ਇੱਕ ਹੱਥ ਵਿੱਚ ਤਲਵਾਰ, ਦੂਜੇ ਹੱਥ ਵਿੱਚ ਘੋੜੇ ਦੀਆਂ ਲਗਾਮਾਂ ਫੜ੍ਹੀ ਇਹ ਸਨ ਰਾਣੀ ਰੇਲੂ ਨਚਿਯਾਰ- ਜੋ ਚੇਨੱਈ ਵਿਖੇ ਅਯੋਜਿਤ ਹੋਈ ਰਾਜ ਗਣਤੰਤਰ ਦਿਵਸ ਪਰੇਡ ਮੌਕੇ 'ਤੇ ਮਸ਼ਹੂਰ ਇਤਿਹਾਸਕ ਹਸਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਬਾਰੇ ਕਾਫ਼ੀ ਚਰਚਾਵਾਂ ਵੀ ਹੋਈਆਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਕਾਫ਼ੀ ਖਿੱਚੀਆਂ ਗਈਆਂ। ਰਾਣੀ ਦੀ ਝਾਕੀ ਨੂੰ ਵੀ.ਓ. ਚਿੰਦਬਰਮ ਪਿੱਲਈ, ਸੁਬਰਮਨੀਅਮ ਭਾਰਤੀ ਅਤੇ ਮਰੁਥੂ ਭਰਾਵਾਂ ਜਿਹੀਆਂ ਤਮਿਲ ਹਸਤੀਆਂ ਦੀਆਂ ਝਾਕੀਆਂ ਦੇ ਨਾਲ਼ ਦੇਖਿਆ ਗਿਆ।

'ਅਜ਼ਾਦੀ ਦੇ ਘੋਲ਼ ਵਿੱਚ ਤਮਿਲਨਾਡੂ' ਦੀ ਨੁਮਾਇੰਦਗੀ ਕਰਨ ਵਾਲ਼ੀ ਉਸ ਝਾਕੀ ਨੂੰ ਕੇਂਦਰ ਸਰਕਾਰ ਦੀ 'ਮਾਹਰ ਕਮੇਟੀ' ਵੱਲੋਂ ਦਿੱਲੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ। ਤਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਪ੍ਰਧਾਨਮੰਤਰੀ ਨੂੰ ਇਸ ਮਾਮਲੇ ਵਿੱਚ ਪੈਣ ਦੀ ਅਪੀਲ ਵੀ ਕੀਤੀ ਪਰ ਕੋਈ ਸੁਣਵਾਈ ਨਾ ਹੋਈ। ਅਖ਼ੀਰ, ਇਹਨੂੰ ਚੇਨੱਈ ਦੇ ਰਾਜ ਗਣਤੰਤਰ ਦਿਵਸ ਪਰੇਡ ਦੇ ਸਮਾਰੋਹ ਵਿੱਚ ਥਾਂ ਦਿੱਤੀ ਗਈ, ਜੋ ਸਭ ਤੋਂ ਵੱਧ ਹਰਮਨਪਿਆਰੀ ਹੋਈ।

ਕੇਂਦਰ ਦੀ 'ਮਾਹਰ' ਕਮੇਟੀ ਵੱਲੋਂ ਦਿੱਤੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਸੀ ਕਿ ਇਨ੍ਹਾਂ ਹਸਤੀਆਂ ਬਾਰੇ ''ਰਾਸ਼ਟਰੀ ਦਰਸ਼ਕ ਅਣਜਾਣ'' ਹਨ। ਅਕਸ਼ਯਾ ਕ੍ਰਿਸ਼ਨਾਮੂਰਤੀ ਇਸ ਗੱਲ ਨਾਲ਼ ਅਸਹਿਮਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਨਿੱਜੀ ਤੌਰ 'ਤੇ ਵੇਲੂ ਨਚਿਯਾਰ ਨਾਲ਼ ਡੂੰਘਾ ਲਗਾਅ ਹੈ ਜੋ ਬ੍ਰਿਟਿਸ਼ ਸ਼ਾਸ਼ਨ ਖ਼ਿਲਾਫ਼ ਲੜੀ ਅਤੇ ਸ਼ਿਵਗੰਗਾ (ਹੁਣ ਤਮਿਲਨਾਡੂ ਦਾ ਇੱਕ ਜ਼ਿਲ੍ਹਾ) 'ਤੇ ਆਪਣੀ ਮੌਤ ਤੱਕ ਭਾਵ 1796 ਤੱਕ ਰਾਜ ਕੀਤਾ।

''ਮੇਰੇ ਜੀਵਨ ਦਾ ਮੋੜ ਨੁਕਤਾ ਉਹ ਪਲ ਬਣੇ ਜਦੋਂ ਮੈਂ 11ਵੀਂ ਜਮਾਤ ਵਿੱਚ ਸਾਂ ਅਤੇ ਮੈਂ ਸਕੂਲ ਦੇ ਸਮਾਰੋਹ ਵਿੱਚ ਵੇਲੂ ਨਚਿਯਾਰ ਦੀ ਭੂਮਿਕਾ ਅਦਾ ਕੀਤੀ,'' ਉਹ ਕਹਿੰਦੀ ਹਨ।

''ਗੱਲ ਸਿਰਫ਼ ਅਦਾਕਾਰੀ ਕਰਨ ਜਾਂ ਨੱਚਣ ਤੱਕ ਹੀ ਨਹੀਂ ਸੀ,'' ਅਕਸ਼ਯਾ ਕਹਿੰਦੀ ਹਨ। ਉਨ੍ਹਾਂ ਨੇ ਆਪਣੇ ਧੁਰ ਅੰਦਰ 'ਵੀਰਮੰਗਈ' (ਰਾਣੀ ਨੂੰ ਕਿਹਾ ਜਾਂਦਾ ਸੀ) ਦੀ ਤਾਕਤ ਅਤੇ ਹਿੰਮਤ ਨੂੰ ਮਹਿਸੂਸ ਕੀਤਾ। ਗੀਤਾਂ ਅਤੇ ਬੋਲਾਂ ਜ਼ਰੀਏ ਰਾਣੀ ਨੂੰ ਵੀਰਮੰਗਈ ਹੀ ਕਿਹਾ ਜਾਂਦਾ ਰਿਹਾ ਹੈ। ਅਕਸ਼ਯਾ ਇੱਕ ਸਿਖਲਾਈ-ਪ੍ਰਾਪਤ ਕਲਾਸੀਕਲ ਨ੍ਰਿਤਕੀ ਹਨ, ਉਹ ਦੱਸਦੀ ਹਨ ਕਿ ਸਕੂਲ ਪ੍ਰਤੀਯੋਗਿਤਾ ਦੇ ਦਿਨ ਉਹ ਥੋੜ੍ਹੀ ਬੀਮਾਰ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਪਾ ਰਿਹਾ ਸੀ ਕਿ ਉਹ ਅਦਾਕਾਰੀ ਕਰ ਵੀ ਪਾਵੇਗੀ ਜਾਂ ਨਹੀਂ। ਪਰ ਉਨ੍ਹਾਂ ਨੇ ਆਪਣੀ ਪੂਰੀ ਵਾਹ ਲਾ ਦਿੱਤੀ।

ਜਿਓਂ ਹੀ ਉਹ ਮੰਚ ਤੋਂ ਹੇਠਾਂ ਉੱਤਰੀ, ਬੇਹੋਸ਼ ਹੋ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਨੂੰ ਸਲਾਇਨ ਡ੍ਰਿਪ ਚੜ੍ਹਾਇਆ ਗਿਆ। ''ਅਸੀਂ ਦੂਸਰੀ ਥਾਂ ਹਾਸਲ ਕੀਤੀ ਅਤੇ ਆਪਣੇ ਆਈਵੀ ਲਾਈਨ ਲੱਗੇ ਹੱਥਾਂ ਨਾਲ਼ ਮੈਂ ਆਪਣਾ ਪੁਰਸਕਾਰ ਲਿਆ।'' ਇਸ ਘਟਨਾ ਨੇ ਉਨ੍ਹਾਂ ਨੂੰ ਆਪਣੀ ਸਮਰੱਥਾ 'ਤੇ ਭਰੋਸਾ ਕਰਨਾ ਸਿਖਾਇਆ। ਉਹ ਕਾਫ਼ੀ ''ਸਾਹਸੀ'' ਹੋ ਗਈ ਅਤੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਮੋਟਰਸਾਈਕਲ ਅਤੇ ਕਾਰ ਚਲਾਉਣੀ ਸਿੱਖੀ।

Tamil Nadu's tableau for the Republic Day parade, with Rani Velu Nachiyar (left), among others. The queen is an inspiration for Akshaya Krishnamoorthi
PHOTO • Shabbir Ahmed
Tamil Nadu's tableau for the Republic Day parade, with Rani Velu Nachiyar (left), among others. The queen is an inspiration for Akshaya Krishnamoorthi
PHOTO • Shabbir Ahmed

ਤਮਿਲਨਾਡੂ ਦੇ ਗਣਤੰਤਰ ਦਿਵਸ ਮੌਕੇ ਸ਼ਾਮਲ ਇੱਕ ਝਾਕੀ, ਜਿਸ ਵਿੱਚ ਰਾਣੀ ਵੇਲੂ ਨਚਿਯਾਰ (ਖੱਬੇ) ਅਤੇ ਹੋਰ ਹਸਤੀਆਂ ਸ਼ਾਮਲ ਹਨ। ਰਾਣੀ (ਵੇਲੂ ਨਚਿਆਰ) ਅਕਸ਼ਯਾ ਕ੍ਰਿਸ਼ਨਾਮੂਰਤੀ ਲਈ ਇੱਕ ਆਦਰਸ਼ ਹਨ

ਅਕਾਸ਼ਯਾ ਗ੍ਰੇਜੂਏਟ ਹੋਣ ਵਾਲ਼ੀ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਹਨ। ਉਹ ਇੱਕ ਉੱਦਮੀ (ਇੰਟਰਪ੍ਰੇਨਿਊਰ), ਕਾਢਕਾਰ ਅਤੇ ਪ੍ਰੇਰਨਾਦਾਇਕ ਬੁਲਾਰਾ ਵੀ ਹਨ।

ਉਮਰ ਮਹਿਜ਼ 21 ਸਾਲ ਅਤੇ ਹਾਸਲ ਇੰਨਾ ਕੁਝ।

ਅਕਸ਼ਯਾ ਆਪਣੇ ਮਾਪਿਆਂ, ਛੋਟੇ ਭਰਾ, ਭੂਆ, ਇੱਕ ਕੁੱਤੇ ਅਤੇ ਕਈ ਪੰਛੀਆਂ (ਬਡਗਰਿਗਰਸ ਜਾਂ ਸਧਾਰਣ ਤੋਤੇ) ਦੇ ਨਾਲ਼ ਤਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਸਤਯਮੰਗਲਮ ਦੇ ਕੋਲ਼ ਆਪਣੇ ਗ੍ਰਹਿ-ਨਗਰ ਅਰਿਯੱਪਮਪਲਯਮ ਵਿਖੇ ਰਹਿੰਦੀ ਹਨ। ਰਾਜ ਦੇ ਨਕਸ਼ੇ 'ਤੇ ਇਹ ਥਾਂ ਕਿਸੇ ਬਿੰਦੂ ਵਾਂਗਰ ਹੈ। ਪਰ ਬਿਜਨੈੱਸ ਐਡਮਿਨੀਸਟ੍ਰੇਸ਼ਨ ਵਿੱਚ ਗ੍ਰੈਜੂਏਸ਼ਨ (BBA) ਕਰ ਚੁੱਕੀ ਅਕਸ਼ਯਾ ਇਸ ਇਲਾਕੇ ਨੂੰ ਇੱਕ ਦਿਨ ਰਾਜ ਦੇ ਨਕਸ਼ੇ 'ਤੇ ਇਸ ਬਿੰਦੂਨੁਮਾ ਜਗ੍ਹਾ ਨੂੰ ਰਾਸ਼ਟਰੀ ਪੱਧਰ 'ਤੇ ਉੱਭਰਦੇ ਦੇਖਣਾ ਚਾਹੁੰਦੀ ਹੈ।

ਕੋਇੰਬਟੂਰ, ਕਰੂਰ ਅਤੇ ਤੀਰੂਪੁਰ ਸਣੇ ਤਮਿਲਨਾਡੂ ਦੇ ਇਸ ਪੂਰੇ ਇਲਾਕੇ ਦਾ ਬੜਾ ਪ੍ਰਭਾਵਸ਼ਾਲੀ ਇਤਿਹਾਸ ਰਿਹਾ ਹੈ ਜਿੱਥੇ ਗ਼ਰੀਬ ਤਬਕਿਆਂ ਨੇ ਉਦਮਿਤਾ ਦਾ ਵਿਕਾਸ ਕੀਤਾ ਹੈ। ਇਸਲਈ ਅਕਸ਼ਯਾ, ਜਿਨ੍ਹਾਂ ਦੇ ਮਾਪੇ ਖ਼ੁਦ ਦਸਵੀਂ ਤੋਂ ਅਗਾਂਹ ਨਹੀਂ ਪੜ੍ਹ ਪਾਏ ਅਤੇ ਨਾ ਹੀ ਕਿਸੇ ਜ਼ਮੀਨ ਦੇ ਮਾਲਕ ਹੀ ਰਹੇ, ਉਸੇ ਪੁਰਾਣੀ ਪਰੰਪਰਾ ਨੂੰ ਅੱਗੇ ਲੈ ਕੇ ਜਾ ਰਹੀ ਹਨ।

''ਮੇਰੀ ਉਮਰ ਹੀ ਮੇਰੀ ਤਾਕਤ ਵੀ ਹੈ ਅਤੇ ਕਮਜ਼ੋਰੀ ਵੀ,'' ਅਕਸ਼ਯਾ ਠਹਾਕਾ ਲਾ ਕੇ ਕਿਹਾ, ਜਦੋਂ ਅਕਤੂਬਰ 2021 ਨੂੰ ਪਾਰੀ (PARI) ਨੇ ਅਕਸ਼ਯਾ ਨਾਲ਼ ਮੁਲਾਕਾਤ ਕੀਤੀ। ਅਸੀਂ ਹਲਦੀ ਕਿਸਾਨ ਤੀਰੂ ਮੂਰਤੀ ਦੇ ਖੇਤਾਂ ਤੋਂ ਵਾਪਸ ਮੁੜ ਕੇ ਉਨ੍ਹਾਂ ਦੀ ਬੈਠਕ ਵਿੱਚ ਚਾਹ ਪੀਣ ਬੈਠੇ ਸਾਂ ਅਤੇ ਬੱਜੀ ਖਾ ਰਹੇ ਸਾਂ। ਸਾਡੀ ਮੁਲਾਕਾਤ ਯਾਦਗਾਰ ਸੀ। ਮੈਨੂੰ ਚੇਤਾ ਹੈ ਕਿਵੇਂ ਆਪਣੇ ਵੱਡੇ ਅਤੇ ਸੋਹਣੇ ਸੁਪਨਿਆਂ ਬਾਬਤ ਦੱਸਦੀ ਹੋਈ ਅਕਸ਼ਯਾ ਆਪਣੇ ਚਿਹਰੇ 'ਤੇ ਡਿੱਗ ਡਿੱਗ ਪੈਂਦੇ ਆਪਣੇ ਛੋਟੇ ਵਾਲ਼ਾਂ ਨੂੰ ਝਟਕਦੀ ਜਾ ਰਹੀ ਸੀ।

ਉਨ੍ਹਾਂ ਦੀ ਪਸੰਦੀਦਾ ਟੂਕ ਵੀ ਇਸੇ ਬਾਰੇ ਹੀ ਹੈ: ''ਆਪਣੇ ਸੁਪਨੇ ਨੂੰ ਪੂਰਿਆਂ ਕਰਨ ਲਈ ਅੱਜ ਦੀ ਅੱਜ ਜੁੱਟ ਜਾਓ।'' ਉਹ ਕਾਲਜਾਂ ਵਿੱਚ ਜਾ ਜਾ ਕੇ ਦਿੱਤੇ ਆਪਣੇ ਭਾਸ਼ਣਾਂ ਵਿੱਚ ਇਸ ਟੂਕ ਦੀ ਰੱਜ ਕੇ ਵਰਤੋਂ ਕਰਦੀ ਹਨ। ਉਹ ਆਪਣੇ ਜੀਵਨ, ਆਪਣੇ ਕਾਰੋਬਾਰ ਵਿੱਚ ਇਹਦੀ ਵਰਤੋਂ ਕਰਦੀ ਹਨ, ਜਦੋਂਕਿ ਉਹ ਆਪਣੇ ਬ੍ਰੈਂਡ 'ਸੁਰੂਕੁਪਈ ਫ਼ੂਡਸ' ਨੂੰ ਸਥਾਪਤ ਕਰਨ ਦਾ ਯਤਨ ਕਰ ਰਹੀ ਹਨ। ਤਮਿਲ ਵਿੱਚ ਸੁਰੂਕੁਪਈ ਨੂੰ ਡੋਰੀ ਵਾਲ਼ੀ ਗੁਥਲੀ ਕਹਿੰਦੇ ਹਨ- ਇੱਕ ਅਜਿਹਾ ਵਾਕੰਸ਼ ਜੋ ਯਾਦਾਂ, ਕਿਰਸ ਅਤੇ ਜੀਵਨ ਦੀ ਸਥਿਰਤਾ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ।

ਅਕਾਸ਼ਯਾ ਅੰਦਰ ਮੱਲ੍ਹਾਂ ਮਾਰਨ ਦਾ ਜਜ਼ਬਾ ਬਾਕਮਾਲ ਹੈ। ''ਜਦੋਂ ਅਸੀਂ ਕਾਲਜ ਵਿੱਚ ਸਾਂ ਤਾਂ ਮੈਂ ਅਤੇ ਮੇਰੇ ਦੋਸਤਾਂ ਨੇ ਉਲਿਯਿਨ ਉਰੂਵਮ ਟ੍ਰਸਟ ਦੀ ਸਥਾਪਨਾ ਕੀਤੀ, ਜੋ ਬੁੱਤਘਾੜ੍ਹੇ ਦੇ ਹਥੌੜੇ ਦੇ ਨਾਂਅ 'ਤੇ ਅਧਾਰਤ ਸੀ। ਇਹ ਵਿਦਿਆਰਥੀਆਂ ਦੀ ਅਗਵਾਈ ਕਰਨ ਲਈ ਚਲਾਇਆ ਜਾਣ ਵਾਲ਼ਾ ਇੱਕ ਸੰਗਠਨ ਹੈ, ਜਿਹਨੂੰ ਅਸੀਂ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ ਲਈ ਸਥਾਪਤ ਕੀਤਾ ਸੀ। ਸਾਡਾ ਸੁਪਨਾ ਹੈ ਕਿ ਅਸੀਂ 2025 ਆਉਣ ਤੱਕ 2025 ਆਗੂ ਤਿਆਰ ਕਰੀਏ।'' ਇੱਕ ਮਹੱਤਵਅਕਾਂਖਿਆ ਤਾਂ ਹੈ ਪਰ ਅਕਸ਼ਯਾ ਦੇ ਜਜ਼ਬੇ ਨਾਲ਼ ਸਭ ਸੰਭਵ ਹੈ।

Akshaya in Thiru Murthy's farm in Sathyamangalam. She repackages and resells the turmeric he grows
PHOTO • M. Palani Kumar

ਸਤਯਮੰਗਲਮ ਵਿਖੇ ਤੀਰੂ ਮੂਰਤੀ ਦੇ ਖੇਤ ਵਿੱਚ ਅਕਸ਼ਯਾ। ਉਹ ਤੀਰੂ ਮੂਰਤੀ ਦੁਆਰਾ ਉਗਾਈ ਜਾਂਦੀ ਹਲਦੀ ਨੂੰ ਮੁੜ (ਖਰੀਦ ਕੇ) ਤੋਂ ਡੋਰੀ ਵਾਲ਼ੀ ਥੈਲੀ ਵਿੱਚ ਪੈਕ ਕਰਦੀ ਹਨ ਅਤੇ ਵੇਚਦੀ ਹਨ

ਹਾਲਾਂਕਿ ਉਹ ਪਹਿਲਾਂ ਤੋਂ ਹੀ ਕਾਰੋਬਾਰੀ ਬਣਨਾ ਲੋਚਦੀ ਸਨ, ਪਰ ਮਾਰਚ 2020 ਵਿੱਚ ਲੱਗੀ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਸਾਹਮਣੇ ਬੜੇ ਨਿਗੂਣੇ ਹੀ ਵਿਕਲਪ ਰਹਿ ਗਏ ਸਨ, ਇਸੇ ਸਾਲ ਉਨ੍ਹਾਂ ਦੀ ਗ੍ਰੈਜੂਏਸ਼ਨ ਵੀ ਮੁਕੰਮਲ ਹੋਣੀ ਸੀ। ਇਸੇ ਦੌਰਾਨ ਉਹ ਤੀਰੂ ਮੂਰਤੀ ਨੂੰ ਮਿਲ਼ੀ, ਜੋ ਸਤਯਮੰਗਲਮ ਦੇ ਕੋਲ਼ ਹੀ ਉੱਪੁਲਮ ਪਿੰਡ ਵਿਖੇ ਜੈਵਿਕ ਖੇਤੀ ਕਰਦੇ ਹਨ। ਦੋਵਾਂ ਦੇ ਪਰਿਵਾਰ ਆਪਸ ਵਿੱਚ ਦੋਸਤ ਹਨ ਅਤੇ ਅਕਸ਼ਯਾ ਦੀ ਘਰ ਦੀ ਦੁਕਾਨ (ਘਰੇਲੂ ਉਪਕਰਣਾਂ) ਦੇ ਗਾਹਕ ਸਨ। ਅਕਸ਼ਯਾ ਦੱਸਦੀ ਹਨ,''ਉਹ ਲੋਕ ਇੱਕ-ਦੂਸਰੇ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਤੋਂ ਪਾਪਾ ਰੇਡਿਓ ਕੈਸੇਟਾਂ ਦੀ ਦੁਕਾਨ ਚਲਾਉਂਦੇ ਸਨ।''

ਤੀਰੂ ਮੂਰਤੀ, ਜਿਨ੍ਹਾਂ ਨੂੰ ਅਕਸ਼ਯਾ 'ਅੰਕਲ' ਕਹਿੰਦੀ ਹਨ, ਹਲਦੀ ਦਾ ਕਾਰੋਬਾਰ ਕਰਦੇ ਹਨ ਅਤੇ ਹਲਦੀ ਅਤੇ ਹਲਦੀ ਤੋਂ ਬਣਨ ਵਾਲ਼ੇ ਉਤਪਾਦਾਂ ਨੂੰ ਸਿੱਧਿਆਂ ਹੀ ਗਾਹਕ ਤੱਕ ਵੇਚਦੇ ਹਨ। ਅਕਸ਼ਯਾ ਨੂੰ ਜਾਪਿਆ ਕਿ ਉਹ ਆਪਣੇ ਉਤਪਾਦ ਦੀ ਪੈਕਿੰਗ ਕਰਕੇ ਉਹਨੂੰ ਵੇਚ ਸਕਦੀ ਹਨ। ਤੀਰੂ ਮੂਰਤੀ ਨੇ ਉਨ੍ਹਾਂ ਨੂੰ ਹੱਲ੍ਹਾਸ਼ੇਰੀ ਦਿੰਦੇ ਕਿਹਾ,'' ਏਡੁਤੂ ਪੰਨੂਗਾ '' (ਲੈ ਫੜ੍ਹ ਅਤੇ ਸ਼ੁਰੂ ਹੋ ਜਾ)। ਅਕਸ਼ਯਾ ਮੁਸਕਰਾਉਂਦਿਆਂ ਦੱਸਦੀ ਹਨ ਕਿ ''ਅੰਕਲ ਬੜੇ ਸਕਾਰਾਤਮਕ ਰਹਿੰਦੇ ਸਨ'' ਅਤੇ ਇੰਝ ਹੀ ਸੁਰੂਕੁਪੀ ਫੂਡਸ ਦੀ ਸ਼ੁਰੂਆਤ ਹੋਈ।

ਆਪਣੀ ਨਵੀਂ ਕੰਪਨੀ ਦੇ ਨਾਲ਼ ਉਹ ਜਿਹੜੀ ਪਹਿਲੀ ਪ੍ਰਦਰਸ਼ਨੀ ਵਿੱਚ ਗਈ, ਉਹ ਕਾਫ਼ੀ ਆਸਵੰਦ ਰਹੀ। ਟੈਨ ਫੂਡ '21 ਐਕਸਪੋ ਦੇ ਨਾਮ ਹੇਠ ਇਹ ਪ੍ਰਦਰਸ਼ਨੀ ਫਰਵਰੀ 2021 ਵਿੱਚ ਮਦੁਰਈ ਵਿਖੇ ਅਯੋਜਿਤ ਕੀਤੀ ਗਈ ਸੀ। ਅਕਸ਼ਯਾ ਦੇ ਸਟਾਲ 'ਤੇ ਕਰੀਬ 2000 ਲੋਕ ਆਏ। ਮਾਰਕਿਟ ਰਿਸਰਚ ਅਤੇ ਉਨ੍ਹਾਂ ਦੀਆਂ ਪ੍ਰਤਿਕਿਰਿਆਵਾਂ ਨਾਲ਼ ਉਹਨੂੰ ਬ੍ਰੈਂਡਿੰਗ ਅਤੇ ਪੈਕੇਜਿੰਗ ਦਾ ਮਹੱਤਵ ਸਮਝ ਵਿੱਚ ਆਇਆ।

''ਗਾਹਕਾਂ ਨੂੰ ਸਾਡੇ ਬ੍ਰੈਂਡ ਨਾਮ ਨਾਲ਼ ਨਿੱਜੀ ਲਗਾਓ ਤਾਂ ਜਾਪਦਾ ਹੀ ਸੀ... ਨਾਲ਼ੇ ਇਹ ਇੱਕ ਵੱਖਰੀ ਕਿਸਮ ਦਾ ਹੰਭਲਾ ਵੀ ਸੀ,'' ਅਕਸ਼ਯਾ ਦੱਸਦੀ ਹਨ। ਉਸ ਤੋਂ ਪਹਿਲਾਂ ਤੱਕ, ਹਲਦੀ ਸਿਰਫ਼ ਪਲਾਸਟਿਕ ਦੇ ਪੈਕਟਾਂ ਵਿੱਚ ਹੀ ਵੇਚੀ ਜਾਂਦੀ ਸੀ। ਕਿਸੇ ਨੇ ਉਹਨੂੰ ਕਾਗ਼ਜ਼ ਦੀ ਗੁੱਥਲੀ ਵਿੱਚ ਵਿੱਚ ਵਿਕਦੇ ਨਹੀਂ ਦੇਖਿਆ ਸੀ!'' ਨਾ ਤਾਂ ਐੱਫ਼ਐੱਮਸੀਜੀ ਦੀਆਂ ਵੱਡੀਆਂ ਕੰਪਨੀਆਂ ਅਤੇ ਨਾ ਹੀ ਆਰਗੈਨਿਕ ਸਟੋਰਾਂ ਨੂੰ ਹੀ ਕਦੇ ਇਹ ਵਿਚਾਰ ਆਇਆ। ਉਹ ਜੇਤੂ ਰਹੀ ਅਤੇ ਹੁਣ ਉਹ ਹੋਰ ਅੱਗੇ ਵੱਧਣਾ ਚਾਹੁੰਦੀ ਹਨ।

ਆਪਣੇ ਕਾਰੋਬਾਰ ਨੂੰ ਅੱਗੇ ਤੋਰਨ ਵਾਸਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਅਤੇ ਸੰਗਠਨਾਂ ਪਾਸੋਂ ਸਲਾਹ ਮੰਗੀ। ਉਨ੍ਹਾਂ ਵਿੱਚ ਉਨ੍ਹਾਂ ਦੇ ਗੁਰੂ ਅਤੇ ਪੋਟਨ ਸੁਪਰ ਫੂਡ ਦੇ ਡਾ. ਐੱਮ. ਨਟਚੀਮੁਤੂ ਅਤੇ ਸ਼ਨਮੁਗਾ ਸੁੰਦਰਮ ਵੀ ਹਨ। ਇੰਨਾ ਹੀ ਨਹੀਂ ਸਗੋਂ ਮਦੁਰਈ ਐਗਰੀ ਬਿਜਨੈੱਸ ਇਨਕਿਊਬੇਸ਼ਨ ਫ਼ੋਰਮ (ਐੱਮਏਬੀਆਈਐੱਫ) ਨੇ ਉਨ੍ਹਾਂ ਨੂੰ ਟ੍ਰੇਡਮਾਰਕ ਅਤੇ ਐੱਫ਼ਐੱਸਐੱਸਆਈ ਪ੍ਰਮਾਣਪੱਤਰ ਪ੍ਰਾਪਤ ਕਰਨ ਵਿੱਚ ਵੀ ਮਦਦ ਕੀਤੀ। ਹਾਂ, ਅਕਸ਼ਯਾ ਨੂੰ ਜਦੋਂ ਵੀ ਸਮਾਂ ਮਿਲ਼ਦਾ ਹੈ, ਉਹ ਸੈਲਫ਼-ਹੈਲਪ ਨਾਲ਼ ਜੁੜੀਆਂ ਕਿਤਾਬਾਂ ਜ਼ਰੂਰ ਪੜ੍ਹਦੀ ਹਨ। ' ਐਟੀਟਿਊਡ ਇਜ਼ ਐਵਰੀਥਿੰਗ' ਉਨ੍ਹਾਂ ਵੱਲੋਂ ਪੜ੍ਹੀ ਅਖ਼ੀਰਲੀ ਕਿਤਾਬ ਸੀ।

Akshaya's Surukupai Foods products on display in Akshaya Home Appliances, the store owned by her parents
PHOTO • M. Palani Kumar

ਅਕਸ਼ਯਾ ਦੇ ਸੁਰੂਕੁਪਈ ਫੂਡ਼ਸ ਦੇ ਉਤਪਾਦ ਉਨ੍ਹਾਂ ਦੇ ਮਾਪਿਆਂ ਦੀ ਹੋਮ ਅਪਲਾਇੰਸ ਦੀ ਦੁਕਾਨ ' ਤੇ ਵਿਕਣ ਨੂੰ ਤਿਆਰ ਪਏ ਹਨ

''ਬੀਬੀਏ ਦੀ ਪੜ੍ਹਾਈ ਨੇ ਮੈਨੂੰ ਉਹ ਜਾਣਕਾਰੀ ਜਾਂ ਕੁਸ਼ਲਤਾ ਨਹੀਂ ਬਖ਼ਸ਼ੀ ਕਿ ਮੈਂ ਆਪਣਾ ਕਾਰੋਬਾਰ ਸ਼ੁਰੂ ਕਰ ਪਾਉਂਦੀ,'' ਉਹ ਕਹਿੰਦੀ ਹਨ। ਉਹ ਇਸ ਸਿੱਖਿਆ ਢਾਂਚੇ ਦੀਆਂ ਸਮੱਸਿਆਵਾਂ 'ਤੇ ਗੱਲ ਕਰਦਿਆਂ ਪੁੱਛਦੀ ਹਨ,''ਕਾਲਜ ਵਿਖੇ ਪੜ੍ਹਦਿਆਂ ਸਾਨੂੰ ਬੈਂਕਾਂ ਦੇ ਸਧਾਰਣ ਲੈਣ-ਦੇਣ ਬਾਬਤ ਕਿਉਂ ਨਹੀਂ ਦੱਸਿਆ ਜਾਂਦਾ? ਬੀਬੀਏ ਕੋਰਸ ਵਿੱਚ ਬੈਂਕ ਪਾਸੋਂ ਕਰਜ਼ਾ ਲੈਣ ਬਾਰੇ ਕਿਉਂ ਨਹੀਂ ਪੜ੍ਹਾਇਆ ਜਾਂਦਾ? ਇੰਝ ਕਿਉਂ ਹੁੰਦਾ ਹੈ ਕਿ ਵਿਭਾਗ ਦੇ ਮੁਖੀ ਅਤੇ ਅਧਿਆਪਕਾਂ ਨੂੰ ਵਿਵਹਾਰਕ ਦੁਨੀਆ ਬਾਰੇ ਕੋਈ ਤਜ਼ਰਬਾ ਨਹੀਂ ਹੁੰਦਾ?''

ਹੁਣ ਉਹ ਖ਼ੁਦ ਉਨ੍ਹਾਂ ਕਮੀਆਂ ਨੂੰ ਪੁਰ ਕਰਨ ਦੀ ਕੋਸ਼ਿਸ਼ ਕਰ ਰਹੀ ਹਨ। ''ਅਜੇ ਤਾਂ ਮੈਂ ਬੜਾ ਕੁਝ ਸਿੱਖਣਾ ਹੈ।''

ਇਸ ਸਭ ਕਾਸੇ ਨੂੰ ਚੰਗੀ ਤਰ੍ਹਾਂ ਨਬੇੜਨ ਵਾਸਤੇ ਉਹ ਸੂਚੀ (ਰੋਜ਼ਨਾਮਚਾ) ਬਣਾਉਂਦੀ ਹਨ ਅਤੇ ਪੂਰੇ ਹੋ ਜਾਣ ਵਾਲ਼ੇ ਟੀਚਿਆਂ ਨੂੰ ਸੂਚੀ ਵਿੱਚੋਂ ਕੱਟਦੀ ਜਾਂਦੀ ਹਨ। ''ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਪੂਰੇ ਦਿਨ ਦੇ ਕੰਮਾਂ ਨੂੰ ਝਰੀਟ ਲੈਂਦੀ ਹਾਂ। ਜੇ ਕੋਈ ਕੰਮ 'ਪੂਰਾ ਨਾ ਹੋਵੇ' ਤਾਂ ਉਹਨੂੰ ਅਗਲੇ ਦਿਨ 'ਤੇ ਪਾ ਦਿੰਦੀ ਹਾਂ।'' ਕਿਸੇ ਕੰਮ ਦੇ ਨਾ ਹੋਣ ਦੀ ਸੂਰਤ ਵਿੱਚ ਮੈਨੂੰ ''ਅਫ਼ਸੋਸ'' ਹੁੰਦਾ ਹੈ ਅਤੇ ਮੈਂ ਹੋਰ ਸਖ਼ਤ ਮਿਹਨਤ ਕਰਨ ਲੱਗਦੀ ਹਾਂ।

ਆਪਣੀਆਂ ਕੋਸ਼ਿਸ਼ਾਂ ਨਾਲ਼ ਉਨ੍ਹਾਂ ਨੇ ਜਿਵੇਂ ਕਿਵੇਂ ਕਰਕੇ ਆਪਣੇ ਪੋਸਟ-ਗ੍ਰੈਜੂਏਸ਼ਨ ਦੇ ਤਿੰਨ ਸਮੈਸਟਰਾਂ ਦੀ ਫ਼ੀਸ ਤਾਂ ਇਕੱਠੀ ਕਰ ਲਈ। ਉਨ੍ਹਾਂ ਦੇ ਵਿਸ਼ੇ ਦੀ ਚੋਣ ਵੀ ਬੜਾ ਦਿਲਚਸਪ ਹੈ। ਫ਼ਖਰ ਨਾਲ਼ ਭਰੀ ਅਵਾਜ਼ ਵਿੱਚ ਕਹਿੰਦੀ ਹਨ,''ਮੈਂ ਡਿਸਟੈਂਸ ਐਜੁਕੇਸ਼ਨ ਦੇ ਜ਼ਰੀਏ ਸੋਸ਼ਲ ਵਰਕ (ਸਮਾਜਿਕ ਕਾਰਜ) ਵਿੱਚ ਪੋਸਟ ਗ੍ਰੈਜੁਏਸ਼ਨ ਕਰ ਰਹੀ ਹਾਂ। ਇੱਕ ਸਮੈਸਟਰ ਦੀ ਫ਼ੀਸ 10,000 ਰੁਪਏ ਅਤੇ ਪੇਪਰਾਂ ਦੀ ਫ਼ੀਸ ਵੱਖਰੇ 5,000 ਰੁਪਏ। ਅੱਪਾ ਨੇ ਸ਼ੁਰੂ ਸ਼ੁਰੂ ਵਿੱਚ ਮੈਨੂੰ 5,000 ਰੁਪਏ ਦਿੱਤੇ। ਬਾਕੀ ਦੇ ਪੈਸੇ ਮੈਂ ਆਪ ਹੀ ਜੋੜੇ।'' ਫ਼ੀਸ ਦੇ ਬਾਕੀ ਪੈਸੇ ਉਨ੍ਹਾਂ ਨੇ ਆਪਣੇ ਕਾਰੋਬਾਰ ਵਿੱਚ ਹੋਏ 40,000 ਦੇ ਨਫ਼ੇ ਵਿੱਚੋਂ ਪ੍ਰਾਪਤ ਕੀਤੇ ਜਿਸ ਕਾਰੋਬਾਰ ਵਿੱਚ ਉਨ੍ਹਾਂ ਨੇ 10,000 ਰੁਪਏ ਦਾ ਨਿਵੇਸ਼ ਕੀਤਾ ਸੀ।

ਗਾਹਕ ਉਨ੍ਹਾਂ ਪਾਸੋਂ 'ਥੋਕ' ਵਿੱਚ ਸਮਾਨ ਖਰੀਦਦੇ ਹਨ ਅਤੇ ਉਹ ਉਨ੍ਹਾਂ ਨੂੰ ਵੰਨ-ਸੁਵੰਨੇ ਵਿਕਲਪ ਪੇਸ਼ ਕਰਦੀ ਹਨ। ਵਰਤਮਾਨ ਵਿੱਚ ਸਭ ਤੋਂ ਜ਼ਿਆਦਾ ਹਰਮਨਪਿਆਰਾ ਵਿਕਲਪ ਇੱਕ ਗਿਫਟ ਹੈਂਪਰ ਹੈ, ਜੋ ਵਿਆਹ ਦੇ ਸੱਦੇ ਦੌਰਾਨ ਲੋਕਾਂ ਨੂੰ ਦਿੱਤਾ ਜਾਂਦਾ ਹੈ। ਇਸ ਹੈਂਪਰ ਵਿੱਚ ਜੈਵਿਕ ਹਲਦੀ ਤੋਂ ਬਣੇ ਢੇਰ ਸਾਰੇ ਉਤਪਾਦ ਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਕਸ਼ਯਾ ਪਹਿਲੀ ਉੱਦਮੀ ਹਨ ਜਿਨ੍ਹਾਂ ਨੇ ਇਹ ਵਿਕਲਪ ਪੇਸ਼ ਕੀਤਾ ਹੈ। ਹਰ ਗਿਫ਼ਟ ਹੈਂਪਰ ਵਿੱਚ ਇੱਕ ਡੋਰੀ ਵਾਲ਼ੀ ਗੁਥਲੀ ਹੁੰਦੀ ਹੈ, ਹਲਦੀ ਦੇ ਪੈਕੇਟ ਹੁੰਦੇ ਹਨ, ਬੀਜਾਂ ਦੇ 5-5 ਗ੍ਰਾਮ ਦੇ ਕਈ ਪੈਕਟ ਹੁੰਦੇ ਹਨ ਜਿਨ੍ਹਾਂ ਵਿੱਚ ਬੈਂਗਣ, ਟਮਾਟਰ, ਭਿੰਡੀ, ਹਰੀ ਮਿਰਚ ਅਤੇ ਪਾਲਕ ਦੇ ਬੀਜ ਹੁੰਦੇ ਹਨ ਅਤੇ ਉਹਦੇ ਨਾਲ਼ ਇੱਕ ਸ਼ੁਕਰੀਆ ਅਦਾ ਕਰਦਾ ਕਾਰਡ ਹੁੰਦਾ ਹੈ।''

''ਜਦੋਂ ਲੋਕੀਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕਿਸੇ ਵਿਆਹ ਦਾ ਸੱਦਾ ਦੇਣ ਜਾਂਦੇ ਹਨ ਤਾਂ ਉਹ ਸੱਦਾ ਪੱਤਰ ਦੇ ਨਾਲ਼ ਗਿਫ਼ਟ ਹੈਂਪਰ ਵੀ ਦੇ ਦਿੰਦੇ ਹਨ। ਇਹ ਤਰੀਕਾ ਸ਼ੁੱਭ, ਸਿਹਤਮੰਦ ਅਤੇ ਚੁਗਿਰਦੇ ਦੇ ਵੀ ਅਨੁਕੂਲ ਹੈ।'' ਜਦੋਂ ਉਨ੍ਹਾਂ ਦੇ ਗਾਹਕ ਕਿਸੇ ਵੱਡੇ ਤੋਹਫ਼ੇ ਦੀ ਮੰਗ ਕਰਦੇ ਹਨ ਅਤੇ ਉਹਦੇ ਲਈ ਵੱਧ ਕੀਮਤ ਤਾਰਨ ਲਈ ਰਾਜ਼ੀ ਹੁੰਦੇ ਹਨ ਤਾਂ ਉਹ (ਅਕਸ਼ਯਾ) ਸ਼ਾਨਦਾਰ ਕੱਚ ਦੀਆਂ ਸ਼ੀਸ਼ੀਆਂ ਵਿੱਚ ਕਾਫ਼ੀ ਮਾਤਰਾ ਵਿੱਚ ਹਲਦੀ ਭਰਦੀ ਹਨ। ਉਹ ਕਈ ਵਿਆਹ ਸਮਾਗਮਾਂ ਵਿੱਚ ਅਜਿਹੇ ਤੋਹਫੇ ਸਪਲਾਈ ਕਰ ਚੁੱਕੀ ਹਨ ਅਤੇ ਲੋਕਾਂ ਦੁਆਰਾ ਇੱਕ ਦੂਜੇ ਨੂੰ ਕੀਤੇ ਪ੍ਰਚਾਰ ਕਾਰਨ ਉਨ੍ਹਾਂ ਨੂੰ ਹੋਰ ਵੀ ਕਈ ਆਰਡਰ ਮਿਲ਼ ਚੁੱਕੇ ਹਨ। ''ਪਿਛਲਾ ਇੱਕ ਆਰਡਰ 200 ਹੈਂਪਰਾਂ ਦਾ ਸੀ ਅਤੇ ਹਰੇਕ ਹੈਂਪਰ ਦੀ ਕੀਮਤ ਕੋਈ 400 ਰੁਪਏ ਸੀ।''

Left: Akshaya with a surukupai, or drawstring pouch, made of cotton cloth. Right: The Surukupai Foods product range
PHOTO • M. Palani Kumar
Left: Akshaya with a surukupai, or drawstring pouch, made of cotton cloth. Right: The Surukupai Foods product range
PHOTO • M. Palani Kumar

ਖੱਬੇ: ਅਕਸ਼ਯਾ ਆਪਣੇ ਹੱਥੀਂ ਸੁਰੂਕੁਪਈ (ਸੂਤੀ ਕੱਪੜੇ ਦੀ ਬਣੀ ਗੁਥਲੀ) ਫੜ੍ਹੀ ਹੋਈ। ਸੱਜੇ: ਸੁਰੂਕੁਪਈ ਫ਼ੂਡਸ ਦੇ ਵੰਨ-ਸੁਵੰਨੇ ਉਤਪਾਦ

ਸਤਯਮੰਗਲਮ ਦੀ ਆਪਣੀ ਯਾਤਰਾ ਦੇ ਕਈ ਮਹੀਨਿਆਂ ਬਾਅਦ, ਮੈਂ ਅਕਸ਼ਯ ਨਾਲ਼ ਫ਼ੋਨ ਜ਼ਰੀਏ ਗੱਲ ਕੀਤੀ। ਕਾਲ ਦੌਰਾਨ ਉਨ੍ਹਾਂ ਨੇ ਦੱਸਿਆ: ''ਬੈਂਕ ਮੈਨੇਜਰ ਮੈਨੂੰ ਬੁਲਾ ਰਿਹਾ ਹੈ।'' ਇੱਕ ਘੰਟੇ ਬਾਅਦ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਇੱਕ ਨਿਰੀਖਣ ਨਾਲ਼ ਜੁੜਿਆ ਕੰਮ ਸੀ। ਉਨ੍ਹਾਂ ਨੂੰ ਇੱਕ ਸਰਕਾਰੀ (ਜਨਤਕ) ਬੈਂਕ ਤੋਂ ਦੱਸ ਲੱਖ ਰੁਪਏ ਦਾ ਕਰਜ਼ਾ ਮਿਲ਼ਿਆ ਹੈ। ਉਨ੍ਹਾਂ ਨੇ ਇਸ ਕਰਜ਼ੇ ਦਾ ਬਿਨੈ ਖ਼ੁਦ ਕੀਤਾ ਸੀ, ਉਹਦੇ ਵਾਸਤੇ ਸਾਰੇ ਦਸਤਾਵੇਜ ਖ਼ੁਦ ਤਿਆਰ ਕੀਤੇ ਸਨ ਅਤੇ ਬਿਨਾ ਕਿਸੇ ਜਮਾਨਤ ਦੇ ਉਨ੍ਹਾਂ ਨੂੰ ਇਹ ਕਰਜ਼ਾ 9 ਫ਼ੀਸਦ ਦੀ ਵਿਆਜ ਦਰ 'ਤੇ ਮਿਲ਼ਿਆ ਹੈ। ਉਹ ਕਰਜ਼ੇ ਦੇ ਪੈਸਿਆਂ ਨਾਲ਼ ਇੱਕ ਉੱਦਮ ਖੜ੍ਹਾ ਕਰਨਾ ਲੋਚਦੀ ਹਨ, ਜਿੱਥੇ ਮਸ਼ੀਨ ਦੀ ਸਹਾਇਤਾ ਨਾਲ਼ ਹਲਦੀ ਨੂੰ ਪੀਹਿਆ ਅਤੇ ਪੈਕ ਕੀਤਾ ਜਾ ਸਕਦਾ ਹੈ। ਉਹ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੀ ਹਨ... ਕਾਹਲੀ ਕਾਹਲੀ।

''ਮੇਰੇ ਕੋਲ਼ ਇੱਕ ਟਨ ਹਲਦੀ ਪਾਊਡਰ ਦਾ ਇੱਕ ਆਰਡਰ ਆਇਆ ਹੈ। ਇਸਲਈ ਮੈਨੂੰ ਵਪਾਰੀਆਂ ਤੋਂ ਬਜ਼ਾਰ ਵਿੱਚ ਵਿਕਣ ਵਾਲ਼ੀ ਹਲਦੀ ਖਰੀਦਣੀ ਪਈ।'' ਮਸ਼ੀਨਾਂ ਦਾ ਇੰਤਜ਼ਾਮ ਕਰਨਾ ਕਠਿਨ ਹੈ। ''ਕਾਲਜ ਵਿੱਚ ਮੈਂ ਇਸ਼ਤਿਹਾਰ ਦੇਣ ਬਾਰੇ ਸਿੱਖਿਆ ਸੀ। ਪਰ ਪੂਰੀ ਤਰ੍ਹਾਂ ਨਾਲ਼ ਆਟੋਮੈਟਿਕ ਮਸ਼ੀਨਾਂ ਵਿੱਚ ਲੱਗੇ ਸੈਂਸਰ ਅਤੇ ਪੇਪਰ ਪੁਲਿੰਗ ਅਤੇ ਰੋਲ਼ ਪਲੇਸਿੰਗ ਬਾਰੇ ਮੈਂ ਕੁਝ ਵੀ ਨਹੀਂ ਜਾਣਦੀ। ਜੇ ਇਹ ਕੰਮ ਠੀਕ ਤਰ੍ਹਾਂ ਨਾਲ਼ ਨਹੀਂ ਕੀਤਾ ਗਿਆ, ਤਾਂ ਪੂਰਾ ਮਾਲ ਬੇਕਾਰ ਚਲਾ ਜਾਵੇਗਾ।''

ਉਨ੍ਹਾਂ ਨੇ ਅਜਿਹੀਆਂ ਕਈ ਚੀਜ਼ਾਂ ਦੀ ਸੂਚੀ ਬਣਾਈ ਹੈ, ਜਿਹਨੂੰ ਲੈ ਕੇ ਗ਼ਲਤੀਆਂ ਹੋ ਸਕਦੀਆਂ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਖ਼ਤਰਾ ਮੁੱਲ ਲਿਆ ਜਾ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ੀਨ ਲੈਣ ਬਾਅਦ, ਜਿਹਨੂੰ ਚਲਾਉਣ ਲਈ ਉਹ ਪਾਰਟ ਟਾਈਮ ਸਹਾਇਕ ਰੱਖਣਾ ਚਾਹੁੰਦੀ ਹਨ, ਨੇੜਲੇ ਭਵਿੱਖ ਵਿੱਚ ਉਨ੍ਹਾਂ ਦਾ ਕਾਰੋਬਾਰ ਵੱਧ ਕੇ ਇੱਕ ਮਹੀਨੇ ਵਿੱਚ 2 ਲੱਖ ਰੁਪਏ ਦੇ ਟਰਨਓਵਰ ਤੱਕ ਪਹੁੰਚ ਜਾਵੇਗਾ ਅਤੇ ਇਸ ਤਰ੍ਹਾਂ ਨਾਲ਼ ਉਨ੍ਹਾਂ ਦਾ ਮੁਨਾਫ਼ਾ ਉਨ੍ਹਾਂ ਦੀ ਕਾਲਜ ਡਿਗਰੀ ਨਾਲ਼ ਜੁੜੀਆਂ ਨੌਕਰੀਆਂ ਦੀ ਤੁਲਨਾ ਵਿੱਚ ਕਿਤੇ ਵੱਧ ਹੋ ਜਾਵੇਗਾ।

ਫਿਰ ਵੀ, ਅਕਸ਼ਯਾ ਦਾ ਕੰਮ ਉਹਦੇ ਵਿਅਕਤੀਗਤ ਲਾਭ ਨਾਲ਼ੋਂ ਕਿਤੇ ਵੱਧ ਕੇ ਹੈ। ਉਹਦੀਆਂ ਕੋਸ਼ਿਸ਼ਾਂ ਖੇਤੀ ਉਦਯੋਗਾਂ ਦੇ ਢਾਂਚੇ ਨੂੰ ਪਲਟ ਰਹੀਆਂ ਹਨ, ਜਿੱਥੇ ਬਹੁਤੇਰਾ ਵਪਾਰ ਪੁਰਸ਼ਾਂ ਅਤੇ ਵੱਡੀਆਂ ਨਿੱਜੀ ਕੰਪਨੀਆਂ ਅਧੀਨ ਹੈ।

ਖੇਤੀ ਜਨਨੀ, ਕੰਗਾਯਮ ਵਿੱਚ ਸਥਿਤ ਇੱਕ ਸਮਾਜਿਕ ਉੱਦਮ ਹੈ, ਜੋ ਲਾਭਦਾਈ ਅਤੇ ਪੁਨਰਜਨਕ ਖੇਤੀ ਵਿਗਿਆਨ ਵਾਸਤੇ ਕੰਮ ਕਰਦਾ ਹੈ। ਉਹਦੀ ਸੰਸਥਾਪਕ ਅਤੇ ਸੀਈਓ ਊਸ਼ਾ ਦੇਵੀ ਵੈਂਕਟਚਲਮ ਦਾ ਕਹਿਣਾ ਹੈ,''ਜਿੱਥੇ ਹਲਦੀ ਦੀਆਂ ਫ਼ਸਲਾਂ ਉਗਾਈਆਂ ਜਾ ਰਹੀਆਂ ਹਨ, ਉੱਥੇ ਨੇੜੇ ਹੀ ਸਥਾਨਕ ਪੱਧਰ 'ਤੇ ਉਹਦਾ ਰਸਾਇਣੀਕਰਨ ਹੋ ਰਿਹਾ ਹੈ, ਇਹ ਆਪਣੇ ਆਪ ਵਿੱਚ ਇੱਕ ਬੜੀ ਚੰਗੀ ਖ਼ਬਰ ਹੈ। ਨਾਲ਼ ਹੀ ਖੇਤੀ ਰਸਾਇਣੀਕਰਨ ਉਦਯੋਗਾਂ ਵਿੱਚ ਨੌਜਵਾਨ ਔਰਤਾਂ ਦੀ ਮੌਜੂਦਗੀ ਅਜੇ ਵੀ ਬੜੀ ਘੱਟ ਹੈ। ਮਸ਼ੀਨੀਕਰਣ ਅਤੇ ਕੇਂਦਰੀਕਰਣ ਦੇ ਨਾਮ ਹੇਠ ਔਰਤਾਂ ਦੀ ਭੂਮਿਕਾ ਨੂੰ, ਖ਼ਾਸ ਕਰਕੇ ਕਟਾਈ ਬਾਅਦ ਰਸਾਇਣੀਕਰਨ ਦੌਰਾਨ, ਹੌਲ਼ੀ-ਹੌਲ਼ੀ ਬੜਾ ਸੀਮਤ ਕਰ ਦਿੱਤਾ ਜਾਂਦਾ ਹੈ।

ਊਸ਼ਾ ਦੱਸਦੀ ਹਨ,''ਅਨਾਜ ਸਪਲਾਈ ਲੜੀ ਨਾਲ਼ ਜੁੜੀ ਇੱਕ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਉਹ ਲੋੜੋਂ ਵੱਧ ਕੇਂਦਰੀਕ੍ਰਿਤ ਹੈ ਅਤੇ ਉਹਦੇ ਕਾਰਨ ਮੂਰਖ਼ਤਾਪੂਰਨ ਢੰਗ ਨਾਲ਼ ਪ੍ਰਸੰਗੀਕਰਨ ਨਾਲ਼ ਜੁੜੇ ਫ਼ੈਸਲੇ ਲਏ ਜਾਂਦੇ ਹਨ, ਜਿਵੇਂ ਅਮੇਰੀਕਾ ਵਿਖੇ ਪੈਦਾ ਕੀਤੇ ਗਏ ਸੇਬ ਨੂੰ ਪਾਲਿਸ਼ਿੰਗ ਵਾਸਤੇ ਦੱਖਣ ਅਫ਼ਰੀਕਾ ਲੈ ਜਾਇਆ ਜਾਵੇਗਾ ਅਤੇ ਅੰਤ ਵਿੱਚ ਵਿਕਰੀ ਲਈ ਉਹ ਭਾਰਤੀ ਬਜ਼ਾਰ ਲਿਆਂਦਾ ਜਾਵੇਗਾ। ਮਹਾਂਮਾਰੀ ਤੋਂ ਬਾਦ ਦੀ ਦੁਨੀਆ ਵਿੱਚ ਇਹ ਮਾਡਲ ਟਿਕਾਊ ਨਹੀਂ ਹੈ ਅਤੇ ਫਿਰ ਜਦੋਂ ਤੁਸੀਂ ਟ੍ਰਾਂਸਪੋਰਟ ਦੀ ਲਾਗਤ ਨੂੰ ਇਸ ਵਿੱਚ ਜੋੜ ਲਓ, ਤਾਂ ਦੇਖੋਗੇ ਕਿ ਇਸ ਨਾਲ਼ ਜੁੜਿਆ ਜਲਵਾਯੂ ਸੰਕਟ ਇਹਨੂੰ ਕਿੰਨੀ ਗੰਭੀਰ ਸਮੱਸਿਆ ਬਣਾ ਦਿੰਦਾ ਹੈ।'' ਮਿਸਾਲ ਵਜੋਂ ਬਿਜਲੀ ਅਤੇ ਬਾਲਣ ਦੀ ਖਪਤ ਦਾ ਹਵਾਲਾ ਹੀ ਲਓ।

The biodegradable sachets in which Akshaya sells turmeric under her Surukupai Foods brand. She says she learnt the importance of branding and packaging early in her entrepreneurial journey
PHOTO • Akshaya Krishnamoorthi
The biodegradable sachets in which Akshaya sells turmeric under her Surukupai Foods brand. She says she learnt the importance of branding and packaging early in her entrepreneurial journey
PHOTO • Akshaya Krishnamoorthi
The biodegradable sachets in which Akshaya sells turmeric under her Surukupai Foods brand. She says she learnt the importance of branding and packaging early in her entrepreneurial journey
PHOTO • Akshaya Krishnamoorthi

ਬਾਇਓਡਿਗ੍ਰੇਡੇਬਲ ਪੈਕਟ, ਜਿਸ ਵਿੱਚ ਅਕਸ਼ਯਾ ਹਲਦੀ ਅਤੇ ਸਬਜ਼ੀਆਂ ਦੇ ਬੀਜ ਰੱਖ ਕੇ ਸੁਰੂਕੁਪਈ ਫੂਡਸ ਬ੍ਰੈਂਡ ਦੇ ਨਾਮ ਨਾਲ਼ ਵੇਚਦੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਕਾਰੋਬਾਰਦੀ ਸ਼ੁਰੂਆਤ ਵਿੱਚ ਹੀ ਬ੍ਰਾਂਡਿੰਗ ਅਤੇ ਪੈਕਜਿੰਗ ਦੇ ਮਹੱਤਵ ਨੂੰ ਪਛਾਣ ਲਿਆ ਸੀ

ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਅੱਗੇ ਚੱਲ ਕੇ ਅਕਸ਼ਯਾ ਦੀਆਂ ਯੋਜਨਾਵਾਂ ਸਾਰੇ ਮੁੱਦਿਆਂ 'ਤੇ ਖਰੀਆਂ ਨਾ ਉਤਰਣ। ਪਰ ਹਲਦੀ ਨਾਲ਼ ਚਾਕਲੇਟ ਅਤੇ ਚਿਪਸ ਬਣਾਉਣ ਦਾ ਉਨ੍ਹਾਂ ਦਾ ਵਿਲੱਖਣ ਪ੍ਰਯੋਗ ਰਵਾਇਤੀ ਮੰਡੀ ਵਿੱਚ ਹਲਚਲ ਪੈਦਾ ਕਰਨ ਲਈ ਕਾਫ਼ੀ ਹੈ। ਘੱਟ ਤੋਂ ਘੱਟ ਸਥਾਨਕ ਪੱਧਰ 'ਤੇ, ਉਨ੍ਹਾਂ ਨੇ ਇੰਝ ਹੀ ਲੱਗਦਾ ਹੈ ਕਿ ਇਹਨੂੰ ਹੱਲ੍ਹਾਸ਼ੇਰੀ ਦਿੱਤੀ ਜਾ ਸਕਦੀ ਹੈ।

ਮੇਰੇ ਇਹ ਪੁੱਛਣ 'ਤੇ ਕਿ ਕੀ ਇਹ ਕੁਝ ਖ਼ਾਸ ਲੋਕਾਂ ਦੀ ਪਸੰਦ ਤੱਕ ਸੀਮਤ ਉਤਪਾਦ ਨਹੀਂ; ਅਕਸ਼ਯਾ ਅੱਗਿਓਂ ਕਹਿੰਦੀ ਹਨ,''ਮੈਨੂੰ ਜਾਪਦਾ ਹੈ ਕਿ ਇਹਦੇ ਗਾਹਕ ਮੌਜੂਦ ਹਨ। ਲੋਕ ਪੈਪਸੀ ਅਤੇ ਕੋਲਾ ਪੀਂਦੇ ਹਨ। ਪਰ ਉਨ੍ਹਾਂ ਨੂੰ ਨੱਨਾਰੀ ਸ਼ਰਬਤ ਅਤੇ ਪਨੀਰ ਸੋਡਾ ਵੀ ਪਸੰਦ ਹੈ।'' ਉਹ ਯਕੀਨ ਨਾਲ਼ ਭਰੀ ਅਵਸਥਾ ਵਿੱਚ ਕਹਿੰਦੀ ਹਨ,''ਹਲਦੀ ਦੇ ਉਤਪਾਦ ਵੀ ਇਵੇਂ ਹੀ ਹਰਮਨਪਿਆਰੇ ਹੋ ਜਾਣਗੇ ਅਤੇ ਸਿਹਤ ਵਾਸਤੇ ਵੀ ਚੰਗੇ ਸਾਬਤ ਹੋਣਗੇ।''

ਉਨ੍ਹਾਂ ਨੇ ਗ੍ਰਾਮੀਣ ਬਜ਼ਾਰਾਂ ਵਿੱਚ ਆਉਣ ਵਾਲ਼ੀ ਛਾਲ਼ 'ਤੇ ਆਪਣੀ ਨਜ਼ਰ ਗੱਡੀ ਹੋਈ ਹੈ ਜਿਹਦੇ 2025 ਤੱਕ ਆਪਣੇ ਸਿਖ਼ਰ 'ਤੇ ਪਹੁੰਚਣ ਦੀ ਸੰਭਾਵਨਾ ਹੈ। ''ਉਹਦੇ ਵਾਸਤੇ ਇਨ੍ਹਾਂ ਉਤਪਾਦਾਂ ਨੂੰ ਘੱਟ ਮਾਤਰਾ ਵਿੱਚ ਉਪਲਬਧ ਕਰਾਉਣ ਦੇ ਨਾਲ਼ ਨਾਲ਼ ਸਸਤਾ ਵੀ ਕਰਨਾ ਹੋਵੇਗਾ। ਹਲਦੀ ਦੇ ਵੱਡੇ ਪੈਕੇਟ ਮਹਿੰਗੇ ਹੁੰਦੇ ਹਨ, ਜਿੱਥੇ 250 ਗ੍ਰਾਮ ਦੇ ਇੱਕ ਪੈਕੇਟ ਦੀ ਕੀਮਤ 165 ਰੁਪਏ ਹੁੰਦੀ ਹੈ। ਇਸਲਈ ਮੈਂ ਇਹਨੂੰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲ਼ੇ ਪੈਕੇਟ ਦੇ ਰੂਪ ਵਿੱਚ ਤਿਆਰ ਕੀਤਾ ਹੈ।''

ਆਪਣੇ ਪਰਿਵਾਰ ਦੀ ਦੁਕਾਨ ਦੀ ਅਲਮਾਰੀ ਵਿੱਚੋਂ ਇੱਕ ਸੁਰੂਕੁਪਈ ਪੈਕੇਟ ਕੱਢਦੀ ਹਨ, ਜਿਸ ਵਿੱਚ 6 ਗ੍ਰਾਮ ਹਲਦੀ ਫੇਸ ਪੈਕ ਦੇ 12 ਪੇਪਰ ਪੈਕਟ ਹਨ। ''ਗਾਹਕ ਇਸ ਪੂਰੇ ਸੇਟ ਨੂੰ 120 ਰੁਪਏ ਵਿੱਚ ਖਰੀਦ ਸਕਦੇ ਹਨ ਜਾਂ ਫਿਰ ਦਸ ਰੁਪਏ ਵਿੱਚ ਇੱਕ ਪੈਕਟ ਲਿਜਾ ਸਕਦੇ ਹੋ।'' ਵੱਡੀ ਗੁਥਲੀ ਮੋਟੇ ਸੂਤੀ ਕੱਪੜੇ ਦੀ ਬਣੀ ਹੁੰਦੀ ਹੈ। ਇਹ ਪੈਕਟ ਬਾਇਓਗ੍ਰੇਡੇਬਲ ਹਨ। ਇਹ ਕਾਗ਼ਜ਼ ਤੋਂ ਬਣੇ ਹੋਏ ਪੈਕਟ ਹਨ, ਜਿਹਦੀ ਨਮੀ ਦੇ ਪੱਧਰ ਨੂੰ ਕਾਬੂ ਰੱਖਣ ਦੇ ਲਈ ਪਲਾਸਟਿਕ ਦੀ ਬੜੀ ਮਹੀਨ ਪਰਤ ਲਾਈ ਗਈ ਹੈ।

ਇਨ੍ਹਾਂ ਨੂੰ ਬਣਾਉਣ ਦਾ ਸਾਰਾ ਕੰਮ ਤੀਰੂ ਮੂਰਤੀ ਨੇ ਕੀਤਾ ਹੈ। ਇਹਦੇ ਉੱਪਰ ਲੱਗਿਆ ਸਫ਼ੈਦ ਰੰਗ ਦਾ ਲੇਬਲ ਅਕਸ਼ਯਾ ਨੇ ਤਿਆਰ ਕੀਤਾ ਹੈ। ਉਹ ਇਹਦੀ ਖ਼ੂਬੀ ਗਿਣਾਉਂਦੇ ਵੇਲ਼ੇ ਦੱਸਦੀ ਹਨ,''ਇਹ ਕੂੜੇ ਦੀ ਸਮੱਸਿਆ ਨੂੰ ਘੱਟ ਕਰਦਾ ਹੈ, ਨਮੀ ਨੂੰ ਕਾਬੂ ਵਿੱਚ ਰੱਖਦਾ ਹੈ। ਸਿਰਫ਼ 10 ਰੁਪਏ ਵਿੱਚ ਗਾਹਕ ਇਹਦੀ ਵਰਤੋਂ ਕਰ ਸਕਦਾ ਹੈ।'' ਉਹ ਲਗਾਤਾਰ ਬੋਲਦੀ ਜਾਂਦੀ ਹਨ। ''ਮੇਰੇ ਕੋਲ਼ ਹਮੇਸ਼ਾ ਇੰਨੀ ਊਰਜਾ ਹੁੰਦੀ ਹੈ,'' ਕਹਿ ਕੇ ਉਹ ਹੱਸ ਪੈਂਦੀ ਹਨ।

ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦਾ ਸਹਿਯੋਗ ਵੀ ਮਿਲ਼ ਰਿਹਾ ਹੈ। ਉਨ੍ਹਾਂ ਦੀ ਹੋਮ ਅਪਲਾਇੰਸ ਦੀ ਦੁਕਾਨ (ਉਨ੍ਹਾਂ ਦੇ ਕੋਲ਼ ਦੋ ਸਟੋਰ ਹਨ) ਉਹ ਸਭ ਤੋਂ ਪਹਿਲੀ ਥਾਂ ਸੀ, ਜਿੱਥੇ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਸ਼ੁਰੂ ਹੋਈ ਅਤੇ ਉਹ ਉਨ੍ਹਾਂ ਦੇ ਫ਼ੈਸਲਿਆਂ ਅਤੇ ਉਨ੍ਹਾਂ ਦੇ ਕੈਰੀਅਰ ਦੀ ਚੋਣ ਦਾ ਆਦਰ ਕਰਦੇ ਹਨ। ਜਦੋਂ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਰਹੀ ਸਨ ਤਦ ਵੀ ਘਰਵਾਲ਼ਿਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ।

“I always have energy,” she says, laughing
PHOTO • M. Palani Kumar

'ਮੇਰੇ ਕੋਲ਼ ਹਮੇਸ਼ਾ ਇੰਨੀ ਊਰਜਾ ਹੁੰਦੀ ਹੈ,' ਕਹਿ ਕੇ ਉਹ ਹੱਸ ਪੈਂਦੀ ਹਨ।

ਕੁਝ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਕੁਲਦੇਵਤਾ ਦੇ ਸਾਹਮਣੇ ਆਪਣਾ ਸਿਰ ਮੁੰਨਵਾਇਆ ਤਾਂ ਲੋਕਾਂ ਨੇ ਬੜੀ ਨੁਕਤਾਚੀਨੀ ਕੀਤੀ। ਪਰ ਉਨ੍ਹਾਂ ਦੇ ਮਾਪਿਆਂ ਨੇ ਆਪਣੀ ਧੀ ਦਾ ਸਾਥ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਧੀ ਹਰ ਤਰ੍ਹਾਂ ਨਾਲ਼ ਸੋਹਣੀ ਹੀ ਲੱਗਦੀ ਹੈ। ਅਕਸ਼ਯਾ ਦੱਸਦੀ ਹਨ,''ਮੈਂ ਇੰਝ ਇਸਲਈ ਕੀਤਾ ਕਿਉਂਕਿ ਮੈਂ ਲਗਾਤਾਰ ਬੀਮਾਰ ਪੈ ਰਹੀ ਸੀ। ਮੈਂ ਚਾਹੁੰਦੀ ਸਾਂ ਕਿ ਮੈਂ ਆਪਣੇ ਵਾਲ਼ ਕੈਂਸਰ ਪੀੜ੍ਹਤਾਂ ਨੂੰ ਦਾਨ ਕਰਾਂ, ਪਰ ਉਦੋਂ ਮੈਂ ਇੰਝ ਕਰ ਨਾ ਸਕੀ। ਆਪਣਾ ਸਿਰ ਮੁੰਨਵਾਉਣ ਤੋਂ ਬਾਅਦ ਮੇਰੇ ਅੰਦਰ ਆਤਮ-ਵਿਸ਼ਵਾਸ ਆ ਗਿਆ। ਮੈਨੂੰ ਇਹ ਸਮਝ ਆ ਗਿਆ ਕਿ ਮੇਰੀ ਪਛਾਣ ਮੇਰੇ ਵਾਲ਼਼ਾਂ ਨਾਲ਼ ਜੁੜੀ ਨਹੀਂ ਹੋਈ ਅਤੇ ਮੈਂ ਖ਼ੁਸ਼ ਹਾਂ ਕਿ ਮੇਰੇ ਮਾਪੇ ਮੈਨੂੰ ਹਰ ਹਾਲ ਵਿੱਚ ਪਿਆਰ ਹੀ ਕਰਦੇ ਹਨ।''

ਅਤੇ ਉਹ ਉਨ੍ਹਾਂ ਦੇ ਸੁਪਨਿਆਂ ਦੇ ਨਾਲ਼ ਖੜ੍ਹੇ ਹਨ। ਗ੍ਰੈਜੁਏਸ਼ਨ ਵਿੱਚ ਉਨ੍ਹਾਂ ਦੇ ਨਾਲ਼ ਪੜ੍ਹਨ ਵਾਲ਼ੀਆਂ ਕੁੱਲ 60 ਕੁ ਕੁੜੀਆਂ ਦਾ ਤਾਂ ਵਿਆਹ ਹੋ ਗਿਆ ਹੈ। ''ਤਾਲਾਬੰਦੀ ਦੇ ਕਾਰਨ ਉਨ੍ਹਾਂ ਨੇ ਕੁੜੀਆਂ ਦਾ ਵਿਆਹ ਕਰ ਦਿੱਤਾ। ਉਨ੍ਹਾਂ ਵਿੱਚੋਂ ਕੁਝ ਕੁ ਤਾਂ ਨੌਕਰੀਆਂ ਕਰਦੀਆਂ ਹਨ। ਪਰ ਕਿਸੇ ਨੇ ਵੀ ਆਪਣਾ ਕਾਰੋਬਾਰ ਸ਼ੁਰੂ ਨਹੀਂ ਕੀਤਾ।''

ਊਸ਼ਾ ਦੇਵੀ ਵੇਂਕਟਚਲਮ ਦਾ ਮੰਨਣਾ ਹੈ ਕਿ ਅਕਸ਼ਯਾ ਦੀ ਸਫ਼ਲਤਾ ਇਸ ਤਸਵੀਰ ਨੂੰ ਪਲਟ ਸਕਦੀ ਹੈ। ਉਹ ਕਹਿੰਦੀ ਹਨ,''ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਇਲਾਕੇ ਵਿੱਚ ਪੈਦਾ ਹੋਈ ਇੱਕ ਨੌਜਵਾਨ ਕੁੜੀ, ਜਿਹਦੀ ਮਹੱਤਵਕਾਂਖਿਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਦੀ ਹੈ, ਸਥਾਨਕ ਪੱਧਰ 'ਤੇ ਇੱਕ ਰਸਾਇਣੀਕਰਨ ਇਕਾਈ ਸਥਾਪਤ ਕਰਨ ਦੀ ਦਿਸ਼ਾ ਵਿੱਚ ਪੁਲਾਂਘਾ ਭਰ ਰਹੀ ਹੈ, ਇਹੀ ਆਪਣੇ ਆਪ ਵਿੱਚ ਸਭ ਤੋਂ ਜ਼ਿਆਦਾ ਪ੍ਰੇਰਣਾਦਾਇਕ ਗੱਲ ਹੈ ਅਤੇ ਇਸਨਾਲ਼ ਹੋਰ ਲੋਕ, ਖ਼ਾਸ ਕਰਕੇ ਉਨ੍ਹਾਂ ਦੇ ਸਾਥੀ ਕੁਝ ਸਿੱਖਣਗੇ।''

ਅਕਸ਼ਯਾ ਅੱਗੇ ਜਾ ਕੇ ਐੱਮਬੀਏ ਕਰਨਾ ਚਾਹੁੰਦੀ ਹਨ। ''ਕੋਈ ਲੋਕ ਪਹਿਲਾਂ ਐੱਮਬੀਏ ਕਰਕੇ ਫਿਰ ਆਪਣਾ ਕੰਮ ਸ਼ੁਰੂ ਕਰਦੇਕ ਹਨ। ਪਰ ਮੇਰੇ ਮਾਮਲੇ ਵਿੱਚ ਇਹ ਉਲਟਾ ਹੈ।'' ਅਤੇ ਉਨ੍ਹਾਂ ਲੱਗਦਾ ਹੈ ਕਿ ਇੰਝ ਕਰਨਾ ਉਨ੍ਹਾਂ ਲਈ ਚੰਗਾ ਰਹੇਗਾ। ਉਹ ਆਪਣੇ ਗ੍ਰਹਿਨਗਰ ਵਿੱਚ ਰਹਿ ਕੇ ਆਪਣੇ ਬ੍ਰਾਂਡ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੁੰਦੀ ਹਨ। ਉਨ੍ਹਾਂ ਦੀ ਆਪਣੀ ਇੱਕ ਵੈੱਬਸਾਈਟ ਹੈ, ਇੰਸਟਾਗ੍ਰਾਮ ਅਤੇ ਲਿੰਕਡਿਨ 'ਤੇ ਅਕਾਊਂਟ ਹੈ। ਇਨ੍ਹਾਂ ਪਲੇਟਫ਼ਾਰਮ 'ਤੇ ਉਹ ਹੈਸ਼ਟੈਗ (#ਟਰਮਰਿਕਚਾਯ ਜਿਵੇਂ ਹੋਰ ਹੈਸ਼ਟੈਗ) ਲਾ ਕੇ ਆਪਣੀ ਰੈਸਿਪੀ ਪੋਸਟ ਕਰਦੀ ਹਨ ਅਤੇ ਐੱਫ਼ਪੀਓ ਅਤੇ ਨਿਰਯਾਤਕਾਂ ਨਾਲ਼ ਜੁੜਨਾ ਚਾਹੁੰਦੀ ਹਨ। ਉਨ੍ਹਾਂ ਦਾ ਕਹਿਣਾ ਹੈ,''ਕਿਸਾਨ ਆਪਣਾ ਸਾਰਾ ਧਿਆਨ ਖੇਤਾਂ 'ਤੇ ਲਾਈ ਰੱਖ ਸਕਦੇ ਹਨ ਅਤੇ ਮੇਰੇ ਜਿਹੇ ਲੋਕ ਉਨ੍ਹਾਂ ਦੇ ਖੇਤੀ ਉਤਪਾਦਾਂ ਨੂੰ ਖਰੀਦਣ ਲਈ ਅੱਗੇ ਆ ਸਕਦੇ ਹਨ।'' ਇਸ ਤਰ੍ਹਾਂ ਨਾਲ਼ ਖੇਤ, ਬਜ਼ਾਰ ਅਤੇ ਘਰ ਵਿਚਕਾਰ ਦੀ ਦੂਰੀ ਨੂੰ ਪ੍ਰਭਾਵੀ ਢੰਗ ਨਾਲ਼ ਘਟਾਇਆ ਜਾ ਸਕਦਾ ਹੈ।

''ਅੱਜਕੱਲ੍ਹ, ਸਾਰਾ ਕੁਝ ਤੁਹਾਡੀ ਕਹਾਣੀ 'ਤੇ ਨਿਰਭਰ ਕਰਦਾ ਹੈ। ਜੇ ਗਾਹਕ ਮੇਰੇ ਪੈਕੇਜ ਨੂੰ ਆਪਣੇ ਘਰੇ ਰੱਖਦੇ ਹਨ ਅਤੇ ਉਸ ਗੁਥਲੀ ਅੰਦਰ ਆਪਣੀ ਬੱਚਤ ਦੇ ਪੈਸੇ ਜਮ੍ਹਾ ਕਰਦੇ ਹਨ ਤਾਂ ਸਾਡਾ ਬ੍ਰੈਂਡ ਲਗਾਤਾਰ ਉਨ੍ਹਾਂ ਦੇ ਧਿਆਨ ਵਿੱਚ ਬਣਿਆ ਰਹੇਗਾ।'' ਇਹਦਾ ਨਤੀਜਾ ਇਹ ਨਿਕਲ਼ੇਗਾ ਕਿ ਸਾਡੇ ਤਮਿਲਨਾਡੂ ਦੀ ਹਲਦੀ ਦੂਰ ਦੂਰ ਤੱਕ ਫ਼ੈਲ ਜਾਵੇਗੀ... ਆਪਣੀ ਮਹਿਕ ਅਤੇ ਸੁਆਦ ਨੂੰ ਫ਼ੈਲਾਉਂਦੀ ਜਾਵੇਗੀ...

ਇਸ ਖ਼ੋਜ ਅਧਿਐਨ ਨੂੰ ਬੰਗਲੁਰੂ ਦੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਰਿਸਰਚ  ਫ਼ੰਡਿੰਗ ਪ੍ਰੋਗਰਾਮ 2020 ਦੇ ਤਹਿਤ ਗ੍ਰਾਂਟ ਹਾਸਲ ਹੋਈ ਹੈ।

ਕਵਰ ਫ਼ੋਟੋ : ਐੱਮ. ਪਾਲਨੀ ਕੁਮਾਰ

ਤਰਜਮਾ: ਕਮਲਜੀਤ ਕੌਰ

Aparna Karthikeyan
aparna.m.karthikeyan@gmail.com

Aparna Karthikeyan is an independent journalist, author and Senior Fellow, PARI. Her non-fiction book 'Nine Rupees an Hour' documents the disappearing livelihoods of Tamil Nadu. She has written five books for children. Aparna lives in Chennai with her family and dogs.

Other stories by Aparna Karthikeyan
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur