''ਸਕੂਲੇ ਮੈਂ ਜੋ ਵੀ ਕਦਰਾਂ-ਕੀਮਤਾਂ ਸਿੱਖਦੀ ਹਾਂ ਘਰੇ ਉਸ ਤੋਂ ਐਨ ਉਲਟ ਹੁੰਦਾ ਹੈ।''
16 ਸਾਲਾ ਪ੍ਰਿਯਾ ਸਕੂਲ ਪੜ੍ਹਦੀ ਹੈ ਅਤੇ ਪਹਾੜੀ ਰਾਜ ਉਤਰਾਖੰਡ ਦੇ ਰਾਜਪੂਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹੈ। ਉਹ ਉਨ੍ਹਾਂ ਸਖ਼ਤ ਅਤੇ ਸਾਫ਼ ਤੌਰ 'ਤੇ ਨਿਰਧਾਰਤ ਨਿਯਮਾਂ ਬਾਰੇ ਬੋਲ ਰਹੀ ਹੈ, ਮਾਹਵਾਰੀ ਸਮੇਂ ਜਿਨ੍ਹਾਂ ਦੀ ਪਾਲਣਾ ਕਰਨ ਲਈ ਉਹਨੂੰ ਮਜ਼ਬੂਰ ਕੀਤਾ ਜਾਂਦਾ ਹੈ। ''ਇਹ ਤਾਂ ਬਿਲਕੁਲ ਦੋ ਅੱਡ-ਅੱਡ ਦੁਨੀਆ ਵਿੱਚ ਰਹਿਣ ਵਾਂਗਰ ਹੈ। ਘਰੇ ਮੈਨੂੰ (ਖ਼ੁਦ ਨੂੰ) ਇਕਾਂਤਵਾਸ ਹੋਣ ਅਤੇ ਸਾਰੇ ਰੀਤੀ ਰਿਵਾਜਾਂ ਤੇ ਪਾਬੰਦੀਆਂ ਦਾ ਪਾਲਣ ਕਰਨਾ ਸਿਖਾਇਆ ਜਾਂਦਾ ਹੈ ਤੇ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਔਰਤਾਂ ਤੇ ਪੁਰਸ਼ ਬਰਾਬਰ ਹਨ,'' ਉਹ ਕਹਿੰਦੀ ਹੈ।
11ਵੀਂ ਜਮਾਤ ਦੀ ਵਿਦਿਆਰਥਣ ਪ੍ਰਿਆ ਦਾ ਸਕੂਲ ਨਾਨਕਮੱਤਾ ਕਸਬੇ ਵਿੱਚ ਹੈ, ਜੋ ਉਸ ਦੇ ਘਰ ਤੋਂ ਸੱਤ ਕਿਲੋਮੀਟਰ ਦੂਰ ਪਿੰਡ ਵਿੱਚ ਹੀ ਹੈ। ਉਹ ਹਰ ਰੋਜ਼ ਸਾਈਕਲ ਚਲਾ ਕੇ ਸਕੂਲ ਜਾਂਦੀ ਹੈ। ਇਸ ਹੋਣਹਾਰ ਵਿਦਿਆਰਥਣ ਨੇ ਸ਼ੁਰੂ ਵਿੱਚ ਇਸ ਵਿਸ਼ੇ ਨੂੰ ਲੈ ਕੇ ਖ਼ੁਦ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ''ਮੈਂ ਕਿਤਾਬਾਂ ਪੜ੍ਹਦੀ ਤੇ ਸੋਚਦੀ ਕਿ ਮੈਂ ਇਹ ਕਰ ਦਿਆਂਗੀ, ਮੈਂ ਉਹ ਕਰ ਦਿਆਂਗੀ; ਮੈਂ ਦੁਨੀਆ ਦਾ ਨਜ਼ਰੀਆ ਬਦਲ ਦਿਆਂਗੀ। ਪਰ ਮੈਂ ਤਾਂ ਆਪਣੇ ਹੀ ਪਰਿਵਾਰ ਨੂੰ ਇਹ ਤੱਕ ਨਾ ਸਮਝਾ ਸਕੀ ਕਿ ਉਨ੍ਹਾਂ ਰੀਤੀ-ਰਿਵਾਜਾਂ ਦਾ ਕੋਈ ਅਰਥ ਹੀ ਨਹੀਂ ਹੈ। ਮੈਂ ਦਿਨ-ਰਾਤ ਆਪਣੇ ਪਰਿਵਾਰ ਨਾਲ਼ ਰਹਿੰਦੀ ਹਾਂ ਪਰ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਅਸਮਰਥ ਹਾਂ ਕਿ ਇਨ੍ਹਾਂ ਪਾਬੰਦੀਆਂ ਦਾ ਕੋਈ ਮਤਲਬ ਨਹੀਂ,'' ਉਹ ਬੇਚੈਨੀਵੱਸ ਕਹਿੰਦੀ ਹੈ।
ਸ਼ੁਰੂ ਵਿੱਚ ਉਹਦੇ ਮਨ ਅੰਦਰ ਇਨ੍ਹਾਂ ਨਿਯਮਾਂ ਤੇ ਕਾਇਦਿਆਂ ਨੂੰ ਲੈ ਕੇ ਜੋ ਬੇਚੈਨੀ ਸੀ ਉਹ ਅੱਜ ਵੀ ਜਾਰੀ ਹੈ ਪਰ ਹੁਣ ਉਹ ਆਪਣੇ ਮਾਪਿਆਂ ਦੀ ਸੋਚ ਮੁਤਾਬਕ ਚੱਲਦੀ ਹੈ।
ਪ੍ਰਿਯਾ ਅਤੇ ਉਹਦਾ ਪਰਿਵਾਰ ਤਰਾਈ (ਨੀਵੀਂ ਭੂਮੀ) ਇਲਾਕੇ ਵਿੱਚ ਰਹਿੰਦੇ ਹਨ, ਇਹ ਇਲਾਕਾ ਪੂਰੇ ਰਾਜ (ਮਰਦਮਸ਼ੁਮਾਰੀ 2011 ਮੁਤਾਬਕ) ਦਾ ਸਭ ਤੋਂ ਵੱਧ ਝਾੜ ਦੇਣ ਵਾਲ਼ਾ ਖਿੱਤਾ ਹੈ। ਇਸ ਖਿੱਤੇ ਵਿੱਚ ਤਿੰਨ ਫ਼ਸਲਾਂ- ਖ਼ਰੀਫ (ਸਾਉਣੀ) , ਰਬੀ (ਹਾੜੀ) ਤੇ ਜ਼ੈਦ (ਗਰਮੀ ਦੀਆਂ ਫ਼ਸਲਾਂ) ਉਗਾਈਆਂ ਜਾਂਦੀਆਂ ਹਨ ਅਤੇ ਇੱਥੋਂ ਦੀ ਬਹੁਤੇਰੀ ਵਸੋਂ ਖੇਤੀਬਾੜੀ ਨਾਲ਼ ਜੁੜੀ ਹੈ ਅਤੇ ਗਾਵਾਂ ਤੇ ਮੱਝਾਂ ਵੀ ਪਾਲ਼ਦੀ ਹੈ।
ਪ੍ਰਿਯਾ ਦੇ ਘਰ ਦੇ ਨੇੜੇ ਇੱਕ ਹੋਰ ਰਾਜਪੂਤ ਪਰਿਵਾਰ ਦੀ ਕੁੜੀ, ਵਿਧਾ ਵੀ ਮਾਹਵਾਰੀ ਦੌਰਾਨ ਆਪਣੇ ਰਹਿਣ-ਸਹਿਣ ਬਾਰੇ ਖੁੱਲ੍ਹ ਕੇ ਦੱਸਦੀ ਹੋਈ ਕਹਿੰਦੀ ਹੈ: ''ਅਗਲੇ ਛੇ ਦਿਨ, ਮੈਂ ਕਮਰੇ ਵਿੱਚ ਕੈਦ ਰਹਾਂਗੀ। ਮੈਨੂੰ (ਮਾਂ ਤੇ ਦਾਦੀ ਨੇ) ਸਖ਼ਤੀ ਨਾਲ਼ ਇੱਧਰ-ਉੱਧਰ ਘੁੰਮਣ ਤੋਂ ਵਰਜਿਆ ਹੋਇਆ ਹੈ। ਮੇਰੀ ਲੋੜ ਦੀ ਹਰ ਸ਼ੈਅ ਮੇਰੀ ਮਾਂ ਲਿਆਵੇਗੀ।''
ਕਮਰੇ ਵਿੱਚ ਦੋ ਬੈੱਡ, ਇੱਕ ਡ੍ਰੈਸਿੰਗ ਟੇਬਲ ਤੇ ਇੱਕ ਅਲਮਾਰੀ ਹੈ। 15 ਸਾਲਾ ਵਿਧਾ ਆਪਣੇ ਲੱਕੜ ਦੇ ਬੈੱਡ 'ਤੇ ਨਹੀਂ ਸੌਂਵੇਗੀ ਸਗੋਂ ਇੱਕ ਚਾਦਰ ਵਿਛੇ ਪਤਲੇ ਜਿਹੇ ਮੰਜੇ 'ਤੇ ਸੌਂਵੇਗੀ ਜਿਸ 'ਤੇ ਸੌਣ ਨਾਲ਼ ਭਾਵੇਂ ਉਹਦਾ ਲੱਕ-ਪੀੜ੍ਹ ਕਰਦਾ ਹੈ ਪਰ ਉਹ ਇਹ ਸਭ ''ਮੇਰੇ ਪਰਿਵਾਰ ਦੀ ਮਾਨਸਿਕ ਸ਼ਾਂਤੀ ਲਈ'' ਕਰਦੀ ਹੈ।
ਇਸ ਜ਼ਬਰਦਸਤੀ ਦੇ ਮੜ੍ਹੇ ਇਕਾਂਤਾਵਾਸ ਦੌਰਾਨ, ਵਿਧਾ ਨੂੰ ਸਕੂਲ ਜਾਣ ਦੀ ਆਗਿਆ ਹੈ ਪਰ ਸਕੂਲ ਤੋਂ ਘਰ ਆ ਕੇ ਸਿੱਧੇ ਆਪਣੇ ਕਮਰੇ ਵਿੱਚ ਹੀ ਜਾਣਾ ਪੈਂਦਾ ਹੈ। ਵਿਧਾ ਦਾ ਘਰ ਨਾਨਕਮਤਾ ਦੇ ਨੇੜਲੇ ਪਿੰਡ ਨਾਗਲਾ ਵਿਖੇ ਹੈ। ਇਕੱਲਪੁਣੇ ਦਾ ਸਮਾਂ ਕੱਟਣ ਲਈ ਮਾਂ ਦਾ ਫ਼ੋਨ ਤੇ ਕੁਝ ਕਿਤਾਬਾਂ ਸਹਾਰਾ ਬਣਦੀਆਂ ਹਨ।
ਜਦੋਂ ਕੋਈ ਔਰਤ ਪਰਿਵਾਰ ਵਿੱਚ ਦੂਜਿਆਂ ਤੋਂ ਅਲੱਗ ਬੈਠਣਾ ਸ਼ੁਰੂ ਕਰ ਦੇਵੇ ਅਤੇ ਆਪਣੀਆਂ ਚੀਜ਼ਾਂ ਨੂੰ ਇੱਕ ਪਾਸੇ ਲੈ ਜਾਵੇ ਤਾਂ ਇਹ ਹਰ ਕਿਸੇ ਲਈ ਇੱਕ ਸੰਕੇਤ ਹੁੰਦਾ ਹੈ ਕਿ ਉਹਦੀ ਮਾਹਵਾਰੀ ਚੱਲ ਰਹੀ ਹੈ। ਵਿਧਾ ਨੂੰ ਇਹ ਗੱਲ ਬਹੁਤ ਚੁੱਭਦੀ ਹੈ ਕਿ ਕਿਸੇ ਦੀ ਮਾਹਵਾਰੀ ਚੱਲ ਰਹੀ ਹੈ ਜਾਂ ਨਹੀਂ, ਇਸ ਬਾਰੇ ਹਰ ਗੱਲ ਜਨਤਕ ਕਿਉਂ ਹੈ। ਜਿਸ ਔਰਤ ਦੀ ਮਾਹਵਾਰੀ ਚੱਲਦੀ ਹੋਵੇ ਉਹਨੂੰ ਜਾਨਵਰਾਂ ਅਤੇ ਫਲ਼ਦਾਰ ਰੁੱਖਾਂ ਨੂੰ ਛੂਹਣ ਦੀ ਆਗਿਆ ਨਹੀਂ ਅਤੇ ਨਾ ਹੀ ਖਾਣਾ ਪਕਾਉਣ ਤੇ ਖਾਣਾ ਪਰੋਸਣ ਦੀ ਆਗਿਆ ਹੈ ਤੇ ਇੱਥੋਂ ਤੱਕ ਕਿ ਆਪਣੇ ਇਲਾਕੇ ਦੇ ਸਿਤਾਰਗੰਜ ਬਲਾਕ ਦੇ ਮੰਦਰ ਤੋਂ ਪ੍ਰਸਾਦ ਲੈਣ ਦੀ ਆਗਿਆ ਵੀ ਨਹੀਂ।''
ਔਰਤਾਂ ਨੂੰ 'ਅਪਵਿੱਤਰ' ਅਤੇ 'ਅਸ਼ੁੱਭ' ਮੰਨਣ ਦਾ ਇਹ ਦ੍ਰਿਸ਼ਟੀਕੋਣ ਊਧਮ ਸਿੰਘ ਨਗਰ ਦੀ ਜਨਸੰਖਿਆਕੀ ਵਿੱਚ ਵੀ ਝਲ਼ਕਦਾ ਹੈ, ਜਿੱਥੇ ਜੇ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ 1,000 ਪੁਰਸ਼ਾਂ ਮਗਰ 920 ਔਰਤਾਂ ਹਨ, ਜੋ ਕਿ ਰਾਜ ਦੀ ਕੁੱਲ 963 ਦੀ ਔਸਤ ਨਾਲ਼ੋਂ ਵੀ ਘੱਟ ਹੈ। ਇਸ ਦੇ ਨਾਲ਼ ਹੀ, ਪੁਰਸ਼ਾਂ ਵਿੱਚ ਸਾਖਰਤਾ ਦਰ 82 ਫ਼ੀਸਦ ਅਤੇ ਔਰਤਾਂ ਵਿੱਚ 65 ਫ਼ੀਸਦ ਹੈ (ਮਰਦਮਸ਼ੁਮਾਰੀ 2011)।
ਔਰਤਾਂ ਨੂੰ 'ਅਪਵਿੱਤਰ' ਅਤੇ 'ਅਸ਼ੁੱਭ' ਮੰਨਣ ਦਾ ਇਹ ਦ੍ਰਿਸ਼ਟੀਕੋਣ ਊਧਮ ਸਿੰਘ ਨਗਰ ਦੀ ਜਨਸੰਖਿਆਕੀ ਵਿੱਚ ਵੀ ਝਲ਼ਕਦਾ ਹੈ, ਜਿੱਥੇ ਜੇ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ 1,000 ਪੁਰਸ਼ਾਂ ਮਗਰ 920 ਔਰਤਾਂ ਹਨ, ਜੋ ਕਿ ਰਾਜ ਦੀ ਕੁੱਲ 963 ਦੀ ਔਸਤ ਨਾਲ਼ੋਂ ਵੀ ਘੱਟ ਹੈ
ਵਿਧਾ ਦੇ ਬਿਸਤਰੇ ਦੇ ਹੇਠਾਂ ਇੱਕ ਥਾਲੀ, ਇੱਕ ਕੌਲ਼ੀ, ਸਟੀਲ ਦਾ ਗਲਾਸ ਅਤੇ ਚਮਚਾ ਪਿਆ ਹੈ, ਮਾਹਵਾਰੀ ਦੌਰਾਨ ਉਹਨੂੰ ਇਨ੍ਹਾਂ ਭਾਂਡਿਆਂ ਵਿੱਚ ਹੀ ਖਾਣਾ ਪੈਂਦਾ ਹੈ। ਚੌਥੇ ਦਿਨ ਉਹ ਭਾਂਡੇ ਮਾਂਜਣ ਲਈ ਜਲਦੀ ਉੱਠਦੀ ਹੈ ਅਤੇ ਇਨ੍ਹਾਂ ਭਾਂਡਿਆਂ ਨੂੰ ਧੁੱਪੇ ਸਕਾਉਂਦੀ ਹੈ। ਰੀਤੀ-ਰਿਵਾਜਾਂ ਦੀ ਵਿਸਤ੍ਰਿਤ ਜਾਣਕਾਰੀ ਤੇ ਪਾਲਣਾ ਦਾ ਹਵਾਲਾ ਦਿੰਦਿਆਂ ਉਹ ਕਹਿੰਦੀ ਹੈ,''ਫਿਰ ਮੇਰੀ ਮਾਂ ਇਨ੍ਹਾਂ ਭਾਂਡਿਆਂ 'ਤੇ ਗਊ ਮੂਤਰ (ਗਾਂ ਦੇ ਮੂਤ) ਦਾ ਛਿੜਕਾਅ ਕਰਦੀ ਹੈ ਤੇ ਦੋਬਾਰਾ ਇਨ੍ਹਾਂ ਨੂੰ ਧੋਂਦੀ ਹੈ ਅਤੇ ਉਨ੍ਹਾਂ ਨੂੰ ਰਸੋਈ ਵਿੱਚ ਰੱਖ ਦਿੰਦੀ ਹੈ। ਅਗਲੇ ਦੋ ਦਿਨ ਮੈਨੂੰ ਵੱਖਰੇ ਭਾਂਡੇ ਹੀ ਦਿੱਤੇ ਜਾਂਦੇ ਹਨ।''
ਉਹਨੂੰ ਘਰ ਦੇ ਅੰਦਰ ਤੇ ਬਾਹਰ ਘੁੰਮਣ-ਫਿਰਨ ਤੇ ਉਨ੍ਹਾਂ ਖਾਸ ਕੱਪੜਿਆਂ ਤੋਂ ਇਲਾਵਾ ਹੋਰ ਕੱਪੜੇ ਪਾਉਣ ਦੀ ਮਨਾਹੀ ਰਹਿੰਦੀ ਹੈ। ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹੈ,''ਉਨ੍ਹਾਂ ਦਿਨਾਂ ਵਿੱਚ ਪਾਉਣ ਲਈ ਮੇਰੀ ਮਾਂ ਨੇ ਮੈਨੂੰ ਖ਼ਾਸ ਕੱਪੜੇ ਦਿੱਤੇ ਹੋਏ ਹਨ।'' ਉਹਨੂੰ ਲੀੜਿਆਂ ਦੀ ਇਹੀ ਜੋੜੀ ਪਾਉਣੀ ਪੈਂਦੀ ਹੈ ਤੇ ਇਨ੍ਹਾਂ ਨੂੰ ਧੋ ਕੇ ਘਰ ਦੇ ਵਿਹੜੇ ਵਿੱਚ ਸੁੱਕਣੇ ਪਾਉਣਾ ਪੈਂਦਾ ਤੇ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਇਹ ਦੂਜੇ ਕੱਪੜਿਆਂ ਵਿੱਚ ਰਲ਼ ਨਾ ਜਾਣ।
ਵਿਧਾ ਦੇ ਪਿਤਾ ਸੈਨਾ ਵਿੱਚ ਹਨ ਤੇ 13 ਮੈਂਬਰੀ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਦਾਰੀ ਮਾਂ ਦੇ ਸਿਰ ਹੈ। ਇੰਨੇ ਵੱਡੇ ਪਰਿਵਾਰ ਵਿੱਚ ਇੰਝ ਇਕਾਂਤਵਾਸ ਹੋ ਕੇ ਰਹਿਣਾ ਬਹੁਤ ਹੀ ਅਟਪਟਾ ਹੈ ਤੇ ਖ਼ਾਸ ਕਰਕੇ ਉਹਦੇ ਛੋਟੇ ਭਰਾਵਾਂ ਨੂੰ ਇਸ ਦਾ ਕਾਰਨ ਦੱਸਣਾ ਹੋਰ ਵੀ ਅਜੀਬ ਲੱਗਦਾ ਹੈ: ''ਮੇਰੇ ਪਰਿਵਾਰ ਦੇ ਜੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਕੁੜੀਆਂ ਨੂੰ ਇਹ ਖ਼ਾਸ ਬੀਮਾਰੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦਾ ਅਲੱਗ-ਥਲੱਗ ਰਹਿਣਾ ਜ਼ਰੂਰੀ ਹੈ।'' ਜੇ ਕੋਈ ਅਣਜਾਣੇ ਵਿੱਚ ਹੀ ਮੈਨੂੰ ਛੂਹ ਲੈਂਦਾ ਹੈ ਤਾਂ ਉਨ੍ਹਾਂ ਨੂੰ ਵੀ 'ਅਪਵਿੱਤਰ' ਮੰਨ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵੀ ਗਾਂ ਦੇ ਮੂਤ ਨਾਲ਼ 'ਸ਼ੁੱਧ' ਕੀਤਾ ਜਾਂਦਾ ਹੈ। ਉਨ੍ਹਾਂ ਛੇ ਦਿਨਾਂ ਦੌਰਾਨ, ਵਿਧਾ ਦੇ ਸੰਪਰਕ ਵਿੱਚ ਆਉਣ ਵਾਲ਼ੀ ਹਰ ਸ਼ੈਅ ਨੂੰ ਗਾਂ ਦੇ ਮੂਤ ਦਾ ਛਿੜਕਾਅ ਕੀਤਾ ਜਾਂਦਾ ਹੈ। ਸ਼ੁਕਰ ਹੈ ਪਰਿਵਾਰ ਕੋਲ਼ ਚਾਰ ਗਾਵਾਂ ਹਨ, ਨਹੀਂ ਤਾਂ ਇੰਨਾ ਮੂਤ ਕਿੱਥੋਂ ਆਉਂਦਾ।
ਭਾਈਚਾਰੇ ਨੇ ਕੁਝ ਕੁ ਰਿਵਾਜਾਂ ਨੂੰ ਢਿੱਲ ਜ਼ਰੂਰ ਦਿੱਤੀ ਹੈ, ਪਰ ਬਹੁਤ ਹੀ ਮਾਮੂਲੀ। ਜਿਸ ਕਾਰਨ ਕਰਕੇ 2022 ਦੌਰਾਨ ਵਿਧਾ ਨੂੰ ਲੇਟਣ ਲਈ ਵੱਖਰਾ ਬੈੱਡ ਮਿਲ਼ਣ ਲੱਗਿਆ। ਆਪਣੀ ਉਮਰ ਦੇ 70ਵੇਂ ਸਾਲ ਨੂੰ ਢੁਕਣ ਵਾਲ਼ੀ ਉਸੇ ਪਿੰਡ ਦੀ ਬੀਨਾ ਦੱਸਦੀ ਹਨ ਕਿ ਉਨ੍ਹਾਂ ਨੂੰ ਆਪਣੀ ਮਾਹਵਾਰੀ ਦੇ ਦਿਨੀਂ ਕਿਵੇਂ ਡੰਗਰਾਂ ਦੇ ਵਾੜੇ ਵਿੱਚ ਰਹਿਣਾ ਪੈਂਦਾ ਰਿਹਾ ਸੀ। ''ਸਾਨੂੰ ਭੁੰਜੇ ਖਜ਼ੂਰ ਦੇ ਪੱਤੇ ਵਿਛਾਉਣੇ ਪੈਂਦੇ,'' ਉਹ ਚੇਤੇ ਕਰਦੀ ਹਨ।
ਇੱਕ ਦੂਸਰੀ ਬਜ਼ੁਰਗ ਔਰਤ ਵੀ ਆਪਣਾ ਸਮਾਂ ਚੇਤੇ ਕਰਦੀ ਹੈ,''ਮੈਨੂੰ ਫੀਕੀ (ਫਿੱਕੀ) ਚਾਹ ਦੇ ਨਾਲ਼ ਸੁੱਕੀਆਂ ਰੋਟੀਆਂ ਦਿੱਤੀਆਂ ਜਾਂਦੀਆਂ ਜਾਂ ਸਾਨੂੰ ਡੰਗਰਾਂ ਦੇ ਖਾਣ ਵਾਲ਼ੇ ਮੋਟੇ ਅਨਾਜ ਦੀਆਂ ਰੋਟੀਆਂ ਮਿਲ਼ਦੀਆਂ। ਕਈ ਵਾਰੀਂ ਤਾਂ ਉਹ ਸਾਨੂੰ ਰੋਟੀ ਦੇਣੀ ਹੀ ਭੁੱਲ ਜਾਂਦੇ ਤੇ ਸਾਨੂੰ ਭੁੱਖੇ ਹੀ ਰਹਿਣਾ ਪੈਂਦਾ।''
ਕਈ ਔਰਤਾਂ ਤੇ ਪੁਰਸ਼ਾਂ ਦਾ ਮੰਨਣਾ ਹੈ ਕਿ ਇਹ ਰੀਤੀ-ਰਿਵਾਜ ਧਾਰਮਿਕ ਗ੍ਰੰਥਾਂ ਵਿੱਚ ਹੀ ਨਿਰਧਾਰਤ ਕੀਤੇ ਗਏ ਹਨ, ਇਸਲਈ ਇਨ੍ਹਾਂ 'ਤੇ ਕਿੰਤੂ-ਪ੍ਰੰਤੂ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਕਈ ਔਰਤਾਂ ਨੇ ਇਸ ਪ੍ਰਥਾ ਨੂੰ ਆਪਣੀ ਸ਼ਰਮਿੰਦਗੀ ਦਾ ਸਬਬ ਤੱਕ ਦੱਸਿਆ ਪਰ ਅੱਗੋਂ ਇਹੀ ਜਵਾਬ ਮਿਲ਼ਿਆ ਕਿ ਜੇਕਰ ਉਨ੍ਹਾਂ ਨੇ ਇਸ ਪ੍ਰਥਾ ਨੂੰ ਜਾਰੀ ਨਾ ਰੱਖਿਆ ਤਾਂ ਦੇਵਤੇ ਉਨ੍ਹਾਂ ਨਾਲ਼ ਨਰਾਜ਼ ਹੋ ਜਾਣਗੇ।
ਪਿੰਡ ਦੇ ਨੌਜਵਾਨ ਵਜੋਂ, ਵਿਨੈ ਇਸ ਗੱਲ ਪ੍ਰਤੀ ਸਹਿਮਤੀ ਜਤਾਉਂਦੇ ਹਨ ਕਿ ਉਨ੍ਹਾਂ ਦਾ ਵੀ ਮਾਹਵਾਰੀ ਵਾਲ਼ੀਆਂ ਔਰਤਾਂ ਨਾਲ਼ ਬਹੁਤ ਹੀ ਘੱਟ ਸਾਹਮਣਾ ਹੁੰਦਾ ਹੈ। ਛੋਟੇ ਹੁੰਦਿਆਂ ਹੀ ਇਹ ਸੁਣਨ ਨੂੰ ਮਿਲ਼ਦਾ ਰਿਹਾ,' ਮੰਮੀ ਅਛੂਤ ਹੋ ਗਈ ਹੈ '।
29 ਸਾਲਾ ਨੌਜਵਾਨ ਆਪਣੀ ਪਤਨੀ ਦੇ ਨਾਲ਼ ਨਾਨਕਮਤਾ ਕਸਬੇ ਵਿਖੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹੈ। ਉਤਰਾਖੰਡ ਦੇ ਚੰਮਪਾਵਤ ਦਾ ਇਹ ਮੂਲ਼ ਨਿਵਾਸੀ ਕਰੀਬ ਇੱਕ ਦਹਾਕੇ ਪਹਿਲਾਂ ਨਿੱਜੀ ਸਕੂਲ ਵਿੱਚ ਪੜ੍ਹਾਉਣ ਵਾਸਤੇ ਇੱਥੇ ਰਹਿਣ ਆਇਆ। ''ਸਾਨੂੰ ਕਦੇ ਨਹੀਂ ਦੱਸਿਆ ਗਿਆ ਕਿ ਇਹ ਕੁਦਰਤੀ ਪ੍ਰਕਿਰਿਆ ਹੈ। ਕਿੰਨਾ ਚੰਗਾ ਹੁੰਦਾ ਜੇ ਅਸੀਂ ਬਚਪਨ ਤੋਂ ਹੀ ਇਨ੍ਹਾਂ ਪਾਬੰਦੀਆਂ ਨੂੰ ਮੰਨਣਾ ਬੰਦ ਕਰ ਦਿੰਦੇ ਤਾਂ ਅੱਜ ਦੇ ਪੁਰਸ਼ ਕਦੇ ਵੀ ਮਾਹਵਾਰੀ ਵਾਲ਼ੀਆਂ ਔਰਤਾਂ ਜਾਂ ਕੁੜੀਆਂ ਨੂੰ ਹੇਅ ਦੀ ਨਜ਼ਰ ਨਾਲ਼ ਨਾ ਦੇਖਦੇ,'' ਉਹ ਕਹਿੰਦੇ ਹਨ।
ਸੈਨਟਰੀ ਪੈਡਾਂ ਨੂੰ ਖਰੀਦਣਾਂ ਤੇ ਉਨ੍ਹਾਂ ਦਾ ਨਿਪਟਾਰਾ ਕਰਨਾ ਵੀ ਇੱਕ ਚੁਣੌਤੀ ਹੈ। ਪਿੰਡ ਦੀ ਇਕਲੌਤੀ ਦੁਕਾਨ ਵਿੱਚ ਅਕਸਰ ਪੈਡ ਨਹੀਂ ਮਿਲ਼ਦੇ। ਛਵੀ ਵਰਗੀਆਂ ਨੌਜਵਾਨ ਕੁੜੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਦੁਕਾਨਦਾਰ ਨੂੰ ਮੰਗਵਾ ਕੇ ਦੇਣ ਲਈ ਕਹਿੰਦੀਆਂ ਹਨ ਤਾਂ ਉਨ੍ਹਾਂ ਨੂੰ ਅੱਗਿਓਂ ਦੁਕਾਨਦਾਰ ਦੀ ਅਜੀਬ ਨਜ਼ਰ ਝੱਲਣੀ ਪੈਂਦੀ ਹੈ। ਘਰ ਮੁੜਦਿਆਂ ਵੀ ਉਨ੍ਹਾਂ ਨੂੰ ਖਰੀਦੇ ਹੋਏ ਪੈਕਟ (ਪੈਡਾਂ) ਨੂੰ ਕਨਸੋਅ ਲੈਂਦੀਆਂ ਨਜ਼ਰਾਂ ਤੋਂ ਲੁਕਾਉਣਾ ਪੈਂਦਾ ਹੈ। ਅਖ਼ੀਰ, ਇਨ੍ਹਾਂ ਪੈਡਾਂ ਦੇ ਨਿਪਟਾਰੇ ਵਾਸਤੇ ਉਨ੍ਹਾਂ ਨੂੰ 500 ਮੀਟਰ ਦੂਰ ਤਲਾਅ ਤੱਕ ਪੈਦਲ ਜਾਣਾ ਪੈਂਦਾ ਹੈ ਤੇ ਨਿਪਟਾਰਾ ਕਰਨ ਤੋਂ ਪਹਿਲਾਂ ਦੁਆਲ਼ੇ ਝਾਤੀ ਮਾਰਨੀ ਪੈਂਦੀ ਹੈ, ਇਹ ਦੇਖਣ ਲਈ ਕਿ ਕੋਈ ਦੇਖ ਤਾਂ ਨਹੀਂ ਰਿਹਾ।
ਬੱਚਾ ਜੰਮਣਾ ਸਮਝੋ ਹੋਰ ਲੰਬੇਰਾ ਇਕਾਂਤਵਾਸ
'ਅਪਵਿੱਤਰ' ਸਮਝੇ ਜਾਣ ਵਾਲ਼ਾ ਵਿਚਾਰ ਉਸ ਔਰਤ ਲਈ ਹੋਰ ਲੰਮੇਰਾ ਹੋ ਜਾਂਦਾ ਹੈ ਜਿਹਨੇ ਬੱਚਾ ਜੰਮਿਆ ਹੁੰਦਾ ਹੈ। ਲਤਾ ਦੇ ਬੱਚੇ ਗਭਰੇਟ ਹੋ ਚੁੱਕੇ ਹਨ ਪਰ ਅੱਜ ਵੀ ਉਨ੍ਹਾਂ ਨੂੰ ਬੀਤਿਆ ਵੇਲ਼ਾ ਚੇਤਾ ਆਉਂਦਾ ਹੈ: ''4 ਤੋਂ 6 (ਮਾਹਵਾਰੀ ਵੇਲ਼ੇ) ਦਿਨਾਂ ਦੀ ਬਜਾਇ, ਇਨ੍ਹਾਂ ਮਾਵਾਂ ਨੂੰ 11 ਦਿਨ ਘਰਾਂ ਤੋਂ ਦੂਰ ਰੱਖਿਆ ਜਾਂਦਾ ਹੈ। ਕਈ ਵਾਰੀ ਇਹ ਵਕਫ਼ਾ 15 ਦਿਨ ਦਾ ਵੀ ਹੋ ਜਾਂਦਾ ਹੈ, ਇਹ ਸਭ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਕਿ ਬੱਚੇ ਦਾ ਨਾਮਕਰਣ ਨਹੀਂ ਹੋ ਜਾਂਦਾ।'' ਲਤਾ, 15 ਸਾਲਾ ਧੀ ਤੇ 12 ਸਾਲਾ ਪੁੱਤਰ ਦੀ ਮਾਂ ਹਨ, ਉਹ ਕਹਿੰਦੀ ਹਨ ਕਿ ਇਕਾਂਤਵਾਸ ਕੀਤੀ ਨਵੀਂ ਮਾਂ ਨੂੰ ਘਰ ਦੇ ਬਾਕੀ ਹਿੱਸਿਆਂ ਨਾਲ਼ੋਂ ਅੱਡ ਕਰਨ ਲਈ ਗਾਂ ਦੇ ਮੂਤ ਨਾਲ਼ ਲਾਈਨ ਖਿੱਚ ਦਿੱਤੀ ਜਾਂਦੀ ਹੈ।
ਖਟੀਮਾ ਬਲਾਕ ਦੇ ਝਾਂਕਟ ਪਿੰਡ ਵਿਖੇ ਰਹਿੰਦੇ ਹੋਏ, ਲਤਾ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਕਿਉਂਕਿ ਉਹ ਆਪਣੇ ਪਤੀ ਦੇ ਨਾਲ਼ ਸਾਂਝੇ (ਵਿਸਤ੍ਰਿਤ) ਪਰਿਵਾਰ ਵਿੱਚ ਰਹਿ ਰਹੀ ਸਨ। ਪਰ ਜਦੋਂ ਉਹ ਅਤੇ ਉਨ੍ਹਾਂ ਦੇ ਪਤੀ ਕਿਤੇ ਹੋਰ ਰਹਿਣ ਚਲੇ ਗਏ ਤਾਂ ਉਨ੍ਹਾਂ ਨੇ ਕੁਝ ਸਮੇਂ ਲਈ ਇਨ੍ਹਾਂ ਨਿਯਮਾਂ ਨੂੰ ਮੰਨਣਾ ਬੰਦ ਕਰ ਦਿੱਤਾ। ''ਬੀਤੇ ਕੁਝ ਸਾਲਾਂ ਤੋਂ, ਅਸੀਂ ਇਨ੍ਹਾਂ ਰਸਮਾਂ ਵਿੱਚ ਦੋਬਾਰਾ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ,'' ਲਤਾ ਕਹਿੰਦੀ ਹਨ, ਜਿਨ੍ਹਾਂ ਨੇ ਰਾਜਨੀਤੀ-ਸ਼ਾਸਤਰ ਵਿੱਚ ਐੱਮ.ਏ. ਕੀਤੀ ਹੈ। ''ਜੇ ਮਾਹਵਾਰੀ ਵਾਲ਼ੀ ਔਰਤ ਬੀਮਾਰ ਪੈ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਰੱਬ ਨਾਖ਼ੁਸ਼ ਹੈ। ਫਿਰ ਪਰਿਵਾਰ 'ਤੇ ਜੋ ਵੀ ਸਮੱਸਿਆਵਾਂ ਆਉਂਦੀਆਂ ਹਨ ਉਨ੍ਹਾਂ ਨੂੰ ਇਨ੍ਹਾਂ ਪ੍ਰਥਾਵਾਂ ਨਾਲ਼ ਹੀ ਜੋੜ ਦਿੱਤਾ ਜਾਂਦਾ ਹੈ,'' ਆਪਣੇ ਵੱਲੋਂ ਦੋਬਾਰਾ ਇਨ੍ਹਾਂ ਪ੍ਰਥਾਵਾਂ ਦੀ ਤਾਮੀਲ ਕੀਤੇ ਜਾਣ ਦਾ ਵਰਣਨ ਕਰਨ ਦੀ ਕੋਸ਼ਿਸ਼ ਵਿੱਚ ਉਹ ਕਹਿੰਦੀ ਹਨ।
ਪਿੰਡ ਦਾ ਕੋਈ ਵੀ ਬਾਸ਼ਿੰਦਾ ਉਸ ਘਰੋਂ ਪਾਣੀ ਦਾ ਇੱਕ ਗਲਾਸ ਤੱਕ ਨਹੀਂ ਪੀਂਦਾ ਜਿੱਥੇ ਹੁਣੇ ਜਿਹੇ ਕਿਸੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ। ਪੂਰੇ ਪਰਿਵਾਰ ਨੂੰ ਹੀ 'ਅਪਵਿੱਤਰ' ਮੰਨ ਲਿਆ ਜਾਂਦਾ ਹੈ, ਅਜਿਹੇ ਸੂਰਤ-ਏ-ਹਾਲ ਵਿੱਚ ਬੱਚੇ ਦਾ ਲਿੰਗ ਕੁਝ ਵੀ ਹੋਵੇ ਕੋਈ ਫ਼ਰਕ ਨਹੀਂ ਪੈਂਦਾ। ਜੇ ਕੋਈ ਵੀ ਵਿਅਕਤੀ ਜੱਚੇ ਜਾਂ ਬੱਚੇ ਨੂੰ ਛੂਹ ਲੈਂਦਾ ਹੈ ਤਾਂ ਉਹਨੂੰ ਗਾਂ ਦੇ ਮੂਤ ਨਾਲ਼ ਪਵਿੱਤਰ ਕੀਤਾ ਜਾਂਦਾ ਹੈ। ਆਮ ਤੌਰ 'ਤੇ ਗਿਆਰ੍ਹਵੇਂ ਦਿਨ, ਜੱਚੇ ਤੇ ਬੱਚੇ ਨੂੰ ਗਾਂ ਦੇ ਮੂਤ ਨਾਲ਼ ਨੁਹਾਇਆ ਤੇ ਧੋਤਾ ਜਾਂਦਾ ਹੈ, ਇਸ ਤੋਂ ਬਾਅਦ ਜਾ ਕੇ ਨਾਮਕਰਣ ਦੀ ਰਸਮ ਹੁੰਦੀ ਹੈ।
ਲਤਾ ਦੀ 31 ਸਾਲਾ, ਨਨਾਣ ਸਵਿਤਾ ਦਾ 17 ਸਾਲਾਂ ਦੀ ਉਮਰੇ ਵਿਆਹ ਹੋ ਗਿਆ ਸੀ ਤੇ ਉਹਨੂੰ ਵੀ ਧੱਕੇ ਨਾਲ਼ ਇਨ੍ਹਾਂ ਰਸਮਾਂ ਦੀ ਪਾਲਣਾ ਕਰਾਈ ਗਈ। ਉਹ ਚੇਤੇ ਕਰਦੀ ਹਨ ਕਿ ਕਿਵੇਂ ਵਿਆਹ ਦੇ ਪਹਿਲੇ ਸਾਲ ਉਨ੍ਹਾਂ ਨੂੰ ਆਪਣੀ ਦੇਹ ਨੂੰ ਇਕੱਲੀ ਸਾੜੀ ਨਾਲ਼ ਢੱਕਣਾ ਪਿਆ ਸੀ ਕਿਉਂਕਿ ਅੰਦਰਲੇ ਕੱਪੜੇ (ਅੰਡਰਗਾਰਮੈਂਟ) ਨਾ ਪਾਉਣ ਦਾ ਰਿਵਾਜ ਸਖ਼ਤੀ ਨਾਲ਼ ਮੰਨਿਆ ਕੀਤਾ ਜਾਂਦਾ ਸੀ। ''ਮੇਰੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਮੈਂ ਉਹ ਸਭ ਤਾਂ ਰੋਕ ਦਿੱਤਾ,'' ਉਹ ਕਹਿੰਦੀ ਹਨ, ਪਰ ਨਾਲ਼ ਹੀ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਮਾਹਵਾਰੀ ਆਉਣ 'ਤੇ ਉਨ੍ਹਾਂ ਨੂੰ ਭੁੰਜੇ ਹੀ ਸੌਣਾ ਪੈਂਦਾ।
ਅਜਿਹੇ ਮਾਹੌਲ ਵਿੱਚ, ਜਿੱਥੇ ਇਨ੍ਹਾਂ ਪ੍ਰਥਾਵਾਂ ਦਾ ਪਾਲਣ ਹੁੰਦਾ ਹੈ, ਵੱਡੇ ਹੋਏ ਮੁੰਡਿਆਂ ਨੂੰ ਇਹ ਤੱਕ ਨਹੀਂ ਪਤਾ ਹੁੰਦਾ ਕਿ ਸੋਚਣਾ ਕੀ ਹੈ। ਨਿਖਿਲ, ਬਰਕੀਡੰਡੀ ਪਿੰਡ ਦਾ ਇੱਕ ਗਭਰੇਟ ਮੁੰਡਾ ਹੈ ਜੋ ਦਸਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਉਹ ਕਹਿੰਦਾ ਹੈ ਕਿ ਉਹਨੇ ਮਾਹਵਾਰੀ ਬਾਰੇ ਪਿਛਲੇ ਸਾਲ ਹੀ ਪੜ੍ਹਿਆ ਅਤੇ ਇਹਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਇਆ ਪਰ, ''ਮੈਨੂੰ ਜਾਪਦਾ ਹੈ ਕਿ ਔਰਤਾਂ ਨੂੰ ਇੰਝ ਅਲੱਗ-ਥਲੱਗ ਰੱਖਣ ਦਾ ਵਿਚਾਰ ਗ਼ੈਰ-ਵਾਜਬ ਹੈ।'' ਹਾਲਾਂਕਿ ਉਹ ਕਹਿੰਦਾ ਹੈ ਕਿ ਜੇ ਉਹ ਘਰ ਵਿੱਚ ਇਸ ਬਾਬਤ ਗੱਲ ਕਰਦਾ ਵੀ ਹੈ ਤਾਂ ਪਰਿਵਾਰ ਦੇ ਵੱਡਿਆਂ ਨੇ ਉਸਨੂੰ ਝਿੜਕ ਹੀ ਦੇਣਾ ਹੈ।
ਕੁਝ ਕੁਝ ਅਜਿਹਾ ਡਰ ਹੀ ਦਿਵਿਆਂਸ਼ ਸਾਂਝਾ ਕਰਦਾ ਹੈ। ਸੁਨਖੜੀ ਪਿੰਡ ਦਾ ਇੱਕ 12 ਸਾਲਾ ਸਕੂਲੀ ਬੱਚਾ ਆਪਣੀ ਮਾਂ ਨੂੰ ਮਹੀਨੇ ਵਿੱਚ ਪੰਜ ਦਿਨ ਅਲੱਗ-ਥਲੱਗ ਬੈਠੇ ਦੇਖਦਾ ਰਿਹਾ ਹੈ ਪਰ ਉਹਨੂੰ ਕਦੇ ਸਮਝ ਨਹੀਂ ਆਇਆ ਕਿ ਇੰਝ ਕਿਉਂ ਹੈ। ''ਮੇਰੇ ਲਈ ਇਹ ਸੋਚਣਾ ਸਧਾਰਣ ਗੱਲ ਹੈ ਕਿ ਸਾਰੀਆਂ ਔਰਤਾਂ ਤੇ ਕੁੜੀਆਂ ਦੇ ਨਾਲ਼ ਇੰਝ ਹੁੰਦਾ ਹੈ। ਪਰ ਅੱਜ ਮੈਨੂੰ ਇਹ ਸਹੀ ਨਹੀਂ ਲੱਗਦਾ। ਜਦੋਂ ਮੈਂ ਵੱਡਾ ਹੋਇਆ ਤਾਂ ਕੀ ਮੈਂ ਇਸ ਪ੍ਰਥਾ ਦੇ ਨਾਲ਼ ਚੱਲਾਂਗਾ ਜਾਂ ਇਹਨੂੰ ਰੋਕ ਵੀ ਸਕਦਾ ਹਾਂ?'' ਉਹ ਹੈਰਾਨ ਹੁੰਦਾ ਹੈ।
ਪਿੰਡ ਦੇ ਇੱਕ ਬਜ਼ੁਰਗ ਦੁਆਰਾ ਅਜਿਹਾ ਕੋਈ ਵੀ ਟਕਰਾਅ ਮਹਿਸੂਸ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਕਿਹਾ,''ਉਤਰਾਂਚਲ [ਉਤਰਾਖੰਡ ਦਾ ਪੁਰਾਣਾ ਨਾਮ] ਦੇਵਤਿਆਂ ਦਾ ਨਿਵਾਸ ਸਥਾਨ ਹੈ। ਇਸਲਈ ਇੱਥੇ ਰੀਤੀ-ਰਿਵਾਜ ਅਹਿਮ ਹੋ ਜਾਂਦੇ ਹਨ,'' ਨਰਿੰਦਰ ਕਹਿੰਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਭਾਈਚਾਰੇ ਦੀਆਂ ਕੁੜੀਆਂ ਦਾ ਵਿਆਹ 9-10 ਸਾਲ ਦੀ ਉਮਰੇ ਭਾਵ ਮਾਹਵਾਰੀ ਆਉਣ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਸੀ। ''ਜੇ ਉਹਦੀ ਮਾਹਵਾਰੀ ਸ਼ੁਰੂ ਹੋ ਜਾਂਦੀ ਤਾਂ ਦੱਸੋ ਅਸੀਂ ਉਹਦਾ ਕੰਨਿਆਦਾਨ ਕਿਵੇਂ ਕਰਦੇ?'' ਪਤੀ ਨੂੰ 'ਤੋਹਫ਼ੇ' ਵਿੱਚ ਕੁੜੀ ਦੇਣ ਦੇ ਇਸ ਵਿਆਹ ਨਾਲ਼ ਜੁੜੇ ਰਿਵਾਜ ਬਾਰੇ ਬੋਲਦਿਆਂ ਕਹਿੰਦੇ ਹਨ। ''ਹੁਣ ਸਰਕਾਰ ਨੇ ਵਿਆਹ ਦੀ ਉਮਰ ਬਦਲ ਕੇ 21 ਸਾਲ ਕਰ ਦਿੱਤੀ ਹੈ। ਉਦੋਂ ਤੋਂ ਹੀ, ਸਰਕਾਰ ਦੇ ਤੇ ਸਾਡੇ ਕਾਇਦੇ ਅੱਡ-ਅੱਡ ਹੋ ਗਏ ਹਨ।''
ਇਸ ਸਟੋਰੀ ਨੂੰ ਹਿੰਦੀ ਵਿੱਚ ਰਿਪੋਰਟ ਕੀਤਾ ਗਿਆ ਸੀ। ਲੋਕਾਂ ਦੀ ਨਿੱਜਤਾ ਬਰਕਰਾਰ ਰੱਖਣ ਲਈ ਉਨ੍ਹਾਂ ਦੇ ਨਾਮ ਬਦਲ ਦਿੱਤੇ ਗਏ ਹਨ।
ਪਾਰੀ ਐਜੂਕੇਸ਼ਨ ਟੀਮ ਰੋਹਨ ਚੋਪੜਾ ਦਾ ਇਸ ਅੰਸ਼ ਨੂੰ ਲਿਖਣ ਵਿੱਚ ਆਪਣੀ ਮਦਦ ਦੇਣ ਲਈ ਧੰਨਵਾਦ ਕਰਨਾ ਚਾਹੁੰਦੀ ਹੈ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ