ਉਹ ਆਪਣੇ ਬੈਗ ਵਿੱਚੋਂ ਰੈਪਿਡ ਮਲੇਰੀਆ ਟੈਸਟ ਕਿਟ ਲੱਭਦੀ ਹਨ। ਉਨ੍ਹਾਂ ਦੇ ਬੈਗ ਵਿੱਚ ਦਵਾਈਆਂ, ਸੇਲਾਇਨ ਦੀਆਂ ਬੋਤਲਾਂ, ਆਇਰਨ ਦੀਆਂ ਗੋਲ਼ੀਆਂ, ਟੀਕੇ, ਬੀ.ਪੀ. ਮਸ਼ੀਨ ਅਤੇ ਹੋਰ ਵੀ ਬੜਾ ਸਮਾਨ ਭਰਿਆ ਪਿਆ ਹੈ। ਜਿਸ ਔਰਤ ਦਾ ਪਰਿਵਾਰ ਦੋ ਦਿਨਾਂ ਤੋਂ ਉਨ੍ਹਾਂ (ਜਯੋਤੀ) ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹੀ ਔਰਤ ਬਿਸਤਰੇ 'ਤੇ ਨਿਢਾਲ਼ ਪਈ ਹੋਈ ਹੈ। ਉਹਦਾ ਤਾਪਮਾਨ ਤੇਜ਼ੀ ਨਾਲ਼ ਵੱਧ ਰਿਹਾ ਹੈ। ਉਹਦੀ ਜਾਂਚ ਪੌਜੀਟਿਵ ਆਈ ਹੈ।
ਉਹ ਦੋਬਾਰਾ ਆਪਣੇ ਬੈਗ ਵਿੱਚ ਝਾਤੀ ਮਾਰਦੀ ਹੈ। ਇਸ ਵਾਰ ਉਹ 500 ਐੱਮ.ਐੱਲ. ਡੇਕਸਟ੍ਰੋਜ ਇੰਟ੍ਰਾਵੇਂਸ (ਆਈ.ਵੀ.) ਸੌਲਿਊਸ਼ਨ ਭਾਲ਼ ਰਹੀ ਹੈ। ਉਹ ਤੇਜ਼ੀ ਨਾਲ਼ ਉਸ ਔਰਤ ਦੇ ਬੈੱਡ ਵੱਲ ਅੱਗੇ ਵੱਧਦੀ ਹੈ ਅਤੇ ਛੱਤ ਤੋਂ ਲਮਕ ਰਹੇ ਸਰੀਏ ਨਾਲ਼ ਪਲਾਸਟਿਕ ਦੀ ਰੱਸੀ ਲਪੇਟ ਦਿੰਦੀ ਹੈ ਅਤੇ ਕਾਹਲੀ ਕਾਹਲੀ ਉਸ ਰੱਸੀ ਨਾਲ਼ ਆਈ.ਵੀ. ਬੋਤਲ ਬੰਨ੍ਹ ਦਿੰਦੀ ਹੈ।
35 ਸਾਲਾ ਜਯੋਤੀ ਪ੍ਰਭਾ ਕਿਸਪੋਟਾ ਪਿਛਲੇ 10 ਸਾਲਾਂ ਤੋਂ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਪਿੰਡਾਂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ (ਮੈਡੀਕਲ) ਦੇ ਰਹੀ ਹਨ। ਉਨ੍ਹਾਂ ਕੋਲ਼ ਨਾ ਤਾਂ ਡਾਕਟਰ ਦੀ ਡਿਗਰੀ ਹੈ ਅਤੇ ਨਾ ਹੀ ਉਹ ਕੋਈ ਸਿਖਲਾਈ ਪ੍ਰਾਪਤ ਨਰਸ ਹੀ ਹਨ। ਉਹ ਕਿਸੇ ਸਰਕਾਰੀ ਹਸਪਤਾਲ ਜਾਂ ਸਿਹਤ ਸੇਵਾ ਕੇਂਦਰ ਨਾਲ਼ ਜੁੜੀ ਵੀ ਨਹੀਂ ਹੋਈ। ਪਰ ਉਰਾਂਵ ਭਾਈਚਾਰੇ ਦੀ ਇਹ ਔਰਤ ਪੱਛਮੀ ਸਿੰਘਭੂਮ ਦੇ ਆਦਿਵਾਸੀ ਬਹੁਗਿਣਤੀ ਪਿੰਡਾਂ ਲਈ ਪਹਿਲਾ ਸਹਾਰਾ ਹਨ ਅਤੇ ਅਕਸਰ ਅਖ਼ੀਰਲੀ ਉਮੀਦ ਵੀ ਹਨ। ਇੱਕ ਅਜਿਹਾ ਪਿੰਡ ਜੋ ਖ਼ਸਤਾ-ਹਾਲਤ ਸਰਕਾਰੀ ਸੇਵਾਵਾਂ ਦੇ ਵੱਸ ਪਿਆ ਹੈ।
ਉਹ (ਜਯੋਤੀ) ਉਨ੍ਹਾਂ ਸਾਰੇ 'ਆਰਐੱਮਪੀ' ਵਿੱਚੋਂ ਹੀ ਇੱਕ ਹਨ, ਜਿਨ੍ਹਾਂ ਬਾਰੇ ਖੇਤਰੀ ਸਰਵੇਖਣ ਇਹ ਦੱਸਦੇ ਹਨ ਕਿ ਪੇਂਡੂ ਇਲਾਕਿਆਂ ਵਿੱਚ 70 ਫ਼ੀਸਦ ਸਿਹਤ ਸੇਵਾਵਾਂ ਸਾਰੇ ਆਰਐੱਮਪੀ ਦੁਆਰਾ ਹੀ ਉਪਲਬਧ ਕਰਾਈਆਂ ਜਾ ਰਹੀਆਂ ਹਨ। ਇੱਥੇ ਆਰਐੱਮਪੀ ਦਾ ਮਤਲਬ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਨਹੀਂ ਸਗੋਂ 'ਰੂਰਲ ਮੈਡੀਕਲ ਪ੍ਰੈਕਟਿਸ਼ਨਰ' ਹੈ ਜਿਨ੍ਹਾਂ ਨੂੰ ਅਸੀਂ ਬੋਲਚਾਲ਼ ਦੀ ਭਾਸ਼ਾ ਵਿੱਚ ਝੋਲ਼ਾ ਛਾਪ ਡਾਕਟਰ ਕਹਿੰਦੇ ਹਾਂ। ਪੇਂਡੂ ਇਲਾਕਿਆਂ ਵਿੱਚ ਇਹ ਕੱਚਘੜ੍ਹ ਡਾਕਟਰ ਸਮਨਾਂਤਰ ਰੂਪ ਵਿੱਚ ਨਿੱਜੀ ਸੇਵਾਵਾਂ ਦਿੰਦੇ ਆਏ ਹਨ। ਅਕਾਦਮਿਕ ਸੰਸਾਰ ਦੀ ਗੱਲ ਕਰੀਏ ਤਾਂ ਇਨ੍ਹਾਂ ਅਯੋਗ ਮੈਡੀਕਲ ਪ੍ਰੈਕਟਿਸ਼ਨਰਾਂ ਨੂੰ ਨੀਮ ਹਕੀਮਾਂ ਕਹਿ ਕੇ ਹੇਅ ਦੀ ਨਜ਼ਰ ਨਾਲ਼ ਦੇਖਿਆ ਜਾਂਦਾ ਹੈ ਅਤੇ ਜੇ ਸਿਹਤ ਸੰਭਾਲ਼ ਬਾਰੇ ਸਰਕਾਰੀ ਨੀਤੀਆਂ ਦੀ ਗੱਲ ਕਰੀਏ ਤਾਂ ਇਹ ਇੱਕ ਦੁਵਿਧਾ ਬਣ ਕੇ ਸਾਹਮਣੇ ਆਉਂਦੇ ਹਨ।
ਆਰਐੱਮਪੀ ਅਕਸਰ ਭਾਰਤ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਪੰਜੀਕ੍ਰਿਤ ਨਹੀਂ ਹੁੰਦੇ। ਹੋ ਸਕਦੇ ਹੈ ਇਨ੍ਹਾਂ ਵਿੱਚੋਂ ਕੁਝ ਹੋਮਿਊਪੈਥ ਜਾਂ ਯੂਨਾਨੀ ਡਾਕਟਰ ਵਜੋਂ ਪੰਜੀਕ੍ਰਿਤ ਹੁੰਦੇ ਹੋਣ ਪਰ ਉਹ ਐਲੋਪੈਥੀ ਦਵਾਈਆਂ ਜ਼ਰੀਏ ਵੀ ਮਰੀਜ਼ਾਂ ਦਾ ਇਲਾਜ ਕਰਦੇ ਹਨ।
ਜਯੋਤੀ ਕੋਲ਼ ਐਲੋਪੈਥੀ ਦਵਾਈਆਂ ਦਾ ਇੱਕ ਆਰਐੱਮਪੀ ਸਰਟੀਫ਼ਿਕੇਟ ਤਾਂ ਹੈ, ਜਿਹਨੂੰ ਕਾਊਂਸਲ ਆਫ਼ ਅਨਇੰਪਲਾਇਡ ਰੂਰਲ ਮੈਡੀਕਲ ਪ੍ਰੈਕਟਿਸ਼ਨਰ ਨਾਮਕ ਇੱਕ ਨਿੱਜੀ ਸੰਸਥਾ ਨੇ ਜਾਰੀ ਕੀਤਾ ਹੈ। ਸਰਟੀਫ਼ਿਕੇਟ ਦਾਅਵਾ ਕਰਦਾ ਹੈ ਕਿ ਇਹ ਸੰਸਥਾ ਬਿਹਾਰ ਸਰਕਾਰ ਦੁਆਰਾ ਪੰਜੀਕ੍ਰਿਤ ਹੈ। ਜਯੋਤੀ ਨੇ 10,000 ਰੁਪਏ ਦੇ ਕੇ ਉੱਥੋਂ 6 ਮਹੀਨੇ ਦਾ ਇਹ ਕੋਰਸ ਕੀਤਾ ਸੀ। ਇਸ ਸੰਸਥਾ ਦਾ ਹੁਣ ਕੋਈ ਥਹੁ-ਪਤਾ ਹੀ ਨਹੀਂ।
*****
ਮਰੀਜ਼ ਦੇ ਦੋਸਤ ਨੂੰ ਕੁਝ ਹਦਾਇਤਾਂ ਦੇ ਕੇ ਦਵਾਈਆਂ ਹਵਾਲੇ ਕਰਨ ਤੋਂ ਪਹਿਲਾਂ, ਜਯੋਤੀ ਆਈ.ਵੀ. ਬੋਤਲ ਦੇ ਖਾਲੀ ਹੋਣ ਦੀ ਉਡੀਕ ਕਰਦੀ ਹਨ। ਅਸੀਂ ਉਨ੍ਹਾਂ ਦੀ ਬਾਈਕ ਤੱਕ ਪਹੁੰਚਣ ਲਈ ਕੋਈ 20 ਮਿੰਟ ਪੈਦਲ ਤੁਰਦੇ ਹਾਂ। ਸੜਕਾਂ ਦੀ ਖ਼ਰਾਬ ਹਾਲਤ ਕਾਰਨ ਉਨ੍ਹਾਂ ਨੂੰ ਆਪਣੀ ਬਾਈਕ ਦੂਰ ਹੀ ਖੜ੍ਹੀ ਕਰਨੀ ਪਈ ਸੀ।
ਪੱਛਮੀ ਸਿੰਘਭੂਮ ਜ਼ਿਲ੍ਹਾ ਖਣਿਜਾਂ ਦੇ ਮਾਮਲੇ ਵਿੱਚ ਖ਼ੁਸ਼ਹਾਲ ਹੈ, ਪਰ ਹਸਪਤਾਲਾਂ, ਸਾਫ਼ ਪਾਣੀ, ਵਿੱਦਿਅਕ ਸੰਸਥਾਵਾਂ ਅਤੇ ਰੁਜ਼ਗਾਰ ਜਿਹੀਆਂ ਬੁਨਿਆਦੀ ਸੁਵਿਧਾਵਾਂ ਤੱਕ ਬਣਦੀ ਪਹੁੰਚ ਤੋਂ ਸੱਖਣਾ ਹੈ। ਇਹ ਜਯੋਤੀ ਦਾ ਗ੍ਰਹਿ ਖੇਤਰ ਹੈ-ਜੰਗਲਾਂ ਅਤੇ ਪਹਾੜਾਂ ਨਾਲ਼ ਘਿਰਿਆ ਹੋਇਆ। ਇਹ ਇਲਾਕਾ ਰਾਜ-ਮਾਓਵਾਦ ਸੰਘਰਸ਼ ਖੇਤਰ ਅਧੀਨ ਵੀ ਆਉਂਦਾ ਹੈ। ਇੱਥੋਂ ਦੀਆਂ ਸੜਕਾਂ ਬੁਰੀ ਹਾਲਤ ਵਿੱਚ ਹਨ, ਮੋਬਾਇਲ ਜਾਂ ਇੰਟਰਨੈੱਟ ਦੀ ਕੁਨੈਕਟੀਵਿਟੀ ਨਾ ਹੋਇਆਂ ਵਰਗੀ ਹੀ ਹੈ। ਇਸ ਕਾਰਨ ਕਰਕੇ ਉਨ੍ਹਾਂ ਨੂੰ ਅਕਸਰ ਪੈਦਲ ਤੁਰ ਕੇ ਹੀ ਪਿੰਡੋ-ਪਿੰਡੀ ਜਾਣਾ ਪੈਂਦਾ ਹੈ। ਸੰਕਟ ਦੀ ਹਾਲਤ ਵਿੱਚ, ਪਿੰਡ ਦੇ ਲੋਕ ਜਯੋਤੀ ਨੂੰ ਲਿਆਉਣ ਵਾਸਤੇ ਕਿਸੇ ਨੂੰ ਸਾਈਕਲ 'ਤੇ ਭੇਜਦੇ ਹਨ।
ਜਯੋਤੀ, ਬੋਰੋਤਿਕਾ ਪਿੰਡ ਵਿੱਚ ਕੱਚੇ ਘਰ ਵਿੱਚ ਰਹਿੰਦੀ ਹਨ। ਉਨ੍ਹਾਂ ਦਾ ਘਰ ਇੱਕ ਭੀੜੀ ਸੜਕ ਦੇ ਕੰਢੇ ਹੈ, ਜੋ ਤੁਹਾਨੂੰ ਪੱਛਮੀ ਸਿੰਘਭੂਮ ਜ਼ਿਲ੍ਹਿਆਂ ਦੇ ਗੋਇਲਕੇਰਾ ਬਲਾਕ ਤੱਕ ਲੈ ਜਾਵੇਗੀ। ਇਸ ਆਦਿਵਾਸੀ ਘਰ ਦੀ ਗੱਲ ਕਰੀਏ ਤਾਂ ਇੱਥੇ ਇੱਕ ਕਮਰਾ ਹੈ ਅਤੇ ਚੁਫ਼ੇਰੇ ਦਲਾਨ ਬਣਿਆ ਹੋਇਆ ਹੈ। ਦਲਾਨ ਦੇ ਇੱਕ ਪਾਸੇ ਦੀ ਮੁਰੰਮਤ ਕਰਵਾ ਕੇ ਰਸੋਈ ਦੀ ਸ਼ਕਲ ਦਿੱਤੀ ਗਈ ਹੈ। ਪੂਰੇ ਪਿੰਡ ਵਿੱਚ ਬਿਜਲੀ ਦੀ ਸਪਲਾਈ ਦਾ ਬੇੜਾ ਗਰਕ ਹੈ ਅਤੇ ਬਾਕੀ ਘਰਾਂ ਵਾਂਗਰ ਇਹ ਘਰ ਵੀ ਹਨ੍ਹੇਰੇ ਵਿੱਚ ਹੀ ਰਹਿੰਦਾ ਹੈ।
ਇਸ ਪਿੰਡ ਦੇ ਇਨ੍ਹਾਂ ਆਦਿਵਾਸੀ ਘਰਾਂ ਵਿੱਚ ਬਹੁਤੀਆਂ ਖਿੜਕੀਆਂ ਨਹੀਂ ਹਨ। ਲੋਕ ਅਕਸਰ ਦਿਨ ਵੇਲ਼ੇ ਵੀ ਘਰ ਦੇ ਕੋਨਿਆਂ ਵਿੱਚ ਛੋਟੀ ਟਾਰਚ ਜਾਂ ਲਾਲਟੈਣ ਬਾਲ਼ੀ ਰੱਖਦੇ ਹਨ। ਜਯੋਤੀ ਇੱਥੇ ਆਪਣੇ 38 ਸਾਲਾ ਪਤੀ ਸੰਦੀਪ ਧਨਵਾਰ, ਮਾਂ 71 ਸਾਲਾ ਜੁਲਿਆਨੀ ਕਿਸਪੋਟਾ ਅਤੇ ਆਪਣੇ ਭਰਾ ਦੇ ਅੱਠ ਸਾਲਾ ਬੇਟੇ ਜਾਨਸਨ ਕਿਸਪੋਟਾ ਦੇ ਨਾਲ਼ ਰਹਿੰਦੀ ਹਨ। ਜਯੋਤੀ ਦੇ ਪਤੀ ਸੰਦੀਪ ਵੀ ਉਨ੍ਹਾਂ ਵਾਂਗਰ ਹੀ ਆਰਐੱਮਪੀ ਹਨ।
ਇੱਕ ਸਾਈਕਲ ਸਵਾਰ ਜਯੋਤੀ ਨੂੰ ਭਾਲ਼ਦਾ ਹੋਇਆ ਉਨ੍ਹਾਂ ਦੇ ਘਰ ਅੱਪੜਦਾ ਹੈ। ਉਹ ਆਪਣਾ ਖਾਣਾ ਵਿਚਾਲੇ ਛੱਡ ਨਵੇਂ ਮਾਮਲੇ ਨੂੰ ਦੇਖਣ ਵਾਸਤੇ ਆਪਣਾ ਬੈਗ ਚੁੱਕਦੀ ਹਨ। ਆਪਣੀ ਧੀ ਨੂੰ ਜਾਂਦਿਆਂ ਦੇਖ ਮਾਂ ਜੁਲਿਆਨੀ ਜ਼ੋਰ ਦੇਣੀ ਅਵਾਜ਼ ਮਾਰ ਕੇ ਕਹਿੰਦੀ ਹਨ , '' ਭਾਤ ਖਾਏ ਕੇ ਤੋ ਜਾਤੇ। '' ਜਯੋਤੀ ਘਰੋਂ ਬਾਹਰ ਜਾਂਦੇ ਹੋਏ ਕਹਿੰਦੀ ਹਨ,''ਉਨ੍ਹਾਂ ਨੂੰ ਮੇਰੀ ਹੁਣੇ ਲੋੜ ਹੈ। ਮੈਨੂੰ ਰੋਟੀ ਤਾਂ ਕਿਤੇ ਵੀ ਮਿਲ਼ ਜਾਊ, ਪਰ ਮਰੀਜ਼ ਵੱਧ ਜ਼ਰੂਰੀ ਏ।'' ਮਾਂ ਨਾਲ਼ ਗੱਲ ਕਰਦਿਆਂ ਉਹ ਆਪਣਾ ਇੱਕ ਪੈਰ ਬਾਹਰ ਧਰਦੀ ਜਾਂਦੀ ਹਨ... ਬੱਸ ਇਹੀ ਨਜ਼ਾਰਾ ਹੈ ਜੋ ਅਕਸਰ ਇਸ ਘਰ ਵਿੱਚ ਦੇਖਣ ਨੂੰ ਮਿਲ਼ਦਾ ਹੈ।
ਜਯੋਤੀ, ਹਰਤਾ ਪੰਚਾਇਤ ਦੇ 16 ਪਿੰਡਾਂ ਵਿੱਚ ਕੰਮ ਕਰਦੀ ਹਨ। ਇਨ੍ਹਾਂ ਵਿੱਚ ਬੋਰੋਤਿਕਾ, ਹੁਟੂਤੂਆ, ਰੰਗਾਮਟੀ, ਮੇਰਡੇਂਡਾ, ਰੋਮਾ, ਕੰਡੀ ਅਤੇ ਓਸਾਮੀ ਪਿੰਡ ਵੀ ਸ਼ਾਮਲ ਹਨ। ਇਹ ਸਾਰੇ 12 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਹਨ। ਹਰ ਮਾਮਲੇ ਨੂੰ ਦੇਖਣ ਲਈ ਉਨ੍ਹਾਂ ਨੂੰ ਕੁਝ ਦੂਰੀ ਪੈਦਲ ਹੀ ਤੈਅ ਕਰਨੀ ਪੈਂਦੀ ਹੈ। ਕਈ ਵਾਰ ਉਨ੍ਹਾਂ ਨੂੰ ਦੂਸਰੀਆਂ ਪੰਚਾਇਤਾਂ, ਜਿਵੇਂ ਰੂਨਘੀਕੋਚਾ ਅਤੇ ਰੌਬਕੇਰਾ ਦੀਆਂ ਔਰਤਾਂ ਵੀ ਫ਼ੋਨ ਕਰਦੀਆਂ ਹਨ।
*****
30 ਸਾਲਾ ਗ੍ਰੇਸੀ ਇੱਕਾ ਦੱਸਦੀ ਹਨ ਕਿ ਕਿਵੇਂ ਮੁਸ਼ਕਲ ਸਮੇਂ ਵਿੱਚ ਜਯੋਤੀ ਨੇ ਉਨ੍ਹਾਂ ਦੀ ਮਦਦ ਕੀਤੀ। ਉਹ ਕਹਿੰਦੀ ਹਨ,''ਸਾਲ 2009 ਦਾ ਵੇਲ਼ਾ ਸੀ ਅਤੇ ਮੇਰੇ ਪਹਿਲਾ ਬੱਚਾ ਜੰਮਣ ਵਾਲ਼ਾ ਸੀ।'' ਉਹ ਬੋਰੋਤਿਕਾ ਦੇ ਆਪਣੇ ਘਰੇ ਵਿਖੇ ਹਨ ਅਤੇ ਸਾਡੇ ਨਾਲ਼ ਗੱਲ ਕਰ ਰਹੀ ਹਨ। ''ਅੱਧੀ ਰਾਤ ਨੂੰ ਬੱਚਾ ਜੰਮਿਆ। ਉਸ ਵੇਲੇ ਮੇਰੇ ਘਰ ਵਿੱਚ ਮੇਰੀ ਬੁੱਢੀ ਸੱਸ ਤੋਂ ਇਲਾਵਾ, ਜਯੋਤੀ ਇਕੱਲੀ ਔਰਤ ਸਨ ਜੋ ਉਸ ਸਮੇਂ ਮੇਰੇ ਨਾਲ਼ ਸਨ। ਬੱਚਾ ਜੰਮਣ ਤੋਂ ਬਾਅਦ ਮੈਨੂੰ ਦਸਤ ਲੱਗੇ ਹੋਏ ਸਨ ਅਤੇ ਮੈਂ ਬੜੀ ਕਮਜ਼ੋਰੀ ਮਹਿਸੂਸ ਕਰ ਰਹੀ ਸਾਂ। ਮੈਂ ਬੋਹੋਸ਼ ਹੋ ਗਈ ਇਸ ਪੂਰੇ ਸਮੇਂ ਜਯੋਤੀ ਨੇ ਹੀ ਮੇਰਾ ਖ਼ਿਆਲ ਰੱਖਿਆ।''
ਗ੍ਰੇਸੀ ਚੇਤੇ ਕਰਦੀ ਹਨ ਕਿ ਕਿਵੇਂ ਉਨ੍ਹੀਂ ਦਿਨੀਂ, ਉੱਥੇ ਨਾ ਤਾਂ ਕੋਈ ਆਵਾਜਾਈ ਦਾ ਸਾਧਨ ਹੀ ਸੀ ਨਾ ਪਿੰਡ ਤੱਕ ਜਾਣ ਵਾਲ਼ੀ ਕੋਈ ਸੜਕ ਹੀ ਮੌਜੂਦ ਸੀ। ਜਯੋਤੀ ਕੋਸ਼ਿਸ਼ ਕਰ ਰਹੀ ਸਨ ਕਿ ਗ੍ਰੇਸੀ ਨੂੰ ਇਲਾਜ ਵਾਸਤੇ 100 ਕਿਲੋਮੀਟਰ ਦੂਰ, ਚਾਈਬਾਸਾ ਪਹੁੰਚਾਇਆ ਜਾ ਸਕੇ। ਇਹਦੇ ਵਾਸਤੇ ਜਯੋਤੀ ਇੱਕ ਸਰਕਾਰੀ ਨਰਸ, ਜਰੰਤੀ ਹੇਬ੍ਰਾਮ ਨਾਲ਼ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸਨ। ਜਦੋਂ ਤੱਕ ਸੰਪਰਕ ਨਾ ਹੋਇਆ, ਜਯੋਤੀ ਨੇ ਇਲਾਜ ਵਾਸਤੇ ਸਥਾਨਕ ਜੜ੍ਹੀਆਂ-ਬੂਟੀਆਂ ਦਾ ਸਹਾਰਾ ਲਿਆ। ਇਸ ਨਵੀਂ ਬਣੀ ਮਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿੱਚ ਇੱਕ ਸਾਲ ਦਾ ਸਮਾਂ ਲੱਗ ਗਿਆ। ਗ੍ਰੇਸੀ ਕਹਿੰਦੀ ਹਨ,''ਜਯੋਤੀ ਹੀ ਸਨ ਜੋ ਮੇਰੇ ਬੱਚੇ ਨੂੰ ਪਿੰਡ ਦੀਆਂ ਉਨ੍ਹਾਂ ਔਰਤਾਂ ਕੋਲ਼ ਲੈ ਜਾਂਦੀ ਜੋ ਬੱਚੇ ਨੂੰ ਦੁੱਧ ਚੁੰਘਾਉਂਦੀਆਂ ਸਨ... ਜੇ ਜਯੋਤੀ ਇੰਝ ਨਾ ਕਰਦੀ ਤਾਂ ਮੇਰਾ ਬੱਚਾ ਕਦੇ ਵੀ ਜਿਊਂਦਾ ਨਾ ਬੱਚਦਾ।''
ਗ੍ਰੇਸੀ ਦੇ ਪਤੀ 38 ਸਾਲਾ ਸੰਤੋਸ਼ ਕਚੱਛਪ ਦੱਸਦੇ ਹਨ ਕਿ ਪਿੰਡ ਵਿੱਚ ਪਿਛਲੇ ਦੋ ਸਾਲਾਂ ਤੋਂ ਇੱਕ ਪ੍ਰਾਇਮਰੀ ਸਿਹਤ ਕੇਂਦਰ ਹੈ। ਉੱਥੇ ਹਫ਼ਤੇ ਵਿੱਚ ਇੱਕ ਵਾਰ ਨਰਸ ਬਹਿੰਦੀ ਹੈ। ਇਹ ਸਿਹਤ ਕੇਂਦਰ ਜਯੋਤੀ ਦੇ ਘਰੋਂ ਤਿੰਨ ਕਿਲੋਮੀਟਰ ਦੂਰ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਮੌਜੂਦ ਨਹੀਂ ਹੈ। ਉਹ ਕਹਿੰਦੇ ਹਨ,''ਨਰਸ ਪਿੰਡ ਵਿਖੇ ਨਹੀਂ ਰਹਿੰਦੀ। ਉਹ ਆਉਂਦੀ ਹੈ ਅਤੇ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਵਾਲ਼ੇ ਮਰੀਜ਼ਾਂ, ਜਿਵੇਂ ਬੁਖ਼ਾਰ ਵਗੈਰਾ ਦੀਆਂ ਸ਼ਿਕਾਇਤਾਂ ਦੇਖ ਕੇ ਮੁੜ ਜਾਂਦੀ ਹੈ। ਨਰਸ ਨੂੰ ਲਗਾਤਾਰ ਰਿਪੋਰਟ ਭੇਜਣ ਦੀ ਲੋੜ ਹੁੰਦੀ ਹੈ, ਪਰ ਪਿੰਡ ਵਿੱਚ ਇੰਟਰਨੈਟ ਦੀ ਸੁਵਿਧਾ ਨਹੀਂ ਹੈ। ਇਸਲਈ ਉਹ ਪਿੰਡ ਵਿੱਚ ਨਹੀਂ ਰਹਿ ਸਕਦੀ। ਜਯੋਤੀ ਪਿੰਡ ਵਿੱਚ ਰਹਿੰਦੀ ਹਨ, ਇਸਲਈ ਉਹ ਹੀ ਸਾਡੀ ਵੱਧ ਮਦਦ ਕਰ ਪਾਉਂਦੀ ਹਨ।'' ਗਰਭਵਤੀ ਔਰਤਾਂ ਪ੍ਰਾਇਮਰੀ ਸਿਹਤ ਕੇਂਦਰ ਨਹੀਂ ਜਾਂਦੀਆਂ। ਉਹ ਘਰੇ ਹੀ ਬੱਚਾ ਜੰਮਣ ਵਿੱਚ ਜਯੋਤੀ ਦੀ ਮਦਦ ਲੈਂਦੀਆਂ ਹਨ।
ਇੱਥੋਂ ਤੱਕ ਕਿ ਅੱਜ ਵੀ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰ ਠੀਕ ਢੰਗ ਨਾਲ਼ ਕੰਮ ਨਹੀਂ ਕਰਦਾ। ਗੋਇਲਕੇਰਾ ਬਲਾਕ ਵਿਖੇ ਪੈਂਦੇ ਹਸਪਤਾਲ ਬੋਰੋਤਿਕਾ ਤੋਂ 25 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ, ਆਨੰਦਪੁਰ ਬਲਾਕ ਵਿਖੇ ਹਾਲ ਹੀ ਵਿੱਚ ਇੱਕ ਪ੍ਰਾਇਮਰੀ ਸਿਹਤ ਕੇਂਦਰ ਖੁੱਲ੍ਹਿਆ ਹੈ ਜੋ 18 ਕਿਲੋਮੀਟਰ ਦੂਰ ਹੈ। 12 ਕਿਲੋਮੀਟਰ ਦਾ ਇੱਕ ਪਤਲਾ ਰਸਤਾ ਬੋਰੋਤਿਕਾ ਤੋਂ ਸੇਰੇਂਗਦਾ ਪਿੰਡ ਹੁੰਦੇ ਹੋਏ ਜਾਂਦਾ ਹੈ ਅਤੇ ਕੋਇਲ ਨਦੀ 'ਤੇ ਜਾ ਕੇ ਮੁੱਕ ਜਾਂਦਾ ਹੈ। ਗਰਮੀ ਰੁੱਤੇ ਲੋਕ ਘੱਟ-ਡੂੰਘੇ ਪਾਣੀ ਵਿੱਚ ਲੱਥ ਕੇ ਹੀ ਨਦੀ ਪਾਰ ਕਰਕੇ ਆਨੰਦਪੁਰ ਪਹੁੰਚ ਜਾਂਦੇ ਹਨ। ਪਰ ਮਾਨਸੂਨ ਰੁੱਤੇ ਨਦੀ ਵਿੱਚ ਬਹੁਤਾ ਪਾਣੀ ਹੋਣ ਕਾਰਨ ਰਸਤਾ ਬੰਦ ਹੋ ਜਾਂਦਾ ਹੈ। ਅਜਿਹੇ ਮੌਕੇ ਲੋਕਾਂ ਨੂੰ ਮਜ਼ਬੂਰਨ 4 ਕਿਲੋਮੀਟਰ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ। ਨਦੀ ਥਾਣੀਂ ਅਨੰਦਪੁਰ ਤੱਕ ਦਾ ਰਾਹ ਪਥਰੀਲਾ ਅਤੇ ਚਿੱਕੜ ਭਰਿਆ ਹੈ। 10 ਕਿ.ਮੀ. ਲੰਬੇ ਇਸ ਰਸਤੇ 'ਤੇ ਕਿਤੇ ਕਿਤੇ ਸੜਕਾਂ ਬਣੀਆਂ ਹੋਈਆਂ ਹਨ, ਪਰ ਉਨ੍ਹਾਂ ਦੀ ਹਾਲਤ ਖ਼ਸਤਾ ਹੀ ਹੈ। ਇਹ ਰਸਤਾ ਜੰਗਲ ਵਿੱਚੋਂ ਦੀ ਹੋ ਕੇ ਲੰਘਦਾ ਹੈ।
ਇੱਕ ਬੱਸ ਹੋਇਆ ਕਰਦੀ ਸੀ ਜੋ ਲੋਕਾਂ ਨੂੰ ਚੱਕਰਧਰਪੁਰ ਸ਼ਹਿਰ ਤੱਕ ਲੈ ਜਾਂਦੀ ਸੀ। ਪਰ ਇੱਕ ਦੁਰਘਟਨਾ ਤੋਂ ਬਾਅਦ ਉਹ ਬੰਦ ਹੋ ਗਈ। ਲੋਕ ਸਾਈਕਲ ਜਾਂ ਬਾਈਕ ਦੇ ਹੀ ਭਰੋਸੇ ਹਨ ਜਾਂ ਫਿਰ ਪੈਦਲ ਹੀ ਆਉਂਦੇ-ਜਾਂਦੇ ਹਨ। ਇਹ ਰਸਤਾ ਤੈਅ ਕਰਨਾ ਆਮ ਤੌਰ 'ਤੇ ਕਿਸੇ ਵੀ ਗਰਭਵਤੀ ਔਰਤ ਵਾਸਤੇ ਅਸੰਭਵ ਕੰਮ ਹੈ। ਬਾਕੀ ਆਨੰਦਪੁਰ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਹੀ 'ਨਾਰਮਲ ਡਿਲਵਰੀ' ਹੀ ਹੋ ਸਕਦੀ ਹੁੰਦੀ ਹੈ। ਜੇ ਮਾਮਲਾ ਪੇਚੀਦਾ ਹੋ ਜਾਵੇ ਤਾਂ ਓਪਰੇਸ਼ਨ ਦੀ ਲੋੜ ਹੁੰਦੀ ਹੈ, ਤਾਂ ਔਰਤ ਨੂੰ ਆਨੰਦਪੁਰ ਤੋਂ 15 ਕਿਲੋਮੀਟਰ ਦੂਰ ਮਨੋਹਰਪੁਰ ਜਾਂ ਫਿਰ ਰਾਜ ਸੀਮਾ ਪਾਰ ਕਰਕੇ 60 ਕਿਲੋਮੀਟਰ ਦੂਰ ਓੜੀਸਾ ਦੇ ਰਾਊਰਕੇਲਾ ਜਾਣਾ ਪੈਂਦਾ ਹੈ।
''ਮੈਂ ਬਚਪਨ ਤੋਂ ਦੇਖਿਆ ਹੈ ਕਿ ਔਰਤਾਂ ਸਭ ਤੋਂ ਵੱਧ ਮਜ਼ਬੂਰ ਉਦੋਂ ਹੁੰਦੀਆਂ ਹਨ ਜਦੋਂ ਉਹ ਬੀਮਾਰ ਹੁੰਦੀਆਂ ਹਨ। ਪੁਰਸ਼ ਕਮਾਉਣ ਲਈ ਬਾਹਰ ਜਾਂਦੇ ਹਨ (ਕਸਬਿਆਂ ਅਤੇ ਸ਼ਹਿਰਾਂ ਵਿੱਚ)। ਕਸਬੇ ਅਤੇ ਹਸਪਤਾਲ ਪਿੰਡੋਂ ਦੂਰ ਹੁੰਦੇ ਹਨ ਅਤੇ ਆਮ ਤੌਰ 'ਤੇ ਔਰਤਾਂ ਦੀ ਤਬੀਅਤ ਹੋਰ ਵਿਗੜ ਜਾਂਦੀ ਹੈ, ਜਦੋਂ ਉਹ ਆਪਣੇ ਪਤੀ ਦੇ ਮੁੜਨ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ। ਕਈ ਔਰਤਾਂ ਵਾਸਤੇ ਉਨ੍ਹਾਂ ਦੇ ਪਤੀ ਦਾ ਪਿੰਡ ਵਿਖੇ ਰਹਿੰਦੇ ਹੋਣਾ ਵੀ ਕੋਈ ਮਦਦਗਾਰ ਸਾਬਤ ਨਹੀਂ ਹੁੰਦਾ ਕਿਉਂਕਿ ਪੁਰਸ਼ ਅਕਸਰ ਸ਼ਰਾਬ ਪੀਂਦੇ ਹਨ ਅਤੇ ਗਰਭਅਵਸਥਾ ਦੌਰਾਨ ਵੀ ਆਪਣੀ ਪਤਨੀ ਨਾਲ਼ ਕੁੱਟਮਾਰ ਕਰਦੇ ਹਨ।
ਜਯੋਤੀ ਦੱਸਦੀ ਹਨ,''ਪਹਿਲਾਂ ਇੱਕ ਇਲਾਕੇ ਵਿੱਚ ਇੱਕ ਦਾਈ-ਮਾਂ ਸਨ। ਉਹ ਡਿਲੀਵਰੀ ਵੇਲ਼ੇ ਔਰਤਾਂ ਦਾ ਇੱਕੋ-ਇੱਕ ਸਹਾਰਾ ਸਨ। ਪਰ ਪਿੰਡ ਦੇ ਮੇਲ਼ੇ ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੇ ਬਾਅਦ, ਪਿੰਡ ਵਿੱਚ ਹੁਨਰਮੰਦ ਕੋਈ ਔਰਤ ਨਾ ਰਹੀ।''
ਹਰ ਪਿੰਡ ਵਿੱਚ ਆਂਗਨਵਾੜੀ ਸੇਵਿਕਾ ਅਤੇ ਸਾਹਿਆ ਹੈ। ਸੇਵਿਕਾ ਪਿੰਡ ਵਿੱਚ ਜੰਮਣ ਵਾਲ਼ੇ ਬੱਚਿਆਂ ਦਾ ਰਿਕਾਰਡ ਰੱਦੀ ਹਨ ਅਤੇ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲ਼ੀਆਂ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਤਬੀਅਤ ਦੀ ਜਾਂਚ ਕਰਦੀਆਂ ਹਨ। ਸਹਿਆ, ਗਰਭਵਤੀ ਔਰਤਾਂ ਨੂੰ ਹਸਪਤਾਲ ਲੈ ਕੇ ਜਾਂਦੀ ਹਨ ਪਰ ਮਰੀਜ਼ ਨੂੰ ਸਹਿਆ ਦੇ ਭੋਜਨ, ਆਉਣ-ਜਾਣ ਅਤੇ ਹੋਰ ਖ਼ਰਚਿਆਂ ਦਾ ਭਾਰ ਚੁੱਕਣਾ ਪੈਂਦਾ ਹੈ। ਇਸਲਈ ਲੋਕ ਅਕਸਰ ਸਹਿਆ ਦੇ ਕੋਲ਼ ਜਾਣ ਦੀ ਬਜਾਇ ਜਯੋਤੀ ਨਾਲ਼ ਸੰਪਰਕ ਕਰਦੇ ਹਨ। ਜਯੋਤੀ ਦਵਾਈਆਂ ਤੋਂ ਇਲਾਵਾ ਲੋਕਾਂ ਦੇ ਘਰ ਜਾਣ ਦਾ ਕੋਈ ਪੈਸਾ ਨਹੀਂ ਲੈਂਦੀ ਹਨ।
ਪਰ ਇਸ ਪਿੰਡ ਦੇ ਉਨ੍ਹਾਂ ਕਈ ਪਰਿਵਾਰਾਂ ਵਾਸਤੇ ਇਹ ਵੀ ਬੜਾ ਮੁਸ਼ਕਲ ਹੋ ਸਕਦਾ ਹੈ ਜੋ ਖੇਤੀ ਵਾਸਤੇ ਮੀਂਹ ਅਤੇ ਆਮਦਨੀ ਵਾਸਤੇ ਮਜ਼ਦੂਰੀ 'ਤੇ ਨਿਰਭਰ ਕਰਦੇ ਹਨ। 2011 ਦੀ ਮਰਦਮਸ਼ੁਮਾਰੀ ਮੁਤਾਬਕ ਪੱਛਮੀ ਸਿੰਘਭੂਮ ਦੇ ਪੇਂਡੂ ਇਲਾਕੇ ਵਿੱਚ 80 ਫ਼ੀਸਦ ਤੋਂ ਵੱਧ ਵਸੋਂ, ਆਮਦਨੀ ਵਾਸਤੇ ਇਸ ਤਰ੍ਹਾਂ ਦੇ ਕੰਮਾਂ 'ਤੇ ਨਿਰਭਰ ਹਨ। ਜ਼ਿਆਦਾਤਰ ਪਰਿਵਾਰਾਂ ਦੇ ਪੁਰਸ਼ ਕੰਮ ਦੀ ਭਾਲ਼ ਵਿੱਚ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਚਲੇ ਜਾਂਦੇ ਹਨ।
*****
ਨੀਤੀ ਅਯੋਗ ਦੀ ਰਾਸ਼ਟਰੀ ਬਹੁ-ਅਯਾਮੀ ਸੂਚਕਾਂਕ ਗਰੀਬੀ ਰਿਪੋਰਟ ਮੁਤਾਬਕ, ਗ਼ਰੀਬੀ ਦੇ ਸੰਕੇਤਕਾਂ ਦੇ ਅਧਾਰ 'ਤੇ ਪੱਛਮੀ ਸਿੰਘਭੂਮ ਦੇ 64 ਫ਼ੀਸਦ ਪੇਂਡੂ 'ਬਹੁ-ਅਯਾਮੀ ਗ਼ਰੀਬ' ਹਨ। ਇੱਥੇ ਲੋਕਾਂ ਕੋਲ਼ ਦੋ ਹੀ ਵਿਕਲਪ ਹਨ ਜਾਂ ਤਾਂ ਉਹ ਉੱਚੀਆਂ ਦਰਾ ਅਦਾ ਕਰਕੇ ਮੁਫ਼ਤ ਸਰਕਾਰੀ ਸੁਵਿਧਾਵਾਂ ਤੱਕ ਪਹੁੰਚਣ ਜਾਂ ਫਿਰ ਜਯੋਤੀ ਵਾਂਗਰ ਕਿਸੇ ਆਰਐੱਮਪੀ ਪਾਸੋਂ ਮਹਿੰਗੀਆਂ ਖਰੀਦਣ, ਜਿਹਦੀ ਫ਼ੀਸ ਬਾਅਦ ਵਿੱਚ ਕਿਸ਼ਤਾਂ ਵਿੱਚ ਵੀ ਦਿੱਤੀ ਜਾ ਸਕਦੀ ਹੋਵੇ।
ਦੇਰੀ ਨੂੰ ਰੋਕਣ ਲਈ ਰਾਜ ਸਰਕਾਰ ਨੇ ਜ਼ਿਲ੍ਹਾ ਹਸਪਤਾਲਾਂ ਦੇ ਕਾਲ ਸੈਂਟਰਾਂ ਦੇ ਨਾਲ਼, ਮੁਫ਼ਤ ਸਰਕਾਰੀ ਸਿਹਤ ਸੁਵਿਧਾਵਾਂ ' ਮਮਤਾ ਵਾਹਨ ਅਤੇ ਸਹਿਆਵਾਂ ਲਈ ਇੱਕ ਨੈੱਟਵਰਕ ਸਥਾਪਤ ਕੀਤਾ ਹੈ। ਗਰਭਵਤੀ ਔਰਤਾਂ ਨੂੰ ਸਿਹਤ ਸੇਵਾ ਕੇਂਦਰ ਤੱਕ ਪਹੁੰਚਾਉਣ ਵਾਲ਼ੀ ਗੱਡੀ ਬਾਰੇ ਗੱਲ ਕਰਦੇ ਹੋਏ ਜਯੋਤੀ ਕਹਿੰਦੀ ਹਨ,''ਲੋਕ ਮਮਤਾ ਵਾਹਨ ਲਈ ਫ਼ੋਨ ਨੰਬਰ 'ਤੇ ਕਾਲ ਕਰ ਸਕਦੇ ਹਨ। ਪਰ ਵਾਹਨ ਚਾਲਕ ਨੂੰ ਜੇ ਇਸ ਗੱਲ ਦਾ ਅੰਦਾਜ਼ਾ ਲੱਗ ਜਾਵੇ ਕਿ ਗਰਭਵਤੀ ਔਰਤ ਦੀ ਜਾਨ ਬਚਣ ਦੀ ਗੁੰਜਾਇਸ਼ ਕਾਫ਼ੀ ਘੱਟ ਹੈ ਤਾਂ ਬਹੁਤੀ ਵਾਰੀ ਇੰਝ ਹੁੰਦਾ ਹੈ ਕਿ ਉਹ ਆਉਣ ਤੋਂ ਮਨ੍ਹਾ ਹੀ ਕਰ ਦਿੰਦੇ ਹਨ। ਇੰਝ ਇਸਲਈ ਕਿਉਂਕਿ ਜੇਕਰ ਔਰਤ ਦੀ ਮੌਤ ਗੱਡੀ ਵਿੱਚ ਹੋਵੇ ਤਾਂ ਵਾਹਨ ਚਾਲਕ ਸਥਾਨਕ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੈ।''
ਦੂਸਰੇ ਹੱਥ, ਜਯੋਤੀ ਔਰਤਾਂ ਨੂੰ ਘਰੇ ਬੱਚਾ ਜੰਮਣ ਵਿੱਚ ਮਦਦ ਕਰਦੀ ਹਨ ਅਤੇ ਉਹ ਇਸ ਸਹਿਯੋਗ ਬਦਲੇ 5,000 ਰੁਪਏ ਲੈਂਦੀ ਹਨ। ਉਹ ਇੱਕ ਸੈਲਾਇਨ ਦੀ ਬੋਤਲ ਲਾਉਣ ਦੇ 700-800 ਰੁਪਏ ਲੈਂਦੀ ਹਨ, ਜੋ ਬਜ਼ਾਰ ਵਿੱਚ 30 ਰੁਪਏ ਵਿੱਚ ਵਿਕਦੀ ਹੈ। ਬਿਨਾ ਡ੍ਰਿਪ ਦੇ ਮਲੇਰੀਏ ਦਾ ਇਲਾਜ ਵਿੱਚ ਘੱਟ ਤੋਂ ਘੱਟ 250 ਰੁਪਏ ਖਰਚਾ ਆਉਂਦਾ ਹੈ ਅਤੇ ਨਿਮੋਨੀਆ ਦੀਆਂ ਦਵਾਈਆਂ 500-600 ਰੁਪਏ ਦੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਪੀਲੀਆ ਜਾਂ ਟਾਇਫ਼ਾਈਡ ਦੇ ਇਲਾਜ ਵਿੱਚ 2,000-3,000 ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਇੱਕ ਮਹੀਨੇ ਵਿੱਚ ਜਯੋਤੀ ਦੇ ਹੱਥ ਵਿੱਚ ਲਗਭਗ 20,000 ਰੁਪਏ ਆਉਂਦੇ ਹਨ, ਜਿਸ ਵਿੱਚ ਅੱਧਾ ਪੈਸਾ ਦਵਾਈਆਂ ਖਰੀਦਣ ਵਿੱਚ ਹੀ ਖੱਪ ਜਾਂਦਾ ਹੈ।
2005 ਵਿੱਚ ਪ੍ਰਾਤੀਚੀ (ਇੰਡੀਆ) ਟ੍ਰਸਟ ਦੁਆਰਾ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ, ਪੇਂਡੂ ਭਾਰਤ ਵਿੱਚ ਨਿੱਜੀ ਡਾਕਟਰਾਂ ਅਤੇ ਦਵਾਈ ਕੰਪਨੀਆਂ ਵਿਚਾਲੇ ਇੱਕ ਚਿੰਤਾਜਨਕ ਗਠਜੋੜ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ, ''ਜਦੋਂ ਪ੍ਰਾਇਮਰੀ ਸਿਹਤ ਕੇਂਦਰਾਂ ਅਤੇ ਜਨ ਸਿਹਤ ਸੇਵਾਵਾਂ ਦੀਆਂ ਇਕਾਈਆਂ ਵਿਖੇ ਦਵਾਈਆਂ ਦੀ ਭਿਆਨਕ ਕਿੱਲਤ ਹੁੰਦੀ ਹੈ ਤਾਂ ਦਵਾਈ ਦੇ ਇਸ ਵਿਸ਼ਾਲ ਬਜ਼ਾਰ ਵਿੱਚ ਡਾਕਟਰ ਅਨੈਤਿਕ ਤੌਰ ਤਰੀਕਿਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਨੂੰ ਹੱਲ੍ਹਾਸ਼ੇਰੀ ਦਿੰਦੇ ਹਨ ਅਤੇ ਕਿਸੇ ਇੱਕ ਕਾਇਦੇ ਜਾਂ ਕਨੂੰਨ ਦੀ ਗ਼ੈਰ-ਮੌਜੂਦਗੀ ਵਿੱਚ ਆਮ ਲੋਕਾਂ ਤੋਂ ਉਨ੍ਹਾਂ ਦੇ ਪੈਸੇ ਹੜਪ ਲਏ ਜਾਂਦੇ ਹਨ।''
ਸਾਲ 2020 ਵਿੱਚ ਝਾਰਖੰਡ ਦੇ ਮੁੱਖ ਮੰਤਰੀ ਨੇ 2011 ਦੀ ਮਰਦਮਸ਼ੁਮਾਰੀ ਦੇ ਅਧਾਰ 'ਤੇ ਰਾਜ ਦੀ ਸਿਹਤ ਸਮੀਖਿਆ ਕੀਤੀ। ਇਸ ਰਿਪੋਰਟ ਨੇ ਪਹੁੰਚ ਅਤੇ ਵੰਡ ਦੇ ਮਾਮਲੇ ਵਿੱਚ ਰਾਜ ਦੀ ਸਿਹਤ ਪ੍ਰਣਾਲੀ ਦੀ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ। ਇਸ ਵਿੱਚ ਭਾਰਤੀ ਜਨਤਕ ਸਿਹਤ ਮਿਆਰਾਂ ਦੀ ਤੁਲਨਾ ਕੀਤੀ ਗਈ ਜਿਸ ਵਿੱਚ 3,130 ਸਿਹਤ ਉਪ-ਕੇਂਦਰਾਂ, 769 ਪ੍ਰਾਇਮਰੀ ਸਿਹਤ ਕੇਂਦਰਾਂ ਅਤੇ 87 ਕਮਿਊਨਿਟੀ ਸਿਹਤ ਕੇਂਦਰਾਂ ਦੀ ਘਾਟ ਪਾਈ ਗਈ। ਰਾਜ ਵਿੱਚ ਹਰ ਇੱਕ ਲੱਖ ਦੀ ਵਸੋਂ ਮਗਰ ਸਿਰਫ਼ 6 ਡਾਕਟਰ, 27 ਬੈੱਡ, 1 ਲੈਬ ਟੈਕਨੀਸ਼ੀਅਨ ਅਤੇ ਤਕਰੀਬਨ 3 ਨਰਸਾਂ ਹਨ। ਨਾਲ਼ ਹੀ ਸਪੈਸ਼ਲਿਸਟ ਡਾਕਟਰਾਂ ਦੇ 85 ਫੀਸਦੀ ਪਦ ਖਾਲੀ ਪਏ ਹਨ।
ਇੰਝ ਜਾਪਦਾ ਹੈ ਕਿ ਇਹ ਹਾਲਤ ਪਿਛਲੇ ਇੱਕ ਦਹਾਕੇ ਤੋਂ ਨਹੀਂ ਬਦਲੀ। ਝਾਰਖੰਡ ਆਰਥਿਕ ਸਰਵੇਖਣ 2013-14 ਵਿੱਚ ਪੀਐੱਚਸੀ ਦੀ ਗਿਣਤੀ ਵਿੱਚ 65 ਫ਼ੀਸਦੀ, ਉੱਪ-ਕੇਂਦਰਾਂ ਵਿੱਚ 35 ਫ਼ੀਸਦ ਅਤੇ ਸੀਐੱਚਸੀ ਵਿੱਚ 22 ਫੀਸਦ ਦੀ ਘਾਟ ਦਰਜ ਕੀਤੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਹਰ ਡਾਕਟਰਾਂ ਦੀ ਘਾਟ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ। ਸੀਐੱਸੀ ਵਿੱਚ ਦਾਈ, ਜਨਾਨਾ ਰੋਗ ਮਾਹਰ ਅਤੇ ਬਾਲ ਰੋਗ ਮਾਹਰਾਂ ਦੀ 80 ਤੋਂ 90 ਫੀਸਦ ਤੱਕ ਦੀ ਘਾਟ ਦਰਜ ਕੀਤੀ ਗਈ ਹੈ।
ਇੱਥੋਂ ਤੱਕ ਕਿ ਅੱਜ ਵੀ ਰਾਜ ਦੀਆਂ ਇੱਕ ਚੌਥਾਈ ਔਰਤਾਂ ਕੋਲ਼ ਹਸਪਤਾਲ ਵਿੱਚ ਜਾ ਕੇ ਜਨਮ ਦੇਣ ਦੀ ਸੁਵਿਧਾ ਨਹੀਂ ਹੈ ਅਤੇ ਨਾਲ਼ ਹੀ 5,258 ਡਾਕਟਰਾਂ ਦੀ ਘਾਟ ਬਣੀ ਹੋਈ ਹੈ। 3.78 ਕਰੋੜ ਅਬਾਦੀ ਵਾਲ਼ੇ ਇਸ ਰਾਜ ਵਿੱਚ, ਸਾਰੀਆਂ ਸਰਕਾਰੀ ਸਿਹਤ ਸੁਵਿਧਾਵਾਂ ਵਿੱਚ ਸਿਰਫ਼ 2,306 ਡਾਕਟਰ ਮੌਜੂਦ ਹਨ।
ਅਜਿਹੀ ਨਾਬਰਾਬਰ ਸਿਹਤ ਸੇਵਾ ਪ੍ਰਣਾਲੀ ਦੇ ਕਾਰਨ ਆਰਐੱਮਪੀ ਮਹੱਤਵਪੂਰ ਹੋ ਹੀ ਜਾਂਦੇ ਹਨ। ਜਯੋਤੀ ਘਰਾਂ ਵਿੱਚ ਹੋਣ ਵਾਲ਼ੇ ਪ੍ਰਸਵ ਕਰਾਉਂਦੀ ਹਨ ਅਤੇ ਪ੍ਰਸਵ ਤੋਂ ਬਾਅਦ ਵਾਲ਼ੀ ਦੇਖਭਾਲ਼ ਵੀ ਕਰਦੀ ਹਨ ਅਤੇ ਗਰਭਵਤੀ ਔਰਤਾਂ ਨੂੰ ਆਇਰਨ ਅਤੇ ਵਿਟਾਮਿਨ ਦੀ ਖ਼ੁਰਾਕ ਦਿੰਦੀ ਹਨ। ਉਹ ਸੰਕ੍ਰਮਣ ਅਤੇ ਛੋਟੀਆਂ-ਮੋਟੀਆਂ ਸੱਟਾਂ ਦੇ ਮਾਮਲੇ ਵੀ ਦੇਖਦੀ ਹਨ ਅਤੇ ਫ਼ੌਰਨ ਇਲਾਜ ਮੁਹੱਈਆ ਕਰਵਾਉਂਦੀ ਹਨ। ਪੇਚੀਦਾ ਮਾਮਲਿਆਂ ਵਿੱਚ, ਉਹ ਮਰੀਜ਼ ਨੂੰ ਸਰਕਾਰੀ ਹਸਪਤਾਲ ਲਿਜਾਣ ਦੀ ਸਲਾਹ ਦਿੰਦੀ ਹਨ ਅਤੇ ਇੱਥੋਂ ਤੱਕ ਕਿ ਗੱਡੀ ਦਾ ਬੰਦੋਬਸਤ ਵੀ ਕਰਦੀ ਹਨ ਜਾਂ ਸਰਕਾਰੀ ਨਰਸ ਨਾਲ਼ ਰਾਬਤਾ ਕਰਵਾਉਂਦੀ ਹਨ।
*****
ਝਾਰਖੰਡ ਰੂਰਲ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਮੈਂਬਰ ਵਿਰੇਂਦਰ ਸਿੰਘ ਦਾ ਅੰਦਾਜ਼ਾ ਹੈ ਕਿ ਇਕੱਲੇ ਪੱਛਮੀ ਸਿੰਘਭੂਮ ਵਿਖੇ 10,000 ਆਰਐੱਮਪੀ ਪ੍ਰੈਕਿਟਸ ਕਰ ਰਹੇ ਹਨ। ਇਨ੍ਹਾਂ ਵਿੱਚ 700 ਔਰਤਾਂ ਹਨ। ਉਹ ਕਹਿੰਦੇ ਹਨ,''ਆਨੰਦਪੁਰ ਜਿਹੇ ਨਵੇਂ ਪੀਐੱਚਸੀ ਵਿਖੇ ਡਾਕਟਰ ਨਹੀਂ ਹਨ।'' ਉਹ ਪੁੱਛਦੇ ਹਨ,''ਉਹ ਹਰ ਥਾਵੇਂ ਨਰਸਾਂ ਦੁਆਰਾ ਚਲਾਈ ਜਾ ਰਹੀ ਹੈ। ਇਹ ਜਯੋਤੀ ਜਿਹੇ ਆਰਐੱਮਪੀ ਹਨ ਜੋ ਆਪਣੇ ਪਿੰਡਾਂ ਦੀ ਦੇਖਭਾਲ਼ ਕਰਦੇ ਹਨ ਪਰ ਸਰਕਾਰ ਪਾਸੋਂ ਕੋਈ ਸਹਿਯੋਗ ਨਹੀਂ ਮਿਲ਼ਦਾ ਹੈ। ਪਰ ਉਹ ਇਲਾਕੇ ਦੇ ਲੋਕਾਂ ਨੂੰ ਇਸਲਈ ਸਮਝਦੇ ਹਨ ਕਿਉਂਕਿ ਉਹ ਉਨ੍ਹਾਂ ਦੇ ਨਾਲ਼ ਰਹਿੰਦੇ ਹਨ। ਉਹ ਲੋਕਾਂ ਦੇ ਨਾਲ਼ ਜੁੜੇ ਹੋਏ ਹਨ। ਤੁਸੀਂ ਉਨ੍ਹਾਂ ਦੇ ਕੰਮ ਨੂੰ ਅੱਖੋਂ-ਪਰੋਖੇ ਕਰ ਵੀ ਕਿਵੇਂ ਸਕਦੇ ਹੋ?''
ਹਰਤਾ ਪਿੰਡ ਦੀ 30 ਸਾਲਾ ਸੁਸਰੀ ਟੋਪੋ ਦੱਸਦੀ ਹਨ ਕਿ 2013 ਵਿੱਚ ਜਦੋਂ ਉਹ ਪਹਿਲੇ ਬੱਚੇ ਵੇਲੇ ਗਰਭਵਤੀ ਸਨ ਤਾਂ ਉਨ੍ਹਾਂ ਦੇ ਬੱਚੇ ਨੇ ਹਿੱਲਣਾ-ਜੁਲਣਾ ਬੰਦ ਕਰ ਦਿੱਤਾ ਸੀ। ''ਮੇਰੇ ਢਿੱਡ ਵਿੱਚ ਸ਼ਦੀਦ ਪੀੜ੍ਹ ਸੀ ਅਤੇ ਖ਼ੂਨ ਵੀ ਪੈ ਰਿਹਾ ਸੀ। ਅਸੀਂ ਫ਼ੌਰਨ ਜਯੋਤੀ ਨੂੰ ਫ਼ੋਨ ਕੀਤਾ। ਉਹ ਪੂਰੀ ਰਾਤ ਅਤੇ ਅਗਲੇ ਦਿਨ ਤੱਕ ਸਾਡੇ ਨਾਲ਼ ਰਹੀ। ਉਨ੍ਹਾਂ ਦੋ ਦਿਨਾਂ ਵਿੱਚ ਉਨ੍ਹਾਂ ਨੇ 6 ਸੈਲਾਇਨ ਬੋਤਲਾਂ ਚਾੜ੍ਹੀਆਂ। ਇੱਕ ਦਿਨ ਵਿੱਚ ਕਰੀਬ ਤਿੰਨ ਬੋਤਲਾਂ। ਅਖ਼ੀਰ ਬੱਚੇ ਦੀ ਨਾਰਮਲ ਡਿਲੀਵਰੀ ਹੋਈ।'' ਬੱਚਾ ਸਿਹਤਮੰਦ ਸੀ ਅਤੇ ਉਹਦਾ ਭਾਰ 3.5 ਕਿਲੋ ਸੀ। ਜਯੋਤੀ ਨੂੰ 5,500 ਰੁਪਏ ਦੇਣੇ ਸਨ ਪਰ ਪਰਿਵਾਰ ਕੋਲ਼ ਸਿਰਫ਼ 3,000 ਰੁਪਏ ਹੀ ਸਨ। ਸੁਸਰੀ ਕਹਿੰਦੀ ਹਨ ਕਿ ਜਯੋਤੀ ਬਕਾਇਆ ਪੈਸੇ ਬਾਅਦ ਵਿੱਚ ਲੈਣ ਲਈ ਰਾਜੀ ਹੋ ਗਈ।
ਹਰਤਾ ਵਿਖੇ, 30 ਸਾਲਾ ਏਲਿਸਬਾ ਟੋਪੋ, ਕਰੀਬ ਤਿੰਨ ਸਾਲ ਪਹਿਲਾਂ ਦੇ ਆਪਣੇ ਤਜ਼ਰਬੇ ਬਾਬਤ ਦੱਸਦੀ ਹਨ। ''ਮੈਨੂੰ ਉਸ ਵੇਲ਼ੇ ਜੋੜੇ ਬੱਚੇ ਹੋਣ ਵਾਲ਼ੇ ਸਨ। ਮੇਰਾ ਪਤੀ ਹਮੇਸ਼ਾ ਸ਼ਰਾਬੀ ਹੋਇਆ ਰਹਿੰਦਾ। ਮੈਂ ਹਸਪਤਾਲ ਨਹੀਂ ਜਾਣਾ ਚਾਹੁੰਦੀ ਸਾਂ ਕਿਉਂਕਿ ਮੈਂ ਜਾਣਦੀ ਸਾਂ ਕਿ ਸੜਕਾਂ ਖ਼ਰਾਬ ਹਨ।'' ਉਹ ਕਹਿੰਦੀ ਹਨ ਕਿ ਘਰੋਂ ਨੇੜੇ ਚਾਰ ਕਿਲੋਮੀਟਰ ਦੂਰ, ਮੁੱਖ ਸੜਕ ਤੱਕ ਅਪੜਨ ਵਾਸਤੇ ਵੀ ਖੇਤਾਂ ਅਤੇ ਖਾਲ਼ਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ।
ਏਲਿਸਬਾ ਰਾਤ ਵੇਲ਼ੇ ਪਖ਼ਾਨੇ ਵਾਸਤੇ ਖੇਤ ਗਈ, ਉਸੇ ਵੇਲੇ ਉਨ੍ਹਾਂ ਨੂੰ ਦਰਦਾਂ ਛੁੱਟ ਗਈਆਂ। ਜਦੋਂ ਉਹ ਅੱਧੇ ਘੰਟੇ ਬਾਅਦ ਘਰ ਮੁੜੀ ਤਾਂ ਸੱਸ ਨੇ ਮਾਲਸ਼ ਕੀਤੀ ਤਾਂ ਵੀ ਪੀੜ੍ਹ ਘੱਟ ਨਾ ਹੋਈ। ਉਹ ਕਹਿੰਦੀ ਹਨ,''ਫਿਰ ਅਸੀਂ ਜਯੋਤੀ ਨੂੰ ਫ਼ੋਨ ਕੀਤਾ ਅਤੇ ਬੁਲਾਇਆ। ਉਹ ਆਈ ਉਹਨੇ ਦਵਾਈਆਂ ਦਿੱਤੀਆਂ ਅਤੇ ਫਲਸਰੂਪ ਮੇਰੇ ਜੋੜੇ ਬੱਚਿਆਂ ਦਾ ਜਨਮ ਘਰੇ ਹੀ ਨਾਰਮਲ ਡਿਲੀਵਰੀ ਰਾਹੀਂ ਹੋ ਗਿਆ। ਉਹ ਸਾਡੀ (ਔਰਤਾਂ) ਦੀ ਮਦਦ ਵਾਸਤੇ ਅੱਧੀ ਰਾਤੀਂ ਵੀ ਦੂਰ ਦੂਰ ਤੱਕ ਪਹੁੰਚ ਜਾਂਦੀ ਹਨ।''
ਆਰਐੱਮਪੀ, ਆਈ.ਵੀ. ਸੌਲਿਊਸ਼ਨ ਦੀ ਧੜੱਲੇ ਨਾਲ਼ ਵਰਤੋਂ ਲਈ ਜਾਣੇ ਜਾਂਦੇ ਹਨ। ਪ੍ਰਤੀਚੀ ਦੀ ਰਿਪੋਰਟ ਵਿੱਚ ਦੇਖਿਆ ਗਿਆ ਹੈ ਕਿ ਝਾਰਖੰਡ ਅਤੇ ਬਿਹਾਰ ਵਿਖੇ ਆਰਐੱਮਪੀ ਦੁਆਰਾ ਕਰੀਬ ਹਰ ਤਰ੍ਹਾਂ ਦੀ ਬੀਮਾਰੀ ਵਾਸਤੇ ਆਈ.ਵੀ. ਸੌਲਿਊਸ਼ਨ (ਸੈਲਾਇਨ) ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂਕਿ ਇਹ ਨਾ ਸਿਰਫ਼ ਗ਼ੈਰ-ਜ਼ਰੂਰੀ ਹੈ ਸਗੋਂ ਖ਼ਰਚੀਲਾ ਵੀ ਹੈ। ਕੁਝ ਮਾਮਲਿਆਂ ਵਿੱਚ ਇਹਦੇ ਇਸਤੇਮਾਲ ਦਾ ਉਲਟਾ ਅਸਰ ਵੀ ਸਾਹਮਣੇ ਆਉਂਦਾ ਹੈ। ਰਿਪੋਰਟ ਕਹਿੰਦੀ ਹੈ,''ਇੰਟਰਵਿਊ ਕਰਨ ਵਾਲ਼ੇ 'ਪ੍ਰੈਕਟਿਸ਼ਨਰ' ਨੇ ਦ੍ਰਿੜਤਾ ਨਾਲ਼ ਕਿਹਾ ਕਿ ਸੈਲਾਇਨ ਤੋਂ ਬਗ਼ੈਰ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਸਰੀਰ ਵਿੱਚ ਖ਼ੂਨ ਨੂੰ ਵਧਾਉਂਦਾ ਹੈ, ਪੋਸ਼ਣ ਦਿੰਦਾ ਹੈ ਅਤੇ ਕਾਫ਼ੀ ਛੇਤੀ ਰਾਹਤ ਦਿੰਦਾ ਹੈ।''
ਪਰ ਇਹ ਕੰਮ ਖ਼ਤਰੇ ਤੋਂ ਖਾਲੀ ਨਹੀਂ ਫਿਰ ਵੀ ਜਯੋਤੀ ਵਢਭਾਗੀ ਰਹੀ। ਉਹ ਦਾਅਵਾ ਕਰਦੀ ਹਨ ਕਿ ਪਿਛਲੇ 15 ਸਾਲਾਂ ਵਿੱਚ ਉਨ੍ਹਾਂ ਕੋਲ਼ੋਂ ਕਦੇ ਕੋਈ ਗ਼ਲਤੀ ਨਹੀਂ ਹੋਈ। ਉਹ ਕਹਿੰਦੀ ਹਨ,''ਜੇ ਕੋਈ ਅਜਿਹਾ ਮਾਮਲਾ ਹੋਵੇ ਜੋ ਮੈਂ ਸੰਭਾਲ਼ ਨਾ ਸਕਦੀ ਹੋਵਾਂ ਤਾਂ ਮੈਂ ਮਰੀਜ਼ ਨੂੰ ਮਨੋਹਰਪੁਰ ਬਲਾਕ ਹਸਪਤਾਲ ਭੇਜ ਦਿੰਦੀ ਹਾਂ ਜਾਂ ਫਿਰ ਮੈਂ ਮਮਤਾ ਵਾਹਨ ਨੂੰ ਬੁਲਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਹਾਂ ਜਾਂ ਫਿਰ ਕਿਸੇ ਸਰਕਾਰੀ ਨਰਸ ਨਾਲ਼ ਰਾਬਤਾ ਕਰਵਾ ਦਿੰਦੀ ਹਾਂ।''
ਜਯੋਤੀ ਨੇ ਆਪਣੇ ਦ੍ਰਿੜ ਸੰਕਲਪ ਰਾਹੀਂ ਸਾਰਾ ਕੁਝ ਸਿੱਖਿਆ ਹੈ। ਜਦੋਂ ਉਹ ਸੇਰਗੇਂਦਾ ਦੇ ਸਰਕਾਰੀ ਸਕੂਲ ਵਿਖੇ 6 ਜਮਾਤ ਵਿੱਚ ਪੜ੍ਹਦੀ ਸਨ ਤਾਂ ਉਸੇ ਦੌਰਾਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਤਰ੍ਹਾਂ ਜਯੋਤੀ ਦੀ ਪੜ੍ਹਾਈ ਵਿੱਚ ਅੜਿਕਾ ਪੈ ਗਿਆ। ਜਯੋਤੀ ਚੇਤੇ ਕਰਦੀ ਹੋਈ ਦੱਸਦੀ ਹਨ,''ਉਨ੍ਹੀਂ ਦਿਨੀਂ ਸ਼ਹਿਰੋਂ ਮੁੜ ਰਹੀ ਇੱਕ ਔਰਤ ਮੈਨੂੰ ਕੰਮ ਦਵਾਉਣ ਦੇ ਬਹਾਨੇ ਪਟਨਾ ਲੈ ਗਈ ਅਤੇ ਇੱਕ ਡਾਕਟਰ ਜੋੜੀ ਕੋਲ਼ ਛੱਡ ਗਈ। ਉਹ ਮੇਰੇ ਕੋਲ਼ੋਂ ਘਰ ਦੀ ਸਾਫ਼-ਸਫ਼ਾਈ ਕਰਵਾਉਂਦੇ ਸਨ। ਇੱਕ ਦਿਨ, ਮੈਂ ਉੱਥੋਂ ਭੱਜ ਨਿਕਲ਼ੀ ਅਤੇ ਪਿੰਡ ਪਹੁੰਚ ਗਈ।''
ਬਾਅਦ ਵਿੱਚ ਜਯੋਤੀ ਨੇ ਚਾਰਬੰਦਿਆ ਪਿੰਡ ਦੇ ਇੱਕ ਕਾਨਵੈਂਟ ਸਕੂਲ ਵਿੱਚ ਆਪਣੀ ਪੜ੍ਹਾਈ ਦੋਬਾਰਾ ਤੋਂ ਸ਼ੁਰੂ ਕੀਤੀ। ਉਹ ਕਹਿੰਦੀ ਹਨ,''ਉੱਥੇ ਨਨ ਨੂੰ ਦਵਾਖ਼ਾਨੇ ਵਿੱਚ ਕੰਮ ਕਰਦਿਆਂ ਦੇਖ ਮੈਨੂੰ ਪਹਿਲੀ ਦਫ਼ਾ ਨਰਸਿੰਗ ਦੇ ਕੰਮ ਤੋਂ ਸੰਤੋਸ਼ ਅਤੇ ਮਿਲ਼ਣ ਵਾਲ਼ੇ ਸੁੱਖ ਦਾ ਪਤਾ ਚੱਲਿਆ। ਉਹਦੇ ਬਾਅਦ ਮੈਂ ਹੋਰ ਨਾ ਪੜ੍ਹ ਸਕੀ। ਮੇਰੇ ਭਰਾ ਨੇ ਕਿਸੇ ਤਰ੍ਹਾਂ 10,000 ਰੁਪਏ ਜੋੜੇ ਅਤੇ ਮੈਂ ਇੱਕ ਨਿੱਜੀ ਸੰਸਥਾ ਤੋਂ ਐਲੋਪੈਥੀ ਦਵਾਈਆਂ ਵਿੱਚ ਮੈਡੀਕਲ ਪ੍ਰੈਕਟਿਸ਼ਨਰ ਦਾ ਕੋਰਸ ਕੀਤਾ।'' ਇਸ ਤੋਂ ਬਾਅਦ ਜਯੋਤੀ ਨੇ ਕਿਰੀਬੁਰੂ, ਚਾਈਬਾਸਾ ਅਤੇ ਗੁਮਲਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਕਈ ਡਾਕਟਰਾਂ ਦੇ ਨਾਲ਼ ਦੋ ਤੋਂ ਤਿੰਨ ਮਹੀਨਿਆਂ ਤੱਕ ਬਤੌਰ ਸਹਾਇਕ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਝਾਰਖਡ ਰੂਰਲ ਮੈਡੀਕਲ ਪ੍ਰੈਕਟਿਸ਼ਨਰ ਐਸੋਸ਼ੀਏਸ਼ਨ ਪਾਸੋਂ ਇੱਕ ਸਰਟੀਫ਼ਿਕੇਟ ਮਿਲ਼ਿਆ। ਬਾਅਦ ਵਿੱਚ ਉਹ ਆਪਣੀ ਪ੍ਰੈਕਟਿਸ ਆਪ ਸ਼ੁਰੂ ਕਰਨ ਲਈ ਆਪਣੇ ਪਿੰਡ ਮੁੜ ਆਈ।
ਹਰਤਾ ਪੰਚਾਇਤ ਵਿੱਚ ਕੰਮ ਕਰਨ ਵਾਲ਼ੀ ਸਰਕਾਰੀ ਨਰਸ, ਜਰੰਤੀ ਹੇਂਬ੍ਰੇਮ ਕਹਿੰਦੀ ਹਨ,''ਜੇ ਤੁਸੀਂ ਕਿਤੋਂ ਬਾਹਰੋਂ ਆਏ ਹੋਵੋ ਤਾਂ ਤੁਹਾਡੇ ਵਾਸਤੇ ਕਿਸੇ ਇਲਾਕੇ ਵਿੱਚ ਕੰਮ ਕਰਨਾ ਕਾਫ਼ੀ ਮੁਸ਼ਕਲ ਹੈ। ਜਯੋਤੀ ਪ੍ਰਭਾ ਪਿੰਡ ਵਿੱਚ ਹੀ ਪ੍ਰੈਕਟਿਸ ਕਰਦੀ ਹਨ ਇਸਲਈ ਹੀ ਲੋਕਾਂ ਦੀ ਮਦਦ ਕਰ ਪਾਉਂਦੀ ਹਨ।''
''ਸਰਕਾਰੀ ਨਰਸ ਮਹੀਨੇ ਵਿੱਚ ਇੱਕ ਵਾਰੀ ਹੀ ਪਿੰਡ ਆਉਂਦੀ ਹੈ, ਪਰ ਪਿੰਡ ਦੇ ਲੋਕ ਉਹਦੇ ਕੋਲ਼ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਨੂੰ ਕਦੇ-ਕਦਾਈਂ ਆਉਣ ਵਾਲ਼ੀ ਇਸ ਨਰਸ 'ਤੇ ਭਰੋਸਾ ਨਹੀਂ ਬੱਝ ਪਾਉਂਦਾ। ਇਹ ਪੜ੍ਹੇਲਿਖੇ ਵੀ ਨਹੀਂ ਹਨ। ਇਸਲਈ ਉਨ੍ਹਾਂ ਵਾਸਤੇ ਦਵਾਈਆਂ ਨਾਲ਼ੋਂ ਵੀ ਕਿਤੇ ਵੱਧ ਜ਼ਰੂਰੀ ਜੋ ਗੱਲ ਹੈ ਉਹ ਹੈ ਭਰੋਸਾ ਅਤੇ ਵਿਵਹਾਰ।''
ਪਾਰੀ ਅਤੇ ਕਾਊਂਟਰ ਮੀਡੀਆ ਟ੍ਰਸਟ ਵੱਲੋਂ ਪੇਂਡੂ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਣ ਵਾਲ਼ੀਆਂ ਰਿਪੋਰਟਿੰਗ ਦਾ ਇਹ ਰਾਸ਼ਟਰ-ਵਿਆਪੀ ਪ੍ਰਾਜੈਕਟ,'ਪਾਪੁਲੇਸ਼ਨ ਫ਼ਾਊਂਡੇਸ਼ਨ ਆਫ਼ ਇੰਡੀਆ' ਦੁਆਰਾਰ ਸਮਰਥਤ ਪਹਿਲਾ ਦਾ ਹਿੱਸਾ ਹੈ, ਤਾਂਕਿ ਆਮ ਲੋਕਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਇਨ੍ਹਾਂ ਅਹਿਮ, ਪਰ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ ਹਾਲਤ ਦਾ ਥਹੁ-ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org 'ਤੇ ਮੇਲ ਕਰਕੋ ਅਤੇ ਉਹਦੀ ਇੱਕ ਕਾਪੀ namita@ruralindiaonline.org .ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ