"ਕਾਸ਼ ਕਿ ਬਾਬਾ (ਪਿਤਾ) ਅੱਜ ਮੇਰੇ ਨਾਲ਼ ਇੱਥੇ ਹੁੰਦੇ," ਗੱਚ ਭਰੀ ਅਵਾਜ਼ ਵਿੱਚ ਪ੍ਰਿਯੰਕਾ ਨੇ ਕਿਹਾ। ਪਿਤਾ ਦੀ ਮੌਤ ਤੋਂ ਦੁਖੀ, ਆਪਣੀ ਗੋਦ ਵਿੱਚ ਲਿਸ਼ਕਣੇ ਲਾਲ ਅਤੇ ਸੁਨਿਹਰੀ ਫੁੱਲਾਂ ਨੂੰ ਟਿਕਾਈ, ਉਹ ਗੁਲਾਬੀ ਅਤੇ ਨੀਲੇ ਰੰਗ ਦੀ ਪੁਸ਼ਾਕ ਵਿੱਚ ਸਜੀ ਬੈਠੀ ਸਨ ਅਤੇ ਆਪਣੇ ਪਤੀ ਦੇ ਘਰ ਜਾਣ ਦੀ ਉਡੀਕ ਕਰ ਰਹੀ ਸਨ।
23 ਸਾਲਾ ਪ੍ਰਿਯੰਕਾ ਦਾ, ਜੋ ਵੀ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜਿਲ੍ਹੇ ਦੇ ਪਿੰਡ ਦੀ ਰਹਿਣ ਵਾਲੀ ਹਨ, ਵਿਆਹ 6 ਦਸੰਬਰ 2020 ਨੂੰ 27 ਸਾਲਾ ਹਿਰਨਮਯ ਮੰਡਲ ਨਾਲ਼ ਹੋ ਰਿਹਾ ਸੀ। ਹਿਰਨਮਯ ਥੋੜ੍ਹੀ ਦੂਰ ਹੀ ਰਹਿੰਦੇ ਹਨ ਅਤੇ ਕੋਲਕਾਤਾ ਦੀ ਦੁਕਾਨ ਵਿੱਚ ਬਤੌਰ ਫਲੋਰ ਐਗਜੀਕਿਊਟਿਵ ਕੰਮ ਕਰਦੇ ਹਨ। ਉਹ ਇੱਕ-ਦੂਸਰੇ ਨਾਲ਼ ਪਿਆਰ ਕਰਦੇ ਸਨ ਅਤੇ 2019 ਵਿੱਚ ਵਿਆਹ ਕਰਨ ਦੀ ਯੋਜਨਾ ਬਣਾਈ।
ਪਰ ਸੁੰਦਰਬਨ ਦੇ ਲਾਹਿਰੀਪੁਰ ਗ੍ਰਾਮ ਪੰਚਾਇਤ ਵਿੱਚ ਹੋਣ ਵਾਲ਼ਾ ਉਨ੍ਹਾਂ ਦਾ ਵਿਆਹ ਸਮਾਗਮ ਉਦੋਂ ਮੁਲਤਵੀ ਕਰਨਾ ਪਿਆ, ਜਦੋਂ 29 ਜੁਲਾਈ, 2019 ਨੂੰ ਪ੍ਰਿਯੰਕਾ ਦੇ 45 ਸਾਲਾ ਪਿਤਾ ਅਰਜੁਨ ਮੰਡਲ ਨੂੰ ਇੱਕ ਬਾਘ ਨੇ ਮਾਰ ਸੁੱਟਿਆ। ਅਰਜੁਨ, ਜੋ ਇੱਕ ਮਛੇਰਾ ਸਨ, ਸਦਾ ਵਾਂਗ ਹੀ ਸੁੰਦਰਵਨ ਟਾਈਗਰ ਰਿਜ਼ਰਵ ਕੇਂਦਰ ਵਿੱਚ ਪੁਰਖਲੀ ਗਾਜੀ ਜੰਗਲ ਇਲਾਕੇ ਵਿੱਚ ਗਏ ਸਨ। ਉਨ੍ਹਾਂ ਦੇ ਸਰੀਰ ਦੇ ਅਵਸ਼ੇਸ਼ ਕਦੇ ਮਿਲੇ ਹੀ ਨਹੀਂ।
ਹਰ ਵਾਰ ਜਦੋਂ ਵੀ ਅਰਜੁਨ ਜੰਗਲਾਂ ਵਿੱਚ ਕੇਕੜਿਆਂ ਦਾ ਸ਼ਿਕਾਰ ਕਰਨ ਜਾਂਦੇ, ਤਾਂ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਚਿੰਤਾ ਸਤਾਉਂਦੀ ਰਹਿੰਦੀ। ਅਰਜੁਨ ਜਦੋਂ ਜੁਲਾਈ 2019 ਨੂੰ ਆਪਣੀ ਅਖੀਰੀ ਸ਼ਿਕਾਰ ਯਾਤਰਾ ਲਈ ਗਏ ਸਨ ਤਾਂ ਉਨ੍ਹਾਂ ਦੇ ਦਿਮਾਗ਼ ਵਿੱਚ ਆਪਣੀ ਧੀ ਦੇ ਵਿਆਹ ਬਾਰੇ ਚਿੰਤਾ ਸੀ।
"ਪ੍ਰਿਯੰਕਾਂ ਦੇ ਵਿਆਹ ਵਾਸਤੇ ਸਾਨੂੰ ਪੈਸਿਆਂ ਦੀ ਲੋੜ ਸੀ। ਅਰਜੁਨ ਜੰਗਲ ਵਿੱਚ ਜਾਣਾ ਟਾਲ਼ ਨਹੀਂ ਸਕਦੇ ਸਨ, ਪਰ ਉਨ੍ਹਾਂ ਨੂੰ ਸਦਾ ਹੀ ਕੁਝ ਮਾੜਾ ਵਾਪਰਨ ਦਾ ਪੂਰਵ-ਅਨੁਮਾਨ ਹੋ ਜਾਇਆ ਕਰਦਾ ਸੀ," ਉਨ੍ਹਾਂ ਦੀ ਪਤਨੀ, ਪੁਸ਼ਪਾ ਕਹਿੰਦੀ ਹਨ।

ਵਿਆਹ ਤੋਂ ਪਹਿਲਾਂ ਪ੍ਰਿਯੰਕਾ ਆਪਣੇ ਮਰਹੂਮ ਪਿਤਾ ਦੀ ਤਸਵੀਰ ' ਤੇ ਫੁੱਲਾਂ ਦਾ ਹਾਰ ਪਾਉਂਦੀ ਹੋਈ
ਅਰਜੁਨ ਦੀ ਅਚਾਨਕ ਹੋਈ ਮੌਤ ਕਾਰਨ, ਘਰ ਚਲਾਉਣ ਅਤੇ ਆਪਣੇ ਬੱਚਿਆਂ, ਪ੍ਰਿਯੰਕਾ ਅਤੇ ਰਾਹੁਲ ਦੀ ਜਿੰਮੇਦਾਰੀ ਦੇ ਨਾਲ਼-ਨਾਲ਼ ਪੂਰੀ ਜਿੰਮੇਵਾਰੀ ਉਨ੍ਹਾਂ (ਪੁਸ਼ਪਾ) ਦੇ ਮੋਢਿਆਂ 'ਤੇ ਆਣ ਪਈ। "ਪ੍ਰਿਯੰਕਾ ਦਾ ਵਿਆਹ ਉਹਦੇ ਪਿਤਾ ਦਾ ਸੁਪਨਾ ਸੀ। ਮੈਂ ਜਾਣਦੀ ਹਾਂ ਕਿ ਇਹ ਸੁਪਨਾ ਮੈਂ ਕਿਸੇ ਵੀ ਕੀਮਤ 'ਤੇ ਪੂਰਾ ਕਰਨਾ ਹੈ। ਮੈਂ ਆਪਣੀ ਧੀ ਨੂੰ ਹੋਰ ਕਿੰਨਾ ਚਿਰ ਉਡੀਕ ਕਰਾ ਸਕਦੀ ਹਾਂ?" ਉਹ ਪੁੱਛਦੀ ਹਨ। ਵਿਆਹ 'ਤੇ ਆਉਣ ਵਾਲਾ ਕੁੱਲ ਖਰਚਾ 170,000 ਰੁਪਏ ਹਨ- ਜੋ ਕਿ ਪੁਸ਼ਪਾ ਵਾਸਤੇ ਭਾਰੀ ਰਕਮ ਹੈ, ਜਿਨ੍ਹਾਂ ਦੀ ਉਮਰ ਸਿਰਫ਼ 40 ਸਾਲਾਂ ਦੇ ਕਰੀਬ ਹੈ।
ਅਰਜੁਨ ਦੀ ਮੌਤ ਦੇ ਸਦਮੇ ਨਾਲ਼ ਅਤੇ ਪਰਿਵਾਰ ਦੀ ਡਾਵਾਂਡੋਲ ਹੋਈ ਮਾਲੀ ਹਾਲਤ ਅਤੇ ਆਪਣੇ ਬੱਚਿਆਂ ਲਈ ਇਕੱਲਿਆਂ ਹੀ ਪਿਓ ਦੇ ਫ਼ਰਜ ਪੂਰੇ ਕਰਨ ਕਾਰਨ ਪੁਸ਼ਪਾ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪਿਆ। ਉਨ੍ਹਾਂ ਦਾ ਦਿਮਾਗ਼ ਡੂੰਘੇ ਤਣਾਓ ਵਿੱਚ ਚਲਾ ਗਿਆ ਅਤੇ ਉਹ ਡ੍ਰਿਪਰੈਸ਼ਨ ਦਾ ਰੂਪ ਲੈ ਗਿਆ। 20 ਮਈ 2020 ਨੂੰ ਆਏ ਅੰਫਨ ਚੱਕਰਵਾਤ ਨੇ ਚੀਜ਼ਾਂ ਨੂੰ ਬਦ ਤੋਂ ਬਦਤਰ ਬਣਾ ਛੱਡਿਆ। ਬਾਕੀ ਕੋਵਿਡ-19 ਮਹਾਮਾਰੀ ਨੇ ਉਨ੍ਹਾਂ ਦੀ ਚਿੰਤਾ ਨੂੰ ਵਧਾਉਣ ਲਈ ਰਹਿੰਦੀ-ਖੂੰਹਦੀ ਕਸਰ ਪੂਰੀ ਕਰ ਦਿੱਤੀ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇਜੀ ਨਾਲ਼ ਘੱਟਣ/ਵਧਣ ਲੱਗਿਆ ਅਤੇ ਪੋਸ਼ਤ ਖਾਣੇ ਦੀ ਘਾਟ ਕਰਕੇ ਉਹ ਅਨੀਮੀਆ ਦੀ ਸ਼ਿਕਾਰ ਹੋ ਗਈ। "ਤਾਲਾਬੰਦੀ ਦੌਰਾਨ ਕਈ ਦਿਨ ਅਜਿਹੇ ਵੀ ਆਏ ਜਦੋਂ ਅਸੀਂ ਰੱਜ ਕੇ ਖਾਣਾ ਵੀ ਨਹੀਂ ਖਾਧਾ ਹੋਣਾ," ਪੁਸ਼ਪਾ ਕਹਿੰਦੀ ਹਨ।
ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਰਾਹੁਲ ਜੋ ਅਜੇ ਸਿਰਫ਼ 20 ਸਾਲਾਂ ਦਾ ਹੀ ਹੈ, ਵੀ ਪਰਿਵਾਰ ਖਾਤਰ ਪੈਸੇ ਕਮਾਉਣ ਲਈ ਤਣਾਓ ਹੇਠ ਹੈ। ਉਹਨੇ ਖੇਤਾਂ ਵਿੱਚ ਅਤੇ ਨਿਰਮਾਣ ਸਥਲਾਂ ਵਿੱਚ ਬਤੌਰ ਮਜ਼ਦੂਰ ਕੰਮ ਕਰਨਾ ਸ਼ੁਰੂ ਕੀਤਾ। ਉਹਦੀ ਮਾਂ ਦੀ ਡਿੱਗਦੀ ਸਿਹਤ ਹੀ ਉਹਨੂੰ ਹੱਢ-ਭੰਨ੍ਹਵੀਂ ਮਿਹਨਤ ਵੱਲ ਖਿੱਚ ਕੇ ਲੈ ਗਈ। ਤਾਲਾਬੰਦੀ ਤੋਂ ਕੁਝ ਮਹੀਨੇ (ਤਾਲਾਬੰਦੀ ਵੱਲੋਂ ਕੰਮ ਪ੍ਰਭਾਵਤ ਕੀਤੇ ਜਾਣ ਪਹਿਲਾਂ) ਪਹਿਲਾਂ ਤੱਕ ਉਹਨੇ ਦਿਹਾੜੀਆਂ ਲਾ ਲਾ ਕੇ 8000 ਰੁਪਏ ਜੋੜੇ ਸਨ-ਉਹ ਸਾਰੇ ਵੀ ਵਿਆਹ ਵਿੱਚ ਹੀ ਖ਼ਰਚ ਹੋ ਗਏ।
ਪੁਸ਼ਪਾ ਨੂੰ ਲੋਕਲ ਸ਼ਾਹੂਕਾਰ ਕੋਲ਼ 50,000 ਦੇ ਕਰਜ਼ੇ ਵਾਸਤੇ ਆਪਣਾ ਦੋ ਛੋਟੇ ਜਿਹੇ ਕਮਰਿਆਂ ਅਤੇ ਇੱਕ ਰਸੋਈ ਵਾਲਾ ਘਰ ਗਹਿਣੇ ਰੱਖਣ ਲਈ ਮਜ਼ਬੂਰ ਹੋਣਾ ਪਿਆ- ਜਿਹਦਾ ਸਲਾਨਾ ਵਿਆਜ ਦੀ ਦਰ 34 ਫੀਸਦੀ ਸੀ। ਜੇਕਰ ਉਨ੍ਹਾਂ ਦਾ ਪਰਿਵਾਰ ਛੇ ਮਹੀਨਿਆਂ ਵਿੱਚ ਅੱਧਾ ਕਰਜਾ ਅਦਾ ਕਰ ਸਕਦਾ ਹੈ ਤਾਂ ਉਨ੍ਹਾਂ ਕੋਲ਼ ਬਕਾਇਆ ਕਰਜਾ ਅਦਾ ਕਰਨ ਲਈ ਪੂਰੇ ਛੇ ਮਹੀਨਿਆਂ ਦਾ ਸਮਾ ਮਿਲ਼ ਸਕਦਾ ਹੈ। ਜੇਕਰ ਅਸੀਂ ਕਰਜ਼ਾ ਮੋੜਨ ਵਿੱਚ ਅਸਮਰੱਥ ਰਹੇ ਤਾਂ ਮੈਨੂੰ ਡਰ ਹੈ ਕਿਤੇ ਸਾਡਾ ਘਰ ਵੀ ਸਾਡੇ ਹੱਥੋਂ ਨਾ ਖੁੱਸ ਜਾਵੇ। ਅਸੀਂ ਸੜਕ 'ਤੇ ਆ ਜਾਵਾਂਗੇ," ਪੁਸ਼ਪਾ ਕਹਿੰਦੀ ਹਨ।
ਪਰ ਕੁਝ ਚੰਗੀਆਂ ਚੀਜ਼ਾਂ ਵੀ ਹੋਈਆਂ ਹਨ ਜਿਨ੍ਹਾਂ ਲਈ ਉਹ ਸ਼ੁਕਰਗੁਜਾਰ ਹਨ। "ਹਿਰਨਮਯ (ਉਨ੍ਹਾਂ ਦਾ ਜੁਆਈ) ਇੱਕ ਚੰਗਾ ਇਨਸਾਨ ਹੈ," ਉਹ ਕਹਿੰਦੀ ਹਨ। "ਜਦੋਂ ਤਾਲਾਬੰਦੀ ਹੋਈ ਸੀ ਤਾਂ ਉਹਨੇ ਸਾਡੀ ਬੜੀ ਮਦਦ ਕੀਤੀ। ਉਹ ਘਰ ਆਉਂਦਾ, ਸਾਡੇ ਲਈ ਖਰੀਦਦਾਰੀ ਕਰਦਾ ਅਤੇ ਸਮਾਨ ਦੇ ਕੇ ਜਲਦੀ ਚਲਾ ਜਾਂਦਾ। ਉਦੋਂ ਦੋਵਾਂ ਦਾ ਵਿਆਹ ਵੀ ਨਹੀਂ ਹੋਇਆ ਸੀ। ਉਹਦੇ ਪਰਿਵਾਰ ਨੇ ਤਾਂ ਦਾਜ ਦੀ ਮੰਗ ਵੀ ਨਹੀਂ ਕੀਤੀ।"

ਪੁਸ਼ਪਾ ਮੰਡਲ ਇੱਕ ਸੁਨਿਆਰੇ ਦੀ ਦੁਕਾਨ ਤੋਂ ਬੰਗਾਲੀ ਦੁਲਹਨਾਂ ਵੱਲੋਂ ਪਹਿਨਿਆਂ ਜਾਣ ਵਾਲੀਆਂ ਪੋਲਾ, ਕੋਰਲ ਚੂੜੀਆਂ ਖਰੀਦਦੀ ਹੋਈ। ' ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਮੈਨੂੰ ਆਪਣੇ ਲਈ ਇਹ ਖੁਦ-ਬ-ਖੁਦ ਕਰਨਾ ਪਵੇਗਾ ' , ਉਹ ਕਹਿੰਦੀ ਹਨ
ਵਿਆਹ ਵਾਲੇ ਦਿਨ ਪ੍ਰਿਯੰਕਾ ਆਪਣੀ ਲਿਸ਼ਕਣੀ ਹਰੀ, ਲਾਲ ਅਤੇ ਸੁਨਿਹਰੀ ਸਾੜੀ ਵਿੱਚ ਸੋਨੇ ਦੇ ਗਹਿਣਿਆਂ ਵਿੱਚ ਸੱਜੀ ਹੋਈ ਸਨ। ਉਹ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਦੇ ਵਿਆਹ ਦਾ ਖ਼ਰਚਾ ਪੂਰਾ ਕਰਨ ਲਈ ਇਹ ਘਰ ਗਿਰਵੀ ਪਿਆ ਹੈ।
ਸ਼ਾਮ ਨੂੰ ਮੰਡਲ ਦੇ ਨਿਵਾਸ 'ਤੇ 350 ਮਹਿਮਾਨ ਪੁੱਜੇ। ਘਰ ਨੂੰ ਟਿਮਟਿਮਾਉਂਦੀਆਂ ਪੀਲੀਆਂ ਬੱਤੀਆਂ ਨਾਲ਼ ਸਜਾਇਆ ਗਿਆ ਸੀ, ਇੱਥੇ ਇਕੱਠੇ ਹੋਏ ਲੋਕਾਂ ਨੇ ਸਜਾਵਟ ਨੂੰ ਹੋਰ ਵਧਾ ਦਿੱਤਾ-ਜਿਨ੍ਹਾਂ ਵਿੱਚ ਮਛੇਰੇ ਔਰਤ ਤੇ ਪੁਰਸ਼, ਸ਼ਹਿਦ ਇਕੱਠੇ ਕਰਨ ਵਾਲੇ, ਅਧਿਆਪਕਾ, ਬੇੜੀ ਬਣਾਉਣ ਵਾਲੇ, ਲੋਕ ਸੰਗੀਤਕਾਰ ਅਤੇ ਨਾਚੇ ਸ਼ਾਮਲ ਸਨ। ਹਰ ਕੋਈ ਅਰਜੁਨ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਉਹ ਸੁੰਦਰਬਨ ਦੇ ਲੋਕਾਂ ਦੇ ਅਤੇ ਉਨ੍ਹਾਂ ਦੇ ਦੁੱਖਾਂ ਵਿੱਚ ਬੜੇ ਕਰੀਬ ਰਹਿੰਦੇ ਸਨ, ਅਰਜੁਨ ਹੀ ਸਨ ਜੋ ਉਨ੍ਹਾਂ ਦੀਆਂ ਜਿੰਦਗੀਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਸਨ।
ਵਿਆਹ ਦਾ ਜਸ਼ਨ ਮਨਾਉਣ ਵਿੱਚ ਸ਼ਾਮਲ ਕਈ ਔਰਤਾਂ ਖਾਣਾ ਪਕਾਉਣ ਅਤੇ ਹੋਰਨਾਂ ਕੰਮਾਂ ਵਿੱਚ ਮਦਦ ਕਰ ਰਹੀਆਂ ਸਨ। ਇੱਕੋ ਹੀ ਸਮੇਂ ਵੱਧ ਖੁਸ਼ੀ ਅਤੇ ਤਣਾਓ ਹੋਣ ਕਰਕੇ ਪੁਸ਼ਪਾ ਉਸ ਦਿਨ ਕਈ ਵਾਰ ਬੇਹੋਸ਼ ਹੋਈ, ਪਰ ਉਹ ਹਿਰਨਮਯ ਅਤੇ ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਬੜੀ ਰਾਹਤ ਵਿੱਚ ਵੀ ਸਨ।
ਵਿਆਹ ਸਮਾਗਮ ਸੰਪੰਨ ਹੁੰਦਿਆਂ ਹੀ ਪੁਸ਼ਪਾ ਨੂੰ ਲੈਣਦਾਰਾਂ ਨਾਲ਼ ਨਜਿੱਠਣਾ ਪਿਆ- ਸਜਾਵਟ ਕਰਨ ਵਾਲਿਆਂ ਅਤੇ ਬਿਜਲੀ ਵਾਲ਼ਿਆਂ ਨੂੰ 40,000 ਰੁਪਏ ਫੌਰਨ ਹੀ ਅਦਾ ਕਰਨੇ ਪਏ। "ਜਦੋਂ ਲੈਣਦਾਰ ਆ ਕੇ ਆਪਣੇ ਪੈਸਿਆਂ ਬਾਰੇ ਪੁੱਛਦੇ ਹਨ ਤਾਂ ਮੇਰੀ ਮਾਂ ਦੀ ਹਾਲਤ ਹੋਰ ਖ਼ਰਾਬ ਹੋ ਜਾਂਦੀ ਹੈ," ਰਾਹੁਲ ਦੱਸਦਾ ਹੈ। "ਮੈਂ ਵੱਧ ਕਮਾਈ ਕਰਨ ਵਾਸਤੇ ਵਾਧੂ ਕੰਮ ਕਰਾਂਗਾ।"
ਅਰਜੁਨ ਦੀ ਮੌਤ ਤੋਂ ਬਾਅਦ ਮੁਆਵਜੇ ਦੀ ਅਰਜੀ ਨੂੰ ਲੈ ਕੇ ਪੁਸ਼ਪਾ ਦੀ ਰਾਜ ਦੀ ਨੌਕਰਸ਼ਾਹੀ ਨਾਲ਼ ਸਿੱਧੀ ਟੱਕਰ ਹੈ। ਬਾਘ ਦੇ ਹਮਲੇ ਦੇ ਸ਼ਿਕਾਰ ਪਰਿਵਾਰ ਪੱਛਮ ਬੰਗਾਲ ਸਰਕਾਰ ਦੇ ਜੰਗਲਾਤ ਵਿਭਾਗ, ਫਿਸ਼ਰੀ ਵਿਭਾਗ ਅਤੇ ਰਾਜ ਦੇ ਗਰੁਪ ਪਰਸੋਨਲ ਐਕਸੀਡੈਂਟ ਇੰਸ਼ੁਰੈਂਸ ਸਕੀਮ ਤਹਿਤ 4-5 ਲੱਖ ਰੁਪਏ ਪ੍ਰਾਪਤ ਕਰਨ ਦੇ ਯੋਗ ਹਨ।

ਅਰਜੁਨ ਦੀ ਮੌਤ ਤੋਂ ਬਾਅਦ ਮੁਆਵਜੇ ਲਈ ਉਨ੍ਹਾਂ ਦੇ ਦਾਅਵੇ ਦੀ ਅਗਲੀ ਸੁਣਵਾਈ ਲਈ ਸਥਾਨਕ ਜਿਲ੍ਹਾ ਕਨੂੰਨੀ ਸੇਵਾ ਅਥਾਰਿਟੀ ਤੋਂ ਕੋਲਕਾਤਾ ਵੱਲੋਂ ਪੁਸ਼ਪਾ ਨੂੰ ਪੇਸ਼ ਹੋਣ ਲਈ ਆਇਆ ਪੱਤਰ
ਪਰ ਨੌਕਰਸ਼ਾਹੀ ਅਤੇ ਅਫ਼ਸਰਸ਼ਾਹੀ ਦੇ ਪੈਂਦੇ ਖ਼ਰਚੇ (ਲੋਕਾਂ ਸਿਰ) ਆਮ ਤੌਰ 'ਤੇ ਪੀੜਤ ਪਰਿਵਾਰਾਂ ਨੂੰ ਅਰਜੀ ਲਾਉਣ ਤੋਂ ਰੋਕਦੇ ਹਨ। ਸਾਲ 2016 ਵਿੱਚ ਪਾਰੀ ਜਾਂਚ ਤਹਿਤ ਦਾਇਰ ਸੂਚਨਾ ਅਧਿਕਾਰ ਐਕਟ ( ਆਰਟੀਆਈ ) ਅਰਜ਼ੀਆਂ ਨੇ ਸਾਲ 2017 ਵਿੱਚ ਦਰਸਾਇਆ ਕਿ ਪਿਛਲੇ ਛੇ ਸਾਲਾਂ ਵਿੱਚ ਸਿਰਫ਼ ਪੰਜ ਔਰਤਾਂ ਨੇ ਹੀ ਮੁਆਵਜੇ ਲਈ ਅਰਜੀ ਦਾਇਰ ਕੀਤੀ। ਉਨ੍ਹਾਂ ਵਿੱਚੋਂ ਸਿਰਫ਼ ਤਿੰਨਾਂ ਨੂੰ ਹੀ ਮੁਆਵਜੇ ਦੀ ਰਾਸ਼ੀ ਮਿਲੀ ਅਤੇ ਉਹ ਵੀ ਪੂਰੀ ਰਾਸ਼ੀ ਨਹੀਂ ਮਿਲੀ।
ਅਰਜੁਨ ਕੇਕੜੇ ਫੜਨ ਲਈ ਸੁੰਦਰਬਨ ਰਿਜਰਵ ਅੰਦਰ ਕਈ ਫੇਰੀਆਂ ਲਾਉਂਦੇ ਸਨ ਅਤੇ ਹਰ ਵਾਰ ਕਾਫੀ ਅੰਦਰ ਤੱਕ ਚਲੇ ਜਾਇਆ ਕਰਦੇ ਸਨ। ਉਹ ਆਪਣੇ ਸ਼ਿਕਾਰ ਨੂੰ ਵੇਚ ਕੇ 15,000-30,000 ਰੁਪਏ ਬਣਾ ਲੈਂਦੇ ਹੁੰਦੇ ਸਨ-ਜੋ ਕਿ ਸ਼ਿਕਾਰ ਦੇ ਅਕਾਰ 'ਤੇ ਨਿਰਭਰ ਕਰਦਾ ਸੀ- ਜਿਨ੍ਹਾਂ ਨੂੰ ਉਹ ਪਿੰਡ ਦੇ ਆੜ੍ਹਤੀਏ (ਵਿਚੋਲੇ) ਨੂੰ ਵੇਚ ਦਿੰਦੇ ਸਨ।
ਸੁੰਦਰਵਨ ਜੰਗਲ ਵਿੱਚ ਕਰੀਬ 1,700 ਵਰਗ ਕਿਲੋਮੀਟਰ ਦਾ ਸੂਚਿਤ ਕੀਤਾ ਗਿਆ ਬਾਘ ਕ੍ਰਿਟਕੀਲ (ਖਤਰਨਾਕ) ਇਲਾਕਾ ਜਾਂ ਗੈਰ ਉਲੰਘਣਯੋਗ ਇਲਾਕਾ ਹੈ, ਜੋ ਬਾਗ ਦਾ ਨਿਵਾਸ ਸਥਾਨ ਅਤੇ 885 ਵਰਗ ਕਿਲੋਮੀਟਰ ਬਫਰ ਇਲਾਕਾ ਹੈ। ਬਫਰ ਇਲਾਕੇ ਦੇ ਮਾਮਲੇ ਵਿੱਚ, ਜੰਗਲਾਤ ਵਿਭਾਗ ਪਰਮਿਟ ਅਤੇ ਲਾਈਸੈਂਸੀ ਕਿਸ਼ਤੀ ਹੋਣਾ ਹੀ ਮੱਛੀ ਅਤੇ ਕੇਕੜੇ ਫੜ੍ਹਨ, ਸ਼ਹਿਦ ਅਤੇ ਲੱਕੜਾਂ ਇਕੱਠਾ ਕਰਨ ਜਿਹੀਆਂ ਰੋਜ਼ੀਰੋਟੀ ਨਾਲ਼ ਜੁੜੀਆਂ ਗਤੀਵਿਧੀਆਂ ਦੀ ਆਗਿਆ ਦਿੰਦਾ ਹੈ। ਪਰ ਵਰਜਿਤ ਖੇਤਰ ਵਿੱਚ ਪ੍ਰਵੇਸ਼ ਕਰਨ 'ਤੇ ਭਾਰੀ ਜੁਰਮਾਨਾ ਲੱਗਦਾ ਹੈ। ਜੋ ਕੋਈ ਵੀ ਉਸ ਕਰਫਿਊ ਦਾ ਉਲੰਘਣ ਕਰਦਾ ਹੈ, ਉਹ ਬਾਘ ਦੇ ਹਮਲੇ ਨਾਲ਼ ਮਰਨ ਵਾਲ਼ਿਆਂ ਨੂੰ ਮਿਲ਼ਣ ਵਾਲੇ ਮੁਆਵਜੇ ਦੀ ਕਨੂੰਨੀ ਧਰਾਤਲ (ਜ਼ਮੀਨ) ਗੁਆ ਬਹਿੰਦਾ ਹੈ।
ਸੁੰਦਰਵਨ ਗ੍ਰਾਮੀਣ ਵਿਕਾਸ ਕਮੇਟੀ ਦੇ ਸਕੱਤਰ ਦੇ ਰੂਪ ਵਿੱਚ ਅਰਜੁਨ ਮੰਡਲ ਇਨ੍ਹਾਂ ਖ਼ਤਰਿਆਂ ਤੋਂ ਚੰਗੀ ਤਰ੍ਹਾਂ ਨਾਲ਼ ਵਾਕਫ਼ ਸਨ। ਉਹ ਬਾਘ ਦੇ ਹਮਲਿਆਂ ਦੁਆਰਾ ਵਿਧਵਾ ਹੋਈਆਂ ਇਲਾਕੇ ਦੀਆਂ ਕਈ ਔਰਤਾਂ ਲਈ ਮੁਆਵਜੇ ਦੀ ਲੜਾਈ ਵਿੱਚ ਗਤੀਸ਼ੀਲ ਰੂਪ ਨਾਲ਼ ਸ਼ਾਮਲ ਹੁੰਦੇ ਸਨ- ਤਿੰਨ ਦਹਾਕਿਆਂ ਵਿੱਚ ਜਿਨ੍ਹਾਂ ਦੀ ਗਿਣਤੀ 3,000 ਜਾਂ ਇੱਕ ਸਾਲ ਵਿੱਚ ਕਰੀਬ 100 ਹੁੰਦੀ ਹੈ (ਸਥਾਨਕ ਲੋਕਾਂ, ਗੈਰ ਸਰਕਾਰੀ ਸੰਗਠਨਾਂ ਅਤੇ ਹੋਰਨਾਂ ਦੁਆਰਾ ਅਨੁਮਾਨਤ)।
ਪੁਸ਼ਪਾ ਨੂੰ ਮੁਆਵਜਾ ਮਿਲ਼ਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਅਰਜੁਨ ਦੀ ਮੌਤ ਰਿਜ਼ਰਵ ਜੰਗਲ ਦੇ ਵਰਜਿਤ ਕੇਂਦਰੀ ਇਲਾਕੇ ਵਿੱਚ ਮੱਛੀ ਫੜ੍ਹਨ ਜਾਣ ਦੌਰਾਨ ਹੋਈ ਸੀ। ਉਨ੍ਹਾਂ ਨੂੰ ਦਾਅਵਾ ਬਰਕਰਾਰ ਰੱਖਣ ਲਈ, ਇੱਕ ਵਕੀਲ ਕਰਨਾ ਪਿਆ, ਕੋਲਕਾਤਾ ਜਾਣਾ ਅਤੇ ਦਸਤਾਵੇਜ ਇਕੱਠੇ ਕਰਨ ਵੀ ਲਾਜ਼ਮੀ ਹੈ-ਅਤੇ ਪੁਸ਼ਪਾ ਕੋਲ਼ ਇੰਨਾ ਸਭ ਕਰਨੀ ਦੀ ਨਾ ਤਾਂ ਊਰਜਾ ਹੈ ਅਤੇ ਨਾ ਹੀ ਪੈਸਾ ਹੈ, ਜੋ ਸੀ ਉਹ ਵਿਆਹ 'ਤੇ ਖ਼ਰਚ ਹੋ ਗਿਆ।
ਰਾਹੁਲ ਨੂੰ ਯਕੀਨ ਨਹੀਂ ਹੈ ਕਿ ਇਹ ਇੰਨਾ ਕਰਜ਼ਾ ਕਿਵੇਂ ਅਦਾ ਕਰਨਗੇ। "ਸਾਨੂੰ ਆਪਣੇ ਘਰ ਦੀਆਂ ਵਸਤਾਂ ਵੇਚਣੀਆਂ ਸ਼ੁਰੂ ਕਰਨੀਆਂ ਪੈ ਸਕਦੀਆਂ ਹਨ," ਉਹ ਕਹਿੰਦੇ ਹਨ ਜਾਂ ਇਸ ਤੋਂ ਵੀ ਮਾੜਾ ਜੋ ਉਨ੍ਹਾਂ ਦੀ ਮਾਂ ਨੂੰ ਖ਼ਦਸ਼ਾ ਹੈ ਕਿ ਰਾਹੁਲ ਨੂੰ ਵੀ ਆਪਣੇ ਪਿਤਾ ਵਾਂਗ ਕਿਤੇ ਜੰਗਲ ਵਿੱਚ ਨਾ ਜਾਣਾ ਪਵੇ।

ਰਾਹੁਲ ਮੰਡਲ ਨੂੰ 20 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਦੇ ਬਾਅਦ ਆਪਣੇ ਪਰਿਵਾਰ ਲਈ ਰੋਜ਼ੀਰੋਟੀ ਕਮਾਉਣ ਦਾ ਦਬਾਅ ਮਹਿਸੂਸ ਹੁੰਦਾ ਹੈ : ' ਅਸੀਂ ਹਾਲੇ ਵੀ ਸੰਘਰਸ਼ ਕਰ ਰਹੇ ਹਾਂ ਪਰ ਮੈਨੂੰ ਉਮੀਦ ਹੈ ਕਿ ਇੱਕ ਦਿਨ ਮੈਂ ਹਾਲਤ ਬਦਲ ਦਿਆਂਗਾ '

ਰਾਹੁਲ (ਸੱਜੇ) ਅਤੇ ਮਿਥੁਨ, ਰਿਸ਼ਤੇਦਾਰ, ਪ੍ਰਿਯੰਕਾ ਦੇ ਵਿਆਹ ਲਈ ਲਿਆਂਦੀ ਅਲਮਾਰੀ ਨੂੰ ਸਥਾਨਕ ਲੋਕਾਂ ਦੀ ਲਾਹੁੰਦੇ ਹੋਏ। ਨਾਲ਼ ਦੇ ਸ਼ਹਿਰ ਗੋਸਾਬਾ ਤੋਂ ਇੱਕ ਮਾਲਵਾਹਕ ਕਿਸ਼ਤੀ ਨੂੰ ਰਜਤ ਜੁਬਲੀ ਪਿੰਡ ਤੱਕ ਪਹੁੰਚਣ ਵਿੱਚ 5 ਘੰਟੇ ਲੱਗਦੇ ਹਨ

ਵਿਆਹ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸਜਾਵਟ ਦੇਖਦੀ ਪ੍ਰਿਯੰਕਾ

ਪੁਸ਼ਪਾ ਆਪਣੇ ਬੇਟੀ ਦੇ ਵਿਆਹ ਮੌਕੇ ਅਸ਼ੀਰਵਾਦ ਦੀ ਰਸਮ ਅਦਾ ਕਰਦੀ ਹੋਈ

ਵਿਆਹ ਦੇ ਦਿਨ ਸਵੇਰੇ, ਗਏ ਹੋਲੌਦ ਸਮਾਰੋਹ ਵਿੱਚ ਰਿਸ਼ਤੇਦਾਰ (ਔਰਤਾਂ) ਨੇ ਪ੍ਰਿਯੰਕਾ ' ਤੇ ਪਾਣੀ ਸੁੱਟਿਆ ਅਤੇ ਫਿਰ ਦੁਲਹਨ ਦੇ ਹਲਦੀ (ਵਟਣਾ) ਦਾ ਲੇਪ ਲਾਉਣ ਦੀ ਰਸਮ ਅਦਾ ਹੋਈ

ਦੁਪਹਿਰ ਮੌਕੇ ਪ੍ਰੀ-ਵੈਡਿੰਗ ਸਮਾਰੋਹ ਵਿੱਚ ਪ੍ਰਿਯੰਕਾ ਅਤੇ ਉਨ੍ਹਾਂ ਦੇ ਰਿਸ਼ਤੇਦਾਰ

ਹਿਰਨਮਯ (ਵਿਚਕਾਰ), ਝੁੰਪਾ, ਉਨ੍ਹਾਂ ਦੀ ਅੰਨ੍ਹੀ ਭਤੀਜੀ (ਉਨ੍ਹਾਂ ਦੇ ਸੱਜੇ ਪਾਸੇ) ਅਤੇ ਪਰਿਵਾਰ ਦੇ ਬਾਕੀ ਮੈਂਬਰ ਵਿਆਹ ਸਥਲ ਵੱਲ ਵੱਧਦੇ ਹੋਏ

ਲੋਕ ਕਲਾਕਾਰ ਨਿਤਯਾਨੰਦ ਸਰਕਾਰ (ਖੱਬਿਓਂ ਦੂਜੇ) ਅਤੇ ਉਨ੍ਹਾਂ ਦਾ ਸਮੂਹ ਹਿਰਨਮਯ ਦੀ ਬਾਰਾਤ ਮੌਕੇ ਨੱਚਦਾ ਹੋਇਆ

ਅਰਜੁਨ ਮੰਡਲ ਦੇ ਰਿਸ਼ਤੇਦਾਰ ਉਨ੍ਹਾਂ ਦੀ ਮਰਹੂਮ ਆਤਮਾ ਨੂੰ ਭੋਜਨ ਪੇਸ਼ ਕਰਕੇ ਰੋਂਦੇ ਹੋਏ

ਲਗਾਤਾਰ ਡ੍ਰਿਪਰੈਸ਼ਨ ਅਤੇ ਤਣਾਓ ਨਾਲ਼ ਜੂਝਦਿਆਂ, ਪੁਸ਼ਪਾ ਵਿਆਹ ਸਮਾਗਮ ਦੌਰਾਨ ਕਈ ਵਾਰ ਬੇਹੋਸ਼ ਹੋਈ

ਰਿਸ਼ਤੇਦਾਰ ਪ੍ਰਿਯੰਕਾ ਨੂੰ ਲੱਕੜ ਦੇ ਫੱਟੇ ' ਤੇ ਚੁੱਕ ਕੇ ਬੇਦੀ ਵੱਲ ਲਿਜਾਂਦੇ ਹੋਏ। ਦੁਲਹੇ ਨੂੰ ਦੇਖਣ ਤੋਂ ਪਹਿਲਾਂ ਉਹ ਸੁਪਾਰੀ ਦੇ ਪੱਤਿਆਂ ਨਾਲ਼ ਆਪਣੇ ਚਿਹਰੇ ਨੂੰ ਢੱਕਦੀ ਹੋਈ

ਸੁਭੋ ਦ੍ਰਿਸ਼ਟੀ ਦੌਰਾਨ ਪ੍ਰਿਯੰਕਾ, ਬੇਦੀ ' ਤੇ ਆਪਣੇ ਦੁਲਹੇ ਨਾਲ਼ ਆਹਮੋ-ਸਾਹਮਣੇ ਆਉਣ ਦਾ ਪਲ

ਹਿਰਨਮਯ ਅਤੇ ਪ੍ਰਿਯੰਕਾ ਦਾ ਆਖ਼ਰਕਾਰ ਵਿਆਹ ਹੋ ਹੀ ਗਿਆ ਅਤੇ ਜਸ਼ਨ ਦੌਰਾਨ ਝਿਲਮਿਲ ਦੇ ਮੀਂਹ ਵਿੱਚ ਨਹਾਉਂਦੇ ਹੋਏ

ਪ੍ਰਿਯੰਕਾ ਦੇ ਬਜੁਰਗ ਰਿਸ਼ਤੇਦਾਰ ਹਿਰਨਮਯ ਨਾਲ਼ ਮਸਤੀ ਦੇ ਮੌਕੇ। ਬਜੁਰਗ ਔਰਤਾਂ ਦੁਆਰਾ ਦੁਲਹੇ ਨੂੰ ਚਿੜਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ।

ਪੁਸ਼ਪਾ ਆਪਣੀ ਸੱਜ-ਵਿਆਹੀ ਧੀ ਨੂੰ ਅਸ਼ੀਰਵਾਦ ਦਿੰਦੀ ਹੋਈ

ਨਿਤਯਨੰਦ ਸਰਕਾਰ ਵਿਆਹ ਵਿੱਚ ਆਪਣੀ ਪੇਸ਼ਕਾਰੀ ਨਾਲ਼ ਸਭ ਦਾ ਮਨੋਰੰਜਨ ਕਰਦੇ ਹੋਏ। ਉਹ ਕਿਸਾਨ ਹੋਣ ਦੇ ਨਾਲ਼-ਨਾਲ਼ ਇੱਕ ਕਲਾਕਾਰ ਵੀ ਹਨ ਜੋ ਝੂਮਰ ਗੀਤਾਂ, ਮਾ ਬੋਂਬੀਬੀ ਡਰਾਮੇ ਅਤੇ ਪਾਲਾ ਗਾਨ ਜਿਹੇ ਕਈ ਲੋਕ ਗੀਤਾਂ ' ਤੇ ਆਪਣੀ ਅਦਾਕਾਰੀ ਕਰਦੇ ਹਨ

ਪ੍ਰਿਯੰਕਾ ਆਪਣੇ ਘਰੇ ਰਾਤ ਕੱਟਣ ਤੋਂ ਬਾਅਦ ਹਿਰਨਮਯ ਦੇ ਘਰ ਜਾਣ ਦੀ ਤਿਆਰੀ ਕਰ ਰਹੀ ਹਨ

ਪੁਸ਼ਪਾ ਆਪਣੇ ਧੀ ਦੇ ਛੱਡ ਕੇ ਜਾਣ ਦੇ ਵਿਚਾਰ ਨਾਲ਼ ਹੀ ਰਸੋਈ ਵਿੱਚ ਖੜ੍ਹੀ ਰੋ ਰਹੀ ਹਨ। ' ਮੇਰੇ ਲਈ ਉਹ ਇੱਕ ਥੰਮ੍ਹ ਸੀ। ਹੁਣ ਉਹ ਸਦਾ ਲਈ ਜਾ ਰਹੀ ਹੈ, ਮੈਂ ਉਹਦੇ ਬਿਨਾਂ ਇਕੱਲੇ ਕਿਵੇਂ ਰਹਾਂਗੀ ?' ਉਹ ਵਿਲ਼ਕਦੀ ਹਨ

ਜਿਓਂ ਹੀ ਡੋਲੀ ਤੁਰਨ ਲੱਗੀ ਤਾਂ ਆਪਣੀ ਭੈਣ ਅਤੇ ਜੀਜੇ ਦੇ ਗ਼ਲੇ ਲੱਗ ਕੇ ਰੋਂਦਾ ਰਾਹੁਲ ਮੰਡਲ

ਅੱਖਾਂ ਵਿੱਚ ਹੰਝੂ ਲਈ ਪ੍ਰਿਯੰਕਾ ਪਾਲਕੀ ਵਿੱਚ ਬੈਠੀ ਹਨ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਘਰ ਲੈ ਜਾਵੇਗੀ
ਇਸ ਕਹਾਣੀ ਦਾ ਪਾਠ ਉਰਵਸ਼ੀ ਸਰਕਾਰ ਦੁਆਰਾ ਲਿਖਿਆ ਗਿਆ ਹੈ। ਇਸ ਵਿੱਚ ਪਾਰੀ ਲਈ ਉਨ੍ਹਾਂ ਦੇ ਆਪਣੇ ਕੰਮ ਦੀ ਰਿਪੋਰਟਿੰਗ, ਜੋ ਕਿ ਰਿਤੇਯਾਨ ਮੁਖਰਜੀ ਲਈ ਹੈ, ਸ਼ਾਮਲ ਹੈ।
ਤਰਜਮਾ: ਕਮਲਜੀਤ ਕੌਰ