ਮਈ 2021 ਵਿੱਚ ਜਦੋਂ ਉਨ੍ਹਾਂ ਦੀ ਪਤਨੀ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਰਜਿੰਦਰ ਆਪਣੀ ਪਤਨੀ ਨੂੰ ਆਪਣੇ ਪਿੰਡ ਦੇ ਨੇੜਲੇ ਸ਼ਹਿਰ ਦੇ ਨਿੱਜੀ ਹਸਪਤਾਲ ਲੈ ਕੇ ਭੱਜਣ ਲਈ ਮਜ਼ਬੂਰ ਹੋ ਗਏ, ਉਨ੍ਹਾਂ ਦਾ ਪਿੰਡ ਯੂਪੀ ਦੇ ਦੂਰ-ਦੁਰਾਡੇ ਪਿੰਡਾਂ ਵਿੱਚੋਂ ਇੱਕ ਹੈ। ਉਨ੍ਹਾਂ ਦੀ ਪਹਿਲੀ ਤਰਜੀਹ ਵਿੱਚ ਜਿਹੜਾ ਹਸਪਤਾਲ ਸੀ ਭਾਵੇਂ ਕਿ ਉਹ ਵੱਧ ਨੇੜੇ ਸੀ ਪਰ ਸੀ ਅੰਤਰਰਾਸ਼ਟਰੀ ਸਰਹੱਦੋਂ ਪਾਰ, ਨੇਪਾਲ ਵਿੱਚ।

''ਸਾਡੇ ਵਾਸਤੇ ਇਲਾਜ ਖ਼ਾਤਰ ਸਰਹੱਦੋਂ ਪਾਰ ਜਾਣਾ ਆਮ ਗੱਲ ਰਹੀ ਹੈ, ਸਾਡੇ ਪਿੰਡ ਦੇ ਕਈ ਲੋਕ ਸਾਲਾਂ ਤੋਂ ਇੰਝ ਹੀ ਕਰਦੇ ਆਏ ਹਨ,'' ਆਪਣੀ ਤਰਜੀਹ ਬਾਰੇ ਗੱਲ ਕਰਦਿਆਂ 37 ਸਾਲਾ ਰਜਿੰਦਰ ਕਹਿੰਦੇ ਹਨ। ਨੇਪਾਲ ਦਾ ਇਹ ਹਸਪਤਾਲ ਰਜਿੰਦਰ ਦੇ ਪਿੰਡ, ਬੰਕਤੀ ਤੋਂ ਸਿਰਫ਼ 15 ਕਿਲੋਮੀਟਰ ਦੂਰ ਹੈ। ਬੰਕਤੀ ਪਿੰਡ ਲਖ਼ੀਮਪੁਰ ਖੀਰੀ (ਖੇੜੀ ਵਜੋਂ ਵੀ ਜਾਣਿਆ ਜਾਂਦਾ) ਵਿਖੇ ਪੈਂਦਾ ਹੈ, ਜੋ ਕਿ ਯੂਪੀ ਦੇ ਵੱਡੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਨੇਪਾਲ ਸਰਹੱਦ 'ਤੇ ਸਥਿਤ ਹੈ।

ਭਾਰਤ ਅਤੇ ਨੇਪਾਲ ਦਰਮਿਆਨ ਖੁੱਲ੍ਹੀ ਸਰਹੱਦ ਦੀ ਇਹ ਨੀਤੀ 1950 ਤੋਂ ਚੱਲਦੀ ਆਉਂਦੀ ਰਹੀ ਹੈ ਜਦੋਂ ਸ਼ਾਂਤੀ ਅਤੇ ਦੋਸਤੀ ਦੀ ਸੰਧੀ 'ਤੇ ਹਸਤਾਖ਼ਰ ਕਰਕੇ ਭਾਰਤ ਅਤੇ ਨੇਪਾਲ ਦੇ ਨਾਗਰਿਕਾਂ ਨੂੰ ਦੋਵਾਂ ਪ੍ਰਦੇਸ਼ਾਂ ਵਿੱਚ ਮਜ਼ੇ ਨਾਲ਼ ਘੁੰਮਣ-ਫਿਰਨ ਦੀ ਆਗਿਆ ਦਿੱਤੀ ਗਈ। ਇਸ ਕਦਮ ਨਾਲ਼ ਉਨ੍ਹਾਂ ਦੇ ਵਪਾਰ, ਸੰਪੱਤੀ ਖ਼ਰੀਦਣ ਅਤੇ ਰੁਜ਼ਗਾਰ ਲੱਭਣ ਪਾਸੇ ਰੁਝੇਂਵੇ ਵਧੇ। ਬੰਕਤੀ ਦੇ ਵਾਸੀਆਂ ਲਈ, ਖੁੱਲ੍ਹੀ ਸਰਹੱਦ ਕਾਰਨ ਨੇਪਾਲ ਦੀ ਸਸਤੀ ਅਤੇ ਵਧੀਆ ਸਿਹਤ ਸੁਵਿਧਾ ਤੱਕ ਪਹੁੰਚ ਸੰਭਵ ਹੁੰਦੀ ਰਹੀ।

ਪਰ ਕੋਵਿਡ-19 ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ।

ਜਦੋਂ 35 ਸਾਲਾ ਗੀਤਾ ਦੇਵੀ (ਰਜਿੰਦਰ ਦੀ ਪਤਨੀ) ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਉਸ ਸਮੇਂ ਭਾਰਤ ਵਿੱਚ ਮਹਾਂਮਾਰੀ ਦੀ ਦੂਜੀ ਲਹਿਰ ਆਪਣੇ ਸਿਖ਼ਰ 'ਤੇ ਸੀ। ਪਰ ਉਹ ਸਰਹੱਦੋਂ ਪਾਰ ਹਸਪਤਾਲ ਨਾ ਜਾ ਸਕੇ ਕਿਉਂਕਿ ਨੇਪਾਲ ਨੇ ਕੋਵਿਡ-19 ਦੇ ਕਹਿਰ ਤੋਂ ਬਚਣ ਲਈ 23 ਮਾਰਚ 2020 ਨੂੰ ਹੀ ਭਾਰਤ ਦੇ ਪੰਜ ਰਾਜਾਂ ਨਾਲ਼ ਲੱਗਦੀ ਆਪਣੀ 1,850 ਕਿਲੋਮੀਟਰ ਦੀ ਸਰਹੱਦ ਸੀਲ ਕਰ ਦਿੱਤੀ।

ਰਜਿੰਦਰ ਦੇ ਪਰਿਵਾਰ ਨੂੰ ਇਹਦੀ ਵੱਡੀ ਕੀਮਤ ਤਾਰਨੀ ਪਈ।

Rajendra Prasad in his farmland in Bankati, located on the border with Nepal. He wonders if his wife would have lived had the border not been sealed due to Covid-19 and they could have gone to the hospital there
PHOTO • Parth M.N.
Rajendra Prasad in his farmland in Bankati, located on the border with Nepal. He wonders if his wife would have lived had the border not been sealed due to Covid-19 and they could have gone to the hospital there
PHOTO • Parth M.N.

ਰਜਿੰਦਰ ਪ੍ਰਸਾਦ ਨੇਪਾਲ ਦੇ ਨਾਲ਼ ਲੱਗਦੇ ਬੰਕਤੀ ਵਿਖੇ ਆਪਣੇ ਖੇਤ ਵਿੱਚ। ਉਹ ਬੜੇ ਹਿਰਖ਼ ਨਾਲ਼ ਕਹਿੰਦੇ ਹਨ ਜੇ ਕੋਵਿਡ-19 ਕਾਰਨ ਸਰਹੱਦ ਸੀਲ ਨਾ ਕੀਤੀ ਹੁੰਦੀ ਤਾਂ ਉਹ ਬੜੇ ਅਰਾਮ ਨਾਲ਼ ਉਸ ਹਸਪਤਾਲ ਜਾ ਸਕਦੇ ਸਨ ਅਤੇ ਉਨ੍ਹਾਂ ਦੀ ਪਤਨੀ ਅੱਜ ਜੀਵਤ ਹੁੰਦੀ

ਰਜਿੰਦਰ, ਗੀਤਾ ਨੂੰ ਬੰਕਤੀ ਤੋਂ 25 ਕਿਲੋਮੀਟਰ ਦੂਰ ਪਲਿਆ ਕਸਬੇ ਦੇ ਹਸਪਤਾਲ ਲੈ ਗਏ, ਜੋ ਇਲਾਕਾ ਮੁੱਖ ਬਲਾਕ ਅੰਦਰ ਆਉਂਦਾ ਹੈ। ''ਪਲਿਆ ਜਾਣ ਵਾਲ਼ੀ ਸੜਕ ਖ਼ਸਤਾ ਹਾਲਤ ਹੋਣ ਕਾਰਨ ਉੱਥੇ ਪਹੁੰਚਣ ਵਿੱਚ ਵੱਧ ਸਮਾਂ ਲੱਗਦਾ ਹੈ,'' ਉਹ ਕਹਿੰਦੇ ਹਨ।

''ਕਸਬੇ ਦਾ ਸਰਕਾਰੀ ਹਸਪਤਾਲ ਵਧੀਆ ਨਹੀਂ, ਇਸਲਈ ਅਸੀਂ ਨਿੱਜੀ ਹਸਪਤਾਲ ਗਏ।'' ਗੀਤਾ ਨੂੰ ਪਲਿਆ ਲਿਜਾਣ ਲਈ ਰਜਿੰਦਰ ਨੇ 2000 ਰੁਪਏ ਵਿੱਚ ਵਾਹਨ ਕਿਰਾਏ 'ਤੇ ਲਿਆ, ਕਿਉਂਕਿ ਬੰਕਤੀ ਦਾ ਪ੍ਰਾਇਮਰੀ ਸਿਹਤ ਕੇਂਦਰ ਇਹੋ ਜਿਹੀ ਗੰਭੀਰ ਬੀਮਾਰੀ ਸਾਂਭਣ ਯੋਗ ਨਹੀਂ।

ਭਾਵੇਂ ਕਿ ਗੀਤਾ ਨੂੰ ਕੋਵਿਡ ਦੇ ਲੱਛਣ ਸਨ- ਖੰਘ, ਜ਼ੁਕਾਨ ਅਤੇ ਸਾਹ ਲੈਣ ਵਿੱਚ ਤਕਲੀਫ਼ ਦਾ ਹੋਣਾ ਪਰ ਬਾਵਜੂਦ ਇਨ੍ਹਾਂ ਸਭ ਦੇ ਉਨ੍ਹਾਂ ਦੀ ਕਸਬੇ ਦੇ ਉਸ ਹਸਪਾਲ ਵਿਖੇ ਜਾਂਚ ਨੈਗੇਟਿਵ ਆਈ; ਹਾਂ ਪਰ ਉਨ੍ਹਾਂ ਨੂੰ ਨਿਮੂਨੀਆ ਦਾ ਸ਼ਿਕਾਇਤ ਆਈ। ''ਉਹਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆਉਂਦੀ ਰਹੀ,'' ਰਜਿੰਦਰ ਕਹਿੰਦੇ ਹਨ। ਪਲਿਆ ਵਿੱਚ ਆਕਸੀਜਨ ਦੀ ਕਿੱਲਤ ਸੀ। ''ਮੈਂ ਜਿਵੇਂ-ਕਿਵੇਂ ਕਰਕੇ ਆਪਣੇ ਸਿਰ-ਬ-ਸਿਰ ਕੁਝ ਸਿਲੰਡਰਾਂ ਦਾ ਬੰਦੋਬਸਤ ਕਰ ਲਿਆ ਪਰ ਉਹ ਕਾਫ਼ੀ ਨਾ ਰਹੇ। ਭਰਤੀ ਹੋਣ ਦੇ ਛੇਵੇਂ ਦਿਨ ਉਹਦੀ ਮੌਤ ਹੋ ਗਈ।''

ਇੱਕ ਏਕੜ ਤੋਂ ਵੀ ਘੱਟ ਜ਼ਮੀਨ ਵਾਲ਼ੇ ਛੋਟੇ ਕਿਸਾਨ ਰਜਿੰਦਰ ਬਾਮੁਸ਼ਕਲ ਸਲਾਨਾ 1.5 ਲੱਖ ਰੁਪਏ ਤੋਂ ਵੱਧ ਕਮਾਉਂਦੇ ਹੋਣੇ ਹਨ। ਗੀਤਾ ਦੇ ਇਲਾਜ ਵਾਸਤੇ ਉਨ੍ਹਾਂ ਨੇ ਕੁੱਲ 50,000 ਰੁਪਏ ਖਰਚ ਕੀਤਾ ਜਿਸ ਵਿੱਚ ਉਨ੍ਹਾਂ ਵੱਲੋਂ ਖ਼ਰੀਦੇ ਆਕਸੀਜਨ ਸਿਲੰਡਰ ਵੀ ਸ਼ਾਮਲ ਹਨ। ''ਮੈਂ ਉਸ ਵਪਾਰੀ ਕੋਲ਼ੋਂ ਪੈਸੇ ਉਧਾਰ ਚੁੱਕੇ ਜੋ ਮੇਰੇ ਚੌਲ਼ ਖਰੀਦਦਾ ਹੈ। ਮੈਂ ਆਪਣੀ ਵਾਢੀ ਦੇ ਨਾਲ਼ ਹੀ ਉਹਦਾ ਉਧਾਰ ਚੁਕਾ ਦਿਆਂਗਾ।'' ਰਜਿੰਦਰ ਬੜੇ ਹਿਰਖ਼ ਨਾਲ਼ ਕਹਿੰਦੇ ਹਨ,''ਮੈਨੂੰ ਉਧਾਰ ਚੁੱਕੇ ਦਾ ਕੋਈ ਪਛਤਾਵਾ ਨਹੀਂ, ਬੱਸ ਪਛਤਾਵਾ ਇਹੀ ਹੈ ਕਿ ਮੈਂ ਉਹਨੂੰ ਚੰਗਾ ਇਲਾਜ ਨਹੀਂ ਦਵਾ ਸਕਿਆ। ਹੁਣ ਮੈਂ ਆਪਣੇ ਜੁਆਨ ਹੁੰਦੇ ਬੱਚਿਆਂ ਦਾ ਖ਼ੁਦ ਹੀ ਖ਼ਿਆਲ ਰੱਖ ਰਿਹਾ ਹਾਂ।''

ਛੇਤੀ ਹੀ ਗੀਤਾ ਦੀ ਮੌਤ ਨੂੰ ਇੱਕ ਸਾਲ ਹੋਣ ਜਾਣਾ। ਰਜਿੰਦਰ ਅਜੇ ਵੀ ਸੋਚ ਸੋਚ ਹੈਰਾਨ ਹੁੰਦੇ ਹਨ ਕਿ ਜੇ ਉਹ ਨੇਪਾਲ ਦੇ ਉਸ ਹਸਪਤਾਲ ਚਲੇ ਜਾਂਦੇ ਤਾਂ ਸ਼ਾਇਦ ਅੱਜ ਚੀਜ਼ਾਂ ਕੁਝ ਵੱਖ ਹੁੰਦੀਆਂ... ''ਸਰਹੱਦ ਬੰਦ ਹੋਣ 'ਤੇ ਕੁਝ ਲੋਕਾਂ ਨੇ (ਮੋਹਾਨਾ) ਨਦੀ ਜਾਂ (ਦੁਧਵਾ) ਜੰਗਲ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਕੋਈ ਜੋਖ਼ਮ ਨਹੀਂ ਸਾਂ ਲੈਣਾ ਚਾਹੁੰਦਾ ਅਤੇ ਨਾ ਹੀ ਸਾਡੇ ਕੋਲ਼ ਇੰਨਾ ਸਮਾਂ ਹੀ ਸੀ। ਇਸਲਈ ਮੈਂ ਨੇਪਾਲ ਜਾਣ ਦੀ ਬਜਾਇ ਪਲਿਆ ਵਿਖੇ ਹੀ ਕਿਸੇ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ। ਮੈਂ ਨਹੀਂ ਜਾਣਦਾ ਮੇਰਾ ਫ਼ੈਸਲਾ ਸਹੀ ਸੀ ਜਾਂ ਨਹੀਂ।''

Jai Bahadur Rana, the pradhan of Bankati, is among the village's many residents who seek treatment at Seti Zonal Hospital in Nepal. "The doctors and facilities at Seti are far better," he says
PHOTO • Parth M.N.

ਬੰਕਤੀ ਪਿੰਡ ਦੇ ਪ੍ਰਧਾਨ ਜੈ ਬਹਾਦੁਰ ਰਾਣਾ ਵੀ ਬਾਕੀ ਪਿੰਡ ਵਾਸੀਆਂ ਵਾਂਗਰ ਨੇਪਾਲ ਦੇ ਸੇਤੀ ਜ਼ੋਨਲ ਹਸਪਤਾਲ ਵਿਖੇ ਇਲਾਜ ਕਰਵਾਉਂਦੇ ਰਹੇ। ' ਸੇਤੀ ਵਿਖੇ ਡਾਕਟਰ ਅਤੇ ਮੌਜੂਦ ਸੁਵਿਧਾਵਾਂ ਕਾਫ਼ੀ ਬਿਹਤਰ ਹਨ, ' ਉਹ ਕਹਿੰਦੇ ਹਨ

ਬੰਕਤੀ ਵਿਖੇ 214 ਪਰਿਵਾਰਾਂ ਵਿੱਚੋਂ ਹਰੇਕ ਨੇ ਨੇਪਾਲ ਦੇ ਧਨਗੜੀ ਜ਼ਿਲ੍ਹੇ ਦੇ ਸੇਤੀ ਜ਼ੋਨਲ ਹਸਪਤਾਲ ਵਿਖੇ ਜ਼ਰੂਰ ਇਲਾਜ ਕਰਾਇਆ ਹੋਣਾ। ਇਸੇ ਪਿੰਡ ਦੇ 42 ਪ੍ਰਧਾਨ ਸਾਲਾ ਜੈ ਬਹਾਦਰ ਰਾਣਾ ਵੀ ਉਨ੍ਹਾਂ ਸਾਰੇ ਲੋਕਾਂ (ਸੇਤੀ ਜ਼ੋਨਲ ਹਸਪਤਾਲ ਇਲਾਜ ਕਰਾਉਣ ਵਾਲ਼ੇ) ਵਿੱਚੋਂ ਹੀ ਇੱਕ ਹਨ।

ਉਹ ਕਹਿੰਦੇ ਹਨ ਕਿ 6-7 ਸਾਲ ਪਹਿਲਾਂ ਜਦੋਂ ਉਨ੍ਹਾਂ ਨੂੰ ਤਪੇਦਿਕ ਦਾ ਸੰਕ੍ਰਮਣ ਹੋਇਆ ਸੀ ਤਾਂ ਉਹ ਕਰੀਬ 5 ਵਾਰੀ ਹਸਪਤਾਲ ਗਏ ਸਨ। ''ਉਨ੍ਹਾਂ ਦਾ ਇਲਾਜ ਕਰੀਬ ਛੇ ਮਹੀਨੇ ਚੱਲਿਆ। ਉਸ ਸਮੇਂ ਦੌਰਾਨ ਸਰਹੱਦ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ ਸੀ ਹੁੰਦੀ। ਪਰ ਬਗ਼ੈਰ ਕਿਸੇ ਦਿੱਕਤ ਦੇ ਅਰਾਮ ਨਾਲ਼ ਇਲਾਜ ਕਰਾ ਲਿਆ ਕਰਦੇ ਸਾਂ,'' ਰਾਣਾ ਕਹਿੰਦੇ ਹਨ।

ਰਾਣਾ ਆਪਣੇ ਪਿੰਡ ਦੇ ਲੋਕਾਂ ਦੇ ਸੇਤੀ ਜ਼ੋਨਲ ਹਸਪਤਾਲ ਜਾਣ ਮਗਰਲੇ ਕੁਝ ਕਾਰਨ ਦੱਸਦੇ ਹਨ। ''ਪਲਿਆ ਜਾਣ ਵਾਲ਼ੀ ਸੜਕ ਧੁੰਦਵਾ ਰਿਜ਼ਰਵ ਵਿੱਚੋਂ ਦੀ ਹੋ ਕੇ ਜਾਂਦੀ ਹੈ, ਇਹ ਰਾਹ ਫੜ੍ਹਨਾ ਖ਼ਤਰੇ ਤੋਂ ਖਾਲੀ ਨਹੀਂ। ਇੱਥੇ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਰਹਿੰਦੇ ਹਨ।'' ਅੱਗੇ ਉਹ ਕਹਿੰਦੇ ਹਨ,''ਇਹ ਵੀ ਜ਼ਰੂਰੀ ਨਹੀਂ ਕਿ ਪਲਿਆ ਪਹੁੰਚ ਕੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਜਾਣਾ ਕਿੱਥੇ ਹੈ? ਨਿੱਜੀ ਹਸਪਤਾਲਾਂ ਦੇ ਇਲਾਜ ਦਾ ਖ਼ਰਚਾ ਅਸੀਂ ਝੱਲ ਨਹੀਂ ਸਕਦੇ। ਖੀਰੀ ਦਾ ਸਰਕਾਰੀ ਹਸਪਤਾਲ ਸੁਵਿਧਾਵਾਂ ਤੋਂ ਸੱਖਣਾ ਹੈ। ਜੇ ਤੁਲਨਾ ਕਰੀਏ ਤਾਂ ਸੇਤੀ ਦੇ ਡਾਕਟਰ ਅਤੇ ਬਾਕੀ ਸੁਵਿਧਾਵਾਂ ਬਹੁਤ ਬਿਹਤਰ ਹਨ।''

ਉਹ ਇਲਾਜ ਦੌਰਾਨ ਨੇਪਾਲ ਦੇ ਆਪਣੇ ਅਨੁਭਵ ਨੂੰ ਪਿਆਰ ਨਾਲ਼ ਚੇਤੇ ਕਰਦੇ ਹਨ। ''ਸਾਡੇ ਇੱਥੇ (ਭਾਰਤ) ਸਰਕਾਰੀ ਹਸਪਤਾਲਾਂ ਵਿੱਚ ਭਾਵੇਂ ਇਲਾਜ ਅਤੇ ਬੈੱਡ ਮੁਫ਼ਤ ਹੋਣ ਪਰ ਡਾਕਟਰ ਹਮੇਸ਼ਾ ਉਹੀ ਦਵਾਈ ਸੁਝਾਉਂਦੇ ਹਨ ਜੋ ਸਾਨੂੰ ਬਾਹਰੋਂ (ਦੂਸਰੇ ਮੈਡੀਕਲ ਸਟੋਰਾਂ ਤੋਂ) ਹੀ ਖ਼ਰੀਦਣੀ ਪੈਂਦੀ ਹੈ ਅਤੇ ਜੋ ਕਿ ਕਾਫ਼ੀ ਮਹਿੰਗੀ ਵੀ ਹੁੰਦੀ ਹੈ।  ਪਰ ਨੇਪਾਲ ਵਿੱਚ ਇੰਝ ਨਹੀਂ ਹੁੰਦਾ, ਉੱਥੇ ਡਾਕਟਰ ਸਿਰਫ਼ ਉਹੀ ਦਵਾਈ ਬਾਹਰੋਂ ਮੰਗਾਉਂਦੇ ਹਨ ਜੋ ਹਸਪਤਾਲ ਦੇ ਅੰਦਰ ਮੌਜੂਦ ਨਾ ਹੋਵੇ। ਮੇਰੇ ਪੂਰੇ ਇਲਾਜ 'ਤੇ ਸ਼ਾਇਦ ਹੀ ਕੋਈ ਪੈਸਾ ਲੱਗਿਆ ਹੋਵੇ। ਮੇਰੇ ਵਢਭਾਗ ਹੀ ਰਿਹਾ ਜੋ ਮੈਨੂੰ ਮਾਰਚ 2020 ਤੋਂ ਬਾਅਦ ਤਪੇਦਿਕ ਨਹੀਂ ਹੋਈ, ਨਹੀਂ ਤਾਂ ਮੈਨੂੰ ਖੀਰੀ ਜਾਂ ਲਖਨਊ (200 ਕਿਲੋਮੀਟਰ ਦੂਰ) ਵਿਖੇ ਹੀ ਕੋਈ ਹਸਪਤਾਲ ਲੱਭਣਾ ਪੈਣਾ ਸੀ। ਕਿਉਂਕਿ ਸਰਹੱਦ ਹੁਣ ਖੁੱਲ੍ਹੀ ਹੈ, ਪਹਿਲਾਂ ਨਹੀਂ।''

ਨੇਪਾਲ ਨੇ ਸਤੰਬਰ 2021 ਦੇ ਅਖ਼ੀਰਲੇ ਹਫ਼ਤੇ ਭਾਰਤ ਦੇ ਲੋਕਾਂ ਲਈ ਆਪਣੀ ਜ਼ਮੀਨ  'ਤੇ ਆਉਣਾ-ਜਾਣਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਉੱਥੇ ਜਾਣ ਤੋਂ 72 ਘੰਟੇ ਪਹਿਲਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਅਤੇ ਆਨਲਾਈਨ ਭਰੇ ਅੰਤਰਰਾਸ਼ਟਰੀ ਯਾਤਰੀ ਫ਼ਾਰਮ ਦੀ ਇੱਕ ਕਾਪੀ ਜਮ੍ਹਾਂ ਕਰਾਉਣੀਆਂ ਲਾਜ਼ਮੀ ਹਨ

ਇਸ ਨਵੇਂ ਉੱਭਰੇ ਢਾਂਚੇ ਨੇ ਬੰਕਤੀ ਦੇ ਵਾਸੀਆਂ ਨੂੰ ਆਪਣੇ ਮੁਲਕ ਦੀਆਂ ਮੈਡੀਕਲ ਸੁਵਿਧਾਵਾਂ ਵੱਲ ਟੇਕ ਲਾਉਣ ਲਈ ਮਜ਼ਬੂਰ ਕਰ ਦਿੱਤਾ ਹੈ।

Mansarovar outside her house in Kajariya. In January, she walked through the forest with her infant son to reach Geta Eye Hospital across the border. "No hospital in our district is as good as Geta for eye care," she says
PHOTO • Parth M.N.

ਮਾਨਸਰੋਵਰ, ਕਾਜਾਰਿਆ ਵਿਖੇ ਆਪਣੇ ਘਰ ਦੇ ਬਾਹਰ। ਜਨਵਰੀ ਮਹੀਨੇ, ਉਨ੍ਹਾਂ ਨੂੰ ਛੋਟੇ ਬੇਟੇ ਨਾਲ਼ ਜੰਗਲ ਵਿੱਚੋਂ ਦੀ ਹੋ ਕੇ ਸੀਮਾ ਪਾਰ ਗੇਤਾ ਆਈ ਹਸਪਤਾਲ ਜਾਣਾ ਪਿਆ। ' ਸਾਡੇ ਜ਼ਿਲ੍ਹੇ ਵਿੱਚ ਅੱਖਾਂ ਦੇ ਇਲਾਜ ਲਈ ਗੇਤਾ ਤੋਂ ਬਿਹਤਰ ਹਸਪਤਾਲ ਕੋਈ ਵੀ ਨਹੀਂ, ' ਉਹ ਕਹਿੰਦੀ ਹਨ

''ਹੁਣ ਸਰਹੱਦ ਪਾਰ ਕਰਨ ਲਈ ਸਾਨੂੰ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ,'' ਰਾਣਾ ਕਹਿੰਦੇ ਹਨ। ''ਉਹ ਤੁਹਾਡੇ ਪਿੰਡ ਦਾ ਨਾਮ, ਤੁਹਾਡੀ ਆਈਡੀ, ਓਧਰਲੇ ਪਾਸੇ ਜਾਣ ਦਾ ਕਾਰਨ ਆਦਿ ਪੁੱਛਦੇ ਹਨ। ਹਾਲਾਂਕਿ ਉਹ ਸਾਨੂੰ ਰੋਕਦੇ ਤਾਂ ਨਹੀਂ ਪਰ ਗਾਰਡ ਦੇ ਸਵਾਲਾਂ ਦੇ ਜਵਾਬ ਦੇ ਦੇ ਕੇ ਪਿੰਡ ਵਾਲ਼ੇ ਪੱਕ ਜ਼ਰੂਰ ਜਾਂਦੇ ਹਨ। ਇਸਲਈ ਬਹੁਤੇ ਲੋਕ ਹੁਣ ਬਹੁਤ ਲੋੜ ਪੈਣ 'ਤੇ ਹੀ ਸਰਹੱਦ ਪਾਰ ਕਰਦੇ ਹਨ।''

ਸਰਹੱਦ ਪਾਰ ਕਰਨ ਲਈ ਨਾ-ਟਾਲ਼ੇ ਜਾ ਸਕਣ ਵਾਲ਼ੇ ਕਾਰਨਾਂ ਵਿੱਚੋਂ ਇੱਕ ਹੈ ਨੇਪਾਲ ਦਾ ਕਲਾਲੀ ਜ਼ਿਲ੍ਹੇ ਵਿਖੇ ਮੌਜੂਦ ਗੇਤਾ ਆਈ ਹਸਪਤਾਲ।

2020 ਦੀ ਅੱਧ ਜਨਵਰੀ, 23 ਸਾਲਾ ਮਾਨਸਰੋਵਰ ਨੂੰ ਖੀਰੀ ਜ਼ਿਲ੍ਹੇ ਦੇ ਆਪਣੇ ਪਿੰਡ ਕਾਜਾਰਿਆ ਤੋਂ 23 ਕਿਲੋਮੀਟਰ ਦੂਰ ਅੱਖਾਂ ਦੇ ਹਸਪਤਾਲ ਪਹੁੰਚਣ ਲਈ ਜੰਗਲ ਨੂੰ ਪਾਰ ਕਰਨਾ ਪਿਆ। ਉਨ੍ਹਾਂ ਦੇ ਨਾਲ਼ ਉਨ੍ਹਾਂ ਦਾ ਛੋਟਾ ਜਿਹਾ ਬੇਟਾ ਵੀ ਸੀ ਜਿਸਨੂੰ ਡਾਕਟਰ ਕੋਲ਼ ਦਿਖਾਉਣਾ ਸੀ। ''ਸਾਡੇ ਜ਼ਿਲ੍ਹੇ ਵਿੱਚ ਇੱਥੋਂ ਤੱਕ ਕਿ ਪੂਰੇ ਰਾਜ ਅੰਦਰ ਵੀ ਗੇਤਾ ਹਸਪਤਾਲ ਨਾਲ਼ੋਂ ਵਧੀਆ ਹਸਪਤਾਲ ਨਹੀਂ ਹੈ ਅਤੇ ਬੱਚੇ ਦੇ ਮਾਮਲੇ ਵਿੱਚ ਮੈਂ ਕਿਤੇ ਵੀ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ,'' ਉਹ ਕਹਿੰਦੀ ਹਨ।

ਉਨ੍ਹਾਂ ਦੇ ਬੇਟੇ ਦਾ ਜਨਮ ਅਪ੍ਰੈਲ 2021 ਵਿੱਚ ਹੋਇਆ, ਜੋ ਅੱਖਾਂ ਵਿੱਚੋਂ ਪਾਣੀ ਵਗਣ ਅਤੇ ਚਿਪਚਿਪਾਹਟ ਦੀ ਇੱਕ ਦਿੱਕਤ ਨਾਲ਼ ਜੂਝ ਰਿਹਾ ਹੈ। ਜਦੋਂ ਤੱਕ ਉਹ ਆਪਣੇ ਬੇਟੇ ਨੂੰ ਸਰਹੱਦੋਂ ਪਾਰ ਹਸਪਤਾਲ ਨਹੀਂ ਲੈ ਗਈ ਉਦੋਂ ਤੱਕ ਸਮੱਸਿਆ ਬਣੀ ਹੀ ਰਹੀ। ''ਵਢਭਾਗੀਂ ਸਾਨੂੰ ਕਿਸੇ ਨੇ ਨਹੀਂ ਰੋਕਿਆ। ਦੋ ਹਫ਼ਤਿਆਂ ਵਿੱਚ ਮੇਰਾ ਬੇਟਾ ਰਾਜ਼ੀ ਹੋ ਗਿਆ। ਅੱਖਾਂ ਦੀ ਸਮੱਸਿਆ ਹੱਲ ਹੋਣ ਤੋਂ ਬਾਅਦ ਮੈਂ ਦੋਬਾਰਾ ਹਸਪਤਾਲ ਗਈ। ਡਾਕਟਰ ਨੇ ਮੇਰੇ ਬੱਚੇ ਦੇ ਸਿਰ 'ਤੇ ਹੱਥ ਰੱਖਿਆ ਅਤੇ ਮੈਨੂੰ ਦੱਸਿਆ ਕਿ ਹੁਣ ਫ਼ਿਕਰ ਵਾਲ਼ੀ ਕੋਈ ਗੱਲ ਨਹੀਂ ਰਹੀ। ਪੂਰੇ ਇਲਾਜ 'ਤੇ ਸਿਰਫ਼ 500 ਰੁਪਿਆ ਖ਼ਰਚਾ ਆਇਆ,'' ਉਹ ਦੱਸਦੀ ਹਨ।

ਖੀਰੀ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਵਾਸਤੇ, ਜਿੱਥੇ ਬਹੁਗਿਣਤੀ ਉੱਤਰ ਪ੍ਰਦੇਸ਼ ਦੇ ਪਿਛੜੇ ਕਬੀਲੇ, ਥਾਰੂ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਕਫ਼ਾਇਤੀ ਇਲਾਜ ਵੀ ਮਹੱਤਵਪੂਰਨ ਹੈ ਅਤੇ ਸਨਮਾਨਜਨਕ ਇਲਾਜ ਵੀ।

ਬੰਕਤੀ ਤੋਂ ਸੱਤ ਕਿਲੋਮੀਟਰ ਦੂਰ, ਕਾਜਾਰਿਆ ਵਿਖੇ, 20 ਸਾਲਾ ਸ਼ਿਮਲੀ ਰਾਣਾ ਜਾਣਦੀ ਹਨ ਕਿ ਹਸਪਤਾਲ ਵਿੱਚ ਜ਼ਲੀਲ ਹੋਣ 'ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ''ਤੁਸੀਂ ਮਜ਼ਬੂਰ ਹੁੰਦੇ ਹੋ। ਤੁਸੀਂ ਇੱਕ ਲਫ਼ਜ਼ ਤੱਕ ਨਹੀਂ ਬੋਲ ਸਕਦੇ ਕਿਉਂਕਿ ਤੁਹਾਨੂੰ ਜ਼ਲੀਲ ਕਰਨ ਵਾਲ਼ਾ ਇਨਸਾਨ ਹੀ ਤੁਹਾਡਾ ਇਲਾਜ ਕਰਨ ਵਾਲ਼ਾ ਹੁੰਦਾ ਹੈ,'' ਉਹ ਪਲਿਆ ਹਸਪਤਾਲ ਵਿਖੇ ਆਪਣੇ ਇੱਕ ਤਜ਼ਰਬੇ ਦੇ ਅਧਾਰ 'ਤੇ ਕਹਿੰਦੀ ਹਨ।

Shimali had no choice but to get their newborn son treated at a private hospital in Kheri's Palia town.
PHOTO • Parth M.N.
Shimali and Ramkumar (right) outside their home in Kajariya. They had no choice but to get their newborn son treated at a private hospital in Kheri's Palia town. "It is not my fault that you are poor," said a doctor there, after the hospital wanted them to pay more
PHOTO • Parth M.N.

ਸ਼ਿਮਾਲੀ ਅਤੇ ਰਾਮਕੁਮਾਰ (ਸੱਜੇ) ਕਾਜਾਰਿਆ ਵਿਖੇ ਆਪਣੇ ਘਰ ਦੇ ਬਾਹਰ। ਖੀਰੀ ਦੇ ਪਲਿਆ ਕਸਬੇ ਦੇ ਇੱਕ ਨਿੱਜੀ ਹਸਪਤਾਲ ਵਿਖੇ ਉਨ੍ਹਾਂ ਸਾਹਮਣੇ ਆਪਣੇ ਨਵਜਾਤ ਬੇਟੇ ਦਾ ਇਲਾਜ ਕਰਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ। ' ਇਹ ਮੇਰਾ ਕਸੂਰ ਨਹੀਂ ਜੋ ਤੁਸੀਂ ਗ਼ਰੀਬ ਹੋ, ' ਉੱਥੋਂ ਦੇ ਡਾਕਟਰ ਨੇ ਕਿਹਾ, ਜਦੋਂ ਉਹ ਮਾਪਿਆਂ ਕੋਲੋਂ ਵੱਧ ਪੈਸੇ ਵਸੂਲਣੇ ਚਾਹੁੰਦਾ ਸੀ

ਉਨ੍ਹਾਂ ਦਾ ਬੇਟਾ, ਜਿਹਦਾ ਜਨਮ ਨਵੰਬਰ 2021 ਵਿੱਚ ਹੋਇਆ ਸੀ, ਨੂੰ ਫ਼ੇਫੜੇ ਦੀ ਬੀਮਾਰੀ ਸੀ। ''ਉਹ ਸਾਹ ਵੀ ਨਹੀਂ ਲੈ ਪਾਉਂਦਾ ਸੀ ਅਤੇ ਸਥਾਨਕ ਪੀ.ਐੱਚ.ਸੀ. ਵਾਲ਼ਿਆਂ ਨੇ ਸਾਨੂੰ ਪਲਿਆ ਜਾਣ ਨੂੰ ਕਿਹਾ ਕਿਉਂਕਿ ਉਨ੍ਹਾਂ ਨੂੰ ਬੱਚੇ ਦੇ ਇਲਾਜ ਬਾਰੇ ਕੁਝ ਪਤਾ ਨਹੀਂ ਸੀ,'' ਉਹ ਕਹਿੰਦੀ ਹਨ। ''ਅਸੀਂ ਨਿੱਜੀ ਹਸਪਤਾਲ ਗਏ ਜਿੱਥੇ ਸਾਨੂੰ ਇੰਨਾ ਭਿਆਨਕ ਅਨੁਭਵ ਹੋਇਆ।''

20 ਸਾਲਾ ਰਾਮ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਠੀਕ ਸੀ ਪਰ ਫਿਰ ਵੀ ਡਾਕਟਰਾਂ ਨੇ ਛੁੱਟੀ ਦੇਣ ਤੋਂ ਮਨ੍ਹਾ ਕਰ ਦਿੱਤਾ। ''ਉਹ ਸਾਡੇ ਕੋਲ਼ੋਂ ਹੋਰ ਪੈਸੇ ਵਸੂਲਣਾ ਚਾਹੁੰਦੇ ਸਨ। ਅਸੀਂ ਗ਼ਰੀਬ ਕਿਸਾਨ ਹਾਂ ਅਤੇ ਸਾਡੇ ਕੋਲ਼ ਬਹੁਤ ਥੋੜ੍ਹੀ ਜ਼ਮੀਨ ਹੈ (ਇੱਕ ਏਕੜ ਤੋਂ ਵੀ ਘੱਟ)। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਹੋਰ ਖ਼ਰਚਾ ਨਹੀਂ ਝੱਲ ਸਕਦੇ। ਇਹ ਸੁਣ ਡਾਕਟਰ ਨੇ ਸਾਨੂੰ ਝਿੜਕਿਆ ਅਤੇ ਕਿਹਾ,''ਤੁਸੀਂ ਗ਼ਰੀਬ ਹੋ, ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ।'' ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਨੂੰ ਪੇਸ਼ਗੀ ਭੁਗਤਾਨ ਨਾ ਕਰਨ ਕਾਰਨ ਵੀ ਜ਼ਲੀਲ ਕੀਤਾ ਸੀ।''

ਇਸ ਤਰ੍ਹਾਂ ਦਾ ਰਵੱਈਆ ਆਮ ਗੱਲ ਹੈ। ਨਵੰਬਰ ਵਿੱਚ ਓਕਸਫੇਮ ਇੰਡੀਆ ਦੁਆਰਾ ਜਾਰੀ ਮਰੀਜ਼ਾਂ ਦੇ ਅਧਿਕਾਰਾਂ ਬਾਰੇ ਇੱਕ ਸਰਵੇਖਣ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਵਿੱਚ 472 ਲੋਕਾਂ ਵਿੱਚੋਂ 52.44 ਫ਼ੀਸਦੀ ਉਤਰਦਾਤਾਵਾਂ ਨਾਲ਼ ਆਰਥਿਕ ਹਾਲਤ ਦੇ ਅਧਾਰ 'ਤੇ ਪੱਖਪਾਤ ਕੀਤਾ ਗਿਆ ਸੀ। ਕਰੀਬ 14.34 ਫ਼ੀਸਦ ਲੋਕਾਂ ਨਾਲ਼ ਧਰਮ ਦੇ ਅਧਾਰ 'ਤੇ ਅਤੇ 18.68 ਫੀਸਦ ਨਾਲ਼ ਜਾਤੀ ਦੇ ਅਧਾਰ 'ਤੇ ਵਿਤਕਰਾ ਕੀਤਾ ਗਿਆ।

ਸ਼ਿਮਾਲੀ ਅਤੇ ਰਾਜਕੁਮਾਰ ਲਈ ਇਹ ਅਣਸੁਖਾਵਾਂ ਤਜ਼ਰਬਾ ਇੱਕ ਹਫ਼ਤਾ ਚੱਲਿਆ ਅਤੇ ਅਖ਼ੀਰ ਪਰਿਵਾਰ ਨੇ ਹਾਰ ਮੰਨ ਲਈ। ਰਾਜਕੁਮਾਰ ਨੇ ਹਸਪਤਾਲ ਦਾ ਬਿੱਲ ਭਰਨ ਲਈ ਆਪਣੇ ਰਿਸ਼ਤੇਦਾਰਾਂ ਪਾਸੋਂ 50,000 ਰੁਪਏ ਦਾ ਉਧਾਰ ਚੁੱਕਿਆ। ''ਜਦੋਂ ਮੇਰੇ ਬੇਟੇ ਨੂੰ ਛੁੱਟੀ ਵੀ ਦਿੱਤੀ ਜਾ ਰਹੀ ਸੀ ਤਦ ਵੀ ਡਾਕਟਰ ਨੇ ਇਹੀ ਕਿਹਾ,'ਜੇ ਇਹਨੂੰ ਕੁਝ ਹੋ ਗਿਆ ਤਾਂ ਸਾਡੀ ਕੋਈ ਜ਼ਿੰਮੇਦਾਰੀ ਨਹੀਂ ਹੋਊਗੀ'।''

ਨੇਪਾਲ ਬਾਰੇ ਮਾਨਸਰੋਵਰ ਦਾ ਤਜ਼ਰਬਾ ਬਿਲਕੁਲ ਉਲਟ ਸੀ। ਉਹ ਗੇਤਾ ਆਈ ਹਸਪਤਾਲ ਤੋਂ ਪੂਰੀ ਤਸੱਲੀ ਅਤੇ ਵਿਸ਼ਵਾਸ ਨਾਲ਼ ਭਰ ਕੇ ਵਾਪਸ ਆਈ। ''ਜੇ ਤੁਸੀਂ ਨੇਪਾਲੀ ਨਾ ਵੀ ਜਾਣਦੇ ਹੋਵੋ ਤਾਂ ਉੱਥੋਂ ਦੇ ਡਾਕਟਰ ਤੁਹਾਡੇ ਨਾਲ਼ ਹਿੰਦੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਭਾਵੇਂ ਉਨ੍ਹਾਂ ਦੀ ਹਿੰਦੀ ਲੱਖ ਚੰਗੀ ਨਾ ਹੋਵੇ ਤਾਂ ਵੀ। ਉਹ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਨ। ਭਾਰਤ ਵਿੱਚ, ਹਸਪਤਾਲ ਕਰਮੀ ਗ਼ਰੀਬਾਂ ਨਾਲ਼ ਬੜਾ ਨਫ਼ਰਤੀ ਵਤੀਰਾ ਰੱਖਦੇ ਹਨ।  ਇਹੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ।''

ਪਾਰਥ ਐੱਮ.ਐੱਨ. ਠਾਕੁਰ ਫ਼ੈਮਿਲੀ ਫ਼ਾਊਂਡੇਸ਼ਨ ਪਾਸੋਂ ਮਿਲ਼ੇ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ , ਜਨਤਕ ਸਿਹਤ ਅਤੇ ਨਾਗਰਿਕ ਅਜ਼ਾਦੀ ਦੇ ਮਸਲੇ ਸਬੰਧੀ ਰਿਪੋਰਟਿੰਗ ਕਰਦੇ ਹਨ। ਠਾਕੁਰ ਫ਼ੈਮਿਲਾ ਫ਼ਾਊਂਡੇਸ਼ਨ ਨੇ ਇਸ ਰਿਪੋਰਟੇਜ਼ ਦੀ ਸਮੱਗਰੀ ਦੇ ਸੰਪਾਦਕੀ ਤੇ ਕਿਤੇ ਕੋਈ ਨਿਯੰਤਰਣ ਨਹੀਂ ਰੱਖਿਆ ਹੈ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur