ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
"ਸ਼ਾਮੀਂ 4 ਵਜੇ ਇੱਥੇ ਨਿੱਘ ਵਾਸਤੇ ਸਾਨੂੰ ਅੱਗ ਮਘਾਉਣੀ ਪੈਂਦੀ ਸੀ," ਕੇਰਲ ਦੇ ਪਹਾੜੀ ਵਾਇਨਾਡ ਜਿਲ੍ਹੇ ਵਿੱਚ ਆਪਣੇ ਖੇਤ ਵਿੱਚ ਸੰਘਰਸ਼ ਕਰ ਰਹੇ ਆਗਸਟਾਇਨ ਵਡਕਿਲ ਕਹਿੰਦੇ ਹਨ। "ਪਰ ਇਹ 30 ਸਾਲ ਪਹਿਲਾਂ ਹੁੰਦਾ ਸੀ। ਹੁਣ ਵਾਇਨਾਡ ਵਿੱਚ ਠੰਡ ਨਹੀਂ ਹੈ, ਕਿਸੇ ਜ਼ਮਾਨੇ ਵਿੱਚ ਇੱਥੇ ਧੁੰਦ ਹੋਇਆ ਕਰਦੀ ਸੀ।" ਮਾਰਚ ਦੀ ਸ਼ੁਰੂਆਤ ਵਿੱਚ ਵੱਧ ਤੋਂ ਵੱਧ 25 ਡਿਗਰੀ ਸੈਲਸੀਅਸ ਤੋਂ, ਹੁਣ ਇੱਥੇ ਤਾਪਮਾਨ ਸਾਲ ਦੇ ਇਸੇ ਸਮੇਂ ਤੱਕ ਅਸਾਨੀ ਨਾਲ਼ 30 ਡਿਗਰੀ ਤੋਂ ਪਾਰ ਕਰ ਜਾਂਦਾ ਹੈ।
ਅਤੇ ਵਰਕਿਲ ਦੇ ਜੀਵਨਕਾਲ ਵਿੱਚ ਗਰਮ ਦਿਨਾਂ ਦੀ ਸੰਖਿਆ ਦੋਗੁਣੀ ਤੋਂ ਵੱਧ ਹੋ ਗਈ ਹੈ। 1960 ਵਿੱਚ, ਜਿਸ ਸਾਲ ਉਨ੍ਹਾਂ ਦਾ ਜਨਮ ਹੋਇਆ ਸੀ, "ਵਾਇਨਾਡ ਇਲਾਕੇ ਪ੍ਰਤੀ ਸਾਲ ਕਰੀਬ 29 ਦਿਨ ਘੱਟ ਤੋਂ ਘੱਟ ਤਾਪਮਾਨ 32 ਡਿਗਰੀ (ਸੈਲਸੀਅਸ) ਤੱਕ ਪਹੁੰਚਣ ਦੀ ਉਮੀਦ ਕਰ ਸਕਦਾ ਸੀ," ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ 'ਤੇ ਇੱਕ ਸੰਵਾਦ-ਮੂਲਕ (ਇੰਟਰੈਕਟਿਵ) ਉਪਕਰਣ ਰਾਹੀਂ ਕੀਤੀ ਗਈ ਗਣਨਾ ਦਾ ਕਹਿਣਾ ਹੈ, ਜਿਹਨੂੰ ਨਿਊਯਾਰਕ ਟਾਈਮਸ ਦੁਆਰਾ ਇਸ ਸਾਲ ਜੁਲਾਈ ਵਿੱਚ ਆਨਲਾਈਨ ਪੋਸਟ ਕੀਤਾ ਗਿਆ ਸੀ। ''ਅੱਜ ਵਾਇਨਾਡ ਇਲਾਕਾ ਔਸਤਨ, 59 ਦਿਨ ਪ੍ਰਤੀ ਸਾਲ 32 ਡਿਗਰੀ ਜਾਂ ਉਸ ਤੋਂ ਉੱਪਰ ਰਹਿਣ ਦੀ ਉਮੀਦ ਕਰ ਸਕਦਾ ਹੈ।''
ਵਡਕਿਲ ਕਹਿੰਦੇ ਹਨ ਕਿ ਮੌਸਮ ਦੇ ਪੈਟਰਨ ਦਾ ਇਹ ਬਦਲਾਅ, ਗਰਮੀ ਪ੍ਰਤੀ ਸੰਵੇਦਨਸ਼ੀਲ ਅਤੇ ਕਮਜ਼ੋਰ ਫ਼ਸਲਾਂ ਜਿਵੇਂ ਕਿ ਕਾਲ਼ੀ ਮਿਰਚ ਅਤੇ ਨਾਰੰਗੀ ਦੇ ਬੂਟਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਜੋ ਕਦੇ ਇਸ ਜਿਲ੍ਹੇ ਵਿੱਚ ਡੈਕਨ ਪਠਾਰ ਦੇ ਦੱਖਣੀ ਸਿਰਿਆਂ 'ਤੇ ਪੱਛਮੀ ਘਾਟ ਵਿੱਚ ਚੋਖੀ ਮਾਤਰਾ ਵਿੱਚ ਹੁੰਦੇ ਸਨ।
ਵਡਕਿਲ ਅਤੇ ਉਨ੍ਹਾਂ ਦੀ ਪਤਨੀ ਵਲਸਾ ਦੇ ਕੋਲ਼ ਮਨੰਥਾਡੀ ਤਾਲੁਕਾ ਦੇ ਚੇਰੂਕੋਟੂਰ ਪਿੰਡ ਵਿੱਚ ਚਾਰ ਏਕੜ ਖੇਤ ਹੈ। ਉਨ੍ਹਾਂ ਦਾ ਟੱਬਰ ਕਰੀਬ 80 ਸਾਲ ਪਹਿਲਾਂ ਕੋਟਾਯਮ ਛੱਡ ਵਾਇਨਾਡ ਆ ਗਿਆ ਸੀ ਤਾਂਕਿ ਇੱਥੇ ਇਸ ਨਕਦੀ ਫ਼ਸਲ ਦੀ ਵੱਧ-ਫੁੱਲ ਰਹੀ ਅਰਥਵਿਵਸਥਾ ਵਿੱਚ ਕਿਸਮਤ ਅਜਮਾ ਸਕਣ। ਉਹ ਭਾਰੀ ਪ੍ਰਵਾਸ ਦਾ ਦੌਰ ਸੀ ਜਦੋਂ ਰਾਜ ਦੇ ਉੱਤਰ-ਪੂਰਬ ਵਿੱਚ ਸਥਿਤ ਇਸ ਜਿਲ੍ਹੇ ਵਿੱਚ ਮੱਧ ਕੇਰਲ ਦੇ ਹਜ਼ਾਰਾਂ ਛੋਟੇ ਅਤੇ ਦਰਮਿਆਨੇ ਕਿਸਾਨ ਆ ਕੇ ਵੱਸ ਰਹੇ ਸਨ।
ਪਰ ਸਮੇਂ ਦੇ ਨਾਲ਼, ਜਾਪਦਾ ਹੈ ਕਿ ਇਹ ਤੇਜੀ ਨਾਲ਼ ਮੰਦੀ ਵਿੱਚ ਬਦਲ ਗਈ। "ਜੇ ਮੀਂਹ ਪਿਛਲੇ ਸਾਲ ਵਾਂਗ ਹੀ ਅਨਿਯਮਤ ਰਿਹਾ ਤਾਂ ਅਸੀਂ ਜਿਸ (ਜੈਵਿਕ ਰੋਬਸਟਾ) ਕੌਫ਼ੀ ਦੀ ਕਾਸ਼ਤ ਕਰਦੇ ਹਾਂ, ਉਹ ਤਬਾਹ ਹੋ ਜਾਵੇਗੀ," ਵਡਕਿਲ ਕਹਿੰਦੇ ਹਨ। "ਕੌਫ਼ੀ ਲਾਭਦਾਇਕ ਹੈ, ਪਰ ਮੌਸਮ ਇਹਦੇ ਵਿਕਾਸ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ। ਗਰਮੀ ਅਤੇ ਡਾਵਾਂਡੋਲ ਵਰਖਾ ਇਹਨੂੰ ਤਬਾਹ ਕਰ ਦਿੰਦੀ ਹੈ," ਵਲਸਾ ਕਹਿੰਦੀ ਹਨ। ਇਸ ਸੈਕਟਰ ਵਿੱਚ ਕੰਮ ਕਰਨ ਵਾਲ਼ੇ ਲੋਕ ਕਹਿੰਦੇ ਹਨ ਕਿ (ਰੋਬਸਟਾ) ਕੌਫ਼ੀ ਦੀ ਕਾਸ਼ਤ ਲਈ 23-28 ਡਿਗਰੀ ਸੈਲਸੀਅਸ ਵਿਚਕਾਰਲਾ ਤਾਪਮਾਨ ਆਦਰਸ਼ ਹੈ।
ਵਾਇਨਾਡ ਦੀ ਸਾਰੀ ਕੌਫ਼ੀ, ਜੋ ਮਜ਼ਬੂਤ-ਇਨ-ਬਾਡੀ ਰੋਬਸਟਾ ਪਰਿਵਾਰ ਦੀ (ਇੱਕ ਊਸ਼ਣਕਟੀ ਸਦਾਬਹਾਰ ਝਾੜੀ) ਹੈ, ਦੀ ਖੇਤੀ ਦਸੰਬਰ ਅਤੇ ਮਾਰਚ ਦੇ ਵਿਚਕਾਰ ਕੀਤੀ ਜਾਂਦੀ ਹੈ। ਕੌਫ਼ੀ ਦੇ ਪੌਦਿਆਂ ਨੂੰ ਫਰਵਰੀ ਦੇ ਅੰਤ ਜਾਂ ਮਾਰਚ ਦੀ ਸ਼ੁਰੂਆਤ ਵਿੱਚ ਪਹਿਲੇ ਮੀਂਹ ਦੀ ਲੋੜ ਹੁੰਦੀ ਹੈ- ਅਤੇ ਇਹ ਇੱਕ ਹਫ਼ਤੇ ਬਾਅਦ ਫੁੱਲ ਦੇਣਾ ਸ਼ੁਰੂ ਕਰ ਦਿੰਦੇ ਹਨ। ਇਹ ਜ਼ਰੂਰੀ ਹੈ ਕਿ ਪਹਿਲੀ ਫੂਹਾਰ ਤੋਂ ਬਾਅਦ ਇੱਕ ਹਫ਼ਤੇ ਤੱਕ ਮੀਂਹ ਨਾ ਪਵੇ ਕਿਉਂਕਿ ਇਹ ਮਲ਼ੂਕ ਫੁੱਲਾਂ ਨੂੰ ਤਬਾਹ ਕਰ ਦਿੰਦਾ ਹੈ। ਕੌਫ਼ੀ ਦੇ ਫਲ ਜਾਂ 'ਚੇਰੀ' ਦੇ ਵਧਣ-ਫੁੱਲਣ ਲਈ ਪਹਿਲੇ ਮੀਂਹ ਦੇ ਇੱਕ ਹਫ਼ਤੇ ਬਾਦ ਹੀ ਦੂਸਰੇ ਮੀਂਹ ਦੀ ਲੋੜ ਹੁੰਦੀ ਹੈ। ਪੂਰੀ ਤਰ੍ਹਾਂ ਖਿੜਨ ਤੋਂ ਬਾਅਦ ਜਦੋਂ ਫੁੱਲ ਬੂਟੇ ਤੋਂ ਕਿਰ ਜਾਂਦੇ ਹਨ ਤਾਂ ਫਲੀਆਂ ਵਾਲ਼ੀਆਂ ਚੇਰੀਆਂ ਪੱਕਣ ਲੱਗਦੀਆਂ ਹਨ।
"ਸਮੇਂ ਸਿਰ ਮੀਂਹ ਤੁਹਾਨੂੰ 85 ਫੀਸਦੀ ਝਾੜ ਦੀ ਗਰੰਟੀ ਦਿੰਦਾ ਹੈ," ਵਡਕਿਲ ਕਹਿੰਦੇ ਹਨ। ਜਦੋਂ ਅਸੀਂ ਮਾਰਚ ਦੀ ਸ਼ੁਰੂਆਤ ਵਿੱਚ ਮਿਲ਼ੇ ਸਾਂ ਤਾਂ ਉਹ ਇਸ ਨਤੀਜੇ ਦੀ ਉਮੀਦ ਕਰ ਰਹੇ ਸਨ, ਪਰ ਚਿੰਤਤ ਸਨ ਕਿ ਇੰਝ ਹੋਵੇਗਾ ਵੀ ਜਾਂ ਨਹੀਂ। ਇਹ ਹੋਇਆ ਵੀ ਨਹੀਂ...
ਸ਼ੁਰੂਆਤ ਵਿੱਚ, ਤਾਪਮਾਨ ਪਹਿਲਾਂ ਹੀ 37 ਡਿਗਰੀ ਤੋਂ ਉੱਪਰ ਜਾ ਚੁੱਕਿਆ ਸੀ। "ਦੂਸਰਾ ਮੀਂਹ ( ਰੰਧਾਮਥ ਮਾਝਾ ) ਇਸ ਸਾਲ ਬੜੀ ਛੇਤੀ ਆ ਗਈ ਅਤੇ ਸਾਰਾ ਕੁਝ ਤਬਾਹ ਹੋ ਗਿਆ," ਵਡਕਿਲ ਨੇ ਸਾਨੂੰ ਮਾਰਚ ਦੇ ਅਖੀਰ ਵਿੱਚ ਦੱਸਿਆ।
ਵਡਕਿਲ, ਜੋ ਦੋ ਏਕੜ ਵਿੱਚ ਇਸ ਫ਼ਸਲ ਨੂੰ ਬੀਜਦੇ ਹਨ, ਇਹਦੇ ਕਾਰਨ ਕਰਕੇ ਇਸ ਸਾਲ 70,000 ਰੁਪਏ ਦਾ ਨੁਕਸਾਨ ਹੋਇਆ। ਵਾਇਨਾਡ ਸੋਸ਼ਲ ਸਰਵਿਸ ਸੋਸਾਇਟੀ (WSSS) ਕਿਸਾਨਾਂ ਨੂੰ ਇੱਕ ਕਿੱਲੋ ਅਸ਼ੁੱਧ ਜੈਵਿਕ ਕੌਫ਼ੀ ਦੇ 88 ਰੁਪਏ, ਜਦੋਂਕਿ ਅਜੈਵਿਕ ਕੌਫ਼ੀ ਦੇ 65 ਰੁਪਏ ਦਿੰਦੀ ਹੈ।
ਵਾਇਨਾਡ ਵਿੱਚ 2017-18 ਵਿੱਚ ਕੌਫ਼ੀ ਦੇ 55,525 ਟਨ ਦੀ ਪੈਦਾਵਾਰ ਨਾਲ਼, ਇਸ ਸਾਲ 40 ਫੀਸਦੀ ਦੀ ਗਿਰਾਵਟ ਆਈ ਹੈ, WSSS ਦੇ ਨਿਰਦੇਸ਼ਕ ਫਾਦਰ ਜੌਨ ਚੁਰਾਪੁਝਾਇਲ ਨੇ ਮੈਨੂੰ ਫੋਨ 'ਤੇ ਦੱਸਿਆ। WSSS ਇੱਕ ਸਹਿਕਾਰੀ ਕਮੇਟੀ ਹੈ ਜੋ ਸਥਾਨਕ ਕਿਸਾਨਾਂ ਕੋਲ਼ੋਂ ਕੌਫ਼ੀ ਖਰੀਦਦੀ ਹੈ। ਅਜੇ ਤੱਕ ਕੋਈ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਹੈ। "ਪੈਦਾਵਾਰ ਵਿੱਚ ਕਾਫ਼ੀ ਹੱਦ ਤੱਕ ਗਿਰਾਵਟ ਇਸਲਈ ਹੈ ਕਿਉਂਕਿ ਜਲਵਾਯੂ ਵਿੱਚ ਬਦਲਾਅ ਵਾਇਨਾਡ ਵਿੱਚ ਕੌਫ਼ੀ ਲਈ ਸਭ ਤੋਂ ਵੱਡਾ ਖ਼ਤਰਾ ਸਾਬਤ ਹੋਏ ਹਨ," ਫਾਦਰ ਜੌਨ ਕਹਿੰਦੇ ਹਨ। ਪੂਰੇ ਜਿਲ੍ਹੇ ਵਿੱਚ ਜਿਨ੍ਹਾਂ ਕਿਸਾਨਾਂ ਨਾਲ਼ ਅਸੀਂ ਮਿਲ਼ੇ, ਉਹ ਵੱਖ-ਵੱਖ ਸਾਲਾਂ ਵਿੱਚ ਵਾਧੂ ਵਰਖਾ ਅਤੇ ਕਦੇ-ਕਦਾਈਂ ਘੱਟ ਵਰਖਾ, ਦੋਵਾਂ ਨਾਲ਼ ਪੈਦਾਵਾਰ ਦੀ ਭਿੰਨਤਾ ਦੀ ਗੱਲ ਕਰ ਰਹੇ ਸਨ।
ਘੱਟ-ਜ਼ਿਆਦਾ ਮੀਂਹ ਨਾਲ਼ ਖੇਤਾਂ ਦਾ ਪਾਣੀ ਸੁੱਕ ਜਾਂਦਾ ਹੈ। ਫਾਦਰ ਜੌਨ ਦਾ ਅੰਦਾਜਾ ਹੈ ਕਿ "ਵਾਇਨਾਡ ਦੇ ਸਿਰਫ਼ 10 ਫੀਸਦੀ ਕਿਸਾਨ ਹੀ ਬੋਰਵੈੱਲ ਅਤੇ ਪੰਪ ਜਿਹੀਆਂ ਸਿੰਚਾਈ ਸੁਵਿਧਾਵਾਂ ਦਾ ਲਾਹਾ ਲੈ ਕੇ ਸੌਕੇ ਜਾਂ ਡਾਵਾਂਡੋਲ ਵਰਖਾ ਦੌਰਾਨ ਕੰਮ ਕਰ ਸਕਦੇ ਹਨ।"
ਵਡਕਿਲ ਖੁਸ਼ਕਿਸਮਤ ਲੋਕਾਂ ਵਿੱਚੋਂ ਨਹੀਂ ਹਨ। ਅਗਸਤ 2018 ਵਿੱਚ ਵਾਇਨਾਡ ਅਤੇ ਕੇਰਲ ਦੇ ਹੋਰਨਾਂ ਹਿੱਸਿਆਂ ਵਿੱਚ ਆਏ ਹੜ੍ਹ ਦੌਰਾਨ ਉਨ੍ਹਾਂ ਦਾ ਸਿੰਚਾਈ ਪੰਪ ਤਬਾਹ ਹੋ ਗਿਆ ਸੀ। ਇਹਦੀ ਮੁਰੰਮਤ ਕਰਾਉਣ ਲਈ ਉਨ੍ਹਾਂ ਨੂੰ 15,000 ਰੁਪਏ ਖਰਚਣੇ ਪੈਂਦੇ, ਅਜਿਹੇ ਸਮੇਂ ਵਿੱਚ ਜੋ ਬਹੁਤ ਵੱਡੀ ਰਾਸ਼ੀ ਹੈ।
ਆਪਣੀ ਬਾਕੀ ਦੀ ਦੋ ਏਕੜ ਜ਼ਮੀਨ 'ਤੇ ਵਡਕਿਲ ਅਤੇ ਵਲਸਾ ਰਬੜ, ਕਾਲ਼ੀ ਮਿਰਚ, ਕੇਲੇ, ਝੋਨਾ ਅਤੇ ਸੁਪਾਰੀ ਉਗਾਉਂਦੇ ਹਨ। ਹਾਲਾਂਕਿ ਵੱਧਦੀ ਗਰਮੀ ਨੇ ਇਨ੍ਹਾਂ ਸਾਰੀਆਂ ਫ਼ਸਲਾਂ ਨੂੰ ਵੀ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। "ਪੰਦਰ੍ਹਾਂ ਸਾਲ ਪਹਿਲਾਂ, ਕਾਲ਼ੀ ਮਿਰਚ ਹੀ ਸਾਨੂੰ ਸਾਰਿਆਂ ਨੂੰ ਜਿਊਂਦੇ ਰੱਖਣ ਦਾ ਵਸੀਲ ਸੀ। ਪਰ (ਉਦੋਂ ਤੋਂ) ਧਰੂਥਰਾਤਮ (ਤੇਜੀ ਨਾਲ਼ ਮੁਰਝਾਉਣ) ਜਿਹੀਆਂ ਬੀਮਾਰੀਆਂ ਨੇ ਪੂਰੇ ਜਿਲ੍ਹੇ ਵਿੱਚ ਇਹਨੂੰ ਤਬਾਹ ਕਰ ਸੁੱਟਿਆ ਹੈ।" ਕਿਉਂਕਿ ਕਾਲ਼ੀ ਮਿਰਚ ਇੱਕ ਬਾਰ੍ਹਾਮਾਹੀ ਫਸਲ ਹੈ, ਇਸਲਈ ਕਿਸਾਨਾਂ ਦਾ ਨੁਕਸਾਨ ਤਬਾਹਕੁੰਨ ਰਿਹਾ ਹੈ।
"ਸਮਾਂ ਬੀਤਣ ਦੇ ਨਾਲ਼, ਇੰਜ ਜਾਪਦਾ ਹੈ ਕਿ ਖੇਤੀ ਕਰਨ ਦਾ ਇੱਕੋਇੱਕ ਕਾਰਨ ਇਹ ਹੈ ਕਿ ਤੁਹਾਨੂੰ ਇਹਦਾ ਸ਼ੌਕ ਹੈ। ਮੇਰੇ ਕੋਲ਼ ਇਹ ਸਾਰੀ ਜ਼ਮੀਨ ਹੈ, ਪਰ ਮੇਰੀ ਹਾਲਤ ਤਾਂ ਦੇਖੋ," ਵਡਕਿਲ ਕਹਿੰਦੇ ਹਨ। "ਇਨ੍ਹਾਂ ਮੁਸ਼ਕਲ ਦੌਰ ਵਿੱਚ ਤੁਸੀਂ ਸਿਰਫ਼ ਇੰਨਾ ਕਰ ਸਕਦੇ ਹੋ ਕਿ ਕੁਝ ਵਾਧੂ ਮਿਰਚਾਂ ਨੂੰ ਪੀਸੋ ਕਿਉਂਕਿ ਤੁਸੀਂ ਇਨ੍ਹਾਂ ਨਾਲ਼ ਰਲਾ ਕੇ ਚੌਲ ਖਾ ਸਕਦੇ ਹੋ," ਉਹ ਹੱਸਦਿਆਂ ਕਹਿੰਦੇ ਹਨ।
"ਇਹ 15 ਸਾਲ ਪਹਿਲਾਂ ਸ਼ੁਰੂ ਹੋਇਆ," ਉਹ ਕਹਿੰਦੇ ਹਨ। " ਕਾਲ-ਅਵਸਥਾ ਇੰਝ ਕਿਉਂ ਬਦਲ ਰਹੀ ਹੈ?" ਦਿਲਚਸਪ ਗੱਲ ਹੈ ਕਿ ਮਲਿਆਲਮ ਸ਼ਬਦ ਕਾਲਅਵਸਥਾ ਦਾ ਅਰਥ ਹੈ ਜਲਵਾਯੂ, ਨਾ ਕਿ ਤਾਪਮਾਨ ਅਤੇ ਮੌਸਮ। ਇਹ ਸਵਾਲ ਸਾਡੇ ਤੋਂ ਵਾਇਨਾਡ ਦੇ ਕਿਸਾਨਾਂ ਨੇ ਕਈ ਵਾਰ ਪੁੱਛਿਆ ਸੀ।
ਮੰਦਭਾਗੀਂ, ਇਹਦੇ ਜਵਾਬ ਦਾ ਇੱਕ ਹਿੱਸਾ ਕਿਸਾਨਾਂ ਦੁਆਰਾ ਦਹਾਕਿਆਂ ਤੋਂ ਅਪਣਾਏ ਗਏ ਖੇਤੀ ਢੰਗਾਂ ਵਿੱਚ ਸਮਾਇਆ ਹੋਇਆ ਹੈ।
"ਅਸੀਂ ਕਹਿੰਦੇ ਹਾਂ ਕਿ ਹਰ ਇੱਕ ਜੋਤ 'ਤੇ ਕਈ ਫ਼ਸਲਾਂ ਨੂੰ ਉਗਾਉਣਾ ਚੰਗਾ ਹੈ ਬਜਾਇ ਇਹਦੇ ਕਿ ਇੱਕੋ ਫ਼ਸਲ ਬੀਜੀ ਜਾਵੇ, ਜਿਵੇਂ ਕਿ ਅੱਜਕੱਲ੍ਹ ਹੋ ਰਿਹਾ ਹੈ," ਸੁਮਾ ਟੀ.ਆਰ. ਕਹਿੰਦੀ ਹਨ। ਉਹ ਐੱਮਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ, ਵਾਇਨਾਡ ਵਿੱਚ ਇੱਕ ਵਿਗਿਆਨਕ ਹਨ ਜੋ ਭੂਮੀ-ਵਰਤੋਂ ਪਰਿਵਰਤਨ ਦੇ ਮੁੱਦਿਆਂ 'ਤੇ ਕੰਮ ਕਰ ਚੁੱਕੀ ਹਨ। ਇੱਕ ਫ਼ਸਲੀ ਖੇਤੀ ਕੀਟ-ਪਤੰਗਿਆਂ ਅਤੇ ਬੀਮਾਰੀਆਂ ਦੇ ਫੈਲਾਅ ਨੂੰ ਵਧਾਉਂਦੀ ਹੈ, ਜਿਹਦਾ ਇਲਾਜ ਰਸਾਇਣਿਕ ਕੀਟਨਾਸ਼ਕਾਂ ਅਤੇ ਖਾਦਾਂ ਰਾਹੀਂ ਕੀਤਾ ਜਾਂਦਾ ਹੈ। ਇਹ ਭੂਮੀਗਤ ਪਾਣੀ ਵਿੱਚ ਜਾ ਰਲ਼ਦੇ ਹਨ ਜਾਂ ਆਬੋ-ਹਵਾ ਵਿੱਚ ਘੁੱਲ ਜਾਂਦੇ ਹਨ, ਜਿਹਦੇ ਰਾਹੀਂ ਗੰਦਗੀ ਅਤੇ ਪ੍ਰਦੂਸ਼ਣ ਫੈਲਦਾ ਹੈ-ਅਤੇ ਸਮੇਂ ਦੇ ਨਾਲ਼ ਵਾਤਵਾਰਣ ਸਬੰਧੀ ਗੰਭੀਰ ਹਾਨੀ ਹੁੰਦੀ ਹੈ।
ਸੁਮਾ ਕਹਿੰਦੀ ਹਨ ਕਿ ਇਹ ਅੰਗਰੇਜ਼ਾਂ ਦੁਆਰਾ ਜੰਗਲਾਂ ਦੀ ਕਟਾਈ ਦੇ ਨਾਲ਼ ਸ਼ੁਰੂ ਹੋਇਆ। "ਉਨ੍ਹਾਂ ਨੇ ਲੱਕੜ ਲਈ ਜੰਗਲਾਂ ਨੂੰ ਸਾਫ਼ ਕੀਤਾ ਅਤੇ ਕਈ ਉੱਚਾਈ ਵਾਲ਼ੇ ਪਹਾੜਾਂ ਨੂੰ ਬੂਟੇ ਬੀਜਣ ਵਿੱਚ ਬਦਲ ਦਿੱਤਾ।" ਉਹ ਅੱਗੇ ਕਹਿੰਦੀ ਹਨ ਕਿ ਜਲਵਾਯੂ ਵਿੱਚ ਪਰਿਵਰਤਨ ਵੀ ਇਸ ਨਾਲ਼ ਜੁੜਿਆ ਹੋਇਆ ਹੈ ਕਿ "ਕਿਵੇਂ (1940 ਦੇ ਦਹਾਕੇ ਤੋਂ ਸ਼ੁਰੂ ਹੋਣ ਵਾਲ਼ੇ ਜਿਲ੍ਹੇ ਵਿੱਚ ਵੱਡੇ ਪੈਮਾਨੇ 'ਤੇ ਪ੍ਰਵਾਸਨ ਦੇ ਨਾਲ਼) ਸਾਡਾ ਭੂ-ਦ੍ਰਿਸ਼ ਵੀ ਬਦਲ ਗਿਆ। ਇਸ ਤੋਂ ਪਹਿਲਾਂ, ਵਾਇਨਾਡ ਦੇ ਕਿਸਾਨ ਮੁੱਖ ਰੂਪ ਨਾਲ਼ ਵੱਖ-ਵੱਖ ਫ਼ਸਲਾਂ ਦੀ ਖੇਤੀ ਕਰਿਆ ਕਰਦੇ ਸਨ।"
ਉਨ੍ਹਾਂ ਦਹਾਕਿਆਂ ਵਿੱਚ, ਇੱਥੋਂ ਦੀ ਪ੍ਰਮੁੱਖ ਫ਼ਸਲ ਝੋਨਾ (ਚੌਲ) ਸੀ ਨਾ ਕਿ ਕੌਫ਼ੀ ਜਾਂ ਕਾਲ਼ੀ ਮਿਰਚ- ਖੁਦ 'ਵਾਇਨਾਡ' ਸ਼ਬਦ ਵੀ 'ਵਾਇਲ ਨਾਡੂ' ਜਾਂ ਝੋਨੇ ਦੀ ਖੇਤਾਂ ਦੀ ਭੂਮੀ ਤੋਂ ਆਉਂਦਾ ਹੈ। ਉਹ ਖੇਤ ਇਸ ਇਲਾਕੇ -ਅਤੇ ਕੇਰਲ ਦੇ ਵਾਤਾਵਰਣ ਅਤੇ ਵਾਤਾਵਰਣ-ਢਾਂਚੇ ਲਈ ਅਹਿਮ ਸਨ। ਪਰ ਝੋਨੇ ਦਾ ਰਕਬਾ- 1960 ਵਿੱਚ ਕਰੀਬ 40,000 ਹੈਕਟੇਅਰ- ਅੱਜ ਬਾਮੁਸ਼ਕਲ 8,000 ਹੈਕਟੇਅਰ ਰਹਿ ਗਿਆ ਹੈ। ਜੋ ਕਿ 2017-2018 ਦੇ ਸਰਕਾਰੀ ਅੰਕੜਿਆਂ ਦੇ ਅਨੁਸਾਰ, ਜਿਲ੍ਹੇ ਦੇ ਕੁੱਲ ਵਾਹੀਯੋਗ ਇਲਾਕੇ ਦੇ 5 ਫੀਸਦੀ ਤੋਂ ਵੀ ਘੱਟ ਹਨ ਅਤੇ ਹੁਣ ਵਾਇਨਾਡ ਵਿੱਚ ਕੌਫ਼ੀ ਬਾਗਾਨ ਤਕਰੀਬਨ 68,000 ਹੈਕਟੇਅਰ ਇਲਾਕੇ ਨੂੰ ਕਵਰ ਕਰਦੇ ਹਨ। ਜੋ ਕਿ ਕੇਰਲ ਵਿੱਚ ਕੁੱਲ ਕੌਫ਼ੀ ਖੇਤਰ ਦਾ 79 ਫੀਸਦ ਹੈ- ਅਤੇ 1960 ਵਿੱਚ ਪੂਰੇ ਦੇਸ਼ ਅੰਦਰ ਸਾਰੇ ਰੋਬਸਟਾ ਨਾਲ਼ੋਂ 36 ਫੀਸਦ ਵੱਧ ਸੀ, ਵਡਕਿਲ ਦਾ ਜਨਮ ਉਸੇ ਸਾਲ ਹੋਇਆ ਸੀ।
"ਕਿਸਾਨ ਨਕਦੀ ਫ਼ਸਲਾਂ ਲਈ ਜ਼ਮੀਨ ਸਾਫ਼ ਕਰਨ ਦੀ ਬਜਾਇ ਪਹਾੜੀ (ਢਲਾਣ) 'ਤੇ ਰਾਗੀ ਜਿਹੀਆਂ ਫ਼ਸਲਾਂ ਦੀ ਖੇਤੀ ਕਰ ਰਹੇ ਸਨ," ਸੁਮਾ ਕਹਿੰਦੀ ਹਨ। ਖੇਤ ਵਾਤਾਵਰਣ-ਢਾਂਚੇ ਨੂੰ ਬਣਾਈ ਰੱਖਣ ਵਿੱਚ ਯੋਗ ਸਨ। ਪਰ, ਉਹ ਕਹਿੰਦੀ ਹਨ, ਵੱਧਦੇ ਪਲਾਇਨ ਦੇ ਨਾਲ਼ ਨਕਦੀ ਫ਼ਸਲਾਂ ਨੇ ਅਨਾਜ ਫਸਲਾਂ 'ਤੇ ਹੈਜਮਨੀ ਕਰ ਲਈ। ਅਤੇ 1990 ਦੇ ਦਹਾਕੇ ਵਿੱਚ ਸੰਸਾਰੀਕਰਣ ਦੇ ਆਗਮਨ ਨਾਲ਼, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਕਾਲ਼ੀ ਮਿਰਚ ਜਿਹੀਆਂ ਨਕਦੀ ਫ਼ਸਲਾਂ 'ਤੇ ਮੁਕੰਮਲ ਤੌਰ 'ਤੇ ਨਿਰਭਰ ਹੋਣਾ ਸ਼ੁਰੂ ਕਰ ਦਿੱਤਾ।
‘ ਪੈਦਾਵਾਰ ਵਿੱਚ ਗਿਰਾਵਟ ਇਸਲਈ ਆਈ ਹੈ ਕਿਉਂਕਿ ਜਲਵਾਯੂ ਪਰਿਵਰਤਨ ਵਾਇਨਾਡ ਵਿੱਚ ਕੌਫ਼ੀ ਲਈ ਸਭ ਤੋਂ ਵੱਡਾ ਖ਼ਤਰਾ ਸਾਬਤ ਹੋਇਆ ਹੈ’- ਪੂਰੇ ਜਿਲ੍ਹੇ ਵਿੱਚ ਅਸੀਂ ਜਿੰਨੇ ਵੀ ਕਿਸਾਨਾਂ ਨਾਲ਼ ਮਿਲ਼ੇ, ਉਨ੍ਹਾਂ ਸਾਰਿਆਂ ਨੇ ਇਸ ਗੰਭੀਰ ਪਰਿਵਰਤਨ ਦੀ ਗੱਲ ਕਹੀ
"ਅੱਜ, ਕਿਸਾਨ ਇੱਕ ਕਿਲੋਗ੍ਰਾਮ ਝੋਨੇ ਤੋਂ 12 ਰੁਪਏ ਅਤੇ ਕੌਫ਼ੀ ਤੋਂ 67 ਰੁਪਏ ਕਮਾ ਰਹੇ ਹਨ। ਹਾਲਾਂਕਿ, ਕਾਲ਼ੀ ਮਿਰਚ ਤੋਂ ਉਨ੍ਹਾਂ ਨੂੰ ਪ੍ਰਤੀ ਕਿਲੋ 360 ਰੁਪਏ ਤੋਂ 365 ਰੁਪਏ ਤੱਕ ਬਣਾਉਂਦੇ ਹਨ," WSSS ਦੇ ਇੱਕ ਸਾਬਕਾ ਪ੍ਰੋਜੈਕਟ ਅਧਿਕਾਰੀ ਅਤੇ ਮਨੰਥਵਾਡੀ ਸ਼ਹਿਰ ਦੇ ਇੱਕ ਜੈਵਿਕ ਕਿਸਾਨ, ਈਜੇ ਜੋਸ ਕਹਿੰਦੇ ਹਨ। ਮੁੱਲ ਵਿੱਚ ਇੰਨੇ ਵੱਡੇ ਫ਼ਰਕ ਨੇ ਕਈ ਹੋਰ ਕਿਸਾਨਾਂ ਨੂੰ ਝੋਨੇ ਦੀ ਖੇਤੀ ਛੱਡ ਕੇ ਕਾਲ਼ੀ ਮਿਰਚ ਜਾਂ ਕੌਫ਼ੀ ਦਾ ਵਿਕਲਪ ਚੁਣਨ 'ਤੇ ਮਜ਼ਬੂਰ ਕੀਤਾ। "ਹੁਣ ਹਰ ਕੋਈ ਉਹੀ ਉਗਾ ਰਿਹਾ ਹੈ ਜੋ ਸਭ ਤੋਂ ਵੱਧ ਲਾਹੇਵੰਦਾ ਹੋਵੇ ਨਾ ਕਿ ਜਿਹਦੀ ਲੋੜ ਹੈ। ਝੋਨਾ (ਅਸੀਂ ਇਹ ਫ਼ਸਲ ਵੀ ਗੁਆ ਰਹੇ ਹਾਂ) ਇੱਕ ਅਜਿਹੀ ਫ਼ਸਲ ਹੈ ਜੋ ਮੀਂਹ ਪੈਣ 'ਤੇ ਪਾਣੀ ਨੂੰ ਜਜ਼ਬ ਕਰਨ ਵਿੱਚ ਮਦਦਗਾਰ ਹੈ ਅਤੇ ਵਾਟਰ ਟੇਬਲ (ਭੂਮੀ ਹੇਠਲਾ ਖੇਤਰ ਜਿੱਥੇ ਧਰਤੀ ਦੀ ਸਤ੍ਹਾ ਪਾਣੀ ਨਾਲ਼ ਤਰ-ਬਤਰ ਰਹਿੰਦੀ) ਬਹਾਲ ਕਰਦੀ ਹੈ।
ਰਾਜ ਅੰਦਰ ਝੋਨੇ ਦੇ ਕਈ ਖੇਤਾਂ ਨੂੰ ਵੀ ਪ੍ਰਮੁਖ ਰਿਅਲ ਅਸਟੇਟ ਭੂਖੰਡਾਂ ਵਿੱਚ ਬਦਲ ਦਿੱਤਾ ਗਿਆ ਹੈ, ਜੋ ਇਸ ਫ਼ਸਲ ਦੀ ਖੇਤੀ ਵਿੱਚ ਮਾਹਰ ਕਿਸਾਨਾਂ ਦੇ ਕਾਰਜ-ਦਿਵਸਾਂ ਨੂੰ ਘੱਟ ਕਰ ਰਿਹਾ ਹੈ।
"ਇਨ੍ਹਾਂ ਸਾਰੇ ਪਰਿਵਰਤਨਾਂ ਦਾ ਵਾਇਨਾਡ ਦੇ ਭੂ-ਦ੍ਰਿਸ਼ 'ਤੇ ਲਗਾਤਾਰ ਅਸਰ ਪੈ ਰਿਹਾ ਹੈ," ਸੁਮਾ ਕਹਿੰਦੀ ਹਨ। "ਇੱਕ ਫ਼ਸਲੀ ਖੇਤੀ ਦੇ ਮਾਧਿਅਮ ਨਾਲ਼ ਮਿੱਟੀ ਨੂੰ ਬਰਬਾਦ ਕੀਤਾ ਗਿਆ ਹੈ। ਵੱਧਦੀ ਅਬਾਦੀ (1931 ਦੀ ਮਰਦਮਸ਼ੁਮਾਰੀ ਵੇਲ਼ੇ ਜਿੱਥੇ 100,000 ਤੋਂ ਘੱਟ ਸੀ ਉੱਛੇ 2011 ਦੀ ਮਰਦਮਸ਼ੁਮਾਰੀ ਦੇ ਸਮੇਂ 817,420 ਤੱਕ ਪਹੁੰਚ ਗਈ) ਅਤੇ ਭੂ-ਵਿਭਾਜਨ ਇਹਦੇ ਨਾਲ਼ ਆਉਂਦਾ ਹੈ, ਇਸਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਵਾਇਨਾਡ ਦਾ ਮੌਸਮ ਗਰਮ ਹੁੰਦਾ ਜਾ ਰਿਹਾ ਹੈ।"
ਜੋਸ ਵੀ ਇਹ ਮੰਨਦੇ ਹਨ ਕਿ ਖੇਤੀ ਦੇ ਇਨ੍ਹਾਂ ਬਦਲਦੇ ਤਰੀਕਿਆਂ ਦਾ ਤਾਪਮਾਨ ਦੇ ਵਾਧੇ ਨਾਲ਼ ਨੇੜਲਾ ਰਿਸ਼ਤਾ ਹੈ। "ਖੇਤੀ ਢੰਗਾਂ ਵਿੱਚ ਬਦਲਾਓ ਨੇ ਵਰਖਾ ਵਿਚਲੇ ਪਰਿਵਰਤਨ ਨੂੰ ਪ੍ਰਭਾਵਤ ਕੀਤਾ ਹੈ," ਉਹ ਕਹਿੰਦੇ ਹਨ।
ਨੇੜਲੀ ਥਵਿਨਹਲ ਪੰਚਾਇਤ ਵਿੱਚ, ਆਪਣੇ 12 ਏਕੜ ਦੇ ਖੇਤ ਵਿੱਚ ਸਾਡੇ ਨਾਲ਼ ਘੁੰਮਦਿਆਂ, 70 ਸਾਲਾ ਐੱਮਜੇ ਜਾਰਜ ਕਹਿੰਦੇ ਹਨ,"ਇਹ ਖੇਤ ਕਿਸੇ ਜ਼ਮਾਨੇ ਵਿੱਚ ਕਾਲ਼ੀ ਮਿਰਚ ਨਾਲ਼ ਇੰਨੇ ਜ਼ਿਆਦਾ ਭਰੇ ਰਹਿੰਦੇ ਸਨ ਕਿ ਸੂਰਜ ਦੀਆਂ ਕਿਰਨਾਂ ਦਾ ਬੂਟਿਆਂ ਵਿੱਚੋਂ ਦੀ ਹੋ ਕੇ ਲੰਘਣਾ ਮੁਸ਼ਕਲ ਹੁੰਦਾ ਸੀ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਕਈ ਟਨ ਕਾਲ਼ੀ ਮਿਰਚ ਗੁਆ ਲਈ ਹੈ। ਜਲਵਾਯੂ ਦੀਆਂ ਬਦਲਦੀ ਹਾਲਤਾਂ ਦੇ ਕਾਰਨ ਪੌਦਿਆਂ ਦੇ ਤੇਜ਼ੀ ਨਾਲ਼ ਮੁਰਝਾਉਣ ਜਿਹੀਆਂ ਬੀਮਾਰੀਆਂ ਹੋ ਰਹੀਆਂ ਹਨ"
ਕਵਕ ਫਾਇਟੋਫਥੋਰਾ ਦੇ ਕਾਰਨ, ਤੇਜ਼ੀ ਨਾਲ਼ ਮੁਰਝਾਉਣ ਦੀ ਬੀਮਾਰੀ ਨੇ ਪੂਰੇ ਜਿਲ੍ਹੇ ਦੇ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਮ ਕਰ ਸੁੱਟਿਆ ਹੈ। ਇਹ ਉੱਚ ਨਮੀ ਦੀਆਂ ਹਾਲਤਾਂ ਵਿੱਚ ਪਣਪਦਾ ਹੈ "ਇਸ ਵਿੱਚ ਪਿਛਲੇ 10 ਸਾਲਾਂ ਵਿੱਚ ਵਾਇਨਾਡ ਅੰਦਰ ਕਾਫੀ ਵਾਧਾ ਹੋਇਆ ਹੈ," ਜੋਸ ਕਹਿੰਦੇ ਹਨ। "ਮੀਂਹ ਹੁਣ ਅਨਿਯਮਤ ਪੈਂਦਾ ਹੈ। ਰਸਾਇਣਿਕ ਖਾਦਾਂ ਦੀ ਵੱਧਦੀ ਵਰਤੋਂ ਨੇ ਵੀ ਇਸ ਰੋਗ ਨੂੰ ਫੈਲਣ ਵਿੱਚ ਮਦਦ ਕੀਤੀ ਹੈ, ਜਿਸ ਕਰਕੇ ਟ੍ਰਾਇਕੋਡਰਮਾ ਨਾਮਕ ਚੰਗੇ ਬੈਕਟੀਰਿਆ ਹੌਲ਼ੀ-ਹੌਲ਼ੀ ਮਰਨ ਲੱਗਦੇ ਹਨ, ਹਾਲਾਂਕਿ ਇਹ ਬੈਕਟੀਰਿਆ ਉੱਲੀ ਨਾਲ਼ ਲੜਨ ਵਿੱਚ ਮਦਦ ਕਰਦਾ ਸੀ।
"ਪਹਿਲਾਂ ਸਾਡੇ ਕੋਲ਼ ਵਾਇਨਾਡ ਵਿੱਚ ਵਾਯੂ-ਅਨੁਕੂਲਤ ਜਲਵਾਯੂ ਸੀ, ਪਰ ਹੁਣ ਨਹੀਂ ਹੈ," ਜਾਰਜ ਕਹਿੰਦੇ ਹਨ। "ਮੀਂਹ, ਜੋ ਪਹਿਲਾਂ ਵਰਖਾ ਰੁੱਤੇ ਲਗਾਤਾਰ ਪੈਂਦੀ ਸੀ, ਹੁਣ ਪਿਛਲੇ 15 ਸਾਲਾਂ ਦੌਰਾਨ ਇਸ ਵਿੱਚ ਕਾਫੀ ਘਾਟ ਆਈ ਹੈ। ਕਦੇ ਅਸੀਂ ਆਪਣੀ ਵਰਖਾ ਲਈ ਪ੍ਰਸਿੱਧ ਸਾਂ..."
ਭਾਰਤ ਮੌਸਮ ਵਿਗਿਆਨ ਵਿਭਾਗ, ਤਿਰੂਵਨੰਤਪੁਰਮ ਦਾ ਕਹਿਣਾ ਹੈ ਕਿ 1 ਜੂਨ ਤੋਂ 28 ਜੁਲਾਈ, 2019 ਦਰਮਿਆਨ ਵਾਇਨਾਡ ਵਿੱਚ ਮੀਂਹ ਸਧਾਰਣ ਔਸਤ ਨਾਲ਼ੋਂ 54 ਫੀਸਦ ਘੱਟ ਸੀ।
ਆਮ ਤੌਰ 'ਤੇ ਉੱਚ ਵਰਖਾ ਦਾ ਇਲਾਕਾ ਹੋਣ ਕਰਕੇ, ਵਾਇਨਾਡ ਦੇ ਕੁਝ ਹਿੱਸਿਆਂ ਵਿੱਚ ਕਈ ਵਾਰ 4,000 ਮਿਮੀ ਤੋਂ ਵੱਧ ਮੀਂਹ ਪੈਂਦਾ ਹੈ। ਪਰ ਕੁਝ ਸਾਲਾਂ ਤੋਂ ਜਿਲ੍ਹੇ ਦੇ ਔਸਤ ਵਰਖਾ ਵਿੱਚ ਬਹੁਤ ਜਿਆਦਾ ਉਤਰਾਅ-ਚੜਾਅ ਆਇਆ ਹੈ। ਇਹ 2014 ਵਿੱਚ 3,260 ਮਿਮੀ ਸੀ, ਪਰ ਉਸ ਤੋਂ ਬਾਅਦ ਅਗਲੇ ਦੋ ਸਾਲਾਂ ਵਿੱਚ ਭਾਰੀ ਗਿਰਾਵਟ ਦੇ ਨਾਲ਼ ਇਹ 2,283 ਮਿਮੀ ਅਤੇ 1,328 ਮਿਮੀ 'ਤੇ ਪਹੁੰਚ ਗਿਆ। ਫਿਰ, 2017 ਵਿੱਚ ਇਹ 2,125 ਮਿਮੀ ਸੀ ਅਤੇ 2018 ਵਿੱਚ, ਜਦੋਂ ਕੇਰਲ ਵਿੱਚ ਹੜ੍ਹ ਆਇਆ ਸੀ ਇਹ 3,832 ਮਿਮੀ ਦੀ ਉੱਚਾਈ 'ਤੇ ਪਹੁੰਚ ਗਿਆ।
"ਹਾਲ ਦੇ ਦਹਾਕਿਆਂ ਵਿੱਚ ਵਰਖਾ ਦੀ ਅੰਤਰ-ਸਲਾਨਾ ਪਰਿਵਰਤਨਸ਼ੀਲਤਾ ਵਿੱਚ ਬਦਲਾਅ ਹੋਇਆ ਹੈ, ਖਾਸ ਕਰਕੇ 1980 ਦੇ ਦਹਾਕੇ ਤੋਂ ਅਤੇ 90 ਦੇ ਦਹਾਕੇ ਵਿੱਚ ਇਸ ਵਿੱਚ ਤੇਜ਼ੀ ਆਈ," ਡਾ. ਗੋਪਾਕੁਮਾਰ ਚੋਲਾਯਿਲ ਕਹਿੰਦੇ ਹਨ, ਜੋ ਕੇਰਲ ਖੇਤੀਬਾੜੀ ਯੂਨੀਵਰਸਿਟੀ, ਥ੍ਰਿਸੂਰ ਦੀ ਜਲਵਾਯੂ ਪਰਿਵਰਤਨ ਸਿੱਖਿਆ ਅਤੇ ਖੋਜ ਅਕਾਦਮੀ ਵਿੱਚ ਵਿਗਿਆਨਕ ਅਧਿਕਾਰੀ ਹਨ। "ਅਤੇ ਮਾਨਸੂਨ ਅਤੇ ਮਾਨਸੂਨ ਦੇ ਬਾਅਦ ਦੇ ਵਕਫੇ ਵਿੱਚ ਪੂਰੇ ਕੇਰਲ ਵਿੱਚ ਬਹੁਤ ਜ਼ਿਆਦਾ ਵਰਖਾ ਦੀਆਂ ਘਟਨਾਵਾਂ ਵਧੀਆਂ ਹਨ। ਵਾਇਨਾਡ ਇਸ ਮਾਮਲੇ ਵਿੱਚ ਕੋਈ ਅਪਵਾਦ ਨਹੀਂ ਹੈ।"
ਇਹ, ਅਸਲ ਵਿੱਚ, ਵਡਕਿਲ, ਜਾਰਜ ਅਤੇ ਹੋਰ ਕਿਸਾਨਾਂ ਦੇ ਅਵਲੋਕਨ ਦੀ ਪੁਸ਼ਟੀ ਕਰਦਾ ਹੈ। ਉਹ ਭਾਵੇਂ 'ਕਮੀ' ਦਾ ਸ਼ੋਕ ਮਨਾ ਰਹੇ ਹੋਣ- ਅਤੇ ਦੀਰਘਕਾਲਕ ਔਸਤ ਗਿਰਾਵਟ ਦਾ ਸੰਕੇਤ ਦੇ ਰਹੇ ਹਨ- ਪਰ ਉਨ੍ਹਾਂ ਦੇ ਕਹਿਣ ਦਾ ਮਤਲਬ ਇਹੀ ਹੈ ਕਿ ਜਿਨ੍ਹਾਂ ਮੌਸਮਾਂ ਅਤੇ ਦਿਨਾਂ ਵਿੱਚ ਉਨ੍ਹਾਂ ਨੂੰ ਮੀਂਹ ਦੀ ਲੋੜ ਅਤੇ ਉਮੀਦ ਹੁੰਦੀ ਹੈ ਉਨ੍ਹਾਂ ਵਿੱਚ ਹੀ ਵਰਖਾ ਬਹੁਤ ਘੱਟ ਹੁੰਦੀ ਹੈ। ਇਹ ਜ਼ਿਆਦਾ ਸਾਲਾਂ ਦੇ ਨਾਲ਼-ਨਾਲ਼ ਘੱਟ ਮੀਂਹ ਦੇ ਸਾਲਾਂ ਵਿੱਚ ਵੀ ਹੋ ਸਕਦਾ ਹੈ। ਜਿੰਨੇ ਦਿਨਾਂ ਤੱਕ ਮੀਂਹ ਦਾ ਮੌਸਮ ਰਹਿੰਦਾ ਸੀ ਹੁਣ ਉਨ੍ਹਾਂ ਦਿਨਾਂ ਵਿੱਚ ਵੀ ਕਮੀ ਆ ਗਈ ਹੈ, ਜਦੋਂਕਿ ਇਹਦੀ ਤੀਬਰਤਾ ਵੱਧ ਗਈ ਹੈ। ਵਾਇਨਾਡ ਵਿੱਚ ਅਜੇ ਵੀ ਅਗਸਤ-ਸਤੰਬਰ ਵਿੱਚ ਮੀਂਹ ਪੈ ਸਕਦਾ ਹੈ, ਹਾਲਾਂਕਿ ਇੱਥੇ ਮਾਨਸੂਨ ਦਾ ਮੁੱਖ ਮਹੀਨਾ ਜੁਲਾਈ ਹੈ। (ਅਤੇ 29 ਜੁਲਾਈ ਨੂੰ, ਮੌਸਮ ਵਿਭਾਗ ਨੇ ਇਸ ਜਿਲ੍ਹੇ ਦੇ ਨਾਲ਼-ਨਾਲ਼ ਕਈ ਹੋਰ ਜਿਲ੍ਹਿਆਂ ਵਿੱਚ 'ਭਾਰੀ' ਤੋਂ 'ਬਹੁਤ ਭਾਰੀ' ਮੀਂਹ ਦਾ 'ਔਰੇਂਜ ਅਲਰਟ' (orange alert) ਜਾਰੀ ਕੀਤਾ ਸੀ।''
"ਫਸਲ ਦੇ ਤੌਰ-ਤਰੀਕਿਆਂ ਵਿੱਚ ਬਦਲਾਅ, ਜੰਗਲ ਦੀ ਕਟਾਈ, ਭੂਮੀ ਉਪਯੋਗ ਦੇ ਰੂਪ... ਇਨ੍ਹਾਂ ਸਭ ਦਾ ਵਾਤਾਵਰਣ-ਢਾਂਚੇ 'ਤੇ ਗੰਭੀਰ ਅਸਰ ਪਿਆ ਹੈ", ਡਾ. ਚੋਲਾਯਿਲ ਕਹਿੰਦੇ ਹਨ।
"ਪਿਛਲੇ ਸਾਲ ਦੇ ਹੜ੍ਹ ਵਿੱਚ ਮੇਰੀ ਕੌਫ਼ੀ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ," ਸੁਭਦਰਾ ਕਹਿੰਦੀ ਹਨ ਜਿਨ੍ਹਾਂ ਨੇ ਮਨੰਥਵਾਡੀ ਵਿੱਚ ਲੋਕ ਪਿਆਰ ਨਾਲ਼ 'ਟੀਚਰ' ਕਹਿ ਕੇ ਪੁਕਾਰਦੇ ਹਨ। 75 ਸਾਲ ਕਿਸਾਨ (ਸੁਭਰਦਾ ਬਾਲਕ੍ਰਿਸ਼ਨਨ) ਕਹਿੰਦੇ ਹਨ,''ਇਸ ਸਾਲ ਵਾਇਨਾਡ ਵਿੱਚ ਕੌਫ਼ੀ ਦਾ ਉਤਪਾਦਨ ਸਭ ਤੋਂ ਘੱਟ ਹੋਇਆ।'' ਉਹ ਏਡਵਾਕ ਪੰਚਾਇਤ ਵਿੱਚ ਆਪਣੇ ਪਰਿਵਾਰ ਦੀ 24 ਏਕੜ ਜ਼ਮੀਨ 'ਤੇ ਖੇਤੀ ਦੀ ਨਿਗਰਾਨੀ ਕਰਦੀ ਹਨ ਅਤੇ ਹੋਰ ਫ਼ਸਲਾਂ ਤੋਂ ਇਲਾਵਾ, ਕੌਫ਼ੀ, ਝੋਨਾ ਅਤੇ ਨਾਰੀਅਲ ਉਗਾਉਂਦੀ ਹਨ। "ਵਾਇਨਾਡ ਵਿੱਚ (ਕੌਫ਼ੀ ਦੇ) ਕਈ ਕਿਸਾਨ (ਆਮਦਨੀ ਲਈ) ਹੁਣ ਤੇਜੀ ਨਾਲ਼ ਆਪਣੇ ਡੰਗਰਾਂ 'ਤੇ ਨਿਰਭਰ ਹੁੰਦੇ ਜਾ ਰਹੇ ਹਨ।"
ਹੋ ਸਕਦਾ ਹੈ ਕਿ ਉਹ 'ਜਲਵਾਯੂ ਪਰਿਵਰਤਨ' ਸ਼ਬਦ ਦਾ ਉਪਯੋਗ ਨਾ ਕਰਨ, ਪਰ ਅਸੀਂ ਜਿੰਨੇ ਵੀ ਕਿਸਾਨਾਂ ਨਾਲ਼ ਮਿਲ਼ੇ ਉਹ ਸਾਰੇ ਇਹਦੇ ਪ੍ਰਭਾਵਾਂ ਤੋਂ ਚਿੰਤਤ ਹਨ।
ਆਪਣੀ ਅੰਤਮ ਠ੍ਹਾਰ 'ਤੇ - ਸੁਲਤਾਨ ਬਾਥੇਰੀ ਤਾਲੁਕਾ ਦੀ ਪੂਠਾਡੀ ਪੰਚਾਇਤ ਵਿੱਚ 80 ਏਕੜ ਵਿੱਚ ਫੈਲੀ ਏਡੇਨ ਘਾਟੀ ਵਿੱਚ- ਅਸੀਂ ਪਿਛਲੇ 40 ਸਾਲਾਂ ਤੋਂ ਇੱਕ ਖੇਤ-ਮਜ਼ਦੂਰ, ਗਿਰੀਜਨ ਗੋਪੀ ਨਾਲ਼ ਮਿਲ਼ੇ ਜਦੋਂ ਉਹ ਆਪਣੀ ਅੱਧੀ ਸ਼ਿਫਟ ਮੁਕਾਉਣ ਵਾਲ਼ੇ ਸਨ। "ਰਾਤੀਂ ਬੜੀ ਠੰਡ ਹੁੰਦੀ ਹੈ ਅਤੇ ਦਿਨ ਵਿੱਚ ਬਹੁਤ ਗਰਮੀ। ਕੌਣ ਜਾਣਦਾ ਹੈ ਕਿ ਇੱਥੇ ਕੀ ਹੋ ਰਿਹਾ ਹੈ," ਆਪਣੇ ਦੁਪਹਿਰ ਦੇ ਖਾਣ ਲਈ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, ਅਤੇ ਆਪਣੇ ਆਪ ਵਿੱਚ ਬੁੜਬੁੜਾਏ: "ਦੇਵਤਾਵਾਂ ਦਾ ਹੋਣਾ ਲਾਜਮੀ ਹੈ। ਨਹੀਂ ਤਾਂ ਅਸੀਂ ਇਹ ਸਭ ਕਿਵੇਂ ਸਮਝ ਸਕਾਂਗੇ?"
ਕਵਰ ਫੋਟੋ : ਵਿਸ਼ਾਕਾ ਜਾਰਜ
ਲੇਖਿਕਾ ਇਸ ਸਟੋਰੀ ਨੂੰ ਕਰਦਿਆਂ ਆਪਣਾ ਸਮਾਂ ਅਤੇ ਉਦਾਰ ਸਹਾਇਤਾ ਪ੍ਰਦਾਨ ਕਰਨ ਲਈ ਖੋਜਕਰਤਾ, ਨੋਏਲ ਬੇਨੋ ਨੂੰ ਧੰਨਵਾਦ ਦੇਣਾ ਚਾਹੀਦੀ ਹਨ।
ਜਲਵਾਯੂ ਪਰਿਵਰਤਨ ' ਤੇ PARI ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਈ ਦੀ ਅਵਾਜ਼ ਅਤੇ ਜੀਵਨ ਤਜ਼ਰਬਿਆਂ ਦੇ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP - ਸਮਰਥਤ ਪਹਿਲ ਦਾ ਇੱਕ ਹਿੱਸਾ ਹੈ।
ਇਹ ਲੇਖ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ ਕਰਕੇ zahra@ruralindiaonline.org ਨੂੰ ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ
ਤਰਜਮਾ: ਕਮਲਜੀਤ ਕੌਰ