"ਸਾਰੀਆਂ 32 ਯੂਨੀਅਨਾਂ ਨੌਜਵਾਨਾਂ ਨੂੰ ਬੇਨਤੀ ਕਰਦੀਆਂ ਹਨ ਕਿ ਉਹ ਕੋਈ ਨੁਕਸਾਨ ਨਾ ਪਹੁੰਚਾਉਣ। ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਕੋਈ ਲੜਾਈ ਨਹੀਂ ਕਰੇਗਾ। ਕੋਈ ਵੀ ਸਾਡੇ ਇਸ ਸੰਘਰਸ਼ ਨੂੰ ਖ਼ਰਾਬ ਨਹੀਂ ਕਰੇਗਾ," ਇੱਕ ਅਪੀਲ ਗੂੰਜੀ। "ਸਾਰੇ ਲੋਕ ਦਿੱਲੀ ਪੁਲਿਸ ਦੁਆਰਾ ਸਾਨੂੰ ਦਿੱਤੇ ਗਏ ਅਧਿਕਾਰਤ ਮਾਰਗ 'ਤੇ ਚੱਲਣਗੇ। ਅਸੀਂ ਸ਼ਾਂਤਮਈ ਮਾਰਚ ਕਰਾਂਗੇ ਤਾਂਕਿ ਦੁਨੀਆ ਦੇਖੇ," ਟਰੈਕਟਰ 'ਤੇ ਲੱਗੇ ਲਾਊਡਸਪੀਕਰ ਅੱਗੇ ਨੇਤਾ ਨੇ ਬੋਲਿਆ।

ਇਹ 26 ਜਨਵਰੀ ਨੂੰ ਸਵੇਰ ਦੇ 9:45 ਵਜੇ ਦੇ ਕਰੀਬ ਦੀ ਗੱਲ ਹੈ, ਜਦੋਂ ਟਰੈਕਟਰਾਂ ਦਾ ਕਾਫ਼ਲਾ ਮੁੰਡਲਾ ਇੰਡਸਟ੍ਰਿਅਲ ਏਰੀਆ ਮੈਟਰੋ ਸਟੇਸ਼ਨ ਤੋਂ ਅੱਗੇ ਵੱਧ ਰਿਹਾ ਸੀ, ਉਦੋਂ ਹੀ ਲਾਊਡਸਪੀਕਰ ਤੋਂ ਅਵਾਜ਼ ਆਉਣ ਲੱਗੀ। ਸਵੈ-ਸੇਵਕ ਮਨੁੱਖੀ ਲੜੀ (ਹਿਊਮਨ ਚੇਨ) ਬਣਾਉਣ ਲਈ ਤੇਜ਼ੀ ਨਾਲ਼ ਅੱਗੇ ਵੱਧੇ ਅਤੇ ਸਾਰੇ ਲੋਕਾਂ ਨੂੰ ਕਹਿਣ ਲੱਗੇ ਕਿ ਉਹ ਰੁੱਕ ਕੇ ਆਗੂਆਂ ਦੀ ਅਪੀਲ ਸੁਣਨ।

ਇਹ ਰੈਲੀ ਪੱਛਮੀ ਦਿੱਲੀ ਦੇ ਟੀਕਰੀ ਤੋਂ ਸਵੇਰੇ 9 ਵਜੇ ਸ਼ੁਰੂ ਹੋਈ ਸੀ। ਭੀੜ ਦੁਆਰਾ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ ਲਾਏ ਜਾ ਰਹੇ ਸਨ। ਟਰੈਕਟਰ ਦੇ ਕਾਫ਼ਲੇ ਤੋਂ ਇਲਾਵਾ, ਕਾਫ਼ੀ ਸਾਰੇ ਪ੍ਰਦਰਸ਼ਨਕਾਰੀ ਅਤੇ ਸਵੈ-ਸੇਵਕ ਪੈਦਲ ਮਾਰਚ ਕਰ ਰਹੇ ਸਨ-ਕੁਝ ਲੋਕਾਂ ਦੇ ਹੱਥਾਂ ਵਿੱਚ ਰਾਸ਼ਟਰੀ ਝੰਡਾ ਸੀ ਅਤੇ ਬਾਕੀਆਂ ਨੇ ਆਪਣੀ ਕਿਸਾਨ ਯੂਨੀਅਨ ਦੇ ਝੰਡੇ ਚੁੱਕੇ ਹੋਏ ਸਨ। "ਅਸੀਂ ਪੈਦਲ ਤੁਰਨ ਵਾਲ਼ਿਆਂ ਅੱਗੇ ਬੇਨਤੀ ਕਰਦੇ ਹਨ ਕਿ ਉਹ ਟਰੈਕਟਰਾਂ 'ਤੇ ਚੜ੍ਹ ਜਾਣ ਕਿਉਂਕਿ ਅਸੀਂ ਲੰਬਾ ਪੈਂਡਾ ਤੈਅ ਕਰਨਾ ਹੈ," ਲਾਊਡਸਪੀਕਰ 'ਤੇ ਬੋਲਣ ਵਾਲ਼ੇ ਨੇਤਾ ਨੇ ਕਿਹਾ। ਪਰ ਉਨ੍ਹਾਂ ਵਿੱਚੋਂ ਕਈਆਂ ਲੋਕਾਂ ਨੇ ਪੈਦਲ ਤੁਰਨਾ ਜਾਰੀ ਰੱਖਿਆ।

ਇਹ ਕਾਫ਼ਲਾ ਸੁਚਾਰੂ ਰੂਪ ਨਾਲ਼ ਜਿਵੇਂ-ਜਿਵੇਂ ਅੱਗੇ ਵੱਧ ਰਿਹਾ ਸੀ, ਮੁੰਡਕਾ ਵਿੱਚ ਰਹਿਣ ਵਾਲ਼ੇ ਲੋਕ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਬਾਹਰ ਨਿਕਲ਼ ਕੇ ਸੜਕਾਂ ਦੇ ਕੰਢੇ ਜਾਂ ਡਿਵਾਇਡਰ 'ਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਦੇਖਣ ਲੱਗੇ। ਉਨ੍ਹਾਂ ਵਿੱਚੋਂ ਕਈ ਲੋਕ ਆਪਣੇ ਫ਼ੋਨ 'ਤੇ ਇਸ ਬੇਮਿਸਾਲ ਪਰੇਡ ਨੂੰ ਰਿਕਾਰਡ ਕਰਨ ਲੱਗੇ, ਕੁਝ ਆਪਣੇ ਹੱਥ ਲਹਿਰਾ ਰਹੇ ਸਨ, ਹੋਰ ਲੋਕ ਰੈਲੀ ਵਿੱਚ ਵੱਜ ਰਹੇ ਢੋਲ ਦੀ ਥਾਪ 'ਤੇ ਨੱਚ ਰਹੇ ਸਨ।

ਮੁੰਡਕਾ ਦੇ ਨਿਵਾਸੀਆਂ ਵਿੱਚ 32 ਸਾਲਾ ਵਿਜੈ ਰਾਣਾ ਵੀ ਸਨ। ਉਹ ਆਪਣੇ ਇਲਾਕੇ ਤੋਂ ਲੰਘਣ ਵਾਲ਼ੇ ਕਿਸਾਨਾਂ ਉੱਪਰ 'ਗੇਂਦੇ ਦੇ ਫੁੱਲਾਂ ਦੀ ਵਰਖਾ ਕਰਨ ਆਏ ਸਨ। "ਜਦੋਂ ਸਿਆਸਤਦਾਨਾਂ ਦਾ ਸਵਾਗਤ ਫੁੱਲਾਂ ਨਾਲ਼ ਕੀਤਾ ਜਾ ਸਕਦਾ ਹੈ, ਤਾਂ ਕਿਸਾਨਾਂ ਦਾ ਕਿਉਂ ਨਹੀਂ?" ਉਨ੍ਹਾਂ ਨੇ ਕਿਹਾ। ਰਾਣਾ, ਜੋ ਖ਼ੁਦ ਇੱਕ ਕਿਸਾਨ ਹਨ, ਮੁੰਡਕਾ ਪਿੰਡ ਵਿੱਚ 10 ਏਕੜ ਜ਼ਮੀਨ ਵਿੱਚ ਕਣਕ, ਝੋਨਾ ਅਤੇ ਲੌਕੀ ਦੀ ਕਾਸ਼ਤ ਕਰਦੇ ਹਨ। "ਕਿਸਾਨ ਸੈਨਿਕਾਂ ਨਾਲ਼ੋਂ ਘੱਟ ਨਹੀਂ ਹਨ," ਉਨ੍ਹਾਂ ਨੇ ਕਿਹਾ। "ਜੇਕਰ ਇਸ ਦੇਸ਼ ਦੇ ਸੈਨਿਕ ਸਰਹੱਦਾਂ ਨੂੰ ਛੱਡ ਦੇਣ, ਤਾਂ ਕੋਈ ਵੀ ਜਣਾ-ਖਣਾ ਇਸ ਦੇਸ਼ 'ਤੇ ਕਬਜ਼ਾ ਕਰ ਸਕਦਾ ਹੈ। ਇਸੇ ਤਰ੍ਹਾਂ, ਕਿਸਾਨਾਂ ਤੋਂ ਬਿਨਾਂ ਦੇਸ਼ ਨੂੰ ਭੁੱਖਾ ਰਹਿਣਾ ਪਵੇਗਾ।"

PHOTO • Satyraj Singh ,  Sanskriti Talwar

ਟੀਕਰੀ ਤੋਂ ਨਿਕਲ਼ਣ ਵਾਲ਼ੀ ਰੈਲੀ (ਉਤਾਂਹ ਦੀ ਕਤਾਰ) : ਦੁਪਹਿਰ ਦੇ ਆਸਪਾਸ, ਨਾਂਗਲੋਈ ਚੌਂਕ ' ਤੇ ਭਰਮ ਦੀ ਹਾਲਤ ਪੈਦਾ ਹੋ ਗਈ (ਫ਼ੋਟੋ : ਸਤਿਆਰਾਜ ਸਿੰਘ)। ਹੇਠਾਂ ਖੱਬੇ : ਮੁੰਡਕਾ ਦੇ ਇੱਕ ਕਿਸਾਨ, ਵਿਜੈ ਰਾਣਾ, ਫੁੱਲਾਂ ਦੀ ਵਰਖਾ ਰਾਹੀਂ ਪਰੇਡ ਦਾ ਸੁਆਗਤ ਕਰਦੇ ਹੋਏ। ਹੇਠਾਂ ਖੱਬੇ : ਨੰਗਲੋਈ ਚੌਂਕ ' ਤੇ ਸਵੈ-ਸੇਵਕਾਂ ਨੇ ਘੇਰਾ  ਬਣਾ ਕੇ ਕਿਸਾਨਾਂ ਨੂੰ ਨਜ਼ਫ਼ਗੜ੍ਹ ਵਾਲ਼ੇ ਪਾਸੇ ਜਾਣ ਦਾ ਰਾਹ ਦਿਖਾਇਆ (ਫ਼ੋਟੋ :: ਸੰਸਕ੍ਰਿਤ ਤਲਵਾਰ)

ਇਸ ਵਿਸ਼ਾਲ ਟਰੈਕਟਰ ਰੈਲੀ ਕੱਢਣ ਦਾ ਸੱਦਾ-ਭਾਰਤ ਦੇ 72ਵੇਂ ਗਣਤੰਤਰ ਦਿਵਸ ਮੌਕੇ 'ਤੇ -32 ਯੂਨੀਅਨਾਂ ਅਤੇ ਸੰਗਠਨਾਂ ਦੇ ਗੱਠਜੋੜ ਦੁਆਰਾ ਦਿੱਲੀ ਦੀਆਂ ਤਿੰਨੋਂ ਸਰਹੱਦਾਂ-ਟੀਕਰੀ (ਪੱਛਮ ਵਿੱਚ), ਸਿੰਘੂ (ਉੱਤਰ-ਪੱਛਮ) ਅਤੇ ਗਾਜ਼ੀਪੁਰ (ਪੂਰਬ ਵਿੱਚ)- ਤੋਂ ਕੱਢਣ ਲਈ ਕੀਤਾ ਗਿਆ ਸੀ, ਜਿੱਥੇ ਹਜ਼ਾਰਾਂ ਕਿਸਾਨ 26 ਨਵੰਬਰ 2020 ਤੋਂ ਤਿੰਨੋਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਗਣਤੰਤਰ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੈਂਸ ਵਿੱਚ ਪੁਲਿਸ ਨੇ ਦੱਸਿਆ ਸੀ ਕਿ ਟੀਕਰੀ ਤੋਂ ਕਰੀਬ 7,000 ਟਰੈਕਟਰ ਚੱਲਣ ਦੀ ਸੰਭਾਵਨਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਪ੍ਰੈੱਸ ਕੋਆਰਡੀਨੇਟਰ, ਸਿੰਘਾਰਾ ਸਿੰਘ ਮਾਨ ਨੇ ਮੈਨੂੰ ਦੱਸਿਆ ਕਿ ਟੀਕਰੀ ਤੋਂ ਨਿਕਲ਼ਣ ਵਾਲ਼ੀ ਪਰੇਡ ਵਿੱਚ ਉਨ੍ਹਾਂ ਦੀ ਯੂਨੀਅਨ ਦੇ ਘੱਟ ਤੋਂ ਘੱਟ 6,000 ਟਰੈਕਟਰਾਂ ਨੇ ਸ਼ਿਰਕਤ ਕੀਤੀ। ਜਦੋਂਕਿ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ, ਸੁਖਦਰਸ਼ਨ ਸਿੰਘ ਨੱਤ ਨੇ ਮੈਨੂੰ ਦੱਸਿਆ ਕਿ ਪਰੇਡ ਵਿੱਚ ਹਿੱਸਾ ਲੈਣ ਵਾਲ਼ੇ ਟਰੈਕਟਰਾਂ ਦੀ ਗਿਣਤੀ ਬਾਰੇ ਉਹ ਕੋਈ ਅਨੁਮਾਨ ਨਹੀਂ ਦੱਸ ਸਕਦੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਰੈਲੀ ਨੂੰ ਸ਼ਾਂਤਮਈ ਤਰੀਕੇ ਨਾਲ਼ ਕੱਢਣਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਵੇਰੇ ਲਗਭਗ 8:45 ਵਜੇ ਉਨ੍ਹਾਂ ਦੀ ਯੂਨੀਅਨ ਦੇ ਸਾਰੇ ਟਰੈਕਟਰ ਟੀਕਰੀ ਵਿੱਚ ਖੜ੍ਹੇ ਸਨ। ਅਤੇ ਜਦੋਂ ਅਖ਼ੀਰਲੇ ਕੁਝ ਟਰੈਕਟਰ ਵਾਪਸ ਮੁੜੇ, ਉਦੋਂ ਤੱਕ ਸ਼ਾਮ ਦੇ 6 ਵੱਜ ਚੁੱਕੇ ਸਨ। ਇਸਲਈ ਕੋਈ ਵੀ ਉਨ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ ਸੀ।

ਦਿੱਲੀ ਪੁਲਿਸ ਨੇ ਟੀਕਰੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਵਾਲ਼ਿਆਂ ਵਾਸਤੇ ਨਾਂਗਲੋਈ, ਨਜਫ਼ਗੜ੍ਹ, ਝਰੋਦਾ ਕਲਾਂ, ਕੇਐੱਮਪੀ ਐਕਸਪ੍ਰੈੱਸ ਵੇ (ਦਿੱਲੀ ਦੇ ਪੱਛਮੀ ਘੇਰੇ 'ਤੇ) ਥਾਣੀ ਹੁੰਦਾ ਹੋਇਆ ਇੱਕ ਗੋਲ਼ਾਕਾਰ ਮਾਰਗ ਬਣਾਇਆ ਸੀ, ਅਤੇ ਫਿਰ ਇਸੇ ਰਾਸਤਿਓਂ ਉਨ੍ਹਾਂ ਨੇ ਟੀਕਰੀ ਵਾਪਸ ਮੁੜਨਾ ਸੀ-ਜੋ ਕਿ ਕੁੱਲ 64 ਕਿਲੋਮੀਟਰ ਦਾ ਰਸਤਾ ਸੀ। ਸ਼ੁਰੂਆਤ ਵਿੱਚ, ਦਿੱਲੀ ਪੁਲਿਸ ਦੁਆਰਾ ਟੀਕਰੀ, ਸਿੰਘੂ ਅਤੇ ਗਾਜ਼ੀਪੁਰ ਤੋਂ ਸ਼ੁਰੂ ਹੋਣ ਵਾਲ਼ੇ ਕਾਫ਼ਲੇ ਵਾਸਤੇ ਤਿੰਨ ਰਾਹ ਚੁਣੇ ਗਏ ਸਨ। ਹਾਲਾਂਕਿ, ਸ਼ਿੰਘਾਰਾ ਸਿੰਘ ਮਾਨ ਨੇ ਰਸਮੀ ਤੌਰ 'ਤੇ ਕਿਹਾ, ਪੁਲਿਸ ਅਤੇ ਯੂਨੀਅਨ ਦੇ ਆਗੂਆਂ ਦਰਮਿਆਨ ਨੌ ਰਾਹਾਂ ਬਾਰੇ ਚਰਚਾ ਹੋਈ ਅਤੇ ਫ਼ੈਸਲਾ ਲਿਆ ਗਿਆ ਸੀ।

ਪਰ ਦੁਪਹਿਰ ਦੇ ਕਰੀਬ, ਨਾਂਗਲੋਈ ਚੌਕ 'ਤੇ, ਫਲਾਈਓਵਰ ਦੇ ਠੀਕ ਹੇਠਾਂ ਪੂਰੀ ਤਰ੍ਹਾਂ ਨਾਲ਼ ਭੰਬਲਭੂਸੇ ਦੀ ਹਾਲਤ ਪੈਦਾ ਹੋ ਗਈ। ਪਹਿਲਾਂ ਤੋਂ ਤੈਅ ਰਾਹ ਤੋਂ ਹੁੰਦੇ ਹੋਏ ਨਫਜ਼ਗੜ੍ਹ ਜਾਣ ਲਈ ਸੱਜੇ ਮੁੜਨ ਦੀ ਬਜਾਇ, ਕੁਝ ਵਿਅਕਤੀਆਂ ਅਤੇ ਕਿਸਾਨਾਂ ਦੇ ਛੋਟੇ ਦਲਾਂ ਨੇ ਸਿੱਧਿਆਂ ਪੀਰਾਗੜੀ ਚੌਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂਕਿ ਉੱਥੋਂ ਮੱਧ ਦਿੱਲੀ ਪਹੁੰਚ ਸਕਣ। ਸਵੈ-ਸੇਵਕਾਂ ਅਤੇ ਕੋਆਰਡੀਨੇਟਰਾਂ ਨੇ ਸੱਜੇ ਪਾਸੇ ਮੁੜ ਕੇ ਨਜਫ਼ਗੜ੍ਹ ਵਾਲ਼ੇ ਰਾਹ 'ਤੇ ਜਾਣ ਵਾਸਤੇ ਰੈਲੀ ਦੀ ਰਹਿਨੁਮਾਈ ਜਾਰੀ ਰੱਖੀ।

ਕਰੀਬ 20 ਮਿੰਟ ਬਾਅਦ, ਟਰੈਕਟਰਾਂ 'ਤੇ ਸਵਾਰ ਕਿਸਾਨਾਂ ਦੇ ਇੱਕ ਦਲ ਨੇ, ਇਨ੍ਹਾਂ ਟਰੈਕਟਰਾਂ ਵਿੱਚ ਸਵਾਰ ਕੁਝ ਲੋਕਾਂ ਦੇ ਚੀਕਣ-ਕੁਰਲਾਉਣ ਦੌਰਾਨ, ਨਾਂਗਲੋਈ ਚੌਕ 'ਤੇ ਲਾਏ ਗਏ ਬੈਰੀਕੇਡ ਤੋੜ ਸੁੱਟੇ। ਸਥਾਨਕ ਲੋਕਾਂ ਨੇ ਆਪਣੀ ਛੱਤਾਂ 'ਤੇ ਖੜ੍ਹੇ ਹੋ ਕੇ ਇਹ ਸਾਰੀ ਅਰਾਜਕਤਾ ਦੇਖੀ, ਕਈ ਲੋਕ ਤਾਂ ਇਹ ਸਭ ਦੇਖਣ ਵਾਸਤੇ ਸੜਕਾਂ 'ਤੇ ਆ ਗਏ। ਪੁਲਿਸ ਇਹ ਐਲਾਨ ਕਰਦੀ ਰਹੀ ਕਿ ਉਹ ਇਨ੍ਹਾਂ ਅਰਾਜਕ ਤੱਤਾਂ ਨੂੰ ਘੋਖ ਰਹੀ ਹੈ। ਪੁਲਿਸ ਨੇ ਹਾਲਤ ਨੂੰ ਰਿਕਾਰਡ ਕਰਨ ਵਾਸਤੇ ਕਈ ਡਰੋਨ ਵੀ ਤੈਨਾਤ ਕੀਤਾ।

Still peacefully proceeding at Nangloi (Photos: Satyraj Singh)
PHOTO • Satyraj Singh
Still peacefully proceeding at Nangloi (Photos: Satyraj Singh)
PHOTO • Satyraj Singh

ਨਾਂਗਲੋਈ ਵਿੱਚ ਅਜੇ ਵੀ ਸ਼ਾਂਤਮਈ ਤਰੀਕੇ ਨਾਲ਼ ਅੱਗੇ ਵੱਧਦਾ ਜੱਥਾ (ਫ਼ੋਟੋ : ਸਤਿਆਰਾਜ ਸਿੰਘ)

ਅਰਾਜਕਤਾ ਦੇ ਵਿਚਾਲਿਓਂ, ਦਿੱਲੀ ਦੇ ਗੁਰਦਿਆਲ ਸਿੰਘ, ਇੱਕ ਸਵੈ-ਸੇਵਕ, ਨਾਂਗਲੋਈ ਚੌਕ ਦੇ ਇੱਕ ਕੋਨੇ ਵਿੱਚ ਬਣੇ ਮੰਚ 'ਤੇ ਚੜ੍ਹੇ ਗਏ ਅਤੇ ਸਾਰਿਆਂ ਨੂੰ ਦੋਬਾਰਾ ਬੇਨਤੀ ਕੀਤੀ ਕਿ ਉਹ ਨਜਫਗੜ੍ਹ ਜਾਣ ਲਈ ਸੜਕ ਦੇ ਸੱਜੇ ਪਾਸੇ ਮੁੜ ਜਾਣ। "ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਨੂੰ ਸੁਣਿਆ ਜਾਵੇ, ਤਾਂ ਸਾਨੂੰ ਸਹੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ (ਦਿੱਲੀ ਪੁਲਿਸ ਦੁਆਰਾ ਨਿਰਧਾਰਤ ਰਾਹ ਦਾ ਪਾਲਣ ਕਰੋ)। ਮੈਂ ਸਾਰਿਆਂ ਅੱਗੇ ਸ਼ਾਂਤੀ ਅਤੇ ਪ੍ਰੇਮ ਨਾਲ਼ ਇਸ ਮਾਰਚ ਨੂੰ ਅੱਗੇ ਲਿਜਾਣ ਦੀ ਬੇਨਤੀ ਕਰਦਾ ਹਾਂ," ਉਨ੍ਹਾਂ ਨੇ ਕਿਹਾ।

"ਰੈਲੀ ਵਿੱਚ ਲੱਖਾਂ ਲੋਕ ਸ਼ਾਮਲ ਹੋਏ ਸਨ। ਕਾਫ਼ੀ ਸਾਰੇ ਲੋਕ ਗੁਆਂਢੀ ਇਲਾਕਿਆਂ ਵਿੱਚੋਂ ਵੀ ਸ਼ਾਮਲ ਹੋਏ ਸਨ। ਅਸੀਂ ਸਾਰਿਆਂ ਅੱਗੇ ਤੈਅ ਮਾਰਗ ਦਾ ਅਨੁਸਰਣ ਕਰਨ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਬੇਨਤੀ ਕਰ ਰਹੇ ਸਾਂ। ਪਰ ਸਾਰਿਆਂ 'ਤੇ ਨੀਝ ਲਾਈ ਰੱਖਣਾ ਮੁਸ਼ਕਲ ਸੀ," ਜਸਬੀਰ ਕੌਰ ਨੱਤ ਨੇ ਬਾਅਦ ਵਿੱਚ ਮੈਨੂੰ ਦੱਸਿਆ। ਉਹ ਪੰਜਾਬ ਕਿਸਾਨ ਯੂਨੀਅਨ ਦੀ ਰਾਜ ਕਮੇਟੀ ਦੀ ਮੈਂਬਰ ਅਤੇ ਟੀਕਰੀ ਵਿੱਚ ਕੈਂਪ ਲਾਉਣ ਵਾਲ਼ਿਆਂ ਵਿੱਚ ਸ਼ਾਮਲ ਹਨ।

ਨਾਂਗਲੋਈ ਚੌਕ 'ਤੇ ਦੁਪਹਿਰ ਵਿੱਚ ਹੋਈ ਥਿੜਕਨ ਦੇ ਬਾਵਜੂਦ, ਸ਼ਾਂਤਮਈ ਰੈਲੀ ਮੂਲ਼ ਮਾਰਗ ਵੱਲ ਅੱਗੇ ਵੱਧਦੀ ਰਹੀ। ਇਸ ਕਾਫ਼ਲੇ ਵਿੱਚ ਪੰਜਾਬ ਕਿਸਾਨ ਯੂਨੀਅਨ, ਕੁੱਲ ਭਾਰਤੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਆਦਿ ਨਾਲ਼ ਜੁੜੇ ਕਿਸਾਨਾਂ ਦੇ ਟਰੈਕਟਰ ਸ਼ਾਮਲ ਸਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਇੱਕ ਹੋਰ ਟੁਕੜੀ ਨਜਫਗੜ੍ਹ ਰੋਡ 'ਤੇ, ਉਲਟ ਦਿਸ਼ਾ ਤੋਂ ਆ ਕੇ ਉਸ ਵਿੱਚ ਆ ਰਲ਼ੀ। ਉਨ੍ਹਾਂ ਨੇ ਕੇਐੱਮਪੀ ਐਕਸਪ੍ਰੈੱਸ ਵਾਲ਼ਾ ਰਾਹ ਚੁਣਿਆ ਸੀ (ਤੈਅ ਮਾਰਗ ਗੋਲ਼ਾਕਾਰ ਹੈ-ਟੀਕਰੀ ਤੋਂ ਕੋਈ ਵਿਅਕਤੀ ਜਾਂ ਤਾਂ ਨਾਂਗਲੋਈ ਵਾਲ਼ਾ ਰਾਹ ਫੜ੍ਹ ਸਕਦਾ ਹੈ ਜਾਂ ਕੇਐੱਮਪੀ ਵਾਲ਼ਾ ਰਾਹ, ਦੋਵੇਂ ਰਾਹ ਅੱਗੇ ਜਾ ਕੇ ਇੱਕੋ ਹੀ ਬਿੰਦੂ 'ਤੇ ਮਿਲ਼ਦੇ ਹਨ)।

ਟਰੈਕਟਰ 'ਤੇ ਸਵਾਰ ਹੋ ਕੇ ਨਾਂਗਲੋਈ-ਨਜਫਗੜ੍ਹ ਰੋਡ ਥਾਣੀ ਲੰਘਣ ਵਾਲ਼ਿਆਂ ਵਿੱਚੋਂ, ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਸੁਰੇਵਾਲ਼ਾ ਪਿੰਡ ਦੀ ਪੂਨਮ ਪੱਟਰ, ਉਮਰ 35 ਸਾਲ ਵੀ ਸ਼ਾਮਲ ਸਨ। ਉਹ 18 ਜਨਵਰੀ ਨੂੰ ਆਪਣੇ ਪਰਿਵਾਰ ਨਾਲ਼ ਟੀਕਰੀ ਆਏ ਸਨ। ਉਦੋਂ ਤੋਂ ਉਹ ਬਹਾਦੁਰਗੜ੍ਹ (ਟੀਕਰੀ ਸੀਮਾ ਦੇ ਕੋਲ਼) ਖੜ੍ਹੀ ਆਪਣੀ ਟਰਾਲੀ ਵਿੱਚ ਰੁਕੇ ਹੋਏ ਸਨ। ਪੂਨਮ ਇੱਕ ਗ੍ਰਹਿਣੀ ਹਨ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਪਰੇਡ ਵਿੱਚ ਹਿੱਸਾ ਲੈਣ ਲਈ ਹੀ ਟਰੈਕਟਰ ਚਲਾਉਣਾ ਸਿੱਖਿਆ ਹੈ।

"ਰਾਜਪਥ ਵਿਖੇ, ਹਰ ਸਾਲ ਗਣਤੰਤਰ ਦਿਵਸ ਦੇ ਮੌਕੇ, ਖੇਤਾਂ ਵਿੱਚ ਕੰਮ ਕਰਨ ਵਾਲ਼ੇ ਕਿਸਾਨਾਂ ਬਾਰੇ ਨਾਟਕ ਪੇਸ਼ ਕੀਤੇ ਜਾਂਦੇ ਹਨ। ਪਰ ਇਹ ਹਕੀਕਤ ਹੈ। ਇਸ ਰੈਲੀ ਦੇ ਜ਼ਰੀਏ ਕਿਸਾਨ ਅਸਲੀਅਤ ਵਿੱਚ ਇਹ ਦਿਖਾ ਰਹੇ ਹਨ ਕਿ ਉਹ ਇਸ ਦੇਸ਼ ਨੂੰ  ਭੋਜਨ ਪ੍ਰਦਾਨ ਕਰਦੇ ਹਨ," ਉਨ੍ਹਾਂ ਨੇ ਕਿਹਾ। "ਜਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ, ਮੈਂ ਇੱਥੇ ਰਹੂੰਗੀ। ਜੇਕਰ ਇਸ ਵਿੱਚ ਹਰ ਕੋਈ ਸ਼ਾਮਲ ਹੁੰਦਾ ਹੈ, ਤਾਂ ਇਹ ਸਹੀ ਅਤੇ ਸਰਾਹੁਣਯੋਗ ਕੰਮ ਹੋਵੇਗਾ।"

ਬਾਕੀ ਟਰੈਕਟਰਾਂ ਜ਼ਿਆਦਾਤਰ ਪੁਰਖ ਚਲਾ ਰਹੇ ਸਨ,  ਜਦੋਂਕਿ ਔਰਤਾਂ ਟਰਾਲੀਆਂ ਵਿੱਚ ਬੈਠੀਆਂ ਹੋਈਆਂ ਸਨ। "ਅਸੀਂ ਇਹ ਦਿਖਾਉਣਾ ਲੋਚਦੇ ਹਾਂ ਕਿ ਅਸੀਂ ਅੱਤਵਾਦੀ ਨਹੀਂ ਹਾਂ। ਅਸੀਂ ਮੋਦੀ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕੋਈ ਵੀ ਸਾਡੀ ਏਕਤਾ ਨੂੰ ਹਿਲਾ ਨਹੀਂ ਸਕਦਾ," ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਮੇਹਲਾਨ ਪਿੰਡ ਦੀ ਜਸਵਿੰਦਰ ਕੌਰ ਨੇ ਕਿਹਾ, ਜੋ ਇਨ੍ਹਾਂ ਟਰਾਲੀਆਂ ਵਿੱਚੋਂ ਇੱਕ ਵਿੱਚ ਬੈਠੇ ਸਨ। "ਅਸੀਂ ਇਨ੍ਹਾਂ ਕਾਲ਼ੇ ਕਨੂੰਨਾਂ ਦਾ ਵਿਰੋਧ ਕਰਨ ਲਈ ਇੱਥੇ ਆਏ ਹਾਂ। ਜਦੋਂ ਤੱਕ ਇਹ ਕਨੂੰਨ ਰੱਦ ਨਹੀਂ ਹੁੰਦੇ, ਅਸੀਂ ਵਾਪਸ ਨਹੀਂ ਜਾਵਾਂਗੇ। ਅਸੀਂ ਸ਼ਾਂਤਮਈ ਤਰੀਕੇ ਨਾਲ਼ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ ਅਤੇ ਕੋਈ ਨੁਕਸਾਨ ਨਹੀਂ ਕਰਾਂਗੇ।"

But then, a group of farmers in tractors broke the barricades at Nangloi chowk, amidst hooting and shouting from the occupants of some of these tractors
PHOTO • Sanskriti Talwar
But then, a group of farmers in tractors broke the barricades at Nangloi chowk, amidst hooting and shouting from the occupants of some of these tractors
PHOTO • Sanskriti Talwar

ਪਰ ਉਦੋਂ ਹੀ, ਨਾਂਗਲੋਈ ਚੌਕ ਵਿਖੇ ਟਰੈਕਟਰਾਂ ਦੇ ਇੱਕ ਝੁੰਡ ਨੇ ਬੈਰੀਕੇਡ ਤੋੜ ਸੁੱਟੇ, ਟਰੈਕਟਰ ਸਵਾਰ ਇਨ੍ਹਾਂ ਪੇਸ਼ੇਵਰ ਕਿਸਾਨਾਂ ਦੁਆਰਾ ਚੌਕ ਦੇ ਵਿਚਕਾਰ ਹੋ-ਹੱਲਾ ਪਾਉਂਦੇ ਹੋਏ (ਫੋਟੋਆਂ : ਸੰਸਕ੍ਰਿਤ ਤਲਵਾਰ)

ਉਹ ਅਤੇ ਬਾਕੀ ਕਿਸਾਨ ਜਿਨ੍ਹਾਂ ਖੇਤੀ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਹ ਤਿੰਨੋਂ ਖੇਤੀ ਬਿੱਲਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020

ਸਾਰੇ ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਆਜੀਵਿਕਾ ਦੇ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।

ਜਸਵਿੰਦਰ ਕੌਰ 26 ਨਵੰਬਰ ਤੋਂ ਟੀਕਰੀ ਵਿਖੇ ਹਨ, ਅਤੇ ਉੱਥੋਂ ਸਿਰਫ਼ ਦੋ ਵਾਰ ਹੀ ਮੇਹਲਾਨ ਪਿੰਡ ਪੈਂਦੇ ਆਪਣੇ ਘਰ ਵਾਪਸ ਮੁੜੀ ਹਨ। "ਮੈਂ ਪਿਛਲੇ ਸਾਲ ਅਗਸਤ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੀ ਹਾਂ। ਪਹਿਲਾਂ, ਅਸੀਂ ਆਪਣੇ ਪਿੰਡਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਫਿਰ ਅਸੀਂ ਪੰਜ ਦਿਨਾਂ ਲਈ ਵਿਰੋਧ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਵੀ ਗਏ," ਉਨ੍ਹਾਂ ਨੇ ਕਿਹਾ। "ਜਦੋਂ ਕਿਸੇ ਮਾਂ ਦਾ ਬੇਟਾ ਇਸ ਯੱਖ ਕਰ ਸੁੱਟਣ ਵਾਲ਼ੀ ਠੰਡ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਇੱਥੇ ਬੈਠਿਆ ਹੋਊ, ਤਾਂ ਉਹਦੀ ਮਾਂ ਆਪਣੇ ਘਰ ਦੇ ਅੰਦਰ ਬਹਿ ਹੀ ਕਿਵੇਂ ਸਕਦੀ ਹੈ?" ਉਨ੍ਹਾਂ ਨੇ ਮੁੱਖ ਜੱਜ ਦੇ (11 ਜਨਵਰੀ ਦੇ) ਇਸ ਬਿਆਨ-ਕਿ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਅਤੇ ਕੋਵਿਡ-19ਦੇ ਕਾਰਨ ਧਰਨਾ-ਸਥਲਾਂ ਤੋਂ ਵਾਪਸ ਚਲੇ ਜਾਣ ਲਈ 'ਰਾਜ਼ੀ' ਕੀਤਾ ਜਾਣਾ ਚਾਹੀਦਾ ਹੈ-ਵੱਲ ਇਸ਼ਾਰਾ ਕਰਦਿਆਂ ਪੁੱਛਿਆ।

ਦੂਜੇ ਪਾਸੇ ਸੰਗਰੂਰ ਵਿੱਚ, ਉਨ੍ਹਾਂ ਦਾ ਪਰਿਵਾਰ ਸੱਤ ਏਕੜ ਜ਼ਮੀਨ 'ਤੇ ਮੁੱਖ ਰੂਪ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦਾ ਹੈ। "ਅਸੀਂ ਕਈ (ਹੋਰ) ਫ਼ਸਲਾਂ ਵੀ ਉਗਾ ਸਕਦੇ ਹਾਂ," ਉਨ੍ਹਾਂ ਨੇ ਕਿਹਾ। "ਪਰ ਐੱਮਐੱਸਪੀ ਦਰਾਂ ਸਿਰਫ਼ ਕਣਕ ਅਤੇ ਝੋਨੇ ਲਈ ਹੀ ਤੈਅ ਹਨ। ਇਸਲਈ ਅਸੀਂ ਹੋਰ ਫ਼ਸਲਾਂ ਨਹੀਂ ਉਗਾਉਂਦੇ ਹਾਂ।" ਉਨ੍ਹਾਂ ਨੂੰ ਚੇਤੇ ਆਇਆ ਕਿ ਇੱਕ ਵਾਰ ਪਰਿਵਾਰ ਨੇ ਮਟਰ ਉਗਾਏ। "ਅਸੀਂ ਉਹ ਮਟਰ 2 ਰੁਪਏ ਕਿਲੋ ਦੇ ਹਿਸਾਬ ਨਾਲ਼ ਵੇਚਿਆ। ਉਸ ਤੋਂ ਬਾਅਦ ਅਸੀਂ ਕਣਕ ਅਤੇ ਝੋਨੇ ਤੋਂ ਇਲਾਵਾ ਕਦੇ ਕੋਈ ਹੋਰ ਫ਼ਸਲ ਉਗਾਈ ਹੀ ਨਹੀਂ। ਪਰ ਜੇਕਰ ਸਰਕਾਰ ਇਨ੍ਹਾਂ 'ਤੇ ਵੀ ਐੱਮਐੱਸਪੀ ਦੀ ਗਰੰਟੀ ਨਹੀਂ ਦੇਵੇਗੀ, ਤਾਂ ਅਸੀਂ ਜਾਵਾਂਗੇ ਕਿੱਥੇ?"

ਉਸੇ ਟਰਾਲੀ ਵਿੱਚ 24 ਸਾਲਾ ਸੁਖਵੀਰ ਸਿੰਘ ਵੀ ਸਨ,ਜੋ ਮੇਹਲਾਨ ਪਿੰਡ ਤੋਂ ਹੀ ਆਏ ਸਨ, ਜਿੱਥੇ ਉਨ੍ਹਾਂ ਦੇ ਪਰਿਵਾਰ ਦੇ ਕੋਲ਼ ਛੇ ਏਕੜ ਖੇਤ ਹਨ। "ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਇੱਕ ਕੁਇੰਟਲ ਮੱਕੀ ਵਾਸਤੇ 1800 ਰੁਪਏ ਤੈਅ ਕੀਤੇ ਗਏ ਹਨ," ਉਨ੍ਹਾਂ ਨੇ ਕਿਹਾ। "ਪਰ ਮੈਂ ਇਹਨੂੰ 600 ਰੁਪਏ ਪ੍ਰਤੀ ਕੁਇੰਟਲ ਵੇਚਿਆ ਹੈ। ਸਾਡੇ ਪਿੰਡ ਦੇ ਕਿਸੇ ਇੱਕ ਵੀ ਵਿਅਕਤੀ ਤੋਂ ਪੁੱਛ ਲਵੋ ਜੇ ਕਿਸੇ ਨੇ ਇਸ ਦਰ ਤੋਂ ਉੱਪਰ ਵੇਚਿਆ ਹੋਵੇ। ਇਹ ਹੈ ਸਾਡੀ ਹਾਲਤ। ਜੇਕਰ ਸਰਕਾਰ ਐੱਮਐੱਸਪੀ ਬਾਰੇ ਕੋਈ ਗਰੰਟੀ ਨਹੀਂ ਦਿੰਦੀ ਤਾਂ ਸਾਡਾ ਕੀ ਬਣੂੰ? ਇਸਲਈ ਅਸੀਂ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਨਿਕਲ਼ੇ ਹਾਂ।"

ਜਦੋਂ ਮੈਂ ਜਸਵਿੰਦਰ ਅਤੇ ਸੁਖਵੀਰ ਨਾਲ਼ ਗੱਲ ਕਰ ਰਹੀ ਸਾਂ- ਜੋ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀਆਂ ਮੈਂਬਰ ਹਨ-ਦੂਸਰੇ ਟਰੈਕਟਰ ਰਾਹੀਂ ਕੋਈ ਉਨ੍ਹਾਂ ਨੂੰ ਦੱਸਣ ਆਇਆ ਕਿ ਉਨ੍ਹਾਂ ਦੇ ਯੂਨੀਅਨ ਆਗੂ ਸਾਰਿਆਂ ਨੂੰ ਵਾਪਸ ਮੁੜਨ ਲਈ ਕਹਿ ਰਹੇ ਹਨ।

PHOTO • Sanskriti Talwar ,  Naveen Macro

ਉਤਾਂਹ ਖੱਬੇ : ਖੱਬੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਪੂਨਮ ਪੱਟਰ ਨੇ ਸਿਰਫ਼ ਇਸ ਪਰੇਡ ਵਿੱਚ ਹਿੱਸਾ ਲੈਣ ਲਈ ਟਰੈਕਟਰ ਚਲਾਉਣਾ ਸਿੱਖਿਆ (ਫ਼ੋਟੋ : ਸੰਸਕ੍ਰਿਤ ਤਲਵਾਰ)। ਉਤਾਂਹ ਸੱਜੇ : ਨਾਂਗਲੋਈ-ਨਜਫਗੜ੍ਹ ਰੋਡ ' ਤੇ ਇੱਕ ਟਰਾਲੀ ਵਿੱਚ ਬੈਠੀ ਜਸਵਿੰਦਰ ਕੌਰ ਨੇ ਕਿਹਾ, ' ਅਸੀਂ ਸ਼ਾਂਤਮਈ ਤਰੀਕੇ ਨਾਲ਼ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ ਅਤੇ ਕੋਈ ਨੁਕਸਾਨ ਨਹੀਂ ਕਰਾਂਗੇ। ' ਹੇਠਾਂ ਖੱਬੇ : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਖਵੀਰ ਸਿੰਘ ਨੇ ਕਿਹਾ, ' ਸਾਨੂੰ ਮਾੜੇ ਕੰਮ ਕਰਨ ਵਾਲ਼ੇ ਕੁਝ ਲੋਕਾਂ ਦੇ ਕਾਰਨ ਮੁੜਨ ਲਈ ਕਿਹਾ ਗਿਆ ਸੀ ' । ਹੇਠਾਂ ਸੱਜੇ : ਕਾਨਨ ਸਿੰਘ ਨੇ ਕਿਹਾ, ' ਅਸੀਂ ਇੱਥੇ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਆਏ ਸਾਂ ' (ਫ਼ੋਟੋ : ਨਵੀਨ ਮੈਕਰੋ)

ਜਿਵੇਂ ਕਿ ਮੈਂ ਉਮੀਦ ਕੀਤੀ ਸੀ, ਲਗਭਗ 2.30 ਵਜੇ ਉਨ੍ਹਾਂ ਦੀ ਟਰਾਲੀ ਨੇ ਆਪਣੇ ਖੇਮਿਆਂ ਵੱਲ ਮੁੜਨ ਵਾਸਤੇ ਦੱਖਣ-ਪੱਛਮੀ ਦਿੱਲੀ ਦੇ ਝਰੋਦਾ ਕਲਾਂ ਬਸਤੀ ਦੇ ਕੋਲ਼ੋਂ ਯੂ-ਟਰਨ ਲਿਆ- ਇਹ ਬਸਤੀ ਨਾਂਗਲੋਈ-ਨਜਫ਼ਗੜ੍ਹ ਰੋਡ ਤੋਂ ਕਰੀਬ 11 ਕਿਲੋਮੀਟਰ ਦੂਰ ਹੈ। ਉਦੋਂ ਤੱਕ ਇਹ ਕਾਫ਼ਲਾ ਟੀਕਰੀ ਤੋਂ ਕਰੀਬ 27 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕਿਆ ਸੀ।

ਦੁਪਹਿਰ ਦੇ ਆਸਪਾਸ, ਮੈਂ ਕਾਫ਼ਲੇ ਤੋਂ ਵੱਖ ਹੋ ਚੁੱਕੇ ਘੱਟ ਤੋਂ ਘੱਟ ਚਾਰ ਟਰੈਕਟਰਾਂ ਨੂੰ ਉਨ੍ਹਾਂ ਵੱਲੋਂ ਚੁਣੇ ਹੋਏ ਰਾਹ ਵੱਲ ਵੱਧਦੇ ਦੇਖਿਆ। ਉਦੋਂ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਪਰ ਲਗਭਗ 2 ਵਜੇ, ਜਦੋਂ ਖ਼ਬਰਾਂ ਆਉਣ ਲੱਗੀਆਂ ਕਿ ਸਿੰਘੂ ਅਤੇ ਗ਼ਾਜ਼ੀਪੁਰ ਵਿੱਚ ਕਿਸਾਨਾਂ ਅਤੇ ਵਿਅਕਤੀਆਂ ਦਾ ਜੋ ਸਮੂਹ ਟੁੱਟ ਕੇ ਅੱਡ ਹੋ ਗਿਆ ਸੀ, ਉਹ ਹੁਣ ਆਈਟੀਓ ਅਤੇ ਲਾਲ ਕਿਲ੍ਹਾ ਪਹੁੰਚ ਗਏ ਹਨ, ਉਦੋਂ ਟੀਕਰੀ ਦੇ ਕੁਝ ਸਮੂਹਾਂ ਨੇ ਵੀ ਅੱਗੇ ਵੱਧਣ ਅਤੇ ਲਾਲ ਕਿਲ੍ਹਾ ਜਾਣ ਦੀ ਜ਼ਿੱਦ ਫੜ੍ਹ ਲਈ। ਇਸੇ ਤੋਂ ਬਾਅਦ ਪੁਲਿਸ ਅਤੇ ਇਨ੍ਹਾਂ ਸਮੂਹਾਂ ਦੇ ਮੈਂਬਰਾਂ ਦਰਮਿਆਨ ਝੜਪਾਂ ਸ਼ੁਰੂ ਹੋ ਗਈਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲ਼ੇ ਦਾਗ਼ੇ। ਸ਼ਾਮ ਦੇ ਕਰੀਬ 4:30 ਵਜੇ ਤੱਕ ਇਹ ਸਭ ਚੱਲਦਾ ਰਿਹਾ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜੋ ਟਰੈਕਟਰ 4 ਵਜੇ ਦੇ ਕਰੀਬ ਕੇਐੱਮਪੀ ਐਕਸਪ੍ਰੈੱਸ ਵੇ ਵੱਲੋਂ ਨਾਂਗਲੋਈ ਚੌਕ ਅੱਪੜਨ ਵਾਲ਼ੇ ਸਨ, ਉਨ੍ਹਾਂ ਨੇ ਵੀ ਟੀਕਰੀ ਦੇ ਆਪਣੇ ਖੇਮਿਆਂ ਵਿੱਚ ਮੁੜਨ ਦਾ ਫ਼ੈਸਲਾ ਕੀਤਾ।

ਝਰੋਦਾ ਕਲਾਂ ਬਸਤੀ ਦੇ ਕੋਲ਼ ਟ੍ਰੈਫਿਕ ਦੇ ਕਾਰਨ ਆਪਣੇ ਟਰੈਕਟਰ ਵਿੱਚ ਫਸੇ ਸੰਗਰੂਰ ਜ਼ਿਲ੍ਹੇ ਦੇ ਸ਼ੇਰਪੁਰ ਬਲਾਕ ਦੇ 65 ਸਾਲਾ ਕਾਨਨ ਸਿੰਘ ਨੇ ਕਿਹਾ,"ਅਸੀਂ ਪਿਛਲੇ ਦੋ ਮਹੀਨਿਆਂ ਤੋਂ ਸੜਕਾਂ 'ਤੇ ਰਹਿ ਰਹੇ ਹਾਂ। ਅਸੀਂ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਖ਼ਾਤਰ ਇੱਥੇ ਆਏ ਸਾਂ। ਜਦੋਂ ਸਾਡੀ ਗੱਲ ਮੰਨੀ ਗਈ ਤਾਂ ਹੀ ਅਸੀਂ ਪੰਜਾਬ ਰਵਾਨਾ ਹੋਵਾਂਗੇ।"

ਰਾਤ 8 ਵਜੇ, ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਜੱਥੇਬੰਦੀਆਂ, ਸਾਂਝਾ ਕਿਸਾਨ ਮੋਰਚਾ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਆਪਣੇ ਆਪ ਨੂੰ ਹਿੰਸਾ ਨਾਲ਼ੋਂ ਅੱਡ ਕਰ ਲਿਆ ਅਤੇ ਉਨ੍ਹਾਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ। "ਅਸੀਂ ਉਨ੍ਹਾਂ ਅਣਚਾਹੀਆਂ ਅਤੇ ਅਪ੍ਰਵਾਨਣਯੋਗ ਘਟਨਾਵਾਂ ਦੀ ਨਿਖੇਧੀ ਕਰਦੇ ਹਾਂ ਅਤੇ ਅੱਜ ਵਾਪਰੀਆਂ ਘਨਟਾਵਾਂ ਲਈ ਸਾਨੂੰ ਅਫ਼ਸੋਸ ਹੈ ਅਤੇ ਇਸੇ ਤਰ੍ਹਾਂ ਦੇ ਕੰਮਾਂ ਵਿੱਚ  ਸ਼ਾਮਲ ਹੋਣ ਵਾਲ਼ਿਆਂ ਨਾਲ਼ੋਂ ਖ਼ੁਦ ਨੂੰ ਅੱਡ ਕਰਦੇ ਹਾਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕੁਝ ਜਥੇਬੰਦੀਆਂ ਅਤੇ ਵਿਅਕਤੀਆਂ ਨੇ ਤੈਅ ਮਾਰਗ ਦਾ ਉਲੰਘਣ ਕੀਤਾ ਅਤੇ ਨਿੰਦਣਯੋਗ ਕੰਮਾਂ ਵਿੱਚ ਲੱਗੇ ਰਹੇ। ਅਸਮਾਜਿਕ ਤੱਤਾਂ ਨੇ ਸ਼ਾਂਤਮਈ ਅੰਦੋਲਨ ਵਿੱਚ ਘੁਸਪੈਠ ਕੀਤੀ ਸੀ," ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ।

"ਸਾਨੂੰ ਗ਼ਲਤ ਕੰਮ ਕਰਨ ਵਾਲ਼ੇ ਕੁਝ ਲੋਕਾਂ ਦੇ ਕਾਰਨ ਵਾਪਸ ਮੁੜਨ ਲਈ ਕਿਹਾ ਗਿਆ ਸੀ," ਸੁਖਵੀਰ ਨੇ ਬਾਅਦ ਵਿੱਚ ਮੈਨੂੰ ਦੱਸਿਆ। "ਉਹ ਸਾਡੇ ਲੋਕ ਨਹੀਂ ਸਨ। ਇਸੇ ਤਰ੍ਹਾਂ ਕੋਈ ਕੰਮ ਕਰਨ ਲਈ ਦਿੱਲੀ ਨਹੀਂ ਆਏ ਸਨ। ਅਸੀਂ ਸਿਰਫ਼ ਇਨ੍ਹਾਂ ਕਾਲ਼ੇ ਕਨੂੰਨਾਂ ਨੂੰ ਰੱਦ ਕਰਾਉਣ ਲਈ ਆਏ ਹਾਂ।"

"ਜੇਕਰ ਸਰਕਾਰ ਕੱਲ੍ਹ ਇਨ੍ਹਾਂ ਕਨੂੰਨਾਂ ਨੂੰ ਰੱਦ ਕਰ ਦਿੰਦੀ ਹੈ, ਤਾਂ ਅਸੀਂ ਚਲੇ ਜਾਵਾਂਗੇ," ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਜਸਬੀਰ ਕੌਰ ਨੱਤ ਨੇ ਕਿਹਾ। "ਉਦੋਂ ਫਿਰ ਅਸੀਂ ਇੱਥੇ ਰੁਕਾਂਗੇ ਹੀ ਕਿਉਂ? ਅਸੀਂ ਉਸੇ ਕਾਰਨ ਕਰਕੇ-ਇਨ੍ਹਾਂ ਕਾਲ਼ੇ ਕਨੂੰਨਾਂ ਨੂੰ ਰੱਦ ਕਰਾਉਣ ਲਈ-ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ।"

ਕਵਰ ਫ਼ੋਟੋ : ਸਤਿਆਰਾਜ ਸਿੰਘ

ਤਰਜਮਾ - ਕਮਲਜੀਤ ਕੌਰ

Sanskriti Talwar

Sanskriti Talwar is an independent journalist based in New Delhi. She reports on gender issues.

Other stories by Sanskriti Talwar
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur