“ਅਸੀਂ ਸਾਹ ਸਾਹ ਨਹੀਂ ਲੈ ਸਕਦੇ,” ਕਾਮਿਆਂ ਨੇ ਕਿਹਾ।
ਤੇਲੰਗਾਨਾ ਦੇ ਨਲਗੋਂਡਾ ਜ਼ਿਲੇ ਦੇ ਇਸ ਖਰੀਦ ਕੇਂਦਰ ਵਿਚ ਉਹ ਜਿਹੜਾ ਮਾਸਕ ਪਾ ਕੇ ਰੱਖਦੇ ਹਨ, ਉਹ ਪਸੀਨੇ ਵਿਚ ਭਿੱਜ ਜਾਂਦਾ ਹੈ। ਮੁੰਜੀ (ਝੋਨਾ/ਜੀਰੀ) ਦੇ ਢੇਰਾਂ ਤੋਂ ਉੱਠਦੀ ਧੂੜ ਕਾਰਨ ਉਨ੍ਹਾਂ ਦੀ ਚਮੜੀ ਉਤੇ ਖਾਰਸ਼ ਹੁੰਦੀ ਹੈ, ਛਿੱਕਾਂ ਅਤੇ ਖੰਘ ਵੀ ਆਉਂਦੀ ਹੈ। ਇਹ ਕਾਮੇ ਕਿੰਨੇ ਮਾਸਕ ਬਦਲ ਸਕਦੇ ਹਨ? ਕਿੰਨੀ ਵਾਰ ਆਪਣੇ ਹੱਥ ਅਤੇ ਚਿਹਰੇ ਨੂੰ ਧੋ ਅਤੇ ਪੂੰਝ ਸਕਦੇ ਹਨ? ਉਹ ਕਿੰਨੀ ਵਾਰ ਆਪਣਾ ਮੂੰਹ ਢੱਕ ਸਕਦੇ ਹਨ – ਜਦੋਂ ਉਹਨਾਂ ਨੂੰ 10 ਘੰਟਿਆਂ ਵਿੱਚ 3,200 ਬਾਰਦਾਨੇ ਦੀਆਂ ਬੋਰੀਆਂ(ਹਰ ਇੱਕ ਦਾ ਭਾਰ 40 ਕਿਲੋਗ੍ਰਾਮ) ਨੂੰ ਭਰਨਾ ਪੈਂਦਾ ਹੈ ਤੇ ਖਿੱਚਣਾ, ਤੋਲਣਾ, ਸਿਲਾਈ ਕਰਨਾ ਅਤੇ ਚੁੱਕ ਚੁੱਕ ਕੇ ਟਰੱਕਾਂ ਵਿੱਚ ਲੱਦਣਾ ਪੈਂਦਾ ਹੈ?
ਇਹ 48 ਕਾਮੇ 128 ਟਨ ਮੂੰਜੀ ਜਾਂ ਫ਼ਿਰ ਇੱਕ ਮਿੰਟ ਵਿੱਚ 213 ਕਿਲੋਗ੍ਰਾਮ ਫ਼ਸਲ ਸਾਂਭਦੇ ਹਨ, ਉਹ ਵੀ 43-44 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਦੇ ਤਾਪਮਾਨ ਵਿੱਚ । ਉਨ੍ਹਾਂ ਦਾ ਕੰਮ ਸਵੇਰੇ 3 ਵਜੇ ਸ਼ੁਰੂ ਹੁੰਦਾ ਹੈ ਅਤੇ ਦੁਪਹਿਰ 1 ਵਜੇ ਤੱਕ ਖ਼ਤਮ ਹੁੰਦਾ ਹੈ। ਜ਼ਿਆਦਾ ਗਰਮ ਤੇ ਖ਼ੁਸ਼ਕ ਮੌਸਮ ਵਿੱਚ ਇਹੀ ਕੰਮ ਸਵੇਰੇ 9 ਵਜੇ ਸ਼ੁਰੂ ਹੋ ਕੇ ਅਗਲੇ ਚਾਰ ਘੰਟੇ ਜਾਰੀ ਰਹਿੰਦਾ ਹੈ।
ਅਜਿਹੇ ਮੌਕੇ ਮਾਸਕ ਪਾ ਰੱਖਣ ਲਈ ਕਹਿਣਾ ਅਤੇ ਦੂਰੀ ਬਣਾਈ ਰੱਖੋ ਵਰਗੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿਣਾ ਕਿੰਨੀ ਸਮਝਦਾਰੀ ਦੀ ਗੱਲ ਹੈ ਅਤੇ ਖ਼ਾਸ ਕਰਕੇ ਜਦੋਂ ਤੁਸੀਂ ਮੁੰਜੀ ਖਰੀਦ ਕੇਂਦਰ ‘ਤੇ ਕੰਮ ਕਰ ਰਹੇ ਹੋਵੋ ਜਿੱਥੇ ਅਜਿਹਾ ਕਰਨਾ ਅਸੰਭਵ ਹੈ। ਜਿਵੇਂ ਕਿ ਕਾਂਗਲ ਮੰਡਲ ਦੇ ਕਾਂਗਲ ਪਿੰਡ ਦੀਆਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ। ਅਤੇ ਰਾਜ ਦੇ ਖੇਤੀਬਾੜੀ ਮੰਤਰੀ ਨਿਰੰਜਨ ਰੈਡੀ ਨੇ ਵੀ ਅਪ੍ਰੈਲ ਵਿੱਚ ਸਥਾਨਕ ਮੀਡੀਆ ਨੂੰ ਤੇਲੰਗਾਨਾ ਵਿੱਚ ਅਜਿਹੇ 7,000 ਕੇਂਦਰਾਂ ਦੇ ਹੋਣ ਬਾਰੇ ਦੱਸਿਆ।
ਅਤੇ ਉਹ ਇਸ ਕੰਮ ਲਈ ਕੀ ਕਮਾਉਂਦੇ ਹਨ? ਇੱਥੇ 12 ਕਾਮਿਆਂ ਦੇ ਚਾਰ ਸਮੂਹ ਹਨ ਅਤੇ ਹਰੇਕ ਕਾਮੇ ਨੂੰ ਲਗਭਗ 900 ਰੁਪਏ ਦਿਹਾੜੀ ਮਿਲਦੀ ਹੈ।ਪਰ, ਤੁਹਾਨੂੰ ਇਹ ਨੌਕਰੀ ਸਿਰਫ਼ ਹਰ ਬਦਲਵੇਂ (ਇੱਕ ਦਿਨ ਛੱਡ ਕੇ ਅਗਲੇ ਦਿਨ) ਦਿਨ ਮਿਲਦੀ ਹੈ। ਕੁੱਲ 45 ਦਿਨਾਂ ਦੀ ਖਰੀਦ ਮਿਆਦ ਦੌਰਾਨ ਇੱਥੇ ਹਰੇਕ ਕਾਮੇ ਨੂੰ 23 ਦਿਨ ਕੰਮ ਮਿਲ਼ਦਾ ਹੈ, ਭਾਵ ਕਿ ਉਹ 20,750 ਰੁਪਏ ਕਮਾਉਂਦੇ ਹਨ।
ਇਸ ਸਾਲ, ਹਾੜ੍ਹੀ ਦੇ ਸੀਜ਼ਨ ਵਿੱਚ ਮੁੰਜੀ ਦੀ ਖਰੀਦ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੋਈ। ਇਹੀ ਉਹ ਸਮਾਂ ਸੀ ਜਦੋਂ ਵਾਢੀ ਹੋਣੀ ਸੀ ਤੇ ਉਸ ਵੇਲ਼ੇ ਕੋਵਿਡ-19 ਤਾਲਾਬੰਦੀ ਜਾਰੀ ਸੀ ਭਾਵ 23 ਮਾਰਚ ਤੋਂ 31 ਮਈ ਤੱਕ ਦਾ ਪੂਰਾ ਸਮਾਂ ਤਾਲਾਬੰਦੀ ਦੇ ਲੇਖੇ ਲੱਗ ਗਿਆ।

ਇਸ ਕਿਸਮ ਦੀ ਕਿਰਤ ਲਈ 10-12 ਕਾਮਿਆਂ ਦੇ ਸਮੂਹ ਦੇ ਨਾਲ ਸਮੂਹ ਦੇ ਵਿੱਚ ਕੰਮ ਕਰਨ ਦੀ ਭਾਵਨਾ ਦੀ ਵੀ ਲੋੜ ਹੁੰਦੀ ਹੈ ਜੋ ਇੱਕੋ ਸਮੇਂ ਵਿੱਚ ਇੱਕ ਢੇਰ ਉੱਤੇ ਕੰਮ ਕਰ ਰਹੇ ਹੁੰਦੇ ਹਨ। ਕਾਂਗਲ ਖਰੀਦ ਕੇਂਦਰ ਵਿਖੇ ਅਜਿਹੇ ਚਾਰ ਸਮੂਹ ਹਨ , ਜੋ 10 ਘੰਟਿਆਂ ਵਿੱਚ 128 ਟਨ ਮੁੰਜੀ ਸੰਭਾਲਦੇ ਹਨ

ਦੋ ਜਣੇ ਤੇਜ਼ੀ ਨਾਲ 40 ਕਿਲੋਗ੍ਰਾਮ ਦੀ ਬ ਬੋਰੀ ਭਰਦੇ ਹਨ। ਇਸ ਨਾਲ ਚੌਲਾਂ ਦੇ ਢੇਰ ਤੋਂ ਚਿੱਟੇ ਰੰਗ ਦੀ ਧੂੜ ਨਿਕਲਦੀ ਹੈ। ਇਹ ਧੂੜ ਇੱਕ ਦਮ ਹੋਣ ਵਾਲੀ ਖਾਰਸ਼ ਦਾ ਕਾਰਨ ਬਣਦੀ ਹੈ , ਜੋ ਕਿ ਇਸ਼ਨਾਨ ਨਾਲ ਦੂਰ ਹੋ ਜਾਂਦੀ ਹੈ

ਉਹਨਾਂ ਨੂੰ ਪਹਿਲੀ ਕੋਸ਼ਿਸ਼ ਵਿੱਚ ਇੱਕ ਬੋਰੀ ਵਿੱਚ ਲਗਭਗ 40 ਕਿੱਲੋ ਤੱਕ ਦਾ ਵਜ਼ਨ ਭਰਨਾ ਪਵੇਗਾ। ਬਾਰ - ਬਾਰ ਵਾਧੂ ਅਨਾਜ ਨੂੰ ਹਟਾਉਣਾ , ਜਾਂ ਘਾਟੇ ਨੂੰ ਜੋੜਨਾ , ਦਾ ਮਤਲਬ ਹੈ ਦੇਰੀ ਜੋ ਉਹਨਾਂ ਦੇ ਕੰਮ ਨੂੰ ਦੁਪਹਿਰ 1 ਵਜੇ ਤੋਂ ਅੱਗੇ ਵਧਾ ਦੇਵੇਗੀ

ਕਾਮੇ ਬੋਰੀਆਂ ਨੂੰ ਖਿੱਚਣ ਲਈ ਧਾਤ ਤੋਂ ਬਣੇ ਹੁੱਕਾਂ ਦੀ ਵਰਤੋਂ ਕਰਦੇ ਹਨ ਅਤੇ ਅਕਸਰ ਉਹਨਾਂ ਵਿਚਕਾਰ ਔਜ਼ਾਰਾਂ ਦਾ ਆਦਾਨ - ਪ੍ਰਦਾਨ ਹੁੰਦਾ ਰਹਿੰਦਾ ਹੈ । ਅਤੇ ਇੱਥੇ ਤੁਸੀਂ ਹਰ ਵਾਰ ਹਰ ਵਸਤੂ ਨੂੰ ਰੋਗਾਣੂ - ਮੁਕਤ ਨਹੀਂ ਕਰ ਸਕਦੇ

ਤਾਲਾਰੀ ਰਵੀ ( ਸੱਜੇ ਪਾਸੇ ) ਇਸ ਸਮੂਹ ਦੀ ਅਗਵਾਈ ਕਰਦਾ ਹੈ। ਉਹ ਬੋਰੀਆਂ ਨੂੰ ਸਹੀ ਢੰਗ ਨਾਲ ਭਰਨ ਅਤੇ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ ਉਹ ਦੁਪਹਿਰ 1 ਵਜੇ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰ ਲੈਣ

ਕਾਮੇ – ਹਰ ਵਾਰ ਇੱਕ ਵੱਖਰਾ ਸਮੂਹ – ਤੋਲਣ ਵਾਲੀ ਮਸ਼ੀਨ ਨੂੰ ਇੱਕ ਢੇਰ ਤੋਂ ਦੂਜੇ ਵੱਲ ਲੈ ਜਾਂਦੇ ਹਨ । ਭਾਵੇਂ ਕਿਸੇ ਵੀ ਕਿਸਮ ਦਾ ਸੈਨੀਟਾਈਜ਼ਰ ਜਾਂ ਸਫਾਈ ਉਤਪਾਦ ਉਪਲਬਧ ਹੋਵੇ ( ਇਹ ਇਹਨਾਂ ਕੇਂਦਰਾਂ ਵਿੱਚ ਉਪਲਬਧ ਨਹੀਂ ਹੈ ) , ਅਤੇ ਹਰ ਵਾਰ ਸਾਧਨ ਨੂੰ ਰੋਗਾਣੂ - ਮੁਕਤ ਕਰਨਾ ਸੰਭਵ ਨਹੀਂ ਹੈ ਕਿਉਂਕਿ ਇਹ ਕੰਮ ਵਿੱਚ ਦੇਰੀ ਕਰਦਾ ਹੈ

ਕਾਮਿਆਂ ਲਈ ਤੇਜ਼ੀ ਬਹੁਤ ਮਹੱਤਵ ਰੱਖਦੀ ਹੈ। ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ, ਉਹ 4-5 ਬੋਰੀਆਂ ਦਾ ਭਾਰ ਤੋਲ਼ਦੇ ਹਨ

ਬੋਰੀਆਂ ਨੂੰ ਸਿਲਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਇਕੱਲੇ ਨਹੀਂ ਕੀਤਾ ਜਾ ਸਕਦਾ – ਕੋਈ ਇੱਕ ਬੰਡਲ (ਸੇਬੇ ਦਾ) ਨੂੰ ਫੜ੍ਹਦਾ ਹੈ ਅਤੇ ਦੂਜਾ ਇਸਨੂੰ ਸਹੀ ਅਨੁਪਾਤ ਵਿੱਚ ਕੱਟਦਾ ਹੈ

ਉਹ ਬੋਰੀਆਂ ਨੂੰ ਖਿੱਚਦੇ ਹਨ , ਉਹਨਾਂ ਦਾ ਵਜ਼ਨ ਤੋਲਦੇ ਹਨ ਅਤੇ ਫਿਰ ਉਹਨਾਂ ਨੂੰ ਕਤਾਰਾਂ ਵਿੱਚ ਰੱਖਦੇ ਹਨ। ਇਸ ਨਾਲ ਬੈਗਾਂ ਦੀ ਗਿਣਤੀ ਕਰਨੀ ਆਸਾਨ ਹੋ ਜਾਂਦੀ ਹੈ

ਸਾਰੇ ਸਮੂਹ – ਲਗਭਗ 40-50 ਲੋਕ – ਦੁਪਹਿਰ ਤੱਕ 3 , 200 ਬੋਰੀਆਂ ਨੂੰ ਪੰਜ ਟਰੱਕਾਂ ਵਿੱਚ ਲੋਡ ਕਰਦੇ ਹਨ

ਇਨ੍ਹਾਂ ਕੰਮਾਂ ਬਦਲੇ ਇੱਕ ਕਿਸਾਨ ਨੂੰ 35 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ਼ ਪੈਸਾ ਦਿੱਤਾ ਜਾਂਦਾ ਹੈ। ਇੰਝ ਕੁੱਲ ਮਿਲਾ ਕੇ , 3 , 200 ਬੋਰੀਆਂ ਦੇ ਬਦਲੇ , ਉਹਨਾਂ ਨੂੰ 44 , 800 ਰੁਪਏ ਮਿਲਦੇ ਹਨ ਜੋ ਕਿ ਉਸ ਦਿਨ ਕੰਮ ਕਰਨ ਵਾਲੇ ਸਾਰੇ ਕਾਮਿਆਂ ਵਿੱਚ ਬਰਾਬਰ ਵੰਡੇ ਜਾਂਦੇ ਹਨ । ਅੱਜ ਕੰਮ ਕਰਨ ਵਾਲੇ ਵਿਅਕਤੀ ਨੂੰ ਇੱਕ ਦਿਨ ਦੇ ਵਕਫੇ ਤੋਂ ਬਾਅਦ ਹੀ ਅੱਗੇ ਕੰਮ ਕਰਨ ਦਾ ਮੌਕਾ ਮਿਲਦਾ ਹੈ
ਤਰਜ਼ਮਾ: ਨਵਨੀਤ ਕੌਰ