''ਅੱਛਾ, ਤਾਂ ਤੁਸੀਂ ਕੋਲਕਾਤਾ ਤੋਂ ਹੋ?'' ਉਨ੍ਹਾਂ ਨੇ ਆਪਣੀਆਂ ਲਿਸ਼ਕਵੀਆਂ ਅੱਖਾਂ ਨਾਲ਼ ਮੇਰੇ ਵੱਲ ਨਜ਼ਰ ਸੁੱਟੀ ਅਤੇ ਪੁੱਛਿਆ। ''ਮੈਂ ਵੀ ਕੋਲਕਾਤਾ ਅਤੇ ਹਾਵੜਾ ਜਾ ਚੁੱਕਿਆਂ ਹਾਂ। ਕਈ ਵਾਰੀ। ਅਕਸਰ ਕੰਮ ਦੀ ਭਾਲ਼ ਵਿੱਚ ਹੀ। ਕਈ ਵਾਰ ਮੈਂ ਵਢਭਾਗੀ ਰਿਹਾਂ ਅਤੇ ਕਈ ਵਾਰੀ ਮੰਦਭਾਗੀ। ਆਖ਼ਰਕਾਰ ਮੈਂ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਹੀ ਆ ਗਿਆ।''
ਲੱਦਾਖ ਵਿੱਚ ਇਹ ਥਾਂ ਸਮੁੰਦਰ ਤਲ਼ ਤੋਂ ਕਰੀਬ 10,000 ਫੁੱਟ ਦੀ ਉੱਚਾਈ 'ਤੇ ਸਥਿਤ ਹੈ। ਝਾਰਖੰਡ ਪੈਂਦੇ ਆਪਣੇ ਘਰ ਤੋਂ ਕਰੀਬ 2,500 ਕਿ.ਮੀ. ਦੂਰ ਸਥਿਤ ਹਿਮਾਲਿਆ ਦੇ ਇਸ ਬੀਹੜ ਯਖ ਕਰ ਸੁੱਟਣ ਵਾਲ਼ੇ ਰੇਗਿਸਤਾਨ ਦੇ ਇਸ ਇਲਾਕੇ ਵਿੱਚ ਲੱਗੇ ਆਪਣੇ ਟੈਂਟ ਦੇ ਬਾਹਰ ਸ਼ਾਮ ਢਲ਼ਦਿਆਂ ਹੀ ਪਾਰਾ ਤੇਜ਼ੀ ਨਾਲ਼ ਘਟਣ ਲੱਗਦਾ ਹੈ ਤਾਂ ਅੰਦਰ ਬੈਠੇ ਰਾਜੂ ਮੁਰਮੂ ਨੂੰ ਪਿੱਛੇ ਰਹਿ ਗਏ ਆਪਣੇ ਚਹਿਲ-ਪਹਿਲ ਵਾਲ਼ੇ ਸ਼ਹਿਰ ਨੂੰ ਚੇਤੇ ਕਰਕੇ ਕੁਝ ਕੁਝ ਨਿੱਘ ਮਹਿਸੂਸ ਹੁੰਦਾ ਜਾਪਦਾ ਹੈ। ਫਿਰ ਬਿਜਲੀ ਨਾ ਹੋਣ ਕਾਰਨ, ਢਲ਼ਦੇ ਦਿਨ ਤੇ ਵੱਧਦੀ ਠੰਡ ਦੇ ਨਾਲ਼ ਨਾਲ਼ ਹਨ੍ਹੇਰਾ ਵੀ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਟੈਂਟ ਵਿੱਚ ਪਸਰਨਾ ਸ਼ੁਰੂ ਹੋ ਜਾਵੇਗਾ।
31 ਸਾਲਾ ਰਾਜੂ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਸਥਿਤ ਬਾਬੂਪੁਰ ਪਿੰਡ ਤੋਂ ਨਿਰੰਤਰ ਲੱਦਾਖ ਆਉਂਦੇ ਰਹਿੰਦੇ ਹਨ। ਹੋਰ ਕਾਫ਼ੀ ਸਾਰੇ ਮਜ਼ਦੂਰ ਵੀ ਇੰਝ ਹੀ ਕਰਦੇ ਹਨ। ਉਹ ਇੱਥੇ ਆਉਂਦੇ ਹਨ ਅਤੇ ਦੇਸ਼ ਦੀਆਂ ਸਭ ਤੋਂ ਉੱਚੀਆਂ ਥਾਵਾਂ ਵਿੱਚੋਂ ਇੱਕ ਥਾਂ 'ਤੇ ਸੜਕ ਬਣਾਉਣ ਦਾ ਕੰਮ ਕਰਦੇ ਰਹੇ ਹਨ। ਉਹ ਦੱਸਦੇ ਹਨ,''ਇਹ ਸਾਡਾ ਚੌਥਾ ਸਾਲ ਹੈ। ਅਸੀਂ ਪਿਛਲੇ ਸਾਲ ਵੀ ਆਏ ਸਾਂ। ਦੱਸੋ ਹੋਰ ਕਰੀਏ ਤਾਂ ਕਰੀਏ ਕੀ? ਸਾਡੇ ਪਿੰਡ ਵਿੱਚ ਤਾਂ ਕੋਈ ਕੰਮ ਮਿਲ਼ਣਾ ਹੈ ਨਹੀਂ।'' ਰਾਜੂ ਅਤੇ ਉਨ੍ਹਾਂ ਦੇ ਪ੍ਰਦੇਸ਼ ਦੇ ਕੋਈ ਨੌ ਜਣੇ ਸੜਕ ਨਿਰਮਾਣ ਸਥਲ ਤੋਂ ਕੁਝ ਕੁ ਦੂਰੀ 'ਤੇ ਛੋਟੇ-ਛੋਟੇ ਤੰਬੂ ਗੱਡ ਕੇ ਰਹਿੰਦੇ ਹਨ। ਉਹ ਸਮੁੰਦਰ ਤਲ਼ ਤੋਂ 17,582 ਫੁੱਟ ਉਤਾਂਹ ਖਾਰਦੁੰਗ ਲਾ (ਖਾਰਦੋਂਗ ਪਿੰਡ ਦੇ ਕੋਲ) ਅਤੇ 10,000 ਫੁੱਟ 'ਤੇ ਨੁਬਰਾ ਘਾਟੀ ਵਿਚਾਲ਼ੇ ਇੱਕ ਬਾਈਪਾਸ (ਦੱਰਾ) ਬਣਾ ਰਹੇ ਹਨ।
ਲੱਦਾਖ ਦਾ ਬੀਹੜ ਅਤੇ ਅਲੱਗ-ਥਲੱਗ ਖੇਤਰ ਜੋ ਇਤਿਹਾਸਕ ਰੂਪ ਨਾਲ਼ ਸਰਹੱਦੋਂ ਪਾਰ ਵਪਾਰਕ ਲੈਣ-ਦੇਣ, ਧਾਰਮਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਲਿਹਾਜੋਂ ਬੇਹੱਦ ਅਹਿਮ ਹੈ, ਤੇਜ਼ੀ ਨਾਲ਼ ਝਾਰਖੰਡ, ਛੱਤੀਸਗੜ੍ਹ, ਬਿਹਾਰ, ਮੱਧ ਪ੍ਰਦੇਸ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਪ੍ਰਵਾਸੀਆਂ ਲਈ ਕੰਮ-ਕਾਜ ਦਾ ਇੱਕ ਕੇਂਦਰ ਬਣਦਾ ਜਾ ਰਿਹਾ ਹੈ। ਲੱਦਾਖ ਦੀ ਮੌਜੂਦਾ ਨਵੀਂ ਪ੍ਰਸ਼ਾਸਨਕ ਹਾਲਤ ਦੇ ਬਾਅਦ ਇਲਾਕੇ ਵਿੱਚ ਪ੍ਰਾਈਵੇਟ ਬਿਲਡਰਾਂ ਦੇ ਦਖ਼ਲ ਅਤੇ ਦਾਬੇ ਦੀ ਸੰਭਾਵਨਾ ਵੱਧ ਗਈ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਸੀਮਾ ਸੜਕ ਸੰਗਠਨ ਦੇ ਨਾਲ਼ ਰਲ਼ ਕੇ ਵਪਾਰਕ ਅਤੇ ਸੈਨਿਕ ਮਹੱਤਵ ਰੱਖਣ ਵਾਲ਼ੇ ਇਲਾਕਿਆਂ ਅੰਦਰ ਬੁਨਿਆਦੀ ਢਾਂਚੇ ਵਿੱਚ ਬਦਲਾਓ ਲਿਆਉਣ ਵਾਲ਼ੇ ਪ੍ਰਾਜੈਕਟਾਂ ਵਿੱਚ ਤੇਜ਼ੀ ਵੀ ਆਈ ਹੈ। ਇਹਦਾ ਸਿੱਧਾ ਮਤਲਬ ਹੈ ਕਿ ਲੱਦਾਖ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਦਾ ਵੱਧ ਜਾਣਾ।
ਉਹ ਸਮੇਂ-ਸਮੇਂ 'ਤੇ ਸੜਕਾਂ ਦੇ ਕੰਢੇ ਬਣੇ 11X8.5 ਵਰਗ ਫੁੱਟ ਦੇ ਟੈਂਟ ਵਿੱਚ ਆਪਣੇ ਪਰਿਵਾਰਾਂ ਦੇ ਨਾ਼ਲ਼ ਰਹਿੰਦੇ ਦੇਖੇ ਜਾ ਸਕਦੇ ਹਨ। ਇਹ ਕੰਮ-ਚਲਾਊ ਟੈਂਟ ਸੜਕ ਦੇ ਕੰਮ ਦੇ ਅੱਗੇ ਵੱਧਣ ਦੇ ਨਾਲ਼ ਨਾਲ਼ ਆਪਣੀ ਥਾਂ ਬਦਲਦੇ ਰਹਿੰਦੇ ਹਨ। ਬੈਗ ਅਤੇ ਬਾਕੀ ਮਾਲ਼-ਅਸਬਾਬ ਨਾਲ਼ ਲੱਦਿਆ ਹਰੇਕ ਤੰਬੂ ਤਕਰੀਬਨ 10 ਲੋਕਾਂ ਦਾ ਬਸੇਰਾ ਹੁੰਦਾ ਹੈ, ਜਿੱਥੇ ਲੋਕ ਭੁੰਜੇ ਹੀ ਮਹੀਨ ਜਿਹਾ ਕਾਲੀਨ ਵਿਛਾ ਕੇ ਸੌਂਦੇ ਹਨ। ਉਹ ਇਸ ਯਖ ਕਰ ਸੁੱਟਣ ਵਾਲ਼ੀ ਠੰਡ ਵਿੱਚ ਬਿਜਲੀ ਦੀ ਗ਼ੈਰ-ਮੌਜੂਦਗੀ ਵਿੱਚ ਰਹਿੰਦੇ ਹਨ ਅਤੇ ਆਮ ਤੌਰ 'ਤੇ ਜ਼ੀਰੋ ਤੋਂ ਵੀ ਘੱਟ ਤਾਪਮਾਨ ਵਿੱਚ ਵਿਅਕਤੀਗਤ ਸੁਰੱਖਿਆ ਉਪਕਰਣਾਂ ਦੇ ਢੁਕਵੇਂ ਬੰਦੋਬਸਤ ਦੇ ਬਗ਼ੈਰ ਹੀ ਕੰਮ ਕਰਦੇ ਰਹਿੰਦੇ ਹਨ। ਕੁਰੱਖਤ ਮੌਸਮ, ਬੁਨਿਆਦੀ ਢਾਂਚੇ ਵਿੱਚ ਬਦਲਾਓ ਦੇ ਪ੍ਰਾਜੈਕਟ ਵਿੱਚ ਉਮੀਦ ਨਾਲ਼ੋਂ ਵੱਧ ਅਤੇ ਗੁਣਵੱਤਾ-ਭਰਪੂਰ ਮਸ਼ੀਨੀ ਉਪਕਰਣਾਂ ਦੀ ਘਾਟ ਕਾਰਨ, ਸੜਕ ਤੋੜਨ-ਬਣਾਉਣ ਦੌਰਾਨ ਕਾਮਿਆਂ ਨੂੰ ਭਾਰੀ-ਭਾਰੀ ਵਜ਼ਨ ਖ਼ੁਦ ਹੀ ਚੁੱਕਣਾ ਅਤੇ ਢੋਹਣਾ ਪੈਂਦਾ ਹੈ। ਇਹ ਸਭ ਇੱਕ ਬਹੁਤ ਜ਼ਿਆਦਾ ਉੱਚਾਈ ਵਾਲ਼ੇ ਇਲਾਕੇ ਵਿੱਚ ਹੁੰਦਾ ਹੈ ਜਿੱਥੇ ਆਕਸੀਜਨ ਦਾ ਪੱਧਰ ਘੱਟ ਹੁੰਦਾ ਹੈ ਅਤੇ ਇਸ ਬੇਹੱਦ ਔਖ਼ੇ ਕੰਮ ਬਦਲੇ ਮਿਲ਼ਣ ਵਾਲ਼ਾ ਭੁਗਤਾਨ ਇੱਕ ਪਰਿਵਾਰ ਨੂੰ ਪਾਲ਼ਣ ਲਈ ਨਾਕਾਫ਼ੀ ਸਾਬਤ ਹੁੰਦਾ ਹੈ।

ਖਾਰਦੁੰਗ ਲਾ ਦੱਰੇ ਦੇ ਕੋਲ਼ ਪੱਥਰ ਢੋਂਹਦੇ ਹੋਇਆ ਕਾਮਾ ਜੋ ਝਾਰਖੰਡ ਤੋਂ ਆਇਆ ਹੈ। ਕੁਰੱਖਤ ਮੌਸਮ, ਬੁਨਿਆਦੀ ਢਾਂਚੇ ਵਿੱਚ ਬਦਲਾਓ ਦੇ ਪ੍ਰਾਜੈਕਟ ਵਿੱਚ ਉਮੀਦ ਤੋਂ ਵੱਧ ਖ਼ਰਚਾ ਅਤੇ ਗੁਣਵੱਤਾ-ਭਰਪੂਰ ਮਸ਼ੀਨੀ ਉਪਕਰਣਾਂ ਦੀ ਘਾਟ ਕਾਰਨ, ਸੜਕ ਤੋੜਨ-ਬਣਾਉਣ ਦੌਰਾਨ ਕਾਮਿਆਂ ਨੂੰ ਭਾਰੀ ਵਜ਼ਨ ਖ਼ੁਦ ਹੀ ਚੁੱਕਣਾ ਅਤੇ ਢੋਹਣਾ ਪੈਂਦਾ ਹੈ
40-45 ਸਾਲਾਂ ਦੇ ਅਮੀਨ ਮੁਰਮੂ ਜੋ ਦੁਮਕਾ ਤੋਂ ਆਏ ਹਨ, ਕਹਿੰਦੇ ਹਨ,''ਘਰ ਮੁੜਨ ਤੋਂ ਪਹਿਲਾਂ ਦੇ 5-6 ਮਹੀਨੇ ਬਾਮੁਸ਼ਕਲ ਹੀ ਮੈਂ 22,000 ਤੋਂ 25,000 ਰੁਪਏ ਹੀ ਬਚਾ ਪਾਉਂਦਾ ਹਾਂ।'' ਉਨ੍ਹਾਂ ਵਿੱਚੋਂ ਕੁਝ ਮਜ਼ਦੂਰ 450 ਤੋਂ 700 ਰੁਪਏ ਦਿਹਾੜੀ 'ਤੇ ਕੰਮ ਕਰਦੇ ਹਨ, ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕਿਸੇ ਢੰਗ ਦਾ ਕੰਮ ਦਿੱਤਾ ਗਿਆ ਹੈ। ਖਾਰਦੁੰਗ ਲਾ ਦੇ ਕੋਲ਼ ਨਾਰਥ ਪੁੱਲੂ ਵਿੱਚ ਆਪਣੇ ਕੈਂਪ ਵਿੱਚ ਸਾਡੇ ਨਾਲ਼ ਗੱਲਬਾਤ ਦੌਰਾਨ, 14 ਤੋਂ 10 ਸਾਲ ਦੀ ਉਮਰ ਦੇ ਦੋ ਬੱਚਿਆਂ ਦੇ ਪਿਤਾ ਅਮੀਨ ਇਸ ਗੱਲ ਤੋਂ ਰਤਾ ਪਰੇਸ਼ਾਨ ਜਾਪਦੇ ਹਨ ਕਿ ਮਹਾਂਮਾਰੀ ਕਾਰਨ ਕਰਕੇ ਉਨ੍ਹਾਂ ਦੀ ਪੜ੍ਹਾਈ ਠੱਪ ਪੈ ਗਈ ਹੈ। ਜਦੋਂ ਸਕੂਲ ਦੀ ਪੜ੍ਹਾਈ ਆਨਲਾਈਨ ਹੋ ਰਹੀ ਸੀ ਤਦ ਉਨ੍ਹਾਂ ਕੋਲ਼ ਆਪਣੇ ਬੱਚਿਆਂ ਵਾਸਤੇ ਸਮਾਰਟਫ਼ੋਨ ਲਈ ਪੈਸੇ ਨਹੀਂ ਸਨ। ਉਹ ਕਹਿੰਦੇ ਹਨ,''ਸਾਡੇ ਇਲਾਕੇ ਵਿੱਚ ਬਹੁਤੇਰੇ ਪਰਿਵਾਰ ਮੋਬਾਇਲ ਖਰੀਦਣ ਦੀ ਹੈਸੀਅਤ ਨਹੀਂ ਰੱਖਦੇ। ਮੇਰੇ ਵੱਡੇ ਬੇਟੇ ਨੇ ਪੜ੍ਹਾਈ ਛੱਡ ਦਿੱਤੀ ਹੈ। ਜੇ ਮੈਂ ਥੋੜ੍ਹੀ ਹੋਰ ਬਚਤ ਕਰ ਲਵਾਂ ਤਾਂ ਛੋਟੇ ਬੇਟੇ ਲਈ ਇੱਕ ਸਮਾਰਟਫ਼ੋਨ ਖਰੀਦ ਸਕਦਾ ਹਾਂ ਪਰ ਤਾਂ ਵੀ ਹਰ ਮਹੀਨੇ ਇੰਟਰਨੈੱਟ ਦਾ ਖ਼ਰਚ ਕਿਵੇਂ ਚੁੱਕ ਪਾਊਂਗਾ?''
ਜਦੋਂ ਮੈਂ ਅਮੀਨ ਦੇ ਟੈਂਟ ਦੇ ਐਨ ਨਾਲ਼ ਵਾਲ਼ੇ ਟੈਂਟ ਵਿੱਚ ਜਾਂਦਾ ਹਾਂ ਤਾਂ ਕੀ ਦੇਖਦਾ ਹਾਂ ਕਿ ਉੱਥੇ ਮਜ਼ਦੂਰਾਂ ਦਾ ਇੱਕ ਦਲ ਤਾਸ਼ ਖੇਡ ਰਿਹਾ ਹੈ। ਝਾਰਖੰਡ ਦੇ ਹੀ ਰਹਿਣ ਵਾਲ਼ੇ 32 ਸਾਲਾ ਹਾਮਿਦ ਅੰਸਾਰੀ ਮੈਨੂੰ ਬੇਨਤੀ ਕਰਦਿਆਂ ਕਹਿੰਦੇ ਹਨ,''ਸਰ, ਆਓ ਤੁਸੀਂ ਵੀ ਖੇਡੋ। ਅੱਜ ਤਾਂ ਐਤਵਾਰ ਹੈ- ਛੁੱਟੀ ਦਾ ਦਿਨ।'' ਇਹ ਬੇਹੱਦ ਪਿਆਰ, ਮਿਲਾਪੜੇ ਅਤੇ ਗਾਲ੍ਹੜੀ ਲੋਕਾਂ ਦਾ ਸਮੂਹ ਹੈ। ਉਨ੍ਹਾਂ ਲੋਕਾਂ ਵਿੱਚੋਂ ਇੱਕ ਜਣਾ ਰਤਾ ਉੱਚੀ ਅਵਾਜ਼ ਵਿੱਚ ਕਹਿੰਦਾ ਹੈ,''ਕੋਲਕਾਤਾ ਤੋਂ ਹੋਣ ਕਾਰਨ ਤੁਹਾਨੂੰ ਤਾਂ ਸਹਿਜੇ ਹੀ ਪਤਾ ਹੋਣਾ ਕਿ ਕੋਵਿਡ ਸੰਕ੍ਰਮਣ ਦਾ ਝਾਰਖੰਡ 'ਤੇ ਕਿੰਨਾ ਮਾੜਾ ਅਸਰ ਪਿਆ ਹੈ। ਕਿੰਨੀਆਂ ਮੌਤਾਂ ਹੋਈਆਂ ਅਤੇ ਕਿੰਨੇ ਹੀ ਲੋਕਾਂ ਦੀ ਨੌਕਰੀ ਚਲੀ ਗਈ। ਪਿਛਲੇ ਸਾਲ ਤਾਂ ਜਿਵੇਂ-ਕਿਵੇਂ ਕਰਕੇ ਡੰਗ ਟੱਪਿਆ। ਇਸਲਈ ਇਸ ਸਾਲ (2021) ਬਿਨਾ ਸਮਾਂ ਗੁਆਏ ਅਸੀਂ ਇੱਥੇ ਆ ਗਏ।''
''90ਵਿਆਂ ਦੀ ਸ਼ੁਰੂਆਤ ਤੋਂ ਹੀ ਮੈਂ ਇੱਥੇ ਬਤੌਰ ਕੰਸਟ੍ਰਕਸ਼ਨ ਵਰਕਰ ਆਉਂਦਾ ਰਿਹਾ ਹਾਂ। ਪਰ ਪਿਛਲਾ ਸਾਲ ਸਭ ਤੋਂ ਭਿਆਨਕ ਰਿਹਾ,'' ਆਪਣੀ ਉਮਰ ਦੇ 50ਵੇਂ ਵਰ੍ਹੇ ਦੇ ਘਨੀ ਮੀਆਂ ਕਹਿੰਦੇ ਹਨ, ਜੋ ਇਸ ਝਾਰਖੰਡੀ ਸਮੂਹ ਦੇ ਇੱਕ ਮੈਂਬਰ ਹਨ ਅਤੇ ਜੋ ਜੂਨ 2020 ਵਿੱਚ ਤਾਲਾਬੰਦੀ ਵਿੱਚ ਮਿਲ਼ੀ ਢਿੱਲ ਤੋਂ ਬਾਅਦ ਇੱਥੇ ਆਏ ਸਨ। ''ਇੱਥੇ ਪਹੁੰਚਦਿਆਂ ਹੀ ਸਾਨੂੰ ਕੁਆਰੰਟੀਨ ਸੈਂਟਰ ਭੇਜ ਦਿੱਤਾ ਗਿਆ। ਉੱਥੇ 15 ਦਿਨ ਬਿਤਾਉਣ ਮਗਰੋਂ ਹੀ ਅਸੀਂ ਕੰਮ 'ਤੇ ਵਾਪਸ ਜਾ ਸਕੇ। ਪਰ ਉਹ ਦੋ ਹਫ਼ਤੇ ਮਾਨਿਸਕ ਤੌਰ 'ਤੇ ਤੋੜ ਸੁੱਟਣ ਵਾਲ਼ੇ ਸਨ।''
ਲੇਹ ਕਸਬੇ ਵੱਲ ਮੁੜਦੇ ਵੇਲ਼ੇ ਮੈਨੂੰ ਝਾਰਖੰਡ ਦੇ ਨੌਜਵਾਨਾਂ ਦਾ ਇੱਕ ਸਮੂਹ ਮਿਲ਼ਿਆ। ਉਨ੍ਹਾਂ ਲੋਕਾਂ ਨੇ ਦੱਸਿਆ,''ਅਸੀਂ ਇੱਥੇ ਖਾਣਾ ਪਕਾਉਣ ਆਏ ਹਾਂ, ਮਜ਼ਦੂਰਾਂ ਦੀ ਕੁਝ ਮਦਦ ਕਰਨ ਖ਼ਾਤਰ। ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਸਾਡੀ ਦਿਹਾੜੀ ਮਜ਼ਦੂਰੀ ਅਸਲ ਵਿੱਚ ਹੈ ਕਿੰਨੀ। ਪਰ ਉੱਥੇ (ਪਿੰਡ ਵਿੱਚ) ਵਹਿਲੇ ਬੈਠੇ ਰਹਿਣ ਨਾਲ਼ੋਂ ਤਾਂ ਚੰਗਾ ਹੈ ਕਿ ਇੱਥੇ ਰਹਿ ਕੇ ਕੁਝ ਕੰਮ ਹੀ ਕਰ ਲਿਆ ਜਾਵੇ।'' ਉਨ੍ਹਾਂ ਵਿੱਚੋਂ ਹਰੇਕ ਲਈ, ਘਰ ਵਿੱਚ ਮਹਾਂਮਾਰੀ ਦੀਆਂ ਹਕੀਕਤਾਂ ਨਾਲ਼ ਜੂਝ ਰਹੇ ਆਪਣੇ ਪਰਿਵਾਰਾਂ ਬਾਰੇ ਦੱਸਣ ਲਈ ਕਹਾਣੀਆਂ ਦੇ ਨਾਲ਼ ਰਾਹਤ ਦੀ ਗੱਲ ਸਿਰਫ਼ ਤੇ ਸਿਰਫ਼ ਇੰਨੀ ਹੈ ਕਿ ਉਨ੍ਹਾਂ ਸਾਰਿਆਂ ਨੂੰ ਕੋਵਿਡ-19 ਟੀਕਾਕਾਰਨ ਦੀ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ। (ਦੇਖੋ: ਲੱਦਾਖ ਟੀਕਾਕਰਨ : ਸਿਰੜੀ ਸਿਹਤ-ਕਰਮੀਆਂ ਬਦੌਲਤ ਨੇਪਰੇ ਚੜ੍ਹਦਾ ਹੋਇਆ )।

ਲੇਹ ਦੇ ਮੁੱਖ ਬਜ਼ਾਰ ਦੇ ਇਲਾਕੇ ਵਿੱਚ ਮਜ਼ਦੂਰ ਇੱਕ ਹੋਟਲ ਦਾ ਨਿਰਮਾਣ ਕਰ ਰਹੇ ਹਨ। ਲੱਦਾਖ ਦੀ ਨਵੀਂ ਪ੍ਰਸ਼ਾਸਨਕ ਹਾਲਤ ਨੇ ਪ੍ਰਾਈਵੇਟ ਕੰਸਟ੍ਰਕਸ਼ਨ ਕੰਪਨੀਆਂ ਵਾਸਤੇ ਕੰਮ ਦੇ ਬੂਹੇ ਖੋਲ੍ਹ ਦਿੱਤੇ ਹਨ

ਲੇਹ ਕਸਬੇ ਵਿੱਚ ਥਕਾਊ ਰੋਜ਼ਨਾਮਚੇ ਦਰਮਿਆਨ ਸਮਾਂ ਕੱਢ ਕੇ ਅਰਾਮ ਕਰਦਾ ਇੱਕ ਮਜ਼ਦੂਰ

ਭਾਰਤ ਅਤੇ ਚੀਨ ਦਰਮਿਆਨ ਸੀਮਾ ' ਤੇ ਵੱਧਦੇ ਤਣਾਅ ਦੇ ਨਾਲ਼ ਹੀ ਲੱਦਾਖ ਵਿੱਚ ਇੰਫ੍ਰਾਸਟ੍ਰਕਚਰ ਪ੍ਰਾਜੈਕਟ ਵਿੱਚ ਤੇਜ਼ੀ ਆ ਗਈ ਹੈ। ਝਾਰਖੰਡ, ਛੱਤੀਸਗੜ੍ਹ, ਬਿਹਾਰ ਅਤੇ ਹੋਰਨਾਂ ਦੂਸਰੇ ਰਾਜਾਂ ਵਿੱਚੋਂ ਮਜ਼ਦੂਰ ਇੱਥੇ ਕੰਮ ਦੀ ਭਾਲ਼ ਵਿੱਚ ਪਲਾਇਨ ਕਰਦੇ ਅੱਪੜਦੇ ਹਨ

ਲੱਦਾਖ ਵਿੱਚ ਮੌਸਮ ਦੀ ਮਾਰ ਆਪਣੇ ਸਿਖਰ ' ਤੇ ਰਹਿੰਦੀ ਹੈ। ਗਰਮੀ ਦੇ ਮੌਸਮ ਵਿੱਚ ਜਦੋਂ ਤਪਸ਼ ਵੱਧ ਜਾਂਦੀ ਹਾੈ ਤਾਂ ਉਸ ਤਾਪਮਾਨ ਵਿੱਚ ਓਨੀ ਉੱਚਾਈ ' ਤੇ ਸੜਕ ਬਣਾਉਣ ਵਾਲ਼ੇ ਕਾਮਿਆਂ ਦੀ ਮੰਗ ਵੀ ਵੱਧ ਜਾਂਦੀ ਹੈ

ਖਾਰਦੁੰਗ ਲਾ ਦੇ ਕੋਲ਼ ਸਾਊਥ ਪੁਲੂ ਦੇ ਨੇੜੇ ਸੜਕ ਬਣਾਉਣ ਦੇ ਕੰਮ ਵਿੱਚ ਲੱਗੇ ਝਾਰਖੰਡ ਤੋਂ ਆਏ ਮਜ਼ਦੂਰਾਂ ਦਾ ਸਮੂਹ

ਟੁੱਟੀ ਹੋਈ ਸੜਕ ਦੀ ਉਪਰਲੀ ਸਤ੍ਹਾ ਦੀ ਸਾਫ਼-ਸਫ਼ਾਈ ਕਰਦਾ ਸੀਮਾ ਸੜਕ ਸੰਗਠਨ ਦਾ ਇੱਕ ਕਰਮੀ

ਖੁੱਲ੍ਹੇ ਅਸਮਾਨੀਂ ਹੇਠਾਂ ਇੱਕ ਨੁਕਸਾਨਿਆ ਰੋਲ-ਰੋਲਰ। ਇਸ ਭੂ-ਭਾਗ ਦੀ ਸਤ੍ਹਾ ਇੰਨੀ ਕਠੋਰ ਹੈ ਕਿ ਅਕਸਰ ਗੱਡੀਆਂ ਅਤੇ ਉਪਕਰਣ ਨੁਕਸਾਨੇ ਜਾਂਦੇ ਰਹਿੰਦੇ ਹਨ

'' ਮੈਂ ਇੱਥੇ ਇੱਕ ਪ੍ਰਾਈਵੇਟ ਕੰਪਨੀ ਵਾਸਤੇ ਕੰਮ ਕਰ ਰਿਹਾ ਹਾਂ, ਜੋ ਆਪਣੇ ਨੈੱਟਵਰਕ ਨੂੰ ਫੈਲਾ ਰਹੀ ਹੈ, '' ਝਾਰਖੰਡ ਤੋਂ ਆਇਆ ਇੱਕ ਪ੍ਰਵਾਸੀ ਮਜ਼ਦੂਰ ਕਹਿੰਦਾ ਹੈ

ਬੇਹੱਦ ਭੀੜੇ ਅਤੇ ਕੰਮ ਚਲਾਊ ਟੈਂਟ, ਬਿਜਲੀ ਦੇ ਨਾ ਹੋਣ ਅਤੇ ਸੌਣ ਦੀ ਅਣਢੁੱਕਵੀਂ ਵਿਵਸਥਾ ਹੋਣ ਦੇ ਬਾਵਜੂਦ ਇਨ੍ਹਾਂ ਮਜ਼ਦੂਰ ਦੇ ਠੇਕੇ ਦੇ ਛੇ ਮਹੀਨਿਆਂ ਵਾਸਤੇ ਬਸੇਰੇ ਦਾ ਕੰਮ ਕਰਦੇ ਹਨ

ਝਾਰਖੰਡ ਦੇ ਦੁਮਕਾ ਜ਼ਿਲ੍ਹੇ ਤੋਂ ਆਏ ਮਜ਼ਦੂਰ ਮੁਰਮੂ ਕਿਸੇ ਇੱਕ ਐਤਵਾਰ ਦੀ ਇੱਕ ਦੁਪਹਿਰ ਵਿੱਚ ਲੰਚ-ਬ੍ਰੇਕ ਦੌਰਾਨ। 14 ਅਤੇ 10 ਸਾਲਾ ਦੋ ਬੱਚਿਆਂ ਦੇ ਪਿਤਾ ਅਮੀਨ ਇਸ ਗੱਲ ਤੋਂ ਰਤਾ ਪਰੇਸ਼ਾਨ ਜਾਪਦੇ ਹਨ ਕਿ ਮਹਾਂਮਾਰੀ ਕਾਰਨ ਕਰਕੇ ਉਨ੍ਹਾਂ ਦੀ ਪੜ੍ਹਾਈ ਠੱਪ ਪੈ ਗਈ ਹੈ। ਜਦੋਂ ਸਕੂਲ ਦੀ ਪੜ੍ਹਾਈ ਆਨਲਾਈਨ ਹੋ ਰਹੀ ਸੀ ਤਦ ਉਨ੍ਹਾਂ ਕੋਲ਼ ਆਪਣੇ ਬੱਚਿਆਂ ਵਾਸਤੇ ਸਮਾਰਟਫ਼ੋਨ ਲਈ ਪੈਸੇ ਨਹੀਂ ਸਨ। ਇਸਲਈ ਉਹ ਆਨਲਾਈਨ ਪੜ੍ਹਾਈ ਕਰ ਸਕਣ ਵਿੱਚ ਸਮਰੱਥ ਨਹੀਂ ਰਹੇ

ਫ਼ੁਰਸਤ ਦੇ ਪਲਾਂ ਵਿੱਚ ਇੱਕ ਮਜ਼ਦੂਰ ਆਪਣੇ ਫ਼ੋਨ ' ਤੇ ਫ਼ਿਲਮ ਦੇਖਦੇ ਹੋਏ

ਖਾਰਦੁੰਗ ਲਾ ਦੇ ਨਾਰਥ ਪੁਲੂ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਇੱਕ ਸਮੂਹ ਤਾਸ਼ ਖੇਡਦੇ ਹੋਏ। 50 ਸਾਲ ਤੋਂ ਜ਼ਿਆਦਾ ਉਮਰ ਦੇ ਹੋ ਚੁੱਕੇ ਗਨੀ ਮਿਆਂ ਨੱਬੇ ਦੇ ਦਹਾਕੇ ਤੋਂ ਕੰਮ ਦੀ ਭਾਲ਼ ਵਿੱਚ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਤੋਂ ਲੱਦਾਖ ਆਉਂਦੇ ਰਹੇ ਹਨ

'' ਅਸੀਂ ਨਹੀਂ ਜਾਮਦੇ ਕਿ ਸਾਡੀ ਦਿਹਾੜੀ ਮਜ਼ਦੂਰੀ ਅਸਲ ਵਿੱਚ ਹੈ ਕਿੰਨੀ। ਅਸੀਂ ਇੱਥੇ ਮਜ਼ਦੂਰਾਂ ਵਾਸਤੇ ਖਾਣਾ ਪਕਾਉਣ ਲਈ ਆਏ ਹਾਂ ''

ਟੁੱਟਿਆ ਭੱਜਿਆ ਟੈਂਟ ਜੋ ਕੰਮਚਲਾਊ ਪਖ਼ਾਨੇ ਵਜੋਂ ਵਰਤਿਆ ਜਾਂਦਾ ਹੈ- ਜਿੱਥੇ ਨਾ ਪਾਣੀ ਦੀ ਸਪਲਾਈ ਹੈ ਅਤੇ ਨਾ ਹੀ ਕੋਈ ਨਿਕਾਸੀ

ਝਾਰਖੰਡ ਤੋਂ ਆਏ ਮੌਸਮੀ ਪ੍ਰਵਾਸੀ ਮਜ਼ਦੂਰ, ਖਾਰਦੁੰਗ ਲਾ ਦੱਲੇ ਦੇ ਕੋਲ਼ ਇੱਕ ਛੋਟੇ-ਜਿਹੇ ਰੈਸਟੋਰੈਂਟ ਵਿਖੇ ਕੰਮ ਕਰਦੇ ਹੋਏ। ਉਹ 17,582 ਫੁੱਟ ' ਤੇ ਖਾਰਦੁੰਗ ਲਾ ਅਤੇ 10,000 ਫੁੱਟ ' ਤੇ ਨੁਬਰਾ ਘਾਟੀ ਵਿਚਕਾਰ ਇੱਕ ਦੱਰਾ ਬਣਾ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤੇਰੇ ਮਜ਼ਦੂਰ ਸੈਲਾਨੀਆਂ ਦੇ ਸੀਜ਼ਨ ਵਿੱਚ ਸੜਕ ਕੰਢੇ ਸਥਿਤ ਢਾਬਿਆਂ ਵਿਖੇ ਕੰਮ ਕਰਦੇ ਹਨ ਅਤੇ ਐਤਵਾਰ ਦੀ ਛੁੱਟੀ ਵੀ ਵਾਧੂ ਪੈਸੇ ਕਮਾਉਣ ਲਈ ਖਪਾਉਂਦੇ ਹਨ

8 ਤੋਂ 10 ਮਜ਼ਦੂਰਾਂ ਦੇ ਰਹਿਣ ਦੀ ਛੋਟੀ-ਜਿਹੀ ਥਾਂ ਵਿੱਚ ਟਿਕਾਏ ਕੱਪੜੇ ਅਤੇ ਹੋਰ ਮਾਲ਼ ਅਸਬਾਬ

ਨਿੰਮੋ ਇਲਾਕੇ ਵਿੱਚ ਕੰਮ ਕਰ ਰਹੇ ਝਾਰਖੰਡ ਤੋਂ ਆਏ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ, '' ਪਿੰਡ ਵਿੱਚ ਵਿਹਲੇ ਬਹਿਣ ਨਾਲੋਂ ਤਾਂ ਕਿਤੇ ਚੰਗਾ ਹੈ ਕਿ ਇੱਥੇ ਰਹਿ ਕੇ ਕੋਈ ਕੰਮ ਹੀ ਕੀਤਾ ਜਾਵੇ ''

ਇੱਕ ਸਰਦ ਦਿਨ, ਚੁਮਾਥਾਂਗ ਇਲਾਕੇ ਵਿੱਚ ਕੰਮ ਕਰਦਾ ਇੱਕ ਮਜ਼ਦੂਰ

ਪੂਰਵੀ ਲੱਦਾਖ ਦੇ ਹਨਲੇ ਪਿੰਡ ਵਿੱਚ ਹਾਈ-ਟੈਂਸ਼ਨ ਬਿਜਲੀ ਤਾਰ ਦੀ ਮੁਰੰਮਤ ਕਰਦਾ ਹੋਇਆ, ਝਾਰਖੰਡ ਤੋਂ ਆਇਆ ਪ੍ਰਵਾਸੀ ਮਜ਼ਦੂਰਾਂ ਦਾ ਸਮੂਹ। ਇਨ੍ਹਾਂ ਕੋਲ਼ ਸੁਰੱਖਿਆ ਦੇ ਨਾਮ ' ਤੇ ਕੋਈ ਬੰਦੋਬਸਤ ਨਹੀਂ ਹੈ

ਹਨਲੇ ਪਿੰਡ ਵਿਖੇ ਧੁੱਪ ਵਿੱਚ ਖੜ੍ਹਾ ਸਕੂਟਰ ਜਿਸ ' ਤੇ ਮਜ਼ਦੂਰਾਂ ਦੇ ਸੁੱਕਣੇ ਪਏ ਕੱਪੜੇ ਅਤੇ ਬਿਸਤਰੇ ਸੁੱਕ ਰਹੇ ਹਨ
ਤਰਜਮਾ: ਕਮਲਜੀਤ ਕੌਰ