ਇਹ ਸਟੋਰੀ ਜਲਵਾਯੂ ਤਬਦੀਲੀ ' ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
ਮਛੇਰੇ ਵਜੋਂ ਕੰਮ ਕਰਨ ਵਾਲ਼ੀਆਂ ਇਹ ਔਰਤਾਂ ਸਵੇਰੇ 3 ਵਜੇ ਉੱਠ ਜਾਂਦੀਆਂ ਹਨ। ਉਨ੍ਹਾਂ ਨੇ ਸਵੇਰੇ 5 ਵਜੇ ਕੰਮ ਸ਼ੁਰੂ ਕਰਨਾ ਹੁੰਦਾ ਹੈ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਘਰ ਦਾ ਪੂਰਾ ਕੰਮ ਵੀ ਨਿਬੇੜਨਾ ਪੈਂਦਾ ਹੈ। ਉਨ੍ਹਾਂ ਦੇ ਕੰਮ ਦੀ ਇਸ ਇਸ ਥਾਂ ਦੀ ਉਨ੍ਹਾਂ ਦੇ ਘਰ ਤੋਂ ਕੋਈ ਬਹੁਤੀ ਦੂਰੀ ਨਹੀਂ ਹੈ, ਸੋ ਉਹ ਪੈਦਲ ਹੀ ਜਾਂਦੀਆਂ ਹਨ। ਉਹ ਕੰਮ 'ਤੇ ਅੱਪੜਿਆਂ ਹੀ ਸਮੁੰਦਰ ਦੇ ਗੋਤੇ ਲਾਉਣੇ ਸ਼ੁਰੂ ਕਰ ਦਿੰਦੀਆਂ ਹਨ।
ਕਦੇ-ਕਦਾਈਂ ਉਹ ਬੇੜੀ 'ਤੇ ਸਵਾਰ ਹੋ ਨੇੜਲੇ ਦੀਪਾਂ ਨੂੰ ਜਾਂਦੀਆਂ ਹਨ ਅਤੇ ਉੱਥੇ ਗੋਤੇ ਲਾਉਂਦੀਆਂ ਹਨ। ਉਹ ਅਗਲੇ 7-10 ਘੰਟਿਆਂ ਤੀਕਰ ਬਾਰ-ਬਾਰ ਗੋਤੇ ਲਾਉਂਦੀਆਂ ਰਹਿੰਦੀਆਂ ਹਨ। ਹਰ ਗੋਤੇ ਤੋਂ ਬਾਅਦ ਜਦੋਂ ਉਹ ਉਤਾਂਹ ਆਉਂਦੀਆਂ ਹਨ ਤਾਂ ਆਪਣੇ ਨਾਲ਼ ਸਮੁੰਦਰੀ ਘਾਹ-ਬੂਟ ਦੀ ਪੰਡ ਕੱਢੀ ਲਿਆਉਂਦੀਆਂ ਹਨ। ਇੰਝ ਜਾਪਦਾ ਹੈ ਜਿਵੇਂ ਉਨ੍ਹਾਂ ਦਾ ਜੀਵਨ ਇਸੇ 'ਤੇ ਟਿਕਿਆ ਹੋਵੇ ਵੈਸੇ ਸੱਚਾਈ ਵੀ ਇਹੀ ਹੀ ਹੈ। ਤਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਭਾਰਤੀਨਗਰ ਦੀ ਮਛੇਰਾ ਬਸਤੀ ਦੀਆਂ ਔਰਤਾਂ ਵੱਲੋਂ ਸਮੁੰਦਰ ਵਿੱਚ ਗੋਤੇ ਲਾ ਕੇ ਸਮੁੰਦਰੀ ਪੌਦੇ ਅਤੇ ਘਾਹ ਇਕੱਠਾ ਕਰਨਾ ਹੀ ਉਨ੍ਹਾਂ ਦੀ ਕਮਾਈ ਦਾ ਮੁੱਖ ਵਸੀਲਾ ਹੈ।
ਕੰਮ 'ਤੇ ਜਾਣ ਲੱਗਿਆਂ ਉਹ ਕੱਪੜਿਆਂ ਅਤੇ ਜਾਲ਼ੀਦਾਰ ਝੋਲ਼ੇ ਦੇ ਨਾਲ਼ ਨਾਲ਼ 'ਸੁਰੱਖਿਆ ਉਪਕਰਣ' ਵੀ ਨਾਲ਼ ਲਿਜਾਂਦੀਆਂ ਹਨ। ਜਿਵੇਂ ਹੀ ਬੇੜੀ ਚਲਾਉਣ ਵਾਲ਼ੇ ਉਨ੍ਹਾਂ ਨੂੰ ਸਮੁੰਦਰੀ ਘਾਹ-ਬੂਟ ਨਾਲ਼ ਭਰੇ ਦੀਪਾਂ ਵੱਲ ਲੈ ਜਾਂਦੇ ਹਨ, ਉਵੇਂ ਹੀ ਔਰਤਾਂ ਆਪਣੀਆਂ ਸਾੜੀਆਂ ਨੂੰ ਲੱਤਾਂ ਵਿਚਾਲ਼ਿਓਂ ਖਿੱਚ ਕੇ ਧੋਤੀ ਬਣਾ ਲੈਂਦੀਆਂ ਹਨ, ਜਾਲ਼ੀਦਾਰ ਝੋਲ਼ਿਆਂ ਨੂੰ ਲੱਕਾਂ ਦੁਆਲ਼ੇ ਵਲ਼ੀ, ਸਾੜੀਆਂ ਤੋਂ ਉੱਪਰੋਂ ਟੀ-ਸ਼ਰਟ ਪਾਈ ਤਿਆਰ-ਬਰ-ਤਿਆਰ ਹੋ ਜਾਂਦੀਆਂ ਹਨ। 'ਸੁਰੱਖਿਆ' ਉਪਕਰਣਾਂ ਵਿੱਚ ਅੱਖਾਂ ਲਈ ਚਸ਼ਮੇ, ਉਂਗਲਾਂ 'ਤੇ ਲਪੇਟਣ ਵਾਸਤੇ ਕੱਪੜੇ ਦੀਆਂ ਪੱਟੀਆਂ ਜਾਂ ਸਰਜੀਕਲ ਦਸਤਾਨੇ ਅਤੇ ਪੱਥਰਾਂ ਦੀ ਰਗੜ ਤੋਂ ਬਚਾਉਣ ਵਾਸਤੇ ਪੈਰੀਂ ਰਬੜ ਦੀਆਂ ਚੱਪਲਾਂ ਵੀ ਸ਼ਾਮਲ ਹੁੰਦੇ ਹਨ। ਇਹ ਚੱਪਲਾਂ ਗੋਤੇ ਦੌਰਾਨ ਜਾਂ ਦੀਪਾਂ 'ਤੇ ਤੁਰਨ ਫਿਰਨ ਦੌਰਾਨ ਵੀ ਪਾਈ ਹੀ ਰੱਖਦੀਆਂ ਹਨ।
ਸਮੁੰਦਰੀ ਘਾਹ-ਬੂਟ ਇਕੱਠਾ ਕਰਨਾ ਇਸ ਇਲਾਕੇ ਦਾ ਇੱਕ ਰਵਾਇਤੀ ਪੇਸ਼ਾ ਹੈ ਜੋ ਮਾਂ ਤੋਂ ਧੀ ਨੂੰ ਵਿਰਸੇ ਵਿੱਚ ਮਿਲ਼ਦਾ ਹੀ ਜਾ ਰਿਹਾ ਹੈ। ਕੁਝ ਇਕੱਲੀਆਂ ਅਤੇ ਬੇਸਹਾਰਾ ਔਰਤਾਂ ਵਾਸਤੇ ਇਹੀ ਆਮਦਨੀ ਦਾ ਇੱਕੋ-ਇੱਕ ਵਸੀਲਾ ਹੈ।
ਸਮੁੰਦਰੀ ਘਾਹ-ਬੂਟ ਦੇ ਮੁੱਕਦੇ ਜਾਣ ਨਾਲ਼ ਉਨ੍ਹਾਂ ਦੀ ਆਮਦਨੀ ਵੀ ਘੱਟਦੀ ਜਾ ਰਹੀ ਹੈ ਜਿਹਦੇ ਮਗਰਲੇ ਕਾਰਨਾਂ ਵਿੱਚ ਤਾਪਮਾਨ ਵਿੱਚ ਵਾਧਾ, ਸਮੁੰਦਰ ਦੇ ਪਾਣੀ ਦਾ ਵੱਧਦਾ ਪੱਧਰ, ਬਦਲਦੇ ਮੌਸਮ ਅਤੇ ਜਲਵਾਯੂ ਤਬਦੀਲੀ ਅਤੇ ਸਮੁੰਦਰੀ ਵਸੀਲਿਆਂ ਦੀ ਵਿਤੋਂਵੱਧ ਲੁੱਟ ਸ਼ਾਮਲ ਹੈ।
''ਸਮੁੰਦਰੀ ਘਾਹ-ਬੂਟ ਦਾ ਵਾਧਾ ਬਹੁਤ ਘੱਟ ਗਿਆ ਹੈ। ਹੁਣ ਇਹ ਸਾਡੇ ਹੱਥ ਓਨਾ ਨਹੀਂ ਲੱਗਦਾ ਜਿੰਨਾ ਪਹਿਲਾਂ ਲੱਗ ਜਾਇਆ ਕਰਦਾ ਸੀ। ਹੁਣ ਸਾਡੇ ਕੋਲ਼ ਮਹੀਨੇ ਦੇ ਤਕਰੀਬ 10 ਦਿਨ ਹੀ ਕੰਮ ਹੁੰਦਾ ਹੈ,'' 42 ਸਾਲਾ ਰੱਕਅੰਮਾ ਕਹਿੰਦੀ ਹਨ ਜੋ ਇੱਥੇ ਕੰਮ ਕਰਨ ਵਾਲ਼ੀਆਂ ਔਰਤਾਂ ਵਿੱਚੋਂ ਹੀ ਹਨ ਅਤੇ ਭਾਰਤੀਨਗਰ ਦੀ ਰਹਿਣ ਵਾਲ਼ੀ ਹਨ ਜੋ ਤਿਰੂਪੁੱਲਾਨੀ ਬਲਾਕ ਦੇ ਮਾਯਾਕੁਲਮ ਪਿੰਡ ਦੇ ਕੋਲ਼ ਸਥਿਤ ਹੈ। ਸਾਫ਼ ਹੈ ਕਿ ਹੁਣ ਸਾਲ ਵਿੱਚ ਸਿਰਫ ਪੰਜ ਮਹੀਨੇ ਹੀ ਅਜਿਹੇ ਹੁੰਦੇ ਹਨ ਜਦੋਂ ਔਰਤਾਂ ਦੁਆਰਾ ਯੋਜਨਾਬੱਧ ਤਰੀਕੇ ਨਾਲ਼ ਸਮੁੰਦਰੀ ਘਾਹ-ਬੂਟ ਇਕੱਠਾ ਕੀਤਾ ਜਾਂਦਾ ਹੈ, ਇਹ ਸਮੇਂ ਦੀ ਮਾਰ ਹੈ। ਰੱਕਅੰਮਾ ਨੂੰ ਲੱਗਦਾ ਹੈ ਕਿ ਦਸੰਬਰ 2004 ਦੀ ''ਸੁਨਾਮੀ ਤੋਂ ਬਾਅਦ ਤੋਂ ਲਹਿਰਾਂ ਵੱਧ ਤੀਬਰ ਹੋ ਗਈਆਂ ਹਨ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ।''
ਅਜਿਹੀਆਂ ਤਬਦੀਲੀਆਂ ਏ. ਮੂਕੁਪੋਰੀ ਜਿਹੇ ਚੁਗਾਈ (ਸਮੁੰਦਰੀ ਘਾਹ-ਬੂਟ ) ਕਰਨ ਵਾਲ਼ਿਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਜੋ ਅੱਠ ਸਾਲ ਦੀ ਉਮਰ ਤੋਂ ਹੀ ਸਮੁੰਦਰੀ ਘਾਹ-ਬੂਟ ਇਕੱਠਾ ਕਰਨ ਲਈ ਗੋਤਾ ਲਾ ਰਹੀ ਹਨ। ਜਦੋਂ ਉਹ ਬਹੁਤ ਛੋਟੀ ਸਨ ਤਾਂ ਉਨ੍ਹਾਂ ਦੇ ਮਾਪਿਆਂ ਦੀ ਮੌਤ ਹੀ ਗਈ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸ਼ਰਾਬੀ ਨਾਲ਼ ਵਿਆਹ ਦਿੱਤਾ। 35 ਸਾਲਾ ਮੂਕੁਪੋਰੀ ਦੀਆਂ ਤਿੰਨ ਧੀਆਂ ਹਨ ਅਤੇ ਉਹ ਅਜੇ ਵੀ ਆਪਣੇ ਪਤੀ ਦੇ ਨਾਲ਼ ਹੀ ਰਹਿੰਦੀ ਹਨ; ਵੈਸੇ ਪਤੀ ਹੁਣ ਕੁਝ ਕਮਾਈ ਕਰਨ ਅਤੇ ਪਰਿਵਾਰ ਨੂੰ ਪਾਲ਼ਣ ਦੀ ਹਾਲਤ ਵਿੱਚ ਨਹੀਂ ਹੈ।
ਘਰ ਦੀ ਇਕੱਲੀ ਕਮਾਊ ਹੋਣ ਨਾਤੇ ਉਹ ਦੱਸਦੀ ਹਨ ਕਿ ਆਪਣੀਆਂ ਧੀਆਂ ਨੂੰ ਅੱਗੇ ਪੜ੍ਹਾਉਣ ਵਾਸਤੇ ''ਸਮੁੰਦਰੀ ਘਾਹ-ਬੂਟ ਤੋਂ ਹੋਣ ਵਾਲ਼ੀ ਕਮਾਈ ਕਾਫ਼ੀ ਨਹੀਂ ਹੈ।'' ਉਨ੍ਹਾਂ ਦੀ ਵੱਡੀ ਧੀ ਬੀ.ਕਾਮ ਦੀ ਪੜ੍ਹਾਈ ਕਰ ਰਹੀ ਹੈ ਅਤੇ ਦੂਸਰੀ ਬੇਟੀ ਕਾਲਜ ਵਿੱਚ ਦਾਖ਼ਲੇ ਦੀ ਉਡੀਕ ਕਰ ਰਹੀ ਹੈ। ਸਭ ਤੋਂ ਛੋਟੀ ਬੇਟੀ ਛੇਵੀਂ ਜਮਾਤ ਵਿੱਚ ਹੈ। ਮੂਕੁਪੋਰੀ ਨੂੰ ਡਰ ਹੈ ਕਿ ''ਇਹ ਚੀਜ਼ਾਂ ਛੇਤੀ ਹੀ ਠੀਕ ਹੋਣ ਵਾਲ਼ੀਆਂ ਨਹੀਂ।''
ਉਹ ਅਤੇ ਉਨ੍ਹਾਂ ਦੀ ਸਾਥੀ, ਮੁਥੂਰਿਯਾਰ ਭਾਈਚਾਰੇ ਨਾਲ਼ ਸਬੰਧ ਰੱਖਦੀਆਂ ਹਨ, ਜਿਨ੍ਹਾਂ ਨੂੰ ਤਮਿਲਨਾਡੂ ਅੰਦਰ ਸਭ ਤੋਂ ਪਿਛੜੇ ਵਰਗ (ਐੱਮਬੀਸੀ) ਵਜੋਂ ਸੂਚੀਬੱਧ ਕੀਤਾ ਗਿਆ ਹੈ। ਰਾਮਨਾਥਪੁਰਮ ਮਛੇਰਾ ਸੰਗਠਨ ਦੇ ਪ੍ਰਧਾਨ, ਏ.ਪਲਸਾਮੀ ਦਾ ਅੰਦਾਜ਼ਾ ਹੈ ਕਿ ਤਮਿਲਨਾਡੂ ਦੇ 940 ਕਿਲੋਮੀਟਰ ਤਟ 'ਤੇ ਸਮੁੰਦਰੀ ਘਾਹ-ਬੂਟ ਚੁਗਣ ਵਾਲ਼ੀਆਂ ਔਰਤਾਂ ਦੀ ਗਿਣਤੀ 600 ਤੋਂ ਵੱਧ ਨਹੀਂ ਹੈ। ਪਰ ਉਹ ਜੋ ਕੰਮ ਕਰਦੀਆਂ ਹਨ ਉਸ ਕੰਮ 'ਤੇ ਅਬਾਦੀ ਦਾ ਵੱਡਾ ਹਿੱਸਾ ਨਿਰਭਰ ਕਰਦਾ ਹੈ ਜੋ ਸਿਰਫ਼ ਤਮਿਲਨਾਡੂ ਤੱਕ ਹੀ ਸੀਮਤ ਨਹੀਂ।
''ਜਿਹੜਾ ਸਮੁੰਦਰੀ ਘਾਹ-ਬੂਟ ਅਸੀਂ ਚੁਗਦੀਆਂ ਹਾਂ ਉਹਦਾ ਇਸਤੇਮਾਲ ਅਗਰ ਬਣਾਉਣ ਲਈ ਕੀਤਾ ਜਾਂਦਾ ਹੈ,'' 42 ਸਾਲਾ ਰਾਣੀਅੰਮਾ ਸਮਝਾਉਂਦੀ ਹਨ। ਜੋ ਜਿਲੇਟਿਨ ਜਿਹਾ ਪਦਾਰਥ ਹੁੰਦਾ ਹੈ ਜਿਹਨੂੰ ਖਾਣ ਸਮੱਗਰੀ ਨੂੰ ਗਾੜ੍ਹਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਇੱਥੋਂ ਪ੍ਰਾਪਤ ਸਮੁੰਦਰੀ ਘਾਹ-ਬੂਟ ਫ਼ੂਡ ਇੰਡਸਟ੍ਰੀ, ਕੁਝ ਖਾਦਾਂ ਦੇ ਘਟਕਾਂ ਦੇ ਰੂਪ ਵਿੱਚ, ਫ਼ਾਰਮਾ ਕੰਪਨੀਆਂ ਦੁਆਰਾ ਦਵਾਈਆਂ ਬਣਾਉਣ ਵਿੱਚ ਅਤੇ ਹੋਰ ਵੀ ਕਈ ਕੰਮਾਂ ਵਿੱਚ ਵਰਤਿਆ ਜਾਂਦਾ ਹੈ। ਔਰਤਾਂ ਸਮੁੰਦਰੀ ਘਾਹ-ਬੂਟ ਨੂੰ ਇਕੱਠਾ ਕਰਕੇ ਸੁਕਾਉਂਦੀਆਂ ਹਨ, ਜਿਸ ਘਾਹ ਨੂੰ ਬਾਅਦ ਵਿੱਚ ਅਗਲੇਰੀ ਪ੍ਰਕਿਰਿਆ ਲਈ ਮਦੁਰਈ ਜ਼ਿਲ੍ਹੇ ਦੀਆਂ ਫ਼ੈਕਟਰੀਆਂ ਭੇਜਿਆ ਜਾਂਦਾ ਹੈ। ਇਸ ਇਲਾਕੇ ਵਿੱਚ ਇਹ ਦੀਆਂ (ਸਮੁੰਦਰੀ ਘਾਹ-ਬੂਟ ) ਦੋ ਕਿਸਮਾਂ: ਮੱਟਾਕੋਰਈ ( ਗ੍ਰਾਸਿਲਾਰਿਆ / gracilaria ) ਅਤੇ ਮਾਰੀਕੋਜ਼ੁੰਤੁ ( ਜੇਲੀਡਿਅਮ / gelidium amansii ) ਪਾਈਆਂ ਜਾਂਦੀਆਂ ਹਨ। ਜੇਲੀਡਿਅਮ ਨੂੰ ਡਾਇਟਿੰਗ ਕਰਨ ਵਾਲ਼ਿਆਂ ਵਾਸਤੇ ਸਲਾਦ, ਪੁਡਿੰਗ ਅਤੇ ਜੈਮ ਦੇ ਰੂਪ ਵਿੱਚ ਵੀ ਪਰੋਸਿਆ ਜਾਂਦਾ ਹੈ ਅਤੇ ਕਦੇ-ਕਦੇ ਕਬਜ਼ ਦੂਰ ਕਰਨ ਲਈ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਮੱਟਾਕੋਰਈ ਨੂੰ ਕੱਪੜਾ ਰੰਗਣ ਦੇ ਨਾਲ਼ ਨਾਲ਼ ਹੋਰ ਸਨਅਤੀ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ।
ਹਾਲਾਂਕਿ, ਸਨਅਤੀ ਇਸਤੇਮਾਲ ਵਿੱਚ ਸਮੁੰਦਰੀ ਘਾਹ-ਬੂਟ ਦੀ ਵੱਧਦੀ ਮੰਗ ਨੇ ਇਨ੍ਹਾਂ ਦੀ ਵਿਤੋਂਵੱਧ ਲੁੱਟ ਨੂੰ ਹੀ ਜਨਮ ਦਿੱਤਾ ਹੈ। ਕੇਂਦਰੀ ਲੂਣ ਅਤੇ ਸਮੁੰਦਰੀ ਰਸਾਇਣ ਖ਼ੋਜ ਸੰਸਥਾ (ਮੰਡਾਪਮ ਕੈਂਪ, ਰਾਮਨਾਥਪੁਰਮ) ਨੇ ਦੱਸਿਆ ਹੈ ਕਿ ਸਮੁੰਦਰੀ ਘਾਹ-ਬੂਟ ਦੀ ਅੰਨ੍ਹੇਵਾਹ ਹੁੰਦੀ ਚੁਗਾਈ ਕਾਰਨ ਇਹਦੀ ਉਪਲਬਧਤਾ ਵਿੱਚ ਗਿਰਾਵਟ ਆਈ ਹੈ।
ਅੱਜ ਦੇ ਝਾੜ ਵਿੱਚ ਗਿਰਾਵਟ ਝਲਕਦੀ ਹੈ। 45 ਸਾਲਾ ਐੱਸ. ਅੰਮ੍ਰਿਤਮ ਕਹਿੰਦੀ ਹਨ,''ਪੰਜ ਸਾਲ ਪਹਿਲਾਂ, ਅਸੀਂ ਸੱਤ ਘੰਟੇ ਵਿੱਚ ਘੱਟੋ ਘੱਟ 10 ਕਿਲੋਗ੍ਰਾਮ ਮਰੀਕੋਜ਼ੁੰਤ ਇਕੱਠਾ ਕਰ ਲੈਂਦੇ ਸਾਂ। ਪਰ ਹੁਣ ਇੱਕ ਦਿਨ ਵਿੱਚ 3-4 ਕਿਲੋ ਤੋਂ ਵੱਧ ਹੱਥ ਨਹੀਂ ਲੱਗਦਾ। ਇਸ ਤੋਂ ਇਲਾਵਾ, ਬੀਤੇ ਸਾਲਾਂ ਵਿੱਚ ਸਮੁੰਦਰੀ ਘਾਹ-ਬੂਟ ਦਾ ਅਕਾਰ ਵੀ ਕੁਝ ਛੋਟਾ ਪੈ ਗਿਆ ਹੈ।''
ਇਸ ਨਾਲ਼ ਜੁੜੇ ਉਦਯੋਗ ਵੀ ਸੁੰਘੜ ਗਏ ਹਨ। ਜ਼ਿਲ੍ਹੇ ਵਿੱਚ ਸਮੁੰਦਰੀ ਘਾਹ-ਬੂਟ ਦੇ ਰਸਾਇਣੀਕਰਨ ਦੀ ਕੰਪਨੀ ਦੇ ਮਾਲਕ ਏ ਬੋਸ ਕਹਿੰਦੇ ਹਨ, ਸਾਲ 2014 ਦੇ ਅੰਤ ਤੱਕ, ਮਦੁਰਈ ਵਿੱਚ ਅਗਰ ਦੀਆਂ 37 ਇਕਾਈਆਂ ਸਨ। ਉਹ ਦੱਸਦੇ ਹਨ ਕਿ ਅੱਜ ਉਹ ਸਿਰਫ਼ 7 ਰਹਿ ਗਈਆਂ ਹਨ ਅਤੇ ਉਹ ਆਪਣੀ ਕੁੱਲ ਸਮਰੱਥਾ ਦੇ ਸਿਰਫ਼ 40 ਫ਼ੀਸਦ ਹਿੱਸੇ ਨਾਲ਼ ਹੀ ਕੰਮ ਕਰ ਰਹੀਆਂ ਹਨ। ਬੋਸ, ਕੁੱਲ ਭਾਰਤੀ ਅਗਰ ਅਤੇ ਅਲਿਗਨੇਟ ਨਿਰਮਾਤਾ ਕਲਿਆਣਕਾਰੀ ਮੰਡਲ ਦੇ ਪ੍ਰਧਾਨ ਹੋਇਆ ਕਰਦੇ ਸਨ; ਹੁਣ ਮੈਂਬਰਾਂ ਦੀ ਘਾਟ ਕਾਰਨ ਇਹ ਸੰਗਠਨ ਪਿਛਲੇ ਦੋ ਸਾਲਾਂ ਤੋਂ ਕੋਈ ਸਰਗਰਮੀ ਨਹੀਂ ਕਰ ਰਿਹਾ।
''ਸਾਡੇ ਕੰਮ ਮਿਲ਼ਣ ਵਾਲ਼ੇ ਦਿਨਾਂ ਵਿੱਚ ਵੀ ਘਾਟ ਆ ਗਈ ਹੈ। ਘਾਹ ਦਾ ਸੀਜਨ ਨਾ ਹੋਣ ਦੀ ਸੂਰਤ ਵਿੱਚ ਸਾਨੂੰ ਕਿਤੇ ਹੋਰ ਕੋਈ ਕੰਮ ਨਹੀਂ ਮਿਲ਼ਦਾ,'' 55 ਸਾਲਾ ਐੱਮ. ਮਰਿਅੰਮਾ ਕਹਿੰਦੀ ਹਨ ਜੋ ਪਿਛਲੇ ਚਾਰ ਦਹਾਕਿਆਂ ਤੋਂ ਸਮੁੰਦਰੀ ਘਾਹ-ਬੂਟ ਇਕੱਠਾ ਕਰਨ ਦਾ ਕੰਮ ਕਰ ਰਹੀ ਹਨ।
1964 ਵਿੱਚ ਜਦੋਂ ਮਰਿਅੰਮਾ ਦਾ ਜਨਮ ਹੋਇਆ ਉਸ ਵੇਲ਼ੇ ਮਾਯਾਕੁਲਮ ਪਿੰਡ ਵਿੱਚ ਸਾਲ ਦੇ 179 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 38 ਡਿਗਰੀ ਸੈਲਸੀਅਸ ਜਾਂ ਉਸ ਤੋਂ ਵੱਧ ਪਹੁੰਚ ਜਾਂਦਾ। ਸਾਲ 2019 ਵਿੱਚ ਗਰਮ ਦਿਨਾਂ ਦੀ ਗਿਣਤੀ 271 ਹੋ ਗਈ ਭਾਵ ਕਿ 50 ਫੀਸਦ ਤੋਂ ਵੱਧ ਦਾ ਵਾਧਾ। ਇਸ ਸਾਲ ਜੁਲਾਈ ਵਿੱਚ ਨਿਊਯਾਰਕ ਟਾਈਮਸ ਦੁਆਰਾ ਆਨਲਾਈਨ ਪੋਸਟ ਕੀਤੇ ਗਏ ਜਲਵਾਯੂ ਅਤੇ ਆਲਮੀ ਤਪਸ਼ 'ਤੇ ਅਧਾਰਤ ਟੂਲ ਤੋਂ ਕੀਤੀ ਗਈ ਗਣਨਾ ਮੁਤਾਬਕ, ਅਗਲੇ 25 ਸਾਲਾਂ ਵਿੱਚ ਇਸ ਇਲਾਕੇ ਵਿੱਚ ਗਰਮ ਦਿਨਾਂ ਦੀ ਗਿਣਤੀ 286 ਤੋਂ 324 ਤੱਕ ਹੋ ਸਕਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੁੰਦਰ ਵੀ ਤਪ ਰਹੇ ਹਨ।
ਇਨ੍ਹਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਭਾਰਤੀਨਗਰ ਦੇ ਮਛੇਰਿਆਂ ਤੱਕ ਹੀ ਸੀਮਤ ਨਹੀਂ ਹੈ। ਜਲਵਾਯੂ ਤਬਦੀਲੀ 'ਤੇ ਇੰਟਰਗਵਰਨਮੈਂਟ ਪੈਨਲ ਦੀ ਤਾਜ਼ਾ ਰਿਪੋਰਟ (ਆਈਪੀਸੀਸੀ) ਉਨ੍ਹਾਂ ਅਧਿਐਨਾਂ ਦਾ ਜ਼ਿਕਰ ਕਰਦੀ ਹੈ ਜੋ ਸਮੁੰਦਰੀ ਘਾਹ-ਬੂਟ ਨੂੰ ਜਲਵਾਯੂ ਤਬਦੀਲੀ ਘੱਟ ਕਰਨ ਦੇ ਸੰਭਾਵਤ ਮਹੱਤਵਪੂਰਨ ਕਾਰਕ ਦੇ ਰੂਪ ਵਿੱਚ ਦੇਖਦੇ ਹਨ। ਇਹ ਰਿਪੋਰਟ ਕਹਿੰਦੀ ਹੈ: ''ਸਮੁੰਦਰੀ ਘਾਹ-ਬੂਟ ਨਾਲ਼ ਜੁੜੀ ਖੇਤੀ ਪ੍ਰਕਿਰਿਆ, ਰਿਸਰਚ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ।''
ਕੋਲਕਾਤਾ ਦੇ ਜਾਦਵਪੁਰ ਯੂਨੀਵਰਸਿਟੀ ਵਿੱਚ ਸਮੁੰਦਰ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਤੁਹਿਨ ਘੋਸ਼ ਉਸ ਰਿਪੋਰਟ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਵਿਚਾਰ ਬਤੌਰ ਮਛੇਰਾ ਕੰਮ ਕਰਨ ਵਾਲ਼ੀਆਂ ਔਰਤਾਂ ਦੇ ਬਿਆਨ ਤੋਂ ਪ੍ਰਮਾਣਤ ਹੁੰਦੇ ਹਨ ਜੋ ਝਾੜ ਵਿੱਚ ਆਈ ਗਿਰਾਵਟ ਦੀ ਗੱਲ ਕਰ ਰਹੀਆਂ ਹਨ। ਉਨ੍ਹਾਂ ਨੇ ਫ਼ੋਨ 'ਤੇ ਪਾਰੀ (PARI) ਨਾਲ਼ ਗੱਲ ਕੀਤੀ ਅਤੇ ਦੱਸਿਆ,''ਸਿਰਫ਼ ਸਮੁੰਦਰੀ ਘਾਹ-ਬੂਟ ਹੀ ਨਹੀਂ, ਸਗੋਂ ਪ੍ਰਵਾਸ ਜਿਹੀਆਂ ਹੋਰ ਵੀ ਕਈ ਪ੍ਰਕਿਰਿਆਵਾਂ ਵਿੱਚ ਗਿਰਾਵਟ ਜਾਂ ਵਾਧਾ ਦੇਖਣ ਨੂੰ ਮਿਲ਼ ਰਿਹਾ ਹੈ। ਇਹੀ ਗੱਲ ਮੱਛੀਆਂ ਦੇ ਝਾੜ , ਝੀਂਗਿਆਂ ਦੇ (ਪੂੰਗ) ਝਾੜ ਵਿੱਚ ਆਉਂਦੀ ਗਿਰਾਵਟ ਦੇ ਨਾਲ਼ ਨਾਲ਼ ਅਤੇ ਸਮੁੰਦਰ ਅਤੇ ਜ਼ਮੀਨ ਦੀਆਂ ਕਈ ਚੀਜ਼ਾਂ ਜਿਵੇਂ ਕੇਕੜੇ ਜਮ੍ਹਾਂ ਕਰਨਾ, ਸ਼ਹਿਰ ਇਕੱਠਾ ਕਰਨਾ, ਪ੍ਰਵਾਸ ( ਜਿਵੇਂ ਸੁੰਦਰਬਨ ਵਿੱਚ ਸਾਹਮਣੇ ਆਇਆ ) ਆਦਿ 'ਤੇ ਵੀ ਲਾਗੂ ਹੁੰਦੀ ਹੈ।''
ਪ੍ਰੋਫੈਸਰ ਘੋਸ਼ ਕਹਿੰਦੇ ਹਨ ਕਿ ਜੋ ਵੀ ਮਛੇਰਾ ਭਾਈਚਾਰਾ ਇਨ੍ਹਾਂ ਹਾਲਾਤਾਂ ਬਾਬਤ ਜੋ ਕੁਝ ਵੀ ਕਹਿ ਰਿਹਾ ਹੈ ਉਹ ਐਨ ਸਟੀਕ ਹੈ। ''ਹਾਲਾਂਕਿ, ਮੱਛੀਆਂ ਦੇ ਮਾਮਲੇ ਵਿੱਚ ਇਹ ਸਿਰਫ਼ ਜਲਵਾਯੂ ਤਬਦੀਲੀ ਦਾ ਮਸਲਾ ਹੀ ਨਹੀਂ ਹੈ ਸਗੋਂ ਜਹਾਜ਼ਾਂ ਰਾਹੀਂ ਅਤੇ ਸਨਅਤੀ-ਪੱਧਰ 'ਤੇ ਜਾਲ਼ ਵਿਛਾ ਕੇ ਅੰਨ੍ਹੇਵਾਹ ਫੜ੍ਹੀ ਜਾਂਦੀ ਮੱਛੀ ਵੀ ਇਹਦੇ ਮਗਰਲਾ ਮੁੱਖ ਕਾਰਕ ਹੈ। ਇਸ ਕਾਰਨ ਕਰਕੇ ਰਵਾਇਤੀ ਮਛੇਰਿਆਂ ਦੁਆਰਾ ਸਧਾਰਣ ਪਾਣੀ ਦੇ ਆਮ ਸ੍ਰੋਤਾਂ ਤੋਂ ਮੱਛੀ ਫੜ੍ਹਨ ਦੇ ਕੰਮ ਵਿੱਚ ਵੀ ਗਿਰਾਵਟ ਆਈ ਹੈ।''
ਹਾਲਾਂਕਿ, ਜਾਲ਼ ਸੁੱਟਣ ਵਾਲ਼ੇ ਇਹ ਜਹਾਜ਼ ਤਾਂ ਸਮੁੰਦਰੀ ਘਾਹ-ਬੂਟ ਨੂੰ ਪ੍ਰਭਾਵਤ ਨਹੀਂ ਕਰ ਪਾਉਂਦੇ ਹਾਂ ਪਰ ਉਦਯੋਗਾਂ ਵੱਲੋਂ ਹੁੰਦੀ ਇਨ੍ਹਾਂ ਦੀ ਲੁੱਟ ਨਿਸ਼ਚਿਤ ਰੂਪ ਨਾਲ਼ ਬੁਰਾ ਅਸਰ ਪਾ ਰਹੀ ਹੈ। ਭਾਰਤੀਨਗਰ ਦੀਆਂ ਔਰਤਾਂ ਅਤੇ ਉਨ੍ਹਾਂ ਦੇ ਸਾਥੀ ਹਾਰਵੈਸਟਰ ਨੇ ਇਸ ਪ੍ਰਕਿਰਿਆ ਵਿੱਚ ਛੋਟੇ, ਪਰ ਅਹਿਮ ਭੂਮਿਕਾ ਨਿਭਾਉਣ ਲਈ ਕਾਫ਼ੀ ਚਿੰਤਨ ਕੀਤਾ ਹੈ। ਉਨ੍ਹਾਂ ਦੇ ਨਾਲ਼ ਕੰਮ ਕਰਨ ਵਾਲ਼ੇ ਕਾਰਕੁੰਨਾਂ ਅਤੇ ਖ਼ੋਜਕਰਤਾਵਾਂ ਦਾ ਕਹਿਣਾ ਹੈ ਕਿ ਘੱਟ ਹੁੰਦੇ ਝਾੜ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਆਪਸ ਵਿੱਚ ਬੈਠਕਾਂ ਕੀਤੀਆਂ ਅਤੇ ਚੁਗਾਈ ਨੂੰ ਯੋਜਨਾਬੱਧ ਤਰੀਕੇ ਨਾਲ਼ ਜੁਲਾਈ ਤੋਂ ਅਗਲੇ ਪੰਜ ਮਹੀਨਿਆਂ ਤੀਕਰ ਸੀਮਤ ਰੱਖਣ ਦਾ ਫ਼ੈਸਲਾ ਲਿਆ। ਇਸ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਉਹ ਸਮੁੰਦਰ ਦੇ ਚੱਕਰ ਨਹੀਂ ਲਾਉਂਦੀਆਂ ਜਿਸ ਕਰਕੇ ਸਮੁੰਦਰੀ ਘਾਹ-ਬੂਟ ਨੂੰ ਵਧਣ-ਫੁੱਲਣ ਦਾ ਮੌਕਾ ਮਿਲ਼ਦਾ ਹੈ। ਮਾਰਚ ਤੋਂ ਜੂਨ ਤੱਕ, ਉਹ ਸਮੁੰਦਰੀ ਘਾਹ-ਬੂਟ ਜ਼ਰੂਰ ਚੁਗਦੀਆਂ ਹਨ ਪਰ ਮਹੀਨੇ ਦੇ ਕੁਝ ਕੁ ਦਿਨਾਂ ਵਿੱਚ ਹੀ। ਸੰਖੇਪ ਵਿੱਚ ਕਹੀਏ ਤਾਂ ਔਰਤਾਂ ਨੇ ਆਪੇ ਹੀ ਇੱਕ ਸਵੈ-ਨਿਯੰਤਰਿਤ ਵਿਵਸਥਾ ਸਥਾਪਤ ਕਰ ਲਈ ਹੈ।
ਇਹ ਇੱਕ ਵਿਚਾਰਸ਼ੀਲ ਨਜਰੀਆ ਹੈ, ਪਰ ਇਹਦੇ ਲਈ ਉਨ੍ਹਾਂ ਨੂੰ ਕੁਝ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਮਰਿਅੰਮਾ ਕਹਿੰਦੀ ਹਨ,''ਮਛੇਰਿਆਂ ਵਜੋਂ ਕੰਮ ਕਰਦੀਆਂ ਇਨ੍ਹਾਂ ਔਰਤਾਂ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਤਹਿਤ ਕੰਮ ਨਹੀਂ ਦਿੱਤਾ ਜਾਂਦਾ ਹੈ। ਸਮੁੰਦਰੀ ਘਾਹ-ਬੂਟ ਇਕੱਠਾ ਕਰਨ ਦੇ ਸੀਜ਼ਨ ਦੌਰਾਨ ਵੀ ਅਸੀਂ ਇੱਕ ਦਿਨ ਵਿੱਚ ਬਾਮੁਸ਼ਕਲ 100-150 ਰੁਪਏ ਕਮਾਉਂਦੀਆਂ ਹਾਂ।'' ਸੀਜ਼ਨ ਦੌਰਾਨ ਹਰ ਔਰਤ ਇੱਕ ਦਿਨ ਵਿੱਚ 25 ਕਿਲੋਗ੍ਰਾਮ ਤੱਕ ਸਮੁੰਦਰੀ ਘਾਹ-ਬੂਟ ਇਕੱਠਾ ਕਰ ਸਕਦੀ ਹੈ, ਪਰ ਇਹਦੇ ਬਦਲੇ ਮਿਲ਼ਣ ਵਾਲ਼ੀ ਦਿਹਾੜੀ (ਜੋ ਲਗਾਤਾਰ ਘੱਟ ਰਹੀ ਹੈ) ਵੀ ਉਨ੍ਹਾਂ ਦੁਆਰਾ ਇਕੱਠੇ ਕੀਤੇ ਗਏ ਘਾਹ ਦੀ ਕਿਸਮ ਮੁਤਾਬਕ ਵੱਖ-ਵੱਖ ਹੁੰਦੀ ਹੈ।
ਨਿਯਮਾਂ ਅਤੇ ਕਨੂੰਨਾਂ ਵਿੱਚ ਆਏ ਬਦਲਾਵਾਂ ਨੇ ਮਾਮਲੇ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਸਾਲ 1980 ਤੱਕ, ਉਹ ਕਾਫ਼ੀ ਦੂਰ ਸਥਿਤ ਦੀਪਾਂ 'ਤੇ ਚਲੀਆਂ ਜਾਂਦੀਆਂ ਸਨ ਜਿਵੇਂ ਕਿ ਨੱਲਥੀਵੂ, ਚੱਲੀ, ਉੱਪੁਥੰਨੀ ਆਦਿ, ਜਿਨ੍ਹਾਂ ਤੱਕ ਜਾਣ ਲਈ 2 ਦਿਨ ਲੱਗ ਜਾਂਦੇ। ਉਹ ਇੱਕ ਹਫਤਾ ਉੱਥੇ ਬਿਤਾਉਂਦੀਆਂ ਅਤੇ ਘਰ ਮੁੜਨ ਤੱਕ ਰੱਜ ਕੇ ਸਮੁੰਦਰੀ ਘਾਹ-ਬੂਟ ਇਕੱਠਾ ਕਰ ਲੈਂਦੀਆਂ ਹੁੰਦੀਆਂ ਸਨ। ਪਰ ਜਿਹੜੇ ਜਿਹੜੇ ਦੀਪਾਂ 'ਤੇ ਜਾਇਆ ਕਰਦੀਆਂ ਸਨ ਉਨ੍ਹਾਂ ਵਿੱਚੋਂ 21 ਦੀਪਾਂ ਨੂੰ ਉਸੇ ਸਾਲ ਮੰਨਾਰ ਦੀ ਖਾੜੀ ਦੇ ਸਮੁੰਦਰੀ ਰਾਸ਼ਟਰੀ ਪਾਰਕ ਵਿਭਾਗ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਇੰਝ ਉਹ ਸਾਰੇ ਦੀਪ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਹੇਠ ਆ ਗਏ। ਵਿਭਾਗ ਨੇ ਉਨ੍ਹਾਂ ਨੂੰ ਇਨ੍ਹਾਂ ਦੀਪਾਂ 'ਤੇ ਰੁਕਣ ਦੀ ਆਗਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਨ੍ਹਾਂ ਥਾਵਾਂ 'ਤੇ ਆਉਣ ਤੋਂ ਵੀ ਰੋਕ ਦਿੱਤਾ। ਇਸ ਪਾਬੰਦੀ ਖ਼ਿਲਾਫ ਹੋਏ ਰੋਸ ਮੁਜਾਹਰੇ ਨੂੰ ਸਰਕਾਰ ਪਾਸੋਂ ਕੋਈ ਹਮਦਰਦੀ ਨਾ ਮਿਲ਼ੀ। 8,000 ਤੋਂ 10,000 ਦੇ ਪੈਂਦੇ ਜੁਰਮਾਨੇ ਦੇ ਡਰੋਂ ਉਨ੍ਹਾਂ ਨੇ ਦੀਪਾਂ 'ਤੇ ਜਾਣਾ ਹੀ ਛੱਡ ਦਿੱਤਾ ਹੈ।
ਇਸ ਕਾਰਨ ਕਰਕੇ ਆਮਦਨੀ ਵਿੱਚ ਘਾਟ ਆਈ ਹੈ। 12 ਸਾਲ ਦੀ ਉਮਰ ਤੋਂ ਸਮੁੰਦਰੀ ਘਾਹ-ਬੂਟ ਇਕੱਠਾ ਕਰ ਰਹੀ ਐੱਸ. ਅੰਮ੍ਰਿਤਮ ਕਹਿੰਦੀ ਹਨ,''ਅਸੀਂ ਜਦੋਂ ਉਨ੍ਹਾਂ ਦੀਪਾਂ 'ਤੇ ਇੱਕ ਹਫ਼ਤੇ ਦਾ ਸਮਾਂ ਬਿਤਾਇਆ ਕਰਦੀਆਂ ਸਾਂ ਤਾਂ ਘੱਟੋ-ਘੱਟ 1,500 ਰੁਪਏ ਤੋਂ 2,000 ਰੁਪਏ ਤੱਕ ਦੀ ਕਮਾਈ ਹੋ ਜਾਂਦੀ ਸੀ। ਸਾਨੂੰ ਮੱਟਾਕੋਰਈ ਅਤੇ ਮਾਰੀਕੋਜ਼ੁੰਤੁ ਦੋਵੇਂ ਹੀ ਘਾਹ ਮਿਲ਼ ਜਾਂਦੇ। ਹੁਣ ਇੱਕ ਹਫ਼ਤੇ ਵਿੱਚ 1,000 ਰੁਪਏ ਤੱਕ ਕਮਾਉਣਾ ਮੁਸ਼ਕਲ ਬਣਿਆ ਹੋਇਆ ਹੈ।''
ਹੋ ਸਕਦਾ ਹੈ ਕਿ ਸਮੁੰਦਰੀ ਘਾਹ-ਬੂਟ ਇਕੱਠਾ ਕਰਨ ਵਾਲ਼ੀਆਂ ਔਰਤਾਂ ਜਲਵਾਯੂ ਤਬਦੀਲੀ 'ਤੇ ਚੱਲ ਰਹੀ ਬਹਿਸ ਬਾਰੇ ਨਾ ਜਾਣਦੀਆਂ ਹੋਣ ਪਰ ਉਨ੍ਹਾਂ ਨੇ ਵੀ ਇਸ ਤਬਦੀਲੀ ਨੂੰ ਮਹਿਸੂਸ ਤਾਂ ਜ਼ਰੂਰ ਕੀਤਾ ਹੋਣਾ। ਉਹ ਸਮਝ ਚੁੱਕੀਆਂ ਹਨ ਕਿ ਉਨ੍ਹਾਂ ਦੇ ਜੀਵਨ ਅਤੇ ਪੇਸ਼ੇ ਨੂੰ ਕਈ ਬਦਲਾਵਾਂ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ। ਉਨ੍ਹਾਂ ਨੇ ਸਮੁੰਦਰ, ਤਾਪਮਾਨ, ਮੌਸਮ ਅਤੇ ਜਲਵਾਯੂ ਦੇ ਵਤੀਰੇ ਵਿੱਚ ਹੋਏ ਬਦਲਾਵਾਂ ਨੂੰ ਦੇਖਿਆ ਹੈ ਅਤੇ ਮਹਿਸੂਸ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਬਦਲਾਵਾਂ ਵਿੱਚ ਮਨੁੱਖੀ ਗਤੀਵਿਧੀਆਂ ਦੀ ਭੂਮਿਕਾ (ਖ਼ੁਦ ਦੀ) ਨੂੰ ਵੀ ਮਹਿਸੂਸ ਕੀਤਾ ਹੈ। ਇਹਦੇ ਨਾਲ਼ ਹੀ ਉਨ੍ਹਾਂ ਦੀ ਕਮਾਈ ਦਾ ਇਕਲੌਤਾ ਵਸੀਲਾ ਬਿਪਤਾਵਾਂ ਵਿੱਚ ਜਕੜਿਆ ਪਿਆ ਹੈ। ਉਹ ਜਾਣਦੀਆਂ ਹਨ ਕਿ ਉਨ੍ਹਾਂ ਦਰਪੇਸ ਕੰਮ ਦੇ ਕੋਈ ਹੋਰ ਬਦਲ ਨਹੀਂ ਦਿੱਤੇ ਗਏ ਜਿਵੇਂ ਕਿ ਮਨਰੇਗਾ ਵਿੱਚ ਸ਼ਾਮਲ ਨਾ ਕੀਤਾ ਜਾਣਾ ਇੱਕ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ।
ਪਾਣੀ ਦਾ ਪੱਧਰ ਦੁਪਹਿਰ ਤੋਂ ਵੱਧਣਾ ਸ਼ੁਰੂ ਹੋ ਜਾਂਦਾ ਹੈ, ਇਸੇ ਲਈ ਉਹ ਆਪਣਾ ਕੰਮ ਸਮੇਟਣਾ ਸ਼ੁਰੂ ਕਰ ਦਿੰਦੀਆਂ ਹਨ। ਥੋੜ੍ਹੇ ਹੀ ਘੰਟਿਆਂ ਵਿੱਚ, ਉਹ ਆਪਣੇ ਵੱਲੋਂ 'ਇਕੱਠਾ' ਕੀਤਾ ਗਿਆ ਘਾਹ ਉਨ੍ਹਾਂ ਬੇੜੀਆਂ ਵਿੱਚ ਲੱਦੀ ਵਾਪਸ ਆਉਂਦੀਆਂ ਹਨ ਜਿਨ੍ਹਾਂ ਬੇੜੀਆਂ ਵਿੱਚ ਸਵਾਰ ਹੋ ਉਹ ਇੱਥੋਂ ਤੀਕਰ ਆਈਆਂ ਹੁੰਦੀਆਂ। ਲਿਆਂਦਾ ਗਿਆ ਘਾਹ ਜਾਲ਼ੀਦਾਰ ਝੋਲਿਆਂ ਵਿੱਚ ਭਰ ਕੇ ਕੰਢੇ ਹੀ ਜਮ੍ਹਾਂ ਕੀਤਾ ਜਾਂਦਾ ਹੈ।
ਉਨ੍ਹਾਂ ਦਾ ਕੰਮ ਬੇਹੱਦ ਮੁਸ਼ਕਲ ਅਤੇ ਖ਼ਤਰੇ ਭਰਿਆ ਹੈ। ਸਮੁੰਦਰ ਵਿੱਚ ਲੱਥਣਾ ਹੋਰ ਔਖ਼ਾ ਹੁੰਦਾ ਜਾ ਰਿਹਾ ਹੈ, ਕੁਝ ਹਫ਼ਤੇ ਪਹਿਲਾਂ ਹੀ ਤੂਫ਼ਾਨ ਕਾਰਨ ਚਾਰ ਮਛੇਰਿਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਹਵਾਵਾਂ ਅਤੇ ਸਮੁੰਦਰ ਵੀ ਸਿਰਫ਼ ਉਦੋਂ ਹੀ ਸ਼ਾਂਤ ਹੋਵੇਗਾ ਜਦੋਂ ਚੌਥੀ ਲਾਸ਼ ਵੀ ਮਿਲ਼ ਜਾਵੇਗੀ।
ਜਿਵੇਂ ਕਿ ਸਥਾਨਕ ਲੋਕ ਕਹਿੰਦੇ ਹਨ, ਜਦੋਂ ਤੱਕ ਹਵਾਵਾਂ ਸਾਥ ਨਾ ਦੇਣ ਸਮੁੰਦਰ ਦੇ ਸਾਰੇ ਕੰਮ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦੇ। ਜਲਵਾਯੂ ਨਾਲ਼ ਜੁੜੇ ਹਾਲਾਤਾਂ ਵਿੱਚ ਵੱਡੇ ਬਦਲਾਵਾਂ ਕਾਰਨ, ਬਹੁਤ ਸਾਰੇ ਦਿਨ ਅਣਕਿਆਸੇ ਹੁੰਦੇ ਹਨ। ਫਿਰ ਵੀ ਔਰਤਾਂ ਆਪਣੀ ਆਮਦਨੀ ਦੇ ਇਸ ਇੱਕੋ-ਇੱਕ ਵਸੀਲੇ ਦੀ ਭਾਲ਼ ਵਿੱਚ ਅਸ਼ਾਂਤ ਸਮੁੰਦਰ ਵਿੱਚ ਵੀ ਲੱਥ ਜਾਂਦੀਆਂ ਹਨ ਇਹ ਜਾਣਦੇ ਹੋਏ ਵੀ ਕਿ ਉਹ ਲਹਿਰਾਂ ਦੇ ਥਪੇੜਿਆਂ ਵਿੱਚ ਭਟਕ ਵੀ ਸਕਦੀਆਂ ਹਨ।
ਕਵਰ ਫ਼ੋਟੋ : ਏ . ਮੂਕੁਪੋਰੀ ਜਾਲ਼ੀਦਾਰ ਝੋਲ਼ੇ ਨੂੰ ਖਿੱਚ ਰਹੀ ਹਨ। ਹੁਣ ਉਹ 35 ਵਰ੍ਹਿਆਂ ਦੀ ਹੋ ਚੁੱਕੀ ਹਨ ਅਤੇ ਅੱਠ ਸਾਲ ਦੀ ਉਮਰ ਤੋਂ ਹੀ ਸਮੁੰਦਰੀ ਘਾਹ-ਬੂਟ ਚੁਗਣ ਵਾਸਤੇ ਸਮੁੰਦਰ ਵਿੱਚ ਗੋਤਾ ਲਾਉਂਦੀ ਰਹੀ ਹਨ। ( ਫ਼ੋਟੋ : ਐੱਮ . ਪਾਲਨੀ ਕੁਮਾਰ / ਪਾਰੀ )
ਇਸ ਸਟੋਰੀ ਵਿੱਚ ਮਦਦ ਕਰਨ ਲਈ ਸੇਂਥਲੀਰ ਐੱਸ ਦਾ ਸ਼ੁਕਰੀਆ।
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ , ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP - ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ