ਜੁੜਵਾ ਬੱਚੇ ਨੇ, ਰੋਪੀ ਨੇ ਪ੍ਰਾਈਵੇਟ ਮੈਟਰਨਿਟੀ ਕਲੀਨਿਕ (ਨਿੱਜੀ ਜਣੇਪਾ ਕੇਂਦਰ) ਦੇ ਡਾਕਟਰ ਨੂੰ ਬੜੇ ਯਕੀਨ ਨਾਲ਼ ਕਿਹਾ-ਭਾਵੇਂ ਉਨ੍ਹਾਂ ਕੋਲ਼ ਆਪਣੇ ਕਥਨ ਦਾ ਹਵਾਲਾ ਦੇਣ ਵਾਸਤੇ ਕੋਈ ਅਲਟਰਾਸਾਊਂਡ ਰਿਪੋਰਟ ਤੱਕ ਵੀ ਨਹੀਂ ਸੀ।
ਰੋਪੀ ਮੰਨੂ ਬੇਟੇ ਕਰੀਬ ਦੋ ਸਾਲ ਪਹਿਲਾਂ ਦੀ ਇਸ ਘਟਨਾ ਨੂੰ ਬੜੇ ਚਸਕੇ ਲੈ ਕੇ ਅਤੇ ਮਜ਼ੇ ਨਾਲ਼ ਚੇਤੇ ਕਰਦੀ ਹਨ। ''ਕਾਨ ਮੇਂ ਵੋਹ ਲਗਾਯਾ (ਉਹਨੇ ਉਹ ਚੀਜ਼ ਕੰਨਾਂ 'ਤੇ ਲਗਾਈ ਹੋਈ ਸੀ),'' ਉਹ ਡਾਕਟਰ ਦੇ ਕੰਨਾਂ 'ਤੇ ਲੱਗੇ ਸਟੈਥੋਸਕੋਪ ਦੀ ਹੱਥਾਂ ਨਾਲ਼ ਨਕਲ ਕਰਦਿਆਂ ਕਹਿੰਦੀ ਹਨ। ਡਾਕਟਰ ਨੇ ਕਮਜ਼ੋਰ ਜਿਹੀ ਗਰਭਵਤੀ ਔਰਤ ਦੇ ਠੀਕ-ਠਾਕ ਫੁੱਲੇ ਢਿੱਡ ਵੱਲ਼ ਦੇਖਿਆ ਅਤੇ ਰੋਪੀ ਦੀ ਜੌੜੇ ਬੱਚਿਆਂ ਦੀ ਭਵਿੱਖਬਾਣੀ ਨਾਲ਼ ਅਸਹਿਮਤੀ ਜਤਾਈ।
''ਮੇਡਮ, ਦੋ ਹੋਤਾ, ਦੋ (ਮੈਡਮ ਦੋ ਬੱਚੇ ਹੋਣਗੇ ਦੋ),'' ਉਹ ਆਪਣੇ ਸ਼ਬਦ ਦਹੁਰਾਉਂਦੀ ਰਹੀ ਜਿਨ੍ਹਾਂ ਚਿਰ ਉਹ ਪਿਛਾਂਹ ਮੁੜ ਕੇ ਕਲੀਨਿਕ ਦੇ ਡਿਲਵਰੀ ਕਮਰੇ ਅੰਦਰ ਲੱਗੇ ਲੱਕੜ ਦੇ ਸਟੂਲ 'ਤੇ ਬੈਠ ਨਹੀਂ ਗਈ। 70 ਸਾਲਾ ਰੋਪੀ ਅਤੇ ਪੀੜ੍ਹ ਨਾਲ਼ ਦੂਹਰੀ ਹੁੰਦੀ ਜਾਂਦੀ ਔਰਤ, ਜੋ ਕਿ ਮਾਂ ਬਣਨ ਵਾਲ਼ੀ ਸੀ, ਉਸ ਸਮੇਂ ਉੱਤਰ-ਪੂਰਬੀ ਮਹਾਰਾਸ਼ਟਰ ਦੇ ਮੇਲਘਾਟ ਜੰਗਲ ਦੇ ਕੰਢੇ ਸਥਿਤ ਆਪਣੇ ਪਿੰਡ ਜੈਤਾਦੇਹੀ ਤੋਂ 20 ਕਿਲੋਮੀਟਰ ਦੂਰ ਪਰਤਵਾੜਾ ਕਸਬੇ ਵਿਖੇ ਸਨ।
ਸ਼ਾਮੀਂ ਇੱਕ ਮੁੰਡੇ ਨੇ ਜਨਮ ਲਿਆ ਅਤੇ ਕੁਝ ਸੈਕਿੰਡਾਂ ਬਾਅਦ ਇੱਕ ਹੋਰ ਸਿਰ ਬਾਹਰ ਆਇਆ। ਇਸ ਵਾਰ ਇੱਕ ਕੁੜੀ ਨੇ ਜਨਮ ਲਿਆ, ਜੁੜਵਾ ਭੈਣ।
ਰੋਪੀ ਠਹਾਕਾ ਮਾਰ ਕੇ ਹੱਸਦੀ ਹਨ ਜੋ ਕਿ ਆਪਣੇ ਪੁਰਾਣੇ ਜੱਦੀ ਘਰ ਜੋ ਕਿ ਕੱਚਾ ਹੈ, ਦੇ ਬਾਹਰ ਬਣੇ ਬਰਾਂਡੇ ਦੇ ਇੱਕ ਸਿਰੇ 'ਤੇ ਡੱਠੇ ਲੱਕੜ ਦੇ ਤਖ਼ਤਪੋਸ਼ 'ਤੇ ਬੈਠੀ ਹਨ। ਉਨ੍ਹਾਂ ਦੇ ਘਰੇ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਹੋਇਆ ਹੈ। ਬਾਲ਼ਿਆਂ ਦੀਆਂ ਛੱਤਾਂ ਵਾਲ਼ੇ ਤਿੰਨੋਂ ਕਮਰੇ ਅੰਦਰੋਂ ਖਾਲੀ ਪਏ ਸਨ। ਰੋਪੀ ਦੇ ਬੇਟੇ ਪਰਿਵਾਰ ਦੀ ਦੋ ਏਕੜ ਦੀ ਪੈਲ਼ੀ 'ਤੇ ਖੇਤੀ ਕਰਨ ਗਏ ਹੋਏ ਹਨ।
ਉਹ ਕੋਰਕੂ ਵਿੱਚ ਕੋਈ ਗਾਲ਼੍ਹ ਕੱਢਦੀ ਹਨ ਜਿਹਦਾ ਮਤਲਬ ਗਧੇ ਦਾ ਲਿੰਗ ਹੁੰਦਾ ਹੈ ਅਤੇ ਗਾਲ਼੍ਹ ਕੱਢ ਕੇ ਹੋਰ ਉੱਚੀ ਹੱਸਣ ਲੱਗਦੀ ਹਨ ਇੰਝ ਉਨ੍ਹਾਂ ਦੇ ਚਿਹਰੇ ਦੀਆਂ ਲਕੀਰਾਂ ਹੋਰ ਡੂੰਘੀ ਜਾਪਣ ਲੱਗਦੀਆਂ ਹਨ। ''ਬੱਸ ਇਹ ਤਾਂ ਮੈਂ ਉਹਨੂੰ ਸਮਝਾਇਆ ਸੀ,'' ਸ਼ਹਿਰੀ ਡਾਕਟਰ ਨੂੰ ਕੱਢੀ ਗਾਲ਼੍ਹ ਨੂੰ ਚੇਤਾ ਕਰਦਿਆਂ ਉਹ ਆਪਣੇ ਆਪ ਵਿੱਚ ਮਸਤ ਹੋ ਕੇ ਕਹਿੰਦੀ ਹਨ।
ਉਨ੍ਹਾਂ ਦਾ ਇਹ ਸਵੈ-ਭਰੋਸਾ ਕਰੀਬ ਚਾਰ ਦਹਾਕਿਆਂ ਦੇ ਤਜ਼ਰਬੇ ਮਗਰੋਂ ਆਇਆ ਹੈ ਅਤੇ ਰੋਪੀ, ਜੋ ਕਿ ਕੋਰਕੂ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ, ਜੈਤਾਦੇਹੀ ਦੀ ਅੰਤਮ ਦਾਈ ਹਨ। ਉਹ ਕਹਿੰਦੀ ਹਨ ਕਿ ਉਨ੍ਹਾਂ ਨੇ ਘੱਟੋ-ਘੱਟ 500-600 ਬੱਚਿਆਂ ਦੀ ਡਿਲਵਰੀ ਕਰਵਾਈ ਹੋਣੀ ਹੈ। ਉਨ੍ਹਾਂ ਨੇ ਕਦੇ ਗਿਣਤੀ ਤਾਂ ਨਹੀਂ ਕੀਤੀ। ਬੜੇ ਫ਼ਖਰ ਨਾਲ਼ ਦੱਸਦੀ ਹਨ ਕਿ ਜਿਹੜੇ ਵੀ ਜਣੇਪਿਆਂ ਦੀ ਜ਼ਿੰਮੇਦਾਰੀ ਉਨ੍ਹਾਂ ਸਿਰ ਪਈ ਉਨ੍ਹਾਂ ਵਿੱਚ ਕਦੇ ਇੱਕ ਵੀ ਨਵਜਾਤ ਬੱਚੇ ਦੀ ਮੌਤ ਨਹੀਂ ਹੋਈ। ''ਸਬ ਚੋਖਾ (ਸਭ ਤੰਦਰੁਸਤ ਸਨ)।'' ਦਾਈਆਂ ਇੱਕ ਹਿਸਾਬ ਨਾਲ਼ ਪਰੰਪਰਾਗਤ ਜਨਮ ਸੇਵਕਾਵਾਂ ਹੁੰਦੀਆਂ ਹਨ ਜੋ ਬੱਚੇ ਜਮਾਉਣ ਦਾ ਕੰਮ ਕਰਦੀਆਂ ਹਨ, ਭਾਵੇਂ ਉਨ੍ਹਾਂ ਨੂੰ ਕੋਈ ਵੀ ਆਧੁਨਿਕ ਸਿਖਲਾਈ ਹਾਸਲ ਨਹੀਂ ਹੈ ਨਾ ਹੀ ਉਨ੍ਹਾਂ ਦਾ ਇਹ ਅਭਿਆਸ ਕਿਤੋਂ ਪ੍ਰਮਾਣਕ ਹੀ ਹੈ।
ਮਹਾਰਾਸ਼ਟਰ ਦੇ ਵਿਦਰਭ ਇਲਾਕੇ ਵਿਖੇ ਸਥਿਤ ਅਮਰਾਵਤੀ ਜ਼ਿਲ੍ਹੇ ਦੇ ਧਾਰਣੀ ਅਤੇ ਚਿਖਲਦਰਾ ਬਲਾਕ ਦੇ ਪਿੰਡਾਂ ਵਿੱਚ ਰਹਿਣ ਵਾਲ਼ੇ ਮੇਲਘਾਟ ਜੰਗਲ ਦੇ ਇਹ ਕੋਰਕੂ ਕਬੀਲੇ ਦੇ ਲੋਕਾਂ ਵਾਸਤੇ ਰੋਪੀ ਜਿਹੀਆਂ ਔਰਤਾਂ ਲੰਬੇ ਸਮੇਂ ਤੋਂ ਘਰੇ ਹੀ ਬੱਚੇ ਪੈਦਾ ਕਰਵਾਉਣ ਦੀ ਪਰੰਪਰਾ ਦੀਆਂ ਰਾਖੀਆਂ ਰਹੀਆਂ ਹਨ। ਤਜ਼ਰਬੇਕਾਰ ਦਾਈ ਵਾਂਗਰ ਕੰਮ ਕਰਦਿਆਂ ਉਹ ਜਣੇਪੇ ਤੋਂ ਪੂਰਵ ਦੇਖਭਾਲ਼ ਦੀ ਕੰਮ ਵੀ ਕਰਦੀ ਹਨ ਅਤੇ ਪ੍ਰਸਵ ਵੀ ਸੰਭਾਲ਼ਦੀ ਹਨ। ਇੰਨਾ ਹੀ ਨਹੀਂ ਉਹ ਉਨ੍ਹਾਂ ਬੀਹੜ ਇਲਾਕਿਆਂ ਅਤੇ ਜੰਗਲੀ ਪਹਾੜੀ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਪਹੁੰਚਾਉਂਦੀਆਂ ਹਨ, ਜਿਨ੍ਹਾਂ ਇਲਾਕਿਆਂ ਤੋਂ ਨਿਕਲ਼ ਕੇ ਤਤਕਾਲ ਮਦਦ ਵਾਸਤੇ ਹਸਪਤਾਲ ਦਾ ਰਾਹ ਫੜ੍ਹਨਾ ਲਗਭਗ ਅਸੰਭਵ ਸਾਬਤ ਹੁੰਦਾ ਹੈ।
ਰੋਪੀ ਦੱਸਦੀ ਹਨ ਕਿ ਮੇਲਘਾਟ ਦੇ ਬਹੁਤੇਰੇ ਪਿੰਡਾਂ ਵਿੱਚ ਅਜੇ ਵੀ ਇੱਕ ਜਾਂ ਦੋ ਦਾਈਆਂ ਤਾਂ ਹਨ, ਪਰ ਉਹ ਹੁਣ ਬੁੱਢੀਆਂ ਹੋ ਚੁੱਕੀਆਂ ਹਨ ਅਤੇ ਦਾਈਆਂ ਦੀ ਇਸ ਪਰੰਪਰਾ ਨੂੰ ਅੱਗੇ ਲਿਜਾਣ ਵਾਲ਼ੀ ਨਵੀਂ ਪੀੜ੍ਹੀ ਅਜੇ ਸਾਹਮਣੇ ਨਹੀਂ ਆਈ। ਜੈਤਾਦੇਹੀ ਦੀ ਦੂਸਰੀ ਦਾਈ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਰੋਪੀ ਦਾ ਮੰਨਣਾ ਹੈ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਨੂੰਹ ਜਾਂ ਧੀ ਇਹ ਕੰਮ ਸਾਂਭ ਸਕਦੀਆਂ ਹਨ ਜਿਨ੍ਹਾਂ ਨੇ ਇਸ ਕੰਮ ਦੇ ਹੁਨਰ ਸਿੱਖੇ ਤਾਂ ਜ਼ਰੂਰ ਹਨ, ਪਰ ਇਸ ਪਰਿਵਾਰ ਦੀ ਕਿਸੇ ਵੀ ਮੈਂਬਰ ਨੇ ਬਤੌਰ ਦਾਈ ਕੰਮ ਨਹੀਂ ਸਾਂਭਿਆ।
ਰੋਪੀ ਦੇ ਆਪਣੇ ਬੱਚੇ ਵੀ ਘਰੇ ਹੀ ਜੰਮੇ ਸਨ, ਜਿਨ੍ਹਾਂ ਦੇ ਪ੍ਰਸਵ ਵਿੱਚ ਉਨ੍ਹਾਂ ਦੀ ਮਾਂ ਅਤੇ ਇੱਕ ਦਾਈ ਦੀ ਸਹਾਇਤਾ ਪ੍ਰਾਪਤ ਹੋਈ। ਉਨ੍ਹਾਂ ਦੇ ਚਾਰ ਬੇਟੇ ਹਨ, ਜਿਨ੍ਹਾਂ ਵਿੱਚ ਇੱਕ ਦੀ ਦਹਾਕੇ ਕੁ ਪਹਿਲਾਂ ਇੱਕ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀਆਂ ਦੋ ਧੀਆਂ ਵੀ ਹਨ ਅਤੇ ਦੋਵੇਂ ਹੀ ਵਿਆਹੁਤਾ ਹਨ ਅਤੇ ਜੈਤਾਦੇਹੀ ਵਿਖੇ ਹੀ ਰਹਿੰਦੀਆਂ ਹਨ। ਉਨ੍ਹਾਂ ਦੇ ਕਈ ਪੋਤੇ-ਪੋਤੀਆਂ ਅਤੇ ਪੜਪੋਤੀ/ਪੜਪੋਤੀਆਂ ਵੀ ਹਨ। (ਰੋਪੀ ਮੁਤਾਬਕ ਉਨ੍ਹਾਂ ਦੀਆਂ ਧੀਆਂ ਨੇ ਇਸ ਕੰਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂਕਿ ਇੱਕ ਧੀ ਨੇ ਤਾਂ ਮਾੜੇ-ਮੋਟੇ ਹੁਨਰ ਸਿੱਖ ਵੀ ਰੱਖੇ ਹਨ)।
''ਮੇਰੀ ਨੂੰਹ ਤਾਂ ਇੰਨਾ ਸਹਿਮ ਜਾਂਦੀ ਆ ਕਿ ਉਹ ਤਾਂ ਉਸ ਕਮਰੇ ਵਿੱਚ ਖੜ੍ਹੀ ਤੱਕ ਨਹੀਂ ਹੁੰਦੀ ਜਿੱਥੇ ਕੋਈ ਔਰਤ ਬੱਚਾ ਜੰਮ ਰਹੀ ਹੋਵੇ। ਉਹ ਤਾਂ ਉਸ ਪਾਸੇ ਵੱਲ ਦੇਖਦੀ ਤੱਕ ਨਹੀਂ ਫਿਰ ਟਾਂਕਿਆਂ ਦਾ ਧਾਗਾ ਜਾਂ ਕੱਪੜਾ ਫੜ੍ਹਾਉਣਾ ਜਾਂ ਥੋੜ੍ਹੀ ਬਹੁਤ ਮਦਦ ਕਰਨਾ ਤਾਂ ਬੜੀ ਦੂਰ ਦੀ ਗੱਲ ਰਹੀ।'' ਉਹ ਅੱਗੇ ਕਹਿੰਦੀ ਹਨ,''ਐਸਾ ਕਾਪਨੇ ਲੱਗਤਾ,'' ਫਿਰ ਉਹ ਇੰਝ ਨਕਲ ਕਰਕੇ ਦੱਸਦੀ ਹਨ ਜਿਵੇਂ ਕੋਈ ਛੋਟੀ ਕੁੜੀ ਲਹੂ ਦੇਖ ਕੇ ਕੰਬਦੀ ਹੋਵੇ।
ਰੋਪੀ ਚੇਤੇ ਕਰਦੀ ਹਨ ਕਿ ਪੁਰਾਣੇ ਜ਼ਮਾਨੇ ਦੀਆਂ ਔਰਤਾਂ ਸਰੀਰ ਦੇ ਇਨ੍ਹਾਂ ਕਾਰਜਾਂ ਤੋਂ ਡਰਦੀਆਂ ਨਹੀਂ ਸਨ। ''ਸਾਡੇ ਕੋਲ਼ ਬਹਾਦਰ ਹੋਣ ਤੋਂ ਬਿਨਾ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਹਰ ਛੋਟੀ ਤੋਂ ਛੋਟੀ ਲੋੜ ਵਾਸਤੇ ਵੀ ਕੋਈ ਡਾਕਟਰ ਜਾਂ ਨਰਸ ਮੌਜੂਦ ਨਹੀਂ ਸੀ ਹੁੰਦੇ।''
ਉਨ੍ਹਾਂ ਦੀ ਮਾਂ ਅਤੇ ਦਾਦੀ ਦੋਵੇਂ ਹੀ ਦਾਈਆਂ ਸਨ ਅਤੇ ਉਨ੍ਹਾਂ ਨੇ (ਮਾਂ) ਨੇ ਦਾਦੀ ਨੂੰ ਕੰਮ ਕਰਦਿਆਂ ਦੇਖ ਦੇਖ ਕੇ ਖ਼ੁਦ ਵੀ ਇਹ ਕੰਮ ਸਿੱਖ ਲਿਆ। ਰੋਪੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਮਾਂ ਬੱਚੇ ਪੈਦਾ ਕਰਾਉਣ ਲਈ ਕਿਸੇ ਘਰ ਜਾਂਦੀ ਸਨ ਤਾਂ ਕਦੇ ਮੈਨੂੰ ਭਾਵ ਕਿ ਆਪਣੀ ਉਸ ਧੀ ਨੂੰ ਕਦੇ ਨਾਲ਼ ਨਾ ਲਿਜਾਉਂਦੀ ਜੋ ਕਦੇ ਸਕੂਲ ਨਹੀਂ ਗਈ ਸੀ। ''ਬਕੀ ਹੇਜੇਦੋ (ਘਰੇ ਰਹਿ),'' ਉਹ ਛੋਟੀ ਕੁੜੀ ਨੂੰ ਕੋਰਕੂ ਭਾਸ਼ਾ ਵਿੱਚ ਝਿੜਕਾਂ ਮਾਰਦਿਆਂ ਕਹਿੰਦੀ।'' ਰੋਪੀ ਚੇਤੇ ਕਰਦੀ ਹਨ। ''ਪਰ ਮੇਰੀ ਦਾਦੀ ਮੈਨੂੰ ਨਾਲ਼ ਲੈ ਜਾਂਦੀ ਸਨ। ਭਾਵੇਂ ਕਿ ਮੈਂ ਉਦੋਂ 12-13 ਸਾਲ ਦੀ ਸਾਂ।'' ਕਰੀਬ 16 ਸਾਲ ਦੀ ਉਮਰੇ, ਵਿਆਹ ਤੋਂ ਪਹਿਲਾਂ ਹੀ ਰੋਪੀ ਨੇ ਆਪਣੀ ਦਾਦੀ ਦੀ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
*****
ਮੇਲਘਾਟ ਦੀਆਂ ਵਲ਼ੇਵੇਂਦਾਰ ਪਹਾੜੀਆਂ ਅਤੇ ਜੰਗਲ, ਜੋ ਜੀਵ-ਵਿਭਿੰਨਤਾ ਦਾ ਪ੍ਰਮੁੱਖ ਭੰਡਾਰ ਹੋਣ ਦੇ ਨਾਲ਼ ਨਾਲ਼ ਵਿਸ਼ਾਲ ਮੇਲਘਾਟ ਟਾਈਗਰ ਰਿਜ਼ਰਵ ਦਾ ਗੜ੍ਹ ਵੀ ਹਨ। ਇਹ ਰਿਜ਼ਰਵ 1,500 ਵਰਗ ਕਿਲੋਮੀਟਰ ਤੋਂ ਜ਼ਿਆਦਾ ਇਲਾਕੇ ਵਿੱਚ ਫ਼ੈਲਿਆ ਹੋਇਆ ਹੈ। ਇਸ ਖ਼ੁਸ਼ਕ, ਪਤਝੜੀ ਜੰਗਲ ਵਿੱਚ ਅਜਿਹੇ ਪਿੰਡ ਹਨ ਜੋ ਕੋਰਕੂ ਅਤੇ ਗੋਂਡ ਆਦਿਵਾਸੀ ਭਾਈਚਾਰਿਆਂ ਦਾ ਗੜ੍ਹ ਵੀ ਹਨ। ਇਸ ਅੰਦਰ ਕਈ ਬਸਤੀਆਂ ਟਾਈਗਰ ਰਿਜ਼ਰਵ ਦੇ ਘੇਰੇ ਦੇ ਅੰਦਰ ਭਾਵ ਇਹਦੇ ਬਫਰ ਏਰੀਆ ਦੇ ਕੰਢੇ ਕੰਢੇ ਬਣੀਆਂ ਹਨ। ਇੱਥੋਂ ਦੇ ਬਹੁਤੇਰੇ ਲੋਕ ਕਿਸਾਨ ਅਤੇ ਆਜੜੀ ਹਨ ਅਤੇ ਇਨ੍ਹਾਂ ਦੀ ਆਮਦਨੀ ਦਾ ਮੁੱਖ ਵਸੀਲਾ, ਬਾਂਸ ਅਤੇ ਜੜ੍ਹੀ-ਬੂਟੀਆਂ ਜਿਹੇ ਜੰਗਲੀ ਉਤਪਾਦ ਹਨ।
ਬੋਰਤਯਖੇਰਾ, ਜੰਗਲ ਦੇ ਅੰਦਰਲੇ ਪਾਸੇ ਸਥਿਤ 150 ਪਰਿਵਾਰਾਂ ਵਾਲ਼ਾ ਇੱਕ ਪਿੰਡ ਹੈ, ਜੋ ਚਿਖਲਦਰਾ ਤਾਲੁਕਾ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਹੈ। ਕਰੀਬ 70 ਸਾਲ ਦੀ ਚਾਰਕੂ ਬਾਬੂਲਾਲ ਕਾਸਡੇਕਰ ਇੱਥੋਂ ਦੀ ਦਾਈ ਹਨ ਅਤੇ ਉਨ੍ਹਾਂ ਦੇ ਮੁਤਾਬਕ,''ਦਿਮਾਗ਼ 'ਤੇ ਜ਼ੋਰ ਪਾਇਆਂ ਜਿਨ੍ਹਾਂ ਕੁ ਮੈਨੂੰ ਚੇਤੇ ਆ ਸਕਦੇ'', ਉਹ ਬਤੌਰ ਦਾਈ ਕੰਮ ਕਰ ਰਹੀ ਹਨ। ਉਹ ਕਹਿੰਦੀ ਹਨ ਕਿ ਅੱਜ ਵੀ ਮੇਲਘਾਟ ਦੇ ਦੂਰ-ਦੁਰਾਡੇ ਪਿੰਡਾਂ ਵਿੱਚ, ਹਰ 10 ਗਰਭਵਤੀ ਔਰਤਾਂ ਵਿੱਚੋਂ, ਕਰੀਬ 5 ਕੁ ਔਰਤਾਂ ਦੇ ਪਰਿਵਾਰ ਹੀ ਅਜਿਹੇ ਹਨ ਜੋ ਘਰੇ ਬੱਚੇ ਪੈਦਾ ਕਰਾਉਣਾ ਚਾਹੁੰਦੇ ਹਨ, ਜਦੋਂਕਿ ਹਾਲ਼ ਦੇ ਦਹਾਕਿਆਂ ਵਿੱਚ ਇਲਾਜ ਸੁਵਿਧਾਵਾਂ ਵਿੱਚ ਭੋਰਾ-ਮਾਸਾ ਸੁਧਾਰ ਹੋਇਆ ਹੈ। (2015-16 ਦਾ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ, ਐੱਨਐੱਫ਼ਐੱਚਐੱਸ-4 ਦੱਸਦਾ ਹੈ ਕਿ ਪੇਂਡੂ ਇਲਾਕਿਆਂ ਵਿੱਚ 91 ਫ਼ੀਸਦ ਤੋਂ ਵੱਧ ਬੱਚਿਆਂ ਦਾ ਜਨਮ ਸੰਸਥਾਗਤ ਡਿਲਵਰੀ ਹੇਠ ਹੋਇਆ ਹੈ। ਸ਼ਾਇਦ ਇਨ੍ਹਾਂ ਅੰਕੜਿਆਂ ਵਿੱਚ ਮੇਲਘਾਟ ਦੇ ਦੂਰ-ਦੁਰਾਡੇ ਪਿੰਡਾਂ ਦੀ ਅਸਲੀ ਤਸਵੀਰ ਸ਼ਾਮਲ ਨਾ ਹੋਵੇ)।
ਅਪ੍ਰੈਲ 2021 ਨੂੰ, ਬੋਰਤਯਖੇੜਾ ਵਿਖੇ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਦਾ ਇੱਕ ਉਪ-ਕੇਂਦਰ ਖੁੱਲ੍ਹਿਆ ਜੋ ਕਿ ਇੱਕ ਮੰਜ਼ਲਾ ਇਮਾਰਤ ਸੀ ਅਤੇ ਮੇਰੇ ਦੌਰਾ ਕਰਨ ਤੀਕਰ ਉੱਥੇ ਅਜੇ ਪਾਣੀ ਦਾ ਪਾਈਪ ਤੱਕ ਨਹੀਂ ਪਹੁੰਚਿਆ ਸੀ। ਇੱਥੇ ਇੱਕ ਸਹਾਇਕ ਨਰਸ-ਦਾਈ (ਏਐੱਨਐੱਮ) ਕਾਲ 'ਤੇ 24 ਘੰਟੇ ਉਪਲਬਧ ਰਹਿੰਦੀ ਹੈ। ਵੈਸੇ ਤਾਂ ਉਹਨੇ (ਨਰਸ) ਇਸੇ ਇੱਕ ਮੰਜ਼ਲਾ ਇਮਾਰਤ ਵਿਖੇ ਹੀ ਰਹਿਣਾ ਹੁੰਦਾ ਹੈ ਪਰ ਉਹ ਬੋਰਤਯਖੇਰਾ ਇਹ ਏਐੱਨਐੱਮ ਸ਼ਾਂਤਾ ਵਿਹਿਕੇ ਦੁਰਵੇ ਇਸੇ ਪਿੰਡ ਵਿੱਚ ਰਹਿੰਦੀ ਹਨ ਭਾਵ ਕਿ ਇੱਥੇ ਹੀ ਵਿਆਹੀ ਹੋਈ ਹਨ।
ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਉਪ-ਕੇਂਦਰ ਵਿੱਚ ਉਪ-ਕੇਂਦਰ ਵਿਖੇ ਕਮਿਊਨਿਟੀ ਹੈਲਥ ਅਫ਼ਸਰ ਵਜੋਂ ਕੰਮ ਕਰਨ ਲਈ ਡਾਕਟਰ ਦਾ ਇੱਕ ਪਦ ਮੌਜੂਦ ਹੈ, ਪਰ ਪਾਣੀ ਦੀ ਸਪਲਾਈ ਨਾ ਪੁੱਜੀ ਹੋਣ ਕਾਰਨ ਇਸ ਪਦ 'ਤੇ ਕੰਮ ਕਰਨ ਵਾਲ਼ੇ ਵਿਅਕਤੀ ਵਾਸਤੇ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ। ਹਾਲ ਹੀ ਵਿੱਚ ਡਿਗਰੀ ਪੂਰੀ ਕਰਨ ਵਾਲੇ ਡਾਕਟਰ, ਜੋ ਕਰੀਬ 20 ਕਿਲੋਮੀਟਰ ਦੂਰ ਸੇਮਾਡੋਹ ਪਿੰਡ ਦੀ ਪੀਐੱਚਸੀ ਵਿਖੇ ਸਿਖਲਾਈ ਲੈ ਰਹੇ ਸਨ, ਛੇਤੀ ਹੀ (ਪਿਛਲੇ ਸਾਲ ਜਦੋਂ ਮੈਂ ਉੱਥੇ ਗਈ ਸਾਂ) ਪਦ ਸਾਂਭਣ ਵਾਲ਼ੇ ਸਨ।
ਹਾਲਾਂਕਿ, ਏਐੱਨਐੱਮ ਦਾ ਕਹਿਣਾ ਹੈ ਕਿ ਕੋਈ ਗਰਭਵਤੀ ਔਰਤਾਂ ਉਪ-ਕੇਂਦਰ ਜਾਣ ਨੂੰ ਤਰਜੀਹ ਨਹੀਂ ਦਿੰਦੀਆਂ। ''ਉਨ੍ਹਾਂ ਨੂੰ ਆਪੋ-ਆਪਣੇ ਪ੍ਰਸਵ ਵਾਸਤੇ ਆਪਣੇ ਭਾਈਚਾਰੇ ਦੀ ਔਰਤ 'ਤੇ ਹੀ ਯਕੀਨ ਰਹਿੰਦਾ ਏ,'' 30 ਸਾਲਾ ਸ਼ਾਂਤਾ ਕਹਿੰਦੀ ਹਨ ਜਿਨ੍ਹਾਂ ਨੇ ਨੇੜਲੇ ਮੋਰਸ਼ੀ ਬਲਾਕ ਦੇ ਉਪ-ਕੇਂਦਰ ਵਿਖੇ ਇੱਕ ਦਹਾਕੇ ਤੱਕ ਕੰਮ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਕੰਮ ਕਰਨ ਲਾਇਆ ਗਿਆ।
ਉਹ ਇੱਥੋਂ ਦੀ ਬਜ਼ੁਰਗ ਦਾਈ, ਚਾਰਕੂ ਨੂੰ ਸੇਮਾਡੋਹ ਦੇ ਪੀਐੱਚਸੀ ਵਿੱਚ ਹੋਣ ਵਾਲ਼ੇ ਪ੍ਰਸਵ ਲਈ ਆਉਣ ਦੀ ਬੇਨਤੀ ਕਰਦੀ ਹਨ। ਸ਼ਾਂਤਾ ਕਹਿੰਦੀ ਹਨ ਕਿ ਪਰਿਵਾਰ ਦਾਈ ਦੀ ਸਲਾਹ ਨੂੰ ਫੁੱਲ ਚੜ੍ਹਾਉਂਦੇ ਹਨ ਅਤੇ ਉਹ ਇਸ ਗੱਲੋਂ ਦੁਖੀ ਵੀ ਹਨ ਕਿ ਬੋਰਤਯਖੇਰਾ ਵਿਖੇ ਹੁਣ ਕੋਈ ਨੌਜਵਾਨ ਦਾਈ ਨਹੀਂ ਹੈ ਅਤੇ ਚਾਰਕੂ ਦੀ ਇਸ ਵਿਰਾਸਤ ਨੂੰ ਅੱਗੇ ਲਿਜਾਣ ਵਾਲ਼ਾ ਵੀ ਕੋਈ ਨਹੀਂ। ਪਿੰਡ ਵਿੱਚ ਇੱਕ ਦੂਸਰੀ ਦਾਈ ਨੇ ਬੁਢਾਪੇ ਕਾਰਨ ਲਗਭਗ ਲਗਭਗ ਆਪਣਾ ਕੰਮ ਛੱਡ ਦਿੱਤਾ ਹੈ ਅਤੇ ਨਾ ਹੀ ਦੋਬਾਰਾ ਕਦੇ ਯੂਨੀਸੈਫ਼ ਨਾਲ਼ ਰਲ਼ ਕੇ ਸਰਕਾਰ ਦੁਆਰਾ ਅਯੋਜਿਤ ਲਘੂ ਸਿਖਲਾਈ ਕੋਰਸ ਵਿੱਚ ਹਿੱਸਾ ਹੀ ਲਿਆ।
ਪੂਰੇ ਦਿਨ ਚੱਲਣ ਵਾਲ਼ੇ ਇਸ ਕੋਰਸ ਵਿੱਚ ਹਿੱਸਾ ਲੈਣ ਵਾਲ਼ੀ ਚਾਰਕੂ ਦੱਸਦੀ ਹਨ,''ਸਾਨੂੰ ਜਾਪਦਾ ਏ ਜਿਵੇਂ ਅਸੀਂ ਸਾਰਾ ਕੁਝ ਜਾਣਦੇ ਹਾਂ, ਪਰ ਉਨ੍ਹਾਂ ਨੇ ਸਾਨੂੰ ਹੋਰ ਵੀ ਕਈ ਅਹਿਮ ਚੀਜ਼ਾਂ ਬਾਬਤ ਸਮਝਾਇਆ ਜਿਵੇਂ ਸਾਬਣ ਨਾਲ਼ ਹੱਥ ਧੋਣਾ ਅਤੇ ਨਵੇਂ ਬਲੇਡ ਦਾ ਇਸਤੇਮਾਲ ਕਿਉਂ ਇੰਨਾ ਜ਼ਰੂਰੀ ਹੈ।''
ਉਨ੍ਹਾਂ ਮੌਕਿਆਂ 'ਤੇ ਜਦੋਂ ਕਦੇ ਉਹ ਪ੍ਰਸਵ ਦੌਰਾਨ ਕਿਸੇ ਔਰਤ ਦੇ ਨਾਲ਼ ਪ੍ਰਾਇਮਰੀ ਸਿਹਤ ਕੇਂਦਰ ਜਾਂ ਕਦੇ-ਕਦਾਈਂ ਕਿਸੇ ਨਿੱਜੀ ਕਲੀਨਿਕ ਜਾਂਦੀ ਹਨ ਤਾਂ ਪ੍ਰਸਵ ਨਰਸ (ਮਹਿਲਾ) ਦੁਆਰਾ ਹੀ ਕੀਤਾ ਜਾਂਦਾ ਹੈ। ਚਾਰਕੂ ਕਹਿੰਦੀ ਹਨ ਕਿ ਔਰਤਾਂ ਉਦੋਂ ਤੱਕ ਪੁਰਸ਼ ਡਾਕਟਰ ਕੋਲ਼ੋਂ ਪ੍ਰਸਵ ਨਹੀਂ ਕਰਾਉਣਗੀਆਂ ਜਦੋਂ ਤੱਕ ਕਿ ਨਰਸ ਇਹ ਨਾ ਕਹਿ ਦਵੇ ਕਿ ਉਹ ਕੇਸ ਸੰਭਾਲ਼ ਨਹੀਂ ਸਕਦੀ। ਮੁਸ਼ਕਲ ਪੇਸ਼ ਆਉਣ ਦੀ ਸੂਰਤ ਵਿੱਚ ਹੀ ਡਾਕਟਰ ਨੂੰ ਸੱਦਿਆ ਜਾਂਦਾ ਹੈ। ਚਾਰਕੂ ਨੂੰ ਕੋਈ ਭੁਗਤਾਨ ਨਹੀਂ ਕੀਤਾ ਜਾਂਦਾ।
ਉਹ ਅਜੇ ਵੀ ਨਾਲ਼ ਕਿਉਂ ਜਾਂਦੀ ਹਨ? ''ਚਲੋ ਬੋਲਾ ਤੋ ਜਾਤੀ (ਜੇ ਉਹ ਜਾਣ ਲਈ ਕਹਿਣ ਤਾਂ ਮੈਂ ਤੁਰ ਪੈਂਦੀ ਹਾਂ)। ਜੇ ਮੇਰੇ ਉੱਥੇ ਰਹਿਣ ਨਾਲ਼ ਹੋਣ ਵਾਲ਼ੀ ਮਾਂ ਨੂੰ ਰਾਹਤ ਮਿਲ਼ਦੀ ਹੈ ਤਾਂ ਦੱਸੋ ਮੈਂ ਕਿਉਂ ਨਾ ਜਾਵਾਂ?''
ਚਾਰਕੂ ਕਹਿੰਦੀ ਹਨ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਭੁਗਤਾਨ ਦੇ ਰੂਪ ਵਿੱਚ ਇੱਕ ਪਾਈ ਵਜੋਂ ਨਾਪ ਕੇ ਚੌਲ਼ ਜਾਂ ਕਣਕ ਦਿੱਤੀ ਜਾਂਦੀ। ਇਹ ਨਾਪ ਇੱਕ ਪਿੱਤਲ ਦਾ ਰਵਾਇਤੀ ਭਾਂਡਾ ਹੁੰਦਾ ਸੀ ਜਿਹਨੂੰ ਪਾਈ ਮੁਤਾਬਕ ਦੋ ਜਾਂ ਤਿੰਨ ਵਾਰੀ ਨਾਪ ਕੇ ਅਨਾਜ ਦਿੱਤਾ ਜਾਂਦਾ। ਕਦੇ-ਕਦੇ ਚਾਰਕੂ ਨੂੰ ਭੁਗਤਾਨ ਦੇ ਨਾਲ਼ ਬੋਨਸ ਦੇ ਰੂਪ ਵਿੱਚ ਕੁਝ ਪੈਸੇ ਵੀ ਮਿਲ਼ ਜਾਂਦੇ ਹੁੰਦੇ ਸਨ।
ਦਹਾਕਿਆਂ ਬਾਅਦ ਵੀ ਦਾਈ ਦੀ ਕਮਾਈ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਜੂਨ 2021 ਵਿੱਚ ਮੇਰੇ ਮਿਲ਼ਣ ਤੋਂ ਇੱਕ ਹਫ਼ਤਾ ਪਹਿਲਾਂ, ਚਾਰਕੂ ਨੇ ਜੋ ਪ੍ਰਸਵ ਕਰਵਾਇਆ ਸੀ ਉਹਦੇ ਬਦਲੇ ਉਨ੍ਹਾਂ ਨੂੰ 500 ਰੁਪਏ ਅਤੇ ਚਾਰ ਕਿਲੋ ਕਣਕ ਮਿਲ਼ੀ ਸੀ। ਇਹ ਪ੍ਰਸਵ ਕਾਫ਼ੀ ਛੇਤੀ ਹੋ ਗਿਆ, ਜਿਓਂ ਹੀ ਦਰਦਾਂ ਛੁੱਟੀਆਂ ਬੱਚਾ ਵੀ ਬਾਹਰ ਆਉਣ ਲੱਗਿਆ। ਉਹ ਕਹਿੰਦੀ ਹਨ,''ਜੇ ਬੱਚਾ ਜੰਮਣ 'ਚ ਬਹੁਤਾ ਸਮਾਂ ਵੀ ਲੱਗਦਾ ਤਾਂ ਵੀ ਮੈਨੂੰ ਇੰਨੀ ਹੀ ਪੈਸੇ ਮਿਲ਼ਣੇ ਸਨ।''
ਪੰਜ ਕੁ ਸਾਲ ਪਹਿਲਾਂ ਚਾਰਕੂ ਦੇ ਪਤੀ ਦੀ ਮੌਤ ਹੋ ਗਈ। ਉਹ ਆਪਣੀ ਇੱਕ ਏਕੜ ਦੀ ਜ਼ਮੀਨ 'ਤੇ ਖੇਤੀ ਕਰਿਆ ਕਰਦੇ ਸਨ, ਜਿਸ ਜ਼ਮੀਨ ਨੂੰ ਹੁਣ ਚਾਰਕੂ ਦੀ ਧੀ ਅਤੇ ਜਵਾਈ ਵਾਹੁੰਦੇ ਹਨ। ਚਾਰਕੂ ਕਹਿੰਦੀ ਹਨ ਕਿ ਇੱਕ ਦਾਈ ਦੇ ਰੂਪ ਵਿੱਚ ਕੰਮ ਕਰਦਿਆਂ ਕਦੇ ਵੀ ਇੱਕ ਤੈਅ ਆਮਦਨੀ ਨਹੀਂ ਹੋ ਸਕੀ। ਹਾਲ ਦੇ ਕੁਝ ਸਾਲਾਂ ਵਿੱਚ, ਕਿਸੇ ਕਿਸੇ ਮਹੀਨੇ 4,000 ਰੁਪਏ ਤੱਕ ਕਮਾਈ ਹੋਈ ਅਤੇ ਕਦੇ ਕਿਸੇ ਮਹੀਨੇ 1,000 ਰੁਪਏ ਹੀ।
ਇੱਥੋਂ ਦੀਆਂ ਔਰਤਾਂ ਦਾ ਅੰਦਾਜ਼ਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਅੰਦਰ ਬੋਰਤਯਖੇੜਾ ਵਿਖੇ ਪੈਦਾ ਹੋਏ ਬੱਚਿਆਂ ਵਿੱਚੋਂ ਘੱਟੋ-ਘੱਟ ਅੱਧੇ ਬੱਚਿਆਂ ਦਾ ਜਨਮ ਚਾਰਕੂ ਦੀ ਮੌਜੂਦਗੀ ਵਿੱਚ ਹੋਇਆ। ਚਾਰਕੂ ਨੇ ਆਪਣੇ ਪੋਤੇ-ਪੋਤੀਆਂ ਅਤੇ ਇੱਕ ਪੜਪੋਤੇ ਦੀ ਡਿਲਵਰੀ ਵੀ ਕਰਾਈ ਹੈ।
ਉਹ ਚੇਤੇ ਕਰਦੀ ਹਨ ਕਿ ਉਨ੍ਹਾਂ ਹੱਥੋਂ ਪੈਦਾ ਹੋਏ ਕੁਝ ਕੁ ਨਵਜਾਤਾਂ ਦੀ ਜਨਮ ਤੋਂ ਕੁਝ ਦਿਨਾਂ ਬਾਅਦ ਮੌਤ ਹੋਈ। ''ਜਨਮ ਵੇਲ਼ੇ ਨਹੀਂ ਪਰ ਕੁਝ ਦਿਨਾਂ ਬਾਅਦ।'' ਇਨ੍ਹਾਂ ਮੌਤਾਂ ਦੇ ਮਗਰਲੇ ਕਾਰਨ ਬਾਰੇ ਉਹ ਨਹੀਂ ਜਾਣਦੀ... ਕੋਈ ਵੀ ਨਹੀਂ ਜਾਣਦਾ।
ਹੁਣ ਆਪਣੀਆਂ ਅੱਖਾਂ ਦੀ ਰੌਸ਼ਨੀ ਘੱਟ ਹੋਣ ਕਾਰਨ, ਉਹ ਪਰਿਵਾਰਾਂ ਨੂੰ ਲਗਾਤਾਰ ਪੀਐੱਚਸੀ ਜਾਂ ਉਪ-ਕੇਂਦਰ ਵਿਖੇ ਜਾਣ ਦੀ ਹੀ ਸਲਾਹ ਦਿੰਦੀ ਹਨ।
*****
ਰੋਪੀ, ਜਿਨ੍ਹਾਂ ਨੂੰ ਆਪਣੀ ਸਹੀ ਉਮਰ ਦਾ ਪਤਾ ਨਹੀਂ, ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੂੰ ਲੱਤਾਂ ਦੀ ਤਕਲੀਫ਼ ਰਹਿਣ ਲੱਗੀ ਹੈ। ਉਨ੍ਹਾਂ ਦੇ ਗਿੱਟਿਆਂ ਦੁਆਲ਼ੇ ਅਤੇ ਉਨ੍ਹਾਂ ਦੇ ਗੋਡਿਆਂ ਵਿੱਚ ਸ਼ਦੀਦ ਪੀੜ੍ਹ ਰਹਿੰਦੀ ਹੈ। ਉਹ ਆਪਣੀ ਸਮੱਸਿਆ ਲੈ ਕੇ ਡਾਕਟਰ ਕੋਲ਼ ਨਹੀਂ ਗਈ ਸਗੋਂ ਘਰੇ ਇੱਕ ਤੇਲ਼ ਦੀ ਮਾਲਸ਼ ਕਰਦੀ ਰਹਿੰਦੀ ਹਨ ਜੋ ਸਥਾਨਕ ਵੈਦ ਨੇ ਸੁਝਾਇਆ ਹੈ।
ਉਂਝ ਤਾਂ ਉਹ ਆਪਣੇ ਪੁਰਾਣੇ ਜਾਣਕਾਰਾਂ ਅਤੇ ਆਪਣੀਆਂ ਧੀਆਂ ਨੂੰ ਮਿਲ਼ਣ ਵਾਸਤੇ ਪੂਰੇ ਪਿੰਡ ਦੇ ਚੱਕਰ ਲਾਉਂਦੀ ਰਹਿੰਦੀ ਹਨ, ਪਰ ਪ੍ਰਸਵ ਵਾਸਤੇ ਉਨ੍ਹਾਂ ਨਾਲ਼ ਸੰਪਰਕ ਕਰਨ ਵਾਲ਼ੇ ਬਹੁਤੇਰੇ ਪਰਿਵਾਰਾਂ ਨੂੰ ਉਹ ਮਨ੍ਹਾ ਕਰ ਦਿੰਦੀ ਹਨ, ਦਰਅਸਲ ਉਨ੍ਹਾਂ ਨੂੰ ਇਸ ਗੱਲ 'ਤੇ ਯਕੀਨ ਨਹੀਂ ਕਿ ਹੁਣ ਉਹ ਆਪਣੇ ਘਰੋਂ ਬਾਹਰ ਲੰਬੇ ਚਿਰ ਤੱਕ ਰੁੱਕ ਸਕਦੀ ਹਨ ਉਹ ਵੀ ਉਦੋਂ ਜਦੋਂ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਹੀ ਪੂਰੀ ਨਹੀਂ। ਰੋਪੀ ਕਹਿੰਦੀ ਹਨ,''ਮੈਂ ਉਨ੍ਹਾਂ ਨੂੰ ਸ਼ਹਿਰ ਕਲੀਨਿਕ (ਪਰਤਵਾੜਾ ਕਸਬੇ ਵਿਖੇ) ਨੂੰ ਕਾਲ ਕਰਨ ਲਈ ਕਹਿੰਦੀ ਹਾਂ ਅਤੇ ਜਿੰਨਾ ਚਿਰ ਐਂਬੂਲੈਂਸ ਨਾ ਆ ਜਾਵੇ ਉਨ੍ਹਾਂ ਕੋਲ਼ ਹੀ ਰੁਕੀ ਰਹਿੰਨੀ ਆਂ। ਕਦੇ-ਕਦਾਈਂ ਮੈਂ ਨਾਲ਼ ਵੀ ਬਹਿ ਜਾਂਦੀ ਹਾਂ ਖ਼ਾਸ ਕਰਕੇ ਜਦੋਂ ਵਾਹਨ ਮਰੀਜ਼ ਛੱਡ ਕੇ ਫ਼ੌਰਨ ਵਾਪਸ ਪਿੰਡ ਮੁੜਨ ਵਾਲ਼ਾ ਹੋਵੇ।''
ਉਨ੍ਹੀਂ ਸਾਲੀਂ ਜਦੋਂ ਉਹ ਕਾਫ਼ੀ ਰੁਝੇਵੇਂ ਵਾਲ਼ੀ ਦਾਈ ਵਜੋਂ ਕੰਮ ਕਰਦੀ ਸਨ ਉਸ ਸਮੇਂ ਉਹ ਜੈਤਾਦੇਹੀ ਵਿਖੇ ਇਸ ਗੱਲੋਂ ਜਾਣੀ ਜਾਂਦੀ ਸਨ ਕਿ ਪ੍ਰਸਵ ਦੀ ਕੋਈ ਵੀ ਹਾਲਤ ਕਿਉਂ ਨਾ ਹੋਵੇ ਉਹ ਛੋਹਲੇ ਹੱਥੀਂ ਪਰ ਸ਼ਾਂਤੀ ਨਾਲ਼ ਕੰਮ ਕਰਦੀ ਸਨ। ''ਪਹਿਲਾਂ, ਜਦੋਂ ਕਦੇ ਉਹ ਮੈਨੂੰ ਸੱਦਦੇ ਤਾਂ ਮੈਂ ਉਨ੍ਹਾਂ ਨੂੰ ਲੋੜੀਂਦੀਆਂ ਚੀਜ਼ਾਂ ਬਾਰੇ ਪਹਿਲਾਂ ਹੀ ਦੱਸ ਦਿੰਦੀ ਜਿਵੇਂ ਕਿ ਬਲੇਡ, ਧਾਗਾ (ਟਾਂਕੇ ਲਾਉਣ ਵਾਲ਼ਾ), ਸੂਈ ਆਦਿ।'' ਕਈ ਦਾਈਆਂ ਪ੍ਰਸਵ ਤੋਂ ਬਾਅਦ ਯੋਨੀ ਦੇ ਆਸ ਪਾਸ ਉੱਭਰ ਆਉਂਦੇ ਚੀਰਿਆਂ ਨੂੰ ਸੌਖਿਆਂ ਹੀ ਸਿਊਂ ਦਿੰਦੀਆਂ ਹਨ, ਉਹ ਆਪਣੇ ਮੋਢੇ ਛੰਡਦੀ ਹੈ ਜਿਵੇਂ ਕੋਈ ਬਹੁਤੀ ਵੱਡੀ ਗੱਲ ਹੀ ਨਹੀਂ।
ਫਿਰ ਹਾਲਤ ਦਾ ਅੰਦਾਜ਼ਾ ਲਾ ਕੇ ਕਿ ਜੰਮਣ ਪੀੜ੍ਹਾਂ ਹੁਣੇ ਛੁੱਟੀਆਂ ਹਨ ਜਾਂ ਪਹਿਲਾਂ ਤੋਂ ਹੀ ਹੋ ਰਹੀਆਂ ਸਨ, ਖ਼ੁਦ ਨੂੰ ਤਿਆਰ ਕਰਦੀ ਹਨ ਅਤੇ ਆਪਣਾ ਕੰਮ ਮੁਕਾ ਕੇ ਉਸ ਘਰ ਵੱਲ ਨਿਕਲ਼ ਪੈਂਦੀ ਜਿੱਥੇ ਪਰਿਵਾਰ ਦੇ ਮੈਂਬਰ ਚਿੰਤਾ ਮਾਰੇ ਅਤੇ ਬੇਸਬਰੇ ਖੜ੍ਹੇ ਉਨ੍ਹਾਂ ਨੂੰ ਉਡੀਕਦੇ ਹੁੰਦੇ।
ਰੋਪੀ ਹਮੇਸ਼ਾ ਪ੍ਰਾਰਥਨਾ ਕਰਕੇ ਹੀ ਡਿਲਵਰੀ ਦਾ ਕੰਮ ਸ਼ੁਰੂ ਕਰਦੀ ਅਤੇ ਔਰਤ ਦੀ ਯੋਨੀ ਦੇ ਫੈਲਾਅ ਦਾ ਨਿਰੀਖਣ ਕਰਨ ਤੋਂ ਪਹਿਲਾਂ ਹੱਥ ਧੋਂਦੀ।
''ਮਾਂ (ਮਾਂ ਬਣਨ ਵਾਲ਼ੀ ਦੀ ਮਾਂ) ਭਾਵੇਂ ਕੁਝ ਨਾ ਕਰਦੀ ਹੋਵੇ ਪਰ ਉਹ ਸਦਾ ਆਪਣੀ ਧੀ ਦੇ ਨਾਲ਼ ਖੜ੍ਹੀ ਰਹਿੰਦੀ ਆ, ਰੋਂਦੀ ਵੀ ਆ ਅਤੇ ਉਹਨੂੰ ਹੌਂਸਲਾ ਵੀ ਦਿੰਦੀ ਆ। ਉਸ ਮਾਂ ਦੀ ਅਰਦਾਸ ਪੀੜ੍ਹ ਨਾਲ਼ ਵਿਲ਼ਕਦੀ ਆਪਣੀ ਧੀ ਨੂੰ ਸੰਭਾਲ਼ ਲੈਂਦੀ ਆ। 'ਓ ਮਾਈ, ਜਲਦੀ ਕਰ ਦੋ ਮਾਈ', ਉਹ ਮਾਂ ਵਿਲ਼ਕਣੀਆਂ ਲੈਂਦੀ ਇੰਝ ਕਹਿੰਦੀ ਆ ਜਿਵੇਂ ਸਾਰਾ ਕੁਝ ਮੇਰੇ ਹੱਥ ਵੱਸ ਹੁੰਦਾ ਹੋਵੇ!'' ਰੋਪੀ ਦੱਸਦੀ ਹਨ।
ਕਦੇ-ਕਦਾਈਂ ਜੰਮਣ ਪੀੜ੍ਹਾਂ ਕਈ ਘੰਟਿਆਂ ਤੱਕ ਚੱਲਦੀਆਂ ਰਹਿੰਦੀਆਂ ਅਤੇ ਅਜਿਹੇ ਮੌਕੇ ਰੋਪੀ ਰੋਟੀ ਖਾਣ ਜਾਂ ਆਪਣੇ ਪਤੀ ਜਾਂ ਬੇਟੇ ਨੂੰ ਰੋਟੀ ਪਰੋਸਣ ਵਾਸਤੇ ਛੋਹਲੇ ਪੈਰੀਂ ਘਰ ਮੁੜ ਆਉਂਦੀ। ''ਡਿਲਵਰੀ ਦੇ ਅਜਿਹੇ ਮਾਮਲਿਆਂ ਵਿੱਚ, ਮਾਂਵਾਂ ਹਾੜੇ ਪਾਉਂਦੀਆਂ ਮੈਨੂੰ ਕਹਿੰਦੀਆਂ ਕਿ ਜਦੋਂ ਤੱਕ ਬੱਚਾ ਜੰਮ ਨਾ ਪਵੇ ਮੈਂ ਇੱਥੋਂ ਕਿਤੇ ਨਾ ਜਾਵਾਂ। ਪਰ ਕਦੇ-ਕਦੇ ਇਸ ਕੰਮ ਵਿੱਚ ਪੂਰਾ ਦਿਨ ਜਾਂ ਪੂਰੀ ਰਾਤ ਤੱਕ ਲੱਗ ਸਕਦੀ ਹੁੰਦੀ ਹੈ। ਅਜਿਹੀ ਹਾਲਤ ਵਿੱਹ ਹਰ ਕੋਈ ਡਰ ਜਾਂਦਾ ਹੈ, ਸਿਵਾਏ ਮੇਰੇ।''
ਅਕਸਰ, ਉਹ ਗਰਭਵਤੀ ਔਰਤ ਦੇ ਢਿੱਡ ਦੀ ਮਾਲਸ਼ ਕਰਨ ਲਈ ਥੋੜ੍ਹਾ ਜਿਹਾ ਤੇਲ (ਜੋ ਵੀ ਤੇਲ਼ ਘਰੇ ਹੁੰਦਾ) ਮੰਗਦੀ। ਰੋਪੀ ਦਾ ਕਹਿਣਾ ਹੈ ਕਿ ਉਹ ਢਿੱਡ ਨੂੰ ਹੱਥ ਲਾ ਕੇ ਮਹਿਸੂਸ ਕਰ ਸਕਦੀ ਹੈ ਕਿ ਬੱਚਾ ਪੁੱਠਾ ਹੈ ਜਾਂ ਸਿੱਧਾ। ਮਾਲਸ਼ ਕਰ ਕਰ ਕੇ ਉਹ ਬੱਚੇ ਨੂੰ ਸਹੀ ਦਿਸ਼ਾ ਵਿੱਚ ਲਿਆ ਸਕਦੀ ਹੈ ਅਤੇ ਉਹਦੇ ਸਿਰ ਨੂੰ ਸਹੀ ਪਾਸੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕੋਲ਼ ਕਈ ਤਜ਼ਰਬੇ ਅਜਿਹੇ ਵੀ ਹਨ ਜਦੋਂ ਪ੍ਰਸਵ ਦੌਰਾਨ ਬੱਚੇ ਦਾ ਪੈਰ ਪਹਿਲਾਂ ਬਾਹਰ ਆਇਆ ਹੋਵੇ ਪਰ ਰੋਪੀ ਮੁਤਾਬਕ ਅਜਿਹੇ ਪ੍ਰਸਵ ਦੌਰਾਨ ਵੀ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ।
ਹੋਰ ਰਵਾਇਤੀ ਮਾਨਤਾਵਾਂ ਨੂੰ ਹਿਲਾ ਪਾਉਣਾ ਮੁਸ਼ਕਲ ਹੁੰਦਾ ਹੈ। ਜੇ ਨੌਵਾਂ ਮਹੀਨਾ ਪੂਰਾ ਹੋਣ ਤੋਂ ਬਾਅਦ ਤੀਕਰ ਵੀ ਜੰਮਣ ਪੀੜ੍ਹਾ ਨਾ ਛੁੱਟਣ ਤਾਂ ਚਾਰਕੂ ਭੂਮਕਾਲ ਦੁਆਰਾ ਅਸ਼ੀਰਵਾਦ ਪ੍ਰਾਪਤ ਪਾਣੀ ਦੀਆਂ ਕੁਝ ਬੂੰਦਾਂ ਪੀਣ ਦੀ ਸਲਾਹ ਦਿੰਦੀ ਹਨ
ਦਾਈ ਆਮ ਤੌਰ 'ਤੇ ਪ੍ਰਸਵ ਤੋਂ ਬਾਅਦ ਯੋਨੀ ਵਗੈਰਾ ਦੀ ਸਫ਼ਾਈ ਕਰਦੀ ਹੈ, ਰੋਪੀ ਕਹਿੰਦੀ ਹਨ,''ਪਹਿਲਾਂ ਪਹਿਲ ਅਸੀਂ ਬੱਚੇ ਨੂੰ ਜਨਮ ਤੋਂ ਫ਼ੌਰਨ ਬਾਅਦ ਨੁਆ ਦਿਆ ਕਰਦੇ ਸਾਂ। ਪਰ ਅਸੀਂ ਇੰਝ ਕਰਨਾ ਬੰਦ ਕਰ ਦਿੱਤਾ ਏ,'' ਉਹ ਕਹਿੰਦੀ ਹਨ। ਪ੍ਰਥਾ ਕਹਿੰਦੀ ਸੀ ਕਿ ਬੱਚੇ ਨੂੰ ਨੁਆ ਕੇ ਫਿਰ ਪਹਿਲੀ ਵਾਰ ਦੁੱਧ ਚੁੰਘਣ ਵਾਸਤੇ ਮਾਂ ਨੂੰ ਫੜ੍ਹਾਇਆ ਜਾਵੇ।
ਚਾਰਕੂ ਇਸ ਗੱਲ ਨਾਲ਼ ਸਹਿਮਤ ਹਨ। ''ਪਹਿਲਾਂ, ਅਸੀਂ ਨਿੱਘੇ ਪਾਣੀ ਦਾ ਇਸਤੇਮਾਲ ਕਰਦੇ ਅਤੇ ਬੱਚੇ ਨੂੰ ਜਨਮ ਤੋਂ ਫ਼ੌਰਨ ਬਾਅਦ ਹੀ ਨੁਆ ਦਿਆ ਕਰਦੇ ਅਤੇ ਕਦੇ-ਕਦਾਈਂ ਬੱਚੇ ਨੂੰ ਦੋ-ਤਿੰਨ ਦਿਨਾਂ ਬਾਅਦ ਹੀ ਮਾਂ ਦਾ ਦੁੱਧ ਪੀਣ ਦਿੱਤਾ ਜਾਂਦਾ ਸੀ।'' ਕੁਝ ਪਰਿਵਾਰਾਂ ਨੇ ਬੱਚੇ ਨੂੰ ਪਹਿਲੇ ਦਿਨ ਸਿਰਫ਼ ਗੁੜ ਵਾਲ਼ਾ ਪਾਣੀ ਜਾਂ ਸ਼ਹਿਦ ਦਾ ਪਾਣੀ ਹੀ ਪਿਆਇਆ।
ਨਵਜੰਮੇ ਬੱਚੇ ਨੂੰ ਨਹਿਲਾਉਣ ਦੀ ਪ੍ਰਥਾ ਦਾ ਪਾਲਣ ਹੁਣ ਘੱਟ ਕੀਤਾ ਜਾਂਦਾ ਹੈ ਜਿਹਦਾ ਮੁੱਖ ਕਾਰਨ ਹੈ ਉਹ ਮੁਹਿੰਮ ਜਿਸ ਅੰਦਰ ਸਥਾਨਕ ਏਐੱਨਐੱਮ ਵੱਲੋਂ ਸੰਸਥਾਗਤ ਪ੍ਰਸਵ ਕਰਾਉਣ ਦੀ ਹੱਲ੍ਹਾਸ਼ੇਰੀ ਦਿੱਤੀ ਜਾਂਦੀ ਹੈ ਅਤੇ ਮੇਲਘਾਟ ਦੀ ਬਾਲ-ਮੌਤ ਦਰ ਦੀ ਸਮੱਸਿਆ ਵੱਲ ਸੂਬਾ-ਪੱਧਰੀ ਧਿਆਨ ਦਿੱਤਾ ਜਾਣਾ ਵੀ ਇੱਕ ਵੱਡਾ ਕਾਰਨ ਹੈ। (ਵੱਖੋ-ਵੱਖ ਅਧਿਐਨਾਂ ਅਤੇ ਰਿਪੋਰਟਾਂ ਵਿੱਚ ਇਲਾਕੇ ਦੀ ਉੱਚੀ ਬਾਲ ਮੌਤ ਦਰ ਅਤੇ ਗੰਭੀਰ ਕੁਪੋਸ਼ਣ ਦੀ ਗੱਲ ਸਾਹਮਣੇ ਆਈ ਹੈ)। ਬੋਰਤਯਖੇਰਾ ਦੀ ਏਐੱਨਐੱਮ ਸ਼ਾਂਤਾ ਦਾ ਕਹਿਣਾ ਹੈ ਕਿ ਹੁਣ ਆਮ ਤੌਰ 'ਤੇ ਬੱਚੇ ਦੀ ਸਿਹਤ ਨੂੰ ਜਨਮ ਤੋਂ ਬਾਅਦ ਦੀਆਂ ਰਸਮਾਂ ਅਤੇ ਦੇਵਤਿਆਂ ਨੂੰ ਚੜ੍ਹਾਵੇ ਨਾਲ਼ੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਰਕਾਰ-ਯੂਨੀਸੈਫ਼ ਦੇ ਸਿਖਲਾਈ ਪ੍ਰੋਗਰਾਮਾਂ ਨੇ ਘਰ ਵਿੱਚ ਪ੍ਰਸਵ ਦੀਆਂ ਪ੍ਰਕਿਰਿਆਵਾਂ ਵਿੱਚ ਸੁਰੱਖਿਆ ਦਾ ਬੇਹਤਰ ਪੱਧਰ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਹੈ।
ਹੁਣ ਜਦੋਂ ਮਾਂ ਦੇ ਕੁਝ ਕੁ ਪਲ ਅਰਾਮ ਕਰਨ ਤੋਂ ਬਾਅਦ ਬੱਚਾ ਹਿੱਲਣਾ ਸ਼ੁਰੂ ਕਰਦਾ ਹੈ ਤਾਂ ਦਾਈ ਉਹਨੂੰ ਦੱਸਦੀ ਹੈ ਕਿ ਲੰਮੇ ਪਏ ਵੇਲ਼ੇ ਅਤੇ ਬੈਠਣ ਦੌਰਾਨ ਦੁੱਧ ਚੁੰਘਾਉਣ ਦਾ ਸੁਰੱਖਿਅਤ ਢੰਗ ਕਿਹੜਾ ਹੈ ਅਤੇ ਇਹਦਾ ਪਾਲਣ ਕਿਵੇਂ ਕਰਨਾ ਹੈ ਅਤੇ ਹੁਣ ਬੱਚੇ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਦੁੱਧ ਚੁੰਘਾਇਆ ਜਾਂਦਾ ਹੈ, ਚਾਰਕੂ ਦੱਸਦੀ ਹਨ।
ਹੋਰ ਕਈ ਰਵਾਇਤੀ ਮਾਨਤਾਵਾਂ ਨੂੰ ਖ਼ਤਮ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜੇ ਨੌਵੇਂ ਮਹੀਨੇ ਦੇ ਪੂਰਾ ਹੋਣ ਤੋਂ ਬਾਅਦ ਵੀ ਜੰਮਣ-ਪੀੜ੍ਹਾਂ ਨਾ ਛੁੱਟਣ ਤਾਂ ਚਾਰਕੂ ਮੁਤਾਬਕ ਉਹ ਇੱਕ ਭੂਮਕਾਲ (ਇੱਕ ਰਵਾਇਤੀ ਅਧਿਆਤਮਕ ਉਪਚਾਰਕ) ਦੁਆਰਾ ਅਸ਼ੀਰਵਾਦ ਪ੍ਰਾਪਤ ਪਾਣੀਆਂ ਦੀਆਂ ਕੁਝ ਬੂੰਦਾਂ ਪੀਣ ਨੂੰ ਕਹਿੰਦੀ ਹਨ।
ਰੋਪੀ ਕਹਿੰਦੀ ਹਨ ਕਿ ਉਹ ਇਹ ਭਵਿੱਖਬਾਣੀ ਕਰਨਾ ਪਸੰਦ ਕਰਦੀ ਹਨ ਕਿ ਗਰਭਵਤੀ ਔਰਤ ਦੇ ਪੁੱਤ ਜੰਮੇਗਾ ਜਾਂ ਧੀ। ਉਨ੍ਹਾਂ ਦਾ ਕਹਿਣਾ ਹੈ ਕਿ ਨਰ-ਭਰੂਣ ਢਿੱਡ ਨੂੰ ਸਾਹਮਣੇ ਬਾਹਰ ਵੱਲ ਨੂੰ ਫ਼ੈਲਾਉਂਦਾ ਹੈ। ''ਮਾਦਾ ਭਰੂਣ ਨਾਲ਼ ਢਿੱਡ ਇੱਕ ਪਾਸੇ ਨੂੰ ਫ਼ੈਲਦਾ ਹੈ।'' ਪਰ ਉਹ ਇਸ ਅੰਦਾਜ਼ੇ ਦਾ ਵਿਆਪੀਕਰਨ ਕੀਤੇ ਜਾਣ 'ਤੇ ਹੱਸ ਪੈਂਦੀ ਹਨ। ਉਹ ਕਹਿੰਦੀ ਹਨ ਕਿ ਇਹ ਮਹਿਜ ਅੰਦਾਜ਼ਾ ਹੁੰਦਾ ਹੈ... ਬਾਕੀ ਸਭ ਉੱਪਰ ਵਾਲ਼ੇ ਦੇ ਹੱਥ ਹੁੰਦਾ ਹੈ। ਭਗਵਾਨ ਨਹੀਂ ਚਾਹੁੰਦੇ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਉਹਦੇ ਲਿੰਗ ਦੀ ਜਾਂਚ ਕੀਤੀ ਜਾਵੇ।
ਬੋਰਤਯਖੇੜਾ ਵਿਖੇ ਪਿੰਡ ਦੇ ਲੋਕ ਦੱਸਦੇ ਹਨ ਕਿ ਰਵਾਇਤੀ ਦਾਈ, ਭਾਈਚਾਰਕ ਸਿਹਤ ਵਿੱਚ ਸਹਾਇਕ ਵਜੋਂ ਭੂਮਿਕਾ ਨਿਭਾਉਂਦੀ ਹਨ। ਉਹ ਗਰਭਵਤੀ ਔਰਤਾਂ ਨੂੰ ਪ੍ਰਸਵ ਦੇ ਅਖ਼ੀਰਲੇ ਦਿਨੀਂ ਰਾਜ ਦੁਆਰਾ ਤੈਅ ਸਹਾਇਤਾ (ਨਿਯਮਤ ਜਾਂਚ, ਆਇਰਨ-ਫ਼ੌਲਿਕ ਐਸਿਡ ਅਤੇ ਕੈਲਸ਼ੀਅਮ ਦੀ ਖ਼ੁਰਾਕ ਦੀ ਸਪਲਾਈ ਸਣੇ) ਪਹੁੰਚਾਉਂਦੀ ਹੈ ਅਤੇ ਨਾਲ਼ ਹੀ ਜਨਮ ਦੀ ਯੋਜਨਾ ਬਾਰੇ ਵੀ ਦੱਸਦੀ ਹੈ ਅਤੇ ਸਮੇਂ ਸਿਰ ਹਸਪਤਾਲ ਭਰਤੀ ਕਰਾਉਂਦੀ ਹੈ।
ਜੈਤਾਦੇਹੀ ਦੇ ਲੋਕ ਇਸ ਗੱਲੋਂ ਫ਼ਿਕਰਮੰਦ ਹਨ ਕਿ ਉਨ੍ਹਾਂ ਕੋਲ਼ ਰੋਪੀ ਤੋਂ ਬਾਅਦ ਹੋਰ ਕੋਈ ਦਾਈ ਨਹੀਂ ਹੋਵੇਗੀ... ਹਾਲਾਂਕਿ ਉਹ ਪਰਤਵਾੜਾ ਸ਼ਹਿਰ ਦੇ ਸਭ ਤੋਂ ਨੇੜੇ ਰਹਿੰਦੇ ਹਨ ਜਿੱਥੇ ਨਿੱਜੀ ਡਾਕਟਰਾਂ/ਕਲੀਨਿਕਾਂ ਤੱਕ ਉਨ੍ਹਾਂ ਦੀ ਪਹੁੰਚ ਵੀ ਸੌਖਿਆਂ ਬਣ ਜਾਂਦੀ ਹੈ। ਓਧਰ, ਰੋਪੀ ਕਹਿੰਦੀ ਹਨ ਕਿ ਉਨ੍ਹਾਂ ਕੋਲ਼ ਸਰਕਾਰੀ ਸੰਸਥਾਵਾਂ ਨੂੰ ਬੱਚੇ ਦੇ ਜਨਮ ਨੂੰ ਲੈ ਕੇ ਦੱਸਣ ਵਾਸਤੇ ਕਈ ਤਜ਼ਰਬੇ ਹੋ ਸਕਦੇ ਹਨ। ਉਹ ਕਹਿੰਦੀ ਹਨ,''ਕੁਝ ਔਰਤਾਂ ਇੰਨੀਆਂ ਪਤਲੀਆਂ ਹੁੰਦੀਆਂ ਹਨ ਕਿ ਨੌ ਮਹੀਨਿਆਂ ਵਿੱਚ ਹਰ ਦਿਨ ਉਲਟੀ ਕਰਦੀਆਂ ਹਨ। ਉਹ ਮਾਸ ਖਾਣ ਤੋਂ ਗੁਰੇਜ਼ ਕਰਦੀਆਂ ਹਨ, ਉਹ ਰੋਟੀ ਦੇ ਨਾਮ ਤੋਂ ਮੂੰਹ ਫੇਰ ਲੈਂਦੀਆਂ ਹਨ। ਗਰਭਵਤੀ ਔਰਤਾਂ ਨੂੰ ਸਾਰਾ ਕੁਝ ਖਾਣਾ ਚਾਹੀਦਾ ਹੈ। ਕਿਸੇ ਵੀ ਚੀਜ਼ ਦੀ ਰੋਕ ਨਹੀਂ। ਡਾਕਟਰਾਂ ਨੂੰ ਵੀ ਚਾਹੀਦਾ ਹੈ ਕਿ ਗਰਭਵਤੀ ਔਰਤਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਲਾਹ ਦੇਣ।''
ਉਨ੍ਹਾਂ ਦੇ ਭਾਈਚਾਰੇ ਵਿੱਚ, ਕੋਰਕੂ ਪਰਿਵਾਰ ਵਿੱਚ ਬੱਚੇ ਦੇ ਜਨਮ ਦੇ ਪੰਜਵੇਂ ਦਿਨ ਦੇ ਜਸ਼ਨ ਵਾਸਤੇ ਦਾਈ ਨੂੰ ਸੱਦਾ ਦਿੱਤਾ ਜਾਂਦਾ ਹੈ। ਅਕਸਰ ਉਨ੍ਹਾਂ ਨੂੰ ਇਸੇ ਦਿਨ ਭੁਗਤਾਨ ਕੀਤਾ ਜਾਂਦਾ ਹੈ। ਦਰਅਸਲ ਇਹ ਜਸ਼ਨ ਇੱਕ ਪ੍ਰਤੀਕ ਹੈ ਬੱਚੇ ਦਾ ਇਨ੍ਹਾਂ ਅਨਿਸ਼ਚਤ ਦਿਨਾਂ ਵਿੱਚੋਂ ਸੁਰੱਖਿਅਤ ਬਚ ਨਿਕਲ਼ਣ ਦਾ। ਰੋਪੀ ਦਾਰਸ਼ਨਿਕ ਢੰਗ ਨਾਲ਼ ਕਹਿੰਦੀ ਹਨ,''ਕੁਝ ਬੱਚੇ ਦੁਰਘਟਨਾਵਾਂ ਨਾਲ਼ ਮਰ ਜਾਂਦੇ ਨੇ, ਕੁਝ ਬੀਮਾਰੀ ਕਾਰਨ, ਕੁਝ ਜਨਮ ਵੇਲੇ। ਇੱਕ ਨਾ ਇੱਕ ਦਿਨ ਹਰ ਕੋਈ ਮਰ ਜਾਵੇਗਾ। ਪਰ ਇੱਕ ਬੱਚੇ ਦਾ ਜਿਊਂਦਾ ਰਹਿਣਾ ਮਾਂ ਦੀ ਜਿੱਤ ਹੈ।''
ਰੋਪੀ ਕਹਿੰਦੀ ਹਨ ਕਿ ਬੱਚਿਆਂ ਦੇ ਜਿਊਂਦੇ ਰਹਿਣ ਵਾਸਤੇ ਉਨ੍ਹਾਂ ਨੂੰ ਜੋ ਸ਼ੁਕਰਗੁਜ਼ਾਰੀ ਹਾਸਲ ਹੋਈ ਹੈ ਉਹ ਇੱਕ ਦਾਈ ਦੇ ਰੂਪ ਵਿੱਚ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਖ਼ੁਸ਼ੀਆਂ ਵਿੱਚੋਂ ਇੱਕ ਰਹੀ। ਹੁਣ ਜਦੋਂ ਉਹ ਕੰਮ ਨਹੀਂ ਕਰ ਪਾਉਂਦੀ ਤਾਂ ਉਨ੍ਹਾਂ ਪਲਾਂ ਨੂੰ ਸਭ ਤੋਂ ਵੱਧ ਚੇਤੇ ਕਰਦੀ ਹਨ। ਜਦੋਂ ਲੋਕ ਉਨ੍ਹਾਂ ਪਾਸੋਂ ਮਦਦ ਮੰਗਣ ਆਉਂਦੇ ਹਨ ਤਾਂ ਉਹ ਬਹੁਤੇਰੇ ਲੋਕਾਂ ਨੂੰ ਵਾਪਸ ਭੇਜ ਦਿੰਦੀ ਹਨ। ਉਹ ਉਨ੍ਹਾਂ ਨੂੰ ਕਹਿੰਦੀ ਹਨ: ''ਜਾਓ ਬਾਬਾ, ਅਬ ਮੇਰੇ ਸੇ ਹੋਤਾ ਨਹੀ। ਹੁਣ ਮੈਂ ਇਹ ਕੰਮ ਹੋਰ ਨਹੀਂ ਕਰ ਸਕਦੀ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ