ਪੂਨਮ ਆਪਣੀ ਧੀ ਰਾਣੀ ਦੇ ਵਾਲ਼ਾਂ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹਨ, ਤੇਲ਼ ਲਾਉਂਦੀ ਅਤੇ ਕੱਸ ਕੇ ਦੋ ਗੁੱਤਾਂ ਗੁੰਦ ਦਿੰਦੀ ਹਨ। ਪਰ ਇਸ ਤੋਂ ਪਹਿਲਾਂ ਕੇ ਉਹ ਗੁੱਤਾਂ ਨੂੰ ਰਬੜ ਨਾਲ਼ ਬੰਨ੍ਹ ਪਾਉਂਦੀ, ਬੱਚੀ ਨੇ ਟਪੂਸੀ ਮਾਰੀ ਅਤੇ ਆਪਣੇ ਭੈਣ-ਭਰਾਵਾਂ ਤੇ ਸਹੇਲੀਆਂ ਨਾਲ਼ ਖੇਡਣ ਵਾਸਤੇ ਬਾਹਰ ਵਿਹੜੇ ਵਿੱਚ ਚਲੀ ਗਈ। '' ਦੋਸਤ ਸਬ ਕੇ ਅਭੀਤਾਈ, ਏ ਸਬ ਸਾਂਝ ਹੋਇਤੇ ਘੌਰ ਸੇ ਭਾਗ ਜਾਈ ਚਾਈ ਖੇਲਾ ਲੇਲ (ਸ਼ਾਮੀਂ ਜਦੋਂ ਹੀ ਉਨ੍ਹਾਂ ਦੇ ਦੋਸਤ ਮਿੱਤਰ ਆਉਂਦੇ ਹਨ, ਉਹ ਸਾਰੇ ਖੇਡਣ ਲਈ ਬਾਹਰ ਚਲੇ ਜਾਂਦੇ ਹਨ) '' , ਰਾਤ ਦੀ ਰੋਟੀ ਦੀ ਤਿਆਰੀ ਵਿੱਚ ਰੁੱਝੀ ਪੂਨਮ ਦੇਵੀ ਕਹਿੰਦੀ ਹਨ। ਰਾਣੀ ਉਨ੍ਹਾਂ ਦੀ ਅੱਠ-ਸਾਲਾ ਧੀ ਹੈ ਅਤੇ ਦੂਸਰੀ ਧੀ ਹੈ।
ਪੂਨਮ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਨ੍ਹਾਂ ਦਾ ਬੇਟਾ ਚਾਰੋ ਬੱਚਿਆਂ ਵਿੱਚ ਸਭ ਤੋਂ ਛੋਟਾ ਹੈ ਅਤੇ ਸਿਰਫ਼ ਉਸੇ ਦਾ ਹੀ ਜਨਮ ਸਰਟੀਫਿਕੇਟ ਪੂਨਮ ਕੋਲ਼ ਹੈ। '' ਹਮਰਾ ਲਾਗ ਮੇਂ ਇਤੇ ਪਾਈ ਰਹੀਤੇ ਤਾ ਬਨਵਾਈ ਲੇਤੇ ਸਬਕੇ (ਜੇ ਮੇਰੇ ਕੋਲ਼ ਪੈਸੇ ਹੁੰਦੇ, ਤਾਂ ਮੈਂ ਆਪਣੀਆਂ ਧੀਆਂ ਦੇ ਵੀ ਸਰਟੀਫਿਕੇਟ ਜ਼ਰੂਰ ਬਣਵਾ ਲੈਂਦੀ),'' ਉਹ ਕਹਿੰਦੀ ਹਨ। ਉਨ੍ਹਾਂ ਦਾ ਘਰ ਕੱਚਾ ਹੈ ਅਤੇ ਬਾਂਸ ਦੀਆਂ ਸੋਟੀਆਂ ਦੇ ਨਾਲ਼ ਘਰ ਦੀ ਆਰਜੀ ਚਾਰ-ਦਿਵਾਰੀ ਉਸਾਰੀ ਗਈ ਹੈ, ਬਿਹਾਰ ਅੰਦਰ ਇੰਝ ਹੀ ਹੁੰਦਾ ਹੈ। ਪੂਨਮ ਦੇ ਪਤੀ 38 ਸਾਲਾ ਮਨੋਜ ਇੱਕ ਦਿਹਾੜੀ ਮਜ਼ਦੂਰ ਹਨ, ਵਿਆਹ ਤੋਂ ਬਾਅਦ ਉਹ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਬੇਨੀਪੱਟੀ ਬਲਾਕ ਦੇ ਇਕਤਾਰਾ ਪਿੰਡ ਵਿੱਚ ਰਹਿੰਦੀ ਹਨ। ਮਨੋਜ ਮਹੀਨੇ ਦੇ ਕਰੀਬ 6,000 ਰੁਪਏ ਕਮਾ ਲੈਂਦੇ ਹਨ।
''ਹੁਣ ਮੇਰੀ ਉਮਰ 25 ਸਾਲ ਅਤੇ ਕੁਝ ਮਹੀਨੇ ਹੈ,'' ਪੂਨਮ (ਸਟੋਰੀ ਅੰਦਰਲੇ ਸਾਰੇ ਨਾਮ ਬਦਲ ਦਿੱਤੇ ਗਏ ਹਨ) ਕਹਿੰਦੀ ਹਨ। ''ਮੇਰਾ ਅਧਾਰ ਕਾਰਡ ਮੇਰੇ ਪਤੀ ਕੋਲ਼ ਹੈ ਅਤੇ ਉਹ ਇਸ ਵੇਲ਼ੇ ਘਰ ਨਹੀਂ ਹੈ। ਮੈਨੂੰ ਸਹੀ ਸਹੀ ਚੇਤਾ ਹੀ ਨਹੀਂ ਕਿ ਵਿਆਹ ਵੇਲ਼ੇ ਮੈਂ ਕਿੰਨੇ ਸਾਲਾਂ ਦੀ ਸਾਂ।'' ਜੇ ਉਹ ਹੁਣ 25 ਸਾਲਾਂ ਦੀ ਹਨ ਤਾਂ ਸੰਭਾਵਨਾ ਹੈ ਕਿ ਵਿਆਹ ਵੇਲ਼ੇ ਉਹ 14 ਸਾਲਾਂ ਦੀ ਰਹੀ ਹੋਵੇਗੀ।
ਪੂਨਮ ਦੇ ਸਾਰੇ ਬੱਚੇ ਘਰੇ ਹੀ ਪੈਦਾ ਹੋਏ। ''ਹਰ ਵਾਰੀਂ ਦਾਈ (ਰਵਾਇਤੀ ਤੌਰ 'ਤੇ ਬੱਚੇ ਜਮਾਉਣ ਵਾਲ਼ੀ) ਨੇ ਪੂਨਮ ਦੀ ਮਦਦ ਕੀਤੀ। ਅਸੀਂ ਸਿਰਫ਼ ਉਦੋਂ ਹੀ ਹਸਪਤਾਲ ਜਾਂਦੇ ਹਾਂ ਜਦੋਂ ਸਾਨੂੰ ਹਾਲਾਤ ਗੰਭੀਰ ਜਾਪਣ,'' 57 ਸਾਲਾ ਸ਼ਾਂਤੀ ਦੇਵੀ ਕਹਿੰਦੀ ਹਨ ਜੋ ਮਨੋਜ ਦੀ ਚਾਚੀ ਹਨ। ਉਹ ਉਸੇ ਮੁਹੱਲੇ ਵਿੱਚ ਪੂਨਮ ਦੇ ਨਾਲ਼ ਦੇ ਘਰ ਵਿੱਚ ਰਹਿੰਦੀ ਹਨ ਅਤੇ ਪੂਨਮ ਨੂੰ ਆਪਣੀ ਨੂੰਹ ਮੰਨਦੀ ਹਨ।
''ਸਾਡੇ ਸਾਰਿਆਂ ਵਾਂਗਰ, ਪੂਨਮ ਵੀ ਨਹੀਂ ਜਾਣਦੀ ਸਨ ਕਿ ਜਨਮ ਸਰਟੀਫਿਕੇਟ ਲੈਣ ਦਾ ਤਰੀਕਾ ਕੀ ਹੈ,'' ਸ਼ਾਂਤੀ ਦੇਵੀ ਕਹਿੰਦੀ ਹਨ। ''ਇਹਨੂੰ ਬਣਵਾਉਣ ਵਾਸਤੇ, ਜਿਲ੍ਹਾ ਹਸਪਤਾਲ ਜਾਣਾ ਪੈਂਦਾ ਹੈ ਅਤੇ ਉੱਥੇ ਕੁਝ ਪੈਸੇ ਦੇਣੇ ਪੈਂਦੇ ਹਨ। ਪਰ ਮੈਂ ਨਹੀਂ ਜਾਣਦੀ ਕਿੰਨੇ ਪੈਸੇ।''
ਇੱਕ ਜਨਮ ਸਰਟੀਫਿਕੇਟ ਬਦਲੇ ਕਿੰਨੇ ਪੈਸੇ ?
'' ਤੱਖਣ ਕੀ (ਬੇਸ਼ੱਕ)! ਉਹ ਇੱਥੇ ਮੁਫ਼ਤ ਵਿੱਚ ਸਰਟੀਫਿਕੇਟ ਨਹੀਂ ਦਿੰਦੇ। ਕੀ ਉਹ ਬਾਕੀ ਥਾਵੇਂ ਵੀ ਇੰਝ ਹੀ ਕਰਦੇ ਹਨ?'' 'ਉਹ' ਕਹਿਣ ਤੋਂ ਪੂਨਮ ਦਾ ਮਤਲਬ ਆਸ਼ਾ ਵਰਕਰ ਅਤੇ ਹਸਪਤਾਲ ਸਟਾਫ਼ ਤੋਂ ਹੈ। '' ਪਾਈ ਲੇ ਛਾਈ, ਓਹੀ ਦੁਆਰਾ ਨਈ ਬਨਬਾਈ ਛਾਇਏ (ਉਹ ਸਾਰੇ ਪੈਸੇ ਭਾਲ਼ਦੇ ਹਨ, ਬੱਸ ਇਸੇ ਕਾਰਨ ਕਰਕੇ ਅਸੀਂ ਆਪਣੀਆਂ ਕੁੜੀਆਂ ਦੇ ਸਰਟੀਫਿਕੇਟ ਨਹੀਂ ਲੈ ਸਕੇ),'' ਸ਼ਾਂਤੀ ਕਹਿੰਦੀ ਹਨ।
ਪੂਨਮ ਅਤੇ ਸ਼ਾਂਤੀ ਦੇਵੀ ਇੱਥੋਂ ਤੱਕ ਕਿ ਇਸ ਮੁਹੱਲੇ ਵਿੱਚ ਹਰ ਕੋਈ ਮੈਥਿਲੀ ਵਿੱਚ ਗੱਲ ਕਰਦਾ ਹੈ। ਮੁਲਕ ਅੰਦਰ ਇਸ ਭਾਸ਼ਾ ਨੂੰ ਬੋਲਣ ਵਾਲ਼ਿਆਂ ਦੀ ਗਿਣਤੀ ਕਰੀਬ 13 ਲੱਖ ਹੈ, ਬਿਹਾਰ ਦੇ ਮਧੂਬਨੀ, ਦਰਭੰਗਾ ਅਤੇ ਸਹਰਸਾ ਵਿੱਚ ਇਸ ਬੋਲੀ ਦਾ ਵੱਧ ਜ਼ੋਰ ਹੈ। ਗੁਆਂਢੀ ਨੇਪਾਲ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਦੂਜੀ ਭਾਸ਼ਾ ਹੈ।
ਦਿਲਚਸਪ ਗੱਲ ਤਾਂ ਇਹ ਹੈ ਕਿ ਇਕਤਾਰਾ ਦਾ ਪ੍ਰਾਇਮਰੀ ਸਿਹਤ ਕੇਂਦਰ ਪੂਨਮ ਦੇ ਘਰੋਂ ਬਾਮੁਸ਼ਕਲ 100 ਮੀਟਰ ਦੂਰ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੀਐੱਚਸੀ ਜ਼ਿਆਦਾ ਸਮਾਂ ਬੰਦ ਹੀ ਪਿਆ ਰਹਿੰਦਾ ਹੈ, ਸਿਰਫ਼ ਉਨ੍ਹਾਂ ਦੁਰਲੱਭ ਦਿਨਾਂ ਨੂੰ ਛੱਡ ਕੇ ਜਦੋਂ ਉੱਥੇ ਕੰਪਾਉਂਡਰ ਦਿਖਾਈ ਦਿੰਦਾ ਹੈ। ''ਪਿਛਲੀ ਵਾਰ ਉਹ (ਕੰਪਾਉਂਡਰ) ਇੱਥੇ ਤਿੰਨ ਦਿਨ ਪਹਿਲਾਂ ਦੇਖਿਆ ਗਿਆ। ਆਮ ਤੌਰ 'ਤੇ ਉਹ ਹਫ਼ਤੇ ਵਿੱਚ ਦੋ ਵਾਰੀ ਹਸਪਤਾਲ ਖੋਲ੍ਹਦਾ ਹੈ, ਪਰ ਡਾਕਟਰ ਵੀ ਬਹੁਤ ਘੱਟ ਹੀ ਆਉਂਦਾ ਹੈ ਅਤੇ ਅਸੀਂ ਉਹਨੂੰ ਕਈ ਮਹੀਨਿਆਂ ਤੋਂ ਨਹੀਂ ਦੇਖਿਆ,'' ਪੂਨਮ ਦੀ ਗੁਆਂਢਣ ਰਾਜਲਕਸ਼ਮੀ ਮਾਹਤੋ ਕਹਿੰਦੀ ਹਨ, ਜੋ ਆਪਣੀ ਉਮਰ ਦੇ 50ਵਿਆਂ ਵਿੱਚ ਹਨ। ''ਦੁਲਰ ਚੰਦਰਾ ਦੀ ਪਤੀ ਜੋ ਕਿ ਇੱਕ ਦਾਈ ਹੈ, ਪ੍ਰਸਵ ਵੇਲ਼ੇ ਅਸੀਂ ਉਹਨੂੰ ਬੁਲਾ ਲੈਂਦੇ ਹਾਂ। ਉਹ ਨੇੜਲੇ ਬਸਤੀ ਵਿੱਚ ਰਹਿੰਦੀ ਹੈ। ਉਹ ਇੱਕ ਭਰੋਸੇਮੰਦ ਔਰਤ ਹੈ।''
ਰਿਸਰਚ ਰਿਵਿਊ ਇੰਟਰਨੈਸ਼ਨਲ ਜਰਨਲ ਵਿੱਚ ਛਪੀ 2019 ਦੀ ਇੱਕ ਰਿਪੋਰਟ ਇੱਕ ਨੁਕਤਾ ਚੁੱਕਦੀ ਹੈ: ''ਨੀਤੀ ਅਯੋਗ ਮੁਤਾਬਕ, ਭਾਰਤ ਅੰਦਰ 6 ਲੱਖ ਡਾਕਟਰਾਂ, 20 ਲੱਖ ਨਰਸਾਂ ਅਤੇ 2 ਲੱਖ ਦੰਦਾਂ ਦੇ ਡਾਕਟਰ (ਸਰਜਨ) ਦੀ ਘਾਟ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ (WHO) ਨੇ ਡਾਕਟਰ ਅਤੇ ਮਰੀਜ਼ਾਂ ਵਿਚਾਲੇ ਜਿਹੜੇ ਲੋੜੀਂਦੇ ਅਨੁਪਾਤ ਦੀ ਸਿਫ਼ਾਰਸ਼ ਕਰਦਾ ਹੈ, ਉਹ ਹੈ 1:1000 (ਭਾਵ 1000 ਮਰੀਜ਼ਾਂ ਮਗਰ ਇੱਕ ਡਾਕਟਰ) ਪਰ ਭਾਰਤ ਦੇ ਗ੍ਰਾਮੀਣ ਇਲਾਕਿਆਂ ਅੰਦਰ ਇਹ ਅਨੁਪਾਤ ਹੈ- 1:11082 ਅਤੇ ਬਿਹਾਰ ਜਿਹੇ ਰਾਜਾਂ ਅੰਦਰ ਇਹ ਅਨੁਪਾਤ ਹੈ- 1:28391 ਅਤੇ ਯੂਪੀ ਅੰਦਰ 1:19962 ।''
ਰਿਪੋਰਟ ਵਿੱਚ ਇਹ ਤੱਕ ਕਿਹਾ ਗਿਆ ਹੈ ਕਿ ''ਭਾਰਤ ਦੇ 1.14 ਮਿਲੀਅਨ (11,40000) ਪੰਜੀਕ੍ਰਿਤ ਡਾਕਟਰਾਂ (ਐਲੋਪੈਥੀ) ਵਿੱਚੋਂ ਕਰੀਬ 80% ਉਨ੍ਹਾਂ ਸ਼ਹਿਰਾਂ ਅੰਦਰ ਕੰਮ ਕਰਦੇ ਹਨ, ਜਿੱਥੇ ਦੇਸ਼ ਦੀ ਅਬਾਦੀ ਦਾ ਮਹਿਜ਼ 31% ਹਿੱਸਾ ਹੀ ਰਹਿੰਦਾ ਹੈ।'' ਇਹੀ ਕਹਾਣੀ ਤਾਂ ਪੀਐੱਚਸੀ, ਜ਼ਿਲ੍ਹਾ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਜਿਹੇ ਭੌਤਿਕ ਢਾਂਚਿਆਂ ਦੇ ਨਾਲ਼ ਹੈ। ਬੱਸ ਇਹੀ ਸਾਰਾ ਕੁਝ ਰਲ਼ ਕੇ ਪੂਨਮ ਦੇ ਘਰ ਤੋਂ ਪੀਐੱਚਸੀ ਦੀ ਇਸ 100 ਮੀਟਰ ਦੀ ਦੂਰੀ ਨੂੰ ਵਿਅੰਗਮਈ ਬਣਾ ਦਿੰਦਾ ਹੈ।
ਅਸੀਂ ਪੂਨਮ ਦੇ ਘਰ ਦੇ ਦਲਾਨ ਵਿੱਚ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਹਾਂ- ਜੋ ਇੱਕ ਘਰ ਦੇ ਕਮਰਿਆਂ ਅਤੇ ਬਰਾਂਡੇ ਵਿਚਕਾਰਲੀ ਅੱਧ ਖੁੱਲ੍ਹੀ ਥਾਂ ਹੁੰਦੀ ਹੈ। ਬਿਹਾਰ ਅੰਦਰ, ਦਲਾਨ ਦੀ ਵਰਤੋਂ ਅਕਸਰ ਘਰ ਦੇ ਪੁਰਸ਼ਾਂ ਅਤੇ ਬਜ਼ੁਰਗਾਂ ਵੱਲੋਂ ਕੀਤੀ ਜਾਂਦੀ ਹੈ। ਕੁਝ ਸਮੇਂ ਬਾਅਦ, ਗੁਆਂਢ ਦੀਆਂ ਕਈ ਔਰਤਾਂ ਸਾਡੀਆਂ ਗੱਲਾਂ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਉਹ ਇਸ ਗੱਲ ਨੂੰ ਤਰਜੀਹ ਦਿੰਦੀਆਂ ਲੱਗਦੀਆਂ ਜਿਵੇਂ ਅਸੀਂ ਕਮਰੇ ਅੰਦਰ ਜਾਈਏ , ਪਰ ਅਸੀਂ ਦਲਾਨ ਵਿੱਚ ਖੜ੍ਹੇ ਹੋ ਕੇ ਗੱਲਬਾਤ ਜਾਰੀ ਰੱਖਦੇ ਹਾਂ।
''ਜਦੋਂ ਮੇਰੀ ਧੀ ਨੂੰ ਜੰਮਣ ਪੀੜ੍ਹਾ ਲੱਗੀਆਂ ਤਾਂ ਅਸੀਂ ਬੇਨੀਪੱਟੀ ਅਸਪਤਾਲ (ਹਸਪਤਾਲ) ਵੱਲ ਭੱਜੇ। ਪਹਿਲਾਂ ਅਸੀਂ ਪ੍ਰਸਵ ਦੀ ਤਿਆਰੀ ਘਰੇ ਹੀ ਕੀਤੀ ਹੋਈ ਸੀ ਪਰ ਐਨ ਵਕਤ 'ਤੇ ਸਾਨੂੰ ਪਤਾ ਚੱਲਿਆ ਕਿ ਦਾਈ ਤਾਂ ਸ਼ਹਿਰੋ ਬਾਹਰ ਗਈ ਹੋਈ ਹੈ। ਇਸਲਈ ਮੈਂ ਅਤੇ ਮੇਰਾ ਬੇਟੇ ਉਹਨੂੰ ਆਟੋਰਿਕਸ਼ਾ ਵਿੱਚ ਬਿਠਾ ਕੇ ਹਸਪਤਾਲ ਲੈ ਕੇ ਗਏ। ਡਿਲੀਵਰੀ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਨਰਸ ਨੇ ਸਾਡੇ ਕੋਲ਼ੋਂ 500 ਰੁਪਏ ਮੰਗੇ। ਮੈਂ ਉਹਨੂੰ ਕਿਹਾ ਕਿ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ ਅਤੇ ਇਸ ਦਾ ਨਤੀਜਾ ਇਹ ਨਿਕਲ਼ਿਆ ਕਿ ਉਹਨੇ ਸਾਨੂੰ ਜਨਮ ਸਰਟੀਫਿਕੇਟ ਲੈਣ ਲਈ ਇੰਨੀਆਂ ਅੜਚਨਾਂ ਲਾਈਆਂ,'' ਰਾਜਲਕਸ਼ਮੀ ਕਹਿੰਦੀ ਹਨ।
ਇਹੀ ਉਹ ਸਾਰਾ ਤਜ਼ਰਬਾ ਹੈ ਜੋ ਸਿਹਤ ਲੜੀ ਦੇ ਸਭ ਤੋਂ ਹੇਠਲੇ ਸਿਰੇ 'ਤੇ ਮੌਜੂਦ ਗ਼ਰੀਬ ਤਬਕੇ ਦੀਆਂ ਔਰਤਾਂ ਦੇ ਉਨ੍ਹਾਂ ਦੁੱਖਾਂ, ਤਸੀਹਿਆਂ, ਪਰੇਸ਼ਾਨੀਆਂ ਅਤੇ ਦੁਚਿੱਤੀਆਂ ਦੀ ਕਹਾਣੀ ਹੈ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਰੋਜ਼-ਰੋਜ਼ ਕਰਨਾ ਪੈਂਦਾ ਹੈ।
ਸਿਹਤ ਸੁਵਿਧਾਵਾਂ ਦੇ ਮਾਮਲੇ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਵਿੱਚ, ਅਜਿਹੇ ਡਾਕਟਰਾਂ ਦੇ ਹੋਣ ਨਾਲ਼ ਜਿਨ੍ਹਾਂ ਦਾ ਸਿਹਤ ਕੇਂਦਰ ਵਿੱਚ ਆਉਣਾ ਹੀ ਈਦ ਦੇ ਚੰਨ ਬਰਾਬਰ ਹੁੰਦਾ ਹੈ ਜਾਂ ਫਿਰ ਅਜਿਹੀਆਂ ਨਿੱਜੀ ਸਿਹਤ ਸੇਵਾਵਾਂ ਦੇ ਹੋਣ ਨਾਲ਼, ਜੋ ਜਾਂ ਤਾਂ ਪਹੁੰਚ ਤੋਂ ਬਾਹਰ ਹਨ ਜਾਂ ਆਪਣੀ ਅਯੋਗਤਾ ਅਤੇ ਅਸਮਰੱਥਤਾ ਕਾਰਨ ਲੋੜੋਂ ਵੱਧ ਖ਼ਤਰਨਾਕ ਹਨ, ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਜ਼ਿਆਦਾਤਰ ਆਸ਼ਾ ਵਰਕਰਾਂ ਦੀ ਮਦਦ 'ਤੇ ਨਿਰਭਰ ਰਹਿਣਾ ਪੈਂਦਾ ਹੈ। ਪਿੰਡ ਦੇ ਪੱਧਰ 'ਤੇ ਜੇ ਕੋਈ ਕੋਵਿਡ ਖ਼ਿਲਾਫ਼ ਜ਼ਮੀਨੀ ਲੜਾਈ ਦੌਰਾਨ ਅਗਲੇਰੀ ਸਫ਼ਾ (ਫਰੰਟਲਾਈਨ) ਵਿੱਚ ਕੋਈ ਰਿਹਾ ਤਾਂ ਉਹ ਆਸ਼ਾ ਵਰਕਰ ਹੀ ਸਨ।
ਅਜਿਹੇ ਵੇਲ਼ੇ ਜਦੋਂ ਸੁਰੱਖਿਆ ਦੇ ਹਵਾਲੇ ਨਾਲ਼ ਹਰ ਕੋਈ ਆਪੋ-ਆਪਣੇ ਘਰੀ ਬੈਠਾ ਹੋਇਆ ਸੀ, ਸਿਰਫ਼ ਆਸ਼ਾ ਵਰਕਰ ਹੀ ਹਨ ਜੋ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਹੱਥਲੇ ਕੰਮਾਂ ਨੂੰ ਨੇਪਰੇ ਚਾੜ੍ਹਨ ਦੇ ਨਾਲ਼-ਨਾਲ਼ ਘਰੋ-ਘਰੀ ਜਾ ਜਾ ਕੇ ਵੈਕਸੀਨੇਸ਼ਨ ਦੀ ਮੁਹਿੰਮ ਵਿੱਢਣ ਤੋਂ ਲੈ ਕੇ ਦਵਾਈ ਦੀ ਵੰਡ, ਪੂਰਵ-ਪ੍ਰਸਵ ਅਤੇ ਬਾਅਦ-ਪ੍ਰਸਵ ਵਿੱਚ ਦੇਖਭਾਲ਼ ਜਿਹੇ ਕੰਮ ਲਗਾਤਾਰ ਕਰਦੀ ਰਹੀ ਸਨ।
ਇਸਲਈ ਜਦੋਂ ਸਹਾਇਕ ਨਰਸ (ਏਐੱਨਐੱਮ) ਦੇ ਪੱਧਰ 'ਤੇ ਛੋਟਾ-ਮੋਟਾ ਭ੍ਰਿਸ਼ਟਾਚਾਰ ਸਾਹਮਣੇ ਆਉਂਦਾ ਹੈ ਤਾਂ ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਪੂਨਮ ਅਤੇ ਰਾਜਲਕਸ਼ਮੀ ਜਿਹੀਆਂ ਔਰਤਾਂ ਮਜ਼ਬੂਰ ਹੋ ਜਾਂਦੀਆਂ ਹਨ। ਭਾਵੇਂ ਮੰਗੇ ਜਾਂਦੇ ਪੈਸੇ ਕਿੰਨੇ ਵੀ ਥੋੜ੍ਹੇ ਕਿਉਂ ਨਾ ਹੋਣ, ਇੱਥੋਂ ਦੀ ਗ਼ਰੀਬ ਔਰਤਾਂ ਲਈ ਉਹ (ਪੈਸੇ) ਵੀ ਉਨ੍ਹਾਂ ਦੇ ਵੱਸੋਂ ਬਾਹਰ ਹੁੰਦੇ ਹਨ।
ਅਜਿਹੇ ਅਭਿਆਸਾਂ ਅੱਗੇ ਸਮਝੌਤਾ ਕਰ ਲੈਣ ਵਾਲ਼ਿਆਂ ਵਿੱਚ ਵਾਂਗ ਜਿਨ੍ਹਾਂ ਵਿੱਚ ਵਰਕਰਾਂ ਵੀ ਸ਼ਾਮਲ ਹੁੰਦੀਆਂ ਹਨ, ਬੇਹੱਦ ਦਬਾਅ ਹੇਠ ਹੁੰਦੇ ਨਹ। ਪੂਰੇ ਦੇਸ਼ ਵਿੱਚ 10 ਲੱਖ ਤੋਂ ਵੀ ਵੱਧ ਆਸ਼ਾ ਵਰਕਰਾਂ ਹਨ, ਜੋ ਗ੍ਰਾਮੀਣ ਅਬਾਦੀ ਅਤੇ ਸਿਹਤ ਸੇਵਾਵਾਂ ਦਰਮਿਆਨ ਪੁੱਲ ਦਾ ਕੰਮ ਕਰਦੀਆਂ ਹਨ। ਉਹ ਆਪਣੇ ਵਾਸਤੇ ਖ਼ਤਰੇ ਭਰੇ ਮਾਹੌਲ ਵਿੱਚ ਵੀ ਵੰਨ-ਸੁਵੰਨੇ ਕੰਮ ਕਰਦੀਆਂ ਹਨ। ਦੇਸ਼ ਦੇ ਕਾਫ਼ੀ ਸਾਰੇ ਇਲਾਕਿਆਂ ਵਿੱਚ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਤੋਂ ਉਨ੍ਹਾਂ ਲਈ ਹਰ ਦਿਨ 25 ਘਰਾਂ ਦਾ ਮੁਆਇਨਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਕੋਵਿਡ ਨਾਲ਼ ਜੁੜੇ ਸਰਵੇਖਣ ਦੇ ਮੱਦੇਨਜ਼ਰ ਹਰ ਘਰ ਮਹੀਨੇ ਵਿੱਚ ਚਾਰ ਫ਼ੇਰੀਆਂ ਲਾਉਣਾ ਹੁੰਦਾ ਹੈ। ਉਨ੍ਹਾਂ ਨੂੰ ਇਹ ਸਾਰਾ ਕੁਝ ਸੁਰੱਖਿਆ ਦੇ ਬੇਹੱਦ ਘੱਟ ਬੰਦੋਬਸਤਾਂ ਦੇ ਨਾਲ਼ ਕਰਨਾ ਹੁੰਦਾ ਹੈ।
ਮਹਾਂਮਾਰੀ ਤੋਂ ਕਾਫ਼ੀ ਪਹਿਲਾਂ 2018 ਵਿੱਚ ਬਿਹਾਰ ਵਿੱਚ 93,687 ਦੀ ਗਿਣਤੀ ਦੇ ਨਾਲ਼, ਭਾਰਤ ਵਿੱਚ ਆਸ਼ਾ ਵਰਕਰਾਂ ਦਾ ਦੂਸਰਾ ਸਭ ਤੋਂ ਵੱਡੇ ਸਮੂਹ ਨੇ ਬੇਹਤਰ ਵੇਤਨ ਦੀ ਮੰਗ ਕਰਦਿਆਂ ਹੋਇਆਂ ਵੱਡੇ ਪੱਧਰ 'ਤੇ ਹੜਤਾਲ਼ ਕੀਤੀ ਸੀ। ਕੇਂਦਰ ਅਤੇ ਰਾ ਸਰਕਾਰਾਂ ਵੱਲੋਂ ਕੋਈ ਤਰ੍ਹਾਂ ਦੇ ਭਰੋਸੇ ਦਵਾਏ ਜਾਣ ਤੋਂ ਬਾਅਦ ਇਹ ਹੜਤਾਲ਼ ਵਾਪਸ ਲੈ ਲਈ ਗਈ ਸੀ। ਪਰ ਉਹਦੇ ਬਾਅਦ ਵੀ ਕਦੇ ਕੁਝ ਨਹੀਂ ਬਣਿਆ।
ਦਰਭੰਗਾ ਦੀ ਆਸ਼ਾ ਵਰਕਰ, ਮੀਨਾ ਦੇਵੀ ਕਹਿੰਦੀ ਹਨ,'ਤੁਸੀਂ ਜਾਣਦੇ ਹੀ ਹੋ ਕਿ ਸਾਨੂੰ ਇਸ ਕੰਮ ਬਦਲੇ ਮਿਲ਼ਦਾ ਕੀ ਹੈ। ਜੇ ਅਸੀਂ ਉਨ੍ਹਾਂ (ਜਿਨ੍ਹਾਂ ਪਰਿਵਾਰਾਂ ਵਿੱਚ ਕਿਸੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ) ਦੁਆਰਾ ਖ਼ੁਸ਼ੀ-ਖ਼ੁਸ਼ੀ ਦਿੱਤਾ ਗਿਆ ਪੈਸਾ ਨਹੀਂ ਲੈਂਦੇ ਹਾਂ, ਤਾਂ ਫਿਰ ਤੁਸੀਂ ਹੀ ਦੱਸੋ, ਸਾਡੀ ਆਈ-ਚਲਾਈ ਚੱਲੇ ਤਾਂ ਚੱਲੇ ਕਿਵੇਂ?'
ਹਰ ਸਾਲ ਮਾਰਚ ਦੇ ਮਹੀਨੇ ਵਿੱਚ ਆਸ਼ਾ ਵਰਕਰ ਸੰਯੁਕਤ ਸੰਘਰਸ਼ ਮੋਰਚੇ ਦੀ ਅਗਵਾਈ ਵਿੱਚ ਦੋਬਾਰਾ ਹੜਤਾਲ 'ਤੇ ਗਈਆਂ, ਇਸ ਵਾਰ ਉਨ੍ਹਾਂ ਦਾ ਨਾਅਰਾ ਸੀ: '' ਏਕ ਹਜ਼ਾਰ ਮੇਂ ਦਮ ਨਹੀਂ, ਇੱਕੀਸ ਹਜ਼ਾਰ (21,000) ਮਾਸਿਕ ਮਾਨਦੇਯ ਸੇ ਕਮ ਨਹੀਂ। '' ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤੇ ਜਾਣ ਦੀ ਵੀ ਮੰਗ ਕੀਤੀ। ਮੌਜੂਦਾ ਸਮੇਂ ਵਿੱਚ, ਬਿਹਾਰ ਵਿੱਚ ਆਸ਼ਾ ਵਰਕਰਾਂ ਦੀ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ ਕਮਾਈ ਦਾ ਔਸਤ 3000 ਰੁਪਏ ਹੈ ਅਤੇ ਇਹ ਕਮਾਈ ਵੀ ਉਨ੍ਹਾਂ ਦੁਆਰਾ ਕੀਤੇ ਜਾਂਦੇ ਕੀਤੇ ਜਾਣ ਵਾਲ਼ੇ ਸਾਰੇ ਕੰਮਾਂ ਬਦਲੇ ਮਿਲ਼ ਵਾਲ਼ਾ ਅਸਥਿਰ ਮਾਣਭੱਤਾ ਹੁੰਦਾ ਹੈ।
ਜਿੰਨੀ ਵਾਰ ਵੀ ਉਹ ਹੜਤਾਲ਼ 'ਤੇ ਜਾਂਦੀਆਂ ਹਨ, ਹਰ ਵਾਰੀ ਸਰਕਾਰ ਉਨ੍ਹਾਂ ਨੇ ਭਰੋਸਾ ਦਿੰਦੀ ਜਾਪਦੀ ਹੈ ਅਤੇ ਫਿਰ ਆਪਣੇ ਵਾਅਦੇ ਤੋਂ ਮੁੱਕਰ ਵੀ ਜਾਂਦੀ ਹੈ। ਅੱਜ ਵੀ ਉਨ੍ਹਾਂ ਨੂੰ ਹੋਰ ਸਰਕਾਰੀ ਨੌਕਰੀਆਂ ਵਾਂਗਰ ਤਨਖ਼ਾਹ, ਪੈਂਸ਼ਨ ਜਾਂ ਹੋਰ ਰੁਜ਼ਗਾਰ ਭੱਤਿਆਂ ਜਿਹਾ ਕੁਝ ਨਹੀਂ ਮਿਲ਼ਦਾ ਹੈ। ਅਜਿਹੇ ਮੌਕੇ ਬਤੌਰ ਆਸ਼ਾ ਵਰਕਰ ਜਾਂ ਆਂਗਨਵਾੜੀ ਵਰਕਰ ਗੁਜ਼ਾਰਾ ਚਲਾਉਣਾ ਅਤੇ ਕੰਮ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ।
ਦਰਭੰਗਾ ਦੀ ਆਸ਼ਾ ਵਰਕਰ, ਮੀਨਾ ਦੇਵੀ ਕਹਿੰਦੀ ਹਨ,''ਤੁਸੀਂ ਜਾਣਦੇ ਹੀ ਹੋ ਕਿ ਸਾਨੂੰ ਇਸ ਕੰਮ ਬਦਲੇ ਮਿਲ਼ਦਾ ਕੀ ਹੈ। ਜੇ ਅਸੀਂ ਉਨ੍ਹਾਂ (ਜਿਨ੍ਹਾਂ ਪਰਿਵਾਰਾਂ ਵਿੱਚ ਕਿਸੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ) ਦੁਆਰਾ ਖ਼ੁਸ਼ੀ-ਖ਼ੁਸ਼ੀ ਦਿੱਤਾ ਗਿਆ ਪੈਸਾ ਨਹੀਂ ਲੈਂਦੇ ਹਾਂ, ਤਾਂ ਫਿਰ ਤੁਸੀਂ ਹੀ ਦੱਸੋ, ਸਾਡੀ ਆਈ-ਚਲਾਈ ਚੱਲੇ ਤਾਂ ਚੱਲੇ ਕਿਵੇਂ? ਅਸੀਂ ਕਦੇ ਇਹਦੇ ਵਾਸਤੇ ਕਿਸੇ ਹੋਰ ਤਰੀਕੇ ਦਾ ਦਬਾਅ ਨਹੀਂ ਬਣਾਉਂਦੇ ਅਤੇ ਨਾ ਹੀ ਇੱਕ ਨਿਸ਼ਚਿਤ ਰਕਮ ਦੀ ਮੰਗ ਹੀ ਕਰਦੇ ਹਾਂ। ਉਹ ਲੋਕ ਜੋ ਕੁਝ ਵੀ ਖ਼ੁਸ਼ੀ-ਖ਼ੁਸ਼ੀ ਦੇ ਦਿੰਦੇ ਹਨ, ਸਾਡੇ ਲਈ ਉਹੀ ਕਾਫ਼ੀ ਹੈ, ਫਿਰ ਭਾਵੇਂ ਉਹ ਬੱਚਿਆਂ ਦੇ ਜਨਮ ਮੌਕੇ 'ਤੇ ਹੋਵੇ ਜਾਂ ਜਨਮ ਸਰਟੀਫ਼ਿਕੇਟ ਬਣਵਾਉਣ ਦੇ ਬਦਲੇ ਹੋਵੇ।''
ਅਤੇ ਇਹ ਸਾਰਾ ਕੁਝ ਉਨ੍ਹਾਂ ਦੇ ਜਾਂ ਉਨ੍ਹਾਂ ਜਿਹੇ ਕੁਝ ਹੋਰ ਲੋਕਾਂ ਦੇ ਮਾਮਲੇ ਵਿੱਚ ਸਹੀ ਹੋ ਸਕਦਾ ਹੈ, ਪਰ ਪੂਰੇ ਦੇਸ਼ ਵਿੱਚ ਲੱਖਾਂ ਆਸ਼ਾ ਵਰਕਰ ਹਨ, ਜੋ ਅਜਿਹੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਤੋਂ ਦੂਰੀ ਬਣਾ ਕੇ ਰੱਖਦੀਆਂ ਹਨ। ਪਰ ਮਧੂਬਨੀ ਅਤੇ ਬਿਹਾਰ ਦੇ ਕੁਝ ਹੋਰਨਾਂ ਹਿੱਸਿਆਂ ਦੇ ਮਾਮਲੇ ਵਿੱਚ ਬੇਹੱਦ ਗ਼ਰੀਬ ਔਰਤਾਂ ਦਾ ਤਜ਼ਰਬਾ ਇਸ ਤੋਂ ਬਿਲਕੁਲ ਉਲਟ ਹੈ, ਜਿਨ੍ਹਾਂ ਨਾਲ਼ ਮਿਲ਼ਣ 'ਤੇ ਜ਼ਬਰਦਸਤੀ ਪੈਸਾ ਉਗਰਾਹੁਣ ਦੀ ਗੱਲ ਪਤਾ ਲੱਗਦੀ ਹੈ।
ਮਨੋਜ ਦੇ ਮਾਪੇ ਮਨੋਜ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਉਨ੍ਹਾਂ ਦੇ ਪਹਿਲੇ ਤਿੰਨ ਬੱਚਿਆਂ- 10 ਸਾਲਾ ਅੰਜਲੀ, 8 ਸਾਲਾ ਰਾਣੀ ਅਤੇ 5 ਸਾਲਾ ਸੋਨਾਕਸ਼ੀ ਦੇ ਨਾਲ਼ ਰਹਿੰਦੇ ਸਨ। ਪਰ ਉਨ੍ਹਾਂ ਦੇ ਮਾਂ-ਬਾਪ ਹੁਣ ਨਹੀਂ ਰਹੇ। ਉਨ੍ਹਾਂ ਦੇ ਚੌਥੇ ਬੱਚੇ ਜੋ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਰਾਜਾ ਹੈ, ਉਹਦਾ ਜਨਮ ਉਨ੍ਹਾਂ (ਮਨੋਜ ਦੇ ਮਾਤਾ-ਪਿਤਾ) ਦੀ ਮੌਤ ਤੋਂ ਬਾਅਦ ਹੋਇਆ। ਪੂਨਮ ਕਹਿੰਦੀ ਹਨ,''ਮੇਰੀ ਸੱਸ ਨੂੰ ਕੈਂਸਰ ਸੀ। ਹਾਲਾਂਕਿ, ਮੈਨੂੰ ਨਹੀਂ ਪਤਾ ਕਿ ਕਿਹੜਾ ਵਾਲ਼ਾ ਸੀ। ਉਨ੍ਹਾਂ ਦੀ ਤਕਰੀਬਨ 4-5 ਸਾਲ ਪਹਿਲਾਂ ਮੌਤ ਹੋਈ। ਕਰੀਬ 3 ਸਾਲ ਬਾਅਦ ਮੇਰੇ ਸਹੁਰਾ ਸਾਹਬ ਦੀ ਮੌਤ ਹੋ ਗਈ ਅਤੇ ਹੁਣ ਅਸੀਂ ਪਰਿਵਾਰ ਅੰਦਰ 6 ਜਣੇ ਹੀ ਹਾਂ। ਉਨ੍ਹਾਂ ਨੂੰ ਹਮੇਸ਼ਾ ਪੋਤੇ ਦੀ ਚਾਹਤ ਰਹੀ ਕਾਸ਼ ਉਹ ਇਹ ਖ਼ੁਸ਼ੀ ਮਾਣ ਪਾਉਂਦੇ।''
ਪੂਨਮ ਨੇ ਸਿਰਫ਼ 6ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਦੇ ਪਤੀ ਨੇ 10ਵੀਂ ਤੀਕਰ। ਪੂਨਮ ਦੱਸਦੀ ਹਨ,''ਦੇਖੋ, ਸ਼ੁਰੂ ਸ਼ੁਰੂ ਵਿੱਚ ਤਾਂ ਮੈਨੂੰ ਜਨਮ ਪਤਰੀ (ਜਨਮ ਸਰਟੀਫ਼ਿਕੇਟ) ਬਾਰੇ ਕੁਝ ਵੀ ਪਤਾ ਨਹੀਂ ਸੀ। ਮੇਰੇ ਤੀਜੇ ਬੱਚੇ ਦੇ ਜਨਮ ਤੋਂ ਬਾਅਦ ਜਦੋਂ 'ਆਸ਼ਾ' ਨੇ ਮੇਰੇ ਕੋਲ਼ੋਂ ਪੈਸੇ ਮੰਗੇ ਤਾਂ ਕਿਤੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਜਨਮ ਸਰਟੀਫ਼ਿਕੇਟ ਵੀ ਕੋਈ ਸ਼ੈਅ ਹੁੰਦਾ ਹੈ। ਜਿੱਥੋਂ ਤੱਕ ਮੈਨੂੰ ਚੇਤਾ ਹੈ ਉਹਨੇ ਮੇਰੇ ਕੋਲ਼ੋਂ 300 ਰੁਪਏ ਮੰਗੇ ਸਨ। ਮੈਨੂੰ ਲੱਗਿਆ ਕਿ ਇਹ ਸਧਾਰਣ ਫ਼ੀਸ ਹੈ। ਪਰ ਫਿਰ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਸਾਨੂੰ ਸਰਟੀਫ਼ਿਕੇਟ ਬਦਲੇ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੁੰਦੀ। ਹਸਪਤਾਲ ਤੋਂ ਇਹ ਸਾਨੂੰ ਮੁਫ਼ਤ ਵਿੱਚ ਮਿਲ਼ਦਾ ਹੈ ਅਤੇ ਇਹ ਸਾਡਾ ਹੱਕ ਹੈ।''
ਪੂਨਮ ਅੱਗੇ ਦੱਸਦੀ ਹਨ,'' ਕਹਲਕਈ ਅਢਾਈ ਸੌ ਰੁਪਯਾ ਦਿਆਊ ਤੌ ਹਮ ਜਨਮ ਪਤਰੀ ਬਨਵਾ ਦੇਬ (ਉਹਨੇ ਕਿਹਾ ਕਿ ਜੇ ਮੈਂ ਉਹਨੂੰ 250 ਰੁਪਏ ਦੇਵਾਂ ਤਾਂ ਉਹ ਜਨਮ ਸਰਟੀਫ਼ਿਕੇਟ ਬਣਵਾ ਕੇ ਦੇ ਸਕਦੀ ਹੈ)। ਅਸੀਂ ਆਪਣੀ ਧੀ ਲਈ ਇਹ ਬਣਵਾ ਹੀ ਲਿਆ ਕਿਉਂਕਿ ਉਹਨੇ ਪੈਸੇ ਘਟਾ ਕੇ 50 ਰੁਪਏ ਕਰ ਦਿੱਤੇ ਸਨ। ਪਰ ਅਸੀਂ 750 ਰੁਪਏ ਦਾ ਬੋਝ ਨਹੀਂ ਚੁੱਕ ਸਕੇ ਜੋ ਉਹਨੇ ਸਾਡੀਆਂ ਧੀਆਂ ਦੇ ਜਨਮ ਸਰਟੀਫ਼ਿਕੇਟ ਬਣਵਾਉਣ ਬਦਲੇ ਮੰਗੇ ਸਨ।''
ਪੂਨਮ ਜਨਮ ਸਰਟੀਫ਼ਿਕੇਟ ਬਣਵਾਉਣ ਦੀ ਪ੍ਰਕਿਰਿਆ ਬਾਬਤ ਗੱਲ ਕਰਦਿਆਂ ਕਹਿੰਦੀ ਹਨ,''ਜੇ ਅਸੀਂ ਇਹ ਖ਼ੁਦ ਹੀ ਬਣਵਾਉਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਉਹਦੇ ਵਾਸਤੇ ਬੇਨੀਪੱਟੀ ਹਸਪਤਾਲ ਜਾਣਾ ਪਵੇਗਾ। ਉੱਥੇ ਸਾਨੂੰ ਸਫ਼ਾਈਕਰਮੀ ਨੂੰ ਕੁਝ ਪੈਸੇ ਦੇਣੇ ਪੈਣਗੇ। ਤਾਂ ਦੋਵੇਂ ਪਾਸੇ ਦੇਖੋ ਪੈਸੇ ਤਾਂ ਲੱਗਣੇ ਹੀ ਹਨ, ਭਾਵੇਂ ਅਸੀਂ ਆਸ਼ਾ ਨੂੰ ਕਹੀਏ ਜਾਂ ਬੇਨੀਪੱਟੀ ਤੀਕਰ ਹੀ ਜਾਈਏ। ਫਿਰ ਅਸੀਂ ਖਹਿੜਾ ਹੀ ਛੱਡ ਦਿੱਤਾ। ਭਵਿੱਖ ਵਿੱਚ ਕਦੇ ਉਨ੍ਹਾਂ ਸਰਟੀਫ਼ਿਕੇਟਾਂ ਦੀ ਲੋੜ ਪਈ ਤਾਂ ਉਦੋਂ ਦੇਖੀ ਜਾਊ। ਮੇਰੇ ਪਤੀ ਕਾਫ਼ੀ ਮਿਹਨਤ ਤੋਂ ਬਾਅਦ ਬਾਮੁਸ਼ਕਲ 200 ਰੁਪਏ ਦਿਹਾੜੀ ਕਮਾਉਂਦੇ ਹਨ। ਦੱਸੋ ਅਸੀਂ ਇੰਨਾ ਪੈਸਾ ਕਿਵੇਂ ਖਰਚ ਕਰੀਏ?... ਜੋ ਸਾਡੇ ਚਾਰ ਦਿਨਾਂ ਦੀ ਕਮਾਈ ਬਣਦੀ ਹੈ।
ਸ਼ਾਂਤੀ ਅੱਗੇ ਕਹਿੰਦੀ ਹਨ,''ਮੇਰੀ ਤਾਂ ਇੱਕ ਵਾਰੀ ਆਸ਼ਾ (ਵਰਕਰ) ਨਾਲ਼ ਬਹਿਸ ਹੋ ਗਈ। ਮੈਂ ਤਾਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਸਾਨੂੰ ਇਹਦੇ ਵਾਸਤੇ ਪੈਸਾ ਦੇਣਾ ਹੀ ਪੈਣਾ ਹੈ ਤਾਂ ਅਸੀਂ ਸਰਟੀਫ਼ਿਕੇਟ ਬਣਵਾਵਾਂਗੇ ਹੀ ਨਹੀਂ।''
ਉਸ ਵੇਲ਼ੇ ਤੱਕ ਪੂਨਮ ਦੇ ਜ਼ਿਆਦਾਤਰ ਗੁਆਂਢੀ ਪਿੰਡ ਵਿੱਚ ਲੱਗਣ ਵਾਲ਼ੇ ਹਫ਼ਤਾਵਰੀ ਹਾਟ ਵਿੱਚ ਜਾਣ ਲਈ ਨਿਕਲ਼ਣ ਲੱਗੇ ਸਨ, ਤਾਂਕਿ ਹਨ੍ਹੇਰਾ ਹੋਣ ਤੋਂ ਪਹਿਲਾਂ ਉੱਥੇ ਅੱਪੜ ਸਕੀਏ। ਹਾਟ ਜਾਣ ਦੇ ਸਵਾਲ 'ਤੇ ਪੂਨਮ ਕਹਿੰਦੀ ਹਨ,''ਮੈਂ ਸੋਨਾਕਸ਼ੀ ਦੇ ਪਾਪਾ (ਆਪਣੇ ਪਤੀ) ਦੀ ਉਡੀਕ ਕਰ ਰਹੀ ਹਾਂ ਤਾਂਕਿ ਅਸੀਂ ਵੀ ਜਾ ਕੇ ਥੋੜ੍ਹੀਆਂ ਸਬਜ਼ੀਆਂ ਜਾਂ ਮੱਛੀ ਲੈ ਲਈਏ। ਮੈਂ ਤਿੰਨ ਦਿਨਾਂ ਤੋਂ ਲਗਾਤਾਰ ਦਾਲ -ਚੌਲ ਹੀ ਬਣਾ ਰਹੀ ਹਾਂ। ਸੋਨਾਕਸ਼ੀ ਨੂੰ ਰੋਹੂ (ਮੱਛੀ) ਦਾ ਸਵਾਦ ਪਸੰਦ ਹੈ।''
ਮੁੜਦੇ ਵੇਲ਼ੇ ਇਹ ਜ਼ਰੂਰ ਲੱਗਦਾ ਹੈ ਕਿ ਉੱਥੇ ਬੇਟੀਆਂ ਦੇ ਜਨਮ ਸਰਟੀਫ਼ਿਕੇਟ ਤੋਂ ਜ਼ਿਆਦਾ ਅਹਿਮ ਅਤੇ ਤਤਕਾਲਕ ਰੂਪ ਨਾਲ਼ ਜ਼ਰੂਰੀ ਚੀਜਾਂ ਕਰਨ ਨੂੰ ਬਾਕੀ ਹਨ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਜਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਸਮੱਗਰੀ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।
ਤਰਜਮਾ: ਕਮਲਜੀਤ ਕੌਰ