' ਕਾਲੇ ਕਨੂੰਨ ਕੋ ਵਾਪਸ ਲੋ, ਵਾਪਸ ਲੋ, ਵਾਪਸ ਲੋ ' ('ਕਾਲੇ ਕਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ!')। ਗਣਤੰਤਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਨਾਅਰੇ ਗੂੰਜਦੇ ਹਨ।
ਮੈਦਾਨ ਵਿੱਚ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਦੁਆਰਾ ਅਯੋਜਿਤ ਧਰਨੇ 'ਤੇ ਹਜਾਰਾਂ ਕਿਸਾਨ ਬੈਠੇ ਹੋਏ ਹਨ। ਉਹ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਪ੍ਰਤੀ ਆਪਣੀ ਇਕਜੁਟਤਾ ਜ਼ਾਹਰ ਕਰਨ ਲਈ ਮਹਾਰਾਸ਼ਟਰ ਦੇ 21 ਜ਼ਿਲ੍ਹਿਆਂ ਵਿੱਚੋਂ ਲਾਮਬੰਦ ਹੋ ਕੇ ਨਾਸਿਕ ਤੋਂ ਕਰੀਬ 180 ਕਿਲੋਮੀਟਰ ਦੀ ਦੋ ਦਿਨੀਂ ਯਾਤਰਾ ਮੁਕੰਮਲ ਕਰਕੇ ਆਏ ਹਨ।
ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ, ਪੰਜਾਬ ਅਤੇ ਹਰਿਆਣਾ (ਮੁੱਖ ਤੌਰ 'ਤੇ) ਤੋਂ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਧਰਨਾ ਜਮਾਈ ਬੈਠੇ ਹਨ। ਉਹ ਉਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ।
ਉਹ ਖੇਤੀ ਕਨੂੰਨ ਜਿਨ੍ਹਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਇਹ ਤਸਵੀਰਾਂ ਅਜ਼ਾਦ ਮੈਦਾਨ ਵਿੱਚ 24 ਅਤੇ 25 ਜਨਵਰੀ ਇਨ੍ਹਾਂ ਦੋ-ਦਿਨੀ ਧਰਨੇ ਦੀਆਂ ਹਨ-

ਕਿਸਾਨਾਂ ਦਾ ਇੱਕ ਸਮੂਹ 24 ਜਨਵਰੀ ਸਵੇਰ ਵੇਲੇ ਮਾਰਚ ਕਰਦਾ ਹੋਇਆ, ਜਦੋਂਕਿ ਬਾਕੀ ਜੋ ਪਹਿਲਾਂ ਹੀ ਪਹੁੰਚ ਗਏ ਹਨ, ਲੰਬੇ ਪੈਂਡੇ ਮਗਰੋਂ ਅਰਾਮ ਕਰਦੇ ਹੋਏ

ਅਰੁਣਬਾਈ ਸੋਨਾਵਾਨੇ (ਖੱਬੇ) ਅਤੇ ਸ਼ਸ਼ੀਕਲਾ ਗਾਇਕਵਾੜ ਔਰੰਗਾਬਾਦ ਜ਼ਿਲ੍ਹੇ ਦੇ ਕੰਨੜ ਬਲਾਕ ਦੇ ਪਿੰਡ ਚਿਮਨਾਪੁਰ ਦੀ ਭੀਲ ਆਦਿਵਾਸੀ ਕਿਸਾਨ ਹਨ। ਉਹ ਜੰਗਲ ਅਧਿਕਾਰ ਐਕਟ, 2006 ਦੇ ਤਹਿਤ ਜ਼ਮੀਨ ਦੇ ਮਾਲਿਕਾਨੇ ਹੱਕ ਦੀ ਮੰਗ ਵਾਸਤੇ ਅਤੇ ਤਿੰਨੋਂ ਖੇਤੀ-ਕਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰਨ ਲਈ ਇੱਥੇ ਆਏ ਹਨ। " ਅਸੀਂ ਜਿੰਨੇ ਵੱਧ ਜਣੇ ਆਵਾਂਗੇ (ਪ੍ਰਦਰਸ਼ਨ ਲਈ) ਓਨਾ ਹੀ ਵੱਧ ਦਬਾਅ ਪਵੇਗਾ, " ਅਰੁਣਾਬਾਈ ਕਹਿੰਦੇ ਹਨ। " ਇਸੇ ਕਰਕੇ ਅਸੀਂ ਇੱਥੇ ਹਾਂ। "

ਮੈਦਾਨ ਨਾਅਰਿਆਂ ਨਾਲ਼ ਗੂੰਜਦਾ ਹੈ : ' ਕਾਲੇ ਕਨੂੰਨ ਕੋ ਵਾਪਸ ਲੋ, ਵਾਪਸ ਲੋ,( ' ਇਹ ਕਾਲੇ ਕਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ ' )।

ਮਹਾਰਾਸ਼ਟਰ ਦੇ ਨੰਦੇੜ, ਨੰਦੁਰਬਰ, ਨਾਸਿਕ ਅਤੇ ਪਾਲਘਰ ਜ਼ਿਲ੍ਹਿਆਂ ਦੇ ਕਿਸਾਨ 24 ਜਨਵਰੀ ਰਾਤ ਨੂੰ, ਨਾਸਿਕ ਤੋਂ ਆਪਣੇ ਨਾਲ਼ ਲਿਆਂਦੇ ਵਾਹਨਾਂ ਨੂੰ ਪਾਰਕ ਕਰਨ ਤੋਂ ਬਾਅਦ ਅਜ਼ਾਦ ਮੈਦਾਨ ਵੱਲ ਮਾਰਚ ਕਰਦੇ ਹੋਏ

ਮਥੁਰਾਬਾਈ ਸੰਪਾਤਗੋਧੇ (ਖੱਬੇ), ਉਮਰ 70 ਸਾਲ ਅਤੇ ਡੰਗੂਬਾਈ ਸੰਕਾਰ ਅੰਬੇਕਰ, ਉਮਰ 65 ਸਾਲ, ਜੋ ਨਾਸਿਕ ਜ਼ਿਲ੍ਹੇ ਦੀ ਤਹਿਸੀਲ ਚੰਦਵੜ ਦੇ ਪਿੰਡ ਧੋਦਾਂਬੇ ਤੋਂ ਹਨ, ਰਾਤ ਲਈ ਗੱਠੜੀ ਬੰਨ੍ਹੀਂ ਬੈਠੀਆਂ ਹੋਈਆਂ, ਕਿਉਂਕਿ ਮੁੰਬਈ ਵਿੱਚ ਸਰਦੀ ਦੀ ਸ਼ਾਮ ਨੂੰ ਤਾਪਮਾਨ ਡਿੱਗਦਾ ਹੈ।

ਦਸ ਸਾਲਾ ਅਨੁਸ਼ਕ ਹਾਦਕੇ (ਨੀਲੀ ਸਲਵਾਰ ਵਿੱਚ), ਨੂੰ ਠੰਡ ਲੱਗ ਰਹੀ ਹੈ। ਉਹ ਪਾਲਘਰ ਜਿਲ੍ਹੇ ਦੇ ਖਾਰੀਵਾਲੀ ਤਰਫ ਕੋਹੋਜ ਪਿੰਡ ਤੋਂ ਹੈ ਅਤੇ ਆਪਣੀ ਦਾਦੀ, ਮਨੀਸ਼ਾ ਧਾਨਵਾ (ਸੰਤਰੀ ਸ਼ਾਲ ਵਿੱਚ) ਦੇ ਨਾਲ਼ ਆਈ ਹਨ, ਜਿਨ੍ਹਾਂ ਦੀ ਉਮਰ ਕਰੀਬ 40 ਸਾਲ ਹੈ। ਅਨੁਸ਼ਕਾ ਦੀ ਮਾਂ (ਸਿੰਗਲ ਪੇਰੇਂਟ), ਅਸਮਿਤਾ (ਪੀਲੀ ਸਾੜੀ ਵਿੱਚ) ਇੱਕ ਖੇਤ ਮਜ਼ਦੂਰ ਹੈ। " ਸਾਡੇ ਕੋਲ਼ ਆਪਣੀ ਕੋਈ ਜ਼ਮੀਨ ਨਹੀਂ। ਅਸੀਂ ਪੂਰਾ ਦਿਨ ਮਜ਼ਦੂਰੀ ਕਰਦੇ ਹਾਂ, " ਮਨੀਸ਼ਾ ਕਹਿੰਦੀ ਹੈ।

ਪਾਲਘਰ ਜ਼ਿਲ੍ਹੇ ਦੇ ਕਿਸਾਨ ਆਪਣੇ ਨਾਲ਼ ਚੌਲਾਂ ਦੇ ਆਟੇ ਤੋਂ ਬਣੀ ਭਾਕਰੀ (ਰੋਟੀ) ਲਿਆਏ

24 ਜਨਵਰੀ ਨੂੰ ਲੰਬੇ ਦਿਨ ਤੋਂ ਬਾਅਦ, ਕੁਝ ਲੋਕ ਜਦੋਂ ਸੁੱਤੇ ਹੋਏ, ਕਈ ਜੋਸ਼ ਨਾਲ਼ ਭਰੇ ਦੇਰ ਰਾਤ ਤੱਕ ਨਾਅਰੇ ਬੁਲੰਦ ਕਰਦੇ ਹੋਏ

ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਤਾਲੁਕਾ ਦੇ ਸੰਗਮਨੇਰ ਪਿੰਡ ਤੋਂ ਕਿਸਾਨਾਂ ਦਾ ਇੱਕ ਦਲ ਸਟੇਜ ਦੀ ਪੇਸ਼ਕਾਰੀ ਨੂੰ ਨੇੜਿਓਂ ਸੁਣਦਾ ਹੋਇਆ

ਲਕਸ਼ਮਣ ਪੂਲ੍ਹਾ ਪਾਸਾਦੇ, 65, ਜੋ ਨਾਸਿਕ ਜ਼ਿਲ੍ਹੇ ਦੇ ਗੰਗਾਮਹਾਲੁੰਗੀ ਪਿੰਡ ਤੋਂ ਹਨ, ਪੇਸ਼ਕਾਰੀ ਵਿੱਚ ਹਿੱਸਾ ਲੈਂਦੇ ਅਤੇ ਨੱਚਦੇ ਹੋਏ

25 ਜਨਵਰੀ ਦੀ ਦੁਪਹਿਰ ਰਾਜ ਭਵਨ, ਦੱਖਣੀ ਮੁੰਬਈ ਵਿੱਚ ਰਾਜਪਾਲ ਦੀ ਰਿਹਾਇਸ਼, ਵੱਲ ਮਾਰਚ ਲਈ ਅੱਗੇ ਵਧਣ ਤੋਂ ਪਹਿਲਾਂ ਕਿਸਾਨ ਭਾਸ਼ਣ ਸੁਣਦੇ ਹੋਏ।

25 ਜਨਵਰੀ ਦੀ ਦੁਪਹਿਰ ਨੂੰ ਰਾਜਭਵਨ ਵੱਲ ਪ੍ਰਸਤਾਵਿਤ ਮਾਰਚ ਲਈ ਅਜ਼ਾਦ ਮੈਦਾਨ ਤੋਂ ਰਾਜ ਭਵਨ ਲਈ ਨਿਕਲ਼ਦੇ ਹੋਏ, ਜੋ ਦੱਖਣੀ ਮੁੰਬਈ ਵਿੱਚ ਰਾਜਪਾਲ ਦੀ ਰਿਹਾਇਸ਼ ਹੈ। (ਮਾਰਚ ਬਾਅਦ ਵਿੱਚ ਰੱਦ ਹੋ ਗਈ ਕਿਉਂਕਿ ਸ਼ਹਿਰ ਦੇ ਅਧਿਕਾਰੀਆਂ ਨੇ ਇਹਦੀ ਆਗਿਆ ਪ੍ਰਵਾਨ ਨਹੀਂ ਕੀਤੀ)

26 ਜਨਵਰੀ ਦੀ ਦੁਪਹਿਰ ਨੂੰ ਰਾਜਭਵਨ ਵੱਲ ਸੋਚੀ-ਸਮਝੀ ਮਾਰਚ ਲਈ ਅਜ਼ਾਦ ਮੈਦਾਨ ਤੋਂ ਰਾਜ ਭਵਨ ਲਈ ਨਿਕਲ਼ਦੇ ਹੋਏ, ਜੋ ਦੱਖਣੀ ਮੁੰਬਈ ਵਿੱਚ ਰਾਜਪਾਲ ਦੀ ਰਿਹਾਇਸ਼ ਹੈ। (ਮਾਰਚ ਬਾਅਦ ਵਿੱਚ ਰੱਦ ਹੋ ਗਈ ਕਿਉਂਕਿ ਸ਼ਹਿਰ ਦੇ ਅਧਿਕਾਰੀਆਂ ਨੇ ਇਹਦੀ ਆਗਿਆ ਪ੍ਰਵਾਨ ਨਹੀਂ ਕੀਤੀ)

25 ਜਨਵਰੀ ਸ਼ਾਮ ਕਰੀਬ 4 ਵਜੇ, ਕਿਸਾਨ ਰਾਜਭਵਨ, ਦੱਖਣੀ ਮੁੰਬਈ ਵਿੱਚ ਪੈਂਦੀ ਰਾਜਪਾਲ ਦੀ ਰਿਹਾਇਸ਼ ਵੱਲ ਜਾਣ ਲਈ ਪੈਦਲ ਚੱਲਦੇ ਹੋਏ। ਪਰ ਆਗਿਆ ਨਹੀਂ ਮਿਲੀ ਅਤੇ ਉਹ 500 ਮੀਟਰ ਤੁਰ ਕੇ ਵਾਪਸ ਮੈਦਾਨ ਪੁੱਜੇ।
ਤਰਜਮਾ - ਕਮਲਜੀਤ ਕੌਰ