ਲੱਦਾਖ ਦੀ ਸੁਰੂ ਘਾਟੀ ਵਿਖੇ ਵੱਸੇ ਪਿੰਡ ਗਰਮੀਆਂ ਦੇ ਮਹੀਨਿਆਂ ਵਿੱਚ ਇੱਕ ਵਾਰ ਦੋਬਾਰਾ ਜਿਊ ਉੱਠਦੇ ਹਨ। ਹਰੇ-ਭਰੇ ਲਹਿਰਾਉਂਦੇ ਖੇਤਾਂ ਤੇ ਘਾਹ ਦੇ ਮੈਦਾਨਾਂ ਦੇ ਵਿਚਾਲਿਓਂ ਵਹਿੰਦੇ ਪਹਾੜੀ ਝਰਨਿਆਂ ਦੀ ਅਵਾਜ਼ ਵਿੱਚੋਂ ਪੈਦਾ ਹੁੰਦਾ ਸੰਗੀਤ ਜਿਹਦੀ ਧੁਨ ‘ਤੇ ਮੈਦਾਨੀਂ ਉੱਗੇ ਜੰਗਲੀ ਫੁੱਲ ਝੂਮ ਉੱਠਦੇ ਹਨ ਅਤੇ ਬਰਫ਼-ਲੱਦੀਆਂ ਟੀਸੀਆਂ ਹੋਰ ਖ਼ੂਬਸੂਰਤ ਹੋ ਉੱਠਦੀਆਂ ਹਨ। ਦਿਨ ਵੇਲ਼ੇ ਨੀਲਾ ਨੀਲਾ ਅਕਾਸ਼ ਅਤੇ ਰਾਤ ਵੇਲ਼ੇ ਅਕਾਸ਼ ਗੰਗਾ ਦਾ ਨਜ਼ਾਰਾ ਇਨਸਾਨ ਨੂੰ ਮੰਤਰ-ਮੁਗਧ ਕਰਨ ਵਾਲ਼ਾ ਹੁੰਦਾ ਹੈ।
ਕਾਰਗਿਲ ਜ਼ਿਲ੍ਹੇ ਦੀ ਇਸ ਘਾਟੀ ਦੇ ਬੱਚੇ ਚੁਗਿਰਦੇ ਨਾਲ਼ ਆਪਣਾ ਸੰਵੇਦਨਸ਼ੀਲ ਰਿਸ਼ਤਾ ਸਾਂਝਾ ਕਰਦੇ ਹਨ। ਤਾਈ ਸੁਰੂ ਪਿੰਡ ਵਿਖੇ, ਜਿੱਥੇ 2021 ਵਿੱਚ ਇਹ ਤਸਵੀਰਾਂ ਲਈਆਂ ਗਈਆਂ ਸਨ, ਕੁੜੀਆਂ ਛਾਲ਼ਾਂ ਮਾਰ ਮਾਰ ਕੇ ਵੱਡੀਆਂ-ਛੋਟੀਆਂ ਚੱਟਾਨਾਂ ‘ਤੇ ਜਾ ਚੜ੍ਹਦੀਆਂ, ਗਰਮੀਆਂ ਵੇਲ਼ੇ ਫੁੱਲ ਚੁੱਗਦੀਆਂ ਅਤੇ ਸਿਆਲ ਰੁੱਤੇ ਬਰਫ਼ ਵਟੋਰਦੀਆਂ ਅਤੇ ਟਪੂਸੀ ਮਾਰ ਝਰਨਿਆਂ ਵਿੱਚ ਜਾ ਵੜ੍ਹਦੀਆਂ ਹਨ। ਗਰਮੀਆਂ ਵਿੱਚ ਪੂਰਾ ਪੂਰਾ ਦਿਨ ਜੌਂ ਦੇ ਖੇਤਾਂ ਵਿੱਚ ਖੇਡਦੇ ਰਹਿਣਾ ਉਨ੍ਹਾਂ ਦਾ ਪਸੰਦੀਦਾ ਕੰਮ ਹੈ।
ਕਾਰਗਿਲ ਇੱਕ ਬੀਹੜ ਇਲਾਕਾ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਲੱਦਾਖ ਦੇ ਇਕਲੌਤੇ ਸੈਰ-ਸਪਾਟੇ ਲਈ ਮੰਨੇ-ਪ੍ਰਮੰਨੇ ਜ਼ਿਲ੍ਹੇ ਲੇਹ ਤੋਂ ਕਾਫ਼ੀ ਦੂਰੀ ‘ਤੇ ਸਥਿਤ ਹੈ।
ਆਮ ਤੌਰ ‘ਤੇ ਬੜੇ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਕਾਰਗਿਲ ਕਸ਼ਮੀਰ ਘਾਟੀ ਵਿਖੇ ਪੈਂਦਾ ਹੈ, ਪਰ ਇੰਝ ਨਹੀਂ ਹੈ। ਕਸ਼ਮੀਰ ਤੋਂ ਉਲਟ ਜਿੱਥੇ ਸੁੰਨੀ ਮੁਸਲਮਾਨਾਂ ਦੀ ਗਿਣਤੀ ਵੱਧ ਹੈ, ਉੱਥੇ ਹੀ ਕਾਰਗਿਲ ਵਿੱਚ ਰਹਿਣ ਵਾਲ਼ੇ ਲੋਕਾਂ ਵਿੱਚ ਸ਼ਿਆ ਮੁਸਲਮਾਨਾਂ ਦੀ ਗਿਣਤੀ ਵੱਧ ਹੈ।
ਸੁਰੂ ਘਾਟੀ ਦੇ ਸ਼ਿਆ ਮੁਸਲਮਾਨ ਤਾਈ ਸੁਰੂ ਨੂੰ ਪਵਿੱਤਰ ਮੰਨਦੇ ਹਨ, ਜੋ ਕਾਰਗਿਲ ਸ਼ਹਿਰ ਤੋਂ ਕੋਈ 70 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ ਅਤੇ ਇੱਕ ਮਹੱਤਪੂਰਨ ਧਾਰਮਿਕ ਕੇਂਦਰ ਹੈ। ਇੱਥੋਂ ਦੇ ਲੋਕਾਂ ਲਈ ਇਸਲਾਮਿਕ ਨਵੇਂ-ਵਰ੍ਹੇ ਦਾ ਪਹਿਲਾ ਮਹੀਨਾ-ਮੁਰੱਹਮ-ਇਮਾਮ ਹੁਸੈਨ (ਪੈਗੰਬਰ ਮੁਹੰਮਦ ਦੇ ਪੋਤੇ) ਦੀ ਕੁਰਬਾਨੀ ਕਾਰਨ ਡੂੰਘੇ ਸ਼ੋਕ ਦਾ ਸਮਾਂ ਮੰਨਿਆ ਜਾਂਦਾ ਹੈ। ਅਕਤੂਬਰ 620 ਈਸਵੀ ਵਿੱਚ ਕਰਬਲਾ (ਹੁਣ ਦਾ ਇਰਾਕ) ਵਿੱਚ ਹੋਈ ਜੰਗ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ 72 ਸਾਥੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ।
ਮਰਦ ਅਤੇ ਔਰਤਾਂ ਦੋਵੇਂ ਹੀ ਮੁਰੱਹਮ ਦੇ ਸਾਰੇ ਰੀਤੀ-ਰਿਵਾਜਾਂ ਵਿੱਚ ਹਿੱਸਾ ਲੈਂਦੇ ਹਨ। ਕਈ ਦਿਨਾਂ ਤੱਕ ਜਲੂਸ ਜਾਂ ਦਸਤੇ ਕੱਢੇ ਜਾਂਦੇ ਹਨ। ਸਭ ਤੋਂ ਵੱਡਾ ਜਲੂਸ ਅਸ਼ੂਰਾ-ਮੁਰੱਹਮ ਦੇ ਦਸਵੇਂ ਦਿਨ ਕੱਢਿਆ ਜਾਂਦਾ ਹੈ-ਜਦੋਂ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਰਬਲਾ ਵਿਖੇ ਹੋਏ ਸਮੂਹਿਕ ਨਰਸੰਹਾਰ (ਕਤਲੋਗਾਰਤ) ਵਿੱਚ ਮਾਰ ਮੁਕਾਇਆ ਗਿਆ ਸੀ। ਉਸ ਦਿਨ ਕਈ ਲੋਕ ਖ਼ੁਦ ਨੂੰ ਕੋੜੇ ਮਾਰਨ (ਕਾਮਾ ਜ਼ਾਨੀ) ਦੇ ਰਿਵਾਜ਼ ਤਹਿਤ ਆਪਣੀ ਹੀ ਪਿੱਠਾਂ ਨੂੰ ਜੰਜ਼ੀਰਾਂ ਅਤੇ ਤਿੱਖੇ ਹਥਿਆਰਾਂ ਨਾਲ਼ ਲਹੂ-ਲੁਹਾਨ ਕਰ ਸੁੱਟਦੇ ਹਨ ਅਤੇ ਆਪਣੀਆਂ ਛਾਤੀਆਂ (ਸੀਨਾ ਜ਼ਾਨੀ) ਪਿੱਟਦੇ ਹਨ।

ਸੁਰੂ ਘਾਟੀ ਵਿੱਚ ਵੱਸੇ ਕਾਰਗਿਲ ਸ਼ਹਿਰ ਤੋਂ 70 ਕਿਲੋਮੀਟਰ ਦੱਖਣ ਵਿੱਚ ਸਥਿਤ ਤਾਈ ਸੁਰੂ ਪਿੰਡ ਵਿੱਚ ਕਰੀਬ 600 ਲੋਕ ਵੱਸਦੇ ਹਨ। ਇਹ ਕਾਰਗਿਲ ਜ਼ਿਲ੍ਹੇ ਦੀ ਤੈਫ਼ਸੁਰੂ ਤਹਿਸੀਲ ਦਾ ਹੈੱਡਕੁਆਰਟਰ ਵੀ ਹੈ
ਅਸ਼ੂਰਾ ਦੀ ਪਿਛਲੀ ਰਾਤ ਔਰਤਾਂ ਪੂਰਾ ਰਾਹ ਮਰਸੀਆ ਅਤੇ ਨੋਹਾ ਪੜ੍ਹਦੀਆਂ ਹੋਈਆਂ ਮਸਜਿਦ ਤੋਂ ਇਮਾਮਬਾੜਾ (ਸਭਾ) ਤੱਕ ਜਲੂਸ ਕੱਢਦੀਆਂ ਹਨ। (ਇਸ ਸਾਲ ਅਸ਼ੂਰਾ 8-9 ਅਗਸਤ ਨੂੰ ਹੈ।)
ਹਰ ਕੋਈ ਮੁਰੱਹਮ ਦੇ ਮਹੀਨੇ ਦਿਨ ਵਿੱਚ ਦੋ ਵਾਰੀਂ ਇਮਾਮਬਾੜਾ ਵਿੱਚ ਲੱਗਣ ਵਾਲ਼ੀਆਂ ਮਜਲਿਸਾਂ ਵਿੱਚ ਜੁੜਦਾ ਹੈ ਅਤੇ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਵਿਰੋਧ ਵਿੱਚ ਲੜੀ ਗਈ ਜੰਗ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਦਾ ਹੈ। ਵੱਡੇ ਸਾਰੇ ਹਾਲ ਵਿੱਚ ਆਪੋ-ਆਪਣੀਆਂ ਨਿਯਤ ਥਾਵਾਂ ‘ਤੇ ਬੈਠੇ ਮਰਦ (ਅਤੇ ਲੜਕੇ) ਅਤੇ ਔਰਤਾਂ, ਆਗਾ (ਧਾਰਮਿਕ ਮੁਖੀ) ਦੁਆਰਾ ਸੁਣਾਈਆਂ ਜਾਣ ਵਾਲ਼ੀਆਂ ਕਹਾਣੀਆਂ ਜਿਸ ਵਿੱਚ ਕਰਬਲਾ ਦੀ ਕਹਾਣੀ ਵੀ ਹੁੰਦੀ ਹੈ, ਬੜੇ ਗਹੁ ਨਾਲ਼ ਸੁਣਦੇ ਹਨ।
ਪਰ ਹਾਲ ਦੀ ਉਪਰਲੀ ਮੰਜ਼ਲ ‘ਤੇ ਬਣੀ ਬਾਲਕਾਨੀ ‘ਤੇ ਪੂਰੀ ਤਰ੍ਹਾਂ ਕੁੜੀਆਂ ਦਾ ਕਬਜ਼ਾ ਰਹਿੰਦਾ ਹੈ। ਇਸ ਥਾਓਂ ਉਹ ਹੇਠਾਂ ਵਾਪਰਦੀ ਹਰ ਘਟਨਾ ਨੂੰ ਸਾਫ਼ ਦੇਖ ਸਕਦੀਆਂ ਹਨ। ‘ ਪਿੰਜਰਾ ’ ਕਹੀ ਜਾਂਦੀ ਇਹ ਥਾਂ ਜਿੱਥੇ ਕੁੜੀਆਂ ਲਈ ਕੈਦ ਅਤੇ ਘੁੱਟਣ ਦਾ ਪ੍ਰਤੀਕ ਮੰਨੀ ਜਾਂਦੀ ਹੈ। ਉੱਥੇ ਹੀ ਇਸ ਸਭ ਦੇ ਬਾਵਜੂਦ ਇਹ ਇਨ੍ਹਾਂ ਕੁੜੀਆਂ ਲਈ ਉਨ੍ਹਾਂ ਦੀ ਅਜ਼ਾਦੀ ਅਤੇ ਮੁਕਤੀ ਦਾ ਪ੍ਰਤੀਕ ਬਣ ਉੱਭਰਦੀ ਹੈ।
ਉਹ ਬਿੰਦੂ ਜਦੋਂ ਇਮਾਮਬਾੜੇ ਵਿਖੇ ਸ਼ੋਕ ਦੀ ਲਹਿਰ ਆਪਣੀ ਚਰਮ ਸੀਮਾ ਨੂੰ ਜਾ ਛੂੰਹਦੀ ਹੈ, ਕੁੜੀਆਂ ਦਾ ਦਿਲ ਵਲੂੰਧਰਿਆ ਜਾਂਦਾ ਹੈ ਅਤੇ ਉਹ ਆਪਣੇ ਸਿਰ ਝੁਕਾਈ ਬੱਸ ਰੋਣ ਲੱਗਦੀਆਂ ਹਨ। ਪਰ ਉਨ੍ਹਾਂ ਦਾ ਇਹ ਰੋਣਾ-ਧੋਣਾ ਬਹੁਤੀ ਦੇਰ ਨਹੀਂ ਚੱਲਦਾ।
ਭਾਵੇਂਕਿ, ਮੁਰੱਹਮ ਸ਼ੋਕ ਦਾ ਮਹੀਨਾ ਹੈ, ਪਰ ਬੱਚਿਆਂ ਵਾਸਤੇ ਇਹ ਉਨ੍ਹਾਂ ਦੇ ਦੋਸਤਾਂ ਨਾਲ਼ ਮਿਲ਼ਣ-ਜੁਲਣ ਤੇ ਆਪਸ ਵਿੱਚ ਲੰਬਾ ਸਮਾਂ ਬਿਤਾਉਣ ਦਾ ਮਹੀਨਾ ਹੁੰਦਾ ਹੈ। ਮਿਲ਼ਣ-ਜੁਲਣ ਦਾ ਇਹ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਹਿੰਦਾ ਹੈ। ਹਾਲਾਂਕਿ ਕਿ ਕੁਝ ਮੁੰਡੇ ਖ਼ੁਦ ‘ਤੇ ਕੋੜੇ ਵਰ੍ਹਾਉਂਦੇ ਹਨ, ਪਰ ਕੁੜੀਆਂ ਲਈ ਇੰਝ ਕਰਨਾ ਵਰਜਿਤ ਹੈ। ਕੁੜੀਆਂ ਬੱਸ ਚੁੱਪਚਾਪ ਦੂਜਿਆਂ ਨੂੰ ਇੰਝ ਕਰਦਿਆਂ ਵੇਖਦੀਆਂ ਰਹਿੰਦੀਆਂ ਹਨ।
ਸਧਾਰਣ ਤੌਰ ‘ਤੇ ਮੁਰੱਹਮ ਦਾ ਖ਼ਿਆਲ ਆਉਂਦੇ ਹੀ ਸਾਡਾ ਧਿਆਨ ਖ਼ੁਦ ਨੂੰ ਕੋੜਿਆਂ ਨਾਲ਼ ਲਹੂ-ਲੁਹਾਨ ਕਰਦੇ ਲੀਰੋ-ਲੀਰ ਕੱਪੜਿਆਂ ਵਿੱਚ ਲਿਪਟੇ ਬੰਦਿਆਂ ਦੀ ਤਸਵੀਰ ਵਿੱਚ ਅਟਕ ਕੇ ਰਹਿ ਜਾਂਦਾ ਹੈ। ਪਰ ਸ਼ੋਕ ਮਨਾਉਣ ਦੇ ਦੂਸਰੇ ਵੀ ਕਈ ਤਰੀਕੇ ਹਨ, ਜਿਵੇਂ ਔਰਤਾਂ ਦੇ ਸਾਦਗੀ ਅਤੇ ਸ਼ੋਕ ਭਰੇ ਤਰੀਕੇ ਬਿਹਤਰ ਉਦਾਹਰਣ ਹਨ।

ਜੌਂ ਦੇ ਖੇਤਾਂ ਵਿੱਚ ਖੇਡਦੀ ਜੰਨਤ। ਤਾਈ ਸੁਰੂ ਵਿੱਚ ਗਰਮੀਆਂ ਦੇ ਮੌਸਮ ਵਿੱਚ ਇਹੀ ਬੱਚਿਆਂ ਦਾ ਸਭ ਤੋਂ ਪਸੰਦੀਦਾ ਕੰਮ ਹੈ

ਜੰਨਤ (ਖੱਬੇ) ਅਤੇ ਆਰਚੋ ਫ਼ਾਤਿਮਾ ਜੰਗਲੀ ਫੁੱਲਾਂ ਨਾਲ਼ ਭਰੇ ਮੈਦਾਨ ਵਿੱਚ ਬੈਠੀਆਂ ਹੋਈਆਂ ਹਨ, ਇਹ ਫੁੱਲ ਗਰਮੀ ਰੁੱਤੇ ਫ਼ਸਲ ਦੇ ਨਾਲ਼ ਆਪੇ ਹੀ ਉੱਗ ਆਉਂਦੇ ਹਨ

ਬੱਚਿਆਂ ਦੀਆਂ ਸਵੇਰਾਂ ਸਕੂਲ ਵਿੱਚ ਅਤੇ ਸ਼ਾਮਾਂ ਖੇਡਦਿਆਂ ਅਤੇ ਸਕੂਲ ਦਾ ਕੰਮ ਕਰਦਿਆਂ ਲੰਘਦੀਆਂ ਹਨ। ਹਫ਼ਤੇ ਦੇ ਅੰਤ ਵਿੱਚ ਕਦੇ-ਕਦਾਈਂ ਪਿਕਨਿਕ ਦਾ ਅਯੋਜਨ ਹੁੰਦਾ ਹੈ। ਇੱਥੇ ਦੇਖੋ, ਮੋਹਦਿੱਸਾ (11 ਸਾਲ) ਪਿਕਨਿਕ ਦੌਰਾਨ ਝਰਨੇ ਦੇ ਪਾਣੀ ਨਾਲ਼ ਮਸਤੀ ਕਰਦੀ ਹੋਈ

ਲੱਦਾਖ ਦੀ ਸੁਰੂ ਘਾਟੀ ਦੇ ਤਾਈ ਸੁਰੂ ਵਿੱਚ ਦੋ ਕੁੜੀਆਂ ਉੱਚੀ ਚੱਟਾਨ
‘
ਤੇ ਚੜ੍ਹਾਈ ਕਰ ਰਹੀਆਂ ਹਨ। ਇਸ ਘਾਟੀ ਵਿੱਚ ਬੱਚੇ ਚੁਗਿਰਦੇ ਨਾਲ਼ ਆਪਣੀ ਡੂੰਘੀ ਨੇੜਤਾ
ਸਾਂਝੀ ਕਰਦੇ ਹਨ

ਅਗਸਤ 2021 ਵਿੱਚ ਮੁਰੱਹਮ ਦੌਰਾਨ, 10 ਸਾਲਾ ਹਾਜਿਰਾ ਅਤੇ 11 ਸਾਲਾ ਜ਼ਾਹਰਾ ਬਤੂਲ ਇਕੱਠਿਆਂ ਪੜ੍ਹਾਈ ਕਰਦੀਆਂ ਹੋਈਆਂ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਦੋਵੇਂ ਇਮਾਮਬਾੜਾ ਚਲੀਆਂ ਜਾਣਗੀਆਂ

ਪੁਰਸ਼ 16 ਅਗਸਤ 2021 ਨੂੰ ਪਿੰਡ ਦੇ ਇਮਾਮਵਾੜੇ ਵਿੱਚ ਸੀਨਾ ਜ਼ਾਰੀ (ਰਿਵਾਜ ਮੁਤਾਬਕ ਆਪਣੀ ਛਾਤੀ ਪਿੱਟਣਾ) ਕਰਦੇ ਹੋਏ। ਇੱਕ ਕਾਲ਼ੇ ਕੱਪੜੇ ਦੇ ਇੱਕ ਪਰਦੇ ਨਾਲ਼ ਹਾਲ ਵਿੱਚ ਮਰਦਾਂ ਅਤੇ ਔਰਤਾਂ ਵਾਸਤੇ ਦੋ ਹਿੱਸੇ ਬਣਾਏ ਗਏ ਹਨ

ਕੁੜੀਆਂ ਪਿੰਜਰੇ ਦੇ ਵਿੱਚੋਂ ਦੀ ਹੇਠਾਂ ਹਾਲ ਵਿੱਚ ਝਾਕਦੀਆਂ ਹੋਈਆਂ। ਹੇਠਾਂ ਹਾਲ ਵਿੱਚ ਚੱਲਦੇ ਰੀਤੀ-ਰਿਵਾਜਾਂ ਤੋਂ ਦੂਰ, ਇਹ ਬਾਲਕਾਨੀ ਕੁੜੀਆਂ ਵਾਸਤੇ ਅਜ਼ਾਦੀ ਅਤੇ ਖੇਡਣ ਦੀ ਥਾਂ ਬਣਦੀ ਹੈ

ਅਗਸਤ 2021 ਦੀ ਇੱਕ ਰਾਤ ਮੁਰੱਹਮ ਲਈ ਜਮ੍ਹਾ ਹੋਏ ਇਕੱਠ ਵਿੱਚ ਸਹੇਲੀਆਂ ਪਿੰਜਰੇ ਵਿੱਚ ਬਹਿ ਇੱਕ-ਦੂਜੇ ਨਾਲ਼ ਸਮਾਂ ਬਿਤਾਉਂਦੀਆਂ ਹੋਈਆਂ

ਬਬਲਗਮ ਦੇ ਬੁਲਬੁਲੇ ਫਲਾਉਣ ਵਿੱਚ ਮਸ਼ਰੂਫ਼ ਬੱਚੀਆਂ

ਕਰੀਬ 12 ਅਤੇ 10 ਸਾਲ ਦੀਆਂ ਦੋ ਬੱਚੀਆਂ ਵੀਡਿਓ ਗੇਮ ਖੇਡਣ ਵਿੱਚ ਮਸ਼ਰੂਫ਼ ਹਨ। ਤਾਈ ਸੁਰੂ ਦੇ ਬੱਚੇ ਵੀ ਦੂਸਰਿਆਂ ਥਾਵਾਂ ਦੇ ਬੱਚਿਆਂ ਵਾਂਗਰ ਆਪਣਾ ਬਹੁਤਾ ਸਮਾਂ ਟੀਵੀ ਦੇਖਣ ਜਾਂ ਸੋਸ਼ਲ ਮੀਡੀਆ ਦੇ ਨਾਲ਼ ਲੰਘਾਉਂਦੇ ਹਨ, ਹਾਲਾਂਕਿ ਇੰਟਰਨੈੱਟ ਪਿੰਡ ਦੇ ਸਿਰਫ਼ ਕੁਝ-ਕੁ ਹਿੱਸੇ ਵਿੱਚ ਹੀ ਫੜ੍ਹਦਾ ਹੈ

ਇਮਾਮਬਾੜੇ ਦੀ ਕੰਧ ‘ ਤੇ ਚੜ੍ਹਦੀਆਂ ਬੱਚੀਆਂ। ਜੇ ਉਹ ਫੜ੍ਹੀਆਂ ਗਈਆਂ ਤਾਂ ਝਿੜਕਾਂ ਬੜੀਆਂ ਪੈਣੀਆਂ

ਇਮਾਮਬਾੜੇ ਦੇ ਬਾਹਰ ਵੱਡੇ-ਬਜ਼ੁਰਗਾਂ ਤੋਂ ਚੋਰੀ ਇੱਕ ਖੇਡ ਦੌਰਾਨ ਕੁੜੀ ਵਿਕ੍ਰਟਰੀ ਸਾਈਨ (ਜੇਤੂ ਚਿੰਨ੍ਹ) ਦਿਖਾਉਂਦੀ ਹੋਈ

ਅਸ਼ੂਰਾ ਦੀ ਰਾਤ ਔਰਤਾਂ ਪੁਰਖਾਂ ਨਾਲ਼ੋਂ ਅੱਡ ਜਲੂਸ ਕੱਢਦੀਆਂ ਹਨ। ਬੱਚੇ ਜਲੂਸ ਵਿੱਚ ਔਰਤਾਂ ਨੂੰ ਨੋਹਾ ਪੜ੍ਹਦਿਆਂ ਦੇਖ ਰਹੇ ਹਨ। ਇਹ ਰਿਵਾਜ਼ ਮੁਰੱਹਮ ਦੇ ਇਸਲਾਮਕ ਮਹੀਨੇ ਦੇ ਦਸਵੇਂ ਦਿਨ ਕਰਬਲਾ ਦੀ ਜੰਗ ਵਿੱਚ ਇਮਾਮ ਹੁਸੈਨ ਦੇ ਮਾਰੇ ਜਾਣ ਦਾ ਸ਼ੋਕ ਮਨਾਉਣ ਦਾ ਸੰਕੇਤ ਹੈ

19 ਅਗਸਤ 2021 ਨੂੰ ਅਸ਼ੂਰਾ ਦੇ ਦਿਨ ਔਰਤਾਂ ਦਾ ਇੱਕ ਜਲੂਸ ਪ੍ਰਾਂਤੀ ਪਿੰਡ ਤੋਂ ਤਾਈ ਸੁਰੂ ਵੱਲ਼ ਵੱਧ ਰਿਹਾ ਹੈ

ਅਗਸਤ 2021 ਵਿੱਚ ਅਸ਼ੂਰਾ ਦੇ ਦਿਨ ਨਿਕਲ਼ਿਆ ਪੁਰਸ਼ਾਂ ਦਾ ਇੱਕ ਜਲੂਸ

ਇਹ ਬੱਚੀਆਂ ਪੁਰਖ਼ਾਂ ਦੇ ਜਲੂਸ ਦੇ ਨਾਲ਼ ਨਾਲ਼ ਚੱਲ਼ਣ ਦੀ ਕੋਸ਼ਿਸ਼ ਕਰ ਰਹੀਆਂ ਹਨ

ਤਾਈ ਸੁਰੂ ਵਿੱਚ ਅਸ਼ੂਰਾ ਦੇ ਮੌਕੇ ਕੁੜੀਆਂ ਦਾ ਇੱਕ ਝੁੰਡ ਮਰਸਿਆ ਪੜ੍ਹ ਰਿਹਾ ਹੈ ਅਤੇ ਸੀਨਾ ਜ਼ਾਨੀ ਕਰ ਰਿਹਾ ਹੈ

ਅਸ਼ੂਰਾ ਇੱਕ ਜੰਪਨ- ਇੱਕ ਪਾਲਕੀ ਦੇ ਨਾਲ਼ ਮੁੱਕਦਾ ਹੈ, ਜੋ ਇਮਾਮ ਹੁਸੈਨ ਦੀ ਭੈਣ ਜ਼ੈਨਬ ਦੇ ਉਸ ‘ ਤੇ ਬਹਿ ਕੇ ਕਰਬਲਾ ਜਾਣ ਦਾ ਪ੍ਰਤੀਕ ਹੈ। ਇਹ ਅਯੋਜਨ ਪਿੰਡ ਦੇ ਇੱਕ ਖੁੱਲ੍ਹੇ ਮੈਦਾਨ ਵਿੱਚ ਹੁੰਦਾ ਹੈ। ਇਹ ਮੈਦਾਨ ਉਸ ਕਤਲ-ਏ-ਗਾਹ ਦੀ ਨੁਮਾਇੰਦਗੀ ਕਰਦਾ ਹੈ ਜਿੱਥੇ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉਮੱਯਦ ਖ਼ਲੀਫ਼ਾ ਯਜ਼ੀਦ ਦੀ ਹਕੂਮਤ ਦਾ ਵਿਰੋਧ ਕਰਨ ਕਾਰਨ ਮਾਰ ਸੁੱਟਿਆ ਗਿਆ ਸੀ

ਕਤਲ-ਏ-ਗਾਹ ਦੀ ਦੁਆ ਪੜ੍ਹਦੀਆਂ ਬੱਚੀਆਂ

ਪੂਰਾ ਪਿੰਡ ਅਸ਼ੂਰਾ ਦੇ ਦਿਨ ਕਤਲ-ਏ-ਗਾਹ ਵਿੱਚ ਕਰਬਲਾ ਦੀ ਜੰਗ ਨੂੰ ਅਦਾਕਾਰੀ ਦੇ ਜ਼ਰੀਏ ਦੁਹਰਾਉਣ ਲਈ ਇਕੱਠਾ ਹੁੰਦਾ ਹੈ

ਅਗਸਤ 2021 ਵਿੱਚ ਅਸ਼ੂਰਾ ਦੇ ਦੋ ਦਿਨ ਬਾਅਦ ਤਾਈ ਸੁਰੂ ਵਿੱਚ ਕੱਢਿਆ ਗਿਆ ਜਲੂਸ

ਤਾਈ ਸੁਰੂ ਦੀਆਂ ਔਰਤਾਂ ਦੁਆਰਾ ਇਮਾਮ ਹੁਸੈਨ ਦਾ ਪ੍ਰਤੀਕਾਤਮਕ ਤਬੂਤ ਅਸ਼ੂਰਾ ਦੇ ਦੋ ਦਿਨ ਬਾਅਦ ਪਿੰਡ ਵਿੱਚ ਘੁਮਾਇਆ ਜਾ ਰਿਹਾ ਹੈ

ਤਾਈ ਸੁਰੂ ਵਿੱਚ ਸਤੰਬਰ 2021 ਵਿੱਚ ਇੱਕ ਜਲੂਸ ਕੱਢੇ ਜਾਣ ਤੋਂ ਬਾਅਦ ਹੋਣ ਵਾਲ਼ੀਆਂ ਸਾਂਝੀਆਂ (ਭਾਈਚਾਰਕ) ਦੁਆਵਾਂ। ਕਰਬਲਾ ਦੇ ਸ਼ਹੀਦਾਂ ਲਈ ਮਨਾਇਆ ਜਾਣ ਵਾਲ਼ਾ ਸ਼ੋਕ, ਸਫ਼ਰ ਭਾਵ ਮੁਰੱਹਮ ਦੇ ਬਾਅਦ ਦੇ ਮਹੀਨਿਆਂ ਵਿੱਚ ਵੀ ਜਾਰੀ ਰਹੇਗਾ
ਤਰਜਮਾ: ਕਮਲਜੀਤ ਕੌਰ