ਸਖ਼ਤ ਮਿੱਟੀ ਦੇ ਇੱਕ ਛੋਟੇ ਜਿਹੇ ਮੋਘੇ ਵਿੱਚ ਇੱਕ ਮਰਿਆ ਹੋਇਆ ਕੇਕੜਾ ਪਿਆ ਹੈ ਜਿਹਦੀਆਂ ਲੱਤਾਂ ਉਹਦੇ ਧੜ ਨਾਲ਼ੋਂ ਅਲਹਿਦਾ ਹੋ ਚੁੱਕੀਆਂ ਹਨ। ''ਇਹ ਤਪਸ਼ ਕਾਰਨ ਮਰ ਰਹੇ ਨੇ,'' ਦਵਿੰਦਰ ਭੋਂਗਾਡੇ ਕਹਿੰਦੇ ਹਨ ਜੋ ਆਪਣੇ ਪੰਜ ਏਕੜ ਵਿੱਚ ਫ਼ੈਲੇ ਝੋਨੇ ਦੇ ਖੇਤ ਵਿੱਚ ਬਣੇ ਮੋਘਿਆਂ ਵੱਲ਼ ਇਸ਼ਾਰਾ ਕਰਦਿਆਂ ਕਹਿੰਦੇ ਹਨ।
ਜੇ ਕਿਤੇ ਮੀਂਹ ਪੈ ਗਿਆ ਹੁੰਦਾ ਤਾਂ ਤੁਸੀਂ ਖੇਤਾਂ ਦੇ ਪਾਣੀ ਵਿੱਚ ਇਨ੍ਹਾਂ ਕੇਕੜਿਆਂ ਦੀ ਢਾਣੀ ਨੂੰ ਅੰਡਿਆਂ ਨੂੰ ਨਿੱਘ ਦਿੰਦਿਆਂ ਦੇਖ ਪਾਉਂਦੇ, ਉਹ ਸੁਨਿਹਰੀ-ਹਰੇ ਝੋਨੇ ਦੀਆਂ ਲਹਿਰਾਉਂਦੀਆਂ ਫ਼ਸਲਾਂ ਵਿਚਾਲੇ ਖੜ੍ਹੇ ਹੋ ਕੇ ਕਹਿੰਦੇ ਹਨ। ''ਮੇਰੇ ਪੌਦੇ ਜਿਊਂਦੇ ਨਹੀਂ ਬਚਣੇ,'' 30-32 ਸਾਲਾ ਇਸ ਕਿਸਾਨ ਨੂੰ ਇਹੀ ਚਿੰਤਾ ਵੱਢ-ਵੱਢ ਖਾ ਰਹੀ ਹੈ।
542 ਲੋਕਾਂ (ਮਰਦਮਸ਼ੁਮਾਰੀ 2011) ਵਾਲ਼ੇ ਉਨ੍ਹਾਂ ਦੇ ਪਿੰਡ, ਰਾਵਣਵਾੜੀ ਵਿਖੇ ਕਿਸਾਨ ਮਾਨਸੂਨ ਦੇ ਆਗਮਨ ਵੇਲ਼ੇ ਤੱਕ ਅੱਧ ਜੂਨ ਤੱਕ ਬੀਜਾਂ ਨੂੰ ਆਪਣੇ ਖੇਤਾਂ ਦੇ ਛੋਟੇ ਜਿਹੇ ਹਿੱਸੇ ਵਿੱਚ ਬਣਾਈਆਂ ਨਰਸਰੀਆਂ ਵਿੱਚ ਹੀ ਬੀਜੀ ਰੱਖਦੇ ਹਨ। ਕੁਝ ਦਿਨ ਰੱਜ ਕੇ ਮੀਂ ਵਰ੍ਹਣ ਤੋਂ ਬਾਅਦ, ਜਦੋਂ ਇਨ੍ਹਾਂ ਕਿਆਰੀਆਂ ਵਿੱਚ ਵੱਟਾਂ ਤੀਕਰ ਚਿੱਕੜ ਜਮ੍ਹਾ ਹੋਣ ਲੱਗਦਾ ਹੈ ਤਾਂ ਉਹ 3-4 ਹਫ਼ਤਿਆਂ ਦੀ ਪਨੀਰੀ (ਝੋਨੇ) ਨੂੰ ਪੁੱਟ ਕੇ ਖੇਤਾਂ ਵਿੱਚ ਬੀਜਣ ਲੱਗਦੇ ਹਨ।
ਪਰ ਮਾਨਸੂਨ ਦੀ ਸਧਾਰਣ ਸ਼ੁਰੂਆਤ ਦੇ ਛੇ ਹਫ਼ਤਿਆਂ ਬਾਅਦ ਵੀ, ਇਸ ਸਾਲ 20 ਜੁਲਾਈ ਤੱਕ, ਰਾਵਣਵਾੜੀ ਵਿਖੇ ਮੀਂਹ ਨਹੀਂ ਪਿਆ। ਭੋਂਗਾਡੇ ਦੱਸਦੇ ਹਨ ਕਿ ਦੋ ਵਾਰੀ ਛਿੱਟੇ ਜਿਹੇ ਤਾਂ ਪਏ ਪਰ ਰੱਜਵਾਂ ਮੀਂਹ ਨਹੀਂ ਪਿਆ। ਜਿਹੜੇ ਕਿਸਾਨਾਂ ਦੇ ਕੋਲ਼ ਖ਼ੂਹ ਸਨ ਉਹ ਕਿਸੇ ਨਾ ਕਿਸੇ ਤਰ੍ਹਾਂ ਫ਼ਸਲਾਂ ਨੂੰ ਪਾਣੀ ਦਿੰਦੇ ਰਹੇ ਸਨ। ਬਹੁਤੇਰੇ ਖੇਤਾਂ ਵਿੱਚ ਕੰਮ ਨਾ ਹੋਣ ਕਾਰਨ ਬੇਜ਼ਮੀਨੇ ਮਜ਼ਦੂਰਾਂ ਨੇ ਦਿਹਾੜੀ ਮਜ਼ਦੂਰੀ ਦੀ ਭਾਲ਼ ਵਿੱਚ ਪਿੰਡ ਛੱਡ ਦਿੱਤਾ।
*****
ਕਰੀਬ 20 ਕਿਲੋਮੀਟਰ ਦੂਰ, ਗਰਡਾ ਜੰਗਲੀ ਪਿੰਡ ਵਿਖੇ ਲਕਸ਼ਮਣ ਬਾਂਟੇ ਵੀ ਇਸ ਸਮੇਂ ਪਾਣੀ ਦੀ ਇਸ ਕਿੱਲਤ ਨਾਲ਼ ਜੂਝ ਰਹੇ ਹਨ। ਉਹ ਕਹਿੰਦੇ ਹਨ ਕਿ ਜੂਨ ਅਤੇ ਜੁਲਾਈ ਬਗ਼ੈਰ ਮੀਂਹ ਤੋਂ ਲੰਘ ਜਾਂਦੇ ਹਨ। ਉੱਥੇ ਮੌਜੂਦ ਹੋਰਨਾਂ ਕਿਸਾਨਾਂ ਨੇ ਸਹਿਮਤੀ ਵਿੱਚ ਸਿਰ ਹਿਲਾਇਆ। 2-3 ਸਾਲਾਂ ਵਿੱਚ ਇੱਕ ਵਾਰ ਤਾਂ ਉਨ੍ਹਾਂ ਨੂੰ ਜ਼ਰੂਰ ਹੀ ਆਪਣੀ ਸਾਉਣੀ ਦੀ ਫ਼ਸਲ ਤੋਂ ਹੱਥ ਧੋਣਾ ਹੀ ਪੈਂਦਾ ਹੈ। ਬਾਂਟੇ, ਜੋ ਕਰੀਬ 50 ਸਾਲਆਂ ਦੇ ਹਨ, ਚੇਤੇ ਕਰਦੇ ਹਨ ਕਿ ਉਨ੍ਹਾਂ ਨੇ ਬਚਪਨ ਵਿੱਚ ਮੌਸਮ ਦਾ ਇਹ ਹਾਲ ਨਹੀਂ ਸੀ ਹੁੰਦਾ, ਝੋਨੇ ਦੀ ਫ਼ਸਲ ਬਹੁਤ ਵਧੀਆ ਹੁੰਦੀ ਸੀ।
ਪਰ 2019 ਨੁਕਸਾਨ ਨਾਲ਼ ਭਰਿਆ ਇੱਕ ਸਾਲ ਰਿਹਾ ਅਤੇ ਨਵੇਂ ਪੈਟਰਨ ਦਾ ਵੀ ਹਿੱਸਾ ਰਿਹਾ। ਕਿਸਾਨ ਚਿੰਤਤ ਹਨ। ''ਸਾਉਣੀ ਵੇਲ਼ੇ ਮੇਰੀ ਜ਼ਮੀਨ ਸਨਮੀ ਰਹਿਣ ਵਾਲ਼ੀ ਹੈ,'' ਸਹਿਮੇ ਹੋਏ ਨਰਾਇਣ ਉਇਕੇ (ਭੁੰਜੇ ਬੈਠੇ ਹੋਏ: ਕਵਰ ਫ਼ੋਟੋ ਦੇਖੋ) ਕਹਿੰਦੇ ਹਨ। ਉਹ 70 ਸਾਲ ਦੇ ਹਨ ਅਤੇ 1.5 ਏਕੜ ਖੇਤ 'ਤੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਖੇਤੀ ਕਰ ਰਹੇ ਹਨ ਅਤੇ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਸਮਾਂ ਮਜ਼ਦੂਰ ਦੇ ਰੂਪ ਵਿੱਚ ਵੀ ਕੰਮ ਕਰ ਚੁੱਕੇ ਹਨ। ਉਹ ਚੇਤੇ ਕਰਦੇ ਹਨ,''ਇਹ 2017 ਵਿੱਚ ਸਨਮੀ ਰਿਹਾ ਅਤੇ 2015 ਵਿੱਚ ਵੀ ਸਨਮੀ ਹੀ ਰਿਹਾ... ਪਿਛਲੇ ਸਾਲ, ਮੀਂਹ ਦੇਰ ਨਾਲ਼ ਆਉਣ ਕਾਰਨ ਮੇਰੀ ਬਿਜਾਈ ਵਿੱਚ ਦੇਰੀ ਹੋਈ ਸੀ।'' ਉਇਕੇ ਕਹਿੰਦੇ ਹਨ ਕਿ ਇਹ ਦੇਰੀ ਪੈਦਾਵਾਰ ਅਤੇ ਆਮਦਨੀ ਵਿੱਚ ਘਾਟ ਲਿਆ ਦਿੰਦੀ ਹੈ। ਜਦੋਂ ਕਿਸਾਨ ਬਿਜਾਈ ਵਾਸਤੇ ਮਜ਼ਦੂਰਾਂ ਨੂੰ ਨਹੀਂ ਰੱਖ ਸਕਦੇ ਤਾਂ ਖੇਤ ਮਜ਼ਦੂਰੀ ਦਾ ਕੰਮ ਵੀ ਘੱਟ ਹੋ ਜਾਂਦਾ ਹੈ।
ਭੰਡਾਰਾ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਸਥਿਤ, ਭੰਡਾਰਾ ਤਾਲੁਕਾ ਅਤੇ ਜ਼ਿਲ੍ਹੇ ਦਾ ਗਰਡਾ ਜੰਗਲੀ 496 ਲੋਕਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ। ਰਾਵਣਵਾੜੀ ਵਾਂਗਰ ਹੀ ਇੱਥੋਂ ਦੇ ਬਹੁਤੇਰੇ ਕਿਸਾਨਾਂ ਕੋਲ਼ ਜ਼ਮੀਨ ਦੀਆਂ ਛੋਟੀਆਂ-ਛੋਟੀਆਂ ਜੋਤਾਂ ਹਨ ਜੋ ਇੱਕ ਏਕੜ ਤੋਂ ਲੈ ਕੇ ਚਾਰ ਏਕੜ ਤੱਕ ਫ਼ੈਲੀਆਂ ਹਨ ਅਤੇ ਸਿੰਚਾਈ ਵਾਸਤੇ ਮੀਂਹ 'ਤੇ ਨਿਰਭਰ ਹਨ। ਗੋਂਡ ਆਦਿਵਾਸੀ ਉਇਕੇ ਦਾ ਕਹਿਣਾ ਹੈ ਕਿ ਜੇ ਮੀਂਹ ਨਾ ਪਿਆ ਤਾਂ ਖੇਤੀ ਵੀ ਨਹੀਂ ਬਚੇਗੀ।
ਇਸ ਸਾਲ 20 ਜੁਲਾਈ ਤੱਕ, ਉਨ੍ਹਾਂ ਦੇ ਪਿੰਡ ਦੇ ਕਰੀਬ ਸਾਰੇ ਖੇਤਾਂ 'ਤੇ ਬਿਜਾਈ ਨਹੀਂ ਹੋ ਸਕੀ, ਜਦੋਂਕਿ ਨਰਸਰੀਆਂ ਵਿੱਚ ਲੱਗੇ ਪੌਦੇ ਸੁੱਕਣ ਲੱਗੇ ਸਨ।
ਪਰ ਦੁਰਗਾਬਾਈ ਦਿਘੋਰੇ ਦੇ ਖੇਤ ਵਿੱਚ, ਅੱਧ-ਪੁੰਗਰੇ ਪੌਦਿਆਂ ਦੀ ਪਨੀਰੀ ਲਾਉਣ ਲਈ ਕਾਫ਼ੀ ਕਾਹਲ ਮੱਚੀ ਹੋਈ ਸੀ। ਉਨ੍ਹਾਂ ਦੇ ਪਰਿਵਾਰ ਦੀ ਜ਼ਮੀਨ 'ਤੇ ਇੱਕ ਬੋਰਵੈੱਲ ਹੈ। ਗਰਡਾ ਵਿੱਚ ਸਿਰਫ਼ ਚਾਰ-ਪੰਜ ਕਿਸਾਨਾਂ ਦੇ ਕੋਲ਼ ਹੀ ਇਹ ਸੁਵਿਧਾ ਹੈ। ਉਨ੍ਹਾਂ ਦੇ 80 ਫੁੱਟ ਡੂੰਘੇ ਖੂਹ ਸੁੱਕ ਜਾਣ ਬਾਅਦ, ਦਿਘੋਰੇ ਪਰਿਵਾਰ ਨੇ ਦੋ ਸਾਲ ਪਹਿਲਾਂ ਖੂਹ ਦੇ ਅਦੰਰ ਇੱਕ ਬੋਰਵੈੱਲ ਪੁੱਟਿਆ, ਜੋ 150 ਫੁੱਟ ਡੂੰਘਾ ਸੀ। ਪਰ ਜਦੋਂ 2018 ਵਿੱਚ ਇਹ ਵੀ ਸੁੱਕ ਗਿਆ ਤਾਂ ਉਨ੍ਹਾਂ ਨੇ ਇੱਕ ਨਵਾਂ ਬੋਰਵੈੱਲ ਪੁਟਵਾਇਆ।
ਬਾਂਟੇ ਕਹਿੰਦੇ ਹਨ ਕਿ ਬੋਰਵੈੱਲ ਇੱਥੋਂ ਲਈ ਨਵੀਂ ਚੀਜ਼ ਹੈ, ਕੁਝ ਸਾਲ ਪਹਿਲਾਂ ਤੱਕ ਇਹ ਇਲਾਕਿਆਂ ਵਿੱਚ ਦਿਖਾਈ ਨਹੀਂ ਦਿੰਦੇ ਸਨ। ਉਹ ਕਹਿੰਦੇ ਹਨ,''ਅਤੀਤ ਵਿੱਚ, ਬੋਰਵੈੱਲ ਪੁੱਟਣ ਦੀ ਲੋੜ ਨਹੀਂ ਪੈਂਦੀ ਸੀ। ਹੁਣ ਪਾਣੀ ਮਿਲ਼ਣਾ ਮੁਸ਼ਕਲ ਹੈ, ਮੀਂਹ ਦਾ ਭਰੋਸਾ ਰਹਿ ਨਹੀਂ ਗਿਆ, ਇਸਲਈ ਲੋਕ ਬੋਰਵੈੱਲ ਪੁੱਟਣ ਲੱਗੇ ਹਨ।''
ਬਾਂਟੇ ਅੱਗੇ ਦੱਸਦੇ ਹਨ ਕਿ ਮਾਰਚ 2019 ਤੋਂ ਹੀ ਪਿੰਡ ਦੇ ਆਸਪਾਸ ਦੇ ਦੋ ਛੋਟੇ ਮਾਲ਼ਗੁਜ਼ਾਰੀ ਕੁੰਡ ਵੀ ਸੁੱਕ ਚੁੱਕੇ ਹਨ। ਆਮ ਤੌਰ 'ਤੇ ਸੁੱਕੇ ਮਹੀਨਿਆਂ ਵਿੱਚ ਵੀ ਉਨ੍ਹਾਂ ਅੰਦਰ ਥੋੜ੍ਹਾ ਬਹੁਤ ਪਾਣੀ ਮਿਲ਼ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਬੋਰਵੈੱਲਾਂ ਦੀ ਵੱਧਦੀ ਗਿਣਤੀ ਕੁੰਡਾਂ ਦਾ ਪਾਣੀ ਖਿੱਚ ਰਹੀ ਹੈ।
ਇਨ੍ਹਾਂ ਕੁੰਡਾਂ ਦਾ ਨਿਰਮਾਣ ਸਥਾਨਕ ਰਾਜਿਆਂ ਦੀ ਨਿਗਰਾਨੀ ਹੇਠ 17ਵੀਂ ਸਦੀ ਦੇ ਅੰਤ ਤੋਂ 18ਵੀਂ ਸਦੀ ਦੇ ਅੱਧ ਤੱਕ, ਵਿਦਰਭ ਦੇ ਝੋਨਾ ਉਗਾਉਣ ਵਾਲ਼ੇ ਪੂਰਬੀ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ। ਮਹਾਰਾਸ਼ਟਰ ਬਣਨ ਤੋਂ ਬਾਅਦ, ਰਾਜ ਸਿੰਚਾਈ ਵਿਭਾਗ ਨੇ ਵੱਡੇ ਕੁੰਡਾਂ ਦੇ ਪ੍ਰਬੰਧਨ (ਰੱਖਰਖਾਓ) ਅਤੇ ਕਿਰਿਆ-ਪ੍ਰਣਾਲੀ ਦਾ ਜ਼ਿੰਮਾ ਸਾਂਭਿਆ, ਜਦੋਂਕਿ ਜ਼ਿਲ੍ਹਾ ਪਰਿਸ਼ਦ ਨੇ ਛੋਟੇ ਕੁੰਡਾਂ ਨੂੰ ਸਾਂਭਿਆ। ਇਹ ਕੁੰਡਾਂ ਦੀ ਸਾਂਭ-ਸੰਭਾਲ਼ ਸਥਾਨਕ ਭਾਈਚਾਰਿਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਮੱਛੀ ਪਾਲਣ ਅਤੇ ਸਿੰਚਾਈ ਲਈ ਵਰਤੇ ਜਾਂਦੇ ਹਨ। ਭੰਡਾਰਾ, ਚੰਦਰਪੁਰ, ਗੜਚਿਰੌਲੀ, ਗੋਂਦਿਆ ਅਤੇ ਨਾਗਪੁਰ ਜ਼ਿਲ੍ਹਿਆਂ ਵਿੱਚ ਅਜਿਹੇ ਲਗਭਗ 7,000 ਕੁੰਡ ਹਨ, ਪਰ ਲੰਬੇ ਸਮੇਂ ਤੋਂ ਇਨ੍ਹਾਂ ਵਿੱਚੋਂ ਬਹੁਤਿਆਂ ਦੀ ਅਣਦੇਖੀ ਕੀਤੀ ਗਈ ਹੈ ਅਤੇ ਉਹ ਅਲੋਪ ਹੋਣ ਦੀ ਹਾਲਤ ਵਿੱਚ ਅੱਪੜ ਗਏ ਹਨ।
ਬਾਂਟੇ ਕਹਿੰਦੇ ਹਨ ਕਿ ਇੱਥੋਂ ਦੇ ਕਈ ਨੌਜਵਾਨ ਭੰਡਾਰਾ ਸ਼ਹਿਰ, ਨਾਗਪੁਰ, ਮੁੰਬਈ, ਪੂਨੇ, ਹੈਦਰਾਬਾਦ, ਰਾਏਪੁਰ ਅਤੇ ਹੋਰਨਾਂ ਥਾਵਾਂ 'ਤੇ ਪ੍ਰਵਾਸ ਕਰ ਚੁੱਕੇ ਹਨ ਅਤੇ ਟਰੱਕਾਂ ਦੀ ਸਫ਼ਾਈ ਕਰਨ, ਤੋਰਾ-ਫੇਰਾ ਕਰਨ ਵਾਲ਼ੇ ਮਜ਼ਦੂਰਾਂ, ਖੇਤ ਮਜ਼ਦੂਰਾਂ ਦੇ ਰੂਪ ਵਿੱਚ ਕੰਮ ਕਰਦੇ ਹਨ ਜਾਂ ਕੋਈ ਵੀ ਕੰਮ ਜੋ ਮਿਲ਼ ਜਾਵੇ ਫੜ੍ਹ ਲੈਂਦੇ ਹਨ।
ਇਹ ਵੱਧਦਾ ਹੋਇਆ ਪ੍ਰਵਾਸ ਅਬਾਦੀ ਦੀ ਗਿਣਤੀ ਵਿੱਚ ਝਲਕਦਾ ਹੈ: ਮਹਾਰਾਸ਼ਟਰ ਦੀ ਅਬਾਦੀ ਵਿੱਚ ਜਿੱਥੇ 2001 ਤੋਂ 2011 ਦੀ ਮਰਦਮਸ਼ੁਮਾਰੀ ਤੱਕ 15.99 ਫ਼ੀਸਦ ਵਾਧਾ ਹੋਇਆ ਹੈ, ਉੱਥੇ ਭੰਡਾਰਾ ਵਿੱਚ ਉਸ ਵਕਫ਼ੇ ਅੰਦਰ ਸਿਰਫ਼ 5.66 ਫ਼ੀਸਦ ਦਾ ਵਾਧਾ ਹੋਇਆ। ਇੱਥੇ ਗੱਲਬਾਤ ਦੌਰਾਨ ਬਾਰ-ਬਾਰ ਆਉਣ ਵਾਲ਼ਾ ਮੁੱਖ ਕਾਰਨ ਇਹ ਹੈ ਕਿ ਲੋਕ ਖੇਤੀ ਦੀ ਵੱਧਦੀ ਅਨਿਸ਼ਚਤਤਾ, ਖੇਤੀ ਕਾਰਜਾਂ ਵਿੱਚ ਕਮੀ ਅਤੇ ਘਰੇਲੂ ਖ਼ਰਚਿਆਂ ਨੂੰ ਪੂਰਾ ਕਰਨ ਵਿੱਚ ਅਸਮਰੱਥਾ ਕਾਰਨ ਕਿਤੇ ਹੋਰ ਤੁਰੇ ਜਾ ਰਹੇ ਹਨ।
*****
ਭੰਡਾਰਾ ਮੁੱਖ ਰੂਪ ਨਾਲ਼ ਇੱਕ ਝੋਨਾ ਉਗਾਉਣ ਵਾਲ਼ਾ ਜ਼ਿਲ੍ਹਾ ਹੈ, ਇੱਥੋਂ ਦੇ ਖੇਤ ਜੰਗਲਾਂ ਨਾਲ਼ ਘਿਰੇ ਹੋਏ ਹਨ। ਇੱਥੋਂ ਦਾ ਔਸਤ ਸਲਾਨਾ ਮੀਂਹ 1,250 ਮਿਮੀ ਤੋਂ ਲੈ ਕੇ 1,500 ਮਿਮੀ ਤੱਕ ਹੁੰਦਾ ਹੈ (ਕੇਂਦਰੀ ਭੂਮੀਗਤ ਪਾਣੀ ਬੋਰਡ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ)। ਬਾਰ੍ਹਾਂਮਾਹ ਵੈਨਗੰਗਾ ਨਦੀ, ਸੱਤ ਤਾਲੁਕਾਵਾਂ ਵਾਲ਼ੇ ਇਸ ਜ਼ਿਲ੍ਹੇ ਤੋਂ ਹੋ ਕੇ ਵਹਿੰਦੀ ਹੈ। ਭੰਡਾਰਾ ਵਿੱਚ ਮੌਸਮੀ ਨਦੀਆਂ ਅਤੇ ਕਰੀਬ 1,500 ਮਾਲਗੁਜਾਰੀ ਕੁੰਡ ਵੀ ਹਨ, ਜਿਵੇਂ ਕਿ ਵਿਦਰਭ ਦੀ ਸਿੰਚਾਈ ਵਿਕਾਸ ਨਿਗਮ ਦਾ ਦਾਅਵਾ ਹੈ। ਇੱਥੇ ਹਾਲਾਂਕਿ, ਮੌਸਮੀ ਪ੍ਰਵਾਸ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ, ਪਰ ਪੱਛਮੀ ਵਿਦਰਭ ਦੇ ਕੁਝ ਜ਼ਿਲ੍ਹਿਆਂ ਦੇ ਉਲਟ- ਭੰਡਾਰਾ ਵਿੱਚ ਕਿਸਾਨਾਂ ਦੀ ਵੱਡੇ ਪੱਧਰ 'ਤੇ ਆਤਮਹੱਤਿਆਵਾਂ ਦੇਖਣ ਨੂੰ ਨਹੀਂ ਮਿਲ਼ੀਆਂ ਹਨ।
ਸਿਰਫ਼ 19.48 ਫ਼ੀਸਦ ਸ਼ਹਿਰੀਕਰਨ ਦੇ ਨਾਲ਼, ਇਹ ਛੋਟੇ ਕਿਸਾਨਾਂ ਅਤੇ ਸੀਮਾੰਤ ਕਿਸਾਨਾਂ ਦਾ ਇੱਕ ਖੇਤੀ ਪ੍ਰਧਾਨ ਜ਼ਿਲ੍ਹਾ ਹੈ, ਜੋ ਖ਼ੁਦ ਆਪਣੀ ਜ਼ਮੀਨ ਅਤੇ ਖੇਤ ਮਜ਼ਦੂਰੀ ਤੋਂ ਆਮਦਨੀ ਪ੍ਰਾਪਤ ਕਰਦੇ ਹਨ। ਪਰ ਮਜ਼ਬੂਤ ਸਿੰਚਾਈ ਪ੍ਰਣਾਲੀਆਂ ਦੇ ਬਗ਼ੈਰ, ਇੱਥੋਂ ਦੀ ਖੇਤੀ ਵੱਡੇ ਪੱਧਰ 'ਤੇ ਮੀਂਹ ਅਧਾਰਤ ਹੈ; ਅਕਤੂਬਰ ਤੋਂ ਬਾਅਦ ਜਦੋਂ ਮਾਨਸੂਨ ਮੁੱਕ ਜਾਂਦਾ ਹੈ ਤਾਂ ਕੁਝ ਖੇਤਾਂ ਲਈ ਪਾਣੀ ਕਾਫ਼ੀ ਨਹੀਂ ਰਹਿੰਦਾ।
ਕਈ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਮੱਧ ਭਾਰਤ ਵਿੱਚ ਜਿੱਥੇ ਭੰਡਾਰਾ ਸਥਿਤ ਹੈ, ਜੂਨ ਤੋਂ ਸਤੰਬਰ ਤੀਕਰ ਮਾਨਸੂਨ ਦੇ ਕਮਜ਼ੋਰ ਹੋਣ ਅਤੇ ਭਾਰੀ ਵਰਖਾ ਦੀਆਂ ਵੱਧਦੀਆਂ ਘਟਨਾਵਾਂ ਦਾ ਗਵਾਹ ਬਣ ਰਿਹਾ ਹੈ। ਭਾਰਤੀ ਊਸ਼ਣਖੰਡੀ ਮੌਸਮ ਵਿਗਿਆਨ ਸੰਸਥਾ, ਪੂਨੇ ਦੇ 2009 ਦੇ ਇੱਕ ਅਧਿਐਨ ਵਿੱਚ ਇਸ ਪ੍ਰਵਿਰਤੀ ਦੀ ਗੱਲ ਕਹੀ ਗਈ ਹੈ। ਵਿਸ਼ਵ ਬੈਂਕ ਦਾ 2018 ਦਾ ਇੱਕ ਅਧਿਐਨ ਭੰਡਾਰਾ ਜ਼ਿਲ੍ਹੇ ਨੂੰ ਭਾਰਤ ਦੇ 10 ਸਿਖਰਲੇ ਜਲਵਾਯੂ ਹਾਟਸਪਾਟ ਵਿੱਚ ਦੇਖਦਾ ਹੈ, ਬਾਕੀ ਨੌਂ ਜ਼ਿਲ੍ਹੇ ਵਿਦਰਭ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਹਨ ਅਤੇ ਕਿਹਾ ਗਿਆ ਹੈ ਕਿ 'ਜਲਵਾਯੂ ਹਾਟਸਪਾਟ' ਇੱਕ ਅਜਿਹੀ ਥਾਂ ਹੈ ਜਿੱਥੇ ਔਸਤ ਮੌਸਮ ਵਿੱਚ ਬਦਲਾਅ ਦਾ ਜੀਵਨ ਪੱਧਰ 'ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਅਧਿਐਨ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਵਰਤਮਾਨ ਦ੍ਰਿਸ਼ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ ਤਾਂ ਇਨ੍ਹਾਂ ਹਾਟਸਪਾਟ ਇਲਾਕਿਆਂ ਵਿੱਚ ਰਹਿਣ ਵਾਲ਼ੇ ਲੋਕ ਆਰਥਿਕਤਾ ਨਾਲ਼ ਜੁੜੇ ਬਹੁਤ ਵੱਡੇ ਝਟਕਿਆਂ ਦਾ ਸਾਹਮਣਾ ਕਰ ਸਕਦੇ ਹਨ।
ਰਿਵਾਇਟਲਾਈਜਿੰਗ ਰੇਨਫੇਡ ਐਗਰੀਕਲਚਰ ਨੈੱਟਵਰਕ ਨੇ 2018 ਵਿੱਚ, ਭਾਰਤੀ ਮੌਸਮ ਵਿਭਾਗ ਦੇ ਮੀਂਹ ਦੇ ਅੰਕੜਿਆਂ ਦੇ ਅਧਾਰ 'ਤੇ, ਮਹਾਰਾਸ਼ਟਰ ਬਾਰੇ ਇੱਕ ਫੈਕਟ-ਸ਼ੀਟ (ਤੱਥ-ਪੱਤਰ) ਸੰਕਲਤ ਕੀਤਾ ਗਿਆ। ਇਹ ਦੱਸਦਾ ਹੈ: ਇੱਕ, ਵਿਦਰਭ ਦੇ ਕਰੀਬ ਸਾਰੇ ਜ਼ਿਲ੍ਹਿਆਂ ਵਿੱਚ ਸਾਲ 2000 ਤੋਂ 2017 ਦਰਮਿਆਨ ਖ਼ੁਸ਼ਕ ਦਿਨਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਖ਼ਾਸੇ ਵਿੱਚ ਵਾਧਾ ਹੋਇਆ ਹੈ। ਦੋ: ਮੀਂਹ ਦੇ ਦਿਨਾਂ ਵਿੱਚ ਕਮੀ ਹੋਈ, ਹਾਲਾਂਕਿ ਲੰਬੇ ਸਮੇਂ ਤੱਕ ਸਲਾਨਾ ਔਸਤ ਮੀਂਹ ਲਗਭਗ ਸਥਿਰ ਰਿਹਾ। ਇਹਦਾ ਮਤਲਬ ਇਹ ਹੈ ਕਿ ਇਸ ਇਲਾਕੇ ਵਿੱਚ ਕੁਝ ਹੀ ਦਿਨਾਂ ਵਿੱਚ ਓਨਾ ਮੀਂਹ ਪੈ ਰਿਹਾ ਹੈ ਅਤੇ ਇਸ ਨਾਲ਼ ਫ਼ਸਲਾਂ ਦਾ ਵਾਧਾ ਪ੍ਰਭਾਵਤ ਹੋ ਰਿਹਾ ਹੈ।
ਇੱਕ ਹੋਰ ਅਧਿਐਨ, ਜਿਹਨੂੰ ਦਿ ਐਨਰਜੀ ਐਂਡ ਰਿਸੋਰਸਜ਼ ਇੰਸਟੀਚਿਊਟ (ਟੀਆਈਆਰਆਈ) ਨੇ 2014 ਵਿੱਚ ਕੀਤਾ ਸੀ, ਇਹ ਅਧਿਐਨ ਦੱਸਦਾ ਹੈ: ''1901-2003 ਦੀ ਮਿਆਦ ਦੇ ਮੀਂਹ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੁਲਾਈ ਵਿੱਚ ਮਾਨਸੂਨ ਦਾ ਮੀਂਹ (ਪੂਰੇ ਰਾਜ ਵਿੱਚ) ਘੱਟ ਹੋ ਰਹੀ ਹੈ, ਜਦੋਂਕਿ ਅਗਸਤ ਵਿੱਚ ਮੀਂਹ ਵੱਧਦਾ ਜਾ ਰਿਹਾ ਹੈ... ਇਸ ਤੋਂ ਇਲਾਵਾ, ਮਾਨਸੂਨ ਦੌਰਾਨ ਵਿੱਤੋਂਵੱਧ ਮੀਂਹ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਖ਼ਾਸ ਕਰਕੇ ਮੌਸਮ ਦੇ ਪਹਿਲੇ ਹਿੱਸੇ (ਜੂਨ ਅਤੇ ਜੁਲਾਈ) ਦੌਰਾਨ।''
ਇਹ ਅਧਿਐਨ ਜਿਹਦਾ ਸਿਰਲੇਖ ਹੈ, ਮਹਾਰਾਸ਼ਟਰ ਵਾਸਤੇ ਜਲਵਾਯੂ ਪਰਿਵਰਤਨ ਦੀ ਵੰਨ-ਸੁਵੰਨਤਾ ਅਤੇ ਅਨੁਕੂਲਨ ਦੀਆਂ ਵਿਧੀਆਂ ਦਾ ਨਿਰਧਾਰਣ: ਜਲਵਾਯੂ ਤਬਦੀਲੀ ਦੀ ਮਹਾਰਾਸ਼ਟਰ ਰਾਜ ਅਨੁਕੂਲਨ ਕਾਰਜ ਯੋਜਨਾ, ਵਿਦਰਭ ਦੇ ਮੁੱਖ ਸੰਕਟ ਨੂੰ ਇਸ ਪ੍ਰਕਾਰ ਉਜਾਗਰ ਕਰਦੀ ਹੈ,''ਲੰਬੇ ਚੱਲਦੇ ਖ਼ੁਸ਼ਕ ਦਿਨ, ਹਾਲੀਆ ਸਮੇਂ ਵਿੱਚ (ਸਾਲਾਂ) ਦੀ ਤਬਦੀਲੀ ਵਿੱਚ ਮੀਂਹ ਵਿਚਲਾ ਵਾਧਾ ਅਤੇ ਆਈ ਕਿੱਲਤ।''
ਇਹ ਕਹਿੰਦਾ ਹੈ ਕਿ ਭੰਡਾਰਾ ਉਨ੍ਹਾਂ ਜ਼ਿਲ੍ਹਿਆਂ ਦੇ ਸਮੂਹ ਵਿੱਚ ਸ਼ਾਮਲ ਹੈ ਜਿੱਥੇ ਵਿਤੋਂਵੱਧ ਮੀਂਹ ਵਿੱਚ 14 ਤੋਂ 18 ਫ਼ੀਸਦ (ਬੇਸਲਾਈਨ ਦੇ ਮੁਕਾਬਲੇ) ਵਾਧਾ ਹੋ ਸਕਦਾ ਹੈ ਅਤੇ ਮਾਨਸੂਨ ਦੌਰਾਨ ਖ਼ੁਸ਼ਕ ਦਿਨਾਂ ਦੇ ਵੱਧਣ ਦਾ ਅਨੁਮਾਨ ਹੈ। ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਾਗਪੁਰ ਡਿਵੀਜ਼ਨ (ਜਿੱਥੇ ਭੰਡਾਰਾ ਸਥਿਤ ਹੈ) ਲਈ ਔਸਤ ਵਾਧਾ (27.19 ਡਿਗਰੀ ਦੇ ਸਲਾਨਾ ਔਸਤ ਤਾਪਮਾਨ 'ਤੇ) 1.18 ਤੋਂ 1.4 ਡਿਗਰੀ ਤੱਕ (2030 ਤੱਕ), 1.95 ਤੋਂ 2.2 ਡਿਗਰੀ ਤੱਕ (2050 ਤੱਕ) ਅਤੇ 2.88 ਤੋਂ 3.16 ਡਿਗਰੀ ਤਤੱਕ (2070) ਹੋਵੇਗਾ। ਇਹ ਵਾਧਾ ਰਾਜ ਦੇ ਕਿਸੇ ਵੀ ਇਲਾਕੇ ਲਈ ਬਹੁਤ ਜ਼ਿਆਦਾ ਹੈ।
ਭੰਡਾਰਾ ਦੇ ਖੇਤੀ ਅਧਿਕਾਰੀਆਂ ਨੇ ਵੀ ਵੱਡੇ ਪੱਧਰ 'ਤੇ ਮੀਂਹ 'ਤੇ ਨਿਰਭਰ ਆਪਣੇ ਜ਼ਿਲ੍ਹੇ ਵਿੱਚ ਇਨ੍ਹਾਂ ਸ਼ੁਰੂਆਤੀ ਤਬਦੀਲੀਆਂ ਨੂੰ ਦੇਖਿਆ ਹੈ ਜੋ ਆਪਣੇ ਰਵਾਇਤੀ ਕੁੰਡਾਂ, ਨਦੀਆਂ ਅਤੇ ਕਾਫ਼ੀ ਮੀਂਹ ਕਾਰਨ ਸਰਕਾਰ ਦੇ ਸਾਹਿਤ ਅਤੇ ਜ਼ਿਲ੍ਹੇ ਦੀਆਂ ਯੋਜਨਾਵਾਂ ਨੂੰ ਅਜੇ ਵੀ ਇੱਕ 'ਬਿਹਤਰ-ਸਿੰਚਿਤ' ਇਲਾਕੇ ਵਜੋਂ ਵਰਗੀਕ੍ਰਿਤ ਕਰਦਾ ਹੈ। ਭੰਡਾਰਾ ਦੇ ਮੰਡਲੀ ਖੇਤੀ ਨਿਰੀਖਣ ਅਧਿਕਾਰੀ, ਮਿਲਿੰਦ ਲਾਡ ਕਹਿੰਦੇ ਹਨ,''ਅਸੀਂ ਜ਼ਿਲ੍ਹੇ ਵਿੱਚ ਮੀਂਹ ਵਿੱਚ ਦੇਰੀ ਦੇ ਇਸ ਲਗਾਤਾਰ ਪ੍ਰਵਿਰਤੀ ਨੂੰ ਦੇਖ ਰਹੇ ਹਾਂ, ਜੋ ਬਿਜਾਈ ਅਤੇ ਪੈਦਾਵਾਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਾਡੇ ਕੋਲ਼ ਮੀਂਹ ਦੇ 60-65 ਦਿਨ ਹੋਇਆ ਕਰਦੇ ਸਨ, ਪਰ ਪਿਛਲੇ ਇੱਕ ਦਹਾਕੇ ਤੋਂ, ਇਹ ਜੂਨ-ਸਤੰਬਰ ਦੀ ਵਕਫ਼ੇ ਵਿੱਚ 40-45 ਤੱਕ ਹੇਠਾਂ ਆ ਗਿਆ ਹੈ।'' ਉਹ ਦੱਸਦੇ ਹਨ ਕਿ ਭੰਡਾਰਾ ਦੇ ਮਾਲੀਆ ਵਾਲ਼ੇ 20 ਪਿੰਡਾਂ ਦੇ ਸਮੂਹ ਜਿਹੇ ਕੁਝ ਇਲਾਕਿਆਂ ਨੇ ਇਸ ਸਾਲ ਜੂਨ ਅਤੇ ਜੁਲਾਈ ਵਿੱਚ ਮੀਂਹ ਦੇ ਮੁਸ਼ਕਲ ਨਾਲ਼ 6 ਜਾਂ 7 ਦਿਨ ਹੀ ਦੇਖੇ ਹੋਣੇ।
''ਜੇ ਮਾਨਸੂਨ ਵਿੱਚ ਦੇਰੀ ਹੋਈ ਤਾਂ ਤੁਸੀਂ ਆਪਣੀ ਗੁਣਵੱਤਾ ਵਾਲ਼ੇ ਚੌਲ਼ ਨਹੀਂ ਉਗਾ ਸਕਦੇ। ਝੋਨੇ ਦੀ ਬਿਜਾਈ ਵਾਸਤੇ ਪਨੀਰੀ ਦੇ ਤਿਆਰ ਹੋਣ ਵਿੱਚ 21 ਦਿਨਾਂ ਦੀ ਦੇਰੀ ਕਾਰਨ, ਝਾੜ ਪ੍ਰਤੀ ਹੈਕਟੇਅਰ 10 ਕਿਲੋ ਘੱਟਦਾ ਜਾਂਦਾ ਹੈ।''
ਜ਼ਿਲ੍ਹੇ ਅੰਦਰ ਬੀਜਾਂ ਨੂੰ ਛਿੜਕਣ ਦੀ ਰਵਾਇਤੀ ਵਿਧੀ ਤੇਜ਼ੀ ਨਾਲ਼ ਵਾਪਸ ਪਰਤ ਰਹੀ ਹੈ ਜਿਸ ਵਿੱਚ ਨਰਸਰੀ ਵਿੱਚ ਪਨੀਰੀ ਤਿਆਰ ਕਰਨ ਦੀ ਬਜਾਇ ਬੀਜਾਂ ਨੂੰ ਸਿੱਧਿਆਂ ਹੀ ਮਿੱਟੀ ਵਿੱਚ ਖਿਲਾਰਿਆ ਜਾਂਦਾ ਹੈ। ਪਰ ਬੀਜਾਂ ਦੇ ਛਿੜਕਾਅ ਦੀ ਇਹ ਵਿਧੀ, ਪੁੰਗਾਰੇ ਦੀ ਦਰ ਨੂੰ ਘੱਟ ਕਰ ਦਿੰਦੀ ਹੈ ਜਿਸ ਕਾਰਨ ਝਾੜ 'ਤੇ ਉਲਟ ਅਸਰ ਪੈਂਦਾ ਹੈ। ਫਿਰ ਵੀ ਮੰਨ ਲਓ ਜੇ ਪਹਿਲਾ ਮੀਂਹ ਨਾ ਪਵੇ ਅਤੇ ਨਰਸਰੀ ਵਿੱਚ ਪਨੀਰੀ ਹੀ ਤਿਆਰ ਨਾ ਹੋਵੇ ਤਾਂ ਬਜਾਇ ਉਸ ਮੁਕੰਮਲ ਘਾਟੇ ਦੇ, ਕਿਸਾਨ ਛਿੜਕਾਅ (ਬੀਜਾਂ ਦੇ) ਦੀ ਵਿਧੀ ਨਾਲ਼ ਅੰਸ਼ਕ ਘਾਟਾ ਸਹਿਣ ਨੂੰ ਰਾਜ਼ੀ ਹੋ ਸਕਦਾ ਹੈ।
''ਝੋਨੇ ਦੀ ਪਨੀਰੀ ਨੂੰ ਤਿਆਰ ਹੋਣ ਲਈ ਜੂਨ-ਜੁਲਾਈ ਵਿੱਚ ਚੰਗੇ ਮੀਂਹ ਦੀ ਲੋੜ ਹੁੰਦੀ ਹੈ,'' ਪੂਰਬੀ ਵਿਦਰਭ ਵਿੱਚ ਦੇਸ਼ੀ ਬੀਜਾਂ ਦੇ ਸੰਰਖਣ ਨੂੰ ਲੈ ਕੇ ਝੋਨਾ ਕਿਸਾਨਾਂ ਨਾਲ਼ ਰਲ਼ ਕੇ ਕੰਮ ਕਰਨ ਵਾਲ਼ੇ ਇੱਕ ਸਵੈ-ਇਛੁੱਕ ਸੰਗਠਨ, ਗ੍ਰਾਮੀਣ ਯੁਵਾ ਪ੍ਰਗਤੀਕ ਮੰਡਲ, ਭੰਡਾਰਾ ਦੇ ਪ੍ਰਧਾਨ ਅਵਿਲ ਬੋਰਕਰ ਕਹਿੰਦੇ ਹਨ। ਮਾਨਸੂਨ ਬਦਲ ਰਿਹਾ ਹੈ, ਉਹ ਵੀ ਨੋਟ ਕਰਦੇ ਹਨ। ਉਨ੍ਹਾਂ ਮੁਤਾਬਕ, ਛੋਟੇ ਬਦਲਾਵਾਂ ਨਾਲ਼ ਲੋਕ ਨਜਿੱਠ ਸਕਦੇ ਹਨ। ''ਪਰ ਜੇਕਰ ਮਾਨਸੂਨ ਅਸਫ਼ਲ ਰਹੇ ਤਾਂ ਉਹ ਕੁਝ ਨਹੀਂ ਕਰ ਪਾਉਂਦੇ।''
*****
ਮੰਡਲੀ ਖੇਤੀ ਨਿਰੀਖਣ ਅਧਿਕਾਰੀ, ਮਿਲਿੰਦ ਲਾਡ ਦੱਸਦੇ ਹਨ ਕਿ ਜੁਲਾਈ ਦੇ ਅੰਤ ਤੋਂ ਭੰਡਾਰਾ ਵਿਖੇ ਮੀਂਹ ਸ਼ੁਰੂ ਹੋ ਗਿਆ। ਪਰ ਉਦੋਂ ਤੱਕ ਝੋਨੇ ਦੀ ਬਿਜਾਈ ਪ੍ਰਭਾਵਤ ਹੋ ਚੁੱਕੀ ਹੋਈ ਹੈ, ਜੁਲਾਈ ਦੇ ਅੰਤ ਤੀਕਰ ਜ਼ਿਲ੍ਹੇ ਵਿੱਚ ਸਿਰਫ਼ 12 ਫ਼ੀਸਦ ਹੀ ਬਿਜਾਈ ਹੋਈ ਸੀ। ਉਹ ਕਹਿੰਦੇ ਹਨ ਕਿ ਸਾਉਣੀ ਵਿੱਚ ਭੰਡਾਰਾ ਦੀ 1.25 ਲੱਖ ਹੈਕਟੇਅਰ ਖੇਤੀ ਯੋਗ ਭੂਮੀ ਵਿੱਚੋਂ ਕਰੀਬ ਸਾਰੇ ਰਕਬੇ 'ਤੇ ਝੋਨੇ ਦਾ ਕਬਜ਼ਾ ਰਹਿੰਦਾ ਹੈ।
ਬਹੁਤ ਸਾਰੇ ਮਾਲਗੁਜਾਰੀ ਕੁੰਡ ਜੋ ਮਛੇਰਿਆਂ ਲਈ ਸਹਾਰਾ ਬਣਦੇ ਰਹੇ, ਉਹ ਵੀ ਸੁੱਕ ਚੁੱਕੇ ਹਨ। ਪਿੰਡ ਦੇ ਲੋਕਾਂ ਵਿਚਾਲੇ ਸਿਰਫ਼ ਪਾਣੀ ਦੇ ਮਸਲੇ 'ਤੇ ਹੀ ਗੱਲ ਚੱਲ ਰਹੀ ਹੈ। ਖੇਤ ਹੁਣ ਰੁਜ਼ਗਾਰ ਦਾ ਇੱਕੋ-ਇੱਕ ਵਸੀਲਾ ਹਨ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਨਸੂਨ ਦੇ ਪਹਿਲੇ ਦੋ ਮਹੀਨਿਆਂ ਵਿੱਚ ਭੰਡਾਰਾ ਵਿਖੇ ਬੇਜ਼ਮੀਨਿਆਂ ਵਾਸਤੇ ਕੋਈ ਕੰਮ ਨਹੀਂ ਸੀ ਅਤੇ ਹੁਣ ਜਦੋਂ ਮੀਂਹ ਪੈਣ ਵੀ ਲੱਗੇ ਹਨ ਤਾਂ ਵੀ ਸਾਉਣੀ ਦੀ ਬਿਜਾਈ ਤੋਂ ਪ੍ਰਭਾਵਤ ਹੋ ਹੀ ਚੁੱਕੀ ਹੈ।
ਕਈ ਏਕੜ ਜ਼ਮੀਨ ਸਨਮੀ ਹੀ ਦੇਖਣ ਨੂੰ ਮਿਲ਼ਦੀ ਹੈ- ਭੂਰੇ ਖੇਤ, ਵਾਹੇ ਹੋਏ ਖੇਤ, ਗਰਮੀ ਨਾਲ਼ ਸਖ਼ਤ ਹੋ ਗਈ ਮਿੱਟੀ ਅਤੇ ਨਮੀ ਦੀ ਕਿੱਲਤ ਦੇ ਮਾਰੇ ਖੇਤ ਜਿਨ੍ਹਾਂ ਦੀਆਂ ਨਰਸਰੀਆਂ ਵਿੱਚ ਪਨੀਰੀ ਪੀਲ਼ੀ ਫਿਰ ਚੁੱਕੀ ਹੈ ਅਤੇ ਮੁਰਝਾ ਕੇ ਸੁੱਕ ਰਹੀ ਹੈ। ਕੁਝ ਨਰਸਰੀਆਂ ਜੋ ਹਰੀਆਂ ਜਾਪ ਰਹੀਆਂ ਹਨ ਉਨ੍ਹਾਂ ਵਿੱਚ ਪਨੀਰੀ ਨੂੰ ਜਿਊਂਦਾ ਰੱਖਣ ਲਈ ਖਾਦ ਛਿੜਕੀ ਗਈ ਹੈ।
ਲਾਡ ਮੁਤਾਬਕ, ਗਰਡਾ ਅਤੇ ਰਾਵਣਵਾਡੀ ਦੇ ਇਲਾਵਾ ਭੰਡਾਰਾ ਦੇ ਧਰਗਾਓਂ ਸਰਕਲ ਦੇ ਕਰੀਬ 20 ਪਿੰਡਾਂ ਵਿੱਚ ਇਸ ਸਾਲ ਚੰਗਾ ਮੀਂਹ ਨਹੀਂ ਵਰ੍ਹਿਆ ਅਤੇ ਪਿਛਲੇ ਕੁਝ ਸਾਲਾਂ ਤੋਂ ਵੀ ਇਹੀ ਹਾਲ ਰਿਹਾ ਹੈ। ਮੀਂਹ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭੰਡਾਰਾ ਵਿਖੇ ਜੂਨ ਤੋਂ 15 ਅਗਸਤ, 2019 ਤੱਕ 20 ਫ਼ੀਸਦ ਘੱਟ ਮੀਂਹ ਪਿਆ ਅਤੇ ਇੱਥੇ 736 ਮਿਮੀ ਦਾ ਜੋ ਕੁੱਲ ਮੀਂਹ ਦਰਜ ਕੀਤਾ ਗਿਆ (ਉਸ ਵਕਫ਼ੇ ਦੇ 852 ਮਿਮੀ ਦੇ ਚਿਰੋਕਣੇ ਸਮੇਂ ਵਿੱਚੋਂ) ਉਹ 25 ਜੁਲਾਈ ਤੋਂ ਬਾਅਦ ਹੋਈ ਸੀ। ਭਾਵ ਕਿ ਅਗਸਤ ਦੇ ਪਹਿਲੇ ਪੰਦਰਵਾੜੇ ਵਿੱਚ, ਜ਼ਿਲ੍ਹੇ ਨੇ ਇੱਕ ਵੱਡੀ ਕਿੱਲਤ ਦੀ ਪੂਰਤੀ ਕਰ ਲਈ।
ਇਹ ਮੀਂਹ ਭਾਵੇਂ ਡਾਵਾਂਡੋਲ ਹੀ ਰਿਹਾ, ਫਿਰ ਵੀ ਭਾਰਤੀ ਮੌਸਮ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ: ਉੱਤਰ ਵਿੱਚ, ਤੁਮਸਰ ਵਿੱਚ ਚੰਗਾ ਮੀਂਹ ਪਿਆ; ਕੇਂਦਰ ਵਿੱਚ ਧਨਗਾਓਂ ਵਿੱਚ ਕਿੱਲਤ ਦੇਖੀ ਗਈ; ਦੱਖਣ ਵਿੱਚ ਪਵਨੀ ਨੂੰ ਮੀਂਹ ਵੱਲੋਂ ਥੋੜ੍ਹੀ ਰਾਹਤ ਮਿਲ਼ੀ।
ਹਾਲਾਂਕਿ, ਮੌਸਮ ਵਿਭਾਗ ਦੇ ਅੰਕੜੇ ਜ਼ਮੀਨੀ ਲੋਕਾਂ ਦੇ ਸੂਖਮ ਅਵਲੋਕਨ ਨੂੰ ਪ੍ਰਤੀਬਿੰਬਤ ਨਹੀਂ ਕਰਦੇ: ਕਿ ਮੀਂਹ ਤੇਜ਼ੀ ਨਾਲ਼ ਪੈਂਦਾ ਹੈ ਅਤੇ ਬਹੁਤ ਹੀ ਘੱਟ ਸਮੇਂ ਲਈ ਪੈਂਦਾ ਹੈ ਕਦੇ ਤਾਂ ਕੁਝ ਮਿੰਟਾਂ ਲਈ ਹੀ, ਹਾਲਾਂਕਿ ਮੀਂਹ ਨੂੰ ਮਾਪਣ ਵਾਲ਼ੇ ਸਟੇਸ਼ਨ 'ਤੇ ਪੂਰੇ ਇੱਕ ਦਿਨ ਦਾ ਮੀਂਹ ਪੰਜੀਕ੍ਰਿਤ ਕੀਤਾ ਜਾਂਦਾ ਹੈ। ਸਾਪੇਖਕ ਤਾਪਮਾਨ, ਤਪਸ਼ ਜਾਂ ਨਮੀ ਨੂੰ ਲੈ ਕੇ ਪਿੰਡ ਪੱਧਰੀ ਕੋਈ ਅੰਕੜਾ ਮੌਜੂਦ ਨਹੀਂ ਹੈ।
14 ਅਗਸਤ ਨੂੰ ਜ਼ਿਲ੍ਹਾ-ਅਧਿਕਾਰੀ ਡਾ. ਨਰੇਸ਼ ਗਿਤੇ ਨੇ ਬੀਮਾ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਉਹ ਉਨ੍ਹਾਂ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦੇਣ, ਜਿਨ੍ਹਾਂ ਨੇ ਇਸ ਸਾਲ ਆਪਣੀ 75 ਫ਼ੀਸਦ ਜ਼ਮੀਨ 'ਤੇ ਬਿਜਾਈ ਨਹੀਂ ਕੀਤੀ। ਸ਼ੁਰੂਆਤੀ ਅਨੁਮਾਨਾਂ ਦੀ ਗੱਲ ਕਰੀਏ ਤਾਂ ਅਜਿਹੇ ਕਿਸਾਨਾਂ ਦੀ ਗਿਣਤੀ 1.67 ਲੱਖ ਅਤੇ ਬਿਜਾਈ ਤੋਂ ਸੱਖਣਾ ਰਕਬਾ ਕਰੀਬ 75,440 ਹੈਕਟੇਅਰ ਹੋਵੇਗਾ।
ਸਤੰਬਰ ਤੱਕ, ਭੰਡਾਰਾ ਨੇ 1,237.4 ਮਿਮੀ ਮੀਂਹ (ਜੂਨ ਤੋਂ ਸ਼ੁਰੂ ਕਰਕੇ) ਜਾਂ ਇਸ ਮਿਆਦ ਲਈ ਆਪਣੀ ਦੀਰਘਕਾਲਕ ਸਲਾਨਾ ਔਸਤ ਦਾ 96.7 ਫ਼ੀਸਦ (1,280.2 ਮਿਮੀ) ਦਰਜ ਕੀਤਾ ਸੀ। ਇਸ ਵਿੱਚੋਂ ਜ਼ਿਆਦਾਤਰ ਮੀਂਹ ਅਗਸਤ ਅਤੇ ਸਤੰਬਰ ਵਿੱਚ ਪਿਆ ਸੀ, ਜਦੋਂ ਜੂਨ-ਜੁਲਾਈ ਦਾ ਮੀਂਹ ਸਿਰ ਖੜ੍ਹੀ ਸਾਉਣੀ ਦੀ ਬਿਜਾਈ ਪਹਿਲਾਂ ਹੀ ਪ੍ਰਭਾਵਤ ਹੋ ਚੁੱਕੀ ਸੀ। ਮੀਂਹ ਨੇ ਰਾਵਣਵਾੜੀ, ਗਰੜਾ ਜੰਗਲੀ ਅਤੇ ਵਾਕੇਸ਼ਵਰ ਦੇ ਮਾਲਗੁਜਾਰੀ ਕੁੰਡਾਂ ਨੂੰ ਵੀ ਭਰ ਦਿੱਤਾ। ਕਈ ਕਿਸਾਨਾਂ ਨੇ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਫਿਰ ਤੋਂ ਬਿਜਾਈ ਦੀ ਕੋਸ਼ਿਸ਼ ਕੀਤੀ ਜਿੱਥੇ ਕਈਆਂ ਨੇ ਛੇਤੀ ਝਾੜ ਦੇਣ ਵਾਲ਼ੀਆਂ ਕਿਸਮਾਂ ਦੀ ਬੀਜ ਛਿੜਕ ਦਿੱਤੇ। ਹਾਲਾਂਕਿ, ਉਪਜ ਘੱਟ ਹੋ ਸਕਦੀ ਹੈ ਅਤੇ ਵਾਢੀ ਦਾ ਮੌਸਮ ਇੱਕ ਮਹੀਨਾ ਗਾੜੀ ਭਾਵ ਨਵੰਬਰ ਤੱਕ ਜਾ ਸਕਦਾ ਹੈ।
*****
ਜੁਲਾਈ ਵਿੱਚ, 66 ਸਾਲਾ ਮਾਰੋਤੀ ਅਤੇ 62 ਸਾਲਾ ਨਿਰਮਲਾ ਮਹਸਕੇ ਬੜੀ ਪਰੇਸ਼ਾਨ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਅਣਕਿਆਸੇ ਮੀਂਹ ਦੇ ਨਾਲ਼ ਜੀਣਾ ਮੁਸ਼ਕਲ ਹੈ। ਲੰਬੇ ਸਮੇਂ ਤੱਕ ਪੈਣ ਵਾਲ਼ੇ ਮੀਂਹ ਦੇ ਪਹਿਲੇ ਪੈਟਰਨ-ਜਦੋਂ ਲਗਾਤਾਰ 4 ਜਾਂ 5 ਦਿਨ ਜਾਂ ਹਫ਼ਤਾ ਹਫ਼ਤਾ ਮੀਂਹ ਪੈਂਦਾ ਹੁੰਦਾ ਸੀ, ਹੁਣ ਕਿੱਥੇ ਰਹੇ ਹਨ। ਹੁਣ, ਉਹ ਕਹਿੰਦੇ ਹਨ, ਮੀਂਹ ਤੇਜ਼ੀ ਨਾਲ਼ ਪੈਂਦਾ ਹੈ- ਕੁਝ ਘੰਟਿਆਂ ਲਈ ਰੱਜ ਕੇ ਵਰ੍ਹਦਾ ਹੈ ਅਤੇ ਸੋਕੇ ਅਤੇ ਤਪਸ਼ ਵਾਲ਼ੇ ਦਿਨ ਲੰਬੇ ਹੁੰਦੇ ਜਾਂਦੇ ਹਨ।
ਕਰੀਬ ਇੱਕ ਦਹਾਕੇ ਤੱਕ, ਉਨ੍ਹਾਂ ਨੂੰ ਮ੍ਰਿਗ-ਨਕਸ਼ਤਰ ਜਾਂ ਜੂਨ ਦੀ ਸ਼ੁਰੂਆਤ ਤੋਂ ਜੁਲਾਈ ਦੀ ਸ਼ੁਰੂਆਤ ਤੱਕ ਚੰਗਾ ਮੀਂਹ ਦੇਖਣ ਨੂੰ ਨਹੀਂ ਮਿਲ਼ਿਆ। ਇਹੀ ਤਾਂ ਉਹ ਸਮਾਂ ਹੁੰਦਾ ਹੈ ਜਦੋਂ ਕਿਸਾਨ ਨਰਸਰੀ ਵਿੱਚ ਝੋਨੇ ਦੀ ਪਨੀਰੀ ਤਿਆਰ ਕਰ ਰਹੇ ਹੁੰਦੇ ਅਤੇ 21 ਦਿਨ ਦੀ ਪਨੀਰੀ ਨੂੰ ਪਾਣੀ ਡੁੱਬੇ ਖੇਤਾਂ ਵਿੱਚ ਬੀਜਣ ਲੱਗਦੇ। ਅਕਤੂਬਰ ਦੇ ਅੰਤ ਤੱਕ, ਉਨ੍ਹਾਂ ਦੀ ਫ਼ਸਲ ਵਾਢੀ ਲਈ ਤਿਆਰ ਹੋ ਜਾਂਦੀ। ਹੁਣ, ਉਨ੍ਹਾਂ ਨੂੰ ਫ਼ਸਲ ਦੀ ਵਾਢੀ ਨਵੰਬਰ ਜਾਂ ਕਦੇ-ਕਦੇ ਦਸੰਬਰ ਤੱਕ ਵੀ ਉਡੀਕਣੀ ਪੈਂਦੀ ਹੈ। ਦੇਰੀ ਨਾਲ਼ ਪਿਆ ਮੀਂਹ ਪ੍ਰਤੀ ਏਕੜ ਝਾੜ ਨੂੰ ਪ੍ਰਭਾਵਤ ਕਰਦਾ ਜਾਂਦਾ ਹੈ ਅਤੇ ਜਿਸ ਕਾਰਨ ਲੰਬੇ ਵਕਫ਼ੇ ਤੱਕ ਗੁਣਵੱਤਾ ਵਾਲ਼ੇ ਚੌਲ਼ ਦੀਆਂ ਕਿਸਮਾਂ ਦੀ ਖੇਤੀ ਛੱਡਣ ਲਈ ਜਾਂ ਸੀਮਤ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ।
''ਇਸ ਸਮੇਂ (ਜੁਲਾਈ ਅਖੀਰ) ਤੱਕ ਅਸੀਂ ਪਨੀਰੀ ਲਾਉਣ ਦਾ ਕੰਮ ਮੁਕੰਮਲ ਕਰ ਲੈਂਦੇ ਹੁੰਦੇ ਸਾਂ,'' ਨਿਰਮਲਾ ਨੇ ਦੱਸਿਆ ਜਦੋਂ ਮੈਂ ਉਨ੍ਹਾਂ ਦੇ ਪਿੰਡ ਵਾਕੇਸ਼ਵਰ ਦਾ ਦੌਰਾ ਕੀਤਾ। ਕਾਫ਼ੀ ਸਾਰੇ ਕਿਸਾਨਾਂ ਵਾਂਗਰ, ਮਹਸਕੇ ਪਰਿਵਾਰ ਵੀ ਮੀਂਹ ਦੀ ਉਡੀਕ ਕਰ ਰਹੇ ਹਨ ਤਾਂਕਿ ਪੌਦਿਆਂ ਦੀ ਬਿਜਾਈ ਉਨ੍ਹਾਂ ਕੀਤੀ ਜਾ ਸਕੇ। ਉਨ੍ਹਾਂ ਮੁਤਾਬਕ, ਦੋ ਮਹੀਨਿਆਂ ਲਈ, ਅਮਲੀ ਰੂਪ ਵਿੱਚ ਉਨ੍ਹਾਂ ਸੱਤ ਮਜ਼ਦੂਰਾਂ ਲਈ ਕੋਈ ਕੰਮ ਨਹੀਂ ਸੀ ਜੋ ਉਨ੍ਹਾਂ ਦੇ ਖੇਤਾਂ ਵਿੱਚ ਕੰਮ ਕਰਦੇ ਹਨ।
ਮਹਸਕੇ ਪਰਿਵਾਰ ਦਾ ਪੁਰਾਣਾ ਘਰ ਉਨ੍ਹਾਂ ਦੇ ਦੋ ਏਕੜ ਦੇ ਖੇਤ 'ਤੇ ਬਣਿਆ ਹੈ, ਜਿੱਥੇ ਉਹ ਸਬਜ਼ੀਆਂ ਅਤੇ ਝੋਨੇ ਦੀਆਂ ਸਥਾਨਕ ਕਿਸਮਾਂ ਉਗਾਉਂਦੇ ਹਨ। ਪਰਿਵਾਰ ਕੋਲ਼ 15 ਏਕੜ ਭੂਮੀ ਹੈ। ਮਾਰੋਤੀ ਮਹਸਕੇ ਨੂੰ ਆਪਣੇ ਪਿੰਡ ਵਿੱਚ, ਸੋਚ-ਸਮਝ ਕੇ ਫ਼ਸਲੀ ਯੋਜਨਾ ਬਣਾਉਣ ਅਤੇ ਉੱਚ ਝਾੜ ਦੇਣ ਲਈ ਜਾਣਿਆ ਜਾਂਦਾ ਹੈ। ਪਰ ਮੀਂਹ ਦੇ ਪੈਟਰਨ ਵਿੱਚ ਹੋਈ ਤਬਦੀਲੀ, ਇਹਦੀ ਉੱਗਣ ਦੀ ਕਿਆਸਆਰੀ, ਇਹਦੇ ਆਸਮਾਨ ਵਾਧੇ ਨੇ ਉਨ੍ਹਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ, ਉਹ ਕਹਿੰਦੇ ਹਨ,''ਜਦੋਂ ਤੁਸੀਂ ਇਹ ਹੀ ਨਹੀਂ ਜਾਣ ਪਾਉਂਦੇ ਕਿ ਕਦੋਂ ਅਤੇ ਕਿੰਨਾ ਮੀਂਹ ਪੈਣਾ ਹੈ ਤਾਂ ਦੱਸੋ ਆਪਣੀ ਫ਼ਸਲ ਦੀ ਯੋਜਨਾ ਬਣਾ ਹੀ ਕਿਵੇਂ ਸਕਦੇ ਹੋ?''
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ (PARI) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP-ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ