ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਇੱਕ ਆਜੜੀ ਤੇ ਕਿਸਾਨ ਛੇਰਿੰਗ ਅੰਗਦੁਈ ਦੱਸਦੇ ਹਨ,''ਕਰੀਬ 30 ਸਾਲ ਪਹਿਲਾਂ ਸਪੀਤੀ ਵਿਖੇ ਬੜੀ ਬਰਫ਼ਬਾਰੀ ਹੋਇਆ ਕਰਦੀ ਸੀ। ਇਹ ਇਲਾਕਾ ਪਹਿਲਾਂ ਜ਼ਿਆਦਾ ਹਰਿਆ-ਭਰਿਆ ਸੀ ਤੇ ਘਾਹ ਵੀ ਕਾਫ਼ੀ ਮਾਤਰਾ ਵਿੱਚ ਉਪਲਬਧ ਸੀ।''
43 ਸਾਲਾ ਆਜੜੀ ਛੇਰਿੰਗ ਵਿਖੇ ਰਹਿੰਦੇ ਹਨ, ਇਹ ਪਿੰਡ ਸਮੁੰਦਰ-ਤਲ ਤੋਂ 14,500 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਤੇ ਇੱਥੇ 158 ਲੋਕ (ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ) ਰਹਿੰਦੇ ਹਨ। ਉਨ੍ਹਾਂ ਵਿੱਚੋਂ ਬਹੁਤੇਰੇ ਭੋਟ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਰਾਜ ਵਿੱਚ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਸਥਾਨਕ ਲੋਕਾਂ ਦੀ ਇੱਕ ਵੱਡੀ ਅਬਾਦੀ ਖੇਤੀ, ਪਸ਼ੂ-ਪਾਲਣ ਤੇ ਸਪੀਤੀ ਵਿੱਚ ਆਉਣ ਵਾਲ਼ੇ ਸੈਲਾਨੀਆਂ ਤੋਂ ਆਪਣੀ ਰੋਜ਼ੀਰੋਟੀ ਕਮਾਉਂਦੀ ਹੈ।
2021 ਦੇ ਜੁਲਾਈ ਦੇ ਅੰਤ ਵਿੱਚ ਅਸੀਂ ਛੇਰਿੰਗ ਤੇ ਲੰਗਜ਼ਾ ਦੇ ਕੁਝ ਹੋਰ ਆਜੜੀਆਂ ਨੂੰ ਮਿਲ਼ੇ ਸਾਂ। ਉਹ ਸਾਰੇ ਆਪਣੀਆਂ ਭੇਡਾਂ, ਬੱਕਰੀਆਂ ਤੇ ਹੋਰ ਡੰਗਰਾਂ ਦੀ ਸਾਂਭ-ਸੰਭਾਲ਼ ਵਿੱਚ ਰੁੱਝੇ ਸਨ। ਉਨ੍ਹਾਂ ਨੇ ਸਾਨੂੰ ਆਪਣੀਆਂ ਦੂਰ-ਦੁਰਾਡੇ ਦੀਆਂ ਯਾਤਰਾਵਾਂ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਡੰਗਰਾਂ ਲਈ ਚਰਾਂਦਾਂ ਦੀ ਭਾਲ਼ ਵਿੱਚ ਕਰਨੀਆਂ ਪੈਂਦੀਆਂ ਹਨ।
ਛੇਰਿੰਗ ਕਹਿੰਦੇ ਹਨ,''ਹੁਣ ਇੱਥੇ ਪਹਾੜਾਂ 'ਤੇ ਪਹਿਲਾਂ ਵਾਂਗਰ ਬਰਫ਼ਬਾਰੀ ਨਹੀਂ ਹੁੰਦੀ। ਮੀਂਹ ਵੀ ਘੱਟ ਪੈਂਦਾ ਹੈ। ਇਸੇ ਲਈ, ਹੁਣ ਵੱਧ ਘਾਹ ਨਹੀਂ ਉੱਗਦਾ। ਇਹੀ ਕਾਰਨ ਹੈ ਕਿ ਸਾਨੂੰ ਆਪਣੇ ਡੰਗਰਾਂ ਨੂੰ ਘਾਹ ਚਰਾਉਣ ਲਈ, ਹੁਣ ਬਹੁਤੀਆਂ ਉੱਚੀਆਂ ਥਾਵਾਂ ਵੱਲ ਲੈ ਜਾਣਾ ਪੈਂਦਾ ਹੈ।''
ਸਪੀਤੀ, ਹਿਮਾਚਲ ਪ੍ਰਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਪੈਂਦਾ ਹੈ, ਇਹ ਇਲਾਕਾ ਬਹੁਤ ਹੀ ਉੱਚੀਆਂ ਘਾਟੀਆਂ ਤੇ ਕਈ ਨਦੀਆਂ ਦਾ ਘਰ ਹੈ। ਇਸ ਇਲਾਕੇ ਦਾ ਵਾਤਾਵਰਣ ਠੰਡੇ ਰੇਗਿਸਤਾਨ ਜਿਹਾ ਹੈ, ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸੈਲਾਨੀਆਂ ਨੂੰ ਕਾਫ਼ੀ ਆਕਰਸ਼ਤ ਕਰਦਾ ਹੈ। ਖ਼ਾਸ ਕਰਕੇ ਗਰਮੀਆਂ ਵਿੱਚ ਇੱਥੇ ਕਾਫ਼ੀ ਸੈਲਾਨੀ ਆਉਂਦੇ ਹਨ। ਸੈਲਾਨੀ ਇੱਥੇ ਮਿਲਕੀ ਵੇਅ ਅਕਾਸ਼ਗੰਗਾ ਦੇਖਣ ਦੇ ਇਰਾਦੇ ਨਾਲ਼ ਵੀ ਆਉਂਦੇ ਹਨ, ਜੋ ਰਾਤ ਵੇਲ਼ੇ ਅਕਾਸ਼ ਵਿੱਚ ਬੜੀ ਸਾਫ਼ ਤੇ ਸਪੱਸ਼ਟ ਦਿਖਾਈ ਪੈਂਦੀ ਹੈ।
ਇਸ ਫ਼ਿਲਮ ਵਿੱਚ ਦਿਖਾਈ ਗਈ ਆਜੜੀ ਦੀ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਅਨਿਯਮਤ ਢੰਗ ਨਾਲ਼ ਹੋਣ ਵਾਲ਼ੀ ਬਰਫ਼ਬਾਰੀ ਕਿੰਝ ਛੇਰਿੰਗ ਤੇ ਇੱਥੋਂ ਦੇ ਬਾਕੀ ਆਜੜੀਆਂ ਦੇ ਜੀਵਨ ਤੇ ਰੋਜ਼ੀਰੋਟੀ 'ਤੇ ਅਸਰ ਪਾ ਰਹੀ ਹੈ।
''ਅਸੀਂ (ਪਿੰਡ-ਵਾਸੀ) ਆਉਣ ਵਾਲ਼ੇ ਸੰਕਟ ਦਾ ਅਨੁਮਾਨ ਲਾ ਲਾ ਕੇ ਇਹੀ ਸੋਚਦੇ ਰਹਿੰਦੇ ਹਾਂ ਕਿ ਇੱਕ ਦਿਨ ਸਾਡੀਆਂ ਭੇਡ-ਬੱਕਰੀਆਂ ਖ਼ਤਮ ਹੋ ਜਾਣਗੀਆਂ, ਕਿਉਂਕਿ ਜ਼ਿਆਦਾ ਘਾਹ ਤਾਂ ਰਿਹਾ ਹੀ ਨਹੀਂ। ਅਸੀਂ ਘਾਹ ਕਿੱਥੋਂ ਲੱਭਾਂਗੇ?'' ਉਹ ਸਵਾਲ ਪੁੱਛਦੇ ਹਨ ਤੇ ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ 'ਤੇ ਉੱਭਰ ਆਉਂਦੀਆਂ ਹਨ।

ਲੰਗਜ਼ਾ ਪਿੰਡ, ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਸਮੁੰਦਰ-ਤਲ ਤੋਂ 14,500 ਫੁੱਟ ਦੀ ਉੱਚਾਈ 'ਤੇ ਵੱਸਿਆ ਹੋਇਆ ਹੈ। ਇਸ ਪਿੰਡ ਵਿੱਚ ਕਰੀਬ 32 ਪਰਿਵਾਰ ਰਹਿੰਦੇ ਹਨ ਤੇ ਕੁੱਲ ਵਸੋਂ ਦੇ 91 ਫ਼ੀਸਦ ਲੋਕ ਭੋਟ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਜੋ ਰਾਜ ਵਿੱਚ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ

ਪਿੰਡ ਦੇ ਸਾਰੇ ਡੰਗਰ, ਛੇਰਿੰਗ ਦੇ ਹੋਰ ਆਜੜੀਆਂ ਦੇ ਨਾਲ਼ ਪਹਾੜਾਂ ਦੀਆਂ ਢਲਾਣਾਂ 'ਤੇ ਘਾਹ ਚਰਨ ਲਈ ਜਮ੍ਹਾ ਹੋਏ ਹਨ

ਕਦੇ-ਕਦੇ ਛੇਰਿੰਗ ਦੀ ਧੀ ਤੇਨਜ਼ਿਨ ਲੱਕੀ ਵੀ ਡੰਗਰਾਂ ਲਈ ਘਾਹ ਦੀ ਭਾਲ਼ ਵੇਲ਼ੇ ਆਉਂਦੀ ਹਨ। ਛੇਰਿੰਗ ਕਹਿੰਦੇ ਹਨ,'ਪਾਣੀ ਦੀ ਘਾਟ ਕਾਰਨ ਧਰਤੀ ਸੁੱਕ ਜਾਂਦੀ ਹੈ ਤੇ ਤ੍ਰੇੜਾਂ ਪੈ ਜਾਂਦੀਆਂ ਹਨ'

ਪਿੰਡ ਦੀਆਂ ਭੇਡਾਂ, ਬੱਕਰੀਆਂ, ਗਧੇ ਤੇ ਹੋਰ ਡੰਗਰ ਚਰਾਂਦਾਂ ਦੀ ਭਾਲ਼ ਵਿੱਚ ਉੱਚੀਆਂ ਪਹਾੜੀ ਥਾਵਾਂ ਵੱਲ ਵੱਧ ਰਹੇ ਹਨ

ਛੇਰਿੰਗ ਅੰਗਦੁਈ ਤੇ ਬਾਕੀ ਆਜੜੀ ਸਾਰੇ ਡੰਗਰਾਂ ਦੇ ਇੱਕ ਥਾਵੇਂ ਇਕੱਠਾ ਹੋਣ ਦੀ ਉਡੀਕ ਕਰ ਰਹੇ ਹਨ, ਤਾਂਕਿ ਘਾਹ ਚਰਾਉਣ ਲਈ ਉਨ੍ਹਾਂ ਨੂੰ ਉੱਚੀਆਂ ਚਰਾਂਦਾਂ 'ਤੇ ਲਿਜਾਇਆ ਜਾ ਸਕੇ

ਲੰਗਜ਼ਾ ਪਿੰਡ ਦੇ ਡੰਗਰ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਘਾਹ ਚਰ ਰਹੇ ਹਨ

ਘਾਹ ਚਰਨ ਤੋਂ ਬਾਅਦ ਸ਼ਾਮੀਂ ਪਿੰਡ ਵੱਲ ਮੁੜਦੇ ਡੰਗਰ

ਛੇਰਿੰਗ ਅੰਗਦੁਈ ਇੱਕ ਕਿਸਾਨ ਹਨ ਤੇ ਉਨ੍ਹਾਂ ਕੋਲ਼ ਦੋ ਗਾਵਾਂ ਤੇ ਇੱਕ ਗਧਾ ਹੈ। ਉਨ੍ਹਾਂ ਨੂੰ ਤੌਖ਼ਲਾ ਹੈ ਕਿ ਆਲਮੀ ਤਪਸ਼ ਕਾਰਨ ਇੱਕ ਦਿਨ ਸਪੀਤੀ ਦੇ ਸਾਰੇ ਡੰਗਰ ਮਰ ਮੁੱਕ ਜਾਣਗੇ

ਚਾਨਣੀ ਰਾਤ ਵੇਲ਼ੇ ਦਿਖਾਈ ਦਿੰਦੀ ਮਿਲਕੀ ਵੇਅ ਅਕਾਸ਼ਗੰਗਾ
ਤਰਜਮਾ: ਕਮਲਜੀਤ ਕੌਰ