''ਅਸੀਂ ਜਿੰਨਾ ਵੀ ਖ਼ਰੀਦੀ ਜਾਈਏ ਓਨਾ ਹੀ ਕਰਜ਼ੇ ਹੇਠ ਦੱਬਦੇ ਚਲੇ ਜਾਈਦਾ,'' ਕੁਨਾਰੀ ਸਬਰੀ ਕਹਿੰਦੀ ਹਨ ਜੋ 40 ਸਾਲਾ ਕਿਸਾਨ ਹਨ ਅਤੇ ਸਵਾਰਾ ਆਦਿਵਾਸੀ ਭਾਈਚਾਰੇ ਦੀ ਬਹੁਤਾਤ ਵਾਲ਼ੇ ਆਪਣੇ ਪਿੰਡ ਖੈਰਾ ਵਿਖੇ ਸਾਡੇ ਨਾਲ਼ ਗੱਲ ਕਰ ਰਹੀ ਹਨ।

'' ਗੋਬਰਖਤਚਾਸ, ਹਲਾਚਾਸ (ਗਾਂ ਦੇ ਗੋਹੇ ਅਤੇ ਹਲ਼ ਨਾਲ਼ ਖੇਤੀ) ਜੋ ਸਾਡੀ ਆਪਣੀ ਹੁੰਦੀ ਸੀ ਹੁਣ ਹੱਥੋਂ ਖੁੱਸਦੀ ਜਾ ਰਹੀ ਹੈ। ਹੁਣ ਅਸੀਂ ਹਰ ਚੀਜ਼ ਵਾਸਤੇ ਬਜ਼ਾਰ ਵੱਲ ਭੱਜਦੇ ਹਾਂ। ਬੀਜ, ਕੀਟਨਾਸ਼ਕ, ਖਾਦ ਆਦਿ। ਪਹਿਲਾਂ ਦੇ ਉਲਟ ਹੁਣ ਅਸੀਂ ਜੋ ਕੁਝ ਵੀ ਖਾਂਦੇ ਹਾਂ, ਖ਼ਰੀਦ ਕੇ ਖਾਣਾ ਪੈਂਦਾ ਹੈ।''

ਕੁਨਾਰੀ ਦਾ ਇਹ ਕਥਨ ਓੜੀਸਾ ਦੇ ਰਾਇਗੜਾ ਜ਼ਿਲ੍ਹੇ ਦੇ ਵਾਤਾਵਰਣਕ ਰੂਪ ਨਾਲ਼ ਸੰਵੇਦਨਸ਼ੀਲ ਇਲਾਕੇ ਵਿੱਚ ਜੜ੍ਹਾਂ ਜਮਾ ਰਹੀ ਕਪਾਹ ਦੀ ਖੇਤੀ 'ਤੇ ਨਿਰਭਰਤਾ ਨੂੰ ਦਰਸਾਉਂਦਾ ਹੈ, ਜਿਹਦਾ ਡੂੰਘਾ ਅਸਰ ਇੱਥੋਂ ਦੀ ਜੀਵ ਵਿਭਿੰਨਤਾ ਦੇ ਖ਼ੁਸ਼ਹਾਲ ਭੰਡਾਰ, ਕਿਸਾਨਾਂ ਦੇ ਸੰਕਟ ਅਤੇ ਖਾਦ ਸੁਰੱਖਿਆ 'ਤੇ ਪੈ ਰਿਹਾ ਹੈ (ਦੇਖੋ ਓੜੀਸਾ : ਜਲਵਾਯੂ ਸੰਕਟ ਦੇ ਪੁੰਗਰਦੇ ਬੀਜ ) ਅਸੀਂ ਜਦੋਂ ਰਾਇਗੜਾ ਦੇ ਗੁਣੁਪੁਰ ਬਲਾਕ ਦੇ ਮੈਦਾਨੀ ਇਲਾਕੇ ਤੋਂ ਦੱਖਣ-ਪੂਰਬੀ ਦਿਸ਼ਾ ਵਿੱਚ ਪਹੁੰਚੇ, ਜਿੱਥੇ ਕਪਾਹ ਸਭ ਤੋਂ ਪਹਿਲਾਂ ਪਹੁੰਚੀ ਸੀ ਤਾਂ ਇਹ ਸਪੱਸ਼ਟ ਰੂਪ ਨਾਲ਼ ਦਿਖਾਈ ਦੇ ਰਿਹਾ ਸੀ। ਆਂਧਰਾ ਪ੍ਰਦੇਸ਼ ਦੀ ਸੀਮਾ 'ਤੇ ਸਥਿਤ ਇਸ ਇਲਾਕੇ ਵਿੱਚ, ਜਿੱਥੋਂ ਤੱਕ ਨਜ਼ਰ ਘੁਮਾਈਏ ਸਿਰਫ਼ ਕਪਾਹ ਹੀ ਕਪਾਹ ਦੇ ਖੇਤ ਨਜ਼ਰ ਆਉਂਦੇ। ਇਸ ਤੋਂ ਇਲਾਵਾ, ਇੱਥੋਂ ਦਾ ਡੂੰਘੇਰਾ ਹੁੰਦਾ ਸੰਕਟ ਵੀ ਸਾਫ਼ ਝਲਕ ਰਿਹਾ ਸੀ।

ਖੈਰਾ ਦੇ ਕਈ ਲੋਕਾਂ ਨੇ ਸਾਨੂੰ ਦੱਸਿਆ,''ਅਸੀਂ 10-12 ਸਾਲ ਪਹਿਲਾਂ ਕਪਾਹ ਦੀ ਖੇਤੀ ਸ਼ੁਰੂ ਕੀਤੀ ਸੀ। ਅਸੀਂ ਹੁਣ ਇੰਝ ਇਸਲਈ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ਼ ਕੋਈ ਦੂਸਰਾ ਵਿਕਲਪ ਨਹੀਂ ਹੈ।'' ਇਸ ਇਲਾਕੇ ਦੇ ਕਾਫ਼ੀ ਸਾਰੇ ਕਿਸਾਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਭਾਰੀ ਲਾਗਤ ਵਾਲ਼ੀ ਕਪਾਹ ਦਾ ਰਾਹ ਫੜ੍ਹਿਆ ਤਾਂ ਉਹ ਹੌਲ਼ੀ-ਹੌਲ਼ੀ ਆਪਣੇ ਬੀਜ ਅਤੇ ਬਹੁ-ਖੇਤੀ ਦੇ ਰਵਾਇਤੀ ਤਰੀਕੇ ਭੁੱਲਦੇ ਚਲੇ ਗਏ।

ਸਵਰਾ ਦੇ ਇੱਕ ਨੌਜਵਾਨ ਕਾਸ਼ਤਕਾਰ, ਖੇਤਰ ਸਬਾਰਾ ਨੇ ਕਿਹਾ,''ਸਾਡੇ ਕੋਲ਼ ਖ਼ੁਦ ਦੀਆਂ ਫ਼ਸਲਾਂ ਅਤੇ ਆਪਣੀ ਖੇਤੀ ਸੀ। ਆਂਧਰਾ ਵਾਲ਼ਿਆਂ ਨੇ ਆ ਕੇ ਸਾਨੂੰ ਕਪਾਹ ਉਗਾਉਣ ਲਈ ਕਿਹਾ ਅਤੇ ਸਾਨੂੰ ਸਾਰਾ ਕੁਝ ਸਿਖਾਇਆ।'' ਇੱਥੋਂ ਦੇ ਇੱਕ ਹੋਰ ਕਿਸਾਨ, ਸੰਤੋਸ਼ ਕੁਮਾਰ ਦੰਡਸੇਨਾ ਨੇ ਆਪਣੀ ਗੱਲ਼ ਜੋੜਦਿਆਂ ਕਿਹਾ ਕਿ ਲਾਭ ਕਮਾਉਣ ਦੀ ਸੰਭਾਵਨਾ ਨੇ ਪਿੰਡ ਦੇ ਲੋਕਾਂ ਨੂੰ ਕੱਪਾ ਜਾਂ ਕਪਾਹ ਵੱਲ ਖਿੱਚ ਪਾਈ। ਉਹ ਕਹਿੰਦੇ ਹਨ,''ਸ਼ੁਰੂਆਤ ਵਿੱਚ ਇਹਨੇ ਸਾਨੂੰ ਖ਼ੁਸ਼ ਕੀਤਾ ਅਸੀਂ ਪੈਸੇ ਵੀ ਕਮਾਏ। ਪਰ ਹੁਣ ਸਿਰਫ਼ ਦੁੱਖ ਹੀ ਦੁੱਖ ਅਤੇ ਨੁਕਸਾਨ ਹੀ ਨੁਕਸਾਨ। ਅਸੀਂ ਬਰਬਾਦ ਹੋ ਚੁੱਕੇ ਹਾਂ ਅਤੇ ਸ਼ਾਹੂਕਾਰ ਹੀ ਖੁ਼ਸ਼ ਹਨ।''

ਜਿਸ ਵੇਲ਼ੇ ਅਸੀਂ ਗੱਲਬਾਤ ਕਰ ਰਹੇ ਹਾਂ, ਗੂੜ੍ਹੇ ਹਰੇ ਰੰਗ ਦੇ ਜੌਨ ਡੀਰੇ ਟਰੈਕਟਰ ਪਿੰਡ ਵਿੱਚ ਇੱਧਰ-ਉੱਧਰ ਘੁੰਮਦੇ ਜਾ ਰਹੇ ਸਨ। ਸਥਾਨਕ ਮੰਦਰ ਦੀਆਂ ਕੰਧਾਂ 'ਤੇ ਬੀਜ ਕੰਪਨੀ ਦੇ ਪੋਸਟਰ ਚਿਪਕੇ ਪਏ ਸਨ ਜਿਨ੍ਹਾਂ 'ਤੇ ਓੜੀਆ ਵਿੱਚ ਬੀਟੀ ਕਾਟਨ ਦਾ ਪ੍ਰਚਾਰ ਸੀ। ਉਸ ਫ਼ਸਲ ਲਈ ਵਾਹੀ ਅਤੇ ਬੀਜਾਈ ਦੇ ਉਪਕਰਣ ਪਿੰਡ ਦੀ ਸੱਥ ਵਿੱਚ ਇੱਧਰ ਓਧਰ ਪਏ ਹੋਏ ਸਨ।

PHOTO • Chitrangada Choudhury

ਉਤਾਂਹ ਖੱਬੇ : ਗੁਣੁਪੁਰ ਬਲਾਕ ਵਿੱਚ, ਜੀਐੱਮ ਕਪਾਹ ਦੇ ਇਕਹਿਰੇ (ਮੋਨੋਕਲਚਰ) ਖੇਤ ਦੁਮੇਲ ਤੱਕ ਫ਼ੈਲੇ ਹੋਏ। ਉਤਾਂਹ ਸੱਜੇ : ਖੈਰਾ ਪਿੰਡ ਵਿੱਚ, ਕਿਸਾਨਾਂ ਦਾ ਕਹਿਣਾ ਹੈ ਕਿ 10-15 ਸਾਲ ਪਹਿਲਾੰ ਕਪਾਹ ਦੀ ਖੇਤੀ ਸ਼ੁਰੂ ਕਰਨ ਤੋਂ ਬਾਅਦ ਤੋਂ ਹੀ ਉਹ ਕਰਜ਼ੇ ਦੇ ਭਾਰ ਹੇਠ ਹਨ ਅਤੇ ਜਦੋਂ ਤੱਕ ਉਹ ਕਪਾਹ ਨਹੀਂ ਬੀਜਦੇ, ਉਦੋਂ ਤੱਕ ਸ਼ਾਹੂਕਾਰਾਂ ਦਾ ਨਵਾਂ ਕਰਜ਼ਾ ਨਹੀਂ ਲਾਹ ਸਕਦੇ। ਹੇਠਾਂ ਦੀ ਕਤਾਰ : ਓੜੀਆ ਭਾਸ਼ਾ ਵਿੱਚ ਕਪਾਹ ਦੇ ਬੀਜਾਂ ਦੇ ਇਸ਼ਤਿਹਾਰ ਰੁੱਖਾਂ ਨਾਲ਼ ਲਮਕਦੇ ਹੋਏ ਅਤੇ ਪਿੰਡ ਦੇ ਮੰਦਰ ਦੀਆਂ ਕੰਧਾਂ ' ਤੇ ਕਪਾਹ ਦੀ ਬੀਜਾਂ ਦੇ ਪ੍ਰਚਾਰ ਵਾਲ਼ੇ ਪੋਸਟਰ ਚਿਪਕੇ ਹੋਏ

ਇਸ ਇਲਾਕੇ ਵਿੱਚ ਕੰਮ ਕਰ ਰਹੇ ਸੰਰਖਣਵਾਦੀ , ਦੇਬਲ ਦੇਬ ਦੱਸਦੇ ਹਨ ਕਿ ਬੀਜ ਅਤੇ ਇਨਪੁਟ ਲਾਗਤ ਵਿੱਚ ਵਾਧਾ ਹੋ ਰਿਹਾ ਹੈ ਜਦੋਂਕਿ ਉਪਜ ਦੀ ਵਿਕਰੀ ਦੇ ਮੁੱਲ ਵਿੱਚ ਡਾਵਾਂਡੋਲਤਾ ਰਹਿੰਦੀ ਹੈ ਅਤੇ ਆੜ੍ਹਤੀਏ ਮਲਾਈ ਚੱਟ ਜਾਂਦੇ ਹਨ। ਰਾਇਗੜਾ ਵਿਖੇ , ਕਈ ਕਿਸਾਨਾਂ ਨੂੰ (ਉਨ੍ਹਾਂ ਦੀ ਉਪਜ ਵਾਸਤੇ) ਬਜ਼ਾਰ ਮੁੱਲ ਨਾਲ਼ੋਂ 20 ਫ਼ੀਸਦ ਘੱਟ ਕੀਮਤ ਮਿਲ਼ਦੀ ਹੈ।''

ਵੱਧਦੇ ਘਾਟੇ ਦੇ ਬਾਵਜੂਦ ਕਪਾਹ ਉਗਾਉਣ ਦੀ ਹੀ ਅੜੀ ਕਿਉਂ? ਇਸ ਸਵਾਲ ਦੇ ਜਵਾਬ ਵਿੱਚ ਸਬਾਰਾ ਨੇ ਕਿਹਾ,''ਅਸੀਂ ਸ਼ਾਹੂਕਾਰ ਦੇ ਕਰਜ਼ੇ ਦੀ ਜਿਲ੍ਹਣ ਵਿੱਚ ਫਸੇ ਹਾਂ। ਜੇ ਅਸੀਂ ਕਪਾਹ ਨਹੀਂ ਬੀਜਦੇ ਤਾਂ ਉਹ ਸਾਨੂੰ ਕਰਜ਼ਾ ਨਹੀਂ ਦਵੇਗਾ।'' ਦੰਡਸੇਨਾ ਨੇ ਕਿਹਾ,''ਫ਼ਰਜ਼ ਕਰੋ, ਜੇ ਅਸੀਂ ਚੌਲ਼ ਉਗਾਉਂਦੇ ਹਾਂ ਤਾਂ ਸਾਨੂੰ ਕੋਈ ਕਰਜ਼ਾ ਨਹੀਂ ਮਿਲ਼ੇਗਾ। ਕਰਜ਼ਾ ਸਿਰਫ਼ ਕਪਾਹ 'ਤੇ ਹੀ ਮਿਲ਼਼ਦਾ ਹੈ।''

ਦੇਬ ਦੇ ਸਹਿਕਰਮੀ, ਦੇਬਦੁਲਾਲ ਭੱਟਾਚਾਰੀਆ ਸਾਨੂੰ ਦੱਸਦੇ ਹਨ,''ਕਿਸਾਨ ਇਸ ਫ਼ਸਲ ਨੂੰ ਉਗਾ ਤਾਂ ਰਹੇ ਹਨ ਪਰ ਇਹਨੂੰ ਸਮਝ ਨਹੀਂ ਰਹੇ। ਉਹ ਹਰ ਪੈਰ ਪੈਰ 'ਤੇ ਪੂਰੀ ਤਰ੍ਹਾਂ ਨਾਲ਼ ਬਜ਼ਾਰ 'ਤੇ ਨਿਰਭਰ ਹੋ ਕੇ ਰਹਿ ਗਏ ਹਨ...ਬੀਜਾਈ ਤੋਂ ਲੈ ਕੇ ਫ਼ਸਲ ਦੀ ਵਾਢੀ ਤੱਕ ਵੀ ਉਹ ਆਪਣੇ ਫ਼ੈਸਲੇ ਆਪ ਨਹੀਂ ਲੈ ਸਕਦੇ... ਹਾਲਾਂਕਿ ਕਿ ਜ਼ਮੀਨ ਉਨ੍ਹਾਂ ਦੀ ਆਪਣੀ ਹੈ। ਕੀ ਅਸੀਂ ਉਨ੍ਹਾਂ ਨੂੰ ਕਿਸਾਨ ਕਹੀਏ ਜਾਂ ਆਪਣੇ ਹੀ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰ?''

ਦੇਬ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਕਪਾਹ ਦੇ ਫ਼ੈਲਣ ਦਾ ਸ਼ਾਇਦ ਸਭ ਤੋਂ ਵੱਧ ਤਬਾਹਕੁੰਨ ਪ੍ਰਭਾਵ ਹੈ ਸਥਾਨਕ ਜੀਵ-ਵਿਭਿੰਨਤਾ ਦਾ ਖੁਰਨਾ ਅਤੇ ਇਹਦੇ ਨਾਲ਼ ਵਾਤਾਵਰਣਕ ਰੂਪ ਨਾਲ਼ ਖ਼ੁਸ਼ਹਾਲ ਇਸ ਦ੍ਰਿਸ਼ ਵਿੱਚ ਕੰਮ ਕਰਨ ਅਤੇ ਜੀਵਨ ਬਤੀਤ ਕਰਨ ਵਾਲ਼ੇ ਭਾਈਚਾਰਿਆਂ ਦੇ ਗਿਆਨ ਦਾ ਖੁੰਡਾ ਹੁੰਦੇ ਜਾਣਾ। ਇਹ ਦੋਵੇਂ ਹੀ ਚੀਜ਼ਾਂ ਜਲਵਾਯੂ ਦੇ ਉਤਰਾਅ-ਚੜ੍ਹਾਅ ਨੂੰ ਝੱਲਣ ਵਾਲ਼ੀ ਇੱਥੋਂ ਦੀ ਖੇਤੀ ਦੇ ਲਈ ਅਹਿਮ ਹਨ, ਜਿਹਦੇ ਅੰਦਰ ਮੌਸਮ ਦੀਆਂ ਵੱਧਦੀਆਂ ਜਾਂਦੀਆਂ ਅਨਿਸ਼ਚਿਤਾਵਾਂ ਅਤੇ ਮੌਸਮ ਦੀ ਅਤਿ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ।

''ਜਲਵਾਯੂ ਤਬਦੀਲੀ,'' ਦੇਬ ਕਹਿੰਦੇ ਹਨ ਕਿ ''ਸਥਾਨਕ ਮੌਸਮ ਦੀਆਂ ਅਨਿਸ਼ਚਿਤਤਾਵਾਂ ਨੂੰ ਜਨਮ ਦੇ ਰਹੀ ਹੈ। ਓੜੀਸਾ ਦੇ ਕਿਸਾਨ ਸੋਕੇ ਦੇ ਲੰਬੇ ਦਿਨ, ਬੇਮੌਸਮੀ ਮੀਂਹ ਦੀ ਬਹੁਲਤਾ ਅਤੇ ਲਗਾਤਾ ਸੋਕੇ ਨੂੰ ਪਹਿਲਾਂ ਤੋਂ ਹੀ ਝੱਲ ਰਹੇ ਹਨ।'' ਕਪਾਹ ਦੇ ਨਾਲ਼-ਨਾਲ਼ ਚੌਲ਼ ਅਤੇ ਸਬਜ਼ੀਆਂ ਦੀਆਂ ਆਧੁਨਿਕ ਕਿਸਮਾਂ, ਜੋ ਰਵਾਇਤੀ ਕਿਸਮਾਂ ਦੀ ਥਾਂ ਲੈ ਰਹੀਆਂ ਹਨ,''ਸਥਾਨਕ ਵਾਤਾਵਰਣਕ ਹਾਲਾਤਾਂ ਵਿੱਚ ਅਚਾਨਕ ਤਬਦੀਲੀ ਨੂੰ ਸਹਿਜ ਰੂਪ ਵਿੱਚ ਝੱਲਣ ਵਿੱਚ ਅਸਮਰੱਥ ਹਨ। ਇਹਦਾ ਮਤਲਬ ਹੋਇਆ ਕਿ ਫ਼ਸਲ ਦੇ ਜਿਊਂਦੇ ਬਚਣ, ਪਰਾਗਨ, ਝਾੜ ਅਤੇ ਸਭ ਤੋਂ ਅਖ਼ੀਰ 'ਤੇ ਅਨਾਜ ਸੁਰੱਖਿਆ ਦੀ ਗੰਭੀਰ ਬੇਯਕੀਨੀ ਦਾ ਹੋਣਾ।''

ਇਸ ਇਲਾਕੇ ਵਿੱਚ ਵਰਖਾ ਦੇ ਅੰਕੜੇ ਅਤੇ ਕਿਸਾਨਾਂ ਦੇ ਬਿਆਨ, ਸਾਰਾ ਕੁਝ ਤੇਜ਼ੀ ਨਾਲ਼ ਅਣਕਿਆਸੇ ਹੁੰਦੇ ਜਾ ਰਹੇ ਮੌਸਮ ਵੱਲ ਹੀ ਇਸ਼ਾਰਾ ਕਰਦੇ ਹਨ। ਜ਼ਿਲ੍ਹੇ ਵਿੱਚ 2014-18 ਦੇ ਵਕਫ਼ੇ ਵਿੱਚ ਔਸਤ ਸਲਾਨਾ ਮੀਂਹ 1,385 ਮਿਮੀ ਸੀ। ਇਹ 1996-2000 ਦੇ ਪੰਜ ਸਾਲਾਂ ਦੌਰਾਨ 1.034 ਮਿਮੀ ਮੀਂਹ ਨਾਲ਼ੋਂ 34 ਫ਼ੀਸਦ ਵੱਧ ਸੀ (ਭਾਰਤੀ ਮੌਸਮ ਵਿਭਾਗ ਅਤੇ ਕੇਂਦਰੀ ਵਾਤਵਾਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਦੇ ਮੰਤਰਾਲੇ ਦਾ ਅੰਕੜਾ)। ਇਸ ਤੋਂ ਇਲਾਵਾ, ਭਾਰਤੀ ਤਕਨੀਕੀ ਸੰਸਥਾ, ਭੁਵਨੇਸ਼ਵਰ ਨੇ ਖ਼ੋਜਾਰਥੀਆਂ ਦੁਆਰਾ 2019 ਦੇ ਇੱਕ ਅਧਿਐਨ ਮੁਤਾਬਕ,''ਓੜੀਸਾ ਅੰਦਰ ਭਾਰੀ ਤੋਂ ਭਾਰੀ ਮੀਂਹ ਅਤੇ ਖ਼ੁਸ਼ਕ ਦਿਨਾਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋ ਰਿਹਾ ਹੈ, ਜਦੋਂਕਿ ਹਲਕੇ ਤੋਂ ਦਰਮਿਆਨੇ ਮੀਂਹ ਵਾਲ਼ੇ ਦਿਨਾਂ ਅਤੇ ਨਮੀਯੁਕਤ ਦਿਨਾਂ ਦੀ ਗਿਣਤੀ ਘੱਟ ਰਹੀ ਹੈ।''

PHOTO • Chitrangada Choudhury
PHOTO • Chitrangada Choudhury
PHOTO • Chitrangada Choudhury

ਕੁਨੁਜੀ ਕੁਲੁਸਿਕਾ (ਵਿਚਕਾਰ) ਜਿਹੇ ਕਿਸਾਨਾਂ ਨੂੰ ਬੀਟੀ ਕਪਾਹ ਦੇ ਫ਼ੈਲਾਅ ਅਤੇ ਉਸ ਨਾਲ਼ ਜੁੜੇ ਖੇਤੀ ਰਸਾਇਣਾਂ ਦੇ ਸਵਦੇਸ਼ੀ ਬੀਜ਼ ਦੀਆਂ ਕਿਸਮਾਂ (ਖੱਬੇ) ' ਤੇ ਅਸਰ ਅਤੇ ਉਨ੍ਹਾਂ ਦੀ ਮਿੱਟੀ ਅਤੇ ਖੇਤ ' ਤੇ ਨਿਰਭਰ ਹੋਰ ਜੀਵ-ਜੰਤੂਆਂ (ਸੱਜੇ) ' ਤੇ ਅਸਰ ਬਾਰੇ ਚਿੰਤਾ ਰਹਿੰਦੀ ਹੈ

ਗੁਆਂਢੀ ਜ਼ਿਲ੍ਹੇ ਕੋਰਾਪੁਟ ਵਿੱਚ ਸਥਿਤ ਕਿਸਾਨ ਅਤੇ ਕਾਰਕੁੰਨ, ਸ਼ਰਣਯਾ ਨਾਇਕ ਸਾਨੂੰ ਦੱਸਦੀ ਹਨ,''ਪਿਛਲੇ ਤਿੰਨ ਸਾਲਾਂ ਵਿੱਚ... ਮੀਂਹ ਦੇਰੀ ਨਾਲ਼ ਪੈ ਰਿਹਾ ਹੈ। ਮਾਨਸੂਨ ਦੇ ਸ਼ੁਰੂਆਤੀ ਦੌਰ ਵਿੱਚ ਘੱਟ ਮੀਂਹ ਪੈਂਦਾ ਹੈ ਅਤੇ ਅੱਧ ਬਾਅਦ ਵਿਤੋਂਵੱਧ ਮੀਂਹ ਪੈਂਦੇ ਹਨ ਅਤੇ ਫਿਰ ਅਖ਼ੀਰ ਤੱਕ ਤੇਜ਼ ਮੀਂਹ'' ਪੈਣ ਲੱਗਦਾ ਹੈ। ਇਹਦਾ ਮਤਲਬ ਹੈ ਕਿ ਬੀਜਾਈ ਵਿੱਚ ਦੇਰੀ ਦਾ ਹੋਣਾ... ਵਿਤੋਂਵੱਧ ਮੀਂਹ ਦਾ ਮਤਲਬ ਹੈ ਕਿ ਸੀਜਨ ਵਿਚਕਾਰ ਮਹੱਤਵਪੂਰਨ ਸਮੇਂ ਵਿੱਚ ਧੁੱਪ ਨਹੀਂ ਹੁੰਦੀ ਅਤੇ ਅੰਤ ਵਿੱਚ ਭਾਰੀ ਮੀਂਹ ਵਾਢੀ ਦੇ ਸਮੇਂ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਸ ਇਲ਼ਾਕੇ ਵਿੱਚ ਅਨਾਜ ਅਤੇ ਖੇਤੀ 'ਤੇ ਕੰਮ ਕਰਨ ਵਾਲ਼ੇ ਐੱਨਜੀਓ, ਲਿਵਿੰਗ ਫ਼ਾਰਮ ਦੇ ਦੇਬਜੀਤ ਸਾਰੰਗੀ ਸਹਿਮਤੀ ਜਤਾਉਂਦੇ ਹਨ: ''ਇਸ ਇਲਾਕੇ ਵਿੱਚ ਮਾਨਸੂਨ ਦਾ ਮੌਸਮ ਜੂਨ ਦੇ ਅੱਧ ਤੋਂ ਅਕਤੂਬਰ ਤੱਕ ਚੱਲਦਾ ਸੀ। ਪਿਛਲੇ ਕੁਝ ਸਾਲਾਂ ਵਿੱਚ, ਹਾਲਾਂਕਿ, ਇਹ ਅਨਿਸ਼ਚਤ ਹੋ ਗਿਆ ਹੈ।'' ਸਾਰੰਗੀ ਅਤੇ ਨਾਇਕ ਦੋਵਾਂ ਦਾ ਤਰਕ ਹੈ ਕਿ ਓੜੀਸਾ ਦੀ ਬਹੁ-ਫ਼ਸਲੀ ਪ੍ਰਣਾਲੀ, ਜਿਸ ਵਿੱਚ ਦੇਸੀ ਖਾਦ ਫ਼ਸਲਾਂ 'ਤੇ ਜ਼ੋਰ ਦਿੱਤਾ ਜਾਂਦਾ ਹੈ, ਜੋ ਮੌਸਮ ਦੀ ਅਨਿਸ਼ਚਿਤਤਾ ਨਾਲ਼ ਨਜਿੱਠਣ ਵਾਸਤੇ ਕਪਾਹ ਦੇ ਮੁਕਾਬਲੇ ਬਿਹਤਰ ਹਨ। ਸਾਰੰਗੀ ਕਹਿੰਦੇ ਹਨ,''ਇਹ ਸਾਡਾ ਤਜ਼ਰਬਾ ਹੈ ਕਿ ਇੱਕ ਤੋਂ ਵੱਧ ਫ਼ਸਲ ਉਗਾਉਣ ਵਾਲ਼ੇ ਕਿਸਾਨ ਇਸ ਤਰ੍ਹਾਂ ਦੇ ਅਨਿਯਮਤ ਮੌਸਮਾਂ ਦਾ ਸਾਹਮਣਾ ਕਰਨ ਵਿੱਚ ਵੱਧ ਸਮਰੱਤ ਹਨ। ਜੋ ਕਿਸਾਨ ਬੀਟੀ ਕਪਾਹ ਦੀ ਇੱਕੋ ਹੀ ਫ਼ਸਲ ਜ਼ਰੀਏ ਬਜ਼ਾਰ ਨਾਲ਼ ਜੁੜੇ ਹੋਏ ਹਨ, ਉਹ ਟਾਈਮ ਬੰਬ 'ਤੇ ਬੈਠਣ ਸਮਾਨ ਹਨ।''

*****

ਨਵੇਂ ਜੀਐੱਮ ਮੋਨੋਕਲਚਰ ਦੇ ਕਾਰਨ ਕਈ ਕਿਸਾਨ ਮਹਿਸੂਸ ਕਰ ਰਹੇ ਹਨ ਕਿ ਅਨਾਜ ਸੁਰੱਖਿਆ ਅਤੇ ਖੇਤੀ ਦੀ ਖ਼ੁਦਮੁਖਤਿਆਰੀ ਨੂੰ ਖ਼ਤਰਾ ਹੋ ਸਕਦਾ ਹੈ- ਫਿਰ ਵੀ ਉਹ ਨਵੀਂ ਪ੍ਰਥਾਵਾਂ ਨੂੰ ਅਪਣਾ ਰਹੇ ਹਨ। ਪਰ ਕਈ ਹੋਰ ਕਿਸਾਨ, ਖ਼ਾਸ ਕਰਕੇ ਔਰਤਾਂ ਇਸ ਗੱਲ 'ਤੇ ਵੱਧ ਜ਼ੋਰ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਆਪਣੀ ਰਵਾਇਤੀ ਖੇਤੀ ਨੂੰ ਨਹੀਂ ਛੱਡਣਾ ਚਾਹੀਦਾ। ਕੇਰੰਦਿਗੁਡਾ ਪਿੰਡ ਵਿੱਚ, ਨਿਯਮਗਿਰੀ ਦੀ ਪਿੱਠਭੂਮੀ ਦੇ ਉਸ ਪਾਰ, ਸਾਡੀ ਮੁਲਾਕਾਤ ਇੱਕ ਕੋਂਧ ਆਦਿਵਾਸੀ ਔਰਤ, ਕੁਨੁਜੀ ਕੁਲੁਸਿਕਾ ਨਾਲ਼ ਹੋਈ ਜੋ ਆਪਣੇ ਬੇਟੇ, ਸੁਰੇਂਦਰ ਨੂੰ ਇਸ ਸਾਲ ਕਪਾਹ ਉਗਾਉਣ ਤੋਂ ਰੋਕ ਰਹੀ ਸਨ।

ਉਹ ਪਹਾੜੀ ਖੇਤੀ ਵਾਲ਼ੇ ਇੱਕ ਪਹਾੜੀ ਜੋਤ 'ਤੇ ਨੰਗੇ ਪੈਰੀਂ ਸਖ਼ਤ ਮੁਸ਼ੱਕਤ ਨਾਲ਼ ਕੰਮੇ ਲੱਗੀ ਹੋਈ ਸਨ। ਬਿਨਾ ਬਲਾਊਜ ਤੋਂ ਗੋਡਿਆਂ ਤੀਕਰ ਸਾੜੀ ਪਾਈ, ਵਾਲ਼ਾਂ ਨੂੰ ਗੁੱਤ ਵਿੱਚ ਗੁੰਦ ਕੇ ਇੱਕ ਪਾਸੇ ਕੀਤਾ ਹੋਇਆ ਸੀ, ਕੁਨੁਜੀ ਆਦਰਸ਼ ਇੱਕ ਆਦਿਵਾਸੀ ਔਰਤ ਜਾਪ ਰਹੀ ਸਨ, ਜੋ ਸਰਕਾਰੀ, ਨਿਗਮਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਇਸ਼ਤਿਹਾਰਾਂ ਵਿੱਚ ਦੇਖਣ ਨੂੰ ਮਿਲ਼ਦੀ ਹਨ, ਜਿਹਦੀਆਂ ਅੱਖਾਂ ਵਿੱਚ ਉਹਨੂੰ 'ਪਿਛੜੇਪਣ' ਤੋਂ ਉਤਾਂਹ ਚੁੱਕੇ ਜਾਣ ਦਾ ਸੁਪਨਾ ਤੈਰ ਰਿਹਾ ਹੈ। ਫਿਰ ਵੀ ਜਿਵੇਂ ਕਿ ਦੇਬ ਦਾ ਸੁਝਾਅ ਹੈ, ਕੁਨੁਜੀ ਜਿਹੇ ਲੋਕਾਂ ਦੇ ਉੱਨਤ ਗਿਆਨ ਅਤੇ ਕੌਸ਼ਲ ਦਾ ਖ਼ੋਰਨ ਜਲਵਾਯੂ ਤਬਦੀਲੀ ਨਾਲ ਜੂਝ ਰਹੀ ਦੁਨੀਆ ਵਾਸਤੇ ਤਬਾਹਕੁੰਨ ਹੋਵੇਗਾ।

''ਜੇ ਅਸੀਂ (ਖ਼ੁਦ) ਆਪਣੀਆਂ ਫ਼ਸਲਾਂ ਨੂੰ ਇੱਕ ਸਾਲ ਵਾਸਤੇ ਛੱਡ ਵੀ ਦੇਈਏ ਤਾਂ ਅਸੀਂ ਬੀਜ ਕਿੱਥੋਂ ਲਿਆਵਾਂਗੇ? ਅਸੀਂ ਉਨ੍ਹਾਂ ਦਾ ਨਾ ਹੋਣ ਦਾ ਖ਼ਤਰਾ ਸਤਾਉਣ ਲੱਗੇਗਾ। ਪਿਛਲੇ ਸਾਲ, ਸੁਰੇਂਦਰ ਨੇ ਥੋੜ੍ਹੀ ਕਪਾਹ ਬੀਜੀ ਸੀ ਜਿੱਥੇ ਅਸੀਂ ਮੱਕੀ ਬੀਜਦੇ ਹੁੰਦੇ ਸਾਂ। ਜੇ ਅਸੀਂ ਇੰਝ ਹੀ ਕਰਦੇ ਰਹੇ ਤਾਂ ਭਵਿੱਖ ਵਿੱਚ ਸਾਡੇ ਕੋਲ਼ ਮੱਕੀ ਦਾ ਇੱਕ ਬੀਜ ਤੱਕ ਨਹੀਂ ਰਹੇਗਾ,'' ਕੁਨੁਜੀ ਨੇ ਸਮਝਾਉਂਦਿਆਂ ਕਿਹਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਪਾਹ ਦੀ ਖੇਤੀ ਵੱਲ ਆਉਣ ਦਾ ਡਰ ਕਿਉਂ ਸੀ।

ਕੁਨੁਜੀ ਨੇ ਸਮਝਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਨਰਮੇ ਦੀ ਖੇਤੀ ਦਾ ਰੁਖ ਕਰਨ ਲੱਗਿਆਂ ਲੱਗਣ ਵਾਲ਼ੇ ਡਰ ਬਾਰੇ ਦੱਸਿਆ,'ਜੇ ਅਸੀਂ (ਆਪ) ਆਪਣੀਆਂ ਫ਼ਸਲਾਂ ਨੂੰ ਇੱਕ ਸਾਲ ਲਈ ਵੀ ਛੱਡ ਦੇਈਏ ਤਾਂ ਅਸੀਂ ਬੀਜ ਕਿਵੇਂ ਤਿਆਰ ਕਰਾਂਗੇ? ਸਾਡੇ ਸਿਰਾਂ 'ਤੇ ਉਨ੍ਹਾਂ ਤੋਂ ਹੱਥ ਧੋਣ ਦਾ ਡਰ ਬਣਿਆ ਰਹੇਗਾ'

ਵੀਡਿਓ ਦੇਖੋ : ' ਕੋਂਧ ਕਿਸਾਨ ਕੁਨੁਜੀ ਕੁਲੁਸਿਕਾ ਕਹਿੰਦੀ ਹਨ, ' ਨਰਮੇ ਦੇ ਬੀਜ ਮੇਰੇ ਲਈ ਨਹੀਂ ਹਨ '; ਅਤੇ ਉਹ ਸਾਨੂੰ ਆਪਣੇ ਸਵਦੇਸੀ ਅਨਾਜ ਫ਼ਸਲਾਂ ਦੀਆਂ ਕਿਸਮਾਂ ਦਿਖਾਉਂਦੀ ਹਨ

ਅਸੀਂ ਜਦੋਂ ਵਿਰਸੇ ਵਿੱਚ ਮਿਲ਼ੇ ਬੀਜਾਂ ਦਾ ਉਲੇਖ ਕੀਤਾ, ਤਾਂ ਕੁਨੁਜੀ ਕਾਫ਼ੀ ਉਤਸਾਹਤ ਹੋ ਗਈ। ਉਹ ਭੱਜਦੇ ਹੋਏ ਆਪਣੇ ਘਰ ਅੰਦਰ ਵੜ੍ਹੀ ਅਤੇ ਪਰਿਵਾਰ ਦੁਆਰਾ ਉਗਾਈਆਂ ਗਈਆਂ ਵੰਨ-ਸੁਵੰਨੀਆਂ ਫ਼ਸਲਾਂ ਦੇ ਨਾਲ਼ ਬਾਹਰ ਆਈ ਜਿਹਨੂੰ ਉਨ੍ਹਾਂ ਨੇ ਬਾਂਸ ਦੀ ਟੋਕਰੀ, ਪਲਾਸਟਿਕ ਦੇ ਜਾਰ ਜਾਂ ਕੱਪੜੇ ਦੀਆਂ ਥੈਲੀਆਂ ਵਿੱਚ ਇਕੱਠਾ ਕਰਕੇ ਰੱਖਿਆ ਸੀ। ਪਹਿਲਾਂ- ਅਰਹਰ ਦੀਆਂ ਦੋ ਕਿਸਮਾਂ, ''ਭੂਮੀ ਦੇ ਝੁਕਾਅ ਦੇ ਅਧਾਰ 'ਤੇ ਬੀਜੀ ਜਾਣ ਵਾਲ਼ੀ।'' ਅਗਲਾ- ਉੱਚੇ ਇਲਾਕਿਆਂ ਵਿੱਚ ਉਗਾਇਆ ਜਾਣ ਵਾਲ਼ਾ ਝੋਨਾ, ਸਰ੍ਹੋਂ, ਮੂੰਗੀ, ਕਾਲ਼ੇ ਛੋਲੇ ਅਤੇ ਦੋ ਤਰ੍ਹਾਂ ਦੀਆਂ ਫਲ਼ੀਆਂ। ਫਿਰ ਰਾਗੀ ਦੀਆਂ ਦੋ ਕਿਸਮਾਂ, ਮੱਕਾ, ਨਾਇਜਰ ਦੇ ਬੀਜ। ਅਖ਼ੀਰ ਵਿੱਚ-ਸਿਆਲੀ ਬੀਜ (ਜੰਗਲੀ ਅਨਾਜ) ਦੀ ਇੱਕ ਬੋਰੀ। ''ਜੇ ਬਹੁਤ ਜ਼ਿਆਦਾ ਮੀਂਹ ਪਵੇ ਅਤੇ ਸਾਨੂੰ ਘਰੇ ਹੀ ਰਹਿਣਾ ਪਵੇ ਤਾਂ ਅਸੀਂ ਇਨ੍ਹਾਂ ਨੂੰ ਭੁੰਨ੍ਹ ਕੇ ਖਾਂਦੇ ਹਾਂ,'' ਸਾਨੂੰ ਭੁੱਜੇ ਦਾਣਿਆਂ ਦੀ ਇੱਕ ਮੁੱਠ ਦਿੰਦਿਆਂ ਕਹਿੰਦੀ ਹਨ।

ਲਿਵਿੰਗ ਫ਼ਾਰਮ ਦੇ ਪ੍ਰਦੀਪ ਮਿਸ਼ਰਾ ਕਹਿੰਦੇ ਹਨ,''ਇੱਥੋਂ ਦੇ ਕੋਂਧ ਅਤੇ ਹੋਰ ਕਬੀਲਿਆਂ ਨੂੰ ਖੇਤੀ-ਵਾਤਾਵਰਣ ਬਾਰੇ ਗਿਆਨ ਇੰਨਾ ਡੂੰਘਾ ਸੀ ਕਿ ਪਰਿਵਾਰ ਇੱਕ ਜੋਤ 'ਤੇ ਸਾਲ ਵਿੱਚ 70-80 ਫ਼ਸਲਾਂ ਜਿਵੇਂ ਅਨਾਜ ਦਾਲ਼ਾ, ਜੜ੍ਹਾਂ, ਕੰਦ, ਬਾਜਰਾ ਉਗਾ ਲਿਆ ਕਰਦੇ ਸਨ। ਇਹ ਪ੍ਰਥਾ ਅਜੇ ਵੀ ਕਿਸੇ ਕਿਸੇ ਇਲਾਕੇ ਵਿੱਚ ਮੌਜੂਦ ਹੈ ਪਰ ਕੁੱਲ ਮਿਲ਼ਾ ਕੇ ਪਿਛਲੇ 20 ਸਾਲਾਂ ਵਿੱਚ ਕਪਾਹ ਦਾ ਆਉਣ ਅਤੇ ਇਹਦੇ ਪੈਰ ਪਸਾਰਦੇ ਜਾਣਾ ਇਸ ਬੀਜ ਦੀ ਵੰਨ-ਸੁਵੰਨਤਾ ਲਈ ਤਬਾਹੀ ਦਾ ਸਬਬ ਸਾਬਤ ਹੋਇਆ।''

ਕੁਨੁਜੀ ਰਸਾਇਣਕ ਇਨਪੁੱਟ ਦੇ ਪ੍ਰਭਾਵਾਂ ਤੋਂ ਵੀ ਡਰੀ  ਹੋਈ ਹਨ। ਇਹ ਕਪਾਹ ਉਗਾਉਣ ਵਾਸਤੇ ਲਾਜ਼ਮੀ ਹੈ ਜਦੋਂਕਿ ਆਦਿਵਾਸੀ ਪਰਿਵਾਰਾਂ ਦੁਆਰਾ ਆਪਣੀਆਂ ਰਵਾਇਤੀ ਫ਼ਸਲਾਂ ਲਈ ਇਨ੍ਹਾਂ ਦੀ ਵਰਤੋਂ ਸ਼ਾਇਦ ਹੀ ਕਦੇ ਕੀਤੀ ਗਈ ਜਾਂਦੀ ਹੋਵੇ। ''ਸੁਰੇਂਦਰ ਉਨ੍ਹਾਂ ਸਾਰੇ ਕੀਟਨਾਸ਼ਕਾਂ, ਉਨ੍ਹਾਂ ਖਾਦਾਂ ਨੂੰ ਰਲ਼ਾ ਕੇ ਕਪਾਹ ਦੇ ਸਾਰੇ ਪੌਦਿਆਂ 'ਤੇ ਪਾਵੇਗਾ। ਕੀ ਇਹ ਸਾਡੀ ਮਿੱਟੀ ਨੂੰ ਖ਼ਰਾਬ ਨਹੀਂ ਕਰੇਗਾ, ਇਸ ਵਿੱਚ ਮੌਜੂਦ ਬਾਕੀ ਦੇ ਤੱਤਾਂ ਨੂੰ ਮਾਰ ਨਹੀਂ ਮੁਕਾਵੇਗਾ? ਮੈਂ ਆਪਣੀ ਅੱਖੀਂ ਦੇਖਿਆ ਜਦੋਂ ਸਾਡੇ ਨਾਲ਼ ਵਾਲ਼ੇ ਖੇਤ ਵਿੱਚ ਉਨ੍ਹਾਂ ਨੇ ਮੰਡੀਆ (ਰਾਗੀ) ਦੀ ਬੀਜਾਈ ਦੋਬਾਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਫ਼ਲ ਨਹੀਂ ਹੋਏ, ਬੂਟੇ ਚੰਗੀ ਤਰ੍ਹਾਂ ਵਧੇ-ਫੁੱਲੇ ਹੀ ਨਹੀਂ।''

ਭਾਰਤ ਵਿੱਚ ਬੂਟੀਨਾਸ਼ਕ-ਸਹਿਣਸ਼ੀਲ ਕਪਾਹ ਦੇ ਬੀਜਾਂ ਦੀ ਆਗਿਆ ਨਹੀਂ ਹੈ ਪਰ ਇਹ ਰਾਇਗੜਾ ਦੇ ਜ਼ਰੀਏ ਜੰਗਲ ਦੀ ਅੱਗ ਵਾਂਗਰ ਫੈਲ ਰਹੇ ਹਨ। ਨਾਲ਼ ਹੀ ਗਲਾਇਫ਼ੋਸੇਟ, ' 'ਸ਼ਾਇਦ ਕੈਂਸਰਕਾਰਕ '' ਬੂਟੀਨਾਸ਼ਕ ਦੀ ਵੀ ਵਰਤੋਂ ਵੱਡੇ ਪੱਧਰ 'ਤੇ ਹੋਣ ਲੱਗੀ ਹੈ। ਦੇਬਲ ਦੇਬ ਕਹਿੰਦੇ ਹਨ ਕਿ ''ਬੂਟੀਨਾਸ਼ਕਾਂ ਦੀ ਨਿਯਮਤ ਵਰਤੋਂ ਕਾਰਨ, ਖੇਤਾਂ ਵਿੱਚੋਂ ਸਾਥੀ ਬਨਸਪਤੀ, ਕਈ ਕੰਡੇਦਾਰ ਝਾੜੀਆਂ ਅਤੇ ਘਾਹ ਵਗੈਰਾ ਗਾਇਬ ਹੋਣ ਲੱਗੇ ਹਨ। ਇਸ ਨਾਲ਼ ਤਿਤਲੀਆਂ ਅਤੇ ਕੀਟਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ ਜੋ ਗ਼ੈਰ-ਫ਼ਸਲੀ ਪੌਦਿਆਂ 'ਤੇ ਹੀ ਨਿਰਭਰ ਰਹਿੰਦੇ ਹਨ।

''ਇਸ ਇਲਾਕੇ ਦੇ ਵਾਤਾਵਰਣਕ ਗਿਆਨ ਦਾ ਅਧਾਰ (ਅਤੇ ਇਹਦੀ ਜੀਵ-ਵਿਭਿੰਨਤਾ) ਖ਼ਤਰਨਾਕ ਰੂਪ ਨਾਲ਼ ਤਬਾਹ ਹੋ ਚੁੱਕੀ ਹੈ। ਜ਼ਿਆਦਾ ਤੋਂ ਜ਼ਿਆਦਾ ਕਿਸਾਨ ਆਪਣੀਆਂ ਰਵਾਇਤੀ ਬਹੁ-ਫ਼ਸਲੀ ਅਤੇ ਵਣ ਵਿੱਚ ਖੇਤੀ ਦੀ ਪ੍ਰਣਾਲੀ ਨੂੰ ਮੋਨੋਕਲਚਰ (ਇਕਹਿਰੀ ਖੇਤੀ) ਲਈ ਛੱਡ ਰਹੇ ਹਨ, ਜੋ ਉੱਚ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਮੰਗ ਕਰਦੀ ਹੈ। ਕਪਾਹ ਦੇ ਕਿਸਾਨ ਵੀ ਬੂਟੀਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ... ਇਹ ਨਹੀਂ ਜਾਣਦੇ ਕਿ ਕਿਹੜੇ ਕੀੜੇ ਅਸਲ ਵਿੱਚ ਕੀਟ ਹਨ ਅਤੇ ਕਿਹੜੇ ਨਹੀਂ। ਇਸਲਈ ਉਹ ਸਾਰੇ ਕੀੜਿਆਂ ਨੂੰ ਹੀ ਖ਼ਤਮ ਕਰਨ ਲਈ ਛਿੜਕਾਅ ਕਰਦੇ ਹਨ।''

ਸ਼ਰਣਯਾ ਨਾਇਕ ਕਹਿੰਦੇ ਹਨ ਕਿ ਕਪਾਹ ਦੀ ਖੇਤੀ ਸ਼ੁਰੂ ਹੋਣ ਤੋਂ ਬਾਅਦ,''ਹਰ ਕੀਟ, ਪੰਛੀ, ਜਾਨਵਰ ਨੂੰ ਇੱਕੋ ਐਨਕ ਵਿੱਚੋਂ ਦੀ ਦੇਖਿਆ ਜਾਂਦਾ ਹੈ ਭਾਵ ਫ਼ਸਲ ਦੇ ਦੁਸ਼ਮਣ ਦੇ ਰੂਪ ਵਿੱਚ। ਇਹ ਫਿਰ ਖੇਤੀ-ਰਸਾਇਣਕ ਇਨਪੁਟ ਦੀ ਅੰਨ੍ਹੇਵਾਹ ਵਰਤੋਂ ਲਈ ਬਿਲਕੁਲ ਸਹੀ ਬਹਾਨਾ ਹੈ।''

ਕੁਨੁਜੀ ਮੰਨਦੀ ਰਹੀ ਹਨ ਕਿ ਲੋਕ ਇਹਦੇ ਮਾੜੇ ਅਸਰਾਂ ਨੂੰ ਦੇਖ ਰਹੇ ਸਨ, ਫਿਰ ਵੀ ਕਪਾਹ ਦੀ ਖੇਤੀ ਕਰੀ ਹੀ ਜਾ ਰਹੇ ਸਨ। ਉਨ੍ਹਾਂ ਨੇ ਆਪਣੇ ਹੱਥ ਫੈਲਾਉਂਦਿਆਂ ਕਿਹਾ,''ਉਨ੍ਹਾਂ ਨੂੰ ਪੈਸਾ ਆਉਂਦਾ ਦਿਖਦਾ ਹੈ ਅਤੇ ਉਹ ਲਾਲਚ ਵੱਸ ਪੈ ਜਾਂਦੇ ਹਨ।''

PHOTO • Chitrangada Choudhury

ਬੀਟੀ ਕਪਾਹ ਦੀ ਇਕਹਿਰੀ ਖੇਤੀ (ਉਤਾਂਹ ਕਤਾਰ ਵਿੱਚ) ਅਤੇ ਸਬੰਧਤ ਖੇਤੀ ਰਸਾਇਣ (ਹੇਠਲੀ ਕਤਾਰ ਵਿੱਚ) ਰਾਇਗੜਾ ਦੇ ਜ਼ਰੀਏ ਫ਼ੈਲ ਰਹੇ ਹਨ, ਜਿਸ ਨਾਲ਼ ਇਲਾਕੇ ਦੀ ਖ਼ੁਸ਼ਹਾਲ ਜੀਵ-ਵਿਭਿੰਨਤਾ ਲਈ ਇੱਕ ਬੇਬਦਲ ਖ਼ਤਰਾ ਪੈਦਾ ਹੋ ਗਿਆ ਹੈ

ਪਾਤਰਾ ਕਹਿੰਦੇ ਹਨ,''ਬੀਜ ਦੀ ਵੰਡ ਅਤੇ ਅਦਲਾ-ਬਦਲੀ, ਖੇਤ 'ਤੇ ਕੰਮ ਲਈ ਡੰਗਰਾਂ ਅਤੇ ਕਿਰਤ ਸ਼ਕਤੀ ਵੀ ਘੱਟ ਜਾਂਦੀ ਹੈ, ਕਿਉਂਕਿ ਕਪਾਹ ਨੇ ਰਵਾਇਤੀ ਫ਼ਸਲਾਂ ਨੂੰ ਸੂਚੀ ਵਿੱਚੋਂ ਕੱਢ ਬਾਹਰ ਕੀਤਾ ਹੈ। ਹੁਣ ਕਿਸਾਨ, ਸ਼ਾਹੂਕਾਰ ਅਤੇ ਵਪਾਰੀਆਂ ਵੱਲ ਦੇਖ ਰਹੇ ਹਨ।''

ਜ਼ਿਲ੍ਹੇ ਦੇ ਇੱਕ ਖੇਤੀ ਅਧਿਕਾਰੀ (ਜੋ ਆਪਣੀ ਪਛਾਣ ਨੂੰ ਉਜਾਗਰ ਨਹੀਂ ਕਰਨਾ ਚਾਹੁੰਦੇ) ਨੇ ਪਾਤਰਾ ਦੇ ਨਾਲ਼ ਸਹਿਮਤੀ ਜਤਾਈ। ਉਨ੍ਹਾਂ ਨੇ ਪ੍ਰਵਾਨ ਕੀਤਾ ਕਿ ਰਾਜ ਨੇ ਹੀ 1990 ਦੇ ਦਹਾਕੇ ਵਿੱਚ ਇੱਥੋਂ ਦੇ ਪਿੰਡਾਂ ਵਿੱਚ ਕਪਾਹ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨੂੰ ਹੱਲ੍ਹਾਸ਼ੇਰੀ ਵੀ ਦਿੱਤੀ ਸੀ। ਉਹਦੇ ਬਾਅਦ, ਗੁਆਂਢੀ ਰਾਜ ਆਂਧਰਾ ਪ੍ਰਦੇਸ਼ ਤੋਂ ਬੀਜ ਅਤੇ ਖੇਤੀ-ਰਸਾਇਣ ਇਨਪੁਟ ਦੇ ਨਿੱਜੀ ਡੀਲਰ ਵੱਡੀ ਗਿਣਤੀ ਵਿੱਚ ਇੱਥੇ ਆਉਣ ਲੱਗੇ। ਅਧਿਕਾਰੀ ਨੇ ਪ੍ਰਵਾਨ ਕੀਤਾ ਕਿ ਸਰਕਾਰ ਚਿੰਤਤ ਤਾਂ ਹੈ, ਪਰ ਜਾਅਲੀ ਅਤੇ ਗ਼ੈਰ-ਕਨੂੰਨੀ ਬੀਜਾਂ ਦੀ ਭਰਮਾਰ ਅਤੇ ਖੇਤੀ ਰਸਾਇਣਾਂ ਦੀ ਵੱਧਦੀ ਖਪਤ ਨਾਲ਼ ਨਜਿੱਠਣ ਲਈ ਬਹੁਤਾ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ,''ਕਪਾਹ ਹੁਣ ਸਿਰਦਰਦ ਬਣ ਗਈ ਹੈ।''

ਫਿਰ ਵੀ, ਪੈਸੇ ਦਾ ਲਾਲਚ ਸ਼ਕਤੀਸ਼ਾਲੀ ਹੁੰਦਾ ਹੈ, ਖ਼ਾਸ ਕਰਕੇ ਨੌਜਵਾਨ ਕਿਸਾਨਾਂ ਲਈ। ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿੱਖਿਆ ਦਵਾਉਣ, ਸਮਾਰਟਫ਼ੋਨ ਅਤੇ ਮੋਟਰਬਾਈਕ ਅਤੇ ਆਪਣੇ ਮਾਪਿਆਂ ਦੇ ਖੇਤੀ ਤਰੀਕਿਆਂ ਤੋਂ ਉਤਾਵਲ਼ੇ ਹੋ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਕਪਾਹ ਦੀ ਖੇਤੀ ਦਾ ਖ਼ਤਰਾ ਮੁੱਲ ਲਿਆ ਜਾ ਸਕਦਾ ਹੈ। ਇਸ ਸੋਚ ਦੇ ਨਾਲ਼ ਕਿ ਜੇ ਬਜ਼ਾਰ ਵਿੱਚ ਇੱਕ ਸਾਲ ਮੰਦੀ ਰਹੀ ਤਾਂ ਅਗਲੇ ਸਾਲ ਉਛਾਲ਼ ਆ ਜਾਊ।

ਹਾਲਾਂਕਿ ਵਾਤਾਵਰਣ (ਚੁਗਿਰਦਾ) ਬਖ਼ਸ਼ਣਹਾਰ ਨਹੀਂ।

ਦੇਬ ਕਹਿੰਦੇ ਹਨ,''ਹਸਪਤਾਲ ਵਿੱਚ ਭਰਤੀ ਹੋਣ ਵਾਲ਼ੇ ਮਰੀਜ਼ਾਂ ਅਤੇ ਰੋਗਾਂ ਦੀਆਂ ਕਿਸਮਾਂ ਵਿੱਚ ਵਾਧਾ ਹੋਇਆ ਹੈ। ਤੰਤੂ ਪ੍ਰਣਾਲੀ ਨਾਲ਼ ਜੁੜੀਆਂ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਅਤੇ ਕਿਡਨੀ ਦੇ ਰੋਗਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਕਾਫ਼ੀ ਵੱਧ ਹੈ। ਮੈਨੂੰ ਖ਼ਦਸ਼ਾ ਹੈ ਕਿ ਇਹ ਸਾਰਾ ਕੁਝ ਆਰਗੇਨੋਫ਼ਾਸੇਟ ਕੀਟਨਾਸ਼ਕਾਂ ਅਤੇ ਗਲਾਇਫ਼ੋਸੇਟ ਬੂਟੀਨਾਸ਼ਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਵਾਪਰ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਵਰਤੋਂ ਦਾ ਇੰਝ ਵਿਆਪਕ ਪੱਧਰ 'ਤੇ ਇਸਤੇਮਾਲ ਹੋਣਾ ਸਵਾਲੀਆ ਨਿਸ਼ਾਨ ਲਾਉਂਦਾ ਹੈ।''

ਬਿਸ਼ਮਕਟਕ ਦੇ 54 ਸਾਲ ਪੁਰਾਣੇ ਕ੍ਰਿਸ਼ਚਿਅਨ ਹਸਪਤਾਲ ਵਿਖੇ ਪ੍ਰੈਕਟਿਸ ਕਰਨ ਵਾਲ਼ੇ ਡਾ. ਜੌਨ ਉਮੇਨ ਦਾ ਕਹਿਣਾ ਹੈ ਕਿ ਸਹੀ ਦਿਸ਼ਾ ਵਿੱਚ ਜਾਂਚ ਦੀ ਘਾਟ ਕਾਰਨ ਤਫ਼ਤੀਸ਼ ਦੀਆਂ ਕੜੀਆਂ ਨੂੰ ਜੋੜਨਾ ਮੁਸ਼ਕਲ ਹੈ। ''ਰਾਜ ਦਾ ਧਿਆਨ ਅਜੇ ਵੀ ਮਲੇਰੀਆ ਜਿਹੀਆਂ ਸੰਚਾਰੀ ਬੀਮਾਰੀਆਂ ਵੱਲ ਹੈ। ਪਰ ਸਭ ਤੋਂ ਤੇਜ਼ੀ ਨਾਲ਼ ਵੱਧ ਵਾਲ਼ੀਆਂ ਬੀਮਾਰੀਆਂ, ਜੋ ਅਸੀਂ ਇਨ੍ਹਾਂ ਆਦਿਵਾਸੀਆਂ ਵਿੱਚ ਦੇਖ ਰਹੇ ਹਾਂ, ਉਹ ਹਨ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ... ਗੁਰਦੇ ਦੀਆਂ ਗੰਭੀਰ ਬੀਮਾਰੀਆਂ ਅਤੇ ਉਨ੍ਹਾਂ ਦੀ ਗਿਣਤੀ ਵਿੱਚ ਤੀਬਰ ਵਾਧਾ ਹੋਇਆ ਹੈ।''

ਉਹ ਦੱਸਦੇ ਹਨ ਕਿ ''ਇਲਾਕੇ ਦੇ ਸਾਰੇ ਨਿੱਜੀ ਹਸਪਤਾਲਾਂ ਨੇ ਡਾਇਲਸਿਸ ਕੇਂਦਰ ਸ਼ੁਰੂ ਕੀਤੇ ਹਨ, ਅਤੇ ਇਹ ਇੱਕ ਸ਼ਾਨਦਾਰ ਕਾਰੋਬਾਰ ਹੈ। ਸਾਨੂੰ ਇਸ ਸਵਾਲ ਦੀ ਪੜਤਾਲ਼ ਕਰਨੀ ਹੋਵੇਗੀ ਕਿ ਇਸ ਇੰਨੇ ਵੱਡੇ ਪੱਧਰ 'ਤੇ ਗੁਰਦੇ ਫੇਲ੍ਹ ਹੋਣ ਦਾ ਆਖ਼ਰ ਕਾਰਨ ਕੀ ਹੈ?'' ਉਮੇਨ ਚਿੰਤਾ ਪ੍ਰਗਟ ਕਰਦੇ ਹਨ ਕਿ ਜਿਨ੍ਹਾਂ ਭਾਈਚਾਰਿਆਂ ਨੇ ਸੈਂਕੜੇ ਸਾਲਾਂ ਤੀਕਰ ਖ਼ੁਦ ਨੂੰ ਬਚਾਈ ਰੱਖਿਆ, ਉਨ੍ਹਾਂ ਨੂੰ ਉਨ੍ਹਾਂ ਬਦਲਾਵਾਂ ਵੱਲ ਜ਼ਬਰਦਸਤੀ ਧੱਕਿਆ ਜਾ ਰਿਹਾ ਸੀ ਜਾਂ ਜਿਹੜੇ ਬਦਲਾਵਾਂ ਲਈ ਉਹ ਘੱਟ ਰਾਜ਼ੀ ਹਨ ਉਨ੍ਹਾਂ ਵਾਸਤੇ ਮਜ਼ਬੂਰ ਕੀਤਾ ਜਾ ਰਿਹਾ ਸੀ।

*****

ਅਸੀਂ ਉਸੇ ਹਫ਼ਤੇ ਨਿਯਮਗਿਰੀ ਦੇ ਪਹਾੜਾਂ ਵਿੱਚ ਪਰਤੇ ਅਤੇ ਗਰਮ ਸਵੇਰ ਓਬੀ ਨਾਗ ਨੂੰ ਮਿਲ਼ੇ। ਓਬੀ ਨਾਗ ਇੱਕ ਦਰਮਿਆਨੀ ਉਮਰ ਦੇ ਕੋਂਧ ਆਦਿਵਾਸੀ ਕਿਸਾਨ ਹਨ ਜੋ ਧਾਤੂ ਦੇ ਇੱਕ ਭਾਂਡੇ ਅਤੇ ਮਹਾਰਾਸ਼ਟਰ ਸਥਿਤ ਐਕਸੇਲ ਕ੍ਰੋਪ ਕੇਅਰ ਲਿਮਟਿਡ ਦੁਆਰਾ ਬਣਾਏ ਗਲਾਇਫ਼ੋਸੇਟ ਤਰਲ ਮਿਸ਼ਰਣ, ਗਾਇਲਸੇਲ ਦੀ ਇੱਕ ਲੀਟਰ ਦੀ ਇੱਕ ਬੋਤਲ ਦੇ ਨਾਲ਼ ਆਪਣੀ ਜ਼ਮੀਨ ਵੱਲ ਵੱਧਦੇ ਜਾ ਰਹੇ ਸਨ।

ਨਾਗ ਆਪਣੀ ਨੰਗੀ ਪਿੱਠ 'ਤੇ ਲੱਦੀ ਇੱਕ ਨੀਲੇ ਰੰਗਾ ਪੰਪ ਲਿਜਾ ਰਹੇ ਹਨ। ਉਹ ਆਪਣੀ ਜੋਤ ਦੇ ਕੋਲ਼ ਵਹਿੰਦੀ ਇੱਕ ਧਾਰਾ ਕੋਲ਼ ਰੁਕੇ ਅਤੇ  ਪਿੱਠ 'ਤੇ ਲੱਦਿਆ ਪੰਪ ਹੇਠਾਂ ਲਾਹਿਆ। ਭਾਂਡੇ ਦੇ ਸਹਾਰੇ ਪੰਪ ਵਿੱਚ ਪਾਣੀ ਭਰਿਆ। ਫਿਰ ਉਨ੍ਹਾਂ ਨੇ ''ਦੁਕਾਨਦਾਰ ਦੇ ਨਿਰਦੇਸ਼ਾਂ ਮੁਤਾਬਕ'' ਦੋ ਢੱਕਣ ਗਲਾਇਫ਼ੋਸੇਟ ਉਸ ਵਿੱਚ ਰਲ਼ਾਇਆ ਅਤੇ ਫਿਰ ਜ਼ੋਰ ਦੇਣੀ ਹਿਲਾਇਆ, ਪੰਪ ਨੂੰ ਦੋਬਾਰਾ ਜੋੜਿਆ ਅਤੇ ਆਪਣੀ ਜੋਤ 'ਤੇ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ,''ਇਹ ਸਾਰੀ ਬੂਟੀ ਤਿੰਨ ਦਿਨਾਂ ਵਿੱਚ ਮਰ ਜਾਵੇਗੀ ਅਤੇ ਖੇਤ ਕਪਾਹ ਦੀ ਬਿਜਾਈ ਲਈ ਤਿਆਰ ਹੋ ਜਾਵੇਗਾ।

PHOTO • Chitrangada Choudhury

ਜੁਲਾਈ ਦੀ ਇੱਕ ਸਵੇਰ, ਨਿਯਮਗਿਰੀ ਦੇ ਪਹਾੜਾਂ ਵਿੱਚ ਨੰਗੀ ਦੇਹ ਖੜ੍ਹੇ ਓਬੀ ਨਾਗ ਗਲਾਇਫ਼ੋਸੇਟ ਦੀ ਬੋਤਲ ਖੋਲ੍ਹਦੇ ਹਨ ਜੋ ਕਿ ਬੂਟੀਨਾਸ਼ਕ ਅਤੇ ਸੰਭਾਵਤ ਕੈਂਸਰਕਾਰਕ ਹੈ। ਉਹ ਆਪਣੇ ਖੇਤ ਦੇ ਨੇੜੇ ਵਹਿਣ ਵਾਲ਼ੀ ਧਾਰਾ ਦਾ ਪਾਣੀ ਰਲ਼ਾ ਇਹਨੂੰ ਹੋਰ ਪਤਲਾ ਕਰਦੇ ਹਨ ਅਤੇ ਬੀਟੀ ਕਪਾਹ (ਖੱਬੇ ਅਤੇ ਵਿਚਕਾਰ) ਬੀਜਣ ਦੀ ਤਿਆਰੀ ਦੇ ਰੂਪ ਵਿੱਚ ਇਹਨੂੰ ਖੇਤ ਵਿੱਚ ਛਿੜਕਦੇ ਹਨ। ਤਿੰਨ ਦਿਨਾਂ ਬਾਅਦ, ਭੂਮੀ ' ਤੇ ਉੱਗੀ ਸਾਰੀ ਹਰਿਆਲੀ ਗਾਇਬ ਹੋ ਗਈ (ਸੱਜੇ)

ਗਲਾਇਫ਼ੋਸੇਟ ਬੋਤਲ 'ਤੇ ਅੰਗਰੇਜ਼ੀ, ਹਿੰਦੀ ਅਤੇ ਗੁਜਰਾਤੀ ਵਿੱਚ ਲਿਖੀ ਚੇਤਾਵਨੀ ਵਿੱਚ ਇਹ ਚੀਜ਼ਾਂ ਸ਼ਾਮਲ ਸਨ: ਅਨਾਜ ਪਦਾਰਥਾਂ ਅਤੇ ਭੋਜਨ ਦੇ ਦੇ ਖਾਲੀ ਭਾਂਡੇ ਅਤੇ ਜਾਨਵਰਾਂ ਦੇ ਭੋਜਨ ਨੂੰ ਦੂਰ ਰੱਖੋ; ਮੂੰਹ, ਅੱਖਾਂ ਅਤੇ ਚਮੜੀ ਦੇ ਸੰਪਰਕ ਤੋਂ ਬਚੋ; ਛਿੜਕਾਅ 'ਚੋਂ ਉਪਜੀ ਧੁੰਦ ਵਿੱਚ ਸਾਹ ਲੈਣ ਤੋਂ ਬਚੋ। ਹਵਾ ਦੀ ਦਿਸ਼ਾ ਵਿੱਚ ਛਿੜਕਾਅ ਕਰੋ, ਛਿੜਕਾਅ ਤੋਂ ਬਾਅਦ ਲਿਬੜੇ ਕੱਪੜਿਆਂ ਅਤੇ ਸਰੀਰ ਦੇ ਅੰਗਾਂ ਨੂੰ ਚੰਗੀ ਤਰ੍ਹਾਂ ਧੋਵੋ, ਮਿਸ਼ਰਣ ਅਤੇ ਛਿੜਕਾਅ ਕਰਦੇ ਵੇਲ਼ੇ ਪੂਰੀ ਰੱਖਿਆ ਕਰਦੇ ਕੱਪੜੇ ਪਾਓ।

ਨਾਗ ਨੇ ਆਪਣੇ ਲੱਕ ਦੁਆਲ਼ੇ ਵਲ੍ਹੇਟੇ ਇੱਕ ਪਰਨੇ ਤੋਂ ਹੋਰ ਕੁਝ ਨਹੀਂ ਪਾਇਆ ਹੋਇਆ। ਛਿੜਕਾਅ ਕਰਦੇ ਸਮੇਂ ਉਨ੍ਹਾਂ ਦੇ ਪੈਰਾਂ ਅਤੇ ਲੱਤਾਂ 'ਤੇ ਕੁਝ ਬੂੰਦਾਂ ਡਿੱਗਦੀਆਂ ਗਈਆਂ ਜਦੋਂ ਕਿ ਛਿੜਕਾਅ ਦੀ ਧੁੰਦ ਸਾਡੇ ਉੱਤੋਂ ਦੀ ਹੁੰਦੀ ਹੋਈ ਆਸਪਾਸ ਦੇ ਖੇਤਾਂ ਵਿੱਚ ਵੀ ਚਲੀ ਗਈ। ਨਾਲ਼ ਹੀ ਪਾਣੀ ਦੀ ਉਸ ਧਾਰਾ ਵਿੱਚ ਜਾ ਰਲ਼ੀ, ਜੋ ਹੋਰਨਾਂ ਖੇਤਾਂ ਵਿੱਚ ਵੀ ਜਾਂਦੀ ਹੈ ਅਤੇ ਕਰੀਬ 10 ਘਰਾਂ ਦੀ ਢਾਣੀ ਤੱਕ ਅਤੇ ਉਨ੍ਹਾਂ ਦੇ ਨਲਕਿਆਂ ਤੱਕ ਪਹੁੰਚਦੀ ਹੈ।

ਤਿੰਨ ਦਿਨਾਂ ਬਾਅਦ ਅਸੀਂ ਨਾਗ ਦੇ ਉਸ ਖੇਤ 'ਤੇ ਦੋਬਾਰਾ ਗਏ ਅਤੇ ਦੇਖਿਆ ਕਿ ਇੱਕ ਛੋਟਾ ਜਿਹਾ ਲੜਕਾ ਉੱਥੇ ਆਪਣੀਆਂ ਗਾਵਾਂ ਚਰਾ ਰਿਹਾ ਹੈ। ਅਸੀਂ ਨਾਗ ਤੋਂ ਪੁੱਛਿਆ ਕਿ ਉਨ੍ਹਾਂ ਜੋ ਗਲਾਇਫੋਸੇਟ ਛਿੜਕਿਆ ਸੀ ਕੀ ਗਾਵਾਂ ਨੂੰ ਕੋਈ ਖਤਰਾ ਨਹੀਂ ਹੋ ਸਕਦਾ ਤਾਂ ਉਨ੍ਹਾਂ ਨੇ ਸਵੈ-ਭਰੋਸੇ ਨਾਲ਼ ਭਰ ਕੇ ਜਵਾਬ ਦਿੱਤਾ: ''ਨਹੀਂ ਨਹੀਂ ਹੁਣ ਤਾਂ ਤਿੰਨ ਦਿਨ ਹੋ ਚੁੱਕੇ ਹਨ। ਜੇ ਉਨ੍ਹਾਂ ਨੇ ਉਸੇ ਦਿਨ ਘਾਹ ਚਰਿਆ ਹੁੰਦਾ ਤਾਂ ਉਹ ਜ਼ਰੂਰ ਹੀ ਬੀਮਾਰ ਪੈ ਜਾਂਦੀਆਂ ਜਾਂ ਸ਼ਾਇਦ ਮਰ ਹੀ ਜਾਂਦੀਆਂ।''

ਅਸੀਂ ਉਸ ਮੁੰਡੇ ਨੂੰ ਪੁੱਛਿਆ ਕਿ ਉਹਨੂੰ ਕਿਵੇਂ ਪਤਾ ਲੱਗਦਾ ਹੈ ਕਿ ਕਿਹੜੇ ਖੇਤਾਂ ਵਿੱਚ ਗਲਾਇਫ਼ੋਸੇਟ ਛਿੜਕਿਆ ਗਿਆ ਹੈ ਅਤੇ ਉੱਥੇ ਪਸ਼ੂ ਨਹੀਂ ਲਿਜਾਣੇ। ਉਹਨੇ ਜਵਾਬ ਵਿੱਚ ਮੋਢੇ ਛੰਡੇ ਤੇ ਕਿਹਾ,''ਕਿਸਾਨ ਜੇ ਬੂਟੀਨਾਸ਼ਕ ਦਾ ਛਿੜਕਾਅ ਕਰਦੇ ਹਨ ਤਾਂ ਸਾਨੂੰ ਦੱਸ ਦਿੰਦੇ ਹਨ।'' ਲੜਕੇ ਦੇ ਪਿਤਾ ਨੇ ਸਾਨੂੰ ਦੱਸਿਆ ਕਿ ਗੁਆਂਢੀ ਪਿੰਡ ਵਿੱਚ ਪਿਛਲੇ ਸਾਲ ਕੁਝ ਡੰਗਰਾਂ ਦੀ ਮੌਤ ਹੋ ਗਈ ਸੀ... ਜ਼ਾਹਰ ਸੀ ਉਨ੍ਹਾਂ ਨੇ ਤਾਜ਼ਾ ਛਿੜਕਾਅ ਕੀਤੇ ਘਾਹ ਨੂੰ ਚਰ ਲਿਆ ਸੀ।

ਇਸ ਦਰਮਿਆਨ ਨਾਗ ਦੀ ਜ਼ਮੀਨ 'ਤੇ ਉੱਗੀ ਬਹੁਤੇਰੀ ਘਾਹ ਗਾਇਬ ਹੋ ਚੁੱਕੀ ਸੀ। ਇਹ ਜ਼ਮੀਨ ਹੁਣ ਨਰਮੇ ਦੀ ਬੀਜਾਈ ਲਈ ਤਿਆਰ ਸੀ।

ਕਵਰ ਫ਼ੋਟੋ : ਰਾਇਗੜਾ ਦੇ ਗੁਣੁਪੁਰ ਬਲਾਕ ਦੇ ਇੱਕ ਸਵਰਾ ਆਦਿਵਾਸੀ ਪਾਹੀ (ਕਾਸ਼ਤਕਾਰ) ਕਿਸਾਨ, ਮੋਹਿਨੀ ਸਬਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਤੱਕ ਅਨਾਜ ਫ਼ਸਲਾਂ ਬੀਜੀਆਂ ਸਨ ਅਤੇ ਹੁਣ ਸਿਰਫ਼ ਬੀਟੀ ਕਪਾਹ ਬੀਜਦੇ ਹਨ। (ਫ਼ੋਟੋ : ਚਿਤਰਾਂਗਦਾ ਚੌਧਰੀ)

ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ (PARI) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP-ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Aniket Aga
aniket.aga.2016@gmail.com

Aniket Aga is an anthropologist. He teaches Environmental Studies at Ashoka University, Sonepat.

Other stories by Aniket Aga
Chitrangada Choudhury
suarukh@gmail.com

Chitrangada Choudhury is an independent journalist, and a member of the core group of the People’s Archive of Rural India.

Other stories by Chitrangada Choudhury
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur