ਕਿਸੇ ਘੁਮਾਓਦਾਰ, ਪੂਰੀ ਤਰ੍ਹਾਂ ਨਾਲ਼ ਬੀਆਬਾਨ ਮਾਰਗ ਨੂੰ ਚੁਣਨਾ ਪੈਂਦਾ ਹੈ।" ਸ਼ਾਲਿਨੀ ਮਦੁਰਈ ਦੇ ਆਪਣੇ ਕਾਲਜ ਵਿੱਚ ਹੋਰ ਵਿਦਿਆਰਥੀਆਂ ਦੇ ਨਾਲ਼ ਕਦੇ ਵੀ ਮਾਹਵਾਰੀ 'ਤੇ ਚਰਚਾ ਨਹੀਂ ਕਰਦੀਆਂ, ਇਸ ਡਰੋਂ ਕਿ ਉਹ ਇਸ 'ਭੇਦ ਤੋਂ ਪਰਦਾ' ਚੁੱਕ ਸਕਦੀਆਂ ਹਨ। ''ਇਹ ਕੋਈ ਮਾਣ ਕਰਨ ਵਾਲੀ ਗੱਲ ਤਾਂ ਨਹੀਂ ਹੈ," ਉਹ ਕਹਿੰਦੀ ਹਨ।
ਸਪਤੁਰ ਅਲਗਾਪੁਰੀ ਵਿੱਚ ਜੈਵਿਕ ਖੇਤੀ ਕਰਨ ਵਾਲੇ ਇੱਕ ਕਿਸਾਨ, 43 ਸਾਲਾ ਟੀ.ਸੇਲਵਕਣੀ ਨੇ ਗ੍ਰਾਮੀਣਾਂ ਨਾਲ਼ ਇਸ ਪ੍ਰਥਾ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। "ਅਸੀਂ ਸਮਾਰਟਫੋਨ ਅਤੇ ਲੈਪਟਾਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਬਾਵਜੂਦ ਇਹਦੇ ਅੱਜ, 2020 ਵਿੱਚ ਵੀ ਸਾਡੀਆਂ ਔਰਤਾਂ ਨੂੰ (ਮਾਹਵਾਰੀ ਦੌਰਾਨ) ਅਲੱਗ-ਥਲੱਗ ਕਰ ਦਿੱਤਾ ਜਾਂਦਾ ਹੈ?" ਉਹ ਸਵਾਲ ਕਰਦੇ ਹਨ। ਹਾਲਾਂਕਿ ਇਹਦਾ ਕਾਰਨ ਕੀ ਹੈ, ਇਹ ਅਪੀਲ ਕੰਮ ਨਹੀਂ ਕਰਦੀ। "ਜਿਲ੍ਹਾ ਕਲੈਕਟਰ ਨੂੰ ਵੀ ਇੱਥੋਂ ਦੇ ਇਸ ਨਿਯਮ ਦਾ ਪਾਲਣ ਕਰਨਾ ਪਵੇਗਾ," ਲਤਾ ਜੋਰ ਦੇ ਕੇ ਕਹਿੰਦੀ ਹਨ। "ਇੱਥੇ, ਕਲੀਨਿਕ ਅਤੇ ਹਸਪਤਾਲਾਂ ਵਿੱਚ ਕੰਮ ਕਰਨ ਵਾਲੀਆਂ ਨਰਸਾਂ (ਅਤੇ ਹੋਰ ਸਿੱਖਿਅਤ ਅਤੇ ਨੌਕਰੀਪੇਸ਼ਾ ਔਰਤਾਂ) ਵੀ ਮਾਹਵਾਰੀ ਦੇ ਸਮੇਂ ਬਾਹਰ ਰਹਿੰਦੀਆਂ ਹਨ," ਉਹ ਦੱਸਦੀ ਹਨ। "ਤੁਹਾਡੀ ਪਤਨੀ ਨੂੰ ਵੀ ਇਹਦਾ ਪਾਲਣ ਕਰਨਾ ਚਾਹੀਦਾ ਹੈ, ਇਹ ਆਸਥਾ ਦੀ ਗੱਲ ਹੈ," ਉਹ ਸੇਲਵਕਣੀ ਨੂੰ ਕਹਿੰਦੀ ਹਨ।
ਔਰਤਾਂ ਨੂੰ ਗੈਸਟਹਾਊਸ ਵਿੱਚ ਪੰਜ ਦਿਨ ਰਹਿਣਾ ਪੈਂਦਾ ਹੈ। ਹਾਲਾਂਕਿ, ਜਵਾਨ ਹੋਈਆਂ ਕੁੜੀਆਂ ਨੂੰ ਇੱਥੇ ਪੂਰੇ ਇੱਕ ਮਹੀਨੇ ਤੱਕ ਬੰਦ ਰੱਖਿਆ ਜਾਂਦਾ ਹੈ, ਜਿਵੇਂ ਪ੍ਰਸਵ ਤੋਂ ਬਾਅਦ ਆਪਣੇ ਨਵਜੰਮੇ ਬੱਚੇ ਨਾਲ਼ ਔਰਤਾਂ ਨੂੰ ਰੱਖਿਆ ਜਾਂਦਾ ਹੈ
"ਤੁਸੀਂ ਮੁਦਰਈ ਅਤੇ ਥੇਨੀ ਜਿਲ੍ਹਿਆਂ ਦੇ ਆਸਪਾਸ ਅਜਿਹੇ ਕਈ ਹੋਰ 'ਗੈਸਟਹਾਊਸ' ਦੇਖ ਸਕਦੀ ਹੋ। ਉਨ੍ਹਾਂ ਦੇ ਕੋਲ਼ ਵੱਖ-ਵੱਖ ਕਾਰਨਾਂ ਨਾਲ਼, ਪਾਲਣ ਕਰਨ ਲਈ ਅਲੱਗ-ਅਲੱਗ ਮੰਦਰ ਹਨ," ਸਾਲਈ ਸੇਲਵਮ ਕਹਿੰਦੀ ਹਨ। ''ਅਸੀਂ ਲੋਕਾਂ ਨਾਲ਼ ਗੱਲ ਕਰਨ ਦੀ ਪੂਰੀ ਵਾਹ ਲਾਈ, ਪਰ ਉਹ ਨਹੀਂ ਸੁਣਦੇ ਕਿਉਂਕਿ ਇਹ ਆਸਥਾ ਦੀ ਗੱਲ ਹੈ। ਇਹਨੂੰ ਸਿਰਫ਼ ਰਾਜਨੀਤਕ ਇੱਛਾ-ਸ਼ਕਤੀ ਨਾਲ਼ ਹੀ ਬਦਲਿਆ ਜਾ ਸਕਦਾ ਹੈ। ਪਰ ਇਹਦੇ ਵਿੱਚ ਬਦਲਾਅ ਲਿਆਉਣ ਦੀ ਬਜਾਇ, ਸੱਤ੍ਹਾ ਵਿੱਚ ਬੈਠੇ ਲੋਕ ਜਦੋਂ ਵੋਟ ਮੰਗਣ ਲਈ ਆਉਂਦੇ ਹਨ, ਤਾਂ ਉਹ ਗੈਸਟਹਾਊਸ ਨੂੰ ਆਧੁਨਿਕ ਬਣਾਉਣ, ਇੱਥੇ ਹੋਰ ਵੀ ਸੁਵਿਧਾਵਾਂ ਮੁਹੱਈਆ ਕਰਨ ਦਾ ਵਾਅਦਾ ਕਰਦੇ ਹਨ।''
ਸੈਲਵਮ ਨੂੰ ਜਾਪਦਾ ਹੈ ਕਿ ਇਹਦੀ ਬਜਾਇ, ਸੱਤ੍ਹਾ ਵਿੱਚ ਰਹਿਣ ਵਾਲ਼ੇ ਲੋਕ ਦਖ਼ਲ ਦੇ ਕੇ ਇਨ੍ਹਾਂ ਗੈਸਟਹਾਊਸ ਨੂੰ ਖ਼ਤਮ ਕਰ ਸਕਦੇ ਹਨ। "ਉਹ ਕਹਿੰਦੇ ਹਨ ਕਿ ਇਹ ਮੁਸ਼ਕਲ ਹੈ ਕਿਉਂਕਿ ਇਹ ਆਸਥਾ ਦਾ ਮਾਮਲਾ ਹੈ। ਪਰ ਅਸੀਂ ਇਸ ਤਰ੍ਹਾਂ ਦੀ ਛੂਆ-ਛਾਤ ਨੂੰ ਬਰਕਰਾਰ ਰਹਿਣ ਦੀ ਆਗਿਆ ਕਦੋਂ ਤੱਕ ਦੇ ਸਕਦੇ ਹਾਂ? ਯਕੀਨਨ, ਸਰਕਾਰ ਜੇਕਰ ਕਠੋਰ ਕਦਮ ਚੁੱਕਦੀ ਹੈ, ਤਾਂ ਇਹਨੂੰ ਲਗਾਮ ਲੱਗੇਗੀ-ਪਰ ਇਹਨੂੰ (ਖ਼ਤਮ) ਕਰਨਾ ਹੈ ਅਤੇ ਮੇਰਾ ਯਕੀਨ ਕਰੋ, ਲੋਕ ਜਲਦੀ ਹੀ ਭੁੱਲ ਜਾਣਗੇ।"
ਤਮਿਲਨਾਡੂ ਵਿੱਚ ਮਾਹਵਾਰੀ ਅਤੇ ਮਹੀਨੇ ਨੂੰ ਬੁਰਾ ਮੰਨਣ ਨੂੰ ਲੈ ਕੇ ਵਰਜਨਾਵਾਂ ਕੋਈ ਅਸਧਾਰਣ ਗੱਲ ਨਹੀਂ ਹੈ। ਪੱਟੂਕੋਟਈ ਬਲਾਕ ਦੇ ਅਨਾਇੱਕਡੂ ਪਿੰਡ ਦੀ 14 ਸਾਲਾ ਐੱਸ. ਵਿਜਯਾ ਨੇ ਨਵੰਬਰ 2018 ਵਿੱਚ ਇਸ ਵਰਜਣਾ ਵਿੱਚ ਉਦੋਂ ਆਪਣੀ ਜਾਨ ਗੁਆ ਦਿੱਤੀ ਸੀ, ਜਦੋਂ ਗਾਜਾ ਚੱਕਰਵਾਤ ਤੰਜਾਵੁਰ ਜਿਲ੍ਹੇ ਨਾਲ਼ ਟਕਰਾਇਆ ਸੀ। ਮਾਹਵਾਰੀ ਵਾਲ਼ੀ ਇਸ ਕੁੜੀ, ਜਿਹਦੀ ਪਹਿਲੀ ਮਾਹਵਾਰੀ ਚੱਲ ਰਹੀ ਸੀ, ਨੂੰ ਘਰ ਦੇ ਕੋਲ਼ ਇੱਕ ਘਾਹ-ਫੂਸ ਦੀ ਝੌਂਪੜੀ ਵਿੱਚ ਇਕੱਲੇ ਰਹਿਣ 'ਤੇ ਮਜ਼ਬੂਰ ਕੀਤਾ ਗਿਆ ਸੀ। (ਮੁੱਖ ਘਰ ਵਿੱਚ ਉਹਦੇ ਪਰਿਵਾਰ ਦੇ ਬਾਕੀ ਲੋਕ ਬੱਚ ਗਏ)।
"ਇਹ ਵਰਜਨਾ ਤਮਿਲਨਾਡੂ ਵਿੱਚ ਬਹੁਤੇਰੀਆਂ ਥਾਵਾਂ 'ਤੇ ਮੌਜੂਦ ਹੈ, ਸਿਰਫ਼ ਪੱਧਰ ਵਿੱਚ ਫ਼ਰਕ ਹੈ," ਡਾਕਿਊਮੈਂਟਰੀ ਫਿਲਮ ਨਿਰਮਾਤਾ ਗੀਤਾ ਇਲੰਗੋਵਨ ਕਹਿੰਦੀ ਹਨ, ਜਿਨ੍ਹਾਂ ਦੁਆਰਾ 2012 ਵਿੱਚ ਬਣਾਈ ਗਈ ਡਾਕਿਊਮੈਂਟਰੀ, ਮਾਧਵੀਦਾਈ (ਮਾਹਵਾਰੀ) ਨਾਲ਼ ਜੁੜੀਆਂ ਵਰਜਨਾਵਾਂ 'ਤੇ ਅਧਾਰਤ ਹੈ। ਕੁਝ ਸ਼ਹਿਰੀ ਇਲਾਕਿਆਂ ਵਿੱਚ ਇਕਾਂਤਵਾਸ ਦੇ ਕੁਝ ਹੱਦ ਤੱਕ ਵਿਚਾਰਸ਼ੀਲ ਹੋ ਸਕਦੇ ਹਨ, ਪਰ ਪ੍ਰਚਲਿਤ ਹਨ। "ਮੈਂ ਇੱਕ ਨੌਕਰਸ਼ਾਹ ਦੀ ਪਤਨੀ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਉਹਨੇ ਆਪਣੀ ਧੀ ਨੂੰ ਉਨ੍ਹਾਂ ਤਿੰਨ ਦਿਨ ਦੌਰਾਨ ਰਸੋਈ ਵਿੱਚ ਵੜ੍ਹਨ ਦੀ ਆਗਿਆ ਨਹੀਂ ਦਿੱਤੀ ਅਤੇ ਇਹ ਉਹਦੇ 'ਅਰਾਮ' ਦਾ ਸਮਾਂ ਸੀ। ਤੁਸੀਂ ਇਸ ਵਿਭਿੰਨ ਸ਼ਬਦਾਂ ਨੂੰ ਬਿਆਨ ਕਰ ਸਕਦੇ ਹੋ, ਪਰ ਜੋ ਵੀ ਹੋਵੇ ਆਖ਼ਰਕਾਰ ਇਹ ਪੱਖਪਾਤ ਹੀ ਹੈ।"
ਇਲੰਗੋਵਨ ਦਾ ਇਹ ਵੀ ਕਹਿਣਾ ਹੈ ਕਿ ਸਾਰੇ ਧਰਮਾਂ ਅਤੇ ਸਮਾਜਿਕ-ਆਰਥਿਕ ਪਿੱਠਭੂਮੀ ਵਿੱਚ ਮਾਹਵਾਰੀ ਨੂੰ ਬੁਰਾ ਮੰਨਣਾ ਆਮ ਹੈ, ਸਿਰਫ਼ ਅਲੱਗ-ਅਲੱਗ ਤਰੀਕਿਆਂ ਨਾਲ਼। "ਆਪਣੀ ਡਾਕਿਊਮੈਂਟਰੀ ਲਈ, ਮੈਂ ਇੱਕ ਅਜਿਹੀ ਔਰਤ ਨਾਲ਼ ਗੱਲ ਕੀਤੀ, ਜੋ ਅਮੇਰੀਕਾ ਦੇ ਇੱਕ ਸ਼ਹਿਰ ਵਿੱਚ ਤਬਦੀਲ (ਸਥਾਨਾਂਤਰਿਤ) ਹੋ ਗਈ ਸੀ, ਫਿਰ ਵੀ ਮਾਹਵਾਰੀ ਧਰਮ ਦੌਰਾਨ ਅਲੱਗ-ਥਲੱਗ ਰਹਿੰਦੀ ਸੀ। ਉਨ੍ਹਾਂ ਨੇ ਤਰਕ ਦਿੱਤਾ ਕਿ ਇਹ ਉਹਦੀ ਨਿੱਜੀ ਚੋਣ ਹੈ। ਉੱਚ-ਵਰਗੀ, ਉੱਚ-ਜਾਤੀ ਦੀਆਂ ਔਰਤਾਂ ਲਈ ਜੋ ਵਿਅਕਤੀਗਤ ਚੋਣ ਹੈ, ਉਹੀ ਉਨ੍ਹਾਂ ਬੇਅਵਾਜ਼ ਔਰਤਾਂ ਲਈ ਸਮਾਜਿਕ ਦਬਾਅ ਬਣ ਜਾਂਦਾ ਹੈ, ਜੋ ਬਹੁਤ ਹੀ ਕੱਟੜ ਪਿਤਾਸੱਤ੍ਹਾਤਮਕ (ਪੁਰਖ-ਪ੍ਰਧਾਨ) ਸਮਾਜ ਵਿੱਚ ਕੋਈ ਸ਼ਕਤੀ ਨਹੀਂ ਦਿਖਾ ਪਾਉਂਦੀਆਂ ਹਨ।"
"ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਪਵਿੱਤਰਤਾ ਦੀ ਇਹ ਸੰਸਕ੍ਰਿਤੀ ਅਸਲ ਵਿੱਚ 'ਉੱਚ' ਜਾਤੀ ਦੀ ਹੈ," ਇਲੰਗੋਵਨ ਆਪਣੀ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ। ਫਿਰ ਵੀ ਇਹ ਪੂਰੇ ਸਮਾਜ ਨੂੰ ਪ੍ਰਭਾਵਤ ਕਰਦੀ ਹੈ-ਕੂਵਲਾਪੁਰਮ ਦਾ ਭਾਈਚਾਰਾ ਕਾਫੀ ਹੱਦ ਤੱਕ ਦਲਿਤ ਹੈ। ਫਿਲਮ ਨਿਰਮਾਤਾ ਦੱਸਦੀ ਹਨ ਕਿ ''ਡਾਕਿਊਮੈਂਟਰੀ ਲਈ ਨਿਸ਼ਾਨਾ ਦਰਸ਼ਕ ਪੁਰਖ਼ ਹੀ ਸਨ; ਅਸੀਂ ਚਾਹੁੰਦੇ ਹਾਂ ਕਿ ਉਹ ਇਸ ਮੁੱਦੇ ਨੂੰ ਸਮਝਣ। ਨੀਤੀ ਬਣਾਉਣ ਵਾਲ਼ੇ ਲਗਭਗ ਹਮੇਸ਼ਾ ਹੀ ਪੁਰਖ਼ ਹੁੰਦੇ ਹਨ। ਅਸੀਂ ਜਦੋਂ ਤੱਕ ਇਹਦੇ ਬਾਰੇ ਗੱਲ ਨਹੀਂ ਕਰਦੇ, ਉਸ 'ਤੇ ਜਦੋਂ ਤੱਕ ਘਰ ਨਾਲ਼ ਗੱਲਬਾਤ ਸ਼ੁਰੂ ਨਹੀਂ ਕਰਦੇ, ਉਦੋਂ ਤੱਕ ਕੋਈ ਉਮੀਦ ਨਹੀਂ ਦਿਖਾਈ ਦਿੰਦੀ।''
ਇਹਦੇ ਇਲਾਵਾ, ''ਪਾਣੀ ਦੀਆਂ ਢੁੱਕਵੀਂਆਂ ਸੁਵਿਧਾਵਾਂ ਤੋਂ ਬਗੈਰ ਔਰਤਾਂ ਨੂੰ ਅਲੱਗ ਕਰਕੇ ਸਿਹਤ ਨੂੰ ਲੈ ਕੇ ਬਹੁਤ ਸਾਰੇ ਖ਼ਤਰੇ ਹੋ ਸਕਦੇ ਹਨ,'' ਚੇਨੱਈ ਸਥਿਤ ਜਨਾਨਾ ਰੋਗ ਮਾਹਰ, ਡਾ. ਸ਼ਾਰਦਾ ਸ਼ਕਤੀਰਾਜਨ ਕਹਿੰਦੀ ਹਨ। ''ਲੰਬੇ ਸਮੇਂ ਤੱਕ ਭਿੱਜਿਆ ਹੋਇਆ ਪੈਡ ਰੱਖਣਾ ਅਤੇ ਸਾਫ਼ ਪਾਣੀ ਦੀ ਸੁਵਿਧਾ ਨਾ ਹੋਣ ਨਾਲ਼ ਪੇਸ਼ਾਬ ਅਤੇ ਪ੍ਰਜਨਨ ਨਾਲ਼ੀਆਂ ਵਿੱਚ ਲਾਗ ਲੱਗ ਸਕਦੀ ਹੈ। ਇਹ ਲਾਗ ਔਰਤਾਂ ਅੰਦਰ ਭਵਿੱਖ ਦੀ ਪ੍ਰਜਨਨ ਸਮਰੱਥਾ ਨੂੰ ਵਿਗਾੜ ਸਕਦੀ ਹੈ ਅਤ ਦੀਰਘਕਾਲਿਕ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ ਪੇੜੂ ਵਿੱਚ ਲਗਾਤਾਰ ਤੇ ਸਥਾਈ ਦਰਦ। ਘੱਟ ਸਵੱਛਤਾ (ਪੁਰਾਣੇ ਕੱਪੜੇ ਦੀ ਮੁੜ ਵਰਤੋਂ) ਅਤੇ ਇਹਦੇ ਨਤੀਜੇ ਵਿੱਚ ਲੱਗਣ ਵਾਲੀ ਲਾਗ ਸਰਵਾਈਕਲ ਕੈਂਸਰ ਦੇ ਪੈਦਾ ਹੋਣ ਦਾ ਮਹੱਤਵਪੂਰਨ ਕਾਰਕ ਹੈ,'' ਉਹ ਕਹਿੰਦੀ ਹਨ।
ਇੰਟਰਨੈਸ਼ਲ ਜਰਨਲ ਆਫ਼ ਕਮਿਊਨਿਟੀ ਮੈਡੀਸੀਨ ਐਂਡ ਪਬਲਿਕ ਹੈਲਥ ਵਿੱਚ ਪ੍ਰਕਾਸ਼ਤ 2018 ਦੀ ਰਿਪੋਰਟ ਕਹਿੰਦੀ ਹੈ ਕਿ ਸਰਵਾਈਕਲ ਕੈਂਸਰ ਔਰਤਾਂ ਨੂੰ ਪ੍ਰਭਾਵਤ ਕਰਨ ਵਾਲਾ ਦੂਸਰਾ ਸਭ ਤੋਂ ਆਮ ਕੈਂਸਰ ਹੈ, ਖਾਸ ਕਰਕੇ ਤਮਿਲਨਾਡੂ ਦੇ ਗ੍ਰਾਮੀਣ ਇਲਾਕਿਆਂ ਵਿੱਚ।
ਵਾਪਸ ਕੂਵਲਾਪੁਰਮ ਵਿੱਚ , ਭਾਨੁ ਦੀਆਂ ਹੋਰ ਪ੍ਰਾਥਮਿਕਤਾਵਾਂ ਹਨ। "ਤੁਸੀਂ ਇਸ ਪ੍ਰਥਾ ਨੂੰ ਬਦਲ ਨਹੀਂ ਸਕਦੀਆਂ ਹੋ, ਭਾਵੇਂ ਕਿੰਨੀ ਸ਼ਦੀਦ ਕੋਸ਼ਿਸ਼ ਕਰ ਲਵੋ," ਉਹ ਮੈਨੂੰ ਵਿਵੇਕਪੂਰਣ ਤਰੀਕੇ ਨਾਲ਼ ਦੱਸਦੀ ਹੈ। "ਪਰ ਜੇਕਰ ਤੁਸੀਂ ਸਾਡੇ ਲਈ ਕੁਝ ਕਰ ਸਕਦੀ ਹੋ, ਤਾਂ ਕ੍ਰਿਪਾ ਕਰਕੇ ਮੁੱਟੂਥੁਰਈ ਵਿੱਚ ਸਾਡੇ ਲਈ ਪਖਾਨੇ ਦੀ ਵਿਵਸਥਾ ਕਰ ਦਿਓ। ਇਹ ਸਾਡੇ ਜੀਵਨ ਨੂੰ ਸੁਖਾਲਾ ਬਣਾ ਦਵੇਗਾ।"
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ