ਸੜਕ 'ਤੇ ਚਾਰ ਦਿਨ ਕੱਟਣ ਅਤੇ 750 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ, ਟੈਂਪੂ ਅਤੇ ਜੀਪਾਂ ਦਾ ਕਾਰਵਾ ਰਾਜਸਥਾਨ ਦੇ ਕੋਟਾ ਦੇ ਇੱਕ ਗੁਰਦੁਆਰੇ ਵਿੱਚ ਦੁਪਿਹਰ ਦੇ ਖਾਣੇ ਲਈ ਰੁਕਿਆ। 24 ਦਸੰਬਰ ਦੀ ਦੁਪਹਿਰ ਨੂੰ ਠੰਡ ਹੈ ਅਤੇ ਯਾਤਰੀ-ਮਹਾਂਰਾਸ਼ਟਰ ਦੇ ਕਿਸਾਨ ਅਤੇ ਖੇਤ ਮਜ਼ਦੂਰ-ਪੂਰੀ ਰਾਤ ਯਾਤਰਾ ਕਰਨ ਉਪਰੰਤ ਥੱਕ ਚੁੱਕੇ ਹਨ। ਪਰ ਗੁਰਦੁਆਰੇ ਦੀ ਸਾਂਝੀ ਰਸੋਈ ਵਿੱਚ ਲੰਗਰ ਦੀ ਉਡੀਕ ਕਰਨ ਦੌਰਾਨ, ਸਵਿਤਾ ਗੁੰਜਲ ਦੇ ਗੀਤ ਉਨ੍ਹਾਂ ਅੰਦਰ ਜੋਸ਼ ਭਰ ਰਹੇ ਹਨ- ਕਾਮਗਾਰ ਚਯਾ ਕਸ਼ਤਾਨਾ ਨਟਵਾਲਾ ਜਗਲਾ, ਜੀਵਨ ਨਾ ਕੋਈ ਪੋਟਲਾ, ਕੱਪੜਾ ਨਾਹੀ ਨੇਸਾਯਲਾ ('ਕਿਰਤੀਆਂ ਦੀ ਕਿਰਤ ਦੁਨੀਆ ਨੂੰ ਹਸੀਨ ਬਣਾਉਂਦੀ ਹੈ, ਪਰ ਉਨ੍ਹਾਂ ਕੋਲ਼ ਨਾ ਤਾਂ ਖਾਣ ਨੂੰ ਰੋਟੀ ਅਤੇ ਨਾ ਹੀ ਪਾਉਣ ਲਈ ਕੱਪੜਾ ਹੀ ਹੈ')।

"ਮੈਂ ਇੱਥੇ ਗਾਣੇ ਵਾਸਤੇ ਆਈ ਹਾਂ," ਗੂੜ੍ਹੇ ਲਾਲ ਰੰਗ ਦੀ ਸ਼ਰਟ ਅਤੇ ਨੀਲੀ ਜੀਨਸ ਪਾਈ, 16 ਸਾਲਾ ਭੀਲ ਆਦਿਵਾਸੀ ਗਾਇਕਾ ਕਹਿੰਦੀ ਹੈ। "ਮੈਂ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਚਾਹੁੰਦੀ ਹਾਂ। ਮੈਂ ਦੁਨੀਆ ਨੂੰ ਆਪਣੀ ਹਾਲਤ ਬਾਰੇ ਦੱਸਣਾ ਚਾਹੁੰਦੀ ਹਾਂ," ਨਾਸਿਕ ਜ਼ਿਲ੍ਹੇ ਵਿੱਚ ਪੈਂਦੀ ਚੰਦਰਵਾੜ ਤਾਲੁਕਾ ਦੇ ਪਿੰਡ ਚੰਦਵਾੜ ਦੀ ਸਵਿਤਾ ਕਹਿੰਦੀ ਹੈ। ਉਹ ਦਿੱਲੀ ਦੀਆਂ ਸੀਮਾਵਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ਼ ਸ਼ਾਮਲ ਹੋਣ ਲਈ, ਨਾਸਿਕ ਤੋਂ 21 ਦਸੰਬਰ ਨੂੰ ਕਿਸਾਨਾਂ ਦੇ ਜੱਥੇ ਦੇ ਨਾਲ਼ ਰਵਾਨਾ ਹੋਈ ਸੀ। ਲੱਖਾਂ ਕਿਸਾਨ ਤਿੰਨੋਂ ਖੇਤੀ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੂੰ 5 ਜੂਨ 2020 ਨੂੰ ਪਹਿਲਾਂ ਇੱਕ ਆਰਡੀਨੈਂਸ ਵਜੋਂ ਪਾਸ ਕੀਤਾ ਗਿਆ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲਾਂ ਦੇ ਨਾਮ ਵਜੋਂ ਪੇਸ਼ ਕੀਤੇ ਗਏ ਅਤੇ ਉਸੇ ਮਹੀਨੇ ਦੀ 20 ਤਰੀਕ ਤੱਕ ਕਨੂੰਨ ਬਣਨ ਦੀ ਪ੍ਰਕਿਰਿਆ ਨੂੰ ਪਾਰ ਕਰ ਗਏ।

ਸਵਿਤਾ ਆਪਣੇ ਪਿੰਡ ਵਿੱਚ, ਹਫ਼ਤੇ ਦੇ ਅੰਤ ਵਿੱਚ ਅਤੇ ਛੁੱਟੀਆਂ ਦੌਰਾਨ ਬਤੌਰ ਖੇਤ ਮਜ਼ਦੂਰ ਕੰਮ ਕਰਦੀ ਹੈ ਅਤੇ ਇੱਕ ਦਿਨ ਵਿੱਚ 150-200 ਰੁਪਏ ਕਮਾਉਂਦੀ ਹੈ। "ਜੇ ਕੰਮ ਹੁੰਦਾ ਹੈ, ਤਾਂ ਮੈਂ ਖੇਤਾਂ ਵਿੱਚ ਜਾਂਦੀ ਹਾਂ," ਉਹ ਦੱਸਦੀ ਹੈ। ਕੋਵਿਡ-19 ਤਾਲਾਬੰਦੀ ਦੌਰਾਨ, ਉਹਨੇ ਆਪਣਾ ਬਹੁਤੇਰਾ ਸਮਾਂ ਚੰਦਵਾੜ ਦੇ ਖੇਤਾਂ ਵਿੱਚ ਕੰਮ ਕਰਕੇ ਬਿਤਾਇਆ। "ਤਾਲਾਬੰਦੀ ਦੌਰਾਨ ਕੰਮ ਬਹੁਤ ਘੱਟ ਸੀ। ਮੈਨੂੰ ਜਿੰਨਾ ਕੰਮ ਮਿਲ਼ ਸਕਦਾ ਸਾਂ, ਮੈਂ ਕੀਤਾ ਅਤੇ ਜਿੰਨਾ ਕਮਾ ਸਕਦੀ ਸਾਂ, ਕਮਾਇਆ ਵੀ," ਉਹ ਦੱਸਦੀ ਹੈ। ਉਹਨੇ ਇਸ ਸਾਲ (2020) ਵਿੱਚ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਹੈ, ਪਰ ਮਹਾਂਮਾਰੀ ਦੇ ਚੱਲਦਿਆਂ ਕਾਲਜ ਦੀ ਪੜ੍ਹਾਈ ਸ਼ੁਰੂ ਨਹੀਂ ਕਰ ਸਕੀ।

ਵੀਡਿਓ ਦੇਖੋ: ਸਵਿਤਾ ਦਿੱਲੀ ਤੱਕ ਦੇ ਪੂਰੇ ਸਫ਼ਰ ਦੌਰਾਨ ਕਿਸਾਨੀ ਦੇ ਗੀਤ ਗਾਉਂਦੀ ਹੈ

ਸਵਿਤਾ ਅਕਸਰ ਚੰਦਵਾੜ ਵਿੱਚ ਆਪਣੇ ਸਮੂਹ ਦੇ ਨਾਲ਼ ਜਨਤਕ ਸਮਾਰੋਹਾਂ ਵਿੱਚ ਗਾਉਂਦੀ ਹੈ। ਇਸ ਸਮੂਹ ਵਿੱਚ ਉਹਦਾ ਵੱਡਾ ਭਰਾ, ਸੰਦੀਪ ਅਤੇ ਉਹਦੀਆਂ ਸਹੇਲੀਆਂ, ਕੋਮਲ, ਅਰਚਨਾ ਅਤੇ ਸਪਨਾ ਸ਼ਾਮਲ ਹਨ। ਉਹ ਇਹ ਸਾਰੇ ਗਾਣੇ, ਆਪਣੇ ਭਰਾ ਦੀ ਥੋੜ੍ਹੀ ਬਹੁਤ ਮਦਦ ਨਾਲ਼, ਲਿਖਦੀ ਹੈ। 24 ਸਾਲਾ ਸੰਦੀਪ ਖੇਤ ਮਜ਼ਦੂਰ ਹੈ, ਜੋ ਖੇਤ ਵਾਹੁਣ ਲਈ ਟਰੈਕਟਰ ਚਲਾਉਂਦਾ ਹੈ। ਸਵਿਤਾ ਦਾ ਕਹਿਣਾ ਹੈ ਕਿ ਇਹ ਹੱਡ-ਭੰਨ੍ਹਵੀਂ ਮਿਹਨਤ ਦਾ ਕੰਮ ਹੈ ਅਤੇ ਉਨ੍ਹਾਂ ਦੀ ਆਮਦਨ ਜੋਤ ਦੇ ਅਕਾਰ ਅਤੇ ਉਸ 'ਤੇ ਕੰਮ ਕਰਨ ਵਿੱਚ ਲੱਗਣ ਵਾਲ਼ੇ ਸਮੇਂ 'ਤੇ ਨਿਰਭਰ ਹੈ। ਉਦਾਹਰਣ ਲਈ, ਉਨ੍ਹਾਂ ਨੂੰ 6-7 ਏਕੜ ਭੂਮੀ ਦੀ ਵਾਹੀ ਕਰਨ ਵਿੱਚ ਲਗਾਤਾਰ ਤਿੰਨ ਦਿਨ ਅਤੇ ਤਿੰਨ ਰਾਤਾਂ ਲੱਗਦੀਆਂ ਹਨ, ਜਿਹਦੇ ਲਈ ਉਨ੍ਹਾਂ ਕਰੀਬ 4000 ਰੁਪਏ ਮਿਲ਼ਦੇ ਹਨ।

ਆਪਣੇ ਭਰਾ ਨੂੰ ਹੱਡ-ਭੰਨ੍ਹਵੀਂ ਮਿਹਨਤ ਕਰਦਿਆਂ ਦੇਖ ਉਹਨੂੰ ਆਪਣਾ ਗਾਣਾ ਬਣਾਉਣ ਦੀ ਪ੍ਰੇਰਣਾ ਮਿਲ਼ਦੀ ਹੈ। "ਮੈਂ ਕਿਸਾਨਾਂ ਦੇ ਰੋਜ਼ਮੱਰਾ ਦੇ ਮੁੱਦਿਆਂ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਗਾਉਂਦੀ ਹਾਂ। ਦਿਨ ਪ੍ਰਤੀ ਦਿਨ ਉਹ ਖੇਤਾਂ ਵਿੱਚ ਸਖ਼ਤ ਮੁਸ਼ੱਕਤ ਕਰਦੇ ਹਨ, ਫਿਰ ਵੀ ਉਨ੍ਹਾਂ ਨੂੰ ਆਪਣੇ ਪੈਦਾ ਕੀਤੇ ਅਨਾਜ ਦਾ ਸਹੀ ਭਾਅ ਤੱਕ ਨਹੀਂ ਮਿਲ਼ਦਾ। ਇਸਲਈ ਕਿਸਾਨ ਪਿੱਛੜ ਗਏ ਹਨ। ਸਾਡੇ ਦੇਸ਼ ਵਿੱਚ ਗ਼ਰੀਬ ਅਤੇ ਵੱਧ ਗ਼ਰੀਬ ਅਤੇ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ।"

ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਿੰਨੋਂ ਖੇਤੀ ਬਿੱਲਾਂ ਸਾਨੂੰ ਬਰਬਾਦ ਕਰ ਦੇਣਗੇ। ਇਹ ਤਿੰਨੋਂ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਦੇ ਹਨ।

Savita Gunjal (left) composed the songs that the farmers' group from Maharashtra (right) was singing on the journey
PHOTO • Shraddha Agarwal
Savita Gunjal (left) composed the songs that the farmers' group from Maharashtra (right) was singing on the journey
PHOTO • Shraddha Agarwal

ਸਵਿਤਾ ਗੁੰਜਲ (ਖੱਬੇ) ਨੇ ਉਨ੍ਹਾਂ ਗੀਤਾਂ ਦੀ ਰਚਨਾ ਕੀਤੀ, ਜੋ ਮਹਾਂਰਾਸ਼ਟਰ ਦੇ ਕਿਸਾਨਾਂ ਦਾ ਦਲ (ਸੱਜੇ) ਆਪਣੀ ਯਾਤਰਾ ਦੌਰਾਨ ਗਾਉਂਦਾ ਰਿਹਾ ਸੀ

ਸਵਿਤਾ ਦੇ ਪਰਿਵਾਰ ਦੇ ਕੋਲ਼ ਤਿੰਨ ਏਕੜ ਜ਼ਮੀਨ ਹੈ, ਜਿਸ 'ਤੇ ਖੇਤੀ ਕਰਕੇ ਉਹ ਆਪਣਾ ਗੁਜ਼ਾਰਾ ਕਰਦੇ ਹਨ। ਉਹਦਾ ਪਿਤਾ, ਉਮਰ 45 ਸਾਲ ਹਨੁਮੰਤ ਗੁੰਜਲ ਅਤੇ ਮਾਂ, ਉਮਰ 40 ਸਾਲ ਤਾਈ ਗੁੰਜਲ, ਦੋਵੇਂ ਕਿਸਾਨ ਹਨ। ਉਹ ਕਣਕ, ਬਾਜਰਾ, ਚੌਲ਼ ਅਤੇ ਪਿਆਜ਼ ਦੀ ਕਾਸ਼ਤ ਕਰਦੇ ਹਨ। ਸਵਿਤਾ ਦੀ ਛੋਟੀ ਭੈਣ, ਅਨੀਤਾ, ਜੋ ਜਮਾਤ ਪੰਜਵੀਂ ਵਿੱਚ ਪੜ੍ਹ ਰਹੀ ਹੈ, ਆਪਣੀ ਜ਼ਮੀਨ 'ਤੇ ਖੇਤੀ ਕਰਨ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਹੈ। ਉਨ੍ਹਾਂ ਦਾ 18 ਸਾਲਾ ਦੂਸਰਾ ਭਰਾ, ਸਚਿਨ, ਚੰਦਵਾੜ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਸੰਦੀਪ ਵਾਂਗ, ਉਹ ਵੀ ਖੇਤ ਦੀ ਵਾਹੀ ਕਰਦਾ ਹੈ, ਪਰ ਅੰਸ਼ਕ ਸਮੇਂ ਲਈ।

ਸਵਿਤਾ ਦੀ 66 ਸਾਲਾ ਦਾਦੀ, ਕਲਾਬਾਈ ਗੁੰਜਲ (ਉੱਪਰ ਕਵਰ ਫੋਟੋ ਵਿੱਚ ਖੱਬੇ ਹੱਥ), ਵਾਹਨ ਜੱਥੇ  ਵਿੱਚ ਉਹਦੇ ਨਾਲ਼ ਹਨ। ਜਦੋਂ ਕਲਾਬਾਈ ਮਹਿਜ਼ 16 ਸਾਲ ਦੀ ਸਨ ਤਾਂ ਉਹ ਚੰਦਵਾੜ ਵਿੱਚ ਕੁੱਲ ਭਾਰਤੀ ਕਿਸਾਨ ਸਭਾ ਦੀ ਪਹਿਲੀ ਮਹਿਲਾ ਆਗੂ ਬਣੀ। "ਮੇਰੀ ਆਜੀ (ਦਾਦੀ) ਮੈਨੂੰ ਹੋਰ ਗਾਣੇ ਗਾਉਣ ਲਈ ਹੱਲ੍ਹਾਸ਼ੇਰੀ ਦਿੰਦੀ ਹਨ। ਆਜੋਬਾ (ਦਾਦਾ) ਨੇ ਉਨ੍ਹਾਂ ਨੂੰ ਗਾਉਣਾ ਸਿਖਾਇਆ ਅਤੇ ਫਿਰ ਉਨ੍ਹਾਂ ਨੇ ਮੈਨੂੰ ਸਿਖਾਇਆ। ਉਹ ਮੈਨੂੰ ਆਪਣੇ ਗਾਣੇ ਲਿਖਣ ਲਈ ਕਹਿੰਦੇ ਹਨ," ਸਵਿਤਾ ਦੱਸਦੀ ਹੈ।

ਕਵੀ ਅੰਨਾਭਾਊ ਸਾਠੇ ਅਤੇ ਕਾਰਕੁੰਨ ਰਮੇਸ਼ ਗਾਇਚੋਰ ਵੀ ਸਵਿਤਾ ਨੂੰ ਪ੍ਰੇਰਿਤ ਕਰਦੇ ਹਨ। "ਗਾਣਾ ਲਿਖਦੇ ਸਮੇਂ ਮੈਂ ਅੰਨਾਭਾਊ ਬਾਰੇ ਸੋਚਦੀ ਹਾਂ। ਉਨ੍ਹਾਂ ਦਾ ਗਾਣਾ, ਮਤ ਘੁਟਘੁਟ ਕਰ ਰਹਨਾ, ਸਹਨੇ ਸੇ ਜ਼ੁਲਮ ਬੜਤਾ ਹੈ, ਮੇਰੇ ਪਸੰਦੀਦਾ ਗਾਣਿਆਂ ਵਿੱਚੋਂ ਇੱਕ ਹੈ। ਉਹ ਇੱਕ ਇਨਕਲਾਬੀ ਹਨ। ਉਨ੍ਹਾਂ ਵਾਂਗ, ਮੈਂ ਚਾਹੁੰਦੀ ਹਾਂ ਕਿ ਮੇਰੀਆਂ ਭੈਣਾਂ ਆਪਣੇ ਉਤਪੀੜਨ ਖ਼ਿਲਾਫ਼ ਲੜਨ। ਸਾਡਾ ਦੇਸ਼ ਔਰਤਾਂ ਦੀ ਇੱਜ਼ਤ ਨਹੀਂ ਕਰਦਾ। ਸਾਡੇ ਨਾਲ਼ ਬਲਾਤਕਾਰ ਹੁੰਦਾ ਹੈ ਅਤੇ ਕਿਸੇ ਨੂੰ ਪਰਵਾਹ ਨਹੀਂ। ਉਨ੍ਹਾਂ ਦੇ ਗਾਣੇ ਗਾ ਕੇ, ਮੈਂ ਕੁੜੀਆਂ ਨੂੰ ਲੜਨ ਵਾਸਤੇ ਹੱਲ੍ਹਾਸ਼ੇਰੀ ਦੇਣਾ ਚਾਹੁੰਦੀ ਹਾਂ, ਕਿਉਂਕਿ ਤਾਂਹੀ ਸਾਨੂੰ ਅਜ਼ਾਦੀ ਮਿਲ਼ੇਗੀ।"

"ਜਦੋਂ ਮੈਂ ਗਾਉਂਦੀ ਹਾਂ, ਮੈਨੂੰ ਜਾਪਦਾ ਹੈ ਜਿਓਂ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਹੈ। ਮੈਂ ਦਿੱਲੀ ਦੇ ਪੂਰੇ ਰਸਤੇ ਗਾਵਾਂਗੀ," ਉਹ ਟੈਂਪੂ ਵੱਲ ਜਾਂਦਿਆਂ ਕਹਿੰਦੀ ਹੈ, ਜਿੱਥੇ 20 ਕਿਸਾਨ ਸਮੂਹ-ਗਾਣ ਦੀ ਅਗਵਾਈ ਕਰਨ ਲਈ ਉਹਦੀ ਉਡੀਕ ਕਰ ਰਹੇ ਸਨ।

ਤਰਜਮਾ: ਕਮਲਜੀਤ ਕੌਰ

Shraddha Agarwal

Shraddha Agarwal is a Reporter and Content Editor at the People’s Archive of Rural India.

Other stories by Shraddha Agarwal
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur