ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
''ਕੀ ਤੁਹਾਡੇ ਪਿੰਡ ਮੀਂਹ ਪੈ ਰਿਹਾ ਹੈ?'' ਇਹ ਕਾਰਾਭਾਈ ਆਲ ਸਨ, ਜੋ ਉੱਤਰ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਤੋਂ ਫ਼ੋਨ ਰਾਹੀਂ ਗੱਲ ਕਰ ਰਹੇ ਸਨ। ਸਮਾਂ ਜੁਲਾਈ ਦੇ ਅਖ਼ੀਰਲੇ ਹਫ਼ਤੇ ਦਾ ਸੀ ਗੱਲਬਾਤ ਨੂੰ ਅੱਗੇ ਜਾਰੀ ਰੱਖਦਿਆਂ ਉਨ੍ਹਾਂ ਕਿਹਾ,''ਇੱਥੇ ਮੀਂਹ ਦਾ ਨਾਮੋ-ਨਿਸ਼ਾਨ ਤੱਕ ਨਹੀਂ। ਜੇ ਮੀਂਹ ਪੈਣ ਲੱਗਿਆ ਤਾਂ ਅਸੀਂ ਘਰੋ-ਘਰੀ ਚਲੇ ਜਾਵਾਂਗੇ।'' ਉਨ੍ਹਾਂ ਦੀ ਅਵਾਜ਼ ਵਿੱਚ ਬੇਉਮੀਦੀ ਭਰੀ ਸੀ।
ਉਹ ਆਪਣੀਆਂ ਫ਼ਿਕਰਾਂ ਵਿੱਚ ਇੰਨੇ ਡੁੱਬੇ ਸਨ ਕਿ ਉਨ੍ਹਾਂ ਨੂੰ ਫ਼ਰਕ ਹੀ ਨਾ ਪਿਆ ਕਿ ਉਹ 900 ਕਿ.ਮੀ. ਦੂਰ, ਪੂਨੇ ਸ਼ਹਿਰ ਦੇ ਇੱਕ ਅਜਿਹੇ ਵਿਅਕਤੀ ਨਾਲ਼ ਗੱਲ ਕਰ ਰਹੇ ਹਨ ਜੋ ਕਿਸਾਨ ਹੈ ਹੀ ਨਹੀਂ। ਕਾਰਾਭਾਈ ਦਾ ਮੀਂਹ ਨੂੰ ਲੈ ਕੇ ਬੱਝਿਆ ਧਿਆਨ ਮਾਨਸੂਨ ਦੀ ਕੇਂਦਰੀਤਾ 'ਚੋਂ ਪੈਦਾ ਹੁੰਦਾ ਹੈ, ਉਹੀ ਮਾਨਸੂਨ ਜਿਹਦੇ ਸਿਰ ਜਿਊਣ ਖ਼ਾਤਰ ਉਨ੍ਹਾਂ ਦੇ ਪਰਿਵਾਰ ਦਾ ਸੰਘਰਸ਼ ਪੂਰਾ ਸਾਲ ਚੱਲਦਾ ਰਹਿੰਦਾ ਹੈ।
ਆਪਣੇ ਪੁੱਤ, ਨੂੰਹ, ਦੋ ਪੋਤਿਆਂ ਅਤੇ ਇੱਕ ਭਰਾ ਅਤੇ ਉਹਦੇ ਪਰਿਵਾਰ ਦੇ ਨਾਲ਼ ਆਪਣੇ ਸਲਾਨਾ ਪ੍ਰਵਾਸ ਲਈ, 75 ਸਾਲਾ ਇਸ ਆਜੜੀ ਨੂੰ ਆਪਣਾ ਪਿੰਡ ਛੱਡਿਆਂ 12 ਮਹੀਨੇ ਲੰਘ ਚੁੱਕੇ ਸਨ। ਚੌਦ੍ਹਾਂ ਮੈਂਬਰੀ ਇਹ ਦਲ ਆਪਣੀਆਂ 300 ਤੋਂ ਵੱਧ ਭੇਡਾਂ, ਤਿੰਨ ਊਠ ਅਤੇ ਰਾਤ ਵੇਲ਼ੇ ਉਨ੍ਹਾਂ ਦੇ ਝੁੰਡ ਦੀ ਰਾਖੀ ਕਰਨ ਵਾਲ਼ੇ ਵਿਛਿਓ ਨਾਮਕ ਸ਼ਿਕਾਰੀ ਕੁੱਤੇ ਸਣੇ ਰਵਾਨਾ ਹੋਇਆ। ਉਨ੍ਹਾਂ 12 ਮਹੀਨਿਆਂ ਵਿੱਚ ਉਨ੍ਹਾਂ ਨੇ ਆਪਣੇ ਡੰਗਰਾਂ ਦੇ ਨਾਲ਼ ਕੱਛ, ਸੁਰੇਂਦਰਨਗਰ, ਪਾਟਨ ਅਤੇ ਬਨਾਸਕਾਂਠਾ ਜ਼ਿਲ੍ਹਿਆਂ ਵਿੱਚ 800 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਸੀ।
ਕਾਰਾਭਾਈ ਦੀ ਪਤਨੀ, ਡੋਸੀਬਾਈ ਅਤੇ ਸਕੂਲ ਜਾਣ ਵਾਲ਼ੇ ਉਨ੍ਹਾਂ ਦੇ ਸਭ ਤੋਂ ਛੋਟੇ ਪੋਤੇ-ਪੋਤੀਆਂ ਕੱਛ, ਗੁਜਰਾਤ ਦੇ ਰਾਪਰ ਤਾਲੁਕਾ ਦੇ ਜਟਵਾੜਾ ਪਿੰਡ ਵਿਖੇ ਆਪਣੇ ਘਰ ਹੀ ਰੁਕੇ ਹੋਏ ਸਨ। ਇਸ ਕਬੀਲੇ ਦਾ ਸਬੰਧ ਰਬਾੜੀ (ਜ਼ਿਲ੍ਹੇ ਵਿੱਚ ਓਬੀਸੀ ਵਜੋਂ ਸੂਚੀਬੱਧ) ਭਾਈਚਾਰੇ ਨਾਲ਼ ਹੈ। ਇਹ ਲੋਕ ਆਪਣੀਆਂ ਭੇਡਾਂ-ਬੱਕਰੀਆਂ ਲਈ ਚਰਾਂਦਾਂ ਦੀ ਭਾਲ਼ ਵਿੱਚ ਹਰ ਸਾਲ 8-10 ਮਹੀਨਿਆਂ ਲਈ ਆਪਣਾ ਪਿੰਡ ਛੱਡ ਦਿੰਦੇ ਹਨ। ਇਹ ਖ਼ਾਨਾਬਦੋਸ਼ ਆਜੜੀ ਇੱਕ ਸਧਾਰਣ ਸਾਲ ਵਿੱਚ, ਦੀਵਾਲੀ (ਅਕਤੂਬਰ-ਨਵੰਬਰ) ਦੇ ਫ਼ੌਰਨ ਬਾਅਦ ਘਰੋਂ ਨਿਕਲ਼ ਪੈਂਦੇ ਹਨ ਅਤੇ ਜਿਓਂ ਹੀ ਅਗਲਾ ਮਾਨਸੂਨ ਸ਼ੁਰੂ ਹੋਣ ਵਾਲ਼ਾ ਹੁੰਦਾ ਹੈ, ਵਾਪਸ ਪਰਤ ਆਉਂਦੇ ਹਨ।
ਇਹਦਾ ਮਤਲਬ ਇਹ ਹੈ ਕਿ ਉਹ ਮੀਂਹ ਦੇ ਮੌਸਮ ਨੂੰ ਛੱਡ ਕੇ, ਪੂਰਾ ਸਾਲ ਤੁਰਦੇ ਰਹਿੰਦੇ ਹਨ। ਵਾਪਸ ਮੁੜਨ ਬਾਅਦ ਵੀ, ਪਰਿਵਾਰ ਦੇ ਕੁਝ ਕੁ ਮੈਂਬਰ ਆਪਣੇ ਘਰਾਂ ਦੇ ਬਾਹਰ ਹੀ ਰਹਿੰਦੇ ਹਨ ਅਤੇ ਭੇਡਾਂ ਨੂੰ ਜਟਵਾੜਾ ਦੇ ਬਾਹਰਵਾਰ ਚਰਾਉਣ ਲਿਜਾਂਦੇ ਹਨ। ਇਹ ਡੰਗਰ ਪਿੰਡ ਦੇ ਅੰਦਰ ਨਹੀਂ ਰਹਿ ਸਕਦੇ, ਉਨ੍ਹਾਂ ਨੂੰ ਖੁੱਲ੍ਹੀਆਂ ਥਾਵਾਂ ਅਤੇ ਚਰਨ ਲਈ ਮੈਦਾਨਾਂ ਦੀ ਲੋੜ ਹੁੰਦੀ ਹੈ।
''ਮੈਨੂੰ ਜਾਪਿਆ ਜਿਓਂ ਪਿੰਡ ਦੇ ਪਟੇਲਾਂ ਨੇ ਸਾਨੂੰ ਇੱਥੋਂ ਭਜਾਉਣ ਲਈ ਤੁਹਾਨੂੰ ਭੇਜਿਆ ਹੋਵੇ।'' ਉਨ੍ਹਾਂ ਨੂੰ ਇਹ ਵਹਿਮ ਉਦੋਂ ਹੋਇਆ ਜਦੋਂ ਮਾਰਚ ਦੇ ਸ਼ੁਰੂ ਵਿੱਚ ਅਸੀਂ ਕਾਰਾਭਾਈ ਨੂੰ ਲੱਭਦਿਆਂ ਸੁਰੇਂਦਰਨਗਰ ਜ਼ਿਲ੍ਹੇ ਦੇ ਗਵਾਨਾ ਪਿੰਡ ਦੇ ਇੱਕ ਸੁੱਕੇ ਖੇਤ ਵਿੱਚ ਉਨ੍ਹਾਂ ਨੂੰ ਮਿਲ਼ੇ ਸਾਂ। ਇਹ ਸ਼ਹਿਰ ਅਹਿਮਦਾਬਾਦ ਸ਼ਹਿਰ ਤੋਂ ਕਰੀਬ 150 ਕਿਲੋਮੀਟਰ ਦੂਰ ਹੈ।
ਉਨ੍ਹਾਂ ਦੇ ਖ਼ਦਸ਼ੇ ਦਾ ਇੱਕ ਅਧਾਰ ਸੀ। ਸਮਾਂ ਜਦੋਂ ਔਖ਼ਾ ਹੋ ਜਾਂਦਾ ਹੈ, ਖ਼ਾਸ ਕਰਕੇ ਜਦੋਂ ਸੋਕੇ ਦਾ ਸਮਾਂ ਲੰਬਾ ਖਿੱਚਿਆ ਜਾਂਦਾ ਹੈ, ਤਾਂ ਜ਼ਮੀਨਾਂ ਦੇ ਮਾਲਕ ਇਨ੍ਹਾਂ ਆਜੜੀਆਂ ਅਤੇ ਉਨ੍ਹਾਂ ਦੇ ਡੰਗਰਾਂ ਦੇ ਝੁੰਡਾਂ ਨੂੰ ਆਪਣੇ ਇਲਾਕੇ ਵਿੱਚੋਂ ਭਜਾ ਦਿੰਦੇ ਹਨ ਕਿਉਂਕਿ ਉਹ ਆਪਣੇ ਡੰਗਰਾਂ ਲਈ ਘਾਹ ਅਤੇ ਫ਼ਸਲਾਂ ਦੀਆਂ ਨਾੜਾਂ ਵਗੈਰਾ ਬਚਾਉਣਾ ਚਾਹੁੰਦੇ ਹੁੰਦੇ ਹਨ।
''ਇਸ ਵਾਰ ਦੁਸ਼ਕਾਲ (ਸੋਕਾ) ਬੜਾ ਮਾੜਾ ਹੈ,'' ਕਾਰਾਭਾਈ ਨੇ ਸਾਨੂੰ ਦੱਸਿਆ। ''ਇਹੀ ਕਾਰਨ ਹੈ ਕਿ ਅਸੀਂ ਪਿਛਲੇ ਸਾਲ ਅਖਾੜ (ਜੂਨ-ਜੁਲਾਈ) ਮਹੀਨੇ ਵਿੱਚ ਰਾਪਰ ਤੋਂ ਨਿਕਲ਼ ਤੁਰੇ, ਕਿਉਂਕਿ ਉੱਥੇ ਮੀਂਹ ਨਹੀਂ ਪਿਆ।'' ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਪਏ ਸੋਕੇ ਨੇ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਪ੍ਰਵਾਸ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ।
''ਜਦੋਂ ਤੀਕਰ ਮਾਨਸੂਨ ਸ਼ੁਰੂ ਨਾ ਹੋ ਜਾਵੇ, ਅਸੀਂ ਆਪਣੀਆਂ ਭੇਡਾਂ ਨਾਲ਼ ਘੁੰਮਦੇ ਰਹਿੰਦੇ ਹਾਂ। ਜੇ ਮੀਂਹ ਪਵੇ ਹੀ ਨਾ, ਤਾਂ ਅਸੀਂ ਘਰ ਵੀ ਨਹੀਂ ਜਾਂਦੇ! ਇੱਕ ਮਾਲਧਾਰੀ ਦਾ ਇਹੀ ਜੀਵਣਾ ਹੈ।'' ਸ਼ਬਦ ਮਾਲਧਾਰੀ ਗੁਜਰਾਤੀ ਦੇ ਦੋ ਸ਼ਬਦਾਂ- ਮਾਲ (ਡੰਗਰ) ਅਤੇ ਧਾਰੀ (ਰਾਖੇ) ਦੇ ਰਲ਼ੇਵੇਂ ਨਾਲ਼ ਬਣਿਆ ਹੈ।
''ਗੁਜਰਾਤ ਦੇ ਖ਼ੁਸ਼ਕ ਅਤੇ ਅੱਧ-ਖ਼ੁਸ਼ਕ ਇਲਾਕਿਆਂ ਵਿੱਚ 2018-19 ਦਾ ਸੋਕਾ ਇੰਨਾ ਗੰਭੀਰ ਰਿਹਾ ਕਿ ਜਿਹੜੇ ਆਜੜੀ ਭਾਈਚਾਰੇ 25 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਪਿੰਡੀਂ ਥਾਵੀਂ ਹੀ ਬੈਠੇ ਹੋਏ ਸਨ, ਉਹ ਵੀ ਚਰਾਂਦਾਂ, ਚਾਰਿਆਂ ਅਤੇ ਰੋਜ਼ੀਰੋਟੀ ਦੀ ਭਾਲ਼ ਵਿੱਚ ਪ੍ਰਵਾਸ ਲਈ ਨਿਕਲ਼ ਤੁਰੇ,'' ਨੀਤਾ ਪਾਂਡਿਆ ਕਹਿੰਦੀ ਹਨ। ਉਹ ਅਹਿਮਦਾਬਾਦ ਦੀ ਇੱਕ ਗ਼ੈਰ-ਲਾਭਕਾਰੀ ਮਾਲਧਾਰੀ ਗ੍ਰਾਮੀਣ ਅਭਿਆਨ ਸਮੂਹ (ਮਾਲਧਾਰੀ ਰੂਰਲ ਐਕਸ਼ਨ ਗਰੁੱਪ, ਐੱਮਏਆਰਏਜੀ) ਦੀ ਮੋਢੀ ਹਨ, ਜੋ 1994 ਤੋਂ ਇਨ੍ਹਾਂ ਆਜੜੀਆਂ/ਰਾਖਿਆਂ ਦਰਮਿਆਨ ਗਤੀਸ਼ੀਲ ਹਨ।
ਇਸ ਮਾਲਧਾਰੀ ਪਰਿਵਾਰ ਦੇ ਨਿਵਾਸ ਸਥਾਨ, ਕੱਛ ਵਿਖੇ 2018 ਵਿੱਚ ਮੀਂਹ ਸਿਰਫ਼ 131 ਮਿਲੀਮੀਟਰ ਹੀ ਪਿਆ ਸੀ, ਜਦੋਂਕਿ ਕੱਛ ਦਾ 'ਸਧਾਰਣ' ਸਲਾਨਾ ਔਸਤ 356 ਮਿਮੀ. ਹੈ। ਪਰ ਇਹ ਕੋਈ ਬੇਮੁਹਾਰਾ ਸਾਲ ਨਹੀਂ ਸੀ। ਇਸ ਜ਼ਿਲ੍ਹੇ ਵਿੱਚ ਮਾਨਸੂਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅਨਿਯਮਤ ਰਿਹਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਅੰਕੜੇ ਦੱਸਦੇ ਹਨ ਕਿ 2014 ਵਿੱਚ ਜ਼ਿਲ੍ਹੇ ਵਿੱਚ ਮੀਂਹ ਘੱਟ ਕੇ 291 ਮਿਮੀ 'ਤੇ ਅੱਪੜ ਗਿਆ ਹੈ, 2016 ਵਿੱਚ 294 ਮਿਮੀ ਮੀਂਹ ਪਿਆ ਹੈ, ਪਰ 2017 ਵਿੱਚ ਵੱਧ ਕੇ 493 ਮਿਮੀ ਹੋ ਗਿਆ। ਚਾਰ ਦਹਾਕੇ ਪਹਿਲਾਂ- 1974-78, ਪੰਜ ਸਾਲਾਂ ਦਾ ਉਹ ਸਮਾਂ ਹੈ ਜੋ ਇੱਕ ਵਿਨਾਸ਼ਕਾਰੀ ਸਾਲ ਦਰਸਾਉਂਦਾ ਹੈ (1974 ਵਿੱਚ 88 ਮਿਮੀ) ਅਤੇ ਚਾਰ ਕ੍ਰਮਵਾਰ ਚਾਰ ਸਾਲਾਂ ਨੂੰ ਦਰਸਾਉਂਦਾ ਹੈ, ਜਿਸ ਵਿੱਚ ਮੀਂਹ 'ਸਧਾਰਣ' ਔਸਤ ਤੋਂ ਉਤਾਂਹ ਰਿਹਾ।
ਸਾਊਥ ਏਸ਼ੀਆ ਨੈੱਟਵਰਕ ਆਨ ਡੈਮਸ, ਰਿਵਰਸ ਐਂਡ ਪੀਪੁਲ ਦੇ ਹਿਮਾਂਸ਼ੂ ਠੱਕਰ ਸਾਲਾਂ ਦੀਆਂ ਗ਼ਲਤ ਤਰਜੀਹਾਂ ਕਾਰਨ ਗੁਜਰਾਤ ਦੇ ਪਾਣੀ ਦਾ ਸੰਕਟ ਨਾਮਕ 2018 ਦੀ ਰਿਪੋਰਟ ਵਿੱਚ ਲਿਖਦੇ ਹਨ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ, ਰਾਜ ਦੀਆਂ ਆਗਾਮੀ ਸਰਕਾਰਾਂ ਨੇ ਨਰਮਦਾ ਬੰਨ੍ਹ ਦੇ ਕੰਮ ਨੂੰ ਕੱਛ, ਸੌਰਾਸ਼ਟਰ ਅਤੇ ਉੱਤਰ ਗੁਜਰਾਤ ਦੇ ਸੋਕਾਗ੍ਰਸਤ ਇਲਾਕਿਆਂ ਦੀ ਜੀਵਨ ਰੇਖਾ ਦੇ ਰੂਪ ਵਿੱਚ ਅੱਗੇ ਵਧਾਇਆ ਹੈ। ਹਾਲਾਂਕਿ, ਜ਼ਮੀਨੀ ਪੱਧਰ 'ਤੇ ਇਨ੍ਹਾਂ ਇਲਾਕਿਆਂ ਨੂੰ ਸਭ ਤੋਂ ਘੱਟ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸ਼ਹਿਰੀ ਇਲਾਕਿਆਂ, ਉਦਯੋਗਾਂ ਅਤੇ ਮੱਧ ਗੁਜਰਾਤ ਦੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਹੋ ਜਾਣ ਤੋਂ ਬਾਅਦ ਹੀ ਬਚਿਆ ਪਾਣੀ ਮਿਲ਼ਦਾ ਹੈ।
''ਨਰਮਦਾ ਦੇ ਪਾਣੀ ਦਾ ਇਸਤੇਮਾਲ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਅਤੇ ਆਜੜੀਆਂ ਵਾਸਤੇ ਕੀਤਾ ਜਾਣਾ ਚਾਹੀਦਾ ਹੈ। ਖ਼ੂਹ ਦੇ ਮੁੜ-ਭਰਨ ਅਤੇ ਲਘੂ ਬੰਨ੍ਹ ਨੂੰ ਲੈ ਕੇ ਅਤੀਤ ਦੀਆਂ ਯੋਜਨਾਵਾਂ (ਪ੍ਰੋਗਰਾਮਾਂ) ਨੂੰ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ,'' ਠੱਕਰ ਨੇ ਫ਼ੋਨ ਰਾਹੀਂ ਗੱਲਬਾਤ ਦੌਰਾਨ ਸਾਨੂੰ ਦੱਸਿਆ।
ਮਾਲਧਾਰੀ ਆਪਣੇ ਡੰਗਰਾਂ ਨੂੰ ਖੁਆਉਣ ਲਈ ਸਮੂਹਿਕ ਚਰਾਂਦ ਭੂਮੀ ਅਤੇ ਪਿੰਡ ਦੇ ਘਾਹ ਦੇ ਮੈਦਾਨਾਂ 'ਤੇ ਨਿਰਭਰ ਹਨ। ਉਨ੍ਹਾਂ ਵਿੱਚੋਂ ਬਹੁਤੇਰਿਆਂ ਕੋਲ਼ ਜ਼ਮੀਨ ਨਹੀਂ ਹੈ ਅਤੇ ਜਿਨ੍ਹਾਂ ਕੋਲ਼ ਹੈ ਵੀ ਉਹ ਵੀ ਮੀਂਹ ਅਧਾਰਤ ਫ਼ਸਲਾਂ ਉਗਾਉਂਦੇ ਹਨ; ਜਿਵੇਂ ਕਿ ਬਾਜਰਾ, ਜੋ ਉਨ੍ਹਾਂ ਲਈ ਭੋਜਨ ਅਤੇ ਡੰਗਰਾਂ ਲਈ ਚਾਰੇ ਦਾ ਕੰਮ ਕਰਦਾ ਹੈ।
''ਅਸੀਂ ਦੋ ਦਿਨ ਪਹਿਲਾਂ ਇੱਥੇ ਆਏ ਸਾਂ ਤੇ ਹੁਣ ਵਾਪਸ ਜਾ ਰਹੇ ਹਾਂ। ਇੱਥੇ ਵੀ ਕੁਝ ਹੱਥ ਨਹੀਂ ਲੱਗਿਆ,'' ਕਾਰਾਭਾਈ ਨੇ ਜ਼ੀਰੇ ਦੇ ਖਾਲੀ ਪਏ ਖੇਤ ਵੱਲ ਇਸ਼ਾਰਾ ਕਰਦਿਆਂ ਕਿਹਾ। ਇਹ ਖੇਤ ਬੜਾ ਖ਼ੁਸ਼ਕ ਹੈ ਅਤੇ ਇੱਥੇ ਗਰਮੀ ਵੀ ਬਹੁਤ ਸੀ। 1960 ਵੇਲ਼ੇ, ਜਦੋਂ ਕਾਰਾਭਾਈ ਗਭਰੇਟ ਸਨ, ਤਾਂ ਸੁਰੇਂਦਰਨਗਰ ਜ਼ਿਲ੍ਹੇ ਵਿੱਚ ਸਾਲ ਦੇ ਕਰੀਬ 225 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 32 ਡਿਗਰੀ ਪਾਰ ਜਾਂਦਾ ਸੀ। ਅੱਜ ਉਨ੍ਹਾਂ ਦਿਨਾਂ ਦੀ ਗਿਣਤੀ ਵੱਧ ਕੇ 274 ਹੋ ਗਈ ਹੈ ਜੋ ਕਿ ਆਉਣ ਵਾਲ਼ੇ ਦਿਨਾਂ ਵਿੱਚ ਹੋਰ ਵਾਧਾ ਹੋਵੇਗਾ। ਯਾਨਿ 59 ਸਾਲਾਂ ਵਿੱਚ ਤਪਸ਼ ਮਾਰੇ ਦਿਨਾਂ ਦੀ ਗਿਣਤੀ ਵਿੱਚ 49 ਦਿਨਾਂ ਦਾ ਇਜ਼ਾਫ਼ਾ ਹੋਇਆ ਹੈ-ਜਿਸ ਬਾਰੇ ਨਿਊਯਾਰਕ ਟਾਈਮਸ ਦੁਆਰਾ ਇਸ ਸਾਲ ਜੁਲਾਈ ਵਿੱਚ ਆਨਲਾਈਨ ਪ੍ਰਕਾਸ਼ਤ, ਜਲਵਾਯੂ ਅਤੇ ਆਲਮੀ ਤਪਸ਼ 'ਤੇ ਇੱਕ ਇੰਟਰੈਕਟਿਵ ਉਪਕਰਣ ਤੋਂ ਕੀਤੀ ਗਈ ਗਣਨਾ ਤੋਂ ਪਤਾ ਲੱਗਦਾ ਹੈ।
ਸੁਰੇਂਦਰਨਗਰ, ਜਿੱਥੇ ਅਸੀਂ ਇਨ੍ਹਾਂ ਆਜੜੀਆਂ ਨਾਲ਼ ਮਿਲ਼ੇ, ਉੱਥੋਂ ਦੇ 63 ਫ਼ੀਸਦ ਤੋਂ ਵੱਧ ਲੋਕ ਖੇਤੀ ਦੇ ਕੰਮੀਂ ਲੱਗੇ ਹਨ। ਪੂਰੇ ਗੁਜਰਾਤ ਵਿੱਚ ਇਹ ਅੰਕੜਾ 49.61 ਫ਼ੀਸਦੀ ਹੈ। ਇੱਥੇ ਉਗਾਈਆਂ ਜਾਣ ਵਾਲ਼ੀਆਂ ਪ੍ਰਮੁੱਖ ਫ਼ਸਲਾਂ ਹਨ: ਨਰਮਾ, ਜ਼ੀਰਾ, ਕਣਕ, ਬਾਜਰਾ, ਦਾਲਾਂ, ਮੂੰਗਫ਼ਲੀ ਅਤੇ ਅਰੰਡੀ। ਵਾਢੀ ਤੋਂ ਬਾਅਦ ਉਨ੍ਹਾਂ ਫ਼ਸਲਾਂ ਦੀ ਨਾੜ/ਡੰਠਲ ਭੇਡਾਂ ਲਈ ਚੰਗਾ ਚਾਰਾ ਬਣਦੇ ਹਨ।
ਸਾਲ 2012 ਵਿੱਚ ਡੰਗਰਾਂ ਦੀ ਕੀਤੀ ਗਈ ਗਿਣਤੀ ਮੁਤਾਬਕ, ਗੁਜਰਾਤ ਦੇ 33 ਜ਼ਿਲ੍ਹਿਆਂ ਵਿੱਚ ਕੁੱਲ 17 ਲੱਖ ਭੇਡਾਂ ਦੀ ਅਬਾਦੀ ਵਿੱਚੋਂ ਇਕੱਲੇ ਕੱਛ ਵਿੱਚ 570,000 ਜਾਂ ਉਸ ਤੋਂ ਵੱਧ ਭੇਡਾਂ ਹਨ। ਇਸ ਭਾਈਚਾਰੇ ਦੇ ਨਾਲ਼ ਕੰਮ ਕਰ ਰਹੀ ਗ਼ੈਰ-ਲਾਭਕਾਰੀ ਸੰਸਥਾ ਐੱਮਏਆਰਏਜੀ ਮੁਤਾਬਕ, ਜ਼ਿਲ੍ਹੇ ਦੇ ਵਾਗੜ ਉਪ-ਖੇਤਰ ਵਿਖੇ, ਜੋ ਕਾਰਾਭਾਈ ਦਾ ਇਲਾਕਾ ਹੈ, ਉਨ੍ਹਾਂ ਜਿਹੇ ਕਰੀਬ 200 ਰਬਾੜੀ ਪਰਿਵਾਰ ਹਨ ਜੋ ਹਰ ਸਾਲ ਕੁੱਲ 30,000 ਭੇਡਾਂ ਸਣੇ 800 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹਨ। ਉਹ ਆਪਣੇ ਘਰਾਂ ਤੋਂ ਹਮੇਸ਼ਾਂ 200 ਕਿਲੋਮੀਟਰ ਦੇ ਘੇਰੇ ਵਿੱਚ ਚੱਲਦੇ ਹਨ।
ਪਰੰਪਰਾਗਤ ਤੌਰ 'ਤੇ, ਡੰਗਰਾਂ ਦੇ ਇਹ ਝੁੰਡ ਆਪਣੇ ਗੋਹੇ ਅਤੇ ਮੂਤਰ ਦੇ ਨਾਲ਼ ਵਾਢੀ ਤੋਂ ਬਾਅਦ ਸਨਮੀ ਪਈ ਜ਼ਮੀਨ ਵਿੱਚ ਖਾਦ ਦਾ ਕੰਮ ਕਰਦੇ ਸਨ। ਬਦਲੇ ਵਿੱਚ, ਕਿਸਾਨ ਇਨ੍ਹਾਂ ਆਜੜੀਆਂ ਨੂੰ ਬਾਜਰਾ, ਖੰਡ ਅਤੇ ਚਾਹ ਦੇ ਦਿਆ ਕਰਦੇ। ਪਰ ਜਲਵਾਯੂ ਤਬਦੀਲੀ ਵਾਂਗਰ ਹੀ ਆਪਸੀ ਸਾਂਝ-ਭਿਆਲ਼ੀ ਵਾਲ਼ਾ ਇਹ ਸਦੀਆਂ-ਪੁਰਾਣਾ ਰਿਸ਼ਤਾ ਵੀ ਆਪਣੇ ਸਮੇਂ ਦੀਆਂ ਮਾੜੀਆਂ ਤਬਦੀਲੀਆਂ ਵਿੱਚੋਂ ਦੀ ਲੰਘ ਰਿਹਾ ਹੈ।
'ਕੀ ਤੁਹਾਡੇ ਪਿੰਡ ਵਿਖੇ ਵਾਢੀ ਹੋ ਚੁੱਕੀ ਹੈ?' ਪਾਟਨ ਜ਼ਿਲ੍ਹੇ ਦੇ ਗੋਵਿੰਦ ਭਾਰਵਾੜ ਨੂੰ ਕਾਰਾਭਾਈ ਪੁੱਛਦੇ ਹਨ। 'ਕੀ ਅਸੀਂ ਉਨ੍ਹਾਂ ਖੇਤਾਂ ਵਿੱਚ ਠਹਿਰ ਸਕਦੇ ਹਾਂ?'
''ਕੀ ਤੁਹਾਡੇ ਪਿੰਡ ਵਿਖੇ ਵਾਢੀ ਹੋ ਚੁੱਕੀ ਹੈ?'' ਪਾਟਨ ਜ਼ਿਲ੍ਹੇ ਦੇ ਗੋਵਿੰਦ ਭਾਰਵਾੜ ਨੂੰ ਕਾਰਾਭਾਈ ਪੁੱਛਦੇ ਹਨ। ''ਕੀ ਅਸੀਂ ਉਨ੍ਹਾਂ ਖੇਤਾਂ ਵਿੱਚ ਠਹਿਰ ਸਕਦੇ ਹਾਂ?''
''ਉਹ ਦੋ ਦਿਨਾਂ ਬਾਅਦ ਫ਼ਸਲ ਵੱਢਣਗੇ,'' ਗੋਵਿੰਦ ਕਹਿੰਦੇ ਹਨ, ਜੋ ਐੱਮਏਆਰਏਜੀ ਟੀਮ ਦੇ ਮੈਂਬਰ ਅਤੇ ਪਾਟਨ ਜ਼ਿਲ੍ਹੇ ਦੇ ਸਾਮੀ ਤਾਲੁਕਾ ਦੇ ਧਨੋਰਾ ਪਿੰਡ ਦੇ ਇੱਕ ਖੇਤੀ-ਆਜੜੀ ਹਨ। ''ਇਸ ਵਾਰ, ਮਾਲਧਾਰੀ ਲੋਕ ਖੇਤਾਂ ਵਿੱਚੋਂ ਦੀ ਲੰਘ ਤਾਂ ਸਕਦੇ ਹਨ ਪਰ ਠਹਿਰ ਨਹੀਂ ਸਕਦੇ। ਇਹ ਸਾਡੇ ਪੰਚਾਇਤ ਦਾ ਫ਼ੈਸਲਾ ਹੈ, ਕਿਉਂਕਿ ਇੱਥੇ ਪਾਣੀ ਅਤੇ ਚਾਰੇ ਦੀ ਕਿੱਲਤ ਬਹੁਤ ਜ਼ਿਆਦਾ ਹੈ।''
ਬੱਸ ਇਹੀ ਉਹ ਥਾਂ ਹੈ ਜਿੱਥੇ ਕਾਰਾਭਾਈ ਅਤੇ ਉਨ੍ਹਾਂ ਦਾ ਟੱਬਰ ਅਗਾਂਹ, ਪਾਟਨ ਵੱਲ ਨੂੰ ਤੁਰ ਪਿਆ। ਘਰ ਮੁੜਨ ਤੋਂ ਪਹਿਲਾਂ, ਉਹ ਤਿੰਨ ਪ੍ਰਮੁੱਖ ਇਲਾਕਿਆਂ: ਕੱਛ, ਸੌਰਾਸ਼ਟਰ ਅਤੇ ਉੱਤਰ ਗੁਜਰਾਤ ਦਾ ਚੱਕਰ ਲਾ ਚੁੱਕੇ ਹੋਣਗੇ।
ਬਦਲਦੇ ਮੌਸਮ ਅਤੇ ਜਲਵਾਯੂ ਦੀਆਂ ਹਾਲਤਾਂ ਵਿਚਾਲੇ, ਇੱਕ ਚੀਜ਼ ਜੋ ਹਮੇਸ਼ਾ ਸਥਿਰ ਬਣੀ ਰਹਿੰਦੀ ਹੈ, ਉਹ ਹੈ ਉਨ੍ਹਾਂ ਦੀ ਮੇਜ਼ਬਾਨੀ ਅਤੇ ਰਸਤੇ ਵਿੱਚ ਉਨ੍ਹਾਂ ਦੁਆਰਾ ਬਣਾਏ ਗਏ ਆਰਜ਼ੀ ਘਰ ਵੀ। ਕਾਰਾਭਾਈ ਦੀ ਨੂੰਹ, ਹੀਰਾਬੇਨ ਆਲ ਨੇ ਪਰਿਵਾਰ ਲਈ ਬਾਜਰੇ ਦੀਆਂ ਰੋਟੀਆਂ ਪਕਾ ਪਕਾ ਕੇ ਢੇਰ ਲਾਇਆ ਸੀ ਅਤੇ ਸਾਰਿਆਂ ਲਈ ਗਰਮਾ-ਗਰਮ ਚਾਹ ਵੀ ਬਣਾਈ ਸੀ। ਤੁਸੀਂ ਕਿੱਥੋਂ ਤੀਕਰ ਪੜ੍ਹਾਈ ਕੀਤੀ ਹੈ? ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ,''ਮੈਂ ਖ਼ੁਦ ਕਦੇ ਸਕੂਲ ਨਹੀਂ ਗਈ।'' ਇੰਨਾ ਕਹਿ ਕੇ ਉਹ ਭਾਂਡੇ ਮਾਂਜਣ ਲੱਗ ਗਈ। ਜਿੰਨੀ ਵਾਰ ਉਹ ਖੜ੍ਹੀ ਹੋਈ ਓਨੀ ਹੀ ਵਾਰ ਬਜ਼ੁਰਗਾਂ ਤੋਂ ਘੁੰਡ (ਆਪਣੀ ਕਾਲ਼ੀ ਚੁੰਨੀ ਨਾਲ਼) ਕੱਢ ਲਿਆ ਅਤੇ ਕੰਮ ਕਰਨ ਲਈ ਭੁੰਜੇ ਬਹਿੰਦਿਆਂ ਹੀ ਘੁੰਡ ਚੁੱਕ ਲਿਆ।
ਪਰਿਵਾਰ ਦੀਆਂ ਭੇਡਾਂ ਮਾਰਵਾੜੀ ਨਸਲ ਦੀਆਂ ਹਨ, ਜੋ ਗੁਜਰਾਤ ਅਤੇ ਰਾਜਸਥਾਨ ਦੀਆਂ ਮੂਲ਼ ਨਿਵਾਸੀ ਹਨ। ਇੱਕ ਸਾਲ ਵਿੱਚ, ਉਹ ਕਰੀਬ 25 ਤੋਂ 30 ਭੇਡੂ ਵੇਚਦੇ ਹਨ; ਹਰੇਕ ਦੀ ਕੀਮਤ ਕੋਈ 2,000 ਤੋਂ 3,000 ਰੁਪਏ ਰਹਿੰਦੀ ਹੈ। ਭੇਡ ਦਾ ਦੁੱਧ ਉਨ੍ਹਾਂ ਲਈ ਆਮਦਨੀ ਦਾ ਇੱਕ ਵਸੀਲਾ ਹੈ, ਹਾਲਾਂਕਿ ਇਸ ਇੱਜੜ ਵਿੱਚੋਂ ਹੋਣ ਵਾਲ਼ੀ ਆਮਦਨ ਮੁਕਾਬਲਤਨ ਘੱਟ ਹੁੰਦੀ ਹੈ। ਕਾਰਾਭਾਈ ਕਹਿੰਦੇ ਹਨ ਕਿ 25-30 ਭੇਡਾਂ ਉਨ੍ਹਾਂ ਨੂੰ ਰੋਜ਼ਾਨਾ ਕਰੀਬ 9-10 ਲੀਟਰ ਦੁੱਧ ਦਿੰਦੀਆਂ ਹਨ। ਸਥਾਨਕ ਛੋਟੀਆਂ ਡੇਅਰੀਆਂ ਤੋਂ ਹਰੇਕ ਲੀਟਰ ਦੇ ਕਰੀਬ 30 ਰੁਪਏ ਮਿਲ਼ਦੇ ਹਨ। ਜੋ ਦੁੱਧ ਨਹੀਂ ਵਿਕਿਆ ਹੁੰਦਾ ਉਹ ਲੱਸੀ ਬਣਾਉਣ ਦੀ ਕੰਮ ਆਉਂਦਾ ਹੈ ਅਤੇ ਉਸ ਵਿੱਚੋਂ ਨਿਕਲ਼ਣ ਵਾਲ਼ੇ ਮੱਖਣ ਤੋਂ ਘਿਓ ਬਣਦਾ ਹੈ।
''ਘੀ ਪੇਟ ਮਾ ਛੇ! (ਘਿਓ ਢਿੱਡ ਅੰਦਰ ਹੈ!)'' ਕਾਰਾਭਾਈ ਬੜੇ ਸੁਆਦ ਨਾਲ਼ ਕਹਿੰਦੇ ਹਨ। ''ਇਸ ਗਰਮੀ ਵਿੱਚ ਤੁਰਨ ਨਾਲ਼ ਪੈਰ ਮੱਚਦੇ ਹਨ, ਇਸਲਈ ਘਿਓ ਖਾਣ ਨਾਲ਼ ਮਦਦ ਮਿਲ਼ਦੀ ਹੈ।''
ਉੱਨ ਵੇਚਣ ਬਾਰੇ ਕੁਝ ਦੱਸੋ? ਜਵਾਬ ਵਿੱਚ ਬੜੇ ਹਿਰਖੇ ਮਨ ਨਾਲ਼ ਕਾਰਾਭਾਈ ਜਵਾਬ ਦਿੰਦੇ ਹਨ,''ਦੋ ਸਾਲ ਪਹਿਲਾਂ ਤੱਕ, ਲੋਕ ਹਰੇਕ ਜਾਨਵਰ ਦੀ ਉੱਨ 2 ਰੁਪਏ ਵਿੱਚ ਖ਼ਰੀਦਦੇ ਸਨ। ਹੁਣ ਕੋਈ ਵੀ ਇਹਨੂੰ ਖ਼ਰੀਦਣਾ ਨਹੀਂ ਚਾਹੁੰਦਾ। ਉੱਨ ਸਾਡੇ ਲਈ ਸੋਨਾ ਵਾਂਗਰ ਹੈ, ਪਰ ਸਾਨੂੰ ਇਹ ਸੁੱਟਣੀ ਪੈਂਦੀ ਹੈ।'' ਕਾਰਾਭਾਈ ਅਤੇ ਉਨ੍ਹਾਂ ਜਿਹੇ ਲੱਖਾਂ ਹੋਰ ਆਜੜੀਆਂ, ਬੇਜ਼ਮੀਨਿਆਂ, ਛੋਟੇ ਅਤੇ ਸੀਮਾਂਤ ਕਿਸਾਨਾਂ ਵਾਸਤੇ ਭੇਡ (ਅਤੇ ਬੱਕਰੀਆਂ) ਉਨ੍ਹਾਂ ਦੀ ਦੌਲਤ ਅਤੇ ਉਨ੍ਹਾਂ ਦੀ ਰੋਜ਼ੀਰੋਟੀ ਦਾ ਕੇਂਦਰ ਹਨ। ਹੁਣ ਇਹ ਦੌਲਤ ਘੱਟ ਹੁੰਦੀ ਜਾ ਰਹੀ ਹੈ।
ਭਾਰਤ ਵਿੱਚ 2007 ਅਤੇ 2012 ਦੀ ਪਸ਼ੂ ਗਣਨਾ ਦੇ ਵਿਚਕਾਰ ਵਾਲ਼ੇ ਪੰਜ ਸਾਲਾਂ ਵਿੱਚ ਭੇਡਾਂ ਦੀ ਗਿਣਤੀ ਵਿੱਚ 6 ਮਿਲੀਅਨ ਤੋਂ ਜ਼ਿਆਦਾ ਦੀ ਘਾਟ ਆਈ ਹੈ, ਕਹਿਣ ਦਾ ਭਾਵ 71.6 ਮਿਲੀਅਨ ਤੋਂ ਘੱਟ ਕੇ 65.1 ਮਿਲੀਅਨ ਤੱਕ ਪਹੁੰਚ ਗਈ। ਇਹ 9 ਫ਼ੀਸਦੀ ਦੀ ਗਿਰਾਵਟ ਹੈ। ਗੁਜਰਾਤ ਵਿੱਚ ਵੀ ਤੇਜ਼ੀ ਨਾਲ਼ ਗਿਰਾਵਟ ਆਈ ਹੈ, ਜਿੱਥੇ ਕਰੀਬ 300,000 ਦੀ ਘਾਟ ਹੋਣ ਤੋਂ ਬਾਅਦ ਇਹ ਸੰਖਿਆ ਸਿਰਫ਼ 1.7 ਮਿਲੀਅਨ ਰਹਿ ਗਈ ਹੈ।
ਕੱਛ ਵਿੱਚ ਵੀ ਘਾਟ ਦੇਖਣ ਨੂੰ ਮਿਲੀ, ਪਰ ਇੱਥੇ ਇਸ ਪਸ਼ੂ ਨੇ ਮੁਕਾਬਲਤਨ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜੋ ਕਿ ਸ਼ਾਇਦ ਮਾਲਧਾਰੀਆਂ ਦੁਆਰਾ ਚੰਗੀ ਦੇਖਭਾਲ਼ ਦਾ ਨਤੀਜਾ ਹੈ। ਇੱਥੇ 2007 ਦੇ ਮੁਕਾਬਲੇ ਵਿੱਚ 2012 ਵਿੱਚ ਕਰੀਬ 4,200 ਘੱਟ ਭੇਡਾਂ ਸਨ।
ਪਸ਼ੂਆਂ ਦੀ 2017 ਦੀ ਗਣਨਾ ਦੇ ਅੰਕੜੇ ਛੇ ਮਹੀਨਿਆਂ ਤੱਕ ਬਾਹਰ ਨਹੀਂ ਆਉਣਗੇ, ਪਰ ਕਾਰਾਭਾਈ ਦਾ ਕਹਿਣਾ ਹੈ ਕਿ ਉਹ ਗਿਰਾਵਟ ਦੀ ਪ੍ਰਵਿਰਤੀ ਨੂੰ ਦੇਖ ਰਹੇ ਹਨ ਅਤੇ ਭੇਡਾਂ ਦੀ ਗਿਣਤੀ ਵਿੱਚ ਘਾਟ ਦੇ ਕਈ ਰਲ਼ੇ-ਮਿਲ਼ੇ ਕਾਰਨ ਦੱਸਦੇ ਹਨ। ਉਹ ਕਹਿੰਦੇ ਹਨ,''ਜਦੋਂ ਮੈਂ 30 ਸਾਲ ਦਾ ਸਾਂ, ਤਾਂ ਅੱਜ ਤੋਂ ਕਿਤੇ ਵੱਧ ਘਾਹ ਅਤੇ ਰੁੱਖ-ਪੌਦੇ ਹੋਇਆ ਕਰਦੇ ਸਨ, ਭੇਡਾਂ ਨੂੰ ਚਰਾਉਣ ਵਿੱਚ ਕਦੇ ਕੋਈ ਦਿੱਕਤ ਨਹੀਂ ਸੀ। ਹੁਣ ਜੰਗਲ ਅਤੇ ਰੁੱਖ ਵੱਢੇ ਜਾ ਰਹੇ ਹਨ ਅਤੇ ਘਾਹ ਦੇ ਮੈਦਾਨ ਵੀ ਸੁੰਗੜ ਰਹੇ ਹਨ, ਛੋਟੇ ਹੁੰਦੇ ਜਾ ਰਹੇ ਹਨ। ਗਰਮੀ ਵੀ ਬਹੁਤ ਜ਼ਿਆਦਾ ਹੈ।'' ਨਾਲ਼ ਹੀ, ਅਨਿਯਮਤ ਮੌਸਮ ਅਤੇ ਜਲਵਾਯੂ ਤਬਦੀਲੀ ਦੇ ਲਈ ਮਨੁੱਖੀ ਗਤੀਵਿਧੀਆਂ ਨੂੰ ਜ਼ਿੰਮੇਦਾਰ ਠਹਿਰਾਉਂਦੇ ਹਨ।
''ਸੋਕੇ ਦੇ ਸਾਲਾਂ ਵਿੱਚ ਜਿਵੇਂ ਸਾਨੂੰ ਪਰੇਸ਼ਾਨੀ ਹੁੰਦੀ ਹੈ, ਉਵੇਂ ਹੀ ਭੇਡਾਂ ਵੀ ਪਰੇਸ਼ਾਨੀ ਝੱਲਦੀਆਂ ਹਨ। ਘਾਹ ਦੇ ਮੈਦਾਨਾਂ ਦੇ ਸੁੰਗੜਨ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਘਾਹ ਅਤੇ ਚਾਰੇ ਦੀ ਤਲਾਸ਼ ਵਿੱਚ ਹੋਰ ਵੀ ਜ਼ਿਆਦਾ ਤੁਰਨਾ ਅਤੇ ਭਟਕਣਾ ਹੋਵੇਗਾ। ਭੇਡਾਂ ਦੀ ਗਿਣਤੀ ਵੀ ਸ਼ਾਇਦ ਘੱਟ ਹੋ ਰਹੀ ਹੈ, ਕਿਉਂਕਿ ਕੁਝ ਕਮਾਉਣ ਲਈ ਲੋਕ ਜ਼ਿਆਦਾ ਜਾਨਵਰਾਂ ਨੂੰ ਵੇਚ ਰਹੇ ਹੋਣਗੇ,'' ਉਹ ਕਹਿੰਦੇ ਹਨ।
ਆਪਣੇ ਝੁੰਡ ਲਈ ਘਾਹ ਅਤੇ ਚਰਾਂਦਾਂ ਦੇ ਸੁੰਗੜਨ ਬਾਰੇ ਉਨ੍ਹਾਂ ਦੀ ਗੱਲ ਸਹੀ ਹੈ। ਸੈਂਟਰ ਫਾਰ ਡਿਵਲੈਪਮੈਂਟ ਆਲਟਰਨੇਟਿਵਸ, ਅਹਿਮਦਾਬਾਦ ਦੀ ਪ੍ਰੋਫ਼ੈਸਰ ਇੰਦਰਾ ਹਿਰਵੇ ਮੁਤਾਬਕ, ਗੁਜਰਾਤ ਵਿੱਚ ਕਰੀਬ 4.5 ਪ੍ਰਤੀਸ਼ਤ ਭੂਮੀ ਚਰਾਂਦਾਂ ਦੀ ਜ਼ਮੀਨ ਹੈ। ਪਰ ਅਧਿਕਾਰਕ ਡਾਟਾ, ਜਿਵੇਂ ਕਿ ਉਹ ਦੱਸਦੀ ਹਨ, ਇਨ੍ਹਾਂ ਜ਼ਮੀਨਾਂ 'ਤੇ ਵੱਡੇ ਪੱਧਰ 'ਤੇ ਨਜ਼ਾਇਜ ਤਰੀਕੇ ਨਾਲ਼ ਦਖਲ਼ ਦੇਣ ਨੂੰ ਕਾਰਕ ਨਹੀਂ ਮੰਨਦਾ। ਇਸਲਈ ਅਸਲੀ ਤਸਵੀਰ ਲੁਕੀ ਰਹਿੰਦੀ ਹੈ। ਮਾਰਚ 2018 ਵਿੱਚ, ਸਰਕਾਰ ਨੇ ਇਸ ਨਾਲ਼ ਸਬੰਧਤ ਸਵਾਲਾਂ ਦੇ ਜਵਾਬ ਵਿੱਚ ਰਾਜ ਦੀ ਵਿਧਾਨਸਭਾ ਵਿੱਚ ਇਹ ਪ੍ਰਵਾਨ ਕੀਤਾ ਸੀ ਕਿ 33 ਜ਼ਿਲ੍ਹਿਆਂ ਵਿੱਚ 4,725 ਹੈਕਟੇਅਰ ਗਊਚਰ (ਚਰਾਂਦ) ਭੂਮੀ ਦਾ ਗ੍ਰਹਿਣ ਕੀਤਾ ਗਿਆ ਹੈ। ਹਾਲਾਂਕਿ, ਕੁਝ ਵਿਧਾਇਕਾਂ ਨੇ ਹਮਲਾ ਬੋਲਣ ਦੇ ਸੁਰ ਵਿੱਚ ਕਿਹਾ ਸੀ ਕਿ ਉਹ ਅੰਕੜਾ ਬਹੁਤ ਹੀ ਘੱਟ ਕਰਕੇ ਪੇਸ਼ ਕੀਤਾ ਗਿਆ ਹੈ।
ਖ਼ੁਦ ਸਰਕਾਰ ਨੇ ਪ੍ਰਵਾਨ ਕੀਤਾ ਸੀ ਕਿ 2018 ਵਿੱਚ, ਰਾਜ ਦੇ ਅੰਦਰ 2,754 ਪਿੰਡ ਅਜਿਹੇ ਸਨ ਜਿੱਥੇ ਚਰਾਈ ਦੀ ਭੂਮੀ ਬਿਲਕੁਲ ਸੀ ਹੀ ਨਹੀਂ।
ਗੁਜਰਾਤ ਉਦਯੋਗਿਕ ਵਿਕਾਸ ਨਿਗਮ ਦੁਆਰਾ ਉਦਯੋਗਾਂ ਨੂੰ ਸੌਂਪੀ ਗਈ ਭੂਮੀ ਵਿੱਚ ਵੀ ਵਾਧਾ ਹੋਇਆ ਹੈ- ਇਸ ਵਿੱਚੋਂ ਕੁਝ ਭੂਮੀ ਰਾਜ ਦੁਆਰਾ ਗ੍ਰਹਿਣ ਕੀਤੀ ਗਈ ਹੈ। ਇਹਨੇ 1990 ਅਤੇ 2001 ਦਰਮਿਆਨ, ਇਕੱਲੇ ਐੱਸਈਐੱਡ (SEZs) ਲਈ ਉਦਯੋਗਾਂ ਨੂੰ 4,620 ਹੈਕਟੇਅਰ ਭੂਮੀ ਸੌਂਪ ਦਿੱਤੀ। ਅਜਿਹੀ ਭੂਮੀ 2001-2011 ਦੇ ਵਕਫ਼ੇ ਦੇ ਅੰਤ ਤੱਕ ਵੱਧ ਕੇ 21,308 ਹੈਕਟੇਅਰ ਹੋ ਗਈ ਸੀ।
ਸੁਰੇਂਦਰਨਗਰ ਵਿੱਚ, ਮਾਰਚ ਮਹੀਨੇ ਦੇ ਇਸ ਦਿਨ ਦਾ ਤਾਪਮਾਨ ਜਿਓਂ ਹੀ ਵਧਿਆ, ਕਾਰਾਭਾਈ ਨੇ ਪੁਰਸ਼ਾਂ ਨੂੰ ਬੇਨਤੀ ਕੀਤੀ,''ਦੁਪਹਿਰ ਹੋਣ ਵਾਲ਼ੀ ਆ, ਆਓ ਤੁਰਨਾ ਸ਼ੁਰੂ ਕਰਦੇ ਆਂ!'' ਪੁਰਸ਼ਾਂ ਨੇ ਅੱਗੇ ਤੁਰਨਾ ਸ਼ੁਰੂ ਕੀਤਾ ਅਤੇ ਭੇਡਾਂ ਉਨ੍ਹਾਂ ਮਗਰ ਮਗਰ ਤੁਰਨ ਲੱਗੀਆਂ। ਕਾਰਾਭਾਈ ਦੇ ਸਮੂਹ ਦਾ ਇਕਲੌਤਾ ਮੈਂਬਰ, ਜੋ ਸੱਤਵੀਂ ਕਲਾਸ ਤੱਕ ਸਕੂਲ ਗਿਆ, ਉਹ ਹੈ ਉਨ੍ਹਾਂ ਦਾ ਪੋਤਾ ਪ੍ਰਭੂਵਾਲ਼ਾ, ਜੋ ਖੇਤ ਦੇ ਕੰਢੇ ਲੱਗੀਆਂ ਝਾੜੀਆਂ ਨੂੰ ਹਿਲਾਉਂਦਾ ਹੈ ਅਤੇ ਉੱਥੇ ਘੁੰਮ ਰਹੀਆਂ ਭੇਡਾਂ ਨੂੰ ਹਿੱਕ-ਹਿੱਕ ਕੇ ਝੁੰਡ ਦੇ ਨਾਲ਼ ਲਿਆ ਰਲ਼ਾਉਂਦਾ ਹੈ।
ਤਿੰਨੋਂ ਔਰਤਾਂ ਨੇ ਰੱਸੀ ਦੀਆਂ ਮੰਜੀਆਂ, ਦੁੱਧ ਦੇ ਸਟੀਲ ਦੇ ਡੋਹਣੇ ਅਤੇ ਹੋਰ ਸਮਾਨ ਬੰਨ੍ਹ ਲਿਆ। ਪ੍ਰਭੂਵਾਲਾ ਨੇ ਦੂਰ ਦੇ ਇੱਕ ਰੁੱਖ ਨਾਲ਼ ਬੰਨ੍ਹੇ ਊਠ ਨੂੰ ਖੋਲ੍ਹਿਆ ਅਤੇ ਉਸ ਥਾਂ ਲੈ ਆਇਆ ਜਿੱਥੇ ਉਹਦੀ ਮਾਂ, ਹੀਰਾਬੇਨ ਨੇ ਆਪਣੇ ਸਫ਼ਰ ਦਾ ਘਰ ਅਤੇ ਰਸੋਈ ਦੇ ਸਮਾਨ ਨੂੰ ਬੰਨ੍ਹ ਲਿਆ ਸੀ ਤਾਂਕਿ ਇਹ ਸਾਰਾ ਸਮਾਨ ਊਠ ਦੀ ਪਿੱਠ 'ਤੇ ਲੱਦਿਆ ਜਾ ਸਕੇ।
ਪੰਜ ਮਹੀਨਿਆਂ ਬਾਅਦ, ਅਗਸਤ ਦੇ ਅੱਧ ਵਿੱਚ, ਅਸੀਂ ਕਾਰਾਭਾਈ ਨੂੰ ਰਾਪਰ ਤਾਲੁਕਾ ਦੀ ਸੜਕ 'ਤੇ ਦੋਬਾਰਾ ਮਿਲ਼ੇ ਅਤੇ ਜਟਵਾੜਾ ਪਿੰਡ ਸਥਿਤ ਉਨ੍ਹਾਂ ਦੇ ਘਰ ਵੀ ਗਏ। ਉਨ੍ਹਾਂ ਦੀ ਪਤਨੀ, 70 ਸਾਲਾ ਡੋਸੀਬਾਈ ਆਲ ਨੇ ਸਾਰਿਆਂ ਲਈ ਚਾਹ ਬਣਾਈ ਹੈ ਅਤੇ ਗੱਲਬਾਤ ਦੌਰਾਨ ਦੱਸਿਆ,''10 ਸਾਲ ਪਹਿਲਾਂ ਤੱਕ ਮੈਂ ਵੀ ਪਰਿਵਾਰ ਦੇ ਨਾਲ਼ ਯਾਤਰਾ ਕਰਦੀ ਸਾਂ। ਭੇਡਾਂ ਅਤੇ ਬੱਚੇ ਹੀ ਸਾਡੀ ਦੌਲਤ ਹਨ। ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ਼ ਦੇਖਭਾਲ਼ ਕੀਤੀ ਜਾਣੀ ਚਾਹੀਦੀਹੈ, ਇਹ ਮੈਂ ਚਾਹੁੰਦੀ ਹਾਂ।''
ਉਨ੍ਹਾਂ ਦੇ ਇੱਕ ਗੁਆਂਢੀ, ਭਈਆਭਾਈ ਮਕਵਾਨਾ ਸ਼ਿਕਾਇਤ ਕਰਨ ਦੀ ਸੁਰ ਵਿੱਚ ਕਹਿਣ ਲੱਗੇ... ਸੋਕਾ ਤਾਂ ਹੁਣ ਅਕਸਰ ਹੀ ਪੈਣ ਲੱਗਿਆ ਹੈ। ''ਜੇ ਪਾਣੀ ਹੀ ਨਾ ਹੋਵੇ ਤਾਂ ਅਸੀਂ ਘਰਾਂ ਨੂੰ ਵੀ ਨਹੀਂ ਪਰਤ ਸਕਦੇ। ਪਿਛਲੇ ਛੇ ਸਾਲਾਂ ਵਿੱਚ, ਮੈਂ ਸਿਰਫ਼ ਦੋ ਵਾਰੀ ਘਰ ਪਰਤਿਆਂ।''
ਇੱਕ ਹੋਰ ਗੁਆਂਢੀ, ਰਤਨਾਬਾਈ ਧਾਗਲ ਨੇ ਦੂਸਰੀਆਂ ਚੁਣੌਤੀਆਂ ਬਾਰੇ ਦੱਸਿਆ,''ਮੈਂ ਦੋ ਸਾਲਾਂ ਦੇ ਸੋਕੇ ਤੋਂ ਬਾਅਦ ਪਰਤਿਆ ਅਤੇ ਦੇਖਿਆ ਕਿ ਸਰਕਾਰ ਨੇ ਸਾਡੀ ਗਊਚਰ ਜ਼ਮੀਨ ਦੀ ਚੁਫ਼ੇਰਿਓਂ ਘੇਰਾਬੰਦੀ ਕਰ ਦਿੱਤੀ ਸੀ। ਅਸੀਂ ਪੂਰਾ ਦਿਨ ਘੁੰਮਦੇ ਹਾਂ ਪਰ ਸਾਡੇ ਮਾਲ਼-ਡੰਗਰਾਂ ਨੂੰ ਲੋੜੀਂਦਾ ਘਾਹ ਨਹੀਂ ਮਿਲ਼ ਪਾਉਂਦਾ। ਅਸੀਂ ਕੀ ਕਰੀਏ? ਸਮਝ ਨਹੀਂ ਆਉਂਦੀ ਕਿ ਉਨ੍ਹਾਂ ਚਰਾਉਣ ਲੈ ਜਾਈਏ ਜਾਂ ਕੈਦ ਕਰ ਦੇਈਏ? ਸਾਨੂੰ ਬੱਸ ਪਸ਼ੂਪਾਲਣ ਦਾ ਕੰਮ ਹੀ ਆਉਂਦਾ ਹੈ ਅਤੇ ਉਸੇ ਸਹਾਰੇ ਅਸੀਂ ਹਯਾਤੀ ਹੰਢਾਉਂਦੇ ਆਏ ਹਾਂ।''
''ਇਸ ਸੋਕੇ ਕਾਰਨ ਸਾਨੂੰ ਬੜੇ ਜਫ਼ਰ ਜਾਲਣੇ ਪੈਂਦੇ ਹਨ। ਖਾਣ ਪੀਣ ਨੂੰ ਕੁਝ ਨਹੀਂ ਬਚਿਆ ਅਤੇ ਨਾ ਹੀ ਜਾਨਵਰਾਂ ਅਤੇ ਪੰਛੀਆਂ ਦੇ ਪੀਣ ਨੂੰ ਪਾਣੀ ਹੀ ਬਚਿਆ ਹੈ,'' ਮੌਸਮ ਦੀ ਡਾਵਾਂਡੋਲਤਾ ਅਤੇ ਜਲਵਾਯੂ ਤਬਦੀਲੀ ਤੋਂ ਪਰੇਸ਼ਾਨ ਹੋ ਥੱਕ-ਟੁੱਟ ਚੁੱਕੇ ਕਾਰਾਭਾਈ ਕਹਿੰਦੇ ਹਨ।
ਅਗਸਤ ਵਿੱਚ ਪਏ ਮੀਂਹ ਨੇ ਉਨ੍ਹਾਂ ਨੂੰ ਥੋੜ੍ਹੀ ਬਹੁਤ ਰਾਹਤ ਦਿੱਤੀ। ਆਲ ਪਰਿਵਾਰ ਦੇ ਪੂਰੇ ਟੱਬਰ ਕੋਲ਼ ਅੱਠ ਏਕੜ ਦੀ ਸਾਂਝੀ ਜ਼ਮੀਨ ਹੈ ਜੋ ਪੂਰੀ ਤਰ੍ਹਾਂ ਮੀਂਹ-ਅਧਾਰਤ ਹੈ ਅਤੇ ਜਿੱਥੇ ਉਨ੍ਹਾਂ ਨੇ ਬਾਜਰਾ ਬੀਜਿਆ ਹੈ।
ਪਸ਼ੂਆਂ ਦੇ ਚਰਨ ਅਤੇ ਆਜੜੀਆਂ ਦੇ ਪ੍ਰਵਾਸਨ ਦੀ ਪ੍ਰਕਿਰਿਆ ਨੂੰ ਕਈ ਕਾਰਕਾਂ ਨੇ ਰਲ਼ ਕੇ ਪ੍ਰਭਾਵਤ ਕੀਤਾ ਹੈ- ਜਿਵੇਂ ਕਿ ਰਾਜ ਵਿੱਚ ਪੈਣ ਵਾਲ਼ੇ ਮੀਂਹ ਦਾ ਘੱਟਦੇ ਜਾਣਾ, ਬਾਰੰਬਾਰ ਸੋਕਾ ਪੈਣਾ, ਸੁੰਗੜਦੀਆਂ ਜਾਂਦੀਆਂ ਚਰਾਂਦਾਂ, ਤੇਜ਼ੀ ਨਾਲ਼ ਫ਼ੈਲਦੇ ਸਨਅਨੀਕਰਨ ਅਤੇ ਸ਼ਹਿਰੀਕਰਨ, ਜੰਗਲਾਂ ਦੀ ਕਟਾਈ ਅਤੇ ਚਾਰੇ ਅਤੇ ਪਾਣੀ ਦੀ ਉਪਲਬਧਤਾ ਵਿੱਚ ਘਾਟ। ਮਾਲਧਾਰੀਆਂ ਦੇ ਜੀਵਨ ਦੇ ਤਜ਼ਰਬਿਆਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਕਾਰਕ ਮੌਸਮ ਅਤੇ ਜਲਵਾਯੂ ਵਿੱਚ ਹੋਣ ਵਾਲ਼ੀਆਂ ਤਬਦੀਲੀਆਂ ਲਈ ਜ਼ਿੰਮੇਦਾਰ ਹਨ। ਅੰਤ: ਇਨ੍ਹਾਂ ਭਾਈਚਾਰਿਆਂ ਦੇ ਆਵਾਗਮਨ ਗੰਭੀਰ ਰੂਪ ਨਾਲ਼ ਪ੍ਰਭਾਵਤ ਹੋਇਆ ਹੈ ਅਤੇ ਉਹ ਸਦੀਆਂ ਤੋਂ ਚੱਲੀਆਂ ਆ ਰਹੀਆਂ ਸਮੇਂ-ਸਾਰਣੀਆਂ ਵੀ ਬਦਲ ਰਹੀਆਂ ਹਨ।
''ਸਾਡੀਆਂ ਸਾਰੀਆਂ ਤਕਲੀਫ਼ਾਂ ਬਾਰੇ ਲਿਖਿਓ ਅਤੇ ਅਸੀਂ ਦੇਖਾਂਗੇ ਕਿ ਇਸ ਨਾਲ਼ ਕੋਈ ਬਦਲਾਅ ਆਉਂਦਾ ਵੀ ਹੈ। ਜੇ ਨਹੀਂ ਆਉਂਦਾ ਤਾਂ ਰੱਬ ਹੀ ਰਾਖਾ ਹੈ,'' ਵਿਦਾ ਹੁੰਦੇ ਸਮੇਂ ਕਾਰਾਬਾਈ ਕਹਿੰਦੇ ਹਨ।
ਲੇਖਿਕਾ ਇਸ ਸਟੋਰੀ ਨੂੰ ਰਿਪੋਰਟ ਕਰਨ ਵਿੱਚ ਅਹਿਮਦਾਬਾਦ ਅਤੇ ਭੁਜ ਦੇ ਮਾਲਧਾਰੀ ਰੂਰਲ ਐਕਸ਼ਨ ਗਰੁੱਪ (ਐੱਮਏਆਰਏਜੀ) ਦੀ ਟੀਮ ਦਾ ਆਪਣੇ ਦਿੱਤੇ ਸਮਰਥਨ ਅਤੇ ਜ਼ਮੀਨੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਨ।
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ : ਕਮਲਜੀਤ ਕੌਰ