ਸਰਦ ਟਾਊਨ ਦਾ ਮੁੱਢਲਾ ਸਿਹਤ ਕੇਂਦਰ ਜਿਓਂ ਹੀ ਸੋਮਵਾਰ ਦੀ ਸਵੇਰੇ ਖੁੱਲ੍ਹਿਆ, ਸੁਨੀਤਾ ਦੱਤਾ ਆਪਣੇ ਪਤੀ ਦੇ ਨਾਲ਼ ਉੱਥੇ ਅੱਪੜ ਗਈ। ਪਰ ਸਹਾਇਕ ਨਰਸ ਮਿਡਵਾਈਫ (ਏਐੱਨਐੱਮ) ਜਦੋਂ ਸੁਨੀਤਾ ਨੂੰ ਪ੍ਰਸਵ (ਡਿਲੀਵਰ) ਵਾਰਡ ਵਿੱਚ ਲੈ ਕੇ ਗਈ ਤਾਂ ਉਹ ਮੂਧੇ ਪੈਰੀਂ ਬਾਹਰ ਆਈ ਅਤੇ ਆਪਣੇ ਪਤੀ ਦੇ ਨਾਲ਼ ਪੀਐੱਚਸੀ ਤੋਂ ਤੁਰੰਤ ਵਾਪਸ ਮੁੜ ਗਈ। " ਇਸ ਮੇਂ ਕੈਸੇ ਹੋਗਾ ਬੱਚਾ, ਬਹੁਤ ਗੰਦਗੀ ਹੈ ਇਧਰ (ਮੈਂ ਇੰਨੀ ਗੰਦਗੀ ਭਰੀ ਥਾਂ 'ਤੇ ਆਪਣਾ ਬੱਚਾ ਕਿਵੇਂ ਪੈਦਾ ਕਰ ਸਕਦੀ ਹਾਂ), " ਸੁਨੀਤਾ ਨੇ ਉਸੇ ਰਿਕਸ਼ੇ ਵਿੱਚ ਸਵਾਰ ਹੁੰਦਿਆਂ ਕਿਹਾ, ਜਿਸ ਵਿੱਚ ਉਹ ਬਹਿ ਕੇ ਉੱਥੇ ਅਪੜੀ ਸਨ।
"ਅੱਜ ਉਹਦੀ ਡਿਲੀਵਰੀ ਦੀ ਤਰੀਕ ਹੈ-ਇਸ ਲਈ ਸਾਨੂੰ ਕਿਸੇ ਨਿੱਜੀ ਹਸਪਤਾਲ ਜਾਣਾ ਪੈਣਾ ਹੈ," ਉਨ੍ਹਾਂ ਦੇ ਪਤੀ ਅਮਰ ਦੱਤਾ ਨੇ ਉਸ ਵੇਲ਼ੇ ਕਿਹਾ, ਜਦੋਂ ਉਨ੍ਹਾਂ ਦਾ ਰਿਕਸ਼ਾ ਉੱਥੋਂ ਜਾ ਰਿਹਾ ਸੀ। ਸੁਨੀਤਾ ਨੇ ਇਸ ਪੀਐੱਚਸੀ ਵਿੱਚ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ। ਪਰ ਇਸ ਵਾਰ, ਆਪਣੇ ਚੌਥੇ ਬੱਚੇ ਲਈ, ਉਨ੍ਹਾਂ ਨੇ ਕਿਤੇ ਹੋਰ ਜਾਣ ਦਾ ਵਿਕਲਪ ਚੁਣਿਆ ਹੈ।
ਸਵੇਰੇ 11 ਵਜੇ, ਸਦਰ ਪੀਐੱਚਸੀ ਦੇ ਲੇਬਰ ਰੂਮ ਵਿੱਚ ਸਫਾਈ-ਕਰਮੀਆਂ ਦੇ ਆਉਣ ਦੀ ਉਡੀਕ ਹੋ ਰਹੀ ਹੈ ਤਾਂਕਿ ਖੂਨ ਨਾਲ਼ ਲਿਬੜਿਆ ਫ਼ਰਸ਼ ਸਾਫ਼ ਹੋ ਸਕੇ- ਜੋ ਬੀਤੇ ਦਿਨ ਦੀ ਡਿਲੀਵਰੀ ਨਾਲ਼ ਹਾਲੇ ਤੀਕਰ ਗੰਦਾ ਪਿਆ ਹੈ।
"ਮੈਂ ਮੈਨੂੰ ਇੱਥੋਂ ਲਿਜਾਏ ਜਾਣ ਲਈ ਆਪਣੇ ਪਤੀ ਦੀ ਉਡੀਕ ਕਰ ਰਹੀ ਹਾਂ। ਅੱਜ ਦੀ ਮੇਰੀ ਡਿਊਟੀ ਦਾ ਸਮਾਂ ਮੁੱਕ ਗਿਆ ਹੈ। ਮੇਰੀ ਰਾਤ ਦੀ ਸਿਫ਼ਟ ਸੀ ਅਤੇ ਕੋਈ ਮਰੀਜ਼ ਨਹੀਂ ਆਇਆ, ਪਰ ਮੱਛਰਾਂ ਦੇ ਕਾਰਨ ਮੈਂ ਮੁਸ਼ਕਲ ਹੀ ਸੌਂ ਸਕੀ," 43 ਸਾਲਾ ਪੁਸ਼ਪਾ ਦੇਵੀ (ਬਦਲਿਆ ਨਾਮ) ਕਹਿੰਦੀ ਹਨ। ਪੁਸ਼ਪਾ ਬਿਹਾਰ ਦੇ ਦਰਭੰਗਾ ਜਿਲ੍ਹੇ ਵਿੱਚ ਸਦਰ ਟਾਊਨ ਦੇ ਪੀਐੱਚਸੀ ਵਿੱਚ ਬਤੌਰ ਏਐੱਨਐੱਮ ਕੰਮ ਕਰਦੀ ਹਨ। ਉਹ ਦਫ਼ਤਰ ਦੀ ਥਾਂ 'ਤੇ, ਡਿਊਟੀ ਵਿੱਚ ਤੈਨਾਤ ਏਐੱਨਐੱਮ ਦੀ ਕੁਰਸੀ 'ਤੇ ਬਹਿ ਕੇ ਸਾਡੇ ਨਾਲ਼ ਕਰਦੀ ਪਈ ਹਨ। ਕੁਰਸੀ ਦੇ ਮਗਰ ਇੱਕ ਮੇਜ਼ ਹੈ, ਜਿਸ 'ਤੇ ਕੁਝ ਕਾਗ਼ਜ਼ ਖਿੰਡੇ ਹੋਏ ਹਨ ਅਤੇ ਲੱਕੜ ਦੀ ਇੱਕ ਮੰਜੀ ਹੈ। ਉਹੀ ਮੰਜੀ ਜਿਸ 'ਤੇ ਪੁਸ਼ਪਾ ਨੇ ਆਪਣੀ ਮੁਸ਼ਕਲ ਭਰੀ ਰਾਤ ਕੱਟੀ।
ਪੀਲ਼ੀ ਮੱਛਰਦਾਨੀ, ਜੋ ਕਦੇ ਕ੍ਰੀਮ-ਰੰਗੀ ਰਹੀ ਹੋਣੀ ਹੈ, ਮੰਜੇ ਦੇ ਉੱਪਰ ਟੰਗੀ ਹੋਈ ਹੈ, ਜਿਸ ਵਿੱਚ ਇੰਨੇ ਵੱਡੇ-ਵੱਡੇ ਸੁਰਾਖ ਹਨ ਕਿ ਮੱਛਰ ਮਜ਼ੇ ਨਾਲ਼ ਅੰਦਰ-ਬਾਹਰ ਘੁੰਮ ਸਕਦੇ ਹਨ। ਮੰਜੇ ਹੇਠਾਂ ਤਹਿ ਮਾਰਿਆ ਬਿਸਤਰਾ, ਸਿਰਹਾਣੇ ਦੇ ਨਾਲ਼ ਟਿਕਾ ਕੇ ਰੱਖਿਆ ਹੋਇਆ ਹੈ- ਜਿਸ ਬਿਸਤਰੇ ਨੂੰ ਰਾਤ ਦੀ ਸ਼ਿਫਟ ਵਾਲੀ ਏਐੱਨਐੱਮ ਦੁਆਰਾ ਇਸਤੇਮਾਲ ਕੀਤਾ ਜਾਵੇਗਾ।
"ਸਾਡਾ ਦਫ਼ਤਰ ਅਤੇ ਸੌਣ ਦੀ ਥਾਂ ਇੱਕ ਹੈ। ਇੱਥੇ ਇੰਜ ਹੀ ਹੁੰਦਾ ਹੈ," ਪੁਸ਼ਪਾ ਕਹਿੰਦੀ ਹਨ ਅਤੇ ਨਾਲ਼ ਹੀ ਨੋਟਬੁੱਕ ਦੇ ਉੱਪਰ ਇਕੱਠੇ ਹੋਏ ਮੱਛਰਾਂ ਦੇ ਝੁੰਡ ਨੂੰ ਭਜਾਉਂਦੀ ਹਨ। ਪੁਸ਼ਪਾ ਦਾ ਵਿਆਹ ਦਰਭੰਗਾ ਸ਼ਹਿਰ ਦੇ ਇੱਕ ਛੋਟੇ ਜਿਹੇ ਦੁਕਾਨਦਾਰ, 47 ਸਾਲਾ ਕਿਸ਼ਨ ਕੁਮਾਰ ਨਾਲ਼ ਹੋਇਆ ਹੈ, ਅਤੇ ਦੋਵੇਂ ਪੀਐੱਚਸੀ ਤੋਂ ਪੰਜ ਕਿਲੋਮੀਟਰ ਦੂਰ ਉਸੇ ਸ਼ਹਿਰ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਇਕਲੌਤਾ ਬੇਟਾ, 14 ਸਾਲਾ ਅਮਰੀਸ਼ ਕੁਮਾਰ, ਉੱਥੋਂ ਦੇ ਇੱਕ ਨਿੱਜੀ ਸਕੂਲ ਵਿੱਚ 8ਵੀਂ ਜਮਾਤ ਦਾ ਵਿਦਿਆਰਥੀ ਹੈ।
ਪੁਸ਼ਪਾ ਦਾ ਕਹਿਣਾ ਹੈ ਕਿ ਸਦਰ ਪੀਐੱਚਸੀ ਵਿੱਚ ਹਰ ਮਹੀਨੇ ਔਸਤਨ 10 ਤੋਂ 15 ਬੱਚਿਆਂ ਦਾ ਜਨਮ ਹੁੰਦਾ ਹੈ। ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਇਹ ਸੰਖਿਆ ਕਰੀਬ ਦੋਗੁਣੀ ਸੀ, ਉਹ ਕਹਿੰਦੀ ਹਨ। ਪੀਐੱਚਸੀ ਦੇ ਲੇਬਰ ਰੂਪ ਵਿੱਚ ਦੋ ਡਿਲੀਵਰੀ ਟੇਬਲ ਹਨ ਅਤੇ ਡਿਲੀਵਰੀ ਤੋਂ ਬਾਅਦ ਦੇਖਭਾਲ (ਪੀਐੱਨਸੀ) ਵਾਸਤੇ ਵਾਰਡ ਵਿੱਚ ਕੁੱਲ ਛੇ ਬੈੱਡ ਹਨ-ਜਿਨ੍ਹਾਂ ਵਿੱਚੋਂ ਇੱਕ ਟੁੱਟਾ ਹੋਇਆ ਹੈ। ਪੁਸ਼ਪਾ ਦੱਸਦੀ ਹਨ ਕਿ ਇਨ੍ਹਾਂ ਬਿਸਤਰਿਆਂ ਵਿੱਚੋਂ "ਚਾਰ ਦਾ ਇਸਤੇਮਾਲ ਰੋਗੀਆਂ ਦੁਆਰਾ ਅਤੇ ਦੋ ਦਾ ਇਸਤੇਮਾਲ ਮਮਤਾ (Mamtas) ਦੁਆਰਾ ਕੀਤਾ ਜਾਂਦਾ ਹੈ।" ਮਮਤਾ (Mamtas) ਦੇ ਸੌਣ ਲਈ ਹੋਰ ਕੋਈ ਥਾਂ ਨਹੀਂ ਹੈ।
'ਮਮਤਾ' ਬਿਹਾਰ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਜਣੇਪਾ ਵਾਰਡਾਂ ਵਿਚਲੇ ਉਹ ਸਿਹਤ ਕਰਮੀ ਹਨ ਜੋ ਠੇਕੇ 'ਤੇ ਹਨ। ਉਹ ਸ਼੍ਰੇਣੀ ਸਿਰਫ਼ ਉਸੇ ਰਾਜ ਵਿੱਚ ਹੈ। ਉਹ ਹਰ ਮਹੀਨੇ ਕਰੀਬ 5,000 ਰੁਪਏ ਕਮਾਉਂਦੀ ਹਨ- ਕਦੇ-ਕਦੇ ਤਾਂ ਉਸ ਤੋਂ ਵੀ ਘੱਟ-ਅਤੇ ਹਰੇਕ ਡਿਲੀਵਰ ਦੀ ਦੇਖਭਾਲ਼ ਅਤੇ ਮਦਦ ਕਰਨ ਲਈ ਉਨ੍ਹਾਂ ਨੂੰ ਅਲੱਗ ਤੋਂ 300 ਰੁਪਏ 'ਪ੍ਰੋਤਸਾਹਨ' ਬੋਨਸ (ਰਾਸ਼ੀ) ਮਿਲ਼ਦਾ ਹੈ। ਪਰ ਕਿਸੇ ਵੀ ਅਜਿਹੀ ਮਮਤਾ ਨੂੰ ਲੱਭਣਾ ਮੁਸ਼ਕਲ ਹੈ, ਜੋ ਤਨਖਾਹ ਅਤੇ 'ਪ੍ਰੋਤਸਾਹਨ' ਦੋਵਾਂ ਨੂੰ ਮਿਲ਼ਾ ਕੇ ਨਿਯਮਤ ਰੂਪ ਵਿੱਚ ਮਹੀਨੇ ਦਾ 6,000 ਰੁਪਏ ਕਮਾਉਂਦੀ ਹੋਵੇ। ਇਸ ਪੀਐੱਚਸੀ ਵਿੱਚ ਦੋ ਅਤੇ ਪੂਰੇ ਰਾਜ ਅੰਦਰ 4,000 ਤੋਂ ਵੱਧ ਮਮਤਾ ਹਨ।
ਇਸੇ ਦਰਮਿਆਨ, ਪੁਸ਼ਪਾ ਦੀ ਉਡੀਕ ਖ਼ਤਮ ਹੁੰਦੀ ਹੈ ਕਿਉਂਕਿ ਉਹ ਜਿਸ ਮਮਤਾ ਵਰਕਰ, ਬੇਬੀ ਦੇਵੀ (ਬਦਲਿਆ ਨਾਮ) ਦੀ ਉਡੀਕ ਕਰ ਰਹੀ ਸਨ, ਉਹ ਆ ਜਾਂਦੀ ਹਨ। "ਰੱਬ ਦਾ ਸ਼ੁਕਰ ਹੈ ਕਿ ਮੇਰੇ ਜਾਣ ਤੋਂ ਪਹਿਲਾਂ ਉਹ ਇੱਥੇ ਆ ਚੁੱਕੀ ਹਨ। ਅੱਜ ਉਨ੍ਹਾਂ ਦੀ ਦਿਨ ਦੀ ਸ਼ਿਫ਼ਟ ਹੈ। ਦੂਸਰੀ ਏਐੱਨਐੱਮ ਨੂੰ ਵੀ ਜਲਦੀ ਹੀ ਆ ਜਾਣਾ ਚਾਹੀਦਾ ਹੈ," ਉਹ ਕਹਿੰਦੀ ਹੋਈ ਸਮਾਂ ਦੇਖਣ ਲਈ ਪੁਰਾਣੇ ਮੋਬਾਇਲ ਦਾ ਬਟਨ ਦਬਾਉਂਦੀ ਹਨ-ਉਨ੍ਹਾਂ ਕੋਲ਼ ਸਮਾਰਟਫੋਨ ਨਹੀਂ ਹੈ। ਇਸ ਪੀਐੱਚਸੀ ਦੇ ਲੇਬਰ ਰੂਪ ਵਿੱਚ ਚਾਰ ਹੋਰ ਏਐੱਨਐੱਮ ਕੰਮ ਕਰਦੀਆਂ ਹਨ-ਅਤੇ ਇਸ (ਪੀਐੱਚਸੀ) ਨਾਲ਼ ਜੁੜੀਆਂ 33 ਹੋਰ ਵੀ ਹਨ, ਜੋ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸਥਿਤ ਸਿਹਤ ਉਪ-ਕੇਂਦਰਾਂ (ਆਊਟਰੀਚ/ਲੋਕਾਂ ਦੀ ਪਹੁੰਚ) ਵਿੱਚ ਆਪੋ-ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਪੀਐੱਚਸੀ ਵਿੱਚ ਛੇ ਡਾਕਟਰ ਕੰਮ ਕਰਦੇ ਹਨ- ਅਤੇ ਜਨਾਨਾ ਰੋਗ ਮਾਹਰ ਦੀ ਵੀ ਇੱਕ ਅਸਾਮੀ ਹੈ ਜੋ ਖਾਲੀ ਪਈ ਹੈ। ਕੋਈ ਮੈਡੀਕਲ ਤਕਨੀਸ਼ੀਅਨ ਨਹੀਂ ਹੈ-ਇਹ ਕੰਮ ਬਾਹਰੋਂ ਕਰਵਾਇਆ ਜਾਂਦਾ ਹੈ। ਦੋ ਸਫਾਈ ਕਰਮੀ ਹਨ।
ਬਿਹਾਰ ਅੰਦਰ ਏਐੱਨਐੱਮ ਨੂੰ ਸ਼ੁਰਆਤ ਵਿੱਚ 11,500 ਰੁਪਏ ਤਨਖਾਹ ਮਿਲ਼ਦੀ ਹੈ। ਪੁਸ਼ਪਾ, ਜਿਨ੍ਹਾਂ ਨੂੰ ਕੰਮ ਕਰਦਿਆਂ ਵੀਹ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ, ਹੁਣ ਉਨ੍ਹਾਂ ਦੀ ਤਨਖਾਹ ਤਿੰਨ ਗੁਣਾ ਹੋ ਗਈ ਹੈ।
52 ਸਾਲਾ ਮਮਤਾ, ਬੇਬੀ ਦੇਵੀ ਆਪਣੇ ਹੱਥ ਵਿੱਚ ਦਾਤਣ (ਨਿੰਮ ਦੀ ਕਰੀਬ 20 ਸੈਂਟੀਮੀਟਰ ਲੰਬੀ ਪਤਲੀ ਜਿਹੀ ਟਹਿਣੀ, ਜਿਹਨੂੰ ਟੂਥ-ਬਰੁਸ਼ ਵਜੋਂ ਵਰਤਿਆ ਜਾਂਦਾ ਹੈ) ਫੜ੍ਹੀ ਪੀਐੱਚਸੀ ਪਹੁੰਚਦੀ ਹਨ। ਉਹ ਪੁਸ਼ਪਾ ਨੂੰ ਕਹਿੰਦੀ ਹਨ," ਅਰੇ ਦੀਦੀ ਆਜ ਬਿਲਕੁਲ ਭਾਗਤੇ-ਭਾਗਤੇ ਆਏ ਹੈਂ (ਦੀਦੀ ਅੱਜ ਤਾਂ ਮੈਂ ਭੱਜ-ਭੱਜ ਕੇ ਆਈ ਹਾਂ)।"
ਸੋ ਅੱਜ ਵੱਖਰਾ ਕੀ ਹੈ? ਉਨ੍ਹਾਂ ਦੀ 12 ਸਾਲਾ ਪੋਤੀ, ਅਰਚਨਾ (ਬਦਲਿਆ ਨਾਮ), ਕੰਮ 'ਤੇ ਉਨ੍ਹਾਂ ਦੇ ਨਾਲ਼ ਆਈ ਹੈ। ਗੁਲਾਬੀ-ਪੀਲੀ ਫ਼ਰਾਕ ਪਾਈ, ਚੀਕਣੀ ਭੂਰੀ ਚਮੜੀ ਅਤੇ ਸੁਨਹਿਰੇ-ਭੂਰੇ ਵਾਲ਼ਾਂ ਨੂੰ ਗੁੱਤ ਵਿੱਚ ਗੁੰਦਿਆ ਹੋਇਆ ਹੈ, ਅਰਚਨਾ ਆਪਣੀ ਦਾਦੀ ਦੇ ਮਗਰ-ਮਗਰ ਚੱਲ ਰਹੀ ਹੈ, ਉਹ ਹੱਥ ਵਿੱਚ ਪਲਾਸਟਿਕ ਦਾ ਝੋਲ਼ਾ ਹੈ, ਜਿਸ ਵਿੱਚ ਸ਼ਾਇਦ ਦੁਪਹਿਰ ਦਾ ਖਾਣਾ ਹੈ।
ਮਮਤਾ ਵਰਕਰਾਂ ਨੂੰ ਜੱਚੇ ਅਤੇ ਬੱਚੇ ਦੀ ਦੇਖਭਾਲ਼ ਦੀ ਜ਼ਿੰਮੇਦਾਰੀ ਸੌਂਪੀ ਜਾਂਦੀ ਹੈ। ਹਾਲਾਂਕਿ, ਬੇਬੀ ਦੇਵੀ ਕਹਿੰਦੀ ਹਨ, ਉਹ ਪ੍ਰਸਵ ਤੋਂ ਲੈ ਕੇ ਬਾਅਦ ਤੱਕ ਦੀ ਦੇਖਭਾਲ਼ ਅਤੇ ਜਣੇਪਾ ਵਾਰਡ ਵਿੱਚ ਹੋਣ ਵਾਲੀ ਹਰ ਚੀਜ਼ (ਗਤੀਵਿਧੀ) ਵਿੱਚ ਸਹਾਇਤਾ ਕਰਦੀ ਹਨ। "ਮੇਰਾ ਕੰਮ ਹੈ ਪ੍ਰਸਵ ਤੋਂ ਬਾਅਦ ਮਾਂ ਅਤੇ ਬੱਚੇ ਦੀ ਦੇਖਭਾਲ਼ ਕਰਨਾ, ਪਰ ਮੈਂ ਆਸ਼ਾ ਦੀਦੀ ਦੇ ਨਾਲ਼ ਡਿਲੀਵਰੀ ਦਾ ਧਿਆਨ ਰੱਖਦੀ ਹਾਂ ਅਤੇ ਫਿਰ ਸਫਾਈ ਕਰਮਚਾਰੀ ਦੇ ਛੁੱਟੀ 'ਤੇ ਹੋਣ ਦੀ ਸੂਰਤ ਵਿੱਚ ਬਿਸਤਰੇ ਦੇ ਨਾਲ਼-ਨਾਲ਼ ਲੇਬਰ ਰੂਪ ਦੀ ਵੀ ਸਫਾਈ ਕਰਦੀ ਹਾਂ," ਬੇਬੀ ਦੇਵੀ ਮੇਜ਼ 'ਤੇ ਜੰਮੇ ਘੱਟੇ ਨੂੰ ਸਾਫ਼ ਕਰਦਿਆਂ ਕਹਿੰਦੀ ਹਨ।
ਉਹ ਦੱਸਦੀ ਹਨ ਕਿ ਜਦੋਂ ਉਹ ਪੀਐੱਚਸੀ ਵਿੱਚ ਇਕੱਲੀ ਮਮਤਾ (ਵਰਕਰ) ਸਨ ਤਦ ਜਿਆਦਾ ਕਮਾ ਲੈਂਦੀ ਸਨ। "ਮੈਨੂੰ ਮਹੀਨੇ ਵਿੱਚ 5,000-6,000 ਰੁਪਏ ਮਿਲ਼ਦੇ ਸਨ, ਪਰ ਜਦੋਂ ਤੋਂ ਉਨ੍ਹਾਂ ਨੇ ਇੱਕ ਹੋਰ ਮਮਤਾ ਨੂੰ ਨਿਯੁਕਤ ਕੀਤਾ ਹੈ, ਮੈਨੂੰ ਸਿਰਫ਼ 50 ਫੀਸਦੀ ਪ੍ਰਸਵ ਲਈ ਹੀ 'ਪ੍ਰੋਤਸਾਹਨ' ਰਾਸ਼ੀ ਮਿਲ਼ਦੀ ਹੈ, ਹਰੇਕ ਲਈ ਮੈਨੂੰ 300 ਰੁਪਏ ਮਿਲ਼ਦੇ ਹਨ। ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਪੀਐੱਚਸੀ ਵਿੱਚ ਪ੍ਰਸਵ ਦੀ ਸੰਖਿਆ ਘਟਣ ਲੱਗੀ ਸੀ, ਜਿਹਦੇ ਬਾਅਦ ਉਨ੍ਹਾਂ ਵਿੱਚੋਂ ਹਰੇਕ ਨੂੰ ਹਰ ਮਹੀਨੇ ਜ਼ਿਆਦਾ ਤੋਂ ਜ਼ਿਆਦਾ 3,000 ਰੁਪਏ ਮਿਲ਼ਦੇ ਹਨ, ਸ਼ਾਇਦ ਉਸ ਤੋਂ ਵੀ ਘੱਟ। 300 ਰੁਪਏ ਦੀ 'ਪ੍ਰੋਤਸਾਹਨ' ਰਾਸ਼ੀ ਵੀ ਸਿਰਫ਼ ਪੰਜ ਸਾਲਾਂ ਤੋਂ ਹੀ ਮਿਲ਼ ਰਹੀ ਹੈ। 2016 ਤੱਕ ਇਹ ਰਾਸ਼ੀ ਹਰੇਕ ਪ੍ਰਸਵ ਮਗਰ ਸਿਰਫ਼ 100 ਰੁਪਏ ਹੋਇਆ ਕਰਦੀ ਸੀ।"
ਬਹੁਤੇਰੇ ਦਿਨੀਂ, ਕੰਮ ਦੇ ਲਈ ਪੀਐੱਚਸੀ ਦਾ ਦੌਰਾ ਕਰਨ ਵਾਲ਼ਿਆਂ ਵਿੱਚ ਆਸ਼ਾ ਵਰਕਰ ਵੀ ਸ਼ਾਮਲ ਹਨ, ਜੋ ਆਪਣੀ ਦੇਖਭਾਲ਼ ਵਾਲੀਆਂ ਗਰਭਵਤੀ ਔਰਤਾਂ ਨੂੰ ਇੱਥੇ ਡਿਲਵਰੀ ਕਰਾਉਣ ਲਈ ਲੈ ਕੇ ਆਉਂਦੀਆਂ ਹਨ। ਸੁਨੀਤਾ ਅਤੇ ਉਨ੍ਹਾਂ ਦੇ ਪਤੀ ਦੇ ਨਾਲ਼ ਕੋਈ ਆਸ਼ਾ ਵਰਕਰ ਨਹੀਂ ਆਈ ਸਨ ਅਤੇ ਜਦੋਂ ਇਸ ਰਿਪੋਰਟਰ ਨੇ ਉੱਥੋਂ ਦਾ ਦੌਰਾ ਕੀਤਾ, ਤਦ ਵੀ ਕੋਈ ਆਸ਼ਾ ਵਰਕਰ ਮੌਜੂਦ ਨਹੀਂ ਸੀ, ਜੋ ਸ਼ਾਇਦ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਪੀਐੱਚਸੀ ਵਿੱਚ ਆਉਣ ਵਾਲ਼ੇ ਰੋਗੀਆਂ ਦੀ ਸੰਖਿਆ ਵਿੱਚ ਆਈ ਘਾਟ ਨੂੰ ਦਰਸਾਉਂਦਾ ਹੈ। ਹਾਲਾਂਕਿ, ਜੋ ਔਰਤਾਂ ਡਿਲੀਵਰੀ ਲਈ ਆਉਂਦੀਆਂ ਹਨ, ਉਨ੍ਹਾਂ ਦੇ ਨਾਲ਼ ਅਕਸਰ ਇੱਕ ਆਸ਼ਾ ਹੁੰਦੀ ਹੀ ਹੈ।
ਆਸ਼ਾ ਦਾ ਮਤਲਬ ਹੈ 'ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁੰਨ'- ਅਤੇ ਇਹ ਉਨ੍ਹਾਂ ਔਰਤਾਂ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਗ੍ਰਾਮੀਣ ਭਾਈਚਾਰੇ ਨੂੰ ਜਨਤਕ ਸਿਹਤ ਪ੍ਰਣਾਲੀ ਨਾਲ਼ ਜੋੜਦੀਆਂ ਹਨ।
ਬਿਹਾਰ ਵਿੱਚ ਕਰੀਬ 90,000 ਆਸ਼ਾ ਹਨ, ਜੋ ਪੂਰੇ ਦੇਸ਼ ਵਿੱਚ ਕੰਮ ਕਰਨ ਵਾਲ਼ੀਆਂ ਦਸ ਲੱਖ ਤੋਂ ਵੱਧ ਆਸ਼ਾਵਾਂ ਦਾ ਦੂਸਰਾ ਵੱਡਾ ਸਮੂਹ ਹੈ। ਸਰਕਾਰ ਦੁਆਰਾ ਉਨ੍ਹਾਂ ਨੂੰ 'ਸਵੈ-ਸੇਵਕ' ਕਿਹਾ ਜਾਂਦਾ ਹੈ, ਉਸ ਦੁਆਰਾ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਨੂੰ ਭੱਤੇ ਦੇ ਰੂਪ ਵਿੱਚ ਦਿੱਤੇ ਜਾਂਦੇ ਮਾਮੂਲੀ ਭੁਗਤਾਨ ਨੂੰ ਰਸਮੀਂ ਸਾਬਤ ਕਰਨ ਲਈ ਕੀਤੀ ਜਾਂਦੀ ਹੈ। ਬਿਹਾਰ ਵਿੱਚ, ਉਹ ਹਰ ਮਹੀਨੇ 1,500 ਰੁਪਏ ਕਮਾਉਂਦੀਆਂ ਹਨ-ਅਤੇ ਸੰਸਥਾਗਤ ਪ੍ਰਸਵ, ਟੀਕਾਕਰਣ, ਘਰ ਦੀਆਂ ਫੇਰੀਆਂ, ਪਰਿਵਾਰ ਨਿਯੋਜਨ ਆਦਿ ਨਾਲ਼ ਸਬੰਧਤ ਹੋਰ ਕਾਰਜਾਂ ਬਦਲੇ ਉਨ੍ਹਾਂ ਨੂੰ 'ਪ੍ਰੋਤਸਾਹਨ' ਦੇ ਰੂਪ ਵਿੱਚ ਅਲੱਗ ਤੋਂ ਕੁਝ ਪੈਸੇ ਮਿਲ਼ਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਨ੍ਹਾਂ ਸਾਰੇ ਕਾਰਜਾਂ ਤੋਂ ਹਰ ਮਹੀਨੇ ਔਸਤਨ 5,000-6,000 ਰੁਪਏ ਮਿਲ਼ਦੇ ਹੋਣਗੇ। ਉਨ੍ਹਾਂ ਵਿੱਚੋਂ 260 ਸਦਰ ਪੀਐੱਚਸੀ ਅਤੇ ਇਹਦੇ ਵੱਖ-ਵੱਖ ਉਪ-ਕੇਂਦਰਾਂ ਨਾਲ਼ ਜੁੜੀਆਂ ਹਨ।
ਬੇਬੀ ਆਪਣੀ ਪੋਤੀ ਨੂੰ ਪਲਾਸਟਿਕ ਦੇ ਝੋਲੇ ਵਿੱਚੋਂ ਖਾਣਾ ਕੱਢਣ ਲਈ ਕਹਿੰਦੀ ਹਨ ਅਤੇ ਆਪਣੀ ਗੱਲ ਜਾਰੀ ਰੱਖਦੀ ਹਨ। "ਸਾਨੂੰ ਸਦਾ ਤੋਂ ਇੰਝ ਜਾਪਦਾ ਹੈ ਕਿ ਇੱਥੇ ਥਾਂ, ਬਿਸਤਰਿਆਂ ਅਤੇ ਸੁਵਿਧਾਵਾਂ ਦੀ ਘਾਟ ਹੈ। ਪਰ ਜੇਕਰ ਅਸੀਂ ਬੇਹਤਰ ਸੁਵਿਧਾਵਾਂ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਸਾਡਾ ਤਬਾਦਲਾ ਕਰ ਦਿੱਤਾ ਜਾਵੇਗਾ। ਮਾਨਸੂਨ ਦੌਰਾਨ ਪਾਣੀ ਦਾ ਭਰਨਾ ਇੱਕ ਵੱਡੀ ਚੁਣੌਤੀ ਬਣ ਜਾਂਦਾ ਹੈ। ਕਈ ਵਾਰ, ਉਸ ਮੌਸਮ ਵਿੱਚ ਡਿਲੀਵਰੀ ਲਈ ਆਉਣ ਵਾਲ਼ੀਆਂ ਔਰਤਾਂ ਇੱਥੋਂ ਦੀ ਹਾਲਤ ਦੇਖ ਘਰ ਮੁੜ ਜਾਂਦੀਆਂ ਹਨ," ਉਹ ਅੱਗੇ ਕਹਿੰਦੀ ਹਨ। "ਉਸ ਤੋਂ ਬਾਅਦ ਉਹ ਨਿੱਜੀ ਹਸਤਪਾਲਾਂ ਦਾ ਰਾਹ ਫੜ੍ਹਦੀਆਂ ਹਨ।"
"ਮੇਰੇ ਨਾਲ਼ ਆਓ, ਮੈਂ ਤੁਹਾਨੂੰ ਆਪਣਾ ਪੀਐੱਨਸੀ ਵਾਰਡ ਦਿਖਾਵਾਂ," ਉਹ ਇਸ ਰਿਪੋਰਟ ਦਾ ਹੱਥ ਫੜ੍ਹ ਕੇ ਉਸ ਪਾਸੇ ਲੈ ਜਾਂਦਿਆਂ ਕਹਿੰਦੀ ਹਨ। "ਦੇਖੋ, ਇਹੀ ਇਕਲੌਤਾ ਕਮਰਾ ਹੈ ਜੋ ਸਾਡੇ ਕੋਲ਼ ਪ੍ਰਸਵ ਤੋਂ ਬਾਅਦ ਦੀ ਹਰ ਚੀਜ਼ ਲਈ ਮੌਜੂਦ ਹੈ। ਸਾਡੇ ਲਈ ਅਤੇ ਸਾਡੇ ਮਰੀਜਾਂ ਲਈ ਇਹੀ ਸਾਰਾ ਕੁਝ ਹੈ।" ਇਸ ਵਾਰਡ ਵਿੱਚ ਛੇ ਬਿਸਤਰਿਆਂ ਤੋਂ ਇਲਾਵਾ, ਇੱਕ ਦਫ਼ਤਰ ਵੀ ਹੈ ਜਿਸ 'ਤੇ ਪੁਸ਼ਪਾ ਜਿਹੀ ਏਐੱਨਐੱਮ ਦਾ ਕਬਜਾ ਰਹਿੰਦਾ ਹੈ ਅਤੇ ਇੱਕ ਹੋਰ ਪ੍ਰਸੂਤੀ ਵਾਰਡ ਦੇ ਬਾਹਰ ਹੈ। ''ਇਨ੍ਹਾਂ ਦੋਹਾਂ ਬਿਸਤਰਿਆਂ ਦਾ ਇਸਤੇਮਾਲ ਅਕਸਰ ਮਮਤਾ ਕਰਦੀਆਂ ਹਨ। ਰਾਤ ਦੀ ਸ਼ਿਫਟ ਵਿੱਚ ਜਦੋਂ ਸਾਰੇ ਬਿਸਤਰਿਆਂ 'ਤੇ ਰੋਗੀਆਂ ਦਾ ਕਬਜਾ ਹੋ ਜਾਂਦਾ ਹੈ, ਤਾਂ ਸਾਨੂੰ ਸੌਣ ਲਈ ਬੈਂਚਾਂ ਨੂੰ ਆਪਸ ਵਿੱਚ ਜੋੜਨਾ ਪੈਂਦਾ ਹੈ। ਅਜਿਹੇ ਵੀ ਦਿਨ ਦੇਖੇ ਹਨ ਜਦੋਂ ਸਾਨੂੰ, ਇੱਥੋਂ ਤੱਕ ਕਿ ਏਐੱਨਐੱਮ ਨੂੰ ਵੀ, ਫ਼ਰਸ਼ 'ਤੇ ਸੌਣਾ ਪਿਆ ਹੈ।''
ਬੇਬੀ ਚੁਫੇਰੇ ਝਾਤੀ ਮਾਰਦੀ ਹਨ ਉਹ ਤਸੱਲੀ ਕਰਨ ਲਈ ਕਿ ਕਿਤੇ ਕੋਈ ਸੀਨੀਅਰ ਤਾਂ ਸਾਡੀ ਗੱਲ ਨਹੀਂ ਸੁਣ ਰਿਹਾ, ਫਿਰ ਆਪਣੀ ਗੱਲ ਜਾਰੀ ਰੱਖਦੀ ਹਨ,''ਸਾਡੇ ਲਈ ਪਾਣੀ ਗਰਮ ਕਰਨ ਦਾ ਕੋਈ ਬੰਦੋਬਸਤ ਨਹੀਂ ਹੈ। ਦੀਦੀ (ਏਐੱਨਐੱਮ) ਲੰਬੇ ਸਮੇਂ ਤੋਂ ਮੰਗ ਕਰ ਰਹੀ ਹਨ, ਪਰ ਕੋਈ ਫਾਇਦਾ ਨਹੀਂ ਹੋਇਆ। ਨਾਲ਼ ਦੇ ਚਾਹ ਦੇ ਖੋਖੇ ਵਾਲ਼ੀ ਸਾਡੀ ਮਦਦ ਕਰਦੀ ਹੈ। ਤੁਸੀਂ ਜਦੋਂ ਬਾਹਰ ਜਾਓਗੇ ਤਾਂ ਤੁਹਾਨੂੰ ਪੀਐੱਚਸੀ ਦੇ ਬੂਹੇ ਦੇ ਐਨ ਸੱਜੇ ਪਾਸੇ ਚਾਹ ਦਾ ਖੋਖਾ ਮਿਲੇਗਾ, ਜੋ ਇੱਕ ਔਰਤ ਅਤੇ ਉਹਦੀ ਧੀ ਚਲਾਉਂਦੀਆਂ ਹਨ। ਸਾਨੂੰ ਜਦੋਂ ਲੋੜ ਹੁੰਦੀ ਹੈ, ਤਾਂ ਉਹ ਸਟੀਲ ਦੇ ਇੱਕ ਪਤੀਲੇ ਵਿੱਚ ਸਾਡੇ ਲਈ ਗਰਮ ਪਾਣੀ ਲਿਆਉਂਦੀ ਹੈ। ਉਹ ਜਦੋਂ ਵੀ ਪਾਣੀ ਲਿਆਉਂਦੀ ਹੈ, ਅਸੀਂ ਹਰ ਵਾਰ ਉਹਨੂੰ ਕੁਝ ਨਾ ਕੁਝ ਦਿੰਦੇ ਜ਼ਰੂਰ ਹਾਂ। ਆਮ ਤੌਰ 'ਤੇ 10 ਰੁਪਏ।''
ਉਹ ਇੰਨੇ ਘੱਟ ਪੈਸੇ ਵਿੱਚ ਆਪਣਾ ਡੰਗ ਕਿਵੇਂ ਚਲਾਉਂਦੀ ਹਨ? "ਤੁਹਾਨੂੰ ਕੀ ਲੱਗਦਾ ਹੈ?" ਬੇਬੀ ਪੁੱਛਦੀ ਹਨ। "ਕੀ 3,000 ਰੁਪਏ ਚਾਰ ਮੈਂਬਰੀ ਟੱਬਰ ਲਈ ਕਾਫੀ ਹਨ? ਮੈਂ ਪਰਿਵਾਰ ਵਿੱਚ ਇਕੱਲੀ ਕਮਾਊ ਹਾਂ। ਮੇਰਾ ਬੇਟਾ, ਨੂੰਹ ਅਤੇ ਮੇਰੀ ਪੋਤੀ ਮੇਰੇ ਨਾਲ਼ ਹੀ ਰਹਿੰਦੇ ਹਨ। ਇਸਲਈ ਮਰੀਜ਼ ਸਾਨੂੰ ਕੁਝ ਪੈਸੇ ਦੇ ਦਿੰਦੇ ਹਨ। ਏਐੱਨਐੱਮ, ਆਸ਼ਾ... ਹਰ ਕੋਈ ਲੈਂਦਾ ਹੈ। ਅਸੀਂ ਵੀ ਇਸ ਤਰੀਕੇ ਦੇ ਪੈਸੇ ਲੈਂਦੇ ਹਾਂ। ਕਈ ਵਾਰ ਤਾਂ ਇੱਕ ਡਿਲੀਵਰੀ ਦੇ 100 ਰੁਪਏ ਅਤੇ ਕਦੇ-ਕਦੇ 200 ਰੁਪਏ। ਅਸੀਂ ਮਰੀਜਾਂ ਨੂੰ ਮਜ਼ਬੂਰ ਨਹੀਂ ਕਰਦੇ। ਅਸੀਂ ਉਨ੍ਹਾਂ ਤੋਂ ਮੰਗਦੇ ਹਾਂ ਤਾਂ ਉਹ ਖੁਸ਼ੀ-ਖੁਸ਼ੀ ਸਾਨੂੰ ਦੇ ਦਿੰਦੇ ਹਨ। ਖਾਸ ਕਰਕੇ ਜਦੋਂ ਮੁੰਡਾ ਪੈਦਾ ਹੁੰਦਾ ਹੈ।"
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਜਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਸਮੱਗਰੀ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।
ਤਰਜਮਾ: ਕਮਲਜੀਤ ਕੌਰ