ਸੁਨੀਤਾ ਦੇਵੀ ਨੂੰ ਆਪਣੇ ਢਿੱਡ ਅੰਦਰ ਵੱਧਦੀ ਜਾਂਦੀ ਗੰਢ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ। ਉਹ ਚੰਗੀ ਤਰ੍ਹਾਂ ਖਾ-ਪੀ ਵੀ ਨਹੀਂ ਪਾ ਰਹੀ ਸਨ ਅਤੇ ਸਦਾ ਅਫ਼ਰੇਵਾਂ ਬਣਿਆ ਰਹਿੰਦਾ। ਦੋ ਮਹੀਨਿਆਂ ਤੀਕਰ ਆਪਣੀ ਸਮੱਸਿਆਂ ਨੂੰ ਟਾਲ਼ਣ ਤੋਂ ਬਾਅਦ ਅਖੀਰ ਉਹ ਆਪਣੇ ਘਰ ਦੇ ਨੇੜੇ ਹੀ ਨਿੱਜੀ ਹਸਪਤਾਲ ਦੇ ਡਾਕਟਰ ਕੋਲ਼ ਪੁੱਜੀ। ਫਿਰ ਡਾਕਟਰ ਨੇ ਜੋ ਕਿਹਾ ਉਹ ਸੁਣ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਤਿਲ਼ਕ ਗਈ: “ ਆਪਕੋ ਬੱਚਾ ਠਹਰ ਗਯਾ ਹੈ।

ਉਹ ਸਮਝ ਹੀ ਨਹੀਂ ਪਾ ਰਹੀ ਸਨ ਕਿ ਇਹ ਸੰਭਵ ਕਿਵੇਂ ਹੋਇਆ-ਅਜੇ ਤਾਂ ਮਸਾਂ ਛੇ ਮਹੀਨੇ ਪਹਿਲਾਂ ਹੀ ਤਾਂ ਉਨ੍ਹਾਂ ਨੇ ਗਰਭ ਠਹਿਰਣ ਤੋਂ ਰੋਕਣ ਲਈ ਕਾਪਰ-ਟੀ ਰਖਵਾਈ ਸੀ।

2019 ਦੀ ਘਟਨਾ ਨੂੰ ਚੇਤੇ ਕਰਦਿਆਂ ਅੱਜ ਉਨ੍ਹਾਂ ਦਾ ਪਤਲਾ ਅਤੇ ਮੁਰਦਾ-ਮੁਰਦਾ ਜਾਪਦਾ ਚਿਹਰਾ ਹੋਰ ਪੀਲ਼ਾ ਫਿਰ ਗਿਆ। ਬੜੇ ਕਰੀਨੇ ਨਾਲ਼ ਵਾਲ਼ਾਂ ਨੂੰ ਪਿਛਾਂਹ ਕਰਕੇ ਜੂੜਾ ਕੀਤੇ ਚਿਹਰੇ ’ਤੇ ਦੋ ਉਦਾਸ, ਥੱਕੀਆਂ ਤੇ ਡੂੰਘੀਆਂ ਅੱਖਾਂ ਬਿਟਰ-ਬਿਟਰ ਝਾਕ ਰਹੀਆਂ ਹਨ। ਉਨ੍ਹਾਂ ਦੇ ਮੁਰਝਾਏ ਚਿਹਰੇ ‘ਤੇ ਸਿਰਫ਼ ਇੱਕੋ ਹੀ ਲਾਲੀ ਹੈ... ਉਹ ਹੈ ਬਿੰਦੀ।

30 ਸਾਲਾ ਸੁਨੀਤਾ (ਅਸਲੀ ਨਾਮ ਨਹੀਂ) ਚਾਰ ਬੱਚਿਆਂ ਦੀ ਮਾਂ ਹਨ। ਉਨ੍ਹਾਂ ਦੀਆਂ ਦੋ ਧੀਆਂ ਅਤੇ ਦੋ ਬੇਟੇ ਹਨ, ਜਿਨ੍ਹਾਂ ਦੀ ਉਮਰ 4 ਸਾਲ ਤੋਂ 10 ਸਾਲਾਂ ਵਿਚਾਲੇ ਹੈ। ਮਈ 2019 ਨੂੰ, ਜਦੋਂ ਉਨ੍ਹਾਂ ਦਾ ਛੋਟਾ ਬੱਚਾ 2 ਸਾਲਾਂ ਦਾ ਹੋਇਆ ਤਾਂ ਉਨ੍ਹਾਂ ਨੇ ਹੋਰ ਬੱਚਾ ਪੈਦਾ ਨਾ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੇ ਇਲਾਕੇ ਅੰਦਰ ਆਉਂਦੀ ਆਸ਼ਾ ਵਰਕਰ ਕੋਲ਼ੋਂ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਸੁਣ ਰੱਖਿਆ ਸੀ। ਗਰਭਨਿਰੋਧਕ ਦੇ ਸਾਰੇ ਵਿਕਲਪਾਂ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਨੇ ਅੰਤਰਾ, ਗਰਭਨਿਰੋਧਕ ਟੀਕਾ ਲਵਾਉਣ ਦਾ  ਫ਼ੈਸਲਾ ਕੀਤਾ ਜੋ ਤਿੰਨ ਮਹੀਨਿਆਂ ਲਈ ਗਰਭਧਾਰਨ ਨੂੰ ਰੋਕਣ ਦਾ ਦਾਅਵਾ ਕਰਦਾ ਹੈ। “ਮੈਂ ਸੋਚਿਆ ਕਿਉਂ ਨਾ ਟੀਕਾ ਹੀ ਲਵਾ ਕੇ ਦੇਖ ਲਵਾਂ,” ਉਹ ਕਹਿੰਦੀ ਹਨ।

ਅਸੀਂ ਉਨ੍ਹਾਂ ਦੇ 8x10 ਫੁੱਟੇ ਕਮਰੇ ਅੰਦਰ ਵਿਛੀ ਚਟਾਈ ’ਤੇ ਬੈਠੇ ਹੋਏ ਹਾਂ ਅਤੇ ਇਹੋ ਜਿਹੀਆਂ ਕਈ ਹੋਰ ਚਟਾਈਆਂ ਖੂੰਝੇ ਵਿੱਚ ਪਏ ਸਿਲੰਡਰ ਉੱਪਰ ਟਿਕਾਈਆਂ ਹੋਈਆਂ ਹਨ। ਸੁਨੀਤਾ ਦੇ ਦਿਓਰ ਦਾ ਪਰਿਵਾਰ ਨਾਲ਼ ਵਾਲ਼ੇ ਕਮਰੇ ਵਿੱਚ ਰਹਿੰਦਾ ਹੈ ਅਤੇ ਇੱਕ ਤੀਜਾ ਕਮਰਾ ਉਨ੍ਹਾਂ ਦੇ ਦੂਜੇ ਦਿਓਰ ਦਾ ਹੈ। ਇਹ ਘਰ ਦੱਖਣੀ-ਪੱਛਮੀ ਦਿਲੀ ਜ਼ਿਲ੍ਹੇ ਦੇ ਨਜਫਗੜ੍ਹ ਇਲਾਕੇ ਦੇ ਮਹੇਸ਼ ਗਾਰਡਨ ਮੁਹੱਲੇ ਵਿਖੇ ਪੈਂਦਾ ਹੈ।

ਗੋਪਾਲ ਨਗਰ ਦਾ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਸੁਨੀਤਾ ਦੇ ਘਰ ਤੋਂ ਦੋ ਕਿਲੋਮੀਟਰ ਦੂਰ ਪੈਂਦਾ ਹੈ। ਇਹੀ ਉਹ ਥਾਂ ਸੀ ਜਿੱਥੇ ਉਹ ਆਸ਼ਾ ਵਰਕਰ ਦੇ ਨਾਲ਼ ਅੰਤਰਾ ਇੰਜੈਕਸ਼ਨ ਲਵਾਉਣ ਗਈ ਸਨ। ਪਰ ਪੀਐੱਚਸੀ ਦੀ ਡਾਕਟਰ ਨੇ ਹੋਰ ਸਲਾਹ ਦੇ ਮਾਰੀ। “ਡਾਕਟਰ ਨੇ ਇੰਜੈਕਸ਼ਨ ਦੀ ਥਾਵੇਂ ਕਾਪਰ-ਟੀ ਬਾਰੇ ਦੱਸਣਾ ਸ਼ੁਰੂ ਕੀਤਾ। ਡਾਕਟਰ ਨੇ ਮੈਨੂੰ ਕਿਹਾ ਕਿ ਕਾਪਰ-ਟੀ ਅੰਦਰ ਰੱਖਣਾ ਵੱਧ ਸੁਰੱਖਿਅਤ ਰਹਿੰਦਾ ਹੈ,” ਸੁਨੀਤਾ ਕਹਿੰਦੀ ਹਨ। “ਮੈਂ ਕਾਪਰ-ਟੀ ਬਾਰੇ ਹਾਮੀ ਨਾ ਭਰੀ। ਪਰ ਡਾਕਟਰ ਵੀ ਜ਼ੋਰ ਦਿੰਦੀ ਰਹੀ ਕਿ ਇਹ ਵੱਧ ਸੁਰੱਖਿਆ ਰਹੇਗਾ। ‘ਕੀ ਤੂੰ ਹੋਰ ਬੱਚਾ ਜੰਮਣ ਤੋਂ ਰੋਕਣਾ ਨਹੀਂ ਚਾਹੁੰਦੀ?’ ਉਨ੍ਹਾਂ ਨੇ ਮੈਨੂੰ ਦੋ-ਟੂਕ ਸਵਾਲ ਕੀਤਾ।”

Patients waiting outside the Gopal Nagar primary health centre in Delhi, where Sunita got the copper-T inserted
PHOTO • Sanskriti Talwar

ਗੋਪਾਲ ਨਗਰ ਪ੍ਰਾਇਮਰੀ ਸਿਹਤ ਕੇਂਦਰ ਦਿੱਲੀ, ਦੇ ਬਾਹਰ  ਵਾਰੀ ਦੀ ਉਡੀਕ ਕਰਦੇ ਮਰੀਜ਼, ਇੱਥੇ ਹੀ ਸੁਨੀਤਾ ਨੇ ਕਾਪਰ-ਟੀ ਰਖਵਾਈ ਸੀ

ਉਸ ਸਮੇਂ, ਸੁਨੀਤਾ ਦੇ ਪਤੀ (ਨਾਮ ਨਹੀਂ ਲੈਣਾ ਚਾਹੁੰਦੀ)-ਜੋ ਨਜਫਗੜ੍ਹ ਵਿਖੇ ਫਲ਼ ਵੇਚਦੇ ਹਨ-ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਆਪਣੇ ਪਿੰਡ ਕੋਲਹਾਂਟਾ ਪਟੋਰੀ ਜਾ ਰਹੇ ਸਨ। “ਡਾਕਟਰ ਨੇ ਜ਼ਿੱਦ ਫੜ੍ਹ ਲਈ ਅਤੇ ਕਿਹਾ: ‘ਤੇਰੇ ਪਤੀ ਦਾ ਇਸ ਸਭ ਦੇ ਨਾਲ਼ ਕੀ ਲੈਣਾ-ਦੇਣਾ? ਇਹ ਤਾਂ ਤੇਰੇ ਆਪਣੇ ਹੱਥਵੱਸ ਹੈ। ਇਹਦੇ ਇਸਤੇਮਾਲ ਨਾਲ਼ ਤੂੰ ਪੰਜ ਸਾਲ ਤੱਕ ਗਰਭਵਤੀ ਨਹੀਂ ਹੋਣ ਲੱਗੀ’,” ਸੁਨੀਤਾ ਚੇਤਾ ਕਰਦਿਆਂ ਕਹਿੰਦੀ ਹਨ।

ਅਖ਼ੀਰ ਸੁਨੀਤਾ ਨੇ ਗਰਭਨਿਰੋਧਕ ਟੀਕਾ (ਅੰਤਰਾ) ਲਵਾਉਣ ਦੀ ਬਜਾਇ ਆਪਣੇ ਅੰਦਰ ਕਾਪਰ-ਟੀ ਰਖਵਾਉਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਆਪਣੇ ਪਤੀ ਨੂੰ ਉਦੋਂ ਤੀਕਰ ਕੁਝ ਨਾ ਦੱਸਿਆ ਜਦੋਂ ਤੱਕ ਕਿ 10 ਦਿਨਾਂ ਬਾਅਦ ਉਹ ਪਿੰਡੋਂ ਘਰ ਨਹੀਂ ਪਰਤ ਆਏ। “ਮੈਂ ਉਹਨੂੰ ਦੱਸੇ ਬਗ਼ੈਰ ਚੁੱਪਚਾਪ ਇਹ ਸਭ ਕੀਤਾ। ਬਾਅਦ ਵਿੱਚ ਉਹ ਮੇਰੇ ਨਾਲ਼ ਬੜਾ ਨਰਾਜ਼ ਹੋਇਆ। ਉਹਨੇ ਮੈਨੂੰ ਹੈਲਥ ਸੈਂਟਰ ਲਿਜਾਣ ਵਾਲ਼ੀ ਆਸ਼ਾ ਵਰਕਰ ਨੂੰ ਵੀ ਖ਼ੂਬ ਡਾਂਟਿਆ।”

ਕਾਪਰ-ਟੀ ਰੱਖੇ ਜਾਣ ਤੋਂ ਦੋ ਮਹੀਨਿਆਂ ਬਾਅਦ ਸੁਨੀਆ ਨੂੰ ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਲਹੂ ਪੈਣ ਲੱਗਿਆ। ਇਹ ਸੋਚ ਕਿ ਕਾਪਰ-ਟੀ ਰੱਖੇ ਹੋਣ ਕਾਰਨ ਹੀ ਇੰਨਾ ਖ਼ੂਨ ਪੈ ਰਿਹਾ ਹੈ, ਉਹ ਇਹਨੂੰ ਕਢਵਾਉਣ ਲਈ ਜੁਲਾਈ 2019 ਵਿੱਚ ਦੋ ਵਾਰੀ ਗੋਪਾਲ ਨਗਰ ਹੈਲਥ ਸੈਂਟਰ ਗਈ। ਪਰ, ਹਰ ਵਾਰੀਂ, ਉਨ੍ਹਾਂ ਨੂੰ ਦਵਾਈ ਦੇ ਕੇ ਹੀ ਟਾਲ਼ ਦਿੱਤਾ ਗਿਆ।

ਨਵੰਬਰ 2019 ਵਿੱਚ ਅਚਾਨਕ ਉਨ੍ਹਾਂ ਨੂੰ ਇੱਕ ਮਹੀਨਾ ਮਾਹਵਾਰੀ ਨਹੀਂ ਆਈ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਗੰਢ ਜਿਹੀ ਮਹਿਸੂਸ ਹੋਣ ਲੱਗੀ। ਨਜਫਗੜ੍ਹ ਦੇ ਵਿਕਾਸ ਹਸਪਤਾਲ ਵਿਖੇ ਹੋਈ “ਬਾਥਰੂਮ ਜਾਂਚ” ਵਿੱਚ ਮੇਰੇ ਗਰਭਵਤੀ ਹੋਣ ਬਾਰੇ ਪਤਾ ਚੱਲਿਆ ਅਤੇ ਇਹ ਵੀ ਸਾਬਤ ਹੋ ਗਿਆ ਕਿ ਕਾਪਰ-ਟੀ ਕਿਸੇ ਕੰਮ ਨਹੀਂ ਆਈ।

ਕਾਪਰ-ਟੀ ਇਸਤੇਮਾਲ ਕਰਨ ਵਾਲ਼ੀ ਔਰਤ ਦਾ ਇੰਝ ਗਰਭਵਤੀ ਹੋਣਾ ਕੋਈ ਆਮ ਗੱਲ ਨਹੀਂ ਹੈ, ਡਾ. ਪੂਨਮ ਚੱਡਾ ਕਹਿੰਦੀ ਹਨ, ਜੋ ਪੱਛਮੀ ਦਿੱਲੀ ਜ਼ਿਲ੍ਹੇ ਵਿਖੇ ਜਨਾਨਾ-ਰੋਗਾਂ ਦੀ ਮਾਹਰ ਹਨ। “100 ਔਰਤਾਂ ਮਗਰ ਕਿਸੇ 1 ਮਾਮਲੇ ਦੇ ਇੰਝ ਹੋਣ ਦੀ ਸੰਭਾਵਨਾ ਹੁੰਦੀ ਹੈ। ਹਵਾਲਾ ਦੇਣ ਲਈ ਵੀ ਕੋਈ ਖ਼ਾਸ ਕਾਰਨ ਨਹੀਂ ਹੈ। ਕਿਸੇ ਵੀ ਗਰਭਨਿਰੋਧਕ ਤਰੀਕੇ ਦੇ ਅਸਫ਼ਲ ਰਹਿਣ ਦੀ ਸੰਭਾਵਨਾ ਰਹਿੰਦੀ ਹੀ ਹੈ,” ਉਹ ਖੋਲ੍ਹ ਦੇ ਦੱਸਦੀ ਹਨ। ਹਾਲਾਂਕਿ ਭਾਵੇਂ ਆਈਯੂਸੀਡੀ (ਕਾਪਰ-ਟੀ) ਨੂੰ ਇਨ੍ਹਾਂ ਵਿਕਲਪਾਂ ਵਿੱਚੋਂ ਸਭ ਤੋਂ ਸੁਰੱਖਿਅਤ ਅਤੇ ਅਸਰਦਾਇਕ ਮੰਨਿਆ ਜਾਂਦਾ ਹੈ, ਇਹਦੇ ਅਸਫ਼ਲ ਰਹਿਣ ਦੀ ਹਾਲਤ ਵਿੱਚ ਅਣਚਾਹਿਆ ਗਰਭਧਾਰਨ ਅਤੇ ਅਨੁਮਾਨਤ ਗਰਭਪਾਤ ਹੁੰਦੇ ਰਹੇ ਹਨ।

ਮੈਂ ਤੋ ਇਸੀ ਭਰੋਸੇ ਬੈਠੀ ਹੂਈ ਥੀ, ” ਸੁਨੀਤਾ ਕਹਿੰਦੀ ਹਨ। “ਮੈਂ ਬੇਫ਼ਿਕਰ ਸਾਂ ਕਿ ਕਾਪਰ-ਟੀ ਲੱਗੀ ਹੋਣ ਕਾਰਨ ਮੈਂ ਗਰਭਵਤੀ ਨਹੀਂ ਹੋਵਾਂਗੀ। ਡਿਸਪੈਂਸਰੀ ਵਿਖੇ ਮੌਜੂਦ ਉਸ ਡਾਕਟਰ ਨੇ ਇਹਦੇ ਪੰਜ ਸਾਲ ਕੰਮ ਕਰਨ ਦੀ ਗਰੰਟੀ ਲਈ ਸੀ। ਪਰ ਇੱਕ ਸਾਲ ਦੇ ਅੰਦਰ ਅੰਦਰ ਸੱਚ ਸਾਹਮਣੇ ਆ ਗਿਆ,” ਹੈਰਾਨੀ ਨਾਲ਼ ਉਹ ਕਹਿੰਦੀ ਹਨ।

The room used by Sunita and her husband in the house
PHOTO • Sanskriti Talwar
PHOTO • Sanskriti Talwar

ਖੱਬੇ : ਦੱਖਣੀ-ਪੱਛਮੀ ਦਿੱਲੀ ਦੇ ਜ਼ਿਲ੍ਹੇ ਵਿਖੇ ਉਹ ਗਲ਼ੀ ਜਿੱਥੇ ਸੁਨੀਤਾ ਅਤੇ ਉਨ੍ਹਾਂ ਦਾ ਪਰਿਵਾਰ ਕਿਰਾਏ ਤੇ ਰਹਿੰਦੇ ਹਨ। ਸੱਜੇ : ਸੁਨੀਤਾ ਅਤੇ ਉਨ੍ਹਾਂ ਦੇ ਪਤੀ ਦੁਆਰਾ ਵਰਤਿਆ ਜਾਂਦਾ ਕਮਰਾ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-21 ( NFHS-5 ) ਮੁਤਾਬਕ, ਭਾਰਤ ਅੰਦਰ 15-49 ਸਾਲ ਦੀਆਂ ਸਿਰਫ਼ 2.1 ਔਰਤਾਂ (ਵਿਆਹੁਤਾ) ਵੱਲੋਂ ਹੀ ਆਈਯੂਸੀਡੀ (ਕਾਪਰ-ਟੀ) ਦਾ ਇਸਤੇਮਾਲ ਕੀਤਾ ਜਾਂਦਾ ਹੈ। ਗਰਭਧਾਰਨ ਨੂੰ ਰੋਕਣ ਵਾਲ਼ਾ ਸਭ ਤੋਂ ਆਮ ਗਰਭਨਿਰੋਧਕ ਤਰੀਕਾ ਮਹਿਲਾ-ਨਲ਼ਬੰਦੀ ਹੈ ਜੋ 38 ਫ਼ੀਸਦ ਔਰਤਾਂ (ਵਿਆਹੁਤਾ) ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ। ਸਰਵੇਖਣ ਦੀ ਰਿਪੋਰਟ ਦੀ ਮੰਨੀਏ ਤਾਂ ਔਰਤਾਂ ਅੰਦਰ ਗਰਭਨਿਰੋਧਕ ਦੀ ਵਰਤੋਂ 2-3 ਬੱਚੇ ਹੋਣ ਤੋਂ ਬਾਅਦ ਵੱਧਦੀ ਹੈ। ਸੁਨੀਤਾ ਪੰਜਵਾਂ ਬੱਚਾ ਨਹੀਂ ਚਾਹੁੰਦੀ ਸਨ।

ਪਰ ਉਹ, ਵਿਕਾਸ ਹਸਪਤਾਲ ਵਿਖੇ ਗਰਭਪਾਤ ਦੀ ਪ੍ਰਕਿਰਿਆ ‘ਤੇ ਆਉਣ ਵਾਲ਼ੇ 30,000 ਰੁਪਏ ਦਾ ਖਰਚਾ ਵੀ ਨਹੀਂ ਝੱਲ ਸਕਦੀ ਸਨ।

ਸੁਨੀਤਾ ਇੱਕ ਗ੍ਰਹਿਣੀ ਹਨ ਜਦੋਂਕਿ ਉਨ੍ਹਾਂ ਦੇ ਪਤੀ (34 ਸਾਲਾ) ਫ਼ਲ ਵੇਚ ਕੇ ਮਹੀਨੇ ਦਾ 10,000 ਰੁਪਿਆ ਹੀ ਕਮਾਉਂਦੇ ਹਨ। ਉਨ੍ਹਾਂ ਦੇ ਪਤੀ ਦੇ ਦੋ ਭਰਾ, ਜੋ ਆਪਣੇ ਪਰਿਵਾਰਾਂ ਦੇ ਨਾਲ਼ ਤਿੰਨ ਕਮਰਿਆਂ ਵਾਲ਼ੇ ਕਿਰਾਏ ਦੇ ਇਸੇ ਘਰ ਵਿੱਚ ਰਹਿੰਦੇ ਹਨ, ਕੱਪੜੇ ਦੇ ਸਟੋਰ ਵਿਖੇ ਕੰਮ ਕਰਦੇ ਹਨ। ਹਰੇਕ ਭਰਾ ਆਪਣੇ ਹਿੱਸਾ ਆਉਂਦਾ 2300 ਰੁਪਿਆ ਬਤੌਰ ਕਿਰਾਇਆ ਦਿੰਦਾ ਹੈ।

ਉਨ੍ਹਾਂ ਨੇ ਲਾਲ ਰੰਗ ਦਾ ਸੂਟ (ਸਲਵਾਰ-ਕਮੀਜ਼) ਪਾਇਆ ਹੋਇਆ ਹੈ ਜਿਸ ‘ਤੇ ਹਰੇ ਤੇ ਪੀਲ਼ੇ ਰੰਗ ਦੇ ਤਿਕੋਣ ਜਿਹੇ ਬਣੇ ਹੋਏ ਹਨ, ਬਾਹਾਂ ਵਿੱਚ ਪਾਈਆਂ ਰੰਗ-ਬਿਰੰਗੀਆਂ ਚੂੜੀਆਂ, ਚਮਕਦਾਰ ਪਹਿਰਾਵੇ ਨਾਲ਼ ਮੇਲ਼ ਖਾਂਦੀਆਂ ਹਨ। ਚਮਕ ਗੁਆ ਚੁੱਕੀਆਂ ਪਜੇਬਾਂ ਹੇਠਾਂ, ਉਨ੍ਹਾਂ ਦੇ ਅਲਟਾ -ਰੰਗੇ ਪੈਰਾਂ ਦਾ ਲਾਲ ਰੰਗ ਸੂਹਾ ਪੈ ਗਿਆ ਹੈ। ਉਹ ਆਪਣੇ ਪਰਿਵਾਰ ਵਾਸਤੇ ਦੁਪਹਿਰ ਦੇ ਖਾਣਾ ਦੀ ਤਿਆਰੀ ਦੌਰਾਨ ਸਾਡੇ ਨਾਲ਼ ਗੱਲਾਂ ਕਰਦੀ ਹਨ, ਹਾਲਾਂਕਿ ਉਨ੍ਹਾਂ ਖ਼ੁਦ ਵਰਤ ਰੱਖਿਆ ਹੋਇਆ ਹੈ। ਉਹ ਦੱਸਦੀ ਹਨ,“ਵਿਆਹ ਹੋਇਆਂ ਅਜੇ ਮਸਾਂ 6 ਮਹੀਨੇ ਵੀ ਨਹੀਂ ਹੋਏ ਸਨ ਕਿ ਮੇਰੇ ਚਿਹਰੇ ਦੀ ਸਾਰੀ ਚਮਕ ਗੁਆਚ ਗਈ,” ਉਹ ਆਪਣੇ ਗੋਲ਼-ਮਟੋਲ਼ ਚਿਹਰੇ ਨੂੰ ਚੇਤੇ ਕਰਦੀ ਹਨ। ਜਦੋਂ 18 ਸਾਲ ਦੀ ਉਮਰੇ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਦਾ ਵਜ਼ਨ 50 ਕਿਲੋ ਸੀ ਜੋ ਹੁਣ ਘੱਟ ਕੇ ਸਿਰਫ਼ 40 ਕਿਲੋ ਰਹਿ ਗਿਆ ਹੈ। ਉਨ੍ਹਾਂ ਦਾ ਕੱਦ 5 ਫੁੱਟ 1 ਇੰਚ ਹੈ।

ਸੁਨੀਤਾ ਨੂੰ ਅਨੀਮਿਆ ਹੈ, ਸ਼ਾਇਦ ਇਸੇ ਕਰਕੇ ਹੀ ਉਨ੍ਹਾਂ ਦਾ ਚਿਹਰਾ ਪੀਲ਼ਾ-ਭੂਕ ਹੈ ਅਤੇ ਉਹ ਥੱਕੀ-ਥੱਕੀ ਰਹਿੰਦੀ ਹਨ। ਉਹ ਭਾਰਤ ਦੀਆਂ 15-49 ਉਮਰ ਵਰਗ ਦੀਆਂ ਉਨ੍ਹਾਂ 57 ਫ਼ੀਸਦ ਔਰਤਾਂ ਵਿੱਚੋਂ ਇੱਕ ਹਨ ਜੋ ਇਸੇ ਹਾਲਤ ਨਾਲ਼ ਜੂਝ ਰਹੀਆਂ ਹਨ। ਸੁਨੀਤਾ ਦਾ ਸਤੰਬਰ 2021 ਤੋਂ ਹੀ ਨਫਜਗੜ੍ਹ ਦੇ ਨਿੱਜੀ ਕਲੀਨਿਕ ਵਿਖੇ ਇਲਾਜ ਚੱਲ਼ਦਾ ਰਿਹਾ ਹੈ, ਹਰ ਦਸਵੇਂ ਦਿਨ ਉਹ ਕਲੀਨਿਕ ਜਾਂਦੀ ਰਹੀ ਹਨ। ਡਾਕਟਰ ਦੀ ਫ਼ੀਸ ਅਤੇ ਦਵਾਈ ‘ਤੇ ਹਰ ਵਾਰੀ 500 ਰੁਪਏ ਖਰਚਾ ਆਉਂਦਾ। ਕੋਵਿਡ-19 ਦੀ ਦਹਿਸ਼ਤ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਜਾਣ ਤੋਂ ਰੋਕੀ ਰੱਖਿਆ ਹੈ। ਵੈਸੇ ਵੀ, ਉਹ ਕਲੀਨਿਕ ਜਾਣਾ ਵੱਧ ਪਸੰਦ ਕਰਦੀ ਹਨ ਕਿਉਂਕਿ ਇੱਥੇ ਉਹ ਤਿਰਕਾਲੀ (ਘਰ ਦਾ ਕੰਮ ਮੁਕਾਉਣ ਤੋਂ ਬਾਅਦ) ਵੀ ਜਾ ਸਕਦੀ ਹਨ ਅਤੇ ਲਾਈਨ ਵੀ ਬਹੁਤੀ ਲੰਬੀ ਨਹੀਂ ਹੁੰਦੀ।

ਦੂਜੇ ਕਮਰੇ ਵਿੱਚੋਂ ਆਉਂਦੀਆਂ ਬੱਚਿਆਂ ਦੀਆਂ ਚੀਕਾਂ ਨੇ ਸਾਡੀ ਗੱਲਬਾਤ ਵਿਚਾਲੇ ਰੋਕ ਦਿੱਤੀ। “ਮੇਰਾ ਪੂਰਾ ਦਿਨ ਇੰਝ ਹੀ ਨਿਕਲ਼ ਜਾਂਦਾ ਹੈ,” ਬੱਚਿਆਂ ਦੀ ਆਪਸੀ ਲੜਾਈ ਦਾ ਹਵਾਲਾ ਦਿੰਦਿਆਂ ਸੁਨੀਤਾ ਕਹਿੰਦੀ ਹਨ, ਜਿਸ ਲੜਾਈ ਨੂੰ ਰੋਕਣ ਲਈ ਉਨ੍ਹਾਂ ਨੂੰ ਬਾਰ-ਬਾਰ ਦਖ਼ਲ ਦੇਣਾ ਪਵੇਗਾ। “ਜਦੋਂ ਮੈਨੂੰ ਆਪਣੇ ਗਰਭਧਾਰਨ ਬਾਰੇ ਪਤਾ ਚੱਲਿਆ ਤਾਂ ਮੈਂ ਪਰੇਸ਼ਾਨ ਹੋ ਉੱਠੀ। ਮੇਰੇ ਪਤੀ ਨੇ ਮੈਨੂੰ ਸਮਝਾਉਂਦਿਆਂ ਕਿਹਾ,‘ ਜੋ ਹੋਰਹਾ ਹੈ ਹੋਨੇ ਦੋ ’। ਪਰ ਅਖ਼ੀਰ ਸਭ ਝੱਲਣਾ ਤਾਂ ਮੈਂ ਹੀ ਸੀ, ਹਨਾ? ਮੈਂ ਹੀ ਬੱਚੇ ਨੂੰ ਪਾਲਣਾ ਅਤੇ ਸਾਰਾ ਕੁਝ ਮੈਂ ਹੀ ਤਾਂ ਕਰਨਾ ਸੀ,” ਬੜੇ ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ।

The wooden cart that belongs to Sunita's husband, who is a fruit and vegetable seller.
PHOTO • Sanskriti Talwar
Sunita's sewing machine, which she used before for tailoring clothes to earn a little money. She now uses it only to stitch clothes for her family
PHOTO • Sanskriti Talwar

ਖੱਬੇ : ਸੁਨੀਤਾ ਦੇ ਪਤੀ ਦਾ ਠੇਲ੍ਹਾ (ਲੱਕੜ ਦਾ) ਜਿਸ ਤੇ ਉਹ ਸਬਜ਼ੀਆਂ ਅਤੇ ਫਲ ਵੇਚਦੇ ਹਨ। ਸੱਜੇ : ਸੁਨੀਤਾ ਦਾ ਸਿਲਾਈ ਮਸ਼ੀਨ, ਜੋ ਪਹਿਲਾਂ ਉਨ੍ਹਾਂ ਲਈ ਆਮਦਨੀ ਦਾ ਜ਼ਰੀਆ ਸੀ ਪਰ ਹੁਣ ਉਹ ਸਿਰਫ਼ ਆਪਣੇ ਪਰਿਵਾਰ ਦੇ ਹੀ ਕੱਪੜੇ ਸਿਉਂਦੀ ਹਨ

ਆਪਣੇ ਗਰਭਵਤੀ ਹੋਣ ਤੋਂ ਕੁਝ ਕੁ ਦਿਨਾਂ ਦੇ ਬਾਅਦ, ਸੁਨੀਤਾ ਨੇ ਨਜਫਗੜ੍ਹ-ਧਾਂਸਾ ਰੋਡ ਦੇ ਇੱਕ ਕਲੀਨਿਕ ਵਿਖੇ 1,000 ਰੁਪਏ ਵਿੱਚ ਅਲਟ੍ਰਾ-ਸਾਊਂਡ ਕਰਵਾਈ। ਜਿਹੜੀ ਆਸ਼ਾ ਵਰਕਰ ਉਨ੍ਹਾਂ ਦੇ ਨਾਲ਼ ਸੀ, ਬਾਅਦ ਵਿੱਚ ਸੁਨੀਤਾ ਨੂੰ ਸਰਕਾਰ-ਵੱਲੋਂ ਸੰਚਾਲਤ ਰਾਓ ਤੁਲਾ ਰਾਮ ਮੈਮੋਰੀਅਲ ਹਸਪਤਾਲ, ਜਫਰਪੁਰ ਲੈ ਗਈ, ਜੋ ਇੱਥੋਂ ਕਰੀਬ ਨੌਂ ਕਿਲੋਮੀਟਰ ਦੂਰ ਸੀ। ਸੁਨੀਤਾ ਨੇ ਕਾਪਰ-ਟੀ ਕੱਢੇ ਜਾਣ ਅਤੇ ਗਰਭਪਾਤ ਕਰਾਉਣ ਦੀ ਇੱਛਾ ਜ਼ਾਹਰ ਕੀਤੀ। ਜਨਤਕ ਸਿਹਤ ਕੇਂਦਰ ਵਿਖੇ ਸਾਰੀ ਪ੍ਰਕਿਰਿਆ ਮੁਫ਼ਤ ਹੁੰਦੀ ਹੈ।

“ਜਫਰਪੁਰ ਵਿਖੇ, ਡਾਕਟਰ ਨੇ ਕਿਹਾ ਕਿ ਕਾਪਰ-ਟੀ ਨਹੀਂ ਕੱਢੀ ਜਾ ਸਕਦੀ ਅਤੇ ਇਹ ਤਾਂ ਹੁਣ ਬੱਚੇ ਦੇ ਜਨਮ ਦੇ ਨਾਲ਼ ਹੀ ਬਾਹਰ ਆਵੇਗੀ।” ਡਾਕਟਰ ਨੇ ਸੁਨੀਤਾ ਨੂੰ ਕਿਹਾ ਕਿ ਭਰੂਣ, ਜੋ ਕਿ ਹੁਣ ਤਿੰਨ ਮਹੀਨੇ ਦੇ ਕਰੀਬ ਹੋ ਚੁੱਕਿਆ ਸੀ, ਦਾ ਗਰਭਪਾਤ ਕਰਨਾ ਬੇਹੱਦ ਔਖ਼ਾ ਹੈ ਜਿਸ ਨਾਲ਼ ਉਨ੍ਹਾਂ ਲਈ ਵੀ ਖ਼ਤਰਾ ਸਾਬਤ ਹੋ ਸਕਦਾ ਸੀ। “ਡਾਕਟਕ ਖਤਰਾ ਮੁੱਲ ਲੈਣ ਨੂੰ ਰਾਜ਼ੀ ਨਾ ਹੋਏ,” ਸੁਨੀਤਾ ਕਹਿੰਦੀ ਹਨ।

“ਮੈਨੂੰ ਮੇਰੀ ਜ਼ਿੰਦਗੀ ਦੇ ਖਤਰੇ ਦੀ ਕੋਈ ਪਰਵਾਹ ਨਹੀਂ ਸੀ। ਮੈਨੂੰ ਬੱਸ ਹੋਰ ਬੱਚਾ ਨਹੀਂ ਚਾਹੀਦਾ ਸੀ,” ਉਨ੍ਹਾਂ ਮੈਨੂੰ ਦੱਸਿਆ। ਇੰਝ ਸੋਚਣ ਵਾਲ਼ੀ ਉਹ ਇਕੱਲੀ ਨਹੀਂ ਹੈ। NFHS-5 ਮੁਤਾਬਕ ਦੇਸ਼ ਦੀਆਂ 85 ਫ਼ੀਸਦ ਔਰਤਾਂ ਆਪਣਾ ਦੂਜਾ ਬੱਚਾ ਜੰਮਣ ਤੋਂ ਬਾਅਦ ਇਸੇ ਤਰ੍ਹਾਂ ਹੀ ਹੋਰ ਬੱਚਾ ਨਹੀਂ ਚਾਹੁੰਦੀਆਂ। ਸੁਨੀਤਾ ਨੇ ਗਰਭਪਾਤ ਕਰਾਉਣ ਲਈ ਕਿਸੇ ਹੋਰ ਜਨਤਕ ਸਿਹਤ ਕੇਂਦਰ ਜਾਣ ਦਾ ਫ਼ੈਸਲਾ ਕੀਤਾ। ਫਰਵਰੀ 2020 ਵਿੱਚ ਜਦੋਂ ਇੱਕ ਹੋਰ ਆਸ਼ਾ ਵਰਕਰ ਸੁਨੀਤਾ ਨੂੰ ਨਜਫਗੜ੍ਹ ਤੋਂ 30 ਕਿਲੋਮੀਟਰ ਦੂਰ ਕੇਂਦਰੀ ਦਿੱਲੀ ਦੇ ਲੇਡੀ ਹਾਰਡਿੰਗ ਹਸਪਤਾਲ ਲੈ ਕੇ ਗਈ ਤਾਂ ਉਹ ਕਰੀਬ-ਕਰੀਬ 4 ਮਹੀਨਿਆਂ ਦੀ ਗਰਭਵਤੀ ਸਨ। ਦੋਵਾਂ ਔਰਤਾਂ ਨੂੰ ਦਿੱਲੀ ਮੈਟਰੋ ਰਾਹੀਂ ਸਫ਼ਰ ਕਰਨ ਦੇ ਹਰ ਗੇੜ੍ਹੇ 120 ਰੁਪਏ ਖਰਚਣੇ ਪੈਂਦੇ। ਲੇਡੀ ਹਾਰਡਿੰਗ ਦੀ ਲੇਡੀ ਡਾਕਟਰ ਨੇ ਗੋਪਾਲ ਨਗਰ ਪੀਐੱਚਸੀ ਦੇ ਡਾਕਟਰ ਨਾਲ਼ ਸਲਾਹ ਕੀਤੀ ਅਤੇ ਆਪਣੇ ਹਸਪਤਾਲ ਵਿਖੇ ਗਰਭਪਾਤ ਕਰਨ ਦਾ ਫ਼ੈਸਲਾ ਕੀਤਾ।

“ਮੈਨੂੰ ਉਨ੍ਹਾਂ ਦੀਆਂ ਗੱਲਾਂ ਪੱਲੇ ਨਾ ਪੈਂਦੀਆਂ। ਡਾਕਟਰਾਂ ਨੇ ਆਪਸ ਵਿੱਚ ਗੱਲ਼ ਕੀਤੀ ਅਤੇ ਓਪਰੇਸ਼ਨ ਕਰਨ ਦਾ ਫ਼ੈਸਲਾ ਕੀਤਾ,” ਸੁਨੀਤਾ ਕਹਿੰਦੀ ਹਨ। ਉਨ੍ਹਾਂ ਨੂੰ ਚੇਤੇ ਹੈ ਕਿ ਪਹਿਲਾਂ ਕੁਝ ਲਹੂ ਦੀਆਂ ਜਾਂਚਾਂ ਹੋਈਆਂ ਤੇ ਫਿਰ ਕੁਝ ਦਵਾਈ ਵਗੈਰਾ ਚੱਲੀ। “ਦਵਾਈ ਕਿਹੜੀ ਸੀ, ਮੈਨੂੰ ਚੇਤਾ ਨਹੀਂ। ਓਨਹੋਨੇ ਕੁਛ ਦਵਾਈ ਅੰਦਰ ਡਾਲ ਕਰ ਸਫਾਈ ਕਿਯਾ ਥਾ । ਮੇਰੇ ਅੰਦਰ ਸਾੜ ਪੈ ਰਿਹਾ ਸੀ ਤੇ ਮੈਨੂੰ ਘਬਰਾਹਟ ਹੋਣ ਲੱਗੀ ਸੀ,” ਉਹ ਕਹਿੰਦੀ ਹਨ। ਹਾਲਾਂਕਿ ਕਿ ਪੂਰੇ ਵੇਲ਼ੇ ਉਨ੍ਹਾਂ ਦੇ ਪਤੀ ਨਾਲ਼ ਸਨ, ਉਹ ਗੱਲ਼ ਜਾਰੀ ਰੱਖਦਿਆਂ ਕਹਿੰਦੀ ਹਨ,“ਗਰਭਪਾਤ ਕਰਾਉਣ ਦੀ ਉਹਦੀ ਕੋਈ ਇੱਛਾ ਨਹੀਂ ਸੀ।”

ਡਾਕਟਰਾਂ ਨੇ ਸੁਨੀਤਾ ਨੂੰ ਟੁੱਟੀ ਹੋਈ ਕਾਪਰ-ਟੀ ਦਿਖਾਈ ਅਤੇ ਉਹਨੂੰ ਬਾਹਰ ਖਿੱਚਿਆ। ਜਦੋਂ ਗਰਭਪਾਤ ਕੀਤਾ ਗਿਆ ਤਾਂ ਭਰੂਣ ਕਰੀਬ 4 ਮਹੀਨੇ ਦਾ ਸੀ, ਆਸ਼ਾ ਵਰਕਰ ਸੋਨੀ ਝਾ, ਪੁਸ਼ਟੀ ਕਰਦੀ ਹਨ। ਉਹੀ ਸਨ ਜੋ ਸੁਨੀਤਾ ਦੇ ਨਾਲ਼ ਹਸਪਤਾਲ ਗਈ। “ਭਰੂਣ ਨੂੰ ‘ਨਾਰਮਲ ਪ੍ਰਸਵ’ ਜ਼ਰੀਏ ਬਾਹਰ ਕੱਢਿਆ ਗਿਆ ਕਿਉਂਕਿ ਉਨ੍ਹਾਂ ਦਾ ਮਾਮਲਾ ਕਾਫ਼ੀ ਨਾਜ਼ੁਕ ਬਣਿਆ ਹੋਇਆ ਸੀ,” ਉਹ ਕਹਿੰਦੀ ਹਨ।

Sunita remained determined to get the tubal ligation done, but Covid-19 struck in March 2020.  It was a year before she could undergo the procedure – in Bihar this time
PHOTO • Priyanka Borar

ਸੁਨੀਤਾ ਨਲ਼-ਬੰਦੀ ਕਰਾਉਣ ਦੇ ਆਪਣੇ ਫ਼ੈਸਲੇ ‘ਤੇ ਅਡਿੱਗ ਸਨ ਕਿ ਮਾਰਚ 2020 ਨੂੰ ਕੋਵਿਡ-19 ਆ ਧਮਕਿਆ। ਬਿਹਾਰ ਤੋਂ ਨਲ਼-ਬੰਦੀ ਕਰਵਾਇਆਂ ਉਨ੍ਹਾਂ ਨੂੰ ਇੱਕ ਸਾਲ ਬੀਤ ਚੁੱਕਿਆ ਸੀ

ਗਰਭਪਾਤ ਕਰਾਉਣਾ ਸਿਰਫ਼ ਅੱਧੀ ਲੜਾਈ ਸੀ। ਸੁਨੀਤਾ ਨਲ਼-ਬੰਦੀ ਜਾਂ ਨਸਬੰਦੀ ਚਾਹੁੰਦੀ ਸਨ, ਜਿਸ ਰਾਹੀਂ ਫੈਲੋਪੀਅਨ ਟਿਊਬਾਂ ਨੂੰ ਬੰਦ ਕਰਕੇ ਗਰਭ ਰੋਕਿਆ ਜਾਂਦਾ ਹੈ। ਉਹ ਤਾਂ ਉਸੇ ਦਿਨ ਉਸੇ ਹਸਪਤਾਲ ਵਿੱਚ ਨਲ਼-ਬੰਦੀ ਕਰਵਾਉਣਾ ਚਾਹੁੰਦੀ ਸਨ ਪਰ ਡਾਕਟਰਾਂ ਨੇ ਉਸੇ ਦਿਨ ਕਰਨ ਤੋਂ ਨਾਂਹ ਕਰ ਦਿੱਤੀ। “ਮੈਂ ਦੋਬਾਰਾ ਓਪਰੇਸ਼ਨ (ਨਲ-ਬੰਦੀ) ਵਾਸਤੇ ਕੱਪੜੇ ਬਦਲ ਲਏ ਸਨ ਪਰ ਉਸੇ ਵੇਲ਼ੇ ਮੈਨੂੰ ਖੰਘ ਛੁੱਟ ਪਈ। ਡਾਕਟਕਰਾਂ ਨੇ ਖਤਰਾ ਮੁੱਲ ਲੈਣਾ ਠੀਕ ਨਾ ਸਮਝਿਆ,” ਉਹ ਕਹਿੰਦੀ ਹਨ। ਗਰਭਪਾਤ ਤੋਂ ਚਾਰ ਦਿਨਾਂ ਬਾਅਦ, ਉਨ੍ਹਾਂ ਨੂੰ ਅੰਤਰਾ (ਗਰਭਨਿਰੋਧਕ ਟੀਕਾ) ਇੰਜੈਕਸ਼ਨ ਲਾਇਆ ਗਿਆ ਅਤੇ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ।

ਸੁਨੀਤਾ ਨਲ਼-ਬੰਦੀ ਕਰਾਉਣ ਦੇ ਆਪਣੇ ਫ਼ੈਸਲੇ ‘ਤੇ ਅਡਿੱਗ ਸਨ ਕਿ ਮਾਰਚ 2020 ਨੂੰ ਕੋਵਿਡ-19 ਆ ਧਮਕਿਆ। ਬਿਹਾਰ ਤੋਂ ਨਲ਼-ਬੰਦੀ ਕਰਵਾਇਆਂ ਉਨ੍ਹਾਂ ਨੂੰ ਇੱਕ ਸਾਲ ਬੀਤ ਚੁੱਕਿਆ ਸੀ। ਫਰਵਰੀ 2021 ਨੂੰ ਸੁਨੀਤਾ ਆਪਣੇ ਪਰਿਵਾਰ ਦੇ ਨਾਲ਼ ਪਿੰਡ, ਕੋਲਹਾਂਟਾ ਬਾਟੋਰੀ ਦੇ ਹਨੂਮਾਨ ਨਗਰ ਬਲਾਕ ਵਿਖੇ ਆਪਣੇ ਦਿਓਰ ਦੇ ਵਿਆਹ ‘ਤੇ ਗਈ। ਉੱਥੇ ਅਚਾਨਕ ਉਨ੍ਹਾਂ ਦੀ ਇੱਕ ਆਸ਼ਾ ਵਰਕਰ ਨਾਲ਼ ਮੁਲਾਕਾਤ ਹੋ ਗਈ ਜੋ ਉਨ੍ਹਾਂ ਨੂੰ ਦਰਭੰਗਾ ਦੇ ਸਰਕਾਰੀ ਹਸਪਤਾਲ ਲੈ ਗਈ। “ਉਹ ਆਸ਼ਾ ਅੱਜ ਵੀ ਮੈਨੂੰ ਫ਼ੋਨ ਕਰਕੇ ਮੇਰਾ ਹਾਲਚਾਲ ਪੁੱਛਦੀ ਹੈ,” ਉਹ ਮੈਨੂੰ ਦੱਸਦੀ ਹਨ।

“ਦਰਭੰਗਾ ਵਿਖੇ ਤੁਹਾਨੂੰ ਮੁਕੰਮਲ ਬੇਹੋਸ਼ ਨਹੀਂ ਕੀਤਾ ਜਾਂਦਾ। ਉਹ ਤੁਹਾਨੂੰ ਜਗਾਈ ਰੱਖਦੇ ਹਨ। ਇੱਥੋਂ ਤੱਕ ਕਿ ਭਾਵੇਂ ਤੁਸੀਂ ਚੀਕਾਂ ਮਾਰੋ, ਕਿਸੇ ਨੂੰ ਕੋਈ ਪਰਵਾਹ ਨਹੀਂ,” ਉਹ ਚੇਤੇ ਕਰਦੀ ਹਨ। ਨਲ਼-ਬੰਦੀ ਕਰਵਾਉਣ ਨਾਲ਼ ਸੁਨੀਤਾ 2,000 ਰੁਪਏ ਦੇ ਸਰਕਾਰੀ ਮੁਆਵਜ਼ੇ ਦੀ ਹੱਕਦਾਰ ਹਨ। “ਪਰ ਮੈਂ ਨਹੀਂ ਜਾਣਦੀ ਪੈਸਾ ਮੇਰੇ ਖਾਤੇ ਵਿੱਚ ਕਦੋਂ ਆਵੇਗਾ। ਮੈਂ ਕਿਸੇ ਨੂੰ ਦੇਖਣ ਵਾਸਤੇ ਵੀ ਨਹੀਂ ਕਿਹਾ,” ਉਹ ਕਹਿੰਦੀ ਹਨ।

ਸੁਨੀਤਾ ਨੇ ਜਿਓਂ ਆਪਣਾ ਮਨ ਹੌਲ਼ਾ ਕੀਤਾ ਇੱਕ ਰਾਹਤ ਭਰੀ ਲਕੀਰ ਉਨ੍ਹਾਂ ਦੇ ਚਿਹਰੇ ‘ਤੇ ਫਿਰ ਜਾਂਦੀ ਹੈ,“ਚੰਗਾ ਹੋਇਆ ਅਖ਼ੀਰ ਮੇਰੀ ਇੱਛਾ ਪੂਰਨ ਹੋਈ। ਮੇਰਾ ਖਹਿੜਾ ਛੁੱਟਿਆ, ਨਹੀਂ ਤਾਂ ਕਿਸੇ ਵੇਲ਼ੇ ਵੀ ਕੁਝ ਨਾ ਕੁਝ ਹੋਣ ਦਾ ਖ਼ਦਸ਼ਾ ਮੰਡਰਾਉਂਦਾ ਰਹਿਣਾ ਸੀ। ਇੱਕ ਸਾਲ ਬੀਤ ਚੁੱਕਿਆ ਹੈ, ਮੈਂ ਇਕਦਮ ਠੀਕ ਹਾਂ। ਇੱਕ ਹੋਰ ਬੱਚਾ ਜੰਮਣ ਦੇ ਉਸ ਚੱਕਰ ਵਿੱਚ ਸ਼ਾਇਦ ਮੈਂ ਮੁੱਕ ਜਾਂਦੀ।” ਪਰ ਉਨ੍ਹਾਂ ਨੂੰ ਇੱਕ ਮਲਾਲ ਵੀ ਹੈ। “ਇਸ ਦੌਰਾਨ ਮੈਨੂੰ ਵੱਖ-ਵੱਖ ਹਸਪਤਾਲਾਂ ਤੇ ਕਲੀਨਿਕਾਂ ਦੇ ਕਈ ਡਾਕਟਰਾਂ ਕੋਲ਼ ਜਾਣਾ ਪਿਆ, ਦੱਸੋ ਮੈਨੂੰ, ਕੀ ਇਹ ਮੇਰੀ ਸ਼ਾਨ ਦੇ ਖ਼ਿਲਾਫ਼ ਨਹੀਂ ਸੀ?”

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ , ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Sanskriti Talwar

Sanskriti Talwar is an independent journalist based in New Delhi. She reports on gender issues.

Other stories by Sanskriti Talwar
Illustration : Priyanka Borar

Priyanka Borar is a new media artist experimenting with technology to discover new forms of meaning and expression. She likes to design experiences for learning and play. As much as she enjoys juggling with interactive media she feels at home with the traditional pen and paper.

Other stories by Priyanka Borar
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur