ਆਪਣੇ ਘਰ ਦੇ ਬਾਹਰ ਮੰਜੀ 'ਤੇ ਬੈਠੀ 40 ਸਾਲਾ ਮਾਲਨ ਆਪਣੀ ਮਾਂ ਦੇ ਘਰ ਮੁੜਨ ਦੀ ਉਡੀਕ ਕਰ ਰਹੀ ਹਨ। ਉਨ੍ਹਾਂ ਨੇ ਬੂਟੀਆਂ ਵਾਲ਼ਾ ਆਪਣਾ ਪਸੰਦੀਦਾ ਬਲਾਊਜ ਅਤੇ ਗਿੱਟਿਆਂ ਤੀਕਰ ਲੰਬੀ ਸਕਰਟ ਪਾਈ ਹੋਈ ਹੈ। ਉਹ ਮੇਰੇ ਵੱਲ ਦੇਖਦੀ ਹਨ ਅਤੇ ਉਨ੍ਹਾਂ ਦਾ ਚਿਹਰਾ ਲਿਸ਼ਕਣ ਲੱਗਦਾ ਹੈ। ਉਨ੍ਹਾਂ ਨੇ ਮੈਨੂੰ ਪਿਛਲੀ ਹੋਈ ਮੁਲਾਕਾਤ ਕਾਰਨ ਪਛਾਣ ਲਿਆ ਹੈ। '' ਆਈ ਨਹੀਂ ਘਰੀ, '' ਉਹ ਮੈਨੂੰ ਦੱਸਦੀ ਹਨ ਜਿਓਂ ਹੀ ਮੈਂ ਇੱਟ, ਪੱਥਰ ਅਤੇ ਗਾਰੇ ਨਾਲ਼ ਬਣੇ ਦੋ ਕਮਰਿਆਂ ਵਾਲ਼ੇ ਉਨ੍ਹਾਂ ਦੇ ਘਰ ਦੀਆਂ ਬਰੂਹਾਂ 'ਤੇ ਬੈਠਣ ਲੱਗਦੀ ਹਾਂ।
ਮਾਲਨ ਮੋਰੇ ਆਪਣੀ 63 ਸਾਲਾ ਮਾਂ ਰਾਹੀਬਾਈ ਅਤੇ 83 ਸਾਲਾ ਪਿਤਾ ਨਾਨਾ ਦੇ ਨਾਲ਼ ਵਾੜੀ ਪਿੰਡ ਵਿੱਚ ਰਹਿੰਦੀ ਹਨ (ਉਨ੍ਹਾਂ ਦੇ ਨਾਮ ਅਤੇ ਪਿੰਡ ਦਾ ਨਾਮ ਬਦਲ ਦਿੱਤਾ ਗਿਆ ਹੈ)। ਇਹ ਪਿੰਡ ਪੂਨੇ ਜ਼ਿਲ੍ਹੇ ਦੇ ਮੁਲਸ਼ੀ ਤਾਲੁਕਾ ਵਿੱਚ ਸਥਿਤ ਹੈ, ਜਿੱਥੇ ਇਹ ਪਰਿਵਾਰ ਆਪਣੀ ਤਿੰਨ ਏਕੜ ਦੀ ਭੋਇੰ 'ਤੇ ਚੌਲ਼, ਕਣਕ ਅਤੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ।
ਮਾਲਨ ਜਦੋਂ ਕਰੀਬ 18 ਸਾਲਾਂ ਦੀ ਸਨ, ਤਾਂ ਪੂਨੇ ਦੇ ਸਸੂਨ ਜਨਰਲ ਹਸਪਤਾਲ ਵਿਖੇ ਉਨ੍ਹਾਂ ਦੇ ਮਾਨਸਿਕ ਮੰਦਬੁੱਧੀ ਹੋਣ ਦੀ ਤਸ਼ਖੀਸ ਹੋਈ।
12 ਸਾਲਾਂ ਤੀਕਰ ਉਹ ਰਾਜ ਦੁਆਰਾ ਚਲਾਏ ਜਾਂਦੇ ਸਥਾਨਕ ਪ੍ਰਾਇਮਰੀ ਸਕੂਲ ਪੜ੍ਹਨ ਜਾਂਦੀ ਰਹੀ ਸਨ। ਰਾਹੀਬਾਈ ਦੱਸਦੀ ਹਨ,''ਉਹਦੇ ਸਾਰੇ ਸਹਿਪਾਠੀਆਂ ਨੇ ਚੌਥੀ ਜਮਾਤ ਪਾਸ ਕਰ ਲਈ ਹੈ ਅਤੇ ਸਾਰੇ ਅਗਲੀਆਂ ਜਮਾਤਾਂ ਵਿੱਚ ਚਲੇ ਗਏ ਹਨ, ਪਰ ਉਹ ਪਿਛਾਂਹ ਰਹਿ ਗਈ ਹਨ। ਅਖ਼ੀਰ ਕਲਾਸ ਅਧਿਆਪਕ ਨੇ ਮੈਨੂੰ ਕਿਹਾ ਕਿ ਉਹਨੂੰ ਸਕੂਲੋਂ ਹਟਾ ਲਵਾਂ।'' ਉਸ ਵੇਲ਼ੇ ਮਾਲਨ ਕੋਈ 15 ਸਾਲਾਂ ਦੀ ਸਨ।
ਉਦੋਂ ਤੋਂ ਹੀ ਮਾਲਨ ਆਪਣੀ ਮਾਂ ਦੇ ਨਾਲ਼ ਘਰ ਵਿੱਚ ਮਾੜੇ-ਮੋਟੇ ਕੰਮ ਕਰਦਿਆਂ ਹੋਇਆਂ ਪੂਰਾ ਦਿਨ ਬਿਤਾਉਂਦੀ ਹਨ, ਪਰ ਜਦੋਂ ਉਨ੍ਹਾਂ ਦੀ ਕੰਮ ਕਰਨ ਦੀ ਮਰਜ਼ੀ ਹੁੰਦੀ ਹੈ ਸਿਰਫ਼ ਉਦੋਂ ਹੀ ਕੰਮ ਕਰਦੀ ਹਨ। ਉਹ ਬਾਮੁਸ਼ਕਲ ਹੀ ਕਿਸੇ ਨਾਲ਼ ਗੱਲ ਕਰਦੀ ਹਨ ਪਰ ਜਦੋਂ ਬੋਲਦੀ ਹਨ ਤਾਂ ਸਿਰਫ਼ ਰਾਹੀਬਾਈ ਅਤੇ ਕੁਝ ਗਿਣੇ-ਚੁਣੇ ਲੋਕਾਂ ਦੇ ਨਾਲ਼ ਹੀ ਗੱਲ ਕਰਦੀ ਹਨ। ਪਰ, ਉਹ ਗੱਲਾਂ ਨੂੰ ਸਮਝਦੀ ਹਨ ਅਤੇ ਸੰਵਾਦ ਕਰ ਲੈਂਦੀ ਹਨ। ਜਦੋਂ ਮੈਂ ਉਨ੍ਹਾਂ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਸਿਰ ਹਿਲਾਇਆ, ਮੁਸਕਰਾਈ ਅਤੇ ਚੰਦ ਪਲਾਂ ਲਈ ਬੋਲੀ।
ਮਾਲਨ ਨੂੰ ਕਰੀਬ 12 ਸਾਲ ਦੀ ਉਮਰੇ ਮਾਹਵਾਰੀ ਸ਼ੁਰੂ ਹੋਈ। ''ਦੇਖੋ ਲਹੂ ਨਿਕਲ਼ਿਆ,'' ਬੱਸ ਇਸੇ ਤਰੀਕੇ ਨਾਲ਼ ਪਹਿਲੀ ਵਾਰ ਉਨ੍ਹਾਂ ਨੇ ਰਾਹੀਬਾਈ ਨੂੰ ਦੱਸਿਆ ਸੀ। ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕੱਪੜੇ ਦਾ ਪੈਡ ਰੱਖਣਾ ਅਤੇ ਵਰਤਣਾ ਸਿਖਾਇਆ। ''ਪਰ ਮੇਰੇ ਬੇਟੇ ਦਾ ਵਿਆਹ ਹੋ ਰਿਹਾ ਸੀ ਅਤੇ ਘਰ ਵਿੱਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਇਸਲਈ ਮਾਹਵਾਰੀ ਦੌਰਾਨ ਉਹਨੇ ਵੀ ਮੇਰੇ ਵਾਂਗ ਘਰੋਂ ਬਾਹਰ ਬਹਿਣਾ ਸ਼ੁਰੂ ਕਰ ਦਿੱਤਾ,'' ਰਾਹਬਾਈ ਮਾਹਵਾਰੀ ਦੌਰਾਨ ਮਾਲਨ ਨੂੰ ਰਸੋਈ ਤੋਂ ਦੂਰ ਰਹਿਣ ਅਤੇ ਬੱਸ ਇੱਕੋ ਖੂੰਝੇ ਵਿੱਚ ਬੈਠੇ ਰਹਿਣ ਦੀ ਗੱਲ ਦਾ ਜ਼ਿਕਰ ਕਰਦਿਆਂ ਦੱਸਦੀ ਹਨ। ਮਾਲਨ ਦੀ ਮਾਂ ਹੀ ਉਨ੍ਹਾਂ ਦੀ ਮਾਹਵਾਰੀ ਸੰਭਾਲਣ ਅਤੇ ਜਾਣਕਾਰੀ ਦੇਣ ਦਾ ਇੱਕੋ-ਇੱਕ ਸ੍ਰੋਤ ਸਨ, ਇਸਲਈ ਉਹ ਰਾਹੀਬਾਈ ਦਾ ਨਕਲ਼ ਕਰਨ ਲੱਗੀ।
ਸਮਾਂ ਬੀਤਣ ਦੇ ਨਾਲ਼ ਨਾਲ਼, ਰਾਹੀਬਾਈ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਧੀ ਦੀ ਬੱਚੇਦਾਨੀ ਕਢਵਾ ਦੇਵੇ। ''ਕਦੇ-ਕਦਾਈਂ ਮਾਲਨ ਨੂੰ 5-6 ਮਹੀਨਿਆਂ ਤੱਕ ਮਾਹਵਾਰੀ ਨਹੀਂ ਆਉਂਦੀ ਸੀ ਅਤੇ ਮੈਂ (ਗਰਭ ਠਹਿਰ ਜਾਣ ਦੇ ਡਰੋਂ) ਬੇਹੱਦ ਚਿੰਤਤ ਹੋ ਜਾਂਦੀ। ਉਹ ਜ਼ਿਆਦਾ ਗੱਲ ਨਹੀਂ ਕਰਦੀ। ਰੱਬ ਨਾ ਕਰੇ ਜੇ ਕੁਝ ਪੁੱਠਾ-ਸਿੱਧਾ ਹੋ ਗਿਆ ਤਾਂ ਮੈਨੂੰ ਕਿੱਦਾਂ ਪਤਾ ਚੱਲੂਗਾ?'' ਰਾਹੀਬਾਈ ਕਹਿੰਦੀ ਹਨ। ''ਮੈਂ ਉਹਦੀ ਜਾਂਚ ਕਰਾਉਣ ਲਈ ਉਹਨੂੰ ਦੋ ਵਾਰ ਪੂਨੇ (ਵਾੜੀ ਪਿੰਡ ਤੋਂ ਕਰੀਬ 50 ਕਿਲੋਮੀਟਰ ਦੂਰ) ਦੇ ਪਰਿਵਾਰ ਨਿਯੋਜਨ (ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ਼ ਇੰਡੀਆ) ਕਲੀਨਿਕ ਲੈ ਗਈ। ਦੂਸਰੀ ਵਾਰ 2018 ਵਿੱਚ ਲੈ ਕੇ ਗਈ ਸਾਂ।'' ਗਰਭ ਜਾਂਚ ਕਿਟ ਦਵਾਈਆਂ ਦੀ ਦੁਕਾਨ 'ਤੇ ਸੁਖਾਲੇ ਹੀ ਮਿਲ਼ ਜਾਂਦਾ ਹੈ, ਪਰ ਰਾਹੀਬਾਈ ਲਈ ਮਾਲਨ ਵਾਸਤੇ ਕਿਟ ਹਾਸਲ ਕਰਨ ਮੁਸ਼ਕਲ ਕੰਮ ਸਾਬਤ ਹੁੰਦਾ।
ਵਿਕਲਾਂਗ ਕੁੜੀਆਂ ਦੇ ਜਣਨ ਅੰਗਾਂ ਦਾ ਇੱਕ ਹਿਸਟਰੇਕਟੋਮੀ ਜਾਂ ਸਰਜੀਕਲ ਬਾਹਰ ਕੱਢਿਆ ਜਾਣਾ ਵਿਆਪਕ ਸਮਾਜਿਕ ਦ੍ਰਿਸ਼ਟੀਕੋਣ ਦੇ ਨਤੀਜਿਆਂ ਵਿੱਚੋਂ ਇੱਕ ਹੈ ਜੋ ਮਾਹਵਾਰੀ ਨੂੰ ਕਟਕਟ ਜਾਂ ਇੱਕ ਸਮੱਸਿਆ ਦੇ ਰੂਪ ਵਿੱਚ ਦੇਖਦਾ ਹੈ, ਨਾਲ਼ ਹੀ ਨਾਲ਼ ਲਿੰਗਕਤਾ ਬਾਰੇ ਸਿਖਲਾਈ ਦੀ ਘਾਟ ਅਤੇ ਅਪਾਹਜ ਕੁੜੀਆਂ ਅਤੇ ਔਰਤਾਂ ਲਈ ਸਪੋਰਟ ਸਿਸਟਮ ਦੀ ਘਾਟ ਵੀ ਇਨ੍ਹਾਂ ਸਮੱਸਿਆਵਾਂ ਨੂੰ ਵਧਾਉਂਦੀ ਹੈ।
ਇਸ ਅਭਿਆਸ ਨੇ ਪਹਿਲੀ ਵਾਰ 1994 ਵਿੱਚ ਸੁਰਖੀਆਂ ਵਟੋਰੀਆਂ, ਜਦੋਂ ਪੂਨੇ ਦੇ ਸਸੂਨ ਜਨਰਲ ਹਸਪਤਾਲ ਵਿੱਚ 18 ਤੋਂ 35 ਸਾਲ ਦੀਆਂ ਮਾਨਸਿਕ ਰੂਪ ਨਾਲ਼ ਅਸਮਰੱਥ ਔਰਤਾਂ ਦੀ ਹਿਸਟਰੇਕਟੋਮੀ (ਬੱਚੇਦਾਨੀਆਂ ਕੱਢੀਆਂ ਗਈਆਂ) ਕੀਤੀ ਗਈ। । ਉਨ੍ਹਾਂ ਨੂੰ ਉੱਥੇ ਪੂਨਾ ਜ਼ਿਲ੍ਹੇ ਦੀ ਸ਼ਿਰੂਰ ਤਾਲੁਕਾ ਵਿੱਚ ਮੰਦਬੁਧੀ ਕੁੜੀਆਂ ਲਈ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਰਿਹਾਇਸ਼ੀ ਸਕੂਲ ਲਿਆਂਦਾ ਗਿਆ। ਅਧਿਕਾਰੀਆਂ ਦਾ ਕਹਿਣਾ ਸੀ ਕਿ ਮਾਹਵਾਰੀ ਔਰਤਾਂ ਦੇ ਨਾਲ਼ ਕਿਸੇ ਵੀ ਤਰ੍ਹਾਂ ਦੇ ਯੌਨ ਸ਼ੋਸ਼ਣ ਦੇ ਨਤੀਜਿਆਂ ਨਾਲ਼ ਨਜਿੱਠਣ ਦਾ ਇਹੀ ਇੱਕ ਤਰੀਕਾ ਹੈ।
ਰਾਹੀਬਾਈ ਮੈਨੂੰ ਦੱਸਦੀ ਹਨ,'ਪੂਨੇ ਕਲੀਨਿਕ ਦੇ ਡਾਕਟਰਾਂ ਨੇ (ਮਾਲਨ ਵਾਸਤੇ) ਬੱਚੇਦਾਨੀ ਕੱਢਮ ਦੀ ਸਲਾਹ ਦਿੱਤੀ। ਪਰ, ਮੈਂ ਉਨ੍ਹਾਂ ਨੂੰ ਪੂਰੀ ਬੱਚੇਦਾਨੀ ਕੱਢਣ ਦੀ ਬਜਾਇ ਨਸਬੰਦੀ ਕਰ ਦੇਣ ਲਈ ਕਿਹਾ'
ਪੂਨੇ ਸਥਿਤ ਜਨਤਕ ਸਿਹਤ ਕਾਰਕੁੰਨ ਡਾ. ਅਨੰਤ ਫੜਕੇ ਅਤੇ ਹੋਰਨਾਂ ਨੇ ਬੰਬੇ ਹਾਈਕੋਰਟ ਵਿੱਚ ਇੱਕ ਜਨਹਿਤ ਅਪੀਲ ਦਾਇਰ ਕੀਤੀ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਇਹ ਸਰਜਰੀ ਬਗ਼ੈਰ ਸਹਿਮਤੀ ਲਿਆਂ ਕੀਤੀ ਗਈ ਅਤੇ 10 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ ਵੀ ਕੀਤੀ ਗਈ। ਅਪੀਲਕਰਤਾਵਾਂ ਨੇ ਕਈ ਥਾਵਾਂ 'ਤੇ ਸਰੀਰਕ ਅਸਮਰੱਥਾ ਦੀਆਂ ਸ਼ਿਕਾਰ ਔਰਤਾਂ ਨਾਲ਼ ਹੋਏ ਯੌਨ ਸ਼ੋਸ਼ਣ, ਅਣਦੇਖੀ, ਜ਼ਬਰਦਸਤੀ ਗਰਭਧਾਰਨ ਅਤੇ ਗਰਭਪਾਤ ਨੂੰ ਚਿੰਨ੍ਹਿਤ ਕੀਤਾ। ਇਸ ਅਪੀਲ ਤੋਂ ਬਾਅਦ ਲੋਕਾਂ ਨੇ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ ਜਿਹਦੇ ਬਾਅਦ ਸਰਜਰੀ ਨੂੰ ਰੋਕ ਦਿੱਤਾ ਗਿਆ- ਪਰ ਉਦੋਂ ਤੱਕ ਘੱਟ ਤੋਂ ਘੱਟ 11 ਕੁੜੀਆਂ ਦੀ ਸਰਜਰੀ ਕੀਤੀ ਜਾ ਚੁੱਕੀ ਸੀ; ਇਹ ਖ਼ੁਲਾਸਾ ਉਸ ਸਮੇਂ ਦੀਆਂ ਰਿਪੋਰਟਾਂ ਵਿੱਚ ਕੀਤਾ ਗਿਆ ਸੀ। ਅਪੀਲ ਦਾਇਰ ਕਰਨ ਤੋਂ 25 ਸਾਲ ਬਾਅਦ, ਬੀਤੇ ਸਾਲ 17 ਅਕਤੂਬਰ 2019 ਨੂੰ, ਬੰਬੇ ਹਾਈ ਕੋਰਟ ਨੇ ਇੱਕ ਆਦੇਸ਼ ਪਾਸ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ ਅਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ।
ਰਾਹੀਬਾਈ ਮੈਨੂੰ ਦੱਸਦੀ ਹਨ,''ਪੂਨੇ ਕਲੀਨਿਕ ਦੇ ਡਾਕਟਰਾਂ ਨੇ (ਮਾਲਨ ਵਾਸਤੇ) ਬੱਚੇਦਾਨੀ ਕਢਵਾਉਣ ਦੀ ਸਲਾਹ ਦਿੱਤੀ। ਪਰ ਮੈਂ ਉਨ੍ਹਾਂ ਨੂੰ ਪੂਰੀ ਬੱਚੇਦਾਨੀ ਕੱਢਣ ਦੀ ਬਜਾਇ ਨਸਬੰਦੀ ਕਰਨ ਲਈ ਕਿਹਾ।''
ਅੰਤਰਰਾਸ਼ਟਰੀ ਪੱਧਰ 'ਤੇ ਜਿੱਥੇ ਗਰਭ ਨਿਰੋਧਕ ਦੇ ਮੁੱਦੇ ਅਤੇ ਮੰਦਬੁਧੀ ਔਰਤਾਂ ਵਾਸਤੇ ਗਰਭ-ਨਿਰੋਧ ਦੇ ਸਥਾਈ ਤਰੀਕਿਆਂ 'ਤੇ ਚਰਚਾ ਚੱਲ ਰਹੀ ਹੈ, ਉੱਥੇ ਦੂਰ-ਦੁਰੇਡੇ ਵਾੜੀ ਪਿੰਡ ਵਿੱਚ ਰਾਹੀਬਾਈ ਆਪਣੀ ਧੀ ਦੀਆਂ ਲੋੜਾਂ ਨੂੰ ਭਲੀਭਾਂਤੀ ਸਮਝਦੀ ਹਨ। ਮਾਲਨ ਦੀ ਛੋਟੀ ਭੈਣ (ਵਿਆਹੁਤਾ ਹਨ ਅਤੇ ਪੂਨੇ ਰਹਿੰਦੀ ਹਨ) ਅਤੇ ਚਚੇਰੀਆਂ ਭੈਣਾਂ ਵੀ ਉਨ੍ਹਾਂ ਦੇ ਨਾਲ਼ ਖੜ੍ਹੀਆਂ ਸਨ। ਉਨ੍ਹਾਂ ਨੇ ਕਿਹ,''ਅੱਲ੍ਹੜ ਉਮਰੇ ਜਦੋਂ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਤਾਂ ਹੁਣ ਉਨ੍ਹਾਂ ਨੂੰ ਇਸ ਪੀੜ੍ਹ ਵਿੱਚ ਕਿਉਂ ਸੁੱਟਿਆ ਜਾਵੇ? ਛੱਡੋ ਪਰ੍ਹਾਂ। ਇਸਲਈ ਮਾਲਨ ਦੀ ਨਾ ਤਾਂ ਨਸਬੰਦੀ ਹੋਈ ਅਤੇ ਨਾ ਹੀ ਬੱਚੇਦਾਨੀ ਕਢਵਾਈ ਗਈ।
ਹਾਲਾਂਕਿ, ਕਈ ਮਾਪੇ ਸਰੀਰਕ/ਮਾਨਸਿਕ ਵਿਕਲਾਂਗ ਕੁੜੀਆਂ ਵਾਸਤੇ ਇਸ ਸਰਜਰੀ ਦਾ ਵਿਕਲਪ ਚੁਣਦੇ ਹਨ ਅਤੇ ਭਾਰਤ ਵਿੱਚ ਕਈ ਰਿਹਾਇਸ਼ੀ ਸੰਸਥਾਵਾਂ, ਮੰਦਬੁਧੀ ਔਰਤਾਂ ਨੂੰ ਬੱਚੇਦਾਨੀ ਕਢਵਾਏ ਬਗ਼ੈਰ ਆਪਣੇ ਕੋਲ਼ ਦਾਖਲਾ ਨਹੀਂ ਦਿੰਦੇ ਹਨ- ਬੱਚੇਦਾਨੀ ਕਢਵਾਉਣ ਲਈ ਅਧਾਰ ਇਹ ਕਿ ਇਨ੍ਹਾਂ ਔਰਤਾਂ ਦਾ ਕਿਹੜਾ ਵਿਆਹ ਨਹੀਂ ਹੋਣਾ ਹੈ ਜਾਂ ਬੱਚੇ ਨਹੀਂ ਜੰਮਣੇ ਹਨ, ਇਸਲਈ ਉਨ੍ਹਾਂ ਦੀ ਬੱਚੇਦਾਨੀ ਦਾ ਕੋਈ ਫਾਇਦਾ ਨਹੀਂ। ਇਸ ਪ੍ਰਕਿਰਿਆ ਨਾਲ਼ ਕੁੜੀਆਂ ਨੂੰ ਉਨ੍ਹਾਂ ਦੀ ਮਾਹਵਾਰੀ ਦੀ ਸਮੱਸਿਆ ਨੂੰ ਮੈਨੇਜ ਕਰਨ ਵਿੱਚ ਮਦਦ ਮਿਲ਼ਦੀ ਹੈ। ਇਸ ਤਰ੍ਹਾਂ ਦਾ ਫ਼ੈਸਲਾ ਆਮ ਤੌਰ 'ਤੇ ਜਿਣਸੀ ਸੋਸ਼ਣ ਅਤੇ ਉਹਦੇ ਨਤੀਜੇ ਦੇ ਰੂਪ ਵਿੱਚ ਗਰਭਧਾਰਨ ਦੇ ਡਰੋਂ ਲਿਆ ਜਾਂਦਾ ਹੈ।
ਇਨ੍ਹਾਂ ਵਿੱਚੋਂ ਕੁਝ ਚਿੰਤਾਵਾਂ ਅਕਸਰ ਅਸੰਗਤ ਹੁੰਦੀਆਂ ਹਨ। ਪੂਨੇ ਸਥਿਤ ਤਥਾਪੀ ਟਰੱਸਟ ਦੇ ਸਾਬਕਾ ਕੋਆਰਡੀਨੇਟਰ ਅਚੁਤ ਬੋਰਾਵਕਰ ਕਹਿੰਦੇ ਹਨ,''ਮੰਦਬੁਧੀ ਸਮੱਸਿਆਵਾਂ ਨਾਲ਼ ਜੂਝ ਰਹੀਆਂ ਬਹੁਤੇਰੀਆਂ ਕੁੜੀਆਂ ਸਮਝ ਸਕਦੀਆਂ ਹਨ ਕਿ ਜਵਾਨ ਉਮਰੇ ਕੀ ਕੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਖ਼ੁਦ ਨੂੰ ਸੰਭਾਲਣ ਦੀ ਟ੍ਰੇਨਿੰਗ ਵੀ ਦਿੱਤੀ ਜਾ ਸਕਦੀ ਹੈ।'' ਇਹ ਟਰੱਸਟ ਸਰੀਰਕ/ਬੌਧਿਕ ਵਿਕਲਾਂਗਤਾ ਅਤੇ ਜਿਣਸੀ ਸਬੰਧਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਿਖਲਾਈ ਦੇਣ ਲਈ ਮਾਪਿਆਂ, ਅਧਿਆਪਕਾਂ, ਸਲਾਹਕਾਰਾਂ ਅਤੇ ਦੇਖਭਾਲ਼ ਪ੍ਰਦਾਤਿਆਂ ਦੇ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਅਚੁਤ ਕਹਿੰਦੀ ਹਨ,''ਪਰ, ਸਾਡੀ ਜਨਤਕ ਸਿਹਤ ਅਤੇ ਸਿੱਖਿਆ ਪ੍ਰਣਾਲੀ ਵਿੱਚ (ਵਿਕਲਾਂਗਾਂ ਵਾਸਤੇ ਜੀਵਨ ਕੌਸ਼ਲ ਅਤੇ ਲਿੰਗਕਤਾ ਨਾਲ਼ ਜੁੜੀ ਸਿੱਖਿਆ ਨੂੰ ਲੈ ਕੇ) ਕੋਈ ਪ੍ਰੋਗਰਾਮ ਨਹੀਂ ਹੈ।''
ਮੇਧਾ ਟੇਂਗਸ਼ੇ ਕਹਿੰਦੀ ਹਨ ਕਿ ਬੇਹਤਰ ਜਨਤਕ ਸਿਹਤ ਅਤੇ ਕਲਿਆਣ ਪ੍ਰਣਾਲੀ ਅਤੇ ਪਰਿਵਾਰ ਅਤੇ ਭਾਈਚਾਰੇ ਦੇ ਨਿਰੰਤਰ ਸਮਰਥਨ ਬਗ਼ੈਰ, ਸਰੀਰਕ ਤੌਰ 'ਤੇ ਅਸਮਰੱਥ ਲੋਕਾਂ ਦੇ ਯੌਨ ਅਤੇ ਜਣਨ ਸਿਹਤ ਅਤੇ ਅਧਿਕਾਰਾਂ ਦੀ ਰੱਖਿਆ ਕਰਨਾ ਬੇਹੱਦ ਮੁਸ਼ਕਲ ਹੈ।
ਮਾਨਸਿਕ ਰੂਪ ਨਾਲ਼ ਅਸਮਰੱਥ ਬਾਲਗ਼ਾਂ ਲਈ ਵਾੜੀ ਤੋਂ ਕਰੀਬ 10 ਕਿਲੋਮੀਟਰ ਦੂਰ, ਕੋਲਵਣ ਘਾਟੀ ਵਿੱਚ 1994 ਵਿੱਚ (ਪੰਜੀਕ੍ਰਿਤ ਸੋਸਾਇਟੀ ਵਜੋਂ) ਸਥਾਪਤ ਕੀਤੇ ਗਏ ਰਿਹਾਇਸ਼ ਕੇਂਦਰ, ਸਾਧਨਾ ਗ੍ਰਾਮ ਦੀ ਮੋਢੀ ਮੈਂਬਰ, ਟੇਂਗਸ਼ੇ ਕਹਿੰਦੀ ਹਨ,''ਕਰੀਬ 15 ਸਾਲ ਪਹਿਲਾਂ, ਸਾਨੂੰ ਅਜਿਹੀਆਂ ਸਮਰਪਤ ਔਰਤਾਂ ਮਿਲ਼ੀਆਂ ਜੋ ਸਾਡੇ ਇੱਥੇ ਰਹਿਣ ਵਾਲ਼ੀਆਂ ਔਰਤ ਦੀ ਉਨ੍ਹਾਂ ਦੀ ਮਾਹਵਾਰੀ ਦੌਰਾਨ ਦੇਖਭਾਲ਼ ਕਰਦੀਆਂ ਸਨ ਅਤੇ ਉਨ੍ਹਾਂ ਦੀ ਮਦਦ ਵੀ ਕਰਦੀਆਂ ਸਨ। (ਰਾਹੀਬਾਈ ਪਿਛਲੇ 20 ਸਾਲਾਂ ਤੋਂ ਸਾਧਨਾ ਗ੍ਰਾਮ ਲਈ ਕੰਮ ਕਰ ਰਹੀ ਹਨ ਅਤੇ ਬਦਲੇ ਵਿੱਚ ਥੋੜ੍ਹਾ-ਬਹੁਤ ਮਾਣਭੱਤਾ ਪਾਉਂਦੀ ਹਨ।) ਹੁਣ ਸਭ ਕੁਝ ਬਦਲ ਗਿਆ ਹੈ। ਅਸੀਂ ਇੱਥੇ ਰਹਿਣ ਵਾਲ਼ੀਆਂ ਔਰਤਾਂ ਨੂੰ ਸਵੈ-ਬੁਨਿਆਦੀ ਦੇਖਭਾਲ਼ ਲਈ ਸਿਖਿਅਤ ਕਰਕਦੇ ਹਾਂ, ਪਰ ਕਦੇ-ਕਦੇ ਅਸੀਂ ਵੀ ਪ੍ਰਬੰਧ ਨਹੀਂ ਕਰ ਪਾਉਂਦੇ। ਫਿਰ ਸਾਨੂੰ ਵੀ ਸਰਜਰੀ ਇੱਕ ਬੇਹਤਰ ਸੁਝਾਅ ਜਾਪਦਾ ਹੈ।''
ਨੇੜਲੇ ਕੋਲਵਣ ਪਿੰਡ ਵਿੱਚ, ਵਾੜੀ ਦੇ ਨੇੜਲੇ ਸਿਹਤ ਉਪ-ਕੇਂਦਰ ਵਿਖੇ ਬੇਹਤਰ ਜਨਤਕ ਸਿਹਤ ਸਹਾਇਤਾ ਪ੍ਰਣਾਲੀ ਦੀ ਘਾਟ ਸਪੱਸ਼ਟ ਰੂਪ ਨਾਲ਼ ਦੇਖੀ ਜਾ ਸਕਦੀ ਹੈ। ਮਾਨਸਿਕ ਅਸਮਰੱਥ ਔਰਤਾਂ ਦੀ ਪ੍ਰਜਣਨ ਸਿਹਤ ਲੋੜਾਂ ਬਾਰੇ ਪੁੱਛਣ 'ਤੇ ਦੋ ਪੁਰਸ਼ ਸਿਹਤ ਕਾਰਕੁੰਨ, ਇੱਕ ਪੁਰਸ਼ ਮੈਡੀਕਲ ਅਧਿਕਾਰੀ ਅਤੇ ਦੋ ਮਹਿਲਾ ਸਿਹਤ ਕਾਰਕੁੰਨ ਇੱਧਰ ਉੱਧਰ ਦੇਖਣ ਲੱਗਦੇ ਹਨ। ਇੱਕ ਸਹਾਇਕ ਨਰਸ ਦਾਈ ਕਹਿੰਦੀ ਹਨ,''ਅਸੀਂ ਅੱਲ੍ਹੜ ਕੁੜੀਆਂ ਅਤੇ ਔਰਤਾਂ ਨੂੰ ਸੈਨੀਟਰੀ ਪੈਡ ਵੰਡਦੇ ਹਾਂ।'' ਹੋਰ ਕੀ ਕੀ ਕਰਦੇ ਹੋ, ਮੈਂ ਪੁੱਛਦੀ ਹਾਂ। ਉਹ ਇੱਕ ਦੂਜੇ ਵੱਲ ਬਿਟਰ-ਬਿਟਰ ਦੇਖਣ ਲੱਗਦੇ ਹਨ।
ਕੁਲੇ ਪਿੰਡ ਵਿੱਚ ਵਾੜੀ (ਕਰੀਬ 11 ਕਿਲੋਮੀਟਰ ਦੂਰ) ਦੇ ਨੇੜਲੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਵੀ ਇਹੀ ਹਾਲਤ ਹੈ। ਇੱਕ ਆਸ਼ਾ ਵਰਕਰ ਸੁਵਰਣਾ ਸੋਨਾਰ ਕਹਿੰਦੀ ਹਨ ਕਿ ਕੁਲੇ ਵਿੱਚ ਦੋ ਕੁੜੀਆਂ ਹਨ, ਜੋ 'ਮੱਠੀ ਚਾਲੇ ਚੀਜ਼ਾਂ ਸਿੱਖ ਰਹੀਆਂ ਹਨ', ਅਤੇ ਕੋਲਵਣ ਵਿੱਚ ਅਜਿਹੀਆਂ ਚਾਰ ਜਾਂ ਪੰਜ ਕੁੜੀਆਂ ਹਨ। ਪਰ, ਉਨ੍ਹਾਂ ਲਈ ਕੋਈ ਵਿਸ਼ਸ਼ੇ ਸਿਹਤ ਸੇਵਾ ਮੌਜੂਦਨ ਹੀਂ ਹੈ, ਉਹ ਦੱਸਦੀ ਹਨ। ''ਜੁਆਨ ਹੁੰਦੇ ਹੁੰਦੇ ਉਨ੍ਹਾਂ ਦਾ ਵਤੀਰੇ ਬਦਲ ਜਾਂਦਾ ਹੈ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਵੇਂ ਸਮਝਾਉਣਾ ਹੈ ਅਤੇ ਕੀ ਕੀ ਦੱਸਣਾ ਹੈ।''
ਸਰੀਰਕ ਵਿਕਲਾਂਗ ਵਿਅਕਤੀਆਂ ਦੇ ਅਧਿਕਾਰਾਂ 'ਤੇ ਸੰਯੁਕਤ ਰਾਸ਼ਟਰ ਦੇ ਸਮਝੌਤੇ ਦੀ ਧਾਰਾ 25 (A) ਜੋ 3 ਮਈ 2008 ਨੂੰ ਲਾਗੂ ਹੋਈ, ਵਿੱਚ ਕਿਹਾ ਗਿਆ ਹੈ ਕਿ 'ਸਰਕਾਰ ਸਰੀਰਕ ਅਸਮਰੱਥ ਵਿਅਕਤੀਆਂ ਨੂੰ ਬਰਾਬਰ ਸ਼੍ਰੇਣੀ ਦੀ ਅਤੇ ਗੁਣਵੱਤਾ ਭਰਪੂਰ ਅਤੇ ਮੁਫ਼ਤ ਜਾਂ ਸਸਤੀ ਸਿਹਤ ਦੇ ਮਿਆਰ ਪ੍ਰਦਾਨ ਕਰੇਗੀ ਅਤੇ ਨਾਲ਼ ਹੀ ਉਹ ਯੌਨ ਅਤੇ ਪ੍ਰਜਣਨ ਸਿਹਤ ਪ੍ਰੋਗਰਾਮਾਂ ਸਣੇ ਹੋਰਨਾਂ ਵਿਅਕਤੀਆਂ ਨੂੰ ਪ੍ਰਦਾਨ ਕੀਤੀਆਂ ਜਾਣੀ ਵਾਲ਼ੀਆਂ ਸਿਹਤ ਸਿਹਤ ਸੇਵਾਵਾਂ ਦੇ ਬਰਾਬਰ ਅਤੇ ਚੰਗੀ ਕਵਾਲਿਟੀ ਨਾਲ਼ ਪ੍ਰਦਾਨ ਕਰਨ ਲਈ ਬੱਝੀ ਹੈ।'
ਭਾਰਤ ਨੇ ਸਮਝੌਤੇ ਨੂੰ ਮਨਜ਼ਰੂ ਕਰ ਲਿਆ ਹੈ, ਪਰ ਭਾਰਤ ਵਿੱਚ ਵਿਕਲਾਂਗ ਵਿਅਕਤੀਆਂ ਦੀ ਸਹਿਮਤੀ ਤੋਂ ਬਗ਼ੈਰ ਨਸਬੰਦੀ 'ਤੇ 2016 ਵਿੱਚ ਰੋਕ ਲਾਈ ਗਈ ਜਦੋਂ ਦੇਸ਼ ਵਿੱਚ ਵਿਕਲਾਂਗ ਵਿਅਕਤੀਆਂ ਦੇ ਅਧਿਕਾਰ ਦਾ ਪ੍ਰੋਵੀਜ਼ਨ ਲਾਗੂ ਹੋਇਆ। ਪ੍ਰੋਵੀਜ਼ਨ ਕਹਿੰਦਾ ਹੈ ਕਿ ਸਰਕਾਰ 'ਯੌਨ ਅਤੇ ਪ੍ਰਜਨਨ ਸਿਹਤ ਸੇਵਾਵਾਂ ਪ੍ਰਦਾਨ ਕਰੇ, ਵਿਸ਼ੇਸ਼ ਰੂਪ ਨਾਲ਼ ਵਿਕਲਾਂਗ ਔਰਤਾਂ ਨੂੰ' ਅਤੇ 'ਇਹ ਯਕੀਨੀ ਬਣਾਵੇ ਕਿ ਵਿਕਲਾਂਗਾਂ ਨੂੰ ਪ੍ਰਜਨਨ ਸਿਹਤ ਅਤੇ ਪਰਿਵਾਰ ਨਿਯੋਜਨ ਬਾਰੇ ਢੁੱਕਵੀਂ ਜਾਣਕਾਰੀ ਪ੍ਰਾਪਤ ਹੋ ਰਹੀ ਹੈ'।
ਹਾਲਾਂਕਿ, ਇਸ ਪ੍ਰੋਵੀਜ਼ਨ ਵਿੱਚ ਮਾਨਸਿਕ ਰੂਪ ਨਾਲ਼ ਅਸਮਰੱਥ ਜਾਂ 'ਮੰਦਬੁਧੀ ਦੀਆਂ ਸ਼ਿਕਾਰ' ਔਰਤਾਂ ਦੇ ਯੌਨ ਅਤੇ ਪ੍ਰਜਨਨ ਅਧਿਕਾਰਾਂ ਲਈ ਕੋਈ ਵਿਸ਼ੇਸ਼ ਪ੍ਰੋਵੀਜ਼ਨ ਨਹੀਂ ਹੈ, ਜਿਨ੍ਹਾਂ ਦੀ ਗਿਣਤੀ ਭਾਰਤ ਵਿੱਚ, ਸਮਾਜਿਕ ਨਿਆ ਅਤੇ ਸ਼ਕਤੀਕਰਨ ਮੰਤਰਾਲੇ ਮੁਤਾਬਕ, 6 ਲੱਖ ਤੋਂ ਵੱਧ ਹੈ, ਜਿਨ੍ਹਾਂ ਵਿੱਚੋਂ 4 ਲੱਖ ਤੋਂ ਵੱਧ ਗ੍ਰਾਮੀਣ ਇਲਾਕਿਆਂ ਵਿੱਚ ਰਹਿੰਦੀਆਂ ਹਨ।
ਸਾਲ 2017 ਵਿਕਲਾਂਗਤਾ ਅਤੇ ਲਿੰਗਕਤਾ ਨਾਲ਼ ਜੁੜੀ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਬਹੁਤੇਰੇ ਸਮੇਂ, ਮਾਨਸਿਕ ਰੂਪ ਨਾਲ਼ ਅਸਮਰੱਥ ਇਨਸਾਨ ਨੂੰ ਜਾਂ ਤਾਂ ਅਲਿੰਗਕ ਰੂਪ ਨਾਲ਼ ਦੇਖਿਆ ਜਾਂਦਾ ਹੈ ਜਾਂ ਹਾਇਪਰਸੇਕੂਸਅਲ (ਅਤਿਲਿੰਗਕ) ਰੂਪ ਵਿੱਚ। ਆਪਣੀ ਪ੍ਰਜਨਨ ਸਬੰਧੀ ਜ਼ਰੂਰਤਾਂ ਨੂੰ 'ਮੈਨੇਜ' ਕਰਨ ਦੀ ਚਾਹਤ ਵਿੱਚ ਪਿਆਰ, ਸਾਥੀ ਭਾਵਨਾ, ਸੰਭੋਗ ਅਤੇ ਨੇੜਤਾ ਸਬੰਧੀ ਉਨ੍ਹਾਂ ਦੀ ਲੋੜ ਦੇ ਨਾਲ਼-ਨਾਲ਼, ਉਨ੍ਹਾਂ ਦੇ ਮਾਂ ਬਣਨ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਕੀ ਤੁਸੀਂ ਕਦੇ ਮਾਲਨ ਦੇ ਵਿਆਹ ਬਾਰੇ ਸੋਚਿਆ ਹੈ, ਮੈਂ ਰਾਹੀਬਾਈ ਨੂੰ ਪੁੱਛਦੀ ਹਾਂ। ''ਕੁਝ ਲੋਕਾਂ ਨੇ ਇਹ ਸੁਝਾਅ ਦਿੱਤਾ ਸੀ ਅਤੇ ਕਈ ਰਿਸ਼ਤੇ ਵੀ ਲਿਆਏ ਸਨ ਪਰ ਅਸੀਂ ਉਹਦਾ ਵਿਆਹ ਨਾ ਕਰਨਾ ਦਾ ਫ਼ੈਸਲਾ ਕੀਤਾ ਹੈ। ਉਹਨੂੰ ਤਾਂ ਸਾੜੀ ਤੱਕ ਨਹੀਂ ਪਾਉਣੀ ਆਉਂਦੀ ਤਾਂ ਦੱਸੋ ਆਪਣਾ ਪਰਿਵਾਰ ਕਿਵੇਂ ਸਾਂਭੂਗੀ? ਉਹਦੇ ਭਰਾਵਾਂ (ਦੋ) ਨੇ ਵੀ ਕਿਹਾ,'ਉਹਨੂੰ ਇੱਥੇ ਆਪਣੇ ਘਰ ਹੀ ਮਰਨ ਦਈਏ।' ਰਾਹੀਬਾਈ ਇਹ ਵੀ ਜਾਣਦੀ ਸਨ ਕਿ ਮਾਲਨ ਜਿਹੀਆਂ ਕਈ ਔਰਤਾਂ ਆਪਣੇ ਪਤੀ-ਘਰ ਦੇ ਨਵੇਂ ਜੀਵਨ ਮੁਤਾਬਕ ਖ਼ੁਦ ਨੂੰ ਢਾਲਣ ਸਕਣ ਵਿੱਚ ਅਸਮਰੱਥ ਹੁੰਦੀਆਂ ਹਨ ਅਤੇ ਅਖ਼ੀਰ ਆਪਣੇ ਪੇਕੇ ਘਰ ਹੀ ਮੁੜਦੀਆਂ ਹਨ।
ਹਾਲਾਂਕਿ, ਪੂਨੇ ਸਥਿਤ ਸਿੱਖਿਆ-ਸ਼ਾਸਤਰੀ, ਸਲਾਹਕਾਰ ਅਤੇ ਸਪੈਸ਼ਲ ਚਾਈਲਡ (ਵਿਸ਼ੇਸ਼ ਲੋੜਾਂ ਵਾਲ਼ੇ ਬੱਚੇ) ਦੀ ਮਾਂ ਡਾ. ਸੁਨੀਤਾ ਕੁਲਕਰਨੀ ਕਹਿੰਦੀ ਹਨ, ਇਹ ਸਮਝਣਾ ਜ਼ਰੂਰੀ ਹੈ ਕਿ ਵਿਸ਼ੇਸ਼ ਲੋੜਾਂ ਵਾਲ਼ੀਆਂ ਬਾਲਗ਼ ਔਰਤਾਂ ਅਤੇ ਪੁਰਸ਼ਾਂ ਦੇ ਵੀ ਯੌਨ ਅਧਿਕਾਰ ਹਨ। ਉਹ ਕਹਿੰਦੀ ਹਨ,''ਅਤੇ ਸੈਕਸ ਦਾ ਹਮੇਸ਼ਾ ਇੱਕੋ ਮਤਲਬ ਭਾਵ ਸੰਭੋਗ ਕਰਨਾ ਹੀ ਨਹੀਂ ਹੁੰਦਾ। ਲਿੰਗਕਤਾ ਦੇ ਕਾਫ਼ੀ ਸਾਰੇ ਪੱਖ ਹਨ। ਦੋਸਤੀ ਹੈ, ਨੇੜਤਾ ਹੈ, ਥੋੜ੍ਹੀ ਬਹੁਤ ਖਰਮਸਤੀ ਜਾਂ ਇੱਕ ਕਾਫ਼ੀ ਸਾਂਝੀ ਕਰਨਾ ਵੀ ਹੈ। ਪਰ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੰਭੋਗ ਨਾਲ਼ੋਂ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ।
ਇਹਦੀ ਬਜਾਇ, ਜਦੋਂ ਮੰਦਬੁਧੀ ਬਾਲਗ਼ ਕੁੜੀਆਂ ਅਤੇ ਮੁੰਡੇ ਆਪਣੀਆਂ ਯੌਨ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ ਤਾਂ ਜ਼ਿਆਦਾਤਰ ਪਰਿਵਾਰ ਅਤੇ ਦੇਖਭਾਲ਼ ਕਰਨ ਵਾਲ਼ੇ ਉਨ੍ਹਾਂ ਦਾ ਵਿਰੋਧ ਕਰਦੇ ਹਨ, ਕੋਈ ਲੋਕ ਸੈਕਸ ਹਾਰਮੋਨ ਨੂੰ ਕਾਬੂ ਕਰਨ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ ਅਤੇ ਕੁਝ ਲੋਕ ਕਿਸੇ ਵੀ ਤਰ੍ਹਾਂ ਦੇ ਯੌਨ ਵਤੀਰੇ ਲਈ ਗੰਭੀਰ ਸਜ਼ਾ ਦਿੰਦੇ ਹਨ। 15 ਸਾਲਾਂ ਤੋਂ ਮੁਲਸ਼ੀ ਤਾਲੁਕਾ ਦੇ ਪੌਡ ਪਿੰਡ ਵਿੱਚ ਬਾਲਗਾਂ ਦੇ ਨਾਲ਼ ਕੰਮ ਕਰ ਰਹੇ ਡਾ. ਸਚਿਨ ਨਾਗਰਕਰ ਪੁੱਛਦੇ ਹਨ,''ਇਨ੍ਹਾਂ ਭਾਵਨਾਵਾਂ ਨੂੰ ਨਕਾਰ ਕੇ ਅਸੀਂ ਕੀ ਹਾਸਲ ਕਰ ਲੈਂਦੇ ਹਾਂ? ਕਾਮ-ਇੱਛਾ ਇੱਕ ਸੁਭਾਵਕ ਅਤੇ ਸਿਹਤਮੰਦ ਪ੍ਰਗਟਾਵਾ ਹੈ। ਤੁਸੀਂ ਇਹਨੂੰ ਰੋਕ ਨਹੀਂ ਸਕਦੇ, ਦਬਾ ਨਹੀਂ ਸਕਦੇ ਜਾਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ।''
ਹਾਲਾਂਕਿ, ਇੱਕ ਪਾਸੇ ਉਨ੍ਹਾਂ ਦੀ ਖ਼ੁਕ ਦੀ ਸੈਕੁਅਲ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਪਰ ਅਸਮਰੱਥ ਔਰਤਾਤਂ ਅਤੇ ਕੁੜੀਆਂ ਦਾ ਅਕਸਰ ਜਿਣਸੀ ਸ਼ੋਸ਼ਣ ਹੁੰਦਾ ਹੈ। ਮਾਲਨ ਅਤੇ ਉਹਦੀ ਚਚੇਰੀ ਭੈਣ ਰੁਪਾਲੀ ਨੂੰ ਆਪਣੇ ਪਿੰਡ ਦੇ ਲੜਕਿਆਂ ਦੁਆਰਾ ਉਤਪੀੜਨ ਅਤੇ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ
ਹਾਲਾਂਕਿ, ਇੱਕ ਪਾਸੇ ਉਨ੍ਹਾਂ ਦੀ ਖ਼ੁਕ ਦੀ ਸੈਕੁਅਲ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਪਰ ਅਸਮਰੱਥ ਔਰਤਾਤਂ ਅਤੇ ਕੁੜੀਆਂ ਦਾ ਅਕਸਰ ਜਿਣਸੀ ਸ਼ੋਸ਼ਣ ਹੁੰਦਾ ਹੈ। ਮਾਲਨ ਅਤੇ ਉਹਦੀ 38 ਸਾਲਾ ਚਚੇਰੀ ਭੈਣ ਰੁਪਾਲੀ (ਬਦਲਿਆ ਨਾਮ), ਜੋ ਮਾਨਸਿਕ ਰੂਪ ਵਿੱਚ ਅਸਮਰੱਥ ਹੈ, ਦੋਵਾਂ ਨੂੰ ਹੀ ਆਪਣੇ ਪਿੰਡ ਦੇ ਲੜਕਿਆਂ ਦੁਆਰਾ ਉਤਪੀੜਨ ਅਤੇ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ। ਰਾਹੀਬਾਈ ਮੈਨੂੰ ਦੱਸਦੀ ਹਨ,''ਕੁਝ ਲੜਕੇ ਸੀਟੀ ਮਾਰਦੇ, ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਜਾਂ ਨੇੜੇ-ਤੇੜੇ ਕਿਸੇ ਹੋਰ ਦੇ ਨਾ ਹੋਣ ਦੀ ਸੂਰਤ ਵਿੱਚ ਘਰੇ ਹੀ ਆ ਜਾਂਦੇ ਸਨ।'' ਉਹ ਇਸ ਤਰ੍ਹਾਂ ਦੇ ਉਤਪੀੜਨ ਅਤੇ ਉਹਦੇ ਨਿਕਲ਼ਣ ਵਾਲ਼ੇ ਨਤੀਜਿਆਂ ਤੋਂ ਲਗਾਤਾਰ ਡਰਦੀ ਰਹੀ ਹਨ।
ਪਰ ਰਾਹੀਬਾਈ ਨੇ ਆਪਣੀਆਂ ਚਿੰਤਾਵਾਂ ਨੂੰ ਖ਼ੁਦ ਆਪਣੇ ਤੱਕ ਹੀ ਸੀਮਤ ਨਹੀਂ ਰੱਖਿਆ। ਵਾੜੀ ਦੀਆਂ ਲਗਭਗ 940 ਦੀ ਅਬਾਦੀ ਵਿੱਚੋਂ, ਛੇ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਮਾਨਸਿਕ ਅਸਮਰੱਥ ਹਨ- ਜਿਨ੍ਹਾਂ ਵਿੱਚੋਂ ਮਾਲਨ ਸਣੇ ਦੋ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਹਨ। ਰਾਹੀਬਾਈ ਜਿਹੜੇ ਸਵੈ-ਸਹਾਇਤਾ ਸਮੂਹ ਦੀ ਮੈਂਬਰ ਹਨ ਉਹਦੀਆਂ ਔਰਤਾਂ ਨੇ ਨਵੰਬਰ 2019 ਵਿੱਚ ਇਕੱਠਿਆਂ ਰਲ਼ ਕੇ ਪਿੰਡ ਦੇ ਆਂਗਨਵਾੜੀ ਦੇ ਕਮਰੇ ਵਿੱਚ ਵਿਸ਼ੇਸ਼ ਮਿੱਤਰਾਂ ਦਾ ਦੇਵਰਾਈ ਕੇਂਦਰ ਸ਼ੁਰੂ ਕੀਤਾ। ਇੱਥੇ ਹਫ਼ਤੇ ਵਿੱਚ ਦੋ ਵਾਰ, ਵਾੜੀ ਦੇ ਵਲੰਟੀਅਰ ਮਯੂਰੀ ਗਾਇਕਵਾੜ ਅਤੇ ਸੰਗੀਤ ਕਾਲੇਕਰ ਅਤੇ ਸਾਧਨਾ ਪਿੰਡ ਦੀ ਸ਼ਾਲਨ ਕਾਂਬਰੇ ਇਨ੍ਹਾਂ ਛੇ 'ਵਿਸ਼ੇਸ਼ ਮਿੱਤਰਾਂ' ਲਈ ਮਨੋਰੰਜਨ ਕਰਨ ਵਾਲ਼ੀਆਂ ਗਤੀਵਿਧੀਆਂ ਅਤੇ ਸਿਖਲਾਈ (ਸਵੈ-ਦੇਖਭਾਲ਼) ਦਾ ਸੰਚਾਲਨ ਕਰਦੀਆਂ ਹਨ। ਮਯੂਰੀ ਕਹਿੰਦੀ ਹਨ,''ਪਿੰਡ ਦੇ ਕੁਝ ਲੋਕ ਸਾਨੂੰ ਦੇਖ ਕੇ ਹੱਸਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ 'ਪਾਗ਼ਲ' ਬੱਚਿਆਂ ਨੂੰ ਪੜ੍ਹਾਉਣਾ ਬੇਕਾਰ ਹੈ। ਪਰ ਅਸੀਂ ਰੁਕਾਂਗੇ ਨਹੀਂ।''
ਮਾਲਨ ਫ਼ਖਰ ਨਾਲ਼ ਮੈਨੂੰ ਹਰੇ ਅਤੇ ਚਿੱਟੇ ਮੋਤੀਆਂ ਦਾ ਹਾਰ ਵਿਖਾਉਂਦਿਆਂ ਕਹਿੰਦੀ ਹਨ,'' ਮੀ ਕੇਲੀ (ਮੈਂ ਆਪਣਾ ਬਣਾਇਆ)।'' ਉਨ੍ਹਾਂ ਨੇ ਇਹਨੂੰ ਅਜਿਹੀਆਂ ਸਰਗਰਮੀਆਂ ਦੌਰਾਨ ਬਣਾਇਆ ਹੈ।
ਹੋਰਨਾਂ ਦਿਨਾਂ ਵਿੱਚ, ਮਾਲਨ ਆਪਣੇ ਸਵੇਰ ਵੇਲੇ ਦੇ ਘਰੇਲੂ ਕੰਮਾਂ ਵਿੱਚ, ਪਰਿਵਾਰ ਦੇ ਇਸਤੇਮਾਲ ਲਈ ਟੂਟੀ ਤੋਂ ਡਰੰਮਾਂ ਵਿੱਚ ਪਾਣੀ ਭਰਦੀ ਹਨ ਅਤੇ ਨਹਾਉਂਦੀ ਹਨ। ਫਿਰ, ਹਮੇਸ਼ਾਂ ਵਾਂਗਰ, ਉਹ ਮਿੱਟੀ ਦੇ ਚੁੱਲ੍ਹੇ 'ਤੇ ਥੋੜ੍ਹੀ ਚਾਹ ਸੁੱਟ ਦਿੰਦੀ ਹਨ ਅਤੇ ਮਾਂ ਤੋਂ ਝਿੜਕਾਂ ਖਾਂਦੀ ਹਨ।
ਫਿਰ ਰੰਗੀਨ ਬਲਾਊਜ ਅਤੇ ਗਿੱਟਿਆਂ ਤੀਕਰ ਲੰਬੀ ਪਸੰਦੀਦਾ ਸਕਰਟ ਵਿੱਚ, ਆਪਣੇ ਮਦਦਗਾਰ ਪਰਿਵਾਰ ਵਿੱਚ ਬੈਠੀ ਮਾਲਨ ਖ਼ੁਦ ਨੂੰ ਪੂਰੇ ਦਿਨ ਦੇ ਕੰਮਾਂ ਲਈ ਤਿਆਰ ਕਰਦੀ ਹਨ।
ਲੇਖਿਕਾ ਤਥਾਪੀ ਟਰੱਸਟ ਦੇ ਟਰੱਸਟੀ ਹਨ, ਜਿੱਥੇ ਉਨ੍ਹਾਂ ਨੇ 18 ਸਾਲਾਂ ਤੀਕਰ ਕੰਮ ਕੀਤਾ ਹੈ।
ਸਾਧਨਾ ਪਿੰਡ ਦੀ ਮੇਧਾ ਟੇਂਗਸ਼ੇ ਅਤੇ
ਵਿਜਯਾ ਕੁਲਕਰਨੀ ਅਤੇ ਪੂਨੇ ਦੇ ਤਥਾਪੀ ਟਰੱਸਟ ਦੇ ਅਚੁਤ ਬੋਰਗਵਕਰ ਦਾ ਖ਼ਾਸ ਸ਼ੁਕਰੀਆ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ