ਹਰ ਸ਼ਾਮ, ਕਰੀਬ 5 ਵਜੇ ਕੰਮ ਤੋਂ ਮੁੜਨ ਬਾਅਦ, ਡਾਕਟਰ ਸ਼ਬਨਮ ਯਾਸਮੀਨ ਸਿੱਧੇ ਆਪਣੇ ਪੀਲ਼ੇ-ਭੂਰੇ ਘਰ ਦੀ ਛੱਤ 'ਤੇ ਜਾਂਦੀ ਹਨ। ਉੱਥੇ, ਉਹ ਨਹਾਉਂਦੀ ਹਨ, ਪੈੱਨ ਅਤੇ ਡਾਇਰੀਆਂ ਸਣੇ ਆਪਣੇ ਨਾਲ਼ (ਕਾਰਜਸਥਲ) 'ਤੇ ਲੈ ਜਾਣ ਵਾਲ਼ੀਆਂ ਚੀਜ਼ਾਂ ਨੂੰ ਕੀਟਾਣੂ-ਰਹਿਤ ਕਰਦੀ ਹਨ, ਆਪਣੇ ਕੱਪੜੇ ਧੋਂਦੀ ਹਨ (ਛੱਤ ਉਸੇ ਹਿਸਾਬ ਨਾਲ਼ ਬਣਾਈ ਗਈ ਹੈ) ਅਤੇ ਫਿਰ ਆਪਣੇ ਪਰਿਵਾਰ ਦੇ ਨਾਲ਼ ਰਹਿਣ ਲਈ ਹੇਠਾਂ ਆ ਜਾਂਦੀ ਹਨ। ਇਸ ਰੋਜ਼ਮੱਰਾ ਦੇ ਕੰਮਾਂ ਨੂੰ ਉਹ ਪਿਛਲੇ ਇੱਕ ਸਾਲ ਤੋਂ ਪੂਰੀ ਸਾਵਧਾਨੀ ਨਾਲ਼ ਅਪਣਾ ਰਹੀ ਹਨ।
"ਮੈਂ ਮਹਾਂਮਾਰੀ (ਤਾਲਾਬੰਦੀ) ਵਿੱਚ ਪੂਰੀ ਤਰ੍ਹਾਂ ਨਾਲ਼ ਕੰਮ ਕੀਤਾ, ਜਦੋਂ ਸਾਰਾ ਕੁਝ ਬੰਦ ਸੀ, ਇੱਥੋਂ ਤੱਕ ਕਿ ਨਿੱਜੀ ਹਸਪਤਾਲ ਵੀ ਬੰਦ ਸਨ। ਮੇਰੀ ਜਾਂਚ ਕਦੇ ਪੋਜੀਟਿਵ ਨਹੀਂ ਆਈ, ਜਦੋਂਕਿ ਮੇਰੇ ਕੁਝ ਸਹਿਯੋਗੀਆਂ ਦਾ ਰਿਪੋਰਟ ਪੋਜੀਟਿਵ ਆਈ ਸੀ। ਸਗੋਂ, ਅਸੀਂ ਹਸਪਤਾਲ ਵਿੱਚ ਦੋ ਕੋਵਿਡ-19 ਪੋਜੀਟਿਵ ਗਰਭਾਂ ਨੂੰ ਸਫ਼ਲਤਾਪੂਰਵਕ ਸੰਭਾਲ਼ਿਆ," 45 ਸਾਲਾ ਡਾਕਟਰ ਯਾਸਮੀਨ ਕਹਿੰਦੀ ਹਨ, ਜੋ ਉੱਤਰ-ਪੂਰਬੀ ਬਿਹਾਰ ਦੇ ਕਿਸ਼ਨਗੰਜ ਸ਼ਹਿਰ ਵਿੱਚ ਆਪਣੇ ਘਰੋਂ ਲਗਭਗ ਇੱਕ ਕਿਲੋਮੀਟਰ ਦੂਰ, ਸਦਰ ਹਸਪਤਾਲ ਵਿੱਚ ਇੱਕ ਜਨਾਨਾ ਰੋਗ ਮਾਹਰ ਅਤੇ ਸਰਜਨ ਹਨ।
ਸ਼ਬਨਮ ਦਾ ਸਾਰਾ ਕੁਝ ਦਾਅ 'ਤੇ ਲੱਗਿਆ ਹੋਇਆ ਹੈ। ਉਹ ਕਰੋਨਾ ਵਾਇਰਸ ਵਾਹਕ ਹੋਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੀ। ਉਨ੍ਹਾਂ ਦੀ ਮਾਂ ਅਤੇ ਬੱਚੇ- 18 ਅਤੇ 12 ਸਾਲ ਦੇ ਦੋ ਬੇਟੇ- ਘਰ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੀ ਪਤੀ, 53 ਸਾਲਾ ਇਰਤਜ਼ਾ ਹਸਨ ਗੁਰਦੇ ਦੀ ਬੀਮਾਰੀ ਤੋਂ ਉਭਰ ਰਹੇ ਹਨ ਅਤੇ ਉਨ੍ਹਾਂ ਨੂੰ ਦੋਗੁਣਾ ਸਾਵਧਾਨ ਰਹਿਣ ਦੀ ਲੋੜ ਹੈ। "ਮੈਂ ਆਪਣੀ ਮਾਂ, ਅਜ਼ਰਾ ਸੁਲਤਾਨਾ ਕਰਕੇ (ਪਿਛਲੇ ਇੱਕ ਸਾਲ ਤੋਂ) ਕੰਮ ਜਾਰੀ ਰੱਖ ਰਹੀ ਹਾਂ, ਨਹੀਂ ਤਾਂ ਹਰੇਕ ਭੂਮਿਕਾ ਵਿੱਚ ਮੈਂ ਖ਼ੁਦ ਹੀ ਸਾਂ- ਡਾਕਟਰ, ਗ੍ਰਹਿਣੀ, ਅਧਿਆਪਕਾ, ਟਿਊਟਰ," ਯਾਸਮੀਨ ਕਹਿੰਦੀ ਹਨ।
2007 ਵਿੱਚ ਜਦੋਂ ਉਨ੍ਹਾਂ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਉਦੋਂ ਤੋਂ ਜੀਵਨ ਇੰਜ ਹੀ ਚੱਲੀ ਜਾ ਰਿਹਾ ਹੈ। "ਮੈਂ ਐੱਮਬੀਬੀਐੱਸ ਦੇ ਆਪਣੀ ਆਖ਼ਰੀ ਸਾਲ ਵਿੱਚ ਗਰਭਵਤੀ ਸੀ। ਆਪਣੇ ਵਿਆਹ ਤੋਂ ਬਾਅਦ ਲਗਭਗ ਛੇ ਸਾਲਾਂ ਤੱਕ ਮੈਂ ਕਦੇ ਆਪਣੇ ਪਰਿਵਾਰ ਦੇ ਨਾਲ਼ ਨਹੀਂ ਰਹੀ। ਮੇਰੇ ਪਤੀ ਬਤੌਰ ਵਕੀਲ ਕੰਮ ਕਰਦੇ ਸਨ, ਉਹ ਪਟਨਾ ਵਿੱਚ ਅਭਿਆਸ ਕਰ ਰਹੇ ਸਨ। ਮੈਂ ਉੱਥੇ ਹੀ ਅਭਿਆਸ ਕਰਦੀ ਜਿੱਥੇ ਵੀ ਮੈਨੂੰ ਭੇਜਿਆ ਜਾਂਦਾ ਸੀ," ਯਾਸਮੀਨ ਕਹਿੰਦੀ ਹਨ।
ਸਦਰ ਹਸਪਤਾਲ ਵਿੱਚ ਆਪਣੀ ਪੋਸਟਿੰਗ ਤੋਂ ਪਹਿਲਾਂ, ਡਾਕਟਰ ਸ਼ਬਨਮ 2011 ਵਿੱਚ ਠਾਕੁਰਗੰਜ ਬਲਾਕ ਦੇ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਵਿੱਚ ਤੈਨਾਤ ਸਨ, ਜੋ ਉਨ੍ਹਾਂ ਦੇ ਘਰ ਤੋਂ ਲਗਭਗ 45 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ 2003 ਵਿੱਚ ਰਾਂਚੀ ਦੇ ਰਾਜਿੰਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ ਤੋਂ ਐੱਮਬੀਬੀਐੱਸ ਦੀ ਡਿਗਰੀ ਅਤੇ 2007 ਵਿੱਚ ਪਟਨਾ ਮੈਡੀਕਲ ਕਾਲਜ ਤੋਂ ਪੋਸਟ-ਗ੍ਰੈਜੁਏਟ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਕੁਝ ਸਾਲਾਂ ਤੱਕ ਇੱਕ ਡਾਕਟਰ ਦੇ ਰੂਪ ਵਿੱਚ ਨਿੱਜੀ ਅਭਿਆਸ ਕਰਨ ਤੋਂ ਬਾਅਦ ਇਹ ਸਰਕਾਰ ਨੌਕਰੀ ਪ੍ਰਾਪਤ ਕੀਤੀ। ਠਾਕੁਰਗੰਜ ਪੀਐੱਚਸੀ ਤੱਕ ਪਹੁੰਚਣ ਲਈ, ਉਨ੍ਹਾਂ ਨੂੰ ਆਪਣੇ ਦੂਸਰੇ ਨਵਜਾਤ ਨੂੰ ਆਪਣੀ ਮਾਂ ਦੇ ਕੋਲ਼ ਛੱਡ ਕੇ, ਸਥਾਨਕ ਬੱਸ ਰਾਹੀਂ ਜਾਣਾ-ਆਉਣਾ ਪੈਂਦਾ ਸੀ। ਇਹ ਔਖਾ ਅਤੇ ਸਖ਼ਤ ਸੀ, ਇਸਲਈ ਨੌ ਮਹੀਨਿਆਂ ਬਾਅਦ ਉਹ ਆਪਣੀ ਮਾਂ ਅਤੇ ਬੱਚਿਆਂ ਦੇ ਨਾਲ਼ ਠਾਕੁਰਗੰਜ ਤਬਦੀਲ ਹੋ ਗਈ। ਉਨ੍ਹਾਂ ਦੇ ਪਤੀ ਇਰਤਜ਼ਾ ਪਟਨਾ ਵਿੱਚ ਹੀ ਰਹਿੰਦੇ ਸਨ ਅਤੇ ਹਰ ਮਹੀਨੇ ਉਨ੍ਹਾਂ ਕੋਲ਼ ਜਾਇਆ ਕਰਦੇ ਸਨ।
"ਮੈਨੂੰ ਆਪਣੇ ਪਤੀ ਦੀ ਹਮਾਇਤ ਪ੍ਰਾਪਤ ਸੀ, ਪਰ ਦਿਨ ਵਿੱਚ ਦੋ ਵਾਰ ਯਾਤਰਾ ਕਰਨਾ ਭਿਆਨਕ ਸੀ ਅਤੇ ਉਹ ਜੀਵਨ ਔਖ਼ਾ ਸੀ। ਸਭ ਤੋਂ ਮਾੜੀ ਗੱਲ ਇਹ ਸੀ ਕਿ ਮੈਂ ਬਾਮੁਸ਼ਕਲ ਕੁਝ ਵੀ ਕਰ ਸਕਦੀ ਸੀ। ਮੈਂ ਇੱਕ ਸਰਜਨ ਹਾਂ। ਪਰ ਮੈਂ ਓਪਰੇਸ਼ਨ ਨਹੀਂ ਕਰ ਸਕਦੀ ਸੀ। ਉਪਕਰਣ ਦੇ ਮਾਮਲੇ ਵਿੱਚ ਉੱਥੇ (ਪੀਐੱਚਸੀ ਵਿੱਚ) ਕੁਝ ਵੀ ਨਹੀਂ ਸੀ, ਕੋਈ ਬਲੱਡ ਬੈਂਕ, ਨਾ ਕੋਈ ਬੇਹੋਸ਼ੀ ਦੀ ਦਵਾਈ। ਪ੍ਰਸਵ ਵਿੱਚ ਪੇਚੀਦੀਗੀਆਂ ਪੈਦਾ ਹੋਣ ਮੌਕੇ ਮੇਰੇ ਕੋਲ਼ ਰੈਫ਼ਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ। ਮੈਂ ਸਿਰੇਜਰੀਅਨ ਵੀ ਨਹੀਂ ਕਰ ਸਕਦੀ ਸਾਂ। ਕੋਈ ਇੰਟਰਵੈਂਸ਼ਨ (ਦਖ਼ਲ) ਨਹੀਂ (ਬੱਸ ਉਨ੍ਹਾਂ ਨੂੰ ਦੱਸਣਾ) ਇੱਕ ਬੱਸ ਫੜ੍ਹ ਲਵੋ (ਨੇੜਲੇ ਹਸਪਤਾਲ ਲਈ)," ਯਾਸਮੀਨ ਉਨ੍ਹੀਂ ਦਿਨੀਂ ਯਾਦ ਕਰਦਿਆਂ ਕਹਿੰਦੀ ਹਨ।
ਕਿਸ਼ਨਗੰਜ ਜਿਲ੍ਹੇ ਦੇ ਸਦਰ ਹਸਪਤਾਲ ਵਿੱਚ ਉਨ੍ਹਾਂ ਦੀ ਸੰਪਰਕ ਕਮਰੇ ਦੇ ਬਾਹਰ, ਕਰੀਬ 30 ਔਰਤਾਂ ਉਨ੍ਹਾਂ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਬਹੁਤੇਰੀਆਂ ਸਿਰਫ਼ ਲੇਡੀ ਡਾਕਟਰ ਨਾਲ਼ ਗੱਲ ਕਰਨਾ ਜਾਂ ਜਾਂਚ ਕਰਾਉਣਾ ਚਾਹੁੰਦੀਆਂ ਹਨ। ਹਸਪਤਾਲ ਵਿੱਚ ਦੋ ਡਾਕਟਰ ਹਨ-ਡਾਕਟਰ ਸ਼ਬਨਮ ਯਾਸਮੀਨ ਅਤੇ ਡਾਕਟਰ ਪੂਨਮ (ਆਪਣੇ ਪਹਿਲੇ ਨਾਮ ਨੂੰ ਹੀ ਵਰਤਦੀ ਹਨ) ਦੋਵੇਂ ਹੀ ਪ੍ਰਸੂਤੀ ਅਤੇ ਜਨਾਨਾ ਰੋਗ ਵਿਭਾਗ ਤੋਂ ਹਨ। ਦੋਵਾਂ ਡਾਕਟਰਾਂ ਵਿੱਚੋਂ ਹਰੇਕ ਰੋਜ਼ਾਨਾ 40-45 ਮਾਮਲਿਆਂ ਨੂੰ ਸੰਭਾਲ਼ਦੀਆਂ ਹਨ, ਫਿਰ ਵੀ ਕੁਝ ਔਰਤਾਂ ਉਡੀਕ-ਖੇਤਰ ਵਿੱਚ ਵਿੱਤੋਂਵੱਦ ਭੀੜ ਦੇ ਕਾਰਨ ਡਾਕਟਰ ਨੂੰ ਦਿਖਾਏ ਬਗ਼ੈਰ ਹੀ ਘਰ ਮੁੜ ਜਾਂਦੀਆਂ ਹਨ।
ਦੋਵਾਂ ਡਾਕਟਰਾਂ ਲਈ 48 ਘੰਟਿਆਂ ਦਾ ਕਾਰਜ ਹਫ਼ਤਾ ਹੈ, ਪਰ ਅਕਸਰ ਇਹ ਦੇਖਿਆ ਇਹ ਮਹਿਜ ਇੱਕ ਸੰਖਿਆ ਹੀ ਰਹਿ ਜਾਂਦੀ ਹੈ। "ਸਰਜਨਾਂ ਦੀ ਆਮਦ ਘੱਟ ਹੈ, ਇਸਲਈ ਜਿਨ੍ਹੀਂ ਦਿਨੀਂ ਅਸੀਂ ਓਪਰੇਸ਼ਨ ਕਰਦੀਆਂ ਹਾਂ, ਮੈਂ ਗਿਣਤੀ ਭੁੱਲ ਜਾਂਦੀ ਹਾਂ। ਜੇਕਰ ਯੌਨ ਉਤਪੀੜਨ ਅਤੇ ਬਲਾਤਕਾਰ ਨਾਲ਼ ਸਬੰਧਤ ਮਾਮਲੇ ਹੋਣ ਤਾਂ ਮੈਨੂੰ ਅਦਾਲਤ ਜਾਣਾ ਪੈਂਦਾ ਹੈ। ਪੂਰਾ ਦਿਨ ਉਸੇ ਵਿੱਚ ਹੀ ਬੀਤ ਜਾਂਦੀ ਹੈ। ਫਾਈਲ ਕਰਨ ਲਈ ਪੁਰਾਣੀਆਂ ਰਿਪੋਰਟਾਂ ਹੁੰਦੀਆਂ ਹਨ ਅਤੇ ਸਰਜਨ ਦੇ ਰੂਪ ਵਿੱਚ ਅਸੀਂ ਸਦਾ ਕਾਲ 'ਤੇ ਹੀ ਹੁੰਦੇ ਹਾਂ," ਯਾਸਮੀਨ ਦੱਸਦੀ ਹਨ। ਕਿਸ਼ਨਗੰਜ ਜਿਲ੍ਹੇ ਦੇ ਸੱਤ ਪੀਐੱਚਸੀ, ਇੱਕ ਰੈਫਰਲ ਸੈਂਟਰ ਅਤੇ ਸਦਰ ਹਸਪਤਾਲ ਦੇ ਜਿਨ੍ਹਾਂ ਡਾਕਟਰਾਂ ਨਾਲ਼ ਮੈਂ ਗੱਲ ਕੀਤੀ, ਉਨ੍ਹਾਂ ਦੇ ਅਨੁਮਾਨ ਅਨੁਸਾਰ ਪੂਰੇ ਜਿਲ੍ਹੇ ਵਿੱਚ ਲਗਭਗ 6-7 ਔਰਤਾਂ ਡਾਕਟਰ ਹਨ। ਉਨ੍ਹਾਂ ਵਿੱਚੋਂ ਲਗਭਗ ਅੱਧੀ (ਯਾਸਮੀਨ ਨੂੰ ਛੱਡ ਕੇ) ਠੇਕੇ ਅਧਾਰਤ ਕੰਮ ਕਰਦੀਆਂ ਹਨ।
ਉਨ੍ਹਾਂ ਦੀਆਂ ਮਰੀਜ਼-ਜਿਨ੍ਹਾਂ ਵਿੱਚੋਂ ਬਹੁਤੇਰੀਆਂ ਕਿਸ਼ਨਗੰਜ ਤੋਂ, ਕੁਝ ਗੁਆਂਢੀ ਅਰਰੀਆ ਜਿਲ੍ਹੇ ਤੋਂ ਅਤੇ ਕੁਝ ਪੱਛਮ ਬੰਗਾਲ ਤੋਂ ਵੀ- ਮੁੱਖ ਰੂਪ ਨਾਲ਼ ਨਿਯਮਿਤ ਗਰਭਅਵਸਥਾ ਸਬੰਧੀ ਜਾਂਚ ਅਤੇ ਪ੍ਰਸਵ-ਪੂਰਵ ਦੇਖਭਾਲ ਦੇ ਨਾਲ਼ ਹੀ ਢਿੱਡ ਪੀੜ੍ਹ, ਪੇੜੂ ਲਾਗ, ਮਹਾਂਮਾਰੀ ਦੌਰਾਨ ਦਰਦ ਅਤੇ ਬਾਂਝਪੁਣੇ ਦੀ ਸ਼ਿਕਾਇਤ ਲੈ ਕੇ ਆਉਂਦੀਆਂ ਹਨ। "ਔਰਤਾਂ ਭਾਵੇਂ ਉਹ ਕਿਸੇ ਵੀ ਮਾਮਲੇ ਵਿੱਚ ਇੱਥੇ ਆਈਆਂ ਹੋਣ, ਉਨ੍ਹਾਂ ਵਿੱਚੋਂ ਬਹੁਤੇਰੀਆਂ ਨੂੰ ਅਨੀਮਿਆ ਹੈ। ਆਇਰਨ ਦੀਆਂ ਗੋਲ਼ੀਆਂ (ਪੀਐੱਚਸੀ ਅਤੇ ਹਸਪਤਾਲ ਵਿੱਚ) ਮੁਫ਼ਤ ਉਪਲਬਧ ਹਨ, ਫਿਰ ਵੀ ਉਨ੍ਹਾਂ ਦੇ ਅੰਦਰ ਆਪਣੀ ਸਿਹਤ ਬਾਰੇ ਜਾਗਰੂਕਤਾ ਅਤੇ ਧਿਆਨ ਦੀ ਘਾਟ ਹੈ," ਯਾਸਮੀਨ ਕਹਿੰਦੀ ਹਨ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( ਐੱਚਐੱਫ਼ਐੱਚਐੱਸ-4, 2015-16 ) ਦੁਆਰਾ ਪੇਸ਼ ਕੀਤੇ ਗਏ ਅੰਕੜੇ ਡਾਕਟਰ ਯਾਸਮੀਨ ਦੇ ਮੁਲਾਂਕਣ ਦੀ ਹਮਾਇਤ ਕਰਦੇ ਹਨ: ਕਿਸ਼ਨਗੰਜ ਜਿਲ੍ਹੇ ਵਿੱਚ, 15-49 ਸਾਲ ਦੀ ਉਮਰ ਦੀਆਂ 67.6 ਪ੍ਰਤੀਸ਼ਥ ਔਰਤਾਂ ਅਨੀਮਿਕ ਹਨ। 15-49 ਸਾਲ ਦੀਆਂ ਗਰਭਵਤੀ ਔਰਤਾਂ ਲਈ ਇਹ ਅੰਕੜਾ ਥੋੜ੍ਹਾ ਘੱਟ, ਯਾਨਿ 62 ਫੀਸਦੀ ਹੈ ਅਤੇ ਸਿਰਫ਼ 15.4 ਫੀਸਦੀ ਔਰਤਾਂ ਨੇ ਗਰਭਵਤੀ ਹੋਣ ਦੌਰਾਨ 100 ਦਿਨਾਂ ਜਾਂ ਉਸ ਤੋਂ ਵੱਧ ਲਈ ਆਇਰਨ ਫੌਲਿਕ ਐਸਿਡ ਦਾ ਸੇਵਨ ਕੀਤਾ।
"ਔਰਤਾਂ ਦੀ ਸਿਹਤ ਕੋਈ ਪ੍ਰਾਥਮਿਕਤਾ ਨਹੀਂ ਹੈ। ਉਹ ਸਿਹਤਯਾਬ/ਪੋਸ਼ਕ ਖਾਣਾ ਨਹੀਂ ਖਾਂਦੀਆਂ, ਵਿਆਹ ਜਲਦੀ ਹੋ ਜਾਂਦਾ ਹੈ ਅਤੇ ਪਹਿਲਾ ਬੱਚਾ ਇੱਕ ਸਾਲ ਦਾ ਹੋਣ ਤੋਂ ਪਹਿਲਾਂ ਹੀ ਉਹ ਦੋਬਾਰਾ ਗਰਭਵਤੀ ਹੋ ਜਾਂਦੀਆਂ ਹਨ। ਦੂਸਰਾ ਬੱਚਾ ਹੋਣ ਬਾਅਦ, ਮਾਂ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਉਹ ਮੁਸ਼ਕਲ ਹੀ ਤੁਰ ਪਾਉਂਦੀ ਹੈ। ਇੱਕ ਚੀਜ਼ (ਸਮੱਸਿਆ) ਤੋਂ ਬਾਅਦ ਦੂਸਰੀ ਘੇਰ ਲੈਂਦੀ ਹੈ ਅਤੇ ਇੰਜ ਉਹ ਸਾਰੀਆਂ ਅਨੀਮਿਕ ਹਨ," ਸਦਰ ਹਸਪਤਾਲ ਤੋਂ ਕਰੀਬ 10 ਕਿਲੋਮੀਟਰ ਦੂਰ, ਉਸੇ ਬਲਾਕ ਦੇ ਬੇਲਵਾ ਪੀਐੱਚਸੀ ਵਿੱਚ ਤੈਨਾਤ 38 ਸਾਲਾ ਡਾਕਟਰ ਆਸਿਯਾਨ ਨੂਰੀ ਕਹਿੰਦੀ ਹਨ ਅਤੇ ਕਦੇ-ਕਦੇ ਮਾਂ ਨੂੰ ਜਦੋਂ ਦੂਸਰੇ ਬੱਚੇ ਦੀ ਡਿਲੀਵਰੀ ਲਈ ਲਿਆਂਦਾ ਜਾਂਦਾ ਹੈ ਤਦ ਤੱਕ ਉਹਨੂੰ ਬਚਾਉਣ ਵਿੱਚ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ।
"ਪਹਿਲਾਂ ਤੋਂ ਹੀ ਲੇਡੀ ਡਾਕਟਰਾਂ ਦੀ ਕਮੀ ਹੈ। ਜੇਕਰ ਅਸੀਂ ਰੋਗੀਆਂ ਨੂੰ ਦੇਖ ਨਹੀਂ ਪਾਏ ਜਾਂ ਕਿਸੇ ਮਰੀਜ਼ ਦੀ ਮੌਤ ਹੋ ਗਈ ਤਾਂ ਹੰਗਾਮਾ ਮੱਚਣ ਲੱਗਦਾ ਹੈ," ਯਾਸਮੀਨ ਦੱਸਦੀ ਹਨ ਅਤੇ ਨਾਲ਼ ਹੀ ਇਹ ਵੀ ਕਹਿੰਦੀ ਹਨ ਕਿ ਸਿਰਫ਼ ਪਰਿਵਾਰ ਦੇ ਮੈਂਬਰ ਹੀ ਇੰਝ ਨਹੀਂ ਕਰਦੇ, ਸਗੋਂ 'ਠਗਾਂ' ਦੇ ਸਿੰਡੀਕੇਟ ਜਾਂ ਉਸ ਖੇਤਰ ਵਿੱਚ ਕੰਮ ਕਰਨ ਵਾਲੇ ਕੱਚਘੜ੍ਹ ਮੈਡੀਕਲ ਅਭਿਆਸੀ ਵੀ ਉਨ੍ਹਾਂ ਨੂੰ ਧਮਕੀ ਦਿੰਦੇ ਹਨ। "ਆਪਨੇ ਇੰਨੇ ਛੂਆ ਤੋ ਦੇਖੋ ਕਯਾ ਹੂਯਾ," ਇੱਕ ਬੱਚੇ ਦੇ ਜਨਮ ਦੌਰਾਨ ਮਾਂ ਦੀ ਮੌਤ 'ਤੇ ਉਸ ਪਰਿਵਾਰ ਦੇ ਇੱਕ ਮੈਂਬਰ ਨੇ ਯਾਸਮੀਨ ਨੂੰ ਕਿਹਾ ਸੀ।
ਐੱਨਐੱਫਐੱਚਐੱਸ-4 ਅਨੁਸਾਰ, ਕਿਸ਼ਨਗੰਜ ਜਿਲ੍ਹੇ ਵਿੱਚ ਸਿਰਫ਼ 33.6 ਫੀਸਦੀ ਬੱਚਿਆਂ ਦਾ ਜਨਮ ਜਨਤਕ ਹਸਪਤਾਲਾਂ ਵਿੱਚ ਹੁੰਦਾ ਹੈ। ਡਾਕਟਰ ਨੂਰੀ ਕਹਿੰਦੀ ਹਨ ਕਿ ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਬਹੁਤੇਰੇ ਪੁਰਸ਼ ਕੰਮ ਲਈ ਸ਼ਹਿਰਾਂ ਵਿੱਚ ਰਹਿੰਦੇ ਹਨ। "ਅਜਿਹੇ ਮਾਮਲਿਆਂ ਵਿੱਚ, ਔਰਤ ਲਈ ਪ੍ਰਸਵ ਦੌਰਾਨ ਤੁਰਨਾ-ਫਿਰਨ ਸੰਭਵ ਨਹੀਂ ਹੈ ਅਤੇ ਇਸਲਈ ਬੱਚਿਆਂ ਦਾ ਜਨਮ ਘਰੇ ਹੀ ਹੁੰਦਾ ਹੈ।" ਉਹ ਅਤੇ ਇੱਥੋਂ ਦੇ ਹੋਰ ਡਾਕਟਰਾਂ ਦਾ ਅਨੁਮਾਨ ਹੈ ਕਿ ਕਿਸ਼ਨਗੰਜ ਜਿਲ੍ਹੇ ਦੇ ਤਿੰਨ ਬਲਾਕਾਂ-ਪੋਠੀਆ, ਦਿਘਲਬੈਂਕ ਅਤੇ ਟੇੜਾਗਾਛ (ਸਾਰਿਆਂ ਵਿੱਚ ਪੀਐੱਚਸੀ ਹਨ) ਵਿੱਚ ਜ਼ਿਆਦਾਤਰ ਬੱਚਿਆਂ ਦਾ ਜਨਮ ਘਰੇ ਹੁੰਦਾ ਹੈ. ਇਨ੍ਹਾਂ ਬਲਾਕਾਂ ਤੋਂ ਸਦਰ ਹਸਪਤਾਲ ਜਾਂ ਨਿੱਜੀ ਕਲੀਨਿਕ ਤੱਕ ਛੇਤੀ ਅਪੜਨ ਲਈ ਆਵਾਜਾਈ ਦੀ ਕਮੀ ਅਤੇ ਰਸਤੇ ਵਿੱਚ ਛੋਟੀ ਨਦੀ ਦੇ ਕਾਰਨ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਸਪਤਾਲ ਪੁੱਜਣਾ ਮੁਸ਼ਕਲ ਹੋ ਜਾਂਦਾ ਹੈ।
2020 ਵਿੱਚ, ਮਹਾਂਮਾਰੀ ਨਾਲ਼ ਸਬੰਧਤ ਤਾਲਾਬੰਦੀ ਅਤੇ ਉਹਦੇ ਬਾਅਦ, ਕਿਸ਼ਨਗੰਜ ਜਿਲ੍ਹੇ ਵਿੱਚ ਸੰਸਥਾਗਤ ਪ੍ਰਸਵ ਵਿੱਚ ਹੋਰ ਗਿਰਾਵਟ ਆਈ। ਵਾਹਨਾਂ ਦੀ ਆਵਾਜਾਈ 'ਤੇ ਰੋਕ ਅਤੇ ਹਸਪਤਾਲਾਂ ਵਿੱਚ ਵਾਇਰਸ ਦੇ ਖ਼ਦਸ਼ੇ ਕਾਰਨ ਔਰਤਾਂ ਹਸਪਤਾਲਾਂ ਤੋਂ ਦੂਰ ਰਹੀਆਂ।
'ਜਦੋਂ ਅਸੀਂ ਮਾਵਾਂ ਅਤੇ ਪਿਤਾਵਾਂ ਨੂੰ ਗਰਭਨਿਰੋਧਕ ਬਾਰੇ ਸਮਝਾਉਂਦੇ ਹਾਂ ਤਾਂ ਬਜ਼ੁਰਗ ਔਰਤਾਂ (ਪਰਿਵਾਰ ਦੀਆਂ) ਇਸ ਗੱਲ ਨੂੰ ਪਸੰਦ ਨਹੀਂ ਕਰਦੀਆਂ। ਮੇਰੇ 'ਤੇ ਚੀਕਿਆ ਜਾਂਦਾ ਹੈ ਜਦੋਂ ਮੈਂ ਗੱਲ ਕਰਨੀ ਸ਼ੁਰੂ ਕਰਦੀ ਹਾਂ, ਤਾਂ ਮਾਂ ਜਾਂ ਵਿਆਹੁਤਾ ਜੋੜੇ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਜਾਂਦਾ ਹੈ। ਇਹ ਸੁਣ ਕੇ ਚੰਗਾ ਤਾਂ ਨਹੀਂ ਲੱਗਦਾ...'
"ਪਰ ਹੁਣ ਇਸ ਵਿੱਚ ਸੁਧਾਰ ਹੋਇਆ ਹੈ," ਕਿਸ਼ਨਗੰਜ ਜਿਲ੍ਹਾ ਦਫ਼ਤਰ ਤੋਂ 38 ਕਿਲੋਮੀਟਰ ਦੂਰ, ਪੋਠੀਆ ਬਲਾਕ ਦੇ ਚੱਤਰ ਗਾਛ ਰੈਫਰਲ ਸੈਂਟਰ/ਜੱਚਾ ਅਤੇ ਬੱਚਾ ਕਲਿਆਣ ਕੇਂਦਰ ਵਿੱਚ ਤੈਨਾਤ 36 ਸਾਲਾ ਡਾਕਟਰ ਮੰਤਸਾ ਕਹਿੰਦੀ ਹਨ। ਉਹ ਵੀ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹਨ ਜੋ ਡਾਕਟਰ ਯਾਸਮੀਨ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਵਿੱਚ ਕੀਤਾ ਸੀ- ਆਪਣੇ ਪਰਿਵਾਰ ਤੋਂ ਦੂਰ ਰਹਿਣਾ ਅਤੇ ਔਖੀਆਂ ਹਾਲਤਾਂ ਵਿੱਚ ਯਾਤਰਾ ਕਰਨਾ। ਉਨ੍ਹਾਂ ਦੇ ਪਤੀ ਭਾਗਲਪੁਰ ਵਿੱਚ ਰਹਿੰਦੇ ਹਨ ਅਤੇ ਉੱਥੇ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਇਕਲੌਤਾ ਬੇਟਾ ਕਟਿਹਾਰ ਜਿਲ੍ਹੇ ਵਿੱਚ ਆਪਣਏ ਨਾਨਾ-ਨਾਨੀ ਦੇ ਨਾਲ਼ ਰਹਿੰਦਾ ਹੈ।
“ਮੇਰਾ ਦਿਲ ਦਾ ਵੱਡਾ ਹਿੱਸਾ ਔਰਤਾਂ ਨੂੰ ਪਰਿਵਾਰ ਨਿਯੋਜਨ, ਗਰਭਨਿਰੋਧਕ ਦੇ ਤਰੀਕਿਆਂ, ਦੋ ਬੱਚਿਾਂ ਦਰਮਿਆਨ ਫਰਕ, ਆਹਾਰ ਬਾਰੇ ਗੱਲ ਕਰਨ ਵਿੱਚ ਚਲਿਆ ਜਾਂਦਾ ਹੈ," ਡਾਕਟਰ ਮੰਤਸਾ (ਜੋ ਸਿਰਫ਼ ਆਪਣਾ ਉਪਨਾਮ ਹੀ ਵਰਤਦੀ ਹਨ) ਕਹਿੰਦੀ ਹਨ। ਗਰਭਨਿਰੋਧਕ ਬਾਰੇ ਗੱਲ ਸ਼ੁਰੂ ਕਰਨਾ ਇੱਕ ਔਖਾ ਕੰਮ ਹੈ- ਐੱਨਐੱਫਐੱਚਐੱਸ-4 ਅਨੁਸਾਰ, ਕਿਸ਼ਨਗੰਜ ਵਿੱਚ ਵਰਤਮਾਨ ਸਮੇਂ ਵਿਆਹੁਤਾ ਔਰਤਾਂ ਵਿੱਚੋਂ ਸਿਰਫ਼ 12.2 ਫੀਸਦੀ ਪਰਿਵਾਰ ਨਿਯੋਜਨ ਦੇ ਕਿਸੇ ਵੀ ਤਰੀਕੇ ਦੀ ਵਰਤੋਂ ਕਰਦੀਆਂ ਹਨ ਅਤੇ ਸਿਰਫ਼ 8.6 ਪ੍ਰਤੀਸ਼ਤ ਮਾਮਲਿਆਂ ਵਿੱਚ ਇੱਕ ਸਿਹਤ ਕਰਮੀ ਨੇ ਗਰਭਨਿਰੋਧਕ ਦੀ ਵਰਤੋਂ ਨਾ ਕਰਨ ਵਾਲ਼ੀ ਕਿਸੇ ਔਰਤ ਨਾਲ਼ ਪਰਿਵਾਰ ਨਿਯੋਜਨ ਸਬੰਧੀ ਕਦੇ ਗੱਲ ਕੀਤੀ ਸੀ।
“ਜਦੋਂ ਅਸੀਂ ਮਾਵਾਂ ਅਤੇ ਪਿਤਾਵਾਂ ਨੂੰ ਗਰਭਨਿਰੋਧਕ ਬਾਰੇ ਸਮਝਾਉਂਦੇ ਹਾਂ ਤਾਂ ਬਜ਼ੁਰਗ ਔਰਤਾਂ (ਪਰਿਵਾਰ ਦੀਆਂ) ਇਸ ਗੱਲ ਨੂੰ ਪਸੰਦ ਨਹੀਂ ਕਰਦੀਆਂ। ਮੇਰੇ 'ਤੇ ਚੀਕਿਆ ਜਾਂਦਾ ਹੈ ਜਦੋਂ ਮੈਂ ਗੱਲ ਕਰਨੀ ਸ਼ੁਰੂ ਕਰਦੀ ਹਾਂ, ਤਾਂ ਮਾਂ ਜਾਂ ਵਿਆਹੁਤਾ ਜੋੜੇ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਜਾਂਦਾ ਹੈ। ਇਹ ਸੁਣ ਕੇ ਚੰਗਾ ਤਾਂ ਨਹੀਂ ਲੱਗਦਾ, ਪਰ ਸਾਨੂੰ ਆਪਣਾ ਕੰਮ ਕਰਨਾ ਪੈਂਦਾ ਹੈ," ਡਾਕਟਰ ਮੰਤਸਾ ਕਹਿੰਦੀ ਹਨ, ਜੋ ਡਾਕਟਰ ਯਾਸਮੀਨ ਵਾਂਗ ਹੀ ਆਪਣੇ ਪਰਿਵਾਰ ਵਿੱਚ ਪਹਿਲੀ ਡਾਕਟਰ ਹਨ।
"ਮੇਰੇ ਮਰਹੂਮ ਪਿਤਾ, ਸੱਯਦ ਕੁਤੁਬਦੀਨ ਅਹਿਮਦ, ਮੁਜੱਫਰਪੁਰ ਦੇ ਇੱਕ ਸਰਕਾਰੀ ਹਸਤਾਲ ਵਿੱਚ ਪੈਰਾਮੈਡੀਕਲ ਸਟਾਫ਼ ਸਨ। ਉਹ ਕਿਹਾ ਕਰਦੇ ਸਨ ਕਿ ਲੇਡੀ ਡਾਕਟਰ ਹੋਣੀ ਚਾਹੀਦੀ ਹੈ, ਫਿਰ ਹੀ ਔਰਤਾਂ ਆਉਣਗੀਆਂ। ਮੈਂ ਬਣ ਗਈ," ਡਾਕਟਰ ਯਾਸਮੀਨ ਕਹਿੰਦੀ ਹਨ," ਅਤੇ ਸਾਨੂੰ ਇੱਥੇ ਹੋਰ ਵੀ ਲੇਡੀ ਡਾਕਟਰਾਂ ਦੀ ਲੋੜ ਹੈ।"
ਪਾਰੀ ਅਤੇ ਕਾਊਂਟਮੀਡਿਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਾਸ਼ਟਰ ਵਿਆਪੀ ਰਿਪੋਰਟਿੰਗ ਦੀ ਪਰਿਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਸਮਰਥਤ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਉਨ੍ਹਾਂ ਦੇ ਜੀਵਨ ਤਜ਼ਰਬਿਾਂ ਦੇ ਜ਼ਰੀਏ ਇਨ੍ਹਾਂ ਅਹਿਮ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਕ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਨੂੰ ਲਿਖੋ ਅਤੇ ਉਹਦੀ ਇੱਕ ਕਾਪੀ namita@ruralindiaonline.org ਨੂੰ ਭੇਜ ਦਿਓ
ਤਰਜਮਾ : ਕਮਲਜੀਤ ਕੌਰ