ਸੋਮਵਾਰ ਦੀ ਸਵੇਰ ਦੇ ਕਰੀਬ 11 ਵੱਜੇ ਹਨ ਜਦੋਂ 41 ਸਾਲਾ ਮੁਨੇਸ਼ਵਰ ਮਾਂਝੀ ਆਪਣੇ ਟੁੱਟੇ-ਭੱਜੇ ਅਤੇ ਪਲੱਸਤਰ ਤੋਂ ਸੱਖਣੇ ਘਰ ਦੇ ਬਾਹਰ ਬਣੀ ਚੌਕੀ 'ਤੇ ਅਰਾਮ ਕਰ ਰਹੇ ਹਨ। ਕਮਰੇ ਦੇ ਬਾਹਰ  ਖੁੱਲ੍ਹੀ ਥਾਵੇਂ ਸਿੱਧੀ ਧੁੱਪ ਅਤੇ ਸੂਰਜ ਦੀ ਤਪਸ਼ ਤੋਂ ਬਚਣ ਲਈ ਬਾਂਸ ਗੱਡ ਕੇ ਨੀਲ਼ੇ ਰੰਗੇ ਲਿਫ਼ਾਫ਼ੇ ਨਾਲ਼ ਛੰਨ ਜਿਹੀ ਪਾਈ ਹੋਈ ਹੈ। ਪਰ ਇਹ ਛੰਨ ਵੀ ਮੁਸ਼ਕਲ ਹੀ ਤਪਸ਼ ਤੋਂ ਕੋਈ ਰਾਹਤ ਦਿੰਦੀ ਹੋਣੀ। ''ਪਿਛਲੇ 15 ਦਿਨਾਂ ਤੋਂ ਮੇਰੇ ਕੋਲ਼ ਕੋਈ ਕੰਮ ਨਹੀਂ,'' ਮੁਨੇਸ਼ਵਰ ਕਹਿੰਦੇ ਹਨ ਜੋ ਪਟਨਾ ਤੋਂ ਕੋਈ 50 ਕਿਲੋਮੀਟਰ ਦੂਰ ਕਾਕੋ ਕਸਬੇ ਦੇ ਮੁਸਾਹਰੀ ਟੋਲੇ ਵਿੱਚ ਰਹਿੰਦੇ ਹਨ।

ਮੁਸਾਹਰੀ ਟੋਲਾ ਕਹਿਣ ਤੋਂ ਭਾਵ ਉਸ ਥਾਂ ਤੋਂ ਹੈ ਜਿੱਥੇ ਮੁਸਾਹਰ ਜਾਤੀ ਨਾਲ਼ ਤਾਅਲੁੱਕ ਰੱਖਣ ਵਾਲ਼ਾ ਭਾਈਚਾਰਾ ਰਹਿੰਦਾ ਹੈ, ਇਸ ਟੋਲੇ ਵਿੱਚ 60 ਪਰਿਵਾਰ ਵੱਸਦੇ ਹਨ। ਮੁਨੇਸ਼ਵਰ ਅਤੇ ਇਸ ਟੋਲੇ ਦੇ ਹੋਰਨਾਂ ਲੋਕਾਂ ਦਾ ਗੁਜ਼ਾਰਾ ਨੇੜਲੇ ਖੇਤਾਂ ਵਿੱਚ ਦਿਹਾੜੀ-ਧੱਪਾ ਕਰਕੇ ਹੁੰਦੀ ਕਮਾਈ ਸਿਰ ਚੱਲਦਾ ਹੈ। ਪਰ ਇਹ ਕੰਮ ਵੀ ਲਗਾਤਾਰ ਨਹੀਂ ਮਿਲ਼ਦਾ, ਮੁਨੇਸ਼ਵਰ ਕਹਿੰਦੇ ਹਨ। ਇਹ ਕੰਮ ਸਾਲ ਦੇ 3-4 ਮਹੀਨੇ ਹੀ ਮਿਲ਼ਦਾ ਹੈ, ਜਦੋਂ ਸਾਉਣੀ ਅਤੇ ਹਾੜੀ ਦੀਆਂ  ਫ਼ਸਲਾਂ ਬੀਜਣ ਅਤੇ ਵੱਢਣ ਦਾ ਸਮਾਂ ਹੁੰਦਾ ਹੈ।

ਪਿਛਲੀ ਵਾਰੀ ਉਨ੍ਹਾਂ ਨੂੰ ਜਿੱਥੇ ਕੰਮ ਮਿਲ਼ਿਆ ਉਹ ਇੱਕ ' ਬਾਬਾ ਸਾਹਬ ' ਦਾ ਖੇਤ ਸੀ, ਜ਼ਮੀਨ ਮਾਲਕ ਰਾਜਪੂਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਸੀ। ''ਅੱਠ ਘੰਟੇ ਦਿਹਾੜੀ ਬਦਲੇ ਸਾਨੂੰ 150 ਰੁਪਏ ਨਕਦ ਜਾਂ 5 ਕਿਲੋ ਚੌਲ਼ ਮਿਲ਼ਦੇ। ਬੱਸ ਇੰਨਾ ਹੀ,'' ਮੁਨੇਸ਼ਵਰ ਖੇਤ ਮਜ਼ਦੂਰੀ ਬਦਲੇ ਮਿਲ਼ਣ ਵਾਲ਼ੀ ਦਿਹਾੜੀ ਬਾਰੇ ਦੱਸਦੇ ਹਨ। ਨਕਦੀ ਦੇ ਬਦਲੇ ਮਿਲ਼ਣ ਵਾਲ਼ੇ ਚੌਲਾਂ ਨੂੰ ਦੁਪਹਿਰ ਦੇ ਖਾਣੇ ਵਿੱਚ ਜੋੜਿਆ ਜਾਂਦਾ ਹੈ ਜਿਸ ਵਿੱਚ 4-5 ਰੋਟੀਆਂ ਜਾਂ ਚੌਲ਼ ਅਤੇ ਦਾਲ ਦੇ ਨਾਲ਼ ਹਰੀ ਸਬਜ਼ੀ ਹੁੰਦੀ ਹੈ।

ਭਾਵੇਂ ਕਿ ਉਨ੍ਹਾਂ ਦੇ ਦਾਦਾ ਜੀ ਨੂੰ 1955 ਵਿੱਚ ਚੱਲੀ ਭੂਦਾਨ ਲਹਿਰ ਦੌਰਾਨ ਤਿੰਨ ਵਿਘੇ (ਦੋ ਏਕੜ ਦੇ ਕਰੀਬ) ਮਿਲ਼ੀ ਸੀ-ਜਦੋਂ ਭੂ-ਮਾਲਕਾਂ ਨੇ ਮੁੜ-ਵੰਡ ਪ੍ਰਣਾਲੀ ਹੇਠ ਆਪਣੀਆਂ ਜ਼ਮੀਨਾਂ ਦਾ ਕੁਝ ਕੁ ਹਿੱਸਾ ਬੇਜ਼ਮੀਨੇ ਲੋਕਾਂ ਨੂੰ ਦਿੱਤਾ- ਸੀ ਪਰ ਉਸ ਜ਼ਮੀਨ ਦੀ ਵੀ ਕੋਈ ਵਰਤੋਂ ਨਹੀਂ ਹੁੰਦੀ। ''ਜ਼ਮੀਨ ਉਨ੍ਹਾਂ ਦੇ ਘਰਾਂ ਤੋਂ ਕੋਈ ਤਿੰਨ ਕਿਲੋਮੀਟਰ ਦੂਰ ਹੈ। ਜਦੋਂ ਕਦੇ ਵੀ ਅਸੀਂ ਫ਼ਸਲ ਬੀਜੀ, ਉਹ ਜਾਨਵਰਾਂ ਨੇ ਹੀ ਨਿਗਲ਼ ਲਈ ਅਤੇ ਸਾਨੂੰ ਘਾਟਾ ਪੈਂਦਾ ਰਿਹਾ,'' ਮੁਨੇਸ਼ਵਰ ਕਹਿੰਦੇ ਹਨ।

ਜ਼ਿਆਦਾਤਰ ਦਿਨ ਅਜਿਹੇ ਹੁੰਦੇ ਹਨ ਜਦੋਂ ਮੁਨੇਸ਼ਵਰ ਦਾ ਪਰਿਵਾਰ ਅਤੇ ਟੋਲੇ ਦੇ ਬਾਕੀ ਹੋਰ ਪਰਿਵਾਰ ਮਹੂਆ ਦਾਰੂ (ਅਜਿਹੀ ਸ਼ਰਾਬ ਜੋ ਮਹੂਆ ਰੁੱਖ 'ਤੇ ਲੱਗੇ ਫੁੱਲਾਂ ਤੋਂ ਬਣਦੀ ਹੈ) ਕੱਢ ਕੇ ਵੇਚਦੇ ਹਨ ਅਤੇ ਉਸੇ ਆਮਦਨੀ ਦੇ ਸਿਰ ਜਿਊਂਦੇ ਹਨ। ਮਧੁਕਾ ਲੋਂਗਿਫੋਲਿਆ ਵਰ. ਲਾਤਿਫੇਲਿਆ ਮਹੂਏ ਦਾ ਵਿਗਿਆਨਕ ਨਾਮ ਹੈ।

ਭਾਵੇਂ ਕਿ ਇਹ ਜ਼ੋਖਮ ਭਰਿਆ ਕਾਰੋਬਾਰ ਹੈ। ਰਾਜ ਦਾ ਇੱਕ ਸਖ਼ਤ ਕਨੂੰਨ- ਬਿਹਾਰ ਪਾਬੰਦੀ ਅਤੇ ਆਬਕਾਰੀ ਐਕਟ, 2016- ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਨਿਰਮਾਣ, ਕਬਜ਼ੇ, ਵਿਕਰੀ ਜਾਂ ਸੇਵਨ ਕਰਨ 'ਤੇ ਪਾਬੰਦੀ ਲਾਉਂਦਾ ਹੈ। ਇੱਥੋਂ ਤੱਕ ਕਿ ਮਹੂਆ ਦਾਰੂ , ਜਿਹਨੂੰ 'ਦੇਸੀ ਜਾਂ ਰਵਾਇਤੀ ਸ਼ਰਾਬ' ਮੰਨਿਆ ਜਾਂਦਾ ਹੈ, ਵੀ ਇਸੇ ਕਨੂੰਨ ਦੇ ਦਾਇਰੇ ਅਧੀਨ ਆਉਂਦੀ ਹੈ।

The unplastered, dipalidated house of Muneshwar Manjhi in the Musahari tola near Patna city.
PHOTO • Umesh Kumar Ray
Muneshwar in front of his house. He earns Rs 4,500 a month from selling mahua daaru, which is not enough for his basic needs. He says, ‘The sarkar has abandoned us’
PHOTO • Umesh Kumar Ray

ਖੱਬੇ : ਪਟਨਾ ਸ਼ਹਿਰ ਦੇ ਮੁਸਾਹਰੀ ਟੋਲੇ ਵਿਖੇ ਮੁਨੇਸ਼ਵਰ ਮਾਂਝੀ ਦਾ ਟੁੱਟਿਆ-ਭੱਜਿਆ ਪਲੱਸਤਰ ਤੋਂ ਸੱਖਣਾ ਘਰ। ਸੱਜੇ : ਆਪਣੇ ਘਰ ਦੇ ਸਾਹਮਣੇ ਮੁਨੇਸ਼ਵਰ। ਉਹ ਮਹੂਆ ਦਾਰੂ ਵੇਚ ਕੇ ਮਹੀਨੇ ਦਾ 4500 ਰੁਪਿਆ ਕਮਾਉਂਦੇ ਹਨ ਜਿਸ ਪੈਸੇ ਨਾਲ਼ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਵੀ ਨਹੀਂ ਪੂਰੀਆਂ ਹੁੰਦੀਆਂ। ਉਹ ਕਹਿੰਦੇ ਹਨ, ' ਸਰਕਾਰ ਨੇ ਸਾਡੇ ਤੋਂ ਪੱਲਾ ਝਾੜ ਲਿਆ ਹੈ '

ਪਰ ਨੌਕਰੀ ਦੇ ਵਿਕਲਪਕ ਮੌਕਿਆਂ ਦੀ ਘਾਟ ਨੇ ਛਾਪੇਮਾਰੀ, ਗ੍ਰਿਫ਼ਤਾਰੀ ਅਤੇ ਮੁਕੱਦਮੇ ਦੇ ਸਹਿਮ ਦੇ ਬਾਵਜੂਦ ਵੀ ਮੁਨੇਸ਼ਵਰ ਨੂੰ ਸ਼ਰਾਬ ਕੱਢਣ ਲਈ ਮਜ਼ਬੂਰ ਕੀਤਾ ਹੋਇਆ ਹੈ। ਉਹ ਕਹਿੰਦੇ ਹਨ,''ਡਰ ਕਿਹਨੂੰ ਨਹੀਂ ਲੱਗਦਾ? ਸਾਨੂੰ ਬਹੁਤ ਡਰ ਲੱਗਦਾ ਹੈ। ਪਰ, ਜਦੋਂ ਪੁਲਿਸ਼ ਛਾਪੇ ਮਾਰਦੀ ਹੈ ਤਾਂ ਅਸੀਂ ਸ਼ਰਾਬ ਲੁਕਾ ਦਿੰਦੇ ਹਾਂ ਅਤੇ ਭੱਜ ਜਾਂਦੇ ਹਾਂ।'' ਅਕਤੂਬਰ 2016 ਤੋਂ ਸ਼ਰਾਬ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਪੁਲਿਸ ਨੇ ਸਾਡੇ ਟੋਲੇ 'ਤੇ 10 ਤੋਂ ਵੱਧ ਵਾਰ ਛਾਪਾ ਮਾਰਿਆ। ਮੁਨੇਸ਼ਵਰ ਕਹਿੰਦੇ ਹਨ,''ਮੈਨੂੰ ਕਦੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਬੜੀ ਵਾਰੀ ਸਾਡੇ ਭਾਂਡੇ ਅਤੇ ਚੁੱਲ੍ਹੇ ਤੋੜ ਸੁੱਟੇ, ਪਰ ਅਸੀਂ ਆਪਣਾ ਕੰਮ ਜਾਰੀ ਰੱਖਿਆ।''

ਬਹੁਤੇਰੇ ਮੁਸਾਹਰ ਬੇਜ਼ਮੀਨੇ ਹਨ ਅਤੇ ਇਹ ਭਾਈਚਾਰਾ ਦੇਸ਼ ਵਿੱਚ ਸਭ ਤੋਂ ਵੱਧ ਹਾਸ਼ੀਏ 'ਤੇ ਰਿਹਾ ਹੈ ਅਤੇ ਇਹ ਭਾਈਚਾਰਾ ਸਭ ਤੋਂ ਵੱਧ ਸਮਾਜਿਕ ਪੱਖਪਾਤ ਝੱਲ਼ਣ ਵਾਲ਼ੇ ਭਾਈਚਾਰਿਆਂ ਵਿੱਚੋਂ ਇੱਕ ਹੈ। ਮੂਲ਼ ਰੂਪ ਵਿੱਚ ਇਹ ਭਾਈਚਾਰਾ ਜੰਗਲਾਂ ਵਿੱਚ ਰਹਿਣ ਵਾਲ਼ਾ ਕਬੀਲਾ ਹੈ ਜਿਹਦਾ ਨਾਮ ਮੁਸਾਹਰ- ਮੂਸਾ (ਚੂਹਾ) ਅਤੇ ਅਹਾਰ (ਖ਼ੁਰਾਕ) ਸ਼ਬਦਾਂ ਨੂੰ ਮਿਲ਼ਾ ਕੇ ਬਣਿਆ ਹੈ- ਮਤਲਬ ਕਿ 'ਚੂਹੇ ਖਾਣ ਵਾਲ਼ੇ'। ਬਿਹਾਰ ਅੰਦਰ ਮੁਸਾਹਰ ਭਾਈਚਾਰੇ ਦੇ ਲੋਕ ਪਿਛੜੀ ਜਾਤੀ ਵਜੋਂ ਸੂਚੀਬੱਧ ਹਨ ਅਤੇ ਇਨ੍ਹਾਂ ਨੂੰ ਮਹਾਂਦਲਿਤਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਭਾਵ ਦਲਿਤਾਂ ਵਿੱਚੋਂ ਵੀ ਆਰਥਿਕ ਅਤੇ ਸਮਾਜਿਕ ਪੱਖੋਂ ਵੱਧ ਪਿਛੜਿਆ ਭਾਈਚਾਰਾ। ਇਸ ਭਾਈਚਾਰੇ ਦੀ ਅਬਾਦੀ ਕੋਈ 27 ਲੱਖ ਹੈ ਅਤੇ ਇਨ੍ਹਾਂ ਅੰਦਰ ਸਾਖ਼ਰਤਾ ਦਰ ਸਿਰਫ਼ 29 ਫੀਸਦ ਹੈ ਅਤੇ ਇਹ ਹੁਨਰ-ਵਿਕਾਸ ਪੱਖੋਂ ਵੀ ਸੱਖਣੇ ਹਨ ਜਿਸ ਕਰਕੇ ਹੁਨਰ-ਅਧਾਰਤ ਕੰਮਾਂ ਵਿੱਚ ਇਹ ਭਾਈਚਾਰਾ ਕਿਤੇ ਵੀ ਕੋਈ ਥਾਂ ਨਹੀਂ ਪਾਉਂਦਾ। ਹਾਲਾਂਕਿ, ਮਹੂਆ ਦਾਰੂ ਕੱਢਣਾ/ਪੀਣਾ ਇਸ ਭਾਈਚਾਰੇ ਦੀ ਅੰਦਰਲੀ ਪਰੰਪਰਾ ਰਹੀ ਹੈ ਪਰ ਰੋਜ਼ੀਰੋਟੀ ਦੀਆਂ ਮੁਸ਼ਕਲਾਂ ਕਾਰਨ ਇਹਦਾ ਵੱਧ ਉਤਪਾਦਨ (ਵਿਕਰੀ ਵਾਸਤੇ) ਕੀਤਾ ਜਾਣ ਲੱਗਿਆ ਹੈ।

ਮੁਨੇਸ਼ਵਰ 15 ਸਾਲ ਦੀ ਉਮਰੇ ਮਹੂਆ ਦਾਰੂ ਬਣਾ ਲੱਗ ਗਏ ਸਨ। ਉਹ ਦੱਸਦੇ ਹਨ,''ਮੇਰੇ ਪਿਤਾ ਬਹੁਤ ਗ਼ਰੀਬ ਸਨ। ਉਹ ਠੇਲ੍ਹਾ (ਚੀਜ਼ਾਂ ਢੋਹਣ ਲਈ ਲੱਕੜ ਦਾ ਗੱਡਾ) ਖਿੱਚਦੇ ਸਨ। ਆਮਦਨੀ ਬਹੁਤ ਹੀ ਨਿਗੂਣੀ ਹੁੰਦੀ ਸੀ। ਮੈਨੂੰ ਕਦੇ-ਕਦੇ ਭੁੱਖੇ ਢਿੱਡ ਸਕੂਲ ਜਾਣਾ ਪੈਂਦਾ ਸੀ। ਕੁਝ ਮਹੀਨਿਆਂ ਬਾਅਦ ਮੈਂ ਸਕੂਲ ਜਾਣਾ ਹੀ ਛੱਡ ਦਿੱਤਾ। ਨੇੜੇ-ਤੇੜੇ ਦੇ ਕਈ ਪਰਿਵਾਰ ਸ਼ਰਾਬ ਕੱਢਦੇ ਸਨ ਸੋ ਮੈਂ ਵੀ ਇਹੀ ਕੰਮ ਸ਼ੁਰੂ ਕਰ ਦਿੱਤਾ। ਮੈਂ ਪਿਛਲੇ 25 ਸਾਲਾਂ ਤੋਂ ਇਹੀ ਕੰਮ ਕਰ ਰਿਹਾ ਹਾਂ।''

ਦਾਰੂ ਕੱਢਣਾ ਸਮਾਂ-ਖਪਾਊ ਪ੍ਰਕਿਰਿਆ ਹੈ। ਪਹਿਲਾਂ, ਮਹੂਏ ਦੇ ਫੁੱਲਾਂ ਨੂੰ ਗੁੜ ਅਤੇ ਪਾਣੀ ਨਾਲ਼ ਰਲ਼ਾਇਆ ਜਾਂਦਾ ਹੈ ਅਤੇ ਮਿਸ਼ਰਨ ਨੂੰ ਖਮੀਰਾ ਕਰਨ ਲਈ  8 ਦਿਨ ਭਿਓਂ ਕੇ ਰੱਖਿਆ ਜਾਂਦਾ ਹੈ। ਫਿਰ ਇਸ ਮਿਸ਼ਰਨ ਨੂੰ ਧਾਤੂ ਦੀ ਹਾਂਡੀ (ਪਤੀਲੀ) ਵਿੱਚ ਪਾਇਆ ਜਾਂਦਾ ਹੈ ਅਤੇ ਹੇਠਾਂ ਚੁੱਲ੍ਹਾ ਬਾਲ਼ਿਆ ਜਾਂਦਾ ਹੈ। ਇੱਕ ਹੋਰ ਕੱਚੀ (ਮਿੱਟੀ ਦੀ) ਹਾਂਡੀ , ਜੋ ਪਹਿਲੇ ਨਾਲ਼ੋਂ ਛੋਟੀ ਹੁੰਦੀ ਹੈ ਅਤੇ ਜਿਹਦਾ ਤਲ਼ਾ ਖੁੱਲ੍ਹਾ ਹੁੰਦਾ ਹੈ, ਧਾਤੂ ਵਾਲ਼ੀ ਹਾਂਡੀ ਉੱਪਰ ਟਿਕਾਈ ਜਾਂਦੀ ਹੈ। ਕੱਚੀ ਹਾਂਡੀ ਦੇ ਇੱਕ ਛੇਕ ਹੁੰਦਾ ਹੈ ਜਿਸ ਵਿੱਚੋਂ ਦੇ ਪਾਈਪ ਵਗਾਈ ਜਾਂਦੀ ਹੈ ਅਤੇ ਪਾਣੀ ਨਾਲ਼ ਭਰੀ ਇੱਕ ਹੋਰ ਧਾਤੂ ਦੀ ਹਾਂਡੀ ਨੂੰ ਕੱਚੀ ਹਾਂਡੀ ਦੇ ਉੱਤੇ ਟਿਕਾਇਆ ਜਾਂਦਾ ਹੈ। ਤਿੰਨੋਂ ਹਾਡੀਆਂ ਵਿਚਲੀ ਵਿੱਥਾਂ ਵਿੱਚੋਂ ਭਾਫ਼ ਨੂੰ ਨਿਕਲ਼ਣ ਤੋਂ ਰੋਕਣ ਮਿੱਟੀ ਲਾਈ ਜਾਂਦੀ ਹੈ ਜਾਂ ਕੱਪੜਾ ਲਪੇਟਿਆ ਜਾਂਦਾ ਹੈ।

ਮਹੂਏ ਦੇ ਮਿਸ਼ਰਨ ਦੇ ਉਬਾਲ਼ ਨਾਲ਼ ਪੈਦਾ ਹੋਈ ਭਾਫ਼ ਮਿੱਟੀ ਦੇ ਹਾਂਡੀ ਵਿੱਚ ਇਕੱਠੀ ਹੁੰਦੀ ਜਾਂਦੀ ਹੈ। ਇਹ ਪਾਈਪ ਵਿੱਚੋਂ ਦੀ ਹੁੰਦੀ ਹੋਈ ਹੇਠਾਂ ਰੱਖੇ ਭਾਂਡੇ ਵਿੱਚ ਤੁਪਕਾ ਤੁਪਕਾ ਕਰਕੇ ਇਕੱਠੀ ਹੁੰਦੀ ਚਲੀ ਜਾਂਦੀ ਹੈ। ਇਸ ਪੂਰੀ ਪ੍ਰਕਿਰਿਆ ਵਿੱਚ 3 ਤੋਂ 4 ਘੰਟੇ ਲਗਾਤਾਰ ਚੁੱਲ੍ਹੇ ਬਲ਼ਦੀ ਅੱਗ ਨਾਲ਼ 8 ਲੀਟਰ ਅਲਕੋਹਲ ਨਿਕਲ਼ਦੀ ਹੈ। ''ਸਾਨੂੰ ਅੱਗ ਬਲ਼ਦੀ ਰੱਖਣ ਵਾਸਤੇ ਚੁੱਲ੍ਹੇ ਦੇ ਲਾਗੇ ਹੀ ਬੈਠੇ ਰਹਿਣਾ ਪੈਂਦਾ ਹੈ,'' ਮੁਨੇਸ਼ਵਰ ਕਹਿੰਦੇ ਹਨ। ''ਇੰਨੀ ਤਪਸ਼ ਪੈਦਾ ਹੁੰਦੀ ਹੈ ਕਿ ਸਾਡੇ ਜਿਸਮ ਸੜਨ ਲੱਗਦੇ ਹਨ। ਫਿਰ ਵੀ ਰੋਟੀ ਖ਼ਾਤਰ ਸਾਨੂੰ ਇਹ ਕੰਮ ਕਰਨਾ ਹੀ ਪੈਂਦਾ ਹੈ।'' ਉਹ ਭਾਫ਼ ਦੇ ਇੰਝ ਤੁਪਕਾ ਤੁਪਕਾ ਇਕੱਠੇ ਹੋਣ ਦੀ ਪੂਰੀ ਪ੍ਰਕਿਰਿਆ ਨੂੰ ' ਮਹੂਆ ਚੁਆਨਾ ' ਕਹਿੰਦੇ ਹਨ।

PHOTO • Umesh Kumar Ray
The metal utensil connected to the pipe collects the dripping condensation. The distillation process is time-consuming
PHOTO • Umesh Kumar Ray

ਖੱਬੇ : ਭਾਫ਼ ਪੈਦਾ ਕਰਨ ਵਾਸਤੇ ਮਹੂਆ ਫੁੱਲਾਂ, ਗੁੜ ਅਤੇ ਪਾਣੀ ਦੀ ਇਸ ਖਮੀਰੇ ਮਿਸ਼ਰਨ ਉਬਾਲ਼ਿਆ ਜਾਂਦਾ ਹੈ, ਜੋ ਵਿਚਕਾਰ ਟਿਕਾਏ ਕੱਚੇ ਭਾਂਡੇ (ਹਾਂਡੀ) ਵਿੱਚ ਇਕੱਠੀ ਹੁੰਦੀ ਚਲੀ ਜਾਂਦੀ ਹੈ। ਸੱਜੇ : ਪਾਈਪ ਨਾਲ਼ ਜੁੜਿਆ ਧਾਤੂ ਦਾ ਇੱਕ ਹੋਰ ਭਾਂਡੇ (ਹੇਠਾਂ ਰੱਖਿਆ ਹੁੰਦਾ) ਤਰਲ ਇਕੱਠਾ ਹੁੰਦਾ ਚਲਾ ਜਾਂਦਾ ਹੈ। ਦਾਰੂ ਕੱਢਣ ਦੀ ਇਹ ਪ੍ਰਕਿਰਿਆ ਸਮਾਂ-ਖਪਾਊ ਹੈ

ਮੁਨੇਸ਼ਵਰ ਇੱਕ ਮਹੀਨੇ ਵਿੱਚ 40 ਲੀਟਰ ਮਹੂਆ ਦਾਰੂ ਕੱਢ ਲੈਂਦੇ ਹਨ, ਜਿਸ ਵਾਸਤੇ ਉਨ੍ਹਾਂ ਨੂੰ 7 ਕਿਲੋ ਫੁੱਲਾਂ (ਮਹੂਆ), 30 ਕਿਲੋ ਗੁੜ ਅਤੇ 10 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਫੁੱਲ ਉਹ 700 ਰੁਪਏ ਵਿੱਚ ਅਤੇ ਗੁੜ 1,200 ਵਿੱਚ ਖਰੀਦਦੇ ਹਨ। ਅੱਗ ਬਾਲ਼ਣ ਵਾਸਤੇ ਉਹ 10 ਕਿਲੋ ਲੱਕੜ 80 ਰੁਪਏ ਵਿੱਚ ਖਰੀਦਦੇ ਹਨ। ਪੂਰੇ ਮਹੀਨੇ ਵਿੱਚ ਕੱਚੇ ਮਾਲ਼ 'ਤੇ ਉਨ੍ਹਾਂ ਦਾ 2,000 ਰੁਪਿਆ ਲੱਗਦਾ ਹੈ।

''ਸ਼ਰਾਬ ਵੇਚ ਕੇ ਅਸੀਂ ਮਹੀਨੇ ਦਾ 4,500 ਰੁਪਿਆ ਕਮਾਉਂਦੇ ਹਾਂ। ਖਾਣ-ਪੀਣ 'ਤੇ ਖਰਚਾ ਕਰਕੇ ਅਸੀਂ ਬਾਮੁਸ਼ਕਲ ਹੀ 400-500 ਰੁਪਿਆ ਹੀ ਬਚਾ ਪਾਉਂਦੇ ਹਾਂ। ਇਹ ਪੈਸਾ ਵੀ ਬੱਚਿਆਂ ਲਈ ਬਿਸਕੁਟ ਅਤੇ ਟਾਫ਼ੀਆਂ ਖਰੀਦਣ ਵਿੱਚ ਚਲਾ ਜਾਂਦਾ ਹੈ,'' ਮੁਨੇਸ਼ਵਰ ਕਹਿੰਦੇ ਹਨ। ਉਹ ਅਤੇ ਉਨ੍ਹਾਂ ਦੀ 36 ਸਾਲਾ ਪਤਨੀ, ਚਮੇਲੀ ਦੇਵੀ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਦੀ ਉਮਰ 5 ਤੋਂ 16 ਸਾਲਾਂ ਵਿਚਕਾਰ ਹੈ, ਇੱਕ ਬੇਟਾ ਵੀ ਹੈ ਜਿਹਦੀ ਉਮਰ 4 ਸਾਲ ਹੈ। ਚਮੇਲੀ ਬਤੌਰ ਖੇਤ ਮਜ਼ਦੂਰ ਕੰਮ ਕਰਦੀ ਹਨ ਅਤੇ ਦਾਰੂ ਕੱਢਣ ਵਿੱਚ ਆਪਣੇ ਪਤੀ ਦੀ ਮਦਦ ਵੀ ਕਰਦੀ ਹਨ।

ਨੇੜਲੇ ਪਿੰਡਾਂ ਦਾ ਮਜ਼ਦੂਰ ਤਬਕਾ ਹੀ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਹਨ। ''ਅਸੀਂ 250 (ਸ਼ਰਾਬ) ਦੇ 35 ਰੁਪਏ ਲੈਂਦੇ ਹਾਂ ਅਤੇ ਗਾਹਕ ਨੂੰ ਪੈਸੇ ਨਗਦ ਦੇਣੇ ਪੈਂਦੇ ਹਨ ਕਿਉਂਕਿ ਅਸੀਂ ਕਿਸੇ ਦੀ ਉਧਾਰੀ ਦਾ ਬੋਝ ਚੁੱਕ ਹੀ ਨਹੀਂ ਸਕਦੇ,'' ਮੁਨੇਸ਼ਵਰ ਕਹਿੰਦੇ ਹਨ।

ਦਾਰੂ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ 8 ਲੀਟਰ ਸ਼ਰਾਬ ਵਿੱਕ ਜਾਂਦੀ ਹੈ। ਵੱਡੀ ਮਾਤਰਾ ਵਿੱਚ ਸ਼ਰਾਬ ਕੱਢਣਾ ਖ਼ਤਰੇ ਤੋਂ ਖਾਲੀ ਨਹੀਂ। ''ਜਦੋਂ ਪੁਲਿਸ ਛਾਪੇ ਮਾਰਦੀ ਹੈ ਤਾਂ ਉਹ ਸਾਡੀ ਸਾਰੀ ਦਾਰੂ ਤਬਾਹ ਕਰ ਜਾਂਦੀ ਹੈ ਅਤੇ ਸਾਨੂੰ ਨੁਕਸਾਨ ਝੱਲਣਾ ਪੈਂਦਾ ਹੈ,'' ਮੁਨੇਸ਼ਵਰ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ। ਇਸ 'ਅਪਰਾਧ' ਦੀ ਸਜ਼ਾ ਕੈਦ ਹੈ, ਜਿਸ ਵਿੱਚ ਸਖ਼ਤ ਸਜ਼ਾ ਜਾਂ ਉਮਰ ਕੈਦ ਤੱਕ ਹੋ ਸਕਦੀ ਹੈ ਅਤੇ ਜੇ ਜੁਰਮਾਨੇ ਦੀ ਗੱਲ ਕਰੀਏ ਤਾਂ 1 ਲੱਖ ਤੋਂ 10 ਲੱਖ ਤੱਕ ਹੋ ਸਕਦਾ ਹੈ।

ਮੁਨੇਸ਼ਵਰ ਵਾਸਤੇ ਸ਼ਰਾਬ ਕੱਢਣਾ ਜਿਊਂਦੇ ਰਹਿਣ ਦਾ ਇੱਕ ਵਸੀਲਾ ਹੈ ਨਾ ਕਿ ਕੋਈ ਨਫ਼ਾ-ਕਮਾਊ ਉੱਦਮ ਹੈ। ''ਦੇਖੋ ਜ਼ਰਾ ਮੇਰੇ ਘਰ ਦੀ ਹਾਲਤ, ਸਾਡੇ ਕੋਲ਼ ਮੁਰੰਮਤ ਕਰਾਉਣ ਜੋਗੇ ਪੈਸੇ ਵੀ ਨਹੀਂ,'' ਉਹ ਇੱਕ ਕਮਰੇ ਦੇ ਇਸ ਢਾਂਚੇ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ। ਉਨ੍ਹਾਂ ਨੂੰ ਘਰ ਨੂੰ ਸਹੀ ਕਰਨ ਲਈ 40,000 ਤੋਂ 50,000 ਰੁਪਏ ਚਾਹੀਦੇ ਹਨ। ਕਮਰੇ ਦਾ ਫ਼ਰਸ਼ ਕੱਚਾ ਹੈ; ਕੰਧਾਂ ਦੀ ਚਿਣਾਈ ਵੀ ਗਾਰੇ ਦੀ ਹੈ ਅਤੇ ਕੋਈ ਖਿੜਕੀ ਜਾਂ ਕੋਈ ਰੌਸ਼ਨਦਾਨ ਤੱਕ ਨਹੀਂ ਹੈ। ਕਮਰੇ ਦੇ ਇੱਕ ਖੂੰਜੇ ਚੁੱਲ੍ਹਾ ਰੱਖਿਆ ਹੈ ਜਿੱਥੇ ਚੌਲ਼ ਉਬਾਲ਼ਣ ਲਈ ਧਾਤੂ ਦਾ ਭਾਂਡਾ ਅਤੇ ਸੂਰ ਦਾ ਮੀਟ ਪਕਾਉਣ ਲਈ ਇੱਕ ਕੜਾਈ ਰੱਖੀ ਹੋਈ ਹੈ। ''ਅਸੀਂ ਸੂਰ ਦਾ ਮੀਟ ਕਾਫ਼ੀ ਖਾਂਦੇ ਹਾਂ। ਇਹ ਸਾਡੇ ਲਈ ਸਿਹਤਮੰਦ ਹੈ,'' ਮੁਨੇਸ਼ਵਰ ਕਹਿੰਦੇ ਹਨ। ਟੋਲੇ ਵਿੱਚ ਮਾਸ ਵਾਸਤੇ ਸੂਰ ਪਾਲੇ ਜਾਂਦੇ ਹਨ ਅਤੇ ਇੱਥੇ ਮਾਸ ਦੀਆਂ 3-4 ਦੁਕਾਨਾਂ ਹਨ, ਜਿੱਥੇ 150-200 ਰੁਪਏ ਕਿਲੋ ਦੇ ਹਿਸਾਬ ਨਾਲ਼ ਮਾਸ ਮਿਲ਼ ਜਾਂਦਾ ਹੈ, ਮੁਨੇਸ਼ਵਰ ਕਹਿੰਦੇ ਨਹ। ਸਬਜ਼ੀ ਮੰਡੀ ਇੱਥੋਂ 10 ਕਿਲੋਮੀਟਰ ਦੂਰ ਹੈ। ''ਅਸੀਂ ਕਈ ਵਾਰੀ ਮਹੂਆ ਦਾਰੂ ਵੀ ਪੀ ਲਈਦੀ ਹੈ,'' ਉਹ ਕਹਿੰਦੇ ਹਨ।

2020 ਵਿੱਚ ਕੋਵਿਡ-19 ਦੀ ਤਾਲਾਬੰਦੀ ਦੌਰਾਨ ਸ਼ਰਾਬ ਦੀ ਵਿਕਰੀ 'ਤੇ ਥੋੜ੍ਹਾ ਅਸਰ ਪਿਆ ਅਤੇ ਓਨੇ ਸਮੇਂ ਵਿੱਚ ਮੁਨੇਸ਼ਵਰ ਨੇ ਜਿਵੇਂ ਕਿਵੇਂ 3,500-4,000 ਕਮਾਏ ਹੋਣੇ। ''ਅਸੀਂ ਮਹੂਆ, ਗੁੜ ਦਾ ਬੰਦੋਬਸਤ ਕੀਤਾ ਅਤੇ ਦਾਰੂ ਕੱਢੀ,'' ਉਹ ਕਹਿੰਦੇ ਹਨ। ''ਇਨ੍ਹਾਂ ਬੀਹੜ ਇਲਾਕਿਆਂ ਵਿੱਚ ਪਾਬੰਦੀਆਂ ਕੋਈ ਬਹੁਤੀਆਂ ਸਖ਼ਤ ਨਹੀਂ ਸਨ ਇਸਲਈ ਇੰਝ ਸਾਡੀ ਮਦਦ ਹੋ ਗਈ। ਸਾਨੂੰ ਗਾਹਕ  ਵੀ ਮਿਲ਼ ਗਏ। ਸ਼ਰਾਬ ਦੀ ਲਤ ਇੰਨੀ ਆਮ ਹੈ ਕਿ ਲੋਕਾਂ ਨੂੰ ਇਹ ਕਿਸੇ ਵੀ ਕੀਮਤ 'ਤੇ ਚਾਹੀਦੀ ਹੀ ਚਾਹੀਦੀ ਹੈ।''

Muneshwar Manjhi got his MGNREGA job card seven years ago, but he was never offered any work.
PHOTO • Umesh Kumar Ray
PHOTO • Umesh Kumar Ray

ਖੱਬੇ: 7 ਸਾਲ ਪਹਿਲਾਂ ਮੁਨੇਸ਼ਵਰ ਮਾਂਝੀ ਨੂੰ ਮਨਰੇਗਾ ਜਾਬ ਕਾਰਡ ਤਾਂ ਮਿਲ਼ਿਆ, ਪਰ ਕੰਮ ਕੋਈ ਨਾ ਮਿਲ਼ਿਆ। ਸੱਜੇ: ਉਨ੍ਹਾਂ ਦੇ ਪਰਿਵਾਰ ਦੇ ਸੱਤੋਂ ਮੈਂਬਰ ਇੱਕੋ ਕਮਰੇ ਵਿੱਚ ਸੌਂਦੇ ਹਨ ਜਿਹਦੀ ਕੋਈ ਖਿੜਕੀ ਤੱਕ ਨਹੀਂ

2021 ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋਣ ਨਾਲ਼ ਉਹ ਕਰਜੇ ਦੀ ਜਿਲ੍ਹਣ ਵਿੱਚ ਧੱਕੇ ਗਏ। ਅੰਤਮ ਰਸਮਾਂ ਕਰਨ ਅਤੇ ਰਿਵਾਜ ਮੁਤਾਬਕ ਭਾਈਚਾਰੇ ਨੂੰ ਖਾਣਾ ਖੁਆਉਣ ਲਈ ਮੁਨੇਸ਼ਵਰ ਨੇ ਕਿਸੇ ਰਾਜਪੂਤ ਨਿੱਜੀ ਸ਼ਾਹੂਕਾਰ ਪਾਸੋਂ 5 ਫੀਸਦ ਵਿਆਜ ਦਰ 'ਤੇ 20,000 ਰੁਪਏ ਉਧਾਰ ਚੁੱਕੇ। ''ਜੇ ਸ਼ਰਾਬ 'ਤੇ ਪਾਬੰਦੀ ਨਾ ਹੁੰਦੀ ਤਾਂ ਕੁਝ ਪੈਸਾ ਜ਼ਰੂਰ ਬਚਾ (ਹੋਰ ਹੋਰ ਸ਼ਰਾਬ ਕੱਢ ਕੇ) ਲੈਂਦਾ ਅਤੇ ਕਰਜਾ ਮੋੜ ਦਿੰਦਾ। ਘਰ ਵਿੱਚ ਜੇਕਰ ਕੋਈ ਬੀਮਾਰ ਪੈ ਜਾਵੇ, ਮੈਨੂੰ ਤਾਂ ਵੀ ਕਰਜਾ ਚੁੱਕਣਾ ਪੈਂਦਾ ਹੈ। ਦੱਸੋ ਇਸ ਤਰੀਕੇ ਨਾਲ਼ ਅਸੀਂ ਕਦੋਂ ਤੱਕ ਜਿਊਂਦੇ ਰਹਿ ਸਕਦੇ ਹਾਂ?'' ਉਹ ਸਵਾਲ ਕਰਨ ਦੇ ਲਹਿਜੇ ਵਿੱਚ ਕਹਿੰਦੇ ਹਨ।

ਪਹਿਲਾਂ, ਮੁਨੇਸ਼ਵਰ ਚੰਗੀ ਨੌਕਰੀ ਦੀ ਭਾਲ਼ ਵਿੱਚ ਹੋਰਨਾਂ ਰਾਜਾਂ ਵਿੱਚ ਜਾਇਆ ਕਰਦੇ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ। ਪਹਿਲੀ ਵਾਰੀ, ਉਹ ਸਾਲ 2016 ਵਿੱਚ ਨਿਰਮਾਣ-ਥਾਵਾਂ 'ਤੇ ਮਜ਼ਦੂਰੀ ਕਰਨ ਲਈ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਗਏ, ਪਰ ਤਿੰਨ ਮਹੀਨਿਆਂ ਵਿੱਚ ਹੀ ਘਰ ਮੁੜ ਆਏ। ਉਹ ਦੱਸਦੇ ਹਨ,''ਜੋ ਠੇਕੇਦਾਰ ਮੈਨੂੰ ਉੱਥੇ ਲੈ ਗਿਆ ਸੀ, ਉਹ ਮੈਨੂੰ ਕੰਮ ਨਹੀਂ ਸੀ ਦੇ ਰਿਹਾ। ਇਸਲਈ ਮੈਂ ਨਿਰਾਸ਼ ਹੋ ਗਿਆ ਅਤੇ ਵਾਪਸ ਮੁੜ ਆਇਆ।'' ਸਾਲ 2018 ਵਿੱਚ, ਉਹ ਉੱਤਰ ਪ੍ਰਦੇਸ਼ ਗਏ ਇਸ ਵਾਰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਵਾਪਸ ਪਰਤ ਆਏ। ਉਹ ਦੱਸਦੇ ਹਨ,''ਮੈਨੂੰ ਸੜਕਾਂ ਪੁੱਟਣ ਬਦਲੇ ਮਹੀਨੇ ਦੇ ਸਿਰਫ਼ 6,000 ਰੁਪਏ ਮਿਲ਼ਦੇ। ਇਸਲਈ ਮੈਂ ਵਾਪਸ ਆ ਗਿਆ। ਉਸ ਤੋਂ ਬਾਅਦ ਮੈਂ ਕਦੇ ਕਿਤੇ ਨਹੀਂ ਗਿਆ।''

ਰਾਜ ਦੀਆਂ ਕਲਿਆਣਕਾਰੀ ਨੀਤੀਆਂ ਨਾਲ਼ ਵੀ ਮੁਸਾਹਰੀ ਟੋਲੇ ਦੇ ਜੀਵਨ 'ਤੇ ਕੋਈ ਅਸਰ ਨਾ ਪਿਆ। ਰੁਜ਼ਗਾਰ ਪੈਦਾ ਕਰਨ ਦੇ ਕੋਈ ਉਪਾਅ ਤਾਂ ਕੀਤੇ ਨਹੀਂ ਗਏ, ਪਰ ਟੋਲੇ ਦਾ ਸੰਚਾਲਨ ਕਰਨ ਵਾਲ਼ੀ ਗ੍ਰਾਮ ਪੰਚਾਇਤ ਦੇ ਮੁਖੀਆ ਸਥਾਨਕ ਨਿਵਾਸੀਆਂ ਨੂੰ ਸ਼ਰਾਬ ਕੱਢਣੀ ਬੰਦ ਕਰਨ ਲਈ ਕਹਿ ਰਹੇ ਹਨ। ਮੁਨੇਸ਼ਵਰ ਕਹਿੰਦੇ ਹਨ,''ਸਰਕਾਰ ਨੇ ਸਾਡੇ ਕੋਲ਼ੋਂ ਪੱਲਾ ਝਾੜ ਲਿਆ ਹੈ। ਅਸੀਂ ਬੇਸਹਾਰਾ ਹੋ ਗਏ ਹਾਂ। ਕ੍ਰਿਪਾ ਕਰਕੇ ਸਰਕਾਰ ਕੋਲ਼ ਜਾਓ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਟੋਲੇ ਅੰਦਰ ਇੱਕ ਵੀ ਗੁ਼ਸਲ/ਪਖ਼ਾਨਾ ਨਹੀਂ ਦੇਖਿਆ। ਸਰਕਾਰ ਸਾਡੀ ਬਾਂਹ ਨਹੀਂ ਫੜ੍ਹਦੀ, ਇਸਲਈ ਸਾਨੂੰ ਸ਼ਰਾਬ ਕੱਢਣੀ ਪੈਂਦੀ ਹੈ। ਜੇ ਸਰਕਾਰ ਸਾਨੂੰ ਕੋਈ ਕੰਮ-ਧੰਦਾ ਦੇ ਦੇਵੇ ਜਾਂ ਛੋਟੀ ਮੋਟੀ ਦੁਕਾਨ ਸ਼ੁਰੂ ਕਰਨ ਲਈ ਪੈਸਾ ਹੀ ਦੇ ਦੇਵੇ ਤਾਂ ਅਸੀਂ ਮਾਸ-ਮੱਛੀ ਦੀ ਦੁਕਾਨ ਖੋਲ੍ਹ ਲਵਾਂਗੇ, ਸ਼ਰਾਬ ਦਾ ਕਾਰੋਬਾਰ ਬੰਦ ਕਰ ਦਿਆਂਗੇ।''

ਮੁਸਾਹਰੀ ਟੋਲੇ ਦੇ 21 ਸਾਲਾ ਮੋਤੀਲਾਲ ਕੁਮਾਰ ਵਾਸਤੇ ਹੁਣ ਮਹੂਏ ਤੋਂ ਦਾਰੂ ਕੱਢਣੀ ਹੀ ਆਮਦਨੀ ਦਾ ਮੁੱਖ ਵਸੀਲਾ ਹੈ। ਉਨ੍ਹਾਂ ਨੇ ਖੇਤਾਂ ਵਿੱਚ ਕਦੇ-ਕਦਾਈਂ ਲੱਗਣ ਵਾਲ਼ੀਆਂ ਦਿਹਾੜੀਆਂ ਅਤੇ ਘੱਟ ਮਿਲ਼ਦੀ ਉਜਰਤ ਤੋਂ ਪਰੇਸ਼ਾਨ ਹੋ ਕੇ ਸਾਲ 2016 ਵਿੱਚ ਸ਼ਰਾਬਬੰਦੀ ਲਾਗੂ ਹੋਣ ਤੋਂ 2-3 ਮਹੀਨੇ ਪਹਿਲਾਂ ਸ਼ਰਾਬ ਕੱਢਣੀ ਸ਼ੁਰੂ ਕਰ ਦਿੱਤੀ ਸੀ। ਉਹ ਕਹਿੰਦੇ ਹਨ,''ਸਾਨੂੰ ਦਿਹਾੜੀ ਦੇ ਰੂਪ ਵਿੱਚ ਸਿਰਫ਼ 5 ਕਿਲੋ ਚੌਲ਼ ਹੀ ਦਿੱਤੇ ਜਾਂਦੇ ਸਨ।'' ਸਾਲ 2020 ਵਿੱਚ ਉਨ੍ਹਾਂ ਨੂੰ ਸਿਰਫ਼ ਦੋ ਮਹੀਨੇ ਹੀ ਖੇਤ ਮਜ਼ਦੂਰੀ ਦਾ ਕੰਮ ਮਿਲ਼ ਸਕਿਆ।

Motilal Kumar’s mother Koeli Devi checking the stove to ensure the flames reach the handi properly. The entire family works to distil the mahua daaru.
PHOTO • Umesh Kumar Ray
Motilal and Koeli Devi in front of their house in the Musahari tola
PHOTO • Umesh Kumar Ray

ਖੱਬੇ : ਮੋਤੀਲਾਲ ਕੁਮਾਰ ਦੀ ਮਾਂ ਕੋਇਲੀ ਦੇਵੀ ਚੁੱਲ੍ਹੇ ਦੀ ਅੱਗ ਜਾਂਚਦੀ ਹਨ ਅਤੇ ਇਹ ਦੇਖਦੀ ਹਨ ਕਿ ਲਪਟਾਂ ਹਾਂਡੀ ਤੀਕਰ ਪਹੁੰਚ ਤਾਂ ਰਹੀਆਂ ਹਨ। ਪੂਰਾ ਪਰਿਵਾਰ ਮਹੂਏ ਤੋਂ ਦਾਰੂ ਕੱਢਣ ਦਾ ਕੰਮ ਕਰਦਾ ਹੈ। ਸੱਜੇ : ਮੁਸਹਰੀ ਟੋਲੇ ਵਿੱਚ ਆਪਣੇ ਘਰ ਦੇ ਸਾਹਮਣੇ ਖੜ੍ਹੇ ਮੋਤੀਲਾਲ ਅਤੇ ਕੋਇਲੀ ਦੇਵੀ

ਮੋਤੀਲਾਲ, ਉਨ੍ਹਾਂ ਦੀ ਮਾਂ ਕੋਇਲੀ ਦੇਵੀ (51 ਸਾਲਾ) ਅਤੇ ਉਨ੍ਹਾਂ ਦੀ ਪਤਨੀ ਬੁਲਾਕੀ ਦੇਵੀ (20 ਸਾਲਾ) ਦੇ ਨਾਲ਼ ਰਲ਼ ਕੇ ਮਹੂਆ ਦਾਰੂ ਕੱਢਦੇ ਹਨ। ਉਹ ਹਰ ਮਹੀਨੇ ਕਰੀਬ 24 ਲੀਟਰ ਦਾਰੂ ਕੱਢਦੇ ਹਨ। ਮੋਤੀਲਾਲ ਕਹਿੰਦੇ ਹਨ,''ਦਾਰੂ ਕੱਢ ਕੇ ਮੈਂ ਜੋ ਵੀ ਪੈਸਾ ਕਮਾਉਂਦਾ ਹਾਂ ਉਹ ਪਰਿਵਾਰ ਦੇ ਭੋਜਨ, ਕੱਪੜੇ ਅਤੇ ਦਵਾਈ ਵਗੈਰਾ 'ਤੇ ਹੀ ਖ਼ਰਚ ਹੋ ਜਾਂਦਾ ਹੈ। ਅਸੀਂ ਬੜੇ ਗ਼ਰੀਬ ਹਾਂ। ਸ਼ਰਾਬ ਕੱਢਣ ਤੋਂ ਬਾਅਦ ਵੀ ਪੈਸਾ ਨਹੀਂ ਬਚਾ ਪਾ ਰਹੇ ਹਾਂ। ਮੈਂ ਜਿਵੇਂ-ਕਿਵੇਂ ਕਰਕੇ ਆਪਣੀ ਧੀ, ਅਨੂ ਦੀ ਦੇਖਭਾਲ਼ ਕਰ ਰਿਹਾ ਹਾਂ। ਜੇ ਮੈਂ ਜ਼ਿਆਦਾ ਸ਼ਰਾਬ ਕੱਢਾਂ ਤਾਂ ਮੇਰੀ ਆਮਦਨੀ ਵੱਧ ਜਾਵੇਗੀ। ਇਹਦੇ ਵਾਸਤੇ ਮੈਨੂੰ ਪੈਸੇ ਦੀ ਲੋੜ ਹੈ, ਜੋ ਮੇਰੇ ਕੋਲ਼ ਹੈ ਹੀ ਨਹੀਂ।''

ਮਹਾਂਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜਗਾਰ ਗਾਰੰਟੀ (ਮਨਰੇਗਾ) ਐਕਟ ਰਾਹੀਂ ਇੱਥੋਂ ਦੇ ਮੁਸਾਹਰਾਂ ਨੂੰ ਕੋਈ ਖ਼ਾਸ ਮਦਦ ਨਹੀਂ ਮਿਲ਼ੀ। ਮੁਨੇਸ਼ਵਰ ਨੇ ਸੱਤ ਸਾਲ ਪਹਿਲਾਂ ਮਨਰੇਗਾ ਕਾਰਡ ਬਣਵਾਇਆ ਸੀ, ਪਰ ਉਨ੍ਹਾਂ ਨੂੰ ਕਦੇ ਕੋਈ ਕੰਮ ਨਹੀਂ ਮਿਲ਼ਿਆ। ਮੋਤੀਲਾਲ ਦੇ ਕੋਲ਼ ਨਾ ਤਾਂ ਮਨਰੇਗਾ ਕਾਰਡ ਹੈ ਅਤੇ ਨਾ ਹੀ ਅਧਾਰ ਕਾਰਡ। ਟੋਲਾ ਦੇ ਕਈ ਨਿਵਾਸੀਆਂ ਨੂੰ ਜਾਪਦਾ ਹੈ ਕਿ ਜਿਵੇਂ ਅਧਾਰ ਬਣਵਾਉਣਾ, ਪੈਸੇ ਠੱਗਣ/ਵਸੂਲਣ ਦੀ ਇੱਕ ਸਰਕਾਰੀ ਚਾਲ਼ ਹੈ। ਮੋਤੀਲਾਲ ਕਹਿੰਦੇ ਹਨ,''ਜਦੋਂ ਅਸੀਂ ਬਲਾਕ ਦਫ਼ਤਰ (ਤਿੰਨ ਕਿਲੋਮੀਟਰ ਦੂਰ) ਜਾਂਦੇ ਹਾਂ ਤਾਂ ਉਹ ਮੁਖੀਆ ਦੇ ਦਸਤਖ਼ਤ ਵਾਲ਼ਾ ਪੱਤਰ ਮੰਗਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਮੁਖੀਆ ਦੇ ਹਸਤਾਖ਼ਰਾਂ ਵਾਲ਼ਾ ਪੱਤਰ ਦੇ ਦੇਈਏ ਤਾਂ ਉਹ ਸਕੂਲੋਂ ਕਾਗ਼ਜ਼ ਲਿਆਉਣ ਲਈ ਕਿਹੰਦੇ ਹਨ। ਜਦੋਂ ਮੈਂ ਸਕੂਲ ਦਾ ਕਾਗ਼ਜ਼ ਵੀ ਦੇ ਦੇਵਾਂ ਤਾਂ ਉਹ ਅਖ਼ੀਰ ਪੈਸੇ ਮੰਗਦੇ ਹਨ,'' ਮੋਤੀ ਲਾਲ ਕਹਿੰਦੇ ਹਨ। ''ਮੈਨੂੰ ਇਹ ਵੀ ਪਤਾ ਹੈ ਕਿ ਬਲਾਕ ਅਧਿਕਾਰੀ 2,000-3,000 ਰੁਪਏ ਰਿਸ਼ਤਵ ਲੈਣ ਤੋਂ ਬਾਅਦ ਹੀ ਅਧਾਰ ਕਾਰਡ ਦਿੰਦੇ ਹਨ। ਪਰ ਮੇਰੇ ਕੋਲ਼ ਪੈਸੇ ਕਿੱਥੇ।!''

ਮੁਸਾਹਰੀ ਟੋਲੇ ਵਿੱਚ ਰਹਿਣ ਦੀਆਂ ਹਾਲਤਾਂ ਭੋਰਾ ਠੀਕ ਨਹੀਂ ਹਨ। ਇੱਥੇ ਕੋਈ ਪਖ਼ਾਨਾ ਨਹੀਂ, ਇੱਥੋਂ ਤੱਕ ਕਿ ਜਨਤਕ ਪਖ਼ਾਨਾ ਤੱਕ ਨਹੀਂ। ਕਿਸੇ ਵੀ ਘਰ ਵਿੱਚ ਐੱਲਪੀਜੀ ਕੁਨੈਕਸ਼ਨ ਤੱਕ ਨਹੀਂ- ਲੋਕ ਅਜੇ ਵੀ ਚੁੱਲ੍ਹਿਆਂ 'ਤੇ ਹੀ ਖਾਣਾ ਪਕਾਉਂਦੇ ਹਨ ਅਤੇ ਚੁੱਲ੍ਹਿਆਂ 'ਤੇ ਹੀ ਦਾਰੂ ਕੱਢਦੇ ਹਨ। ਹਾਲਾਂਕਿ, ਤਿੰਨ ਕਿਲੋਮੀਟਰ ਦੀ ਦੂਰੀ 'ਤੇ ਇੱਕ ਪ੍ਰਾਇਮਰੀ ਸਿਹਤ ਕੇਂਦਰ ਹੈ, ਪਰ ਇਸ ਦੇ ਅਧੀਨ ਵੀ ਦਰਜ਼ਨ ਕੁ ਪੰਚਾਇਤਾਂ ਆਉਂਦੀਆਂ ਹਨ ਅਤੇ ਇਹ ਇਕਲੌਤਾ ਸਿਹਤ ਕੇਂਦਰ ਹੈ। ਮੁਖੀਆ ਕਹਿੰਦੇ ਹਨ,''ਇਲਾਜ ਵਾਸਤੇ ਲੋੜੀਂਦੀਆਂ ਸਹੂਲਤਾਂ ਨਹੀਂ ਹਨ, ਇਸਲਈ ਲੋਕ ਨਿੱਜੀ ਕਲੀਨਿਕਾਂ ਸਿਰ ਨਿਰਭਰ ਹਨ।'' ਨਿਵਾਸੀਆਂ ਦੀ ਗੱਲ ਕਰੀਏ ਤਾਂ ਮਹਾਂਮਾਰੀ ਦੌਰਾਨ, ਟੋਲੇ ਵਿੱਚ ਇੱਕ ਵੀ ਕੋਵਿਡ-19 ਟੀਕਾਕਰਨ ਕੈਂਪ ਨਹੀਂ ਲਾਇਆ ਗਿਆ। ਜਾਗਰੂਕਤਾ ਫੈਲਾਉਣ ਲਈ, ਕਿਸੇ ਵੀ ਸਰਕਾਰੀ ਸਿਹਤ ਅਧਿਕਾਰੀ ਨੇ ਇਲਾਕੇ ਦਾ ਦੌਰਾ ਤੱਕ ਨਹੀਂ ਕੀਤਾ।

ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਵਿਚਾਲੇ, ਸ਼ਰਾਬ ਦੀ ਵਿਕਰੀ ਦੇ ਸਹਾਰੇ ਹੀ ਟੋਲੇ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਰਿਹਾ ਹੈ। ''ਸਾਨੂੰ ਕਿਤੇ ਵੀ ਕੋਈ ਨੌਕਰੀ ਨਹੀਂ ਮਿਲ਼ੀ, ਇਸਲਈ ਅਸੀਂ ਮਜ਼ਬੂਰੀ ਵੱਸ ਪੈ ਕੇ ਸ਼ਰਾਬ ਕੱਢਣ ਲੱਗੇ,'' ਮੋਤੀ ਲਾਲ ਕਹਿੰਦੇ ਹਨ। ''ਸਾਡਾ ਗੁਜ਼ਾਰਾ ਸਿਰਫ਼ ਸ਼ਰਾਬ ਦੀ ਵਿਕਰੀ ਸਿਰ ਹੀ ਚੱਲ ਰਿਹਾ ਹੈ। ਜੇ ਅਸੀਂ ਸ਼ਰਾਬ ਨਾ ਕੱਢੀਏ ਤਾਂ ਭੁੱਖੇ ਹੀ ਮਰ ਜਾਈਏ।''

ਸੁਰੱਖਿਆ ਦੇ ਲਿਹਾਜ ਤੋਂ ਸਟੋਰੀ ਅੰਦਰਲੇ ਲੋਕਾਂ ਦੇ ਅਤੇ ਥਾਵਾਂ ਦੇ ਨਾਮ ਬਦਲ ਦਿੱਤੇ ਗਏ ਹਨ।

ਤਰਜਮਾ: ਕਮਲਜੀਤ ਕੌਰ

Umesh Kumar Ray

Umesh Kumar Ray is a freelance journalist based in Bihar

Other stories by Umesh Kumar Ray
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur