ਮਾਨਸੂਨ ਰੁੱਕ ਚੁੱਕਿਆ ਸੀ। ਬਿਹਾਰ ਦੇ ਬੜਗਾਓਂ ਖੁਰਦ ਪਿੰਡ ਦੀਆਂ ਔਰਤਾਂ ਆਪਣੇ ਕੱਚੇ ਮਕਾਨਾਂ ਦੀਆਂ ਬਾਹਰੀ ਕੰਧਾਂ ਨੂੰ ਲਿੰਬਣ ਲਈ ਖੇਤਾਂ ਤੋਂ ਮਿੱਟੀ ਲਿਆ ਰਹੀਆਂ ਸਨ। ਕੰਧਾਂ ਨੂੰ ਮਜ਼ਬੂਤ ਅਤੇ ਸੁੰਦਰ ਬਣਾਉਣ ਦਾ ਇਹ ਕੰਮ ਉਹ ਅਕਸਰ ਕਰਦੀਆਂ ਹਨ, ਖਾਸ ਕਰਕੇ ਤਿਓਹਾਰਾਂ ਤੋਂ ਪਹਿਲਾਂ।
22 ਸਾਲਾ ਲੀਲਾਵਤੀ ਦੇਵੀ ਮਿੱਟੀ ਲਿਆਉਣ ਲਈ ਦੂਸਰੀਆਂ ਔਰਤਾਂ ਦੇ ਨਾਲ਼ ਘਰੋਂ ਨਿਕਲ਼ਣਾ ਚਾਹੁੰਦੀ ਸਨ। ਪਰ ਉਨ੍ਹਾਂ ਦਾ ਤਿੰਨ ਮਹੀਨਿਆਂ ਦਾ ਬੇਟਾ ਰੋ ਰਿਹਾ ਸੀ ਅਤੇ ਸੌਂ ਨਹੀਂ ਰਿਹਾ ਸੀ। ਉਨ੍ਹਾਂ ਪਤੀ, 24 ਸਾਲਾ ਅਜੇ ਓਰਾਂਵ, ਉਸੇ ਇਲਾਕੇ ਵਿੱਚ ਆਪਣੇ ਕਿਰਾਏ ਦੀ ਦੁਕਾਨ 'ਤੇ ਸਨ। ਬੱਚਾ ਉਨ੍ਹਾਂ ਦੀਆਂ ਬਾਹਾਂ ਵਿੱਚ ਲੇਟਿਆ ਹੋਇਆ ਸੀ ਅਤੇ ਲੀਲਾਵਤੀ ਥੋੜ੍ਹੀ-ਥੋੜ੍ਹੀ ਦੇਰ ਵਿੱਚ ਉਹਦੇ ਮੱਥੇ 'ਤੇ ਆਪਣੀ ਹਥੇਲੀ ਰੱਖ ਰਹੀ ਸਨ, ਜਿਵੇਂ ਕਿ ਉਹਦਾ ਬੁਖਾਰ ਜਾਂਚ ਰਹੀ ਹੋਵੇ। "ਉਹ ਠੀਕ ਹੈ, ਘੱਟ ਤੋਂ ਘੱਟ ਮੈਨੂੰ ਤਾਂ ਇੰਝ ਹੀ ਜਾਪਦਾ ਹੈ," ਉਨ੍ਹਾਂ ਨੇ ਕਿਹਾ।
ਸਾਲ 2018 ਵਿੱਚ, ਲੀਲਾਵਤੀ ਦੀ 14 ਮਹੀਨਿਆਂ ਦੀ ਬੇਟੀ ਨੂੰ ਬੁਖਾਰ ਹੋ ਗਿਆ ਸੀ, ਜਿਸ ਕਰਕੇ ਉਹਦੀ ਮੌਤ ਹੋ ਗਈ ਸੀ। "ਸਿਰਫ਼ ਦੋ ਦਿਨਾਂ ਦਾ ਹੀ ਬੁਖਾਰ ਸੀ, ਉਹ ਵੀ ਬਹੁਤਾ ਨਹੀਂ," ਲੀਲਾਵਤੀ ਨੇ ਦੱਸਿਆ। ਇਸ ਤੋਂ ਇਲਾਵਾ, ਮਾਪਿਆਂ ਨੂੰ ਮੌਤ ਦਾ ਕਾਰਨ ਪਤਾ ਨਹੀਂ ਹੈ। ਨਾ ਤਾਂ ਹਸਪਤਾਲ ਦਾ ਕੋਈ ਰਿਕਾਰਡ ਹੈ ਅਤੇ ਨਾ ਹੀ ਕੋਈ ਨੁਸਖਾ ਜਾਂ ਦਵਾਈ। ਪਤੀ-ਪਤਨੀ ਨੇ ਯੋਜਨਾ ਬਣਾਈ ਸੀ ਕਿ ਜੇਕਰ ਬੁਖਾਰ ਅਗਲੇ ਕੁਝ ਦਿਨਾਂ ਤੱਕ ਘੱਟ ਨਹੀਂ ਹੁੰਦਾ ਹੈ, ਤਾਂ ਉਹ ਉਹਨੂੰ ਕੈਮੂਰ ਜਿਲ੍ਹੇ ਦੇ ਅਧੌਰਾ ਬਲਾਕ ਦੇ ਆਪਣੇ ਪਿੰਡ ਤੋਂ ਨੌ ਕਿਲੋਮੀਟਰ ਦੂਰ ਸਥਿਤ ਮੁੱਢਲੇ ਸਿਹਤ ਕੇਂਦਰ (ਪੀਐੱਚਸੀ) ਲੈ ਜਾਣਗੇ। ਪਰ ਉਨ੍ਹਾਂ ਨੇ ਇੰਝ ਨਾ ਕੀਤਾ।
ਕੈਮੂਰ ਵਾਈਡਲਾਈਫ ਸੈਨਚੁਰੀ ਦੇ ਜੰਗਲ ਵਾਲੇ ਇਲਾਕੇ ਦੇ ਕਰੀਬ ਸਥਿਤ ਪੀਐੱਚਸੀ ਵਿੱਚ ਵਲਗਣ (ਚਾਰ ਦੀਵਾਰੀ) ਨਹੀਂ ਹੈ। ਬੜਗਾਓਂ ਖੁਰਦ ਪਿੰਡ ਅਤੇ ਉਸ ਨਾਲ਼ ਲੱਗਦੇ ਬੜਗਾਓਂ ਕਲਾਂ ਦੇ ਲੋਕ ਜੰਗਲੀ ਜਾਨਵਰਾਂ ਦੀਆਂ ਕਹਾਣੀਆਂ ਸੁਣਦੇ ਹਨ ਕਿ ਭਾਲੂ, ਤੇਂਦੂਆ ਅਤੇ ਨੀਲ-ਗਾਂ ਇਸ ਇਮਾਰਤ (ਦੋਵੇਂ ਪਿੰਡਾਂ ਦੇ ਸਾਂਝੇ ਪੈਐੱਚਸੀ) ਵਿੱਚ ਘੁੰਮਦੇ ਹਨ, ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਲ਼-ਨਾਲ਼ ਸਿਹਤ ਕਰਮਚਾਰੀਆਂ ਨੂੰ ਵੀ ਡਰਾਉਂਦੇ ਹਨ, ਜਿਨ੍ਹਾਂ ਨੂੰ ਇੱਥੇ ਸੇਵਾ ਨਿਭਾਉਣ ਵਿੱਚ ਕੋਈ ਰੁਚੀ ਨਹੀਂ ਰਹਿੰਦੀ।
"ਇੱਥੇ ਇੱਕ ਉਪ-ਕੇਂਦਰ (ਬੜਗਾਓਂ ਖੁਰਦ ਵਿੱਚ) ਵੀ ਹੈ, ਪਰ ਇਸ ਇਮਾਰਤ ਨੂੰ ਛੱਡ ਦਿੱਤਾ ਗਿਆ ਹੈ। ਇਹ ਬੱਕਰੀਆਂ ਅਤੇ ਹੋਰਨਾਂ ਜਾਨਵਰਾਂ ਲਈ ਸਰ੍ਹਾਂ (ਆਰਮਗਾਹ) ਬਣ ਗਿਆ ਹੈ," ਇੱਕ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁੰਨ (ਆਸ਼ਾ), ਫੁਲਵਾਸੀ ਦੇਵੀ ਕਹਿੰਦੀ ਹਨ ਜੋ ਆਪਣੇ ਖੁਦ ਦੇ ਮਿਆਰਾਂ ਦੇ ਅਨੁਸਾਰ, 2014 ਤੋਂ ਸੀਮਤ ਸਫ਼ਲਤਾ ਦੇ ਨਾਲ਼ ਇਸ ਨੌਕਰੀ 'ਤੇ ਟਿਕੀ ਹੋਈ ਹਨ।
"ਡਾਕਟਰ ਅਧੌਰਾ (ਸ਼ਹਿਰ, ਕਰੀਬ 15 ਕਿਲੋਮੀਟਰ ਦੂਰ) ਵਿੱਚ ਰਹਿੰਦੇ ਹਨ। ਕੋਈ ਮੋਬਾਇਲ ਕੁਨੈਕਸ਼ਨ ਨਹੀਂ ਹੈ, ਇਸੇ ਲਈ ਮੈਂ ਐਮਰਜੈਂਸੀ ਹਾਲਤ ਵਿੱਚ ਕਿਸੇ ਨਾਲ਼ ਸੰਪਰਕ ਨਹੀਂ ਕਰ ਸਕਦੀ," ਫੁਲਵਾਸੀ ਕਹਿੰਦੀ ਹਨ। ਇਹਦੇ ਬਾਵਜੂਦ, ਪਿਛਲੇ ਕੁਝ ਵਰ੍ਹਿਆਂ ਵਿੱਚ, ਉਹ ਅਨੁਮਾਨ ਲਗਾਉਂਦੀ ਹਨ ਕਿ ਉਹ ਘੱਟ ਤੋਂ ਘੱਟ 50 ਔਰਤਾਂ ਨੂੰ ਪੀਐੱਚਸੀ ਜਾਂ ਜੱਚਾ-ਬੱਚਾ ਹਸਪਤਾਲ (ਪੀਐੱਚਸੀ ਨੇੜੇ ਹੀ ਸਥਿਤ) ਦੀ ਰੇਫਰਲ ਯੁਨਿਟ- ਇੱਕ ਹੋਰ ਖਸਤਾ-ਹਾਲਤ ਇਮਾਰਤ, ਜਿਸ ਵਿੱਚ ਕੋਈ ਮਹਿਲਾ-ਡਾਕਟਰ ਨਹੀਂ ਹੈ-ਵਿੱਚ ਲੈ ਆਈ ਹਾਂ। ਇੱਥੇ ਸਾਰੀਆਂ ਜਿੰਮੇਦਾਰੀਆਂ ਸਹਾਇਕ ਨਰਸ ਮਿਡਵਾਈਫ (ਏਐੱਨਐੱਮ) ਅਤੇ ਇੱਕ ਪੁਰਖ ਡਾਕਟਰ ਦੁਆਰਾ ਸੰਭਾਲੀਆਂ ਜਾਂਦੀਆਂ ਹਨ, ਇਹ ਦੋਵੇਂ ਪਿੰਡ ਵਿੱਚ ਨਹੀਂ ਰਹਿੰਦੇ ਅਤੇ ਟੈਲੀਕਾਮ ਸਿਗਨਲ ਨਾ ਹੋਣ 'ਤੇ ਉਨ੍ਹਾਂ ਨਾਲ਼ ਸੰਕਟਕਾਲੀਨ ਹਾਲਤ ਵਿੱਚ ਸੰਪਰਕ ਸਾਧਣਾ ਮੁਸ਼ਕਲ ਹੁੰਦਾ ਹੈ।
ਪਰ ਫੁਲਵਾਸੀ ਪੂਰੀ ਮਿਹਨਤ ਨਾਲ਼ ਕੰਮ ਕਰਦਿਆਂ, ਬੜਗਾਓਂ ਖੁਰਦ ਦੇ 85 ਪਰਿਵਾਰਾਂ (522 ਦੀ ਅਬਾਦੀ ਵਾਲੇ) ਦੀ ਦੇਖਭਾਲ਼ ਕਰਦੀ ਹਨ। ਫੁਲਵਾਸੀ ਸਣੇ ਇੱਥੋਂ ਦੇ ਜਿਆਦਾਤਰ ਲੋਕ ਓਰਾਂਵ ਭਾਈਚਾਰੇ ਤੋਂ ਹਨ, ਜੋ ਕਿ ਪਿਛੜਿਆ ਕਬੀਲਾ ਹੈ। ਉਨ੍ਹਾਂ ਦਾ ਜੀਵਨ ਅਤੇ ਰੋਜ਼ੀ-ਰੋਟੀ ਖੇਤੀ ਅਤੇ ਜੰਗਲਾਂ 'ਤੇ ਕੇਂਦਰਤ ਹੈ। ਉਨ੍ਹਾਂ ਵਿੱਚੋਂ ਕਈਆਂ ਦੇ ਕੋਲ਼ ਖੁਦ ਦੀ ਜ਼ਮੀਨ ਹੈ, ਜਿਸ 'ਤੇ ਉਹ ਮੁੱਖ ਤੌਰ 'ਤੇ ਕਣਕ ਦੀ ਖੇਤੀ ਕਰਦੇ ਹਨ, ਕੁਝ ਅਧੌਰਾ ਅਤੇ ਹੋਰਨਾਂ ਸ਼ਹਿਰਾਂ ਵਿੱਚ ਦੈਨਿਕ ਮਜ਼ਦੂਰੀ ਕਰਦੇ ਹਨ।
"ਤੁਸੀਂ ਸੋਚ ਰਹੇ ਹੋ ਕਿ ਇਹ ਸੰਖਿਆ ਛੋਟੀ ਹੈ, ਪਰ ਸਰਕਾਰ ਦੀ ਮੁਫ਼ਤ ਐਂਬੂਲੈਂਸ ਸੇਵਾ ਇੱਥੇ ਨਹੀਂ ਚੱਲਦੀ ਹੈ," ਫੁਲਵਾਸੀ ਇੱਕ ਪੁਰਾਣੇ ਅਤੇ ਟੁੱਟੇ-ਭੱਜੇ ਵਾਹਨ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ, ਜੋ ਸਾਲਾਂ ਤੋਂ ਪੀਐੱਚਸੀ ਦੇ ਬਾਹਰ ਖੜ੍ਹਾ ਹੈ। "ਅਤੇ ਲੋਕਾਂ ਵਿੱਚ ਹਸਪਤਾਲਾਂ, ਕੌਪਰ-ਟੀ ਅਤੇ ਗਰਭਨਿਰੋਧਕ ਗੋਲੀਆਂ ਬਾਰੇ ਗ਼ਲਤ ਧਾਰਨਾਵਾਂ ਹਨ (ਇਸ ਗੱਲ ਨੂੰ ਲੈ ਕੇ ਕਿ ਕੌਪਰ-ਟੀ ਅੰਦਰ ਕਿਵੇਂ ਪਾਇਆ ਜਾਂਦਾ ਹੈ)। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਇੱਥੇ ਕਿਹਦੇ ਕੋਲ਼ ਇੰਨਾ ਸਮਾਂ ਕਿ ਉਹ ਘਰ ਦੇ ਸਾਰੇ ਕੰਮ ਕਰਨ ਤੋਂ ਬਾਅਦ 'ਜਾਗਰੂਕਤਾ ਅਭਿਆਨਾਂ ਵਿੱਚ-ਮਾਂ ਅਤੇ ਬੱਚੇ, ਪੋਲੀਓ ਆਦਿ ਬਾਰੇ-ਸ਼ਾਮਲ ਹੋਣ?ਏ"
ਸਿਹਤ ਸਬੰਧੀ ਇਸ ਤਰ੍ਹਾਂ ਦੀਆਂ ਰੁਕਾਵਟਾਂ ਗਰਭਵਤੀ ਔਰਤਾਂ ਅਤੇ ਬੜਗਾਓਂ ਖੁਰਦ ਵਿੱਚ ਨਵੀਆਂ ਮਾਵਾਂ ਦੇ ਨਾਲ਼ ਸਾਡੀ ਗੱਲਬਾਤ ਵਿੱਚ ਝਲਕਦੀ ਹੈ। ਅਸੀਂ ਜਿਨ੍ਹਾਂ ਔਰਤਾਂ ਨਾਲ਼ ਗੱਲ ਕੀਤੀ, ਉਨ੍ਹਾਂ ਵਿੱਚੋਂ ਸਭ ਨੇ ਘਰੇ ਹੀ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਸੀ- ਹਾਲਾਂਕਿ, ਰਾਸ਼ਟਰੀ ਪਰਿਵਰਾ ਸਿਹਤ ਸਰਵੇਖਣ ( ਐੱਨਐੱਫ਼ਐੱਚਐੱਸ-4 , 2015-16) ਦੇ ਅੰਕੜਿਆਂ ਅਨੁਸਾਰ, ਕੈਮੂਰ ਜਿਲ੍ਹੇ ਵਿੱਚ ਪਿਛਲੇ ਪੰਜਾਂ ਸਾਲਾਂ ਵਿੱਚ 80 ਫੀਸਦੀ ਪ੍ਰਸਵ ਸੰਸਥਾਗਤ ਸਨ। ਐੱਨਐੱਫ਼ਐੱਚਐੱਸ-4 ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘਰੇ ਪੈਦਾ ਹੋਏ ਕਿਸੇ ਵੀ ਬੱਚੇ ਨੂੰ ਜਨਮ ਦੇ 24 ਘੰਟਿਆਂ ਦੇ ਅੰਦਰ ਚੈੱਕਅਪ ਲਈ ਹਸਪਤਾਲ ਨਹੀਂ ਲੈ ਜਾਇਆ ਗਿਆ ਸੀ।
ਬੜਗਾਓਂ ਖੁਰਦ ਦੇ ਇੱਕ ਹੋਰ ਘਰ ਵਿੱਚ, 21 ਸਾਲ ਕਾਜਲ ਦੇਵੀ ਆਪਣੇ ਬੱਚੇ ਨੂੰ ਆਪਣੇ ਪੇਕਿਆਂ ਘਰੀਂ ਜਨਮ ਦੇਣ ਤੋਂ ਬਾਅਦ, ਆਪਣੇ ਚਾਰ ਮਹੀਨਿਆਂ ਦੇ ਬੱਚੇ ਨਾਲ਼ ਆਪਣੇ ਸਹੁਰੇ ਘਰ ਮੁੜ ਆਈ। ਪੂਰੀ ਗਰਭ-ਅਵਸਥਾ ਦੌਰਾਨ ਕਿਸੇ ਡਾਕਟਰ ਤੋਂ ਸਲਾਹ-ਮਸ਼ਵਰਾ ਜਾਂ ਜਾਂਚ ਨਹੀਂ ਕਰਾਈ ਗਈ। ਹਾਲੇ ਤੀਕਰ ਬੱਚੇ ਦਾ ਟੀਕਾਕਰਣ ਤੱਕ ਨਹੀਂ ਹੋਇਆ ਹੈ। "ਮੈਂ ਆਪਣੀ ਮਾਂ ਦੇ ਘਰ ਸਾਂ, ਇਸਲਈ ਮੈਂ ਸੋਚਿਆ ਕਿ ਘਰ ਮੁੜਨ ਤੋਂ ਬਾਅਦ ਹੀ ਉਹਨੂੰ ਟੀਕਾ ਲਗਵਾਉਂਗੀ," ਕਾਜਲ ਕਹਿੰਦੀ ਹਨ, ਇਸ ਗੱਲ ਤੋਂ ਅਣਜਾਣ ਕਿ ਉਹ ਆਪਣੇ ਬੱਚੇ ਨੂੰ ਗੁਆਂਢੀ ਬੜਗਾਓਂ ਕਲਾਂ ਵਿੱਚ ਆਪਣੇ ਮਾਪਿਆਂ ਦੇ ਘਰੇ ਵੀ ਟੀਕਾ ਲਗਵਾ ਸਕਦੀ ਸੀ। ਉਹ 108 ਘਰਾਂ ਅਤੇ 619 ਲੋਕਾਂ ਦੀ ਅਬਾਦੀ ਵਾਲਾ ਥੋੜ੍ਹਾ ਵੱਡਾ ਪਿੰਡ ਹੈ, ਜਿੱਥੇ ਉਨ੍ਹਾਂ ਕੋਲ਼ ਆਪਣੀ ਆਸ਼ਾ ਵਰਕਰ ਹੈ।
ਡਾਕਟਰ ਕੋਲੋਂ ਸਲਾਹ ਲੈਣ ਵਿੱਚ ਝਿਜਕ ਦਾ ਕਾਰਨ ਡਰ ਦੇ ਨਾਲ਼-ਨਾਲ਼ ਕਈ ਮਾਮਲਿਆਂ ਵਿੱਚ, ਲੜਕੇ ਨੂੰ ਪਹਿਲ ਦੇਣਾ ਵੀ ਹੈ। "ਮੈਂ ਸੁਣਿਆ ਹੈ ਕਿ ਹਸਪਤਾਲਾਂ ਵਿੱਚ ਬੱਚੇ ਬਦਲ ਦਿੱਤੇ ਜਾਂਦੇ ਹਨ, ਖਾਸ ਕਰਕੇ ਜਦੋਂ ਉਹ ਲੜਕਾ ਹੋਵੇ, ਇਸੇ ਲਈ ਘਰੇ ਹੀ ਪ੍ਰਸਵ ਕਰਾਉਣਾ ਬੇਹਤਰ ਹੈ," ਕਾਜਲ ਦੇਵੀ ਜਵਾਬ ਵਿੱਚ ਕਹਿੰਦੀ ਹਨ, ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੇ ਪਿੰਡ ਦੀਆਂ ਬਜੁਰਗ ਔਰਤਾਂ ਦੀ ਮਦਦ ਨਾਲ਼ ਆਪਣੇ ਬੱਚੇ ਨੂੰ ਘਰੇ ਹੀ ਪੈਦਾ ਕਰਨ ਦਾ ਫੈਸਲਾ ਕਿਉਂ ਕੀਤਾ।
ਬੜਗਾਓਂ ਖੁਰਦ ਦੀ ਇੱਕ ਹੋਰ ਨਿਵਾਸੀ, 28 ਸਾਲਾ ਸੁਨੀਤਾ ਦੇਵੀ ਕਹਿੰਦੀ ਹਨ ਕਿ ਉਨ੍ਹਾਂ ਨੇ ਵੀ ਟ੍ਰੇਂਡ ਨਰਸ ਜਾਂ ਡਾਕਟਰ ਦੀ ਸਹਾਇਤਾ ਤੋਂ ਬਗੈਰ ਘਰੇ ਹੀ ਪ੍ਰਸਵ ਕਰਾਇਆ। ਉਨ੍ਹਾਂ ਦਾ ਚੌਥਾ ਬੱਚਾ, ਵੀ ਇੱਕ ਕੁੜੀ ਹੀ ਹੈ, ਜੋ ਉਹਦੀ ਗੋਦੀ ਵਿੱਚ ਗੂੜ੍ਹੀ ਨੀਂਦੇ ਸੁੱਤੀ ਪਈ ਹੈ। ਆਪਣੀ ਪੂਰੀ ਗਰਭ-ਅਵਸਥਾ ਦੌਰਾਨ, ਸੁਨੀਤਾ ਕਦੇ ਵੀ ਜਾਂਚ ਕਰਾਉਣ ਜਾਂ ਪ੍ਰਸਵ ਲਈ ਹਸਪਤਾਲ ਨਹੀਂ ਗਈ।
"ਹਸਪਤਾਲ ਵਿੱਚ ਕਈ ਲੋਕ ਹੁੰਦੇ ਹਨ। ਮੈਂ ਲੋਕਾਂ ਦੇ ਸਾਹਮਣੇ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਮੈਨੂੰ ਸ਼ਰਮ ਆਉਂਦੀ ਹੈ , ਅਤੇ ਜੇਕਰ ਕੁੜੀ ਹੋਈ ਤਾਂ ਹੋਰ ਵੀ ਮਾੜਾ ਹੈ," ਸੁਨੀਤਾ ਕਹਿੰਦੀ ਹਨ, ਜੋ ਫੁਲਵਾਸੀ ਦੀ ਇਸ ਗੱਲ 'ਤੇ ਯਕੀਨ ਕਰਨ ਨੂੰ ਰਾਜੀ ਨਹੀਂ ਹਨ ਕਿ ਹਸਪਤਾਲ ਵਾਲੇ ਗੁਪਤਤਾ ਦਾ ਖਿਆਲ ਰੱਖ ਸਕਦੇ ਹਨ।
"ਘਰੇ ਹੀ ਬੱਚੇ ਨੂੰ ਜਨਮ ਦੇਣਾ ਸਭ ਤੋਂ ਚੰਗਾ ਹੈ-ਕਿਸੇ ਬਜੁਰਗ ਔਰਤ ਦੀ ਮਦਦ ਹਾਸਲ ਕਰੋ। ਚਾਰ ਬੱਚਿਆਂ ਤੋਂ ਬਾਅਦ, ਤੁਹਾਨੂੰ ਉਂਝ ਵੀ ਬਹੁਤ ਜਿਆਦਾ ਮਦਦ ਦੀ ਲੋੜ ਨਹੀਂ ਹੈ," ਸੁਨੀਤਾ ਹੱਸਦਿਆਂ ਕਹਿੰਦੀ ਹਨ। "ਅਤੇ ਫਿਰ ਇਹ ਵਿਅਕਤੀ ਟੀਕਾ ਲਾਉਣ ਆਉਂਦਾ ਹੈ ਅਤੇ ਤੁਸੀਂ ਬੇਹਤਰ ਮਹਿਸੂਸ ਕਰਦੀ ਹੋ।"
ਟੀਕਾ ਲਾਉਣ ਲਈ ਸੱਤ ਕਿਲੋਮੀਟਰ ਦੂਰ ਤਾਲਾ ਬਜਾਰੋਂ ਆਉਣ ਵਾਲਾ ਵਿਅਕਤੀ " ਬਿਨਾ- ਡਿਗਰੀ ਡਾਕਟਰ" (ਬਗੈਰ ਡਿਗਰੀ ਤੋਂ ਡਾਕਟਰ) ਹੈ, ਜਿਹਨੂੰ ਲੋਕ ਲੋੜ ਪੈਣ ਵੇਲੇ ਸੱਦਦੇ ਹਨ। ਕਿਸੇ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਹੈ ਕਿ ਉਹਦੀ ਯੋਗਤਾ ਕੀ ਹੈ ਜਾਂ ਉਹਦੇ ਕੋਲ਼ ਕਿਹੜਾ ਟੀਕਾ ਹੁੰਦਾ ਹੈ।
ਸੁਨੀਤਾ ਆਪਣੀ ਗੋਦ ਵਿੱਚ ਸੌਂ ਰਹੀ ਬੱਚੀ ਨੂੰ ਦੇਖਦੀ ਹਨ ਅਤੇ ਸਾਡੀ ਗੱਲਬਾਤ ਦੌਰਾਨ, ਉਹ ਦੂਸਰੀ ਧੀ ਦੇ ਜੰਮਣ 'ਤੇ ਅਪਰਾਧ-ਬੋਧ ਨਾਲ਼ ਭਰੀ ਹਨ। ਉਹ ਇਸ ਗੱਲ ਤੋਂ ਚਿੰਤਤ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਧੀਆਂ ਦੇ ਵਿਆਹ ਕਿਵੇਂ ਹੋਣਗੇ, ਅਤੇ ਉਨ੍ਹਾਂ ਦੇ ਪਰਿਵਾਰ ਵਿੱਚੋਂ ਖੇਤਾਂ ਵਿੱਚ ਉਨ੍ਹਾਂ ਦੇ ਪਤੀ ਦੀ ਮਦਦ ਕਰਨ ਵਾਲਾ ਕੋਈ ਪੁਰਖ ਹੀ ਨਹੀਂ ਹੈ।
ਪ੍ਰਸਵ ਤੋਂ 3-4 ਹਫ਼ਤੇ ਪਹਿਲਾਂ ਅਤੇ ਬਾਅਦ ਵਾਲੇ ਹਫਤਿਆਂ ਨੂੰ ਛੱਡ ਕੇ, ਸੁਨੀਤਾ ਹਰ ਦਿਨ ਦੁਪਹਿਰ ਨੂੰ ਘਰ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਖੇਤ ਜਾਂਦੀ ਹਨ। "ਇਹ ਬੀਜਾਈ ਵਗੈਰਾ ਦਾ ਮਾੜਾ-ਮੋਟਾ ਕੰਮ ਹੈ," ਉਹ ਕਹਿੰਦੀ ਹਨ।
ਸੁਨੀਤਾ ਤੋਂ ਕੁਝ ਘਰ ਛੱਡ ਕੇ 22 ਸਾਲਾ ਕਿਰਨ ਦੇਵੀ ਰਹਿੰਦੀ ਹਨ, ਜੋ ਸੱਤ ਮਹੀਨੇ (ਪਹਿਲਾ ਬੱਚਾ) ਦੀ ਗਰਭਵਤੀ ਹਨ। ਉਹ ਇੱਕ ਵਾਰ ਵੀ ਹਸਪਤਾਲ ਨਹੀਂ ਗਈ ਹਨ, ਉਨ੍ਹਾਂ ਦੇ ਮਨ ਅੰਦਰ ਇੰਨਾ ਪੈਦਲ ਤੁਰਨ ਅਤੇ ਗੱਡੀ ਕਿਰਾਏ 'ਤੇ ਲੈਣ ਦੇ ਖਰਚੇ ਦਾ ਡਰ ਸਮਾਇਆ ਹੈ। ਕਿਰਨ ਦੀ ਸੱਸ ਦੀ ਕੁਝ ਮਹੀਨੇ ਪਹਿਲਾਂ (2020 ਵਿੱਚ) ਮੌਤ ਹੋ ਗਈ। "ਕੰਬਦੇ-ਕੰਬਦੇ ਉਨ੍ਹਾਂ ਨੇ ਇੱਥੇ ਹੀ ਦਮ ਤੋੜ ਦਿੱਤਾ ਸੀ। ਬਾਕੀ ਅਸੀਂ ਹਸਪਤਾਲ ਕਿਵੇਂ ਜਾਵਾਂਗੇ?" ਕਿਰਨ ਪੁੱਛਦੀ ਹਨ।
ਜੇਕਰ ਇਨ੍ਹਾਂ ਪਿੰਡਾਂ, ਬੜਗਾਓਂ ਖੁਰਦ ਬੜਗਾਓਂ ਕਲਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਅਚਾਨਕ ਬੀਮਾਰ ਪੈ ਜਾਂਦਾ ਹੈ, ਤਾਂ ਵਿਕਲਪ ਸੀਮਤ ਹਨ: ਬਿਨਾਂ ਵਲਗਣ ਵਾਲਾ ਅਸੁਰੱਖਿਅਤ ਪੀਐੱਚਸੀ; ਜੱਚਾ-ਬੱਚਾ ਹਸਪਤਾਲ ਦੀ ਰੈਫ਼ਰਲ ਇਕਾਈ (ਅਸਲੀ ਹਸਪਤਾਲ ਕੈਮੂਰ ਜਿਲ੍ਹਾ ਹਸਪਤਾਲ ਦਾ ਹਿੱਸਾ) ਹੈ, ਜਿੱਥੇ ਕੋਈ ਇੱਕ ਵੀ ਡਾਕਟਰ ਉਪਲਬਧ ਨਹੀਂ ਹੁੰਦਾ ਜਾਂ ਕਰੀਬ 45 ਕਿਲੋਮੀਟਰ ਦੂਰ ਕੈਮੂਰ ਜਿਲ੍ਹਾ ਹੈਡ-ਕੁਆਰਟਰਸ, ਭੁਬੁਆ, ਦਾ ਹਸਪਤਾਲ।
ਅਕਸਰ, ਕਿਰਨ ਦੇ ਪਿੰਡ ਦੇ ਲੋਕ ਇਸ ਦੂਰੀ ਨੂੰ ਪੈਦਲ ਹੀ ਤੈਅ ਕਰਦੇ ਹਨ। ਕੁਨੈਕਟੀਵਿਟੀ ਦੇ ਨਾਮ 'ਤੇ ਕੁਝ ਬੱਸਾਂ, ਜਿਨ੍ਹਾਂ ਦੀ ਕੋਈ ਨਿਸ਼ਚਿਤ ਸਮੇਂ-ਸਾਰਣੀ ਨਹੀਂ ਹੈ ਅਤੇ ਨਿੱਜੀ ਪਿੱਕ-ਅਪ ਵਾਹਨ ਚੱਲਦੇ ਹਨ। ਅਤੇ ਇੰਝ ਲੋਕਾਂ ਨੂੰ ਉਹ ਥਾਂ ਲੱਭਣ ਵਿੱਚ ਸੰਘਰਸ਼ ਕਰਨਾ ਪੈਂਦਾ ਹੈ, ਜਿੱਥੇ ਮੋਬਾਇਲ ਫੋਨ ਦਾ ਨੈਟਵਰਕ ਆਉਂਦਾ ਹੋਵੇ। ਇੱਥੋਂ ਦੇ ਲੋਕ ਕਿਸੇ ਨਾਲ਼ ਜੁੜੇ ਬਗੈਰ ਕਈ ਹਫ਼ਤੇ ਗੁਜਾਰ ਸਕਦੇ ਹਨ।
ਫੁਲਵਾਸੀ ਆਪਣੇ ਪਤੀ ਦਾ ਫੋਨ ਲਿਆਂਦੀ ਹਨ,"ਚੰਗੀ ਤਰ੍ਹਾਂ ਸਾਂਭਿਆ ਬੇਕਾਰ ਖਿਡੌਣਾ," ਉਹ ਕਹਿੰਦੀ ਹਨ, ਜਦੋਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਕੀ ਚੀਜ਼ ਹੈ ਜਿਸ ਨਾਲ਼ ਉਨ੍ਹਾਂ ਨੂੰ ਆਪਣਾ ਕੰਮ ਥੋੜ੍ਹਾ ਬੇਹਤਰ ਢੰਗ ਨਾਲ਼ ਕਰਨ ਵਿੱਚ ਮਦਦ ਮਿਲੇਗੀ।
ਨਾ ਡਾਕਟਰ ਨਾ ਨਰਸ- ਸਗੋਂ ਬੇਹਤਰ ਕੁਨੈਕਟੀਵਿਟੀ ਅਤੇ ਸੰਚਾਰ-ਉਹ ਕਹਿੰਦੀ ਹਨ: "ਇਸ ਦੀ ਇੱਕ ਲਾਈਨ ਕਈ ਚੀਜਾਂ ਬਦਲ ਦਵੇਗੀ।"
ਕਵਰ ਚਿਤਰਣ : ਲਬਣੀ ਜੰਗੀ ਮੂਲ਼ ਰੂਪ ਨਾਲ਼ ਰੂਪ ਨਾਲ਼ ਪੱਛਮੀ ਬੰਗਾਲ ਦੇ ਨਾਦਿਆ ਜਿਲ੍ਹੇ ਦੇ ਇੱਕ ਛੋਟੇ ਜਿਹੇ ਸ਼ਹਿਰ ਦੀ ਰਹਿਣ ਵਾਲੀ ਹਨ, ਅਤੇ ਵਰਤਮਾਨ ਵਿੱਚ ਕੋਲਕਾਤਾ ਦੇ ਸੈਂਟਰ ਫਾਰ ਸਟੱਡੀਜ਼ ਇਨ ਸ਼ੋਸਲ ਸਾਇੰਸੇਜ਼ ਤੋਂ ਬੰਗਾਲੀ ਮਜ਼ਦੂਰਾਂ ਦੇ ਪ੍ਰਵਾਸ ' ਤੇ ਪੀਐੱਚਡੀ ਕਰ ਰਹੀ ਹਨ। ਉਹ ਸਵੈ-ਸਿੱਖਿਅਤ ਇੱਕ ਚਿੱਤਰਕਾਰ ਹਨ ਅਤੇ ਯਾਤਰਾ ਕਰਨੀ ਪਸੰਦ ਕਰਦੀ ਹਨ।
ਪਾਰੀ ਅਤੇ ਕਾਊਂਟਰ-ਮੀਡਿਆ ਟ੍ਰਸਟ ਵੱਲੋਂ ਗ੍ਰਾਮੀਣ ਕਿਸ਼ੋਰੀਆਂ ਅਤੇ ਮੁਟਿਆਰਾਂ ' ਤੇ ਰਾਸ਼ਟਰ-ਵਿਆਪੀ ਰਿਪੋਰਟਿੰਗ ਦੀ ਪਰਿਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਸਮਰਥਤ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੋਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਦੇ ਮਾਧਿਅਮ ਨਾਲ਼ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਪਏ ਸਮੂਹਾਂ ਦੀ ਹਾਲਤ ਦਾ ਪਤਾ ਲਗਾਇਆ ਜਾ ਸਕੇ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ ਕਰਕੇ zahra@ruralindiaonline.org ਨੂੰ ਲਿਖੋ ਅਤੇ ਉਹਦੀ ਇੱਕ ਕਾਪੀ namita@ruralindiaonline.org ਨੂੰ ਭੇਜ ਦਿਓ।
ਤਰਜਮਾ - ਕਮਲਜੀਤ ਕੌਰ