''
ਇਨਸਾਨ ਅਬ ਨਾ ਝਗੜੇ ਸੇ ਮਰੇਗਾ ਨਾ ਰਗੜੇ ਸੀ
ਮਰੇਗਾ ਤੋਂ ਭੂਖ ਔਰ ਪਿਆਸ ਸੇ।
''
ਇਹ ਸਿਰਫ਼ ਵਿਗਿਆਨ ਹੀ ਨਹੀਂ ਜੋ ਜਲਵਾਯੂ ਤਬਦੀਲੀ ਨੂੰ ਲੈ ਕੇ ਖ਼ਤਰੇ ਦੀ ਘੰਟੀ ਵਜਾਉਂਦਾ ਰਿਹਾ ਹੈ। ਭਾਰਤ ਦੇ ਸਾਹਿਤਕ ਮਹਾਂਕਾਵਾਂ ਨੇ ਤਾਂ ਸਦੀਆਂ ਪਹਿਲਾਂ ਹੀ ਇਸ ਪਾਸੇ ਇਸ਼ਾਰਾ ਕਰ ਦਿੱਤਾ ਸੀ, ਇਹ ਦਾਅਵਾ ਦਿੱਲੀ ਦੇ 75 ਸਾਲਾ ਕਿਸਾਨ ਸ਼ਿਵ ਸ਼ੰਕਰ ਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ 16ਵੀਂ ਸਦੀ ਦੇ ਗ੍ਰੰਥ ਰਾਮਚਰਿਤਮਾਨਸ ( ਵੀਡਿਓ ਦੇਖੋ ) ਤੋਂ ਲਈਆਂ ਸਤਰਾਂ ਨਾਲ਼ ਆਪਣੀ ਗੱਲ ਪਰਿਭਾਸ਼ਤ ਕਰ ਰਹੇ ਹਨ। ਸ਼ੰਕਰ ਸ਼ਾਇਦ ਇਸ ਗ੍ਰੰਥ ਨੂੰ ਲੈ ਕੁਝ ਜ਼ਿਆਦਾ ਹੀ ਉਤਸਾਹ ਦਿਖਾ ਰਹੇ ਹਨ ਕਿਉਂਕਿ ਤੁਲਸੀਦਾਸ ਦੀ ਮੂਲ਼ ਕਵਿਤਾ ਵਿੱਚ ਇਨ੍ਹਾਂ ਸਤਰਾਂ ਦਾ ਪਤਾ ਲਾਉਣਾ ਤੁਹਾਡੇ ਲਈ ਮੁਸ਼ਕਲ ਕੰਮ ਹੈ। ਪਰ ਯਮੁਨਾ ਨਦੀ ਦੇ ਹੜ੍ਹ ਦੇ ਮੈਦਾਨਾਂ ਦੇ ਇਸ ਕਿਸਾਨ ਦੇ ਸ਼ਬਦ ਸਾਡੇ ਆਪਣੇ ਯੁੱਗ ਦੇ ਐਨ ਸਟੀਕ ਬੈਠਦੇ ਹਨ।
ਸ਼ੰਕਰ, ਉਨ੍ਹਾਂ ਦਾ ਪਰਿਵਾਰ ਅਤੇ ਕਈ ਹੋਰ ਕਾਸ਼ਤਕਾਰ ਤਾਪਮਾਨ, ਮੌਸਮ ਅਤੇ ਜਲਵਾਯੂ ਵਿੱਚ ਹੋਣ ਵਾਲ਼ੇ ਕਈ ਬਦਲਾਵਾਂ ਬਾਰੇ ਪੂਰੇ ਵਿਸਤਾਰ ਨਾਲ਼ ਦੱਸ ਰਹੇ ਹਨ ਜੋ ਕਿਸੇ ਵੀ ਸ਼ਹਿਰੀ ਇਲਾਕੇ ਦੇ ਮੁਕਾਬਲੇ ਇਸ ਸਭ ਤੋਂ ਵੱਡੇ ਹੜ੍ਹਾਂ ਦੇ ਮੈਦਾਨਾਂ ਨੂੰ ਪ੍ਰਭਾਵਤ ਕਰ ਰਿਹਾ ਹੈ। ਕੁੱਲ 1,376 ਕਿਲੋਮੀਟਰ ਲੰਬੀ ਯਮੁਨਾ ਨਦੀ ਦਾ ਸਿਰਫ਼ 22 ਕਿ.ਮੀ. ਹਿੱਸਾ ਹੀ ਰਾਸ਼ਟਰੀ ਰਾਜਧਾਨੀ ਇਲਾਕੇ ਵਿੱਚੋਂ ਦੀ ਹੋ ਕੇ ਵਹਿੰਦਾ ਹੈ ਅਤੇ ਇਹਦਾ 97 ਵਰਗ ਕਿਲੋਮੀਟਰ ਦਾ ਇਲਾਕਾ ਹੜ੍ਹ ਦੇ ਮੈਦਾਨ ਹਨ ਜੋ ਦਿੱਲੀ ਦੇ ਕੁੱਲ ਰਕਬੇ ਦਾ ਮੁਸ਼ਕਲ ਹੀ 6.5 ਫੀਸਦ ਹਿੱਸਾ ਹੈ। ਪਰ ਇਸ ਛੋਟੇ ਜਿਹੇ ਲੱਗਣ ਵਾਲ਼ੇ ਹਿੱਸਾ ਦਾ ਵੀ ਜਲਵਾਯੂ ਨੂੰ ਸੰਤੁਲਿਤ ਰੱਖਣ ਅਤੇ ਨਾਲ਼ ਹੀ ਰਾਜਧਾਨੀ ਵਾਸਤੇ ਤਾਪਮਾਨ ਨੂੰ ਸਥਾਈ ਬਣਾਈ ਰੱਖਣ ਦੀ ਕੁਦਰਤੀ ਪ੍ਰਣਾਲੀ ਨੂੰ ਬਰਕਰਾਰ ਰੱਖਣ ਵਿੱਚ ਵੱਡਾ ਹੱਥ ਹੈ।
ਇੱਥੋਂ ਦੇ ਕਿਸਾਨ ਇਸ ਸਮੇਂ ਹੋ ਰਹੀਆਂ ਤਬਦੀਲੀਆਂ ਨੂੰ ਆਪਣੇ ਤਰੀਕੇ ਨਾਲ਼ ਬਿਆਨ ਕਰਦੇ ਹਨ। 25 ਸਾਲ ਪਹਿਲਾਂ ਤੀਕਰ ਇੱਥੋਂ ਦੇ ਲੋਕ ਸਤੰਬਰ ਤੋਂ ਹੀ ਪਤਲੇ ਕੰਬਲ ਲੈਣ ਲੱਗਦੇ ਸਨ, ਸ਼ਿਵ ਸ਼ੰਕਰ ਦੇ ਬੇਟੇ ਵਿਜੇਂਦਰ ਸਿੰਘ ਕਹਿੰਦੇ ਹਨ। ''ਹੁਣ ਦਸੰਬਰ ਤੱਕ ਠੰਡ ਪੈਣੀ ਸ਼ੁਰੂ ਨਹੀਂ ਹੁੰਦੀ। ਪਹਿਲਾਂ ਮਾਰਚ ਵਿੱਚ ਹੋਲੀ ਨੂੰ ਇੱਕ ਗਰਮ ਦਿਨ ਵਜੋਂ ਦੇਖਿਆ ਜਾਂਦਾ ਸੀ। ਹੁਣ ਇਹ ਸਰਦੀਆਂ ਦਾ ਤਿਓਹਾਰ ਜਾਪਦਾ ਹੈ,'' 35 ਸਾਲਾ ਵਿਜੇਂਦਰ ਕਹਿੰਦੇ ਹਨ।
ਸ਼ੰਕਰ ਦੇ ਪਰਿਵਾਰ ਦੇ ਜੀਵਤ ਤਜ਼ਰਬੇ ਇੱਥੋਂ ਦੇ ਹੋਰਨਾਂ ਕਿਸਾਨਾਂ ਦੀ ਹਾਲਤ ਨੂੰ ਵੀ ਬਿਆਨ ਕਰਦੇ ਹਨ। ਵੱਖ-ਵੱਖ ਅਨੁਮਾਨਾਂ ਮੁਤਾਬਕ ਦਿੱਲੀ ਵਿੱਚ ਪੈਂਦੀ ਯਮੁਨਾ ਨਦੀ ਗੰਗਾ ਦੀ ਸਭ ਤੋਂ ਲੰਬੀ ਸਹਾਇਕ ਨਦੀ ਅਤੇ ਫ਼ੈਲਾਅ ਵਜੋਂ (ਘਾਘਰਾ ਤੋਂ ਬਾਅਦ) ਦੂਸਰੀ ਸਭ ਤੋਂ ਵੱਡੀ ਇਸ ਨਦੀ ਦੇ ਕੰਢੇ 5,000 ਤੋਂ 7,000 ਕਿਸਾਨ ਰਹਿੰਦੇ ਹਨ। ਇੱਥੋਂ ਦੇ ਕਾਸ਼ਤਕਾਰ 24,000 ਏਕੜ ਇਲਾਕੇ ਵਿੱਚ ਖੇਤੀ ਕਰਦੇ ਹਨ ਜੋ ਕਿ ਕੁਝ ਦਹਾਕੇ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੋ ਚੁੱਕਿਆ ਹੈ, ਉਹ ਦੱਸਦੇ ਹਨ। ਇਹ ਇੱਕ ਵੱਡੇ ਸ਼ਹਿਰ ਦੇ ਕਿਸਾਨ ਹਨ, ਕਿਸੇ ਦੂਰ-ਦੁਰਾਡੇ ਦੇ ਬੀਹੜ ਪਿੰਡ ਦੇ ਨਹੀਂ। ਉਹ ਖ਼ਦਸ਼ਿਆਂ ਵਿੱਚ ਜਿਊਂਦੇ ਹਨ ਕਿਉਂਕਿ 'ਵਿਕਾਸ' ਹਰ ਸਮੇਂ ਉਨ੍ਹਾਂ ਦੇ ਵਜੂਦ ਨੂੰ ਖ਼ਤਰੇ ਵਿੱਚ ਪਾਉਂਦਾ ਰਹਿੰਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਹੜ੍ਹ ਦੇ ਮੈਦਾਨ ਇਲਾਕੇ ਵਿੱਚ ਵੱਡੇ ਪੱਧਰ 'ਤੇ ਨਜਾਇਜ਼ ਨਿਰਮਾਣ ਦਾ ਵਿਰੋਧ ਕਰਨ ਵਾਲ਼ੀਆਂ ਅਪੀਲਾਂ ਨਾਲ਼ ਭਰਿਆ ਪਿਆ ਹੈ ਅਤੇ ਸਿਰਫ਼ ਕਾਸ਼ਤਕਾਰ ਹੀ ਚਿੰਤਤ ਨਹੀਂ ਹਨ।
''ਜੇਕਰ ਹੜ੍ਹ ਦੇ ਮੈਦਾਨਾਂ ਵਿੱਚ ਕੰਕਰੀਟ ਨਾਲ਼ ਠੋਸ ਨਿਰਮਾਣ ਕੀਤੇ ਜਾਣਗੇ ਜਿਵੇਂ ਕਿ ਹੋਰ ਰਿਹਾ ਹੈ ਤਾਂ ਦਿੱਲੀ ਵਾਸੀਆਂ ਨੂੰ ਸ਼ਹਿਰ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ ਕਿਉਂਕਿ ਗਰਮੀ ਅਤੇ ਠੰਡ ਦੋਵਾਂ ਦੇ ਤਾਪਮਾਨ ਸਿਖਰ 'ਤੇ ਪਹੁੰਚਣ ਦੇ ਨਾਲ਼ ਨਾਲ਼ ਬਰਦਾਸ਼ਤ ਤੋਂ ਬਾਹਰ ਵੀ ਹੋ ਜਾਣਗੇ,'' ਭਾਰਤੀ ਵਣ-ਸੇਵਾ ਦੇ ਸੇਵਾਮੁਕਤ ਅਧਿਕਾਰੀ, ਮਨੋਸ਼ ਮਿਸ਼ਰਾ ਕਹਿੰਦੇ ਹਨ। ਮਿਸ਼ਰਾ ਯਮੁਨਾ ਜੀਏ ਅਭਿਆਨ (ਯਮੁਨਾ ਜ਼ਿੰਦਾਬਾਦ) ਦੇ ਪ੍ਰਧਾਨ ਹਨ ਜਿਹਨੂੰ ਕਿ 2007 ਵਿੱਚ ਸਥਾਪਤ ਕੀਤਾ ਗਿਆ ਸੀ। ਵਾਈਜੇਏ ਦਿੱਲੀ ਦੇ ਸੱਤ ਪ੍ਰਮੁੱਖ ਵਾਤਾਵਰਣਕ ਸੰਗਠਨਾਂ ਅਤੇ ਸਬੰਧਤ ਨਾਗਰਿਕਾਂ ਨੂੰ ਇੱਕੋ ਮੰਚ 'ਤੇ ਲਿਆਇਆ ਅਤੇ ਨਦੀ ਅਤੇ ਉਹਦੇ ਈਕੋਸਿਸਟਮ ਨੂੰ ਬਚਾਉਣ ਲਈ ਕੰਮ ਕਰਦਾ ਹੈ। ''ਸ਼ਹਿਰ ਹੁਣ ਕੁਝ ਕੁਝ ਇਸ ਤਰ੍ਹਾਂ ਦਾ ਹੁੰਦਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਦੇ ਪ੍ਰਵਾਸ ਦਾ ਗਵਾਹ ਬਣੇਗਾ। ਜੇਕਰ ਇਹ ਆਪਣੀ ਹਵਾ ਦੀ ਗੁਣਵੱਤਾ ਨੂੰ ਠੀਕ ਨਹੀਂ ਕਰਦਾ ਹੈ ਤਾਂ (ਇੱਥੋਂ ਤੱਕ ਕਿ) ਦੂਤਾਵਾਸ ਵੀ ਬਾਹਰ ਚਲੇ ਜਾਣਗੇ।''
*****
ਆਓ ਵਾਪਸ ਹੜ੍ਹ ਦੇ ਮੈਦਾਨਾਂ ਦੇ ਇਨ੍ਹਾਂ ਕਿਸਾਨਾਂ ਦੀ ਗੱਲ ਕਰੀਏ। ਪਿਛਲੇ ਕੁਝ ਦਹਾਕਿਆਂ ਵਿੱਚ ਪੈਣ ਵਾਲ਼ੇ ਅਨਿਯਮਤ ਮੀਂਹ ਨੇ ਕਿਸਾਨਾਂ ਅਤੇ ਮਛੇਰਿਆਂ ਨੂੰ ਇੱਕੋ ਜਿਹਾ ਪ੍ਰਭਾਵਤ ਕੀਤਾ ਹੈ।
ਯਮੁਨਾ ਨਦੀ 'ਤੇ ਨਿਰਭਰ ਰਹਿਣ ਵਾਲ਼ੇ ਭਾਈਚਾਰੇ ਹਰ ਸਾਲ ਮੀਂਹ ਦੀ ਉਡੀਕ ਕਰਦੇ ਹਨ। ਮਛੇਰੇ ਇੰਝ ਇਸਲਈ ਵੀ ਕਰਦੇ ਹਨ ਕਿਉਂਕਿ ਵਾਧੂ ਪਾਣੀ ਨਦੀ ਨੂੰ ਸਾਫ਼ ਕਰ ਦਿੰਦਾ ਹੈ ਜਿਸ ਨਾਲ਼ ਮੱਛੀਆਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਕਿਸਾਨਾਂ ਲਈ ਇਹ ਮੀਂਹ ਮਿੱਟੀ ਦੀ ਜਰਖ਼ੇਜ ਪਰਤ ਲਿਆਉਂਦੀ ਹੈ। '' ਜ਼ਮੀਨ ਨਈ ਬਨ ਜਾਤੀ ਹੈ, ਜ਼ਮੀਨ ਪਲਟ ਜਾਤੀ ਹੈ, '' ਸ਼ੰਕਰ ਦੱਸਦੇ ਹਨ। ''ਸਾਲ 2000 ਤੱਕ, ਹਰ ਸਾਲ ਇੰਝ ਹੀ ਹੁੰਦਾ ਰਿਹਾ। ਪਰ ਹੁਣ ਮੀਂਹ ਪੈਣੇ ਘੱਟ ਗਏ ਹਨ। ਪਹਿਲਾਂ ਮਾਨਸੂਨ ਜੂਨ ਵਿੱਚ ਹੀ ਸ਼ੁਰੂ ਹੋ ਜਾਂਦਾ ਸੀ। ਇਸ ਵਾਰ ਜੂਨ ਅਤੇ ਜੁਲਾਈ ਸੁੱਕਾ ਹੀ ਨਿਕਲ਼ ਗਿਆ। ਪਿਛੇਤਾ ਮੀਂਹ ਪਿਆ ਜਿਸ ਕਾਰਨ ਫ਼ਸਲਾਂ ਪ੍ਰਭਾਵਤ ਹੋ ਗਈਆਂ।''
''ਜਦੋਂ ਮੀਂਹ ਘੱਟ ਪੈਂਦਾ ਹੈ ਤਾਂ ਮਿੱਟੀ ਵਿੱਚ ਨਮਕ (ਖਾਰਾਪਣ, ਲੂਣ ਨਹੀਂ) ਦੀ ਮਾਤਰਾ ਵੱਧਣ ਲੱਗਦੀ ਹੈ,'' ਸ਼ੰਕਰ ਨੇ ਸਾਨੂੰ ਆਪਣੇ ਖੇਤ ਦਿਖਾਉਂਦੇ ਵੇਲ਼ੇ ਕਿਹਾ। ਦਿੱਲੀ ਦੇ ਜਲੌੜ ਮਿੱਟੀ ਨਦੀ ਦੁਆਰਾ ਹੜ੍ਹ ਦੇ ਮੈਦਾਨ ਵਿੱਚ ਜਮ੍ਹਾ ਕੀਤੇ ਜਾਣ ਦੇ ਫ਼ਲਸਰੂਪ ਹੈ। ਉਹ ਮਿੱਟੀ ਲੰਬੇ ਸਮੇਂ ਤੱਕ ਗੰਨੇ, ਚੌਲ਼, ਕਣਕ, ਕਈ ਹੋਰ ਫ਼ਸਲਾਂ ਅਤੇ ਸਬਜ਼ੀਆਂ ਨੂੰ ਉਗਾਉਣ ਵਿੱਚ ਸਹਾਇਕ ਬਣੀ ਰਹੀ। ਦਿੱਲੀ ਗਜ਼ਟ ਦੇ ਮੁਤਾਬਕ ਗੰਨੇ ਦੀਆਂ ਤਿੰਨ ਕਿਸਮਾਂ- ਲਾਲਰੀ, ਮੀਰਾਤੀ, ਸੋਰਾਠਾ -19ਵੀਂ ਸਦੀ ਦੇ ਅੰਤ ਤੀਕਰ ਸ਼ਹਿਰ ਦਾ ਮਾਣ ਸਨ।
''ਜ਼ਮੀਨ ਨਈ ਬਨ ਜਾਤੀ ਹੈ, ਜ਼ਮੀਨ ਪਲਟ ਜਾਤੀ ਹੈ (ਮਾਨਸੂਨ ਦੇ ਮੀਂਹ ਨਾਲ਼ ਭੂਮੀ ਦੀ ਕਾਇਆ ਹੀ ਪਲਟ ਜਾਂਦੀ ਹੈ),'' ਸ਼ੰਕਰ ਦੱਸਦੇ ਹਨ
ਗੰਨੇ ਦੇ ਇਸਤੇਮਾਲ ਕੋਲਹੂ ਤੋਂ ਗੁੜ ਬਣਾਉਣ ਵਿੱਚ ਕੀਤਾ ਜਾਂਦਾ ਸੀ। ਇੱਕ ਦਹਾਕਾ ਪਹਿਲਾਂ ਤੱਕ, ਤਾਜ਼ਾ ਗੰਨੇ ਦਾ ਰਸ ਵੇਚਣ ਵਾਲ਼ੀਆਂ ਛੋਟੀਆਂ ਅਸਥਾਈ ਦੁਕਾਨਾਂ ਅਤੇ ਠੇਲੇ ਦਿੱਲੀ ਦੀਆਂ ਸੜਕਾਂ ਦੇ ਹਰ ਕੋਨੇ ਵਿੱਚ ਨਜ਼ਰ ਆ ਜਾਂਦੇ ਸਨ। ''ਫਿਰ ਸਰਕਾਰਾਂ ਨੇ ਸਾਨੂੰ ਗੰਨੇ ਦਾ ਰਸ ਵੇਚਣ ਤੋਂ ਰੋਕ ਦਿੱਤਾ, ਇਸਲਈ ਸਾਡੀ ਖੇਤੀ ਵੀ ਬੰਦ ਹੋ ਗਈ,'' ਸ਼ੰਕਰ ਕਹਿੰਦੇ ਹਨ। ਗੰਨੇ ਦਾ ਜੂਸ ਵੇਚਣ ਵਾਲ਼ਿਆਂ ਖ਼ਿਲਾਫ਼ ਅਧਿਕਾਰਕ ਰੋਕ ਲਾ ਦਿੱਤੀ ਗਈ ਅਤੇ 1990 ਤੋਂ ਹੀ ਅਦਾਲਤੀ ਮਾਮਲੇ ਉਨ੍ਹਾਂ ਨੂੰ ਚੁਣੌਤੀ ਦਿੰਦੇ ਆਏ ਹਨ। ''ਹਰ ਕੋਈ ਜਾਣਦਾ ਹੈ ਕਿ ਗੰਨੇ ਦਾ ਰਸ ਬੀਮਾਰੀ ਨਾਲ਼ ਲੜਨ ਦੇ ਕੰਮ ਆਉਂਦਾ ਹੈ। ਇਹ ਸਾਡੀ ਸਰੀਰਕ ਪ੍ਰਣਾਲੀ ਨੂੰ ਠੰਡਾ ਕਰਦਾ ਹੈ ਜਿਸ ਕਰਕੇ ਲੂ ਵਗੈਰਾ ਤੋਂ ਬਚਾਅ ਰਹਿੰਦਾ ਹੈ,'' ਉਹ ਦਾਅਵਾ ਕਰਦੇ ਹਨ। ''ਸਾਫ਼ਟ ਡ੍ਰਿੰਕ ਬਣਾਉਣ ਵਾਲ਼ੀਆਂ ਕੰਪਨੀਆਂ ਨੇ ਸਾਡੇ 'ਤੇ ਪਾਬੰਦੀ ਲਵਾ ਦਿੱਤੀ ਹੈ। ਉਨ੍ਹਾਂ ਦੇ ਲੋਕਾਂ ਦੀ ਮੰਤਰੀਆਂ ਨਾਲ਼ ਮਿਲ਼ੀਭੁਗਤ ਹੋਣ ਕਾਰਨ ਸਾਨੂੰ ਇਸ ਵਪਾਰ 'ਚੋਂ ਕੱਢ ਬਾਹਰ ਕੀਤਾ।''
ਅਤੇ ਕਦੇ-ਕਦੇ, ਰਾਜਨੀਤਕ-ਪ੍ਰਸ਼ਾਸਨਕ ਫ਼ੈਸਲਿਆਂ ਦੇ ਨਾਲ਼ ਨਾਲ਼ ਮੌਸਮ ਦੀ ਮਾਰ ਵੀ ਕਹਿਰ ਢਾਹੁੰਦੀ ਹੈ। ਇਸ ਸਾਲ ਯਮੁਨਾ ਦੇ ਹੜ੍ਹ ਨੇ (ਜਦੋਂ ਹਰਿਆਣਾ ਨੇ ਹਥਿਨੀ ਕੁੰਡ ਬੈਰਾਜ ਦਾ ਪਾਣੀ ਛੱਡਿਆ ਅਤੇ ਨਾਲ਼ ਹੀ ਦਿੱਲੀ ਵਿੱਚ ਮੀਂਹ ਵੀ ਪੈਣ ਲੱਗਿਆ) ਕਈ ਏਕੜ ਫ਼ਸਲਾਂ ਬਰਬਾਦ ਕਰ ਛੱਡੀਆਂ। ਵਿਜੇਂਦਰ ਸਾਨੂੰ ਸੁੰਗੜੀਆਂ ਮਿਰਚਾਂ, ਸੁੱਕੇ ਬੈਗਣ ਅਤੇ ਮੂਲ਼ੀ ਦੇ ਕਮਜ਼ੋਰ ਬੂਟੇ ਦਿਖਾਉਂਦੇ ਹਨ ਜੋ ਬੇਲਾ ਅਸਟੇਟ (ਜੋ ਰਾਜਘਾਟ ਅਤੇ ਸ਼ਾਂਤੀਵਨ ਦੇ ਰਾਸ਼ਟਰੀ ਸਮਾਰਕਾਂ ਦੇ ਐਨ ਪਿੱਛੇ ਸਥਿਤ ਹੈ) ਵਿਖੇ ਪੈਂਦੇ ਉਨ੍ਹਾਂ ਦੇ ਪੰਜ ਵਿਘਾ (ਇੱਕ ਏਕੜ) ਵਿੱਚ ਬੀਜੇ ਹੋਏ ਹਨ ਉਹ ਇਸ ਮੌਸਮ ਦੀ ਮਾਰ ਵਿੱਚ ਵਧਣਗੇ ਨਹੀਂ।
ਰਾਜਧਾਨੀ ਦੇ ਇਸ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਅੱਧ-ਖ਼ੁਸ਼ਕ ਜਲਵਾਯੂ ਸੀ। ਸਾਲ 1911 ਵਿੱਚ ਅੰਗਰੇਜ਼ਾਂ ਦੀ ਰਾਜਧਾਨੀ ਬਣਨ ਕਾਰਨ ਪਹਿਲਾਂ ਇਹ ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਦਾ ਦੱਖਣ-ਪੂਰਬੀ ਮੰਡਲ ਸੀ ਅਤੇ ਪੱਛਮ ਵਿੱਚ ਰਾਜਸਥਾਨ ਦੇ ਰੇਗਿਸਤਾਨ, ਉੱਤਰ ਵੱਲ ਹਿਮਾਲਿਆ ਦੇ ਪਹਾੜਾਂ ਅਤੇ ਪੂਰਬ ਵਿੱਚ ਗੰਗਾ ਦੇ ਮੈਦਾਨਾਂ ਨਾਲ਼ ਘਿਰਿਆ ਇਲਾਕਾ ਹੈ। (ਸਾਰੇ ਇਲਾਕੇ ਅੱਜ ਜਲਵਾਯੂ ਤਬਦੀਲੀ ਨਾਲ਼ ਜੂਝ ਰਹੇ ਹਨ)। ਇਹਦਾ ਮਤਲਬ ਸੀ ਠੰਡੇ ਸਿਆਲ ਅਤੇ ਲੂੰਹਦੀ ਗਰਮੀ। ਫਿਰ 3-4 ਮਹੀਨੇ ਚੱਲਣ ਵਾਲ਼ਾ ਮਾਨਸੂਨ ਇਸ ਗਰਮੀ ਤੋਂ ਨਿਜਾਤ ਦਵਾਉਂਦਾ ਸੀ।
ਹੁਣ ਇਹ ਜ਼ਿਆਦਾ ਬੇਨਿਯਮਾ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ, ਇਸ ਸਾਲ ਜੂਨ-ਅਗਸਤ ਵਿੱਚ ਦਿੱਲੀ ਅੰਦਰ ਮੀਂਹ ਦੀ 38 ਫ਼ੀਸਦ ਘਾਟ ਦਰਜ ਕੀਤੀ ਗਈ। ਸਧਾਰਣ ਰਹਿਣ ਵਾਲ਼ੇ 648.9 ਮਿਮੀ ਮੀਂਹ ਦੇ ਮੁਕਾਬਲੇ ਸਿਰਫ਼ 404.1 ਮਿਮੀ ਮੀਂਹ ਪਿਆ। ਸਿੱਧਾ ਸਿੱਧਾ ਕਹੀਏ ਤਾਂ ਇਹ ਮਾਨਸੂਨ ਦਿੱਲੀ ਵਾਸਤੇ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਮਾੜਾ ਮਾਨਸੂਨ ਰਿਹਾ।
ਮਾਨਸੂਨ ਦਾ ਖ਼ਾਸਾ ਬਦਲ ਰਿਹਾ ਹੈ ਅਤੇ ਮੀਂਹ ਘੱਟ ਪੈ ਰਿਹਾ ਹੈ, ਸਾਊਥ ਏਸ਼ੀਆ ਨੈਟਵਰਕ ਆਫ਼ ਡੈਮਸ ਰਿਵਰਸ ਐਂਡ ਪੀਪਲ ਦੇ ਕੋਆਰਡੀਨੇਟਰ, ਹਿਮਾਂਸ਼ੂ ਠੱਕਰ ਕਹਿੰਦੇ ਹਨ। ''ਮੀਂਹ ਦੇ ਦਿਨਾਂ ਦੀ ਗਿਣਤੀ ਘੱਟ ਰਹੀ ਹੈ ਭਾਵੇਂ ਕਿ ਪੈਣ ਵਾਲ਼ੇ ਮੀਂਹ ਦੀ ਮਾਤਰਾ ਸ਼ਾਇਦ ਨਾ ਘਟੀ ਹੋਵੇ। ਮਤਲਬ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਬੜੀ ਤੀਬਰਤਾ ਨਾਲ਼ ਪੈਂਦਾ ਹੈ। ਦਿੱਲੀ ਬਦਲ ਰਹੀ ਹੈ ਅਤੇ ਇਹਦਾ ਅਸਰ ਯਮੁਨਾ ਅਤੇ ਉਹਦੇ ਹੜ੍ਹ ਦੇ ਮੈਦਾਨ 'ਤੇ ਪਵੇਗਾ ਹੀ। ਹੁੰਦੇ ਪ੍ਰਵਾਸ, ਸੜਕ 'ਤੇ ਨਿੱਜੀ ਵਾਹਨਾਂ ਦੀ ਵੱਧਦੀ ਗਿਣਤੀ ਅਤੇ ਹਵਾ ਪ੍ਰਦੂਸ਼ਣ ਇਹ ਸਾਰਾ ਕੁਝ ਵੱਧ ਗਿਆ ਹੈ ਜਿਸ ਕਾਰਨ ਕਰਕੇ ਇਹਦੇ ਆਸਪਾਸ ਦੇ ਯੂਪੀ ਅਤੇ ਪੰਜਾਬ ਦੇ ਇਲਾਕਿਆਂ ਵਿੱਚ ਵੀ ਪਰਿਵਰਤਨ ਦਿੱਸਣ ਲੱਗਿਆ ਹੈ। ਸੂਖ਼ਮ ਜਲਵਾਯੂ (ਛੋਟੇ ਜਿਹੇ ਇਲਾਕੇ ਦੀ) ਸਥਾਨਕ ਜਲਵਾਯੂ 'ਤੇ ਅਸਰ ਪਾ ਰਹੀ ਹੈ।''
*****
' ਜਮਨਾ ਪਾਰ ਕੇ ਮਟਰ ਲੇ ਲੋ ' ਕਦੇ ਇਹ ਹੌਕਾ ਦਿੱਲੀ ਦੀਆਂ ਗਲ਼ੀਆਂ ਵਿੱਚ ਗੂੰਜਿਆ ਕਰਦਾ ਸੀ ਜੋ 1980 ਆਉਂਦੇ ਆਉਂਦੇ ਕਿਤੇ ਗੁਆਚ ਗਿਆ। ਨਰੇਟਿਵਜ ਆਫ਼ ਦਿ ਇਨਵਾਇਰਮੈਂਟ ਆਫ਼ ਦਿੱਲੀ (ਇੰਡੀਅਨ ਨੈਸ਼ਨਲ ਟ੍ਰਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ ਦੁਆਰਾ ਪ੍ਰਕਾਸ਼ਤ) ਕਿਤਾਬ ਵਿੱਚ ਪੁਰਾਣੇ ਲੋਕ ਚੇਤੇ ਕਰਦੇ ਹਨ ਕਿ ਸ਼ਹਿਰ ਵਿੱਚ ਮਿਲ਼ਣ ਵਾਲ਼ੇ ਤਰਬੂਜ਼ 'ਲਖਨਵੀ ਖ਼ਰਬੂਜੇ' ਵਾਂਗਰ ਹੀ ਹੁੰਦੇ ਸਨ। ਨਦੀ ਦੀ ਰੇਤੀਲੀ ਮਿੱਟੀ 'ਤੇ ਉਗਾਏ ਗਏ ਫਲ ਦਾ ਰਸੀਲਾਪਣ ਵੀ ਉਸ ਸਮੇਂ ਦੀ ਹਵਾ 'ਤੇ ਹੀ ਨਿਰਭਰ ਹੁੰਦਾ ਸੀ। ਪਹਿਲਾਂ ਵਾਲ਼ੇ ਤਰਬੂਜ਼ ਵੱਧ ਪੂਰੇ ਹਰੇ ਅਤੇ ਭਾਰੇ ਹੁੰਦੇ ਸਨ (ਵੱਧ ਮਿੱਠੇ ਹੋਣਾ) ਅਤੇ ਮੌਸਮ ਵਿੱਚ ਸਿਰਫ਼ ਇੱਕ ਵਾਰ ਹੁੰਦੇ/ਦਿੱਸਦੇ ਸਨ। ਖ਼ਰਬੂਜ਼ੇ ਹੁਣ ਛੋਟੇ ਅਤੇ ਧਾਰੀਦਾਰ ਹੁੰਦੇ ਹਨ- ਨਵੇਂ ਬੀਜ਼ ਵੱਧ ਝਾੜ ਦਿੰਦੇ ਹਨ, ਪਰ ਹੁਣ ਉਨ੍ਹਾਂ ਦਾ ਅਕਾਰ ਛੋਟਾ ਹੋ ਗਿਆ ਹੈ।
ਤਾਜ਼ੇ ਸਿੰਘਾੜੇ, ਜੋ ਦਹਾਕਿਆਂ ਪਹਿਲਾਂ ਹਰ ਘਰ ਵਿੱਚ ਪਹੁੰਚਾਏ (ਫੇਰੀ ਵਾਲ਼ਿਆਂ ਦੁਆਰਾ) ਜਾਂਦੇ ਸਨ, ਹੁਣ ਗਾਇਬ ਹੋ ਚੁੱਕੇ ਹਨ। ਇਹ ਨਜਫਗੜ੍ਹ ਝੀਲ਼ ਦੇ ਆਸਪਾਸ ਉਗਾਏ ਜਾਂਦੇ ਸਨ। ਅੱਜ ਨਜਫਗੜ੍ਹ ਅਤੇ ਦਿੱਲੀ ਗੇਟ ਦੇ ਨਾਲ਼ਿਆਂ ਦੀ ਯਮੁਨਾ ਦੇ ਪ੍ਰਦੂਸ਼ਣ ਵਿੱਚ 63 ਫ਼ੀਸਦੀ ਭਾਗੀਦਾਰੀ ਹੈ, ਜਿਵੇਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੀ ਵੈੱਬਸਾਈਟ ਦਾਅਵਾ ਕਰਦੀ ਹੈ। ਦਿੱਲੀ ਦੇ ਕਿਸਾਨਾਂ ਦੀ ਬਹੁ-ਉਦੇਸ਼ੀ ਸਹਿਕਾਰੀ ਕਮੇਟੀ ਦੇ ਮਹਾਂ-ਸਕੱਤਰ, 80 ਸਾਲਾ ਬਲਜੀਤ ਸਿੰਘ ਕਹਿੰਦੇ ਹਨ, '' ਸਿੰਘਾੜਾ ਪਾਣੀ ਦੇ ਛੋਟੇ ਤਲਾਬਾਂ ਵਿੱਚ ਉਗਾਇਆ ਜਾਂਦਾ ਹੈ। ਦਿੱਲੀ ਵਿੱਚ ਲੋਕਾਂ ਨੇ ਇਹਦੀ ਖੇਤੀ ਕਰਨੀ ਬੰਦ ਕਰ ਦਿੱਤੀ ਹੈ ਕਿਉਂਕਿ ਇਹਦੀ ਖੇਤੀ ਲਈ ਪਾਣੀ ਦੀ ਬਹੁਲਤਾ ਅਤੇ ਕਾਫ਼ੀ ਧੀਰਜ ਦੀ ਲੋੜ ਹੁੰਦੀ ਹੈ।'' ਰਾਜਧਾਨੀ ਅੱਜ ਪਾਣੀ ਵੀ ਗੁਆਉਂਦੀ ਜਾ ਰਹੀ ਹੈ ਅਤੇ ਧੀਰਜ ਵੀ।
ਬਲਜੀਤ ਸਿੰਘ ਕਹਿੰਦੇ ਹਨ ਕਿ ਕਿਸਾਨ ਵੀ ਆਪਣੀਆਂ ਜ਼ਮੀਨਾਂ ਤੋਂ ਛੇਤੀ ਛੇਤੀ ਉਪਜ ਲੈਣਾ ਚਾਹੁੰਦੇ ਹਨ। ਇਸੇ ਲਈ ਤਾਂ ਉਹ ਉਨ੍ਹਾਂ ਫ਼ਸਲਾਂ ਨੂੰ ਚੁਣ ਰਹੇ ਹਨ ਜੋ 2-3 ਮਹੀਨਿਆਂ ਅੰਦਰ ਤਿਆਰ ਹੋ ਜਾਂਦੀਆਂ ਹਨ ਜਿਵੇਂ ਭਿੰਡੀ, ਬੀਨਸ, ਬੈਂਗਣ, ਮੂਲ਼ੀ, ਫੁੱਲਗੋਭੀ ਆਦਿ। ਵਿਜੇਂਦਰ ਦੱਸਦੇ ਹਨ,''ਦੋ ਦਹਾਕੇ ਪਹਿਲਾਂ ਮੂਲ਼ੀ ਦੇ ਬੀਜ ਦੀਆਂ ਨਵੀਂਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਸਨ।'' ਸ਼ੰਕਰ ਦੱਸਦੇ ਹਨ,''ਵਿਗਿਆਨ ਨੇ ਝਾੜ ਵਧਾਉਣ ਵਿੱਚ ਮਦਦ ਕੀਤੀ ਹੈ। ਪਹਿਲਾਂ ਸਾਨੂੰ (ਪ੍ਰਤੀ ਏਕੜ) 45-50 ਕੁਵਿੰਟਲ ਮੂਲ਼ੀ ਮਿਲ਼ ਜਾਇਆ ਕਰਦੀ ਸੀ; ਹੁਣ ਸਾਨੂੰ ਇਸ ਤੋਂ ਚਾਰ ਗੁਣਾ ਵੱਧ ਝਾੜ ਲੈ ਸਕਦੇ ਹਾਂ ਅਤੇ ਇਹਨੂੰ ਸਾਲ ਵਿੱਚ ਤਿੰਨ ਵਾਰੀ ਉਗਾ ਸਕਦੇ ਹਾਂ।''
ਇਸੇ ਦਰਮਿਆਨ, ਦਿੱਲੀ ਵਿੱਚ ਪੱਕੀਆਂ ਉਸਾਰੀਆਂ (ਕੰਕਰੀਟ ਵਾਲ਼ੀਆਂ) ਦਾ ਵਿਕਾਸ ਕਾਰਜ ਤੇਜ਼ੀ ਨਾਲ਼ ਵੱਧ ਰਿਹਾ ਹੈ, ਹੜ੍ਹ ਦੇ ਮੈਦਾਨ ਵਿੱਚ ਵੀ ਇਹਦੀ ਕੋਈ ਘਾਟ ਨਹੀਂ ਹੈ। ਦਿੱਲੀ ਦੇ ਆਰਥਿਕ ਸਰਵੇਖਣ 2018-19 ਦੇ ਮੁਤਾਬਕ, ਸਾਲ 2000 ਅਤੇ 2018 ਦਰਮਿਆਨ ਹਰ ਸਾਲ ਖੇਤੀਯੋਗ ਹਿੱਸੇ ਵਿੱਚ 2 ਫ਼ੀਸਦ ਦੀ ਗਿਰਾਵਟ ਆਈ। ਮੌਜੂਦਾ ਸਮੇਂ ਵਿੱਚ, ਸ਼ਹਿਰੀ ਅਬਾਦੀ ਦਾ 2.5 ਫ਼ੀਸਦ ਅਤੇ ਉਹਦੇ ਕੁੱਲ ਰਕਬੇ ਦਾ ਕਰੀਬ 25 ਫ਼ੀਸਦ (1991 ਦੇ 50 ਫ਼ੀਸਦ ਦੇ ਮੁਕਾਬਲੇ ਘੱਟ) ਗ੍ਰਾਮੀਣ ਇਲਾਕੇ ਵਿੱਚ ਆਉਂਦਾ ਹੈ। ਦਿੱਲੀ ਸ਼ਹਿਰੀ ਵਿਕਾਸ ਅਥਾਰਿਟੀ (ਡੀਡੀਏ) ਨੇ ਰਾਜਧਾਨੀ ਦੇ ਮਾਸਟਰ ਪਲਾਨ 2021 ਵਿੱਚ ਪੂਰਵ ਸ਼ਹਿਰੀਕਰਨ ਦੀ ਯੋਜਨਾ ਤਿਆਰ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ, ਦਿੱਲੀ ਦੇ ਤੀਬਰ ਗਤੀ ਨਾਲ਼ ਹੋਣ ਵਾਲ਼ੇ ਸ਼ਹਿਰੀਕਰਨ-ਮੁੱਖ ਰੂਪ ਨਾਲ਼ ਨਿਰਮਾਣ ਕਾਰਜਾਂ ਕਨੂੰਨੀ ਅਤੇ ਗ਼ੈਰ-ਕਨੂੰਨੀ ਵਿੱਚ ਆਈ ਤੇਜ਼ੀ। ਕਹਿਣ ਦਾ ਭਾਵ ਕਿ ਸਾਲ 2030 ਤੱਕ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਵਸੋਂ ਸੰਘਣਤਾ ਵਾਲ਼ਾ ਸ਼ਹਿਰ ਬਣ ਸਕਦਾ ਹੈ। ਰਾਜਧਾਨੀ ਦਿੱਲੀ, ਜਿਹਦੀ ਮੌਜੂਦਾ ਅਬਾਦੀ 20 ਮਿਲੀਅਨ ਹੈ, ਉਦੋਂ ਤੱਕ ਟੋਕਿਓ (37 ਮਿਲੀਅਨ ਵਸੋਂ) ਤੋਂ ਵੀ ਅੱਗੇ ਨਿਕਲ਼ ਜਾਵੇਗੀ। ਨੀਤੀ ਕਮਿਸ਼ਨ ਦਾ ਕਹਿਣਾ ਹੈ ਕਿ ਅਗਲੇ ਸਾਲ ਤੱਥਕ ਇਹ ਉਨ੍ਹਾਂ 21 ਭਾਰਤੀ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ ਜਿੱਥੇ ਭੂਮੀਗਤ ਪਾਣੀ ਮੁੱਕ ਚੁੱਕਿਆ ਹੋਵੇਗਾ।
ਮਨੋਜ ਮਿਸ਼ਰਾ ਕਹਿੰਦੇ ਹਨ,''ਕੰਕਰੀਟ ਉਸਾਰੀ ਦਾ ਭਾਵ ਹੈ ਜ਼ਮੀਨ ਨੂੰ ਪੱਕਿਆਂ ਕਰਨਾ, ਮੀਂਹ ਦੇ ਪਾਣੀ ਦਾ ਘੱਟ ਰਿਸਣਾ ਅਤੇ ਘੱਟ ਹਰਿਆਲੀ ਦਾ ਹੋਣਾ... ਪੱਕੀਆਂ ਥਾਵਾਂ ਤਾਪ ਨੂੰ ਸੋਖਦੀਆਂ ਅਤੇ ਛੱਡਦੀਆਂ ਹਨ।''
ਨਿਊਯਾਰਕ ਟਾਈਮਸ ਦੇ ਜਲਵਾਯੂ ਅਤੇ ਆਲਮੀ ਤਪਸ਼ 'ਤੇ ਇੱਕ ਅਧਿਐਨ ਮੁਤਾਬਕ, ਸਾਲ 1960 ਵਿੱਚ, ਜਦੋਂ ਸ਼ੰਕਰ 16 ਸਾਲਾਂ ਦੇ ਸਨ ਉਦੋਂ ਦਿੱਲੀ ਵਿੱਚ ਸਾਲ ਦੇ 178 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 32 ਡਿਗਰੀ ਹੋਇਆ ਕਰਦਾ ਸੀ। ਹੁਣ 2019 ਆਉਂਦੇ ਆਉਂਦੇ ਸਾਲ ਦੇ ਇਨ੍ਹਾਂ ਤਪਸ਼ ਵਾਲ਼ੇ ਦਿਨਾਂ ਦੀ ਗਿਣਤੀ ਵੱਧ ਕੇ 205 ਤੱਕ ਪਹੁੰਚ ਗਈ ਹੈ। ਇਸ ਸਦੀ ਦੇ ਅੰਤ ਤੀਕਰ, ਭਾਰਤ ਦੀ ਰਾਜਧਾਨੀ 32 ਸੈਲਸੀਅਸ ਗਰਮੀ ਵਾਲ਼ੇ ਛੇ ਮਹੀਨਿਆਂ ਤੋਂ ਵੱਧ ਕੇ ਅੱਠ ਮਹੀਨਿਆਂ ਤੱਕ ਦਾ ਤਜ਼ਰਬਾ ਕਰ ਸਕਦੀ ਹੈ। ਇਸ ਵੱਡੀ ਤਬਦੀਲੀ ਮਗਰ ਮਨੁੱਖੀ ਗਤੀਵਿਧੀਆਂ ਦਾ ਹੀ ਹੱਥ ਹੈ।
ਮਿਸ਼ਰਾ ਦੱਸਦੇ ਹਨ ਕਿ ਦੱਖਣ-ਪੱਛਮੀ ਦਿੱਲੀ ਦੇ ਪਾਲਮ ਅਤੇ ਇਹਦੇ ਪੂਰਬ ਵਿੱਚ ਸਥਿਤ ਹੜ੍ਹ ਦੇ ਮੈਦਾਨ ਦੇ ਵਿਚਾਲੇ ਤਾਪਮਾਨ ਵਿੱਚ ਕਰੀਬ 4 ਡਿਗਰੀ ਸੈਲਸੀਅਸ ਦਾ ਅੰਤਰ ਹੈ। ''ਜੇ ਪਾਲਮ ਵਿੱਚ ਇਹ 45 ਸੈਲਸੀਅਸ ਹੈ ਤਾਂ ਹੜ੍ਹ ਦੇ ਮੈਦਾਨਾਂ ਵਿੱਚ ਕਰੀਬ 40-41 ਸੈਲਸੀਅਸ ਹੋ ਸਕਦਾ ਹੈ।'' ਮਹਾਂਨਗਰ ਦੇ ਅੰਦਰਲੇ ਹਾਲ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ,''ਹੜ੍ਹ ਦੇ ਮੈਦਾਨ ਇਲਾਕੇ ਕਿਸੇ ਤੋਹਫ਼ੇ ਜਿਹੇ ਹਨ।''
*****
ਕਿਉਂਕਿ ਯਮੁਨਾ ਦਾ ਕਰੀਬ 80 ਫ਼ੀਸਦ ਪ੍ਰਦੂਸ਼ਣ ਰਾਜਧਾਨੀ ਤੋਂ ਹੀ ਨਿਕਲ਼ਦਾ ਹੈ, ਜਿਵੇਂ ਕਿ ਐੱਨਜੀਟੀ ਦਾ ਮੰਨਣਾ ਹੈ ਕਿ ਉਸ ਸਮੇਂ ਦੀ ਕਲਪਨਾ ਕਰੋ ਜੇ 'ਇਹ' (ਨਦੀ) ਰਾਜਧਾਨੀ ਨੂੰ ਹੀ ਛੱਡ ਦਿੰਦੀ, ਵੈਸੇ ਵੀ ਤਾਂ ਇਸ ਜ਼ਹਿਰੀਲੇ ਰਿਸ਼ਤੇ ਦੇ ਪੀੜਤ ਪੱਖ ਵੱਲੋਂ ਇੱਕ ਤਰਕਸ਼ੀਲ ਕਦਮ ਹੀ ਹੁੰਦਾ। ਮਿਸ਼ਰਾ ਕਹਿੰਦੇ ਹਨ,''ਦਿੱਲੀ ਦਾ ਵਜੂਦ ਯਮੁਨਾ ਕਾਰਨ ਹੀ ਹੈ ਨਾ ਕਿ ਦਿੱਲੀ ਕਾਰਨ ਯਮੁਨਾ ਦਾ ਵਜੂਦ। ਦਿੱਲੀ ਵਿੱਚ ਪੀਣ ਵਾਲ਼ੇ ਪਾਣੀ ਦਾ 60 ਫ਼ੀਸਦ ਤੋਂ ਵੱਧ ਹਿੱਸਾ ਉਸ ਛੋਟੀ ਨਹਿਰ ਤੋਂ ਆਉਂਦਾ ਹੈ ਜਿਸ ਅੰਦਰ ਯਮੁਨਾ ਨਦੀ ਦਾ ਉਪਰਲਾ ਪਾਣੀ ਕੱਢਿਆ ਜਾਂਦਾ ਹੈ। ਮਾਨਸੂਨ ਨਦੀ ਨੂੰ ਬਚਾਉਂਦਾ ਹੈ। ਪਹਿਲੀ ਲਹਿਰ ਜਾਂ ਪਹਿਲਾ ਹੜ੍ਹ, ਨਦੀ ਦੇ ਪ੍ਰਦੂਸ਼ਣ ਨੂੰ ਵਹਾ ਲਿਜਾਂਦਾ ਹੈ; ਹੜ੍ਹ ਦੀ ਦੂਸਰੀ ਅਤੇ ਤੀਸਰੀ ਲਹਿਰ ਸ਼ਹਿਰ ਦੇ ਭੂਮੀਗਤ ਪਾਣੀ ਨੂੰ ਦੋਬਾਰਾ ਭਰਨ ਦਾ ਕੰਮ ਕਰਦੀ ਹੈ। ਨਦੀ ਨੂੰ ਇਹ ਕੰਮ ਕਰਨ ਵਿੱਚ 5-10 ਸਾਲ ਦਾ ਸਮਾਂ ਲੱਗਦਾ ਹੈ ਅਤੇ ਕੋਈ ਹੋਰ ਏਜੰਸੀ ਇਸ ਕੰਮ ਨੂੰ ਕਰ ਨਹੀਂ ਸਕਦੀ। ਅਸੀਂ 2008, 2010 ਅਤੇ 2013 ਵਿੱਚ ਹੜ੍ਹ ਜਿਹੇ ਹਾਲਾਤ ਦੇਖੇ ਸਨ ਜਿਨ੍ਹਾਂ ਸਦਕਾ ਸ਼ਹਿਰ ਦਾ ਭੂਮੀਗਤ ਪਾਣੀ ਅਗਲੇ 5 ਸਾਲਾਂ ਲਈ ਭਰ ਗਿਆ ਸੀ। ਬਹੁਤੇਰੇ ਦਿੱਲੀ ਵਾਸੀ ਕੁਦਰਤ ਦੇ ਇਸ ਕਦਮ ਦੀ ਸਰਾਹਣਾ ਨਹੀਂ ਕਰਦੇ।''
ਵੈਸੇ ਹੜ੍ਹ ਦੇ ਮੈਦਾਨ (ਸਿਹਤਮੰਦ) ਇਲਾਕੇ ਬੜੀ ਅਹਿਮ ਭੂਮਿਕਾ ਨਿਭਾਉਂਦੇ ਹਨ ਉਹ ਪਾਣੀ ਨੂੰ ਫੈਲਣ ਅਤੇ ਹੌਲ਼ੀ-ਹੌਲ਼ੀ ਰਿਸਣ ਦੇਣ ਲਈ ਸਹਾਇਕ ਹੁੰਦੇ ਹਨ। ਉਹ ਹੜ੍ਹ ਦੌਰਾਨ ਵਾਧੂ ਪਾਣੀ ਜਮ੍ਹਾ ਕਰਦੇ ਹਨ ਅਤੇ ਇਹ ਪਾਣੀ ਮੱਠੀ ਚਾਲੇ ਰਿਸ-ਰਿਸ ਕੇ ਭੂਮੀਗਤ ਪਾਣੀ ਨੂੰ ਭਰਦਾ ਜਾਂਦਾ ਹੈ। ਇਹੀ ਉਹ ਹਾਲਾਤ ਹੁੰਦੇ ਹਨ ਜਦੋਂ ਇੱਕ ਸੁੱਕੀ ਨਦੀ ਵੀ ਵਹਿ ਉੱਠਦੀ ਹੈ। ਦਿੱਲੀ ਨੇ 1978 ਵਿੱਚ ਤਬਾਹਕੁੰਨ ਹੜ੍ਹ ਝੱਲਿਆ ਸੀ ਜਦੋਂ ਯਮੁਨਾ ਦਾ ਪੱਧਰ ਅਧਿਕਾਰਕ ਸੁਰੱਖਿਆ ਪੱਧਰ ਨਾਲ਼ੋਂ 6 ਫੁੱਟ ਉੱਚਾ ਹੋ ਗਿਆ ਸੀ, ਜਿਸ ਕਾਰਨ ਸੈਂਕੜੇ ਲੋਕ ਮਾਰੇ ਗਏ ਸਨ, ਲੱਖਾਂ ਲੋਕ ਪ੍ਰਭਾਵਤ ਹੋਏ ਸਨ ਅਤੇ ਕਾਫ਼ੀ ਘਰੋਂ ਬੇਘਰ ਹੋ ਗਏ ਸਨ। ਫ਼ਸਲਾਂ ਅਤੇ ਬਾਕੀ ਕੰਮਾਂ-ਕਾਰਾਂ ਦੀ ਹੋਈ ਤਬਾਹੀ ਦੀ ਤਾਂ ਗੱਲ ਹੀ ਛੱਡੋ। ਇਹਨੇ ਪਿਛਲੀ ਵਾਰ2013 ਵਿੱਚ ਇਹਨੇ ਖਤਰੇ ਦੇ ਨਿਸ਼ਾਨ ਨੂੰ ਪਾਰ ਕੀਤਾ। 'ਯਮੁਨਾ ਨਦੀ ਪ੍ਰਾਜੈਕਟ: ਨਵੀਂ ਦਿੱਲੀ ਸ਼ਹਿਰੀ ਵਾਤਾਵਰਣ' (ਵਰਜੀਨੀਆ ਯੂਨੀਵਰਸਿਟੀ ਦੁਆਰਾ ਚਲਾਇਆ ਗਿਆ)ਮੁਤਾਬਕ, ਮਨੁੱਖ ਦੁਆਰਾ ਇਨ੍ਹਾਂ ਹੜ੍ਹ ਦੇ ਮੈਦਾਨ 'ਤੇ ਆਪਣੇ ਪੈਰ ਜਮਾਉਂਦੇ ਜਾਣ ਦੇ ਗੰਭੀਰ ਸਿੱਟੇ ਨਿਕਲ਼ਣ ਵਾਲ਼ੇ ਹਨ। ''ਆਉਣ ਵਾਲ਼ੇ 100 ਸਾਲਾਂ ਵਿੱਚ ਆਉਣ ਵਾਲ਼ੇ ਹੜ੍ਹਾਂ ਕਾਰਨ ਬੰਨ੍ਹ ਟੁੱਟ ਜਾਣਗੇ, ਜਿਸ ਕਾਰਨ ਹੜ੍ਹ ਦੇ ਮੈਦਾਨਾਂ ਵਿੱਚ ਨੀਵੀਂ ਥਾਏਂ ਬਣੇ ਢਾਂਚੇ ਢੱਠ ਜਾਣਗੇ ਅਤੇ ਪੂਰਬੀ ਦਿੱਲੀ ਪਾਣੀ ਨਾਲ਼ ਭਰ ਜਾਵੇਗਾ।''
ਕਿਸਾਨ, ਹੜ੍ਹ ਦੇ ਮੈਦਾਨਾਂ ਵਿੱਚ ਨਿਰਮਾਣ ਕਾਰਜਾਂ ਨੂੰ ਅੱਗੇ ਵਧਾਏ ਜਾਣ ਨੂੰ ਲੈ ਕੇ ਸਮੇਂ ਸਮੇਂ 'ਤੇ ਚੇਤਾਵਨੀ ਦਿੰਦੇ ਰਹੇ ਹਨ। ਸ਼ਿਵ ਸ਼ੰਕਰ ਕਹਿੰਦੇ ਹਨ,''ਇਹ ਪਾਣੀ ਦੇ ਪੱਧਰ ਨੂੰ ਭਿਆਨਕ ਰੂਪ ਵਿੱਚ ਪ੍ਰਭਾਵਤ ਕਰੇਗਾ। ਹਰ ਇਮਾਰਤ ਵਿੱਚ ਪਾਰਕਿੰਗ ਲਈ ਤਹਿਖਾਨਾ ਬਣਾਇਆ ਜਾਵੇਗਾ। ਲੱਕੜ ਲੈਣ ਵਾਸਤੇ ਵੰਨ-ਸੁਵੰਨੇ ਰੁੱਖ ਲਾਏ ਜਾਣਗੇ। ਜੇ ਕਿਤੇ ਉਹ ਫਲਦਾਰ ਰੁੱਖ ਲਾਉਣ ਜਿਵੇਂ ਅੰਬ, ਅਮਰੂਦ, ਅਨਾਰ, ਪਪੀਤਾ ਤਾਂ ਇਹ ਘੱਟੋਘੱਟ ਲੋਕਾਂ ਦੇ ਖਾਣ ਅਤੇ ਕਮਾਈ ਕਰਨ ਵਿੱਚ ਸਹਾਇਤਾ ਕਰਨਗੇ ਅਤੇ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਖਾਣਾ ਮਿਲ਼ਦਾ ਰਹੇਗਾ।''
ਅਧਿਕਾਰਕ ਅੰਕੜੇ ਦੱਸਦੇ ਹਨ ਕਿ 1993 ਤੋਂ ਲੈ ਕੇ ਹੁਣ ਤੱਕ, ਯਮੁਨਾ ਦੀ ਸਫ਼ਾਈ 'ਤੇ 3,100 ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਜਾ ਚੁੱਕਿਆ ਹੈ। ਬਲਜੀਤ ਸਿੰਘ ਸਵਾਲ ਪੁੱਛਦੇ ਹਨ, ਫਿਰ ਵੀ,''ਯਮੁਨਾ ਸਾਫ਼ ਕਿਉਂ ਨਹੀਂ ਹੈ?''
ਦਿੱਲੀ ਵਿੱਚ ਕਈ ਗ਼ਲਤ ਕੰਮ ਇਕੱਠਿਆਂ ਹੀ ਹੋ ਰਹੇ ਹਨ ਜਿਵੇਂ ਸ਼ਹਿਰ ਦੇ ਹਰੇਕ ਇੰਚ ਜ਼ਮੀਨ 'ਤੇ ਬਗ਼ੈਰ ਸੋਚੇ ਸਮਝੇ ਕੰਕਰੀਟ ਦਾ ਵਿਛਾਇਆ ਜਾਣਾ ਭਾਵ ਪੱਕੇ ਨਿਰਮਾਣ ਕਰਨਾ; ਯਮੁਨਾ ਨਾਲ਼ ਲੱਗਦੇ ਹੜ੍ਹ ਦੇ ਮੈਦਾਨਾਂ ਵਿੱਚ ਅੰਨ੍ਹੇਵਾਹ ਨਿਰਮਾਣ ਕਾਰਜ ਅਤੇ ਇਨ੍ਹਾਂ ਦੀ ਦੁਰਵਰਤੋਂ; ਜ਼ਹਿਰੀਲੇ ਰਸਾਇਣਾਂ ਦਾ ਨਦੀ ਵਿੱਚ ਵਹਾਇਆ ਜਾਣਾ; ਜ਼ਮੀਨ ਦੀ ਵਰਤੋਂ ਵਿੱਚ ਆਉਂਦੇ ਅਥਾਹ ਬਦਲਾਅ ਅਤੇ ਨਵੇਂ ਬੀਜਾਂ ਦੀ ਵਰਤੋਂ; ਕਾਰਜ ਪ੍ਰਣਾਲੀ ਅਤੇ ਤਕਨਾਲੋਜੀ ਨਾਲ਼ ਆਏ ਬਦਲਾਵਾਂ ਦਾ ਵੱਡੇ ਪੱਧਰ 'ਤੇ ਪੈਂਦਾ ਪ੍ਰਭਾਵ ਜਿਹਨੂੰ ਸ਼ਾਇਦ ਇਹਦੇ ਵਰਤੋਂਕਾਰ ਨਾ ਦੇਖ ਸਕਣ; ਕੁਦਰਤ ਦੇ ਤਾਪਮਾਨ ਨੂੰ ਸਥਾਈ ਬਣਾਈ ਰੱਖਣ ਦੀ ਪ੍ਰਣਾਲੀ ਦਾ ਵਿਨਾਸ਼; ਅਨਿਯਮਿਤ ਮਾਨਸੂਨ, ਹਵਾ ਪ੍ਰਦੂਸ਼ਣ ਦਾ ਅਸਧਾਰਣ ਪੱਧਰ। ਇਹ ਸਾਰਾ ਕੁਝ ਮਾਰੂ ਸਿੱਟੇ ਕੱਢਦਾ ਹੈ।
ਸ਼ੰਕਰ ਅਤੇ ਉਨ੍ਹਾਂ ਦੇ ਸਾਥੀ ਕਿਸਾਨ ਇਨ੍ਹਾਂ ਗੱਲਾਂ ਨੂੰ ਸਮਝਦੇ ਹਨ। ਉਹ ਪੁੱਛਦੇ ਹਨ,''ਤੁਸੀਂ ਕਿੰਨੀਆਂ ਸੜਕਾਂ ਬਣਾਓਗੇ? ਤੁਸੀਂ ਜਿੰਨਾ ਕੰਕਰੀਟ ਵਿਛਾਈ ਜਾਓਗੇ, ਜ਼ਮੀਨ ਓਨਾ ਤਾਪ ਸੋਖਦੀ ਜਾਵੇਗੀ। ਮੀਂਹ ਦੌਰਾਨ ਕੁਦਰਤੀ ਪਹਾੜ ਵੀ ਭੂਮੀਗਤ ਪਾਣੀ ਭਰਨ ਵਿੱਚ ਭੂਮਿਕਾ ਨਿਭਾਉਂਦੇ ਹਨ। ਮਨੁੱਖਾਂ ਨੇ ਕੰਕਰੀਟ ਨਾਲ਼ ਜਿਹੜੇ ਪਹਾੜ ਉਸਾਰੇ ਹਨ ਉਨ੍ਹਾਂ ਨਾਲ਼ ਧਰਤੀ ਨੂੰ ਸਾਹ ਲੈਣ ਤਰੋਤਾਜ਼ਾ ਹੋਣ ਦਾ ਅਤੇ ਮੀਂਹ ਦੀ ਸਹੀ ਵਰਤੋਂ ਕਰਨ ਦਾ ਮੌਕਾ ਹੀ ਨਹੀਂ ਮਿਲ਼ਦਾ। ਜੇ ਪਾਣੀ ਨਹੀਂ ਹੋਵੇਗਾ ਤਾਂ ਤੁਸੀਂ ਅਨਾਜ ਕਿੱਥੇ ਉਗਾਓਗੇ?''
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ ਕਰਕੇ zahra@ruralindiaonline.org ਨੂੰ ਲਿਖੋ ਅਤੇ ਲੇਖ ਦੀ ਇੱਕ ਕਾਪੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ