ਮੈਡੀਕਲ ਸਹਾਇਤਾ ਲਈ ਸਭ ਤੋਂ ਨੇੜਲੀ ਉਮੀਦ ਕਿਸ਼ਤੀ ਦੁਆਰਾ ਦੋ ਘੰਟਿਆਂ ਦੀ ਹੀ ਸਵਾਰੀ ਸੀ ਜੋ ਪਾਣੀ ਦੇ ਰਸਤਿਓਂ ਹੁੰਦੀ ਹੈ। ਅੱਧ-ਬਣੀ ਸੜਕ ਦੇ ਪਾਰ ਇੱਕ ਉੱਚੀ ਪਹਾੜੀ ਨੂੰ ਪਾਰ ਕਰਨਾ ਇੱਕ ਵਿਕਲਪ ਸੀ।
ਅਤੇ ਪ੍ਰਭਾ ਗੋਲੋਰੀ ਨੌ ਮਹੀਨਿਆਂ ਦੇ ਗਰਭਵਤੀ ਸੀ ਅਤੇ ਉਹ ਆਪਣੇ ਪ੍ਰਸਵ ਦੇ ਪੂਰੇ ਦਿਨੀਂ ਬੈਠੀ ਸਨ।
ਜਦੋਂ ਦੁਪਹਿਰ ਦੇ ਕਰੀਬ 2 ਵਜੇ ਮੈਂ ਕੋਟਾਗੁਡਾ ਬਸਤੀ ਪੁੱਜੀ ਤਾਂ ਪ੍ਰਭਾ ਦੇ ਗੁਆਂਢੀ ਉਨ੍ਹਾਂ ਦੀ ਝੌਂਪੜੀ ਦੇ ਚੁਫੇਰੇ ਇਸੇ ਉਮੀਦ ਨਾਲ਼ ਖੜ੍ਹੇ ਸਨ ਕਿ ਬੱਚਾ ਨਹੀਂ ਬਚੇਗਾ।
35 ਸਾਲਾ ਪ੍ਰਭਾ ਨੇ ਆਪਣਾ ਪਹਿਲਾ ਬੱਚਾ ਗੁਆਇਆ ਹੈ ਜਦੋਂ ਉਹ ਤਿੰਨ ਮਹੀਨਿਆਂ ਦਾ ਸੀ, ਦੂਜਾ ਬੱਚਾ ਉਨ੍ਹਾਂ ਦੀ ਧੀ ਹੈ ਜੋ ਹੁਣ ਛੇ ਸਾਲਾਂ ਦੀ ਹੈ। ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਦਾਈ , ਰਵਾਇਤੀ ਜਨਮ ਸੇਵਿਕਾ ਦੀ ਸਹਾਇਤਾ ਨਾਲ਼ ਬਿਨਾਂ ਕਿਸੇ ਮੁਸ਼ਕਲ ਦੇ ਘਰੇ ਹੀ ਪੈਦਾ ਕੀਤਾ। ਪਰ ਇਸ ਵਾਰ ਦਾਈਆਂ ਨੂੰ ਵੀ ਝਿਜਕ ਸੀ, ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਜਣੇਪਾ ਕਾਫੀ ਮੁਸ਼ਕਲ ਰਹਿਣ ਵਾਲ਼ਾ ਹੈ।
ਉਸ ਦੁਪਹਿਰ ਮੈਂ ਸਟੋਰੀ ਕਵਰ ਕਰਨ ਲਈ ਪਿੰਡ ਦੇ ਨੇੜੇ-ਤੇੜੇ ਹੀ ਸਾਂ ਜਦੋਂ ਮੇਰਾ ਫ਼ੋਨ ਵੱਜਿਆ। ਆਪਣੇ ਇੱਕ ਦੋਸਤ ਦੀ ਮੋਟਰਬਾਈਕ (ਮੇਰੀ ਆਪਣੀ ਸਕੂਟਰੀ ਪਹਾੜੀ ਸੜਕਾਂ 'ਤੇ ਨਹੀਂ ਚੱਲ ਸਕਦੀ) ਲੈ ਕੇ ਮੈਂ ਕੋਟਾਗੁਡਾ ਵੱਲ ਸ਼ੂਟ ਵੱਟੀ ਜੋ ਓੜੀਸਾ ਦੇ ਮਾਲਕਨਗਿਰੀ ਜਿਲ੍ਹੇ ਦੀ ਇੱਕ ਬਸਤੀ ਹੈ ਜਿਸ ਵਿੱਚ ਕਰੀਬ 60 ਲੋਕ ਰਹਿੰਦੇ ਹਨ।
ਪਹੁੰਚ ਤੋਂ ਪਰ੍ਹੇ ਹੋਣ ਦੀ ਆਪਣੀ ਵਿਸ਼ੇਸ਼ਤਾ ਤੋਂ ਇਲਾਵਾ, ਮੱਧ ਭਾਰਤ ਦੇ ਆਦਿਵਾਸੀ ਬੇਲਟ ਦੇ ਹੋਰਨਾਂ ਹਿੱਸਿਆਂ ਵਾਂਗ, ਚਿਤਰਕੌਂਡਾ ਬਲਾਕ ਦਾ ਪਿੰਡ ਨਕਸਲੀ ਦਹਿਸ਼ਤਗਰਦਾਂ ਅਤੇ ਰਾਜ ਸੁਰੱਖਿਆ ਬਲਾਂ ਦਰਮਿਆਨ ਵਾਰ-ਵਾਰ ਹੁੰਦੇ ਸੰਘਰਸ਼ਾਂ ਦਾ ਗਵਾਹ ਹੈ। ਇੱਥੇ ਕਈ ਥਾਵੀਂ ਸੜਕਾਂ ਅਤੇ ਕਈ ਹੋਰ ਬੁਨਿਆਦੀ ਢਾਂਚੇ ਵਿਰਾਨ ਅਤੇ ਖਸਤਾ ਹਾਲਤ ਵਿੱਚ ਹਨ।
ਕੋਟਾਗੁਡਾ ਵਿੱਚ ਰਹਿੰਦੇ ਕੁਝ ਪਰਿਵਾਰ, ਸਾਰੇ ਹੀ ਪਰੋਜਾ ਕਬੀਲੇ ਨਾਲ਼ ਸਬੰਧ ਰੱਖਦੇ ਹਨ, ਆਪਣੇ ਖਾਣ ਲਈ ਖਾਸ ਕਰਕੇ ਹਲਦੀ, ਅਦਰਕ, ਦਾਲਾਂ ਅਤੇ ਚੌਲਾਂ ਦੀ ਕਾਸ਼ਤ ਕਰਨ ਦੇ ਨਾਲ਼-ਨਾਲ਼ ਕੁਝ ਹੋਰ ਫ਼ਸਲਾਂ ਵੀ ਉਗਾਉਂਦੇ ਹਨ ਜੋ ਪਿੰਡ ਆਉਣ ਵਾਲ਼ੇ ਖਰੀਦਦਾਰਾਂ ਨੂੰ ਵੇਚਦੇ ਹਨ।
ਨੇੜਲੇ ਮੁੱਢਲੇ ਸਹਾਇਤਾ ਕੇਂਦਰ ਵਿੱਚ, ਜੋ ਜੋਡਾਂਬੋ ਪੰਚਾਇਤ ਤੋਂ ਪੰਜ ਕਿਲੋਮੀਟਰ ਦੂਰ ਹੈ, ਵਿੱਚ ਡਾਕਟਰ ਕਦੇ-ਕਦਾਈਂ ਆਉਂਦੇ ਹਨ। ਅਗਸਤ 2020 ਵਿੱਚ ਜਦੋਂ ਪ੍ਰਭਾ ਦਾ ਬੱਚਾ ਹੋਣ ਵਾਲ਼ਾ ਸੀ ਤਾਂ ਤਾਲਾਬੰਦੀ ਦੇ ਕਾਰਨ ਪੀਐੱਚਸੀ ਵੀ ਬੰਦ ਕਰ ਦਿੱਤਾ ਗਿਆ ਸੀ। ਕੁਦੁਮੁਲੁਗੁਮਾ ਪਿੰਡ ਦਾ ਕਮਿਊਨਿਟੀ ਹੈਲਥ ਸੈਂਟਰ ਵੀ 100 ਕਿਲੋਮੀਟਰ ਦੂਰ ਹੈ। ਇਸ ਵਾਰ, ਪ੍ਰਭਾ ਦਾ ਬੱਚਾ ਓਪਰੇਸ਼ਨ ਨਾਲ਼ ਹੋਣਾ ਹੈ ਜੋ ਸੀਐੱਚਸੀ ਵਿਖੇ ਨਹੀਂ ਹੋ ਸਕਦਾ।
ਸੋ ਨੇੜਲਾ ਸੁਗਮ ਵਿਕਲਪ ਸੀ ਚਿੱਤਰਕੋਂਡਾ ਵਿੱਚ 40 ਕਿਲੋਮੀਟਰ ਦੂਰ ਸਥਿਤ ਸਬ-ਡਿਵੀਜ਼ਨ ਹਸਪਤਾਲ - ਪਰ ਤਿਰਕਾਲਾਂ ਤੋਂ ਬਾਅਦ ਚਿਤਰਾਕੋਂਡਾ/ਬੇਲੀਮੇਲਾ ਪਾਣੀ 'ਤੇ ਕਿਸ਼ਤੀਆਂ ਚੱਲਣੀਆਂ ਬੰਦ ਹੋ ਜਾਂਦੀਆਂ ਹਨ। ਉੱਚੀਆਂ ਪਹਾੜੀਆਂ ਦੇ ਰਾਹ ਵਿੱਚ ਮੋਟਰਬਾਈਕ ਜਾਂ ਬੀਹੜ ਪੈਦਲ ਯਾਤਰਾ ਦੀ ਲੋੜ ਹੁੰਦੀ ਹੈ- ਜੋ ਨੌ ਮਹੀਨਿਆਂ ਦੀ ਗਰਭਵਤੀ ਪ੍ਰਭਾ ਲਈ ਅਸੰਭਵ ਵਿਕਲਪ ਸੀ।
ਮੈਂ ਮਾਲਕਨਗਿਰੀ ਜਿਲ੍ਹਾ ਹੈੱਡਕੁਆਰਟਰ ਵਿਖੇ ਕੁਝ ਜਾਣਕਾਰ ਲੋਕਾਂ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕਿਹਾ ਕਿ ਇੰਨੀਆਂ ਮਾੜੀਆਂ ਸੜਕਾਂ ਰਾਹੀਂ ਐਂਬੂਲੈਂਸ ਭੇਜ ਪਾਉਣਾ ਬਹੁਤ ਮੁਸ਼ਕਲ ਕੰਮ ਸੀ। ਜਿਲ੍ਹਾ ਹਸਪਤਾਲ ਵਿੱਚ ਵਾਟਰ-ਐਂਬੂਲੈਂਸ ਸੇਵਾ ਹੈ ਪਰ ਤਾਲਾਬੰਦੀ ਕਰਕੇ ਉਹ ਵੀ ਯਾਤਰਾ ਨਹੀਂ ਕਰ ਸਕਣਗੀਆਂ।
ਫਿਰ ਮੈਂ ਕਿਸੇ ਤਰੀਕੇ ਨਾਲ਼ ਸਥਾਨਕ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ) ਨੂੰ ਨਿੱਜੀ ਵਾਹਨ ਰਾਹੀਂ ਇੱਥੇ ਆਉਣ ਲਈ ਰਾਜੀ ਕਰ ਲਿਆ। ਉਸ 'ਤੇ ਕਰੀਬ 1200 ਰੁਪਏ ਖ਼ਰਚ ਹੋਏ। ਫਿਰ ਵੀ ਉਹ ਅਗਲੀ ਸਵੇਰ ਹੀ ਆ ਸਕਦੀ ਸੀ।
ਅਸੀਂ ਤੁਰ ਪਏ। ਜਿਸ ਵੈਨ ਰਾਹੀਂ ਅਸੀਂ ਪ੍ਰਭਾ ਨੂੰ ਲਿਜਾ ਰਹੇ ਸਾਂ ਉਹ ਵੀ ਛੇਤੀ ਹੀ ਨਿਰਮਾਣ-ਅਧੀਨ ਸੜਕ ਦੀ ਢਲਾਣ 'ਤੇ ਜਾ ਕੇ ਟੁੱਟ ਗਈ। ਫਿਰ ਸਾਨੂੰ ਸੀਮਾ ਸੁਰੱਖਿਆ ਬਲ ਦੇ ਟਰੈਕਟਰ ਦਿਖਾਈ ਦਿੱਤਾ ਜੋ ਬਾਲਣ ਲੱਭ ਰਿਹਾ ਸੀ, ਅਸਾਂ ਉਨ੍ਹਾਂ ਅੱਗੇ ਮਦਦ ਦੀ ਗੁਹਾਰ ਲਾਈ। ਉਹ ਸਾਨੂੰ ਪਹਾੜੀ ਦੀ ਟੀਸੀ 'ਤੇ ਲੈ ਗਏ ਜਿੱਥੇ ਬੀਐੱਸਐੱਫ ਦਾ ਕੈਂਪ ਹੈ। ਹੰਤਲਗੁਡਾ ਵਿੱਚ ਕੈਂਪ ਦੇ ਕਰਮਚਾਰੀਆਂ ਨੇ ਪ੍ਰਭਾ ਵਾਸਤੇ ਚਿੱਤਰਾਕੋਂਡਾ ਦੇ ਸਬ-ਡਿਵੀਜ਼ਨਲ ਹਸਪਤਾਲ ਲਿਜਾਣ ਦਾ ਬੰਦੋਬਸਤ ਕੀਤਾ।
ਹਸਪਤਾਲ ਵਿਖੇ, ਸਟਾਫ਼ ਨੇ ਕਿਹਾ ਕਿ ਪ੍ਰਭਾ ਨੂੰ ਮਲਕਾਨਗਿਰੀ ਜਿਲ੍ਹਾ ਹੈੱਡਕੁਆਰਟਰ ਲਿਜਾਣਾ ਹੋਵੇਗਾ, ਜੋ 60 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਵਾਹਨ ਦਾ ਬੰਦੋਬਸਤ ਕਰਨ ਵਿੱਚ ਮਦਦ ਕੀਤੀ।
ਮੇਰੇ ਕੋਟਾਗੁਡਾ ਪਹੁੰਚਣ ਤੋਂ ਇਕ ਦਿਨ ਬਾਅਦ ਅਸੀਂ ਦੁਪਹਿਰ ਬਾਅਦ ਜ਼ਿਲ੍ਹਾ ਹਸਪਤਾਲ ਪਹੁੰਚੇ।
ਉੱਥੇ, ਪ੍ਰਭਾ ਨੂੰ ਤਿੰਨ ਦਿਨਾਂ ਤੱਕ ਪੀੜ ਝੱਲਣੀ ਪਈ ਜਦੋਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੇ ਬੱਚਾ ਪੈਦਾ ਕਰਾਉਣ (ਨਾਰਮਲ ਤਰੀਕੇ ਨਾਲ਼) ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਾ ਮਿਲ਼ੀ। ਅਖੀਰ, ਸਾਨੂੰ ਦੱਸਿਆ ਗਿਆ ਕਿ ਉਨ੍ਹਾਂ (ਪ੍ਰਭਾ) ਦਾ ਸੀਜੇਰਿਅਨ ਓਪਰੇਸ਼ਨ ਕਰਨਾ ਪਵੇਗਾ।
15 ਅਗਸਤ ਦਾ ਦਿਨ ਸੀ ਅਤੇ ਉਸ ਦੁਪਹਿਰ ਪ੍ਰਭਾ ਦੇ ਬੇਟਾ ਪੈਦਾ ਹੋਇਆ- ਬੱਚਾ ਤੰਦਰੁਸਤ ਸੀ ਅਤੇ ਉਹਦਾ ਭਾਰ 3 ਕਿਲੋ ਸੀ। ਪਰ ਡਾਟਕਰਾਂ ਨੇ ਕਿਹਾ ਉਹਦੀ ਹਾਲਤ ਗੰਭੀਰ ਸੀ। ਬੱਚੇ ਦੇ ਮਲ (ਟੱਟੀ) ਵਾਸਤੇ ਕੋਈ ਸੁਰਾਖ ਨਹੀਂ ਸੀ ਅਤੇ ਫੌਰਨ ਸਰਜਰੀ ਜਰੂਰੀ ਸੀ। ਹਾਲਾਂਕਿ ਮਲਕਾਨਗਿਰੀ ਜਿਲ੍ਹਾ ਹਸਪਤਾਲ ਇਸ ਪ੍ਰਕਿਰਿਆ (ਓਪਰੇਸ਼ਨ) ਲਈ ਢੁੱਕਵੇਂ ਸੰਦਾਂ ਨਾਲ਼ ਲੈਸ ਨਹੀਂ ਸੀ।
ਬੱਚੇ ਨੂੰ ਕਰੀਬ 150 ਕਿਲੋਮੀਟਰ ਦੂਰ ਕੋਰਾਪੁਟ ਦੇ ਸ਼ਹੀਦ ਲਛਮਣ ਨਾਇਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਨਵੀਂ ਅਤੇ ਵੱਡੀ ਸਹੂਲਤ ਅਧੀਨ ਦਾਖਲ ਕਰਨਾ ਹੋਵੇਗਾ।
ਬੱਚੇ ਦੇ ਪਿਤਾ, ਪੋਡੂ ਗੋਲੋਰੀ ਅਜੇ ਵੀ ਪੂਰੀ ਤਰ੍ਹਾਂ ਨਿਰਾਸ਼ ਸਨ ਅਤੇ ਮਾਂ ਅਜੇ ਵੀ ਬੇਹੋਸ਼ ਸੀ। ਇਸਲਈ ਆਸ਼ਾ ਵਰਕਰ (ਜੋ ਵੈਨ ਵਿੱਚ ਸਵਾਰ ਹੋ ਕੇ ਕੋਡਾਗੁਡਾ ਬਸਤੀ ਪੁੱਜੀ ਸਨ) ਅਤੇ ਮੈਂ ਬੱਚੇ ਨੂੰ ਕੋਰਾਪੁਟ ਲੈ ਗਏ। 15 ਅਗਸਤ ਦੀ ਸ਼ਾਮ ਦੇ ਕਰੀਬ 6 ਵੱਜੇ ਹੋਏ ਸਨ।
ਅਸੀਂ ਹਸਪਤਾਲ ਦੀ ਜਿਹੜੀ ਐਂਬੂਲੈਂਸ ਵਿੱਚ ਯਾਤਰਾ ਕਰ ਰਹੇ ਸਾਂ, ਉਹ ਮਹਿਜ 3 ਕਿਲੋਮੀਟਰ ਚੱਲਣ ਬਾਅਦ ਹੀ ਖ਼ਰਾਬ ਹੋ ਗਈ। ਜਿਸ ਦੂਸਰੀ ਗੱਡੀ ਦਾ ਅਸੀਂ ਪ੍ਰਬੰਧ ਕੀਤਾ ਉਹ ਅਗਲੇ 30 ਕਿਲੋਮੀਟਰ ਚੱਲਣ ਤੋਂ ਬਾਅਦ ਖ਼ਰਾਬ ਹੋ ਗਈ। ਅਸੀਂ ਕਿਸੇ ਹੋਰ ਐਂਬੂਲੈਂਸ ਦੇ ਪੁੱਜਣ ਤੱਕ ਮੂਸਲਾਧਾਰ ਮੀਂਹ ਵਿੱਚ ਸੰਘਣੇ ਜੰਗਲ ਵਿੱਚ ਖੜ੍ਹੇ ਹੋ ਕੇ ਉਡੀਕ ਕੀਤੀ। ਤਾਲਾਬੰਦੀ ਦੇ ਇਸ ਸਮੇਂ ਵਿੱਚ ਅੱਧੀ ਰਾਤ ਨੂੰ ਅਸੀਂ ਅਖੀਰ ਕੋਟਾਪੁਟ ਅੱਪੜ ਹੀ ਗਏ।
ਉੱਥੇ, ਡਾਕਟਰਾਂ ਨੇ ਕਰੀਬ 7 ਦਿਨਾਂ ਵਾਸਤੇ ਬੱਚੇ ਨੂੰ ਮੈਡੀਕਲ ਨਿਗਰਾਨੀ ਹੇਠ ਆਈਸੀਯੂ ਵਿੱਚ ਰੱਖਿਆ। ਇਸ ਸਮੇਂ ਦੌਰਾਨ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ਼ ਪ੍ਰਭਾ (ਪੋਡੂ ਦੇ ਨਾਲ਼) ਨੂੰ ਬੱਸ ਰਾਹੀਂ ਕੋਟਾਪੁਟ ਲੈ ਗਏ ਤਾਂ ਕਿ ਉਹ ਇੱਕ ਹਫ਼ਤੇ ਬਾਅਦ ਪਹਿਲੀ ਵਾਰ ਆਪਣੇ ਬੱਚੇ ਦੀ ਝਲਕ ਦੇਖ ਸਕੇ। ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਕੋਲ਼ ਬਾਲ ਸਰਜਰੀ ਲਈ ਲੋੜੀਂਦੀਆਂ ਸੁਵਿਧਾਵਾਂ ਅਤੇ ਮੁਹਾਰਤ (ਨਿਪੁੰਨਤਾ) ਨਹੀਂ ਹੈ।
ਬੱਚੇ ਨੂੰ ਕਿਸੇ ਹੋਰ ਹਸਪਤਾਲ ਲਿਜਾਣਾ ਪਵੇਗਾ। ਇਹ ਹਸਪਤਾਲ ਕਰੀਬ 700 ਕਿਲੋਮੀਟਰ ਦੂਰ ਸੀ- ਐੱਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ, ਬੇਰਹਮਪੁਰ (ਬ੍ਰਹਮਪੁਰ ਵੀ ਕਿਹਾ ਜਾਂਦਾ ਹੈ)। ਅਸੀਂ ਇੱਕ ਵਾਰ ਫਿਰ ਤੋਂ ਐਂਬੂਲੈਂਸ ਦੀ ਉਡੀਕ ਕੀਤੀ ਅਤੇ ਇੰਨੀ ਲੰਬੀ ਯਾਤਰਾ ਲਈ ਖੁਦ ਨੂੰ ਤਿਆਰ ਕੀਤਾ।
ਐਂਬੂਲੈਂਸ ਰਾਜ ਸੁਵਿਧਾ ਵੱਲੋਂ ਆਈ, ਪਰ ਕਿਉਂਕਿ ਇਲਾਕਾ ਕਾਫੀ ਸੰਵੇਦਨਸ਼ੀਲ ਹੈ, ਇਸਲਈ ਸਾਨੂੰ 500 ਰੁਪਏ ਦੇ ਕਰੀਬ ਪੈਸੇ ਦੇਣੇ ਪਏ। (ਮੈਂ ਅਤੇ ਮੇਰੇ ਦੋਸਤਾਂ ਨੇ ਇਹ ਕੀਮਤ ਅਦਾ ਕੀਤੀ- ਅਸੀਂ ਵੱਖੋ-ਵੱਖ ਹਸਪਤਾਲਾਂ ਵਿੱਚ ਕੀਤੀਆਂ ਯਾਤਰਾਵਾਂ 'ਤੇ ਕਰੀਬ 3,000-4,000 ਰੁਪਏ ਖਰਚ ਕੀਤੇ)। ਐਂਬੂਲੈਂਸ ਸਾਨੂੰ ਲੈ ਤੁਰੀ, ਮੈਨੂੰ ਚੇਤੇ ਹੈ ਬ੍ਰਹਮਪੁਰ ਦੇ ਹਸਪਤਾਲ ਵਿਖੇ ਪਹੁੰਚਣ ਵਿੱਚ ਸਾਨੂੰ 12 ਘੰਟੇ ਤੋਂ ਵੱਧ ਸਮਾਂ ਲੱਗਿਆ।
ਉਦੋਂ ਤੱਕ, ਅਸੀਂ ਵੈਨ, ਟਰੈਕਟਰ, ਕਈ ਐਂਬੂਲੈਂਸਾਂ ਅਤੇ ਬੱਸਾਂ ਜ਼ਰੀਏ- ਚਿਤਰਕੋਂਡਾ, ਮਲਕਾਨਗਿਰੀ ਹੈੱਡਕੁਆਰਟਰ, ਕੋਟਾਪੁਟ ਅਤੇ ਬੇਰਹਮਪੁਰ ਦੇ ਚਾਰ ਵੱਖੋ-ਵੱਖ ਹਸਪਤਾਲਾਂ ਵਿੱਚ ਜਾ ਚੁੱਕੇ ਸਾਂ- ਅਤੇ ਕਰੀਬ 1,000 ਕਿਲੋਮੀਟਰ ਦਾ ਪੈਂਡਾ ਤੈਅ ਕਰ ਚੁੱਕੇ ਸਾਂ।
ਸਾਨੂੰ ਸੂਚਿਤ ਕੀਤਾ ਗਿਆ ਕਿ ਸਰਜਰੀ ਗੰਭੀਰ ਸੀ। ਬੱਚੇ ਦੇ ਫੇਫੜੇ ਵੀ ਖ਼ਰਾਬ ਸਨ ਅਤੇ ਸਰਜਰੀ ਦੁਆਰਾ ਇੱਕ ਹਿੱਸਾ ਹਟਾਇਆ ਜਾਣਾ ਸੀ। ਮਲ ਬਾਹਰ ਕੱਢਣ ਲਈ ਢਿੱਡ ਤੋਂ ਲੈ ਕੇ ਇੱਕ ਸੁਰਾਖ ਬਣਾਇਆ ਗਿਆ ਸੀ। ਸੁਰਾਖ ਦੇ ਨਿਯਮਤ ਖੁੱਲ੍ਹਣ ਨੂੰ ਲੈ ਕੇ ਇੱਕ ਹੋਰ ਓਪਰੇਸ਼ਨ ਲੋੜੀਂਦਾ ਹੋਵੇਗਾ ਪਰ ਉਹ ਓਪਰੇਸ਼ਨ ਸਿਰਫ਼ ਓਦੋਂ ਹੀ ਹੋ ਸਕਦਾ ਹੈ ਜਦੋਂ ਬੱਚੇ ਦਾ ਵਜਨ 8 ਕਿਲੋ ਹੋ ਜਾਵੇ।
ਜਦੋਂ ਮੈਂ ਆਖ਼ਰੀ ਵਾਰ ਮੈਂ ਬੱਚੇ ਦੀ ਜਾਂਚ ਕੀਤੀ, ਉਹ ਆਪਣੇ ਪਰਿਵਾਰ ਦੇ ਨਾਲ਼ ਸੀ ਅਤੇ ਅੱਠ ਮਹੀਨਿਆਂ ਦਾ ਸੀ, ਪਰ ਅਜੇ ਵੀ ਉਹਨੂੰ ਆਪਣਾ ਮੁਕਾਮ ਹਾਸਲ ਨਹੀਂ ਹੋਇਆ ਸੀ। ਦੂਜੀ ਸਰਜਰੀ ਅਜੇ ਵੀ ਬਾਕੀ ਹੈ।
ਅਣਗਿਣਤ ਰੁਕਾਵਟਾਂ ਦੇ ਬਾਵਜੂਦ ਬੱਚੇ ਦੇ ਜਨਮ ਤੋਂ ਕਰੀਬ ਇੱਕ ਮਹੀਨੇ ਬਾਅਦ, ਮੈਨੂੰ ਵੀ ਬੱਚੇ ਦੇ ਨਾਮਕਰਣ ਸਮਾਰੋਹ ਵਿੱਚ ਸੱਦਿਆ ਗਿਆ ਸੀ। ਅਤੇ ਮੈਂ ਉਹਦਾ ਨਾਮ ਮ੍ਰਿਤਯੂੰਜੈ ਰੱਖਿਆ- ਮੌਤ 'ਤੇ ਜਿੱਤ ਪਾਉਣ ਵਾਲ਼ਾ। 15 ਅਗਸਤ 2020 ਦਾ ਦਿਨ , ਭਾਰਤ ਦਾ ਅਜ਼ਾਦੀ ਦਿਹਾੜਾ- ਉਸੇ ਦਿਨ ਉਹਨੇ ਕਈ ਲੜਾਈਆਂ ਲੜੀਆਂ ਅਤੇ ਆਪਣੀ ਮਾਂ ਵਾਂਗ ਜੇਤੂ ਰਿਹਾ।
*****
ਭਾਵੇਂ ਪ੍ਰਭਾ ਦੀ ਪ੍ਰੀਖਿਆ ਕੁਝ ਜ਼ਿਆਦਾ ਹੀ ਔਖੀ ਸੀ ਪਰ ਮਲਕਾਨਗਿਰੀ ਜਿਲ੍ਹੇ ਦੇ ਬੀਹੜ ਆਦਿਵਾਸੀ ਪਿੰਡਾਂ ਵਿੱਚ, ਜਿੱਥੇ ਜਨਤਕ ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਅਣਗੌਲੇ ਅਤੇ ਖਸਤਾ ਹਾਲਤ ਵਿੱਚ ਹਨ, ਔਰਤਾਂ ਅਜਿਹੀਆਂ ਹਾਲਤਾਂ ਵਿੱਚ ਸਭ ਤੋਂ ਵੱਧ ਖ਼ਤਰੇ ਹੇਠ ਹੁੰਦੀਆਂ ਹਨ।
ਪਿਛਲੇ ਕਬੀਲਿਆਂ- ਖਾਸ ਕਰਕੇ ਇਕੱਲੇ ਪਰੋਜਾ ਅਤੇ ਕੋਯਾ- ਵਿੱਚ ਮਲਕਾਨਗਿਰੀ ਦੇ 1,055 ਪਿੰਡਾਂ ਦੀ ਕੁੱਲ 57 ਫੀਸਦੀ ਅਬਾਦੀ ਸ਼ਾਮਲ ਹੈ ਅਤੇ ਜਦੋਂਕਿ ਇਨ੍ਹਾਂ ਭਾਈਚਾਰਿਆਂ ਅਤੇ ਇਲਾਕੇ ਦਾ ਸਭਿਆਚਾਰ, ਪਰੰਪਰਾਵਾਂ ਅਤੇ ਕੁਦਰਤੀ ਵਸੀਲਿਆਂ ਨੂੰ ਵੱਖੋ-ਵੱਖ ਖਾਤਿਆਂ ਵਿੱਚ ਮਨਾਇਆ ਜਾਂਦਾ ਹੈ ਉੱਥੋਂ ਦੇ ਲੋਕਾਂ ਦੀ ਸਿਹਤ ਸਬੰਧੀ ਲੋੜਾਂ ਨੂੰ ਵਿਆਪਕ ਪੱਧਰ 'ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਧਰਾਤਲ ਦੇ ਮੱਦੇਨਜ਼ਰ ਪਹਾੜੀਆਂ, ਜੰਗਲ ਇਲਾਕਿਆਂ ਅਤੇ ਪਾਣੀ ਦੇ ਸ੍ਰੋਤਾਂ ਦੇ ਨਾਲ਼-ਨਾਲ਼ ਸਾਲਾਂਬੱਧੀ ਦੇ ਸੰਘਰਸ਼ ਅਤੇ ਰਾਜ ਵੱਲੋਂ ਅਣਦੇਖੀ ਕਾਰਨ ਇਨ੍ਹਾਂ ਪਿੰਡਾਂ ਅਤੇ ਬਸਤੀਆਂ ਤੱਕ ਜੀਵਨ ਰੱਖਿਆ ਸੇਵਾਵਾਂ ਦੀ ਪਹੁੰਚ ਨੂੰ ਹੋਰ ਔਖਿਆਂ ਕਰ ਦਿੱਤਾ।
ਮਲਕਾਨਗਿਰੀ ਜਿਲ੍ਹੇ ਦੇ ਤਕਰੀਬਨ 150 ਪਿੰਡਾਂ ਦੀਆਂ ਸੜਕਾਂ ਕਿਸੇ ਪਾਸੇ ਜੁੜਦੀਆਂ ਨਹੀਂ। (ਪੂਰੇ ਓੜੀਸਾ ਅੰਦਰ 1,242 ਪਿੰਡਾਂ ਅੰਦਰ ਸੜਕਾਂ ਜੁੜੀਆਂ ਨਹੀਂ ਹਨ, ਪ੍ਰਤਾਪ ਜੇਨਾ, ਪੰਚਾਇਤੀ ਰਾਜ ਅਤੇ ਜਲ (ਪੀਣਯੋਗ) ਮੰਤਰੀ ਨੇ 18 ਫਰਵਰੀ 2020 ਨੂੰ ਰਾਜ ਅਸੈਂਬਲੀ ਵਿੱਚ ਕਿਹਾ)।
ਇਨ੍ਹਾਂ ਪਿੰਡਾਂ ਵਿੱਚੋਂ ਇੱਕ ਨਾਮ ਤੇਂਤਾਪਾਲੀ ਹੈ, ਜੋ ਕੋਟਗੁਡਾ ਤੋਂ ਕਰੀਬ 2 ਕਿਲੋਮੀਟਰ ਦੂਰੀ 'ਤੇ ਹੈ, ਜਿਸ ਅੰਦਰ ਸੜਕ ਇੱਕ ਪਹੁੰਚਮਾਰਗ ਨਹੀਂ ਹੈ। "ਬਾਬੂ, ਸਾਡੀ ਜ਼ਿੰਦਗੀ ਚਾਰੇ ਪਾਸਿਓਂ ਪਾਣੀ ਨਾਲ਼ ਘਿਰੀ ਹੋਈ ਹੈ, ਫਿਰ ਵੀ ਕਿਸਨੂੰ ਪਰਵਾਹ ਹੈ ਕਿ ਅਸੀਂ ਜੀਵੀਏ ਜਾਂ ਮਰੀਏ?" ਕਮਲਾ ਖਿਲੋ ਕਹਿੰਦੀ ਹਨ, ਜਿਨ੍ਹਾਂ ਨੇ ਤੇਂਤਾਪਾਲੀ ਅੰਦਰ ਆਪਣੀ ਜ਼ਿੰਦਗੀ ਦੇ ਦਿੱਕਤਾਂ ਭਰੇ 70 ਸਾਲ ਬਿਤਾਏ। "ਅਸੀਂ ਆਪਣੀ ਜਿੰਦਗੀ ਦੇ ਬਹੁਤੇ ਵਰ੍ਹੇ ਇਸ ਪਾਣੀ ਨੂੰ ਦੇਖ ਹੀ ਗੁਜਾਰੇ ਹਨ, ਜੋ ਔਰਤਾਂ ਅਤੇ ਜੁਆਨ ਕੁੜੀਆਂ ਦੇ ਦੁੱਖਾਂ ਨੂੰ ਹੋਰ ਵਧਾਉਂਦਾ ਹੈ।"
ਦੂਜੇ ਪਿੰਡਾਂ ਵਿੱਚ ਪਹੁੰਚ ਲਈ ਤੇਂਤਾਪਾਲੀ, ਕੋਟਾਗੁਡਾ ਅਤੇ ਜੋਦਾਂਬੂ ਪੰਚਾਇਤ ਅਤੇ ਹੋਰ ਤਿੰਨ ਪਿੰਡਾਂ ਦੇ ਲੋਕਾਂ ਨੂੰ ਮੋਟਰ ਬੋਟ ਰਾਹੀਂ ਡੇਢ ਘੰਟੇ ਤੋਂ ਲੈ ਕੇ ਚਾਰ ਘੰਟਿਆਂ ਤੱਕ ਦੀ ਯਾਤਰਾ ਕਰਨੀ ਪੈਂਦੀ ਹੈ। 40 ਕਿਲੋਮੀਟਰ ਦੂਰ ਚਿਤਰਕੋਂਡਾ ਵਿੱਚ ਸਿਹਤ ਸੁਵਿਧਾਵਾਂ ਤੱਕ ਅੱਪੜਨ ਲਈ ਕਿਸ਼ਤੀ ਸਭ ਤੋਂ ਸੁਗਮ ਵਿਕਲਪ ਹੈ।
ਸੀਐੱਚਸੀ ਤੋਂ 100 ਕਿਲੋਮੀਟਰ ਦੂਰ ਰਹਿੰਦੇ ਲੋਕਾਂ ਨੂੰ ਇੱਥੇ ਪੁੱਜਣ ਲਈ ਕਿਸ਼ਤੀ ਲੈਣੀ ਪੈਂਦੀ ਹੈ ਅਤੇ ਫਿਰ ਬਾਕੀ ਦਾ ਸਫ਼ਰ ਬੱਸ ਜਾਂ ਸਾਂਝੀ ਜੀਪਾਂ ਦੁਆਰਾ ਤਹਿ ਹੁੰਦਾ ਹੈ।
ਜਲ ਸ੍ਰੋਰਤ ਵਿਭਾਗ ਵੱਲੋਂ ਮੁਹੱਈਆ ਮੋਟਰ ਲਾਂਚ ਸੇਵਾ ਵੀ, ਨਿਰਧਾਰਤ ਸੇਵਾਵਾਂ ਦੇ ਨਿਰੰਤਰ ਮੁਲਤਵੀ ਹੋਣ ਕਰਕੇ ਭਰੋਸੇਯੋਗ ਨਹੀਂ ਅਤੇ ਇਹ ਕਿਸ਼ਤੀਆਂ ਇੱਕ ਦਿਨ ਵਿੱਚ ਜਾਣ ਅਤੇ ਵਾਪਸ ਮੁੜਨ ਦੀ ਇੱਕੋ ਯਾਤਰਾ ਹੀ ਕਰਦੀਆਂ ਹਨ। ਨਿੱਜੀ ਪਾਵਰ ਕਿਸ਼ਤੀ ਪ੍ਰਤੀ ਸਵਾਰ 20 ਰੁਪਏ ਲੈਂਦੀ ਹੈ ਜੋ ਕਿ ਰਾਜ ਦੁਆਰਾ ਲਾਂਚ ਸੇਵਾ ਨਾਲ਼ੋਂ 10 ਗੁਣਾ ਵੱਧ ਹੈ। ਇਹ ਸੇਵਾ ਵੀ ਸ਼ਾਮ ਨੂੰ ਚੱਲਣੀ ਬੰਦ ਹੋ ਗਈ ਹੈ। ਇਸਲਈ ਅਪਾਤਕਾਲੀਨ ਹਾਲਤ ਵਿੱਚ, ਆਵਾਜਾਈ ਇੱਕ ਵਿਰਾਟ ਸਮੱਸਿਆ ਬਣੀ ਰਹਿੰਦੀ ਹੈ।
"ਅਧਾਰ ਕਾਰਡ ਹੋਵੇ ਜਾਂ ਡਾਕਟਰ, ਸਾਨੂੰ ਇਨ੍ਹਾਂ (ਆਵਾਜਾਈ ਦੇ ਸਾਧਨਾਂ) 'ਤੇ ਨਿਰਭਰ ਰਹਿਣਾ ਪੈਂਦਾ ਹੈ। ਇਸੇ ਕਾਰਨ ਕਰਕੇ ਔਰਤਾਂ ਆਪਣੇ ਪ੍ਰਸਵਾਂ ਵਾਸਤੇ ਹਸਪਤਾਲ ਜਾਣ ਤੋਂ ਕਤਰਾਉਂਦੀਆਂ ਹਨ," ਤਿੰਨ ਬੱਚਿਆਂ ਦੀ ਮਾਂ ਕੋਟਾਗੁਡਾ ਦੀ 20 ਸਾਲਾ ਕੁਸੁਮਾ ਨਾਰਿਆ ਕਹਿੰਦੀ ਹਨ।
ਹੁਣ ਭਾਵੇਂ, ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਆਸ਼ਾ ਵਰਕਰ ਆ ਰਹੀਆਂ ਹਨ। ਪਰ ਇੱਥੇ ਕੰਮ ਕਰਨ ਵਾਲ਼ੀਆਂ ਆਸ਼ਾ ਕਰਮੀਆਂ ਦੇ ਕੋਲ਼਼ ਨਾ ਤਾਂ ਬਹੁਤਾ ਤਜ਼ਰਬਾ ਹੈ ਅਤੇ ਨਾ ਹੀ ਗਿਆਨ। ਉਹ ਮਹੀਨੇ ਵਿੱਚ ਦੋ ਦਿਨ ਲਈ ਆਉਂਦੀਆਂ ਹਨ ਅਤੇ ਗਰਭਵਤੀ ਔਰਤਾਂ ਨੂੰ ਆਇਰਨ, ਫੌਲਿਕ ਐਸਿਡ ਦੀਆਂ ਗੋਲ਼ੀਆਂ ਅਤੇ ਕੁਝ ਸੁੱਕੇ ਅਨਾਜ ਦੇ ਸਪਲੀਮੈਂਟ ਦਿੰਦੀਆਂ ਹਨ। ਬੱਚਿਆਂ ਦਾ ਟੀਕਾਕਰਨ ਰਿਕਾਰਡ ਖਿੰਡਿਆ-ਪੁੰਡਿਆ ਅਤੇ ਅਧੂਰਾ ਰਹਿੰਦਾ ਹੈ। ਕਿਸੇ ਮੌਕੇ, ਜਦੋਂ ਕਠਿਨ ਪ੍ਰਸਵ ਦਾ ਖ਼ਦਸ਼ਾ ਹੁੰਦਾ ਹੈ ਤਾਂ ਉਹ ਗਰਭਵਤੀ ਔਰਤ ਦੇ ਨਾਲ਼ ਹਸਪਤਾਲ ਜਾਂਦੀਆਂ ਹਨ।
ਪਿੰਡਾਂ ਵਿੱਚ ਔਰਤਾਂ ਅਤੇ ਕਿਸ਼ੋਰ ਕੁੜੀਆਂ ਨੂੰ ਉਨ੍ਹਾਂ ਦੀ ਸਿਹਤ ਚਿੰਤਾਵਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮੱਦੇਨਜਰ ਕੋਈ ਨਿਯਮਤ ਬੈਠਕ ਜਾਂ ਜਾਗਰੂਕਤਾ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਕਿਹਾ ਜਾਂਦਾ ਹੈ ਕਿ ਆਸ਼ਾ ਵਰਕਰ ਸਕੂਲ ਵਿੱਚ ਪ੍ਰੋਗਰਾਮ ਅਯੋਜਿਤ ਕਰਦੀਆਂ ਹਨ ਪਰ ਇੱਥੇ ਕੋਟਾਗੁਡਾ (ਤੇਂਤਾਪਾਲੀ ਵਿੱਚ ਸਿਰਫ਼ ਇੱਕੋ ਸਕੂਲ ਹੈ ਪਰ ਰੈਗੂਲਰ ਅਧਿਆਪਕ ਕੋਈ ਵੀ ਨਹੀਂ) ਵਿੱਚ ਕੋਈ ਸਕੂਲ ਹੀ ਨਹੀਂ ਹੈ ਅਤੇ ਆਂਗਨਵਾੜੀ ਇਮਾਰਤ ਦੀ ਉਸਾਰੀ ਵੀ ਅੱਧ-ਵਿਚਾਲੇ ਲਟਕੀ ਪਈ ਹੈ।
ਇਲਾਕੇ ਦੀ ਆਸ਼ਾ ਵਰਕਰ ਜਮੁਨਾ ਖਾਰਾ ਦਾ ਕਹਿਣਾ ਹੈ ਕਿ ਜੋਡਾਂਬੋ ਪੰਚਾਇਤ ਦੇ ਅੰਦਰ ਮੌਜੂਦ ਪੀਐੱਚਸੀ ਸਿਰਫ਼ ਨਿਗੂਣੀਆਂ ਬੀਮਾਰੀਆਂ ਦਾ ਇਲਾਜ ਹੀ ਕਰਦਾ ਹੈ ਅਤੇ ਉਸ ਅੰਦਰ ਗਰਭਵਤੀ ਔਰਤਾਂ ਜਾਂ ਗੰਭੀਰ ਕੇਸਾਂ ਨਾਲ਼ ਨਜਿੱਠਣ ਲਈ ਕੋਈ ਸੁਵਿਧਾਵਾਂ ਨਹੀਂ ਹਨ, ਉਹ ਅਤੇ ਹੋਰ ਦੀਦੀਆਂ ਵੀ ਚਿਤਰਕੋਂਡਾ ਸੀਐੱਚਸੀ ਨੂੰ ਹੀ ਅਹਿਮਤੀਅਤ ਦਿੰਦੀਆਂ ਹਨ। "ਪਰ ਇਹ ਇੱਕ ਲੰਬਾ ਰਸਤਾ ਹੈ ਅਤੇ ਸੜਕ ਮਾਰਗ ਰਾਹੀਂ ਤੈਅ ਕਰਨਾ ਸੰਭਵ ਨਹੀਂ ਹੈ। ਕਿਸ਼ਤੀ ਰਾਹੀਂ ਸਫ਼ਰ ਖ਼ਤਰਨਾਕ ਰਹਿੰਦਾ ਹੈ। ਸਰਕਾਰੀ ਲਾਂਚ ਹਰ ਸਮੇਂ ਉਪਲਬਧ ਨਹੀਂ ਹੈ। ਇਹੀ ਕਾਰਨ ਹੈ ਕਿ ਅਸੀਂ ਸ਼ੁਰੂਆਤ ਤੋਂ ਹੀ ਦਾਈਮਾ (ਰਵਾਇਤੀ ਦਾਈਆਂ, ਟੀਬੀਏ) 'ਤੇ ਹੀ ਟੇਕ ਬਣਾਈ ਰੱਖੀ ਹੈ।"
ਤੇਂਤਾਪਾਲੀ ਬਸਤੀ, ਇੱਕ ਪਿਜਾਰੋ ਆਦਿਵਾਸੀ, ਸਾਮਰੀ ਖਿਲੋ ਪੁਸ਼ਟੀ ਕਰਦੀ ਹਨ: "ਅਸੀਂ ਮੈਡੀਕਲ (ਡਾਕਟਰਾਂ) ਦੇ ਮੁਕਾਬਲੇ ਦਾਈਮਾ 'ਤੇ ਵੱਧ ਨਿਰਭਰ ਰਹਿੰਦੇ ਹਾਂ। ਮੇਰੇ ਤਿੰਨੋਂ ਬੱਚੇ ਸਾਡੇ ਪਿੰਡ ਮੌਜੂਦ ਤਿੰਨ ਦਾਈਆਂ ਦੀ ਮਦਦ ਨਾਲ਼ ਪੈਦਾ ਹੋਏ।"
ਤਕਰੀਬਨ 15 ਪਿੰਡਾਂ ਦੀਆਂ ਔਰਤਾਂ ਜਣੇਪੇ ਵਾਸਤੇ ਬੋਧੀ ਡੋਕਰੀ 'ਤੇ ਨਿਰਭਰ ਕਰਦੀਆਂ ਹਨ- ਸਥਾਨਕ ਭਾਸ਼ਾ ਵਿੱਚ TBAs ਇਸੇ ਨਾਮ ਨਾਲ਼ ਜਾਣੀਆਂ ਜਾਂਦੀਆਂ ਹਨ। ਸਾਮਾਰੀ ਕਹਿੰਦੀ ਹਨ, "ਹਸਪਤਾਲਾਂ ਵਿੱਚ ਗਏ ਬਗੈਰ ਪ੍ਰਸਵ ਨੂੰ ਸੁਰੱਖਿਅਤ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਉਹ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।" "ਸਾਡੇ ਲਈ ਉਹ ਡਾਕਟਰ ਵੀ ਹਨ ਅਤੇ ਰੱਬ ਵੀ। ਔਰਤਾਂ ਹੋਣ ਦੇ ਨਾਤੇ, ਉਹ ਸਾਡੀ ਤਕਲੀਫ਼ ਨੂੰ ਸਮਝਦੀਆਂ ਹਨ- ਪੁਰਸ਼ ਸ਼ਾਇਦ ਹੀ ਇਹ ਮਹਿਸੂਸ ਕਰਦੇ ਹਨ ਕਿ ਸਾਡੇ ਔਰਤਾਂ ਦੇ ਅੰਦਰ ਵੀ ਦਿਲ ਹੁੰਦਾ ਹੈ ਅਤੇ ਸਾਨੂੰ ਵੀ ਪੀੜ੍ਹ ਹੁੰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਬੱਚੇ ਜੰਮਣ ਲਈ ਹੀ ਪੈਦਾ ਹੋਈਆਂ ਹਾਂ।"
ਇੱਥੋਂ ਦੀਆਂ ਦਾਈਆਂ ਵੀ ਉਨ੍ਹਾਂ ਔਰਤਾਂ ਨੂੰ ਜੜ੍ਹੀਆਂ ਬੂਟੀਆਂ ਤੋਂ ਬਣੀ ਦਵਾਈ ਦਿੰਦੀਆਂ ਹਨ ਜਿਨ੍ਹਾਂ ਦੇ ਬੱਚਾ ਨਹੀਂ ਠਹਿਰਦਾ। ਜੇਕਰ ਇਹ ਦਵਾਈਆਂ ਕੰਮ ਨਹੀਂ ਕਰਦੀਆਂ ਤਾਂ ਉਨ੍ਹਾਂ ਦੇ ਪਤੀ ਦੂਜਾ-ਵਿਆਹ ਕਰ ਲੈਂਦੇ ਹਨ।
13 ਸਾਲ ਦੀ ਉਮਰ ਵਿੱਚ ਵਿਆਹੀ ਗਈ ਕੁਸੁਮਾ ਨਾਰਿਆ ਦੇ 20 ਸਾਲਾਂ ਦੀ ਉਮਰ ਤੱਕ ਤਿੰਨ ਬੱਚੇ ਪੈਦਾ ਹੋਏ। ਉਹਨੇ ਮੈਨੂੰ ਦੱਸਿਆ ਕਿ ਉਹਨੂੰ ਮਾਹਵਾਰੀ ਅਤੇ ਗਰਭਨਿਰੋਧਕ ਬਾਰੇ ਕੋਈ ਗਿਆਨ ਨਹੀਂ ਸੀ। "ਮੈਂ ਖੁਦ ਬੱਚੀ ਸਾਂ ਅਤੇ ਕੁਝ ਨਹੀਂ ਜਾਣਦੀ ਸਾਂ," ਉਹ ਕਹਿੰਦੀ ਹਨ। "ਪਰ ਜਦੋਂ ਮੈਨੂੰ ਮਾਹਵਾਰੀ ਆਈ, ਮੇਰੀ ਮਾਂ ਨੇ ਮੈਨੂੰ ਕੱਪੜਾ ਇਸਤੇਮਾਲ ਕਰਨ ਨੂੰ ਕਿਹਾ। ਬੱਸ ਫਿਰ ਜਲਦੀ ਹੀ ਮੇਰਾ ਵਿਆਹ ਕਰ ਦਿੱਤਾ ਗਿਆ, ਇਹ ਕਹਿੰਦਿਆਂ ਕਿ ਮੈਂ ਹੁਣ ਵੱਡੀ ਹੋ ਗਈ ਹਾਂ। ਮੈਨੂੰ ਸਰੀਰਕ ਸਬੰਧਾਂ ਬਾਰੇ ਵੀ ਕੁਝ ਪਤਾ ਨਹੀਂ ਸੀ। ਮੇਰੇ ਪਹਿਲੇ ਪ੍ਰਸਵ ਦੌਰਾਨ, ਮੇਰੇ ਪਤੀ ਨੇ ਬਗੈਰ ਬੱਚੇ ਦੀ ਪਰਵਾਹ ਕੀਤਿਆਂ ਮੈਨੂੰ ਇਕੱਲਿਆਂ ਹੀ ਹਸਪਤਾਲ ਛੱਡ ਦਿੱਤਾ, ਕਿਉਂਕਿ ਮੇਰੇ ਧੀ ਪੈਦਾ ਹੋਈ ਸੀ। ਪਰ ਮੇਰੀ ਧੀ ਬੱਚ ਗਈ।"
ਕੁਸੁਮਾ ਦੇ ਦੋ ਬੱਚੇ ਮੁੰਡੇ ਹਨ। "ਜਦੋਂ ਮੈਂ ਥੋੜ੍ਹੇ ਵਕਫੇ ਬਾਦ ਦੂਸਰਾ ਬੱਚਾ ਪੈਦਾ ਕਰਨ ਤੋਂ ਇਨਕਾਰ ਕੀਤਾ ਤਾਂ ਮੈਨੂੰ ਬੜਾ ਕੁੱਟਿਆ ਗਿਆ ਕਿਉਂਕਿ ਹਰ ਕਿਸੇ ਨੂੰ ਮੇਰੇ ਕੋਲ਼ੋਂ ਬੇਟਾ ਚਾਹੀਦਾ ਸੀ। ਨਾ ਮੈਨੂੰ ਅਤੇ ਨਾ ਹੀ ਮੇਰੇ ਪਤੀ ਨੂੰ ਦਵਾਈ (ਗਰਭਨਿਰੋਧਕ) ਬਾਰੇ ਕੋਈ ਜਾਣਕਾਰੀ ਸੀ। ਜੇ ਮੈਨੂੰ ਇੰਨੀ ਸਮਝ ਹੁੰਦਾ ਤਾਂ ਮੈਨੂੰ ਇੰਨਾ ਕੁਝ ਨਾ ਝੱਲਣਾ ਪੈਂਦਾ। ਪਰ ਜੇ ਬੱਚਾ ਜੰਮਣ ਦਾ ਵਿਰੋਧ ਕੀਤਾ ਹੁੰਦਾ ਤਾਂ ਮੈਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪੈਂਦਾ।"
ਕੋਟਗੁਡਾ ਵਿੱਚ ਕੁਸੁਮਾ ਦੇ ਘਰ ਤੋਂ ਥੋੜ੍ਹੀ ਦੂਰ ਹੀ ਪ੍ਰਭਾ ਰਹਿੰਦੀ ਹਨ। ਉਨ੍ਹਾਂ ਨੇ ਦੂਸਰੇ ਦਿਨ ਮੈਨੂੰ ਕਿਹਾ: "ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਜ਼ਿੰਦਾ ਹਾਂ। ਮੈਂ ਨਹੀਂ ਜਾਣਦੀ ਮੈਂ ਇਹ ਸਾਰਾ ਕੁਝ ਕਿਵੇਂ ਝੱਲਿਆ। ਮੈਂ ਭਿਆਨਕ ਦਰਦ ਵਿੱਚ ਸਾਂ। ਮੇਰੀ ਹਾਲਤ ਦੇਖ ਕੇ ਮੇਰਾ ਭਰਾ ਵੀ ਰੋ ਰਿਹਾ ਸੀ ਅਤੇ ਫਿਰ ਕਦੇ ਇਸ ਹਸਪਤਾਲ ਤੋਂ ਉਸ ਹਸਪਤਾਲ ਅਤੇ ਫਿਰ ਕਿਤੇ ਜਾ ਕੇ ਬੱਚਾ ਪੈਦਾ ਹੋਇਆ। ਪਰ ਫਿਰ ਵੀ ਮੈਂ ਇੱਕ ਹਫ਼ਤੇ ਤੱਕ ਆਪਣੇ ਬੱਚੇ ਨੂੰ ਨਾ ਦੇਖ ਸਕੀ। ਮੈਂ ਨਹੀਂ ਜਾਣਦੀ ਮੈਂ ਕਿਵੇਂ ਬਚੀ। ਰੱਬ ਅੱਗੇ ਮੇਰੀ ਇਹੀ ਅਰਦਾਸ ਹੈ ਕਿ ਕਿਸੇ ਨੂੰ ਵੀ ਇੰਨੀ ਤਕਲੀਫ਼ ਆ ਆਵੇ। ਪਰ ਅਸੀਂ ਘਾਟੀ (ਪਹਾੜਾਂ) ਦੀਆਂ ਔਰਤਾਂ ਹਾਂ ਅਤੇ ਸਾਡੀ ਜ਼ਿੰਦਗੀ ਅਜਿਹੀ ਹੀ ਹੈ।"
ਮ੍ਰਿਤਯੂੰਜੈ ਨੂੰ ਜਨਮ ਦਿੰਦੇ ਸਮੇਂ ਪ੍ਰਭਾ ਨੂੰ ਜਿਸ ਅਜ਼ਮਾਇਸ਼ ਵਿੱਚੋਂ ਲੰਘਣਾ ਪਿਆ ਹੈ ਇਹ ਇੱਥੋਂ ਦੇ ਪਿੰਡਾਂ ਦੀਆਂ ਬਹੁਤੇਰੀਆਂ ਔਰਤਾਂ ਦੀਆਂ ਕਹਾਣੀਆਂ ਹਨ ਕਿ ਕਬਿਲਾਈ ਭਾਰਤ ਦੇ ਕਈ ਹਿੱਸਿਆਂ ਵਿੱਚ ਬੱਚੇ ਕਿਵੇਂ ਪੈਦਾ ਹੁੰਦੇ ਹਨ- ਬਹੁਤ ਹੀ ਸ਼ਾਨਦਾਰ ਹਨ। ਪਰ ਕੀ ਕਿਸੇ ਨੂੰ ਪਰਵਾਹ ਹੈ ਕਿ ਸਾਡੇ ਮਲਕਾਨਗਿਰੀ ਵਿੱਚ ਕੀ ਕੁਝ ਵਾਪਰ ਰਿਹਾ ਹੈ?
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ