ਐੱਮ. ਕਰੂਪਿਆਹ ਕੋਂਬੂ ਵਜਾਉਂਦੇ ਵਜਾਉਂਦੇ ਹੀ ਮਰਨਾ ਲੋਚਦੇ ਹਨ। ਖੈਰ, ਹਵਾ ਸਹਾਰੇ ਵੱਜਣ ਵਾਲ਼ਾ ਇਹ ਸਾਜ, ਇਤਿਹਾਸਕ ਰੂਪ ਨਾਲ਼ ਯੁੱਧ ਦੇ ਮੈਦਾਨਾਂ ਵਿੱਚ ਲੜਾਈ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਵਜਾਇਆ ਜਾਂਦਾ ਸੀ। ਭਾਵ ਕਿ ਜਾਨ ਵਾਰ ਸੁੱਟਣ ਵਾਲ਼ਾ ਇੱਕ ਸੰਗੀਤ। ਪਰ, ਪਿੱਤਲ ਜਾਂ ਕਾਂਸੇ ਤੋਂ ਬਣੇ ਹਾਥੀ ਦੀ ਸੁੰਡ ਦੇ ਅਕਾਰ ਦੇ ਇਸ ਸਿੰਙਨੁਮਾ ਸਾਜ਼ ਨੂੰ ਵਜਾਉਂਦੇ-ਵਜਾਉਂਦੇ ਇਸ ਦੁਨੀਆ ਤੋਂ ਵਿਦਾ ਹੋਣ ਦੀ ਕਰੂਪਿਆਹ ਦੀ ਚਾਹਤ ਮਗਰ ਇਹੀ ਕਾਰਨ ਨਹੀਂ ਹੈ।
49 ਸਾਲਾ ਕਰੂਪਿਆਹ ਲਈ ਕੋਂਬੂ ਕਲਾ ਦਾ ਬੇਹਤਰੀਨ ਨਮੂਨਾ ਹੈ। ਉਹ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਕਲਾਕਾਰ ਹਨ ਅਤੇ ਉਹ ਆਪਣੇ ਇਸ ਸਾਜ਼ ਨਾਲ਼ ਉਸ ਆਟੋਰਿਕਸ਼ਾ ਦੇ ਮੁਕਾਬਲੇ ਵੱਧ ਲਗਾਓ ਮਹਿਸੂਸ ਕਰਦੇ ਹਨ ਜਿਹਨੂੰ ਉਹ ਮਦੁਰਾਈ ਸਥਿਤ ਆਪਣੇ ਪਿੰਡ ਵਿੱਚ ਟੱਬਰ ਪਾਲਣ ਲਈ ਚਲਾਉਣ ਨੂੰ ਮਜ਼ਬੂਰ ਹਨ।
ਕਰੂਪਿਆਹ ਕਹਿੰਦੇ ਹਨ ਕਿ ਕਰੀਬ ਤਿੰਨ ਦਹਾਕੇ ਪਹਿਲਾਂ ਤੀਕਰ, ਇਹ ਕਲਾ ਆਪਣੀ ''ਟੀਸੀ'' 'ਤੇ ਸੀ। ਉਨ੍ਹਾਂ ਨੂੰ ਯਾਦ ਹੈ ਕਿ ਸਾਲ 1991 ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਜੈ. ਜੈਲਲਿਤਾ ਦੇ ਸਾਹਮਣੇ ਕੋਂਬੂ ਵਜਾਇਆ ਸੀ। ''ਉਹ ਇਸ ਸਾਜ ਤੋਂ ਇੰਨੀ ਪ੍ਰਭਾਵਤ ਹੋਈ ਕਿ ਸਾਨੂੰ ਦੋਬਾਰਾ ਵਜਾਉਣ ਲਈ ਕਿਹਾ!''
ਪਰ ਉਨ੍ਹੀਂ ਦਿਨੀਂ, ਥਿਰੂਪਰਾਂਕੁੰਦਰਮ ਬਲਾਕ ਵਿੱਚ ਪੈਂਦੇ ਪਿੰਡ ਮੇਲਕੁਯਿਲਕੁਰੀ ਵਿੱਚ ਕੋਂਬੂ ਵਜਾਉਣ ਵਾਲ਼ੇ ਉਨ੍ਹਾਂ ਜਿਹੇ ਦੂਸਰੇ ਕਲਾਕਾਰਾਂ ਲਈ ਕੰਮ ਮਿਲ਼ਣਾ ਮੁਸ਼ਕਲ ਹੋ ਗਿਆ ਹੈ। ਸੰਗੀਤ ਦੇ ਇਸ ਮਿੱਠੇ ਰੂਪ, ਜਿਹਦੀ ਹਾਲਤ ਹੁਣ ਖ਼ਰਾਬ ਹੈ ਤੇ ਜਿਹਦੀ ਥਾਂ ਪਹਿਲਾਂ ਹੀ ਪੌਪ ਸਭਿਆਚਾਰ ਦੁਆਰਾ ਲਈ ਜਾ ਰਹੀ ਹੈ, ਨੇ ਮਾਰਚ 2020 ਵਿੱਚ ਕੋਵਿਡ ਤਾਲਾਬੰਦੀ ਤੋਂ ਬਾਅਦ ਬਹੁਤ ਕੁਝ ਝੱਲਿਆ ਹੈ। ਕਲਾਕਾਰਾਂ ਕੋਲ਼ ਨਾ ਕੰਮ ਹੈ ਅਤੇ ਨਾ ਹੀ ਪੈਸੇ।
ਜਦੋਂ ਕਰੂਪਿਆਹ ਨੂੰ ਮੰਦਰਾਂ, ਜਨਤਕ ਸਮਾਗਮਾਂ ਜਾਂ ਅੰਤਮ ਸਸਕਾਰਾਂ ਵਿੱਚ ਕੋਂਬੂ ਵਜਾਉਣ ਦਾ ਕੰਮ ਮਿਲ਼ਦਾ ਤਾਂ ਉਨ੍ਹਾਂ ਨੂੰ ਇੱਕ ਪੇਸ਼ਕਾਰੀ ਬਦਲੇ 700-1000 ਰੁਪਏ ਮਿਲ਼ਦੇ। ਉਹ ਦੱਸਦੇ ਹਨ,''ਬੀਤੇ ਸਾਲ ਤੋਂ, ਤਾਲਾਬਾੰਦੀ ਦੇ ਕਾਰਨ ਅਸੀਂ ਅਲਗਰ ਕੋਇਲ ਥਿਰੂਵਿਜ਼੍ਹਾ ਵਿੱਚ ਇੱਕ ਵੀ ਪੇਸ਼ਕਾਰੀ ਨਹੀਂ ਕਰ ਪਾਏ ਹਾਂ। ਉਸ ਦੌਰਾਨ ਸਾਨੂੰ ਅੱਠ ਦਿਨ ਦਾ ਕੰਮ ਮਿਲ਼ਦਾ ਸੀ।''
ਕੋਂਬੂ ਵਜਾਉਣ ਵਾਲ਼ੇ ਕਲਾਕਾਰ ਸਲਾਨਾ (ਅਪ੍ਰੈਲ-ਮਈ ਵਿੱਚ) ਪੇਸ਼ਕਾਰੀ ਕਰਦੇ ਹਨ, ਜਿਸ ਸਮੇਂ ਲੱਖਾਂ ਭਗਤ ਮਦੁਰਾਈ ਸ਼ਹਿਰ ਤੋਂ 20 ਕਿਲੋਮੀਟਰ ਦੂਰ ਅਲਗਰ ਕੋਇਲ ਮੰਦਰ ਵਿੱਚ ਇਕੱਠੇ ਹੁੰਦੇ ਹਨ।
''ਹਰ ਕੋਈ ਕੋਂਬੂ ਨਹੀਂ ਵਜਾ ਸਕਦਾ। ਇਸ ਵਾਸਤੇ ਬਹੁਤ ਹੁਨਰ ਦੀ ਲੋੜ ਹੁੰਦੀ ਹੈ,'' ਆਰ. ਕਾਲੀਸਵਰਨ ਕਹਿੰਦੇ ਹਨ, ਜੋ ਚੇਨਈ ਦੇ ਇੱਕ ਸੰਗਠਨ ਅਲਟਰਨੇਟਿਵ ਮੀਡਿਆ ਸੈਂਟਰ (ਏਐੱਮਸੀ) ਦੇ ਮੋਢੀ ਅਤੇ ਲੋਕ ਕਲਾਕਾਰਾਂ ਅਤੇ ਕਲਾਵਾਂ ਨੂੰ ਹੱਲ੍ਹਾਸ਼ੇਰੀ ਦਿੰਦੇ ਹਨ। ਇਹ ਸਾਜ਼ ਕਿਸੇ ਸਮਾਗਮ ਦੀ ਪਹਿਲਾਂ ਸ਼ੁਰੂਆਤ ਵਿੱਚ ਵਜਾਇਆ ਜਾਂਦਾ ਹੈ ਅਤੇ ਫਿਰ ਅੱਧ ਵਿਚਾਲ਼ੇ ਪਰ ਇਹਨੂੰ ਨਿਰੰਤਰ ਨਹੀਂ ਵਜਾਇਆ ਜਾਂਦਾ। ਇਸਲਈ, ਕਲਾਕਾਰ ਆਮ ਤੌਰ 'ਤੇ 15 ਮਿੰਟ ਲਈ ਵਜਾਉਂਦੇ ਹਨ, ਪੰਜ ਮਿੰਟ ਅਰਾਮ ਕਰਦੇ ਹਨ ਅਤੇ ਇਹਦੇ ਬਾਅਦ ਫਿਰ 15 ਮਿੰਟ ਲਈ ਵਜਾਉਂਦੇ ਹਨ। ''ਆਮ ਤੌਰ 'ਤੇ, ਕਲਾਕਾਰ ਬਹੁਤ ਡੂੰਘਾ ਸਾਹ ਖਿੱਚਦੇ ਹਨ ਅਤੇ ਇਸ ਲੰਬੇ ਖਿੱਚੇ ਸਾਹ ਨੂੰ ਕੋਂਬੂ ਵਿੱਚ ਜ਼ੋਰ ਨਾਲ਼ ਛੱਡਦੇ ਹਨ।'' ਸਾਹ ਖਿੱਚਣ-ਛੱਡਣ ਦੀ ਇਹੀ ਮੁਹਾਰਤ ਉਨ੍ਹਾਂ ਦੇ ਲੰਬੀ ਜਿੰਦਗੀ ਦਾ ਰਾਜ ਹੈ, ਕਾਲੀਸਵਰਨ ਦੱਸਦੇ ਹਨ ਕਿ ਕਰੀਬ 100 ਸਾਲ ਦੀ ਉਮਰ ਦੇ ਕਲਾਕਾਰ ਅਜੇ ਵੀ ਜ਼ਿੰਦਾ ਹਨ।


ਖੱਬੇ : ਐੱਮ ਕਰੂਪਿਆਹ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਕੋਂਬੂ ਕਲਾਕਾਰ ਹਨ। ਸੱਜੇ : ਕੇ. ਪੇਰਿਆਸਾਮੀ ਮੇਲਕੁਯਿਲਕੁਰੀ ਵਿੱਚ ਕਲਾਕਾਰਾਂ ਦੇ ਸਮੂਹ ਦੇ ਆਗੂ ਹਨ
65 ਸਾਲਾ ਕੇ. ਪੇਰਿਆਸਾਮੀ ਮੇਲਕੁਯਿਲਕੁਰੀ ਵਿੱਚ ਕਲਾਕਾਰਾਂ ਦੇ ਸਮੂਹ, ਕੋਂਬੂ ਕਲਈ ਕੁਝੂ ਦੇ ਪ੍ਰਮੁਖ ਹਨ। ਉਹ ਸਿਰਫ਼ ਕੋਂਬੂ ਵਜਾਉਣਾ ਜਾਣਦੇ ਹਨ। ਉਨ੍ਹਾਂ ਨੇ ਕਈ ਦੂਸਰੇ ਲੋਕਾਂ ਨੂੰ ਵੀ ਕੋਂਬੂ ਸਿਖਾਇਆ ਹੈ ਅਤੇ ਕਲਾਕਾਰਾਂ ਦੇ ਮੌਜੂਦਾ ਦਸਤੇ ਵਿੱਚੋਂ ਬਹੁਤੇਰੇ 30 ਤੋਂ 65 ਸਾਲ ਦੀ ਉਮਰ ਦੇ ਪੁਰਸ਼ ਹਨ। ਪੇਰਿਆਸਾਮੀ ਕਹਿੰਦੇ ਹਨ,''ਸਾਨੂੰ ਕੋਈ ਦੂਸਰਾ ਕੰਮ ਨਹੀਂ ਮਿਲ਼ ਰਿਹਾ ਹੈ। ਸਾਡੇ ਕੋਲ਼ ਰਾਸ਼ਨ ਦੇ ਨਾਂਅ 'ਤੇ ਸਿਰਫ਼ ਅਰਿਸੀ (ਚੌਲ਼) ਹੀ ਮਿਲ਼ਦੇ ਹਨ, ਅਤੇ ਉਹ ਵੀ ਘਟੀਆ ਕਿਸਮ ਦੇ ਹੁੰਦੇ ਹਨ। ਦੱਸੋ ਅਸੀਂ ਕਿਵੇਂ ਬਚਾਂਗੇ?''
ਘਰ ਦੀ ਹਰੇਕ ਕੀਮਤੀ ਸ਼ੈਅ- ਸਟੀਲ ਦਾ ਭਾਂਡਾ, ਚੌਲ਼ਾਂ ਲਈ ਪਿੱਤਲ ਦਾ ਭਾਂਡਾ, ਉਨ੍ਹਾਂ ਦੀ ਪਤਨੀ ਦੀ ਥਾਲੀ (ਜੋ ਦੁਲਹਨ ਦਾ ਗਹਿਣਾ ਮੰਨਿਆ ਜਾਂਦਾ ਹੈ) ਗਹਿਣੇ ਰੱਖ ਦਿੱਤੀ ਗਈ ਹੈ। ਪੇਰਿਆਸਾਮੀ ਹਊਕਾ ਭਰਦਿਆਂ ਕਹਿੰਦੇ ਹਨ,''ਹੁਣ ਸਾਡੇ ਕੋਲ਼ ਸਿਰਫ਼ ਪਾਣੀ ਲਿਆਉਣ ਲਈ ਪਲਾਸਟਿਕ ਦੇ ਭਾਂਡੇ ਹੀ ਬਚੇ ਹਨ।'' ਪਰ ਉਨ੍ਹਾਂ ਦੀ ਚਿੰਤਾ ਕਲਾ ਦੇ ਵਜੂਦ ਨੂੰ ਲੈ ਕੇ ਵੀ ਬਣੀ ਹੋਈ- ਕੀ ਸਰਕਾਰ ਕਲਾ ਅਤੇ ਕਲਾਕਾਰਾਂ ਲਈ ਕੁਝ ਕਰੇਗੀ? ਜੇ ਨਹੀਂ ਤਾਂ ਕੀ ਕੋਂਬੂ ਦੀ ਇਹ ਕਲਾ ਉਨ੍ਹਾਂ ਦੇ ਨਾਲ਼ ਹੀ ਮੁੱਕ ਜਾਵੇਗੀ?
ਮੇਲਕੁਯਿਲਕੁਰੀ ਦੇ ਕਰੀਬ 20 ਕੋਂਬੂ -ਵਾਦਕਾਂ ਦੇ ਕੋਲ਼ 15 ਸਾਜ ਹਨ। ਇਹ ਸਿੰਙਨੁਮਾ ਸਾਜ ਕਰੀਬ 40 ਸਾਲਾਂ ਤੋਂ ਇਸ ਭਾਈਚਾਰੇ ਦੇ ਨਾਲ਼ ਹੈ। ਵਿਰਾਸਤ ਵਿੱਚ ਮਿਲ਼ੇ ਪੁਰਾਣੇ ਕੋਂਬੂ ਦੁਆਲੇ ਬੜੇ ਧਿਆਨ ਦੇ ਨਾਲ਼ ਇੰਸੁਲੇਸ਼ਨ ਟੇਪ ਨੂੰ ਵਲ੍ਹੇਟਿਆ ਜਾਂਦਾ ਹੈ। ਮਾੜੇ ਸਮੇਂ ਵੇਲ਼ੇ ਕਲਾਕਾਰ ਆਪਣੇ ਕੋਂਬੂ ਜਾਂ ਵੇਚ ਦਿੰਦੇ ਹਨ ਜਾਂ ਗਹਿਣੇ ਰੱਖ ਦਿੰਦੇ ਹਨ। ਨਵੇਂ ਸਾਜ਼ ਮਹਿੰਗੇ ਹਨ, ਜਿਨ੍ਹਾਂ ਦੀ ਕੀਮਤ 20,000 ਤੋਂ 25,000 ਰੁਪਏ ਪੈਂਦੀ ਹੈ ਅਤੇ ਉਹ ਸਿਰਫ਼ 250 ਕਿਲੋਮੀਟਰ ਦੂਰ ਕੁੰਭਕੋਣਮ ਵਿੱਚ ਹੀ ਮਿਲ਼ਦੇ ਹਨ।
ਆਪਣੀ ਉਮਰ ਦੇ 30 ਸਾਲ ਪਾਰ ਕਰ ਚੁੱਕੇ, ਪੀ.ਮਾਗਰਾਜ ਅਤੇ ਜੀ. ਪਾਲਪਾਂਡੀ ਉਦੋਂ ਤੋਂ ਕੋਂਬੂ ਵਜਾਉਂਦੇ ਆ ਰਹੇ ਹਨ ਜਦੋਂ ਉਹ 10 ਸਾਲਾਂ ਦੇ ਵੀ ਨਹੀਂ ਹੋਏ ਸਨ। ਉਹ ਦੋਵੇਂ ਇਸ ਕਲਾ ਦੇ ਨਾਲ਼ ਨਾਲ ਵੱਡੇ ਹੋਏ ਅਤੇ ਇਹਦੇ ਨਾਲ਼-ਨਾਲ਼ ਉਨ੍ਹਾਂ ਨੂੰ ਮਿਲ਼ਣ ਵਾਲ਼ਾ ਮਿਹਨਤਾਨਾ ਵੀ ਵੱਧਦਾ ਗਿਆ। ਮਾਗਰਾਜਨ ਕਹਿੰਦੇ ਹਨ,''ਜਦੋਂ ਮੈਂ 10 ਸਾਲ ਦਾ ਸਾਂ ਤਾਂ ਮੈਨੂੰ ਕੋਂਬੂ ਵਜਾਉਣ ਲਈ 50 ਰੁਪਏ ਮਿਲ਼ਦੇ ਸਨ ਅਤੇ ਮੈਂ ਰੋਮਾਂਚਿਤ ਹੋ ਉੱਠਦਾ। ਹੁਣ ਮੈਨੂੰ 700 ਰੁਪਏ ਮਿਲ਼ਦੇ ਹਨ।''
ਪਾਲਪਾਂਡੀ ਨੂੰ ਰਾਜਮਿਸਤਰੀ ਦੇ ਕੰਮ ਬਦਲੇ 700 ਰੁਪਏ ਦਿਹਾੜੀ ਮਿਲ਼ਦੀ ਹੈ। ਕਮਾਈ ਨਿਯਮਤ ਹੈ ਅਤੇ ਕੰਮ ਵੀ ਮਿਲ਼ਦਾ ਹੀ ਰਹਿੰਦਾ ਹੈ। ਪਰ, ਉਨ੍ਹਾਂ ਨੂੰ ਕੋਂਬੂ ਨਾਲ਼ ਪ੍ਰੇਮ ਹੈ। ਇਹ ਉਨ੍ਹਾਂ ਨੇ ਆਪਣੇ ਦਾਦਾ ਜੀ ਪਾਸੋਂ ਸਿੱਖਿਆ ਸੀ। ਉਹ ਕਹਿੰਦੇ ਹਨ,''ਜਦੋਂ ਤੱਕ ਥਾਥਾ (ਦਾਦਾ) ਜਿਊਂਦੇ ਸਨ, ਓਦੋਂ ਤੱਕ ਮੈਨੂੰ ਇਸ ਕਲਾ ਦੀ ਮਹੱਤਤਾ ਬਾਰੇ ਪਤਾ ਨਹੀਂ ਸੀ।'' ਤਾਲਾਬੰਦੀ ਉਨ੍ਹਾਂ ਲਈ ਦੂਹਰੀ ਮਾਰ ਲੈ ਕੇ ਆਈ। ਨਿਰਮਾਣ ਕਾਰਜ ਬੰਦ ਹਨ ਅਤੇ ਕੋਂਬੂ ਵਜਾਉਣ ਦਾ ਕੰਮ ਵੀ ਠੱਪ ਹੈ। ਉਹ ਕਹਿੰਦੇ ਹਨ,''ਮੈਂ ਮਦਦ ਦੀ ਉਡੀਕ ਕਰ ਰਿਹਾ ਹਾਂ।''
ਕਰੂਪਿਆਹ ਕਹਿੰਦੇ ਹਨ,''ਕਾਲੀਸ਼ਵਰਨ ਪਾਸੋਂ ਮਦਦ ਮਿਲ਼ੀ।'' ਮਈ ਵਿੱਚ ਜਦੋਂ ਤਮਿਲਨਾਡੂ ਵਿੱਚ ਤਾਲਾਬੰਦੀ ਹੋਈ ਤਾਂ ਕਾਲੀਸ਼ਵਰਨ ਦੀ ਸੰਸਥਾ ਏਐੱਮਸੀ ਨੇ ਹਰ ਕਲਾਕਾਰ ਪਰਿਵਾਰ ਨੂੰ 10 ਕਿੱਲੋ ਚੌਲ਼ ਦਿੱਤੇ। ਚਾਰ ਧੀਆਂ ਅਤੇ ਇੱਕ ਪੁੱਤ ਦੇ ਨਾਲ਼ ਕਰੂਪਿਆਹ ਦਾ ਟੱਬਰ ਵੱਡਾ ਹੈ। ਪਰ ਉਹ ਜਿਵੇਂ-ਕਿਵੇਂ ਸੰਭਾਲ਼ ਲੈਣਗੇ, ਉਹ ਕਹਿੰਦੇ ਹਨ। ''ਅਸੀਂ ਤਾਂ ਖੇਤਾਂ ਵਿੱਚੋਂ ਕੁਝ ਸਬਜੀਆਂ ਲੈ ਸਕਦੇ ਹਾਂ। ਸ਼ਾਇਦ ਬੈਂਗਣ ਤੇ ਪਿਆਜ਼ ਵਗੈਰਾ। ਪਰ ਸ਼ਹਿਰਾਂ ਦੇ ਲੋਕ ਕੀ ਕਰਨਗੇ?''

ਕੋਂਬੂ ਕਲਈ ਕੁਝੂ ਦੇ ਕਲਾਕਾਰ, ਮੇਲਕੁਯਿਲਕੁਰੀ ਵਿੱਚ ਕੋਂਬੂ ਕਲਾਕਾਰਾਂ ਦੇ ਸਮੂਹ ਅਤੇ ਪਰਿਵਾਰ ਦੇ ਕੁਝ ਮੈਂਬਰ

ਕੇ. ਪੇਰਿਆਸਾਮੀ ਆਪਣੇ ਪੋਤੇ-ਪੋਤੀਆਂ ਦੇ ਨਾਲ਼। ਉਨ੍ਹਾਂ ਨੇ ਕਈ ਲੋਕਾਂ ਨੂੰ ਇਹ ਰਵਾਇਤੀ ਸਾਜ਼ ਕੋਂਬੂ ਵਜਾਉਣਾ ਸਿਖਾਇਆ ਹੈ

ਜੀ. ਪਾਲਪਾਂਡੀ ਨੂੰ ਕੋਂਬੂ ਨਾਲ਼ ਪ੍ਰੇਮ ਹੈ, ਜਿਹਨੂੰ ਉਨ੍ਹਾਂ ਨੇ ਆਪਣੇ ਦਾਦਾ ਜੀ ਪਾਸੋਂ ਵਜਾਉਣਾ ਸਿੱਖਿਆ ਸ

10 ਸਾਲਾ ਸਤੀਸ਼ (ਖੱਬੇ) ਅਤੇ 17 ਸਾਲਾ ਕੇ. ਅਰੂਸਾਮੀ (ਸੱਜੇ) ਮੇਲਕੁਯਿਲਕੁਰੀ ਵਿੱਚ ਕੋਂਬੂ ਕਲਾਕਾਰਾਂ ਦੀ ਅਗਲੀ ਪੀੜ੍ਹੀ ਦੇ ਕਲਾਕਾਰ ਹਨ। ਉਹ ਇਹ ਸਾਜ਼ ਨੂੰ ਵਜਾਉਂਦੇ ਰਹਿਣ ਦੇ ਇਛੁੱਕ ਹਨ

ਖੱਬੇ : 55 ਸਾਲਾ ਏ. ਮਲਾਰ ਸਾਲ 1991 ਦਾ ਉਹ ਸਮਾਂ ਚੇਤੇ ਕਰਦੇ ਹਨ ਜਦੋਂ ਉਨ੍ਹਾਂ ਨੂੰ ਕੋਂਬੂ ਵਜਾਉਣ ਲਈ ਹਰ ਦਿਨ 100 ਰੁਪਏ ਮਿਲ਼ਦੇ ਸਨ। ਹੁਣ ਉਨ੍ਹਾਂ ਨੂੰ 800-1000 ਰੁਪਏ ਮਿਲ਼ਦੇ ਹਨ। ਸੱਜੇ : ਐੱਮ. ਕਰੂਪਿਆਹ ਕਹਿੰਦੇ ਹਨ ਕਿ ਉਨ੍ਹਾਂ ਦੇ ਕੋਲ਼ ਹੁਣ ਘਰ ਚਲਾਉਣ ਲਾਇਕ ਕਾਫੀ ਕੰਮ ਨਹੀਂ ਹੈ

35 ਸਾਲਾ ਪੀ. ਮਾਗਰਾਜਨ ਨੇ ਸੱਤ ਸਾਲ ਦੀ ਉਮਰ ਵਿੱਚ ਕੋਂਬੂ ਵਜਾਉਣਾ ਸ਼ੁਰੂ ਕਰ ਦਿੱਤਾ

57 ਸਾਲਾ ਪੀ. ਅੰਡੀ ਮੇਲਕੁਯਿਲਕੁਰੀ ਵਿੱਚ ਬੱਚਿਆਂ ਨੂੰ ਕੋਂਬੂ ਵਜਾਉਣਾ ਸਿਖਾਉਂਦੇ ਹਨ

ਖੱਬੇ ਤੋਂ ਸੱਜੇ : ਪੀ. ਅੰਡੀ, ਪੀ. ਮਾਗਰਾਜਨ, ਇੱਕ ਹੋਰ ਕੋਂਬੂ -ਵਾਦਕ (ਨਾਮ ਪਤਾ ਨਹੀਂ) ਅਤੇ ਕੇ. ਪੇਰਿਆਸਾਮੀ, ਆਪੋ-ਆਪਣੇ ਸਾਜਾਂ ਦੇ ਨਾਲ਼। ਅੰਗੇਰਜੀ ਵਿੱਚ ਅੱਖਰ ਐੱਸ ਦੇ ਆਕਾਰ ਦਾ ਸਿੰਙਨੁਮਾ ਇਹ ਸਾਜ ਪਿੱਤਲ ਜਾਂ ਕਾਂਸੇ ਤੋਂ ਬਣਿਆ ਹੁੰਦਾ ਹੈ
ਇਸ ਸਟੋਰੀ ਦਾ ਟੈਕਸ ਅਰਪਨਾ ਕਾਰਤਿਕੇਯਨ ਨੇ ਰਿਪੋਰਟ ਦੀ ਮਦਦ ਦੇ ਨਾਲ਼ ਲਿਖਿਆ ਹੈ।
ਤਰਜਮਾ: ਕਮਲਜੀਤ ਕੌਰ