''ਸ਼ਰਾਬ 'ਤੇ ਪਾਬੰਦੀ ਹੈ ਕਿੱਥੇ?'' ਹਿਰਖ਼ੇ ਮਨ ਨਾਲ਼ ਗੌਰੀ ਪਰਮਾਰ ਕਹਿੰਦੀ ਹਨ, ਉਨ੍ਹਾਂ ਦੀ ਅਵਾਜ਼ ਵਿੱਚ ਕੁੜੱਤਣ ਤੇ ਸ਼ਿਕਵਾ ਸਾਫ਼ ਝਲਕਦਾ ਹੈ।

ਗੱਲ ਜਾਰੀ ਰੱਖਦਿਆਂ ਗੌਰੀ ਅੱਗੇ ਕਹਿੰਦੀ ਹਨ,''ਜਾਂ ਤਾਂ ਇਹ ਸਿਰਫ਼ ਢੋਂਗ ਹੈ ਜਾਂ ਫਿਰ ਸ਼ਾਇਦ ਮੇਰਾ ਪਿੰਡ ਗੁਜਰਾਤ ਅੰਦਰ ਨਹੀਂ ਆਉਂਦਾ। ਮੇਰੇ ਪਿੰਡ ਦੇ ਬੰਦੇ ਪਿਛਲੇ ਕਈ ਸਾਲਾਂ ਤੋਂ ਸ਼ਰਾਬ ਪੀਂਦੇ ਆਏ ਹਨ।'' ਉਨ੍ਹਾਂ ਦਾ ਪਿੰਡ ਰੋਜਿਦ ਗੁਜਰਾਤ ਦੇ ਬੋਟਾਦ ਜ਼ਿਲ੍ਹੇ ਵਿਖੇ ਪੈਂਦਾ ਹੈ।

ਗੁਜਰਾਤ, ਭਾਰਤ ਦੇ ਉਨ੍ਹਾਂ ਤਿੰਨ 'ਡਰਾਈ' ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਆਮ ਨਾਗਰਿਕਾਂ ਨੂੰ ਸ਼ਰਾਬ ਪੀਣ ਜਾਂ ਖ਼ਰੀਦਣ ਦੀ ਆਗਿਆ ਨਹੀਂ ਹੈ। ਗੁਜਰਾਤ ਪਾਬੰਦੀ (ਸੋਧ) ਐਕਟ, 2017 ਤਹਿਤ ਸ਼ਰਾਬ ਦੀ ਪੈਦਾਕਾਰ ਅਤੇ ਵਿਕਰੀ ਕਰਨ ਦੀ ਸੂਰਤ ਵਿੱਚ 10 ਸਾਲ ਦੀ ਕੈਦ ਦਾ ਕਨੂੰਨ ਹੈ। ਹਾਲਾਂਕਿ, 50 ਸਾਲਾ ਗੌਰੀ ਜਦੋਂ 30 ਸਾਲ ਪਹਿਲਾਂ ਦੁਲਹਨ ਬਣ ਰੋਜਿਦ ਰਹਿਣ ਆਈ ਸਨ, ਉਦੋਂ ਤੋਂ ਹੀ ਉਹ ਇਸ ਕਨੂੰਨ ਨੂੰ ਛਿੱਕੇ ਟੰਗਿਆ ਦੇਖਦੀ ਰਹੀ ਹਨ। ਉਨ੍ਹਾਂ ਨੇ ਮੁਕਾਮੀ ਲੋਕਾਂ ਨੂੰ ਨਾ ਸਿਰਫ਼ ਧੜੱਲੇ ਨਾਲ਼ ਦੇਸੀ ਸ਼ਰਾਬ ਕੱਢਦੇ ਦੇਖਿਆ ਸਗੋਂ ਲਿਫ਼ਾਫ਼ਿਆਂ ਅੰਦਰ ਭਰ-ਭਰ ਕੇ ਸ਼ਰਾਬ ਦੀ ਵਿਕਰੀ ਹੁੰਦੇ ਵੀ ਦੇਖਿਆ।

ਨਜਾਇਜ਼ ਤੌਰ 'ਤੇ ਸ਼ਰਾਬ ਕੱਢਣ ਦੇ ਦੂਰਰਸ ਤੇ ਮਾਰੂ ਨਤੀਜੇ ਹੁੰਦੇ ਹਨ। ਨਜਾਇਜ਼ ਸ਼ਰਾਬ ਕੱਢਣ ਵਾਲ਼ੇ ਇਹਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਲਾਣ੍ਹ ਅੰਦਰ ਕਈ ਘਾਤਕ ਨਸ਼ੀਲੇ ਰਸਾਇਣਾਂ ਤੇ ਪਦਾਰਥਾਂ ਨੂੰ ਰਲ਼ਾਉਂਦੇ ਹਨ। ਗੌਰੀ ਕਹਿੰਦੀ ਹਨ,''ਉਹ ਤਰਲ ਸੈਨੀਟਾਈਜ਼ਰ, ਯੂਰੀਆ ਤੇ ਮੈਥਨਾਲ਼ ਜਿਹੇ ਪਦਾਰਥ ਮਿਲ਼ਾਉਂਦੇ ਹਨ।''

ਜੁਲਾਈ 2022 ਨੂੰ ਗੁਜਰਾਤ ਵਿੱਚ ਅਜਿਹੀ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ਼ 42 ਲੋਕ ਮਾਰੇ ਗਏ ਤੇ 100 ਦੇ ਕਰੀਬ ਲੋਕ ਅਹਿਮਦਾਬਾਦ, ਭਾਵਨਗਰ ਤੇ ਬੋਟਾਦ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਭਰਤੀ ਰਹੇ। ਕੁੱਲ ਮਰਨ ਵਾਲ਼ਿਆਂ ਵਿੱਚੋਂ 11 ਲੋਕ ਰਾਜਿਦ ਪਿੰਡ ਦੇ ਸਨ, ਜੋ ਬੋਟਾਦ ਜ਼ਿਲ੍ਹੇ ਦੀ ਬਰਵਾਲਾ ਤਾਲੁਕਾ ਵਿੱਚ ਪੈਂਦਾ ਹੈ।

Gauri Parmar lost her son, Vasram, to methanol-poisoned alcohol that killed 42 people in Gujarat in July 2022
PHOTO • Parth M.N.

ਜੁਲਾਈ 2022 ਨੂੰ ਸ਼ਰਾਬ ਪੀ ਕੇ ਮਰਨ ਵਾਲ਼ੇ 42 ਲੋਕਾਂ ਵਿੱਚੋਂ ਇੱਕ ਗੌਰੀ ਪਰਮਾਰ ਦਾ ਬੇਟਾ ਵੀ ਸੀ

''ਮਰਨ ਵਾਲ਼ਿਆਂ ਵਿੱਚੋਂ ਇੱਕ ਮੇਰਾ ਬੇਟਾ, ਵਾਸਰਾਮ ਵੀ ਸੀ,'' ਵਲ਼ੂੰਧਰੇ ਦਿਲ ਨਾਲ਼ ਗ਼ੌਰੀ ਕਹਿੰਦੀ ਹਨ। ਮੇਰਾ 30 ਸਾਲਾ ਬੇਟਾ ਘਰ ਦਾ ਇਕੱਲਾ ਕਮਾਊ ਸੀ। ਉਸੇ ਦੀ ਕਮਾਈ ਨਾਲ਼ ਉਹਦੀ ਪਤਨੀ ਤੇ ਦੋ ਬੱਚਿਆਂ (ਇੱਕ 4 ਸਾਲਾ ਤੇ ਦੂਜਾ 2 ਸਾਲਾ) ਦਾ ਢਿੱਡ ਭਰਦਾ ਸੀ। ਪਰਿਵਾਰ ਬਾਲਮੀਕੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਗੁਜਰਾਤ ਅੰਦਰ ਇੱਕ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ।

ਗੌਰੀ ਨੂੰ 25 ਜੁਲਾਈ 2022 ਦੀ ਉਹ ਸਵੇਰ ਚੇਤੇ ਹੈ। ਵਾਸਰਾਮ ਬੜਾ ਤਰਲੋ-ਮੱਛੀ ਹੋ ਰਿਹਾ ਸੀ। ਉਹਨੂੰ ਸਾਹ ਲੈਣ ਵਿੱਚ ਔਖ਼ ਮਹਿਸੂਸ ਹੋ ਰਹੀ ਸੀ। ਪਰਿਵਾਰ ਵਾਲ਼ੇ ਉਹਨੂੰ ਲੈ ਕੇ ਬਰਵਾਲਾ ਦੇ ਇੱਕ ਨਿੱਜੀ ਕਲੀਨਿਕ ਗਏ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ਼ ਲੋੜੀਂਦੇ ਇਲਾਜ ਵਾਸਤੇ ਸੁਵਿਧਾਵਾਂ ਨਹੀਂ ਸਨ। ਉਹਦੇ ਬਾਅਦ ਵਾਸਰਾਮ ਨੂੰ ਬਰਵਾਲਾ ਦੇ ਕਮਿਊਨਿਟੀ ਸਿਹਤ ਕੇਂਦਰ ਲਿਜਾਇਆ ਗਿਆ। ਗੌਰੀ ਦੱਸਦੀ ਹਨ,''ਉੱਥੇ ਡਾਕਟਰਾਂ ਨੇ ਉਹਦੇ ਟੀਕਾ ਲਾਇਆ ਤੇ ਥੋੜ੍ਹੀ ਦੇਰ ਗਲੂਕੋਜ ਵੀ ਚਾੜ੍ਹਿਆ। ਦੁਪਹਿਰ 12:30 ਵਜੇ ਉਨ੍ਹਾਂ ਨੇ ਸਾਨੂੰ ਉਹਨੂੰ ਬੋਟਾਦ ਦੇ ਜ਼ਿਲ੍ਹਾ ਹਸਤਪਾਲ ਲਿਜਾਣ ਲਈ ਕਿਹਾ।''

ਹਸਪਤਾਲ ਉਨ੍ਹਾਂ ਦੇ ਪਿੰਡੋਂ ਕੋਈ 45 ਮਿੰਟ ਦਾ ਰਾਹ ਹੈ, ਰਾਹ ਵਿੱਚ ਹੀ ਵਾਸਰਾਮ ਨੇ ਛਾਤੀ ਵਿੱਚ ਪੀੜ੍ਹ ਦੀ ਸ਼ਿਕਾਇਤ ਕੀਤੀ। ਗੌਰੀ ਦੱਸਦੀ ਹਨ,''ਉਹਨੇ ਕਿਹਾ ਉਹਨੂੰ ਸਾਹ ਨਹੀਂ ਆ ਰਿਹਾ। ਉਹਨੂੰ ਉਲਟੀਆਂ ਵੀ ਆ ਰਹੀਆਂ ਸਨ।''

ਬੋਟਾਦ ਜ਼ਿਲ੍ਹਾ ਹਸਪਤਾਲ ਵਿਖੇ ਡਾਕਟਰਾਂ ਨੇ ਵਾਸਰਾਮ ਦੀ ਬੀਮਾਰੀ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ। ਗੌਰੀ ਮੁਤਾਬਕ ਕੋਈ ਵੀ ਸਾਡੇ ਨਾਲ਼ ਗੱਲ ਕਰਨ ਨੂੰ ਤਿਆਰ ਨਹੀਂ ਸੀ। ਜਦੋਂ ਗੌਰੀ ਨੇ ਥੋੜ੍ਹੀ ਜ਼ਿੱਦ ਕੀਤੀ ਤਾਂ ਉਨ੍ਹਾਂ ਨੇ ਗੌਰੀ ਨੂੰ ਵਾਡਰ 'ਚੋਂ ਬਾਹਰ ਜਾਣ ਨੂੰ ਕਹਿ ਦਿੱਤਾ।

ਗੌਰੀ ਬੇਵੱਸ ਖੜ੍ਹੀ ਰਹੀ ਤੇ ਡਾਕਟਰਾਂ ਨੂੰ ਆਪਣੇ ਬੇਟੇ ਦੀ ਛਾਤੀ ਨੂੰ ਪੰਪ ਕਰਦਿਆਂ ਦੇਖਦੀ ਰਹੀ। ਉਹ ਜਾਣਦੀ ਸੀ ਕਿ ਸ਼ਰਾਬ ਨੇ ਹੀ ਉਨ੍ਹਾਂ ਦੇ ਬੇਟੇ ਨੂੰ ਇਸ ਹਾਲਤ ਵਿੱਚ ਪਹੁੰਚਾਇਆ ਹੈ, ਪਰ ਉਹ ਇਹ ਨਹੀਂ ਜਾਣਦੀ ਸਨ ਕਿ ਸ਼ਰਾਬ ਨੇ ਵਾਸਰਾਮ ਦੇ ਅੰਦਰੂਨੀ ਅੰਗਾਂ ਨੂੰ ਕਿੰਨਾ ਤਬਾਹ ਕਰ ਸੁੱਟਿਆ ਸੀ। ਉਹ ਕਹਿੰਦੀ ਹਨ,''ਮੈਂ ਮੁਸਲਸਲ ਹਸਪਤਾਲ ਵਾਲ਼ਿਆਂ ਤੋਂ ਆਪਣੇ ਬੇਟੇ ਦੀ ਸਿਹਤ ਬਾਰੇ ਪੁੱਛਦੀ ਰਹੀ ਪਰ ਅੱਗਿਓਂ ਉਨ੍ਹਾਂ ਇੱਕ ਸ਼ਬਦ ਤੱਕ ਨਾ ਬੋਲਿਆ। ਜਦੋਂ ਤੁਹਾਡਾ ਬੇਟਾ ਹਸਪਤਾਲ ਦਾਖ਼ਲ ਹੋਵੇ ਤਾਂ ਭਾਵੇਂ ਸਥਿਤੀ ਕਿੰਨੀ ਮਾੜੀ ਹੀ ਕਿਉਂ ਨਾ ਹੋਵੇ ਤੁਸੀਂ ਚਾਹੋਗੇ ਕਿ ਡਾਕਟਰ ਤੁਹਾਡੇ ਨਾਲ਼ ਗੱਲ ਤਾਂ ਕਰਨ।''

ਜਦੋਂ ਮਰੀਜ਼ ਅਤੇ ਉਹਦੇ ਰਿਸ਼ਤੇਦਾਰ ਗ਼ਰੀਬ ਤੇ ਹਾਸ਼ੀਆਗਤ ਭਾਈਚਾਰਿਆਂ ਤੋਂ ਹੋਣ ਤਾਂ ਡਾਕਟਰਾਂ ਦਾ ਉਨ੍ਹਾਂ ਪ੍ਰਤੀ ਗ਼ੈਰ-ਜਿੰਮੇਦਾਰ ਤੇ ਅਣਗਹਿਲੀ ਭਰਿਆ ਰਵੱਈਆ ਕੋਈ ਅਲੋਕਾਰੀ ਗੱਲ ਨਹੀਂ ਹੁੰਦੀ। ਡਾਵਾਂਡੋਲ ਹੁੰਦੀ ਗੌਰੀ ਕਹਿੰਦੀ ਹਨ,''ਦੱਸੋ ਸਾਡੇ ਜਿਹੇ ਗ਼ਰੀਬਾਂ ਨੂੰ ਕੌਣ ਪੁੱਛਦਾ ਹੈ।''

ਇਹ ਇਸਲਈ ਵੀ ਹੈ ਕਿ ਚਾਰਟਰ ਆਫ਼ ਪੇਸ਼ੈਂਟ ਰਾਈਟਸ ਐਂਡ ਰਿਸਪੌਂਸੀਬਿਲਿਟੀਜ਼ (ਨੈਸ਼ਨਲ ਕਾਊਂਸਿਲ ਫ਼ਾਰ ਕਲੀਨਿਕਲ ਇਸਟੈਬਲਿਸ਼ਮੈਂਟਸ ਦੁਆਰਾ ਅਗਸਤ 2017 ਵਿੱਚ ਮਨਜ਼ੂਰਸ਼ੁਦਾ) ਨੇ ਕਿਹਾ ਹੈ ਕਿ ਰੋਗੀ ਜਾਂ ਉਹਦੇ ਪਰਿਵਾਰ ਜਾਂ ਜਾਣ-ਪਛਾਣ ਦੇ ਕਿਸੇ ਨੁਮਾਇੰਦੇ ਨੂੰ ''ਬੀਮਾਰੀ ਕਾਰਨ, ਉਹਦੇ ਸਰੂਪ ਅਤੇ ਕੀਤੇ ਗਏ ਇਲਾਜ ਨਾਲ਼ ਜੁੜੀਆਂ ਜ਼ਰੂਰੀ ਤੇ ਸਬੰਧਤ ਸੂਚਨਾਵਾਂ'' ਪ੍ਰਾਪਤ ਕਰਨ ਦਾ ਅਧਿਕਾਰ ਹੈ। ਚਾਰਟਰ ਇਹ ਵੀ ਕਹਿੰਦਾ ਹੈ ਕਿ ਇਲਾਜ ਨੂੰ ਲੈ ਕੇ ਸਮਾਜਿਕ ਹਾਲਤ ਜਾਂ ਜਾਤੀ ਜਿਹੇ ਸਮਾਜਿਕ ਅਧਾਰਾਂ 'ਤੇ ਰੋਗੀਆਂ ਦੇ ਨਾਲ਼ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾ ਸਕਦਾ।

Gauri in her hut in Rojid village of Botad district. From her village alone, 11 people died in the hooch tragedy last year
PHOTO • Parth M.N.

ਬੋਟਾਦ ਜ਼ਿਲ੍ਹੇ ਦੇ ਰੋਜਿਦ ਪਿੰਡ ਵਿਖੇ ਆਪਣੀ ਝੌਂਪੜੀ ਅੰਦਰ ਬੈਠੀ ਗੌਰੀ। ਪਿਛਲੇ ਸਾਲ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਕੱਲੇ ਉਨ੍ਹਾਂ ਦੇ ਪਿੰਡ ਦੇ 11 ਲੋਕ ਮਾਰੇ ਗਏ ਸਨ

ਗੌਰੀ ਨੂੰ ਵਾਰਡ 'ਚੋਂ ਬਾਹਰ ਜਾਣ ਦਾ ਕਹਿਣ ਤੋਂ ਕੁਝ ਘੰਟਿਆਂ ਬਾਅਦ ਹੀ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਨੇ ਵਾਸਰਾਮ ਨੂੰ ਉਨ੍ਹਾਂ ਦੇ ਪਰਿਵਾਰ ਵਾਲ਼ਿਆਂ ਨੂੰ ਬਗ਼ੈਰ ਕਾਰਨ ਦੱਸੇ ਬੋਟਾਦ ਦੇ ਹੀ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ। ਜਿਸ ਦਿਨ ਵਾਸਰਾਮ ਨੂੰ ਨਿੱਜੀ ਹਸਪਤਾਲ ਭੇਜਿਆ ਗਿਆ ਉਸੇ ਸ਼ਾਮ 6:30 ਵਜੇ ਉਨ੍ਹਾਂ ਦੀ ਮੌਤ ਹੋ ਗਈ।

ਗੌਰੀ ਆਪਣਾ ਕਿਹਾ ਦਹੁਰਾਉਂਦੀ ਹਨ,''ਸ਼ਰਾਬ 'ਤੇ ਲੱਗੀ ਇਹ ਪਾਬੰਦੀ ਮਹਿਜ਼ ਇੱਕ ਮਜ਼ਾਕ ਹੈ। ਗੁਜਰਾਤ ਵਿੱਚ ਹਰ ਕੋਈ ਸ਼ਰਾਬ ਪੀਂਦਾ ਹੈ ਪਰ ਮਰਦਾ ਸਿਰਫ਼ ਗ਼ਰੀਬ ਹੀ ਹੈ।''

ਜ਼ਹਿਰੀਲੀ ਸ਼ਰਾਬ ਪਿਛਲੇ ਕਰੀਬ 40 ਸਾਲਾਂ ਤੋਂ ਗੁਜਰਾਤ ਦੀ ਲੋਕ-ਸਿਹਤ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਬੀਤੇ ਸਾਲਾਂ ਵਿੱਚ, ਜ਼ਹਿਰੀਲੀ ਸ਼ਰਾਬ ਦੇ ਸੇਵਨ ਨੇ ਸੈਂਕੜੇ ਲੋਕਾਂ ਦੀ ਜਾਨ ਲਈ ਹੈ। ਸਭ ਤੋਂ ਵੱਡੀ ਤ੍ਰਾਸਦੀ ਉਦੋਂ ਹੋਈ ਜਦੋਂ 2009 ਦੇ ਜੁਲਾਈ ਮਹੀਨੇ ਵਿੱਚ ਅਹਿਮਦਾਬਾਦ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ਼ 150 ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ। ਇਸ ਹਾਦਸੇ ਦੇ 20 ਸਾਲ ਪਹਿਲਾਂ 1989 ਦੇ ਮਾਰਚ ਵਿੱਚ ਵੜੋਦਰਾ ਜ਼ਿਲ੍ਹੇ ਦੇ 135 ਲੋਕ ਮਾਰੇ ਗਏ ਸਨ। ਸਮੂਹਿਕ ਮੌਤਾਂ ਦਾ ਪਹਿਲਾ ਮਾਮਲਾ 1977 ਵਿੱਚ ਸਾਹਮਣੇ ਆਇਆ ਜਦੋਂ ਅਹਿਮਦਾਬਾਦ ਸ਼ਹਿਰ ਦੇ ਸਾਰੰਗਪੁਰ ਦੌਲਤਖਾਨਾ ਇਲਾਕੇ ਦੇ 101 ਲੋਕਾਂ ਦੀ ਮੌਤ ਹੋ ਗਈ ਸੀ। ਉਪਰੋਕਤ ਹੋਈਆਂ ਸਾਰੀਆਂ ਮੌਤਾਂ ਮਗਰਲਾ ਕਾਰਨ ਮਿਥਾਈਲ ਅਲਕੋਹਲ (ਮੇਥਨਾਲ) ਦੀ ਉੱਚੀ ਦਰ (ਲਾਣ੍ਹ) ਨੂੰ ਠਹਿਰਾਇਆ ਗਿਆ।

ਸ਼ਰਾਬ ਕੱਢਣ ਨੂੰ ਲੈ ਕੇ ਕੋਈ ਪ੍ਰਮਾਣਕ ਮਿਆਰ ਨਹੀਂ ਹਨ। ਦੇਸੀ ਸ਼ਰਾਬ ਆਮ ਤੌਰ 'ਤੇ ਗੁੜ ਜਾਂ ਪੌਦਿਆਂ ਦੇ ਅਰਕ ਦੇ ਫਰਮੈਂਟੇਸ਼ਨ ਅਤੇ ਡਿਸਟਿਲੇਸ਼ਨ ਦੁਆਰਾ ਕੱਢੀ ਜਾਂਦੀ ਹੈ। ਪਰ ਮੰਗ ਲੋੜੋਂ ਵੱਧ ਹੋਣ ਦੀ ਹਾਲਤ ਵਿੱਚ ਸ਼ਰਾਬ ਮਾਫ਼ੀਆ ਉਦਯੋਗਾਂ ਵਿੱਚ ਵਰਤੇ ਜਾਣ ਵਾਲ਼ੇ ਇਥਾਇਲ ਅਲਕੋਹਲ ਦਾ ਰਲੇਵਾਂ ਕਰਨੋਂ ਨਹੀਂ ਝੱਕਦੇ ਜਿਹਦੀ ਵਰਤੋਂ ਹੱਥ ਸਾਫ਼ ਕਰਨ ਵਾਲ਼ੇ ਸੈਨੀਟਾਈਜ਼ਰ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਹਦੇ ਨਾਲ਼ ਉਹ ਵਿਤੋਂਵੱਧ ਜ਼ਹਿਰੀਲੀ ਮੇਥਨਾਲ ਦਾ ਇਸਤੇਮਾਲ ਵੀ ਕਰਦੇ ਹਨ।

ਮਾਮਲੇ ਦੇ ਨਿਰੀਖਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਮੌਤਾਂ ਨੂੰ ਤਾਂ ਸਿਰਫ਼ ਝਲਕ ਹੀ ਸਮਝਿਆ ਜਾਵੇ।

ਨਜਾਇਜ਼ ਸ਼ਰਾਬ ਦੇ ਇਸ ਕਾਰੋਬਾਰ ਵਿੱਚ ਸਿਰਫ਼ ਮਾਫ਼ੀਆ ਹੀ ਨਹੀਂ ਸਗੋਂ ਪੁਲਿਸ ਤੇ ਸਿਆਸਤਦਾਨ ਵੀ ਸ਼ਾਮਲ ਹਨ, ਇਹ ਦਾਅਵਾ ਅਹਿਮਦਾਬਾਦ ਦੇ ਇੱਕ ਸੀਨੀਅਰ ਸਮਾਜ-ਸਾਸ਼ਤਰੀ ਘਨਸ਼ਿਆਮ ਸ਼ਾਹ ਕਰਦੇ ਹਨ।

ਸਰਕਾਰ ਦੁਆਰਾ ਜ਼ਹਿਰੀਲੀ ਸ਼ਰਾਬ ਨਾਲ਼ ਹੋਈਆਂ ਮੌਤਾਂ ਦੀ ਜਾਂਚ ਕਰਨ ਅਤੇ ਉਹਦੀ ਰੋਕਥਾਮ ਕਰਨ ਦੇ ਉਦੇਸ਼ ਤਹਿਤ ਬਣਾਏ ਗਏ ਕਈ ਜਾਂਚ ਕਮਿਸ਼ਨ, ਜਿਨ੍ਹਾਂ ਵਿੱਚ 2009 ਦੀ ਤ੍ਰਾਸਦੀ ਤੋਂ ਬਾਅਦ ਜਸਟਿਸ ਕੇ.ਐੱਮ. ਮਹਿਤਾ ਦੀ ਪ੍ਰਧਾਨਗੀ ਵਾਲ਼ਾ ਲੱਠਾ (ਜ਼ਹਿਰੀਲੀ ਸ਼ਰਾਬ) ਜਾਂਚ ਕਮਿਸ਼ਨ ਵੀ ਸ਼ਾਮਲ ਹੈ, ਨੇ ਪਾਬੰਦੀ ਦੀ ਇਸ ਨੀਤੀ ਦੇ ਅਪ੍ਰਭਾਵੀ ਢੰਗ ਨਾਲ਼ ਲਾਗੂ ਕੀਤੇ ਜਾਣ ਨੂੰ ਉਜਾਗਰ ਕੀਤਾ ਹੈ।

Alcohol poisoning has been a public health problem in Gujarat for more than four decades. Consumption of toxic alcohol has killed hundreds over the years. The worst of the hooch tragedies took place in July 2009
PHOTO • Parth M.N.

ਜ਼ਹਿਰੀਲੀ ਸ਼ਰਾਬ ਪਿਛਲੇ ਚਾਰ ਦਹਾਕਿਆਂ ਤੋਂ ਗੁਜਰਾਤ ਦੇ ਲੋਕ-ਸਿਹਤ ਲਈ ਇੱਕ ਵੱਡੀ ਚੁਣੌਤੀ ਰਹੀ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ਼ ਬੀਤੇ ਸਾਲਾਂ ਵਿੱਚ ਸੈਂਕੜੇ ਹੀ ਲੋਕੀਂ ਆਪਣੀ ਜਾਨ ਗੁਆ ਚੁੱਕੇ ਹਨ। ਸਭ ਤੋਂ ਵੱਡੀ ਤ੍ਰਾਸਦੀ 2009 ਦੇ ਜੁਲਾਈ ਮਹੀਨੇ ਵਿੱਚ ਹੋਈ ਸੀ

ਗੁਜਰਾਤ ਅੰਦਰ ਸਿਰਫ਼ ਸਿਹਤ ਅਧਾਰਾਂ 'ਤੇ ਹੀ ਸ਼ਰਾਬ ਪੀਣ ਦੀ ਆਗਿਆ ਹੈ ਤੇ ਉਹ ਵੀ ਸਿਰਫ਼ ਉਦੋਂ ਪੀਤੀ ਜਾ ਸਕਦੀ ਹੈ ਜਦੋਂ ਕੋਈ ਡਾਕਟਰ ਇਹਦੇ ਪੀਣ ਦੀ ਤਜਵੀਜ਼ ਕਰੇ। ਹਾਲਾਂਕਿ ਰਾਜ ਅੰਦਰ ਬਾਹਰੋਂ ਆਏ ਯਾਤਰੂਆਂ ਤੇ ਸੈਲਾਨੀਆਂ ਵਾਸਤੇ ਸ਼ਰਾਬ ਉਪਲਬਧ ਰਹਿੰਦੀ ਹੈ, ਜੋ ਖ਼ਾਸ ਦੁਕਾਨਾਂ ਤੋਂ ਸ਼ਰਾਬ ਖਰੀਦਣ ਵਾਸਤੇ ਆਰਜੀ ਆਗਿਆ-ਪੱਤਰ ਪ੍ਰਾਪਤ ਕਰਕੇ ਹੀ ਸ਼ਰਾਬ ਖ਼ਰੀਦ ਸਕਦੇ ਹਨ।

ਸ਼ਾਹ ਕਹਿੰਦੇ ਹਨ,''ਮੱਧ ਵਰਗ ਤੇ ਉੱਚ ਮੱਧ-ਵਰਗਾਂ ਦੇ ਲੋਕਾਂ ਵਾਸਤੇ ਬਜ਼ਾਰ ਵਿਖੇ ਨਿਰਧਾਰਤ ਮੁੱਲਾਂ 'ਤੇ ਸ਼ਰਾਬ ਉਪਲਬਧ ਹੈ। ਕਿਉਂਕਿ ਗ਼ਰੀਬ ਬੰਦਾ ਇੰਨੀ ਮਹਿੰਗੀ ਸ਼ਰਾਬ ਖਰੀਦ ਨਹੀਂ ਸਕਦਾ ਇਸਲਈ ਉਹ ਦੂਰ-ਦੁਰਾਡੇ ਇਲਾਕਿਆਂ ਵਿੱਚ ਲੁਕਵੇਂ ਰੂਪ ਵਿੱਚ ਘਰੇ ਕੱਢੀ ਜਾਣ ਵਾਲ਼ੀ ਸ਼ਰਾਬ ਵੱਲ ਖਿੱਚਿਆ ਜਾਂਦਾ ਹੈ।''

ਡਾਕਟਰ ਸਪੱਸ਼ਟ ਕਰਦੇ ਹਨ ਕਿ ਜ਼ਹਿਰੀਲੀ ਸ਼ਰਾਬ ਪੀਣ ਵਾਲ਼ੇ ਨੂੰ ਯਕਦਮ ਨਹੀਂ ਮਾਰਦੀ, ਇਹ ਤਾਂ ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਤਬਾਹ ਕਰਦੀ ਹੋਈ ਪਹਿਲਾਂ ਨਜ਼ਰ ਨੂੰ ਕਮਜ਼ੋਰ ਕਰਦੀ ਹੈ, ਫਿਰ ਬੰਦੇ ਨੂੰ ਬੇਹੋਸ਼ੀ ਦੇ ਦੌਰੇ ਪੈਣ ਲੱਗਦੇ ਹਨ ਤੇ ਫਿਰ ਹੌਲ਼ੀ-ਹੌਲ਼ੀ ਕਰਕੇ ਇਹ ਦਿਮਾਗ਼ ਤੇ ਮਿਹਦੇ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੰਦੀ ਹੈ।

ਮੰਦਭਾਗੀਂ, ਗੁਜਰਾਤ ਅੰਦਰ ਸਿਹਤ ਅਦਾਰੇ ਵਿਖੇ ਮਿਲ਼ਣ ਵਾਲ਼ੀਆਂ ਸੁਵਿਧਾਵਾਂ ਸਿਹਤ ਸਬੰਧੀ ਇਨ੍ਹਾਂ ਮੁਸ਼ਕਲਾਂ ਨਾਲ਼ ਨਜਿੱਠਣ ਦੇ ਸਮਰੱਥ ਨਹੀਂ।

ਸਿਹਤ ਸੁਵਿਧਾਵਾਂ ਦੇ ਕ੍ਰਮ ਵਿੱਚ ਜੇਕਰ ਸ਼ੁਰੂ ਤੋਂ ਸ਼ੁਰੂ ਕਰੀਏ ਤੇ ਜ਼ਿਲ੍ਹਾ ਹਸਪਤਾਲਾਂ ਨੂੰ ਦੇਖੀਏ ਤਾਂ ਪੇਂਡੂ ਇਲਾਕਿਆਂ ਅੰਦਰ ਸੰਕਟਕਾਲੀਨ ਸੁਵਿਧਾਵਾਂ ਨਾਲ਼ ਲੈਸ ਕੇਂਦਰਾਂ ਦੀ ਬੇਹੱਦ ਕਮੀ ਹੈ। ਉੱਥੇ ਮਰੀਜ਼ਾਂ ਵਾਸਤੇ ਲੋੜੀਂਦੇ ਬਿਸਤਰੇ (ਬੈੱਡ) ਤੱਕ ਨਹੀਂ ਹੁੰਦੇ। ਪੂਰੇ ਦੇਸ਼ ਦੇ ਜ਼ਿਲ੍ਹਾ ਹਸਤਪਾਲਾਂ ਦੀ ਕਾਰਗੁਜ਼ਾਰੀ ਤੇ ਕੰਮਕਾਜ ਦੇ ਤਰੀਕਿਆਂ 'ਤੇ ਨੀਤੀ ਅਯੋਗ ਦੀ 2021 ਦੀ ਰਿਪੋਰਟ ਕਹਿੰਦੀ ਹੈ ਕਿ ਗੁਜਰਾਤ ਦੇ ਹਸਪਤਾਲਾਂ ਵਿੱਚ ਹਰੇਕ 1 ਲੱਖ ਦੀ ਵਸੋਂ ਮਗਰ ਸਿਰਫ਼ 19 ਬੈੱਡ ਹੀ ਉਪਲਬਧ ਹਨ। ਇਹ ਰਾਸ਼ਟਰੀ ਔਸਤ-ਜੋ ਕਿ 24 ਬਿਸਤਰਿਆਂ ਦੀ ਹੈ- ਨਾਲ਼ੋਂ ਵੀ ਘੱਟ ਹੈ।

ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਹਸਪਤਾਲਾਂ ਵਿਖੇ ਡਾਕਟਰਾਂ ਦੀ ਵੀ ਬਹੁਤ ਜ਼ਿਆਦਾ ਘਾਟ ਹੈ। ਇਨ੍ਹਾਂ ਹਸਪਤਾਲਾਂ ਵਿੱਚ 74 ਹਸਪਤਾਲ ਰਾਜ ਦੇ ਪੇਂਡੂ ਖਿੱਤਿਆਂ ਵਿੱਚ ਪੈਂਦੇ ਹਨ। ਗ੍ਰਾਮੀਣ ਸਿਹਤ ਸੰਖਿਆਕੀ (2020-21) ਮੁਤਾਬਕ ਰਾਜ ਵਿਖੇ ਡਾਕਟਰਾਂ ਦੇ ਕੁੱਲ 799 ਪ੍ਰਵਾਨਤ ਪਦਾਂ ਦੇ ਵਿਰੁੱਧ ਸਿਰਫ਼ 588 ਡਾਕਟਰ ਹੀ ਤਾਇਨਾਤ (ਨਿਯੁਕਤ) ਹਨ।

ਗੁਜਰਾਤ ਦੇ ਪੇਂਡੂ ਇਲਾਕਿਆਂ ਵਿੱਚ 333 ਕਮਿਊਨਿਟੀ ਸਿਹਤ ਕੇਂਦਰ (ਸੀਐੱਚਸੀ) ਵਿੱਚ 1,197 ਮਾਹਰ ਡਾਕਟਰਾਂ ਦੀ ਘਾਟ ਹੈ। ਇਨ੍ਹਾਂ ਵਿੱਚ ਸਰਜਨ, ਜੱਚਾ-ਬੱਚਾ ਤੇ ਜਨਾਨਾ ਰੋਗਾਂ ਦੇ ਮਾਹਰ, ਜਨਰਲ ਫਿਜੀਸ਼ੀਅਨ ਤੇ ਬਾਲ-ਰੋਗ ਮਾਹਰ ਆਦਿ ਪ੍ਰਮੁੱਖ ਹਨ।

Karan Veergama in his home in Rojid. He is yet to come to terms with losing his father, Bhupadbhai
PHOTO • Parth M.N.
Karan Veergama in his home in Rojid. He is yet to come to terms with losing his father, Bhupadbhai
PHOTO • Parth M.N.

ਰੋਜਿਦ ਵਿਖੇ ਆਪਣੇ ਘਰ ਵਿੱਚ ਬੈਠੇ ਕਰਨ ਵੀਰਗਾਮਾ। ਉਹ ਅਜੇ ਤੱਕ ਆਪਣੇ ਪਿਤਾ ਭੂਪਦਭਾਈ ਦੀ ਮੌਤ ਦੇ ਸਦਮੇ ' ਚੋਂ ਬਾਹਰ ਨਹੀਂ ਆ ਸਕੇ ਹਨ

ਖੇਤ ਮਜ਼ਦੂਰੀ ਤੇ ਦਿਹਾੜੀ-ਧੱਪਾ ਕਰਨ ਵਾਲ਼ੇ 24 ਸਾਲਾ ਕਰਨ ਵੀਰਗਾਮਾ ਜੁਲਾਈ 2022 ਨੂੰ ਜਦੋਂ ਆਪਣੇ ਪਿਤਾ ਨੂੰ ਲੈ ਕੇ ਭਾਵਨਗਰ ਦੇ ਸਰ ਟੀ. ਸਿਵਿਲ ਹਸਪਤਾਲ ਪਹੁੰਚੇ ਤਾਂ ਉੱਥੇ ਕਰਮਚਾਰੀ ਕੰਮ ਦੇ ਵਿਤੋਂਵੱਧ ਬੋਝ ਤੋਂ ਪਰੇਸ਼ਾਨ ਸਨ। ਉਹ ਦੱਸਦੇ ਹਨ,''ਹਸਪਤਾਲ ਵਿਖੇ ਬਹੁਤ ਜ਼ਿਆਦਾ ਭੀੜ-ਭੜੱਕਾ ਸੀ ਤੇ ਸਾਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਜਾਈਏ ਤਾਂ ਜਾਈਏ ਕਿੱਧਰ। ਸਾਰੇ ਕਰਮਚਾਰੀ ਰੁੱਝੇ ਹੋਏ ਸਨ ਤੇ ਸਾਨੂੰ ਰਾਹ ਦਰਸਾਉਣ ਵਾਲ਼ਾ ਕੋਈ ਵੀ ਨਹੀਂ ਸੀ।''

ਲੱਠਾ ਜਾਂਚ ਅਯੋਗ ਨੇ ਆਪਣੀ ਰਿਪੋਰਟ ਵਿੱਚ ਇਹ ਕਿਹਾ ਸੀ ਕਿ 2009 ਵਿੱਚ ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਹੋਈਆਂ ਮੌਤਾਂ ਦੇ ਸ਼ੁਰੂਆਤੀ ਘੰਟਿਆਂ ਵਿੱਚ ਤ੍ਰਾਸਦੀ ਨਾਲ਼ ਨਜਿੱਠਣ ਵਾਸਤੇ ਵਿਭਾਗ ਦੇ ਕੋਲ਼ ਸੰਕਟਕਾਲੀਨ ਤਿਆਰੀ ਸੀ ਹੀ ਨਹੀਂ। ਅਯੋਗ ਨੇ ਜ਼ਹਿਰੀਲੀ ਦੇ ਸੇਵਨ ਦੀ ਹਾਲਤ ਵਿੱਚ 'ਟ੍ਰੀਟਮੈਂਟ ਪ੍ਰੋਟੋਕਾਲ' ਦੀ ਘਾਟ ਨੂੰ ਵੀ ਉਜਾਗਰ ਕੀਤਾ।

ਕਰਨ ਦੇ 45 ਸਾਲਾ ਪਿਤਾ ਭੂਪਦਭਾਈ, ਜੋ ਕਿ ਖ਼ੁਦ ਵੀ ਇੱਕ ਖੇਤ ਮਜ਼ਦੂਰ ਸਨ, ਨੇ ਵੀ ਉਸੇ ਖੇਪ ਵਿੱਚ ਕੱਢੀ ਸ਼ਰਾਬ ਪੀਤੀ ਸੀ ਜਿਹਦੇ ਪੀਣ ਨਾਲ਼ ਰੋਜਿਦ ਵਿਖੇ ਕਈ ਲੋਕਾਂ ਨੂੰ ਹਸਪਤਾਲ ਭਰਤੀ ਹੋਣਾ ਪਿਆ। ਸਵੇਰੇ 6:00 ਵਜੇ ਉਨ੍ਹਾਂ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤੇ ਸਾਹ ਲੈਣ ਵਿੱਚ ਔਖ਼ਿਆਈ ਵੀ ਮਹਿਸੂਸ ਕੀਤੀ।

ਜਦੋਂ ਕਰਨ ਉਨ੍ਹਾਂ ਨੂੰ ਲੈ ਕੇ ਬਰਵਾਲਾ ਦੇ ਕਮਿਊਨਿਟੀ ਸਿਹਤ ਕੇਂਦਰ (ਸੀਐੱਚਸੀ) ਵਿਖੇ ਅਪੜਿਆ ਤਾਂ ਉੱਥੇ ਮੌਜੂਦ ਕਰਮਚਾਰੀਆਂ ਨੇ ਭੂਪਦਭਾਈ ਨੂੰ ਦੇਖਿਆ ਤੱਕ ਨਹੀਂ ਤੇ ਉਨ੍ਹਾਂ ਨੂੰ ਸਿੱਧੇ ਭਾਵਨਗਰ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਉਹ ਜਾਣਦੇ ਸਨ ਕਿ ਇੱਕ ਖ਼ਾਸ ਖੇਪ ਦੀ ਸ਼ਰਾਬ ਪੀਣ ਨਾਲ਼ ਲੋਕੀਂ ਬੀਮਾਰ ਪਏ ਸਨ। ਕਰਨ ਕਹਿੰਦੇ ਹਨ,''ਉਨ੍ਹਾਂ ਨੂੰ ਸਮੱਸਿਆ ਦਾ ਪਤਾ ਸੀ। ਇਸਲਈ ਉਨ੍ਹਾਂ ਨੇ ਸਮਾਂ ਬਰਬਾਦ ਕਰਨ ਦੀ ਬਜਾਇ ਸਾਨੂੰ ਭਾਵਨਗਰ ਭੇਜ ਦੇਣਾ ਬੇਹਤਰ ਸਮਝਿਆ, ਕਿਉਂਕਿ ਸੁਵਿਧਾਵਾਂ ਦੇ ਮਾਮਲੇ ਵਿੱਚ ਉਸ ਨਾਲ਼ੋਂ ਬਿਹਤਰ ਕੋਈ ਹੋਰ ਵਿਕਲਪ ਵੀ ਤਾਂ ਨਹੀਂ ਸੀ।''

ਭਾਵੇਂ ਕਿ ਇਹ ਹਸਪਤਾਲ ਪਿੰਡੋਂ ਕਰੀਬ 80 ਕਿਲੋਮੀਟਰ ਦੂਰ ਹੈ ਤੇ ਸੜਕ ਰਸਤਿਓਂ ਉੱਥੇ ਪਹੁੰਚਣ ਵਿੱਚ ਘੱਟੋ-ਘੱਟ ਦੋ ਘੰਟੇ ਲੱਗਦੇ ਹਨ। ਪਰੇਸ਼ ਦੁਲੇਰਾ ਦੱਸਦੇ ਹਨ,''ਰੋਜਿਦ ਤੋਂ ਭਾਵਨਗਰ ਦੀ ਸੜਕ ਕੋਈ ਬਹੁਤੀ ਚੰਗੀ ਨਹੀਂ। ਇਸੇ ਲਈ ਤਾਂ ਦੋ ਘੰਟੇ ਲੱਗ ਜਾਂਦੇ ਹਨ।'' ਪਰੇਸ਼ ਇਸ ਇਲ਼ਾਕੇ ਵਿੱਚ ਸੰਕਟਕਾਲੀਨ ਹਾਲਤ ਵਿੱਚ 108 ਨੰਬਰ 'ਤੇ ਮਿਲ਼ਣ ਵਾਲ਼ੀ ਐਂਬੂਲੈਂਸ ਦੇ ਚਾਲਕ ਹਨ।

ਦੁਲੇਰ ਚੇਤੇ ਕਰਦੇ ਹਨ ਕਿ ਜਦੋਂ ਉਹ ਭੂਪਦਭਾਈ ਲਈ ਐਂਬੂਲੈਂਸ ਲੈ ਕੇ ਅਪੜੇ ਸਨ ਤਾਂ ਮਰੀਜ਼ ਨੂੰ ਸਟ੍ਰੈਚਰ ਦੀ ਲੋੜ ਨਹੀਂ ਪਈ ਸੀ। ''ਉਹ ਬਗ਼ੈਰ ਕਿਸੇ ਖ਼ਾਸ ਮਦਦ ਦੇ ਐਂਬੂਲੈਂਸ ਅੰਦਰ ਬਹਿ ਗਏ ਸਨ।''

ਗੁਜਰਾਤ ਵਿੱਚ ਐਂਬੂਲੈਂਸ ਸੇਵਾ ਜਨਤਕ-ਨਿੱਜੀ-ਸਾਂਝੇਦਾਰੀ ਮਾਡਲ ਤਹਿਤ ਚਲਾਈ ਜਾਂਦੀ ਹੈ ਤੇ ਹਸਪਤਾਲ ਅਪੜਨ ਤੋਂ ਪਹਿਲਾਂ ਇਸ ਅੰਦਰ ਰਾਹ ਵਿੱਚ ਮਰੀਜ਼ ਨੂੰ ਦਿੱਤੀਆਂ ਜਾਣ ਵਾਲ਼ੀਆਂ ਸੰਕਟਕਾਲੀਨ ਸੇਵਾਵਾਂ ਉਪਲਬਧ ਰਹਿੰਦੀਆਂ ਹਨ। ਦੁਲੇਰਾ ਦੱਸਦੇ ਹਨ ਕਿ ਇਨ੍ਹਾਂ ਸੇਵਾਵਾਂ ਅੰਦਰ ਸਹਾਇਕ ਨਰਸ, ਇੱਕ ਸਿਖਲਾਈ ਪ੍ਰਾਪਤ ਨਰਸ, ਆਕਸੀਜਨ ਸਿਲੰਡਰ, ਪਾਣੀ ਦੀਆਂ ਬੋਤਲਾਂ ਤੇ ਕੁਝ ਟੀਕੇ ਵਗੈਰਾ ਸ਼ਾਮਲ ਹੁੰਦੇ ਹਨ।

‘I need to know how or why his [Bhupadbhai's] health deteriorated so rapidly,’ says Karan
PHOTO • Parth M.N.

ਕਰਨ ਦਾ ਕਹਿਣਾ ਹੈ, ' ਮੇਰੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਨ੍ਹਾਂ (ਭੂਪਦਭਾਈ) ਦੀ ਸਿਹਤ ਵਿੱਚ ਇੰਨੀ ਤੇਜ਼ੀ ਨਾਲ਼ ਗਿਰਾਵਟ ਆਈ ਤਾਂ ਆਈ ਕਿਵੇਂ'

ਹਸਪਤਾਲ ਦੀ ਬੇਤਰਤੀਬੀ ਵਿਚਾਲੇ ਭੂਪਦਭਾਈ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ। ਕਰਨ ਦੱਸਦੇ ਹਨ,''ਹਸਪਤਾਲ ਦਾ ਸਟਾਫ਼ ਉਨ੍ਹਾਂ ਨੂੰ ਅੰਦਰ ਲੈ ਗਿਆ, ਪਰ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਅਸੀਂ ਉਨ੍ਹਾਂ ਕੋਲ਼ੋਂ ਕੁਝ ਵੀ ਪੁੱਛ ਨਾ ਸਕੇ। ਇੱਕ ਘੰਟੇ ਬਾਅਦ ਸਾਨੂੰ ਉਨ੍ਹਾਂ ਦੀ ਮੌਤ ਬਾਰੇ ਦੱਸਿਆ ਗਿਆ। ਸਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਇਆ।'' ਉਹ (ਕਰਨ) ਬਾਰ-ਬਾਰ ਇਸੇ ਗੱਲ਼ ਨੂੰ ਦਹੁਰਾਉਂਦੇ ਜਾਂਦੇ ਹਨ ਕਿ ਐਂਬੂਲੈਂਸ ਵਿੱਚ ਸਵਾਰ ਹੋਣ ਵੇਲ਼ੇ ਪਿਤਾ ਬਿਲਕੁਲ ਠੀਕ-ਠਾਕ ਸਨ।

ਕਰਨ ਕਹਿੰਦੇ ਹਨ,''ਮੈਂ ਜਾਣਦਾ ਹਾਂ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਪਰ ਮੇਰੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ (ਭੂਪਦਭਾਈ) ਦੀ ਸਿਹਤ ਵਿੱਚ ਇੰਨੀ ਤੇਜ਼ੀ ਨਾਲ਼ ਗਿਰਾਵਟ ਆਈ ਤਾਂ ਆਈ ਕਿਵੇਂ। ਮੇਰੇ ਪਰਿਵਾਰ ਨੂੰ ਇਹ ਗੱਲ ਸਪੱਸ਼ਟ ਕਰਕੇ ਦੱਸੀ ਜਾਣੀ ਚਾਹੀਦੀ ਹੈ।'' ਭੂਪਦਭਾਈ ਦੀ ਮੌਤ ਦਾ ਕਾਰਨ ਉਨ੍ਹਾਂ ਦੇ ਘਰਦਿਆਂ ਨੂੰ ਅੱਜ ਤੱਕ ਨਹੀਂ ਦੱਸਿਆ ਗਿਆ।

ਇੱਥੋਂ ਤੱਕ ਕਿ ਉਨ੍ਹਾਂ ਦੀ ਮੌਤ ਦੇ ਦੋ ਮਹੀਨਿਆਂ ਬਾਅਦ ਤੀਕਰ ਵੀ ਪਰਿਵਾਰ ਨੂੰ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ਤੱਕ ਨਹੀਂ ਦਿੱਤੀ ਗਈ।

ਪੁਲਿਸ ਨੇ 27 ਜੁਲਾਈ 2022 ਤੱਕ ਨਜਾਇਜ਼ ਰੂਪ ਨਾਲ਼ ਮੇਥਨਾਲ ਰੱਖਣ ਨੂੰ ਲੈ ਕੇ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਵੇਚਣ ਜਿਹੇ ਕਈ ਦੋਸ਼ਾਂ ਹੇਠ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵੱਲ਼ੋਂ 29 ਜੁਲਾਈ ਨੂੰ ਸ਼ਰਾਬ ਤਸਕਰਾਂ ਵਿਰੁੱਧ ਵੱਡੇ ਪੱਧਰ 'ਤੇ ਮੁਹਿੰਮ ਵਿੱਢੇ ਜਾਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਵਿੱਚ 2,400 ਤੋਂ ਵੱਧ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਅਤੇ 1.5 ਕਰੋੜ ਮੁੱਲ ਦੀ ਨਜ਼ਾਇਜ ਸ਼ਰਾਬ ਜ਼ਬਤ ਕੀਤੇ ਜਾਣ ਦੀ ਜਾਣਕਾਰੀ ਮਿਲ਼ੀ ਹੈ।

ਇੱਧਰ ਬੋਟਾਦ ਵਿਖੇ ਪੁਲਿਸੀਆ ਕਾਰਵਾਈ ਦਾ ਵੱਖਰਾ ਹੀ ਅਸਰ ਦਿੱਸਣ ਲੱਗਿਆ ਹੈ, ਜਿੱਥੇ ਪਹਿਲਾਂ ਸ਼ਰਾਬ ਦੀ ਇੱਕ ਥੈਲੀ 20 ਰੁਪਏ ਵਿੱਚ ਵਿਕਦੀ ਸੀ ਹੁਣ ਉਹੀ ਥੈਲੀ 100 ਰੁਪਏ ਵਿੱਚ ਵਿਕ ਰਹੀ ਹੈ।

ਪਾਰਥ ਐੱਮ.ਐੱਨ. ਠਾਕੁਰ ਫੈਮਿਲੀ ਫਾਊਂਡੇਸ਼ਨ ਵੱਲ਼ੋਂ ਦਿੱਤੇ ਗਏ ਸੁਤੰਤਰ ਪੱਤਰਕਾਰ ਗ੍ਰਾਂਟ ਜ਼ਰੀਏ ਲੋਕ ਸਿਹਤ ਅਤੇ ਨਾਗਰਿਕ ਸੁਤੰਤਰਾ ਜਿਹੇ ਵਿਸ਼ਿਆਂ 'ਤੇ ਰਿਪੋਰਟਿੰਗ ਕਰ ਰਹੇ ਹਨ। ਠਾਕੁਰ ਫੈਮਿਲੀ ਫ਼ਾਊਂਡੇਸ਼ਨ ਨੇ ਇਸ ਰਿਪੋਰਟ ਵਿੱਚ ਲਿਖੀ ਕਿਸੇ ਵੀ ਗੱਲ 'ਤੇ ਕਿਸੇ ਵੀ ਤਰ੍ਹਾਂ ਦਾ ਸੰਪਾਦਕੀ ਕੰਟਰੋਲ ਨਹੀਂ ਰੱਖਿਆ ਹੈ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Vinutha Mallya

Vinutha Mallya is Consulting Editor at People’s Archive of Rural India. She was formerly Editorial Chief and Senior Editor at PARI.

Other stories by Vinutha Mallya
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur