ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
ਤੁਹਾਡੇ ਇੱਕ ਏਕੜ ਖੇਤ ਵਿੱਚ ਲੱਗੀ ਜਵਾਰ ਕੁਝ ਹੀ ਸਮੇਂ ਵਿੱਚ ਕਿਵੇਂ ਅਤੇ ਕਿਉਂ ਗਾਇਬ ਹੋ ਜਾਂਦੀ ਹੈ? "ਦੋ ਸਾਲ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਮੈਂ ਫ਼ਸਲਾਂ ਦੇ ਮੌਸਮ ਵਿੱਚ ਇੱਕ ਹਫ਼ਤੇ ਲਈ ਆਪਣੇ ਪਿੰਡ ਤੋਂ ਬਾਹਰ ਚਲਾ ਗਿਆ। ਉਸੇ ਦੌਰਾਨ, ਉਹ ਸਾਰਾ ਕੁਝ ਚਟਮ ਕਰ ਗਈਆਂ," ਅਨੰਦ ਸਾਲਵੀ ਕਹਿੰਦੇ ਹਨ। 'ਉਹ' ਗੌਰ ਮੱਝਾਂ ( bos gaurus , ਜਿਹਨੂੰ ਕਦੇ-ਕਦੇ ਭਾਰਤੀ ਬਾਇਸਨ ਵੀ ਕਿਹਾ ਜਾਂਦਾ ਹੈ) ਦਾ ਇੱਕ ਝੁੰਡ ਹੈ-ਦੁਨੀਆ ਵਿੱਚ ਜਿਊਂਦਾ ਸਭ ਤੋਂ ਵੱਡਾ ਡੰਗਰ। ਨਰ ਗੌਰ ਦੀ ਉਚਾਈ ਖੜ੍ਹਾ ਹੋਣ 'ਤੇ ਮੋਢੇ ਤੱਕ, 6 ਫੁੱਟ ਤੋਂ ਵੱਧ ਅਤੇ ਵਜ਼ਨ 500 ਤੋਂ 1,000 ਕਿਲੋਗ੍ਰਾਮ ਦਰਮਿਆਨ ਹੋ ਸਕਦਾ ਹੁੰਦਾ ਹੈ।
ਮਹਾਰਾਸ਼ਟਰ ਦੇ ਕੋਲ੍ਹਾਪੁਰ ਜਿਲ੍ਹੇ ਦੇ ਰਾਧਾਨਗਰੀ ਵਾਈਡਲਾਈਫ ਸੈਨਚੁਰੀ ਵਿੱਚ ਸਧਾਰਣ ਰੂਪ ਨਾਲ਼ ਸ਼ਾਂਤੀਪੂਰਣ ਰਹਿਣ ਵਾਲੇ ਇਹ ਵਿਸ਼ਾਲ ਜਾਨਵਰ ਰਾਜਮਾਰਗਾਂ 'ਤੇ ਨਿਕਲ਼ ਰਹੇ ਹਨ ਅਤੇ ਆਪਣੇ ਆਸਪਾਸ ਦੇ ਖੇਤਾਂ 'ਤੇ ਹੱਲ੍ਹਾ ਬੋਲ ਰਹੇ ਹਨ।
"ਮੇਰੇ ਖੇਤ ਦੀ ਰਖਵਾਲੀ ਕਰਨ ਵਾਲਾ ਕੋਈ ਨਹੀਂ ਸੀ," ਦੁਖੀ ਸਾਲਵੀ, ਰਾਕਸ਼ੀ ਪਿੰਡ ਵਿੱਚ ਕਹਿੰਦੇ ਹਨ। "ਵਢਭਾਗੀਂ, ਮੈਂ ਆਪਣੇ ਇੱਕ ਏਕੜ ਗੰਨੇ (ਕਰੀਬ 80 ਟਨ ਗੰਨੇ) ਨੂੰ ਬਚਾਉਣ ਵਿੱਚ ਸਫ਼ਲ ਰਿਹਾ।" ਤਾਂ ਤੁਸੀਂ 1,000 ਕਿਲੋ ਦੇ ਇਸ ਡੰਗਰ ਦੇ ਝੁੰਡ ਤੋਂ ਕੁਝ ਵੀ ਕਿਵੇਂ 'ਬਚਾਉਂਦੇ' ਹੋ? ਪਟਾਕਿਆਂ ਨਾਲ਼।
ਦੋ ਸਾਲ ਪਹਿਲਾਂ, ਸਾਲਵੀ ਨੇ ਹਰ ਰਾਤ ਖੇਤਾਂ ਵਿੱਚ ਸੌਣਾ ਸ਼ੁਰੂ ਕਰ ਦਿੱਤਾ। "ਅਸੀਂ ਰੋਜਾਨਾਂ ਰਾਤ ਨੂੰ 8 ਵਜੇ ਆਉਂਦੇ ਹਾਂ ਅਤੇ ਤੜਕੇ 4 ਵਜੇ ਇੱਥੋਂ ਜਾਂਦੇ ਹਨ, ਜਦੋਂ ਸਾਰੇ ਗਾਵਾ (ਗੌਰ ਲਈ ਸਥਾਨਕ ਸ਼ਬਦ) ਦਾ ਝੁੰਡ ਚਲਾ ਜਾਂਦਾ ਹੈ," ਉਹ ਦੱਸਦੇ ਹਨ। "ਅਤੇ ਅਸੀਂ ਰਾਤ ਨੂੰ ਖੇਤਾਂ ਵਿੱਚ ਪਟਾਕੇ ਚਲਾਉਂਦੇ ਹਾਂ।" ਇਸ ਤੋਂ ਡੰਗਰ (ਮੱਝਾਂ/ਸਾਂਡ) ਡਰ ਜਾਂਦੇ ਹਨ ਅਤੇ ਉਨ੍ਹਾਂ ਦੇ ਪੰਜ ਏਕੜ ਖੇਤ ਵਿੱਚ ਵੜ੍ਹਦੇ ਨਹੀਂ, ਉਹ ਕਹਿੰਦੇ ਹਨ। ਉਨ੍ਹਾਂ ਦੇ ਕਈ ਗੁਆਂਢੀ ਵੀ ਇੰਝ ਹੀ ਕਰਦੇ ਹਨ। ਪਾਨਹਾਲਾ ਤਾਲੁਕਾ ਦੇ ਰਾਕਸ਼ੀ ਪਿੰਡ ਵਿੱਚ ਘੱਟ ਤੋਂ ਘੱਟ ਦੋ ਸਾਲ ਤੋਂ ਇਹ ਡੰਗਰ (ਬਾਇਸਨ) ਫਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
"ਅਸੀਂ ਸੀਜ਼ਨ ਵਿੱਚ ਉਨ੍ਹਾਂ ਪਟਾਕਿਆਂ ਨੂੰ ਖਰੀਦਣ 'ਤੇ ਕਰੀਬ 50 ਰੁਪਏ ਰੋਜ਼ਾਨਾ ਖਰਚ ਕਰਦੇ ਹਾਂ," ਸਾਲਵੀ ਦੀ ਪਤਨੀ ਸੁਨੀਤਾ ਕਹਿੰਦੀ ਹਨ। ਜੋ ਖੇਤੀ ਦੀ ਇਸ ਲਾਗਤ ਵਿੱਚ ਇੱਕ ਨਵਾਂ ਖਰਚਾ (ਤੱਤ) ਜੋੜਦੀ ਹਨ। "ਕਿਸਾਨਾਂ ਦਾ ਰਾਤ ਵੇਲ਼ੇ ਖੇਤਾਂ ਵਿੱਚ ਸੌਣਾ ਵੀ ਇੱਕ ਜੋਖਮ ਹੈ," ਉਹ ਕਹਿੰਦੀ ਹਨ। ਉਸ ਵਕਫੇ ਵਿੱਚ ਖੇਤਾਂ ਵਿੱਚ ਹੋਰ ਜੰਗਲੀ ਜੀਵ ਵੀ ਗਤੀਸ਼ੀਲ ਰਹਿੰਦੇ ਹਨ। ਉਦਾਹਰਣ ਲਈ, ਸੱਪ।
ਲੋਕਾਂ ਦਾ ਮੰਨਣਾ ਹੈ ਕਿ ਮੱਝਾਂ ਜਲਦੀ ਹੀ ਇਹ ਪਤਾ ਲਾ ਲੈਣਗੀਆਂ ਕਿ ਪਟਾਕਿਆਂ ਨਾਲ਼ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲ਼ਾ। ਇਸਲਈ ਰਾਧਾਨਗਰੀ ਤਾਲੁਕਾ ਦੇ ਕੁਝ ਕਿਸਾਨਾਂ ਨੇ ਬਿਜਲਈ ਵਾੜ ਲਾਉਣੀ ਸ਼ੁਰੂ ਕਰ ਦਿੱਤੀ ਹੈ। "ਪਰ ਉਹ ਇਹਦੀਆਂ ਵੀ ਆਦੀ ਹੁੰਦੀਆਂ ਜਾ ਰਹੀਆਂ ਹਨ," ਰਾਧਾਨਗਰੀ ਸਥਿਤ ਜੰਗਲ ਜੀਵਨ ਐੱਨਜੀਓ, ਬਾਇਸਨ ਨੇਚਰ ਕਲਬ ਦੇ ਸਹਿ-ਸੰਸਥਾਪਕ ਸਮਰਾਟ ਕੇਰਕਰ ਕਹਿੰਦੇ ਹਨ। "ਅਸੀਂ ਦੇਖਿਆ ਹੈ ਕਿ ਗੌਰ ਆਪਣੇ ਖੁਰਾਂ ਜਾਂ ਪੈਰਾਂ ਨੂੰ ਮਲ੍ਹਕੜੇ ਜਿਹੇ ਵਾੜ 'ਤੇ ਰੱਖਦੇ ਹਨ, ਇਹ ਜਾਂਚਣ ਲਈ ਕਿ ਕੀ ਇਹ ਝਟਕਾ ਮਾਰਦੀ ਹੈ। ਪਹਿਲਾਂ ਉਹ ਇਨਸਾਨਾਂ ਤੋਂ ਡਰਦੇ ਸਨ, ਪਰ ਹੁਣ ਉਹ ਸਾਨੂੰ ਦੇਖ ਕੇ ਵੀ ਇੰਨਾ ਸੁਖਾਲ਼ਾ ਨਹੀਂ ਭੱਜਦੇ।"
"ਅਸੀਂ ਗਾਵਾ ਨੂੰ ਦੋਸ਼ ਨਹੀਂ ਦਿੰਦੇ," ਸੁਨੀਤਾ ਕਹਿੰਦੀ ਹਨ। "ਇਹ ਜੰਗਲਾਤ ਵਿਭਾਗ ਦੀ ਗ਼ਲਤੀ ਹੈ। ਜੇਕਰ ਜੰਗਲਾਂ ਦਾ ਰੱਖ-ਰਖਾਓ ਠੀਕ ਤਰ੍ਹਾਂ ਨਹੀਂ ਕੀਤਾ ਜਾਵੇਗਾ ਤਾਂ ਡੰਗਰ ਤਾਂ ਬਾਹਰ ਨਿਕਲ਼ਣਗੇ ਹੀ।"
ਗੌਰ ਮੱਝਾਂ ਭੋਜਨ ਅਤੇ ਪਾਣੀ ਦੀ ਤਲਾਸ਼ ਵਿੱਚ, ਤੇਜ਼ੀ ਨਾਲ਼ ਜੰਗਲੀ ਜੀਵ ਸੈਨੁਚਰੀ ਤੋਂ ਬਾਹਰ ਆ ਰਹੀਆਂ ਹਨ। ਉਨ੍ਹਾਂ ਨੂੰ ਹੋਰਨਾਂ ਚੀਜ਼ਾਂ ਦੇ ਨਾਲ਼-ਨਾਲ਼ ਕਾਰਵੀ ਪੱਤਿਆਂ ( strobilanthes callosa ) ਦੀ ਭਾਲ਼ ਹੁੰਦੀ ਹੈ, ਜੋ ਜਾਪਦਾ ਹੈ ਕਿ ਸੁੱਕਦੇ ਜੰਗਲਾਂ ਵਿੱਚੋਂ ਗਾਇਬ ਹੁੰਦੇ ਜਾ ਰਹੇ ਹਨ। ਅਤੇ ਉਨ੍ਹਾਂ ਦੇ ਨਾਲ਼ ਪਾਣੀ ਦੇ ਹੋਰ ਸ੍ਰੋਤ ਵੀ ਗਾਇਬ ਹੋ ਰਹੇ ਹਨ- ਜਿਵੇਂ ਸੈਨਚੁਰੀ ਦੇ ਤਲਾਬਾਂ ਦਾ ਸੁੰਗੜਦੇ ਜਾਣਾ। ਇਸ ਤੋਂ ਇਲਾਵਾ, ਜੰਗਲ ਰੱਖਿਅਕਾਂ ਅਤੇ ਜ਼ਮੀਨੀ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਜਾਨਵਰ ਸੈਨੁਚਰੀ ਅੰਦਰ ਮੁੱਕਦੀਆਂ ਜਾ ਰਹੀਆਂ ਚਰਾਂਦਾਂ (ਘਾਹ ਦੇ ਮੈਦਾਨਾਂ) ਤੋਂ ਵੀ ਪਰੇਸ਼ਾਨ ਹਨ।
ਕੇਂਦਰੀ ਭੂਮੀ ਜਲ ਬੋਰਡ ਦੇ ਅੰਕੜੇ ਦੱਸਦੇ ਹਨ ਕਿ ਰਾਧਾਨਗਰੀ ਤਾਲੁਕਾ ਵਿੱਚ 2004 ਵਿੱਚ 3,510 ਮਿਮੀ, 2008 ਵਿੱਚ 3,684 ਅਤੇ 2012 ਵਿੱਚ 3,072 ਮਿਮੀ ਬਾਰਿਸ਼ ਪਈ ਸੀ। ਪਰ 2018 ਵਿੱਚ ਇਹ ਮਹਿਜ 2,120 ਮਿਮੀ ਹੀ ਰਹੀ-ਜੋ ਕਿ ਇੱਕ ਭਾਰੀ ਕਮੀ ਹੈ। ਦਰਅਸਲ, ਪੂਰੇ ਕੋਲ੍ਹਾਪੁਰ ਜਿਲ੍ਹੇ ਵਿੱਚ ਇੱਕ ਦਹਾਕੇ ਜਾਂ ਉਸ ਤੋਂ ਵੱਧ ਸਮੇਂ ਤੋਂ ਮੀਂਹ ਨੂੰ ਲੈ ਲਗਾਤਾਰ ਬੇਯਕੀਨੀ ਰਹੀ ਹੈ- ਮਹਾਰਾਸ਼ਟਰ ਦੇ ਕਈ ਹੋਰਨਾਂ ਇਲਾਕਿਆ ਵਿੱਚ ਵੀ ਇਹੀ ਹਾਲ ਹੈ।
50 ਸਾਲਾ ਆਜੜੀ, ਰਾਜੂ ਪਾਟਿਲ, ਨੇ ਇੱਕ ਦਹਾਕਾ ਪਹਿਲਾਂ, ਪਹਿਲੀ ਵਾਰੀ ਦੇਵਗੜ-ਨਿਪਾਣੀ ਰਾਜ ਮਾਰਗ 'ਤੇ 12 ਗੌਰ ਦਾ ਇੱਕ ਝੁੰਡ ਦੇਖਿਆ ਸੀ। ਉਨ੍ਹਾਂ ਨੇ ਆਪਣੇ ਪਿੰਡ, ਰਾਧਾਨਗਰੀ ਦੇ ਬਾਹਰੀ ਇਲਾਕੇ ਵਿੱਚ ਵਾਈਲਡ ਲਾਈਫ਼ ਸੈਨੁਚਰੀ ਬਾਰੇ ਸੁਣਿਆ ਸੀ। ਪਰ ਉਨ੍ਹਾਂ ਨੇ ਗਾਵਾ ਨੂੰ ਕਦੇ ਨਹੀਂ ਦੇਖਿਆ ਸੀ।
"ਸਿਰਫ਼ ਇਸ ਪਿਛਲੇ ਦਹਾਕੇ ਵਿੱਚ, ਮੈਂ ਉਨ੍ਹਾਂ ਨੂੰ ਜੰਗਲ ਤੋਂ ਬਾਹਰ ਆਉਂਦੇ ਦੇਖਿਆ ਹੈ," ਉਹ ਕਹਿੰਦੇ ਹਨ। ਉਦੋਂ ਤੋਂ, ਰਾਧਾਨਗਰੀ ਪਿੰਡ ਦੇ ਲੋਕਾਂ ਲਈ ਇਨ੍ਹਾਂ ਵਿਸ਼ਾਲ ਸ਼ਾਕਾਹਾਰੀਆਂ ਨੂੰ ਸੜਕ ਪਾਰ ਕਰਦੇ ਦੇਖਣਾ ਇੱਕ ਆਮ ਗੱਲ ਹੋ ਗਈ ਹੈ। ਗ੍ਰਾਮੀਣਾਂ ਨੇ ਇਨ੍ਹਾਂ ਜਾਨਵਰਾਂ ਦੀਆਂ ਵੀਡਿਓ ਆਪਣੇ ਸੈਲਫੋਨਾਂ 'ਤੇ ਬਣਾਈਆਂ ਹਨ। ਗੌਰ ਨੇ ਕੋਲ੍ਹਾਪੁਰ ਜਿਲ੍ਹੇ ਦੇ ਰਾਧਾਨਗਰੀ, ਸ਼ਾਹੂਵਾੜੀ, ਕਰਵੀਰ ਅਤੇ ਪਨਹਾਲਾ ਤਾਲੁਕਾ ਵਿੱਚ ਕਮਾਦ, ਸ਼ਾਲੂ (ਜਵਾਰ), ਮੱਕੀ ਅਤੇ ਝੋਨਾ ਖਾਣ ਲਈ ਖੇਤਾਂ ਵਿੱਚ ਵੜ੍ਹਨਾ ਸ਼ੁਰੂ ਕਰ ਦਿੱਤਾ ਹੈ।
ਅਤੇ ਪਾਣੀ ਪੀਣ ਲਈ-ਜੋ ਜੰਗਲ ਦੇ ਅੰਦਰ ਉਨ੍ਹਾਂ ਲਈ ਦੁਰਲੱਭ ਹੋ ਗਿਆ ਹੈ।
ਰਾਧਾਨਗਰੀ ਤਾਲੁਕਾ ਵਿੱਚ, ਗ੍ਰਾਮੀਣਾਂ ਦਾ ਕਹਿਣਾ ਹੈ ਕਿ ਗਾਵਾ ਨੇ ਪਿਛਲੇ 10-15 ਸਾਲਾਂ ਦੌਰਾਨ ਹੀ ਜੰਗਲ ਤੋਂ ਬਾਹਰ ਹਮਲਾ ਕਰਨਾ ਸ਼ੁਰੂ ਕੀਤਾ। ਪਨਹਾਲਾ ਤਾਲੁਕਾ ਵਿੱਚ, ਇਹ ਹਾਲ ਹੀ ਦੀ ਘਟਨਾ ਹੈ। ਰਾਕਸ਼ੀ ਪਿੰਡ ਦੇ 42 ਸਾਲਾ ਯੁਵਰਾਜ ਨਿਰੂਖੇ, ਜਿਨ੍ਹਾਂ ਦੇ ਖੇਤ ਜੰਗਲ ਦੇ ਕੋਲ਼ ਹਨ, ਕਹਿੰਦੇ ਹਨ,"ਅਸੀਂ ਗਾਵਾ ਨੂੰ ਪਿਛਲੇ ਦੋ ਸਾਲਾਂ ਵਿੱਚ ਹੀ ਦੇਖਿਆ ਹੈ। ਪਹਿਲਾਂ ਜੰਗਲੀ ਸੂਰ ਸਾਡੀਆਂ ਫ਼ਸਲਾਂ 'ਤੇ ਹਮਲਾ ਕਰਦੇ ਸਨ।" ਜਨਵਰੀ ਦੇ ਬਾਅਦ ਤੋਂ ਹੁਣ ਤੱਕ, 12 ਵਾਇਸਨ ਦਾ ਇੱਕ ਝੁੰਡ ਉਨ੍ਹਾਂ ਦੇ 0.75 ਏਕੜ ਖੇਤ 'ਤੇ ਤਿੰਨ ਵਾਰ ਹੱਲ੍ਹਾ ਬੋਲ ਚੁੱਕਿਆ ਹੈ। "ਮੈਨੂੰ ਘੱਟ ਤੋਂ ਘੱਟ 4 ਕੁਵਿੰਟਲ ਸ਼ਾਲੂ ਤੋਂ ਹੱਥ ਧੋਣਾ ਪਿਆ ਅਤੇ ਹੁਣ ਮੈਨੂੰ ਮੀਂਹ ਦੇ ਇਸ ਮੌਸਮ ਵਿੱਚ ਚੌਲ ਦੀ ਖੇਤੀ ਕਰਨ ਤੋਂ ਡਰ ਲੱਗ ਰਿਹਾ ਹੈ," ਉਹ ਕਹਿੰਦੇ ਹਨ।
ਰਾਧਾਨਗਰੀ ਤਾਲੁਕਾ ਦੇ ਲੋਕਾਂ ਨੇ ਸੈਨੁਚਰੀ ਤੋਂ ਨਿਕਲ਼ਦੇ ਅਤੇ ਸੜਕ ਅਤੇ ਰਾਜਮਾਰਗ ਪਾਰ ਕਰਦੇ ਗੌਰ ਝੁੰਡ ਦੀਆਂ ਵੀਡਿਓ ਆਪਣੇ ਸੈਲਫੋਨ ਰਾਹੀਂ ਬਣਾਈਆਂ ਹਨ
"ਮੌਸਮ-ਚੱਕਰ ਪੂਰੀ ਤਰ੍ਹਾਂ ਬਦਲ ਗਿਆ ਹੈ," ਰਾਧਾਨਗਰੀ ਦੇ ਜੰਗਲਾਤ ਰੇਂਜ ਅਧਿਕਾਰੀ ਪ੍ਰਸ਼ਾਂਤ ਤੇਂਦੁਲਕਰ ਕਹਿੰਦੇ ਹਨ। "ਇਸ ਤੋਂ ਪਹਿਲਾਂ, ਮਾਰਚ ਅਤੇ ਅਪ੍ਰੈਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਮੀਂਹ ਪੈਂਦਾ ਸੀ, ਜੋ ਤਲਾਬਾਂ ਨੂੰ ਭਰ ਦਿੰਦਾ। ਜੇਕਰ ਅਸੀਂ ਕੁਦਰਤ ਦੇ ਖਿਲਾਫ਼ ਜਾ ਰਹੇ ਹਾਂ ਤਾਂ ਕਿਹਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ? ਕੋਈ 50-60 ਸਾਲ ਪਹਿਲਾਂ ਜੰਗਲ ਦੀ ਜ਼ਮੀਨ ਸੀ, ਫਿਰ ਚਰਾਂਦ, ਖੇਤ ਅਤੇ ਉਸ ਤੋਂ ਬਾਅਦ ਜੰਗਲ ਸਨ। ਹੁਣ ਲੋਕ ਇਨ੍ਹਾਂ ਜ਼ਮੀਨਾਂ 'ਤੇ ਵੱਸਣ ਲੱਗੇ ਹਨ ਅਤੇ ਹੌਲੀ-ਹੌਲੀ ਜੰਗਲ ਵੱਲ ਵੱਧ ਰਹੇ ਹਨ। ਜੰਗਲ ਅਤੇ ਪਿੰਡ ਵਿਚਕਾਰਲੀ ਜ਼ਮੀਨ ਨੂੰ ਕਬਜ਼ਾਇਆ ਜਾ ਰਿਹਾ ਹੈ।"
ਇਸ ਨਾਲੋਂ ਵੀ ਵੱਧ ਤਬਾਹਕੁੰਨ ਕੁਦਰਤ ਨੂੰ 'ਕਬਜਾਉਣਾ' ਹੋਇਆ ਹੈ- ਜੋ ਕਿ ਬਾਕਸਾਈਟ ਦੀ ਖਾਨ ਹੈ। ਕੁਝ ਦਹਾਕਿਆਂ ਤੋਂ ਇਹ ਚਾਲੂ ਹੁੰਦੀ ਅਤੇ ਬੰਦ ਹੁੰਦੀ ਆ ਰਹੀ ਹੈ।
"ਬਾਕਸਾਈਟ ਦੀ ਖੁੱਲ੍ਹੀ ਖਾਨ ਤੋਂ ਹੋਣ ਵਾਲੀ ਖੁਦਾਈ ਨੇ ਰਾਧਾਨਗਰੀ ਨੂੰ ਪਿਛਲੇ ਕੁਝ ਵਰ੍ਹਿਆਂ ਵਿੱਚ ਤਬਾਹ ਕਰ ਸੁੱਟਿਆ ਹੈ," ਸੈਨਚੁਰੀ ਏਸ਼ੀਆ ਦੇ ਸੰਸਥਾਪਕ ਸੰਪਾਦਕ ਬਿੱਟੂ ਸਹਿਗਲ ਕਹਿੰਦੇ ਹਨ। "ਇਹਦਾ ਬਹੁਤ ਵਿਰੋਧ ਹੋਇਆ ਸੀ, ਪਰ ਮਾਈਨਿੰਗ ਕੰਪਨੀਆਂ ਜਿਵੇਂ ਕਿ ਇੰਡਾਲ (ਜੋ ਕਿ ਬਾਅਦ ਹਿੰਡਾਲਕੋ ਨਾਲ਼ ਰਲ਼ ਗਈ) ਦਾ ਸੱਤ੍ਹਾ ਦੇ ਗਲਿਆਰਿਆਂ ਵਿੱਚ ਪ੍ਰਦਰਸ਼ਨਕਾਰੀਆਂ ਦੇ ਮੁਕਾਬਲੇ ਕਿਤੇ ਵੱਧ ਦਬਦਬਾ ਸੀ। ਇਹ ਕੰਪਨੀਆਂ ਸਰਕਾਰੀ ਦਫ਼ਤਰਾਂ ਵਿੱਚ ਨੀਤੀਆਂ ਘੜ੍ਹ ਰਹੀਆਂ ਸਨ। ਮਾਈਨਿੰਗ ਦੀ ਗਤੀਵਿਧੀ ਤੋਂ ਚਰਾਂਦਾਂ, ਜਲ-ਸ੍ਰੋਤ, ਇਨ੍ਹਾਂ ਸਾਰਿਆਂ ਨੂੰ ਗੰਭੀਰ ਹਾਨੀ ਪੁੱਜੀ।"
ਦਰਅਸਲ, 1998 ਤੋਂ ਹੀ ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ, ਦੋਵਾਂ ਨੇ ਹੀ ਇਸ ਤਰੀਕੇ ਦੀਆਂ ਗਤੀਵਿਧੀਆਂ ਲਈ ਇੱਕ ਤੋਂ ਵੱਧ ਵਾਰ ਫਟਕਾਰ ਲਾਈ ਹੈ। ਅਕਤੂਬਰ 2018 ਦੇ ਅੰਤ ਵਿੱਚ, ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਰਾਜ ਦੁਆਰਾ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਦਿਖਾਉਣ ਕਾਰਨ ਮਹਾਰਾਸ਼ਟਰ ਸਰਕਾਰ ਦੇ ਮੁੱਖ ਸਕੱਤਰ ਨੂੰ ਅਦਾਲਤ ਵਿੱਚ ਹਾਜ਼ਰ ਰਹਿਣ ਦਾ ਹੁਕਮ ਦਿੱਤਾ ਸੀ।
ਸ਼ਿਵਾਜੀ ਯੂਨੀਵਰਸਿਟੀ, ਕੋਲ੍ਹਾਪੁਰ ਦੇ ਖੋਜਕਰਤਾਵਾਂ ਦੁਆਰਾ 2012 ਦੇ ਇੱਕ ਅਧਿਐਨ ਵਿੱਚ ਮਾਈਨਿੰਗ ਦੇ ਨਿਰੰਤਰ ਦੀਰਘਕਾਲਕ ਅਸਰਾਂ ਬਾਰੇ ਦੱਸਿਆ ਗਿਆ। ਉਨ੍ਹਾਂ ਦੇ ਖੋਜ-ਪੱਤਰ , ਕੋਲ੍ਹਾਪੁਰ ਜਿਲ੍ਹੇ ਦੇ ਵਾਤਾਵਰਣ 'ਤੇ ਬਾਕਸਾਈਟ ਮਾਈਨਿੰਗ ਦੀਆਂ ਗਤੀਵਿਧੀਆਂ ਦੇ ਅਸਰ 'ਤੇ ਅਧਿਐਨ, ਵਿੱਚ ਕਿਹਾ ਗਿਆ ਹੈ ਕਿ "ਮਾਈਨਿੰਗ ਦੀਆਂ ਕਨੂੰਨੀ ਅਤੇ ਗੈਰ-ਕਨੂੰਨੀ ਗਤੀਵਿਧੀਆਂ ਨੇ ਇਸ ਇਲਾਕੇ ਵਿੱਚ ਵਾਤਾਵਰਣ ਸਬੰਧੀ ਗੰਭੀਰ ਮਾਰ ਮਾਰੀ ਹੈ। ਹਾਲਾਂਕਿ ਮਾਈਨਿੰਗ ਦੇ ਸ਼ੁਰੂ ਵਿੱਚ ਸੀਮਤ ਨਿਵਾਸੀਆਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਲਈ ਸਰਕਾਰ ਲਈ ਕਰ ਪੈਦਾ ਕੀਤਾ, ਪਰ ਇਹ ਕੁਝ ਸਮੇਂ ਤੱਕ ਹੀ ਚੱਲਣਾ ਹੈ। ਹਾਲਾਂਕਿ, ਬਦਲੀ ਹੋਈ ਭੂਮੀ ਵਰਤੋਂ ਨੇ ਫਲਸਰੂਪ ਸਥਾਨਕ ਚੁਗਿਰਦੇ ਨੂੰ ਹੋਣ ਵਾਲੀ ਹਾਨੀ ਸਥਾਈ ਹੈ।"
ਰਾਧਾਨਗਰੀ ਤੋਂ ਮਹਿਜ 24 ਕਿਲੋਮੀਟਰ ਦੂਰ ਇੱਕ ਹੋਰ ਵਾਈਡ-ਲਾਈਫ਼ ਸੈਨਚੁਰੀ ਹੈ-ਦਾਜੀਪੁਰ। ਵੱਖ ਹੋਣ ਤੋਂ ਪਹਿਲਾਂ, 1980 ਦੇ ਦਹਾਕੇ ਦੇ ਮੱਧ ਵਿਚਕਾਰ ਦੋਵੇਂ ਇੱਕੋ ਹੀ ਇਕਾਈ ਸਨ। ਇਕੱਠੇ, ਉਹ 351.16 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦੇ ਹਨ। ਦਾਜੀਪੁਰ ਵਿੱਚ ਲੇਟਰਾਇਟ ਪਠਾਰ ਦਾ ਇੱਕ ਹਿੱਸਾ, ਜਿਹਨੂੰ ਸਾਵਰਾਈ ਸਾਡਾ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਝੀਲ ਵੀ ਹੈ, ਇਸ ਖੇਤਰ ਦੇ ਜਾਨਵਰਾਂ ਅਤੇ ਪੰਛੀਆਂ ਲਈ ਭੋਜਨ ਅਤੇ ਪਾਣੀ ਦੇ ਪ੍ਰਮੁੱਖ ਸ੍ਰੋਤਾਂ ਵਿੱਚੋਂ ਇੱਕ ਹੈ। ਪਰ ਇਸ ਸਾਲ ਮਈ ਤੱਕ ਝੀਲ ਦਾ ਬਹੁਤੇਰਾ ਹਿੱਸਾ ਸੁੰਗੜ ਜਾਂ ਸੁੱਕ ਗਿਆ ਸੀ।
ਇਸ ਤੋਂ ਇਲਾਵਾ, "ਪਿਛਲੇ ਦਹਾਕੇ ਵਿੱਚ ਇੱਥੇ ਜ਼ਿਆਦਾਤਰ ਜੰਗਲਾਂ ਦੀ ਕਟਾਈ ਹੋਈ ਹੈ। ਇਸ ਨੇ (ਜਲਵਾਯੂ) ਚੱਕਰਾਂ ਨੂੰ ਪ੍ਰਭਾਵਤ ਕੀਤਾ ਹੈ," ਅਮਿਤ ਸੱਯਦ ਕਹਿੰਦੇ ਹਨ, ਜੋ ਇੱਕ ਜੰਗਲੀ ਜੀਵਾਂ ਦੇ ਖੋਜਕਰਤਾ ਅਤੇ ਜੰਗਲੀ ਜੀਵਾਂ ਦੇ ਸੰਰਖਣ ਅਤੇ ਖੋਜ ਸੋਸਾਇਟੀ ਦੇ ਪ੍ਰਧਾਨ ਹਨ।
ਸਾਵਰਾਈ ਸਾਡਾ ਉਨ੍ਹਾਂ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਜੰਗਲ ਵਿਭਾਗ ਨੇ ਪਸ਼ੂਆਂ ਲਈ ਬਣਾਉਟੀ 'ਸਾਲਟ ਲਿਕਸ' ਬਣਾਏ ਹਨ। ਅਜਿਹੀ ਥਾਂ ਜਿੱਥੇ ਜਾਨਵਰ ਲੂਣ ਜਾਂ ਹੋਰ ਪੋਸ਼ਕ ਤੱਤਾਂ ਨੂੰ ਚੱਟ ਸਕਦੇ ਹਨ। ਦਾਜੀਪੁਰ ਅਤੇ ਰਾਧਾਨਗਰੀ, ਦੋਵੇਂ ਹੀ ਇਲਾਕਿਆਂ ਵਿੱਚ ਕੁਝ ਥਾਵੇਂ ਲੂਣ ਅਤੇ ਕੋਂਡਾ (ਤੂੜੀ/ਘਾਹ) ਇਕੱਠੇ ਕੀਤੇ ਗਏ ਹਨ।
ਸਾਲਟ ਲਿਕਸ ਦੇ ਮੁਕਾਬਲੇ ਮਨੁੱਖੀ ਦਖਲਅੰਦਾਜੀ ਦਾ ਇੱਕ ਹੋਰ ਘੱਟ ਦਿਆਲ ਰੂਪ ਹੈ: ਕਮਾਦ ਦਾ ਫੈਲਾਅ। ਕੋਲ੍ਹਾਪੁਰ ਜਿਲ੍ਹਾ, ਜਿਹਦੇ ਕੁਝ ਤਾਲੁਕਾਵਾਂ ਵਿੱਚ ਚੰਗਾ ਮੀਂਹ ਪੈਂਦਾ ਹੈ, ਦਹਾਕਿਆਂ ਤੋਂ ਕਮਾਦ ਦੀ ਖੇਤੀ ਦਾ ਗੜ੍ਹ ਰਿਹਾ ਸੀ। ਹਾਲਾਂਕਿ, ਇਹਦਾ (ਕਮਾਦ) ਵਾਧਾ ਥੋੜ੍ਹਾ ਚਿੰਤਾਜਨਕ ਹੈ। ਰਾਜ ਦੀ ਖੰਡ ਕਮਿਸ਼ਨਰੀ ਅਤੇ ਗਜ਼ਟਿਅਰ (ਰਾਜਪੱਤਰ) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1971-72 ਵਿੱਚ ਕੋਲ੍ਹਾਪੁਰ ਵਿੱਚ 40,000 ਹੈਕਟੇਅਰ ਭੂਮੀ 'ਤੇ ਕਮਾਦ ਦੀ ਕਾਸ਼ਤ ਕੀਤੀ ਗਈ ਸੀ। ਪਿਛਲੇ ਸਾਲ, 2018-19 ਵਿੱਚ, ਇਹ ਖੇਤਰ 155,000 ਹੈਕਟੇਅਰ ਸੀ-ਯਾਨਿ 287 ਪ੍ਰਤੀਸ਼ਤ ਦਾ ਵਾਧਾ। (ਮਹਾਰਾਸ਼ਟਰ ਵਿੱਚ ਕਮਾਦ ਦੀ ਖੇਤੀ ਵਿੱਚ ਪ੍ਰਤੀ ਏਕੜ 18-20 ਮਿਲੀਅਨ ਲੀਟਰ ਪਾਣੀ ਲੱਗਦਾ ਹੈ)।
ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਦਾ ਇਲਾਕੇ ਦੀ ਭੂਮੀ, ਪਾਣੀ, ਜੰਗਲ, ਬਨਸਤਪਤੀ ਅਤੇ ਜੀਵ, ਮੌਸਮ ਅਤੇ ਜਲਵਾਯੂ 'ਤੇ ਅਟਲ (ਲਾਜ਼ਮੀ) ਅਸਰ ਪਿਆ ਹੈ। ਇਸ ਸੈਨੁਚਰੀ ਵਿੱਚ ਜੰਗਲਾਂ ਦੀਆਂ ਕਿਸਮਾਂ ਵਿੱਚ-ਦੱਖਣ ਅਰਧ-ਸਦਾਬਹਾਰ, ਦੱਖਣ ਨਮ-ਮਿਸ਼ਰਤ ਪਤਝੜੀ ਅਤੇ ਦੱਖਣ ਸਦਾਬਹਾਰ ਜੰਗਲ। ਇਨ੍ਹਾਂ ਸਾਰੀਆਂ ਤਬਦੀਲੀਆਂ ਦਾ ਅਸਰ ਇਨ੍ਹਾਂ ਸੈਨੁਚਰੀਆਂ ਦੇ ਬਾਹਰ ਵੀ ਦਿੱਸਦਾ ਹੈ, ਇੱਥੋਂ ਦੇ ਨਿਵਾਸੀਆਂ 'ਤੇ ਵੀ ਇਹਦੇ ਗੰਭੀਰ ਨਤੀਜੇ ਹੋਏ ਹਨ। ਮਨੁੱਖੀ ਸਰਗਰਮੀ ਵੱਧ ਰਹੀ ਹੈ, ਪਰ ਗੌਰ ਦਾ ਝੁੰਡ ਨਹੀਂ।
ਇੰਝ ਮੰਨਿਆ ਜਾਂਦਾ ਹੈ ਕਿ ਕੁਝ ਦਹਾਕੇ ਪਹਿਲਾਂ ਇਨ੍ਹਾਂ ਸ਼ਾਨਦਾਰ ਜਾਨਵਰਾਂ ਦੀ ਸੰਖਿਆ 1,000 ਤੋਂ ਵੱਧ ਸਨ, ਪਰ ਮਹਾਰਾਸ਼ਟਰ ਦੇ ਜੰਗਲਾਤ ਵਿਭਾਗ ਦੇ ਅਨੁਸਾਰ, ਰਾਧਾਨਗਰੀ ਵਾਈਡ ਲਾਈਫ ਸੈਨਚੁਰੀ ਵਿੱਚ ਹੁਣ ਸਿਰਫ਼ 500 ਬਚੀਆਂ ਹਨ। ਜੰਗਲਾਤ ਰੇਂਜ ਅਧਿਕਾਰੀ ਪ੍ਰਸ਼ਾਂਤ ਤੇਂਦੁਲਕਰ ਦਾ ਵਿਅਕਤੀਗਤ ਅਨੁਮਾਨ 700 ਹੈ। ਭਾਰਤ ਵਿੱਚ, ਗੌਰ ਨੂੰ ਜੰਗਲੀ ਜੀਵ ਸੰਰਖਣ ਐਕਟ 1972 ਦੀ ਅਨੁਸੂਚੀ 1 ਦੇ ਤਹਿਤ ਵਰਗੀਕ੍ਰਿਤ ਕੀਤਾ ਗਿਆ ਹੈ, ਜੋ ਸੂਚੀਬੱਧ ਪ੍ਰਜਾਤੀਆਂ ਨੂੰ ਪੂਰਣ ਸੁਰੱਖਿਆ ਪ੍ਰਦਾਨ ਕਰਦਾ ਹੈ। ਇਨ੍ਹਾਂ ਜਾਨਵਰਾਂ ਦੇ ਖਿਲਾਫ਼ ਅਪਰਾਧ ਉਚੇਰੀ ਸਜਾ ਵੱਲ ਲਿਜਾਂਦੇ ਹਨ। ਗੌਰ ਅੰਤਰਰਾਸ਼ਟਰੀ ਕੁਦਰਤ ਸੰਰਖਣ ਸੰਘ ਦੀ ਖ਼ਤਰੇ ਵਾਲੀਆਂ ਪ੍ਰਜਾਤੀਆਂ ਦੀ 'ਲਾਲ ਸੂਚੀ' ਵਿੱਚ ਵੀ ਹਨ, ਜੋ ਉਨ੍ਹਾਂ ਨੂੰ 'ਅਸੁਰੱਖਿਅਤ' ਰੂਪ ਵਿੱਚ ਵਰਗੀਕ੍ਰਿਤ ਕਰਦੀ ਹੈ।
ਗੌਰ ਸਫ਼ਰ 'ਤੇ ਹਨ, ਪਰ: "ਉਨ੍ਹਾਂ ਦੇ (ਜੰਗਲਾਤ ਵਿਭਾਗ ਦੇ) ਕੋਲ਼ ਇਨ੍ਹਾਂ ਜਾਨਵਰਾਂ ਦੇ ਪ੍ਰਵਾਸਨ ਨਾਲ਼ ਸਬੰਧਤ ਕੋਈ ਅੰਕੜਾ ਨਹੀਂ ਹੈ," ਅਮਿਤ ਸੱਯਦ ਕਹਿੰਦੇ ਹਨ। "ਉਹ ਕਿੱਥੇ ਜਾ ਰਹੇ ਹਨ? ਇੱਕ ਝੁੰਡ ਵਿੱਚ ਕਿੰਨੇ ਹਨ? ਜੇਕਰ ਉਹ ਸਮੂਹਾਂ ਦੀ ਨਿਗਰਾਨੀ ਕਰ ਰਹੇ ਹਨ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣਗੀਆਂ। ਇਨ੍ਹਾਂ ਗਲਿਆਰਿਆਂ ਵਿੱਚ ਪਾਣੀ ਸ੍ਰੋਤਾਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ।"
ਭਾਰਤੀ ਮੌਸਮ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਕੋਲ੍ਹਾਪੁਰ ਜਿਲ੍ਹੇ ਵਿੱਚ ਜੂਨ 2014 ਵਿੱਚ ਮੀਂਹ ਦੇ ਸਧਾਰਣ ਔਸਤ ਤੋਂ 64 ਫੀਸਦੀ ਘੱਟ ਸੀ। 2016 ਵਿੱਚ 39 ਫੀਸਦੀ ਤੋਂ ਘੱਟ। 2018 ਵਿੱਚ, ਇਹ ਔਸਤ ਤੋਂ ਇੱਕ ਫੀਸਦੀ ਘੱਟ ਸੀ। ਜੁਲਾਈ 2014 ਵਿੱਚ, ਇਹ ਉਸ ਮਹੀਨੇ ਦੇ ਔਸਤ ਨਾਲ਼ੋਂ 5 ਫੀਸਦੀ ਵੱਧ ਸੀ। ਉਹਦੇ ਅਗਲੇ ਸਾਲ ਜੁਲਾਈ ਵਿੱਚ ਇਹ 76 ਫੀਸਦੀ ਘੱਟ ਸੀ। ਇਸ ਸਾਲ 1 ਜੂਨ ਤੋਂ 10 ਜੁਲਾਈ ਦੀ ਵਕਫ਼ੇ ਵਿੱਚ ਮੀਂਹ ਔਸਤ ਨਾਲ਼ੋਂ 21 ਫੀਸਦੀ ਵੱਧ ਪਿਆ। ਪਰ, ਜਿਵੇਂ ਕਿ ਇੱਥੋਂ ਦੇ ਬਹੁਤ ਸਾਰੇ ਲੋਕ ਦੱਸਦੇ ਹਨ, ਇਸ ਸਾਲ ਅਪ੍ਰੈਲ ਅਤੇ ਮਈ ਵਿੱਚ ਮਾਨਸੂਨ ਤੋਂ ਪਹਿਲਾਂ ਮੀਂਹ ਮਾਸਾ ਵੀ ਨਹੀਂ ਪਿਆ। "ਪਿਛਲੇ ਇੱਕ ਦਹਾਕੇ ਤੋਂ ਮੀਂਹ ਦਾ ਪੈਟਰਨ ਅਨਿਯਮਤ ਰਿਹਾ ਹੈ," ਕੇਰਕਰ ਕਹਿੰਦੇ ਹਨ। ਇਹਦੇ ਕਰਕੇ ਇਨ੍ਹਾਂ ਜੰਗਲਾਂ ਵਿੱਚ ਹੁਣ ਕੁਝ ਹੀ ਬਚੇ ਹੋਏ ਬਾਰ੍ਹਾਂਮਾਹੀ ਜਲ ਸ੍ਰੋਤਾਂ ਦੀ ਸਮੱਸਿਆ ਹੋਰ ਵੱਧ ਗਈ ਹੈ।
ਅਪ੍ਰੈਲ ਅਤੇ ਮਈ 2017 ਵਿੱਚ, ਰਾਧਾਨਗਰੀ ਅਤੇ ਦਾਜੀਪੁਰ ਦੇ ਜੰਗਲਾਂ ਵਿੱਚ ਕੁਝ ਤਲਾਅ ਪਹਿਲੀ ਵਾਰੇ ਬਣਾਉਟੀ ਰੂਪ ਨਾਲ਼ ਭਰੇ ਗਏ-ਟੈਂਕਰਾਂ ਦੇ ਪਾਣੀ ਨਾਲ਼। ਕੇਰਕਰ ਦੇ ਬਾਇਸਨ ਨੇਚਰ ਕਲੱਬ ਦੁਆਰਾ ਦੋਵੇਂ ਜੰਗਲਾਂ ਵਿੱਚ ਤਿੰਨ ਥਾਵਾਂ 'ਤੇ ਕਰੀਬ 20,000 ਲੀਟਰ ਪਾਣੀ ਦੀ ਸਪਲਾਈ ਇਸੇ ਤਰ੍ਹਾਂ ਕੀਤੀ ਗਈ। 2018 ਵਿੱਚ, ਇਹ ਵੱਧ ਕੇ 24,000 ਲੀਟਰ ਹੋ ਗਈ। (ਜੰਗਲ ਵਿੱਚ ਕਈ ਹੋਰ ਤਲਾਅ ਵੀ ਹਨ ਜਿਨ੍ਹਾਂ ਦਾ ਰੱਖ-ਰਖਾਅ ਖ਼ੁਦ ਜੰਗਲ ਵਿਭਾਗ ਦੁਆਰਾ ਕੀਤਾ ਜਾਂਦਾ ਹੈ)।
ਹਾਲਾਂਕਿ,"ਇਸ ਸਾਲ, ਜੰਗਲ ਵਿਭਾਗ ਨੇ ਸਾਨੂੰ ਅਣਜਾਣ ਕਾਰਨਾਂ ਕਰਕੇ ਰਾਧਾਨਗਰੀ ਰੇਂਜ ਦੇ ਸਿਰਫ਼ ਇੱਕ ਤਲਾਬ ਵਿੱਚ ਪਾਣੀ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ," ਕੇਰਕਰ ਕਹਿੰਦੇ ਹਨ। ਇਸ ਸਾਲ, ਐੱਨਜੀਓ ਨੇ 54,000 ਲੀਟਰ ਦੀ ਸਪਲਾਈ ਕੀਤੀ। ਖ਼ੈਰ,"ਜੂਨ ਵਿੱਚ ਮਾਨਸੂਨ ਦੀ ਪਹਿਲੇ ਦੋ ਵਰ੍ਹਿਆਂ ਵਿੱਚ ਸਪਲਾਈ ਬੰਦ ਕਰ ਦਿੰਦੇ ਹਨ," ਕੇਰਕਰ ਦੱਸਦੇ ਹਨ।
ਜੰਗਲਾਂ ਦੀ ਕਟਾਈ, ਮਾਈਨਿੰਗ, ਫਸਲ ਦੇ ਪੈਟਰਨ ਵਿੱਚ ਵੱਡੇ ਬਦਲਾਅ, ਅਕਾਲ, ਸਧਾਰਣ ਸੋਕਾ, ਪਾਣੀ ਦੀ ਗੁਣਵੱਤਾ ਵਿੱਚ ਗਿਰਾਵਟ, ਭੂਮੀਗਤ ਪਾਣੀ ਦਾ ਸੁੱਕਣ-ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਦਾ ਰਾਧਾਨਗਰੀ ਅਤੇ ਇਹਦੇ ਆਸਪਾਸ ਦੇ ਵੱਡੇ ਇਲਾਕੇ ਵਿੱਚ ਜੰਗਲ, ਖੇਤ, ਮਿੱਟੀ, ਮੌਸਮ ਅਤੇ ਜਲਵਾਯੂ 'ਤੇ ਅਸਰ ਪਿਆ ਹੈ।
ਪਰ ਇਹ ਸਿਰਫ਼ ਕੁਦਰਤੀ ਜਲਵਾਯੂ ਨਹੀਂ ਹੈ ਜੋ ਵਿਗੜ ਰਹੀ ਹੈ।
ਗੌਰ-ਮਨੁੱਖ ਦਰਮਿਆਨ ਟਕਰਾਅ ਦੀ ਘਟਨਾ ਵੱਧ ਰਹੀ ਹੈ। " ਗਾਵਾ ਨੇ ਮੇਰੇ ਦੁਆਰਾ 20 ਗੁੰਠਾ (ਕਰੀਬ ਅੱਧਾ ਏਕੜ) ਵਿੱਚ ਬੀਜਿਆ ਗਿਆ ਨੇਪੀਅਰ ਘਾਹ ਖਾ ਲਿਆ," ਪਨਹਾਲਾ ਤਾਲੁਕਾ ਦੇ ਨਿਕਮਵਾੜੀ ਪਿੰਡ ਵਿੱਚ ਛੇ ਏਕੜ ਜ਼ਮੀਨ ਦੇ ਮਾਲਕ, 40 ਸਾਲਾ ਮਾਰੂਤੀ ਨਿਕਮ ਕਹਿੰਦੇ ਹਨ। "ਉਨ੍ਹਾਂ ਨੇ ਇਸ ਸਾਲ ਜਨਵਰੀ ਤੋਂ ਅਪ੍ਰੈਲ ਦਰਮਿਆਨ 30 ਗੁੰਠਾ ਦੇ ਇੱਕ ਹੋਰ ਖੇਤ 'ਤੇ ਮੱਕੀ ਦਾ ਸਫ਼ਾਇਆ ਕਰ ਦਿੱਤਾ।"
"ਮੀਂਹ ਦੇ ਮੌਸਮ ਵਿੱਚ, ਜੰਗਲ ਵਿੱਚ ਢੇਰ ਸਾਰਾ ਪਾਣੀ ਹੋਵੇਗਾ, ਪਰ ਜੇਕਰ ਉਨ੍ਹਾਂ ਨੂੰ ਭੋਜਨ ਨਾ ਮਿਲ਼ਿਆ, ਤਾਂ ਉਹ ਸਾਡੇ ਖ਼ੇਤਾਂ ਵਿੱਚ ਪਰਤ ਆਉਣਗੇ।"
ਕਵਰ ਫ਼ੋਟੋ : ਰੋਹਨ ਭਾਟੇ। ਸਾਨੂੰ ਆਪਣੀਆਂ ਤਸਵੀਰਾਂ ਵਰਤਣ ਦੀ ਆਗਿਆ ਦੇਣ ਲਈ ਉਨ੍ਹਾਂ ਅਤੇ ਸੈਨੁਚਰੀ ਏਸ਼ੀਆ ਦਾ ਖ਼ਾਸ ਸ਼ੁਕਰੀਆ।
ਜਲਵਾਯੂ ਪਰਿਵਰਤਨ ' ਤੇ PARI ਦੀ ਰਾਸ਼ਟਰ-ਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬੇ ਦੇ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP - ਸਮਰਥਨ ਪ੍ਰਾਪਤ ਪਹਿਲ ਦਾ ਹਿੱਸਾ ਹੈ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ ਨੂੰ zahra@ruralindiaonline.org ਨੂੰ ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ - ਕਮਲਜੀਤ ਕੌਰ