''ਮੈਂ ਤੁਹਾਨੂੰ ਕੀ ਦੱਸਾਂ? ਮੇਰੀ ਲੱਕ ਟੁੱਟ ਕੇ ਦੂਹਰਾ ਹੋ ਚੁੱਕਾ ਹੈ ਅਤੇ ਮੇਰੀ ਪਸਲੀ ਉੱਭਰ ਕੇ ਬਾਹਰ ਆ ਗਈ ਹੈ। ਮੇਰਾ ਢਿੱਡ ਅੰਦਰ ਧੱਸ ਗਿਆ ਹੈ, ਪਿਛਲੇ 2-3 ਸਾਲਾਂ ਵਿੱਚ ਢਿੱਡ ਅਤੇ ਲੱਕ ਇੱਕ-ਦੂਸਰੇ ਨਾਲ਼ ਜਾ ਲੱਗੇ ਹਨ। ਡਾਕਟਰ ਕਹਿੰਦੇ ਹਨ ਕਿ ਮੇਰੀਆਂ ਹੱਡੀਆਂ ਖੋਖ਼ਲੀਆਂ ਹੋ ਚੁੱਕੀਆਂ ਹਨ।''
ਅਸੀਂ ਮੁਲਸ਼ੀ ਬਲਾਕ ਦੇ ਹੜਸ਼ੀ ਪਿੰਡ ਵਿੱਚ ਉਨ੍ਹਾਂ ਦੇ ਘਰ ਨਾਲ਼ ਲੱਗਦੀ ਰਸੋਈ ਵਿੱਚ ਬੈਠੇ ਹਾਂ, ਜੋ ਟੀਨ ਦੀਆਂ ਚਾਦਰਾਂ ਨਾਲ਼ ਬਣੀ ਹੈ। ਕਰੀਬ 55 ਸਾਲਾ ਬੀਬਾਬਾਈ, ਮਿੱਟੀ ਦੇ ਚੁੱਲ੍ਹੇ 'ਤੇ ਇੱਕ ਪਤੀਲੇ ਵਿੱਚ ਬਚੇ ਹੋਏ ਚੌਲ਼ ਗਰਮਾ ਰਹੀ ਹਨ। ਉਹ ਮੈਨੂੰ ਬੈਠਣ ਲਈ ਲੱਕੜ ਦਾ ਪਾਟ (ਨੀਵੀਂ ਚੌਂਕੀ) ਦਿੰਦੀ ਹਨ ਅਤੇ ਆਪਣੇ ਕੰਮ ਵਿੱਚ ਰੁਝ ਜਾਂਦੀ ਹਨ। ਜਦੋਂ ਉਹ ਭਾਂਡੇ ਧੋਣ ਲਈ ਉੱਠਦੀ ਹਨ ਤਾਂ ਮੈਂ ਦੇਖਦੀ ਹਾਂ ਕਿ ਉਨ੍ਹਾਂ ਦਾ ਲੱਕ ਇੰਨਾ ਝੁਕਿਆ ਹੋਇਆ ਹੈ ਕਿ ਉਨ੍ਹਾਂ ਦੀ ਠੋਡੀ ਉਨ੍ਹਾਂ ਦੇ ਗੋਡਿਆਂ ਨਾਲ਼ ਖਹਿ ਰਹੀ ਹੈ ਅਤੇ ਜਦੋਂ ਉਹ ਬਹਿੰਦੀ ਹਨ ਤਾਂ ਉਨ੍ਹਾਂ ਦੇ ਗੋਢੇ ਉਨ੍ਹਾਂ ਦੇ ਕੰਨਾਂ ਨੂੰ ਛੂੰਹਦੇ ਹਨ।
ਪਿਛਲੇ 25 ਸਾਲਾਂ ਵਿੱਚ ਓਸਿਟਯੋਪੋਰੋਸਿਸ/ਹੱਡੀਆਂ ਦੇ ਖੋਖ਼ਲੇਪਣ ਦੀ ਬੀਮਾਰੀ ਅਤੇ ਚਾਰ ਸਰਜਰੀਆਂ ਨੇ ਬੀਬਾਬਾਈ ਦੀ ਇਹ ਹਾਲਤ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਦੀ ਨਸਬੰਦੀ/ਨਲ਼ਬੰਦੀ ਹੋਈ, ਫਿਰ ਹਰਨੀਆਂ ਦਾ ਓਪਰੇਸ਼ਨ, ਉਹਦੇ ਬਾਅਦ ਬੱਚੇਦਾਨੀ ਕੱਢੀ ਗਈ ਅਤੇ ਫਿਰ ਇੱਕ ਹੋਰ ਓਪਰੇਸ਼ਨ ਕਰਕੇ ਉਨ੍ਹਾਂ ਦੀਆਂ ਆਂਦਰਾਂ, ਢਿੱਡ ਦੀ ਚਰਬੀ ਅਤੇ ਮਾਸਪੇਸ਼ੀਆਂ ਦੇ ਹਿੱਸੇ ਨੂੰ ਬਾਹਰ ਕੱਢਿਆ ਗਿਆ।
ਬੀਬਾਬਾਈ ਨੂੰ ਸਕੂਲ ਜਾਣ ਦਾ ਕਦੇ ਮੌਕਾ ਹੀ ਨਹੀਂ ਮਿਲ਼ਿਆ। ਉਹ ਦੱਸਦੀ ਹਨ,''12 ਜਾਂ 13 ਸਾਲ ਦੀ ਉਮਰ ਵਿੱਚ (ਮਾਹਵਾਰੀ ਸ਼ੁਰੂ ਹੰਦਿਆਂ) ਉਨ੍ਹਾਂ ਦਾ ਵਿਆਹ ਹੋ ਗਿਆ ਸੀ। ਪਹਿਲੇ ਪੰਜ ਸਾਲ ਗਰਭ ਨਹੀਂ ਠਹਿਰਿਆ।'' ਉਨ੍ਹਾਂ ਦੇ ਪਤੀ ਮਾਹੀਪਤੀ ਲੋਇਰੇ ਉਰਫ਼ ਅੱਪਾ ਉਨ੍ਹਾਂ ਨਾਲ਼ੋਂ 20 ਸਾਲ ਵੱਡੇ ਅਤੇ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਸੇਵਾਮੁਕਤ ਅਧਿਆਪਕ ਹਨ, ਜੋ ਪੂਨਾ ਜ਼ਿਲ੍ਹੇ ਦੇ ਮੁਲਸ਼ੀ ਬਲਾਕ ਵਿਖੇ ਵੱਖੋ-ਵੱਖ ਪਿੰਡਾਂ ਵਿੱਚ ਪੋਸਟਡ (ਤਾਇਨਾਤ) ਰਹੇ। ਲੋਇਰੇ ਪਰਿਵਾਰ ਆਪਣੇ ਖੇਤਾਂ ਵਿੱਚ ਚੌਲ਼, ਛੋਲੇ, ਫਲੀਆਂ ਅਤੇ ਬੀਨ ਉਗਾਉਂਦੇ ਹਨ। ਉਨ੍ਹਾਂ ਦੇ ਕੋਲ਼ ਇੱਕ ਜੋੜਾ ਬਲ਼ਦ, ਇੱਕ ਮੱਝ ਅਤੇ ਇੱਕ ਗਾਂ ਅਤੇ ਉਹਦਾ ਵੱਛਾ ਹੈ ਅਤੇ ਦੁੱਧ ਵੇਚ ਕੇ ਵਾਧੂ ਆਮਦਨੀ ਪ੍ਰਾਪਤ ਹੁੰਦੀ ਹੈ। ਮਾਹੀਪਤੀ ਨੂੰ ਪੈਨਸ਼ਨ ਵੀ ਮਿਲ਼ਦੀ ਹੈ।
ਬੀਬਾਬਾਈ ਅੱਗੇ ਗੱਲ ਕਰਦਿਆਂ ਕਹਿੰਦੀ ਹਨ,''ਮੇਰੇ ਸਾਰੇ ਬੱਚੇ ਘਰੇ ਹੀ ਜੰਮੇ ਹਨ।'' ਉਨ੍ਹਾਂ ਦਾ ਪਹਿਲਾ ਬੱਚਾ (ਮੁੰਡਾ) ਜਦੋਂ ਪੈਦਾ ਹੋਇਆ ਤਾਂ ਉਹ ਸਿਰਫ਼ 17 ਸਾਲਾਂ ਦੀ ਸਨ। ਬੀਬਾਬਾਈ ਚੇਤੇ ਕਰਦੀ ਹਨ,''ਮੈਂ ਗੱਡੇ ਵਿੱਚ ਬਹਿ ਕੇ ਪੇਕੇ ਘਰ (ਪਹਾੜੀ ਦੇ ਉਸ ਪਾਰ) ਜਾ ਰਹੀ ਸਾਂ, ਕਿਉਂਕਿ ਉਸ ਵੇਲ਼ੇ ਸੜਕਾਂ ਪੱਕੀਆਂ ਨਹੀਂ ਸਨ ਹੁੰਦੀਆਂ ਅਤੇ ਕੋਈ ਗੱਡੀ ਵੀ ਨਹੀਂ ਚੱਲਦੀ ਸੀ। ਰਸਤੇ ਵਿੱਚ ਮੇਰੀ ਥੈਲੀ ਫਟ ਗਈ ਅਤੇ ਜੰਮਣ ਪੀੜ੍ਹਾਂ ਛੁੱਟ ਗਈਆਂ। ਥੋੜ੍ਹੀ ਦੇਰ ਵਿੱਚ ਹੀ ਉੱਥੇ ਹੀ ਪ੍ਰਸਵ ਸ਼ੁਰੂ ਹੋ ਗਿਆ ਅਤੇ ਮੇਰੇ ਪਹਿਲੇ ਬੱਚੇ ਦਾ ਜਨਮ ਹੋਇਆ, ਉਸੇ ਗੱਡੇ ਵਿੱਚ!'' ਬਾਅਦ ਵਿੱਚ ਛੋਟੇ ਓਪਰੇਸ਼ਨ ਵਜੋਂ ਉਨ੍ਹਾਂ ਦੀ ਪੇਰੀਨਿਯਲ ਵਿੱਚ ਟਾਂਕੇ ਲਾਏ ਗਏ- ਉਨ੍ਹਾਂ ਨੂੰ ਚੇਤਾ ਨਹੀਂ ਕਿ ਟਾਂਕੇ ਕਿੱਥੋਂ ਲਵਾਏ ਗਏ ਸਨ।
ਬੀਬਾਬਾਈ ਨੂੰ ਚੇਤੇ ਹੈ ਕਿ ਉਨ੍ਹਾਂ ਦੀ ਦੂਸਰੀ ਗਰਭਅਵਸਥਾ ਮੌਕੇ ਹੜਸ਼ੀ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਸਥਿਤ ਇੱਕ ਵੱਡੇ ਪਿੰਡ, ਕੋਲਵਣ ਦੇ ਇੱਕ ਨਿੱਜੀ ਕਲੀਨਿਕ ਵਿਖੇ ਡਾਕਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਹੀਮੋਗਲੋਬਿਨ ਘੱਟ ਹੈ ਅਤੇ ਭਰੂਣ ਦਾ ਵਿਕਾਸ ਠੀਕ ਤਰ੍ਹਾਂ ਨਹੀਂ ਹੋਇਆ। ਉਨ੍ਹਾਂ ਨੂੰ ਇਹ ਵੀ ਚੇਤਾ ਹੈ ਕਿ ਪਿੰਡ ਦੀ ਇੱਕ ਨਰਸ ਨੇ ਉਨ੍ਹਾਂ ਨੂੰ 12 ਇੰਜੈਕਸ਼ਨ ਲਾਏ ਸਨ ਅਤੇ ਆਇਰਨ ਦੀਆਂ ਗੋਲ਼ੀਆਂ ਦਿੱਤੀਆਂ ਸਨ। ਗਰਭਅਵਸਥਾ ਦਾ ਸਮਾਂ ਪੂਰਾ ਹੋਣ 'ਤੇ ਬੀਬਾਬਾਈ ਨੇ ਇੱਕ ਧੀ ਨੂੰ ਜਨਮ ਦਿੱਤਾ। ਬੀਬਾਬਾਈ ਕਹਿੰਦੀ ਹਨ,''ਬਾਹਰ ਆ ਕੇ ਨਾ ਬੱਚੀ ਰੋਈ ਅਤੇ ਨਾ ਹੀ ਕੋਈ ਹੋਰ ਅਵਾਜ਼ ਹੀ ਕੱਢੀ। ਉਹ ਪੰਘੂੜੇ ਵਿੱਚ ਲੰਮੀ ਪਈ ਛੱਤ ਵੱਲ ਦੇਖਦੀ ਰਹਿੰਦੀ। ਛੇਤੀ ਹੀ ਸਾਨੂੰ ਅਹਿਸਾਸ ਹੋ ਗਿਆ ਕਿ ਉਹ ਸਧਾਰਣ ਬੱਚੇ ਵਾਂਗ ਨਹੀਂ ਹੈ।'' ਉਸ ਬੱਚੀ ਦਾ ਨਾਮ ਸਵਿਤਾ ਹੈ ਅਤੇ ਹੁਣ ਉਹ 36 ਸਾਲਾਂ ਦੀ ਹੋ ਚੁੱਕੀ ਹੈ। ਪੂਨੇ ਦੇ ਸਸੂਨ ਹਸਪਤਾਲ ਨੇ ਦੱਸਿਆ ਕਿ ਉਹ ''ਮੰਦਬੁੱਧੀ'' ਹੈ। ਹਾਲਾਂਕਿ, ਸਵਿਤਾ ਬਾਹਰੀ ਲੋਕਾਂ ਨਾਲ਼ ਬਹੁਤ ਘੱਟ ਹੀ ਗੱਲ ਕਰਦੀ ਹੈ, ਪਰ ਖੇਤੀ ਦੇ ਕੰਮਾਂ ਵਿੱਚ ਸਹਾਇਤਾ ਕਰਦੀ ਹੈ ਅਤੇ ਘਰ ਦੇ ਵੀ ਕਈ ਕੰਮ ਕਰਦੀ ਹੈ।
ਬੀਬਾਬਾਈ ਨੇ ਦੋ ਹੋਰ ਬੱਚਿਆਂ ਨੂੰ ਜਨਮ ਦਿੱਤਾ, ਦੋਵੇਂ ਹੀ ਮੁੰਡੇ ਹੋਏ। ਉਨ੍ਹਾਂ ਦੇ ਚੌਥੇ ਬੱਚੇ ਦੇ ਜਨਮ ਵੇਲ਼ੇ ਹੀ ਉਹਦਾ ਬੁੱਲ ਅਤੇ ਤਾਲ਼ੂ ਫਟਿਆ ਹੋਇਆ ਸੀ। ਬੀਬਾਬਾਈ ਦੁੱਖ ਨਾਲ਼ ਦੱਸਦੀ ਹਨ,''ਜੇ ਮੈਂ ਉਹਨੂੰ ਦੁੱਧ ਪਿਆਉਂਦੀ ਤਾਂ ਇਹ ਨੱਕ ਦੇ ਰਸਤਿਓਂ ਬਾਹਰ ਨਿਕਲ਼ਣ ਲੱਗਦਾ। ਡਾਕਟਰਾਂ ਨੇ (ਕੋਲਵਣ ਦੇ ਇੱਕ ਨਿੱਜੀ ਕਲੀਨਿਕ ਵਿਖੇ) ਸਾਨੂੰ ਇੱਕ ਸਰਜਰੀ ਬਾਰੇ ਦੱਸਿਆ, ਜਿਸ 'ਤੇ ਕਰੀਬ 20,000 ਰੁਪਏ ਖਰਚਾ ਆਉਣਾ ਸੀ। ਪਰ ਉਸ ਸਮੇਂ, ਅਸੀਂ ਇੱਕ ਸਾਂਝੇ ਟੱਬਰ ਵਿੱਚ ਰਹਿੰਦੇ ਸਾਂ। ਮੇਰੇ ਸਹੁਰਾ ਸਾਹਬ ਅਤੇ ਜੇਠ ਨੇ ਸਾਡੀ ਗੱਲ ਵੱਲ (ਸਰਜਰੀ ਦੀ ਲੋੜ ਵੱਲ) ਬਹੁਤਾ ਧਿਆਨ ਨਾ ਦਿੱਤਾ ਅਤੇ ਇੱਕ ਮਹੀਨੇ ਬਾਅਦ ਮੇਰੇ ਬੱਚੇ ਦੀ ਮੌਤ ਹੋ ਗਈ।''
ਉਨ੍ਹਾਂ ਦਾ ਵੱਡਾ ਬੇਟਾ ਹੁਣ ਘਰ ਦੀ ਪੈਲ਼ੀ ਵਿੱਚ ਕੰਮ ਕਰਦਾ ਹੈ ਅਤੇ ਛੋਟਾ ਬੇਟਾ, ਯਾਨਿ ਉਨ੍ਹਾਂ ਦਾ ਤੀਜਾ ਬੱਚਾ, ਪੂਨੇ ਵਿੱਚ ਏਲੀਵੇਟਰ ਟੈਕਨੀਸ਼ਿਅਨ ਵਜੋਂ ਕੰਮ ਕਰਦਾ ਹੈ।
ਆਪਣੇ ਚੌਥੇ ਬੱਚੇ ਦੀ ਮੌਤ ਤੋਂ ਬਾਅਦ, ਬੀਬਾਬਾਈ ਨੇ ਹੜਸ਼ੀ ਤੋਂ ਕਰੀਬ 50 ਕਿਲੋਮੀਟਰ ਦੂਰ, ਪੂਨੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਲ਼ਬੰਦੀ/ਨਸਬੰਦੀ ਕਰਵਾ ਲਈ। ਉਦੋਂ ਉਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਸੀ। ਸਾਰਾ ਖ਼ਰਚਾ ਉਨ੍ਹਾਂ ਦੇ ਜੇਠ ਨੇ ਚੁੱਕਿਆ, ਜਿਹਦਾ ਪੂਰਾ ਵੇਰਵਾ ਉਨ੍ਹਾਂ ਨੂੰ ਚੇਤਾ ਨਹੀਂ। ਨਲਬੰਦੀ ਕਰਾਉਣ ਦੇ ਕੁਝ ਸਾਲ ਬਾਅਦ, ਉਨ੍ਹਾਂ ਦੇ ਢਿੱਡ ਵਿੱਚ ਪੀੜ੍ਹ ਰਹਿਣ ਲੱਗੀ ਅਤੇ ਖੱਬੇ ਪਾਸੇ ਦਾ ਹਿੱਸਾ ਸੁੱਜ ਗਿਆ। ਹਾਲਾਂਕਿ, ਬੀਬਾਬਾਈ ਕਹਿੰਦੀ ਹਨ ਕਿ ਇਹ ਸਿਰਫ਼ 'ਗ਼ੈਸ' ਸੀ, ਪਰ ਡਾਕਟਰਾਂ ਨੇ ਦੱਸਿਆ ਕਿ ਇਹ ਹਰਨੀਆ ਹੈ। ਇਹ ਇੰਨਾ ਵੱਧ ਗਿਆ ਸੀ ਕਿ ਬੱਚੇਦਾਨੀ ਨੂੰ ਦਬਾਉਣ ਲੱਗਿਆ। ਹਰਨੀਆ ਦਾ ਓਪਰੇਸ਼ਨ ਪੂਨੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਗਿਆ। ਉਨ੍ਹਾਂ ਦੇ ਭਤੀਜੇ ਨੇ ਹਸਪਤਾਲ ਦੀ ਫ਼ੀਸ ਭਰੀ; ਉਹ ਨਹੀਂ ਜਾਣਦੀ ਕਿ ਇਸ 'ਤੇ ਕਿੰਨਾ ਖ਼ਰਚਾ ਆਇਆ ਸੀ।
ਇਹਦੇ ਬਾਅਦ, ਕਰੀਬ 40 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਬੀਬਾਬਾਈ ਨੂੰ ਮਾਹਵਾਰੀ ਦੌਰਾਨ ਕਾਫ਼ੀ ਖ਼ੂਨ ਪੈਣ ਲੱਗਿਆ। ਉਹ ਚੇਤੇ ਕਰਦੀ ਹਨ,''ਖ਼ੂਨ ਇੰਨਾ ਜ਼ਿਆਦਾ ਹੁੰਦਾ ਸੀ ਕਿ ਖੇਤ ਵਿੱਚ ਕੰਮ ਕਰਦੇ ਵੇਲ਼ੇ ਵੀ ਲਹੂ ਦੇ ਥੱਕੇ ਜ਼ਮੀਨ 'ਤੇ ਡਿੱਗਣ ਲੱਗਦੇ। ਮੈਂ ਉਨ੍ਹਾਂ ਨੂੰ ਮਿੱਟੀ ਨਾਲ਼ ਢੱਕਦੀ ਰਹਿੰਦੀ।'' ਪੂਰੇ ਦੋ ਸਾਲ ਤੱਕ ਇਹ ਸਭ ਝੱਲਣ ਤੋਂ ਬਾਅਦ, ਬੀਬਾਬਾਈ ਇੱਕ ਵਾਰ ਫਿਰ ਕੋਲਵਣ ਦੇ ਇੱਕ ਨਿੱਜੀ ਕਲੀਨਿਕ ਦੇ ਡਾਕਟਰ ਦੇ ਕੋਲ਼ ਇਲਾਜ ਵਾਸਤੇ ਗਈ। ਡਾਕਟਰ ਨੇ ਦੱਸਿਆ ਕਿ ਬੱਚੇਦਾਨੀ ਪੂਰੀ ਤਰ੍ਹਾਂ ਫਿੱਸ ਗਈ ਹੈ (' ਪਿਸ਼ਵੀ ਨਾਸਲੀਏ '), ਫ਼ੌਰਨ ਓਪਰੇਸ਼ਨ ਕਰਨਾ ਪਵੇਗਾ।
ਇਸਲਈ, ਜਦੋਂ ਉਹ ਅਜੇ 40 ਸਾਲਾਂ ਦੀ ਹੀ ਸਨ ਤਾਂ ਪੂਨੇ ਦੇ ਇੱਕ ਪ੍ਰਸਿੱਧ ਨਿੱਜੀ ਹਸਪਤਾਲ ਵਿੱਚ ਸਰਜਰੀ ਦੁਆਰਾ ਬੀਬਾਬਾਈ ਦੀ ਬੱਚੇਦਾਨੀ ਕੱਢ ਦਿੱਤੀ ਗਈ। ਉਨ੍ਹਾਂ ਨੇ ਇੱਕ ਹਫ਼ਤਾ ਜਨਰਲ ਵਾਰਡ ਵਿੱਚ ਬੀਤਾਇਆ। ਬੀਬਾਬਾਈ ਕਹਿੰਦੀ ਹਨ,''ਡਾਕਟਰਾਂ ਨੇ ਸਰਜਰੀ ਤੋਂ ਬਾਅਦ (ਢਿੱਡ ਦੀਆਂ ਮਾਸਪੇਸ਼ੀਆਂ ਨੂੰ ਆਸਰਾ ਦੇਣ ਲਈ) ਬੈਲਟ ਬੰਨ੍ਹਣ ਨੂੰ ਕਿਹਾ ਸੀ, ਪਰ ਮੈਨੂੰ ਕਿਸੇ ਨੇ ਲਿਆ ਕੇ ਹੀ ਨਹੀਂ ਦਿੱਤੀ ਸ਼ਾਇਦ ਕਿਸੇ ਨੂੰ ਉਹਦੇ ਅਹਿਮੀਅਤ ਦਾ ਅਹਿਸਾਸ ਹੀ ਨਾ ਹੋਇਆ ਹੋਵੇ। ਉਹ ਲੋੜੀਂਦਾ ਅਰਾਮ ਵੀ ਨਹੀਂ ਕਰ ਸਕੀ ਅਤੇ ਛੇਤੀ ਹੀ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਹਾਲਾਂਕਿ, ਇਸ ਸਰਜਰੀ ਤੋਂ ਬਾਅਦ 1 ਤੋਂ 6 ਮਹੀਨਿਆਂ ਤੀਕਰ ਕੋਈ ਮਿਹਨਤ ਵਾਲ਼ਾ ਭਾਰਾ ਕੰਮ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਖੇਤੀ ਖੇਤਰ ਨਾਲ਼ ਜੁੜੀਆਂ ਔਰਤਾਂ ਨੂੰ ''ਇੰਨੇ ਲੰਬੇ ਸਮੇਂ ਤੀਕਰ ਅਰਾਮ ਕਰਨ ਦੀ ਸੁਵਿਧਾ ਨਹੀਂ ਮਿਲ਼ਦੀ'' ਅਤੇ ਉਹ ਆਮ ਤੌਰ 'ਤੇ ਛੇਤੀ ਹੀ ਕੰਮਾਂ 'ਤੇ ਮੁੜ ਜਾਂਦੀਆਂ ਹਨ, ਜਿਵੇਂ ਕਿ ਅਪ੍ਰੈਲ 2015 ਵਿੱਚ ਇੰਟਰਨੈਸ਼ਨਲ ਰਿਸਰਚ ਜਰਨਲ ਆਫ਼ ਸੋਸ਼ਲ ਸਾਇੰਸੇਜ ਵਿੱਚ ਪ੍ਰਕਾਸ਼ਤ, ਨੀਲੰਗੀ ਸਰਦੇਸ਼ਪਾਂਡੇ ਦੁਆਰਾ ਪੂਰਵ-ਮੋਨੋਪੌਜ਼ ਤੋਂ ਪਹਿਲਾਂ ਬੱਚੇਦਾਨੀ ਕਢਵਾਉਣ ਵਾਲ਼ੀਆਂ ਗ੍ਰਾਮੀਣ ਔਰਤਾਂ ਬਾਰੇ ਇੱਕ ਖ਼ੋਜ ਪੱਤਰ ਵਿੱਚ ਕਿਹਾ ਗਿਆ ਹੈ।
ਬਹੁਤ ਬਾਅਦ ਵਿੱਚ, ਬੀਬਾਬਾਈ ਦਾ ਇੱਕ ਬੇਟਾ ਉਨ੍ਹਾਂ ਲਈ ਦੋ ਬੈਲਟਾਂ ਲੈ ਆਇਆ। ਪਰ, ਹੁਣ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਸੀ। ਉਹ ਕਹਿੰਦੀ ਹਨ,''ਤੁਸੀਂ ਦੇਖ ਸਕਦੇ ਹੋ ਕਿ ਮੇਰੇ ਢਿੱਡ ਦਾ ਹੇਠਲਾ ਹਿੱਸਾ ਹੁਣ ਬਚਿਆ ਹੀ ਨਹੀਂ ਹੈ ਅਤੇ ਇਹ ਬੈਲਟ ਫ਼ਿਟ ਨਹੀਂ ਹੁੰਦੀ।'' ਬੱਚੇਦਾਨੀ ਕੱਢੇ ਜਾਣ ਤੋਂ ਕਰੀਬ 2 ਸਾਲ ਬਾਅਦ, ਪੂਨੇ ਦੇ ਇੱਕ ਹੋਰ ਨਿੱਜੀ ਹਸਪਤਾਲ ਵਿੱਚ ਬੀਬਾਬਾਈ ਦੀ ਇੱਕ ਹੋਰ ਸਰਜਰੀ ਹੋਈ (ਉਨ੍ਹਾਂ ਨੂੰ ਤਰੀਕ, ਸਾਲ ਜਿਹੇ ਵੇਰਵੇ ਯਾਦ ਨਹੀਂ) ਉਹ ਦੱਸਦੀ ਹਨ,''ਇਸ ਵਾਰ, ਆਂਦਰਾਂ ਦਾ ਕੁਝ ਹਿੱਸਾ ਵੀ ਕੱਢ ਦਿੱਤਾ ਗਿਆ ਸੀ।'' ਆਪਣੀ ਨੌ ਗਜ਼ ਦੀ ਸਾੜੀ ਦੀ ਗੰਢ ਖੋਲ੍ਹ ਕੇ ਉਹ ਮੈਨੂੰ ਆਪਣਾ ਖੋਖ਼ਲਾ ਢਿੱਡ ਦਿਖਾਉਂਦੀ ਹਨ। ਨਾ ਕੋਈ ਮਾਸ, ਨਾ ਮਾਸਪੇਸ਼ੀ, ਚਮੜੇ ਦੇ ਨਾਮ 'ਤੇ ਸਿਰਫ਼ ਤੇ ਸਿਰਫ਼ ਝੁਰੜੀਆਂ ਹੀ ਬਾਕੀ ਸਨ।
ਢਿੱਡ ਦੀ ਸਰਜਰੀ ਬਾਰੇ ਬੀਬਾਬਾਈ ਨੂੰ ਬਹੁਤਾ ਕੁਝ ਚੇਤਾ ਨਹੀਂ। ਪਰ, ਸਰਦੇਸ਼ਪਾਂਡੇ ਦਾ ਖ਼ੋਜ-ਪੱਤਰ ਦੱਸਦਾ ਹੈ ਕਿ ਬੱਚੇਦਾਨੀ ਦੇ ਓਪਰੇਸ਼ਨ ਤੋਂ ਬਾਅਦ ਪੇਸ਼ਾਬ ਦੇ ਬਲੈਡਰ, ਆਂਦਰਾਂ ਅਤੇ ਪੇਸ਼ਾਬ ਨਾਲ਼ੀ ਵਿੱਚ ਅਕਸਰ ਜ਼ਖ਼ਮ ਹੋ ਜਾਂਦੇ ਹਨ। ਪੂਨੇ ਅਤੇ ਸਤਾਰਾ ਜ਼ਿਲ੍ਹੇ ਦੇ ਗ੍ਰਾਮੀਣ ਇਲਾਕਿਆਂ ਵਿੱਚ ਮੋਨੋਪੌਜ਼ ਤੋਂ ਪਹਿਲਾਂ ਬੱਚੇਦਾਨੀ ਕਢਵਾਉਣ ਵਾਲ਼ੀਆਂ ਜਿੰਨ੍ਹਾਂ 44 ਔਰਤਾਂ ਦੀ ਇੰਟਰਵਿਊ ਲਈ ਗਈ ਉਨ੍ਹਾਂ ਵਿੱਚੋਂ ਕਰੀਬ ਅੱਧੀਆਂ ਔਰਤਾਂ ਨੇ ਓਪਰੇਸ਼ਨ ਤੋਂ ਫ਼ੌਰਨ ਬਾਅਦ ਪੇਸ਼ਾਬ ਕਰਨ ਵਿੱਚ ਹੋਣ ਵਾਲ਼ੀ ਔਖ਼ਿਆਈ ਅਤੇ ਢਿੱਡ ਦੀ ਗੰਭੀਰ ਪੀੜ੍ਹ ਦੀ ਸ਼ਿਕਾਇਤ ਕੀਤੀ ਸੀ ਅਤੇ ਕਈ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਜਰੀ ਤੋਂ ਬਾਅਦ ਲੰਬੇ ਸਮੇਂ ਤੱਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਅਤੇ ਸਰਜਰੀ ਤੋਂ ਪਹਿਲਾਂ ਉਨ੍ਹਾਂ ਦੇ ਢਿੱਡ ਵਿੱਚ ਜੋ ਪੀੜ੍ਹ ਹੁੰਦੀ ਸੀ ਉਸ ਤੋਂ ਤਾਂ ਰਾਹਤ ਮਿਲ਼ੀ ਹੀ ਨਹੀਂ।
ਇਨ੍ਹਾਂ ਸਾਰੀਆਂ ਤਕਲੀਫ਼ਾਂ ਦੇ ਨਾਲ਼ ਹੀ, ਬੀਬਾਬਾਈ ਨੂੰ ਪਿਛਲੇ 2-3 ਸਾਲਾਂ ਤੋਂ ਓਸਿਟਯੋਪੋਰੋਸਿਸ ਦੀ ਗੰਭੀਰ ਬੀਮਾਰੀ ਹੋ ਗਈ ਹੈ। ਬੱਚੇਦਾਨੀ ਕਢਵਾਉਣ ਅਤੇ ਜਲਦੀ ਮੋਨੋਪੌਜ਼ ਹੋਣ ਕਾਰਨ ਅਕਸਰ ਹਾਰਮੋਨ ਸਬੰਧੀ ਅਸੰਤੁਲਨ ਪੈਦਾ ਹੁੰਦਾ ਹੈ। ਇਸ ਸਮੱਸਿਆ ਦੇ ਕਾਰਨ ਬੀਬਾਬਾਈ ਦੇ ਲਈ ਹੁਣ ਆਪਣੀ ਪਿੱਠ ਨੂੰ ਸਿੱਧਿਆਂ ਕਰਨਾ ਅਸੰਭਵ ਹੋ ਗਿਆ ਹੈ। ਉਨ੍ਹਾਂ ਦੇ ਰੋਗ ਨੂੰ 'ਓਸਿਟਯੋਪੋਰੋਸਿਸ ਕੰਪ੍ਰੈਸ਼ਨ ਫ੍ਰੈਕਚਰ ਦੇ ਨਾਲ਼ ਕੁੱਬ ਦੀ ਗੰਭੀਰ ਸਮੱਸਿਆ' ਦੱਸਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕਰੀਬ 45 ਕਿਲੋਮੀਟਰ ਦੂਰ, ਪਿੰਪਰੀ-ਚਿੰਚਵੜ ਸਨਅਤੀ ਸ਼ਹਿਰ ਦੇ ਚਿਖਲੀ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਉਹ ਮੈਨੂੰ ਆਪਣੀਆਂ ਰਿਪੋਰਟਾਂ ਨਾਲ਼ ਭਰਿਆ ਪਲਾਸਟਿਕ ਦਾ ਥੈਲਾ ਫੜ੍ਹਾਉਂਦੀ ਹਨ। ਉਨ੍ਹਾਂ ਦਾ ਪੂਰਾ ਜੀਵਨ ਪੀੜ੍ਹ ਅਤੇ ਬੀਮਾਰੀ ਝੱਲਦਿਆਂ ਹੀ ਲੰਘਦਾ ਜਾਂਦਾ ਹੈ, ਪਰ ਉਨ੍ਹਾਂ ਦੀ ਫ਼ਾਈਲ ਵਿੱਚ ਸਿਰਫ਼ ਤਿੰਨ ਪੰਨੇ ਹਨ, ਇੱਕ ਐਕਸ-ਰੇ ਰਿਪੋਰਟ ਹੈ ਅਤੇ ਦਵਾਈ ਦੀਆਂ ਦੁਕਾਨਾਂ ਦੀਆਂ ਕੁਝ ਰਸੀਦਾਂ। ਫਿਰ ਉਹ ਸਾਵਧਾਨੀ ਨਾਲ਼ ਇੱਕ ਪਲਾਸਟਿਕ ਦਾ ਡੱਬਾ ਖੋਲ੍ਹਦੀ ਹਨ ਅਤੇ ਉਸ ਵਿੱਚੋਂ ਮੈਨੂੰ ਕੈਪਸੂਲ ਦਾ ਇੱਕ ਪੱਤਾ ਦਿਖਾਉਂਦੀ ਹਨ, ਜਿਸ ਨੂੰ ਖਾਦਿਆਂ ਉਨ੍ਹਾਂ ਨੂੰ ਪੀੜ੍ਹ ਤੋਂ ਕੁਝ ਅਰਾਮ ਮਿਲ਼ਦਾ ਹੈ। ਇਹ ਸਟੇਰਾਇਡ-ਮੁਕਤ ਸੋਜਸ਼-ਰੋਧੀ ਦਵਾਈਆਂ ਹਨ, ਜਿਨ੍ਹਾਂ ਨੂੰ ਉਹ ਉਦੋਂ ਖਾਂਦੀ ਹਨ, ਜਦੋਂ ਉਨ੍ਹਾਂ ਨੇ ਟੁੱਟੇ ਚੌਲ਼ਾਂ ਦੀ ਭਰੀ ਬੋਰੀ ਨੂੰ ਸਾਫ਼ ਕਰਨ ਜਿਹਾ ਔਖ਼ਾ ਕੰਮ ਕਰਨਾ ਹੁੰਦਾ ਹੈ।
ਡਾਕਟਰ ਵੈਦੇਹੀ ਨਾਗਰਕਰ ਦੱਸਦੀ ਹਨ,''ਵਿਤੋਂਵੱਧ ਸਰੀਰਕ ਮਿਹਨਤ ਅਤੇ ਇਨ੍ਹਾਂ ਪਹਾੜੀ ਇਲਾਕਿਆਂ ਵਿੱਚ ਜੀਵਨ ਜਿਊਣ ਲਈ ਰੋਜ਼ਮੱਰਾ ਦੀ ਔਖ਼ਿਆਈ ਅਤੇ ਉੱਤੋਂ ਕੁਪੋਸ਼ਣ ਦੀ ਮਾਰ ਕਾਰਨ ਔਰਤਾਂ ਦੀ ਸਿਹਤ 'ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ।'' ਵੈਦੇਹੀ ਪਿਛਲੇ 28 ਸਾਲਾਂ ਤੋਂ ਹੜਸ਼ੀ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਪੌੜ ਪਿੰਡ ਵਿੱਚ ਆਪਣਾ ਕਲੀਨਿਕ ਚਲਾ ਰਹੀ ਹਨ। ''ਸਾਡੇ ਹਸਪਤਾਲ ਵਿੱਚ, ਮੈਂ ਪ੍ਰਜਨਨ ਸਬੰਧੀ ਬੀਮਾਰੀਆਂ ਦੇ ਇਲਾਜ ਵਾਸਤੇ ਆਉਣ ਵਾਲ਼ੀਆਂ ਔਰਤਾਂ ਦੀ ਗਿਣਤੀ ਵਿੱਚ ਕੁਝ ਵਾਧਾ ਦੇਖ ਰਹੀ ਹਾਂ, ਪਰ ਆਇਰਨ ਦੀ ਘਾਟ ਦੇ ਕਾਰਨ ਅਨੀਮਿਆ, ਗਠੀਆ ਅਤੇ ਓਸਿਟਯੋਪੋਰੋਸਿਸ ਜਿਹੀਆਂ ਪੁਰਾਣੀਆਂ ਬੀਮਾਰੀਆਂ ਦਾ ਅਜੇ ਵੀ ਇਲਾਜ ਨਹੀਂ ਹੋ ਪਾ ਰਿਹਾ।''
''ਹੱਡੀਆਂ ਦੀ ਮਜ਼ਬੂਤੀ, ਜੋ ਖ਼ੇਤੀ ਕਾਰਜਾਂ ਲਈ ਜ਼ਰੂਰੀ ਹੈ, ਉਹਨੂੰ ਪੂਰੀ ਤਰ੍ਹਾਂ ਨਾਲ਼ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ, ਖ਼ਾਸ ਕਰਕੇ ਬੁਜ਼ੁਰਗਾਂ ਵਿੱਚ,'' ਉਨ੍ਹਾਂ ਦੇ ਪਤੀ ਡਾ. ਸਚਿਨ ਨਾਗਰਕਰ ਕਹਿੰਦੇ ਹਨ।
ਬੀਬਾਬਾਈ ਜਾਣਦੀ ਹਨ ਕਿ ਉਨ੍ਹਾਂ ਨੂੰ ਇੰਨਾ ਕਸ਼ਟ ਕਿਉਂ ਝੱਲਣਾ ਪਿਆ: ''ਉਨ੍ਹੀਂ ਦਿਨੀਂ (20 ਸਾਲ ਪਹਿਲਾਂ) ਪੂਰਾ ਪੂਰਾ ਦਿਨ, ਸਵੇਰ ਤੋਂ ਰਾਤ ਤੀਕਰ, ਅਸੀਂ ਘਰੋਂ ਬਾਹਰ ਹੀ ਹੁੰਦੇ ਅਤੇ ਕੰਮੀਂ ਲੱਗੇ ਹੁੰਦੇ। ਬੜਾ ਹੱਡ-ਭੰਨ੍ਹਵਾਂ ਕੰਮ ਹੁੰਦਾ ਸੀ। ਪਹਾੜੀ 'ਤੇ ਸਥਿਤ ਖ਼ੇਤਾਂ (ਉਨ੍ਹਾਂ ਦੇ ਘਰੋਂ ਕਰੀਬ 3 ਕਿਲੋਮੀਟਰ ਦੂਰ) ਵਿੱਚ ਗੋਹਾ ਸੁੱਟਣ ਲਈ ਸੱਤ ਤੋਂ ਅੱਠ ਚੱਕਰ ਮਾਰਨੇ, ਖੂਹ ਤੋਂ ਪਾਣੀ ਲਿਆਉਣਾ ਅਤੇ ਬਾਲ਼ਣ ਵਾਸਤੇ ਲੱਕੜ ਦਾ ਜੁਗਾੜ ਕਰਨਾ...''
ਬੀਬਾਬਾਈ ਅਜੇ ਵੀ ਖ਼ੇਤ ਦੇ ਕੰਮਾਂ ਵਿੱਚ ਆਪਣੇ ਸਭ ਤੋਂ ਵੱਡੇ ਪੁੱਤ ਅਤੇ ਨੂੰਹ ਦੀ ਮਦਦ ਕਰਦੀ ਹਨ। ਉਹ ਕਹਿੰਦੀ ਹਨ,''ਕਿਸਾਨ ਪਰਿਵਾਰ ਨੂੰ ਅਰਾਮ ਕਰਨਾ ਮੁਸ਼ਕਲ ਹੀ ਨਸੀਬ ਹੁੰਦਾ ਹੈ। ਔਰਤਾਂ ਤਾਂ ਅਰਾਮ ਕਰਨਾ ਭੁੱਲ ਹੀ ਜਾਂਦੀਆਂ ਹਨ, ਭਾਵੇਂ ਉਹ ਗਰਭਵਤੀ ਜਾਂ ਬੀਮਾਰ ਹੀ ਕਿਉਂ ਨਾ ਹੋਣ।''
936 ਲੋਕਾਂ ਦੀ ਵਸੋਂ ਵਾਲ਼ੇ ਹੜਸ਼ੀ ਪਿੰਡ ਵਿੱਚ ਜਨਤਕ ਸਿਹਤ ਨਾਲ਼ ਜੁੜੀ ਕਿਸੇ ਵੀ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਨਹੀਂ ਹਨ। ਸਭ ਤੋਂ ਨੇੜਲੇ ਸਿਹਤ ਉੱਪ-ਕੇਂਦਰ ਕੋਲਵਣ ਵਿੱਚ ਹੈ ਅਤੇ ਨੇੜਲਾ ਪ੍ਰਾਇਮਰੀ ਸਿਹਤ ਕੇਂਦਰ ਵੀ 14 ਕਿਲੋਮੀਟਰ ਦੂਰ ਕੁਲੇ ਪਿੰਡ ਵਿੱਚ ਸਥਿਤ ਹੈ। ਸ਼ਾਇਦ ਇਸੇ ਕਾਰਨ ਕਰਕੇ ਬੀਬਾਬਾਈ ਨੂੰ ਇੰਨੇ ਦਹਾਕਿਆਂ ਤੀਕਰ ਸਿਹਤ ਸੇਵਾਵਾਂ ਵਾਸਤੇ ਨਿੱਜੀ ਡਾਕਟਰਾਂ ਅਤੇ ਨਿੱਜੀ ਹਸਪਤਾਲਾਂ ਦਾ ਰਾਹ ਫੜ੍ਹਨਾ ਪਿਆ। ਹਾਲਾਂਕਿ, ਕਿਹੜੇ ਹਸਪਤਾਲ ਜਾਣਾ ਹੈ ਕਿੱਥੇ ਇਲਾਜ ਕਰਾਉਣਾ ਹੈ ਇਸ ਗੱਲ ਦਾ ਫ਼ੈਸਲਾ ਸਾਂਝੇ ਪਰਿਵਾਰ ਦੇ ਪੁਰਸ਼ ਹੀ ਕਰਦੇ ਸਨ।
ਗ੍ਰਾਮੀਣ ਮਹਾਰਾਸ਼ਟਰ ਦੇ ਬਹੁਤ ਸਾਰੇ ਲੋਕਾਂ ਦੀ ਮਾਨਤਾ ਤੋਂ ਉਲਟ, ਬੀਬਾਬਾਈ ਨੂੰ ਸਦਾ ਤੋਂ ਭਗਤਾਂ (ਰਵਾਇਤ ਹਕੀਮਾਂ) ਜਾਂ ਦੇਵ-ਰਿਸ਼ੀਆਂ 'ਤੇ ਬਹੁਤ ਹੀ ਘੱਟ ਇਤਬਾਰ ਰਹਾ ਹੈ ਅਤੇ ਉਹ ਸਿਰਫ਼ ਇੱਕੋ ਵਾਰ ਆਪਣੇ ਪਿੰਡ ਦੇ ਇੱਕ ਦੇਵ-ਰਿਸ਼ੀ ਕੋਲ਼ ਗਈ ਸਨ। ਉਹ ਚੇਤੇ ਕਰਦੀ ਹਨ,''ਉਹਨੇ ਮੈਨੂੰ ਇੱਕ ਵੱਡੀ ਸਾਰੀ ਗੋਲ਼ ਪਲੇਟ ਵਿੱਚ ਬਿਠਾ ਦਿੱਤਾ ਅਤੇ ਮੇਰੇ ਸਿਰ 'ਤੇ ਪਾਣੀ ਪਾਉਣ ਲੱਗਿਆ, ਜਿਵੇਂ ਕਿ ਮੈਂ ਕੋਈ ਬੱਚੀ ਹੋਵਾਂ। ਮੈਨੂੰ ਇਹ ਤਰੀਕਾ ਬੜਾ ਘਟੀਆ ਜਾਪਿਆ। ਬੱਸ ਉਹੀ ਇੱਕ ਵਾਰ ਸੀ ਜਦੋਂ ਮੈਂ ਉਸ ਕੋਲ਼ ਗਈ ਸਾਂ।'' ਮੌਜੂਦਾ ਇਲਾਜ ਪੱਧਤੀ ਵਿੱਚ ਉਨ੍ਹਾਂ ਦਾ ਯਕੀਨ ਇੱਕ ਛੋਟ ਹੈ, ਜੋ ਸ਼ਾਇਦ ਉਨ੍ਹਾਂ ਦੇ ਪਤੀ ਦੇ ਪੜ੍ਹੇ-ਲਿਖੇ ਹੋਣ ਅਤੇ ਸਕੂਲ ਅਧਿਆਪਕ ਹੋਣ ਕਾਰਨ ਹੈ।
ਹੁਣ ਅੱਪਾ ਦੀ ਦਵਾਈ ਦਾ ਸਮਾਂ ਹੋ ਚੁੱਕਿਆ ਹੈ ਅਤੇ ਉਹ ਬੀਬਾਬਾਈ ਨੂੰ ਸੱਦਦੇ ਹਨ। ਕਰੀਬ 16 ਸਾਲ ਪਹਿਲਾਂ, ਜਦੋਂ ਉਨ੍ਹਾਂ ਦੇ ਸੇਵਾਮੁਕਤ ਹੋਣ ਵਿੱਚ ਦੋ ਸਾਲ ਬਚੇ ਹੋਏ ਸਨ, 74 ਸਾਲਾ ਅੱਪਾ ਨੂੰ ਲਕਵਾ ਮਾਰ ਗਿਆ ਸੀ, ਜਿਹਦੇ ਕਾਰਨ ਉਹ ਮੰਜੇ ਨਾਲ਼ ਜਾ ਲੱਗੇ। ਉਹ ਆਪੋਂ ਨਾ ਕੁਝ ਬੋਲ ਸਕਦੇ ਹਨ, ਨਾ ਹੀ ਖਾ-ਪੀ ਸਕਦੇ ਹਨ ਅਤੇ ਨਾ ਹੀ ਤੁਰ-ਫਿਰ ਹੀ ਸਕਦੇ ਹਨ। ਕਦੇ-ਕਦਾਈਂ ਉਹ ਖਿੱਚ-ਧੂਹ ਕਰਕੇ ਬੂਹੇ ਤੀਕਰ ਪਹੁੰਚ ਜਾਂਦੇ ਹਨ। ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਦੇ ਘਰ ਗਈ ਸਾਂ, ਤਾਂ ਉਹ ਨਰਾਜ਼ ਹੋ ਗਏ ਸਨ ਕਿਉਂਕਿ ਬੀਬਾਬਾਈ ਮੇਰੇ ਨਾਲ਼ ਗੱਲੀਂ ਲੱਗ ਗਈ ਅਤੇ ਉਨ੍ਹਾਂ ਨੂੰ ਦਵਾਈ ਦੇਣ ਵਿੱਚ ਦੇਰੀ ਹੋ ਗਈ ਸੀ।
ਬੀਬਾਬਾਈ ਉਨ੍ਹਾਂ ਨੂੰ ਦਿਨ ਵਿੱਚ ਚਾਰ ਵਾਰ ਖਾਣਾ ਖੁਆਉਂਦੀ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਸੋਡੀਅਮ ਦੀ ਘਾਟ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਦਵਾਈਆਂ ਅਤੇ ਲੂਣ ਵਾਲ਼ਾ ਪਾਣੀ ਦਿੰਦੀ ਹਨ। ਇਹ ਕੰਮ ਉਹ ਠੀਕ ਸਮੇਂ 'ਤੇ ਪਿਆਰ ਨਾਲ਼ ਅਤੇ ਖ਼ੁਦ ਆਪਣੀ ਬੀਮਾਰੀ ਦੀ ਪਰਵਾਹ ਕੀਤੇ ਬਗ਼ੈਰ ਪਿਛਲੇ 16 ਸਾਲਾਂ ਤੋਂ ਬੜੀ ਸ਼ਿੱਦਤ ਨਾਲ਼ ਕਰਦੀ ਆ ਰਹੀ ਹਨ। ਉਹ ਬੜੀ ਮੁਸ਼ਕਲ ਨਾਲ਼ ਖੇਤ ਅਤੇ ਘਰ ਦੇ ਕੰਮ ਕਰਦੀ ਹਨ। ਦਹਾਕਿਆਂ ਤੋਂ ਕੰਮ ਕਰਦੇ ਰਹਿਣ ਅਤੇ ਅੰਤਹੀਣ ਪੀੜ੍ਹ ਝੱਲਦੇ ਰਹਿਣ ਅਤੇ ਬੀਮਾਰੀ ਦੇ ਬਾਵਜੂਦ, ਜਿਵੇਂ ਕਿ ਉਹ ਕਹਿੰਦੀ ਹਨ, ਕਿਸਾਨ ਪਰਿਵਾਰ ਦੀਆਂ ਔਰਤਾਂ ਨੂੰ ਕਦੇ ਅਰਾਮ ਨਸੀਬ ਨਹੀਂ ਹੁੰਦਾ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ